“ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ”!
“ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।”—ਇਬ. 13:1.
1, 2. ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਚਿੱਠੀ ਕਿਉਂ ਲਿਖੀ?
61 ਈਸਵੀ ਵਿਚ ਦੇਸ਼ ਵਿਚ ਕਾਫ਼ੀ ਹੱਦ ਤਕ ਸ਼ਾਂਤੀ ਹੋਣ ਕਰਕੇ ਇਜ਼ਰਾਈਲ ਦੀਆਂ ਮੰਡਲੀਆਂ ਯਹੋਵਾਹ ਦੀ ਭਗਤੀ ਬਿਨਾਂ ਰੁਕਾਵਟ ਕਰਦੀਆਂ ਸਨ। ਪੌਲੁਸ ਰਸੂਲ ਰੋਮ ਦੀ ਜੇਲ੍ਹ ਵਿਚ ਸੀ, ਪਰ ਉਸ ਨੂੰ ਜਲਦੀ ਹੀ ਰਿਹਾ ਹੋਣ ਦੀ ਉਮੀਦ ਸੀ। ਉਸ ਦਾ ਸਾਥੀ ਤਿਮੋਥਿਉਸ ਹੁਣੇ ਹੀ ਜੇਲ੍ਹ ਤੋਂ ਰਿਹਾ ਹੋਇਆ ਸੀ ਅਤੇ ਉਹ ਦੋਨੋਂ ਮਿਲ ਕੇ ਯਹੂਦੀਆ ਦੇ ਭੈਣਾਂ-ਭਰਾਵਾਂ ਨੂੰ ਮਿਲਣ ਬਾਰੇ ਸੋਚ ਰਹੇ ਸਨ। (ਇਬ. 13:23) ਪਰ ਪੰਜ ਸਾਲਾਂ ਬਾਅਦ ਯਹੂਦੀਆ ਵਿਚ ਰਹਿਣ ਵਾਲੇ ਮਸੀਹੀਆਂ, ਖ਼ਾਸ ਕਰਕੇ ਯਰੂਸ਼ਲਮ ਵਿਚ ਰਹਿਣ ਵਾਲੇ ਮਸੀਹੀਆਂ, ਨੂੰ ਇਕਦਮ ਕਦਮ ਚੁੱਕਣੇ ਪੈਣੇ ਸਨ। ਕਿਉਂ? ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜਦੋਂ ਹੀ ਉਹ “ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ” ਦੇਖਣ, ਉਦੋਂ ਹੀ ਉਹ ਉੱਥੋਂ ਭੱਜ ਜਾਣ।—ਲੂਕਾ 21:20-24.
2 ਯਿਸੂ ਨੂੰ ਇਹ ਚੇਤਾਵਨੀ ਦਿੱਤਿਆਂ 28 ਸਾਲ ਹੋ ਗਏ ਸਨ। ਇਨ੍ਹਾਂ ਸਾਲਾਂ ਦੌਰਾਨ ਇਜ਼ਰਾਈਲ ਵਿਚ ਰਹਿਣ ਵਾਲੇ ਮਸੀਹੀਆਂ ਨੇ ਵਫ਼ਾਦਾਰੀ ਨਾਲ ਬਹੁਤ ਸਾਰੇ ਅਤਿਆਚਾਰਾਂ ਅਤੇ ਔਖੀਆਂ ਘੜੀਆਂ ਦਾ ਸਾਮ੍ਹਣਾ ਕੀਤਾ ਸੀ। (ਇਬ. 10:32-34) ਪਰ ਪੌਲੁਸ ਜਾਣਦਾ ਸੀ ਕਿ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਹੋਣ ਵਾਲੀ ਸੀ। (ਮੱਤੀ 24:20, 21; ਇਬ. 12:4) ਇਸ ਕਰਕੇ ਉਹ ਉਨ੍ਹਾਂ ਨੂੰ ਭਵਿੱਖ ਵਿਚ ਆਉਣ ਵਾਲੀ ਕਿਸੇ ਵੀ ਮੁਸ਼ਕਲ ਲਈ ਤਿਆਰ ਕਰਨਾ ਚਾਹੁੰਦਾ ਸੀ। ਉਨ੍ਹਾਂ ਨੂੰ ਬਹੁਤ ਜ਼ਿਆਦਾ ਧੀਰਜ ਅਤੇ ਨਿਹਚਾ ਦੀ ਲੋੜ ਸੀ ਤਾਂਕਿ ਉਹ ਆਪਣੀਆਂ ਜ਼ਿੰਦਗੀਆਂ ਬਚਾ ਸਕਣ। (ਇਬਰਾਨੀਆਂ 10:36-39 ਪੜ੍ਹੋ।) ਇਸ ਲਈ ਯਹੋਵਾਹ ਨੇ ਪੌਲੁਸ ਰਸੂਲ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਪ੍ਰੇਰਿਆ ਕਿ ਉਹ ਉਨ੍ਹਾਂ ਪਿਆਰੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖੇ। ਇਸ ਚਿੱਠੀ ਵਿਚ ਪੌਲੁਸ ਨੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਹਰ ਮੁਸ਼ਕਲ ਸਹਿਣ ਲਈ ਤਿਆਰ ਕੀਤਾ। ਇਸ ਚਿੱਠੀ ਨੂੰ ਇਬਰਾਨੀਆਂ ਦੀ ਕਿਤਾਬ ਕਿਹਾ ਜਾਂਦਾ ਹੈ।
3. ਸਾਨੂੰ ਇਬਰਾਨੀਆਂ ਦੀ ਕਿਤਾਬ ਕਿਉਂ ਪੜ੍ਹਨੀ ਚਾਹੀਦੀ ਹੈ?
