ਹਰ ਇਨਸਾਨ ਆਜ਼ਾਦ ਹੋਵੇਗਾ
“ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ। ਅਤੇ ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਤਾਂ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।”—ਰੋਮੀਆਂ 8:18-22.
ਰੋਮ ਦੇ ਮਸੀਹੀਆਂ ਨੂੰ ਲਿਖੀ ਆਪਣੀ ਪੱਤਰੀ ਦੇ ਇਸ ਹਿੱਸੇ ਵਿਚ, ਪੌਲੁਸ ਰਸੂਲ ਇਸ ਗੱਲ ਦਾ ਵਧੀਆ ਢੰਗ ਨਾਲ ਨਿਚੋੜ ਕੱਢਦਾ ਹੈ ਕਿ ਜ਼ਿੰਦਗੀ ਵਿਚ ਅਸਲੀ ਆਜ਼ਾਦੀ ਕਿਉਂ ਨਹੀਂ ਹੈ ਅਤੇ ਜ਼ਿੰਦਗੀ ਅਕਸਰ ਖਾਲੀਪਣ ਤੇ ਦਰਦ ਨਾਲ ਕਿਉਂ ਭਰੀ ਹੁੰਦੀ ਹੈ। ਉਹ ਇਹ ਵੀ ਦੱਸਦਾ ਹੈ ਕਿ ਅਸੀਂ ਅਸਲੀ ਆਜ਼ਾਦੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ।
“ਇਸ ਵਰਤਮਾਨ ਸਮੇਂ ਦੇ ਦੁਖ”
ਜਦੋਂ ਪੌਲੁਸ ਕਹਿੰਦਾ ਹੈ ਕਿ “ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ” ਹਨ, ਤਾਂ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਇਹ ਦੁੱਖ ਤਾਂ ਕੁਝ ਵੀ ਨਹੀਂ ਹਨ। ਪੌਲੁਸ ਦੇ ਦਿਨਾਂ ਵਿਚ ਅਤੇ ਬਾਅਦ ਵਿਚ ਵੀ, ਮਨੁੱਖੀ ਅਧਿਕਾਰਾਂ ਦੀ ਬਹੁਤ ਘੱਟ ਪਰਵਾਹ ਕਰਨ ਵਾਲੇ ਰੋਮੀ ਸ਼ਾਸਕਾਂ ਦੇ ਕਠੋਰ ਤਾਨਾਸ਼ਾਹੀ ਸ਼ਾਸਨ ਅਧੀਨ ਮਸੀਹੀਆਂ ਨੇ ਬਹੁਤ ਦੁੱਖ ਸਹੇ। ਜਦੋਂ ਰੋਮੀ ਸਰਕਾਰ ਨੂੰ ਵਿਸ਼ਵਾਸ ਹੋ ਗਿਆ ਕਿ ਮਸੀਹੀ, ਦੇਸ਼ ਦੇ ਦੁਸ਼ਮਣ ਹਨ, ਤਾਂ ਉਸ ਨੇ ਮਸੀਹੀਆਂ ਤੇ ਬੇਰਹਿਮੀ ਨਾਲ ਅਤਿਆਚਾਰ ਕੀਤੇ। ਇਤਿਹਾਸਕਾਰ ਜੇ. ਐੱਮ. ਰੌਬਰਟਸ ਕਹਿੰਦਾ ਹੈ: “ਰਾਜਧਾਨੀ [ਰੋਮ] ਦੇ ਅਖਾੜਿਆਂ ਵਿਚ ਬਹੁਤ ਸਾਰੇ ਮਸੀਹੀ ਭਿਆਨਕ ਮੌਤ ਮਰੇ ਜਾਂ ਉਨ੍ਹਾਂ ਨੂੰ ਜੀਉਂਦੇ-ਜੀ ਸਾੜ ਦਿੱਤਾ ਗਿਆ।” (ਸੰਸਾਰ ਦਾ ਸੰਖੇਪ ਇਤਿਹਾਸ) (ਅੰਗ੍ਰੇਜ਼ੀ) ਨੀਰੋ ਦੇ ਅਤਿਆਚਾਰ ਦੇ ਸ਼ਿਕਾਰ ਬਣੇ ਇਨ੍ਹਾਂ ਲੋਕਾਂ ਬਾਰੇ ਇਕ ਹੋਰ ਰਿਪੋਰਟ ਦੱਸਦੀ ਹੈ: “ਕੁਝ ਨੂੰ ਸੂਲੀ ਤੇ ਟੰਗਿਆ ਗਿਆ, ਕੁਝ ਨੂੰ ਜਾਨਵਰਾਂ ਦੀਆਂ ਖੱਲਾਂ ਪਹਿਨਾਈਆਂ ਗਈਆਂ ਅਤੇ ਉਨ੍ਹਾਂ ਪਿੱਛੇ ਕੁੱਤੇ ਛੱਡ ਦਿੱਤੇ ਗਏ, ਕੁਝ ਉੱਤੇ ਲੁੱਕ ਮਲ ਦਿੱਤੀ ਗਈ ਅਤੇ ਰਾਤ ਹੋਣ ਤੇ ਉਨ੍ਹਾਂ ਨੂੰ ਅੱਗ ਲਾ ਕੇ ਉਨ੍ਹਾਂ ਤੋਂ ਜੀਉਂਦੀਆਂ ਮਸ਼ਾਲਾਂ ਦਾ ਕੰਮ ਲਿਆ ਗਿਆ।”—ਐੱਫ਼. ਐੱਫ਼. ਬਰੂਸ ਦੁਆਰਾ ਲਿਖੀ ਨਵੇਂ ਨੇਮ ਦਾ ਇਤਿਹਾਸ (ਅੰਗ੍ਰੇਜ਼ੀ)।
ਬਿਨਾਂ ਸ਼ੱਕ ਉਨ੍ਹਾਂ ਮੁਢਲੇ ਮਸੀਹੀਆਂ ਨੇ ਅਜਿਹੇ ਅਤਿਆਚਾਰ ਤੋਂ ਆਜ਼ਾਦੀ ਚਾਹੀ ਹੋਣੀ, ਪਰ ਉਹ ਇਸ ਨੂੰ ਪ੍ਰਾਪਤ ਕਰਨ ਵਾਸਤੇ ਯਿਸੂ ਦੀਆਂ ਸਿੱਖਿਆਵਾਂ ਦੀ ਉਲੰਘਣਾ ਕਰਨ ਲਈ ਤਿਆਰ ਨਹੀਂ ਸਨ। ਉਦਾਹਰਣ ਲਈ, ਸ਼ਾਸਨ ਕਰ ਰਹੀ ਰੋਮੀ ਸਰਕਾਰ ਅਤੇ ਯਹੂਦੀ ਰਾਸ਼ਟਰਵਾਦੀਆਂ ਵਰਗੇ ਇਨਕਲਾਬੀਆਂ ਵਿਚਕਾਰ ਲੜਾਈ ਵਿਚ ਉਹ ਪੂਰੀ ਤਰ੍ਹਾਂ ਨਿਰਪੱਖ ਰਹੇ। (ਯੂਹੰਨਾ 17:16; 18:36) ਯਹੂਦੀ ਰਾਸ਼ਟਰਵਾਦੀਆਂ ਅਨੁਸਾਰ “ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਸੀ ਕਿ ਪਰਮੇਸ਼ੁਰ ਆਪਣੇ ਸਹੀ ਸਮੇਂ ਤੇ ਸਭ ਕੁਝ ਠੀਕ ਕਰੇਗਾ।” ਉਨ੍ਹਾਂ ਨੇ ਕਿਹਾ ਕਿ ਰੋਮੀ “ਦੁਸ਼ਮਣ ਵਿਰੁੱਧ ਹਿੰਸਕ ਕਾਰਵਾਈ” ਕਰਨ ਦੀ ਜ਼ਰੂਰਤ ਸੀ। (ਨਵੇਂ ਨੇਮ ਦਾ ਇਤਿਹਾਸ) ਮੁਢਲੇ ਮਸੀਹੀਆਂ ਦੇ ਵਿਚਾਰ ਬਿਲਕੁਲ ਅਲੱਗ ਸਨ। ‘ਪਰਮੇਸ਼ੁਰ ਦੇ ਸਹੀ ਸਮੇਂ’ ਨੂੰ ਉਡੀਕਣਾ ਉਨ੍ਹਾਂ ਲਈ ਇੱਕੋ-ਇਕ ਵਿਵਹਾਰਕ ਰਾਹ ਸੀ। ਉਨ੍ਹਾਂ ਨੂੰ ਯਕੀਨ ਸੀ ਕਿ ਸਿਰਫ਼ ਪਰਮੇਸ਼ੁਰ ਹੀ ਦਖ਼ਲ ਦੇ ਕੇ “ਵਰਤਮਾਨ ਸਮੇਂ ਦੇ ਦੁਖ” ਨੂੰ ਹਮੇਸ਼ਾ ਲਈ ਖ਼ਤਮ ਕਰੇਗਾ ਅਤੇ ਅਸਲੀ ਤੇ ਸਥਾਈ ਆਜ਼ਾਦੀ ਦੇਵੇਗਾ। (ਮੀਕਾਹ 7:7; ਹਬੱਕੂਕ 2:3) ਪਰ ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਕਿ ਇਹ ਕਿਵੇਂ ਹੋਵੇਗਾ, ਆਓ ਪਹਿਲਾਂ ਅਸੀਂ ਇਹ ਜਾਂਚ ਕਰੀਏ ਕਿ “ਸਰਿਸ਼ਟੀ” ਪਹਿਲਾਂ ਕਿਉਂ “ਅਨਰਥ ਦੇ ਅਧੀਨ ਕੀਤੀ ਗਈ” ਸੀ।
“ਅਨਰਥ ਦੇ ਅਧੀਨ”
ਦੀ ਐਮਫ਼ੈਟਿਕ ਡਾਇਗਲੌਟ ਵਿਚ ਬੈਂਜਾਮਿਨ ਵਿਲਸਨ ਕਹਿੰਦਾ ਹੈ ਕਿ ਇੱਥੇ ਸ਼ਬਦ “ਸਰਿਸ਼ਟੀ” ਦਾ ਅਰਥ “ਜਾਨਵਰ ਅਤੇ ਬੇਜਾਨ ਸਰਿਸ਼ਟੀ” ਨਹੀਂ ਹੈ ਜਿਵੇਂ ਕਿ ਕੁਝ ਲੋਕ ਕਹਿੰਦੇ ਹਨ, ਪਰ “ਪੂਰੀ ਮਨੁੱਖਜਾਤੀ” ਹੈ। (ਕੁਲੁੱਸੀਆਂ 1:23 ਦੀ ਤੁਲਨਾ ਕਰੋ।) ਇਹ ਪੂਰੇ ਮਨੁੱਖੀ ਪਰਿਵਾਰ ਨੂੰ ਸੰਕੇਤ ਕਰਦਾ ਹੈ—ਅਸੀਂ ਸਾਰੇ ਜਿਹੜੇ ਆਜ਼ਾਦੀ ਚਾਹੁੰਦੇ ਹਾਂ। ਅਸੀਂ ਆਪਣੇ ਪਹਿਲੇ ਮਾਤਾ-ਪਿਤਾ ਦੇ ਕੰਮਾਂ ਕਰਕੇ “ਅਨਰਥ ਦੇ ਅਧੀਨ” ਕੀਤੇ ਗਏ ਸੀ। ਇਹ ਸਾਡੀ “ਆਪਣੀ ਇੱਛਿਆ ਨਾਲ ਨਹੀਂ” ਅਤੇ ਨਾ ਹੀ ਸਾਡੀ ਨਿੱਜੀ ਚੋਣ ਕਰਕੇ ਹੋਇਆ ਸੀ। ਸਾਨੂੰ ਇਹ ਹਾਲਤ ਵਿਰਸੇ ਵਿਚ ਮਿਲੀ ਹੈ। ਬਾਈਬਲ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਰੂਸੋ ਦਾ ਇਹ ਕਹਿਣਾ ਗ਼ਲਤ ਸੀ ਕਿ “ਇਨਸਾਨ ਆਜ਼ਾਦ ਪੈਦਾ ਹੋਇਆ ਹੈ।” ਅਸੀਂ ਸਾਰੇ ਪਾਪ ਅਤੇ ਅਪੂਰਣਤਾ ਦੀ ਗ਼ੁਲਾਮੀ ਵਿਚ ਪੈਦਾ ਹੋਏ ਸੀ, ਮਾਨੋ ਇਕ ਅਜਿਹੀ ਸਮਾਜਕ ਵਿਵਸਥਾ ਦੇ ਗ਼ੁਲਾਮ ਹਾਂ ਜੋ ਨਿਰਾਸ਼ਾ ਅਤੇ ਵਿਅਰਥਤਾ ਨਾਲ ਭਰੀ ਹੋਈ ਹੈ।—ਰੋਮੀਆਂ 3:23.
