ਜੀਵਨੀ
ਪਰਮੇਸ਼ੁਰ ਦੀ ਭਗਤੀ ਕਰਨ ਨਾਲ ਮੈਨੂੰ ਬਰਕਤਾਂ ਮਿਲੀਆਂ
ਵਿਲਿਅਮ ਆਈਹਿਨੌਰੀਆ ਦੀ ਜ਼ਬਾਨੀ
ਆਪਣੇ ਪਿਤਾ ਜੀ ਦੀ ਉਹੀ ਦਰਦ ਭਰੀ ਕੁਰਲਾਹਟ ਸੁਣ ਕੇ ਮੈਂ ਅੱਧੀ ਰਾਤ ਨੂੰ ਉੱਠ ਖੜ੍ਹਾ ਹੋਇਆ। ਉਹ ਆਪਣਾ ਢਿੱਡ ਫੜੀ ਫ਼ਰਸ਼ ਉੱਤੇ ਲੇਟੇ ਹੋਏ ਸਨ। ਮੇਰੇ ਮਾਤਾ ਜੀ, ਵੱਡੀ ਭੈਣ ਤੇ ਮੈਂ ਉਨ੍ਹਾਂ ਦੇ ਕੋਲ ਬੈਠ ਗਏ। ਜਦੋਂ ਉਨ੍ਹਾਂ ਦਾ ਦਰਦ ਥੋੜ੍ਹਾ ਘੱਟ ਹੋਇਆ, ਤਾਂ ਉਹ ਉੱਠ ਕੇ ਬੈਠ ਗਏ ਤੇ ਹਾਉਕਾ ਲੈਂਦੇ ਹੋਏ ਬੋਲੇ: “ਦੁਨੀਆਂ ਵਿਚ ਸਿਰਫ਼ ਯਹੋਵਾਹ ਦੇ ਗਵਾਹਾਂ ਕੋਲ ਹੀ ਸ਼ਾਂਤੀ ਹੈ।” ਮੈਨੂੰ ਉਨ੍ਹਾਂ ਦੀ ਗੱਲ ਸਮਝ ਨਹੀਂ ਆਈ, ਪਰ ਇਸ ਨੇ ਮੇਰੇ ਉੱਤੇ ਡੂੰਘਾ ਪ੍ਰਭਾਵ ਪਾਇਆ ਕਿਉਂਕਿ ਮੈਂ ਪਹਿਲਾਂ ਕਦੇ ਯਹੋਵਾਹ ਦੇ ਗਵਾਹਾਂ ਬਾਰੇ ਨਹੀਂ ਸੁਣਿਆ ਸੀ। ਮੈਂ ਸੋਚ ਰਿਹਾ ਸੀ ਕਿ ਉਨ੍ਹਾਂ ਦੇ ਕਹਿਣ ਦਾ ਕੀ ਮਤਲਬ ਸੀ।
ਇਹ ਘਟਨਾ 1953 ਵਿਚ ਵਾਪਰੀ ਸੀ ਜਦੋਂ ਮੈਂ ਛੇ ਸਾਲਾਂ ਦਾ ਸੀ। ਅਸੀਂ ਮੱਧ-ਪੱਛਮੀ ਨਾਈਜੀਰੀਆ ਵਿਚ ਇਕ ਖੇਤੀਬਾੜੀ ਵਾਲੇ ਪਿੰਡ ਈਵੋਸਾ ਵਿਚ ਰਹਿੰਦੇ ਸੀ। ਸਾਡੇ ਸਭਿਆਚਾਰ ਵਿਚ ਇਕ ਨਾਲੋਂ ਜ਼ਿਆਦਾ ਵਿਆਹ ਕਰਾਉਣ ਦਾ ਰਿਵਾਜ ਸੀ। ਮੈਂ ਆਪਣੇ ਪਿਤਾ ਜੀ ਦਾ ਦੂਸਰਾ ਬੱਚਾ ਸੀ, ਪਰ ਪਰਿਵਾਰ ਦਾ ਪਹਿਲਾ ਮੁੰਡਾ ਸੀ। ਪਿਤਾ ਜੀ ਦੀਆਂ ਤਿੰਨ ਪਤਨੀਆਂ ਸਨ ਅਤੇ ਉਨ੍ਹਾਂ ਦੇ 13 ਬੱਚੇ ਹੋਏ। ਅਸੀਂ ਆਪਣੇ ਦਾਦਾ ਜੀ ਨਾਲ ਕਾਨਿਆਂ ਦੀਆਂ ਛੱਤਾਂ ਵਾਲੇ ਤੇ ਚਾਰ ਕਮਰਿਆਂ ਵਾਲੇ ਮਿੱਟੀ ਦੇ ਬਣੇ ਘਰ ਵਿਚ ਰਹਿੰਦੇ ਸੀ। ਉਸ ਘਰ ਵਿਚ ਦਾਦੀ ਜੀ ਅਤੇ ਮੇਰੇ ਪਿਤਾ ਜੀ ਦੇ ਤਿੰਨ ਭਰਾ ਤੇ ਉਨ੍ਹਾਂ ਦੇ ਪਰਿਵਾਰ ਵੀ ਰਹਿੰਦੇ ਸਨ।
ਮੇਰਾ ਬਚਪਨ ਬਹੁਤ ਹੀ ਦੁੱਖਾਂ ਭਰਿਆ ਸੀ। ਮੈਂ ਖ਼ਾਸ ਕਰਕੇ ਪਿਤਾ ਜੀ ਦੀ ਮਾੜੀ ਸਿਹਤ ਕਰਕੇ ਬਹੁਤ ਦੁਖੀ ਸੀ। ਉਨ੍ਹਾਂ ਦੇ ਢਿੱਡ ਵਿਚ ਹਮੇਸ਼ਾ ਪੀੜ ਹੁੰਦੀ ਰਹਿੰਦੀ ਸੀ ਜਿਸ ਨੂੰ ਉਹ ਕਈ ਸਾਲਾਂ ਤਕ ਆਪਣੀ ਮੌਤ ਤਕ ਸਹਾਰਦੇ ਰਹੇ। ਉਨ੍ਹਾਂ ਦੀ ਇਸ ਅਣਜਾਣੀ ਬਿਮਾਰੀ ਦਾ ਅਸੀਂ ਆਪਣੀ ਹੈਸੀਅਤ ਮੁਤਾਬਕ ਹਰ ਤਰ੍ਹਾਂ ਦਾ ਜੜ੍ਹੀ-ਬੂਟੀ ਤੇ ਡਾਕਟਰੀ ਇਲਾਜ ਕਰਾਇਆ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਪਿਤਾ ਜੀ ਦੇ ਦਰਦ ਕਰਕੇ ਅਸੀਂ ਬਹੁਤ ਵਾਰੀ ਸਾਰੀ-ਸਾਰੀ ਰਾਤ ਰੋਂਦਿਆ ਹੀ ਕੱਟੀ। ਆਪਣੀ ਬੀਮਾਰੀ ਦਾ ਇਲਾਜ ਕਰਾਉਣ ਲਈ ਪਿਤਾ ਜੀ ਅਕਸਰ ਮਾਤਾ ਜੀ ਨਾਲ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਸਨ ਅਤੇ ਮੈਨੂੰ ਤੇ ਮੇਰੇ ਭੈਣ-ਭਰਾਵਾਂ ਨੂੰ ਦਾਦੀ ਜੀ ਕੋਲ ਛੱਡ ਜਾਂਦੇ ਸਨ।
