ਜੀਵਨ ਦੀ ਦੌੜ ਵਿਚ ਹਾਰ ਨਾ ਮੰਨੋ!
“ਆਓ, ਅਸੀਂ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬਰਾਨੀਆਂ 12:1.
1, 2. ਕਿਹੜੀਆਂ ਰੁਮਾਂਚਕ ਘਟਨਾਵਾਂ ਨੇ ਇਨ੍ਹਾਂ ਅੰਤ ਦਿਆਂ ਦਿਨਾਂ ਦੌਰਾਨ ਯਹੋਵਾਹ ਦੇ ਸੇਵਕਾਂ ਨੂੰ ਰੁਮਾਂਚਿਤ ਕੀਤਾ ਹੈ?
ਅਸੀਂ ਰੁਮਾਂਚਕ ਅਤੇ ਚੁਣੌਤੀ ਭਰੇ ਸਮੇਂ ਵਿਚ ਰਹਿੰਦੇ ਹਾਂ। 80 ਤੋਂ ਜ਼ਿਆਦਾ ਸਾਲ ਪਹਿਲਾਂ, 1914 ਵਿਚ, ਯਿਸੂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਵਜੋਂ ਸਿੰਘਾਸਣ ਉੱਤੇ ਬਿਠਾਇਆ ਗਿਆ ਸੀ। ਉਦੋਂ ‘ਪ੍ਰਭੁ ਦਾ ਦਿਨ,’ ਅਤੇ ਇਸ ਦੇ ਨਾਲ ਇਸ ਰੀਤੀ-ਵਿਵਸਥਾ ਦਾ ‘ਓੜਕ ਦਾ ਵੇਲਾ’ ਸ਼ੁਰੂ ਹੋਇਆ ਸੀ। (ਪਰਕਾਸ਼ ਦੀ ਪੋਥੀ 1:10; ਦਾਨੀਏਲ 12:9) ਉਸ ਸਮੇਂ ਤੋਂ ਮਸੀਹੀਆਂ ਦੀ ਜੀਵਨ ਦੀ ਦੌੜ ਹੋਰ ਜ਼ਿਆਦਾ ਤੀਬਰਤਾ ਫੜ੍ਹ ਰਹੀ ਹੈ। ਪਰਮੇਸ਼ੁਰ ਦੇ ਸੇਵਕਾਂ ਨੇ ਯਹੋਵਾਹ ਦੇ ਸਵਰਗੀ ਰਥ, ਅਰਥਾਤ ਉਸ ਦੇ ਸਵਰਗੀ ਸੰਗਠਨ ਦੇ ਨਾਲ-ਨਾਲ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜੋ ਯਹੋਵਾਹ ਦੇ ਮਕਸਦਾਂ ਨੂੰ ਪੂਰਾ ਕਰਨ ਲਈ ਅਟੱਲ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ।—ਹਿਜ਼ਕੀਏਲ 1:4-28; 1 ਕੁਰਿੰਥੀਆਂ 9:24.
2 ਕੀ ਪਰਮੇਸ਼ੁਰ ਦੇ ਲੋਕਾਂ ਨੇ ਸਦੀਪਕ ਜੀਵਨ ਵੱਲ ‘ਦੌੜ ਦੌੜਦੇ’ ਹੋਏ ਆਨੰਦ ਪ੍ਰਾਪਤ ਕੀਤਾ ਹੈ? ਜੀ ਹਾਂ, ਜ਼ਰੂਰ ਪ੍ਰਾਪਤ ਕੀਤਾ ਹੈ! ਉਹ ਯਿਸੂ ਦੇ ਬਾਕੀ ਬਚੇ ਭਰਾਵਾਂ ਨੂੰ ਇਕੱਠੇ ਕੀਤੇ ਜਾਂਦੇ ਦੇਖ ਕੇ ਰੁਮਾਂਚਿਤ ਹੋਏ ਹਨ, ਅਤੇ ਉਹ ਇਹ ਸਮਝ ਕੇ ਆਨੰਦਿਤ ਹੁੰਦੇ ਹਨ ਕਿ 1,44,000 ਵਿੱਚੋਂ ਬਾਕੀ ਬਚੇ ਹੋਇਆਂ ਉੱਤੇ ਆਖ਼ਰੀ ਮੁਹਰ ਲਗਾਉਣ ਦਾ ਕੰਮ ਪੂਰਾ ਹੋਣ ਵਾਲਾ ਹੈ। (ਪਰਕਾਸ਼ ਦੀ ਪੋਥੀ 7:3, 4) ਇਸ ਤੋਂ ਇਲਾਵਾ, ਉਹ ਇਹ ਜਾਣ ਕੇ ਰੁਮਾਂਚਿਤ ਹਨ ਕਿ ਯਹੋਵਾਹ ਦੇ ਨਿਯੁਕਤ ਰਾਜੇ ਨੇ “ਧਰਤੀ ਦੀ ਫ਼ਸਲ” ਵੱਢਣ ਲਈ ਆਪਣੀ ਦਾਤੀ ਫੇਰੀ ਹੈ। (ਪਰਕਾਸ਼ ਦੀ ਪੋਥੀ 14:15, 16) ਅਤੇ ਕਿੰਨਾ ਜ਼ਿਆਦਾ ਫਲ! (ਮੱਤੀ 9:37) ਹੁਣ ਤਕ, 50 ਲੱਖ ਤੋਂ ਜ਼ਿਆਦਾ ਪ੍ਰਾਣੀ ਇਕੱਠੇ ਕੀਤੇ ਗਏ ਹਨ—“ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।” (ਪਰਕਾਸ਼ ਦੀ ਪੋਥੀ 7:9) ਕੋਈ ਨਹੀਂ ਕਹਿ ਸਕਦਾ ਕਿ ਅਖ਼ੀਰ ਵਿਚ ਇਹ ਭੀੜ ਕਿੰਨੀ ਵੱਡੀ ਹੋਵੇਗੀ ਕਿਉਂਕਿ ਇਸ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।
3. ਕਿਨ੍ਹਾਂ ਰੁਕਾਵਟਾਂ ਦੇ ਬਾਵਜੂਦ ਸਾਨੂੰ ਇਕ ਆਨੰਦਿਤ ਭਾਵਨਾ ਵਿਕਸਿਤ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ?
3 ਇਹ ਸੱਚ ਹੈ ਕਿ ਸ਼ਤਾਨ ਸਾਨੂੰ ਦੌੜ ਵਿਚ ਦੌੜਦੇ ਸਮੇਂ ਠੋਕਰ ਖੁਆਉਣ ਜਾਂ ਹੌਲੀ ਕਰਨ ਦੀ ਕੋਸ਼ਿਸ਼ ਕਰਦਾ ਹੈ। (ਪਰਕਾਸ਼ ਦੀ ਪੋਥੀ 12:17) ਅਤੇ ਲੜਾਈਆਂ, ਕਾਲ, ਮਹਾਂਮਾਰੀਆਂ, ਅਤੇ ਹੋਰ ਸਾਰੀਆਂ ਦੂਜੀਆਂ ਕਠਿਨਾਈਆਂ ਨਾਲ ਚਿੰਨ੍ਹਿਤ ਇਸ ਅੰਤ ਦੇ ਸਮੇਂ ਵਿਚ ਦੌੜਦੇ ਰਹਿਣਾ ਆਸਾਨ ਨਹੀਂ ਰਿਹਾ ਹੈ। (ਮੱਤੀ 24:3-9; ਲੂਕਾ 21:11; 2 ਤਿਮੋਥਿਉਸ 3:1-5) ਫਿਰ ਵੀ, ਜਿਉਂ-ਜਿਉਂ ਦੌੜ ਖ਼ਤਮ ਹੋਣ ਤੇ ਆਉਂਦੀ ਹੈ, ਸਾਡਾ ਦਿਲ ਖ਼ੁਸ਼ੀ ਨਾਲ ਉੱਛਲਦਾ ਹੈ। ਅਸੀਂ ਉਹ ਭਾਵਨਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਪੌਲੁਸ ਨੇ ਆਪਣੇ ਸਮੇਂ ਦੇ ਸੰਗੀ ਮਸੀਹੀਆਂ ਨੂੰ ਦਿਖਾਉਣ ਦੀ ਤਾਕੀਦ ਕੀਤੀ ਸੀ: “ਪ੍ਰਭੁ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ।”—ਫ਼ਿਲਿੱਪੀਆਂ 4:4.