3 ਸਾਨੂੰ ਇਬਰਾਨੀਆਂ ਦੀ ਕਿਤਾਬ ਕਿਉਂ ਪੜ੍ਹਨੀ ਚਾਹੀਦੀ ਹੈ? ਕਿਉਂਕਿ ਸਾਡੇ ਹਾਲਾਤ ਵੀ ਯਹੂਦੀਆਂ ਦੇ ਮਸੀਹੀਆਂ ਵਰਗੇ ਹਨ। ਇਨ੍ਹਾਂ ‘ਮੁਸੀਬਤਾਂ ਨਾਲ ਭਰੇ ਆਖ਼ਰੀ ਦਿਨਾਂ’ ਵਿਚ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਔਖੀਆਂ ਘੜੀਆਂ ਅਤੇ ਅਤਿਆਚਾਰਾਂ ਦਾ ਵਫ਼ਾਦਾਰੀ ਨਾਲ ਸਾਮ੍ਹਣਾ ਕੀਤਾ ਹੈ। (2 ਤਿਮੋ. 3:1, 12) ਪਰ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਅਤਿਆਚਾਰਾਂ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ ਅਤੇ ਉਹ ਬਿਨਾਂ ਰੁਕਾਵਟ ਯਹੋਵਾਹ ਦੀ ਭਗਤੀ ਕਰ ਸਕਦੇ ਹਨ। ਪਰ ਫਿਰ ਵੀ ਸਾਨੂੰ ਪੌਲੁਸ ਦੇ ਸਮੇਂ ਦੇ ਮਸੀਹੀਆਂ ਵਾਂਗ ਚੁਕੰਨੇ ਰਹਿਣ ਦੀ ਲੋੜ ਹੈ ਕਿਉਂਕਿ ਬਹੁਤ ਜਲਦ ਸਾਡੀ ਨਿਹਚਾ ਦੀ ਸਭ ਤੋਂ ਵੱਡੀ ਪਰੀਖਿਆ ਹੋਵੇਗੀ।—ਲੂਕਾ 21:34-36 ਪੜ੍ਹੋ।
4. 2016 ਲਈ ਕਿਹੜਾ ਬਾਈਬਲ ਦਾ ਹਵਾਲਾ ਚੁਣਿਆ ਗਿਆ ਹੈ ਅਤੇ ਇਹ ਢੁਕਵਾਂ ਕਿਉਂ ਹੈ?
4 ਕਿਹੜੀ ਗੱਲ ਸਾਨੂੰ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਲਈ ਤਿਆਰ ਕਰ ਸਕਦੀ ਹੈ? ਪੌਲੁਸ ਨੇ ਇਬਰਾਨੀਆਂ ਦੀ ਕਿਤਾਬ ਵਿਚ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਜੋ ਸਾਡੀ ਨਿਹਚਾ ਨੂੰ ਮਜ਼ਬੂਤ ਕਰ ਸਕਦੀਆਂ ਹਨ। ਇਬਰਾਨੀਆਂ 13:1 ਵਿਚ ਇਕ ਅਹਿਮ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਹ ਆਇਤ ਸਾਨੂੰ ਹੱਲਾਸ਼ੇਰੀ ਦਿੰਦੀ ਹੈ: “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।” ਇਸ ਆਇਤ ਨੂੰ 2016 ਲਈ ਬਾਈਬਲ ਦੇ ਹਵਾਲੇ ਵਜੋਂ ਚੁਣਿਆ ਗਿਆ ਹੈ।
2016 ਲਈ ਬਾਈਬਲ ਦਾ ਹਵਾਲਾ: “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।”—ਇਬਰਾਨੀਆਂ 13:1
ਭਰਾਵਾਂ ਵਰਗਾ ਪਿਆਰ ਕੀ ਹੈ?
5. ਭਰਾਵਾਂ ਵਰਗਾ ਪਿਆਰ ਦਿਖਾਉਣ ਦਾ ਕੀ ਮਤਲਬ ਹੈ?
5 ਭਰਾਵਾਂ ਵਰਗਾ ਪਿਆਰ ਦਿਖਾਉਣ ਦਾ ਕੀ ਮਤਲਬ ਹੈ? ਪੌਲੁਸ ਰਸੂਲ ਨੇ “ਭਰਾਵਾਂ ਵਾਂਗ ਪਿਆਰ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਉਸ ਦਾ ਮਤਲਬ ਹੈ, “ਭਰਾਵਾਂ ਲਈ ਮੋਹ।” ਇਹ ਅਜਿਹਾ ਮੋਹ ਹੈ ਜੋ ਪਰਿਵਾਰ ਦੇ ਮੈਂਬਰਾਂ ਜਾਂ ਕਰੀਬੀ ਦੋਸਤਾਂ ਵਿਚ ਹੁੰਦਾ ਹੈ। (ਯੂਹੰ. 11:36) ਅਸੀਂ ਭੈਣ-ਭਰਾ ਹੋਣ ਦਾ ਢੌਂਗ ਨਹੀਂ ਕਰਦੇ, ਬਲਕਿ ਅਸੀਂ ਸੱਚ-ਮੁੱਚ ਭੈਣ-ਭਰਾ ਹਾਂ। (ਮੱਤੀ 23:8) ਪੌਲੁਸ ਨੇ ਕਿਹਾ: “ਆਪਣੇ ਭਰਾਵਾਂ ਨਾਲ ਪਿਆਰ ਅਤੇ ਮੋਹ ਰੱਖੋ। ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” (ਰੋਮੀ. 12:10) ਇਹ ਸ਼ਬਦ ਦਿਖਾਉਂਦੇ ਹਨ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦੇ ਹਾਂ। ਇਹ ਪਿਆਰ ਪਰਮੇਸ਼ੁਰ ਦੇ ਅਸੂਲਾਂ ʼਤੇ ਆਧਾਰਿਤ ਹੈ ਜੋ ਪਰਮੇਸ਼ੁਰ ਦੇ ਲੋਕਾਂ ਦੀ ਇਕ-ਦੂਜੇ ਦੇ ਕਰੀਬੀ ਦੋਸਤ ਬਣਨ ਅਤੇ ਇਕਮੁੱਠ ਰਹਿਣ ਵਿਚ ਮਦਦ ਕਰਦਾ ਹੈ।
6. ਇਕ ਮਸੀਹੀ ਨੂੰ ਕਿਸ ਨੂੰ ਆਪਣਾ ਭਰਾ ਸਮਝਣਾ ਚਾਹੀਦਾ ਹੈ?
6 “ਭਰਾਵਾਂ ਵਾਂਗ ਪਿਆਰ” ਸ਼ਬਦ ਜ਼ਿਆਦਾਤਰ ਮਸੀਹੀ ਪ੍ਰਕਾਸ਼ਨਾਂ ਵਿਚ ਪਾਏ ਜਾਂਦੇ ਹਨ। ਪੁਰਾਣੇ ਸਮੇਂ ਦੇ ਯਹੂਦੀ “ਭਰਾ” ਸ਼ਬਦ ਅਕਸਰ ਰਿਸ਼ਤੇਦਾਰਾਂ ਅਤੇ ਕਈ ਵਾਰ ਪਰਿਵਾਰ ਤੋਂ ਬਾਹਰ ਯਹੂਦੀ ਲੋਕਾਂ ਲਈ ਵਰਤਦੇ ਸਨ, ਨਾ ਕਿ ਗ਼ੈਰ-ਯਹੂਦੀਆਂ ਲਈ। ਪਰ ਸਾਰੇ ਸੱਚੇ ਮਸੀਹੀ “ਭਰਾ” ਹਨ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਕਿਉਂ ਨਾ ਹੋਣ। (ਰੋਮੀ. 10:12) ਯਹੋਵਾਹ ਨੇ ਸਾਨੂੰ ਇਕ-ਦੂਜੇ ਨੂੰ ਭਰਾਵਾਂ ਵਾਂਗ ਪਿਆਰ ਕਰਨਾ ਸਿਖਾਇਆ ਹੈ। (1 ਥੱਸ. 4:9) ਪਰ ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਭਰਾਵਾਂ ਵਰਗਾ ਪਿਆਰ ਦਿਖਾਉਂਦੇ ਰਹੀਏ?
ਭਰਾਵਾਂ ਵਰਗਾ ਪਿਆਰ ਦਿਖਾਉਂਦੇ ਰਹਿਣਾ ਜ਼ਰੂਰੀ ਕਿਉਂ ਹੈ?
7. (ੳ) ਭਰਾਵਾਂ ਵਰਗਾ ਪਿਆਰ ਦਿਖਾਉਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? (ਅ) ਹੋਰ ਕਿਹੜੇ ਕਾਰਨ ਕਰਕੇ ਸਾਨੂੰ ਇਕ-ਦੂਜੇ ਨੂੰ ਭਰਾਵਾਂ ਵਰਗਾ ਪਿਆਰ ਦਿਖਾਉਣਾ ਚਾਹੀਦਾ ਹੈ?
7 ਇਸ ਦਾ ਸਿੱਧਾ ਜਵਾਬ ਇਹ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਭਰਾਵਾਂ ਵਰਗਾ ਪਿਆਰ ਦਿਖਾਉਂਦੇ ਰਹੀਏ। ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਨਹੀਂ ਕਰਦੇ, ਤਾਂ ਅਸੀਂ ਯਹੋਵਾਹ ਨੂੰ ਪਿਆਰ ਕਿੱਦਾਂ ਕਰ ਸਕਦੇ ਹਾਂ? (1 ਯੂਹੰ. 4:7, 20, 21) ਇਕ ਹੋਰ ਕਾਰਨ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੀ ਲੋੜ ਹੈ, ਖ਼ਾਸ ਕਰਕੇ ਮੁਸ਼ਕਲ ਘੜੀਆਂ ਵਿਚ। ਜਦੋਂ ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੂੰ ਪਤਾ ਸੀ ਕਿ ਜਲਦੀ ਹੀ ਉਨ੍ਹਾਂ ਨੂੰ ਆਪਣੇ ਘਰ-ਬਾਰ ਅਤੇ ਹੋਰ ਚੀਜ਼ਾਂ ਛੱਡਣੀਆਂ ਪੈਣੀਆਂ ਸਨ। ਯਿਸੂ ਨੇ ਦੱਸਿਆ ਸੀ ਕਿ ਉਨ੍ਹਾਂ ਲਈ ਉਹ ਸਮਾਂ ਕਿੰਨਾ ਮੁਸ਼ਕਲ ਭਰਿਆ ਹੋਣਾ ਸੀ। (ਮਰ. 13:14-18; ਲੂਕਾ 21:21-23) ਇਸ ਲਈ ਉਹ ਮੁਸ਼ਕਲ ਸਮਾਂ ਆਉਣ ਤੋਂ ਪਹਿਲਾਂ ਮਸੀਹੀਆਂ ਲਈ ਜ਼ਰੂਰੀ ਸੀ ਕਿ ਉਹ ਇਕ-ਦੂਜੇ ਲਈ ਆਪਣੇ ਪਿਆਰ ਨੂੰ ਮਜ਼ਬੂਤ ਕਰਨ।—ਰੋਮੀ. 12:9.