ਅਸੀਂ ਜਿਮੀਂਕੰਦ, ਕਸਾਵਾ ਤੇ ਕੋਲਾ ਗਿਰੀਆਂ ਦੀ ਖੇਤੀ ਕਰਦੇ ਸੀ ਤੇ ਇਨ੍ਹਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਤੋਰਦੇ ਸੀ। ਅਸੀਂ ਰਬੜ ਦੀ ਵੀ ਥੋੜ੍ਹੀ-ਬਹੁਤ ਖੇਤੀ ਕਰਦੇ ਸੀ ਤਾਂਕਿ ਸਾਡੀ ਥੋੜ੍ਹੀ ਕਮਾਈ ਵਿਚ ਵਾਧਾ ਹੋਵੇ। ਅਸੀਂ ਆਮ ਤੌਰ ਤੇ ਜਿਮੀਂਕੰਦ ਹੀ ਖਾਂਦੇ ਸੀ। ਅਸੀਂ ਸਵੇਰ ਨੂੰ, ਦੁਪਹਿਰ ਨੂੰ ਤੇ ਫਿਰ ਰਾਤ ਨੂੰ ਜਿਮੀਂਕੰਦ ਖਾਂਦੇ ਸੀ। ਕਦੀ-ਕਦਾਈਂ ਅਸੀਂ ਕੱਚੇ ਕੇਲਿਆਂ ਨੂੰ ਭੁੰਨ ਕੇ ਵੀ ਖਾਂਦੇ ਸੀ।
ਪੂਰਵਜ ਪੂਜਾ ਸਾਡੀ ਜ਼ਿੰਦਗੀ ਦਾ ਇਕ ਮਹੱਤਵਪੂਰਣ ਹਿੱਸਾ ਸੀ। ਸਾਡਾ ਪਰਿਵਾਰ ਕੌਡੀਆਂ ਨਾਲ ਸਜਾਏ ਗਏ ਡੰਡਿਆਂ ਨੂੰ ਭੋਜਨ ਭੇਂਟ ਕਰਦਾ ਸੀ। ਪਿਤਾ ਜੀ ਬੁਰੀਆਂ ਆਤਮਾਵਾਂ ਤੇ ਚੁੜੈਲਾਂ ਨੂੰ ਭਜਾਉਣ ਲਈ ਇਕ ਬੁੱਤ ਦੀ ਵੀ ਪੂਜਾ ਕਰਦੇ ਹੁੰਦੇ ਸੀ।
ਜਦੋਂ ਮੈਂ ਪੰਜਾਂ ਸਾਲਾਂ ਦਾ ਸੀ, ਤਾਂ ਅਸੀਂ ਥੋੜ੍ਹੇ ਸਮੇਂ ਲਈ ਆਪਣਾ ਪਿੰਡ ਛੱਡ ਕੇ ਉੱਥੋਂ 11 ਕਿਲੋਮੀਟਰ ਦੂਰ ਇਕ ਕਿਸਾਨਾਂ ਦੇ ਕੈਂਪ ਵਿਚ ਰਹਿਣ ਚੱਲੇ ਗਏ। ਉੱਥੇ ਪਿਤਾ ਜੀ ਨੂੰ ਗਿਨੀ ਵਰਮ ਨਾਂ ਦੀ ਬੀਮਾਰੀ ਲੱਗ ਗਈ ਜਿਸ ਕਰਕੇ ਉਨ੍ਹਾਂ ਨੂੰ ਢਿੱਡ ਪੀੜ ਦੇ ਨਾਲ-ਨਾਲ ਇਸ ਬੀਮਾਰੀ ਦਾ ਵੀ ਦੁੱਖ ਸਹਿਣਾ ਪਿਆ। ਦਿਨੇ ਉਹ ਕੰਮ ਨਹੀਂ ਕਰ ਸਕਦੇ ਸੀ ਤੇ ਰਾਤ ਨੂੰ ਢਿੱਡ ਪੀੜ ਉਨ੍ਹਾਂ ਨੂੰ ਸਤਾਉਂਦੀ ਸੀ। ਉੱਥੇ ਮੇਰੇ ਪਿੱਸੂ (jigger disease) ਪੈ ਗਏ ਜੋ ਕਿ ਇਕ ਪ੍ਰਕਾਰ ਦੀ ਟਾਈਫਸ ਬੀਮਾਰੀ ਹੈ। ਇਸ ਕਰਕੇ ਸਾਡੇ ਰਿਸ਼ਤੇਦਾਰਾਂ ਕੋਲੋਂ ਸਾਨੂੰ ਖ਼ੈਰਾਤ ਵਿਚ ਜੋ ਵੀ ਮਿਲਦਾ ਸੀ, ਅਸੀਂ ਉਸੇ ਤੇ ਹੀ ਦਿਨ ਕੱਟ ਰਹੇ ਸੀ। ਇੰਨੀ ਤਰਸਯੋਗ ਹਾਲਤ ਵਿਚ ਮਰਨ ਦੀ ਬਜਾਇ ਅਸੀਂ ਆਪਣੇ ਪਿੰਡ ਈਵੋਸਾ ਵਾਪਸ ਆ ਗਏ। ਪਿਤਾ ਜੀ ਨਹੀਂ ਚਾਹੁੰਦੇ ਸੀ ਕਿ ਉਨ੍ਹਾਂ ਦਾ ਪਹਿਲਾ ਮੁੰਡਾ, ਯਾਨੀ ਮੈਂ ਖੇਤੀਬਾੜੀ ਕਰ ਕੇ ਆਪਣਾ ਗੁਜ਼ਾਰਾ ਕਰਾਂ। ਉਹ ਚਾਹੁੰਦੇ ਸਨ ਕਿ ਮੈਂ ਪੜ੍ਹ-ਲਿਖ ਕੇ ਪਰਿਵਾਰ ਦੀ ਹਾਲਤ ਸੁਧਾਰਾਂ ਤੇ ਆਪਣੇ ਭੈਣ-ਭਰਾਵਾਂ ਦੀ ਪਰਵਰਿਸ਼ ਕਰਾਂ।
ਵੱਖਰੇ-ਵੱਖਰੇ ਧਰਮਾਂ ਨਾਲ ਸੰਪਰਕ
ਆਪਣੇ ਪਿੰਡ ਵਾਪਸ ਆ ਕੇ ਮੈਂ ਸਕੂਲ ਵਿਚ ਪੜ੍ਹਨੇ ਪੈ ਗਿਆ। ਉੱਥੇ ਮੈਨੂੰ ਈਸਾਈ-ਜਗਤ ਦੇ ਧਰਮਾਂ ਬਾਰੇ ਪਤਾ ਚੱਲਿਆ। ਉੱਨੀ ਸੌ ਪੰਜਾਹ ਦੇ ਦਹਾਕੇ ਵਿਚ, ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹਾਈ ਅਤੇ ਸਾਡੇ ਉੱਤੇ ਰਾਜ ਕਰਨ ਵਾਲਿਆਂ ਦੇ ਧਰਮ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਸੀ। ਕਿਉਂਕਿ ਮੈਂ ਇਕ ਕੈਥੋਲਿਕ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ ਇਸ ਕਰਕੇ ਮੈਨੂੰ ਵੀ ਰੋਮਨ ਕੈਥੋਲਿਕ ਬਣਨਾ ਪੈਣਾ ਸੀ।