ਇਸ ਤਰ੍ਹਾਂ ਕਿਉਂ ਹੋਇਆ ਸੀ? ਕਿਉਂਕਿ ਸਾਡੇ ਪਹਿਲੇ ਮਾਤਾ-ਪਿਤਾ ਆਦਮ ਅਤੇ ਹੱਵਾਹ ਨੇ “ਪਰਮੇਸ਼ੁਰ ਵਾਂਙੁ” ਬਣਨਾ ਚਾਹਿਆ, ਤੇ ਆਪਣੇ ਫ਼ੈਸਲੇ ਆਪ ਕਰਨੇ ਚਾਹੇ। ਉਹ ਆਪਣਾ ਬੁਰਾ-ਭਲਾ ਆਪ ਸੋਚਣਾ ਚਾਹੁੰਦੇ ਸਨ। (ਉਤਪਤ 3:5) ਉਨ੍ਹਾਂ ਨੇ ਆਜ਼ਾਦੀ ਦੇ ਇਕ ਜ਼ਰੂਰੀ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ। ਸਿਰਫ਼ ਸ੍ਰਿਸ਼ਟੀਕਰਤਾ ਨੂੰ ਹੀ ਪੂਰੀ ਆਜ਼ਾਦੀ ਹੈ। ਉਹ ਵਿਸ਼ਵ ਸਰਬਸੱਤਾਵਾਨ ਹੈ। (ਯਸਾਯਾਹ 33:22; ਪਰਕਾਸ਼ ਦੀ ਪੋਥੀ 4:11) ਇਸ ਦਾ ਇਹ ਮਤਲਬ ਹੋਇਆ ਕਿ ਮਨੁੱਖੀ ਆਜ਼ਾਦੀ ਦੀ ਇਕ ਹੱਦ ਹੈ। ਇਸੇ ਕਰਕੇ ਚੇਲੇ ਯਾਕੂਬ ਨੇ ਆਪਣੇ ਦਿਨਾਂ ਦੇ ਮਸੀਹੀਆਂ ਨੂੰ ‘ਪੂਰੀ ਸ਼ਰਾ ਅਰਥਾਤ ਅਜ਼ਾਦੀ ਦੀ ਸ਼ਰਾ’ ਅਨੁਸਾਰ ਚੱਲਣ ਲਈ ਉਤਸ਼ਾਹਿਤ ਕੀਤਾ ਸੀ।—ਯਾਕੂਬ 1:25.
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਆਪਣੇ ਵਿਸ਼ਵ ਪਰਿਵਾਰ ਵਿੱਚੋਂ ਕੱਢ ਕੇ ਠੀਕ ਕੀਤਾ ਸੀ, ਅਤੇ ਇਸ ਕਰਕੇ ਉਹ ਮਰ ਗਏ। (ਉਤਪਤ 3:19) ਉਨ੍ਹਾਂ ਦੀ ਸੰਤਾਨ ਬਾਰੇ ਕੀ? ਭਾਵੇਂ ਆਦਮ ਅਤੇ ਹੱਵਾਹ ਆਪਣੇ ਬੱਚਿਆਂ ਨੂੰ ਸਿਰਫ਼ ਅਪੂਰਣਤਾ, ਪਾਪ ਅਤੇ ਮੌਤ ਹੀ ਦੇ ਸਕਦੇ ਸਨ, ਪਰ ਯਹੋਵਾਹ ਨੇ ਦਇਆ ਦਿਖਾਉਂਦੇ ਹੋਏ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ। ਇਸ ਕਰਕੇ “ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।” (ਰੋਮੀਆਂ 5:12) ਇਸ ਭਾਵ ਵਿਚ ਪਰਮੇਸ਼ੁਰ ਨੇ “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ।”
‘ਪਰਮੇਸ਼ੁਰ ਦੇ ਪੁੱਤ੍ਰਾਂ ਦਾ ਪਰਕਾਸ਼ ਹੋਣਾ’
ਯਹੋਵਾਹ ਨੇ ਇਸ “ਉਮੇਦ ਨਾਲ” ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਕਿ ਇਕ ਦਿਨ “ਪਰਮੇਸ਼ੁਰ ਦੇ ਪੁੱਤ੍ਰਾਂ” ਦੇ ਕੰਮਾਂ ਦੁਆਰਾ ਮਨੁੱਖੀ ਪਰਿਵਾਰ ਨੂੰ ਦੁਬਾਰਾ ਆਜ਼ਾਦੀ ਦਿੱਤੀ ਜਾਵੇਗੀ। ਇਹ ‘ਪਰਮੇਸ਼ੁਰ ਦੇ ਪੁੱਤ੍ਰ’ ਕੌਣ ਹਨ? ਇਹ ਯਿਸੂ ਮਸੀਹ ਦੇ ਚੇਲੇ ਹਨ ਜਿਹੜੇ ਬਾਕੀ ਦੀ “[ਮਨੁੱਖੀ] ਸਰਿਸ਼ਟੀ” ਵਾਂਗ ਪਾਪ ਅਤੇ ਅਪੂਰਣਤਾ ਦੀ ਗ਼ੁਲਾਮੀ ਵਿਚ ਪੈਦਾ ਹੋਏ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੇ ਸ਼ੁੱਧ ਅਤੇ ਸੰਪੂਰਣ ਵਿਸ਼ਵ ਪਰਿਵਾਰ ਵਿਚ ਹੋਣ ਦਾ ਪੈਦਾਇਸ਼ੀ ਅਧਿਕਾਰ ਨਹੀਂ ਸੀ। ਪਰ ਯਹੋਵਾਹ ਉਨ੍ਹਾਂ ਲਈ ਇਕ ਅਚੰਭੇ ਭਰਿਆ ਕੰਮ ਕਰਦਾ ਹੈ। ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੁਆਰਾ ਯਹੋਵਾਹ ਉਨ੍ਹਾਂ ਨੂੰ ਵਿਰਸੇ ਵਿਚ ਮਿਲੇ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਕਰਦਾ ਹੈ ਅਤੇ ਉਨ੍ਹਾਂ ਨੂੰ “ਧਰਮੀ” ਜਾਂ ਅਧਿਆਤਮਿਕ ਤੌਰ ਤੇ ਸ਼ੁੱਧ ਠਹਿਰਾਉਂਦਾ ਹੈ। (1 ਕੁਰਿੰਥੀਆਂ 6:11) ਫਿਰ ਉਹ ਉਨ੍ਹਾਂ ਨੂੰ “ਪਰਮੇਸ਼ੁਰ ਦੇ ਪੁੱਤ੍ਰਾਂ” ਵਜੋਂ ਗੋਦ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਵਿਸ਼ਵ ਪਰਿਵਾਰ ਵਿਚ ਵਾਪਸ ਲਿਆਉਂਦਾ ਹੈ।—ਰੋਮੀਆਂ 8:14-17.
ਯਹੋਵਾਹ ਦੇ ਲੇਪਾਲਕ ਪੁੱਤਰ ਹੋਣ ਦੇ ਨਾਤੇ, ਉਨ੍ਹਾਂ ਕੋਲ ਇਕ ਸ਼ਾਨਦਾਰ ਵਿਸ਼ੇਸ਼-ਸਨਮਾਨ ਹੋਵੇਗਾ। ਉਹ ‘ਸਾਡੇ ਪਰਮੇਸ਼ੁਰ ਲਈ ਜਾਜਕ’ ਹੋਣਗੇ ਅਤੇ ਪਰਮੇਸ਼ੁਰ ਦੇ ਸਵਰਗੀ ਰਾਜ, ਜਾਂ ਸਰਕਾਰ ਦੇ ਭਾਗ ਵਜੋਂ ਯਿਸੂ ਮਸੀਹ ਨਾਲ “ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 5:9, 10; 14:1-4) ਇਹ ਇਕ ਅਜਿਹੀ ਸਰਕਾਰ ਹੈ ਜੋ ਅਤਿਆਚਾਰ ਅਤੇ ਤਾਨਾਸ਼ਾਹੀ ਦੀ ਬਜਾਇ ਆਜ਼ਾਦੀ ਅਤੇ ਨਿਆਂ ਦੇ ਸਿਧਾਂਤਾਂ ਉੱਤੇ ਮਜ਼ਬੂਤੀ ਨਾਲ ਖੜ੍ਹੀ ਕੀਤੀ ਗਈ ਹੈ। (ਯਸਾਯਾਹ 9:6, 7; 61:1-4) ਪੌਲੁਸ ਰਸੂਲ ਕਹਿੰਦਾ ਹੈ ਕਿ ਪਰਮੇਸ਼ੁਰ ਦੇ ਇਹ ਪੁੱਤਰ ਲੰਮੇ ਸਮੇਂ ਤੋਂ ਵਾਅਦਾ ਕੀਤੀ ਹੋਈ “ਅਬਰਾਹਾਮ ਦੀ ਅੰਸ,” ਯਿਸੂ ਦੇ ਸਾਥੀ ਹਨ। (ਗਲਾਤੀਆਂ 3:16, 26, 29) ਇਉਂ ਉਹ ਪਰਮੇਸ਼ੁਰ ਦੁਆਰਾ ਆਪਣੇ ਦੋਸਤ ਅਬਰਾਹਾਮ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਸ ਵਾਅਦੇ ਵਿਚ ਇਹ ਕਿਹਾ ਗਿਆ ਸੀ ਕਿ ਅਬਰਾਹਾਮ ਦੀ ਅੰਸ (ਜਾਂ ਸੰਤਾਨ) ਦੁਆਰਾ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”—ਉਤਪਤ 22:18.
ਉਹ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਦੇਣਗੇ? ਪਰਮੇਸ਼ੁਰ ਦੇ ਪੁੱਤਰ ਪੂਰੇ ਮਨੁੱਖੀ ਪਰਿਵਾਰ ਨੂੰ ਆਦਮ ਦੇ ਪਾਪ ਦੇ ਭਿਆਨਕ ਸਿੱਟਿਆਂ ਤੋਂ ਆਜ਼ਾਦ ਕਰਨ ਅਤੇ ਮਨੁੱਖਜਾਤੀ ਨੂੰ ਦੁਬਾਰਾ ਸੰਪੂਰਣ ਬਣਾਉਣ ਵਿਚ ਹਿੱਸਾ ਲੈਣਗੇ। ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਵਿੱਚੋਂ’ ਲੋਕ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰ ਕੇ ਅਤੇ ਆਪਣੇ ਆਪ ਨੂੰ ਉਸ ਦੇ ਚੰਗੇ ਰਾਜ ਦੇ ਅਧੀਨ ਕਰ ਕੇ ਬਰਕਤ ਪ੍ਰਾਪਤ ਕਰ ਸਕਦੇ ਹਨ। (ਪਰਕਾਸ਼ ਦੀ ਪੋਥੀ 7:9, 14-17; 21:1-4; 22:1, 2; ਮੱਤੀ 20:28; ਯੂਹੰਨਾ 3:16) ਇਸ ਤਰੀਕੇ ਨਾਲ “ਸਾਰੀ ਸਰਿਸ਼ਟੀ” ਇਕ ਵਾਰ ਫਿਰ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣੇਗੀ। ਇਹ ਆਜ਼ਾਦੀ ਕਿਸੇ ਪ੍ਰਕਾਰ ਦੀ ਸੀਮਿਤ ਤੇ ਅਸਥਾਈ ਰਾਜਨੀਤਿਕ ਆਜ਼ਾਦੀ ਨਹੀਂ ਹੋਵੇਗੀ, ਬਲਕਿ ਇਹ ਹਰ ਉਸ ਚੀਜ਼ ਤੋਂ ਆਜ਼ਾਦੀ ਹੋਵੇਗੀ ਜਿਸ ਨੇ ਆਦਮ ਅਤੇ ਹੱਵਾਹ ਦੁਆਰਾ ਪਰਮੇਸ਼ੁਰ ਦੀ ਸਰਬਸੱਤਾ ਨੂੰ ਰੱਦ ਕਰਨ ਦੇ ਸਮੇਂ ਤੋਂ ਮਨੁੱਖੀ ਪਰਿਵਾਰ ਨੂੰ ਦੁੱਖ ਤੇ ਕਸ਼ਟ ਦਿੱਤਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੌਲੁਸ ਕਹਿ ਸਕਿਆ ਕਿ “ਇਸ ਵਰਤਮਾਨ ਸਮੇਂ ਦੇ ਦੁਖ ਉਸ ਪ੍ਰਤਾਪੀ ਸੇਵਾ ਨਾਲ ਮਿਚਾਉਣ ਦੇ ਜੋਗ ਨਹੀਂ” ਜੋ ਵਫ਼ਾਦਾਰ ਸੇਵਕ ਕਰਨਗੇ!
‘ਪਰਮੇਸ਼ੁਰ ਦੇ ਪੁੱਤ੍ਰਾਂ ਦਾ ਪਰਕਾਸ਼ ਹੋਣਾ’ ਕਦੋਂ ਸ਼ੁਰੂ ਹੋਵੇਗਾ? ਹੁਣ ਜਲਦੀ ਹੀ, ਜਦੋਂ ਯਹੋਵਾਹ ਸਾਰਿਆਂ ਨੂੰ ਇਹ ਸਪੱਸ਼ਟ ਕਰ ਦੇਵੇਗਾ ਕਿ ਪਰਮੇਸ਼ੁਰ ਦੇ ਪੁੱਤਰ ਕੌਣ ਹਨ। ਇਹ ਉਦੋਂ ਹੋਵੇਗਾ ਜਦੋਂ ਇਹ ‘ਪੁੱਤ੍ਰ’ ਸਵਰਗ ਨੂੰ ਪੁਨਰ-ਉਥਿਤ ਕੀਤੇ ਜਾਣਗੇ, ਅਤੇ ਯਿਸੂ ਮਸੀਹ ਨਾਲ ਮਿਲ ਕੇ ਪਰਮੇਸ਼ੁਰ ਦੀ ਹਰਮਗਿੱਦੋਨ ਦੀ ਲੜਾਈ ਵਿਚ ਇਸ ਧਰਤੀ ਨੂੰ ਬੁਰਾਈ ਅਤੇ ਅਤਿਆਚਾਰ ਤੋਂ ਮੁਕਤ ਕਰਨਗੇ। (ਦਾਨੀਏਲ 2:44; 7:13, 14, 27; ਪਰਕਾਸ਼ ਦੀ ਪੋਥੀ 2:26, 27; 16:16; 17:14; 19:11-21) ਅਸੀਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਬੂਤ ਦੇਖਦੇ ਹਾਂ ਕਿ ਅਸੀਂ “ਅੰਤ ਦਿਆਂ ਦਿਨਾਂ” ਦੇ ਅੰਤਿਮ ਭਾਗ ਵਿਚ ਰਹਿ ਰਹੇ ਹਾਂ ਤੇ ਪਰਮੇਸ਼ੁਰ ਬਗਾਵਤ ਅਤੇ ਇਸ ਕਾਰਨ ਫੈਲੀ ਦੁਸ਼ਟਤਾ ਨੂੰ ਹੋਰ ਜ਼ਿਆਦਾ ਦੇਰ ਤਕ ਨਹੀਂ ਸਹੇਗਾ।—2 ਤਿਮੋਥਿਉਸ 3:1-5; ਮੱਤੀ 24:3-31.
