ਪਰਮੇਸ਼ੁਰ ਦੇ ਸੰਗਠਨ ਵਿਚ ਰਹਿ ਕੇ ਸੁਰੱਖਿਅਤ ਰਹੋ
“ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।”—ਕਹਾਉਤਾਂ 18:10.
1. ਯਿਸੂ ਦੀ ਪ੍ਰਾਰਥਨਾ ਦੇ ਅਨੁਸਾਰ, ਮਸੀਹੀ ਕਿਹੜੀ ਮੁਸ਼ਕਲ ਸਥਿਤੀ ਵਿਚ ਹਨ?
ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਆਪਣੇ ਚੇਲਿਆਂ ਲਈ ਪ੍ਰਾਰਥਨਾ ਕੀਤੀ। ਪ੍ਰੇਮਮਈ ਚਿੰਤਾ ਦਿਖਾਉਂਦੇ ਹੋਏ, ਉਸ ਨੇ ਕਿਹਾ: “ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।” (ਯੂਹੰਨਾ 17:14, 15) ਯਿਸੂ ਜਾਣਦਾ ਸੀ ਕਿ ਜਗਤ ਮਸੀਹੀਆਂ ਲਈ ਇਕ ਖ਼ਤਰਨਾਕ ਥਾਂ ਹੋਵੇਗੀ। ਇਹ ਜਗਤ ਉਨ੍ਹਾਂ ਬਾਰੇ ਝੂਠੀਆਂ ਗੱਲਾਂ ਫੈਲਾਉਣ ਅਤੇ ਉਨ੍ਹਾਂ ਨੂੰ ਤਸੀਹੇ ਦੇਣ ਦੁਆਰਾ ਆਪਣੀ ਨਫ਼ਰਤ ਦਿਖਾਵੇਗਾ। (ਮੱਤੀ 5:11, 12; 10:16, 17) ਇਹ ਭ੍ਰਿਸ਼ਟਾਚਾਰ ਦਾ ਸੋਮਾ ਵੀ ਹੋਵੇਗਾ।—2 ਤਿਮੋਥਿਉਸ 4:10; 1 ਯੂਹੰਨਾ 2:15, 16.
2. ਮਸੀਹੀ ਅਧਿਆਤਮਿਕ ਸੁਰੱਖਿਆ ਦੀ ਥਾਂ ਕਿੱਥੇ ਲੱਭ ਸਕਦੇ ਹਨ?
2 ਮਸੀਹੀਆਂ ਨਾਲ ਨਫ਼ਰਤ ਕਰਨ ਵਾਲਾ ਜਗਤ ਉਨ੍ਹਾਂ ਲੋਕਾਂ ਨਾਲ ਬਣਿਆ ਹੈ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ ਅਤੇ ਜੋ ਸ਼ਤਾਨ ਦੇ ਵੱਸ ਵਿਚ ਹਨ। (1 ਯੂਹੰਨਾ 5:19) ਇਹ ਜਗਤ ਮਸੀਹੀ ਕਲੀਸਿਯਾ ਨਾਲੋਂ ਕਿਤੇ ਵੱਡਾ ਹੈ, ਅਤੇ ਸ਼ਤਾਨ ਆਪ ਕਿਸੇ ਵੀ ਇਨਸਾਨ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਲਈ, ਜਗਤ ਦੀ ਨਫ਼ਰਤ ਸੱਚ-ਮੁੱਚ ਇਕ ਖ਼ਤਰਾ ਹੈ। ਯਿਸੂ ਦੇ ਪੈਰੋਕਾਰ ਕਿੱਥੇ ਅਧਿਆਤਮਿਕ ਸੁਰੱਖਿਆ ਪਾ ਸਕਦੇ ਹਨ? ਦਸੰਬਰ 1, 1922, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕ ਵਿਚ ਇਕ ਬਿਆਨ ਨੇ ਇਹ ਜਵਾਬ ਪੇਸ਼ ਕੀਤਾ: “ਅਸੀਂ ਹੁਣ ਬੁਰੇ ਦਿਨਾਂ ਵਿਚ ਹਾਂ। ਸ਼ਤਾਨ ਦੇ ਸੰਗਠਨ ਅਤੇ ਪਰਮੇਸ਼ੁਰ ਦੇ ਸੰਗਠਨ ਵਿਚ ਲੜਾਈ ਚੱਲ ਰਹੀ ਹੈ। ਇਹ ਇਕ ਜ਼ਬਰਦਸਤ ਲੜਾਈ ਹੈ।” ਇਸ ਲੜਾਈ ਵਿਚ, ਪਰਮੇਸ਼ੁਰ ਦਾ ਸੰਗਠਨ ਅਧਿਆਤਮਿਕ ਸੁਰੱਖਿਆ ਦੀ ਥਾਂ ਹੈ। ਸ਼ਬਦ “ਸੰਗਠਨ” ਬਾਈਬਲ ਵਿਚ ਨਹੀਂ ਪਾਇਆ ਜਾਂਦਾ, ਅਤੇ 1920 ਦੇ ਦਹਾਕੇ ਵਿਚ, “ਪਰਮੇਸ਼ੁਰ ਦਾ ਸੰਗਠਨ” ਇਕ ਨਵੀਂ ਅਭਿਵਿਅਕਤੀ ਸੀ। ਫਿਰ, ਇਹ ਸੰਗਠਨ ਕੀ ਹੈ? ਅਤੇ ਅਸੀਂ ਇਸ ਵਿਚ ਕਿਵੇਂ ਸੁਰੱਖਿਆ ਪਾ ਸਕਦੇ ਹਾਂ?
ਯਹੋਵਾਹ ਦਾ ਸੰਗਠਨ
3, 4. (ੳ) ਇਕ ਡਿਕਸ਼ਨਰੀ ਅਤੇ ਪਹਿਰਾਬੁਰਜ ਦੇ ਅਨੁਸਾਰ, ਸੰਗਠਨ ਕੀ ਹੈ? (ਅ) ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਿਸ ਭਾਵ ਵਿਚ ਇਕ ਸੰਗਠਨ ਕਿਹਾ ਜਾ ਸਕਦਾ ਹੈ?
3 ਕਨਸਾਈਜ਼ ਆਕਸਫ਼ੋਰਡ ਡਿਕਸ਼ਨਰੀ ਦੇ ਅਨੁਸਾਰ, ਇਕ ਸੰਗਠਨ “ਇਕ ਸੰਗਠਿਤ ਸਮੂਹ” ਹੁੰਦਾ ਹੈ। ਇਸ ਨੂੰ ਮਨ ਵਿਚ ਰੱਖਦੇ ਹੋਏ, ਅਸੀਂ ਸਮਝਦੇ ਹਾਂ ਕਿ ਕਿਉਂ ਜੋ ਰਸੂਲਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਸਥਾਨਕ ਕਲੀਸਿਯਾਵਾਂ ਵਿਚ ਸੰਗਠਿਤ ਕੀਤਾ ਸੀ ਜੋ ਯਰੂਸ਼ਲਮ ਵਿਚ ਸਥਿਤ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਸਨ, ਇਸ ਲਈ ਉਸ “ਭਾਈਆਂ ਦੀ ਸਭਾ” ਨੂੰ ਸੰਗਠਨ ਕਹਿਣਾ ਢੁਕਵਾਂ ਹੈ। (1 ਪਤਰਸ 2:17, ਨਿ ਵ) ਅੱਜ ਯਹੋਵਾਹ ਦੇ ਗਵਾਹਾਂ ਦਾ ਵੀ ਅਜਿਹਾ ਹੀ ਇਕ ਸੰਗਠਨ ਰੂਪੀ ਢਾਂਚਾ ਹੈ। ‘ਮਨੁੱਖਾਂ ਨੂੰ ਦਿੱਤੇ ਦਾਨ,’ ਜਿਵੇਂ ਕਿ “ਪਾਸਬਾਨ ਅਤੇ ਉਸਤਾਦ” ਦੁਆਰਾ ਪਹਿਲੀ ਸਦੀ ਦੇ ਸਮੂਹ ਦੀ ਏਕਤਾ ਮਜ਼ਬੂਤ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਕੁਝ ਵਿਅਕਤੀ ਇਕ ਕਲੀਸਿਯਾ ਤੋਂ ਦੂਸਰੀ ਕਲੀਸਿਯਾ ਨੂੰ ਜਾਂਦੇ ਸਨ, ਅਤੇ ਦੂਸਰੇ ਸਥਾਨਕ ਕਲੀਸਿਯਾਵਾਂ ਵਿਚ ਬਜ਼ੁਰਗ ਸਨ। (ਅਫ਼ਸੀਆਂ 4:8, 11, 12; ਰਸੂਲਾਂ ਦੇ ਕਰਤੱਬ 20:28) ਅੱਜ ਇਸੇ ਤਰ੍ਹਾਂ ਦੇ “ਦਾਨ” ਯਹੋਵਾਹ ਦੇ ਗਵਾਹਾਂ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ।
4 ਪਹਿਰਾਬੁਰਜ (ਅੰਗ੍ਰੇਜ਼ੀ) ਦੇ ਨਵੰਬਰ 1, 1922, ਦੇ ਅੰਕ ਨੇ ਸ਼ਬਦ “ਸੰਗਠਨ” ਬਾਰੇ ਕਿਹਾ: “ਸੰਗਠਨ ਕਿਸੇ ਖ਼ਾਸ ਯੋਜਨਾ ਨੂੰ ਸਿਰੇ ਚਾੜ੍ਹਨ ਦੇ ਮਕਸਦ ਲਈ ਬਣਾਇਆ ਗਿਆ ਲੋਕਾਂ ਦਾ ਇਕ ਸਮੂਹ ਹੈ।” ਪਹਿਰਾਬੁਰਜ ਨੇ ਅੱਗੇ ਸਮਝਾਇਆ ਕਿ ਯਹੋਵਾਹ ਦੇ ਗਵਾਹਾਂ ਨੂੰ ਇਕ ਸੰਗਠਨ ਕਹਿਣ ਦਾ ਇਹ ਮਤਲਬ ਨਹੀਂ ਕਿ ਉਹ “ਉਸ ਭਾਵ ਵਿਚ ਇਕ ਫ਼ਿਰਕਾ ਹਨ, ਜਿਵੇਂ ਆਮ ਤੌਰ ਤੇ ਸਮਝਿਆ ਜਾਂਦਾ ਹੈ। ਪਰੰਤੂ ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਬਾਈਬਲ ਸਟੂਡੈਂਟਸ [ਯਹੋਵਾਹ ਦੇ ਗਵਾਹ] ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਇਸ ਨੂੰ ਪ੍ਰਭੂ ਦੇ ਤਰੀਕੇ ਅਨੁਸਾਰ, ਵਿਵਸਥਿਤ ਤਰੀਕੇ ਨਾਲ ਕਰ ਰਹੇ ਹਨ।” (1 ਕੁਰਿੰਥੀਆਂ 14:33) ਪੌਲੁਸ ਰਸੂਲ ਨੇ ਦਿਖਾਇਆ ਕਿ ਉਸ ਦੇ ਦਿਨਾਂ ਦੇ ਮਸੀਹੀਆਂ ਨੇ ਵੀ ਵਿਵਸਥਿਤ ਤਰੀਕੇ ਨਾਲ ਕੰਮ ਕੀਤਾ। ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਦੇ ਭਾਈਚਾਰੇ ਦੀ ਤੁਲਨਾ ਮਨੁੱਖੀ ਸਰੀਰ ਨਾਲ ਕੀਤੀ ਜਿਸ ਦੇ ਬਹੁਤ ਸਾਰੇ ਅੰਗ ਹੁੰਦੇ ਹਨ, ਅਤੇ ਹਰੇਕ ਅੰਗ ਆਪੋ-ਆਪਣਾ ਕੰਮ ਕਰਦਾ ਹੈ ਤਾਂਕਿ ਸਰੀਰ ਠੀਕ ਤਰੀਕੇ ਨਾਲ ਕੰਮ ਕਰ ਸਕੇ। (1 ਕੁਰਿੰਥੀਆਂ 12:12-26) ਇਹ ਇਕ ਸੰਗਠਨ ਦੀ ਸ਼ਾਨਦਾਰ ਉਦਾਹਰਣ ਹੈ! ਮਸੀਹੀ ਕਿਉਂ ਸੰਗਠਿਤ ਸਨ? “ਪਰਮੇਸ਼ੁਰ ਦਾ ਮਕਸਦ” ਪੂਰਾ ਕਰਨ ਲਈ, ਯਹੋਵਾਹ ਦੀ ਇੱਛਾ ਪੂਰੀ ਕਰਨ ਲਈ।
5. ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ ਕੀ ਹੈ?
