-
ਆਓ ਆਪਾਂ ਕਦੀ ਵੀ ਪਿਛਾਹਾਂ ਹਟ ਕੇ ਨਸ਼ਟ ਨਾ ਹੋਈਏ!ਪਹਿਰਾਬੁਰਜ—1999 | ਦਸੰਬਰ 15
-
-
ਆਓ ਆਪਾਂ ਕਦੀ ਵੀ ਪਿਛਾਹਾਂ ਹਟ ਕੇ ਨਸ਼ਟ ਨਾ ਹੋਈਏ!
“ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।”—ਇਬਰਾਨੀਆਂ 10:39.
1. ਪਤਰਸ ਰਸੂਲ ਡਰ ਦੇ ਮਾਰੇ ਕਿਨ੍ਹਾਂ ਹਾਲਾਤਾਂ ਅੱਗੇ ਝੁਕ ਗਿਆ ਸੀ?
ਰਸੂਲ ਬਹੁਤ ਹੀ ਹੈਰਾਨ ਹੋਏ ਹੋਣੇ ਜਦੋਂ ਉਨ੍ਹਾਂ ਦੇ ਪਿਆਰੇ ਸੁਆਮੀ, ਯਿਸੂ, ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੇ ਉਸ ਨੂੰ ਛੱਡ ਕੇ ਦੌੜ ਜਾਣਗੇ। ਉਸ ਦੀ ਸਭ ਤੋਂ ਔਖੀ ਘੜੀ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਪਤਰਸ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ “ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ!” ਇਹ ਸੱਚ ਹੈ ਕਿ ਪਤਰਸ ਇਕ ਬਹਾਦਰ ਅਤੇ ਦਲੇਰ ਆਦਮੀ ਸੀ। ਪਰ ਜਦੋਂ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਤਾਂ ਪਤਰਸ ਵੀ ਬਾਕੀ ਰਸੂਲਾਂ ਨਾਲ ਉਹ ਨੂੰ ਛੱਡ ਕੇ ਦੌੜ ਗਿਆ ਸੀ। ਬਾਅਦ ਵਿਚ, ਜਦੋਂ ਪ੍ਰਧਾਨ ਜਾਜਕ ਕਯਾਫ਼ਾ ਦੇ ਘਰ ਯਿਸੂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ, ਪਤਰਸ ਬੇਚੈਨੀ ਨਾਲ ਵਿਹੜੇ ਵਿਚ ਖੜ੍ਹਾ ਰਿਹਾ। ਜਿਉਂ-ਜਿਉਂ ਠੰਢੀ ਰਾਤ ਬੀਤਦੀ ਗਈ, ਪਤਰਸ ਦੇ ਮਨ ਵਿਚ ਸ਼ਾਇਦ ਇਹ ਡਰ ਪੈ ਗਿਆ ਹੋਵੇ ਕਿ ਯਿਸੂ ਅਤੇ ਉਸ ਦਿਆਂ ਦੋਸਤਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਜਦੋਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਪਤਰਸ ਨੂੰ ਯਿਸੂ ਦੇ ਇਕ ਸਾਥੀ ਵਜੋਂ ਪਛਾਣਿਆ, ਤਾਂ ਡਰ ਨੇ ਉਸ ਨੂੰ ਘੇਰ ਲਿਆ। ਉਹ ਤਿੰਨ ਵਾਰ ਮੁਕਰਿਆ ਕਿ ਉਹ ਯਿਸੂ ਦਾ ਕਦੇ ਸਾਥੀ ਸੀ ਜਾਂ ਉਸ ਨੂੰ ਜਾਣਦਾ ਸੀ!—ਮਰਕੁਸ 14:27-31, 66-72.
2. (ੳ) ਯਿਸੂ ਦੀ ਗਿਰਫ਼ਤਾਰੀ ਦੀ ਰਾਤ ਤੇ ਪਤਰਸ ਦੇ ਡਰ ਨੇ ਉਸ ਨੂੰ ਉਨ੍ਹਾਂ ਵਿਚ ਕਿਉਂ ਨਹੀਂ ਸ਼ਾਮਲ ਕੀਤਾ ‘ਜਿਹੜੇ ਪਿਛਾਹਾਂ ਹਟ ਜਾਂਦੇ ਹਨ’? (ਅ) ਸਾਡਾ ਪੱਕਾ ਇਰਾਦਾ ਕੀ ਹੋਣਾ ਚਾਹੀਦਾ ਹੈ?
2 ਪਤਰਸ ਦੀ ਜ਼ਿੰਦਗੀ ਵਿਚ ਇਹ ਇਕ ਬੁਰੀ ਘੜੀ ਸੀ, ਇਕ ਅਜਿਹਾ ਪਲ ਜਿਸ ਦਾ ਉਸ ਨੇ ਜ਼ਿੰਦਗੀ-ਭਰ ਜ਼ਰੂਰ ਪਛਤਾਵਾ ਕੀਤਾ ਹੋਣਾ। ਪਰ ਉਸ ਰਾਤ ਜੋ ਪਤਰਸ ਨੇ ਕੀਤਾ, ਕੀ ਉਸ ਨੇ ਪਤਰਸ ਨੂੰ ਡਰਪੋਕ ਬਣਾਇਆ ਸੀ? ਕੀ ਇਸ ਨੇ ਉਸ ਨੂੰ ‘ਉਹਨਾਂ ਵਿਚ’ ਸ਼ਾਮਲ ਕੀਤਾ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਬਾਅਦ ਵਿਚ ਇਹ ਸ਼ਬਦ ਲਿਖੇ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।” (ਇਬਰਾਨੀਆਂ 10:39) ਸਾਡੇ ਵਿੱਚੋਂ ਜ਼ਿਆਦਾ ਜਣੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪੌਲੁਸ ਦੇ ਸ਼ਬਦ ਪਤਰਸ ਉੱਤੇ ਲਾਗੂ ਨਹੀਂ ਹੁੰਦੇ। ਕਿਉਂ? ਕਿਉਂਕਿ ਪਤਰਸ ਪਲ-ਭਰ ਲਈ ਹੀ ਡਰਿਆ ਸੀ, ਪਰ ਉਸ ਦੀ ਬਾਕੀ ਦੀ ਜ਼ਿੰਦਗੀ ਬੇਹੱਦ ਬਹਾਦਰੀ ਅਤੇ ਨਿਹਚਾ ਨਾਲ ਭਰੀ ਹੋਈ ਸੀ। ਇਸੇ ਤਰ੍ਹਾਂ, ਸਾਡੇ ਵਿੱਚੋਂ ਵੀ ਕਈ ਸ਼ਾਇਦ ਅਜਿਹੀਆਂ ਬੀਤੀਆਂ ਘਟਨਾਵਾਂ ਯਾਦ ਕਰ ਸਕਦੇ ਹਨ ਜਿਨ੍ਹਾਂ ਤੋਂ ਸਾਨੂੰ ਸ਼ਰਮ ਆਉਂਦੀ ਹੈ, ਅਜਿਹੀਆਂ ਘਟਨਾਵਾਂ ਜਦੋਂ ਡਰ ਨੇ ਸਾਨੂੰ ਅਚਾਨਕ ਹੀ ਘੇਰ ਲਿਆ ਹੋਵੇ ਅਤੇ ਅਸੀਂ ਦਲੇਰੀ ਨਾਲ ਸੱਚਾਈ ਦਾ ਪੱਖ ਉਸ ਤਰ੍ਹਾਂ ਨਾ ਲਿਆ ਹੋਵੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ। (ਰੋਮੀਆਂ 7:21-23 ਦੀ ਤੁਲਨਾ ਕਰੋ।) ਅਸੀਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਅਜਿਹੀਆਂ ਪਲ-ਭਰ ਦੀਆਂ ਕਮਜ਼ੋਰੀਆਂ ਕਾਰਨ ਅਸੀਂ ਉਨ੍ਹਾਂ ਵਿਚ ਨਹੀਂ ਸ਼ਾਮਲ ਕੀਤੇ ਜਾਂਦੇ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ। ਫਿਰ ਵੀ, ਸਾਨੂੰ ਇਸ ਤਰ੍ਹਾਂ ਦੇ ਵਿਅਕਤੀ ਨਾ ਬਣਨ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ। ਕਿਉਂ? ਅਤੇ ਅਸੀਂ ਇਸ ਤਰ੍ਹਾਂ ਦੇ ਬਣਨ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ?
ਪਿਛਾਹਾਂ ਹਟ ਕੇ ਨਸ਼ਟ ਹੋਣ ਦਾ ਮਤਲਬ
3. ਏਲੀਯਾਹ ਅਤੇ ਯੂਨਾਹ ਨਬੀਆਂ ਨੇ ਡਰ ਦੇ ਮਾਰੇ ਕੀ ਕੀਤਾ?
3 ਜਦੋਂ ਪੌਲੁਸ ਨੇ ਉਨ੍ਹਾਂ ਬਾਰੇ ਲਿਖਿਆ ‘ਜਿਹੜੇ ਪਿਛਾਹਾਂ ਹਟ ਜਾਂਦੇ ਹਨ,’ ਤਾਂ ਉਹ ਉਨ੍ਹਾਂ ਵੱਲ ਸੰਕੇਤ ਨਹੀਂ ਕਰ ਰਿਹਾ ਸੀ ਜੋ ਪਲ-ਭਰ ਲਈ ਕਮਜ਼ੋਰ ਹੋ ਜਾਂਦੇ ਹਨ। ਪੌਲੁਸ ਨੂੰ ਪਤਰਸ ਦੇ ਅਤੇ ਅਜਿਹੇ ਹੋਰ ਅਨੁਭਵਾਂ ਬਾਰੇ ਜ਼ਰੂਰ ਪਤਾ ਹੋਣਾ ਸੀ। ਏਲੀਯਾਹ ਇਕ ਦਲੇਰ ਅਤੇ ਖੁੱਲ੍ਹੀ ਤਰ੍ਹਾਂ ਗੱਲ ਕਰਨ ਵਾਲਾ ਨਬੀ ਸੀ, ਪਰ ਇਕ ਵਾਰ ਜਦੋਂ ਦੁਸ਼ਟ ਰਾਣੀ ਈਜ਼ਬਲ ਨੇ ਉਸ ਨੂੰ ਮਰਵਾਉਣ ਦੀ ਧਮਕੀ ਦਿੱਤੀ, ਤਾਂ ਉਹ ਡਰ ਦੇ ਮਾਰੇ ਆਪਣੀ ਜਾਨ ਬਚਾਉਣ ਲਈ ਭੱਜ ਗਿਆ ਸੀ। (1 ਰਾਜਿਆਂ 19:1-4) ਯੂਨਾਹ ਨਬੀ ਨੂੰ ਇਸ ਤੋਂ ਵੀ ਵੱਡੇ ਡਰ ਨੇ ਘੇਰਿਆ ਸੀ। ਯਹੋਵਾਹ ਨੇ ਉਸ ਨੂੰ ਨੀਨਵਾਹ ਸ਼ਹਿਰ ਨੂੰ ਜਾਣ ਦਾ ਹੁਕਮ ਦਿੱਤਾ। ਇਹ ਸ਼ਹਿਰ ਹਿੰਸਾ ਅਤੇ ਦੁਸ਼ਟਤਾ ਨਾਲ ਭਰਿਆ ਹੋਇਆ ਸੀ। ਯੂਨਾਹ ਭਜ ਕੇ ਤਰਸ਼ੀਸ਼ ਨੂੰ ਜਾ ਰਹੀ ਇਕ ਕਿਸ਼ਤੀ ਤੇ ਸਵਾਰ ਹੋ ਗਿਆ। ਤਰਸ਼ੀਸ਼ ਸ਼ਹਿਰ ਨੀਨਵਾਹ ਤੋਂ 3,500 ਕਿਲੋਮੀਟਰ ਦੂਰ ਸੀ। (ਯੂਨਾਹ 1:1-3) ਲੇਕਿਨ, ਇਨ੍ਹਾਂ ਵਿੱਚੋਂ ਕਿਸੇ ਵੀ ਨਬੀ ਨੂੰ ਅਤੇ ਨਾ ਹੀ ਪਤਰਸ ਰਸੂਲ ਨੂੰ ਅਜਿਹਾ ਵਿਅਕਤੀ ਸੱਦਿਆ ਜਾ ਸਕਦਾ ਹੈ ਜੋ ਪਿਛਾਹਾਂ ਹਟਣ ਵਾਲਾ ਹੈ। ਕਿਉਂ ਨਹੀਂ?
4, 5. (ੳ) ਇਬਰਾਨੀਆਂ 10:39 ਤੇ ‘ਨਸ਼ਟ ਹੋਣ’ ਦਾ ਮਤਲਬ ਸਮਝਣ ਵਿਚ ਪੌਲੁਸ ਦੀ ਪੂਰੀ ਗੱਲ ਸਾਡੀ ਕਿਸ ਤਰ੍ਹਾਂ ਮਦਦ ਕਰਦੀ ਹੈ? (ਅ) ਪੌਲੁਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ”?
4 ਪੌਲੁਸ ਦੀ ਪੂਰੀ ਗੱਲ ਵੱਲ ਧਿਆਨ ਦਿਓ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ।” ਪੌਲੁਸ ਦੇ ਸ਼ਬਦ ‘ਨਸ਼ਟ ਹੋਣ’ ਦਾ ਕੀ ਮਤਲਬ ਸੀ? ਜੋ ਯੂਨਾਨੀ ਸ਼ਬਦ ਉਸ ਨੇ ਵਰਤਿਆ ਸੀ ਉਹ ਕਦੀ-ਕਦੀ ਸਦੀਪਕ ਵਿਨਾਸ਼ ਨੂੰ ਸੰਕੇਤ ਕਰਦਾ ਹੈ। ਪੌਲੁਸ ਦੀ ਗੱਲ ਦਾ ਇਹੋ ਮਤਲਬ ਸੀ। ਪੌਲੁਸ ਨੇ ਥੋੜ੍ਹੀ ਦੇਰ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ। ਪਰ ਨਿਆਉਂ ਦੀ ਭਿਆਣਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।”—ਇਬਰਾਨੀਆਂ 10:26, 27.
5 ਇਸ ਲਈ ਜਦੋਂ ਪੌਲੁਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਲਿਖਿਆ ਕਿ “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ,” ਤਾਂ ਉਸ ਦਾ ਮਤਲਬ ਇਹ ਸੀ ਕਿ ਉਸ ਨੇ ਅਤੇ ਉਸ ਦਾ ਖਤ ਪੜ੍ਹਨ ਵਾਲੇ ਵਫ਼ਾਦਾਰ ਮਸੀਹੀਆਂ ਨੇ ਪੱਕਾ ਇਰਾਦਾ ਬਣਾਇਆ ਸੀ ਕਿ ਉਹ ਕਦੀ ਵੀ ਯਹੋਵਾਹ ਤੋਂ ਮੂੰਹ ਮੋੜ ਕੇ ਉਸ ਦੀ ਸੇਵਾ ਕਰਨੋਂ ਨਹੀਂ ਹਟਣਗੇ। ਪਿਛਾਹਾਂ ਹਟਣਾ ਸਿਰਫ਼ ਸਦੀਪਕ ਵਿਨਾਸ਼ ਵੱਲ ਹੀ ਲੈ ਜਾ ਸਕਦਾ ਹੈ। ਯਹੂਦਾ ਇਸਕਰਿਯੋਤੀ ਅਜਿਹਾ ਆਦਮੀ ਸੀ ਜੋ ਪਿਛਾਹਾਂ ਹਟ ਕੇ ਅਜਿਹੇ ਨਸ਼ਟ ਵੱਲ ਗਿਆ ਸੀ, ਜਿਵੇਂ ਸੱਚਾਈ ਦੇ ਹੋਰ ਦੁਸ਼ਮਣ ਵੀ ਗਏ ਸਨ ਜੋ ਜਾਣ-ਬੁੱਝ ਕੇ ਯਹੋਵਾਹ ਦੀ ਸ਼ਕਤੀ ਦੇ ਵਿਰੁੱਧ ਕੰਮ ਕਰਦੇ ਸਨ। (ਯੂਹੰਨਾ 17:12; 2 ਥੱਸਲੁਨੀਕੀਆਂ 2:3) ਅਜਿਹੇ ਵਿਅਕਤੀ ਉਨ੍ਹਾਂ “ਡਰਾਕਲਾਂ” ਵਿੱਚੋਂ ਹਨ ਜੋ ਪ੍ਰਤੀਕਾਤਮਕ ‘ਅੱਗ ਦੀ ਝੀਲ’ ਵਿਚ ਸਦੀਪਕ ਵਿਨਾਸ਼ ਭੋਗਣਗੇ। (ਪਰਕਾਸ਼ ਦੀ ਪੋਥੀ 21:8) ਅਸੀਂ ਕਦੀ ਵੀ ਉਨ੍ਹਾਂ ਵਰਗੇ ਨਹੀਂ ਹੋਣਾ ਚਾਹੁੰਦੇ!
