ਇਕ ਦੁਸ਼ਟ ਦੁਨੀਆਂ ਵਿਚ ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ
ਸ਼ਤਾਨ ਦਾਅਵਾ ਕਰਦਾ ਹੈ ਕਿ ਉਹ ਸਾਰਿਆਂ ਇਨਸਾਨਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਸਕਦਾ ਹੈ। ਅਤੇ ਮਨੁੱਖੀ ਇਤਿਹਾਸ ਦੌਰਾਨ ਕਦੀ-ਕਦੀ ਇਸ ਤਰ੍ਹਾਂ ਲੱਗਾ ਕਿ ਉਸ ਦਾ ਦਾਅਵਾ ਸਹੀ ਸਾਬਤ ਹੋ ਰਿਹਾ ਸੀ। ਹਾਬਲ ਦੀ ਮੌਤ ਤੋਂ ਬਾਅਦ, ਕੁਝ 500 ਸਾਲਾਂ ਲਈ ਇਨਸਾਨਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਨੂੰ ਯਹੋਵਾਹ ਦੇ ਸੇਵਕ ਵਜੋਂ ਪੇਸ਼ ਨਹੀਂ ਕੀਤਾ ਸੀ। ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੋਣ ਦੀ ਬਜਾਇ ਆਮ ਜਨਤਾ ਦੁਸ਼ਟ ਕੰਮਾਂ ਵਿਚ ਲੱਗੀ ਹੋਈ ਸੀ।
ਇਸੇ ਦੁਸ਼ਟ ਅਤੇ ਭੈੜੇ ਸਮੇਂ ਦੌਰਾਨ ਹਨੋਕ ਨਾਂ ਦਾ ਆਦਮੀ ਧਰਤੀ ਉੱਤੇ ਰਹਿੰਦਾ ਹੁੰਦਾ ਸੀ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਨਮ 3404 ਸਾ.ਯੁ.ਪੂ ਵਿਚ ਹੋਇਆ ਸੀ। ਉਹ ਹੋਰਨਾਂ ਲੋਕਾਂ ਤੋਂ ਵੱਖਰਾ ਸੀ ਕਿਉਂਕਿ ਉਹ ਪਰਮੇਸ਼ੁਰ ਦੇ ਮਨ ਨੂੰ ਭਾਉਂਦਾ ਸੀ। ਪੌਲੁਸ ਰਸੂਲ ਨੇ ਵੀ ਹਨੋਕ ਦਾ ਜ਼ਿਕਰ ਕੀਤਾ ਜਦ ਉਹ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਬਾਰੇ ਲਿਖ ਰਿਹਾ ਸੀ। ਇਸ ਤਰ੍ਹਾਂ ਦੇ ਸੇਵਕਾਂ ਦੀ ਨਿਹਚਾ ਮਸੀਹੀਆਂ ਲਈ ਚੰਗੀ ਉਦਾਹਰਣ ਹੈ। ਪਰ ਹਨੋਕ ਕੌਣ ਸੀ? ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? ਉਸ ਨੇ ਇਨ੍ਹਾਂ ਦਾ ਕਿਸ ਤਰ੍ਹਾਂ ਸਾਮ੍ਹਣਾ ਕੀਤਾ? ਅਤੇ ਉਸ ਦੀ ਵਫ਼ਾਦਾਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਹਨੋਕ ਤੋਂ ਕੁਝ 400 ਸਾਲ ਪਹਿਲਾਂ, ਯਾਨੀ ਅਨੋਸ਼ ਨਾਂ ਦੇ ਆਦਮੀ ਦੇ ਦਿਨਾਂ “ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।” (ਉਤਪਤ 