8. ਮਹਾਂਕਸ਼ਟ ਆਉਣ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ?
8 ਬਹੁਤ ਜਲਦ ਅਜਿਹਾ ਕਸ਼ਟ ਆਉਣ ਵਾਲਾ ਹੈ ਜੋ ਅੱਜ ਤਕ ਕਦੇ ਨਹੀਂ ਆਇਆ। (ਮਰ. 13:19; ਪ੍ਰਕਾ. 7:1-3) ਇਸ ਲਈ ਸਾਨੂੰ ਇਹ ਸਲਾਹ ਮੰਨਣ ਦੀ ਲੋੜ ਹੈ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।” (ਯਸਾ. 26:20) ਇੱਥੇ “ਕੋਠੜੀਆਂ” ਸ਼ਾਇਦ ਮਸੀਹੀ ਮੰਡਲੀਆਂ ਨੂੰ ਦਰਸਾਉਂਦੀਆਂ ਹਨ। ਇੱਥੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਪਰ ਬਾਕਾਇਦਾ ਮਿਲਣਾ ਹੀ ਕਾਫ਼ੀ ਨਹੀਂ ਹੈ। ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ ਇਕ-ਦੂਜੇ ਨੂੰ “ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ” ਦਿੰਦੇ ਰਹਿਣ। (ਇਬ. 10:24, 25) ਸਾਨੂੰ ਹੁਣ ਆਪਣੇ ਭੈਣ-ਭਰਾਵਾਂ ਲਈ ਪਿਆਰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਇਹ ਪਿਆਰ ਸਾਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ।
9. (ੳ) ਅੱਜ ਸਾਡੇ ਕੋਲ ਆਪਣੇ ਭੈਣਾਂ-ਭਰਾਵਾਂ ਨੂੰ ਭਰਾਵਾਂ ਵਰਗਾ ਪਿਆਰ ਦਿਖਾਉਣ ਦੇ ਕਿਹੜੇ ਮੌਕੇ ਹਨ? (ਅ) ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਦੇ ਲੋਕ ਭਰਾਵਾਂ ਵਰਗਾ ਪਿਆਰ ਕਿਵੇਂ ਦਿਖਾਉਂਦੇ ਹਨ।
9 ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਾਡੇ ਕੋਲ ਭਰਾਵਾਂ ਵਰਗਾ ਪਿਆਰ ਦਿਖਾਉਣ ਦੇ ਬਹੁਤ ਸਾਰੇ ਮੌਕੇ ਹਨ। ਸਾਡੇ ਬਹੁਤ ਸਾਰੇ ਭੈਣ-ਭਰਾ ਭੁਚਾਲ਼, ਹੜ੍ਹ, ਤੇਜ਼ ਤੂਫ਼ਾਨ, ਸੁਨਾਮੀ ਜਾਂ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਨੂੰ ਸਹਿ ਰਹੇ ਹਨ। ਕੁਝ ਭੈਣ-ਭਰਾ ਵਿਰੋਧਤਾ ਅਤੇ ਅਤਿਆਚਾਰਾਂ ਦਾ ਸਾਮ੍ਹਣਾ ਕਰ ਰਹੇ ਹਨ। (ਮੱਤੀ 24:6-9) ਇਸ ਤੋਂ ਇਲਾਵਾ, ਇਸ ਬੁਰੀ ਦੁਨੀਆਂ ਵਿਚ ਰੋਜ਼ੀ-ਰੋਟੀ ਕਮਾਉਣ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। (ਪ੍ਰਕਾ. 6:5, 6) ਪਰ ਸਾਡੇ ਭੈਣ-ਭਰਾ ਜਿੰਨੀਆਂ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਸਾਡੇ ਕੋਲ ਪਿਆਰ ਦਿਖਾਉਣ ਦੇ ਉੱਨੇ ਜ਼ਿਆਦਾ ਮੌਕੇ ਹੁੰਦੇ ਹਨ। ਭਾਵੇਂ ਕਿ “ਜ਼ਿਆਦਾਤਰ ਲੋਕਾਂ ਦਾ ਪਿਆਰ ਠੰਢਾ ਪੈ” ਗਿਆ ਹੈ, ਪਰ ਫਿਰ ਵੀ ਸਾਨੂੰ ਲਗਾਤਾਰ ਭਰਾਵਾਂ ਵਰਗਾ ਪਿਆਰ ਦਿਖਾਉਂਦੇ ਰਹਿਣ ਦੀ ਲੋੜ ਹੈ।—ਮੱਤੀ 24:12. [1]
ਅਸੀਂ ਭਰਾਵਾਂ ਵਰਗਾ ਪਿਆਰ ਕਿਵੇਂ ਦਿਖਾਉਂਦੇ ਰਹਿ ਸਕਦੇ ਹਾਂ?
10. ਅਸੀਂ ਹੁਣ ਕਿਹੜੀਆਂ ਗੱਲਾਂ ʼਤੇ ਚਰਚਾ ਕਰਾਂਗੇ?
10 ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਭਰਾਵਾਂ ਵਰਗਾ ਪਿਆਰ ਕਿਵੇਂ ਦਿਖਾਉਂਦੇ ਰਹਿ ਸਕਦੇ ਹਾਂ? ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਭਰਾਵਾਂ ਨਾਲ ਮੋਹ ਰੱਖਦੇ ਹਾਂ? “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ” ਕਹਿਣ ਤੋਂ ਬਾਅਦ ਪੌਲੁਸ ਰਸੂਲ ਨੇ ਅਜਿਹਾ ਕਰਨ ਦੇ ਕਈ ਤਰੀਕੇ ਦੱਸੇ। ਆਓ ਆਪਾਂ ਕੁਝ ਛੇ ਗੱਲਾਂ ਦੇਖੀਏ।
11, 12. ਪਰਾਹੁਣਚਾਰੀ ਦਿਖਾਉਣ ਦਾ ਕੀ ਮਤਲਬ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
11 “ਪਰਾਹੁਣਚਾਰੀ ਕਰਨੀ ਨਾ ਭੁੱਲੋ।” (ਇਬਰਾਨੀਆਂ 13:2 ਪੜ੍ਹੋ।) ਪੌਲੁਸ ਨੇ ਇੱਥੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਉਸ ਦਾ ਮਤਲਬ ਹੈ, “ਅਜਨਬੀਆਂ ਲਈ ਪਿਆਰ ਦਿਖਾਉਣਾ।” ਸ਼ਾਇਦ ਇਹ ਸ਼ਬਦ ਸਾਨੂੰ ਅਬਰਾਹਾਮ ਅਤੇ ਲੂਤ ਦੀ ਯਾਦ ਦਿਲਾਉਣ। ਇਨ੍ਹਾਂ ਦੋਹਾਂ ਨੇ ਅਜਨਬੀਆਂ ਦੀ ਪਰਾਹੁਣਚਾਰੀ ਕੀਤੀ। ਬਾਅਦ ਵਿਚ ਇਨ੍ਹਾਂ ਨੂੰ ਪਤਾ ਲੱਗਾ ਕਿ ਉਹ ਅਜਨਬੀ ਅਸਲ ਵਿਚ ਦੂਤ ਸਨ। (ਉਤ. 18:2-5; 19:1-3) ਇਨ੍ਹਾਂ ਮਿਸਾਲਾਂ ਤੋਂ ਯਹੂਦੀਆਂ ਨੂੰ ਹੱਲਾਸ਼ੇਰੀ ਮਿਲੀ ਕਿ ਉਹ ਪਰਾਹੁਣਚਾਰੀ ਕਰ ਕੇ ਭਰਾਵਾਂ ਵਾਂਗ ਪਿਆਰ ਦਿਖਾਉਣ।
12 ਅਸੀਂ ਦੂਜਿਆਂ ਨੂੰ ਪਰਾਹੁਣਚਾਰੀ ਕਿਵੇਂ ਦਿਖਾ ਸਕਦੇ ਹਾਂ? ਅਸੀਂ ਭੈਣਾਂ-ਭਰਾਵਾਂ ਨੂੰ ਆਪਣੇ ਘਰ ਖਾਣੇ ʼਤੇ ਜਾਂ ਹੌਸਲਾ ਦੇਣ ਲਈ ਬੁਲਾ ਸਕਦੇ ਹਾਂ। ਭਾਵੇਂ ਕਿ ਅਸੀਂ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ, ਫਿਰ ਵੀ ਅਸੀਂ ਉਨ੍ਹਾਂ ਨੂੰ ਪਰਾਹੁਣਚਾਰੀ ਦਿਖਾ ਸਕਦੇ ਹਾਂ। (3 ਯੂਹੰ. 5-8) ਸਾਨੂੰ ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣ ਜਾਂ ਜ਼ਿਆਦਾ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ ਹੈ। ਸਾਡਾ ਮਕਸਦ ਆਪਣੇ ਭੈਣਾਂ-ਭਰਾਵਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਨਹੀਂ, ਸਗੋਂ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦਾ ਹੋਣਾ ਚਾਹੀਦਾ ਹੈ। ਸਿਰਫ਼ ਉਨ੍ਹਾਂ ਨੂੰ ਹੀ ਸੱਦਾ ਨਾ ਦਿਓ ਜੋ ਬਦਲੇ ਵਿਚ ਤੁਹਾਨੂੰ ਸੱਦਾ ਦੇ ਸਕਦੇ ਹਨ। (ਲੂਕਾ 10:42; 14:12-14) ਭਾਵੇਂ ਕਿ ਜ਼ਿੰਦਗੀ ਦੀ ਦੌੜ-ਭੱਜ ਕਰਕੇ ਸਾਡੇ ਕੋਲ ਸਮਾਂ ਨਹੀਂ ਹੁੰਦਾ, ਫਿਰ ਵੀ “ਪਰਾਹੁਣਚਾਰੀ ਕਰਨੀ ਨਾ ਭੁੱਲੋ।”
13, 14. ਅਸੀਂ “ਜੇਲ੍ਹਾਂ ਵਿਚ ਬੰਦ” ਭੈਣਾਂ-ਭਰਾਵਾਂ ਨੂੰ ਕਿਵੇਂ ਯਾਦ ਰੱਖ ਸਕਦੇ ਹਾਂ?