5 ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਸੱਚੇ ਮਸੀਹੀ ਇਕ-ਮੁੱਠ ਹੋਣਗੇ, ਇਕ “ਕੌਮ” ਦੇ ਤੌਰ ਤੇ ਇਕ “ਦੇਸ਼” ਵਿਚ ਇਕੱਠੇ ਕੀਤੇ ਜਾਣਗੇ, ਜਿੱਥੇ ਉਹ ‘ਜਗਤ ਉੱਤੇ ਜੋਤਾਂ ਵਾਂਙੁ ਦਿਸਣਗੇ।’ (ਯਸਾਯਾਹ 66:8; ਫ਼ਿਲਿੱਪੀਆਂ 2:15) ਇਸ ਸੰਗਠਿਤ “ਕੌਮ” ਵਿਚ ਹੁਣ 55 ਲੱਖ ਤੋਂ ਜ਼ਿਆਦਾ ਲੋਕ ਹਨ। (ਯਸਾਯਾਹ 60:8-10, 22) ਪਰੰਤੂ, ਪਰਮੇਸ਼ੁਰ ਦੇ ਸੰਗਠਨ ਵਿਚ ਸਿਰਫ਼ ਇਹੀ ਲੋਕ ਨਹੀਂ ਹਨ। ਦੂਤ ਵੀ ਸ਼ਾਮਲ ਹਨ।
6. ਆਪਣੇ ਵਿਸ਼ਾਲ ਅਰਥ ਵਿਚ, ਪਰਮੇਸ਼ੁਰ ਦਾ ਸੰਗਠਨ ਕਿਨ੍ਹਾਂ ਨਾਲ ਬਣਦਾ ਹੈ?
6 ਦੂਤਾਂ ਦੇ ਪਰਮੇਸ਼ੁਰ ਦੇ ਮਨੁੱਖੀ ਸੇਵਕਾਂ ਨਾਲ ਕੰਮ ਕਰਨ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। (ਉਤਪਤ 28:12; ਦਾਨੀਏਲ 10:12-14; 12:1; ਇਬਰਾਨੀਆਂ 1:13, 14; ਪਰਕਾਸ਼ ਦੀ ਪੋਥੀ 14:14-16) ਇਸ ਲਈ, ਪਹਿਰਾਬੁਰਜ (ਅੰਗ੍ਰੇਜ਼ੀ) ਦੇ ਮਈ 15, 1925, ਦੇ ਅੰਕ ਨੇ ਉਚਿਤ ਤੌਰ ਤੇ ਕਿਹਾ: “ਸਾਰੇ ਪਵਿੱਤਰ ਦੂਤ ਪਰਮੇਸ਼ੁਰ ਦੇ ਸੰਗਠਨ ਵਿਚ ਹਨ।” ਇਸ ਦੇ ਨਾਲ ਹੀ, ਇਸ ਨੇ ਕਿਹਾ: “ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦੇ ਸੰਗਠਨ ਦਾ ਮੁਖੀ [ਹੈ] ਜਿਸ ਕੋਲ ਸਾਰੀ ਸ਼ਕਤੀ ਅਤੇ ਇਖ਼ਤਿਆਰ ਹੈ।” (ਮੱਤੀ 28:18) ਇਸ ਲਈ, ਆਪਣੇ ਵਿਸ਼ਾਲ ਅਰਥ ਵਿਚ, ਪਰਮੇਸ਼ੁਰ ਦੇ ਸੰਗਠਨ ਵਿਚ ਸਵਰਗ ਅਤੇ ਧਰਤੀ ਉੱਤੇ ਰਹਿੰਦੇ ਉਹ ਸਾਰੇ ਪ੍ਰਾਣੀ ਸ਼ਾਮਲ ਹਨ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਮਿਲ ਕੇ ਕੰਮ ਕਰਦੇ ਹਨ। (ਡੱਬੀ ਦੇਖੋ।) ਇਸ ਵਿਚ ਸ਼ਾਮਲ ਹੋਣਾ ਕਿੱਡਾ ਅਦਭੁਤ ਵਿਸ਼ੇਸ਼-ਸਨਮਾਨ ਹੈ! ਅਤੇ ਉਸ ਸਮੇਂ ਦੀ ਉਡੀਕ ਕਰਨਾ ਕਿੰਨਾ ਆਨੰਦਦਾਇਕ ਹੈ ਜਦੋਂ ਸਾਰੇ ਸਵਰਗੀ ਅਤੇ ਜ਼ਮੀਨੀ ਪ੍ਰਾਣੀ ਏਕਤਾ ਵਿਚ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਸੰਗਠਿਤ ਹੋਣਗੇ! (ਪਰਕਾਸ਼ ਦੀ ਪੋਥੀ 5:13, 14) ਪਰੰਤੂ, ਅੱਜ ਪਰਮੇਸ਼ੁਰ ਦਾ ਸੰਗਠਨ ਕਿਹੜੀ ਸੁਰੱਖਿਆ ਦਿੰਦਾ ਹੈ?