ਸਾਲ 1966 ਵਿਚ ਜਦੋਂ ਮੈਂ 19 ਸਾਲਾਂ ਦਾ ਹੋਇਆ, ਤਾਂ ਮੈਨੂੰ ਈਵੋਸਾ ਤੋਂ ਤਕਰੀਬਨ 8 ਕਿਲੋਮੀਟਰ ਦੂਰ ਈਵੋਹੀਨਮੀ ਨਾਂ ਦੇ ਸ਼ਹਿਰ ਵਿਚ ਪਿਲਗ੍ਰਿਮ ਬੈਪਟਿਸਟ ਸੈਕੰਡਰੀ ਸਕੂਲ ਵਿਚ ਪੜ੍ਹਨੇ ਪਾਇਆ ਗਿਆ। ਉੱਥੇ ਮੇਰੀ ਧਾਰਮਿਕ ਸਿੱਖਿਆ ਬਦਲ ਗਈ। ਕਿਉਂਕਿ ਹੁਣ ਮੈਂ ਪ੍ਰੋਟੈਸਟੈਂਟ ਸਕੂਲ ਵਿਚ ਪੜ੍ਹਦਾ ਸੀ, ਇਸ ਲਈ ਕੈਥੋਲਿਕ ਪਾਦਰੀਆਂ ਨੇ ਮੈਨੂੰ ਐਤਵਾਰ ਨੂੰ ਯੂਖਾਰਿਸਤ ਵਿਚ ਹਿੱਸਾ ਨਹੀਂ ਲੈਣ ਦਿੱਤਾ।
ਬੈਪਟਿਸਟ ਸਕੂਲ ਵਿਚ ਪੜ੍ਹਦੇ ਸਮੇਂ ਹੀ ਮੈਨੂੰ ਪਹਿਲੀ ਵਾਰ ਬਾਈਬਲ ਪੜ੍ਹਨ ਦਾ ਮੌਕਾ ਮਿਲਿਆ। ਭਾਵੇਂ ਮੈਂ ਕੈਥੋਲਿਕ ਚਰਚ ਜਾਂਦਾ ਰਿਹਾ, ਪਰ ਹਰ ਐਤਵਾਰ ਨੂੰ ਕੈਥੋਲਿਕ ਚਰਚ ਵਿਚ ਉਪਾਸਨਾ ਤੋਂ ਬਾਅਦ ਮੈਂ ਬਾਈਬਲ ਪੜ੍ਹਦਾ ਹੁੰਦਾ ਸੀ। ਯਿਸੂ ਮਸੀਹ ਦੀਆਂ ਸਿੱਖਿਆਵਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੇਰੇ ਅੰਦਰ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਇਕ ਅਰਥਪੂਰਣ ਜ਼ਿੰਦਗੀ ਜੀਉਣ ਦੀ ਇੱਛਾ ਪੈਦਾ ਹੋਈ। ਜਿੱਦਾਂ-ਜਿੱਦਾਂ ਮੈਂ ਬਾਈਬਲ ਪੜ੍ਹਦਾ ਗਿਆ, ਕੁਝ ਧਾਰਮਿਕ ਆਗੂਆਂ ਦੇ ਪਖੰਡ ਅਤੇ ਚਰਚ ਜਾਣ ਵਾਲਿਆਂ ਦੀ ਅਨੈਤਿਕ ਜ਼ਿੰਦਗੀ ਦੇਖ ਕੇ ਮੇਰਾ ਮਨ ਉਚਾਟ ਹੋ ਗਿਆ। ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਯਿਸੂ ਅਤੇ ਉਸ ਦੇ ਚੇਲਿਆਂ ਦੀਆਂ ਸਿੱਖਿਆਵਾਂ ਤੇ ਕੰਮਾਂ ਤੋਂ ਬਿਲਕੁਲ ਉਲਟ ਸੀ।
ਕੁਝ ਗੱਲਾਂ ਨੇ ਖ਼ਾਸ ਤੌਰ ਤੇ ਮੈਨੂੰ ਪਰੇਸ਼ਾਨ ਕੀਤਾ। ਇਕ ਵਾਰ ਜਦੋਂ ਮੈਂ ਇਕ ਕੈਥੋਲਿਕ ਧਰਮ-ਪ੍ਰਚਾਰਕ ਦੀ ਦੁਕਾਨ ਤੋਂ ਇਕ ਮਾਲਾ (ਰੋਜ਼ਰੀ) ਖ਼ਰੀਦਣ ਗਿਆ, ਤਾਂ ਉੱਥੇ ਮੈਂ ਦੁਕਾਨ ਦੀ ਚੁਗਾਠ ਉੱਤੇ ਜੂਜੂ ਤਵੀਤ ਟੰਗਿਆ ਹੋਇਆ ਦੇਖਿਆ। ਫਿਰ ਇਕ ਵਾਰ ਬੈਪਟਿਸਟ ਸਕੂਲ ਦੇ ਪ੍ਰਿੰਸੀਪਲ ਨੇ ਮੇਰੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਬਾਅਦ ਵਿਚ ਪਤਾ ਚੱਲਿਆ ਕਿ ਉਹ ਸਮਲਿੰਗੀ ਸੀ ਤੇ ਉਸ ਨੇ ਦੂਸਰਿਆਂ ਨਾਲ ਬਦਫੈਲੀ ਕੀਤੀ ਸੀ। ਮੈਂ ਇਨ੍ਹਾਂ ਗੱਲਾਂ ਤੇ ਵਿਚਾਰ ਕੀਤਾ ਤੇ ਆਪਣੇ ਆਪ ਨੂੰ ਪੁੱਛਿਆ, ‘ਕੀ ਪਰਮੇਸ਼ੁਰ ਅਜਿਹੇ ਧਰਮਾਂ ਦੀ ਭਗਤੀ ਨੂੰ ਸਵੀਕਾਰ ਕਰਦਾ ਹੈ ਜਿਨ੍ਹਾਂ ਦੇ ਮੈਂਬਰਾਂ ਤੇ ਆਗੂਆਂ ਨੂੰ ਇੰਨੇ ਘੋਰ ਪਾਪ ਕਰਨ ਦੇ ਬਾਵਜੂਦ ਵੀ ਸਜ਼ਾ ਨਹੀਂ ਦਿੱਤੀ ਜਾਂਦੀ?’