13 “ਉਨ੍ਹਾਂ ਨੂੰ ਯਾਦ ਰੱਖੋ ਜਿਹੜੇ ਜੇਲ੍ਹਾਂ ਵਿਚ ਬੰਦ ਹਨ।” (ਇਬਰਾਨੀਆਂ 13:3 ਪੜ੍ਹੋ।) ਪੌਲੁਸ ਨੇ ਉਨ੍ਹਾਂ ਲੋਕਾਂ ਲਈ ਇਹ ਗੱਲ ਲਿਖੀ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਹਨ। (ਫ਼ਿਲਿ. 1:12-14) ਪੌਲੁਸ ਨੇ ਮੰਡਲੀ ਦੀ ਤਾਰੀਫ਼ ਕੀਤੀ ਕਿਉਂਕਿ ਉਨ੍ਹਾਂ ਨੇ ‘ਜੇਲ੍ਹਾਂ ਵਿਚ ਬੰਦ ਭਰਾਵਾਂ ਲਈ ਹਮਦਰਦੀ ਦਿਖਾਈ।’ (ਇਬ. 10:34) ਪੌਲੁਸ ਲਗਭਗ ਚਾਰ ਸਾਲਾਂ ਤੋਂ ਰੋਮ ਦੀ ਜੇਲ੍ਹ ਵਿਚ ਕੈਦ ਸੀ। ਇਸ ਸਮੇਂ ਦੌਰਾਨ ਕੁਝ ਭੈਣਾਂ-ਭਰਾਵਾਂ ਨੇ ਉਸ ਦੀ ਮਦਦ ਕੀਤੀ। ਪਰ ਕਈ ਭੈਣ-ਭਰਾ ਉਸ ਤੋਂ ਕਾਫ਼ੀ ਦੂਰ ਰਹਿੰਦੇ ਸਨ। ਤਾਂ ਫਿਰ ਉਹ ਉਸ ਦੀ ਕਿੱਦਾਂ ਮਦਦ ਕਰ ਸਕਦੇ ਸਨ? ਉਹ ਉਸ ਲਈ ਲਗਾਤਾਰ ਪ੍ਰਾਰਥਨਾ ਕਰ ਸਕਦੇ ਸਨ।—ਇਬ. 13:18, 19.
14 ਅੱਜ ਬਹੁਤ ਸਾਰੇ ਗਵਾਹ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਬੰਦ ਹਨ। ਜਿਹੜੇ ਭੈਣ-ਭਰਾ ਉਨ੍ਹਾਂ ਦੇ ਨੇੜੇ ਰਹਿੰਦੇ ਹਨ, ਉਹ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਪਰ ਸਾਡੇ ਵਿੱਚੋਂ ਜ਼ਿਆਦਾਤਰ ਉਨ੍ਹਾਂ ਤੋਂ ਬਹੁਤ ਦੂਰ ਰਹਿੰਦੇ ਹਾਂ। ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਕਿਵੇਂ ਯਾਦ ਰੱਖ ਸਕਦੇ ਹਾਂ? ਭਰਾਵਾਂ ਵਰਗਾ ਪਿਆਰ ਸਾਨੂੰ ਉਤਸ਼ਾਹਿਤ ਕਰੇਗਾ ਕਿ ਅਸੀਂ ਉਨ੍ਹਾਂ ਲਈ ਲਗਾਤਾਰ ਪ੍ਰਾਰਥਨਾ ਕਰਦੇ ਰਹੀਏ। ਮਿਸਾਲ ਲਈ, ਅਸੀਂ ਐਰੀਟ੍ਰੀਆ ਵਿਚ ਉਨ੍ਹਾਂ ਭੈਣਾਂ-ਭਰਾਵਾਂ ਅਤੇ ਇੱਥੋਂ ਤਕ ਕਿ ਬੱਚਿਆਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ ਜੋ ਜੇਲ੍ਹਾਂ ਵਿਚ ਹਨ। ਇਨ੍ਹਾਂ ਵਿਚ ਪਾਓਲੌਸ ਈਆਸੂ, ਆਈਜ਼ਕ ਮੌਗੌਸ ਅਤੇ ਨੇਗੇਡੇ ਤਕਲੇਮਾਰਆਮ ਨਾਂ ਦੇ ਸਾਡੇ ਭਰਾ ਵੀ ਹਨ ਜੋ 20 ਤੋਂ ਜ਼ਿਆਦਾ ਸਾਲਾਂ ਤੋਂ ਜੇਲ੍ਹ ਵਿਚ ਹਨ।
15. ਅਸੀਂ ਆਪਣੇ ਵਿਆਹ ਨੂੰ ਆਦਰਯੋਗ ਕਿਵੇਂ ਬਣਾਈ ਰੱਖ ਸਕਦੇ ਹਾਂ?
15 “ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ।” (ਇਬਰਾਨੀਆਂ 13:4 ਪੜ੍ਹੋ।) ਅਸੀਂ ਨੈਤਿਕ ਤੌਰ ʼਤੇ ਸ਼ੁੱਧ ਰਹਿ ਕੇ ਵੀ ਭਰਾਵਾਂ ਵਾਂਗ ਪਿਆਰ ਦਿਖਾ ਸਕਦੇ ਹਾਂ। (1 ਤਿਮੋ. 5:1, 2) ਮਿਸਾਲ ਲਈ, ਜੇ ਅਸੀਂ ਕਿਸੇ ਭੈਣ ਜਾਂ ਭਰਾ ਨਾਲ ਹਰਾਮਕਾਰੀ ਕਰਾਂਗੇ, ਤਾਂ ਅਸੀਂ ਉਸ ਇਨਸਾਨ ਨੂੰ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਵਾਂਗੇ। ਨਾਲੇ ਇਕ-ਦੂਜੇ ਤੋਂ ਸਾਡਾ ਵਿਸ਼ਵਾਸ ਉੱਠ ਜਾਵੇਗਾ। (1 ਥੱਸ. 4:3-8) ਇਸ ਬਾਰੇ ਵੀ ਸੋਚੋ, ਇਕ ਪਤਨੀ ਨੂੰ ਕਿੱਦਾਂ ਲੱਗੇਗਾ ਜੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਅਸ਼ਲੀਲ ਤਸਵੀਰਾਂ ਅਤੇ ਫ਼ਿਲਮਾਂ ਦੇਖ ਕੇ ਉਸ ਨਾਲ ਬੇਵਫ਼ਾਈ ਕਰ ਰਿਹਾ ਹੈ। ਕੀ ਉਸ ਨੂੰ ਲੱਗੇਗਾ ਕਿ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਅਤੇ ਵਿਆਹੁਤਾ ਰਿਸ਼ਤੇ ਦਾ ਆਦਰ ਕਰਦਾ ਹੈ?—ਮੱਤੀ 5:28.
16. ਅਸੀਂ ਸੰਤੁਸ਼ਟ ਰਹਿ ਕੇ ਭਰਾਵਾਂ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹਾਂ?
16 “ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।” (ਇਬਰਾਨੀਆਂ 13:5 ਪੜ੍ਹੋ।) ਜੇ ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖਾਂਗੇ, ਤਾਂ ਅਸੀਂ ਸੰਤੁਸ਼ਟ ਰਹਾਂਗੇ। ਇਸ ਭਰੋਸੇ ਕਰਕੇ ਅਸੀਂ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਰੱਖ ਸਕਾਂਗੇ। (1 ਤਿਮੋ. 6:6-8) ਸਹੀ ਨਜ਼ਰੀਆ ਰੱਖ ਕੇ ਅਸੀਂ ਜਾਣ ਸਕਾਂਗੇ ਕਿ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਪੈਸਿਆਂ ਅਤੇ ਹੋਰ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਅਹਿਮ ਹੈ। ਜੋ ਇਨਸਾਨ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਹੁੰਦਾ ਹੈ, ਉਹ ਸ਼ਿਕਾਇਤ, ਬੁੜ-ਬੁੜ ਜਾਂ ਦੂਜਿਆਂ ਦੀ ਨੁਕਤਾਚੀਨੀ ਨਹੀਂ ਕਰਦਾ। ਨਾਲੇ ਨਾ ਹੀ ਉਹ ਦੂਜਿਆਂ ਤੋਂ ਖਾਰ ਖਾਂਦਾ ਹੈ ਅਤੇ ਨਾ ਹੀ ਲਾਲਚ ਕਰਦਾ ਹੈ। ਇਸ ਦੀ ਬਜਾਇ, ਉਹ ਖੁੱਲ੍ਹ-ਦਿਲੀ ਦਿਖਾਉਂਦਾ ਹੈ।—1 ਤਿਮੋ. 6:17-19.
17. ਅਸੀਂ ‘ਹੌਸਲਾ ਰੱਖ’ ਕੇ ਭਰਾਵਾਂ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹਾਂ?
17 ‘ਹੌਸਲਾ ਰੱਖੋ।’ (ਇਬਰਾਨੀਆਂ 13:6 ਪੜ੍ਹੋ।) ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਸਾਨੂੰ ਔਖੀਆਂ ਘੜੀਆਂ ਸਹਿਣ ਦਾ ਹੌਸਲਾ ਮਿਲੇਗਾ। ਇਹ ਹੌਸਲਾ ਸਾਡੀ ਸਹੀ ਰਵੱਈਆ ਰੱਖਣ ਵਿਚ ਮਦਦ ਕਰੇਗਾ। ਨਾਲੇ ਜਦੋਂ ਅਸੀਂ ਸਹੀ ਰਵੱਈਆ ਰੱਖਾਂਗੇ, ਤਾਂ ਅਸੀਂ ਭੈਣਾਂ-ਭਰਾਵਾਂ ਨੂੰ ਹਿੰਮਤ ਅਤੇ ਦਿਲਾਸਾ ਦੇ ਕੇ ਉਨ੍ਹਾਂ ਨੂੰ ਭਰਾਵਾਂ ਵਰਗਾ ਪਿਆਰ ਦਿਖਾ ਸਕਾਂਗੇ। (1 ਥੱਸ. 5:14, 15) ਅਸੀਂ ਮਹਾਂਕਸ਼ਟ ਦੌਰਾਨ ਵੀ ਹੌਸਲਾ ਰੱਖ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਛੁਟਕਾਰਾ ਹੋਣ ਵਾਲਾ ਹੈ।—ਲੂਕਾ 21:25-28.
18. ਅਸੀਂ ਬਜ਼ੁਰਗਾਂ ਨਾਲ ਆਪਣਾ ਭਰਾਵਾਂ ਵਰਗਾ ਪਿਆਰ ਕਿਵੇਂ ਮਜ਼ਬੂਤ ਕਰ ਸਕਦੇ ਹਾਂ?