ਪਰਮੇਸ਼ੁਰ ਦੇ ਸੰਗਠਨ ਵਿਚ ਸੁਰੱਖਿਅਤ—ਕਿਵੇਂ?
7. ਪਰਮੇਸ਼ੁਰ ਦਾ ਸੰਗਠਨ ਸਾਨੂੰ ਕਿਸ ਤਰ੍ਹਾਂ ਸੁਰੱਖਿਆ ਦਿੰਦਾ ਹੈ?
7 ਪਰਮੇਸ਼ੁਰ ਦਾ ਸੰਗਠਨ ਸ਼ਤਾਨ ਅਤੇ ਉਸ ਦੇ ਛਲ ਛਿੱਦ੍ਰਾਂ ਤੋਂ ਸਾਡੀ ਰਾਖੀ ਕਰਨ ਵਿਚ ਮਦਦ ਕਰ ਸਕਦਾ ਹੈ। (ਅਫ਼ਸੀਆਂ 6:11) ਸ਼ਤਾਨ ਯਹੋਵਾਹ ਦੇ ਉਪਾਸਕਾਂ ਉੱਤੇ ਦਬਾਅ ਪਾਉਂਦਾ ਹੈ, ਉਨ੍ਹਾਂ ਨੂੰ ਸਤਾਉਂਦਾ ਹੈ, ਅਤੇ ਭੁਚਲਾਉਂਦਾ ਹੈ, ਸਿਰਫ਼ ਇੱਕੋ ਉਦੇਸ਼ ਨਾਲ: ਉਨ੍ਹਾਂ ਨੂੰ ਉਸ ਰਾਹ ਤੋਂ ਹਟਾਉਣਾ ‘ਜਿਸ ਰਾਹ ਉਨ੍ਹਾਂ ਨੇ ਜਾਣਾ ਹੈ।’ (ਯਸਾਯਾਹ 48:17. ਮੱਤੀ 4:1-11 ਦੀ ਤੁਲਨਾ ਕਰੋ।) ਇਸ ਰੀਤੀ-ਵਿਵਸਥਾ ਵਿਚ ਅਸੀਂ ਕਦੀ ਵੀ ਪੂਰੀ ਤਰ੍ਹਾਂ ਇਨ੍ਹਾਂ ਹਮਲਿਆਂ ਤੋਂ ਬਚ ਨਹੀਂ ਸਕਦੇ ਹਾਂ। ਪਰੰਤੂ, ਪਰਮੇਸ਼ੁਰ ਅਤੇ ਉਸ ਦੇ ਸੰਗਠਨ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਸਾਨੂੰ ਤਕੜਾ ਕਰਦਾ ਹੈ ਅਤੇ ਸਾਡੀ ਰਾਖੀ ਕਰਦਾ ਹੈ ਅਤੇ ਇਸ ਤਰ੍ਹਾਂ, “ਉਸ ਰਾਹ” ਉੱਤੇ ਚੱਲਦੇ ਰਹਿਣ ਵਿਚ ਸਾਡੀ ਮਦਦ ਕਰਦਾ ਹੈ। ਇਸ ਕਾਰਨ, ਅਸੀਂ ਆਪਣੀ ਆਸ਼ਾ ਨੂੰ ਪ੍ਰਾਪਤ ਕਰਾਂਗੇ।
8. ਯਹੋਵਾਹ ਦਾ ਅਦ੍ਰਿਸ਼ਟ ਸੰਗਠਨ ਉਸ ਦੇ ਜ਼ਮੀਨੀ ਸੇਵਕਾਂ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ?