6. ਸ਼ਤਾਨ ਸਾਡੇ ਤੋਂ ਕੀ ਚਾਹੁੰਦਾ ਹੈ?
6 ਸ਼ਤਾਨ ਚਾਹੁੰਦਾ ਹੈ ਕਿ ਅਸੀਂ ਪਿਛਾਹਾਂ ਹਟ ਕੇ ਨਸ਼ਟ ਹੋ ਜਾਈਏ। “ਖ਼ਤਰਨਾਕ ਚਾਲਾਂ” ਦਾ ਇਹ ਮਾਹਰ ਜਾਣਦਾ ਹੈ ਕਿ ਅਜਿਹੇ ਨਸ਼ਟ ਦੇ ਰਾਹ ਉੱਤੇ ਚੱਲਣਾ ਅਕਸਰ ਛੋਟੀਆਂ-ਛੋਟੀਆਂ ਗੱਲਾਂ ਨਾਲ ਸ਼ੁਰੂ ਹੁੰਦਾ ਹੈ। (ਅਫ਼ਸੀਆਂ 6:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇਕਰ ਅਤਿਆਚਾਰ ਰਾਹੀਂ ਉਸ ਦਾ ਕੰਮ ਨਹੀਂ ਬਣਦਾ, ਤਾਂ ਉਹ ਸੱਚੇ ਮਸੀਹੀਆਂ ਦੀ ਨਿਹਚਾ ਤੋੜਨ ਲਈ ਜ਼ਿਆਦਾ ਚਲਾਕ ਤਰੀਕੇ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਉਹ ਯਹੋਵਾਹ ਦੇ ਦਲੇਰ ਅਤੇ ਜੋਸ਼ੀਲੇ ਗਵਾਹਾਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਹੈ। ਆਓ ਆਪਾਂ ਦੇਖੀਏ ਕਿ ਉਸ ਨੇ ਉਨ੍ਹਾਂ ਇਬਰਾਨੀ ਮਸੀਹੀਆਂ ਦੇ ਵਿਰੁੱਧ ਕਿਹੜੇ ਤਰੀਕੇ ਇਸਤੇਮਾਲ ਕੀਤੇ ਸਨ ਜਿਨ੍ਹਾਂ ਨੂੰ ਪੌਲੁਸ ਨੇ ਖਤ ਲਿਖਿਆ ਸੀ।
ਮਸੀਹੀਆਂ ਉੱਤੇ ਪਿਛਾਹਾਂ ਹਟਣ ਲਈ ਕਿਸ ਤਰ੍ਹਾਂ ਦਬਾਅ ਪਾਇਆ ਗਿਆ ਸੀ
7. (ੳ) ਯਰੂਸ਼ਲਮ ਦੀ ਕਲੀਸਿਯਾ ਦਾ ਇਤਿਹਾਸ ਕੀ ਸੀ? (ਅ) ਪੌਲੁਸ ਦਾ ਖਤ ਪੜ੍ਹਨ ਵਾਲਿਆਂ ਦੀ ਰੂਹਾਨੀ ਸਥਿਤੀ ਬਾਰੇ ਦੱਸੋ।
7 ਮੰਨਿਆ ਜਾਂਦਾ ਹੈ ਕਿ ਪੌਲੁਸ ਨੇ ਆਪਣਾ ਖਤ ਇਬਰਾਨੀਆਂ ਨੂੰ 61 ਸਾ.ਯੁ. ਵਿਚ ਲਿਖਿਆ ਸੀ। ਯਰੂਸ਼ਲਮ ਦੀ ਕਲੀਸਿਯਾ ਦਾ ਇਤਿਹਾਸ ਹਲਚਲ ਨਾਲ ਭਰਿਆ ਹੋਇਆ ਸੀ। ਯਿਸੂ ਦੀ ਮੌਤ ਤੋਂ ਬਾਅਦ, ਸਖ਼ਤ ਅਤਿਆਚਾਰ ਦੀ ਲਹਿਰ ਸ਼ੁਰੂ ਹੋਈ ਜਿਸ ਕਰਕੇ ਕਈ ਮਸੀਹੀ ਮਜਬੂਰ ਹੋ ਕੇ ਸ਼ਹਿਰ ਵਿਚ ਖਿੰਡ ਗਏ। ਲੇਕਿਨ, ਬਾਅਦ ਵਿਚ ਸ਼ਾਂਤੀ ਦਾ ਸਮਾਂ ਆਇਆ ਜਿਸ ਕਾਰਨ ਮਸੀਹੀਆਂ ਦੀ ਗਿਣਤੀ ਵਧਣ ਲੱਗ ਪਈ। (ਰਸੂਲਾਂ ਦੇ ਕਰਤੱਬ 8:4; 9:31) ਜਿਉਂ-ਜਿਉਂ ਸਮਾਂ ਬੀਤਦਾ ਗਿਆ ਅਤਿਆਚਾਰ ਅਤੇ ਦੁੱਖ-ਤਕਲੀਫ਼ਾਂ ਆਉਂਦੀਆਂ ਜਾਂਦੀਆਂ ਰਹੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਸਮੇਂ ਪੌਲੁਸ ਨੇ ਇਹ ਖਤ ਇਬਰਾਨੀਆਂ ਨੂੰ ਲਿਖਿਆ ਸੀ, ਕਲੀਸਿਯਾ ਕੁਝ ਹੱਦ ਤਕ ਸ਼ਾਂਤੀ ਦਾ ਆਨੰਦ ਮਾਣ ਰਹੀ ਸੀ। ਫਿਰ ਵੀ, ਉਨ੍ਹਾਂ ਤੇ ਦਬਾਅ ਵੀ ਆਏ ਸਨ। ਯਰੂਸ਼ਲਮ ਦੇ ਵਿਨਾਸ਼ ਬਾਰੇ ਯਿਸੂ ਦੀ ਭਵਿੱਖਬਾਣੀ ਦੇਣ ਤੋਂ ਲਗਭਗ ਤਿੰਨ ਦਹਾਕੇ ਗੁਜ਼ਰ ਚੁੱਕੇ ਸਨ। ਸੰਭਵ ਹੈ ਕਿ ਕੁਝ ਮਹਿਸੂਸ ਕਰਦੇ ਸਨ ਕਿ ਅੰਤ ਆਉਣ ਵਿਚ ਬਹੁਤ ਹੀ ਦੇਰ ਲਾ ਰਿਹਾ ਸੀ ਅਤੇ ਇਹ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਵਿਚ ਨਹੀਂ ਆਵੇਗਾ। ਦੂਸਰੇ, ਖ਼ਾਸ ਕਰਕੇ ਉਹ ਜੋ ਸੱਚਾਈ ਵਿਚ ਨਵੇਂ-ਨਵੇਂ ਸਨ, ਹਾਲੇ ਸਖ਼ਤ ਅਤਿਆਚਾਰ ਦੁਆਰਾ ਪਰਖੇ ਨਹੀਂ ਗਏ ਸਨ ਅਤੇ ਉਨ੍ਹਾਂ ਨੂੰ ਅਜ਼ਮਾਇਸ਼ਾਂ ਅਧੀਨ ਧੀਰਜ ਦੀ ਜ਼ਰੂਰਤ ਬਾਰੇ ਬਹੁਤ ਹੀ ਘੱਟ ਪਤਾ ਸੀ। (ਇਬਰਾਨੀਆਂ 12:4) ਯਕੀਨਨ, ਸ਼ਤਾਨ ਨੇ ਅਜਿਹਿਆਂ ਹਾਲਾਤਾਂ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹੜੀਆਂ “ਖ਼ਤਰਨਾਕ ਚਾਲਾਂ” ਵਰਤੀਆਂ ਸਨ?
8. ਕਈ ਯਹੂਦੀ ਨਵੀਂ-ਨਵੀਂ ਮਸੀਹੀ ਕਲੀਸਿਯਾ ਬਾਰੇ ਕੀ ਸੋਚਦੇ ਸਨ?
8 ਯਰੂਸ਼ਲਮ ਅਤੇ ਯਹੂਦਾਹ ਦਾ ਯਹੂਦੀ ਸਮਾਜ ਇਸ ਨਵੀਂ-ਨਵੀਂ ਮਸੀਹੀ ਕਲੀਸਿਯਾ ਨੂੰ ਨਫ਼ਰਤ ਕਰਦਾ ਸੀ। ਪੌਲੁਸ ਦੇ ਖਤ ਤੋਂ ਸਾਨੂੰ ਉਨ੍ਹਾਂ ਤਾਅਨਿਆਂ ਬਾਰੇ ਕੁਝ ਪੱਤਾ ਲੱਗਦਾ ਹੈ ਜੋ ਯਹੂਦਾਹ ਦੇ ਘਮੰਡੀ ਧਾਰਮਿਕ ਆਗੂ ਅਤੇ ਉਨ੍ਹਾਂ ਦੇ ਚੇਲੇ, ਮਸੀਹੀਆਂ ਨੂੰ ਮਾਰ ਰਹੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਕਿਹਾ ਹੋਵੇ: ‘ਯਰੂਸ਼ਲਮ ਵਿਚ ਸਾਡੀ ਸਦੀਆਂ ਪੁਰਾਣੀ ਇਕ ਵਿਸ਼ਾਲ ਹੈਕਲ ਹੈ! ਸਾਡਾ ਪ੍ਰਧਾਨ ਜਾਜਕ ਭਲਾਮਾਣਸ ਹੈ ਅਤੇ ਉਸ ਦੇ ਨਾਲ-ਨਾਲ ਉਪ-ਜਾਜਕ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਹਰ ਰੋਜ਼ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ। ਸਾਡੇ ਕੋਲ ਦੂਤਾਂ ਰਾਹੀਂ ਮੂਸਾ ਨੂੰ ਦਿੱਤੀ ਗਈ ਬਿਵਸਥਾ ਵੀ ਹੈ, ਜੋ ਸੀਨਈ ਪਹਾੜ ਉੱਤੇ ਵਿਸ਼ਾਲ ਨਿਸ਼ਾਨਾਂ ਰਾਹੀਂ ਕਾਇਮ ਕੀਤੀ ਗਈ ਸੀ। ਮਸੀਹੀਆਂ ਦੇ ਇਸ ਨਵੇਂ-ਨਵੇਂ ਫਿਰਕੇ ਨੇ ਤਾਂ ਯਹੂਦੀ ਧਰਮ ਨੂੰ ਤਿਆਗ ਦਿੱਤਾ ਹੈ, ਅਤੇ ਇਨ੍ਹਾਂ ਕੋਲ ਤਾਂ ਇਨ੍ਹਾਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਹੈ!’ ਕੀ ਅਜਿਹੀ ਨਫ਼ਰਤ ਨੇ ਉਸ ਤਰ੍ਹਾਂ ਦਾ ਅਸਰ ਪਾਇਆ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਸਨ? ਬਿਨਾਂ ਸ਼ੱਕ ਕੁਝ ਇਬਰਾਨੀ ਮਸੀਹੀ ਇਨ੍ਹਾਂ ਹਮਲਿਆਂ ਕਰਕੇ ਪਰੇਸ਼ਾਨ ਹੋਏ ਸਨ। ਪਰ ਪੌਲੁਸ ਦਾ ਖਤ ਉਨ੍ਹਾਂ ਦੀ ਮਦਦ ਕਰਨ ਵਾਸਤੇ ਐਨ ਸਹੀ ਸਮੇਂ ਤੇ ਪਹੁੰਚਿਆ।
ਉਨ੍ਹਾਂ ਨੂੰ ਕਦੀ ਵੀ ਪਿਛਾਹਾਂ ਕਿਉਂ ਨਹੀਂ ਹਟਣਾ ਚਾਹੀਦਾ
9. (ੳ) ਇਬਰਾਨੀਆਂ ਨੂੰ ਲਿਖੇ ਗਏ ਖਤ ਵਿਚ ਕਿਹੜੀ ਮੁੱਖ ਗੱਲ ਹੈ? (ਅ) ਮਸੀਹੀ ਕਿਸ ਅਰਥ ਵਿਚ ਯਰੂਸ਼ਲਮ ਦੀ ਹੈਕਲ ਨਾਲੋਂ ਇਕ ਬਿਹਤਰ ਹੈਕਲ ਵਿਚ ਸੇਵਾ ਕਰਦੇ ਸਨ?
9 ਪੌਲੁਸ ਨੇ ਯਹੂਦਾ ਵਿਚ ਆਪਣੇ ਭੈਣ-ਭਰਾਵਾਂ ਨੂੰ ਪਿਛਾਹਾਂ ਹਟ ਕੇ ਨਸ਼ਟ ਨਾ ਹੋਣ ਲਈ ਦੋ ਕਾਰਨ ਦਿੱਤੇ ਸਨ। ਆਓ ਆਪਾਂ ਇਨ੍ਹਾਂ ਦੀ ਜਾਂਚ ਕਰੀਏ। ਪਹਿਲਾ ਕਾਰਨ ਹੈ ਮਸੀਹੀ ਉਪਾਸਨਾ ਦੀ ਉੱਤਮਤਾ। ਇਬਰਾਨੀਆਂ ਨੂੰ ਲਿਖੇ ਗਏ ਪੌਲੁਸ ਦੇ ਖਤ ਵਿਚ ਇਹੀ ਗੱਲ ਮੁੱਖ ਹੈ ਅਤੇ ਉਹ ਇਸ ਵਿਸ਼ੇ ਉੱਤੇ ਚਾਨਣ ਪਾਉਂਦਾ ਹੈ। ਯਰੂਸ਼ਲਮ ਦੀ ਹੈਕਲ ਵੱਡੀ ਅਸਲੀਅਤ ਦੀ ਸਿਰਫ਼ ਨਕਲ ਹੀ ਸੀ, ਯਾਨੀ ਯਹੋਵਾਹ ਦੀ ਰੂਹਾਨੀ ਹੈਕਲ, ਇਕ ਅਜਿਹੀ ਇਮਾਰਤ ‘ਜੋ ਹੱਥਾਂ ਨਾਲ ਨਹੀਂ ਬਣਾਈ ਹੋਈ।’ (ਇਬਰਾਨੀਆਂ 9:11) ਉਨ੍ਹਾਂ ਮਸੀਹੀਆਂ ਨੂੰ ਉਸ ਰੂਹਾਨੀ ਪ੍ਰਬੰਧ ਵਿਚ ਸ਼ੁੱਧ ਉਪਾਸਨਾ ਲਈ ਸੇਵਾ ਕਰਨ ਦਾ ਸਨਮਾਨ ਮਿਲਿਆ। ਉਹ ਬਹੁਤ ਚਿਰ ਪਹਿਲਾਂ ਵਾਅਦਾ ਕੀਤੇ ਗਏ ਬਿਹਤਰ ਅਤੇ ਨਵੇਂ ਨੇਮ ਅਧੀਨ ਸੇਵਾ ਕਰ ਰਹੇ ਸਨ, ਜਿਸ ਦਾ ਵਿਚੋਲਾ ਯਿਸੂ ਮਸੀਹ ਸੀ ਜੋ ਮੂਸਾ ਨਾਲੋਂ ਉੱਤਮ ਸੀ।—ਯਿਰਮਿਯਾਹ 31:31-34.
10, 11. (ੳ) ਯਿਸੂ ਨੇ ਆਪਣੀ ਵੰਸ਼ਾਵਲੀ ਕਾਰਨ ਰੂਹਾਨੀ ਹੈਕਲ ਵਿਚ ਪ੍ਰਧਾਨ ਜਾਜਕ ਵਜੋਂ ਸੇਵਾ ਕਰਨ ਦਾ ਹੱਕ ਕਿਉਂ ਨਹੀਂ ਖੋਹਿਆ ਸੀ? (ਅ) ਯਿਸੂ ਕਿਨ੍ਹਾਂ ਤਰੀਕਿਆਂ ਵਿਚ ਉਸ ਪ੍ਰਧਾਨ ਜਾਜਕ ਨਾਲੋਂ ਉੱਤਮ ਸੀ ਜੋ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰਦਾ ਸੀ?
10 ਉਨ੍ਹਾਂ ਮਸੀਹੀਆਂ ਦਾ ਪ੍ਰਧਾਨ ਜਾਜਕ, ਯਿਸੂ ਮਸੀਹ, ਵੀ ਬਿਹਤਰ ਸੀ। ਉਹ ਹਾਰੂਨ ਦੀ ਨਸਲ ਵਿੱਚੋਂ ਨਹੀਂ ਸੀ। ਪਰ, ਉਹ “ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ” ਇਕ ਪ੍ਰਧਾਨ ਜਾਜਕ ਸੀ। (ਜ਼ਬੂਰ 110:4) ਮਲਕਿ-ਸਿਦਕ ਪ੍ਰਾਚੀਨ ਸ਼ਾਲੇਮ ਦਾ ਰਾਜਾ ਅਤੇ ਪ੍ਰਧਾਨ ਜਾਜਕ ਸੀ ਪਰ ਉਸ ਦੀ ਵੰਸ਼ਾਵਲੀ ਰਿਕਾਰਡ ਨਹੀਂ ਕੀਤੀ ਗਈ ਸੀ। ਇਸ ਲਈ ਉਹ ਯਿਸੂ ਦੇ ਭਵਿੱਖ ਦੇ ਰੂਪ ਨੂੰ ਚੰਗੀ ਤਰ੍ਹਾਂ ਦਰਸਾ ਸਕਦਾ ਸੀ। ਯਿਸੂ ਦੀ ਜਾਜਕਾਈ ਕਿਸੇ ਅਪੂਰਣ ਮਾਨਵੀ ਵੰਸ਼ਾਵਲੀ ਉੱਤੇ ਨਹੀਂ ਪਰ ਇਸ ਤੋਂ ਬਹੁਤ ਹੀ ਮਹਾਨ ਚੀਜ਼ ਉੱਤੇ ਨਿਰਭਰ ਸੀ—ਕਿ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਜਾਜਕ ਬਣਾਉਣ ਦੀ ਸਹੁੰ ਖਾਧੀ ਸੀ। ਮਲਕਿ-ਸਿਦਕ ਵਾਂਗ, ਯਿਸੂ ਸਿਰਫ਼ ਪ੍ਰਧਾਨ ਜਾਜਕ ਵਜੋਂ ਹੀਂ ਨਹੀਂ ਪਰ ਰਾਜੇ ਵਜੋਂ ਵੀ ਸੇਵਾ ਕਰੇਗਾ, ਅਜਿਹਾ ਰਾਜਾ ਜੋ ਕਦੀ ਨਾ ਮਰੇਗਾ।—ਇਬਰਾਨੀਆਂ 7:11-21.
11 ਇਸ ਤੋਂ ਇਲਾਵਾ, ਯਰੂਸ਼ਲਮ ਦੀ ਹੈਕਲ ਦੇ ਪ੍ਰਧਾਨ ਜਾਜਕ ਤੋਂ ਭਿੰਨ, ਯਿਸੂ ਨੂੰ ਹਰ ਸਾਲ ਬਲੀਆਂ ਨਹੀਂ ਚੜ੍ਹਾਉਣੀਆਂ ਪਈਆਂ। ਉਸ ਦੀ ਬਲੀ ਉਸ ਦਾ ਆਪਣਾ ਸੰਪੂਰਣ ਜੀਵਨ ਸੀ, ਜੋ ਉਸ ਨੇ ਹਮੇਸ਼ਾ ਲਈ ਇਕ ਵਾਰ ਚੜ੍ਹਾਇਆ। (ਇਬਰਾਨੀਆਂ 7:27) ਹੈਕਲ ਵਿਚ ਚੜ੍ਹਾਏ ਗਏ ਚੜ੍ਹਾਵੇ ਯਿਸੂ ਦੇ ਪੇਸ਼ ਕੀਤੇ ਗਏ ਬਲੀਦਾਨ ਦੇ ਸਿਰਫ਼ ਪਰਛਾਵੇਂ ਸਨ। ਉਸ ਦੇ ਸੰਪੂਰਣ ਬਲੀਦਾਨ ਦੁਆਰਾ ਨਿਹਚਾ ਰੱਖਣ ਵਾਲਿਆਂ ਦੇ ਪਾਪ ਸੱਚ-ਮੁੱਚ ਮਾਫ਼ ਕੀਤੇ ਜਾ ਸਕਦੇ ਸਨ। ਯਰੂਸ਼ਲਮ ਦੇ ਮਸੀਹੀ ਪੌਲੁਸ ਦੇ ਇਹ ਸ਼ਬਦ ਸੁਣ ਕੇ ਖ਼ੁਸ਼ ਹੋਏ ਕਿ ਇਹ ਪ੍ਰਧਾਨ ਜਾਜਕ ਉਹੀ ਯਿਸੂ ਹੈ ਜਿਸ ਨੂੰ ਉਹ ਜਾਣਦੇ ਸਨ। ਉਹ ਨਿਮਰ ਤੇ ਦਿਆਲੂ ਸੀ ਅਤੇ ਜੋ “ਸਾਡੀਆਂ ਕਮਜ਼ੋਰੀਆਂ ਵਿਚ ਹਮਦਰਦੀ” ਦਿਖਾ ਸਕਦਾ ਹੈ। (ਇਬਰਾਨੀਆਂ 4:15, ਨਵਾਂ ਅਨੁਵਾਦ; ਇਬਰਾਨੀਆਂ 13:8) ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਕੋਲ ਮਸੀਹ ਦੇ ਉਪ-ਜਾਜਕਾਂ ਵਜੋਂ ਸੇਵਾ ਕਰਨ ਦੀ ਸੰਭਾਵਨਾ ਸੀ! ਇਸ ਲਈ ਉਹ ਭ੍ਰਿਸ਼ਟ ਯਹੂਦੀ ਧਰਮ ਦੀਆਂ “ਨਿਰਬਲ ਅਤੇ ਨਿਕੰਮੀਆਂ” ਚੀਜ਼ਾਂ ਵੱਲ ਪਿਛਾਹਾਂ ਮੁੜਨ ਬਾਰੇ ਸੋਚ ਵੀ ਕਿਸ ਤਰ੍ਹਾਂ ਸਕਦੇ ਸਨ!—ਗਲਾਤੀਆਂ 4:9.
12, 13. (ੳ) ਪੌਲੁਸ ਨੇ ਕਦੀ ਵੀ ਪਿਛਾਹਾਂ ਨਾ ਹਟਣ ਦਾ ਦੂਸਰਾ ਕਿਹੜਾ ਕਾਰਨ ਦਿੱਤਾ ਸੀ? (ਅ) ਇਬਰਾਨੀ ਮਸੀਹੀਆਂ ਨੂੰ ਆਪਣੇ ਧੀਰਜ ਦੀ ਮਿਸਾਲ ਦੇ ਕਾਰਨ ਕਦੀ ਵੀ ਪਿਛਾਹਾਂ ਹਟ ਕੇ ਨਸ਼ਟ ਹੋਣ ਤੋਂ ਆਪਣਾ ਬਚਾਅ ਕਰਨ ਲਈ ਹੌਸਲਾ ਕਿਉਂ ਮਿਲਿਆ?
12 ਜਿੱਦਾਂ ਕਿ ਇਹ ਕਾਰਨ ਕਾਫ਼ੀ ਨਹੀਂ ਸੀ, ਪੌਲੁਸ ਨੇ ਇਬਰਾਨੀਆਂ ਨੂੰ ਕਦੀ ਵੀ ਪਿਛਾਹਾਂ ਨਾ ਹਟਣ ਦਾ ਦੂਸਰਾ ਕਾਰਨ ਵੀ ਦਿੱਤਾ—ਉਨ੍ਹਾਂ ਦੇ ਆਪਣੇ ਧੀਰਜ ਦੀ ਮਿਸਾਲ। ਉਸ ਨੇ ਲਿਖਿਆ: “ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਪਿੱਛੋਂ ਤੁਸਾਂ ਦੁਖਾਂ ਦੇ ਵੱਡੇ ਘੋਲਮਘੋਲੇ ਨੂੰ ਸਹਿ ਲਿਆ।” ਪੌਲੁਸ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਦੂਜਿਆਂ ਵੱਲੋਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਉਨ੍ਹਾਂ ਦਾ “ਤਮਾਸ਼ਾ” ਬਣਾਇਆ ਗਿਆ ਸੀ। ਕਈਆਂ ਨੇ ਕੈਦ ਵਿਚ ਦੁੱਖ ਸਹਾਰੇ ਸਨ; ਪਰ ਹੋਰਨਾਂ ਨੇ ਇਨ੍ਹਾਂ ਕੈਦੀਆਂ ਨੂੰ ਹਮਦਰਦੀ ਨਾਲ ਸਹਾਰਾ ਦਿੱਤਾ ਸੀ। ਜੀ ਹਾਂ, ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਹਚਾ ਵਧੀਆ ਸੀ। (ਇਬਰਾਨੀਆਂ 10:32-34) ਲੇਕਿਨ, ਪੌਲੁਸ ਨੇ ਉਨ੍ਹਾਂ ਨੂੰ ਅਜਿਹੀਆਂ ਦੁੱਖ-ਭਰੀਆਂ ਗੱਲਾਂ ਨੂੰ ‘ਚੇਤੇ ਕਰਨ’ ਲਈ ਕਿਉਂ ਕਿਹਾ ਸੀ? ਕੀ ਇਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੀਆਂ?
13 ਨਿਰਾਸ਼ ਕਰਨ ਦੀ ਬਜਾਇ, ‘ਪਹਿਲਿਆਂ ਦਿਨਾਂ ਨੂੰ ਚੇਤੇ ਕਰਨ’ ਦੁਆਰਾ ਇਬਰਾਨੀ ਯਾਦ ਕਰਨਗੇ ਕਿ ਯਹੋਵਾਹ ਨੇ ਅਜ਼ਮਾਇਸ਼ਾਂ ਦੇ ਅਧੀਨ ਉਨ੍ਹਾਂ ਨੂੰ ਕਿਸ ਤਰ੍ਹਾਂ ਸੰਭਾਲਿਆ ਸੀ। ਉਸ ਦੀ ਮਦਦ ਨਾਲ, ਉਨ੍ਹਾਂ ਨੇ ਪਹਿਲਾਂ ਹੀ ਸ਼ਤਾਨ ਦੇ ਕਈ ਹਮਲਿਆਂ ਦਾ ਸਾਮ੍ਹਣਾ ਕੀਤਾ ਸੀ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਜੀ ਹਾਂ, ਯਹੋਵਾਹ ਨੇ ਉਨ੍ਹਾਂ ਦੇ ਸਾਰੇ ਵਫ਼ਾਦਾਰ ਕੰਮ ਚੇਤੇ ਰੱਖੇ ਸਨ, ਉਸ ਨੇ ਉਨ੍ਹਾਂ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਰੱਖਿਆ ਸੀ। ਸਾਨੂੰ ਸਵਰਗ ਵਿਚ ਆਪਣੇ ਲਈ ਧਨ ਜੋੜਨ ਬਾਰੇ ਯਿਸੂ ਦੀ ਸਲਾਹ ਯਾਦ ਦਿਲਾਈ ਜਾਂਦੀ ਹੈ। ਕੋਈ ਵੀ ਚੋਰ ਇਸ ਧਨ ਨੂੰ ਚੁਰਾ ਨਹੀਂ ਸਕਦਾ; ਨਾ ਹੀ ਕੀੜਾ ਜਾਂ ਜ਼ੰਗਾਲ ਉਸ ਨੂੰ ਵਿਗਾੜ ਸਕਦਾ ਹੈ। (ਮੱਤੀ 6:19-21) ਇਸ ਤਰ੍ਹਾਂ ਦਾ ਧਨ ਉਦੋਂ ਹੀ ਵਿਗੜ ਸਕਦਾ ਹੈ ਜਦੋਂ ਮਸੀਹੀ ਪਿਛਾਹਾਂ ਹਟ ਕੇ ਨਾਸ਼ ਵੱਲ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸਵਰਗ ਵਿਚ ਜੋੜਿਆ ਹੋਇਆ ਆਪਣਾ ਸਾਰਾ ਧਨ ਗੁਆ ਬੈਠੇਗਾ। ਪੌਲੁਸ ਨੇ ਇਸ ਤਰ੍ਹਾਂ ਦੇ ਰਸਤੇ ਉੱਤੇ ਕਦੀ ਨਾ ਪੈਣ ਦਾ ਕਿੰਨਾ ਵਧੀਆ ਕਾਰਨ ਦਿੱਤਾ ਸੀ! ਵਫ਼ਾਦਾਰ ਸੇਵਾ ਵਿਚ ਆਪਣੇ ਇੰਨੇ ਸਾਰੇ ਸਾਲਾਂ ਦੀ ਮਿਹਨਤ ਨੂੰ ਬਰਬਾਦ ਕਰਨ ਦਾ ਕੀ ਫ਼ਾਇਦਾ ਹੈ? ਇਸ ਨਾਲੋਂ ਬਿਹਤਰ ਇਹ ਹੋਵੇਗਾ ਕਿ ਅਸੀਂ ਦ੍ਰਿੜ੍ਹ ਰਹੀਏ।
ਸਾਨੂੰ ਪਿਛਾਹਾਂ ਹਟ ਕੇ ਨਸ਼ਟ ਵੱਲ ਕਿਉਂ ਨਹੀਂ ਜਾਣਾ ਚਾਹੀਦਾ
14. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ?
14 ਅੱਜ ਵੀ ਸੱਚੇ ਮਸੀਹੀਆਂ ਕੋਲ ਅਜਿਹੇ ਦੇ ਪਿਛਾਹਾਂ ਨਾ ਹਟਣ ਦੇ ਵਧੀਆ ਕਾਰਨ ਹਨ। ਪਹਿਲਾਂ, ਆਓ ਆਪਾਂ ਚੇਤੇ ਰੱਖੀਏ ਕਿ ਯਹੋਵਾਹ ਨੇ ਸਾਨੂੰ ਸ਼ੁੱਧ ਉਪਾਸਨਾ ਦੀ ਕਿੰਨੀ ਵੱਡੀ ਬਰਕਤ ਦਿੱਤੀ ਹੈ। ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅਸੀਂ ਵੀ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦ ਜ਼ਿਆਦਾ ਪ੍ਰਸਿੱਧ ਧਰਮ ਸਾਨੂੰ ਤਾਅਨੇ ਮਾਰਦੇ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ, ਅਤੇ ਉਹ ਸ਼ਾਇਦ ਘਮੰਡ ਨਾਲ ਆਪਣੇ ਧਰਮ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਆਪਣਿਆਂ ਪੁਰਾਣਿਆਂ ਰੀਤਾਂ-ਰਿਵਾਜਾਂ ਵੱਲ ਇਸ਼ਾਰਾ ਕਰਨ। ਪਰ, ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਸਾਡੀ ਉਪਾਸਨਾ ਤੋਂ ਖ਼ੁਸ਼ ਹੈ। ਦਰਅਸਲ, ਸਾਨੂੰ ਅੱਜ ਅਜਿਹੀਆਂ ਬਰਕਤਾਂ ਮਿਲਦੀਆਂ ਹਨ ਜੋ ਪਹਿਲੀ ਸਦੀ ਦੇ ਮਸੀਹੀਆਂ ਨੂੰ ਨਹੀਂ ਮਿਲੀਆਂ ਸਨ। ਤੁਸੀਂ ਸ਼ਾਇਦ ਪੁੱਛੋ: ‘ਇਹ ਕਿੱਦਾਂ ਹੋ ਸਕਦਾ ਹੈ?’ ਉਹ ਤਾਂ ਉਸ ਸਮੇਂ ਤੇ ਜੀ ਰਹੇ ਸਨ ਜਦੋਂ ਰੂਹਾਨੀ ਹੈਕਲ ਸ਼ੁਰੂ ਹੋਈ ਸੀ। ਮਸੀਹ 29 ਸਾ.ਯੁ. ਵਿਚ ਆਪਣੇ ਬਪਤਿਸਮੇ ਦੇ ਸਮੇਂ ਤੇ ਪ੍ਰਧਾਨ ਜਾਜਕ ਬਣਿਆ ਸੀ। ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਚਮਤਕਾਰ ਕਰਦੇ ਦੇਖਿਆ ਸੀ। ਉਸ ਦੀ ਮੌਤ ਤੋਂ ਬਾਅਦ ਵੀ ਚਮਤਕਾਰ ਕੀਤੇ ਗਏ ਸਨ। ਲੇਕਿਨ, ਜਿੱਦਾਂ ਭਵਿੱਖਬਾਣੀ ਕੀਤੀ ਗਈ ਸੀ ਅਜਿਹੀਆਂ ਦਾਤਾਂ ਅਖ਼ੀਰ ਵਿਚ ਖ਼ਤਮ ਹੋ ਗਈਆਂ।—1 ਕੁਰਿੰਥੀਆਂ 13:8.
15. ਸੱਚੇ ਮਸੀਹੀ ਅੱਜ ਕਿਸ ਭਵਿੱਖਬਾਣੀ ਦੀ ਪੂਰਤੀ ਦੌਰਾਨ ਜੀ ਰਹੇ ਹਨ, ਅਤੇ ਸਾਡੇ ਲਈ ਇਸ ਦਾ ਕੀ ਮਤਲਬ ਹੈ?
15 ਲੇਕਿਨ, ਅਸੀਂ ਹਿਜ਼ਕੀਏਲ ਦੇ 40-48 ਅਧਿਆਵਾਂ ਵਿਚ ਪਾਈ ਗਈ ਹੈਕਲ ਦੀ ਵਿਸ਼ਾਲ ਭਵਿੱਖਬਾਣੀ ਦੀ ਮਹੱਤਵਪੂਰਣ ਪੂਰਤੀ ਦੇ ਸਮੇਂ ਵਿਚ ਜੀ ਰਹੇ ਹਾਂ।a ਇਸ ਲਈ, ਅਸੀਂ ਸ਼ੁੱਧ ਉਪਾਸਨਾ ਲਈ ਪਰਮੇਸ਼ੁਰ ਦੇ ਪ੍ਰਬੰਧ ਨੂੰ ਦੁਬਾਰਾ ਸਥਾਪਿਤ ਹੁੰਦੇ ਹੋਏ ਦੇਖਿਆ ਹੈ। ਉਸ ਰੂਹਾਨੀ ਹੈਕਲ ਨੂੰ ਧਰਮ ਦੇ ਹਰ ਕਿਸਮ ਦੇ ਗੰਦ ਅਤੇ ਮੂਰਤੀ-ਪੂਜਾ ਤੋਂ ਸ਼ੁੱਧ ਕੀਤਾ ਗਿਆ ਹੈ। (ਹਿਜ਼ਕੀਏਲ 43:9; ਮਲਾਕੀ 3:1-5) ਉਨ੍ਹਾਂ ਫ਼ਾਇਦਿਆਂ ਬਾਰੇ ਸੋਚੋ ਜੋ ਸਾਨੂੰ ਇਹ ਸਫ਼ਾਈ ਕਰਨ ਤੋਂ ਮਿਲੇ ਹਨ।
16. ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਸ ਗੱਲ ਨੇ ਨਿਰਾਸ਼ ਕੀਤਾ ਸੀ?
16 ਪਹਿਲੀ ਸਦੀ ਦੀ ਸੰਗਠਿਤ ਮਸੀਹੀ ਕਲੀਸਿਯਾ ਲਈ ਭਵਿੱਖ ਨਿਰਾਸ਼ਾ-ਭਰਿਆ ਲੱਗਦਾ ਸੀ। ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਖੇਤ ਵਿਚ ਨਵੀਂ ਕਣਕ ਦੇ ਨਾਲ-ਨਾਲ ਜੰਗਲੀ ਬੂਟੀ ਬੀਜੀ ਹੋਵੇ ਅਤੇ ਇਸ ਦੇ ਕਾਰਨ ਕਣਕ ਤੇ ਜੰਗਲੀ ਬੂਟੀ ਵਿਚ ਫ਼ਰਕ ਦੇਖਣਾ ਬਹੁਤ ਔਖਾ ਹੋਵੇਗਾ। (ਮੱਤੀ 13:24-30) ਅਤੇ ਯਿਸੂ ਦੀ ਗੱਲ ਪੂਰੀ ਹੋਈ। ਪਹਿਲੀ ਸਦੀ ਦੇ ਅੰਤ ਤਕ ਧਰਮ-ਤਿਆਗ ਬਹੁਤ ਫੈਲ ਰਿਹਾ ਸੀ। ਅਤੇ ਬਿਰਧ ਯੂਹੰਨਾ ਰਸੂਲ ਭ੍ਰਿਸ਼ਟਾਚਾਰ ਦਾ ਆਖ਼ਰੀ ਡੱਟ ਸੀ। (2 ਥੱਸਲੁਨੀਕੀਆਂ 2:6; 1 ਯੂਹੰਨਾ 2:18) ਰਸੂਲਾਂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ, ਪਾਦਰੀਆਂ ਦਾ ਇਕ ਵੱਖਰਾ ਵਰਗ ਉੱਠ ਖੜ੍ਹਾ ਹੋਇਆ ਜੋ ਮਸੀਹੀ ਇੱਜੜ ਉੱਤੇ ਦਬਾਅ ਪਾਉਂਦਾ ਸੀ ਅਤੇ ਖ਼ਾਸ ਕੱਪੜੇ ਪਹਿਨਦਾ ਸੀ। ਧਰਮ-ਤਿਆਗ ਅੱਗ ਵਾਂਗ ਫੈਲ ਗਿਆ। ਵਫ਼ਾਦਾਰ ਮਸੀਹੀਆਂ ਲਈ ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਸੀ! ਉਨ੍ਹਾਂ ਨੇ ਇਕ ਭ੍ਰਿਸ਼ਟ ਰੂਪ ਦੀ ਉਪਾਸਨਾ ਨੂੰ ਸ਼ੁੱਧ ਉਪਾਸਨਾ ਦੇ ਨਵੇਂ ਪ੍ਰਬੰਧ ਨੂੰ ਤਬਾਹ ਕਰਦੇ ਦੇਖਿਆ। ਅਤੇ ਇਹ ਸਭ ਮਸੀਹ ਦੁਆਰਾ ਕਲੀਸਿਯਾ ਸਥਾਪਿਤ ਕਰਨ ਤੋਂ ਬਾਅਦ ਇਕ ਸਦੀ ਦੇ ਵਿਚ-ਵਿਚ ਹੋਇਆ।
17. ਅੱਜ ਦੀ ਮਸੀਹੀ ਕਲੀਸਿਯਾ, ਪਹਿਲੀ ਸਦੀ ਦੀ ਕਲੀਸਿਯਾ ਨਾਲੋਂ ਕਿਸ ਅਰਥ ਵਿਚ ਜ਼ਿਆਦਾ ਚਿਰ ਕਾਇਮ ਰਹੀ ਹੈ?
17 ਹੁਣ ਇਸ ਦੀ ਤੁਲਨਾ ਵਿਚ ਅੱਜ ਦੇ ਦਿਨਾਂ ਵੱਲ ਧਿਆਨ ਦਿਓ। ਅੱਜ, ਸ਼ੁੱਧ ਉਪਾਸਨਾ ਰਸੂਲਾਂ ਦੀ ਉਮਰ ਨਾਲੋਂ ਜ਼ਿਆਦਾ ਚਿਰ ਕਾਇਮ ਰਹੀ ਹੈ। ਇਸ ਰਸਾਲੇ ਦੇ ਪਹਿਲੇ ਅੰਕ ਦੀ 1879 ਵਿਚ ਛਪਾਈ ਤੋਂ ਲੈ ਕੇ ਯਹੋਵਾਹ ਨੇ ਸਾਨੂੰ ਸ਼ੁੱਧ ਕੀਤੀ ਜਾ ਰਹੀ ਉਪਾਸਨਾ ਦੀ ਬਖ਼ਸ਼ੀਸ਼ ਦਿੱਤੀ ਹੈ। ਯਹੋਵਾਹ ਅਤੇ ਯਿਸੂ ਮਸੀਹ 1918 ਵਿਚ ਰੂਹਾਨੀ ਹੈਕਲ ਨੂੰ ਸਾਫ਼ ਕਰਨ ਲਈ ਉਸ ਵਿਚ ਦਾਖ਼ਲ ਹੋਏ ਸਨ। (ਮਲਾਕੀ 3:1-5) ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਪ੍ਰਬੰਧ 1919 ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸ਼ੁੱਧ ਕੀਤਾ ਜਾ ਰਿਹਾ ਹੈ। ਬਾਈਬਲ ਸੰਬੰਧਿਤ ਭਵਿੱਖਬਾਣੀਆਂ ਅਤੇ ਸਿਧਾਂਤਾਂ ਦੀ ਸਾਡੀ ਸਮਝ ਸਪੱਸ਼ਟ ਹੋ ਗਈ ਹੈ। (ਕਹਾਉਤਾਂ 4:18) ਪਰ ਇਸ ਸਪੱਸ਼ਟਤਾ ਲਈ ਕੌਣ ਜ਼ਿੰਮੇਵਾਰ ਹੈ? ਅਪੂਰਣ ਮਨੁੱਖ ਨਹੀਂ। ਸਿਰਫ਼ ਯਹੋਵਾਹ ਹੀ, ਆਪਣੇ ਪੁੱਤਰ, ਯਾਨੀ ਕਲੀਸਿਯਾ ਦੇ ਸਿਰ ਦੁਆਰਾ, ਆਪਣੇ ਸੇਵਕਾਂ ਨੂੰ ਇਨ੍ਹਾਂ ਭੈੜੇ ਸਮਿਆਂ ਦੌਰਾਨ ਭ੍ਰਿਸ਼ਟਤਾ ਤੋਂ ਬਚਾ ਸਕਦਾ ਸੀ। ਤਾਂ ਫਿਰ, ਆਓ ਆਪਾਂ ਯਹੋਵਾਹ ਦਾ ਧੰਨਵਾਦ ਕਰਨਾ ਕਦੀ ਵੀ ਨਾ ਭੁੱਲੀਏ ਕਿਉਂਕਿ ਉਸ ਨੇ ਅੱਜ ਸਾਨੂੰ ਸ਼ੁੱਧ ਉਪਾਸਨਾ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਹੈ। ਅਤੇ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਕਦੀ ਵੀ ਪਿਛਾਹਾਂ ਮੁੜ ਕੇ ਨਸ਼ਟ ਵੱਲ ਨਹੀਂ ਜਾਵਾਂਗੇ!
18. ਨਸ਼ਟ ਵੱਲ ਕਦੀ ਵੀ ਪਿਛਾਹਾਂ ਨਾ ਮੁੜਨ ਦਾ ਸਾਡੇ ਕੋਲ ਕਿਹੜਾ ਕਾਰਨ ਹੈ?
18 ਉਨ੍ਹਾਂ ਇਬਰਾਨੀ ਮਸੀਹੀਆਂ ਵਾਂਗ ਸਾਡੇ ਕੋਲ ਵੀ ਡਰਪੋਕਾਂ ਵਾਂਗ ਪਿਛਾਹਾਂ ਹਟਣ ਵਾਲਾ ਰਾਹ ਰੱਦ ਕਰਨ ਦਾ ਇਕ ਹੋਰ ਕਾਰਨ ਹੈ—ਧੀਰਜ ਦਾ ਸਾਡਾ ਰਿਕਾਰਡ। ਭਾਵੇਂ ਅਸੀਂ ਸੱਚਾਈ ਵਿਚ ਨਵੇਂ-ਨਵੇਂ ਹਾਂ ਜਾਂ ਅਸੀਂ ਵਫ਼ਾਦਾਰੀ ਨਾਲ ਕਈਆਂ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਾਂ, ਅਸੀਂ ਮਸੀਹੀ ਕੰਮਾਂ-ਕਾਰਾਂ ਦਾ ਇਕ ਰਿਕਾਰਡ ਕਾਇਮ ਕੀਤਾ ਹੈ। ਸਾਡੇ ਵਿੱਚੋਂ ਕਈਆਂ ਨੇ ਕੈਦ, ਪਾਬੰਦੀਆਂ, ਕਰੂਰਤਾ, ਜਾਂ ਜਾਇਦਾਦ ਦੇ ਨੁਕਸਾਨ ਰਾਹੀਂ ਅਤਿਆਚਾਰਾਂ ਦਾ ਸਾਮ੍ਹਣਾ ਕੀਤਾ ਹੈ। ਹੋਰ ਕਈਆਂ ਨੇ ਆਪਣੇ ਪਰਿਵਾਰਾਂ ਵੱਲੋਂ ਵਿਰੋਧਤਾ, ਨਫ਼ਰਤ, ਮਖੌਲ ਅਤੇ ਉਦਾਸੀਨਤਾ ਦਾ ਸਾਮ੍ਹਣਾ ਕੀਤਾ ਹੈ। ਅਸੀਂ ਸਾਰੇ ਹੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਵਫ਼ਾਦਾਰੀ ਨਾਲ ਲੱਗੇ ਰਹੇ ਹਾਂ। ਇਸ ਤਰ੍ਹਾਂ ਕਰਨ ਦੁਆਰਾ, ਅਸੀਂ ਦ੍ਰਿੜ੍ਹਤਾ ਦਾ ਇਕ ਰਿਕਾਰਡ ਕਾਇਮ ਕੀਤਾ ਹੈ ਜਿਸ ਨੂੰ ਯਹੋਵਾਹ ਕਦੀ ਨਹੀਂ ਭੁੱਲੇਗਾ। ਇਹ ਸਵਰਗ ਵਿਚ ਇਕੱਠੇ ਕੀਤੇ ਗਏ ਧੰਨ ਦੇ ਬਰਾਬਰ ਹੈ। ਯਕੀਨਨ, ਇਹ ਇਸ ਭੈੜੀ ਦੁਨੀਆਂ ਵੱਲ ਪਿਛਾਹਾਂ ਮੁੜਨ ਦਾ ਸਮਾਂ ਨਹੀਂ ਹੈ, ਜਿਸ ਤੋਂ ਅਸੀਂ ਨਿਕਲੇ ਹਾਂ! ਅਸੀਂ ਆਪਣੀ ਸਾਰੀ ਮਿਹਨਤ ਉੱਤੇ ਪਾਣੀ ਕਿਉਂ ਫੇਰੀਏ? ਇਹ ਖ਼ਾਸ ਕਰਕੇ ਅੱਜ ਸੱਚ ਹੈ, ਜਦੋਂ ਕਿ ਅੰਤ ਆਉਣ ਵਿਚ ਸਿਰਫ਼ “ਥੋੜਾ ਜਿਹਾ ਚਿਰ ਹੈ।”—ਇਬਰਾਨੀਆਂ 10:37.
19. ਸਾਡੇ ਅਗਲੇ ਲੇਖ ਵਿਚ ਕਿਸ ਗੱਲ ਬਾਰੇ ਚਰਚਾ ਕੀਤੀ ਜਾਵੇਗੀ?
19 ਜੀ ਹਾਂ, ਆਓ ਆਪਾਂ ਪੱਕਾ ਇਰਾਦਾ ਬਣਾਈਏ ਕਿ “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ”! ਇਸ ਦੀ ਬਜਾਇ ਆਓ ਆਪਾਂ ‘ਓਹਨਾਂ ਵਿੱਚੋਂ ਹੋਈਏ ਜਿਹੜੇ ਨਿਹਚਾ ਕਰਦੇ’ ਹਨ। (ਇਬਰਾਨੀਆਂ 10:39) ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਨਿਹਚਾ ਰੱਖਣ ਵਾਲੇ ਹਾਂ, ਅਤੇ ਅਸੀਂ ਸੰਗੀ ਮਸੀਹੀਆਂ ਦੀ ਉਸ ਤਰ੍ਹਾਂ ਦੇ ਬਣਨ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ? ਸਾਡਾ ਅਗਲਾ ਲੇਖ ਇਸ ਗੱਲ ਬਾਰੇ ਚਰਚਾ ਕਰੇਗਾ।
-
-
ਆਓ ਆਪਾਂ ਉਨ੍ਹਾਂ ਵਿੱਚੋਂ ਹੋਈਏ ਜਿਹੜੇ ਨਿਹਚਾ ਕਰਦੇ ਹਨਪਹਿਰਾਬੁਰਜ—1999 | ਦਸੰਬਰ 15
-
-
ਆਓ ਆਪਾਂ ਉਨ੍ਹਾਂ ਵਿੱਚੋਂ ਹੋਈਏ ਜਿਹੜੇ ਨਿਹਚਾ ਕਰਦੇ ਹਨ
‘ਅਸੀਂ ਉਹਨਾਂ ਵਿੱਚੋਂ ਹਾਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।’—ਇਬਰਾਨੀਆਂ 10:39.
1. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਹਰੇਕ ਵਫ਼ਾਦਾਰ ਸੇਵਕ ਦੀ ਨਿਹਚਾ ਬਹੁਮੁੱਲੀ ਹੈ?
ਅਗਲੀ ਵਾਰ ਜਦੋਂ ਤੁਸੀਂ ਯਹੋਵਾਹ ਦੇ ਉਪਾਸਕਾਂ ਨਾਲ ਭਰੇ ਹੋਏ ਕਿੰਗਡਮ ਹਾਲ ਵਿਚ ਹਾਜ਼ਰ ਹੋਵੋਗੇ ਤਾਂ ਇਕ ਪਲ ਲਈ ਰੁਕ ਕੇ ਆਪਣੇ ਆਲੇ-ਦੁਆਲੇ ਦੇਖਿਓ। ਉਨ੍ਹਾਂ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਵਿਚ ਸਾਡੇ ਭੈਣਾਂ-ਭਰਾਵਾਂ ਨੇ ਨਿਹਚਾ ਦਿਖਾਈ ਹੈ। ਤੁਸੀਂ ਸ਼ਾਇਦ ਵੱਡੀ ਉਮਰ ਦੇ ਵਿਅਕਤੀਆਂ ਨੂੰ ਦੇਖੋਗੇ ਜਿਨ੍ਹਾਂ ਨੇ ਕਈ ਦਹਾਕਿਆਂ ਲਈ ਪਰਮੇਸ਼ੁਰ ਦੀ ਸੇਵਾ ਕੀਤੀ ਹੈ, ਨੌਜਵਾਨਾਂ ਨੂੰ ਜੋ ਰੋਜ਼ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਹਨ, ਅਤੇ ਮਾਪਿਆਂ ਨੂੰ ਜੋ ਆਪਣੇ ਬੱਚਿਆਂ ਨੂੰ ਪਾਲਣ-ਪੋਸਣ ਲਈ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬਣਨ। ਕਲੀਸਿਯਾ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਹਨ ਜੋ ਕਈਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਦੇ ਹਨ। ਜੀ ਹਾਂ, ਤੁਸੀਂ ਹਰੇਕ ਉਮਰ ਦੇ ਭੈਣਾਂ-ਭਰਾਵਾਂ ਨੂੰ ਦੇਖੋਗੇ ਜੋ ਯਹੋਵਾਹ ਦੀ ਸੇਵਾ ਕਰਨ ਵਾਸਤੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਸਾਰਿਆਂ ਦੀ ਨਿਹਚਾ ਕਿੰਨੀ ਬਹੁਮੁੱਲੀ ਹੈ!—1 ਪਤਰਸ 1:7.
2. ਇਬਰਾਨੀਆਂ ਦੇ 10ਵੇਂ ਅਤੇ 11ਵੇਂ ਅਧਿਆਵਾਂ ਵਿਚ ਪੌਲੁਸ ਦੀ ਸਲਾਹ ਅੱਜ ਸਾਡੇ ਲਈ ਕਿਉਂ ਫ਼ਾਇਦੇਮੰਦ ਹੈ?
2 ਅਪੂਰਣ ਮਨੁੱਖਾਂ ਵਿੱਚੋਂ ਬਹੁਤ ਹੀ ਘੱਟ ਲੋਕਾਂ ਨੇ ਨਿਹਚਾ ਦੀ ਮਹੱਤਤਾ ਨੂੰ ਪੌਲੁਸ ਰਸੂਲ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਹੈ। ਦਰਅਸਲ, ਉਸ ਨੇ ਕਿਹਾ ਸੀ ਕਿ ਸੱਚੀ ਨਿਹਚਾ ‘ਜਾਨ ਬਚਾ ਰੱਖਦੀ ਹੈ।’ (ਇਬਰਾਨੀਆਂ 10:39) ਪਰ, ਪੌਲੁਸ ਜਾਣਦਾ ਸੀ ਕਿ ਇਸ ਨਿਹਚਾਹੀਣ ਦੁਨੀਆਂ ਵਿਚ ਨਿਹਚਾ ਉੱਤੇ ਹਮਲਾ ਕੀਤਾ ਜਾਵੇਗਾ ਅਤੇ ਇਹ ਤੋੜੀ ਵੀ ਜਾ ਸਕਦੀ ਹੈ। ਉਹ ਯਰੂਸ਼ਲਮ ਅਤੇ ਯਹੂਦਾਹ ਵਿਚ ਇਬਰਾਨੀ ਮਸੀਹੀਆਂ ਬਾਰੇ ਬਹੁਤ ਫ਼ਿਕਰਮੰਦ ਸੀ, ਕਿਉਂ ਜੋ ਉਹ ਆਪਣੀ ਨਿਹਚਾ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਸਨ। ਹੁਣ ਜਿਵੇਂ ਅਸੀਂ ਇਬਰਾਨੀਆਂ ਦੇ 10ਵੇਂ ਅਤੇ 11ਵੇਂ ਅਧਿਆਵਾਂ ਦੇ ਕੁਝ ਹਿੱਸਿਆਂ ਵੱਲ ਦੇਖਾਂਗੇ, ਆਓ ਆਪਾਂ ਉਨ੍ਹਾਂ ਤਰੀਕਿਆਂ ਵੱਲ ਧਿਆਨ ਦੇਈਏ ਜੋ ਪੌਲੁਸ ਨੇ ਨਿਹਚਾ ਵਧਾਉਣ ਲਈ ਵਰਤੇ ਸਨ। ਇਸ ਦੇ ਨਾਲ-ਨਾਲ ਅਸੀਂ ਦੇਖਾਂਗੇ ਕਿ ਅਸੀਂ ਆਪਣੀ ਅਤੇ ਹੋਰਨਾਂ ਦੀ ਨਿਹਚਾ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਹਾਂ।
ਇਕ ਦੂਸਰੇ ਉੱਤੇ ਭਰੋਸਾ ਰੱਖੋ
3. ਇਬਰਾਨੀਆਂ 10:39 ਵਿਚ ਪਾਏ ਗਏ ਪੌਲੁਸ ਦੇ ਸ਼ਬਦ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਵਿਚ ਭਰੋਸਾ ਰੱਖਦਾ ਸੀ?
3 ਧਿਆਨ ਦੇਣ ਵਾਲੀ ਪਹਿਲੀ ਗੱਲ ਇਹ ਹੈ ਕਿ ਪੌਲੁਸ ਖਤ ਪੜ੍ਹਨ ਵਾਲਿਆਂ ਦੀ ਬਹੁਤ ਇੱਜ਼ਤ ਕਰਦਾ ਹੈ। ਉਸ ਨੇ ਲਿਖਿਆ: “ਪਰ ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਪੌਲੁਸ ਨੇ ਆਪਣੇ ਵਫ਼ਾਦਾਰ ਸੰਗੀ ਮਸੀਹੀਆਂ ਬਾਰੇ ਬੁਰਾ ਨਹੀਂ, ਪਰ ਹਮੇਸ਼ਾ ਭਲਾ ਸੋਚਿਆ ਸੀ। ਇਸ ਵੱਲ ਵੀ ਧਿਆਨ ਦਿਓ ਕਿ ਉਸ ਨੇ “ਅਸੀਂ” ਸ਼ਬਦ ਵਰਤਿਆ ਸੀ। ਪੌਲੁਸ ਇਕ ਨੇਕ ਆਦਮੀ ਸੀ। ਲੇਕਿਨ, ਉਸ ਨੇ ਖਤ ਪੜ੍ਹਨ ਵਾਲਿਆਂ ਨਾਲ ਇਸ ਤਰੀਕੇ ਵਿਚ ਗੱਲ ਨਹੀਂ ਕੀਤੀ ਜਿਵੇਂ ਕਿ ਉਹ ਬਹੁਤ ਨੀਵੇਂ ਸਨ ਅਤੇ ਉਹ ਆਪ ਉਨ੍ਹਾਂ ਨਾਲੋਂ ਕਿਤੇ ਹੀ ਜ਼ਿਆਦਾ ਨੇਕ ਸੀ। (ਉਪਦੇਸ਼ਕ ਦੀ ਪੋਥੀ 7:16 ਦੀ ਤੁਲਨਾ ਕਰੋ।) ਇਸ ਦੀ ਬਜਾਇ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਵਰਗਾ ਸਮਝਿਆ। ਉਸ ਨੇ ਸੱਚੇ ਦਿੱਲੋਂ ਭਰੋਸਾ ਪ੍ਰਗਟ ਕੀਤਾ ਕਿ ਉਹ ਅਤੇ ਉਸ ਦੇ ਸਾਰੇ ਵਫ਼ਾਦਾਰ ਮਸੀਹੀ ਪਾਠਕ ਆਉਣ ਵਾਲੀਆਂ ਡਰਾਉਣੀਆਂ ਰੁਕਾਵਟਾਂ ਦਾ ਸਾਮ੍ਹਣਾ ਕਰ ਸਕਣਗੇ, ਉਹ ਪਿਛਾਹਾਂ ਹਟ ਕੇ ਨਸ਼ਟ ਵੱਲ ਜਾਣ ਤੋਂ ਦਲੇਰੀ ਨਾਲ ਇਨਕਾਰ ਕਰਨਗੇ, ਅਤੇ ਉਹ ਅਜਿਹੇ ਵਿਅਕਤੀ ਸਾਬਤ ਹੋਣਗੇ ਜੋ ਨਿਹਚਾ ਕਰਦੇ ਹਨ।
4. ਪੌਲੁਸ ਨੇ ਆਪਣੇ ਸੰਗੀ ਵਿਸ਼ਵਾਸੀਆਂ ਉੱਤੇ ਕਿਨ੍ਹਾਂ ਕਾਰਨਾਂ ਕਰਕੇ ਭਰੋਸਾ ਰੱਖਿਆ ਸੀ?
4 ਪੌਲੁਸ ਇਸ ਤਰ੍ਹਾਂ ਦਾ ਭਰੋਸਾ ਕਿਸ ਤਰ੍ਹਾਂ ਰੱਖ ਸਕਦਾ ਸੀ? ਕੀ ਇਬਰਾਨੀ ਮਸੀਹੀਆਂ ਦੀਆਂ ਗ਼ਲਤੀਆਂ ਉਸ ਨੂੰ ਦਿੱਸਦੀਆਂ ਨਹੀਂ ਸਨ? ਜ਼ਰੂਰ ਦਿੱਸਦੀਆਂ ਸਨ, ਇਸੇ ਲਈ ਤਾਂ ਪੌਲੁਸ ਨੇ ਉਨ੍ਹਾਂ ਨੂੰ ਆਪਣੀਆਂ ਰੂਹਾਨੀ ਕਮਜ਼ੋਰੀਆਂ ਉੱਤੇ ਜੇਤੂ ਹੋਣ ਲਈ ਖ਼ਾਸ ਸਲਾਹ ਦਿੱਤੀ ਸੀ। (ਇਬਰਾਨੀਆਂ 3:12; 5:12-14; 6:4-6; 10:26, 27; 12:5) ਫਿਰ ਵੀ, ਆਪਣਿਆਂ ਭਰਾਵਾਂ ਵਿਚ ਭਰੋਸਾ ਰੱਖਣ ਲਈ ਪੌਲੁਸ ਕੋਲ ਦੋ ਖ਼ਾਸ ਕਾਰਨ ਸਨ। (1) ਯਹੋਵਾਹ ਦੀ ਰੀਸ ਕਰਦੇ ਹੋਏ, ਪੌਲੁਸ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰਦਾ ਸੀ ਜਿਸ ਤਰ੍ਹਾਂ ਯਹੋਵਾਹ ਦੇਖਦਾ ਹੈ। ਉਹ ਉਨ੍ਹਾਂ ਦੀਆਂ ਗ਼ਲਤੀਆਂ ਹੀ ਨਹੀਂ, ਪਰ ਉਨ੍ਹਾਂ ਦੇ ਚੰਗੇ ਗੁਣ ਵੀ ਦੇਖਦਾ ਸੀ ਅਤੇ ਯਾਦ ਰੱਖਦਾ ਸੀ ਕਿ ਭਵਿੱਖ ਵਿਚ ਉਹ ਚੰਗੇ ਕੰਮ ਕਰਨ ਦੀ ਵੀ ਚੋਣ ਕਰ ਸਕਦੇ ਹਨ। (ਜ਼ਬੂਰ 130:3; ਅਫ਼ਸੀਆਂ 5:1) (2) ਪਵਿੱਤਰ ਸ਼ਕਤੀ ਦੇ ਬਲ ਵਿਚ ਪੌਲੁਸ ਪੂਰਾ ਵਿਸ਼ਵਾਸ ਕਰਦਾ ਸੀ। ਉਹ ਜਾਣਦਾ ਸੀ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਵਾਲੇ ਮਸੀਹੀਆਂ ਦੀਆਂ ਮੁਸ਼ਕਲਾਂ ਜਾਂ ਮਨੁੱਖੀ ਕਮਜ਼ੋਰੀਆਂ, ਯਹੋਵਾਹ ਨੂੰ ਆਪਣੀ “ਮਹਾਂ-ਸ਼ਕਤੀ” ਦੇਣ ਤੋਂ ਨਹੀਂ ਰੋਕ ਸਕਦੀਆਂ ਸਨ। (2 ਕੁਰਿੰਥੀਆਂ 4:7, ਨਵਾਂ ਅਨੁਵਾਦ; ਫ਼ਿਲਿੱਪੀਆਂ 4:13) ਤਾਂ ਫਿਰ ਪੌਲੁਸ ਦਾ ਆਪਣਿਆਂ ਭੈਣਾਂ-ਭਰਾਵਾਂ ਵਿਚ ਭਰੋਸਾ ਗ਼ਲਤ ਨਹੀਂ ਸੀ ਅਤੇ ਨਾ ਹੀ ਉਸ ਨੇ ਬਿਨਾਂ ਕਾਰਨ ਜਾਂ ਬਿਨਾਂ ਸੋਚੇ-ਸਮਝੇ ਉਨ੍ਹਾਂ ਉੱਤੇ ਆਸ਼ਾ ਰੱਖੀ ਸੀ। ਇਹ ਭਰੋਸਾ ਪੱਕੀਆਂ ਅਤੇ ਸ਼ਾਸਤਰ-ਸੰਬੰਧੀ ਗੱਲਾਂ ਉੱਤੇ ਆਧਾਰਿਤ ਸੀ।
5. ਅਸੀਂ ਪੌਲੁਸ ਦੇ ਭਰੋਸੇ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ, ਅਤੇ ਇਸ ਦਾ ਨਤੀਜਾ ਕੀ ਹੋਵੇਗਾ?
5 ਪੌਲੁਸ ਦਾ ਭਰੋਸਾ ਦੇਖ ਕੇ ਭਰਾਵਾਂ ਨੇ ਜ਼ਰੂਰ ਉਸ ਦੀ ਰੀਸ ਕੀਤੀ ਹੋਣੀ। ਯਰੂਸ਼ਲਮ ਅਤੇ ਯਹੂਦਾਹ ਦੀਆਂ ਕਲੀਸਿਯਾਵਾਂ ਲਈ ਇਹ ਬਹੁਤ ਹੀ ਵੱਡੀ ਗੱਲ ਹੋਣੀ ਸੀ ਕਿ ਪੌਲੁਸ ਨੇ ਆਪਣਿਆਂ ਸ਼ਬਦਾਂ ਰਾਹੀਂ ਉਨ੍ਹਾਂ ਦਾ ਇੰਨਾ ਹੌਸਲਾ ਵਧਾਇਆ। ਇਬਰਾਨੀ ਮਸੀਹੀ ਆਪਣੇ ਯਹੂਦੀ ਵਿਰੋਧੀਆਂ ਵੱਲੋਂ ਨਫ਼ਰਤ ਅਤੇ ਘਮੰਡੀ ਰਵੱਈਏ ਦਾ ਸਾਮ੍ਹਣਾ ਕਰ ਰਹੇ ਸਨ। ਇਸ ਲਈ ਪੌਲੁਸ ਦੀਆਂ ਗੱਲਾਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੇ ਆਪਣਿਆਂ ਦਿਲਾਂ ਵਿਚ ਪੱਕਾ ਇਰਾਦਾ ਬਣਾਇਆ ਕਿ ਉਹ ਨਿਹਚਾ ਕਰਨ ਵਾਲਿਆਂ ਵਿੱਚੋਂ ਹੋਣਗੇ। ਕੀ ਅਸੀਂ ਅੱਜ ਇਕ ਦੂਸਰੇ ਲਈ ਇਸ ਤਰ੍ਹਾਂ ਕਰ ਸਕਦੇ ਹਾਂ? ਦੂਸਰਿਆਂ ਦੀਆਂ ਗ਼ਲਤੀਆਂ ਅਤੇ ਬੁਰੀਆਂ ਆਦਤਾਂ ਦੇਖਣੀਆਂ ਬਹੁਤ ਆਸਾਨ ਹੈ। (ਮੱਤੀ 7:1-5) ਲੇਕਿਨ, ਜੇਕਰ ਅਸੀਂ ਸਾਰਿਆਂ ਦੀ ਅਨਮੋਲ ਨਿਹਚਾ ਵੱਲ ਧਿਆਨ ਦੇਈਏ ਅਤੇ ਉਸ ਦੀ ਕਦਰ ਕਰੀਏ, ਤਾਂ ਅਸੀਂ ਇਕ ਦੂਸਰੇ ਦੀ ਜ਼ਿਆਦਾ ਮਦਦ ਕਰ ਸਕਾਂਗੇ। ਅਜਿਹੇ ਉਤਸ਼ਾਹ ਨਾਲ ਸਾਰਿਆਂ ਦੀ ਨਿਹਚਾ ਜ਼ਰੂਰ ਵਧੇਗੀ।—ਰੋਮੀਆਂ 1:11, 12.
ਪਰਮੇਸ਼ੁਰ ਦੇ ਬਚਨ ਦੀ ਚੰਗੀ ਵਰਤੋਂ
6. ਇਬਰਾਨੀਆਂ 10:38 ਦੇ ਸ਼ਬਦ ਲਿਖਦੇ ਹੋਏ ਪੌਲੁਸ ਕਿੱਥੋਂ ਹਵਾਲਾ ਦੇ ਰਿਹਾ ਸੀ?
6 ਪੌਲੁਸ ਨੇ ਬਾਈਬਲ ਦੀ ਚੰਗੀ ਵਰਤੋਂ ਰਾਹੀਂ ਵੀ ਆਪਣੇ ਸੰਗੀ ਭੈਣਾਂ-ਭਰਾਵਾਂ ਦੀ ਨਿਹਚਾ ਵਧਾਈ ਸੀ। ਮਿਸਾਲ ਲਈ, ਉਸ ਨੇ ਲਿਖਿਆ: “ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” (ਇਬਰਾਨੀਆਂ 10:38) ਪੌਲੁਸ ਹਬੱਕੂਕ ਨਬੀ ਦੀਆਂ ਗੱਲਾਂ ਦੁਹਰਾ ਰਿਹਾ ਸੀ।a ਸੰਭਵ ਹੈ ਕਿ ਪੌਲੁਸ ਦਾ ਖਤ ਪੜ੍ਹਨ ਵਾਲੇ ਇਨ੍ਹਾਂ ਗੱਲਾਂ ਬਾਰੇ ਜਾਣਦੇ ਸਨ, ਕਿਉਂਕਿ ਇਬਰਾਨੀ ਮਸੀਹੀ ਨਬੀਆਂ ਦੀਆਂ ਪੋਥੀਆਂ ਨਾਲ ਵਾਕਫ਼ ਸਨ। ਪੌਲੁਸ ਉਨ੍ਹਾਂ ਵਫ਼ਾਦਾਰ ਮਸੀਹੀਆਂ ਦੀ ਨਿਹਚਾ ਵਧਾਉਣੀ ਚਾਹੁੰਦਾ ਸੀ ਜੋ ਲਗਭਗ 61 ਸਾ.ਯੁ. ਵਿਚ ਯਰੂਸ਼ਲਮ ਅਤੇ ਉਸ ਦੇ ਲਾਗੇ-ਚਾਗੇ ਰਹਿੰਦੇ ਸਨ। ਇਸ ਲਈ ਹਬੱਕੂਕ ਦੀ ਮਿਸਾਲ ਚੰਗੀ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?
7. ਹਬੱਕੂਕ ਨੇ ਆਪਣੀ ਭਵਿੱਖਬਾਣੀ ਕਦੋਂ ਲਿਖੀ ਸੀ ਅਤੇ ਉਸ ਸਮੇਂ ਤੇ ਯਹੂਦਾਹ ਵਿਚ ਹਾਲਾਤ ਕਿਸ ਤਰ੍ਹਾਂ ਦੇ ਸਨ?
7 ਜ਼ਾਹਰ ਹੈ ਕਿ ਹਬੱਕੂਕ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਹੋਣ ਤੋਂ ਵੀਹ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਆਪਣੀ ਪੁਸਤਕ ਲਿਖੀ ਸੀ। ਦਰਸ਼ਣ ਵਿਚ, ਨਬੀ ਨੇ ਕਸਦੀਆਂ (ਬਾਬਲੀ ਲੋਕ) ਨੂੰ ਦੇਖਿਆ ਜੋ ਕਿ ਇਕ “ਕੌੜੀ ਅਤੇ ਜੋਸ਼ ਵਾਲੀ ਕੌਮ” ਸੀ। ਉਸ ਨੇ ਉਨ੍ਹਾਂ ਨੂੰ ਯਹੂਦਾਹ ਉੱਤੇ ਅਚਾਨਕ ਹਮਲਾ ਕਰਦਿਆਂ ਅਤੇ ਯਰੂਸ਼ਲਮ ਦਾ ਨਾਸ ਕਰਦਿਆਂ, ਅਤੇ ਨਾਲ-ਨਾਲ ਲੋਕਾਂ ਅਤੇ ਕੌਮਾਂ ਦਾ ਵੀ ਨਾਸ ਕਰਦਿਆਂ ਦੇਖਿਆ। (ਹਬੱਕੂਕ 1:5-11) ਲੇਕਿਨ ਅਜਿਹੀ ਬਿਪਤਾ ਦੀ ਭਵਿੱਖਬਾਣੀ, ਇਕ ਸਦੀ ਤੋਂ ਜ਼ਿਆਦਾ ਚਿਰ ਪਹਿਲਾਂ, ਯਸਾਯਾਹ ਦੇ ਦਿਨਾਂ ਵਿਚ ਵੀ ਕੀਤੀ ਗਈ ਸੀ। ਹਬੱਕੂਕ ਦੇ ਸਮੇਂ ਵਿਚ, ਯੋਸੀਯਾਹ ਤੋਂ ਬਾਅਦ ਯਹੋਯਾਕੀਮ ਰਾਜਾ ਬਣਿਆ ਅਤੇ ਬੁਰਾਈ ਫਿਰ ਯਹੂਦਾਹ ਵਿਚ ਫੈਲਰ ਗਈ। ਯਹੋਯਾਕੀਮ ਨੇ ਯਹੋਵਾਹ ਦਾ ਨਾਂ ਲੈਣ ਵਾਲਿਆਂ ਉੱਤੇ ਜ਼ੁਲਮ ਕੀਤੇ, ਇੱਥੋਂ ਤਕ ਕਿ ਉਨ੍ਹਾਂ ਦੇ ਕਤਲ ਵੀ ਕੀਤੇ। (2 ਇਤਹਾਸ 36:5; ਯਿਰਮਿਯਾਹ 22:17; 26:20-24) ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹਬੱਕੂਕ ਨਬੀ ਨੇ ਦੁਹਾਈ ਦਿੱਤੀ: ‘ਹੇ ਯਹੋਵਾਹ, ਕਦ ਤਾਈਂ?’—ਹਬੱਕੂਕ 1:2.
8. ਹਬੱਕੂਕ ਦੀ ਮਿਸਾਲ ਪਹਿਲੀ ਸਦੀ ਦੇ ਅਤੇ ਅੱਜ ਦੇ ਮਸੀਹੀਆਂ ਲਈ ਲਾਭਦਾਇਕ ਕਿਉਂ ਹੋਵੇਗੀ?
8 ਹਬੱਕੂਕ ਨੂੰ ਪਤਾ ਨਹੀਂ ਸੀ ਕਿ ਯਰੂਸ਼ਲਮ ਦਾ ਨਾਸ ਕਿੰਨਾ ਕੁ ਨਜ਼ਦੀਕ ਸੀ। ਇਸੇ ਤਰ੍ਹਾਂ, ਪਹਿਲੀ ਸਦੀ ਦੇ ਮਸੀਹੀਆਂ ਨੂੰ ਵੀ ਨਹੀਂ ਪਤਾ ਸੀ ਕਿ ਯਹੂਦੀ ਰੀਤੀ ਕਦੋਂ ਖ਼ਤਮ ਹੋਣੀ ਸੀ। ਨਾ ਹੀ ਅੱਜ ਸਾਨੂੰ ਉਸ “ਦਿਨ ਅਤੇ ਘੜੀ” ਦਾ ਪਤਾ ਹੈ ਜਦੋਂ ਯਹੋਵਾਹ ਦਾ ਨਿਆਉਂ ਇਸ ਦੁਸ਼ਟ ਸੰਸਾਰ ਉੱਤੇ ਆਵੇਗਾ। (ਮੱਤੀ 24:36) ਤਾਂ ਫਿਰ, ਆਓ ਆਪਾਂ ਹਬੱਕੂਕ ਨੂੰ ਦਿੱਤੇ ਗਏ ਯਹੋਵਾਹ ਦੇ ਜਵਾਬ ਵੱਲ ਧਿਆਨ ਦੇਈਏ ਜਿਸ ਵਿਚ ਉਸ ਨੇ ਦੋ ਗੱਲਾਂ ਦੱਸੀਆਂ। ਪਹਿਲਾਂ, ਉਸ ਨੇ ਨਬੀ ਨੂੰ ਪੱਕਾ ਭਰੋਸਾ ਦਿਲਾਇਆ ਕਿ ਅੰਤ ਸਹੀ ਸਮੇਂ ਤੇ ਆਵੇਗਾ। ਭਾਵੇਂ ਕਿ ਮਾਨਵੀ ਨਜ਼ਰੀਏ ਤੋਂ ਲੱਗਦਾ ਸੀ ਕਿ ਅੰਤ ਆਉਣ ਵਿਚ ਚਿਰ ਲਾ ਰਿਹਾ ਸੀ, ਪਰਮੇਸ਼ੁਰ ਕਹਿੰਦਾ ਹੈ ਕਿ “ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਦੂਜੀ ਗੱਲ ਜੋ ਯਹੋਵਾਹ ਨੇ ਹਬੱਕੂਕ ਨੂੰ ਯਾਦ ਕਰਵਾਈ ਇਹ ਸੀ ਕਿ “ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।” (ਹਬੱਕੂਕ 2:4) ਇਹ ਕਿੰਨੀਆਂ ਸਪੱਸ਼ਟ ਅਤੇ ਸੋਹਣੀਆਂ ਸੱਚਾਈਆਂ ਹਨ! ਸਭ ਤੋਂ ਜ਼ਰੂਰੀ ਗੱਲ ਇਹ ਨਹੀਂ ਹੈ ਕਿ ਅੰਤ ਕਦੋਂ ਆਵੇਗਾ, ਪਰ ਇਹ ਹੈ ਕਿ ਕੀ ਅਸੀਂ ਨਿਹਚਾ ਵਾਲੀ ਜ਼ਿੰਦਗੀ ਜੀਉਂਦੇ ਰਹਾਂਗੇ ਜਾਂ ਨਹੀਂ।
9. (ੳ) ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਦੇ ਕਾਰਨ 607 ਸਾ.ਯੁ.ਪੂ. ਵਿਚ ਉਸ ਦੇ ਸੇਵਕ ਕਿਸ ਤਰ੍ਹਾਂ ਜੀਉਂਦੇ ਰਹੇ? (ਅ) ਅਤੇ 66 ਸਾ.ਯੁ. ਤੋਂ ਬਾਅਦ ਕਿਸ ਤਰ੍ਹਾਂ ਜੀਉਂਦੇ ਰਹੇ? (ੲ) ਸਾਡੇ ਲਈ ਆਪਣੀ ਨਿਹਚਾ ਨੂੰ ਪੱਕਾ ਕਰਨਾ ਕਿਉਂ ਜ਼ਰੂਰੀ ਹੈ?
9 ਜਦੋਂ 607 ਸਾ.ਯੁ.ਪੂ. ਵਿਚ ਯਰੂਸ਼ਲਮ ਦਾ ਨਾਸ ਕੀਤਾ ਗਿਆ ਸੀ, ਤਾਂ ਯਿਰਮਿਯਾਹ ਨੇ, ਉਸ ਦੇ ਸਕੱਤਰ ਬਾਰੂਕ ਨੇ, ਅਬਦ-ਮਲਕ ਨੇ, ਅਤੇ ਵਫ਼ਾਦਾਰ ਰੇਕਾਬੀਆਂ ਨੇ ਹਬੱਕੂਕ ਨਾਲ ਕੀਤੇ ਗਏ ਯਹੋਵਾਹ ਦੇ ਵਾਅਦੇ ਦੀ ਪੂਰਤੀ ਦੇਖੀ। ਉਹ ਯਰੂਸ਼ਲਮ ਦੇ ਭਿਆਨਕ ਵਿਨਾਸ਼ ਤੋਂ ਬਚ ਕੇ ‘ਜੀਉਂਦੇ ਰਹੇ।’ ਕਿਉਂ? ਕਿਉਂਕਿ ਯਹੋਵਾਹ ਨੇ ਉਨ੍ਹਾਂ ਦੀ ਵਫ਼ਾਦਾਰੀ ਦੇ ਕਾਰਨ ਉਨ੍ਹਾਂ ਨੂੰ ਬਰਕਤ ਦਿੱਤੀ। (ਯਿਰਮਿਯਾਹ 35:1-19; 39:15-18; 43:4-7; 45:1-5) ਇਸੇ ਤਰ੍ਹਾਂ, ਪਹਿਲੀ ਸਦੀ ਦੇ ਇਬਰਾਨੀ ਮਸੀਹੀਆਂ ਨੇ ਪੌਲੁਸ ਦੀ ਸਲਾਹ ਵੱਲ ਚੰਗੀ ਤਰ੍ਹਾਂ ਧਿਆਨ ਦਿੱਤਾ ਹੋਣਾ, ਕਿਉਂਕਿ ਜਦੋਂ 66 ਸਾ.ਯੁ. ਵਿਚ ਰੋਮੀ ਫ਼ੌਜਾਂ ਯਰੂਸ਼ਲਮ ਉੱਤੇ ਹਮਲਾ ਕਰਨ ਤੋਂ ਬਾਅਦ ਅਚਾਨਕ ਹੀ ਪਿੱਛੇ ਹਟ ਗਈਆਂ ਸਨ, ਤਾਂ ਉਹ ਮਸੀਹੀ ਯਿਸੂ ਦੀ ਸਲਾਹ ਪ੍ਰਤੀ ਵਫ਼ਾਦਾਰ ਰਹੇ ਅਤੇ ਉੱਥੋਂ ਭੱਜ ਨਿਕਲੇ। (ਲੂਕਾ 21:20, 21) ਉਹ ਆਪਣੀ ਵਫ਼ਾਦਾਰੀ ਕਾਰਨ ਜੀਉਂਦੇ ਰਹੇ। ਇਸੇ ਤਰ੍ਹਾਂ, ਅਸੀਂ ਵੀ ਜੀਉਂਦੇ ਰਹਾਂਗੇ ਜੇ ਅਸੀਂ ਅੰਤ ਆਉਣ ਤਕ ਵਫ਼ਾਦਾਰ ਰਹਾਂਗੇ। ਆਪਣੀ ਨਿਹਚਾ ਨੂੰ ਹੁਣ ਪੱਕਾ ਕਰਨ ਲਈ ਇਹ ਕਿੰਨਾ ਵੱਡਾ ਕਾਰਨ ਹੈ!
ਨਿਹਚਾ ਦੀਆਂ ਮਿਸਾਲਾਂ ਉੱਤੇ ਮਨਨ ਕਰਨਾ
10. ਪੌਲੁਸ ਨੇ ਮੂਸਾ ਦੀ ਨਿਹਚਾ ਦਾ ਕਿਸ ਤਰ੍ਹਾਂ ਵਰਣਨ ਕੀਤਾ ਸੀ, ਅਤੇ ਅਸੀਂ ਮੂਸਾ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
10 ਪੌਲੁਸ ਨੇ ਮਿਸਾਲਾਂ ਦੀ ਚੰਗੀ ਵਰਤੋਂ ਰਾਹੀਂ ਵੀ ਨਿਹਚਾ ਵਧਾਈ ਸੀ। ਜਿਉਂ-ਜਿਉਂ ਤੁਸੀਂ ਇਬਰਾਨੀਆਂ ਦੇ ਗਿਆਰ੍ਹਵੇਂ ਅਧਿਆਇ ਨੂੰ ਪੜ੍ਹਦੇ ਹੋ, ਧਿਆਨ ਦਿਓ ਕਿ ਉਹ ਬਾਈਬਲ ਦੀਆਂ ਕਹਾਣੀਆਂ ਨੂੰ ਕਿਸ ਤਰ੍ਹਾਂ ਜ਼ਿੰਦਾ ਬਣਾਉਂਦਾ ਹੈ। ਮਿਸਾਲ ਲਈ, ਉਹ ਕਹਿੰਦਾ ਹੈ ਕਿ ਮੂਸਾ “ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰ ਲਿਆ ਸੀ।” (ਟੇਢੇ ਟਾਈਪ ਸਾਡੇ; ਇਬਰਾਨੀਆਂ 11:27, ਨਵਾਂ ਅਨੁਵਾਦ) ਯਾਨੀ ਕਿ, ਮੂਸਾ ਲਈ ਯਹੋਵਾਹ ਇੰਨਾ ਅਸਲੀ ਸੀ ਮਾਨੋ ਉਸ ਨੇ ਅਣਦੇਖੇ ਪਰਮੇਸ਼ੁਰ ਨੂੰ ਦੇਖ ਲਿਆ ਸੀ। ਕੀ ਸਾਡੇ ਬਾਰੇ ਵੀ ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ? ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਨੀ ਸੌਖੀ ਹੈ, ਪਰ ਉਸ ਰਿਸ਼ਤੇ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਰੱਖਣ ਲਈ ਮਿਹਨਤ ਦੀ ਜ਼ਰੂਰਤ ਹੈ। ਅਤੇ ਇਹ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ! ਕੀ ਯਹੋਵਾਹ ਸਾਡੇ ਲਈ ਇੰਨਾ ਅਸਲੀ ਹੈ ਕਿ ਅਸੀਂ ਛੋਟੇ-ਛੋਟੇ ਫ਼ੈਸਲੇ ਕਰਦੇ ਸਮੇਂ ਵੀ ਉਸ ਨੂੰ ਧਿਆਨ ਵਿਚ ਰੱਖਦੇ ਹਾਂ? ਇਸ ਤਰ੍ਹਾਂ ਦੀ ਨਿਹਚਾ ਸਖ਼ਤ ਤੋਂ ਸਖ਼ਤ ਵਿਰੋਧਤਾ ਦਾ ਵੀ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗੀ।
11, 12. (ੳ) ਹਨੋਕ ਦੀ ਨਿਹਚਾ ਕਿਨ੍ਹਾਂ ਹਾਲਾਤਾਂ ਅਧੀਨ ਪਰਖੀ ਗਈ ਹੋਵੇਗੀ? (ਅ) ਹਨੋਕ ਨੂੰ ਕਿਹੜਾ ਵਧੀਆ ਫਲ ਮਿਲਿਆ ਸੀ?
11 ਹਨੋਕ ਦੀ ਨਿਹਚਾ ਵੱਲ ਵੀ ਧਿਆਨ ਦਿਓ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਸ ਨੇ ਕਿਸ ਤਰ੍ਹਾਂ ਦੀ ਵਿਰੋਧਤਾ ਸਹਾਰੀ। ਹਨੋਕ ਨੂੰ ਉਨ੍ਹਾਂ ਦਿਨਾਂ ਵਿਚ ਜੀ ਰਹੇ ਦੁਸ਼ਟ ਲੋਕਾਂ ਦੇ ਵਿਰੁੱਧ ਨਿਆਉਂ ਦਾ ਡਾਢਾ ਸੰਦੇਸ਼ ਐਲਾਨ ਕਰਨਾ ਪਿਆ ਸੀ। (ਯਹੂਦਾਹ 14, 15) ਜ਼ਾਹਰ ਹੈ ਕਿ ਇਸ ਵਫ਼ਾਦਾਰ ਆਦਮੀ ਉੱਤੇ ਕੀਤੇ ਗਏ ਇੰਨੇ ਭੈੜੇ ਅਤੇ ਹਿੰਸਕ ਜ਼ੁਲਮ ਕਰਕੇ ਯਹੋਵਾਹ ਨੇ “ਉਹ ਨੂੰ ਉਤਾਹਾਂ ਚੁੱਕ ਲਿਆ,” ਯਾਨੀ ਕਿ ਉਸ ਦੇ ਦੁਸ਼ਮਣਾਂ ਦੁਆਰਾ ਮਾਰੇ ਜਾਣ ਤੋਂ ਪਹਿਲਾਂ, ਯਹੋਵਾਹ ਨੇ ਉਸ ਨੂੰ ਮੌਤ ਦੀ ਨੀਂਦ ਵਿਚ ਸੁਲਾ ਦਿੱਤਾ ਸੀ। ਇਸ ਲਈ ਹਨੋਕ ਆਪਣੀ ਭਵਿੱਖਬਾਣੀ ਦੀ ਪੂਰਤੀ ਨਹੀਂ ਦੇਖ ਸਕਿਆ। ਲੇਕਿਨ ਉਸ ਨੂੰ ਅਜਿਹਾ ਦਾਨ ਮਿਲਿਆ ਜੋ ਪੂਰਤੀ ਦੇਖਣ ਨਾਲੋਂ ਵੀ ਬਿਹਤਰ ਸੀ।—ਇਬਰਾਨੀਆਂ 11:5; ਉਤਪਤ 5:22-24.
12 ਪੌਲੁਸ ਸਮਝਾਉਂਦਾ ਹੈ ਕਿ “ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ [ਹਨੋਕ ਨੂੰ] ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।” (ਇਬਰਾਨੀਆਂ 11:5) ਇਸ ਦਾ ਕੀ ਮਤਲਬ ਹੈ? ਹੋ ਸਕਦਾ ਹੈ ਕਿ ਮੌਤ ਦੀ ਨੀਂਦ ਵਿਚ ਸੌਣ ਤੋਂ ਪਹਿਲਾਂ ਹਨੋਕ ਨੂੰ ਕੋਈ ਦਰਸ਼ਣ ਮਿਲਿਆ ਹੋਵੇ, ਸ਼ਾਇਦ ਫਿਰਦੌਸ ਵਰਗੀ ਧਰਤੀ ਦਾ ਦਰਸ਼ਣ ਜਿਸ ਵਿਚ ਉਹ ਕਿਸੇ ਦਿਨ ਜਾਗੇਗਾ। ਕਿਸੇ-ਨ-ਕਿਸੇ ਤਰੀਕੇ ਯਹੋਵਾਹ ਨੇ ਹਨੋਕ ਨੂੰ ਦੱਸਿਆ ਕਿ ਉਹ ਉਸ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ। ਹਨੋਕ ਨੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਸੀ। (ਕਹਾਉਤਾਂ 27:11 ਦੀ ਤੁਲਨਾ ਕਰੋ।) ਹਨੋਕ ਦੀ ਜ਼ਿੰਦਗੀ ਬਾਰੇ ਸੋਚਣਾ ਸਾਨੂੰ ਪ੍ਰਭਾਵਿਤ ਕਰਦਾ ਹੈ, ਹੈ ਨਾ? ਕੀ ਤੁਸੀਂ ਉਸ ਵਰਗੀ ਵਫ਼ਾਦਾਰੀ ਦੀ ਜ਼ਿੰਦਗੀ ਜੀਉਣੀ ਚਾਹੋਗੇ? ਤਾਂ ਫਿਰ ਅਜਿਹਿਆਂ ਵਿਅਕਤੀਆਂ ਦੀਆਂ ਕਹਾਣੀਆਂ ਉੱਤੇ ਮਨਨ ਕਰੋ; ਇਨ੍ਹਾਂ ਨੂੰ ਅਸਲੀ ਸਮਝੋ। ਹਰ ਰੋਜ਼, ਨਿਹਚਾ ਵਿਚ ਜੀਉਣ ਦਾ ਪੱਕਾ ਇਰਾਦਾ ਬਣਾਓ। ਇਹ ਵੀ ਯਾਦ ਰੱਖੋ ਕਿ ਜੋ ਨਿਹਚਾ ਕਰਦੇ ਹਨ ਉਹ ਯਹੋਵਾਹ ਦੀ ਸੇਵਾ ਕਿਸੇ ਤਾਰੀਖ਼ ਨੂੰ ਮਨ ਵਿਚ ਰੱਖ ਕੇ ਨਹੀਂ ਕਰਦੇ। ਉਹ ਫ਼ਿਕਰ ਨਹੀਂ ਕਰਦੇ ਕਿ ਯਹੋਵਾਹ ਆਪਣੇ ਵਾਅਦੇ ਕਦੋਂ ਨਿਭਾਵੇਗਾ। ਇਸ ਦੀ ਬਜਾਇ, ਅਸੀਂ ਯਹੋਵਾਹ ਦੀ ਸੇਵਾ ਹਮੇਸ਼ਾ ਲਈ ਕਰਨ ਦਾ ਪੱਕਾ ਇਰਾਦਾ ਬਣਾਇਆ ਹੈ! ਇਸ ਤਰ੍ਹਾਂ ਕਰਨਾ, ਇਸ ਰੀਤੀ ਵਿਚ ਅਤੇ ਅਗਲੀ ਰੀਤੀ ਵਿਚ ਵੀ, ਜੀਵਨ ਦਾ ਸਭ ਤੋਂ ਵਧੀਆ ਰਾਹ ਹੈ।
ਨਿਹਚਾ ਵਿਚ ਮਜ਼ਬੂਤ ਹੋਣ ਦੇ ਤਰੀਕੇ
13, 14. (ੳ) ਇਬਰਾਨੀਆਂ 10:24, 25 ਤੇ ਦਰਜ ਪੌਲੁਸ ਦੇ ਸ਼ਬਦ, ਸਭਾਵਾਂ ਨੂੰ ਖ਼ੁਸ਼ੀ-ਭਰੇ ਮੌਕੇ ਬਣਾਉਣ ਵਿਚ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ? (ਅ) ਸਭਾਵਾਂ ਤੇ ਜਾਣ ਦਾ ਮੁੱਖ ਕਾਰਨ ਕੀ ਹੈ?
13 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਨਿਹਚਾ ਮਜ਼ਬੂਤ ਕਰਨ ਦੇ ਕਈ ਚੰਗੇ ਤਰੀਕੇ ਦਿਖਾਏ ਸਨ। ਆਓ ਆਪਾਂ ਇਨ੍ਹਾਂ ਵਿੱਚੋਂ ਦੋ ਤਰੀਕਿਆਂ ਵੱਲ ਧਿਆਨ ਦੇਈਏ। ਅਸੀਂ ਇਬਰਾਨੀਆਂ 10:24, 25 ਵਿਚ ਦਰਜ ਉਸ ਦੇ ਉਪਦੇਸ਼ ਨੂੰ ਤਾਂ ਜਾਣਦੇ ਹੀ ਹਾਂ, ਜੋ ਸਾਨੂੰ ਨਿਯਮਿਤ ਤੌਰ ਤੇ ਆਪਣੀਆਂ ਮਸੀਹੀ ਸਭਾਵਾਂ ਤੇ ਜਾਣ ਲਈ ਉਤੇਜਿਤ ਕਰਦਾ ਹੈ। ਪਰ, ਯਾਦ ਰੱਖੋ ਕਿ ਇੱਥੇ ਪੌਲੁਸ ਦੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਇਨ੍ਹਾਂ ਸਭਾਵਾਂ ਤੇ ਸਿਰਫ਼ ਬੈਠ-ਬੂਠ ਕੇ ਆ ਜਾਈਏ। ਇਸ ਦੀ ਬਜਾਇ, ਪੌਲੁਸ ਨੇ ਵਰਣਨ ਕੀਤਾ ਕਿ ਸਭਾਵਾਂ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਨ, ਪਰਮੇਸ਼ੁਰ ਦੀ ਸੇਵਾ ਵਿਚ ਇਕ ਦੂਸਰੇ ਨੂੰ ਅੱਗੇ ਵਧਾਉਣ, ਅਤੇ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦੇ ਮੌਕੇ ਹਨ। ਅਸੀਂ ਉੱਥੇ ਸਿਰਫ਼ ਲੈਣ ਵਾਸਤੇ ਹੀ ਨਹੀਂ ਪਰ ਦੇਣ ਵਾਸਤੇ ਜਾਂਦੇ ਹਾਂ। ਇਸ ਤਰ੍ਹਾਂ ਦਾ ਦੇਣਾ ਸਾਡੀਆਂ ਸਭਾਵਾਂ ਨੂੰ ਖ਼ੁਸ਼ੀ-ਭਰੇ ਮੌਕੇ ਬਣਾਉਣ ਵਿਚ ਮਦਦ ਕਰਦਾ ਹੈ।—ਰਸੂਲਾਂ ਦੇ ਕਰਤੱਬ 20:35.
14 ਲੇਕਿਨ ਮੁੱਖ ਤੌਰ ਤੇ, ਅਸੀਂ ਮਸੀਹੀ ਸਭਾਵਾਂ ਤੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਜਾਂਦੇ ਹਾਂ। ਅਸੀਂ ਪ੍ਰਾਰਥਨਾ ਕਰਨ ਦੁਆਰਾ ਅਤੇ ਗੀਤ ਗਾਉਣ ਦੁਆਰਾ, ਧਿਆਨ ਨਾਲ ਸੁਣਨ ਦੁਆਰਾ, ਅਤੇ “ਬੁੱਲ੍ਹਾਂ ਦਾ ਫਲ” ਦੇਣ ਦੁਆਰਾ, ਯਾਨੀ ਆਪਣੀਆਂ ਟਿੱਪਣੀਆਂ ਅਤੇ ਸਭਾਵਾਂ ਵਿਚ ਹੋਰ ਤਰੀਕਿਆਂ ਵਿਚ ਭਾਗ ਲੈਣ ਰਾਹੀਂ ਯਹੋਵਾਹ ਦੀ ਉਸਤਤ ਕਰਦੇ ਹਾਂ। (ਇਬਰਾਨੀਆਂ 13:15) ਜੇਕਰ ਅਸੀਂ ਇਨ੍ਹਾਂ ਟੀਚਿਆਂ ਨੂੰ ਆਪਣੇ ਮਨ ਵਿਚ ਰੱਖੀਏ ਅਤੇ ਹਰੇਕ ਸਭਾ ਤੇ ਇਨ੍ਹਾਂ ਨੂੰ ਲਾਗੂ ਕਰੀਏ, ਤਾਂ ਸਾਡੀ ਨਿਹਚਾ ਹਰੇਕ ਸਭਾ ਤੇ ਜ਼ਰੂਰ ਮਜ਼ਬੂਤ ਕੀਤੀ ਜਾਵੇਗੀ।
15. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਆਪਣੇ ਪ੍ਰਚਾਰ ਦੇ ਕੰਮ ਨੂੰ ਫੜੀ ਰੱਖਣ ਲਈ ਕਿਉਂ ਕਿਹਾ ਸੀ, ਅਤੇ ਇਹ ਸਲਾਹ ਅੱਜ ਸਾਡੇ ਲਈ ਵੀ ਕਿਉਂ ਚੰਗੀ ਹੈ?
15 ਨਿਹਚਾ ਵਧਾਉਣ ਦਾ ਇਕ ਹੋਰ ਤਰੀਕਾ ਪ੍ਰਚਾਰ ਦਾ ਕੰਮ ਹੈ। ਪੌਲੁਸ ਨੇ ਲਿਖਿਆ ਕਿ ਆਓ “ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਹ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।” (ਇਬਰਾਨੀਆਂ 10:23) ਮਿਸਾਲ ਲਈ, ਅਸੀਂ ਦੂਸਰਿਆਂ ਨੂੰ ਕਿਸੇ ਚੀਜ਼ ਨੂੰ ਫੜੀ ਰੱਖਣ ਲਈ ਹੌਸਲਾ ਦੇ ਸਕਦੇ ਹਾਂ ਜਦੋਂ ਇਸ ਤਰ੍ਹਾਂ ਲੱਗਦਾ ਹੋਵੇ ਕਿ ਉਹ ਹਾਰ ਮੰਨਣ ਵਾਲੇ ਹਨ। ਸ਼ਤਾਨ ਉਨ੍ਹਾਂ ਇਬਰਾਨੀ ਮਸੀਹੀਆਂ ਉੱਤੇ ਪ੍ਰਚਾਰ ਸੇਵਕਾਈ ਨੂੰ ਛੱਡਣ ਦਾ ਸੱਚ-ਮੁੱਚ ਦਬਾਅ ਪਾ ਰਿਹਾ ਸੀ, ਅਤੇ ਉਹ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਉੱਤੇ ਦਬਾਅ ਪਾ ਰਿਹਾ ਹੈ। ਇਨ੍ਹਾਂ ਦਬਾਵਾਂ ਦੇ ਅਧੀਨ ਸਾਨੂੰ ਕੀ ਕਰਨਾ ਚਾਹੀਦਾ ਹੈ? ਧਿਆਨ ਦਿਓ ਕਿ ਪੌਲੁਸ ਨੇ ਕੀ ਕੀਤਾ ਸੀ?
