ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
4 ਇਸ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਇਕ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਮੈਂ ਜੋ ਪਹਿਲੀ ਆਵਾਜ਼ ਸੁਣੀ, ਉਹ ਤੁਰ੍ਹੀ ਵਰਗੀ ਸੀ ਅਤੇ ਉਸ ਆਵਾਜ਼ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ: “ਇੱਥੇ ਉੱਪਰ ਆ ਅਤੇ ਮੈਂ ਤੈਨੂੰ ਉਹ ਸਭ ਕੁਝ ਦਿਖਾਵਾਂਗਾ ਜੋ ਜ਼ਰੂਰ ਵਾਪਰੇਗਾ।” 2 ਇਸ ਤੋਂ ਤੁਰੰਤ ਬਾਅਦ ਪਵਿੱਤਰ ਸ਼ਕਤੀ ਮੇਰੇ ਉੱਤੇ ਆਈ ਅਤੇ ਦੇਖੋ! ਸਵਰਗ ਵਿਚ ਇਕ ਸਿੰਘਾਸਣ ਸੀ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਹੋਇਆ ਸੀ।+ 3 ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਉਹ ਯਸ਼ਬ ਅਤੇ ਲਾਲ ਅਕੀਕ ਵਾਂਗ ਚਮਕ ਰਿਹਾ ਸੀ+ ਅਤੇ ਸਿੰਘਾਸਣ ਦੇ ਆਲੇ-ਦੁਆਲੇ ਇਕ ਸਤਰੰਗੀ ਪੀਂਘ ਸੀ ਜੋ ਦੇਖਣ ਨੂੰ ਪੰਨੇ ਵਰਗੀ ਲੱਗਦੀ ਸੀ।*+
4 ਉਸ ਸਿੰਘਾਸਣ ਦੇ ਆਲੇ-ਦੁਆਲੇ 24 ਹੋਰ ਸਿੰਘਾਸਣ ਸਨ ਅਤੇ ਉਨ੍ਹਾਂ ਸਿੰਘਾਸਣਾਂ ਉੱਤੇ 24 ਬਜ਼ੁਰਗ ਬੈਠੇ ਹੋਏ ਸਨ+ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ। 5 ਉਸ ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਸੀ+ ਅਤੇ ਆਵਾਜ਼ਾਂ ਆ ਰਹੀਆਂ ਸਨ ਅਤੇ ਗਰਜਾਂ ਸੁਣਾਈ ਦੇ ਰਹੀਆਂ ਸਨ+ ਅਤੇ ਸਿੰਘਾਸਣ ਦੇ ਸਾਮ੍ਹਣੇ ਸੱਤ ਵੱਡੇ ਦੀਵੇ ਬਲ਼ ਰਹੇ ਸਨ ਜਿਨ੍ਹਾਂ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ।*+ 6 ਉਸ ਸਿੰਘਾਸਣ ਦੇ ਸਾਮ੍ਹਣੇ ਕੱਚ ਵਰਗਾ ਇਕ ਸਮੁੰਦਰ ਸੀ+ ਜੋ ਬਲੌਰ ਵਰਗਾ ਲੱਗਦਾ ਸੀ।
ਉਸ ਸਿੰਘਾਸਣ ਦੇ ਵਿਚਕਾਰ* ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਜੀਉਂਦੇ ਪ੍ਰਾਣੀ ਸਨ+ ਜਿਨ੍ਹਾਂ ਦੇ ਸਰੀਰ ਅੱਗਿਓਂ ਅਤੇ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਸਨ। 7 ਪਹਿਲੇ ਜੀਉਂਦੇ ਪ੍ਰਾਣੀ ਦਾ ਮੂੰਹ ਸ਼ੇਰ ਵਰਗਾ ਸੀ,+ ਦੂਸਰੇ ਦਾ ਬਲਦ ਵਰਗਾ,+ ਤੀਸਰੇ ਦਾ+ ਆਦਮੀ ਵਰਗਾ ਅਤੇ ਚੌਥੇ ਦਾ+ ਉੱਡਦੇ ਹੋਏ ਉਕਾਬ ਵਰਗਾ ਸੀ।+ 8 ਉਨ੍ਹਾਂ ਚਾਰਾਂ ਪ੍ਰਾਣੀਆਂ ਦੇ ਛੇ-ਛੇ ਖੰਭ ਸਨ ਜਿਨ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਪਾਸੇ ਅੱਖਾਂ ਹੀ ਅੱਖਾਂ ਸਨ।+ ਉਹ ਦਿਨ-ਰਾਤ ਲਗਾਤਾਰ ਕਹਿੰਦੇ ਸਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ।”+
9 ਜਦੋਂ ਵੀ ਜੀਉਂਦੇ ਪ੍ਰਾਣੀ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀ ਮਹਿਮਾ, ਆਦਰ ਅਤੇ ਧੰਨਵਾਦ ਕਰਦੇ ਸਨ ਜਿਹੜਾ ਯੁਗੋ-ਯੁਗ ਜੀਉਂਦਾ ਹੈ,+ 10 ਤਾਂ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਅੱਗੇ, ਜਿਹੜਾ ਯੁਗੋ-ਯੁਗ ਜੀਉਂਦਾ ਹੈ, 24 ਬਜ਼ੁਰਗ+ ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਸਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਸਨ ਅਤੇ ਕਹਿੰਦੇ ਸਨ: 11 “ਹੇ ਸਾਡੇ ਪਰਮੇਸ਼ੁਰ ਯਹੋਵਾਹ,* ਤੂੰ ਹੀ ਮਹਿਮਾ,+ ਆਦਰ+ ਅਤੇ ਤਾਕਤ+ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ+ ਅਤੇ ਇਹ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਸਿਰਜੀਆਂ ਗਈਆਂ।”