4:26) ਪਰ, ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਇਨਸਾਨ ਯਹੋਵਾਹ ਦਾ ਨਾਂ ਲੈਂਦੇ ਆਏ ਸਨ। ਇਸ ਲਈ ਅਨੋਸ਼ ਦੇ ਸਮੇਂ ਵਿਚ ਲੋਕ ਸੱਚੀ ਨਿਹਚਾ ਅਤੇ ਸ਼ੁੱਧ ਭਗਤੀ ਵਿਚ ਯਹੋਵਾਹ ਦਾ ਨਾਂ ਨਹੀਂ ਲੈਣ ਲੱਗੇ। ਕਈ ਇਬਰਾਨੀ ਵਿਦਵਾਨ ਕਹਿੰਦੇ ਹਨ ਕਿ ਉਤਪਤ 4:26 ਇਸ ਤਰ੍ਹਾਂ ਲਿਖਿਆ ਜਾਣਾ ਚਾਹੀਦਾ ਸੀ ਕਿ ਲੋਕ “ਯਹੋਵਾਹ ਦਾ ਨਾਂ ਅਪਵਿੱਤਰ ਢੰਗ ਨਾਲ ਲੈਣ ਲੱਗੇ।” ਹੋ ਸਕਦਾ ਹੈ ਕਿ ਇਸ ਸਮੇਂ ਤੇ ਬੰਦੇ ਆਪਣੇ ਆਪ ਨੂੰ ਜਾਂ ਹੋਰਨਾਂ ਇਨਸਾਨਾਂ ਨੂੰ ਯਹੋਵਾਹ ਸੱਦਣ ਲੱਗ ਪਏ ਸਨ, ਅਤੇ ਇਨ੍ਹਾਂ ਰਾਹੀਂ ਉਹ ਰੱਬ ਨਾਲ ਗੱਲਬਾਤ ਕਰਨ ਦਾ ਢੌਂਗ ਕਰਦੇ ਸਨ। ਜਾਂ ਸ਼ਾਇਦ ਉਨ੍ਹਾਂ ਨੇ ਆਪਣੇ ਦੇਵੀ-ਦੇਵਤਿਆਂ ਨੂੰ ਯਹੋਵਾਹ ਦਾ ਨਾਂ ਦਿੱਤਾ ਸੀ।
‘ਹਨੋਕ ਸੱਚੇ ਪਰਮੇਸ਼ੁਰ ਦੇ ਸੰਗ ਚਲਦਾ ਰਿਹਾ’
ਭਾਵੇਂ ਸਾਰੀ ਦੁਨੀਆਂ ਦੁਸ਼ਟ ਕੰਮਾਂ ਵਿਚ ਲੱਗੀ ਹੋਈ ਸੀ ਹਨੋਕ ਯਹੋਵਾਹ “ਪਰਮੇਸ਼ੁਰ ਦੇ ਸੰਗ ਚਲਦਾ ਰਿਹਾ।” ਸੇਥ, ਅਨੋਸ਼, ਕੇਨਾਨ, ਮਹਲਲੇਲ, ਅਤੇ ਯਰਦ, ਯਾਨੀ ਹਨੋਕ ਦੇ ਪੂਰਵਜਾਂ ਬਾਰੇ ਇਹ ਨਹੀਂ ਕਿਹਾ ਗਿਆ ਕਿ ਉਹ ਪਰਮੇਸ਼ੁਰ ਦੇ ਸੰਗ ਚੱਲਦੇ ਸਨ। ਇਸ ਲਈ ਹੋ ਸਕਦਾ ਹੈ ਕਿ ਉਹ ਸੱਚੀ ਭਗਤੀ ਵਿਚ ਉੱਨੇ ਦਲੇਰ ਨਹੀਂ ਸਨ ਜਿੰਨਾ ਹਨੋਕ ਸੀ, ਜਿਸ ਦਾ ਜੀਵਨ ਉਨ੍ਹਾਂ ਦੇ ਜੀਵਨ ਨਾਲੋਂ ਬਹੁਤ ਹੀ ਵੱਖਰਾ ਸੀ।—ਉਤਪਤ 5:3-27.
ਹਨੋਕ ਯਹੋਵਾਹ ਦੀ ਮਰਜ਼ੀ ਅਨੁਸਾਰ ਆਪਣਾ ਜੀਵਨ ਸਿਰਫ਼ ਇਸੇ ਲਈ ਬਤੀਤ ਕਰ ਸਕਿਆ ਸੀ ਕਿਉਂਕਿ ਉਸ ਦਾ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਸੀ। ਹਨੋਕ ਦੀ ਭਗਤੀ ਤੋਂ ਯਹੋਵਾਹ ਬਹੁਤ ਹੀ ਪ੍ਰਸੰਨ ਸੀ। ਅਸਲ ਵਿਚ ਯੂਨਾਨੀ ਸੈਪਟੁਜਿੰਟ ਵਿਚ ਅਤੇ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਹਨੋਕ “ਪਰਮੇਸ਼ੁਰ ਦੇ ਮਨ ਭਾਉਂਦਾ” ਸੀ।—ਉਤਪਤ 5:22; ਇਬਰਾਨੀਆਂ 11:5.