ਨਵਾਂ ਧਰਮ
ਪਰ ਮੈਂ ਬਾਈਬਲ ਵਿਚ ਜੋ ਵੀ ਪੜ੍ਹਿਆ, ਉਹ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਬਾਈਬਲ ਪੜ੍ਹਨੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਉਸ ਸਮੇਂ ਮੈਂ ਪਿਤਾ ਜੀ ਦੀ ਲਗਭਗ 15 ਸਾਲ ਪਹਿਲਾਂ ਕਹੀ ਗੱਲ ਉੱਤੇ ਵਿਚਾਰ ਕੀਤਾ: “ਦੁਨੀਆਂ ਵਿਚ ਸਿਰਫ਼ ਯਹੋਵਾਹ ਦੇ ਗਵਾਹਾਂ ਕੋਲ ਹੀ ਸ਼ਾਂਤੀ ਹੈ।” ਪਰ ਮੈਂ ਗਵਾਹਾਂ ਨਾਲ ਗੱਲ ਕਰਨ ਤੋਂ ਡਰਦਾ ਸੀ ਕਿਉਂਕਿ ਮੇਰੇ ਸਕੂਲ ਵਿਚ ਨੌਜਵਾਨ ਗਵਾਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਸਾਡੇ ਨਾਲ ਸਵੇਰ ਦੀ ਉਪਾਸਨਾ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੇ ਕਈ ਵਾਰ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ। ਤੇ ਉਨ੍ਹਾਂ ਦੀਆਂ ਕੁਝ ਸਿੱਖਿਆਵਾਂ ਮੈਨੂੰ ਬਹੁਤ ਅਜੀਬ ਲੱਗਦੀਆਂ ਸਨ। ਉਦਾਹਰਣ ਲਈ, ਮੇਰੇ ਲਈ ਇਸ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਸੀ ਕਿ ਸਿਰਫ਼ 1,44,000 ਲੋਕ ਹੀ ਸਵਰਗ ਜਾਣਗੇ। (ਪਰਕਾਸ਼ ਦੀ ਪੋਥੀ 14:3) ਮੈਂ ਸਵਰਗ ਜਾਣਾ ਚਾਹੁੰਦਾ ਸੀ, ਇਸ ਕਰਕੇ ਮੈਨੂੰ ਇਸ ਗੱਲ ਦੀ ਚਿੰਤਾ ਲੱਗ ਗਈ ਕਿ ਕਿਤੇ ਇਹ ਗਿਣਤੀ ਮੇਰੇ ਜੰਮਣ ਤੋਂ ਪਹਿਲਾਂ ਹੀ ਪੂਰੀ ਨਾ ਹੋ ਗਈ ਹੋਵੇ।
ਇਕ ਗੱਲ ਬਿਲਕੁਲ ਸਾਫ਼ ਸੀ ਕਿ ਗਵਾਹਾਂ ਦਾ ਚਾਲ-ਚਲਣ ਤੇ ਰਵੱਈਆ ਦੂਜਿਆਂ ਨਾਲੋਂ ਬਿਲਕੁਲ ਵੱਖਰਾ ਸੀ। ਉਹ ਸਕੂਲ ਵਿਚ ਦੂਸਰੇ ਨੌਜਵਾਨਾਂ ਨਾਲ ਮਿਲ ਕੇ ਅਨੈਤਿਕ ਕੰਮ ਜਾਂ ਲੜਾਈ-ਝਗੜਾ ਨਹੀਂ ਕਰਦੇ ਸਨ। ਮੈਂ ਦੇਖਿਆ ਕਿ ਉਹ ਇਸ ਦੁਨੀਆਂ ਤੋਂ ਬਿਲਕੁਲ ਵੱਖਰੇ ਸਨ, ਠੀਕ ਜਿਵੇਂ ਮੈਂ ਬਾਈਬਲ ਵਿਚ ਪੜ੍ਹਿਆ ਸੀ ਕਿ ਸੱਚੇ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਹੋਣਾ ਚਾਹੀਦਾ ਹੈ।—ਯੂਹੰਨਾ 17:14-16; ਯਾਕੂਬ 1:27.
ਮੈਂ ਗਵਾਹਾਂ ਦੇ ਧਰਮ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਦਾ ਫ਼ੈਸਲਾ ਕੀਤਾ। ਸਤੰਬਰ 1969 ਵਿਚ ਮੈਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਮਿਲੀ। ਅਗਲੇ ਮਹੀਨੇ ਇਕ ਪਾਇਨੀਅਰ ਯਾਨੀ ਯਹੋਵਾਹ ਦੇ ਗਵਾਹਾਂ ਦੇ ਪੂਰੇ ਸਮੇਂ ਦੇ ਪ੍ਰਚਾਰਕ ਨੇ ਮੇਰੇ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਆਪਣਾ ਪਹਿਲਾ ਅਧਿਐਨ ਇੰਨਾ ਚੰਗਾ ਲੱਗਾ ਕਿ ਮੈਂ ਇਕ ਸ਼ਨੀਵਾਰ ਰਾਤ ਨੂੰ ਸੱਚ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤੇ ਅਗਲੇ ਦਿਨ ਦੁਪਹਿਰ ਨੂੰ ਖ਼ਤਮ ਕਰ ਲਈ। ਉਸੇ ਦਿਨ ਤੋਂ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਉਹ ਸ਼ਾਨਦਾਰ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਜੋ ਮੈਂ ਪੜ੍ਹੀਆਂ ਸਨ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਨਵੇਂ ਧਰਮ ਨੇ ਮੈਨੂੰ ਪਾਗਲ ਕਰ ਦਿੱਤਾ ਸੀ। ਪਰ ਮੈਂ ਜਾਣਦਾ ਸੀ ਕਿ ਮੈਂ ਪਾਗਲ ਨਹੀਂ ਸੀ।—ਰਸੂਲਾਂ ਦੇ ਕਰਤੱਬ 26:24.
ਆਪਣੇ ਨਵੇਂ ਧਰਮ ਬਾਰੇ ਪ੍ਰਚਾਰ ਕਰਨ ਦੀ ਖ਼ਬਰ ਮੇਰੇ ਮਾਤਾ-ਪਿਤਾ ਜੀ ਤਕ ਪਹੁੰਚ ਗਈ। ਉਨ੍ਹਾਂ ਨੇ ਮੈਨੂੰ ਉਸੇ ਵੇਲੇ ਘਰ ਆਉਣ ਲਈ ਕਿਹਾ ਤਾਂਕਿ ਉਹ ਜਾਣ ਸਕਣ ਕਿ ਮੈਨੂੰ ਕੀ ਹੋ ਗਿਆ ਸੀ। ਉਸ ਵੇਲੇ ਕੋਈ ਗਵਾਹ ਮੌਜੂਦ ਨਹੀਂ ਸੀ ਜਿਸ ਕੋਲੋਂ ਮੈਂ ਸਲਾਹ ਲੈ ਸਕਾਂ। ਸਾਰੇ ਗਵਾਹ ਈਲੇਸ਼ਾ ਵਿਚ ਹੋ ਰਹੇ ਜ਼ਿਲ੍ਹਾ ਸੰਮੇਲਨ ਵਿਚ ਗਏ ਹੋਏ ਸਨ। ਘਰ ਆਉਣ ਤੇ ਮੇਰੇ ਤੋਂ ਬਹੁਤ ਪੁੱਛ-ਗਿੱਛ ਕੀਤੀ ਗਈ ਅਤੇ ਮੇਰੇ ਮਾਤਾ ਜੀ ਤੇ ਦੂਸਰੇ ਰਿਸ਼ਤੇਦਾਰਾਂ ਨੇ ਮੇਰੀ ਬਹੁਤ ਭੰਡੀ ਕੀਤੀ। ਮੈਂ ਬਾਈਬਲ ਵਿੱਚੋਂ ਜੋ ਸਿੱਖਿਆ ਸੀ, ਉਸ ਨੂੰ ਸਹੀ ਸਿੱਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।—1 ਪਤਰਸ 3:15.
