ਬਾਰ੍ਹਵਾਂ ਅਧਿਆਇ
ਦੂਸਰਿਆਂ ਨੂੰ ਆਪਣੀਆਂ ਗੱਲਾਂ ਨਾਲ ਹੌਸਲਾ ਦਿਓ
“ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ।”—ਅਫ਼ਸੀਆਂ 4:29.
1-3. (ੳ) ਯਹੋਵਾਹ ਨੇ ਸਾਨੂੰ ਕਿਹੜੀ ਦਾਤ ਦਿੱਤੀ ਹੈ ਅਤੇ ਇਸ ਨੂੰ ਵਰਤਣ ਲੱਗਿਆਂ ਅਸੀਂ ਕਿਹੜੀ ਗ਼ਲਤੀ ਕਰ ਸਕਦੇ ਹਾਂ? (ਅ) ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਸਾਡੀ ਬੋਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ?
ਮੰਨ ਲਓ ਤੁਸੀਂ ਕਿਸੇ ਨੂੰ ਤੋਹਫ਼ੇ ਵਿਚ ਕਾਰ ਜਾਂ ਮੋਟਰ ਸਾਈਕਲ ਦਿੱਤਾ ਹੈ। ਪਰ ਉਹ ਇਸ ਨੂੰ ਅੰਨ੍ਹੇਵਾਹ ਚਲਾ ਕੇ ਇਸ ਦਾ ਨਾਸ ਪੁੱਟ ਦਿੰਦਾ ਹੈ ਤੇ ਕਈਆਂ ਨੂੰ ਜ਼ਖ਼ਮੀ ਵੀ ਕਰ ਦਿੰਦਾ ਹੈ। ਕੀ ਇਹ ਦੇਖ ਕੇ ਤੁਹਾਡਾ ਮਨ ਦੁਖੀ ਨਹੀਂ ਹੋਵੇਗਾ?
2 “ਹਰ ਚੰਗੀ ਦਾਤ ਅਤੇ ਉੱਤਮ ਸੁਗਾਤ” ਦੇਣ ਵਾਲੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬੋਲਣ ਦੀ ਦਾਤ ਦਿੱਤੀ ਹੈ। (ਯਾਕੂਬ 1:17) ਇਸ ਦਾਤ ਕਰਕੇ ਅਸੀਂ ਜਾਨਵਰਾਂ ਨਾਲੋਂ ਉੱਤਮ ਹਾਂ ਕਿਉਂਕਿ ਅਸੀਂ ਦੂਸਰਿਆਂ ਨੂੰ ਆਪਣੇ ਵਿਚਾਰ ਹੀ ਨਹੀਂ, ਸਗੋਂ ਆਪਣੇ ਜਜ਼ਬਾਤ ਵੀ ਜ਼ਾਹਰ ਕਰ ਸਕਦੇ ਹਾਂ। ਪਰ ਜਿਵੇਂ ਕਈ ਲੋਕ ਕਾਰ ਜਾਂ ਮੋਟਰ ਸਾਈਕਲ ਚਲਾਉਣ ਲੱਗਿਆਂ ਧਿਆਨ ਨਹੀਂ ਰੱਖਦੇ, ਉਸੇ ਤਰ੍ਹਾਂ ਅਸੀਂ ਵੀ ਸ਼ਾਇਦ ਬੋਲਣ ਲੱਗਿਆਂ ਧਿਆਨ ਨਾ ਰੱਖੀਏ। ਜਦੋਂ ਅਸੀਂ ਆਪਣੀ ਜ਼ਬਾਨ ਨਾਲ ਦੂਸਰਿਆਂ ਨੂੰ ਦੁਖੀ ਕਰਦੇ ਹਾਂ, ਤਾਂ ਯਹੋਵਾਹ ਦਾ ਮਨ ਦੁਖੀ ਹੁੰਦਾ ਹੈ।
3 ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਸਾਨੂੰ ਇਸ ਦਾਤ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਲੋੜ ਹੈ। ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਹੈ ਕਿ ਉਸ ਨੂੰ ਕਿਸ ਤਰ੍ਹਾਂ ਦੀ ਬੋਲੀ ਪਸੰਦ ਹੈ। ਉਸ ਦਾ ਬਚਨ ਕਹਿੰਦਾ ਹੈ: “ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ, ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।” (ਅਫ਼ਸੀਆਂ 4:29) ਆਓ ਆਪਾਂ ਇਨ੍ਹਾਂ ਸਵਾਲਾਂ ʼਤੇ ਵਿਚਾਰ ਕਰੀਏ: ਸਾਨੂੰ ਬੋਲਣ ਲੱਗਿਆਂ ਧਿਆਨ ਕਿਉਂ ਰੱਖਣ ਦੀ ਲੋੜ ਹੈ, ਕਿਹੋ ਜਿਹੀ ਬੋਲੀ ਨਹੀਂ ਵਰਤਣੀ ਚਾਹੀਦੀ ਅਤੇ ਅਸੀਂ ਆਪਣੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?
ਬੋਲਣ ਲੱਗਿਆਂ ਧਿਆਨ ਕਿਉਂ ਰੱਖੀਏ?
4, 5. ਸ਼ਬਦਾਂ ਦੀ ਤਾਕਤ ਨੂੰ ਬਾਈਬਲ ਦੀਆਂ ਕੁਝ ਕਹਾਵਤਾਂ ਕਿਵੇਂ ਬਿਆਨ ਕਰਦੀਆਂ ਹਨ?
4 ਬੋਲਣ ਲੱਗਿਆਂ ਧਿਆਨ ਰੱਖਣ ਦਾ ਇਕ ਅਹਿਮ ਕਾਰਨ ਇਹ ਹੈ ਕਿ ਸ਼ਬਦਾਂ ਵਿਚ ਤਾਕਤ ਹੁੰਦੀ ਹੈ। ਬਾਈਬਲ ਕਹਿੰਦੀ ਹੈ: “ਮਿੱਠੀ ਜੀਭ ਜੀਵਨ ਦਾ ਸੋਮਾ ਹੈ, ਪਰ ਕੌੜੀ ਜੀਭ ਦੂਜੇ ਦੇ ਮਨ ਨੂੰ ਤੋੜ ਦਿੰਦੀ ਹੈ।” (ਕਹਾਉਤਾਂ 15:4, CL) ਜੇ ਸਾਡੀ ਜ਼ਬਾਨ ਮਿੱਠੀ ਹੈ, ਤਾਂ ਦੂਸਰਿਆਂ ਨੂੰ ਸਾਡੀਆਂ ਗੱਲਾਂ ਤੋਂ ਤਾਜ਼ਗੀ ਮਿਲੇਗੀ। ਪਰ ਕੌੜੀ ਜ਼ਬਾਨ ਦੂਸਰਿਆਂ ਦਾ ਹੌਸਲਾ ਢਾਹ ਸਕਦੀ ਹੈ। ਜਾਂ ਤਾਂ ਸਾਡੀਆਂ ਗੱਲਾਂ ਕਿਸੇ ਦਾ ਮਨ ਜ਼ਖ਼ਮੀ ਕਰ ਸਕਦੀਆਂ ਹਨ ਜਾਂ ਫਿਰ ਇਹ ਜ਼ਖ਼ਮੀ ਮਨ ਲਈ ਮਲ੍ਹਮ ਸਾਬਤ ਹੋ ਸਕਦੀਆਂ ਹਨ।—ਕਹਾਉਤਾਂ 18:21.