4. ਫ਼ਿਲਿੱਪੀ ਮਸੀਹੀਆਂ ਨੇ ਕਿਸ ਤਰ੍ਹਾਂ ਦੀ ਭਾਵਨਾ ਦਿਖਾਈ?
4 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਮਸੀਹੀਆਂ ਨੂੰ ਪੌਲੁਸ ਨੇ ਇਹ ਸ਼ਬਦ ਕਹੇ ਸਨ ਉਹ ਆਪਣੀ ਨਿਹਚਾ ਵਿਚ ਆਨੰਦ ਪ੍ਰਾਪਤ ਕਰ ਰਹੇ ਸਨ, ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਪ੍ਰਭੁ ਵਿੱਚ ਅਨੰਦ ਕਰਦੇ ਰਹੋ।” (ਫ਼ਿਲਿੱਪੀਆਂ 3:1, ਨਿ ਵ) ਫ਼ਿਲਿੱਪੀਆਂ ਦੀ ਕਲੀਸਿਯਾ ਦਿਆਲੂ ਅਤੇ ਪ੍ਰੇਮਮਈ ਸੀ, ਜਿਹੜੀ ਜੋਸ਼ ਅਤੇ ਉਤਸ਼ਾਹ ਨਾਲ ਸੇਵਾ ਕਰਦੀ ਸੀ। (ਫ਼ਿਲਿੱਪੀਆਂ 1:3-5; 4:10, 14-20) ਪਰੰਤੂ ਪਹਿਲੀ ਸਦੀ ਦੇ ਸਾਰੇ ਮਸੀਹੀਆਂ ਵਿਚ ਅਜਿਹੀ ਭਾਵਨਾ ਨਹੀਂ ਸੀ। ਉਦਾਹਰਣ ਲਈ, ਕੁਝ ਯਹੂਦੀ ਮਸੀਹੀ ਜਿਨ੍ਹਾਂ ਨੂੰ ਪੌਲੁਸ ਨੇ ਇਬਰਾਨੀਆਂ ਦੀ ਪੱਤਰੀ ਲਿਖੀ ਸੀ, ਚਿੰਤਾ ਦਾ ਕਾਰਨ ਸਨ।
“ਹੋਰ ਵੀ ਧਿਆਨ ਰੱਖੀਏ”
5. (ੳ) ਇਬਰਾਨੀ ਮਸੀਹੀਆਂ ਵਿਚ ਕਿਸ ਤਰ੍ਹਾਂ ਦੀ ਭਾਵਨਾ ਸੀ ਜਦੋਂ ਪਹਿਲੀ ਮਸੀਹੀ ਕਲੀਸਿਯਾ ਬਣਾਈ ਗਈ ਸੀ? (ਅ) ਲਗਭਗ 60 ਸਾ.ਯੁ. ਵਿਚ ਕੁਝ ਇਬਰਾਨੀ ਮਸੀਹੀਆਂ ਦੀ ਭਾਵਨਾ ਦਾ ਵਰਣਨ ਕਰੋ।
5 ਵਿਸ਼ਵ ਇਤਿਹਾਸ ਵਿਚ ਪਹਿਲੀ ਮਸੀਹੀ ਕਲੀਸਿਯਾ ਸਰੀਰਕ ਯਹੂਦੀਆਂ ਅਤੇ ਨਵਧਰਮੀਆਂ ਨਾਲ ਬਣੀ ਹੋਈ ਸੀ ਅਤੇ 33 ਸਾ.ਯੁ. ਵਿਚ ਯਰੂਸ਼ਲਮ ਵਿਚ ਸਥਾਪਿਤ ਕੀਤੀ ਗਈ ਸੀ। ਉਸ ਵਿਚ ਕਿਸ ਤਰ੍ਹਾਂ ਦੀ ਭਾਵਨਾ ਸੀ? ਅਸੀਂ ਰਸੂਲਾਂ ਦੇ ਕਰਤੱਬ ਦੀ ਪੋਥੀ ਦੇ ਸਿਰਫ਼ ਮੁਢਲੇ ਅਧਿਆਇ ਪੜ੍ਹ ਕੇ ਹੀ ਜਾਣ ਸਕਦੇ ਹਾਂ ਕਿ ਉਸ ਕਲੀਸਿਯਾ ਵਿਚ ਸਤਾਹਟ ਦੇ ਬਾਵਜੂਦ ਬਹੁਤ ਜੋਸ਼ ਅਤੇ ਆਨੰਦ ਸੀ। (ਰਸੂਲਾਂ ਦੇ ਕਰਤੱਬ 2:44-47; 4:32-34; 5:41; 6:7) ਪਰੰਤੂ, ਦਹਾਕਿਆਂ ਦੇ ਬੀਤਣ ਨਾਲ, ਹਾਲਾਤ ਬਦਲੇ, ਅਤੇ ਸਪੱਸ਼ਟ ਤੌਰ ਤੇ ਬਹੁਤ ਸਾਰੇ ਯਹੂਦੀ ਮਸੀਹੀ ਜੀਵਨ ਦੀ ਦੌੜ ਵਿਚ ਹੌਲੀ ਹੋ ਗਏ। ਲਗਭਗ 60 ਸਾ.ਯੁ. ਵਿਚ ਉਨ੍ਹਾਂ ਦੀ ਹਾਲਤ ਬਾਰੇ ਇਕ ਸੰਦਰਭ ਰਚਨਾ ਇਹ ਕਹਿੰਦੀ ਹੈ: “ਆਲਸ ਅਤੇ ਥਕਾਵਟ, ਅਧੂਰੀਆਂ ਆਸਾਂ, ਮੁਲਤਵੀ ਉਮੀਦਾਂ, ਜਾਣ-ਬੁੱਝ ਕੇ ਕੀਤੀ ਉਲੰਘਣਾ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਨਿਹਚਾਹੀਣਤਾ ਦੀ ਹਾਲਤ। ਉਹ ਮਸੀਹੀ ਸਨ ਪਰੰਤੂ ਉਨ੍ਹਾਂ ਵਿਚ ਆਪਣੇ ਸੱਦੇ ਦੀ ਮਹਿਮਾ ਲਈ ਥੋੜ੍ਹੀ ਕਦਰ ਸੀ।” ਮਸਹ ਕੀਤੇ ਹੋਏ ਮਸੀਹੀ ਅਜਿਹੀ ਹਾਲਤ ਵਿਚ ਕਿਸ ਤਰ੍ਹਾਂ ਹੋ ਸਕਦੇ ਸਨ? ਇਬਰਾਨੀਆਂ ਨੂੰ ਲਿਖੀ ਪੌਲੁਸ ਦੀ ਪੱਤਰੀ (ਲਗਭਗ 61 ਸਾ.ਯੁ. ਵਿਚ ਲਿਖੀ ਗਈ) ਦੇ ਕੁਝ ਭਾਗਾਂ ਉੱਤੇ ਵਿਚਾਰ ਕਰਨਾ ਸਾਨੂੰ ਇਸ ਸਵਾਲ ਦਾ ਜਵਾਬ ਪ੍ਰਾਪਤ ਕਰਨ ਵਿਚ ਮਦਦ ਕਰੇਗਾ। ਇਸ ਤਰ੍ਹਾਂ ਵਿਚਾਰ ਕਰਨਾ ਸਾਨੂੰ ਅੱਜ ਉਸੇ ਤਰ੍ਹਾਂ ਦੀ ਕਮਜ਼ੋਰ ਅਧਿਆਤਮਿਕ ਸਥਿਤੀ ਵਿਚ ਪੈਣ ਤੋਂ ਬਚਣ ਲਈ ਮਦਦ ਦੇਵੇਗਾ।
6. ਮੂਸਾ ਦੀ ਬਿਵਸਥਾ ਅਧੀਨ ਉਪਾਸਨਾ ਅਤੇ ਯਿਸੂ ਮਸੀਹ ਵਿਚ ਨਿਹਚਾ ਉੱਤੇ ਆਧਾਰਿਤ ਉਪਾਸਨਾ ਵਿਚਕਾਰ ਕਿਹੜੀਆਂ ਕੁਝ ਭਿੰਨਤਾਵਾਂ ਹਨ?
6 ਇਬਰਾਨੀ ਮਸੀਹੀ ਯਹੂਦੀ ਧਰਮ ਵਿੱਚੋਂ ਆਏ ਸਨ, ਇਕ ਅਜਿਹੀ ਸੰਸਥਾ ਜੋ ਮੂਸਾ ਦੁਆਰਾ ਯਹੋਵਾਹ ਵੱਲੋਂ ਦਿੱਤੀ ਬਿਵਸਥਾ ਦੀ ਪਾਲਣਾ ਕਰਨ ਦਾ ਦਾਅਵਾ ਕਰਦੀ ਸੀ। ਇੰਜ ਜਾਪਦਾ ਹੈ ਕਿ ਇਹ ਬਿਵਸਥਾ ਬਹੁਤ ਸਾਰੇ ਯਹੂਦੀ ਮਸੀਹੀਆਂ ਨੂੰ ਆਕਰਸ਼ਿਤ ਕਰਦੀ ਰਹੀ, ਸ਼ਾਇਦ ਇਸ ਕਾਰਨ ਕਿ ਇਹ ਬਹੁਤ ਸਦੀਆਂ ਤੋਂ ਯਹੋਵਾਹ ਕੋਲ ਜਾਣ ਦਾ ਇੱਕੋ-ਇਕ ਰਸਤਾ ਸੀ, ਅਤੇ ਇਹ ਉਪਾਸਨਾ ਦੀ ਇਕ ਪ੍ਰਭਾਵਕਾਰੀ ਵਿਵਸਥਾ ਸੀ, ਜਿਸ ਵਿਚ ਜਾਜਕਾਈ ਪ੍ਰਬੰਧ, ਨਿਯਮਿਤ ਬਲੀਆਂ, ਅਤੇ ਯਰੂਸ਼ਲਮ ਵਿਚ ਸੰਸਾਰ-ਪ੍ਰਸਿੱਧ ਹੈਕਲ ਸ਼ਾਮਲ ਸਨ। ਮਸੀਹੀਅਤ ਭਿੰਨ ਹੈ। ਇਹ ਅਧਿਆਤਮਿਕ ਦ੍ਰਿਸ਼ਟੀ ਦੀ ਮੰਗ ਕਰਦੀ ਹੈ, ਜਿਵੇਂ ਮੂਸਾ ਦੀ ਸੀ, ਜਿਸ ਦਾ ਭਵਿੱਖ ਵਿਚ ਮਿਲਣ ਵਾਲੇ ‘ਫਲ ਵੱਲ ਧਿਆਨ’ ਸੀ ਅਤੇ ਜੋ “ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।” (ਇਬਰਾਨੀਆਂ 11:26, 27) ਸਪੱਸ਼ਟ ਤੌਰ ਤੇ ਬਹੁਤ ਸਾਰੇ ਯਹੂਦੀ ਮਸੀਹੀਆਂ ਵਿਚ ਅਜਿਹੀ ਅਧਿਆਤਮਿਕ ਦ੍ਰਿਸ਼ਟੀ ਦੀ ਘਾਟ ਸੀ। ਉਹ ਮਕਸਦ ਭਰੇ ਤਰੀਕੇ ਨਾਲ ਦੌੜਨ ਦੀ ਬਜਾਇ ਲੰਗੜਾ ਕੇ ਤੁਰ ਰਹੇ ਸਨ।
7. ਜਿਸ ਰੀਤੀ-ਵਿਵਸਥਾ ਵਿੱਚੋਂ ਅਸੀਂ ਨਿਕਲ ਕੇ ਆਏ ਹਾਂ ਉਹ ਸਾਡੀ ਜੀਵਨ ਦੀ ਦੌੜ ਉੱਤੇ ਕਿਵੇਂ ਅਸਰ ਪਾ ਸਕਦੀ ਹੈ?
7 ਕੀ ਅੱਜ ਸਮਾਨ ਸਥਿਤੀ ਹੈ? ਖ਼ੈਰ, ਹਾਲਾਤ ਬਿਲਕੁਲ ਸਮਾਨ ਤਾਂ ਨਹੀਂ ਹਨ। ਫਿਰ ਵੀ, ਮਸੀਹੀ ਅਜਿਹੀ ਰੀਤੀ-ਵਿਵਸਥਾ ਵਿੱਚੋਂ ਨਿਕਲ ਕੇ ਆਉਂਦੇ ਹਨ ਜੋ ਵੱਡੀਆਂ-ਵੱਡੀਆਂ ਸ਼ੇਖ਼ੀਆਂ ਮਾਰਦੀ ਹੈ। ਸੰਸਾਰ ਸੁਨਹਿਰੇ ਮੌਕੇ ਪ੍ਰਦਾਨ ਕਰਦਾ ਹੈ, ਪਰੰਤੂ ਇਸ ਦੇ ਨਾਲ-ਨਾਲ ਉਹ ਲੋਕਾਂ ਤੋਂ ਵੱਡੀਆਂ-ਵੱਡੀਆਂ ਮੰਗਾਂ ਵੀ ਕਰਦਾ ਹੈ। ਇਸ ਦੇ ਨਾਲ, ਸਾਡੇ ਵਿੱਚੋਂ ਕਈ ਭੈਣ-ਭਰਾ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਸੰਦੇਹ ਭਰਿਆ ਰਵੱਈਆ ਆਮ ਹੈ ਅਤੇ ਜਿੱਥੇ ਲੋਕ ਸੁਆਰਥੀ, ਮੈਂ-ਪਹਿਲਾਂ ਮਨੋਬਿਰਤੀ ਦਿਖਾਉਂਦੇ ਹਨ। ਜੇ ਅਸੀਂ ਅਜਿਹੀ ਵਿਵਸਥਾ ਦੁਆਰਾ ਆਪਣੇ ਆਪ ਨੂੰ ਪ੍ਰਭਾਵਿਤ ਹੋਣ ਦੇਈਏ, ਤਾਂ ‘ਸਾਡੇ ਦਿਲ ਦੀਆਂ ਅੱਖਾਂ’ ਆਸਾਨੀ ਨਾਲ ਕਮਜ਼ੋਰ ਹੋ ਸਕਦੀਆਂ ਹਨ। (ਅਫ਼ਸੀਆਂ 1:18) ਅਸੀਂ ਜੀਵਨ ਦੀ ਦੌੜ ਚੰਗੇ ਤਰੀਕੇ ਨਾਲ ਕਿਸ ਤਰ੍ਹਾਂ ਦੌੜਾਂਗੇ ਜੇ ਸਾਨੂੰ ਠੀਕ ਤਰ੍ਹਾਂ ਨਜ਼ਰ ਹੀ ਨਹੀਂ ਆਉਂਦਾ ਕਿ ਅਸੀਂ ਕਿੱਥੇ ਜਾ ਰਹੇ ਹਾਂ?
8. ਮਸੀਹੀਅਤ ਕਿਨ੍ਹਾਂ ਕੁਝ ਤਰੀਕਿਆਂ ਨਾਲ ਬਿਵਸਥਾ ਅਧੀਨ ਉਪਾਸਨਾ ਤੋਂ ਉੱਤਮ ਹੈ?