16, 17. (ੳ) ਸੇਵਕਾਈ ਦੇ ਕੰਮ ਵਿਚ ਪੌਲੁਸ ਇੰਨਾ ਦਲੇਰ ਕਿਸ ਤਰ੍ਹਾਂ ਬਣਿਆ ਸੀ? (ਅ) ਜੇਕਰ ਸਾਡੇ ਲਈ ਮਸੀਹੀ ਸੇਵਕਾਈ ਦਾ ਕੋਈ ਪਹਿਲੂ ਔਖਾ ਹੋਵੇ, ਤਾਂ ਸਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ?
16 ਥੱਸਲੁਨੀਕੀਆਂ ਦੇ ਮਸੀਹੀਆਂ ਨੂੰ ਪੌਲੁਸ ਨੇ ਲਿਖਿਆ ਕਿ “ਭਾਵੇਂ ਅਸਾਂ ਅੱਗੇ ਫਿਲਿੱਪੈ ਵਿੱਚ ਜਿਹਾ ਤੁਸੀਂ ਜਾਣਦੇ ਹੋ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।” (1 ਥੱਸਲੁਨੀਕੀਆਂ 2:2) ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਫ਼ਿਲਿੱਪੈ ਵਿਚ ਕਿਸ ਤਰ੍ਹਾਂ ‘ਅਪਜਸ ਝੱਲਣਾ’ ਪਿਆ ਸੀ? ਕੁਝ ਵਿਦਵਾਨਾਂ ਦੇ ਅਨੁਸਾਰ, ਜਿਸ ਯੂਨਾਨੀ ਸ਼ਬਦ ਨੂੰ ਪੌਲੁਸ ਨੇ ਵਰਤਿਆ ਸੀ ਉਸ ਤੋਂ ਨਿਰਾਦਰ ਭਰੇ, ਸ਼ਰਮਨਾਕ, ਜਾਂ ਜ਼ਾਲਮ ਸਲੂਕ ਦਾ ਸੰਕੇਤ ਮਿਲਦਾ ਹੈ। ਫ਼ਿਲਿੱਪੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੈਂਤਾਂ ਨਾਲ ਮਾਰਿਆ, ਕੈਦ ਵਿਚ ਸੁੱਟਿਆ, ਅਤੇ ਉਨ੍ਹਾਂ ਦੇ ਪੈਰੀਂ ਕਾਠ ਠੋਕੇ। (ਰਸੂਲਾਂ ਦੇ ਕਰਤੱਬ 16:16-24) ਇਸ ਦਰਦਨਾਕ ਅਨੁਭਵ ਨੇ ਪੌਲੁਸ ਉੱਤੇ ਕਿਸ ਤਰ੍ਹਾਂ ਦਾ ਅਸਰ ਪਾਇਆ? ਕੀ ਉਸ ਦੇ ਮਿਸ਼ਨਰੀ ਦੌਰੇ ਦੇ ਅਗਲੇ ਸ਼ਹਿਰ, ਥੱਸਲੁਨੀਕਾ, ਦੇ ਲੋਕਾਂ ਨੇ ਪੌਲੁਸ ਨੂੰ ਡਰ ਦੇ ਮਾਰੇ ਪਿਛਾਹਾਂ ਹਟਦੇ ਪਾਇਆ ਸੀ? ਨਹੀਂ, ਉਸ ਨੇ ‘ਦਿਲੇਰੀ’ ਦਿਖਾਈ ਸੀ। ਉਸ ਨੇ ਆਪਣੇ ਡਰ ਉੱਤੇ ਕਾਬੂ ਪਾ ਕੇ ਦਲੇਰੀ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ।
17 ਪੌਲੁਸ ਇੰਨਾ ਦਲੇਰ ਕਿਸ ਤਰ੍ਹਾਂ ਬਣਿਆ ਸੀ? ਕੀ ਇਹ ਉਸ ਦੀ ਆਪਣੀ ਸ਼ਕਤੀ ਨਾਲ ਸੀ? ਨਹੀਂ, ਉਸ ਨੇ ਕਿਹਾ ਕਿ ਉਹ “ਆਪਣੇ ਪਰਮੇਸ਼ੁਰ ਦੇ ਆਸਰੇ” ਦਲੇਰ ਹੋਇਆ ਸੀ। ਬਾਈਬਲ ਦੇ ਅਨੁਵਾਦਕਾਂ ਲਈ ਇਕ ਪੁਸਤਕ ਕਹਿੰਦੀ ਹੈ ਕਿ ਇਨ੍ਹਾਂ ਸ਼ਬਦਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ ਕਿ “ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਵਿੱਚੋਂ ਡਰ ਕੱਢ ਦਿੱਤਾ ਸੀ।” ਇਸ ਲਈ ਜੇ ਤੁਹਾਨੂੰ ਆਪਣੀ ਪ੍ਰਚਾਰ ਦੀ ਸੇਵਕਾਈ ਵਿਚ ਡਰ ਲੱਗਦਾ ਹੋਵੇ ਜਾਂ ਉਸ ਦਾ ਕੋਈ ਖ਼ਾਸ ਪਹਿਲੂ ਤੁਹਾਨੂੰ ਔਖਾ ਲੱਗਦਾ ਹੋਵੇ, ਤਾਂ ਕਿਉਂ ਨਾ ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਤੁਹਾਡੇ ਲਈ ਵੀ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਉਸ ਨੇ ਪੌਲੁਸ ਲਈ ਕੀਤਾ ਸੀ। ਉਸ ਤੋਂ ਮੰਗ ਕਰੋ ਕਿ ਉਹ ਤੁਹਾਡੇ ਦਿਲ ਵਿੱਚੋਂ ਡਰ ਕੱਢ ਦੇਵੇ ਅਤੇ ਤੁਹਾਨੂੰ ਵੀ ਇਸ ਕੰਮ ਲਈ ਦਲੇਰ ਬਣਾਵੇ। ਇਸ ਦੇ ਨਾਲ-ਨਾਲ, ਹੋਰ ਵੀ ਲਾਭਦਾਇਕ ਕਦਮ ਚੁੱਕੋ। ਮਿਸਾਲ ਲਈ, ਅਜਿਹੇ ਵਿਅਕਤੀ ਨਾਲ ਪ੍ਰਚਾਰ ਦੇ ਕੰਮ ਵਿਚ ਜਾਣ ਦਾ ਪ੍ਰਬੰਧ ਬਣਾਓ ਜੋ ਸੇਵਕਾਈ ਦੇ ਉਸ ਪਹਿਲੂ ਵਿਚ ਕਾਮਯਾਬ ਹੋਵੇ ਜੋ ਤੁਹਾਨੂੰ ਔਖਾ ਲੱਗਦਾ ਹੈ। ਇਸ ਵਿਚ ਸ਼ਾਇਦ ਬਿਜ਼ਨਿਸ ਖੇਤਰ, ਸੜਕਾਂ ਤੇ, ਟੈਲੀਫ਼ੋਨ ਤੇ, ਜਾਂ ਕਿਸੇ ਹੋਰ ਗ਼ੈਰ-ਰਸਮੀ ਤਰੀਕੇ ਵਿਚ ਗਵਾਹੀ ਦੇਣੀ ਸ਼ਾਮਲ ਹੋਵੇ। ਸ਼ਾਇਦ ਤੁਹਾਡਾ ਸਾਥੀ ਪਹਿਲਾਂ ਗੱਲ ਸ਼ੁਰੂ ਕਰ ਸਕਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ਧਿਆਨ ਨਾਲ ਸੁਣੋ ਅਤੇ ਸਿੱਖੋ। ਫਿਰ ਦਲੇਰ ਹੋ ਕਿ ਖ਼ੁਦ ਵਾਰੀ ਲਵੋ।
18. ਜੇ ਅਸੀਂ ਆਪਣੀ ਸੇਵਕਾਈ ਦਲੇਰੀ ਨਾਲ ਕਰੀਏ ਤਾਂ ਅਸੀਂ ਕਿਨ੍ਹਾਂ ਬਰਕਤਾਂ ਨੂੰ ਅਨੁਭਵ ਕਰਾਂਗੇ?
18 ਜ਼ਰਾ ਸੋਚੋ ਕਿ ਦਲੇਰੀ ਦਿਖਾਉਣ ਦੇ ਨਤੀਜੇ ਕੀ ਹੋ ਸਕਦੇ ਹਨ। ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਜਾਰੀ ਰੱਖੋਗੇ ਅਤੇ ਹਿੰਮਤ ਨਾ ਹਾਰੋਗੇ ਤਾਂ ਸੰਭਵ ਹੈ ਕਿ ਦੂਸਰਿਆਂ ਨੂੰ ਸੱਚਾਈ ਦੱਸਣ ਵਿਚ ਤੁਹਾਡੇ ਵਧੀਆ ਅਨੁਭਵ ਹੋਣਗੇ, ਅਜਿਹੇ ਅਨੁਭਵ ਜੋ ਸ਼ਾਇਦ ਇਸ ਤਰ੍ਹਾਂ ਕਰਨ ਤੋਂ ਬਗੈਰ ਕਦੀ ਨਾ ਹੁੰਦੇ। (ਸਫ਼ਾ 25 ਦੇਖੋ।) ਇਹ ਜਾਣ ਕੇ ਤੁਹਾਨੂੰ ਸੰਤੁਸ਼ਟੀ ਹੋਵੇਗੀ ਕਿ ਅਜਿਹਾ ਔਖਾ ਕੰਮ ਕਰ ਕੇ ਤੁਸੀਂ ਯਹੋਵਾਹ ਨੂੰ ਖ਼ੁਸ਼ ਕੀਤਾ ਹੈ। ਤੁਸੀਂ ਆਪਣੇ ਡਰ ਉੱਤੇ ਕਾਬੂ ਪਾਉਣ ਵਿਚ ਉਸ ਦੀ ਬਰਕਤ ਅਤੇ ਮਦਦ ਅਨੁਭਵ ਕਰੋਗੇ। ਤੁਹਾਡੀ ਨਿਹਚਾ ਜ਼ਿਆਦਾ ਮਜ਼ਬੂਤ ਹੋਵੇਗੀ। ਸੱਚ-ਮੁੱਚ, ਤੁਸੀਂ ਦੂਸਰਿਆਂ ਦੀ ਨਿਹਚਾ ਨੂੰ ਵਧਾਉਣ ਵਿਚ ਮਿਹਨਤ ਕਰ ਕੇ ਆਪਣੀ ਨਿਹਚਾ ਵੀ ਵਧਾਉਂਦੇ ਹੋ।—ਯਹੂਦਾਹ 20, 21.
19. ‘ਜਿਹੜੇ ਨਿਹਚਾ ਕਰਦੇ’ ਹਨ ਉਨ੍ਹਾਂ ਲਈ ਕਿਹੜਾ ਵਧੀਆ ਫਲ ਹੈ?
19 ਤੁਸੀਂ ਆਪਣੀ ਅਤੇ ਹੋਰਨਾਂ ਦੀ ਨਿਹਚਾ ਨੂੰ ਮਜ਼ਬੂਤ ਕਰਨ ਵਿਚ ਲੱਗੇ ਰਹੋ। ਪਰਮੇਸ਼ੁਰ ਦੇ ਬਚਨ ਦੀ ਚੰਗੀ ਵਰਤੋਂ ਕਰਨ ਰਾਹੀਂ, ਬਾਈਬਲ ਵਿਚ ਨਿਹਚਾ ਦੀਆਂ ਮਿਸਾਲਾਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਜ਼ਿੰਦਾ ਕਰਨ ਰਾਹੀਂ, ਮਸੀਹੀ ਸਭਾਵਾਂ ਲਈ ਤਿਆਰੀ ਕਰਨ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਰਾਹੀਂ, ਅਤੇ ਪ੍ਰਚਾਰ ਦੀ ਸੇਵਕਾਈ ਦੇ ਵੱਡੇ ਸਨਮਾਨ ਨੂੰ ਫੜੀ ਰੱਖਣ ਰਾਹੀਂ, ਤੁਸੀਂ ਆਪਣੇ ਆਪ ਅਤੇ ਦੂਸਰਿਆਂ ਨੂੰ ਮਜ਼ਬੂਤ ਕਰ ਸਕਦੇ ਹੋ। ਜਿਉਂ-ਜਿਉਂ ਤੁਸੀਂ ਇਹ ਚੀਜ਼ਾਂ ਕਰਦੇ ਹੋ, ਨਿਸ਼ਚਿਤ ਹੋਵੋ ਕਿ ਤੁਸੀਂ ਜ਼ਰੂਰ ‘ਉਹਨਾਂ ਵਿੱਚੋਂ ਹੋ ਜਿਹੜੇ ਨਿਹਚਾ ਕਰਦੇ’ ਹਨ। ਇਹ ਵੀ ਯਾਦ ਰੱਖੋ ਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਵਧੀਆ ਫਲ ਮਿਲੇਗਾ। ਉਹ “ਉਨ੍ਹਾਂ ਵਿੱਚੋਂ” ਹਨ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।”b ਸਾਡੀ ਉਮੀਦ ਹੈ ਕਿ ਤੁਹਾਡੀ ਨਿਹਚਾ ਹਮੇਸ਼ਾ ਵਧਦੀ ਰਹੇ ਅਤੇ ਯਹੋਵਾਹ ਪਰਮੇਸ਼ੁਰ ਤੁਹਾਨੂੰ ਹਮੇਸ਼ਾ ਲਈ ਬਚਾ ਕੇ ਰੱਖੇ!
[ਫੁਟਨੋਟ]
a ਪੌਲੁਸ ਨੇ ਸੈਪਟੁਜਿੰਟ ਤਰਜਮੇ ਤੋਂ ਹਬੱਕੂਕ 2:4 ਦਾ ਹਵਾਲਾ ਦਿੱਤਾ ਸੀ, ਜਿਸ ਵਿਚ ਇਹ ਸ਼ਬਦ ਸ਼ਾਮਲ ਹਨ ਕਿ “ਜੇ ਕੋਈ ਵੀ ਪਿਛਾਹਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪਰਸੰਨ ਨਹੀਂ ਹੋਵੇਗਾ।” ਅੱਜ ਦੀਆਂ ਕਿਸੇ ਵੀ ਇਬਰਾਨੀ ਹੱਥ-ਲਿਖਤਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ। ਕੁਝ ਲੋਕਾਂ ਨੇ ਕਿਹਾ ਹੈ ਕਿ ਸੈਪਟੁਜਿੰਟ ਉਨ੍ਹਾਂ ਇਬਰਾਨੀ ਹੱਥ-ਲਿਖਤਾਂ ਤੋਂ ਕੀਤਾ ਗਿਆ ਸੀ ਜੋ ਹੁਣ ਹੋਂਦ ਵਿਚ ਨਹੀਂ ਹਨ। ਜੋ ਵੀ ਹੋਵੇ, ਪੌਲੁਸ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਪ੍ਰਭਾਵ ਅਧੀਨ ਇਨ੍ਹਾਂ ਸ਼ਬਦਾਂ ਨੂੰ ਇਸ ਹਵਾਲੇ ਵਿਚ ਲਿਖਿਆ। ਇਸ ਲਈ ਪਰਮੇਸ਼ੁਰ ਨੇ ਇਸ ਹਵਾਲੇ ਨੂੰ ਮਨਜ਼ੂਰ ਕੀਤਾ।
b ਯਹੋਵਾਹ ਦੇ ਗਵਾਹਾਂ ਲਈ ਸਾਲ 2000 ਦਾ ਵਰ੍ਹਾ-ਪਾਠ ਇਹ ਹੈ: ‘ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਰੱਖਦੇ ਹਨ।’—ਇਬਰਾਨੀਆਂ 10:39.
-