ਜੀ ਹਾਂ, ਇਹ ਸੱਚ ਹੈ ਜਿਵੇਂ ਪੌਲੁਸ ਰਸੂਲ ਕਹਿੰਦਾ ਹੈ ਕਿ “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ”—ਪਰ ਹੁਣ ਜ਼ਿਆਦਾ ਦੇਰ ਲਈ ਨਹੀਂ। ਲੱਖਾਂ ਲੋਕ, ਜਿਹੜੇ ਹੁਣ ਜੀਉਂਦੇ ਹਨ, ‘ਸਾਰੀਆਂ ਚੀਜ਼ਾਂ ਦੇ ਸੁਧਾਰ’ ਨੂੰ ਦੇਖਣਗੇ “ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।” ਪੂਰੇ ਮਨੁੱਖੀ ਪਰਿਵਾਰ ਨੂੰ ਦੁਬਾਰਾ ਸ਼ਾਂਤੀ, ਆਜ਼ਾਦੀ ਅਤੇ ਨਿਆਂ ਦਿੱਤਾ ਜਾਵੇਗਾ।—ਰਸੂਲਾਂ ਦੇ ਕਰਤੱਬ 3:21.
ਆਖ਼ਰਕਾਰ ਅਸਲੀ ਆਜ਼ਾਦੀ
“ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਮਸੀਹ ਨੇ ਕਿਹਾ: “ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ। ਅਰ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:31, 32) ਇਹੀ ਆਜ਼ਾਦੀ ਦਾ ਰਾਜ਼ ਹੈ—ਮਸੀਹ ਦੇ ਹੁਕਮਾਂ ਅਤੇ ਸਿੱਖਿਆਵਾਂ ਨੂੰ ਸਿੱਖਣਾ ਅਤੇ ਫਿਰ ਉਨ੍ਹਾਂ ਉੱਤੇ ਚੱਲਣਾ। ਇਹ ਹੁਣ ਵੀ ਕੁਝ ਹੱਦ ਤਕ ਆਜ਼ਾਦੀ ਦਿੰਦਾ ਹੈ। ਨੇੜੇ ਭਵਿੱਖ ਵਿਚ ਇਹ ਮਸੀਹ ਯਿਸੂ ਦੇ ਸ਼ਾਸਨ ਅਧੀਨ ਪੂਰੀ ਆਜ਼ਾਦੀ ਦੇਵੇਗਾ। ਬਾਈਬਲ ਦਾ ਅਧਿਐਨ ਕਰਨ ਦੁਆਰਾ ਯਿਸੂ ਦੇ “ਬਚਨ” ਨੂੰ ਜਾਣਨਾ ਹੀ ਬੁੱਧੀਮਤਾ ਦੀ ਗੱਲ ਹੈ। (ਯੂਹੰਨਾ 17:3) ਮੁਢਲੇ ਮਸੀਹੀਆਂ ਵਾਂਗ, ਮਸੀਹ ਦੇ ਸੱਚੇ ਚੇਲਿਆਂ ਦੀ ਕਲੀਸਿਯਾ ਨਾਲ ਸਰਗਰਮੀ ਨਾਲ ਸੰਗਤ ਕਰੋ। ਇਸ ਤਰ੍ਹਾਂ ਕਰਨ ਨਾਲ, ਤੁਸੀਂ ਅੱਜ ਯਹੋਵਾਹ ਦੁਆਰਾ ਆਪਣੇ ਸੰਗਠਨ ਰਾਹੀਂ ਦੱਸੀਆਂ ਗਈਆਂ ਆਜ਼ਾਦ ਕਰਨ ਵਾਲੀਆਂ ਸੱਚਾਈਆਂ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ।—ਇਬਰਾਨੀਆਂ 10:24, 25.