ਹਨੋਕ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਰੱਖ ਸਕਿਆ ਕਿਉਂਕਿ ਉਹ ਉਸ ਵਿਚ ਨਿਹਚਾ ਰੱਖਦਾ ਸੀ। ਉਹ ਵਾਅਦਾ ਕੀਤੀ ਗਈ “ਤੀਵੀਂ ਦੀ ਸੰਤਾਨ” ਵਿਚ ਜ਼ਰੂਰ ਵਿਸ਼ਵਾਸ ਕਰਦਾ ਸੀ। ਹੋ ਸਕਦਾ ਹੈ ਕਿ ਹਨੋਕ ਆਦਮ ਨੂੰ ਮਿਲਿਆ ਸੀ ਜਿਸ ਕਾਰਨ ਉਸ ਨੂੰ ਆਦਮ ਅਤੇ ਹੱਵਾਹ ਨਾਲ ਅਦਨ ਦੇ ਬਾਗ਼ ਵਿਚ ਵਾਪਰੀਆਂ ਗੱਲਾਂ ਬਾਰੇ ਜਾਣਕਾਰੀ ਮਿਲੀ ਹੋਵੇ। ਪਰਮੇਸ਼ੁਰ ਬਾਰੇ ਜਾਣਕਾਰੀ ਹਾਸਲ ਕਰਨ ਕਰਕੇ ਹਨੋਕ ਪਰਮੇਸ਼ੁਰ ਨੂੰ ‘ਖੋਜਣ ਵਾਲਾ’ ਸਾਬਤ ਹੋਇਆ।—ਉਤਪਤ 3:15; ਇਬਰਾਨੀਆਂ 11:6, 13, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਪਰ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਲਈ ਸਿਰਫ਼ ਗਿਆਨ ਲੈਣਾ ਕਾਫ਼ੀ ਨਹੀਂ ਹੈ। ਇਹ ਗੱਲ ਹਨੋਕ ਲਈ ਸੱਚ ਸੀ ਅਤੇ ਸਾਡੇ ਲਈ ਵੀ ਸੱਚ ਹੈ। ਜੇਕਰ ਅਸੀਂ ਕਿਸੇ ਨਾਲ ਚੰਗੀ ਦੋਸਤੀ ਕਰਨੀ ਚਾਹੁੰਦੇ ਹਾਂ ਤਾਂ ਕੀ ਇਹ ਸੱਚ ਨਹੀਂ ਕਿ ਅਸੀਂ ਉਹ ਗੱਲਾਂ ਅਤੇ ਕੰਮ ਕਰਾਂਗੇ ਜੋ ਉਸ ਨੂੰ ਚੰਗੇ ਲੱਗਦੇ ਹਨ? ਅਸੀਂ ਉਹ ਗੱਲਾਂ ਅਤੇ ਕੰਮ ਨਹੀਂ ਕਰਾਂਗੇ ਜੋ ਸਾਡੀ ਦੋਸਤੀ ਨੂੰ ਬਰਬਾਦ ਕਰ ਸਕਦੇ ਹਨ। ਅਤੇ ਜਦ ਅਸੀਂ ਆਪਣੀ ਜ਼ਿੰਦਗੀ ਵਿਚ ਕੋਈ ਕੰਮ ਜਾਂ ਤਬਦੀਲੀ ਕਰਨੀ ਚਾਹੁੰਦੇ ਹਾਂ ਤਾਂ ਕੀ ਅਸੀਂ ਪਹਿਲਾਂ ਇਹ ਨਹੀਂ ਸੋਚਾਂਗੇ ਕਿ ਕੀ ਇਹ ਮੇਰੀ ਦੋਸਤੀ ਤੇ ਕੋਈ ਅਸਰ ਤਾਂ ਨਹੀਂ ਪਾਵੇਗਾ?
ਇਸੇ ਤਰ੍ਹਾਂ, ਕਿਉਂਕਿ ਅਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਰੱਖਣਾ ਚਾਹੁੰਦੇ ਹਾਂ ਅਸੀਂ ਸੋਚ-ਸਮਝ ਕੇ ਕੰਮ ਕਰਦੇ ਹਾਂ। ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਕੰਮਾਂ ਬਾਰੇ ਸਹੀ ਗਿਆਨ ਹਾਸਲ ਕਰੀਏ ਜੋ ਉਸ ਨੂੰ ਪਸੰਦ ਅਤੇ ਨਾਪਸੰਦ ਹਨ। ਫਿਰ ਸਾਨੂੰ ਇਸ ਗਿਆਨ ਦੁਆਰਾ ਆਪਣੇ ਕੰਮਾਂ-ਕਾਰਾਂ ਰਾਹੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਾਂ ਯਹੋਵਾਹ ਦੇ ਨਾਲ-ਨਾਲ ਚੱਲਣ ਲਈ ਸਾਨੂੰ ਉਸ ਨੂੰ ਖ਼ੁਸ਼ ਕਰਨ ਦੀ ਲੋੜ ਹੈ। ਹਨੋਕ ਨੇ ਸੈਂਕੜਿਆਂ ਹੀ ਸਾਲਾਂ ਲਈ ਇਹੋ ਹੀ ਕੀਤਾ ਸੀ। ਇੱਥੇ ਵਰਤੀ ਗਈ ਇਬਰਾਨੀ ਕ੍ਰਿਆ, ਜੋ ਦੱਸਦੀ ਹੈ ਕਿ ਹਨੋਕ ਪਰਮੇਸ਼ੁਰ ਦੇ “ਨਾਲ ਨਾਲ ਚਲਦਾ” ਸੀ, ਦਾ ਮਤਲਬ ਹੈ ਕਿ ਉਹ ਲਗਾਤਾਰ ਪਰਮੇਸ਼ੁਰ ਦੇ ਨਾਲ ਚੱਲਦਾ ਰਿਹਾ। ਨੂਹ ਵੀ ਇਕ ਹੋਰ ਵਫ਼ਾਦਾਰ ਇਨਸਾਨ ਸੀ ਜਿਹੜਾ ‘ਪਰਮੇਸ਼ੁਰ ਦੇ ਨਾਲ ਨਾਲ ਚਲਿਆ।’—ਉਤਪਤ 6:9.