ਯਹੋਵਾਹ ਦੇ ਗਵਾਹਾਂ ਨੂੰ ਝੂਠੇ ਸਿੱਖਿਅਕ ਸਾਬਤ ਕਰਨ ਦੀ ਅਸਫ਼ਲ ਕੋਸ਼ਿਸ਼ ਕਰਨ ਤੋਂ ਬਾਅਦ, ਮੇਰੇ ਚਾਚਾ ਜੀ ਨੇ ਦੂਸਰੇ ਤਰੀਕੇ ਨਾਲ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਮੈਨੂੰ ਬੇਨਤੀ ਕਰਦੇ ਹੋਏ ਕਿਹਾ: “ਯਾਦ ਰੱਖ ਕਿ ਤੂੰ ਸਕੂਲ ਪੜ੍ਹਨ ਲਈ ਗਿਆ ਸੀ। ਜੇ ਤੂੰ ਪੜ੍ਹਨਾ ਛੱਡ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਤੂੰ ਕਦੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਵੇਂਗਾ। ਇਸ ਲਈ ਇਹ ਨਵਾਂ ਧਰਮ ਅਪਣਾਉਣ ਤੋਂ ਪਹਿਲਾਂ ਤੂੰ ਆਪਣੀ ਪੜ੍ਹਾਈ ਕਿਉਂ ਨਹੀਂ ਪੂਰੀ ਕਰ ਲੈਂਦਾ।” ਉਸ ਵੇਲੇ ਮੈਨੂੰ ਉਨ੍ਹਾਂ ਦੀ ਗੱਲ ਠੀਕ ਲੱਗੀ ਤੇ ਮੈਂ ਗਵਾਹਾਂ ਨਾਲ ਅਧਿਐਨ ਕਰਨਾ ਛੱਡ ਦਿੱਤਾ।
ਦਸੰਬਰ 1970 ਵਿਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਸਿੱਧਾ ਕਿੰਗਡਮ ਹਾਲ ਗਿਆ ਤੇ ਉਸ ਦਿਨ ਤੋਂ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾ ਰਿਹਾ ਹਾਂ। ਮੈਂ 30 ਅਗਸਤ 1971 ਨੂੰ ਪਰਮੇਸ਼ੁਰ ਨੂੰ ਆਪਣੇ ਸਮਰਪਣ ਦੇ ਸਬੂਤ ਵਜੋਂ ਬਪਤਿਸਮਾ ਲੈ ਲਿਆ। ਇਸ ਗੱਲ ਤੋਂ ਨਾ ਸਿਰਫ਼ ਮੇਰੇ ਮਾਤਾ-ਪਿਤਾ ਜੀ ਨੂੰ, ਸਗੋਂ ਪੂਰੀ ਬਰਾਦਰੀ ਨੂੰ ਵੱਡਾ ਸਦਮਾ ਲੱਗਾ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਸੀ ਕਿਉਂਕਿ ਈਵੋਸਾ ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਸਿਰਫ਼ ਮੈਨੂੰ ਹੀ ਸਰਕਾਰ ਤੋਂ ਵਜ਼ੀਫ਼ਾ ਮਿਲਿਆ ਸੀ। ਬਹੁਤ ਸਾਰੇ ਲੋਕਾਂ ਨੇ ਮੇਰੇ ਤੋਂ ਵੱਡੀਆਂ-ਵੱਡੀਆਂ ਆਸਾਂ ਲਾਈਆਂ ਹੋਈਆਂ ਸਨ। ਉਨ੍ਹਾਂ ਨੂੰ ਆਸ ਸੀ ਕਿ ਮੈਂ ਆਪਣੀ ਪੜ੍ਹਾਈ ਨਾਲ ਆਪਣੀ ਬਰਾਦਰੀ ਵਿਚ ਸੁਧਾਰ ਕਰਾਂਗਾ।
ਧਰਮ ਬਦਲਣ ਦੇ ਨਤੀਜੇ
ਮੇਰੇ ਪਰਿਵਾਰ ਤੇ ਬਰਾਦਰੀ ਦੇ ਬਜ਼ੁਰਗਾਂ ਨੇ ਕੁਝ ਲੋਕਾਂ ਨੂੰ ਮੇਰੇ ਕੋਲ ਘੱਲਿਆ ਤਾਂਕਿ ਉਹ ਮੈਨੂੰ ਆਪਣੇ ਧਰਮ ਨੂੰ ਛੱਡਣ ਲਈ ਰਾਜ਼ੀ ਕਰ ਸਕਣ। ਉਨ੍ਹਾਂ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਬਦ-ਦੁਆਵਾਂ ਵੀ ਦਿੱਤੀਆਂ। ਉਨ੍ਹਾਂ ਨੇ ਕਿਹਾ: “ਜੇ ਤੂੰ ਇਸ ਧਰਮ ਨੂੰ ਨਹੀਂ ਛੱਡਿਆ, ਤਾਂ ਤੂੰ ਬਰਬਾਦ ਹੋ ਜਾਵੇਂਗਾ। ਤੈਨੂੰ ਨੌਕਰੀ ਨਹੀਂ ਮਿਲੇਗੀ। ਤੂੰ ਆਪਣਾ ਘਰ ਨਹੀਂ ਬਣਾ ਸਕੇਂਗਾ। ਤੇਰਾ ਵਿਆਹ ਨਹੀਂ ਹੋਵੇਗਾ ਤੇ ਤੇਰੇ ਬੱਚੇ ਨਹੀਂ ਹੋਣਗੇ।”
ਉਨ੍ਹਾਂ ਦੀਆਂ ਬਦ-ਦੁਆਵਾਂ ਤੋਂ ਉਲਟ, ਪੜ੍ਹਾਈ ਖ਼ਤਮ ਕਰਨ ਤੋਂ ਦਸ ਮਹੀਨਿਆਂ ਬਾਅਦ ਮੈਨੂੰ ਅਧਿਆਪਕ ਦੀ ਨੌਕਰੀ ਮਿਲ ਗਈ। ਅਕਤੂਬਰ 1972 ਵਿਚ ਮੈਂ ਆਪਣੀ ਪਿਆਰੀ ਪਤਨੀ ਵਰੋਨਿਕਾ ਨਾਲ ਵਿਆਹ ਕਰਾ ਲਿਆ। ਬਾਅਦ ਵਿਚ ਸਰਕਾਰ ਨੇ ਮੈਨੂੰ ਖੇਤੀਬਾੜੀ ਐਕਸਟੈੱਨਸ਼ਨ ਏਜੰਟ ਵਜੋਂ ਸਿਖਲਾਈ ਦਿੱਤੀ। ਮੈਂ ਆਪਣੀ ਪਹਿਲੀ ਕਾਰ ਖ਼ਰੀਦੀ ਅਤੇ ਆਪਣਾ ਘਰ ਵੀ ਬਣਾਉਣਾ ਸ਼ੁਰੂ ਕੀਤਾ। ਸਾਡੀ ਪਹਿਲੀ ਕੁੜੀ ਵਿਕਟਰੀ, 5 ਨਵੰਬਰ 1973 ਨੂੰ ਪੈਦਾ ਹੋਈ। ਉਸ ਤੋਂ ਬਾਅਦ ਲਿਡੀਆ, ਵਿਲਫ੍ਰੈੱਡ ਅਤੇ ਜੋਨ ਪੈਦਾ ਹੋਏ। ਸਾਡਾ ਸਭ ਤੋਂ ਛੋਟਾ ਬੱਚਾ, ਮਾਈਕਾ 1986 ਵਿਚ ਪੈਦਾ ਹੋਇਆ ਸੀ। ਸਾਡੇ ਸਾਰੇ ਬੱਚੇ ਸਾਡੇ ਲਈ ਅਨਮੋਲ ਹਨ ਤੇ ਉਹ ਯਹੋਵਾਹ ਵੱਲੋਂ ਮਿਰਾਸ ਸਾਬਤ ਹੋਏ ਹਨ।—ਜ਼ਬੂਰ 127:3.