8 ਪਰਮੇਸ਼ੁਰ ਦਾ ਸੰਗਠਨ ਇਹ ਸੁਰੱਖਿਆ ਕਿਵੇਂ ਦਿੰਦਾ ਹੈ? ਪਹਿਲਾ, ਸਾਨੂੰ ਯਹੋਵਾਹ ਦੇ ਆਤਮਿਕ ਸੇਵਕ ਲਗਾਤਾਰ ਮਦਦ ਦਿੰਦੇ ਹਨ। ਜਦੋਂ ਯਿਸੂ ਬੇਹੱਦ ਦਬਾਅ ਵਿਚ ਸੀ, ਤਾਂ ਇਕ ਦੂਤ ਨੇ ਉਸ ਨੂੰ ਸਹਾਰਾ ਦਿੱਤਾ ਸੀ। (ਲੂਕਾ 22:43) ਜਦੋਂ ਪਤਰਸ ਦੀ ਜਾਨ ਨੂੰ ਖ਼ਤਰਾ ਸੀ, ਤਾਂ ਇਕ ਦੂਤ ਨੇ ਚਮਤਕਾਰੀ ਤਰੀਕੇ ਨਾਲ ਉਸ ਨੂੰ ਬਚਾਇਆ ਸੀ। (ਰਸੂਲਾਂ ਦੇ ਕਰਤੱਬ 12:6-11) ਹਾਲਾਂਕਿ ਅੱਜ ਅਜਿਹੇ ਚਮਤਕਾਰ ਨਹੀਂ ਹੁੰਦੇ ਹਨ, ਪਰੰਤੂ ਯਹੋਵਾਹ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਦੂਤਾਂ ਦੁਆਰਾ ਮਦਦ ਦਿੱਤੀ ਜਾਵੇਗੀ। (ਪਰਕਾਸ਼ ਦੀ ਪੋਥੀ 14:6, 7) ਜਦੋਂ ਉਹ ਮੁਸ਼ਕਲ ਹਾਲਤਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਉਨ੍ਹਾਂ ਕੋਲ ਹਮੇਸ਼ਾ ਸਮਰਥਾ ਦਾ ਅੱਤ ਵੱਡਾ ਮਹਾਤਮ ਹੁੰਦਾ ਹੈ। (2 ਕੁਰਿੰਥੀਆਂ 4:7) ਇਸ ਤੋਂ ਇਲਾਵਾ, ਉਹ ਜਾਣਦੇ ਹਨ ਕਿ “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।”—ਜ਼ਬੂਰ 34:7.
9, 10. ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ,” ਅਤੇ ਇਹ ਸਿਧਾਂਤ ਪਰਮੇਸ਼ੁਰ ਦੇ ਪੂਰੇ ਸੰਗਠਨ ਉੱਤੇ ਕਿਵੇਂ ਲਾਗੂ ਹੁੰਦਾ ਹੈ?
