ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਉਡੀਕ ਕਰੋ
ਕੀ ਤੁਸੀਂ ਕਦੇ ਕੱਚਾ ਫਲ ਖਾਧਾ ਹੈ? ਤੁਹਾਨੂੰ ਸੁਆਦ ਨਹੀਂ ਲੱਗਿਆ ਹੋਣਾ ਹੈ ਨਾ? ਫਲ ਨੂੰ ਪੱਕਣ ਵਾਸਤੇ ਸਮਾਂ ਲੱਗਦਾ ਹੈ। ਜੇ ਤੁਸੀਂ ਫਲ ਨੂੰ ਪੱਕਣ ਦਿਓ, ਤਾਂ ਉਹ ਕਿੰਨਾ ਮਿੱਠਾ ਹੋ ਜਾਂਦਾ ਹੈ। ਹੋਰ ਵੀ ਕਈ ਹਾਲਾਤ ਹਨ ਜਿਨ੍ਹਾਂ ਵਿਚ ਉਡੀਕ ਕਰਨ ਨਾਲ ਮਿੱਠਾ ਫਲ ਮਿਲਦਾ ਹੈ। ਬਾਈਬਲ ਕਹਿੰਦੀ ਹੈ: “ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ।” (ਵਿਰਲਾਪ 3:26; ਤੀਤੁਸ 2:13) ਸਾਨੂੰ ਕਿਨ੍ਹਾਂ ਗੱਲਾਂ ਵਿਚ ਯਹੋਵਾਹ ਦੀ ਉਡੀਕ ਕਰਨ ਦੀ ਲੋੜ ਹੈ? ਇਵੇਂ ਕਰਨ ਦੇ ਕੀ ਫ਼ਾਇਦੇ ਹਨ?
ਪਰਮੇਸ਼ੁਰ ਦੀ ਉਡੀਕ ਕਰਨ ਵਿਚ ਕੀ ਸ਼ਾਮਲ ਹੈ?
ਮਸੀਹੀਆਂ ਵਜੋਂ ਅਸੀਂ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ’ ਹਾਂ। ਅਸੀਂ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦ ‘ਭਗਤੀਹੀਣ ਮਨੁੱਖਾਂ ਦਾ ਨਾਸ’ ਕੀਤਾ ਜਾਵੇਗਾ ਅਤੇ ਅਸੀਂ ਸੁਖ ਦਾ ਸਾਹ ਲੈ ਸਕਾਂਗੇ। (2 ਪਤਰਸ 3:7, 12) ਯਹੋਵਾਹ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਤਿਆਰ ਖੜ੍ਹਾ ਹੈ, ਪਰ ਉਹ ਧੀਰਜ ਕਰ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਸਾਡਾ ਬਚਾਅ ਅਤੇ ਉਸ ਦਾ ਨਾਂ ਰੌਸ਼ਨ ਹੋਵੇ। ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਨੇ ਇਹ ਚਾਹ ਕਰ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ। ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਆਪਣੇ ਪਰਤਾਪ ਦਾ ਧਨ ਪਰਗਟ ਕਰੇ।’ (ਰੋਮੀਆਂ 9:22, 23) ਨੂਹ ਦੇ ਜ਼ਮਾਨੇ ਵਾਂਗ, ਯਹੋਵਾਹ ਅੱਜ ਵੀ ਸਹੀ ਸਮੇਂ ਤੇ ਆਪਣੇ ਸੇਵਕਾਂ ਨੂੰ ਬਚਾਵੇਗਾ। (1 ਪਤਰਸ 3:20) ਇਸ ਲਈ ਚੰਗਾ ਹੋਵੇਗਾ ਜੇ ਅਸੀਂ ਉਸ ਦੇ ਠਹਿਰਾਏ ਹੋਏ ਸਮੇਂ ਦੀ ਉਡੀਕ ਕਰਦੇ ਰਹੀਏ।
ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਸ਼ਾਇਦ ਅਸੀਂ ਦੁਨੀਆਂ ਦੇ ਨੈਤਿਕ ਮਿਆਰਾਂ ਨੂੰ ਡੁੱਬਦੇ ਜਾਂਦੇ ਦੇਖ ਕੇ ਪਰੇਸ਼ਾਨ ਹੋਈਏ। ਜੇ ਇਸ ਤਰ੍ਹਾਂ ਸਾਡੇ ਨਾਲ ਹੋਵੇ, ਤਾਂ ਸਾਨੂੰ ਪਰਮੇਸ਼ੁਰ ਦੇ ਨਬੀ ਮੀਕਾਹ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ, ਜਿਸ ਨੇ ਲਿਖਿਆ: “ਭਗਤ ਧਰਤੀ ਤੋਂ ਨਾਸ ਹੋ ਗਿਆ, ਇਨਸਾਨਾਂ ਵਿੱਚ ਕੋਈ ਸਿੱਧਾ ਨਹੀਂ।” ਫਿਰ ਅੱਗੇ ਮੀਕਾਹ ਨੇ ਕਿਹਾ: “ਪਰ ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾਹ 7:2, 7) ਪਰ ਉਡੀਕ ਕਰਦੇ-ਕਰਦੇ ਅਸੀਂ ਸ਼ਾਇਦ ਅੱਕ-ਥੱਕ ਜਾਈਏ। ਸਵਾਲ ਹੈ ਕਿ ਅਸੀਂ ਉਡੀਕ ਕਰਦਿਆਂ ਸਹੀ ਰਵੱਈਆ ਕਿਵੇਂ ਅਪਣਾ ਸਕਦੇ ਹਾਂ? ਅਸੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਕਿਵੇਂ ਉਡੀਕ ਕਰ ਸਕਦੇ ਹਾਂ?
ਖ਼ੁਸ਼ੀ ਨਾਲ ਉਡੀਕ ਕਰਨੀ
ਸਭ ਤੋਂ ਪਹਿਲਾਂ ਅਸੀਂ ਯਹੋਵਾਹ ਪਰਮੇਸ਼ੁਰ ਦੀ ਮਿਸਾਲ ਉੱਤੇ ਗੌਰ ਕਰ ਸਕਦੇ ਹਾਂ। ਯਹੋਵਾਹ ਹਮੇਸ਼ਾ ਖ਼ੁਸ਼ ਰਹਿੰਦਾ ਹੈ। ਸ਼ੁਰੂ ਤੋਂ ਹੀ ਉਸ ਦਾ ਇਹੋ ਮਕਸਦ ਰਿਹਾ ਹੈ ਕਿ ਉਸ ਨੂੰ ਪਿਆਰ ਕਰਨ ਵਾਲੇ ਸਭ ਇਨਸਾਨ ਪਾਪ ਤੋਂ ਮੁਕਤ ਹੋ ਕੇ ਸਦਾ ਦੀ ਜ਼ਿੰਦਗੀ ਪਾਉਣ। (ਰੋਮੀਆਂ 5:12; 6:23) ਇਸ ਲਈ ਉਹ ਉਡੀਕ ਕਰਨ ਵਿਚ ਖ਼ੁਸ਼ ਹੈ ਕਿਉਂਕਿ ਉਹ ਆਪਣਾ ਮੁਢਲਾ ਮਕਸਦ ਪੂਰਾ ਕਰਨ ਵਿਚ ਰੁੱਝਾ ਹੋਇਆ ਹੈ। ਉਸ ਦੇ ਕੰਮ ਦੇ ਨਤੀਜੇ ਵਜੋਂ ਅੱਜ ਲੱਖਾਂ ਲੋਕ ਪਰਮੇਸ਼ੁਰ ਦੀ ਸੱਚੀ ਭਗਤੀ ਕਰਨ ਲੱਗੇ ਹਨ। ਯਿਸੂ ਨੇ ਕਿਹਾ ਸੀ ਕਿ “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ।” (ਯੂਹੰਨਾ 5:17) ਇਸੇ ਤਰ੍ਹਾਂ ਸੱਚੇ ਮਸੀਹੀ ਵੀ ਹੱਥ ਤੇ ਹੱਥ ਧਰ ਕੇ ਬੈਠੇ ਨਹੀਂ ਰਹਿੰਦੇ। ਉਹ ਤਨ-ਮਨ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਸਿਖਾਉਣ ਵਿਚ ਲੱਗੇ ਹੋਏ ਹਨ। ਜੀ ਹਾਂ, ਖ਼ੁਸ਼ ਹੋਣ ਲਈ ਦੂਸਰਿਆਂ ਦਾ ਭਲਾ ਕਰਨਾ ਬਹੁਤ ਜ਼ਰੂਰੀ ਹੈ।—ਰਸੂਲਾਂ ਦੇ ਕਰਤੱਬ 20:35.