ਆਪਣੀ ਜ਼ਿੰਦਗੀ ਨੂੰ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਮੇਰੀ ਬਰਾਦਰੀ ਨੇ ਮੈਨੂੰ ਜੋ ਬਦ-ਦੁਆਵਾਂ ਦਿੱਤੀਆਂ ਸਨ, ਉਹ ਸਭ ਬਰਕਤਾਂ ਵਿਚ ਬਦਲ ਗਈਆਂ। ਇਸੇ ਕਰਕੇ ਮੈਂ ਆਪਣੀ ਪਹਿਲੀ ਕੁੜੀ ਦਾ ਨਾਂ ਵਿਕਟਰੀ (ਜਿੱਤ) ਰੱਖਿਆ ਸੀ। ਹਾਲ ਹੀ ਵਿਚ ਮੇਰੀ ਬਰਾਦਰੀ ਨੇ ਮੈਨੂੰ ਇਕ ਚਿੱਠੀ ਲਿਖੀ ਤੇ ਕਿਹਾ: “ਸਾਡੀ ਇੱਛਾ ਹੈ ਕਿ ਤੁਸੀਂ ਘਰ ਵਾਪਸ ਆ ਜਾਵੋ ਤੇ ਬਰਾਦਰੀ ਦੀ ਤਰੱਕੀ ਵਿਚ ਯੋਗਦਾਨ ਪਾਓ ਕਿਉਂਕਿ ਪਰਮੇਸ਼ੁਰ ਤੁਹਾਨੂੰ ਬਰਕਤਾਂ ਦੇ ਰਿਹਾ ਹੈ।”
ਪਰਮੇਸ਼ੁਰੀ ਸਿੱਖਿਆ ਅਨੁਸਾਰ ਬੱਚਿਆਂ ਨੂੰ ਪਾਲਣਾ
ਮੈਂ ਤੇ ਮੇਰੀ ਪਤਨੀ ਜਾਣਦੇ ਸੀ ਕਿ ਅਸੀਂ ਬੱਚਿਆਂ ਨੂੰ ਪਾਲਣ ਦੀ ਪਰਮੇਸ਼ੁਰੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਪਾਵਾਂਗੇ ਜੇ ਅਸੀਂ ਧਨ-ਦੌਲਤ ਦਾ ਪਿੱਛਾ ਕਰਾਂਗੇ। ਇਸ ਲਈ ਅਸੀਂ ਸਾਦੀ ਜ਼ਿੰਦਗੀ ਜੀਉਣੀ ਸਿੱਖੀ। ਅਸੀਂ ਧਨ-ਦੌਲਤ ਪਿੱਛੇ ਭੱਜਣ ਦੇ ਨਤੀਜਿਆਂ ਦਾ ਸਾਮ੍ਹਣਾ ਕਰਨ ਦੀ ਬਜਾਇ ਸਾਦੀ ਜ਼ਿੰਦਗੀ ਜੀਉਣ ਦਾ ਫ਼ੈਸਲਾ ਕੀਤਾ।
ਸਾਡੇ ਦੇਸ਼ ਵਿਚ ਆਮ ਗੱਲ ਹੈ ਕਿ ਇੱਕੋ ਇਮਾਰਤ ਵਿਚ ਵੱਖਰੇ-ਵੱਖਰੇ ਪਰਿਵਾਰ ਇੱਕੋ ਗੁਸਲਖਾਨਾ, ਰਸੋਈ ਤੇ ਦੂਸਰੀਆਂ ਚੀਜ਼ਾਂ ਵਰਤਦੇ ਹਨ। ਪਰ ਮੈਨੂੰ ਇਕ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਜਿੱਥੇ ਵੀ ਘੱਲਿਆ ਜਾਂਦਾ ਸੀ, ਉੱਥੇ ਅਸੀਂ ਅਜਿਹਾ ਘਰ ਕਿਰਾਏ ਤੇ ਲੈ ਕੇ ਖ਼ੁਸ਼ ਸੀ ਜਿਸ ਵਿਚ ਸਿਰਫ਼ ਅਸੀਂ ਰਹਿੰਦੇ ਸੀ। ਇਹ ਸੱਚ ਹੈ ਕਿ ਅਜਿਹੇ ਘਰ ਜ਼ਿਆਦਾ ਮਹਿੰਗੇ ਪੈਂਦੇ ਸਨ, ਪਰ ਇਸ ਨਾਲ ਬੱਚਿਆਂ ਉੱਤੇ ਦੂਸਰਿਆਂ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਸੀ। ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਅਸੀਂ ਅਧਿਆਤਮਿਕ ਤੌਰ ਤੇ ਵਧੀਆ ਮਾਹੌਲ ਵਿਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕੇ।
ਇਸ ਤੋਂ ਇਲਾਵਾ, ਮੇਰੀ ਪਤਨੀ ਘਰ ਵਿਚ ਹੀ ਰਹੀ ਤਾਂਕਿ ਉਹ ਬੱਚਿਆਂ ਨਾਲ ਰਹੇ ਤੇ ਉਨ੍ਹਾਂ ਦੀ ਦੇਖ-ਭਾਲ ਕਰੇ। ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ ਹਾਂ, ਤਾਂ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ। ਅਸੀਂ ਜੋ ਵੀ ਕਰਦੇ ਹਾਂ, ਪੂਰਾ ਪਰਿਵਾਰ ਮਿਲ ਕੇ ਕਰਦੇ ਹਾਂ। ਅਸੀਂ ਸਾਰੇ ਇਕੱਠੇ ਪਰਿਵਾਰਕ ਬਾਈਬਲ ਅਧਿਐਨ ਕਰਦੇ ਹਾਂ, ਸਭਾਵਾਂ ਦੀ ਤਿਆਰੀ ਕਰਦੇ ਹਾਂ ਤੇ ਇਨ੍ਹਾਂ ਵਿਚ ਹਾਜ਼ਰ ਹੁੰਦੇ ਹਾਂ, ਮਸੀਹੀ ਸੇਵਕਾਈ ਵਿਚ ਹਿੱਸਾ ਲੈਂਦੇ ਹਾਂ ਤੇ ਦੂਸਰੇ ਸਮਾਰੋਹਾਂ ਵਿਚ ਵੀ ਇਕੱਠੇ ਜਾਂਦੇ ਹਾਂ।
ਅਸੀਂ ਬਿਵਸਥਾ ਸਾਰ 6:6, 7 ਦੀ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਮਾਪਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਘਰ ਵਿਚ ਹੀ ਨਾ ਸਿਖਾਉਣ, ਸਗੋਂ ਜਦੋਂ ਵੀ ਮੌਕਾ ਮਿਲੇ, ਇਸ ਤਰ੍ਹਾਂ ਕਰਨ। ਇਸ ਕਰਕੇ ਬੱਚਿਆਂ ਨੇ ਦੁਨਿਆਵੀ ਲੋਕਾਂ ਨਾਲ ਦੋਸਤੀ ਕਰਨ ਦੀ ਬਜਾਇ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਦੋਸਤੀ ਕੀਤੀ ਹੈ। ਸਾਡੀ ਉਦਾਹਰਣ ਨੂੰ ਦੇਖਦੇ ਹੋਏ ਉਹ ਵੀ ਆਪਣੀ ਸੰਗਤੀ ਉੱਤੇ ਧਿਆਨ ਰੱਖਦੇ ਹਨ ਕਿਉਂਕਿ ਮੈਂ ਤੇ ਵਰੋਨਿਕਾ ਕਦੀ ਵੀ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਉੱਠਦੇ-ਬੈਠਦੇ ਨਹੀਂ ਹਾਂ ਜਿਹੜੇ ਗਵਾਹ ਨਹੀਂ ਹਨ।—ਕਹਾਉਤਾਂ 13:20; 1 ਕੁਰਿੰਥੀਆਂ 15:33.
ਸਾਡੇ ਬੱਚਿਆਂ ਦੀ ਜ਼ਿੰਦਗੀ ਉੱਤੇ ਸਿਰਫ਼ ਸਾਡੀ ਅਗਵਾਈ ਅਤੇ ਸਿੱਖਿਆ ਦਾ ਹੀ ਚੰਗਾ ਪ੍ਰਭਾਵ ਨਹੀਂ ਪਿਆ ਹੈ। ਸਾਡੇ ਘਰ ਦੇ ਦਰਵਾਜ਼ੇ ਜੋਸ਼ੀਲੇ ਮਸੀਹੀਆਂ ਅਤੇ ਖ਼ਾਸਕਰ ਯਹੋਵਾਹ ਦੇ ਗਵਾਹਾਂ ਦੇ ਸਫ਼ਰੀ ਸੇਵਕਾਂ ਲਈ ਹਮੇਸ਼ਾ ਖੁੱਲ੍ਹੇ ਹਨ। ਇਨ੍ਹਾਂ ਪਰਿਪੱਕ ਮਸੀਹੀਆਂ ਨੇ ਸਾਡੇ ਪਰਿਵਾਰ ਨਾਲ ਜੋ ਸਮਾਂ ਬਿਤਾਇਆ, ਉਸ ਤੋਂ ਸਾਡੇ ਬੱਚਿਆਂ ਨੂੰ ਉਨ੍ਹਾਂ ਦੀ ਆਤਮ-ਤਿਆਗ ਦੀ ਜ਼ਿੰਦਗੀ ਨੂੰ ਦੇਖਣ ਅਤੇ ਇਸ ਤੋਂ ਸਿੱਖਣ ਦਾ ਮੌਕਾ ਮਿਲਿਆ ਹੈ। ਇਸ ਨਾਲ ਸਾਡੀ ਸਿੱਖਿਆ ਹੋਰ ਵੀ ਅਸਰਦਾਰ ਸਾਬਤ ਹੋਈ ਹੈ ਅਤੇ ਬੱਚਿਆਂ ਨੇ ਸੱਚਾਈ ਨੂੰ ਦਿਲੋਂ ਅਪਣਾ ਲਿਆ ਹੈ।
ਪਰਮੇਸ਼ੁਰ ਦੀ ਭਗਤੀ ਕਰਨ ਨਾਲ ਮਿਲੀਆਂ ਬਰਕਤਾਂ
ਅੱਜ ਮੈਂ, ਮੇਰੀ ਪਤਨੀ ਤੇ ਸਾਡੇ ਚਾਰ ਬੱਚੇ ਪੂਰੇ ਸਮੇਂ ਦੇ ਸੇਵਕ ਹਾਂ। ਮੈਂ 1973 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ। ਕਈ ਵਾਰ ਪੈਸੇ ਪੱਖੋਂ ਹੱਥ ਤੰਗ ਹੋਣ ਕਰਕੇ ਮੈਨੂੰ ਪੂਰੇ ਸਮੇਂ ਦੀ ਸੇਵਕਾਈ ਛੱਡਣੀ ਪਈ। ਮੈਨੂੰ ਰਾਜ ਸੇਵਕਾਈ ਸਕੂਲ ਵਿਚ ਸਿਖਾਉਣ ਦਾ ਵੀ ਕਈ ਵਾਰ ਮੌਕਾ ਮਿਲਿਆ ਜਿਸ ਵਿਚ ਯਹੋਵਾਹ ਦੇ ਗਵਾਹਾਂ ਦੇ ਮਸੀਹੀ ਨਿਗਾਹਬਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਵੇਲੇ ਮੈਂ ਹਸਪਤਾਲ ਸੰਪਰਕ ਕਮੇਟੀ ਦੇ ਮੈਂਬਰ ਵਜੋਂ ਅਤੇ ਊਹੌਨਮੌਰਾ ਦੇ ਸ਼ਹਿਰੀ ਨਿਗਾਹਬਾਨ (city overseer) ਵਜੋਂ ਸੇਵਾ ਕਰਨ ਦਾ ਆਨੰਦ ਮਾਣ ਰਿਹਾ ਹਾਂ।
ਮੇਰੀਆਂ ਵੱਡੀਆਂ ਦੋਵੇਂ ਧੀਆਂ, ਵਿਕਟਰੀ ਅਤੇ ਲਿਡੀਆ ਮਸੀਹੀ ਬਜ਼ੁਰਗਾਂ ਨਾਲ ਵਿਆਹੀਆਂ ਹੋਈਆਂ ਹਨ। ਉਹ ਅਤੇ ਉਨ੍ਹਾਂ ਦੇ ਪਤੀ ਨਾਈਜੀਰੀਆ ਦੇ ਸ਼ਹਿਰ ਈਗੇਡੂਮਾ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਵਿਚ ਸੇਵਾ ਕਰ ਰਹੇ ਹਨ। ਸਾਡਾ ਵੱਡਾ ਮੁੰਡਾ ਵਿਲਫ੍ਰੈੱਡ ਸਹਾਇਕ ਸੇਵਕ ਹੈ ਅਤੇ ਸਭ ਤੋਂ ਛੋਟਾ ਮੁੰਡਾ ਮਾਈਕਾ ਸਮੇਂ-ਸਮੇਂ ਤੇ ਸਹਿਯੋਗੀ ਪਾਇਨੀਅਰੀ ਕਰਦਾ ਹੈ। ਸੰਨ 1997 ਵਿਚ ਜੋਨ ਨੇ ਸੈਕੰਡਰੀ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਨਿਯਮਿਤ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।
ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤਜਰਬਾ ਹੈ ਦੂਸਰਿਆਂ ਦੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਮਦਦ ਕਰਨੀ। ਇਨ੍ਹਾਂ ਵਿਚ ਮੇਰੇ ਸਾਂਝੇ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ। ਮੇਰੇ ਪਿਤਾ ਜੀ ਨੇ ਯਹੋਵਾਹ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਕ ਤੋਂ ਜ਼ਿਆਦਾ ਵਿਆਹ ਕਰਾਏ ਹੋਣ ਕਰਕੇ ਉਹ ਅੱਗੇ ਨਹੀਂ ਵਧ ਸਕੇ। ਆਪਣੀ ਜਵਾਨੀ ਤੋਂ ਹੀ ਮੈਂ ਲੋਕਾਂ ਨਾਲ ਪਿਆਰ ਕਰਦਾ ਆਇਆ ਹਾਂ। ਜਦੋਂ ਮੈਂ ਦੂਸਰਿਆਂ ਨੂੰ ਦੁਖੀ ਦੇਖਦਾ ਹਾਂ, ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੇ ਮੁਕਾਬਲੇ ਮੇਰੇ ਦੁੱਖ ਬਹੁਤ ਛੋਟੇ ਹਨ। ਮੈਂ ਸੋਚਦਾ ਹਾਂ ਕਿ ਜਦੋਂ ਉਹ ਦੇਖਦੇ ਹਨ ਕਿ ਮੈਂ ਦਿਲੋਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹਾਂ, ਤਾਂ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ।
ਇਕ ਨੌਜਵਾਨ ਵਿਅਕਤੀ ਜੋ ਮੰਜੇ ਨਾਲ ਬੱਝਾ ਹੋਇਆ ਸੀ, ਦੀ ਮੈਂ ਪਰਮੇਸ਼ੁਰ ਦੇ ਮਕਸਦ ਬਾਰੇ ਗਿਆਨ ਪ੍ਰਾਪਤ ਕਰਨ ਵਿਚ ਮਦਦ ਕੀਤੀ। ਉਹ ਬਿਜਲੀ ਵਿਭਾਗ ਵਿਚ ਕੰਮ ਕਰਦਾ ਸੀ ਜਿੱਥੇ ਉਸ ਨੂੰ ਇਕ ਵਾਰ ਬਹੁਤ ਜ਼ੋਰ ਨਾਲ ਕਰੰਟ ਲੱਗਿਆ ਜਿਸ ਕਰਕੇ ਉਹ ਛਾਤੀ ਤੋਂ ਥੱਲੇ ਪੂਰੀ ਤਰ੍ਹਾਂ ਅਪਾਹਜ ਹੋ ਗਿਆ। ਉਹ ਮੇਰੇ ਨਾਲ ਬਾਈਬਲ ਅਧਿਐਨ ਕਰਨ ਲੱਗ ਪਿਆ ਤੇ ਹੌਲੀ-ਹੌਲੀ ਉਸ ਨੇ ਸਿੱਖੀਆਂ ਗੱਲਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਚੌਦਾਂ ਅਕਤੂਬਰ 1995 ਨੂੰ ਸਾਡੇ ਘਰ ਦੇ ਲਾਗੇ ਇਕ ਨਦੀ ਵਿਚ ਉਸ ਦਾ ਬਪਤਿਸਮਾ ਹੋਇਆ। ਉਹ 15 ਸਾਲਾਂ ਵਿਚ ਪਹਿਲੀ ਵਾਰ ਆਪਣੇ ਬਿਸਤਰੇ ਤੋਂ ਬਾਹਰ ਨਿਕਲਿਆ ਸੀ। ਉਸ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਖ਼ੁਸ਼ੀਆਂ ਭਰਿਆ ਦਿਨ ਸੀ। ਉਹ ਹੁਣ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਦਾ ਹੈ।
ਮੈਂ ਇਹ ਜ਼ਰੂਰ ਕਹਾਂਗਾ ਕਿ 30 ਸਾਲ ਪਹਿਲਾਂ ਮੈਂ ਯਹੋਵਾਹ ਦੇ ਇਕਮੁੱਠ ਤੇ ਸਮਰਪਿਤ ਲੋਕਾਂ ਨਾਲ ਮਿਲ ਕੇ ਉਸ ਦੀ ਭਗਤੀ ਕਰਨ ਦਾ ਜੋ ਫ਼ੈਸਲਾ ਕੀਤਾ ਸੀ, ਉਸ ਉੱਤੇ ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਮੈਂ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸੱਚਾ ਪਿਆਰ ਦਿਖਾਉਂਦੇ ਦੇਖਿਆ ਹੈ। ਜੇ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਨਾਮ ਵਜੋਂ ਅਨੰਤ ਜ਼ਿੰਦਗੀ ਦੀ ਆਸ਼ਾ ਨਾ ਵੀ ਦਿੱਤੀ ਹੁੰਦੀ, ਤਾਂ ਵੀ ਮੈਂ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਲਗਾਉਂਦਾ। (1 ਤਿਮੋਥਿਉਸ 6:6; ਇਬਰਾਨੀਆਂ 11:6) ਪਰਮੇਸ਼ੁਰੀ ਭਗਤੀ ਨੇ ਹੀ ਮੇਰੀ ਜ਼ਿੰਦਗੀ ਨੂੰ ਢਾਲ਼ਿਆ ਤੇ ਮਜ਼ਬੂਤ ਕੀਤਾ ਅਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਖ਼ੁਸ਼ੀਆਂ ਤੇ ਸੰਤੁਸ਼ਟੀ ਦਿੱਤੀ ਹੈ।
[ਸਫ਼ੇ 25 ਉੱਤੇ ਤਸਵੀਰ]
ਸੰਨ 1990 ਵਿਚ ਆਪਣੀ ਪਤਨੀ ਅਤੇ ਬੱਚਿਆਂ ਨਾਲ
[ਸਫ਼ੇ 26 ਉੱਤੇ ਤਸਵੀਰ]
ਆਪਣੀ ਪਤਨੀ ਅਤੇ ਆਪਣੇ ਬੱਚਿਆਂ ਅਤੇ ਦੋ ਜੁਆਈਆਂ ਨਾਲ