5 ਸ਼ਬਦਾਂ ਦੀ ਤਾਕਤ ਬਾਰੇ ਇਕ ਹੋਰ ਕਹਾਵਤ ਕਹਿੰਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” (ਕਹਾਉਤਾਂ 12:18) ਬਿਨਾਂ ਸੋਚੇ-ਸਮਝੇ ਬੋਲਣ ਨਾਲ ਕਿਸੇ ਦੇ ਮਨ ʼਤੇ ਡੂੰਘੀ ਸੱਟ ਵੱਜ ਸਕਦੀ ਹੈ ਅਤੇ ਰਿਸ਼ਤੇ ਟੁੱਟ ਸਕਦੇ ਹਨ। ਕੀ ਤੁਹਾਨੂੰ ਕਦੇ ਕਿਸੇ ਦੇ ਤਿੱਖੇ ਸ਼ਬਦਾਂ ਦੇ ਵਾਰ ਸਹਿਣੇ ਪਏ ਹਨ? ਇਹੀ ਕਹਾਵਤ ਅੱਗੇ ਕਹਿੰਦੀ ਹੈ: “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” ਸੋਚ-ਸਮਝ ਕੇ ਬੋਲੇ ਗਏ ਸ਼ਬਦ ਦਿਲ ਦੇ ਜ਼ਖ਼ਮਾਂ ਉੱਤੇ ਮਲ੍ਹਮ ਦਾ ਕੰਮ ਕਰਦੇ ਹਨ ਅਤੇ ਰਿਸ਼ਤਿਆਂ ਨੂੰ ਸੁਧਾਰ ਸਕਦੇ ਹਨ। ਕੀ ਤੁਹਾਨੂੰ ਯਾਦ ਹੈ ਜਦ ਕਿਸੇ ਨੇ ਹਮਦਰਦੀ ਭਰੇ ਸ਼ਬਦ ਵਰਤ ਕੇ ਤੁਹਾਡੇ ਦਿਲ ਦੇ ਜ਼ਖ਼ਮਾਂ ʼਤੇ ਮਲ੍ਹਮ ਲਾਈ ਸੀ? (ਕਹਾਉਤਾਂ 16:24 ਪੜ੍ਹੋ।) ਤਾਂ ਫਿਰ ਸ਼ਬਦਾਂ ਦੀ ਤਾਕਤ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਆਪਣੀਆਂ ਗੱਲਾਂ ਨਾਲ ਦੂਸਰਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ।
ਸਵੇਰ ਦੀ ਤ੍ਰੇਲ ਵਾਂਗ ਸਾਡੇ ਪਿਆਰ ਭਰੇ ਸ਼ਬਦਾਂ ਤੋਂ ਦੂਜਿਆਂ ਨੂੰ ਤਾਜ਼ਗੀ ਮਿਲਦੀ ਹੈ
6. ਆਪਣੀ ਜ਼ਬਾਨ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਣਾ ਇੰਨਾ ਮੁਸ਼ਕਲ ਕਿਉਂ ਹੈ?
6 ਬੋਲਣ ਲੱਗਿਆਂ ਧਿਆਨ ਰੱਖਣ ਦਾ ਦੂਸਰਾ ਕਾਰਨ ਇਹ ਹੈ ਕਿ ਪਾਪੀ ਅਤੇ ਨਾਮੁਕੰਮਲ ਹੋਣ ਕਰਕੇ ਸਾਡੇ ਤੋਂ ਗ਼ਲਤ ਬੋਲ ਹੋ ਜਾਂਦਾ ਹੈ। ਅਸੀਂ ਜਿੰਨਾ ਮਰਜ਼ੀ ਧਿਆਨ ਰੱਖੀਏ, ਅਸੀਂ ਆਪਣੀ ਜ਼ਬਾਨ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਨਹੀਂ ਰੱਖ ਸਕਦੇ। ਜੋ ਸਾਡੇ ਦਿਲ ਵਿਚ ਹੈ, ਉਹੀ ਸਾਡੀ ਜ਼ਬਾਨ ʼਤੇ ਆਉਂਦਾ ਹੈ। ਬਾਈਬਲ ਕਹਿੰਦੀ ਹੈ ਕਿ ‘ਆਦਮੀ ਦੇ ਮਨ ਦੀ ਭਾਵਨਾ ਬੁਰੀ ਹੀ ਹੈ।’ (ਉਤਪਤ 8:21; ਲੂਕਾ 6:45) ਇਸ ਲਈ ਜ਼ਬਾਨ ਨੂੰ ਲਗਾਮ ਦੇਣੀ ਆਸਾਨ ਨਹੀਂ ਹੈ। (ਯਾਕੂਬ 3:2-4 ਪੜ੍ਹੋ।) ਭਾਵੇਂ ਅਸੀਂ ਆਪਣੀ ਜ਼ਬਾਨ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਨਹੀਂ ਰੱਖ ਸਕਦੇ, ਪਰ ਇਹ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਬੋਲਣ ਤੋਂ ਪਹਿਲਾਂ ਹਮੇਸ਼ਾ ਸੋਚੀਏ। ਜਿਵੇਂ ਇਕ ਤੈਰਾਕ ਨੂੰ ਪਾਣੀ ਦੇ ਵਹਾਅ ਤੋਂ ਉਲਟ ਤੈਰਨ ਲਈ ਪੂਰਾ ਜ਼ੋਰ ਲਾ ਕੇ ਹੱਥ-ਪੈਰ ਮਾਰਨੇ ਪੈਂਦੇ ਹਨ, ਤਿਵੇਂ ਸਾਨੂੰ ਮੂੰਹੋਂ ਕੁਝ ਗ਼ਲਤ ਕਹਿਣ ਦੇ ਪਾਪੀ ਝੁਕਾਅ ਨੂੰ ਦਬਾਉਣ ਲਈ ਪੂਰਾ ਜ਼ੋਰ ਲਾਉਣ ਦੀ ਲੋੜ ਹੈ।
7, 8. ਯਾਕੂਬ 1:26 ਮੁਤਾਬਕ ਸਾਡੀ ਬੋਲੀ ਦਾ ਕੀ ਨਤੀਜਾ ਨਿਕਲ ਸਕਦਾ ਹੈ?
7 ਬੋਲਣ ਲੱਗਿਆਂ ਧਿਆਨ ਰੱਖਣ ਦਾ ਤੀਸਰਾ ਕਾਰਨ ਇਹ ਹੈ ਕਿ ਯਹੋਵਾਹ ਸਾਡੀਆਂ ਗੱਲਾਂ ਸੁਣਦਾ ਹੈ। ਸਾਡੀ ਬੋਲੀ ਕਰਕੇ ਸਿਰਫ਼ ਇਨਸਾਨਾਂ ਨਾਲ ਹੀ ਨਹੀਂ, ਸਗੋਂ ਯਹੋਵਾਹ ਨਾਲ ਵੀ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਯਾਕੂਬ 1:26 ਵਿਚ ਕਿਹਾ ਗਿਆ ਹੈ: “ਜਿਹੜਾ ਇਨਸਾਨ ਇਹ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ, ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ, ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ।” ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਸਾਡੀ ਬੋਲੀ ਦਾ ਸਾਡੀ ਭਗਤੀ ਉੱਤੇ ਅਸਰ ਪੈਂਦਾ ਹੈ। ਜੇ ਸਾਡੀ ਜ਼ਬਾਨ ਜ਼ਹਿਰ ਨਾਲੋਂ ਵੀ ਕੌੜੀ ਹੈ, ਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੀ ਭਗਤੀ ਵਿਅਰਥ ਹੈ। ਕੀ ਇਹ ਸੋਚਣ ਵਾਲੀ ਗੱਲ ਨਹੀਂ?—ਯਾਕੂਬ 3:8-10.
8 ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਬੋਲਣ ਲੱਗਿਆਂ ਧਿਆਨ ਰੱਖਣ ਦੀ ਕਿੰਨੀ ਲੋੜ ਹੈ! ਸਾਫ਼-ਸੁਥਰੀ ਅਤੇ ਹੌਸਲਾ ਦੇਣ ਵਾਲੀ ਬੋਲੀ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਆਪਾਂ ਅਜਿਹੀ ਬੋਲੀ ਬਾਰੇ ਗੱਲ ਕਰੀਏ ਜੋ ਸੱਚੇ ਮਸੀਹੀਆਂ ਨੂੰ ਬਿਲਕੁਲ ਹੀ ਵਰਤਣੀ ਨਹੀਂ ਚਾਹੀਦੀ।
ਹੌਸਲਾ ਢਾਹੁਣ ਵਾਲੀ ਬੋਲੀ
9, 10. (ੳ) ਅੱਜ ਲੋਕਾਂ ਦੀ ਜ਼ਬਾਨ ਕਿਹੋ ਜਿਹੀ ਹੋ ਗਈ ਹੈ? (ਅ) ਸਾਨੂੰ ਗੰਦੀ ਬੋਲੀ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ? (ਫੁਟਨੋਟ ਵੀ ਦੇਖੋ।)
9 ਗੰਦੀ ਬੋਲੀ। ਅੱਜ ਲੋਕਾਂ ਦੀ ਜ਼ਬਾਨ ਬਹੁਤ ਗੰਦੀ ਹੋ ਚੁੱਕੀ ਹੈ ਅਤੇ ਗੰਦੀਆਂ ਗੱਲਾਂ ਕਰਨੀਆਂ ਉਨ੍ਹਾਂ ਲਈ ਆਮ ਹੈ। ਕਈ ਆਪਣੀ ਗੱਲ ʼਤੇ ਜ਼ੋਰ ਦੇਣ ਲਈ ਗਾਲ਼ਾਂ ਕੱਢਦੇ ਹਨ। ਕਮੇਡੀਅਨ ਲੋਕਾਂ ਨੂੰ ਹਸਾਉਣ ਲਈ ਸੈਕਸ ਬਾਰੇ ਭੱਦੇ ਮਜ਼ਾਕ ਕਰਦੇ ਹਨ। ਪਰ ਗੰਦੀ ਬੋਲੀ ਕੋਈ ਹਾਸੇ-ਮਜ਼ਾਕ ਵਾਲੀ ਗੱਲ ਨਹੀਂ ਹੈ। ਤਕਰੀਬਨ 2,000 ਸਾਲ ਪਹਿਲਾਂ ਪੌਲੁਸ ਰਸੂਲ ਨੇ ਕੁਲੁੱਸੈ ਦੇ ਮਸੀਹੀਆਂ ਨੂੰ “ਅਸ਼ਲੀਲ ਗੱਲਾਂ” ਕਰਨ ਤੋਂ ਵਰਜਿਆ ਸੀ। (ਕੁਲੁੱਸੀਆਂ 3:8) ਉਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਵੀ ਨਸੀਹਤ ਦਿੱਤੀ ਸੀ ਕਿ ਉਨ੍ਹਾਂ ਵਿਚ ‘ਗੰਦੇ ਮਜ਼ਾਕਾਂ’ ਦਾ “ਜ਼ਿਕਰ ਤਕ ਨਾ ਕੀਤਾ” ਜਾਣਾ ਚਾਹੀਦਾ ਸੀ।—ਅਫ਼ਸੀਆਂ 5:3, 4.
10 ਯਹੋਵਾਹ ਗੰਦੀ ਬੋਲੀ ਤੋਂ ਘਿਣ ਕਰਦਾ ਹੈ। ਇਸ ਤੋਂ ਉਨ੍ਹਾਂ ਨੂੰ ਵੀ ਘਿਣ ਹੈ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ। ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਗੰਦੀ ਬੋਲੀ ਨਹੀਂ ਵਰਤਾਂਗੇ। “ਸਰੀਰ ਦੇ ਕੰਮ” ਦੱਸਦੇ ਹੋਏ ਪੌਲੁਸ ਨੇ “ਗੰਦ-ਮੰਦ” ਦਾ ਵੀ ਜ਼ਿਕਰ ਕੀਤਾ ਸੀ। (ਗਲਾਤੀਆਂ 5:19-21) ਗੰਦੇ-ਮੰਦੇ ਕੰਮਾਂ ਵਿਚ ਗੰਦੀ ਬੋਲੀ ਵੀ ਸ਼ਾਮਲ ਹੈ। ਮਸੀਹੀਆਂ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਵਾਰ-ਵਾਰ ਸਲਾਹ ਦਿੱਤੇ ਜਾਣ ਤੋਂ ਬਾਅਦ ਵੀ ਕੋਈ ਮਸੀਹੀ ਗੰਦੀਆਂ, ਅਸ਼ਲੀਲ ਅਤੇ ਦੂਜਿਆਂ ਨੂੰ ਵਿਗਾੜਨ ਵਾਲੀਆਂ ਗੱਲਾਂ ਕਰਦਾ ਰਹਿੰਦਾ ਹੈ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ।a
11, 12. (ੳ) ਗੱਪ-ਸ਼ੱਪ ਨੁਕਸਾਨਦੇਹ ਕਿਵੇਂ ਹੋ ਸਕਦੀ ਹੈ? (ਅ) ਯਹੋਵਾਹ ਦੇ ਭਗਤਾਂ ਨੂੰ ਇਕ-ਦੂਜੇ ਉੱਤੇ ਤੁਹਮਤਾਂ ਕਿਉਂ ਨਹੀਂ ਲਾਉਣੀਆਂ ਚਾਹੀਦੀਆਂ?
11 ਨੁਕਸਾਨਦੇਹ ਗੱਪ-ਸ਼ੱਪ, ਤੁਹਮਤ ਲਾਉਣੀ। ਲੋਕ ਅਕਸਰ ਦੂਜਿਆਂ ਬਾਰੇ ਗੱਪ-ਸ਼ੱਪ ਮਾਰਦੇ ਹਨ। ਕੀ ਹਰ ਤਰ੍ਹਾਂ ਦੀ ਗੱਪ-ਸ਼ੱਪ ਨੁਕਸਾਨਦੇਹ ਹੈ? ਨਹੀਂ। ਜੇ ਅਸੀਂ ਕਿਸੇ ਬਾਰੇ ਚੰਗੀਆਂ ਗੱਲਾਂ ਕਰਦੇ ਹਾਂ ਜਾਂ ਕੁਝ ਦੱਸਦੇ ਹਾਂ, ਜਿਵੇਂ ਕਿ ਕਿਸ ਨੇ ਬਪਤਿਸਮਾ ਲਿਆ ਜਾਂ ਕਿਸ ਨੂੰ ਹੌਸਲੇ ਦੀ ਲੋੜ ਹੈ, ਤਾਂ ਇਸ ਵਿਚ ਕੋਈ ਨੁਕਸਾਨ ਨਹੀਂ ਹੈ। ਪਹਿਲੀ ਸਦੀ ਦੇ ਮਸੀਹੀ ਇਕ-ਦੂਜੇ ਨਾਲ ਹੋਰਨਾਂ ਭੈਣਾਂ-ਭਰਾਵਾਂ ਦੇ ਤਜਰਬੇ ਸਾਂਝੇ ਕਰਦੇ ਹੁੰਦੇ ਸਨ। (ਅਫ਼ਸੀਆਂ 6:21, 22; ਕੁਲੁੱਸੀਆਂ 4:8, 9) ਪਰ ਗੱਪ-ਸ਼ੱਪ ਉਦੋਂ ਨੁਕਸਾਨਦੇਹ ਹੋ ਜਾਂਦੀ ਹੈ ਜਦੋਂ ਗੱਲ ਵਧਾ-ਚੜ੍ਹਾ ਕੇ ਦੱਸੀ ਜਾਂਦੀ ਹੈ ਜਾਂ ਕਿਸੇ ਦੇ ਭੇਤ ਦੀ ਗੱਲ ਦੱਸੀ ਜਾਂਦੀ ਹੈ। ਗੱਪ-ਸ਼ੱਪ ਮਾਰਦਿਆਂ ਅਸੀਂ ਸ਼ਾਇਦ ਚੁਗ਼ਲੀਆਂ ਕਰ ਕੇ ਦੂਸਰਿਆਂ ʼਤੇ ਤੁਹਮਤਾਂ ਲਾਉਣ ਲੱਗ ਪਈਏ। ਝੂਠੀਆਂ ਤੁਹਮਤਾਂ ਲਾਉਣ ਨਾਲ ਕਿਸੇ ਦਾ ਨਾਂ ਬਦਨਾਮ ਹੋ ਸਕਦਾ ਹੈ। ਮਿਸਾਲ ਲਈ, ਫ਼ਰੀਸੀਆਂ ਨੇ ਯਿਸੂ ਨੂੰ ਬਦਨਾਮ ਕਰਨ ਲਈ ਤੁਹਮਤਾਂ ਲਾਈਆਂ ਸਨ। (ਮੱਤੀ 9:32-34; 12:22-24) ਤੁਹਮਤਾਂ ਲਾਉਣ ਕਰਕੇ ਝਗੜੇ ਖੜ੍ਹੇ ਹੁੰਦੇ ਹਨ।—ਕਹਾਉਤਾਂ 26:20.
12 ਦੂਸਰਿਆਂ ਉੱਤੇ ਤੁਹਮਤਾਂ ਲਾਉਣ ਜਾਂ ਝਗੜਾ ਕਰਾਉਣ ਵਾਲਿਆਂ ਨੂੰ ਯਹੋਵਾਹ ਲੰਮੇ ਹੱਥੀਂ ਲੈਂਦਾ ਹੈ। ਉਹ “ਭਾਈਆਂ ਵਿੱਚ ਝਗੜਾ ਪਾਉਣ” ਵਾਲਿਆਂ ਨੂੰ ਨਫ਼ਰਤ ਕਰਦਾ ਹੈ। (ਕਹਾਉਤਾਂ 6:16-19) ਸ਼ੈਤਾਨ ਸਭ ਤੋਂ ਵੱਡਾ ਤੁਹਮਤੀ ਹੈ ਕਿਉਂਕਿ ਉਸ ਨੇ ਯਹੋਵਾਹ ਉੱਤੇ ਝੂਠੀਆਂ ਤੁਹਮਤਾਂ ਲਾ ਕੇ ਉਸ ਦਾ ਨਾਂ ਬਦਨਾਮ ਕੀਤਾ ਸੀ। (ਉਤਪਤ 3:1-5) ਜੇ ਅਸੀਂ ਵੀ ਆਪਣੇ ਭੈਣਾਂ-ਭਰਾਵਾਂ ʼਤੇ ਤੁਹਮਤਾਂ ਲਾਉਂਦੇ ਹਾਂ, ਤਾਂ ਸਾਡੇ ਅਤੇ ਸ਼ੈਤਾਨ ਵਿਚ ਕੋਈ ਫ਼ਰਕ ਨਹੀਂ ਹੋਵੇਗਾ। ਮੰਡਲੀ ਵਿਚ ਤੁਹਮਤਾਂ ਲਾਉਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਕਿਉਂਕਿ ਉਨ੍ਹਾਂ ਕਰਕੇ ਭੈਣਾਂ-ਭਰਾਵਾਂ ਵਿਚ ‘ਧੜੇਬਾਜ਼ੀਆਂ’ ਅਤੇ ‘ਫੁੱਟਾਂ’ ਪੈ ਸਕਦੀਆਂ ਹਨ। (ਗਲਾਤੀਆਂ 5:19-21) ਇਸ ਲਈ ਕਿਸੇ ਬਾਰੇ ਕੁਝ ਦੱਸਣ ਤੋਂ ਪਹਿਲਾਂ ਆਪਣੇ ਤੋਂ ਪੁੱਛੋ: ‘ਕੀ ਇਹ ਗੱਲ ਸੱਚ ਹੈ? ਕੀ ਇਹ ਗੱਲ ਦੱਸਣ ਨਾਲ ਉਸ ਨੂੰ ਦੁੱਖ ਤਾਂ ਨਹੀਂ ਹੋਵੇਗਾ? ਕੀ ਇਹ ਗੱਲ ਦੱਸਣੀ ਜ਼ਰੂਰੀ ਹੈ?’—1 ਥੱਸਲੁਨੀਕੀਆਂ 4:11 ਪੜ੍ਹੋ।
13, 14. (ੳ) ਕੌੜੇ ਸ਼ਬਦਾਂ ਦਾ ਦੂਜਿਆਂ ਉੱਤੇ ਕੀ ਅਸਰ ਪੈ ਸਕਦਾ ਹੈ? (ਅ) ਗਾਲ਼ਾਂ ਕੱਢਣ ਵਾਲੇ ਮਸੀਹੀ ਨਾਲ ਕੀ ਹੋ ਸਕਦਾ ਹੈ?
13 ਕੌੜੇ ਸ਼ਬਦ। ਜਿਵੇਂ ਅਸੀਂ ਦੇਖ ਚੁੱਕੇ ਹਾਂ, ਸਾਡੀਆਂ ਗੱਲਾਂ ਤੋਂ ਦੂਜਿਆਂ ਨੂੰ ਦੁੱਖ ਪਹੁੰਚ ਸਕਦਾ ਹੈ। ਮੰਨਿਆ ਕਿ ਨਾਮੁਕੰਮਲ ਹੋਣ ਕਰਕੇ ਸਾਡੇ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਹੈ ਜਿਸ ਦਾ ਬਾਅਦ ਵਿਚ ਸਾਨੂੰ ਪਛਤਾਵਾ ਹੁੰਦਾ ਹੈ। ਪਰ ਪੌਲੁਸ ਨੇ ਮਸੀਹੀਆਂ ਨੂੰ ਨਸੀਹਤ ਦਿੱਤੀ ਸੀ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।” (ਅਫ਼ਸੀਆਂ 4:31) ਹੋਰਨਾਂ ਬਾਈਬਲਾਂ ਵਿਚ “ਗਾਲ਼ੀ-ਗਲੋਚ” ਨੂੰ “ਭੈੜੇ ਬੋਲ,” “ਕੌੜੇ ਸ਼ਬਦ” ਅਤੇ “ਅਪਮਾਨਜਨਕ ਸ਼ਬਦ” ਵੀ ਅਨੁਵਾਦ ਕੀਤਾ ਗਿਆ ਹੈ। ਜੇ ਅਸੀਂ ਕਿਸੇ ਨਾਲ ਬੋਲ-ਕੁਬੋਲ ਕਰਦੇ ਹਾਂ ਜਾਂ ਉਸ ਦੀ ਹਮੇਸ਼ਾ ਨਿੰਦਿਆ ਕਰਦੇ ਰਹਿੰਦੇ ਹਾਂ, ਤਾਂ ਉਸ ਦਾ ਹੌਸਲਾ ਢਹਿ ਸਕਦਾ ਹੈ ਅਤੇ ਉਹ ਆਪਣੇ ਆਪ ਨੂੰ ਨਿਕੰਮਾ ਸਮਝਣ ਲੱਗ ਪਵੇਗਾ। ਖ਼ਾਸ ਕਰਕੇ ਬੱਚਿਆਂ ਦੇ ਕੋਮਲ ਦਿਲਾਂ ਉੱਤੇ ਕੌੜੇ ਸ਼ਬਦਾਂ ਦਾ ਮਾੜਾ ਅਸਰ ਪੈਂਦਾ ਹੈ। (ਕੁਲੁੱਸੀਆਂ 3:21) ਬਾਈਬਲ ਕਹਿੰਦੀ ਹੈ ਕਿ ਮੰਡਲੀ ਜਾਂ ਪਰਿਵਾਰ ਵਿਚ ਇਸ ਤਰ੍ਹਾਂ ਦੀ ਬੋਲੀ ਲਈ ਕੋਈ ਜਗ੍ਹਾ ਨਹੀਂ ਹੈ।
14 ਜਿਨ੍ਹਾਂ ਨੂੰ ਗਾਲ਼ਾਂ ਕੱਢਣ ਜਾਂ ਦੂਸਰਿਆਂ ਦੀ ਬੇਇੱਜ਼ਤੀ ਕਰਨ ਦੀ ਆਦਤ ਹੁੰਦੀ ਹੈ, ਬਾਈਬਲ ਉਨ੍ਹਾਂ ਦੀ ਸਖ਼ਤ ਸ਼ਬਦਾਂ ਨਾਲ ਨਿੰਦਿਆ ਕਰਦੀ ਹੈ। ਜੇ ਵਾਰ-ਵਾਰ ਸਲਾਹ ਦਿੱਤੇ ਜਾਣ ਤੋਂ ਬਾਅਦ ਵੀ ਕੋਈ ਮਸੀਹੀ ਗਾਲ਼ਾਂ ਕੱਢਣ ਤੋਂ ਬਾਜ਼ ਨਹੀਂ ਆਉਂਦਾ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ। ਉਹ ਸਦਾ ਦੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠੇਗਾ। (1 ਕੁਰਿੰਥੀਆਂ 5:11-13; 6:9, 10) ਇਹ ਗੱਲ ਸਾਫ਼ ਹੈ ਕਿ ਗੰਦੀ, ਝੂਠੀ ਅਤੇ ਕੌੜੀ ਬੋਲੀ ਨਾਲ ਦੂਸਰਿਆਂ ਦਾ ਹੌਸਲਾ ਹੀ ਢਹਿੰਦਾ ਹੈ। ਜੇ ਸਾਡੀ ਬੋਲੀ ਇਸ ਤਰ੍ਹਾਂ ਦੀ ਹੈ, ਤਾਂ ਅਸੀਂ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਨਹੀਂ ਰੱਖ ਪਾਵਾਂਗੇ।
ਦੂਸਰਿਆਂ ਨੂੰ ਹੌਸਲਾ ਦੇਣ ਵਾਲੀਆਂ ਗੱਲਾਂ
15. ਦੂਸਰਿਆਂ ਨੂੰ ਹੌਸਲਾ ਦੇਣ ਲਈ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ?
15 ਅਸੀਂ ਆਪਣੀ ਜ਼ਬਾਨ ਸਹੀ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ? ਯਾਦ ਕਰੋ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਸਾਡੇ ਮੂੰਹੋਂ ਉਹ ਗੱਲ ਨਿਕਲੇ ਜਿਸ ਨਾਲ ਦੂਸਰਿਆਂ ਦਾ “ਹੌਸਲਾ ਵਧੇ।” (ਅਫ਼ਸੀਆਂ 4:29) ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਸਾਡੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਵਧਦਾ ਹੈ। ਇਸ ਲਈ, ਕਿਸੇ ਨੂੰ ਹੌਸਲਾ ਦੇਣ ਵਾਸਤੇ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕੀ ਕਹਿਣਾ ਹੈ। ਬਾਈਬਲ ਵਿਚ ‘ਚੰਗੇ ਬੋਲਾਂ’ ਦੀ ਸੂਚੀ ਨਹੀਂ ਦਿੱਤੀ ਗਈ ਹੈ। (ਤੀਤੁਸ 2:8) ਇਸ ਲਈ, ਦੂਸਰਿਆਂ ਨੂੰ ਹੌਸਲਾ ਦੇਣ ਵਾਸਤੇ ਸਾਨੂੰ ਤਿੰਨ ਅਹਿਮ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ: ਸਾਡੀ ਬੋਲੀ ਸਾਫ਼-ਸੁਥਰੀ ਹੋਵੇ, ਅਸੀਂ ਸੱਚੀਆਂ ਗੱਲਾਂ ਕਰੀਏ ਅਤੇ ਸਾਡੀਆਂ ਗੱਲਾਂ ਤੋਂ ਕਿਸੇ ਦਾ ਦਿਲ ਦੁਖੀ ਨਾ ਹੋਵੇ। ਇਨ੍ਹਾਂ ਤਿੰਨ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਆਓ ਆਪਾਂ ਦੇਖੀਏ ਕਿ ਅਸੀਂ ਦੂਸਰਿਆਂ ਨੂੰ ਕਿਵੇਂ ਹੌਸਲਾ ਦੇ ਸਕਦੇ ਹਾਂ।—“ਕੀ ਮੇਰੀਆਂ ਗੱਲਾਂ ਤੋਂ ਦੂਸਰਿਆਂ ਨੂੰ ਹੌਸਲਾ ਮਿਲਦਾ ਹੈ?” ਨਾਮਕ ਡੱਬੀ ਦੇਖੋ।
16, 17. (ੳ) ਸਾਨੂੰ ਦੂਸਰਿਆਂ ਦੀ ਤਾਰੀਫ਼ ਕਿਉਂ ਕਰਨੀ ਚਾਹੀਦੀ ਹੈ? (ਅ) ਮੰਡਲੀ ਅਤੇ ਪਰਿਵਾਰ ਵਿਚ ਅਸੀਂ ਕਿਨ੍ਹਾਂ ਗੱਲਾਂ ਕਰਕੇ ਦੂਸਰਿਆਂ ਦੀ ਤਾਰੀਫ਼ ਕਰ ਸਕਦੇ ਹਾਂ?
16 ਸੱਚੀ ਤਾਰੀਫ਼। ਯਹੋਵਾਹ ਅਤੇ ਯਿਸੂ ਨੇ ਤਾਰੀਫ਼ ਕਰਨ ਵਿਚ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। (ਮੱਤੀ 3:17; 25:19-23; ਯੂਹੰਨਾ 1:47) ਮਸੀਹੀ ਹੋਣ ਦੇ ਨਾਤੇ, ਅਸੀਂ ਵੀ ਦੂਸਰਿਆਂ ਦੀ ਸੱਚੀ ਤਾਰੀਫ਼ ਕਰ ਸਕਦੇ ਹਾਂ। ਕਿਉਂ? ਕਿਉਂਕਿ ਕਹਾਉਤਾਂ 15:23 ਵਿਚ ਕਿਹਾ ਗਿਆ ਹੈ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” ਆਪਣੇ ਆਪ ਨੂੰ ਪੁੱਛੋ: ‘ਜਦੋਂ ਕੋਈ ਮੇਰੀ ਤਾਰੀਫ਼ ਕਰਦਾ ਹੈ, ਤਾਂ ਮੈਨੂੰ ਕਿੱਦਾਂ ਲੱਗਦਾ ਹੈ? ਕੀ ਮੈਨੂੰ ਖ਼ੁਸ਼ੀ ਨਹੀਂ ਹੁੰਦੀ ਤੇ ਮੇਰਾ ਹੌਸਲਾ ਨਹੀਂ ਵਧਦਾ?’ ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਹੈ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਸਾਡਾ ਧਿਆਨ ਰੱਖਦਾ ਹੈ ਤੇ ਸਾਡੇ ਕੰਮ ਦੀ ਕਦਰ ਕਰਦਾ ਹੈ। ਇਸ ਨਾਲ ਸਾਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਹੈ। ਜਦ ਤੁਹਾਨੂੰ ਆਪਣੀ ਤਾਰੀਫ਼ ਸੁਣ ਕੇ ਚੰਗਾ ਲੱਗਦਾ ਹੈ, ਤਾਂ ਕੀ ਤੁਹਾਨੂੰ ਵੀ ਦੂਸਰਿਆਂ ਦੀ ਦਿਲੋਂ ਤਾਰੀਫ਼ ਨਹੀਂ ਕਰਨੀ ਚਾਹੀਦੀ?—ਮੱਤੀ 7:12 ਪੜ੍ਹੋ।
17 ਦੂਸਰਿਆਂ ਵਿਚ ਖੂਬੀਆਂ ਦੇਖਣ ਦੀ ਆਦਤ ਪਾਓ ਤੇ ਫਿਰ ਇਨ੍ਹਾਂ ਖੂਬੀਆਂ ਕਰਕੇ ਉਨ੍ਹਾਂ ਦੀ ਤਾਰੀਫ਼ ਕਰੋ। ਮਿਸਾਲ ਲਈ: ਤੁਸੀਂ ਮੰਡਲੀ ਵਿਚ ਕੋਈ ਵਧੀਆ ਭਾਸ਼ਣ ਸੁਣਿਆ ਹੈ; ਕੋਈ ਨੌਜਵਾਨ ਭਰਾ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਲਈ ਮਿਹਨਤ ਕਰ ਰਿਹਾ ਹੈ; ਕੋਈ ਬਿਰਧ ਭੈਣ ਜਾਂ ਭਰਾ ਮਾੜੀ ਸਿਹਤ ਦੇ ਬਾਵਜੂਦ ਵੀ ਬਾਕਾਇਦਾ ਸਭਾਵਾਂ ਵਿਚ ਆਉਂਦਾ ਹੈ। ਤਾਰੀਫ਼ ਦੇ ਦੋ ਸ਼ਬਦ ਸੁਣ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਅਤੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਘਰ ਵਿਚ ਪਤੀ-ਪਤਨੀ ਨੂੰ ਇਕ-ਦੂਜੇ ਦੀ ਤਾਰੀਫ਼ ਅਤੇ ਕਦਰ ਕਰਨੀ ਚਾਹੀਦੀ ਹੈ। (ਕਹਾਉਤਾਂ 31:10, 28) ਖ਼ਾਸ ਤੌਰ ਤੇ ਬੱਚਿਆਂ ਨੂੰ ਆਪਣੀ ਤਾਰੀਫ਼ ਸੁਣ ਕੇ ਖ਼ੁਸ਼ੀ ਹੁੰਦੀ ਹੈ। ਜਿਵੇਂ ਸੂਰਜ ਦੀ ਰੌਸ਼ਨੀ ਅਤੇ ਪਾਣੀ ਨਾਲ ਪੌਦਾ ਵਧਦਾ-ਫੁੱਲਦਾ ਹੈ, ਉਸੇ ਤਰ੍ਹਾਂ ਆਪਣੀ ਤਾਰੀਫ਼ ਸੁਣ ਕੇ ਬੱਚਾ ਵਧਦਾ-ਫੁੱਲਦਾ ਹੈ। ਇਸ ਲਈ ਮਾਪਿਓ, ਆਪਣੇ ਬੱਚਿਆਂ ਦੀਆਂ ਖੂਬੀਆਂ ਅਤੇ ਮਿਹਨਤ ਦੀ ਤਾਰੀਫ਼ ਕਰਦੇ ਰਹੋ। ਇਸ ਨਾਲ ਬੱਚਿਆਂ ਦਾ ਹੌਸਲਾ ਵਧੇਗਾ ਅਤੇ ਉਨ੍ਹਾਂ ਨੂੰ ਸਹੀ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ।
18, 19. ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਅਤੇ ਤਸੱਲੀ ਕਿਉਂ ਦੇਣੀ ਚਾਹੀਦੀ ਹੈ ਅਤੇ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?
18 ਦਿਲਾਸਾ ਅਤੇ ਤਸੱਲੀ ਦੇਣੀ। ਯਹੋਵਾਹ “ਕੁਚਲਿਆਂ ਹੋਇਆਂ” ਯਾਨੀ ਦੁਖੀਆਂ ਦੀ ਪਰਵਾਹ ਕਰਦਾ ਹੈ। (ਯਸਾਯਾਹ 57:15) ਉਸ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ‘ਇਕ-ਦੂਜੇ ਨੂੰ ਮਜ਼ਬੂਤ ਕਰੀਏ’ ਅਤੇ ‘ਨਿਰਾਸ਼ ਲੋਕਾਂ ਨੂੰ ਦਿਲਾਸਾ ਦੇਈਏ।’ (1 ਥੱਸਲੁਨੀਕੀਆਂ 5:11, 14) ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਆਪਣੇ ਦੁਖੀ ਭੈਣਾਂ-ਭਰਾਵਾਂ ਨੂੰ ਹੌਸਲਾ ਅਤੇ ਤਸੱਲੀ ਦਿੰਦੇ ਹਾਂ, ਤਾਂ ਯਹੋਵਾਹ ਸਾਡੇ ਤੋਂ ਬਹੁਤ ਖ਼ੁਸ਼ ਹੋਵੇਗਾ।
19 ਨਿਰਾਸ਼ ਜਾਂ ਦੁਖੀ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਤੁਸੀਂ ਕੀ ਕਹਿ ਸਕਦੇ ਹੋ? ਇਹ ਨਾ ਸੋਚੋ ਕਿ ਤੁਹਾਨੂੰ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਲੋੜ ਹੈ। ਆਮ ਤੌਰ ਤੇ ਸਮਾਂ ਕੱਢ ਕੇ ਪਿਆਰ ਦੇ ਦੋ ਸ਼ਬਦ ਕਹਿਣੇ ਹੀ ਕਾਫ਼ੀ ਹੁੰਦੇ ਹਨ। ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਤੁਹਾਨੂੰ ਉਨ੍ਹਾਂ ਦੀ ਚਿੰਤਾ ਹੈ। ਉਨ੍ਹਾਂ ਨਾਲ ਬੈਠ ਕੇ ਪ੍ਰਾਰਥਨਾ ਕਰੋ; ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਉਸ ਭੈਣ ਜਾਂ ਭਰਾ ਦੀ ਇਹ ਦੇਖਣ ਵਿਚ ਮਦਦ ਕਰੇ ਕਿ ਯਹੋਵਾਹ ਅਤੇ ਹੋਰ ਭੈਣ-ਭਰਾ ਉਸ ਨੂੰ ਕਿੰਨਾ ਪਿਆਰ ਕਰਦੇ ਹਨ। (ਯਾਕੂਬ 5:14, 15) ਉਸ ਨੂੰ ਦੱਸੋ ਕਿ ਮੰਡਲੀ ਨੂੰ ਉਸ ਦੀ ਲੋੜ ਹੈ। (1 ਕੁਰਿੰਥੀਆਂ 12:12-26) ਬਾਈਬਲ ਵਿੱਚੋਂ ਕੋਈ ਆਇਤ ਪੜ੍ਹ ਕੇ ਦਿਖਾਓ ਕਿ ਯਹੋਵਾਹ ਨੂੰ ਉਸ ਦੀ ਕਿੰਨੀ ਚਿੰਤਾ ਹੈ। (ਜ਼ਬੂਰਾਂ ਦੀ ਪੋਥੀ 34:18; ਮੱਤੀ 10:29-31) ਇਸ ਨਾਲ ਉਸ ਨੂੰ ਲੱਗੇਗਾ ਕਿ ਸਾਰੇ ਉਸ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਕਦਰ ਕਰਦੇ ਹਨ।—ਕਹਾਉਤਾਂ 12:25 ਪੜ੍ਹੋ।
20, 21. ਕਿਹੜੀਆਂ ਗੱਲਾਂ ਸਲਾਹ ਨੂੰ ਅਸਰਦਾਰ ਬਣਾਉਂਦੀਆਂ ਹਨ?
20 ਅਸਰਦਾਰ ਸਲਾਹ। ਨਾਮੁਕੰਮਲ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਪੈਂਦੀ ਰਹਿੰਦੀ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਓੜਕ ਨੂੰ ਬੁੱਧਵਾਨ ਬਣੇਂ।” (ਕਹਾਉਤਾਂ 19:20) ਸਲਾਹ ਦੇਣੀ ਸਿਰਫ਼ ਬਜ਼ੁਰਗਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਮਾਪੇ ਆਪਣੇ ਬੱਚਿਆਂ ਨੂੰ ਸਲਾਹ ਦੇ ਸਕਦੇ ਹਨ। (ਅਫ਼ਸੀਆਂ 6:4) ਸਮਝਦਾਰ ਭੈਣਾਂ ਜਵਾਨ ਕੁੜੀਆਂ ਨੂੰ ਸਲਾਹ ਦੇ ਸਕਦੀਆਂ ਹਨ। (ਤੀਤੁਸ 2:3-5) ਦੂਸਰਿਆਂ ਨੂੰ ਸਲਾਹ ਦੇਣ ਵਾਸਤੇ ਸਾਡੇ ਦਿਲਾਂ ਵਿਚ ਉਨ੍ਹਾਂ ਲਈ ਪਿਆਰ ਹੋਣਾ ਜ਼ਰੂਰੀ ਹੈ ਅਤੇ ਸਾਨੂੰ ਇਸ ਤਰ੍ਹਾਂ ਸਲਾਹ ਦੇਣੀ ਚਾਹੀਦੀ ਹੈ ਕਿ ਉਹ ਸਲਾਹ ਨੂੰ ਕਬੂਲ ਕਰਨ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ। ਇਹ ਕਰਨ ਲਈ ਅੱਗੇ ਦਿੱਤੇ ਤਿੰਨ ਅਹਿਮ ਸਵਾਲਾਂ ਉੱਤੇ ਗੌਰ ਕਰੋ: ਸਲਾਹ ਦੇਣ ਵੇਲੇ ਸਾਡਾ ਰਵੱਈਆ ਅਤੇ ਇਰਾਦਾ ਕੀ ਹੋਣਾ ਚਾਹੀਦਾ ਹੈ? ਸਾਡੀ ਸਲਾਹ ਕਾਹਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ? ਅਤੇ ਸਾਨੂੰ ਕਿਸ ਲਹਿਜੇ ਨਾਲ ਸਲਾਹ ਦੇਣੀ ਚਾਹੀਦੀ ਹੈ?
21 ਸਾਡੇ ਲਈ ਸਲਾਹ ਨੂੰ ਕਬੂਲ ਕਰਨਾ ਉਦੋਂ ਆਸਾਨ ਹੁੰਦਾ ਹੈ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਸਲਾਹ ਦੇਣ ਵਾਲੇ ਨੂੰ ਸਾਡੀ ਚਿੰਤਾ ਹੈ ਤੇ ਕਿਸੇ ਗੱਲੋਂ ਖਿੱਝ ਕੇ ਨਹੀਂ, ਸਗੋਂ ਨੇਕ ਇਰਾਦੇ ਨਾਲ ਸਲਾਹ ਦੇ ਰਿਹਾ ਹੈ। ਤਾਂ ਫਿਰ, ਦੂਜਿਆਂ ਨੂੰ ਸਲਾਹ ਦਿੰਦਿਆਂ ਕੀ ਸਾਡਾ ਰਵੱਈਆ ਅਤੇ ਇਰਾਦਾ ਵੀ ਇਹੀ ਨਹੀਂ ਹੋਣਾ ਚਾਹੀਦਾ? ਬਾਈਬਲ ਉੱਤੇ ਆਧਾਰਿਤ ਸਲਾਹ ਅਸਰਦਾਰ ਹੁੰਦੀ ਹੈ। (2 ਤਿਮੋਥਿਉਸ 3:16) ਚਾਹੇ ਅਸੀਂ ਸਲਾਹ ਦੇਣ ਲੱਗਿਆਂ ਕੋਈ ਆਇਤ ਪੜ੍ਹਦੇ ਹਾਂ ਜਾਂ ਨਹੀਂ, ਪਰ ਸਾਡੀ ਸਲਾਹ ਬਾਈਬਲ ਦੇ ਅਸੂਲਾਂ ਅਤੇ ਸਿੱਖਿਆਵਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਸਰਿਆਂ ਉੱਤੇ ਆਪਣੇ ਵਿਚਾਰ ਨਾ ਥੋਪਣ ਤੇ ਨਾ ਹੀ ਆਪਣੇ ਵਿਚਾਰਾਂ ਨੂੰ ਸਹੀ ਦਿਖਾਉਣ ਵਾਸਤੇ ਬਾਈਬਲ ਵਿਚ ਲਿਖੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ। ਸਹੀ ਲਹਿਜੇ ਨਾਲ ਸਲਾਹ ਦੇਣੀ ਵੀ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਨੂੰ ਪਿਆਰ ਨਾਲ ਸਲਾਹ ਦਿੰਦੇ ਹਾਂ, ਤਾਂ ਉਸ ਲਈ ਇਸ ਨੂੰ ਕਬੂਲ ਕਰਨਾ ਆਸਾਨ ਹੁੰਦਾ ਹੈ ਤੇ ਉਹ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ।—ਕੁਲੁੱਸੀਆਂ 4:6.
22. ਤੁਸੀਂ ਆਪਣੀ ਜ਼ਬਾਨ ਨੂੰ ਕਿਸ ਤਰ੍ਹਾਂ ਵਰਤਣ ਦਾ ਇਰਾਦਾ ਕੀਤਾ ਹੈ?
22 ਵਾਕਈ, ਸਾਡੀ ਜ਼ਬਾਨ ਪਰਮੇਸ਼ੁਰ ਵੱਲੋਂ ਅਨਮੋਲ ਦਾਤ ਹੈ। ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਾਨੂੰ ਇਸ ਦਾਤ ਨੂੰ ਸਹੀ ਤਰੀਕੇ ਨਾਲ ਵਰਤਣਾ ਚਾਹੀਦਾ ਹੈ। ਹਮੇਸ਼ਾ ਯਾਦ ਰੱਖੋ ਕਿ ਸ਼ਬਦਾਂ ਵਿਚ ਦੂਸਰਿਆਂ ਦਾ ਹੌਸਲਾ ਵਧਾਉਣ ਜਾਂ ਢਾਹੁਣ ਦੀ ਤਾਕਤ ਹੁੰਦੀ ਹੈ। ਇਸ ਲਈ ਆਓ ਆਪਾਂ ਦੂਸਰਿਆਂ ਨਾਲ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰੀਏ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਨਾਲ ਆਪਣਾ ਪਿਆਰ ਬਰਕਰਾਰ ਰੱਖ ਪਾਵਾਂਗੇ।
a ਬਾਈਬਲ ਮੁਤਾਬਕ “ਗੰਦ-ਮੰਦ” ਵਿਚ ਕਈ ਤਰ੍ਹਾਂ ਦੇ ਗੰਭੀਰ ਪਾਪ ਸ਼ਾਮਲ ਹਨ। ਭਾਵੇਂ ਹਰ ਗੰਦੇ-ਮੰਦੇ ਕੰਮ ਲਈ ਜੁਡੀਸ਼ਲ ਕਮੇਟੀ ਨੂੰ ਕਾਰਵਾਈ ਕਰਨ ਦੀ ਲੋੜ ਨਹੀਂ ਹੈ, ਪਰ ਜੇ ਕੋਈ ਮਸੀਹੀ ਬਿਨਾਂ ਤੋਬਾ ਕੀਤੇ ਗੰਦੇ-ਮੰਦੇ ਕੰਮ ਕਰਦਾ ਰਹੇ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਸਕਦਾ ਹੈ।—2 ਕੁਰਿੰਥੀਆਂ 12:21; ਅਫ਼ਸੀਆਂ 4:19; ਪਹਿਰਾਬੁਰਜ 15 ਜੁਲਾਈ 2006 ਵਿਚ “ਪਾਠਕਾਂ ਵੱਲੋਂ ਸਵਾਲ” ਲੇਖ ਲੇਖ ਦੇਖੋ।