ਇਤਿਹਾਸ ਦੌਰਾਨ ਪਰਮੇਸ਼ੁਰ ਦੇ ਵਫ਼ਾਦਾਰ ਲੋਕ ਉਸ ਦੇ ਦਿਨ ਦੀ ਉਡੀਕ ਕਰਦੇ ਹੋਏ ਖ਼ੁਸ਼ੀ ਨਾਲ ਉਸ ਦੀ ਵਡਿਆਈ ਕਰਦੇ ਆਏ ਹਨ। ਜ਼ਰਾ ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਉਦਾਹਰਣ ਉੱਤੇ ਗੌਰ ਕਰੋ। ਰਾਜਾ ਸ਼ਾਊਲ ਨੇ ਦਾਊਦ ਦਾ ਵਿਰੋਧ ਕੀਤਾ, ਉਸ ਦੇ ਵਫ਼ਾਦਾਰ ਨੌਕਰ ਨੇ ਉਸ ਨਾਲ ਦਗ਼ਾ ਕੀਤੀ ਅਤੇ ਉਸ ਦੇ ਪੁੱਤਰ ਨੇ ਉਸ ਨੂੰ ਧੋਖਾ ਦਿੱਤਾ। ਕੀ ਦਾਊਦ ਇਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਦਾ ਹੋਇਆ ਖ਼ੁਸ਼ ਹੋ ਸਕਦਾ ਸੀ? ਸੰਭਵ ਹੈ ਕਿ ਜ਼ਬੂਰ 71 ਦਾ ਲਿਖਾਰੀ ਦਾਊਦ ਸੀ ਜਿਸ ਨੇ ਕਿਹਾ: “ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ। ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਨਣ ਕਰੇਗਾ।” (ਜ਼ਬੂਰਾਂ ਦੀ ਪੋਥੀ 71:14, 15) ਦਾਊਦ ਨਿਰਾਸ਼ਾ ਵਿਚ ਨਹੀਂ ਡੁੱਬਿਆ, ਸਗੋਂ ਉਸ ਨੇ ਯਹੋਵਾਹ ਤੇ ਆਪਣੀ ਆਸ ਲਾਈ ਰੱਖੀ ਅਤੇ ਖ਼ੁਸ਼ੀ ਨਾਲ ਉਸ ਦੀ ਵਡਿਆਈ ਕਰਦਾ ਰਿਹਾ ਅਤੇ ਸੱਚੀ ਭਗਤੀ ਕਰਨ ਵਿਚ ਦੂਸਰਿਆਂ ਦਾ ਹੌਸਲਾ ਵਧਾਉਂਦਾ ਰਿਹਾ।—ਜ਼ਬੂਰਾਂ ਦੀ ਪੋਥੀ 71:23.
ਯਹੋਵਾਹ ਦੀ ਉਡੀਕ ਕਰਨੀ, ਦੇਰ ਆਈ ਬੱਸ ਦੀ ਉਡੀਕ ਕਰਨ ਵਾਂਗ ਨਹੀਂ ਹੈ। ਬੱਸ ਦੀ ਉਡੀਕ ਕਰ-ਕਰ ਕੇ ਤਾਂ ਬੰਦਾ ਥੱਕ ਜਾਂਦਾ ਹੈ। ਲੇਕਿਨ ਯਹੋਵਾਹ ਦੀ ਉਡੀਕ ਕਰਨ ਵਿਚ ਸਾਨੂੰ ਖ਼ੁਸ਼ੀ ਮਿਲਦੀ ਹੈ। ਮਿਸਾਲ ਲਈ, ਮਾਪੇ ਖ਼ੁਸ਼ੀ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਨ ਜਦ ਉਨ੍ਹਾਂ ਦਾ ਬੱਚਾ ਵੱਡਾ ਹੋ ਕੇ ਆਪਣੇ ਪੈਰਾਂ ਤੇ ਖੜ੍ਹਾ ਹੋਵੇਗਾ ਤੇ ਉਨ੍ਹਾਂ ਦਾ ਨਾਂ ਰੌਸ਼ਨ ਕਰੇਗਾ। ਇਸ ਦਿਨ ਦੀ ਉਡੀਕ ਵਿਚ ਮਾਪੇ ਬੱਚੇ ਦੀ ਅਗਵਾਈ ਕਰਦੇ ਹਨ, ਉਸ ਨੂੰ ਸਿੱਖਿਆ ਦਿੰਦੇ ਹਨ ਤੇ ਲੋੜ ਪੈਣ ਤੇ ਉਸ ਨੂੰ ਤਾੜਨਾ ਵੀ ਦਿੰਦੇ ਹਨ। ਇਸੇ ਤਰ੍ਹਾਂ ਸਾਨੂੰ ਵੀ ਬਹੁਤ ਖ਼ੁਸ਼ੀ ਮਿਲਦੀ ਜਦ ਅਸੀਂ ਯਹੋਵਾਹ ਦੀ ਉਡੀਕ ਕਰਦੇ ਹੋਏ ਉਸ ਨਾਲ ਰਿਸ਼ਤਾ ਜੋੜਨ ਵਿਚ ਦੂਸਰਿਆਂ ਦੀ ਮਦਦ ਕਰਦੇ ਹਾਂ। ਅਸੀਂ ਵੀ ਯਹੋਵਾਹ ਪਰਮੇਸ਼ੁਰ ਦੇ ਜੀਅ ਨੂੰ ਖ਼ੁਸ਼ ਕਰ ਕੇ ਉਸ ਦੀ ਮਨਜ਼ੂਰੀ ਹਾਸਲ ਕਰਨੀ ਚਾਹੁੰਦੇ ਹਾਂ ਅਤੇ ਅਖ਼ੀਰ ਵਿਚ ਅਸੀਂ ਸਦਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ।
ਹਿੰਮਤ ਨਾ ਹਾਰੋ
ਯਹੋਵਾਹ ਦੀ ਉਡੀਕ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ ਅਤੇ ਧੀਰਜ ਨਾਲ ਉਸ ਦੀ ਸੇਵਾ ਕਰਦੇ ਰਹੀਏ। ਇਸ ਤਰ੍ਹਾਂ ਕਰਨਾ ਸੌਖਾ ਨਹੀਂ। ਯਹੋਵਾਹ ਦੇ ਕਈਆਂ ਸੇਵਕਾਂ ਨੂੰ ਲੋਕਾਂ ਦੇ ਤਾਅਨੇ-ਮਿਹਣੇ ਸਹਿਣੇ ਪੈਂਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਵਾਅਦਿਆਂ ਤੇ ਭਰੋਸਾ ਰੱਖਦੇ ਹਨ। ਪਰ ਜ਼ਰਾ ਉਨ੍ਹਾਂ ਵਫ਼ਾਦਾਰ ਇਸਰਾਏਲੀਆਂ ਦੀ ਮਿਸਾਲ ਉੱਤੇ ਗੌਰ ਕਰੋ ਜਿਨ੍ਹਾਂ ਨੇ ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਦੌਰਾਨ ਹਿੰਮਤ ਨਹੀਂ ਹਾਰੀ ਸੀ। ਹਿੰਮਤ ਰੱਖਣ ਵਿਚ ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ ਸੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਬੂਰ ਪੜ੍ਹ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੋਣੀ। ਇਕ ਜ਼ਬੂਰ ਦੇ ਇਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ ਹੋਣਾ: “ਉਹ ਦੇ ਬਚਨ ਉੱਤੇ ਮੇਰੀ ਆਸਾ ਹੈ। ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਹਾਂ, ਜਿੰਨਾ ਪਹਿਰੇ ਵਾਲੇ ਸਵੇਰ ਨੂੰ, ਉੱਨਾ ਹੀ ਵੱਧ ਮੇਰੀ ਜਾਨ ਪ੍ਰਭੁ ਨੂੰ ਉਡੀਕਦੀ ਹੈ। ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ।”—ਜ਼ਬੂਰਾਂ ਦੀ ਪੋਥੀ 130:5-7.