8 ਯਹੂਦੀ ਮਸੀਹੀਆਂ ਨੂੰ ਉਭਾਰਨ ਲਈ, ਪੌਲੁਸ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਉੱਤੇ ਮਸੀਹੀ ਵਿਵਸਥਾ ਦੀ ਉੱਤਮਤਾ ਦੀ ਯਾਦ ਦਿਵਾਉਂਦਾ ਹੈ। ਇਹ ਸੱਚ ਹੈ ਕਿ ਜਦੋਂ ਸਰੀਰਕ ਇਸਰਾਏਲ ਦੀ ਕੌਮ ਬਿਵਸਥਾ ਅਧੀਨ ਯਹੋਵਾਹ ਦੀ ਪਰਜਾ ਸੀ, ਤਾਂ ਯਹੋਵਾਹ ਨੇ ਪ੍ਰੇਰਿਤ ਨਬੀਆਂ ਰਾਹੀਂ ਉਸ ਨਾਲ ਗੱਲ ਕੀਤੀ। ਪਰੰਤੂ ਪੌਲੁਸ ਕਹਿੰਦਾ ਹੈ ਕਿ ਅੱਜ ਉਹ “ਪੁੱਤ੍ਰ ਦੇ ਰਾਹੀਂ ਗੱਲ” ਕਰਦਾ ਹੈ “ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਓਸੇ ਦੇ ਵਸੀਲੇ ਉਹ ਨੇ ਜਹਾਨ ਵੀ ਰਚੇ।” (ਇਬਰਾਨੀਆਂ 1:2) ਇਸ ਤੋਂ ਇਲਾਵਾ, ਯਿਸੂ ਦਾਊਦ ਦੇ ਵੰਸ਼ ਦੇ ਸਾਰੇ ਰਾਜਿਆਂ ਤੋਂ, ਅਰਥਾਤ ਆਪਣੇ “ਸਾਥੀਆਂ” ਤੋਂ ਮਹਾਨ ਹੈ। ਉਹ ਤਾਂ ਦੂਤਾਂ ਤੋਂ ਵੀ ਉਚੇਰਾ ਹੈ।—ਇਬਰਾਨੀਆਂ 1:5, 6, 9.
9. ਪੌਲੁਸ ਦੇ ਦਿਨ ਦੇ ਯਹੂਦੀ ਮਸੀਹੀਆਂ ਵਾਂਗ, ਸਾਨੂੰ ਯਹੋਵਾਹ ਦੀਆਂ ਕਹੀਆਂ ਗੱਲਾਂ ਦਾ “ਹੋਰ ਵੀ ਧਿਆਨ” ਕਿਉਂ ਰੱਖਣਾ ਚਾਹੀਦਾ ਹੈ?
9 ਇਸ ਲਈ, ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਸਲਾਹ ਦਿੱਤੀ: “ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਨ੍ਹਾਂ ਤੋਂ ਵਹਿ ਕੇ ਦੂਰ ਹੋ ਜਾਈਏ।” (ਇਬਰਾਨੀਆਂ 2:1) ਭਾਵੇਂ ਕਿ ਮਸੀਹ ਬਾਰੇ ਸਿੱਖਣਾ ਇਕ ਅਦਭੁਤ ਬਰਕਤ ਸੀ, ਪਰ ਇਹ ਕਾਫ਼ੀ ਨਹੀਂ ਸੀ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਯਹੂਦੀ ਸਮਾਜ ਦੇ ਪ੍ਰਭਾਵ ਤੋਂ ਬਚਣ ਲਈ ਪਰਮੇਸ਼ੁਰ ਦੇ ਬਚਨ ਵੱਲ ਪੂਰਾ ਧਿਆਨ ਦੇਣ ਦੀ ਲੋੜ ਸੀ। ਇਸ ਸੰਸਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਾਪੇਗੰਡੇ ਨੂੰ ਦੇਖਦਿਆਂ ਸਾਨੂੰ ਵੀ ਯਹੋਵਾਹ ਦੀਆਂ ਕਹੀਆਂ ਗੱਲਾਂ ਦਾ “ਹੋਰ ਵੀ ਧਿਆਨ” ਰੱਖਣ ਦੀ ਲੋੜ ਹੈ। ਇਸ ਦਾ ਮਤਲਬ ਹੈ ਚੰਗੀਆਂ ਅਧਿਐਨ ਆਦਤਾਂ ਪਾਉਣੀਆਂ ਅਤੇ ਇਕ ਚੰਗੀ ਬਾਈਬਲ-ਪਠਨ ਅਨੁਸੂਚੀ ਕਾਇਮ ਰੱਖਣੀ। ਜਿਵੇਂ ਕਿ ਇਬਰਾਨੀਆਂ ਨੂੰ ਆਪਣੀ ਪੱਤਰੀ ਵਿਚ ਪੌਲੁਸ ਬਾਅਦ ਵਿਚ ਕਹਿੰਦਾ ਹੈ, ਇਸ ਦਾ ਮਤਲਬ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਦੂਸਰਿਆਂ ਨੂੰ ਆਪਣੀ ਨਿਹਚਾ ਬਾਰੇ ਦੱਸਣਾ ਵੀ ਹੈ। (ਇਬਰਾਨੀਆਂ 10:23-25) ਅਜਿਹੀ ਸਰਗਰਮੀ ਅਧਿਆਤਮਿਕ ਤੌਰ ਤੇ ਚੌਕਸ ਰਹਿਣ ਵਿਚ ਸਾਡੀ ਮਦਦ ਕਰੇਗੀ ਤਾਂਕਿ ਅਸੀਂ ਆਪਣੀ ਸ਼ਾਨਦਾਰ ਉਮੀਦ ਨਾ ਗੁਆ ਦੇਈਏ। ਜੇਕਰ ਅਸੀਂ ਆਪਣੇ ਮਨਾਂ ਨੂੰ ਯਹੋਵਾਹ ਦੇ ਵਿਚਾਰਾਂ ਨਾਲ ਭਰਦੇ ਹਾਂ, ਤਾਂ ਅਸੀਂ ਡਿਗਾਂਗੇ ਨਹੀਂ ਜਾਂ ਆਪਣਾ ਸੰਤੁਲਨ ਨਹੀਂ ਗੁਆਵਾਂਗੇ, ਭਾਵੇਂ ਸੰਸਾਰ ਸਾਡੇ ਨਾਲ ਜੋ ਕੁਝ ਵੀ ਕਰੇ।—ਜ਼ਬੂਰ 1:1-3; ਕਹਾਉਤਾਂ 3:1-6.
“ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ”
10. (ੳ) ਉਸ ਵਿਅਕਤੀ ਨੂੰ ਕੀ ਹੋ ਸਕਦਾ ਹੈ ਜੋ ਯਹੋਵਾਹ ਦੇ ਬਚਨ ਦਾ ਹੋਰ ਵੀ ਧਿਆਨ ਨਹੀਂ ਰੱਖਦਾ ਹੈ? (ਅ) ਅਸੀਂ ਕਿਵੇਂ ‘ਇਕ ਦੂਏ ਨੂੰ ਉਪਦੇਸ਼ ਕਰਦੇ’ ਰਹਿ ਸਕਦੇ ਹਾਂ?
10 ਜੇ ਅਸੀਂ ਅਧਿਆਤਮਿਕ ਚੀਜ਼ਾਂ ਵੱਲ ਪੂਰਾ ਧਿਆਨ ਨਹੀਂ ਦਿੰਦੇ ਹਾਂ, ਤਾਂ ਸ਼ਾਇਦ ਪਰਮੇਸ਼ੁਰ ਦੇ ਵਾਅਦੇ ਸਾਨੂੰ ਖ਼ਿਆਲੀ ਹੀ ਜਾਪਣ। ਇਸ ਤਰ੍ਹਾਂ ਪਹਿਲੀ ਸਦੀ ਵਿਚ ਵੀ ਹੋਇਆ ਸੀ ਜਦੋਂ ਕਲੀਸਿਯਾਵਾਂ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਨਾਲ ਬਣੀਆਂ ਹੋਈਆਂ ਸਨ ਅਤੇ ਕੁਝ ਰਸੂਲ ਵੀ ਅਜੇ ਜੀਉਂਦੇ ਸਨ। ਪੌਲੁਸ ਨੇ ਇਬਰਾਨੀਆਂ ਨੂੰ ਚੇਤਾਵਨੀ ਦਿੱਤੀ: “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।” (ਇਬਰਾਨੀਆਂ 3:12, 13) ਪੌਲੁਸ ਦੀ ਅਭਿਵਿਅਕਤੀ “ਵੇਖਣਾ” ਚੌਕਸ ਰਹਿਣ ਦੀ ਲੋੜ ਤੇ ਜ਼ੋਰ ਦਿੰਦੀ ਹੈ। ਖ਼ਤਰੇ ਦਾ ਡਰ ਹੈ! ਬੇਪਰਤੀਤੀ, ਅਰਥਾਤ “ਪਾਪ” ਸਾਡੇ ਦਿਲਾਂ ਵਿਚ ਆ ਸਕਦਾ ਹੈ, ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਣ ਦੀ ਬਜਾਇ ਉਸ ਤੋਂ ਦੂਰ ਜਾ ਸਕਦੇ ਹਾਂ। (ਯਾਕੂਬ 4:8) ਪੌਲੁਸ ਸਾਨੂੰ ‘ਇੱਕ ਦੂਏ ਨੂੰ ਉਪਦੇਸ਼ ਕਰਦੇ’ ਰਹਿਣ ਦੀ ਯਾਦ ਦਿਵਾਉਂਦਾ ਹੈ। ਸਾਨੂੰ ਭਰਾਤਰੀ ਸੰਗਤ ਦੇ ਨਿੱਘ ਦੀ ਲੋੜ ਹੈ। “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਅਜਿਹੀ ਸੰਗਤ ਦੀ ਲੋੜ ਅੱਜ ਮਸੀਹੀਆਂ ਨੂੰ ਕਲੀਸਿਯਾ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਬਾਕਾਇਦਾ ਹਾਜ਼ਰ ਹੋਣ ਲਈ ਪ੍ਰੇਰਿਤ ਕਰਦੀ ਹੈ।
11, 12. ਸਾਨੂੰ ਸਿਰਫ਼ ਮੁਢਲੇ ਮਸੀਹੀ ਸਿਧਾਂਤਾਂ ਨੂੰ ਜਾਣ ਕੇ ਸੰਤੁਸ਼ਟ ਕਿਉਂ ਨਹੀਂ ਹੋਣਾ ਚਾਹੀਦਾ ਹੈ?
11 ਅੱਗੇ ਆਪਣੀ ਪੱਤਰੀ ਵਿਚ, ਪੌਲੁਸ ਇਹ ਇਕ ਹੋਰ ਕੀਮਤੀ ਸਲਾਹ ਦਿੰਦਾ ਹੈ: “ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਭਈ ਕੋਈ ਤੁਹਾਨੂੰ ਪਰਮੇਸ਼ੁਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਫੇਰ ਸਿਖਾਵੇ ਅਤੇ ਤੁਸੀਂ ਅਜੇਹੇ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ! . . . ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:12-14) ਸਪੱਸ਼ਟ ਤੌਰ ਤੇ, ਕੁਝ ਯਹੂਦੀ ਮਸੀਹੀ ਆਪਣੀ ਸਮਝ ਵਧਾਉਣ ਵਿਚ ਅਸਫ਼ਲ ਹੋਏ ਸਨ। ਉਹ ਬਿਵਸਥਾ ਅਤੇ ਸੁੰਨਤ ਦੇ ਬਾਰੇ ਵਧੀ ਰੌਸ਼ਨੀ ਨੂੰ ਸਵੀਕਾਰ ਕਰਨ ਵਿਚ ਢਿੱਲੇ ਸਨ। (ਰਸੂਲਾਂ ਦੇ ਕਰਤੱਬ 15:27-29; ਗਲਾਤੀਆਂ 2:11-14; 6:12, 13) ਕੁਝ ਸ਼ਾਇਦ ਅਜੇ ਵੀ ਸਪਤਾਹਕ ਸਬਤ ਅਤੇ ਰੀਤੀਬੱਧ ਸਾਲਾਨਾ ਵਰਤ ਦੇ ਦਿਨ ਵਰਗੀਆਂ ਰਵਾਇਤੀ ਰੀਤਾਂ ਦਾ ਸਤਿਕਾਰ ਕਰਦੇ ਸਨ।—ਕੁਲੁੱਸੀਆਂ 2:16, 17; ਇਬਰਾਨੀਆਂ 9:1-14.
12 ਇਸ ਲਈ, ਪੌਲੁਸ ਕਹਿੰਦਾ ਹੈ: “ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਈਏ।” (ਇਬਰਾਨੀਆਂ 6:1) ਜਿਹੜਾ ਮਰਾਥਨ ਦੌੜਾਕ ਆਪਣੀ ਖ਼ੁਰਾਕ ਦਾ ਪੂਰਾ ਧਿਆਨ ਰੱਖਦਾ ਹੈ, ਉਹ ਲੰਬੀ ਅਤੇ ਥਕਾ ਦੇਣ ਵਾਲੀ ਦੌੜ ਬਿਹਤਰ ਤਰੀਕੇ ਨਾਲ ਦੌੜ ਸਕਦਾ ਹੈ। ਇਸ ਤਰ੍ਹਾਂ, ਜਿਹੜਾ ਮਸੀਹੀ ਅਧਿਆਤਮਿਕ ਖ਼ੁਰਾਕ ਵੱਲ ਪੂਰਾ ਧਿਆਨ ਦਿੰਦਾ ਹੈ, ਅਤੇ ਆਪਣੇ ਆਪ ਨੂੰ ਮੁਢਲੀਆਂ, ‘ਆਦ ਗੱਲਾਂ’ ਤਕ ਹੀ ਸੀਮਿਤ ਨਹੀਂ ਰੱਖਦਾ, ਉਹ ਬਿਹਤਰ ਢੰਗ ਨਾਲ ਦੌੜ ਦੇ ਮੈਦਾਨ ਵਿਚ ਦੌੜਨ ਅਤੇ ਇਸ ਨੂੰ ਮੁਕਾਉਣ ਦੇ ਯੋਗ ਹੋਵੇਗਾ। (ਤੁਲਨਾ ਕਰੋ 2 ਤਿਮੋਥਿਉਸ 4:7.) ਇਸ ਦਾ ਮਤਲਬ ਹੈ ਸੱਚਾਈ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਵਿਚ ਰੁਚੀ ਵਿਕਸਿਤ ਕਰਨਾ, ਅਤੇ ਇਸ ਤਰ੍ਹਾਂ ਸਿਆਣੇ ਬਣਦੇ ਜਾਣਾ।—ਅਫ਼ਸੀਆਂ 3:18.
“ਤੁਹਾਨੂੰ ਧੀਰਜ ਕਰਨ ਦੀ ਲੋੜ ਹੈ”
13. ਪ੍ਰਾਚੀਨ ਸਮਿਆਂ ਵਿਚ ਇਬਰਾਨੀ ਮਸੀਹੀਆਂ ਨੇ ਆਪਣੀ ਨਿਹਚਾ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ ਸੀ?
13 ਪੰਤੇਕੁਸਤ 33 ਸਾ.ਯੁ. ਤੋਂ ਤੁਰੰਤ ਬਾਅਦ ਦੇ ਸਮੇਂ ਵਿਚ, ਯਹੂਦੀ ਮਸੀਹੀ ਘੋਰ ਸਤਾਹਟ ਦੇ ਬਾਵਜੂਦ ਵੀ ਦ੍ਰਿੜ੍ਹ ਖੜ੍ਹੇ ਰਹੇ। (ਰਸੂਲਾਂ ਦੇ ਕਰਤੱਬ 8:1) ਸ਼ਾਇਦ ਪੌਲੁਸ ਦੇ ਮਨ ਵਿਚ ਇਹੋ ਗੱਲ ਸੀ ਜਦੋਂ ਉਸ ਨੇ ਲਿਖਿਆ: “ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲੇ ਨੂੰ ਸਹਿ ਲਿਆ।” (ਇਬਰਾਨੀਆਂ 10:32) ਅਜਿਹੀ ਵਫ਼ਾਦਾਰ ਸਹਿਣਸ਼ੀਲਤਾ ਨੇ ਪਰਮੇਸ਼ੁਰ ਪ੍ਰਤੀ ਉਨ੍ਹਾਂ ਦੇ ਪ੍ਰੇਮ ਨੂੰ ਪ੍ਰਦਰਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਉਸ ਨੂੰ ਪ੍ਰਾਰਥਨਾ ਕਰਨ ਦੀ ਦਲੇਰੀ ਦਿੱਤੀ। (1 ਯੂਹੰਨਾ 4:17) ਪੌਲੁਸ ਉਨ੍ਹਾਂ ਨੂੰ ਬੇਪਰਤੀਤੀ ਦੇ ਕਾਰਨ ਇਸ ਦਲੇਰੀ ਨੂੰ ਗੁਆ ਨਾ ਦੇਣ ਦਾ ਉਪਦੇਸ਼ ਦਿੰਦਾ ਹੈ। ਉਹ ਉਨ੍ਹਾਂ ਨੂੰ ਤਾਕੀਦ ਕਰਦਾ ਹੈ: “ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ। ਇਹ ਲਿਖਿਆ ਹੈ,—ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ।”—ਇਬਰਾਨੀਆਂ 10:35-37.
14. ਬਹੁਤ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਵੀ ਕਿਹੜੇ ਤੱਥ ਸਾਨੂੰ ਸਹਿਣ ਕਰਦੇ ਰਹਿਣ ਵਿਚ ਮਦਦ ਦੇ ਸਕਦੇ ਹਨ?
14 ਅੱਜ ਸਾਡੇ ਬਾਰੇ ਕੀ? ਸਾਡੇ ਵਿੱਚੋਂ ਜ਼ਿਆਦਾਤਰ ਜੋਸ਼ੀਲੇ ਸਨ ਜਦੋਂ ਅਸੀਂ ਪਹਿਲਾਂ-ਪਹਿਲ ਮਸੀਹੀ ਸੱਚਾਈ ਸਿੱਖੀ ਸੀ। ਕੀ ਸਾਡੇ ਵਿਚ ਅਜੇ ਵੀ ਉਹੀ ਜੋਸ਼ ਹੈ? ਜਾਂ ਕੀ ਅਸੀਂ “ਆਪਣਾ ਪਹਿਲਾ ਪ੍ਰੇਮ ਛੱਡ” ਦਿੱਤਾ ਹੈ? (ਪਰਕਾਸ਼ ਦੀ ਪੋਥੀ 2:4) ਕੀ ਅਸੀਂ ਠੰਢੇ ਪੈ ਗਏ ਹਾਂ, ਸ਼ਾਇਦ ਆਰਮਾਗੇਡਨ ਦੀ ਉਡੀਕ ਕਰਦੇ-ਕਰਦੇ ਨਿਰਾਸ਼ ਹੋ ਗਏ ਹਾਂ ਜਾਂ ਥੱਕ ਗਏ ਹਾਂ? ਪਰੰਤੂ, ਰੁਕੋ, ਅਤੇ ਸੋਚੋ। ਸੱਚਾਈ ਪਹਿਲਾਂ ਨਾਲੋਂ ਘੱਟ ਅਦਭੁਤ ਨਹੀਂ ਹੈ। ਯਿਸੂ ਹੁਣ ਵੀ ਸਾਡਾ ਸਵਰਗੀ ਰਾਜਾ ਹੈ। ਅਸੀਂ ਹੁਣ ਵੀ ਪਰਾਦੀਸੀ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਰੱਖਦੇ ਹਾਂ, ਅਤੇ ਯਹੋਵਾਹ ਨਾਲ ਸਾਡਾ ਹੁਣ ਵੀ ਰਿਸ਼ਤਾ ਹੈ। ਅਤੇ ਇਹ ਕਦੇ ਨਾ ਭੁੱਲੋ: “ਆਉਣ ਵਾਲਾ ਆਵੇਗਾ, ਅਤੇ ਚਿਰ ਨਾ ਲਾਵੇਗਾ।”
15. ਯਿਸੂ ਵਾਂਗ, ਕੁਝ ਮਸੀਹੀਆਂ ਨੇ ਕਿਵੇਂ ਸਖ਼ਤ ਸਤਾਹਟ ਨੂੰ ਸਹਾਰਿਆ ਹੈ?
15 ਇਸ ਲਈ, ਇਬਰਾਨੀਆਂ 12:1, 2 ਵਿਚ ਦਰਜ ਪੌਲੁਸ ਦੇ ਸ਼ਬਦ ਬਹੁਤ ਢੁਕਵੇਂ ਹਨ: “ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ [ਬੇਪਰਤੀਤੀ] ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਰਮੇਸ਼ੁਰ ਦੇ ਸੇਵਕਾਂ ਨੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਸਹਾਰੀਆਂ ਹਨ। ਯਿਸੂ ਵਾਂਗ, ਜੋ ਕਸ਼ਟਦਾਇਕ ਮੌਤ ਤਕ ਵਫ਼ਾਦਾਰ ਸੀ, ਸਾਡੇ ਕੁਝ ਭੈਣਾਂ ਤੇ ਭਰਾਵਾਂ ਨੇ ਵੀ ਸਖ਼ਤ ਸਤਾਹਟ—ਜੇਲ੍ਹ ਕੈਂਪ, ਤਸੀਹੇ, ਬਲਾਤਕਾਰ, ਅਤੇ ਇੱਥੋਂ ਤਕ ਕਿ ਮੌਤ—ਨੂੰ ਵਫ਼ਾਦਾਰੀ ਨਾਲ ਸਹਾਰਿਆ ਹੈ। (1 ਪਤਰਸ 2:21) ਕੀ ਸਾਡਾ ਦਿਲ ਉਨ੍ਹਾਂ ਲਈ ਪ੍ਰੇਮ ਨਾਲ ਨਹੀਂ ਭਰ ਜਾਂਦਾ ਹੈ ਜਦੋਂ ਅਸੀਂ ਉਨ੍ਹਾਂ ਦੀ ਖਰਿਆਈ ਉੱਤੇ ਵਿਚਾਰ ਕਰਦੇ ਹਾਂ?
16, 17. (ੳ) ਜ਼ਿਆਦਾਤਰ ਮਸੀਹੀਆਂ ਨੂੰ ਆਪਣੀ ਨਿਹਚਾ ਵਿਰੁੱਧ ਕਿਹੜੀਆਂ ਚੁਣੌਤੀਆਂ ਨਾਲ ਲੜਨਾ ਪੈਂਦਾ ਹੈ? (ਅ) ਜੀਵਨ ਦੀ ਦੌੜ ਦੌੜਦੇ ਰਹਿਣ ਵਿਚ ਕਿਹੜੀ ਗੱਲ ਯਾਦ ਰੱਖਣੀ ਸਾਡੀ ਮਦਦ ਕਰੇਗੀ?
16 ਪਰੰਤੂ, ਜ਼ਿਆਦਾਤਰ ਮਸੀਹੀਆਂ ਉੱਤੇ ਪੌਲੁਸ ਦੇ ਅਗਲੇ ਸ਼ਬਦ ਲਾਗੂ ਹੁੰਦੇ ਹਨ: “ਤੁਸਾਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਨਹੀਂ ਕੀਤਾ।” (ਇਬਰਾਨੀਆਂ 12:4) ਫਿਰ ਵੀ, ਇਸ ਵਿਵਸਥਾ ਵਿਚ ਸਾਡੇ ਵਿੱਚੋਂ ਕਿਸੇ ਲਈ ਵੀ ਸੱਚਾਈ ਦੇ ਰਾਹ ਉੱਤੇ ਚੱਲਣਾ ਸੌਖਾ ਨਹੀਂ ਹੈ। ਕੁਝ ਆਪਣੀਆਂ ਨੌਕਰੀਆਂ ਤੇ ਜਾਂ ਸਕੂਲਾਂ ਵਿਚ ਮਜ਼ਾਕ ਜਾਂ ਪਾਪ ਦੇ ਵਿਰੋਧੀ ਦਬਾਅ ਨੂੰ ਸਹਾਰਦੇ ਹੋਏ “ਪਾਪੀਆਂ ਦੀ ਐਡੀ ਲਾਗਬਾਜ਼ੀ” ਕਰਕੇ ਨਿਰਉਤਸ਼ਾਹਿਤ ਹੋ ਜਾਂਦੇ ਹਨ। (ਇਬਰਾਨੀਆਂ 12:3) ਤਾਕਤਵਰ ਪਰਤਾਵਿਆਂ ਦੇ ਕਾਰਨ ਕੁਝ ਮਸੀਹੀਆਂ ਦਾ ਪਰਮੇਸ਼ੁਰ ਦੇ ਮਿਆਰਾਂ ਉੱਤੇ ਕਾਇਮ ਰਹਿਣ ਦਾ ਦ੍ਰਿੜ੍ਹ ਇਰਾਦਾ ਕਮਜ਼ੋਰ ਪੈ ਗਿਆ ਹੈ। (ਇਬਰਾਨੀਆਂ 13:4, 5) ਧਰਮ-ਤਿਆਗੀਆਂ ਨੇ ਕੁਝ ਮਸੀਹੀਆਂ ਦੇ ਅਧਿਆਤਮਿਕ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਜੋ ਉਨ੍ਹਾਂ ਦੇ ਜ਼ਹਿਰੀਲੇ ਪ੍ਰਾਪੇਗੰਡੇ ਨੂੰ ਸੁਣਦੇ ਹਨ। (ਇਬਰਾਨੀਆਂ 13:9) ਸ਼ਖ਼ਸੀਅਤੀ ਮਤ-ਭੇਦਾਂ ਨੇ ਹੋਰ ਦੂਸਰਿਆਂ ਦੇ ਆਨੰਦ ਨੂੰ ਖੋਹ ਲਿਆ ਹੈ। ਮਨੋਰੰਜਨ ਅਤੇ ਮੌਜ-ਮਸਤੀ ਵੱਲ ਜ਼ਿਆਦਾ ਧਿਆਨ ਨੇ ਕੁਝ ਮਸੀਹੀਆਂ ਨੂੰ ਕਮਜ਼ੋਰ ਕਰ ਦਿੱਤਾ ਹੈ। ਅਤੇ ਜ਼ਿਆਦਾਤਰ ਮਸੀਹੀ ਇਸ ਰੀਤੀ-ਵਿਵਸਥਾ ਵਿਚ ਜੀਵਨ ਦੀਆਂ ਸਮੱਸਿਆਵਾਂ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹਨ।
17 ਇਹ ਸੱਚ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਹਾਲਤ “ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ” ਕਰਨ ਦੀ ਨਹੀਂ ਹੈ। ਅਤੇ ਕੁਝ ਹਾਲਤਾਂ ਸ਼ਾਇਦ ਸਾਡੇ ਗ਼ਲਤ ਫ਼ੈਸਲਿਆਂ ਦੇ ਕਾਰਨ ਪੈਦਾ ਹੋਈਆਂ ਹੋਣ। ਪਰੰਤੂ ਇਹ ਸਾਰੇ ਸਾਡੀ ਨਿਹਚਾ ਲਈ ਚੁਣੌਤੀ ਹਨ। ਇਸੇ ਲਈ ਸਾਨੂੰ ਆਪਣਾ ਧਿਆਨ ਯਿਸੂ ਦੀ ਸਹਿਣਸ਼ੀਲਤਾ ਦੀ ਸ਼ਾਨਦਾਰ ਉਦਾਹਰਣ ਉੱਤੇ ਲਗਾਉਣਾ ਚਾਹੀਦਾ ਹੈ। ਆਓ ਅਸੀਂ ਵੀ ਕਦੀ ਨਾ ਭੁੱਲੀਏ ਕਿ ਸਾਡੀ ਉਮੀਦ ਕਿੰਨੀ ਅਦਭੁਤ ਹੈ। ਅਸੀਂ ਆਪਣਾ ਯਕੀਨ ਕਦੀ ਨਾ ਗੁਆਈਏ ਕਿ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਫਿਰ, ਜੀਵਨ ਦੀ ਦੌੜ ਦੌੜਦੇ ਰਹਿਣ ਲਈ ਸਾਡੇ ਵਿਚ ਅਧਿਆਤਮਿਕ ਬਲ ਹੋਵੇਗਾ।
ਅਸੀਂ ਜ਼ਰੂਰ ਸਹਿ ਸਕਦੇ ਹਾਂ
18, 19. ਕਿਹੜੀਆਂ ਇਤਿਹਾਸਕ ਘਟਨਾਵਾਂ ਦਿਖਾਉਂਦੀਆਂ ਹਨ ਕਿ ਇਬਰਾਨੀ ਮਸੀਹੀਆਂ ਨੇ ਪੌਲੁਸ ਦੀ ਪ੍ਰੇਰਿਤ ਸਲਾਹ ਵੱਲ ਧਿਆਨ ਦਿੱਤਾ ਸੀ?
18 ਯਹੂਦੀ ਮਸੀਹੀਆਂ ਨੇ ਪੌਲੁਸ ਦੀ ਪੱਤਰੀ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ? ਇਬਰਾਨੀਆਂ ਨੂੰ ਪੱਤਰੀ ਲਿਖੇ ਜਾਣ ਤੋਂ ਕੁਝ ਛੇ ਸਾਲ ਬਾਅਦ, ਯਹੂਦਿਯਾ ਲੜਾਈ ਵਿਚ ਲੱਗਾ ਹੋਇਆ ਸੀ। 66 ਸਾ.ਯੁ. ਵਿਚ, ਰੋਮੀ ਫ਼ੌਜ ਨੇ ਯਰੂਸ਼ਲਮ ਨੂੰ ਘੇਰਿਆ, ਜਿਸ ਨਾਲ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਹੋਈ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।” (ਲੂਕਾ 21:20) ਪਰੰਤੂ, ਉਸ ਵੇਲੇ ਯਰੂਸ਼ਲਮ ਵਿਚ ਮੌਜੂਦ ਮਸੀਹੀਆਂ ਦੇ ਲਾਭ ਲਈ, ਯਿਸੂ ਨੇ ਕਿਹਾ: “ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।” (ਲੂਕਾ 21:21) ਇਸ ਲਈ, ਰੋਮ ਨਾਲ ਲੜਾਈ ਨੇ ਅਜ਼ਮਾਇਸ਼ ਲਿਆਂਦੀ: ਕੀ ਉਹ ਯਹੂਦੀ ਮਸੀਹੀ, ਯਹੂਦੀ ਉਪਾਸਨਾ ਦੇ ਕੇਂਦਰ ਅਤੇ ਮਹਿਮਾਯੁਕਤ ਹੈਕਲ ਦੇ ਸਥਾਨ, ਯਰੂਸ਼ਲਮ ਨੂੰ ਛੱਡਣਗੇ?
