ਯਿਸੂ ਅਸਲ ਵਿਚ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ?
ਕੋਈ ਨਹੀਂ ਜਾਣਦਾ ਕਿ ਯਿਸੂ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ ਕਿਉਂਕਿ ਉਸ ਨੇ ਨਾ ਤਾਂ ਕਦੇ ਕੋਈ ਆਪਣੀ ਤਸਵੀਰ ਬਣਵਾਈ ਤੇ ਨਾ ਹੀ ਕਦੇ ਕੋਈ ਆਪਣਾ ਬੁੱਤ ਬਣਵਾਇਆ। ਪਰ ਸਦੀਆਂ ਦੌਰਾਨ ਅਣਗਿਣਤ ਚਿੱਤਰਕਾਰਾਂ ਨੇ ਉਸ ਦੀਆਂ ਤਸਵੀਰਾਂ ਬਣਾਈਆਂ ਹਨ।
ਦਰਅਸਲ, ਇਨ੍ਹਾਂ ਚਿੱਤਰਕਾਰਾਂ ਨੂੰ ਪਤਾ ਨਹੀਂ ਸੀ ਕਿ ਯਿਸੂ ਅਸਲ ਵਿਚ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ। ਚਿੱਤਰਕਾਰ ਉਸ ਸਮੇਂ ਦੇ ਸਭਿਆਚਾਰ, ਧਾਰਮਿਕ ਵਿਸ਼ਵਾਸਾਂ ਅਤੇ ਲੋਕਾਂ ਦੀਆਂ ਮੰਗਾਂ ਅਨੁਸਾਰ ਯਿਸੂ ਦੀਆਂ ਤਸਵੀਰਾਂ ਬਣਾਉਂਦੇ ਸਨ। ਪਰ ਇਨ੍ਹਾਂ ਤਸਵੀਰਾਂ ਅਤੇ ਬੁੱਤਾਂ ਕਰਕੇ ਲੋਕਾਂ ਲਈ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਜਾਣਨਾ ਔਖਾ ਹੋ ਗਿਆ।
ਕਈ ਚਿੱਤਰਕਾਰਾਂ ਨੇ ਯਿਸੂ ਦੀਆਂ ਤਸਵੀਰਾਂ ਬਣਾਈਆਂ ਜਿਨ੍ਹਾਂ ਵਿਚ ਉਸ ਦੇ ਲੰਬੇ-ਲੰਬੇ ਵਾਲ਼ ਅਤੇ ਥੋੜ੍ਹੀ-ਥੋੜ੍ਹੀ ਦਾੜ੍ਹੀ ਹੈ ਅਤੇ ਇਨ੍ਹਾਂ ਤਸਵੀਰਾਂ ਵਿਚ ਯਿਸੂ ਨੂੰ ਕਮਜ਼ੋਰ ਤੇ ਨਿਰਾਸ਼ ਵਿਅਕਤੀ ਵਜੋਂ ਦਿਖਾਇਆ ਗਿਆ ਹੈ। ਹੋਰ ਤਸਵੀਰਾਂ ਵਿਚ ਉਸ ਨੂੰ ਦੂਤ ਵਜੋਂ ਦਿਖਾਇਆ ਗਿਆ ਹੈ ਜਿਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਘੇਰਾ ਹੈ ਜਾਂ ਦਿਖਾਇਆ ਗਿਆ ਹੈ ਕਿ ਉਹ ਲੋਕਾਂ ਤੋਂ ਦੂਰ ਖੜ੍ਹਾ ਹੈ ਜਿਸ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਕੀ ਇਸ ਤਰ੍ਹਾਂ ਦੀਆਂ ਤਸਵੀਰਾਂ ਤੋਂ ਅਸੀਂ ਯਿਸੂ ਦੀ ਅਸਲੀ ਸ਼ਖ਼ਸੀਅਤ ਬਾਰੇ ਜਾਣ ਸਕਦੇ ਹਾਂ? ਅਸੀਂ ਉਸ ਬਾਰੇ ਕਿਵੇਂ ਜਾਣ ਸਕਦੇ ਹਾਂ? ਬਾਈਬਲ ਵਿਚ ਦੱਸੀਆਂ ਗੱਲਾਂ ਦੀ ਜਾਂਚ ਕਰ ਕੇ ਸਾਨੂੰ ਪਤਾ ਲੱਗ ਸਕਦਾ ਹੈ ਕਿ ਯਿਸੂ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ। ਇਨ੍ਹਾਂ ਗੱਲਾਂ ਕਰਕੇ ਅਸੀਂ ਉਸ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਾਂ।
“ਤੂੰ ਮੇਰੇ ਲਈ ਇਕ ਸਰੀਰ ਤਿਆਰ ਕੀਤਾ”
ਲੱਗਦਾ ਹੈ ਕਿ ਯਿਸੂ ਨੇ ਆਪਣੇ ਬਪਤਿਸਮੇ ਵੇਲੇ ਇਹ ਸ਼ਬਦ ਪ੍ਰਾਰਥਨਾ ਵਿਚ ਕਹੇ ਸਨ। (ਇਬਰਾਨੀਆਂ 10:5; ਮੱਤੀ 3:13-17) ਯਿਸੂ ਦਾ ਸਰੀਰ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ? ਯਿਸੂ ਦੇ ਬਪਤਿਸਮਾ ਲੈਣ ਤੋਂ ਲਗਭਗ 30 ਸਾਲ ਪਹਿਲਾਂ ਜਬਰਾਏਲ ਨਾਂ ਦੇ ਦੂਤ ਨੇ ਮਰੀਅਮ ਨੂੰ ਦੱਸਿਆ: ‘ਤੂੰ ਗਰਭਵਤੀ ਹੋਵੇਂਗੀ ਅਤੇ ਇਕ ਮੁੰਡੇ ਨੂੰ ਜਨਮ ਦੇਵੇਂਗੀ। ਉਹ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।’ (ਲੂਕਾ 1:31, 35) ਇਸ ਲਈ ਯਿਸੂ ਆਦਮ ਵਾਂਗ ਮੁਕੰਮਲ ਸੀ। (ਲੂਕਾ 3:38; 1 ਕੁਰਿੰਥੀਆਂ 15:45) ਯਿਸੂ ਜ਼ਰੂਰ ਤਕੜਾ ਹੋਣਾ ਅਤੇ ਉਸ ਦੇ ਨੈਣ-ਨਕਸ਼ ਆਪਣੀ ਯਹੂਦਣ ਮਾਤਾ ਮਰੀਅਮ ਵਰਗੇ ਹੋਣੇ।
ਰੋਮੀਆਂ ਤੋਂ ਉਲਟ, ਯਹੂਦੀਆਂ ਵਿਚ ਦਾੜ੍ਹੀ ਰੱਖਣ ਦਾ ਰਿਵਾਜ ਸੀ। ਇਸ ਲਈ ਯਿਸੂ ਨੇ ਦਾੜ੍ਹੀ ਰੱਖੀ ਹੋਈ ਸੀ। ਇਸ ਤਰ੍ਹਾਂ ਦੀ ਦਾੜ੍ਹੀ ਰੱਖਣੀ ਆਦਰ ਦੀ ਗੱਲ ਮੰਨੀ ਜਾਂਦੀ ਸੀ, ਪਰ ਇਹ ਲੰਬੀ ਜਾਂ ਉਗੜੀ-ਦੁਗੜੀ ਨਹੀਂ ਹੁੰਦੀ ਸੀ। ਬਿਨਾਂ ਸ਼ੱਕ, ਯਿਸੂ ਆਪਣੀ ਦਾੜ੍ਹੀ ਕਤਰਦਾ ਸੀ ਅਤੇ ਆਪਣੇ ਵਾਲ਼ ਕਟਾ ਕੇ ਰੱਖਦਾ ਸੀ। ਸਿਰਫ਼ ਨਜ਼ੀਰ, ਜਿਵੇਂ ਸਮਸੂਨ, ਵਾਲ਼ ਨਹੀਂ ਕਟਾਉਂਦੇ ਸਨ।—ਗਿਣਤੀ 6:5; ਨਿਆਈਆਂ 13:5.
30 ਸਾਲਾਂ ਦੀ ਉਮਰ ਤਕ ਜ਼ਿਆਦਾਤਰ ਯਿਸੂ ਨੇ ਤਰਖਾਣਾ ਕੰਮ ਕੀਤਾ। ਉਸ ਕੋਲ ਅੱਜ ਦੇ ਜ਼ਮਾਨੇ ਵਿਚ ਵਰਤੇ ਜਾਣ ਵਾਲੇ ਔਜ਼ਾਰ ਨਹੀਂ ਸਨ। (ਮਰਕੁਸ 6:3) ਇਸ ਕਰਕੇ ਉਹ ਜ਼ਰੂਰ ਤਕੜਾ ਹੋਣਾ। ਆਪਣੀ ਸੇਵਕਾਈ ਦੇ ਸ਼ੁਰੂ ਵਿਚ ਉਸ ਇਕੱਲੇ ਨੇ “ਸਾਰਿਆਂ ਨੂੰ ਭੇਡਾਂ ਅਤੇ ਪਸ਼ੂਆਂ ਸਣੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਉਨ੍ਹਾਂ ਦੇ ਮੇਜ਼ ਉਲਟਾ ਦਿੱਤੇ।” (ਯੂਹੰਨਾ 2:14-17) ਇਹ ਕੰਮ ਕਰਨ ਲਈ ਇਕ ਤਾਕਤਵਰ ਤੇ ਸ਼ਕਤੀਸ਼ਾਲੀ ਵਿਅਕਤੀ ਦੀ ਲੋੜ ਸੀ। ਯਿਸੂ ਨੇ ਰੱਬ ਵੱਲੋਂ ਤਿਆਰ ਕੀਤੇ ਗਏ ਸਰੀਰ ਨੂੰ ਉਸ ਦਾ ਇਹ ਹੁਕਮ ਪੂਰਾ ਕਰਨ ਲਈ ਵਰਤਿਆ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:43) ਪੂਰੇ ਫਲਸਤੀਨ ਦਾ ਪੈਦਲ ਸਫ਼ਰ ਕਰਨ ਅਤੇ ਇਸ ਸੰਦੇਸ਼ ਦਾ ਪ੍ਰਚਾਰ ਕਰਨ ਲਈ ਬਹੁਤ ਜ਼ਿਆਦਾ ਤਾਕਤ ਦੀ ਲੋੜ ਸੀ।
“ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ”
ਯਿਸੂ ਦੇ ਚਿਹਰੇ ਦੇ ਹਾਵ-ਭਾਵ ਅਤੇ ਪੇਸ਼ ਆਉਣ ਦਾ ਤਰੀਕਾ ਇੰਨਾ ਵਧੀਆ ਸੀ ਕਿ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕ ਉਸ ਵੱਲ ਜ਼ਰੂਰ ਖਿੱਚੇ ਚਲੇ ਆਏ ਹੋਣੇ। (ਮੱਤੀ 11:28-30) ਜਿਹੜੇ ਲੋਕ ਯਿਸੂ ਕੋਲੋਂ ਸਿੱਖਣਾ ਚਾਹੁੰਦੇ ਸਨ, ਉਨ੍ਹਾਂ ʼਤੇ ਤਾਜ਼ਗੀ ਦੇਣ ਵਾਲੇ ਇਸ ਵਾਅਦੇ ਦਾ ਬਹੁਤ ਅਸਰ ਪਿਆ ਹੋਣਾ ਕਿਉਂਕਿ ਯਿਸੂ ਬਹੁਤ ਪਿਆਰ ਅਤੇ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ। ਇੱਥੋਂ ਤਕ ਕਿ ਨਿਆਣੇ ਵੀ ਉਸ ਕੋਲ ਆਉਣਾ ਚਾਹੁੰਦੇ ਸਨ। ਬਾਈਬਲ ਦੱਸਦੀ ਹੈ: “ਉਸ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲਿਆ।”—ਮਰਕੁਸ 10:13-16.
ਭਾਵੇਂ ਕਿ ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਮਾਨਸਿਕ ਪੀੜਾ ਸਹੀ, ਪਰ ਉਹ ਕੋਈ ਨਿਰਾਸ਼ ਵਿਅਕਤੀ ਨਹੀਂ ਸੀ। ਮਿਸਾਲ ਲਈ, ਉਸ ਨੇ ਕਾਨਾ ਵਿਚ ਵਿਆਹ ਦੇ ਮੌਕੇ ʼਤੇ ਪਾਣੀ ਨੂੰ ਦਾਖਰਸ ਵਿਚ ਬਦਲ ਕੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਵਧਾਇਆ ਸੀ। (ਯੂਹੰਨਾ 2:1-11) ਉਸ ਨੇ ਕਈ ਮੌਕਿਆਂ ʼਤੇ ਕਦੇ ਨਾ ਭੁੱਲਣ ਵਾਲੇ ਸਬਕ ਸਿਖਾਏ।—ਮੱਤੀ 9:9-13; ਯੂਹੰਨਾ 12:1-8.
ਇਸ ਤੋਂ ਇਲਾਵਾ, ਯਿਸੂ ਨੇ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਜਿਸ ਤੋਂ ਸਾਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ। (ਯੂਹੰਨਾ 11:25, 26; 17:3) ਜਦੋਂ 70 ਚੇਲਿਆਂ ਨੇ ਉਸ ਨੂੰ ਪ੍ਰਚਾਰ ਵਿਚ ਹੋਏ ਚੰਗੇ ਤਜਰਬੇ ਦੱਸੇ, ਤਾਂ ਉਸ ਨੇ “ਖ਼ੁਸ਼ੀ ਦੇ ਮਾਰੇ” ਕਿਹਾ: “ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।”—ਲੂਕਾ 10:20, 21.
“ਪਰ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ”
ਯਿਸੂ ਦੇ ਜ਼ਮਾਨੇ ਦੇ ਧਾਰਮਿਕ ਗੁਰੂ ਸਕੀਮਾਂ ਬਣਾਉਂਦੇ ਸਨ ਕਿ ਉਹ ਕਿਵੇਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਅਤੇ ਆਪਣਾ ਅਧਿਕਾਰ ਜਤਾ ਸਕਣ। (ਗਿਣਤੀ 15:38-40; ਮੱਤੀ 23:5-7) ਇਸ ਤੋਂ ਉਲਟ, ਯਿਸੂ ਨੇ ਆਪਣੇ ਰਸੂਲਾਂ ਨੂੰ “ਲੋਕਾਂ ਉੱਤੇ ਹੁਕਮ” ਨਾ ਚਲਾਉਣ ਦੀ ਹਿਦਾਇਤ ਦਿੱਤੀ। (ਲੂਕਾ 22:25, 26) ਯਿਸੂ ਨੇ ਚੇਤਾਵਨੀ ਦਿੱਤੀ: “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ।”—ਮਰਕੁਸ 12:38.
ਇਸ ਤੋਂ ਉਲਟ, ਯਿਸੂ ਇਕ ਤਿਉਹਾਰ ʼਤੇ ਗਿਆ ਤੇ ਕੋਈ ਵੀ ਉਸ ਨੂੰ ਪਛਾਣ ਨਾ ਸਕਿਆ। (ਯੂਹੰਨਾ 7:10, 11) ਉਹ ਆਪਣੇ 11 ਵਫ਼ਾਦਾਰ ਰਸੂਲਾਂ ਵਿਚ ਵੀ ਵੱਖਰਾ ਨਜ਼ਰ ਨਹੀਂ ਆਉਂਦਾ ਸੀ। ਧੋਖੇਬਾਜ਼ ਯਹੂਦਾ ਨੇ ਆ ਕੇ ਯਿਸੂ ਨੂੰ ਚੁੰਮਿਆ ਤਾਂਕਿ ਭੀੜ ਯਿਸੂ ਨੂੰ ਪਛਾਣ ਸਕੇ।—ਮਰਕੁਸ 14:44, 45.
ਭਾਵੇਂ ਸਾਨੂੰ ਯਿਸੂ ਬਾਰੇ ਸਾਰਾ ਕੁਝ ਨਹੀਂ ਪਤਾ, ਪਰ ਇਹ ਪੱਕਾ ਹੈ ਕਿ ਯਿਸੂ ਨੂੰ ਤਸਵੀਰਾਂ ਵਿਚ ਜਿੱਦਾਂ ਦਾ ਦਿਖਾਇਆ ਜਾਂਦਾ ਹੈ, ਉਹ ਉੱਦਾਂ ਦਾ ਨਹੀਂ ਸੀ। ਨਾਲੇ ਜ਼ਿਆਦਾ ਜ਼ਰੂਰੀ ਗੱਲ ਇਹ ਨਹੀਂ ਕਿ ਯਿਸੂ ਅਸਲ ਵਿਚ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ, ਪਰ ਜ਼ਰੂਰੀ ਇਹ ਹੈ ਕਿ ਅਸੀਂ ਹੁਣ ਉਸ ਬਾਰੇ ਕੀ ਸੋਚਦੇ ਹਾਂ।
“ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਨਹੀਂ ਦੇਖੇਗੀ”
ਯਿਸੂ ਦੇ ਇਹ ਸ਼ਬਦ ਕਹਿਣ ਤੋਂ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾ ਦਿੱਤਾ ਗਿਆ। (ਯੂਹੰਨਾ 14:19) ਉਸ ਨੇ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ” ਦੇ ਦਿੱਤੀ। (ਮੱਤੀ 20:28) ਤੀਸਰੇ ਦਿਨ ਰੱਬ ਨੇ ਉਸ ਨੂੰ “ਸਵਰਗੀ ਸਰੀਰ” ਵਿਚ ਜੀਉਂਦਾ ਕੀਤਾ ਅਤੇ ਉਸ ਨੂੰ ਕੁਝ ਚੇਲਿਆਂ ਸਾਮ੍ਹਣੇ “ਪ੍ਰਗਟ ਹੋਣ ਦਿੱਤਾ।” (1 ਪਤਰਸ 3:18; ਰਸੂਲਾਂ ਦੇ ਕੰਮ 10:40) ਜਦੋਂ ਯਿਸੂ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ, ਉਦੋਂ ਉਹ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ? ਉਹ ਜ਼ਰੂਰ ਪਹਿਲਾਂ ਨਾਲੋਂ ਵੱਖਰਾ ਲੱਗਦਾ ਹੋਣਾ ਕਿਉਂਕਿ ਉਸ ਦੇ ਸਭ ਤੋਂ ਕਰੀਬੀ ਚੇਲੇ ਵੀ ਉਸ ਨੂੰ ਝੱਟ ਪਛਾਣ ਨਾ ਸਕੇ। ਮਰੀਅਮ ਮਗਦਲੀਨੀ ਨੇ ਉਸ ਨੂੰ ਮਾਲੀ ਸਮਝ ਲਿਆ ਅਤੇ ਇੰਮਊਸ ਨਾਂ ਦੇ ਪਿੰਡ ਨੂੰ ਜਾਂਦਿਆਂ ਉਸ ਦੇ ਦੋ ਚੇਲਿਆਂ ਨੇ ਉਸ ਨੂੰ ਪਰਦੇਸੀ ਸਮਝਿਆ।—ਲੂਕਾ 24:13-18; ਯੂਹੰਨਾ 20:1, 14, 15.
ਅੱਜ ਸਾਡੇ ਮਨ ਵਿਚ ਯਿਸੂ ਦੀ ਕਿਹੋ ਜਿਹੀ ਤਸਵੀਰ ਬਣਨੀ ਚਾਹੀਦੀ ਹੈ? ਯਿਸੂ ਦੀ ਮੌਤ ਤੋਂ 60 ਤੋਂ ਜ਼ਿਆਦਾ ਸਾਲਾਂ ਬਾਅਦ ਉਸ ਦੇ ਪਿਆਰੇ ਰਸੂਲ ਯੂਹੰਨਾ ਨੇ ਯਿਸੂ ਦਾ ਇਕ ਦਰਸ਼ਣ ਦੇਖਿਆ। ਯੂਹੰਨਾ ਨੇ ਯਿਸੂ ਨੂੰ ਕ੍ਰਾਸ ʼਤੇ ਮਰ ਰਹੇ ਵਿਅਕਤੀ ਦੇ ਤੌਰ ʼਤੇ ਨਹੀਂ ਦੇਖਿਆ। ਇਸ ਦੀ ਬਜਾਇ, ਉਸ ਨੇ ਯਿਸੂ ਨੂੰ ਰੱਬ ਦੇ ਰਾਜ ਦੇ ਰਾਜੇ ਵਜੋਂ ਦੇਖਿਆ ਜੋ “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ” ਹੈ। ਇਹ ਰਾਜਾ ਛੇਤੀ ਹੀ ਰੱਬ ਦੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰੇਗਾ ਚਾਹੇ ਇਨਸਾਨ ਹੋਣ ਜਾਂ ਦੁਸ਼ਟ ਦੂਤ ਅਤੇ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਲਈ ਬਰਕਤਾਂ ਦੇਵੇਗਾ।—ਪ੍ਰਕਾਸ਼ ਦੀ ਕਿਤਾਬ 19:16; 21:3, 4.