‘ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੇ ਹੋਏ’ ਤੁਸੀਂ ਪੌਲੁਸ ਰਸੂਲ ਵਾਂਗ ਮਸੀਹ ਦੀ ਸੁਰੱਖਿਅਕ ਦੇਖ-ਭਾਲ ਅਤੇ ਸਹਾਰੇ ਵਿਚ ਭਰੋਸਾ ਰੱਖ ਸਕਦੇ ਹੋ, ਉਦੋਂ ਵੀ ਭਰੋਸਾ ਰੱਖੋ ਜਦੋਂ ਦੁੱਖ ਅਤੇ ਅਨਿਆਂ ਸਹਿਣਾ ਬਹੁਤ ਮੁਸ਼ਕਲ ਲੱਗਦੇ ਹੋਣ। ਪਰਮੇਸ਼ੁਰ ਦੇ ਪੁੱਤਰਾਂ ਦੇ ਪਰਕਾਸ਼ ਹੋਣ ਦੀ ਚਰਚਾ ਕਰਨ ਤੋਂ ਬਾਅਦ, ਪੌਲੁਸ ਨੇ ਪੁੱਛਿਆ: “ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ ਯਾ ਤਲਵਾਰ?” (ਰੋਮੀਆਂ 8:35) ਨਿਰਸੰਦੇਹ, ਰੂਸੋ ਦੇ ਕਹਿਣ ਅਨੁਸਾਰ, ਪੌਲੁਸ ਦੇ ਦਿਨਾਂ ਦੇ ਮਸੀਹੀ ਕਿਸੇ-ਨ-ਕਿਸੇ ਅਤਿਆਚਾਰੀ ਤਾਕਤ ਦੀਆਂ ‘ਜ਼ੰਜੀਰਾਂ ਨਾਲ ਜਕੜੇ ਹੋਏ’ ਸਨ। ਉਹ “ਕੋਹੀਆਂ ਜਾਣ ਵਾਲੀਆਂ ਭੇਡਾਂ” ਵਾਂਗ ‘ਦਿਨ ਭਰ ਜਾਨੋਂ ਮਾਰੇ ਜਾ ਰਹੇ’ ਸਨ। (ਰੋਮੀਆਂ 8:36) ਕੀ ਉਨ੍ਹਾਂ ਨੇ ਇਨ੍ਹਾਂ ਅੱਗੇ ਹਾਰ ਮੰਨ ਲਈ?
ਪੌਲੁਸ ਲਿਖਦਾ ਹੈ: “ਸਗੋਂ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਦੇ ਦੁਆਰਾ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵਧ ਫਤਹ ਪਾਉਂਦੇ ਹਾਂ।” (ਰੋਮੀਆਂ 8:37) ਇਨ੍ਹਾਂ ਸਾਰੀਆਂ ਸਤਾਹਟਾਂ ਨੂੰ ਸਹਿ ਕੇ ਵੀ ਮੁਢਲੇ ਮਸੀਹੀਆਂ ਨੇ ਫਤਹਿ ਪਾਈ? ਕਿਵੇਂ? ਪੌਲੁਸ ਜਵਾਬ ਦਿੰਦਾ ਹੈ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (ਰੋਮੀਆਂ 8:38, 39) ਇਸ ਸਮੇਂ ਦੌਰਾਨ ਤੁਸੀਂ ਵੀ ਕਿਸੇ ਪ੍ਰਕਾਰ ਦੀ “ਬਿਪਤਾ ਯਾ ਕਸ਼ਟ ਯਾ ਅਨ੍ਹੇਰ” ਉੱਤੇ ‘ਫਤਹ ਪਾ’ ਸਕਦੇ ਹੋ ਜਿਸ ਦਾ ਸ਼ਾਇਦ ਤੁਹਾਨੂੰ ਸਾਮ੍ਹਣਾ ਕਰਨਾ ਪਵੇ। ਪਰਮੇਸ਼ੁਰ ਦਾ ਪਿਆਰ ਗਾਰੰਟੀ ਦਿੰਦਾ ਹੈ ਕਿ ਜਲਦੀ ਹੀ—ਹੁਣ ਬਹੁਤ ਜਲਦੀ ਹੀ—ਅਸੀਂ ਹਰ ਤਰ੍ਹਾਂ ਦੀ ‘ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਾਂਗੇ।’
[ਸਫ਼ੇ 6 ਉੱਤੇ ਤਸਵੀਰ]
“ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ”
[ਸਫ਼ੇ 7 ਉੱਤੇ ਤਸਵੀਰ]
‘ਸਰਿਸ਼ਟੀ ਹਰ ਤਰ੍ਹਾਂ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇਗੀ’