ਅਫ਼ਸੀਆਂ ਨੂੰ ਚਿੱਠੀ
4 ਇਸ ਲਈ ਮੈਂ, ਜੋ ਪ੍ਰਭੂ ਦੀ ਖ਼ਾਤਰ ਕੈਦੀ ਹਾਂ,+ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਹਾਡਾ ਚਾਲ-ਚਲਣ ਉਸ ਸੱਦੇ ਦੇ ਯੋਗ ਹੋਵੇ+ ਜੋ ਤੁਹਾਨੂੰ ਦਿੱਤਾ ਗਿਆ ਹੈ 2 ਯਾਨੀ ਤੁਸੀਂ ਪੂਰੀ ਨਿਮਰਤਾ,+ ਨਰਮਾਈ ਅਤੇ ਧੀਰਜ ਨਾਲ ਪੇਸ਼ ਆਓ,+ ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ,+ 3 ਇਕ-ਦੂਜੇ ਨਾਲ ਸ਼ਾਂਤੀ ਭਰਿਆ ਰਿਸ਼ਤਾ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।+ 4 ਇਕ ਹੀ ਸਰੀਰ ਹੈ+ ਅਤੇ ਇਕ ਹੀ ਪਵਿੱਤਰ ਸ਼ਕਤੀ* ਹੈ,+ ਠੀਕ ਜਿਵੇਂ ਇਕ ਹੀ ਉਮੀਦ ਹੈ+ ਜਿਸ ਲਈ ਤੁਹਾਨੂੰ ਸੱਦਿਆ ਗਿਆ ਹੈ; 5 ਇਕ ਹੀ ਪ੍ਰਭੂ ਹੈ,+ ਇਕ ਹੀ ਨਿਹਚਾ* ਹੈ ਅਤੇ ਇਕ ਹੀ ਬਪਤਿਸਮਾ ਹੈ; 6 ਅਤੇ ਸਾਰਿਆਂ ਦਾ ਇਕ ਹੀ ਪਰਮੇਸ਼ੁਰ ਅਤੇ ਪਿਤਾ ਹੈ ਜਿਸ ਦਾ ਸਾਰਿਆਂ ਉੱਤੇ ਅਧਿਕਾਰ ਹੈ ਅਤੇ ਜੋ ਸਾਰਿਆਂ ਰਾਹੀਂ ਕੰਮ ਕਰਦਾ ਹੈ ਅਤੇ ਜਿਸ ਦੀ ਪਵਿੱਤਰ ਸ਼ਕਤੀ ਸਾਰਿਆਂ ਵਿਚ ਕੰਮ ਕਰਦੀ ਹੈ।
7 ਮਸੀਹ ਨੇ ਜਿਸ ਮਾਪ ਨਾਲ ਅਪਾਰ ਕਿਰਪਾ ਦਾ ਵਰਦਾਨ ਦਿੱਤਾ ਹੈ, ਉਸੇ ਦੇ ਮੁਤਾਬਕ ਸਾਡੇ ਸਾਰਿਆਂ ʼਤੇ ਅਪਾਰ ਕਿਰਪਾ ਕੀਤੀ ਗਈ ਹੈ।+ 8 ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਜਦੋਂ ਉਹ ਉੱਚੀ ਥਾਂ ʼਤੇ ਚੜ੍ਹਿਆ, ਤਾਂ ਉਹ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ; ਉਸ ਨੇ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ।”+ 9 ਇਸ ਦਾ ਮਤਲਬ ਕੀ ਹੈ ਕਿ ‘ਉਹ ਚੜ੍ਹਿਆ’? ਇਹੀ ਕਿ ਉਹ ਪਹਿਲਾਂ ਥੱਲੇ ਯਾਨੀ ਧਰਤੀ ʼਤੇ ਉੱਤਰਿਆ ਸੀ। 10 ਜਿਹੜਾ ਉੱਤਰਿਆ ਸੀ, ਉਹ ਸਵਰਗ ਤੋਂ ਵੀ ਉੱਚਾ ਚੜ੍ਹਿਆ+ ਤਾਂਕਿ ਉਹ ਸਾਰੀਆਂ ਗੱਲਾਂ ਪੂਰੀਆਂ ਕਰੇ।
11 ਉਸ ਨੇ ਮੰਡਲੀ ਨੂੰ ਕੁਝ ਆਦਮੀ ਰਸੂਲਾਂ ਵਜੋਂ,+ ਕੁਝ ਨਬੀਆਂ ਵਜੋਂ,+ ਕੁਝ ਪ੍ਰਚਾਰਕਾਂ ਵਜੋਂ,+ ਕੁਝ ਚਰਵਾਹਿਆਂ ਵਜੋਂ ਤੇ ਕੁਝ ਸਿੱਖਿਅਕਾਂ ਵਜੋਂ+ ਦਿੱਤੇ 12 ਤਾਂਕਿ ਉਹ ਪਵਿੱਤਰ ਸੇਵਕਾਂ ਦੀ ਸਹੀ ਰਾਹ ʼਤੇ ਚੱਲਣ ਵਿਚ ਮਦਦ ਕਰਨ, ਦੂਸਰਿਆਂ ਦੀ ਸੇਵਾ ਕਰਨ ਅਤੇ ਮਸੀਹ ਦੇ ਸਰੀਰ* ਨੂੰ ਤਕੜਾ* ਕਰਨ।+ 13 ਉਹ ਤਦ ਤਕ ਇਸ ਤਰ੍ਹਾਂ ਕਰਦੇ ਰਹਿਣਗੇ ਜਦ ਤਕ ਅਸੀਂ ਸਾਰੇ ਨਿਹਚਾ* ਅਤੇ ਪਰਮੇਸ਼ੁਰ ਦੇ ਪੁੱਤਰ ਬਾਰੇ ਸਹੀ ਗਿਆਨ ਵਿਚ ਏਕਤਾ ਹਾਸਲ ਨਾ ਕਰ ਲਈਏ+ ਅਤੇ ਸਾਡਾ ਕੱਦ-ਕਾਠ ਪੂਰੀ ਤਰ੍ਹਾਂ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਨਹੀਂ ਹੋ ਜਾਂਦਾ। 14 ਇਸ ਲਈ ਹੁਣ ਸਾਨੂੰ ਬੱਚੇ ਨਹੀਂ ਰਹਿਣਾ ਚਾਹੀਦਾ ਜੋ ਚਾਲਬਾਜ਼ ਅਤੇ ਮੱਕਾਰ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਪਿੱਛੇ ਲੱਗ ਕੇ ਇੱਧਰ-ਉੱਧਰ ਡੋਲਦੇ ਹਨ,+ ਜਿਵੇਂ ਲਹਿਰਾਂ ਤੇ ਹਵਾ ਕਰਕੇ ਕਿਸ਼ਤੀ ਸਮੁੰਦਰ ਵਿਚ ਇੱਧਰ-ਉੱਧਰ ਡੋਲਦੀ ਹੈ। 15 ਪਰ ਆਓ ਆਪਾਂ ਸੱਚ ਬੋਲੀਏ ਅਤੇ ਪਿਆਰ ਕਰਦਿਆਂ ਮਸੀਹ ਦੇ ਅਧੀਨ ਸਾਰੀਆਂ ਗੱਲਾਂ ਵਿਚ ਵਧਦੇ ਜਾਈਏ ਜੋ ਸਾਡਾ ਸਿਰ* ਹੈ।+ 16 ਮਸੀਹ ਦੇ ਰਾਹੀਂ ਸਰੀਰ+ ਦੇ ਸਾਰੇ ਅੰਗ ਇਕ-ਦੂਜੇ ਨਾਲ ਠੀਕ-ਠੀਕ ਜੁੜੇ ਹੋਏ ਹਨ ਅਤੇ ਹਰ ਜੋੜ ਦੀ ਮਦਦ ਨਾਲ ਸਾਰੇ ਅੰਗ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜਦੋਂ ਹਰੇਕ ਅੰਗ ਚੰਗੀ ਤਰ੍ਹਾਂ ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ ਅਤੇ ਪਿਆਰ ਵਿਚ ਮਜ਼ਬੂਤ ਹੁੰਦਾ ਹੈ।+
17 ਇਸ ਲਈ ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਚੱਲਣੋ ਹਟ ਜਾਓ+ ਜਿਹੜੇ ਆਪਣੇ ਮਨ ਦੇ ਖੋਖਲੇ ਵਿਚਾਰਾਂ ਮੁਤਾਬਕ ਚੱਲਦੇ ਹਨ।+ 18 ਉਨ੍ਹਾਂ ਦੇ ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ ਕਿਉਂਕਿ ਉਹ ਪਰਮੇਸ਼ੁਰ ਨੂੰ ਜਾਣਨਾ ਨਹੀਂ ਚਾਹੁੰਦੇ ਤੇ ਉਨ੍ਹਾਂ ਦੇ ਮਨ ਕਠੋਰ ਹੋ ਚੁੱਕੇ ਹਨ। 19 ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ ਅਤੇ ਢੀਠ*+ ਹੋ ਕੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮ ਕਰਦੇ ਹਨ ਜਿਨ੍ਹਾਂ ਤੋਂ ਉਹ ਕਦੇ ਰੱਜਦੇ ਨਹੀਂ।
20 ਪਰ ਤੁਸੀਂ ਇਹ ਸਿੱਖਿਆ ਕਿ ਮਸੀਹ ਇਹੋ ਜਿਹਾ ਨਹੀਂ ਹੈ। 21 ਯਿਸੂ ਹੀ ਸੱਚਾਈ ਹੈ। ਇਸ ਲਈ ਜੇ ਤੁਸੀਂ ਉਸ ਨੂੰ ਸੁਣਿਆ ਹੁੰਦਾ ਅਤੇ ਉਸ ਤੋਂ ਸਿੱਖਿਆ ਹੁੰਦਾ, ਤਾਂ ਤੁਹਾਨੂੰ ਇਹ ਗੱਲਾਂ ਪਤਾ ਹੁੰਦੀਆਂ। 22 ਤੁਹਾਨੂੰ ਸਿਖਾਇਆ ਗਿਆ ਸੀ ਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ+ ਜੋ ਤੁਹਾਡੇ ਪੁਰਾਣੇ ਚਾਲ-ਚਲਣ ਮੁਤਾਬਕ ਹੈ ਅਤੇ ਧੋਖਾ ਦੇਣ ਵਾਲੀਆਂ ਇੱਛਾਵਾਂ ਕਰਕੇ ਖ਼ਰਾਬ ਹੁੰਦਾ ਜਾਂਦਾ ਹੈ।+ 23 ਤੁਸੀਂ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ+ 24 ਅਤੇ ਨਵੇਂ ਸੁਭਾਅ ਨੂੰ ਪਹਿਨ ਲਓ+ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਧਾਰਮਿਕਤਾ ਅਤੇ ਸੱਚੀ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।
25 ਇਸ ਲਈ ਹੁਣ ਜਦ ਤੁਸੀਂ ਛਲ-ਕਪਟ ਕਰਨਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ+ ਕਿਉਂਕਿ ਅਸੀਂ ਇੱਕੋ ਸਰੀਰ ਦੇ ਅੰਗ ਹਾਂ।+ 26 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ;+ ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ;+ 27 ਸ਼ੈਤਾਨ ਨੂੰ ਮੌਕਾ ਨਾ ਦਿਓ।+ 28 ਜਿਹੜਾ ਚੋਰੀ ਕਰਦਾ ਹੈ, ਉਹ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ ਅਤੇ ਆਪਣੇ ਹੱਥੀਂ ਈਮਾਨਦਾਰੀ ਨਾਲ ਕੰਮ ਕਰੇ+ ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।+ 29 ਤੁਹਾਡੇ ਮੂੰਹੋਂ ਇਕ ਵੀ ਬੁਰੀ* ਗੱਲ ਨਾ ਨਿਕਲੇ,+ ਸਗੋਂ ਲੋੜ ਅਨੁਸਾਰ ਉਹੀ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਫ਼ਾਇਦਾ ਹੋਵੇ।+ 30 ਨਾਲੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਦੁਖੀ* ਨਾ ਕਰੋ+ ਜਿਸ ਨਾਲ ਤੁਹਾਡੇ ʼਤੇ ਉਸ ਦਿਨ ਲਈ ਮੁਹਰ ਲਾਈ ਗਈ ਹੈ+ ਜਦੋਂ ਤੁਹਾਨੂੰ ਰਿਹਾਈ ਦੀ ਕੀਮਤ ਦੇ ਜ਼ਰੀਏ ਛੁਡਾਇਆ ਜਾਵੇਗਾ।+
31 ਹਰ ਤਰ੍ਹਾਂ ਦਾ ਵੈਰ,+ ਗੁੱਸਾ, ਕ੍ਰੋਧ, ਚੀਕ-ਚਿਹਾੜਾ ਅਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ,+ ਨਾਲੇ ਕਿਸੇ ਵੀ ਤਰ੍ਹਾਂ ਬੁਰਾ ਨਾ ਕਰੋ।+ 32 ਇਸ ਦੀ ਬਜਾਇ, ਇਕ-ਦੂਜੇ ਲਈ ਦਇਆ ਦਿਖਾਓ ਅਤੇ ਹਮਦਰਦੀ ਨਾਲ ਪੇਸ਼ ਆਓ+ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ, ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਦੁਆਰਾ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ।+