18 “ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ।” (ਇਬਰਾਨੀਆਂ 13:7, 17 ਪੜ੍ਹੋ।) ਮੰਡਲੀ ਦੇ ਬਜ਼ੁਰਗ ਆਪਣਾ ਸਮਾਂ ਸਾਡੇ ਲਈ ਸਖ਼ਤ ਮਿਹਨਤ ਕਰਨ ਵਿਚ ਲਾਉਂਦੇ ਹਨ। ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ, ਤਾਂ ਉਨ੍ਹਾਂ ਲਈ ਸਾਡਾ ਪਿਆਰ ਤੇ ਕਦਰ ਹੋਰ ਵੀ ਵਧਦੀ ਹੈ। ਅਸੀਂ ਕਦੇ ਨਹੀਂ ਚਾਹਾਂਗੇ ਕਿ ਉਹ ਸਾਡੇ ਕਰਕੇ ਆਪਣੀ ਖ਼ੁਸ਼ੀ ਗੁਆਉਣ ਜਾਂ ਉਹ ਆਪਣੀ ਜ਼ਿੰਮੇਵਾਰੀ ਹਉਕੇ ਭਰ-ਭਰ ਕੇ ਨਿਭਾਉਣ। ਇਸ ਦੀ ਬਜਾਇ, ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੁੰਦੇ ਹਾਂ। ਇੱਦਾਂ ਅਸੀਂ “ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਪਿਆਰ” ਕਰਾਂਗੇ।—1 ਥੱਸ. 5:13.
ਹੋਰ ਵੀ ਜ਼ਿਆਦਾ ਪਿਆਰ ਕਰੋ
19, 20. ਅਸੀਂ ਭਰਾਵਾਂ ਵਰਗਾ ਪਿਆਰ ਕਿਵੇਂ ਵਧਾਉਂਦੇ ਰਹਿ ਸਕਦੇ ਹਾਂ?
19 ਯਹੋਵਾਹ ਦੇ ਲੋਕ ਭਰਾਵਾਂ ਵਰਗਾ ਪਿਆਰ ਦਿਖਾਉਣ ਕਰਕੇ ਜਾਣੇ ਜਾਂਦੇ ਹਨ। ਪੌਲੁਸ ਦੇ ਦਿਨਾਂ ਵਿਚ ਵੀ ਇਹ ਗੱਲ ਸੱਚ ਸੀ। ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਹ ਪਿਆਰ ਹੋਰ ਵੀ ਜ਼ਿਆਦਾ ਦਿਖਾਉਣ। ਉਸ ਨੇ ਕਿਹਾ: “ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ।” (1 ਥੱਸ. 4:9, 10) ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਭੈਣਾਂ-ਭਰਾਵਾਂ ਲਈ ਪਿਆਰ ਵਧਾਉਂਦੇ ਰਹਿ ਸਕਦੇ ਹਾਂ।
20 ਸਾਲ ਦੌਰਾਨ ਕਿੰਗਡਮ ਹਾਲ ਵਿਚ ਬਾਈਬਲ ਦਾ ਹਵਾਲਾ ਦੇਖਦਿਆਂ ਆਓ ਆਪਾਂ ਇਨ੍ਹਾਂ ਸਵਾਲਾਂ ʼਤੇ ਸੋਚ-ਵਿਚਾਰ ਕਰੀਏ: ਮੈਂ ਹੋਰ ਪਰਾਹੁਣਚਾਰੀ ਕਿਵੇਂ ਦਿਖਾ ਸਕਦਾ ਹਾਂ? ਮੈਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦਾ ਹਾਂ ਜਿਹੜੇ ਜੇਲ੍ਹਾਂ ਵਿਚ ਹਨ? ਮੈਂ ਵਿਆਹੁਤਾ ਜੀਵਨ ਪ੍ਰਤੀ ਆਦਰ ਕਿਵੇਂ ਦਿਖਾ ਸਕਦਾ ਹਾਂ? ਕਿਹੜੀ ਗੱਲ ਪੂਰੀ ਤਰ੍ਹਾਂ ਸੰਤੁਸ਼ਟ ਰਹਿਣ ਵਿਚ ਮੇਰੀ ਮਦਦ ਕਰੇਗੀ? ਮੈਂ ਯਹੋਵਾਹ ʼਤੇ ਹੋਰ ਭਰੋਸਾ ਕਿਵੇਂ ਰੱਖ ਸਕਦਾ ਹਾਂ? ਮੈਂ ਮੰਡਲੀ ਵਿਚ ਅਗਵਾਈ ਕਰਨ ਵਾਲਿਆਂ ਦੀ ਹੋਰ ਆਗਿਆਕਾਰੀ ਕਿਵੇਂ ਕਰ ਸਕਦਾ ਹਾਂ? ਜੇ ਅਸੀਂ ਇਨ੍ਹਾਂ ਛੇ ਗੱਲਾਂ ਵਿਚ ਸੁਧਾਰ ਕਰਾਂਗੇ, ਤਾਂ ਸਾਲ ਦਾ ਬਾਈਬਲ ਦਾ ਹਵਾਲਾ ਸਾਡੇ ਲਈ ਸਿਰਫ਼ ਦੀਵਾਰ ʼਤੇ ਲੱਗਿਆਂ ਇਕ ਹਵਾਲਾ ਹੀ ਨਹੀਂ ਹੋਵੇਗਾ। ਸਗੋਂ ਇਹ ਸਾਨੂੰ ਯਾਦ ਕਰਾਏਗਾ ਕਿ ਅਸੀਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਨੂੰ ਮੰਨੀਏ: “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।”—ਇਬ. 13:1.
^ [1] (ਪੈਰਾ 9) ਇਹ ਦੇਖਣ ਲਈ ਕਿ ਔਖੀਆਂ ਘੜੀਆਂ ਵਿਚ ਯਹੋਵਾਹ ਦੇ ਗਵਾਹਾਂ ਨੇ ਭਰਾਵਾਂ ਵਰਗਾ ਪਿਆਰ ਕਿਵੇਂ ਜ਼ਾਹਰ ਕੀਤਾ ਹੈ, 15 ਜੁਲਾਈ 2002 ਦੇ ਪਹਿਰਾਬੁਰਜ ਦੇ ਸਫ਼ੇ 8-9 ਦੇਖੋ।