ਹਨੋਕ ਸ਼ਾਦੀ-ਸ਼ੁਦਾ ਸੀ ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ “ਉਸ ਤੋਂ ਪੁੱਤ੍ਰ ਧੀਆਂ ਜੰਮੇ।” ਉਸ ਦੇ ਇਕ ਲੜਕੇ ਦਾ ਨਾਂ ਮਥੂਸਲਹ ਸੀ। (ਉਤਪਤ 5:21, 22) ਹਨੋਕ ਨੇ ਆਪਣੇ ਪਰਿਵਾਰ ਨੂੰ ਯਹੋਵਾਹ ਦੇ ਰਾਹ ਸਿਖਾਉਣ ਦੀ ਪੂਰੀ ਕੋਸ਼ਿਸ਼ ਜ਼ਰੂਰ ਕੀਤੀ ਹੋਣੀ ਸੀ। ਪਰ ਉਸ ਦੁਸ਼ਟ ਦੁਨੀਆਂ ਵਿਚ ਉਸ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਕੋਈ ਸੌਖੀ ਗੱਲ ਨਹੀਂ ਸੀ। ਨੂਹ ਦਾ ਪਿਤਾ ਲਾਮਕ, ਸ਼ਾਇਦ ਹਨੋਕ ਦਾ ਇੱਕੋ-ਇਕ ਹਾਣੀ ਸੀ ਜੋ ਯਹੋਵਾਹ ਪ੍ਰਤੀ ਵਫ਼ਾਦਾਰ ਸੀ। (ਉਤਪਤ 5:28, 29) ਪਰ ਫਿਰ ਵੀ ਹਨੋਕ ਹਿੰਮਤ ਨਾਲ ਸੱਚੀ ਭਗਤੀ ਕਰਦਾ ਰਿਹਾ।
ਹਨੋਕ ਕਿਉਂ ਵਫ਼ਾਦਾਰ ਰਹਿ ਸਕਿਆ? ਇਕ ਗੱਲ ਸੀ ਕਿ ਉਹ ਦੁਸ਼ਟ ਲੋਕਾਂ ਨਾਲ ਅਤੇ ਯਹੋਵਾਹ ਦੇ ਨਾਂ ਦਾ ਨਿਰਾਦਰ ਕਰਨ ਵਾਲਿਆਂ ਨਾਲ ਸੰਗਤ ਨਹੀਂ ਸੀ ਰੱਖਦਾ। ਪ੍ਰਾਰਥਨਾ ਰਾਹੀਂ ਯਹੋਵਾਹ ਦੀ ਮਦਦ ਮੰਗਣ ਕਾਰਨ ਹਨੋਕ ਹੋਰ ਵੀ ਦਲੇਰ ਬਣਿਆ ਤਾਂ ਜੋ ਉਹ ਗ਼ਲਤ ਕੰਮਾਂ ਵਿਚ ਨਾ ਫਸੇ।
ਦੁਸ਼ਟ ਲੋਕਾਂ ਖ਼ਿਲਾਫ਼ ਭਵਿੱਖਬਾਣੀ
ਦੁਸ਼ਟ ਲੋਕਾਂ ਵਿਚ ਰਹਿ ਕੇ ਚੰਗੇ ਕੰਮ ਕਰਨੇ ਸਾਡੇ ਲਈ ਕਾਫ਼ੀ ਮੁਸ਼ਕਲ ਹੁੰਦਾ ਹੈ। ਪਰ ਹਨੋਕ ਨੂੰ ਨਾ ਸਿਰਫ਼ ਇਨ੍ਹਾਂ ਲੋਕਾਂ ਵਿਚ ਰਹਿਣਾ ਪਿਆ ਸੀ ਪਰ ਉਨ੍ਹਾਂ ਨੂੰ ਸਖ਼ਤ ਨਿਆਉਂ ਵਾਲਾ ਸੰਦੇਸ਼ ਵੀ ਸੁਣਾਉਣਾ ਪਿਆ ਸੀ! ਪਰਮੇਸ਼ੁਰ ਦੀ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਨੇ ਭਵਿੱਖ ਬਾਰੇ ਇਹ ਬਾਣੀ ਸੁਣਾਈ ਕਿ “ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ। ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰਿਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ।”—ਯਹੂਦਾਹ 14, 15.
ਉਨ੍ਹਾਂ ਦੁਸ਼ਟ ਲੋਕਾਂ ਨੂੰ ਇਹ ਸੁਨੇਹਾ ਕਿਸ ਤਰ੍ਹਾਂ ਲੱਗਾ ਜੋ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਸਨ? ਲੋਕ ਸ਼ਾਇਦ ਉਸ ਦਾ ਮਖੌਲ ਉਡਾਉਂਦੇ ਸਨ, ਤਾਅਨੇ ਮਾਰਦੇ ਸਨ, ਅਤੇ ਉਸ ਨੂੰ ਧਮਕੀਆਂ ਦਿੰਦੇ ਸਨ। ਸ਼ਾਇਦ ਉਨ੍ਹਾਂ ਵਿੱਚੋਂ ਕਈ ਉਸ ਦੀ ਜਾਨ ਵੀ ਲੈਣੀ ਚਾਹੁੰਦੇ ਸਨ। ਲੇਕਿਨ ਹਨੋਕ ਇਨ੍ਹਾਂ ਲੋਕਾਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਨਹੀਂ ਡਰਿਆ। ਉਹ ਜਾਣਦਾ ਸੀ ਕਿ ਵਫ਼ਾਦਾਰ ਹਾਬਲ ਨਾਲ ਕੀ ਕੁਝ ਵਾਪਰਿਆ ਸੀ, ਅਤੇ ਉਸ ਦੇ ਵਾਂਗ ਹਨੋਕ ਦਾ ਪੱਕਾ ਇਰਾਦਾ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਦਾ ਰਹੇਗਾ ਚਾਹੇ ਜੋ ਮਰਜ਼ੀ ਹੋਵੇ।
“ਪਰਮੇਸ਼ੁਰ ਨੇ ਉਸ ਨੂੰ ਲੈ ਲਿਆ”
ਹਨੋਕ ਦੀ ਜਾਨ ਖ਼ਤਰੇ ਵਿਚ ਸੀ ਜਦ “ਪਰਮੇਸ਼ੁਰ ਨੇ ਉਸ ਨੂੰ ਲੈ ਲਿਆ।” (ਉਤਪਤ 5:24) ਯਹੋਵਾਹ ਨੇ ਆਪਣੇ ਵਫ਼ਾਦਾਰ ਨਬੀ ਨੂੰ ਦੁਸ਼ਟ ਲੋਕਾਂ ਦੇ ਹੱਥੀ ਕੋਈ ਦੁੱਖ ਨਹੀਂ ਭੋਗਣ ਦਿੱਤਾ। ਪੌਲੁਸ ਰਸੂਲ ਦੇ ਅਨੁਸਾਰ “ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ।” (ਇਬਰਾਨੀਆਂ 11:5) ਕਈ ਕਹਿੰਦੇ ਹਨ ਕਿ ਹਨੋਕ ਮਰਿਆ ਨਹੀਂ ਬਲਕਿ ਉਹ ਸਵਰਗ ਵਿਚ ਪਰਮੇਸ਼ੁਰ ਦੇ ਨਾਲ ਰਹਿੰਦਾ ਹੈ। ਲੇਕਿਨ ਯਿਸੂ ਨੇ ਸਾਫ਼ ਕਿਹਾ ਸੀ ਕਿ “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ।” ਯਿਸੂ ਸਵਰਗ ਨੂੰ ਜਾਣ ਵਾਲਿਆਂ ਦਾ “ਆਗੂ” ਸੀ, ਯਾਨੀ ਸਿਰਫ਼ ਉਸ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਹੀ ਲੋਕ ਸਵਰਗ ਨੂੰ ਜਾ ਸਕੇ ਸਨ।—ਯੂਹੰਨਾ 3:13; ਇਬਰਾਨੀਆਂ 6:19, 20.
ਤਾਂ ਫਿਰ ਹਨੋਕ ਦਾ ਕੀ ਬਣਿਆ ਸੀ? ਜਦ ਬਾਈਬਲ ਕਹਿੰਦੀ ਹੈ ਕਿ ਉਹ “ਚੁੱਕਿਆ ਗਿਆ ਭਈ ਮੌਤ ਨਾ ਵੇਖੇ” ਤਾਂ ਸ਼ਾਇਦ ਪਰਮੇਸ਼ੁਰ ਨੇ ਉਸ ਨੂੰ ਸੁਸਤੀ ਵਿਚ ਪਾ ਕੇ ਉਸ ਦੀ ਜਾਨ ਲਈ। ਕਿਉਂਕਿ ਉਸ ਨੂੰ ਮਾਰਨ ਤੋਂ ਪਹਿਲਾਂ ਸੁਲਾਇਆ ਗਿਆ ਸੀ ਹਨੋਕ ਨੇ ਕੋਈ ਦਰਦ ਨਹੀਂ ਮਹਿਸੂਸ ਕੀਤਾ। ਕਿਸੇ ਨੂੰ ਹਨੋਕ ਦਾ “ਪਤਾ ਨਾ ਲੱਗਾ”, ਯਹੋਵਾਹ ਨੇ ਉਸ ਦੀ ਲਾਸ਼ ਅਜਿਹੀ ਕਿਸੇ ਜਗ੍ਹਾ ਰੱਖ ਦਿੱਤੀ ਜਿੱਥੇ ਉਹ ਲੱਭੀ ਨਾ ਜਾ ਸਕੀ। ਉਸ ਨੇ ਮੂਸਾ ਨਾਲ ਵੀ ਇਹੋ ਹੀ ਕੀਤਾ ਸੀ।—ਬਿਵਸਥਾ ਸਾਰ 34:5, 6.
ਹਨੋਕ ਸਿਰਫ਼ 365 ਸਾਲ ਜੀਉਂਦਾ ਰਿਹਾ—ਉਸ ਸਮੇਂ ਲੋਕ ਇਸ ਤੋਂ ਬਹੁਤ ਜ਼ਿਆਦਾ ਚਿਰ ਜੀਉਂਦੇ ਰਹਿੰਦੇ ਸਨ। ਪਰ ਯਹੋਵਾਹ ਦੇ ਸੇਵਕਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅਸੀਂ ਭਾਵੇਂ ਜਿੰਨਾ ਚਿਰ ਵੀ ਜੀਏ ਸਾਨੂੰ ਵਫ਼ਾਦਾਰ ਹੋ ਕੇ ਆਪਣੇ ਦਿਨ ਪੂਰੇ ਕਰਨੇ ਚਾਹੀਦੇ ਹਨ। ਅਸੀਂ ਜਾਣਦੇ ਹਾਂ ਕਿ ਹਨੋਕ ਨੇ ਇਸ ਤਰ੍ਹਾਂ ਕੀਤਾ ਸੀ ਕਿਉਂਕਿ “ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।” ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਹੋਵਾਹ ਨੇ ਆਪਣੀ ਮਨਜ਼ੂਰੀ ਹਨੋਕ ਨੂੰ ਕਿਵੇਂ ਦਿਖਾਈ ਹੋਵੇ। ਪਰ ਉਸ ਦੀ ਮੌਤ ਤੋਂ ਪਹਿਲਾਂ ਪਰਮੇਸ਼ੁਰ ਨੇ ਉਸ ਨੂੰ ਦੱਸਿਆ ਕਿ ਉਹ ਉਸ ਨਾਲ ਖ਼ੁਸ਼ ਸੀ, ਅਤੇ ਇਸ ਲਈ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਯਹੋਵਾਹ ਹਨੋਕ ਨੂੰ ਫਿਰ ਤੋਂ ਜੀਉਂਦਾ ਕਰੇਗਾ।
ਹਨੋਕ ਵਰਗੀ ਨਿਹਚਾ ਰੱਖੋ
ਅਸੀਂ ਵਫ਼ਾਦਾਰ ਇਨਸਾਨਾਂ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ। (ਇਬਰਾਨੀਆਂ 13:7) ਨਿਹਚਾ ਰੱਖਣ ਕਰਕੇ ਹਨੋਕ ਪਰਮੇਸ਼ੁਰ ਦਾ ਪਹਿਲਾ ਨਬੀ ਬਣਿਆ। ਹਨੋਕ ਦੇ ਦਿਨਾਂ ਵਿਚ ਦੁਨੀਆਂ ਹਿੰਸਾ ਅਤੇ ਕੁਧਰਮ ਨਾਲ ਭਰੀ ਹੋਈ ਸੀ ਬਿਲਕੁਲ ਅੱਜ ਵਾਂਗ। ਪਰ ਹਨੋਕ ਹੋਰਨਾਂ ਲੋਕਾਂ ਤੋਂ ਵੱਖਰਾ ਸੀ। ਉਹ ਸੱਚੀ ਨਿਹਚਾ ਰੱਖਣ ਵਾਲਾ ਸੀ ਅਤੇ ਸੱਚੀ ਭਗਤੀ ਵਿਚ ਲੱਗਾ ਰਿਹਾ। ਯਹੋਵਾਹ ਨੇ ਹਨੋਕ ਨੂੰ ਇਕ ਸਖ਼ਤ ਸੁਨੇਹਾ ਸੁਣਾਉਣ ਦਾ ਹੁਕਮ ਦਿੱਤਾ ਸੀ ਅਤੇ ਇਸ ਵਿਚ ਉਸ ਨੇ ਹਨੋਕ ਦੀ ਮਦਦ ਕੀਤੀ ਸੀ। ਇਸ ਲਈ ਹਨੋਕ ਦਲੇਰੀ ਨਾਲ ਇਹ ਕੰਮ ਪੂਰਾ ਕਰ ਸਕਿਆ ਭਾਵੇਂ ਕਿ ਲੋਕ ਉਸ ਦਾ ਵਿਰੋਧ ਕਰਦੇ ਸਨ।