19 ਅਚਾਨਕ, ਅਤੇ ਬਿਨਾਂ ਕਿਸੇ ਗਿਆਤ ਕਾਰਨ ਦੇ, ਰੋਮੀ ਵਾਪਸ ਚਲੇ ਗਏ। ਸੰਭਵ ਹੈ ਕਿ ਧਾਰਮਿਕ ਯਹੂਦੀਆਂ ਨੇ ਇਸ ਨੂੰ ਇਕ ਸਬੂਤ ਵਜੋਂ ਵਿਚਾਰਿਆ ਹੋਵੇਗਾ ਕਿ ਪਰਮੇਸ਼ੁਰ ਉਨ੍ਹਾਂ ਦੇ ਪਵਿੱਤਰ ਸ਼ਹਿਰ ਦੀ ਰੱਖਿਆ ਕਰ ਰਿਹਾ ਸੀ। ਮਸੀਹੀਆਂ ਬਾਰੇ ਕੀ? ਇਤਿਹਾਸ ਸਾਨੂੰ ਦੱਸਦਾ ਹੈ ਕਿ ਉਹ ਭੱਜ ਗਏ। ਫਿਰ, 70 ਸਾ.ਯੁ. ਵਿਚ, ਰੋਮੀ ਵਾਪਸ ਆਏ ਅਤੇ ਉਨ੍ਹਾਂ ਨੇ ਭਿਆਨਕ ਜਾਨੀ ਨੁਕਸਾਨ ਕਰਦੇ ਹੋਏ ਯਰੂਸ਼ਲਮ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ। ਯੋਏਲ ਦੁਆਰਾ ਪਹਿਲਾਂ ਹੀ ਦੱਸਿਆ ਗਿਆ ‘ਯਹੋਵਾਹ ਦਾ ਦਿਨ’ ਯਰੂਸ਼ਲਮ ਉੱਤੇ ਆ ਪਿਆ ਸੀ। ਪਰੰਤੂ ਵਫ਼ਾਦਾਰ ਮਸੀਹੀ ਹੁਣ ਉੱਥੇ ਨਹੀਂ ਸਨ। ਉਹ ‘ਬਚਾਏ’ ਗਏ ਸਨ।—ਯੋਏਲ 2:30-32; ਰਸੂਲਾਂ ਦੇ ਕਰਤੱਬ 2:16-21.
20. ਇਹ ਜਾਣਦੇ ਹੋਏ ਕਿ “ਯਹੋਵਾਹ ਦਾ” ਮਹਾਨ “ਦਿਨ” ਨੇੜੇ ਹੈ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਪ੍ਰੇਰਿਤ ਹੋਣਾ ਚਾਹੀਦਾ ਹੈ?
20 ਅੱਜ, ਅਸੀਂ ਜਾਣਦੇ ਹਾਂ ਕਿ “ਯਹੋਵਾਹ ਦਾ” ਇਕ ਹੋਰ ਮਹਾਨ “ਦਿਨ” ਜਲਦੀ ਹੀ ਇਸ ਪੂਰੀ ਰੀਤੀ-ਵਿਵਸਥਾ ਉੱਤੇ ਆ ਰਿਹਾ ਹੈ। (ਯੋਏਲ 3:12-14) ਅਸੀਂ ਨਹੀਂ ਜਾਣਦੇ ਕਿ ਇਹ ਦਿਨ ਕਦੋਂ ਆਵੇਗਾ। ਪਰੰਤੂ ਪਰਮੇਸ਼ੁਰ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਇਹ ਆਵੇਗਾ ਜ਼ਰੂਰ! ਯਹੋਵਾਹ ਕਹਿੰਦਾ ਹੈ ਕਿ ਇਹ ਚਿਰ ਨਾ ਲਾਵੇਗਾ। (ਹਬੱਕੂਕ 2:3; 2 ਪਤਰਸ 3:9, 10) ਇਸ ਲਈ, ਆਓ ਅਸੀਂ “ਉਨ੍ਹਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ।” ਬੇਪਰਤੀਤੀ ਤੋਂ ਬਚੋ, ਅਰਥਾਤ ‘ਉਸ ਪਾਪ ਤੋਂ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ।’ ਦ੍ਰਿੜ੍ਹ ਇਰਾਦਾ ਕਰੋ ਕਿ ਭਾਵੇਂ ਕਿੰਨੀ ਵੀ ਦੇਰ ਲੱਗੇ, ਅਸੀਂ ਸਹਿਣ ਕਰਾਂਗੇ। ਯਾਦ ਰੱਖੋ, ਯਹੋਵਾਹ ਦਾ ਰਥ-ਸਮਾਨ ਸਵਰਗੀ ਸੰਗਠਨ ਅੱਗੇ ਵੱਧ ਰਿਹਾ ਹੈ। ਇਹ ਆਪਣਾ ਮਕਸਦ ਪੂਰਾ ਕਰੇਗਾ। ਇਸ ਲਈ ਆਓ ਅਸੀਂ ਦੌੜਦੇ ਰਹੀਏ ਅਤੇ ਜੀਵਨ ਦੀ ਦੌੜ ਵਿਚ ਹਾਰ ਨਾ ਮੰਨੀਏ!
ਕੀ ਤੁਹਾਨੂੰ ਯਾਦ ਹੈ?
◻ ਫ਼ਿਲਿੱਪੀਆਂ ਨੂੰ ਦਿੱਤੇ ਪੌਲੁਸ ਦੇ ਕਿਹੜੇ ਉਪਦੇਸ਼ ਦੀ ਪਾਲਣਾ ਕਰਨੀ ਜੀਵਨ ਦੀ ਦੌੜ ਵਿਚ ਦੌੜਦੇ ਰਹਿਣ ਲਈ ਸਾਡੀ ਮਦਦ ਕਰੇਗੀ?
◻ ਸਾਡੇ ਧਿਆਨ ਨੂੰ ਉਖੇੜਨ ਵਾਲੇ ਇਸ ਸੰਸਾਰ ਦੇ ਝੁਕਾਅ ਦਾ ਵਿਰੋਧ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
◻ ਜੀਵਨ ਦੀ ਦੌੜ ਦੌੜਦੇ ਰਹਿਣ ਵਿਚ ਅਸੀਂ ਕਿਵੇਂ ਇਕ ਦੂਸਰੇ ਦੀ ਮਦਦ ਕਰ ਸਕਦੇ ਹਾਂ?
◻ ਕਿਹੜੀਆਂ ਕੁਝ ਚੀਜ਼ਾਂ ਹਨ ਜੋ ਇਕ ਮਸੀਹੀ ਨੂੰ ਹੌਲੀ ਕਰ ਸਕਦੀਆਂ ਹਨ?
◻ ਸਹਿਣ ਕਰਨ ਵਿਚ ਯਿਸੂ ਦੀ ਉਦਾਹਰਣ ਕਿਵੇਂ ਸਾਡੀ ਮਦਦ ਕਰ ਸਕਦੀ ਹੈ?
[ਸਫ਼ੇ 8, 9 ਉੱਤੇ ਤਸਵੀਰ]
ਮਸੀਹੀਆਂ ਨੂੰ, ਦੌੜਾਕਾਂ ਵਾਂਗ, ਕਿਸੇ ਵੀ ਚੀਜ਼ ਕਾਰਨ ਆਪਣੇ ਧਿਆਨ ਨੂੰ ਉਖੜਨ ਨਹੀਂ ਦੇਣਾ ਚਾਹੀਦਾ ਹੈ
[ਸਫ਼ੇ 10 ਉੱਤੇ ਤਸਵੀਰ]
ਕੋਈ ਵੀ ਚੀਜ਼ ਯਹੋਵਾਹ ਦੇ ਮਹਾਨ ਸਵਰਗੀ ਰਥ ਨੂੰ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