ਕਈ ਯਹੂਦੀਆਂ ਨੇ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਪੜ੍ਹ ਕੇ ਅਤੇ ਇਕ-ਦੂਜੇ ਨਾਲ ਇਨ੍ਹਾਂ ਬਾਰੇ ਗੱਲਾਂ ਕਰ ਕੇ ਆਪਣੀ ਉਮੀਦ ਨੂੰ ਮਨ ਵਿਚ ਰੱਖਿਆ। ਇਸੇ ਲਈ ਜਦ ਬਾਬਲ ਸ਼ਹਿਰ ਦੁਸ਼ਮਣ ਫ਼ੌਜਾਂ ਦੇ ਕਬਜ਼ੇ ਵਿਚ ਆਇਆ, ਤਾਂ ਉਨ੍ਹਾਂ ਨੂੰ ਬਚਾਇਆ ਗਿਆ ਸੀ। ਹਜ਼ਾਰਾਂ ਵਫ਼ਾਦਾਰ ਯਹੂਦੀ ਵਾਪਸ ਯਰੂਸ਼ਲਮ ਨੂੰ ਗਏ ਅਤੇ ਉਸ ਸਮੇਂ ਕਹਿਣ ਲੱਗੇ: “ਜਦ ਯਹੋਵਾਹ ਸੀਯੋਨ ਦੇ ਅਸੀਰਾਂ ਨੂੰ ਮੋੜ ਲੈ ਆਇਆ, . . . ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ।” (ਜ਼ਬੂਰਾਂ ਦੀ ਪੋਥੀ 126:1, 2) ਇਨ੍ਹਾਂ ਯਹੂਦੀਆਂ ਨੇ ਹਿੰਮਤ ਨਹੀਂ ਹਾਰੀ, ਸਗੋਂ ਇਨ੍ਹਾਂ ਨੇ ਆਪਣੀ ਨਿਹਚਾ ਮਜ਼ਬੂਤ ਰੱਖੀ। ਇਸ ਦੇ ਨਾਲ-ਨਾਲ ਉਹ ਯਹੋਵਾਹ ਪਰਮੇਸ਼ੁਰ ਦੀ ਉਸਤਤ ਵਿਚ ਭਜਨ ਗਾਉਂਦੇ ਰਹੇ।
ਇਸੇ ਤਰ੍ਹਾਂ ਜੋ ਸੱਚੇ ਮਸੀਹੀ “ਜੁਗ ਦੇ ਅੰਤ” ਦੌਰਾਨ ਪਰਮੇਸ਼ੁਰ ਦੀ ਉਡੀਕ ਕਰ ਰਹੇ ਹਨ, ਉਹ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਵਿਚ ਜੀ-ਜਾਨ ਨਾਲ ਮਿਹਨਤ ਕਰ ਰਹੇ ਹਨ। ਉਹ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਨ, ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਨ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਯਹੋਵਾਹ ਦੀ ਉਸਤਤ ਕਰਦੇ ਹਨ।—ਮੱਤੀ 24:3, 14.
ਤਾੜਨਾ ਦੇ ਮਿੱਠੇ ਫਲ
ਯਾਦ ਕਰੋ ਕਿ ਪਰਮੇਸ਼ੁਰ ਦੇ ਨਬੀ ਯਿਰਮਿਯਾਹ ਨੇ ਲਿਖਿਆ ਸੀ: “ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ।” (ਵਿਰਲਾਪ 3:26) ਯਹੋਵਾਹ ਨੇ ਯਰੂਸ਼ਲਮ ਦਾ ਨਾਸ਼ ਕਰ ਕੇ ਲੋਕਾਂ ਨੂੰ ਤਾੜਨਾ ਦੇਣੀ ਸੀ। ਯਿਰਮਿਯਾਹ ਲੋਕਾਂ ਨੂੰ ਸਲਾਹ ਦੇ ਰਿਹਾ ਸੀ ਕਿ ਉਨ੍ਹਾਂ ਨੂੰ ਇਹ ਤਾੜਨਾ ਸਵੀਕਾਰ ਕਰਨੀ ਚਾਹੀਦੀ ਸੀ ਕਿਉਂਕਿ ਇਸ ਵਿਚ ਉਨ੍ਹਾਂ ਦਾ ਹੀ ਭਲਾ ਹੋਣਾ ਸੀ। ਜੇ ਉਹ ਆਪਣੇ ਬੁਰੇ ਕੰਮਾਂ ਤੇ ਗੌਰ ਕਰਦੇ, ਤਾਂ ਉਨ੍ਹਾਂ ਨੂੰ ਆਪਣੇ ਰਵੱਈਏ ਨੂੰ ਬਦਲਣ ਦੀ ਪ੍ਰੇਰਣਾ ਮਿਲਣੀ ਸੀ।—ਵਿਰਲਾਪ 3:40, 42.
ਯਹੋਵਾਹ ਪਰਮੇਸ਼ੁਰ ਦੇ ਤਾੜਨਾ ਦੇਣ ਦੇ ਤਰੀਕੇ ਦੀ ਤੁਲਨਾ ਫਲ ਦੇ ਪੱਕਣ ਨਾਲ ਕੀਤੀ ਜਾ ਸਕਦੀ ਹੈ। ਯਹੋਵਾਹ ਵੱਲੋਂ ਮਿਲੀ ਤਾੜਨਾ ਬਾਰੇ ਬਾਈਬਲ ਕਹਿੰਦੀ ਹੈ: “ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।” (ਇਬਰਾਨੀਆਂ 12:11) ਜਿਸ ਤਰ੍ਹਾਂ ਫਲ ਨੂੰ ਪੱਕਣ ਲਈ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਯਹੋਵਾਹ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਵਿਚ ਵੀ ਸਮਾਂ ਲੱਗਦਾ ਹੈ। ਮਿਸਾਲ ਲਈ, ਜੇ ਸਾਡੀ ਕਿਸੇ ਗ਼ਲਤੀ ਕਾਰਨ ਕਲੀਸਿਯਾ ਵਿਚ ਸਾਡੇ ਤੋਂ ਕੋਈ ਜ਼ਿੰਮੇਵਾਰੀ ਲਈ ਜਾਵੇ, ਤਾਂ ਸਾਨੂੰ ਨਿਮਰਤਾ ਨਾਲ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਨਿਰਾਸ਼ਾ ਵਿਚ ਡੁੱਬ ਕੇ ਹੌਸਲਾ ਨਹੀਂ ਹਾਰਾਂਗੇ। ਇਨ੍ਹਾਂ ਹਾਲਾਤਾਂ ਵਿਚ ਦਾਊਦ ਦੇ ਸ਼ਬਦਾਂ ਤੋਂ ਬਹੁਤ ਦਿਲਾਸਾ ਮਿਲਦਾ ਹੈ: “[ਪਰਮੇਸ਼ੁਰ] ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ। ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।” (ਜ਼ਬੂਰਾਂ ਦੀ ਪੋਥੀ 30:5) ਜੇ ਅਸੀਂ ਧੀਰਜ ਰੱਖਾਂਗੇ ਅਤੇ ਪਰਮੇਸ਼ੁਰ ਦੇ ਬਚਨ ਅਤੇ ਸੰਗਠਨ ਦੁਆਰਾ ਦਿੱਤੀ ਗਈ ਸਲਾਹ ਨੂੰ ਲਾਗੂ ਕਰਾਂਗੇ, ਤਾਂ ਸਾਡੇ ਲਈ “ਜੈ ਜੈ ਕਾਰ” ਕਰਨ ਦਾ ਸਮਾਂ ਜ਼ਰੂਰ ਆਵੇਗਾ।
ਨਿਹਚਾ ਵਿਚ ਤਕੜੇ ਹੋਣ ਲਈ ਸਮਾਂ ਲੱਗਦਾ
ਜੇ ਤੁਸੀਂ ਨੌਜਵਾਨ ਹੋ ਜਾਂ ਥੋੜ੍ਹੇ ਹੀ ਸਮੇਂ ਪਹਿਲਾਂ ਬਪਤਿਸਮਾ ਲਿਆ ਹੈ, ਤਾਂ ਸ਼ਾਇਦ ਤੁਸੀਂ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਚੁੱਕਣ ਲਈ ਉਤਾਵਲੇ ਹੋ। ਪਰ ਅਜਿਹੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਨਿਹਚਾ ਵਿਚ ਤਕੜੇ ਹੋਣਾ ਜ਼ਰੂਰੀ ਹੈ ਜਿਸ ਲਈ ਸਮਾਂ ਲੱਗਦਾ ਹੈ। ਤਾਂ ਫਿਰ, ਕਿਉਂ ਨਾ ਸਮੇਂ ਦਾ ਪੂਰਾ ਲਾਭ ਉਠਾ ਕੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੋ। ਮਿਸਾਲ ਲਈ, ਜਵਾਨੀ ਵਿਚ ਪੂਰੀ ਬਾਈਬਲ ਪੜ੍ਹਨੀ, ਮਸੀਹੀ ਗੁਣ ਪੈਦਾ ਕਰਨੇ ਅਤੇ ਚੇਲੇ ਬਣਾਉਣ ਦੀ ਕਲਾ ਸਿੱਖਣੀ ਬਹੁਤ ਵਧੀਆ ਗੱਲ ਹੈ। (ਉਪਦੇਸ਼ਕ ਦੀ ਪੋਥੀ 12:1) ਜੇ ਤੁਸੀਂ ਨਿਮਰਤਾ ਨਾਲ ਪਰਮੇਸ਼ੁਰ ਦੀ ਉਡੀਕ ਕਰੋ, ਤਾਂ ਯਹੋਵਾਹ ਸਹੀ ਸਮੇਂ ਤੇ ਤੁਹਾਨੂੰ ਹੋਰ ਜ਼ਿੰਮੇਵਾਰੀਆਂ ਜ਼ਰੂਰ ਸੌਂਪੇਗਾ।
ਚੇਲੇ ਬਣਾਉਣ ਦੇ ਕੰਮ ਵਿਚ ਵੀ ਧੀਰਜ ਰੱਖਣ ਦੀ ਲੋੜ ਹੈ। ਠੀਕ ਜਿਵੇਂ ਕਿਸਾਨ ਬੀ ਨੂੰ ਲਗਾਤਾਰ ਪਾਣੀ ਦਿੰਦਾ ਰਹਿੰਦਾ ਹੈ ਜਦ ਤਕ ਪਰਮੇਸ਼ੁਰ ਉਸ ਨੂੰ ਵਧਾਉਂਦਾ ਨਹੀਂ, ਤਿਵੇਂ ਸਾਨੂੰ ਨਵੇਂ ਵਿਅਕਤੀਆਂ ਦੀ ਸੱਚਾਈ ਸਿੱਖਣ ਵਿਚ ਮਦਦ ਕਰਦੇ ਰਹਿਣਾ ਚਾਹੀਦਾ ਹੈ। (1 ਕੁਰਿੰਥੀਆਂ 3:7; ਯਾਕੂਬ 5:7) ਜਿਸ ਵਿਅਕਤੀ ਨਾਲ ਅਸੀਂ ਬਾਈਬਲ ਸਟੱਡੀ ਕਰਦੇ ਹਾਂ, ਉਸ ਦੀ ਨਿਹਚਾ ਮਜ਼ਬੂਤ ਕਰਨ ਅਤੇ ਯਹੋਵਾਹ ਲਈ ਉਸ ਦੇ ਦਿਲ ਵਿਚ ਕਦਰ ਵਧਾਉਣ ਲਈ ਕਈ ਮਹੀਨੇ ਜਾਂ ਸਾਲ ਲੱਗ ਸਕਦੇ ਹਨ। ਇਸ ਵਿਚ ਸਾਨੂੰ ਧੀਰਜ ਨਾਲ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਹੈ, ਤਦ ਵੀ ਜੇ ਵਿਅਕਤੀ ਸ਼ੁਰੂ-ਸ਼ੁਰੂ ਵਿਚ ਸਿੱਖੀਆਂ ਗੱਲਾਂ ਉੱਤੇ ਨਾ ਚੱਲੇ। ਜੇ ਉਹ ਸਿੱਖੀਆਂ ਗੱਲਾਂ ਦੀ ਥੋੜ੍ਹੀ-ਬਹੁਤੀ ਵੀ ਕਦਰ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਉਹ ਸਹਿਜੇ-ਸਹਿਜੇ ਯਹੋਵਾਹ ਦੇ ਰਾਹ ਤੇ ਚੱਲ ਪਵੇ। ਧੀਰਜ ਰੱਖਣ ਨਾਲ ਸ਼ਾਇਦ ਤੁਸੀਂ ਇਕ ਦਿਨ ਯਹੋਵਾਹ ਦੀ ਮਦਦ ਸਦਕਾ ਆਪਣੇ ਵਿਦਿਆਰਥੀ ਨੂੰ ਯਿਸੂ ਮਸੀਹ ਦਾ ਚੇਲਾ ਬਣਦਾ ਦੇਖੋਗੇ।—ਮੱਤੀ 28:20.
ਉਡੀਕ ਕਰਨੀ ਪਿਆਰ ਦਾ ਇਜ਼ਹਾਰ
ਉਡੀਕ ਕਰਨੀ ਪਿਆਰ ਦਾ ਇਜ਼ਹਾਰ ਹੈ। ਇਕ ਸਿਆਣੀ ਦਾਦੀ-ਮਾਂ ਦੀ ਮਿਸਾਲ ਤੇ ਜ਼ਰਾ ਗੌਰ ਕਰੋ ਜੋ ਦੱਖਣੀ ਅਮਰੀਕਾ ਵਿਚ ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਰਹਿੰਦੀ ਹੈ। ਉਸ ਦੇ ਪਿੰਡ ਵਿਚ ਸਿਰਫ਼ ਦੋ ਜਣੀਆਂ ਯਹੋਵਾਹ ਦੀ ਸੇਵਾ ਕਰਦੀਆਂ ਹਨ। ਇਹ ਦੋਨੋਂ ਭੈਣਾਂ ਬੜੀਆਂ ਉਤਾਵਲੀਆਂ ਹੋ ਜਾਂਦੀਆਂ ਹਨ ਜਦ ਕਿਸੇ ਮਸੀਹੀ ਭੈਣ-ਭਰਾ ਨੇ ਉਨ੍ਹਾਂ ਨੂੰ ਮਿਲਣ ਆਉਣਾ ਹੋਵੇ। ਇਕ ਵਾਰ, ਸਰਕਟ ਨਿਗਾਹਬਾਨ ਉਨ੍ਹਾਂ ਨੂੰ ਮਿਲਣ ਆ ਰਿਹਾ ਸੀ, ਪਰ ਉਹ ਰਸਤਾ ਭੁੱਲ ਗਿਆ। ਨਤੀਜੇ ਵਜੋਂ ਉਸ ਨੂੰ ਪਿੱਛੇ ਮੁੜਨਾ ਪਿਆ ਅਤੇ ਭੈਣਾਂ ਕਈ ਘੰਟੇ ਉਡੀਕ ਕਰਦੀਆਂ ਰਹੀਆਂ। ਅੱਧੀ ਰਾਤ ਹੋ ਚੁੱਕੀ ਸੀ ਜਦ ਸਰਕਟ ਨਿਗਾਹਬਾਨ ਨੂੰ ਦੂਰੋਂ ਇਕ ਪਿੰਡ ਨਜ਼ਰ ਆਇਆ। ਇਸ ਇਲਾਕੇ ਵਿਚ ਬਿਜਲੀ ਨਹੀਂ ਸੀ, ਇਸ ਲਈ ਭਰਾ ਰੌਸ਼ਨੀ ਦੀ ਕਿਰਨ ਦੇਖ ਕੇ ਹੈਰਾਨ ਹੋਇਆ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ, ਜਦ ਉਹ ਪਿੰਡ ਪਹੁੰਚਿਆ ਅਤੇ ਉਸ ਨੇ ਦੇਖਿਆ ਕਿ ਰੌਸ਼ਨੀ ਇਸ ਸਿਆਣੀ ਦਾਦੀ-ਮਾਂ ਦੇ ਦੀਵੇ ਦੀ ਸੀ! ਉਹ ਭਰਾ ਦੀ ਉਡੀਕ ਕਰਦੀ ਰਹੀ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਭਰਾ ਜ਼ਰੂਰ ਆਵੇਗਾ।
ਇਸੇ ਯਕੀਨ ਨਾਲ ਅਸੀਂ ਵੀ ਖ਼ੁਸ਼ੀ ਨਾਲ ਯਹੋਵਾਹ ਦੀ ਉਡੀਕ ਕਰਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। ਉਸ ਸਰਕਟ ਨਿਗਾਹਬਾਨ ਵਾਂਗ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦ ਸਾਡੀ ਕੋਈ ਉਡੀਕ ਕਰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੀ ਉਡੀਕ ਕਰੀਏ, ਤਾਂ ਅਸੀਂ ਉਸ ਦਾ ਦਿਲ ਖ਼ੁਸ਼ ਕਰਾਂਗੇ। ਬਾਈਬਲ ਕਹਿੰਦੀ ਹੈ: ‘ਯਹੋਵਾਹ ਦੀ ਖੁਸ਼ੀ ਉਸ ਦੀ ਦਇਆ ਤੇ ਉਮੀਦ ਰੱਖਣ ਵਾਲਿਆਂ ਤੋਂ ਹੈ।’—ਭਜਨ 147:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
[ਸਫ਼ਾ 18 ਉੱਤੇ ਤਸਵੀਰ]
ਜੋ ਲੋਕ ਯਹੋਵਾਹ ਦੀ ਵਡਿਆਈ ਕਰਨ ਵਿਚ ਰੁੱਝੇ ਹਨ ਉਹ ਖ਼ੁਸ਼ੀ ਨਾਲ ਉਸ ਦੀ ਉਡੀਕ ਕਰ ਰਹੇ ਹਨ