ਜੇਕਰ ਅਸੀਂ ਹਨੋਕ ਵਾਂਗ ਨਿਹਚਾ ਦਿਖਾਈਏ ਤਾਂ ਯਹੋਵਾਹ ਸਾਡੀ ਵੀ ਸਹਾਇਤਾ ਕਰੇਗਾ ਤਾਂਕਿ ਅਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਉਸ ਦਾ ਸੰਦੇਸ਼ ਸੁਣਾ ਸਕੀਏ। ਵਿਰੋਧਤਾ ਦਾ ਦਲੇਰੀ ਨਾਲ ਸਾਮ੍ਹਣਾ ਕਰਨ ਲਈ ਉਹ ਸਾਨੂੰ ਮਦਦ ਦੇਵੇਗਾ, ਅਤੇ ਸੱਚੀ ਭਗਤੀ ਕਰਨ ਕਰਕੇ ਅਸੀਂ ਅਧਰਮੀ ਲੋਕਾਂ ਤੋਂ ਬਹੁਤ ਹੀ ਵੱਖਰੇ ਪੇਸ਼ ਆਵਾਂਗੇ। ਨਿਹਚਾ ਰੱਖਣ ਕਰਕੇ ਅਸੀਂ ਵੀ ਪਰਮੇਸ਼ੁਰ ਦੇ ਸੰਗ ਚੱਲ ਸਕਾਂਗੇ ਅਤੇ ਆਪਣੇ ਕੰਮਾਂ-ਕਾਰਾਂ ਰਾਹੀਂ ਪਰਮੇਸ਼ੁਰ ਦੇ ਜੀ ਨੂੰ ਆਨੰਦ ਕਰਾਂਗੇ। (ਕਹਾਉਤਾਂ 27:11) ਨਿਹਚਾ ਕਰਨ ਕਰਕੇ ਹਨੋਕ ਇਕ ਅਧਰਮੀ ਦੁਨੀਆਂ ਵਿਚ ਪਰਮੇਸ਼ੁਰ ਦੀ ਮਨਜ਼ੂਰੀ ਪਾ ਸਕਿਆ, ਅਤੇ ਅਸੀਂ ਵੀ ਪਾ ਸਕਦੇ ਹਾਂ।
[ਸਫ਼ੇ 30 ਉੱਤੇ ਡੱਬੀ]
ਕੀ ਬਾਈਬਲ ਹਨੋਕ ਦੀ ਪੋਥੀ ਤੋਂ ਹਵਾਲੇ ਦਿੰਦੀ ਹੈ?
ਹਨੋਕ ਦੀ ਪੋਥੀ ਘੜੀ ਹੋਈ ਲਿਖਤ ਹੈ, ਅਤੇ ਕਿਹਾ ਜਾਂਦਾ ਹੈ ਕਿ ਹਨੋਕ ਨੇ ਇਹ ਲਿਖੀ ਸੀ। ਪਰ ਇਹ ਸਭ ਝੂਠ ਹੈ। ਇਹ ਪੋਥੀ ਦੂਜੀ ਅਤੇ ਪਹਿਲੀ ਸਦੀ ਸਾ.ਯੁ.ਪੂ. ਦੇ ਵਿਚ-ਵਿਚ ਲਿਖੀ ਗਈ ਸੀ। ਇਸ ਵਿਚ ਬਹੁਤ ਸਾਰੀਆਂ ਯਹੂਦੀ ਕਥਾਵਾਂ ਹਨ ਜਿਨ੍ਹਾਂ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ। ਉਤਪਤ ਦੀ ਕਿਤਾਬ ਵਿੱਚੋਂ ਹਨੋਕ ਬਾਰੇ ਗੱਲਾਂ ਲੈ ਕੇ ਇਸ ਪੋਥੀ ਵਿਚ ਵਧਾ-ਚੜ੍ਹਾ ਕੇ ਦੱਸੀਆਂ ਗਈਆਂ ਹਨ। ਇਸ ਕਰਕੇ ਬਾਈਬਲ ਦੇ ਸੱਚੇ ਪ੍ਰੇਮੀ ਇਸ ਪੋਥੀ ਦੀਆਂ ਗੱਲਾਂ ਨੂੰ ਰੱਦ ਕਰਦੇ ਹਨ।
ਬਾਈਬਲ ਵਿਚ ਸਿਰਫ਼ ਯਹੂਦਾਹ ਦੀ ਪੱਤਰੀ ਹਨੋਕ ਦੇ ਉਨ੍ਹਾਂ ਭਵਿੱਖਸੂਚਕ ਸ਼ਬਦਾਂ ਬਾਰੇ ਦੱਸਦੀ ਹੈ ਜੋ ਉਸ ਨੇ ਸੁਣਾਏ ਸਨ: “ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ। ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰਿਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ।” (ਯਹੂਦਾਹ 14, 15) ਕੁਝ ਵਿਦਵਾਨ ਕਹਿੰਦੇ ਹਨ ਕਿ ਦੁਸ਼ਟ ਲੋਕਾਂ ਵਿਰੁੱਧ ਇਹ ਸ਼ਬਦ ਹਨੋਕ ਦੀ ਪੋਥੀ ਤੋਂ ਲੈ ਗਏ ਸਨ। ਕੀ ਇਹ ਹੋ ਸਕਦਾ ਹੈ ਕਿ ਯਹੂਦਾਹ ਨੇ ਅਜਿਹੀ ਪੋਥੀ ਵਿੱਚੋਂ ਗੱਲਾਂ ਵਰਤੀਆਂ ਹੋਵੇ ਜਿਸ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਸੀ?
ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਯਹੂਦਾਹ ਹਨੋਕ ਦੀ ਭਵਿੱਖਬਾਣੀ ਦੇ ਸ਼ਬਦ ਕਿਸ ਤਰ੍ਹਾਂ ਜਾਣਦਾ ਸੀ। ਉਹ ਸ਼ਾਇਦ ਕਿਸੇ ਭਰੋਸੇਯੋਗ ਸੋਮੇ ਤੋਂ ਇਹ ਸ਼ਬਦ ਲਿਖ ਸਕਿਆ। ਪੌਲੁਸ ਨੇ ਵੀ ਇਸੇ ਤਰ੍ਹਾਂ ਦੇ ਕਿਸੇ ਸੋਮੇ ਨੂੰ ਵਰਤਿਆ ਸੀ ਜਦ ਉਸ ਨੇ ਯੰਨੇਸ ਅਤੇ ਯੰਬਰੇਸ ਦਾ ਜ਼ਿਕਰ ਕੀਤਾ ਸੀ, ਜੋ ਕਿ ਮੂਸਾ ਦਾ ਵਿਰੋਧ ਕਰਨ ਵਾਲੇ ਫਿਰਾਊਨ ਦੇ ਜਾਦੂਗਰ ਸਨ। ਜੇਕਰ ਹਨੋਕ ਦੀ ਪੋਥੀ ਦੇ ਲਿਖਣ ਵਾਲੇ ਕੋਲ ਕੋਈ ਸੋਮਾ ਸੀ ਜਿਸ ਤੋਂ ਉਹ ਇਹ ਗੱਲਾਂ ਲਿਖ ਸਕਿਆ, ਤਾਂ ਕੀ ਯਹੂਦਾਹ ਕੋਲ ਕੋਈ ਸੱਚਾ ਸੋਮਾ ਨਹੀਂ ਹੋ ਸਕਦਾ ਸੀ?a—ਕੂਚ 7:11, 22; 2 ਤਿਮੋਥਿਉਸ 3:8.
ਇਹ ਕੋਈ ਖ਼ਾਸ ਜਾਂ ਵੱਡੀ ਗੱਲ ਨਹੀਂ ਕਿ ਯਹੂਦਾਹ ਨੂੰ ਹਨੋਕ ਦੇ ਸੰਦੇਸ਼ ਬਾਰੇ ਕਿਸ ਤਰ੍ਹਾਂ ਪੱਤਾ ਲੱਗਾ। ਯਹੂਦਾਹ ਦੀਆਂ ਲਿਖਤਾਂ ਸੱਚ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਆਤਮਾ ਤੋਂ ਹਨ। (2 ਤਿਮੋਥਿਉਸ 3:16) ਪਰਮੇਸ਼ੁਰ ਦੀ ਆਤਮਾ ਨੇ ਉਸ ਨੂੰ ਕੋਈ ਝੂਠੀ ਜਾਂ ਗ਼ਲਤ ਗੱਲ ਲਿਖਣ ਤੋਂ ਜ਼ਰੂਰ ਰੋਕਿਆ ਹੋਣਾ ਸੀ।
[ਫੁਟਨੋਟ]
a ਚੇਲੇ ਇਸਤੀਫ਼ਾਨ ਕੋਲ ਵੀ ਅਜਿਹੀ ਜਾਣਕਾਰੀ ਸੀ ਜਿਸ ਦਾ ਇਬਰਾਨੀ ਸ਼ਾਸਤਰ ਵਿਚ ਹੋਰ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਮੂਸਾ ਨੂੰ ਮਿਸਰ ਵਿਚ ਪੜ੍ਹਾਇਆ ਗਿਆ, ਕਿ ਉਹ ਮਿਸਰ ਤੋਂ ਭੱਜਣ ਵੇਲੇ 40 ਸਾਲਾਂ ਦਾ ਸੀ, ਕਿ ਉਸ ਨੇ ਮਿਦਯਾਨ ਵਿਚ 40 ਸਾਲ ਗੁਜ਼ਾਰੇ, ਅਤੇ ਕਿ ਇਕ ਦੂਤ ਨੇ ਉਸ ਨੂੰ ਬਿਵਸਥਾ ਦੇਣ ਵਿਚ ਮਦਦ ਦਿੱਤੀ।—ਰਸੂਲਾਂ ਦੇ ਕਰਤੱਬ 7:22, 23, 30, 38.
[ਸਫ਼ੇ 31 ਉੱਤੇ ਤਸਵੀਰ]
ਹਨੋਕ ਨੇ ਦਲੇਰੀ ਨਾਲ ਯਹੋਵਾਹ ਦਾ ਸੰਦੇਸ਼ ਸੁਣਾਇਆ