9 ਯਹੋਵਾਹ ਦਾ ਦ੍ਰਿਸ਼ਟ ਸੰਗਠਨ ਵੀ ਇਕ ਸੁਰੱਖਿਆ ਹੈ। ਕਿਵੇਂ? ਕਹਾਉਤਾਂ 18:10 ਵਿਚ ਅਸੀਂ ਪੜ੍ਹਦੇ ਹਾਂ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਇਸ ਦਾ ਇਹ ਅਰਥ ਨਹੀਂ ਕਿ ਸਿਰਫ਼ ਪਰਮੇਸ਼ੁਰ ਦੇ ਨਾਂ ਨੂੰ ਜਪਣ ਨਾਲ ਸੁਰੱਖਿਆ ਮਿਲੇਗੀ। ਇਸ ਦੀ ਬਜਾਇ, ਪਰਮੇਸ਼ੁਰ ਦੇ ਨਾਂ ਵਿਚ ਸ਼ਰਨ ਲੈਣ ਦਾ ਅਰਥ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ। (ਜ਼ਬੂਰ 20:1; 122:4) ਇਸ ਦਾ ਅਰਥ ਹੈ ਉਸ ਦੀ ਸਰਬਸੱਤਾ ਦਾ ਸਮਰਥਨ ਕਰਨਾ, ਉਸ ਦੇ ਨਿਯਮਾਂ ਅਤੇ ਸਿਧਾਂਤਾਂ ਨੂੰ ਮੰਨਣਾ, ਅਤੇ ਉਸ ਦੇ ਵਾਅਦਿਆਂ ਵਿਚ ਨਿਹਚਾ ਰੱਖਣਾ। (ਜ਼ਬੂਰ 8:1-9; ਯਸਾਯਾਹ 50:10; ਇਬਰਾਨੀਆਂ 11:6) ਇਸ ਵਿਚ ਸ਼ਾਮਲ ਹੈ ਯਹੋਵਾਹ ਦੀ ਅਣਵੰਡੀ ਭਗਤੀ ਕਰਨਾ। ਯਹੋਵਾਹ ਦੀ ਇਸ ਤਰ੍ਹਾਂ ਉਪਾਸਨਾ ਕਰਨ ਵਾਲੇ ਹੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਦੇ ਹਨ: “ਸਾਡਾ ਮਨ ਤਾਂ [ਯਹੋਵਾਹ] ਵਿੱਚ ਅਨੰਦ ਰਹੇਗਾ, ਕਿਉਂ ਜੋ ਅਸਾਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ।”—ਜ਼ਬੂਰ 33:21; 124:8.
10 ਹੁਣ ਪਰਮੇਸ਼ੁਰ ਦੇ ਦ੍ਰਿਸ਼ਟ ਸੰਗਠਨ ਵਿਚ ਸ਼ਾਮਲ ਸਾਰੇ ਲੋਕ ਮੀਕਾਹ ਵਾਂਗ ਕਹਿੰਦੇ ਹਨ: “ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾਹ 4:5) ਆਧੁਨਿਕ ਦਿਨ ਦੇ ਸੰਗਠਨ ਵਿਚ ‘ਪਰਮੇਸ਼ੁਰ ਦਾ ਇਸਰਾਏਲ’ ਮੁੱਖ ਹੈ, ਜਿਸ ਨੂੰ ਬਾਈਬਲ ਵਿਚ ‘ਉਹ ਦੇ ਨਾਮ ਦੇ ਲਈ ਇੱਕ ਪਰਜਾ’ ਕਿਹਾ ਜਾਂਦਾ ਹੈ। (ਗਲਾਤੀਆਂ 6:16; ਰਸੂਲਾਂ ਦੇ ਕਰਤੱਬ 15:14; ਯਸਾਯਾਹ 43:6, 7; 1 ਪਤਰਸ 2:17) ਇਸ ਲਈ, ਯਹੋਵਾਹ ਦੇ ਸੰਗਠਨ ਵਿਚ ਹੋਣ ਦਾ ਅਰਥ ਹੈ ਉਨ੍ਹਾਂ ਲੋਕਾਂ ਵਿਚ ਹੋਣਾ ਜੋ ਪਰਮੇਸ਼ੁਰ ਦੇ ਨਾਂ ਵਿਚ ਸੁਰੱਖਿਆ ਭਾਲਦੇ ਅਤੇ ਪ੍ਰਾਪਤ ਕਰਦੇ ਹਨ।
11. ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਯਹੋਵਾਹ ਦਾ ਸੰਗਠਨ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਇਸ ਵਿਚ ਹਨ?
11 ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ ਨਿਹਚਾਵਾਨਾਂ ਦਾ ਭਾਈਚਾਰਾ ਹੈ, ਇਕ ਦੂਸਰੇ ਨੂੰ ਤਕੜਾ ਕਰਨ ਅਤੇ ਉਤਸ਼ਾਹਿਤ ਕਰਨ ਵਾਲੇ ਸੰਗੀ ਵਿਸ਼ਵਾਸੀਆਂ ਦਾ ਸਮੂਹ ਹੈ। (ਕਹਾਉਤਾਂ 13:20; ਰੋਮੀਆਂ 1:12) ਇਹ ਅਜਿਹੀ ਥਾਂ ਹੈ ਜਿੱਥੇ ਮਸੀਹੀ ਚਰਵਾਹੇ ਭੇਡਾਂ ਦੀ ਦੇਖ-ਭਾਲ ਕਰਦੇ ਹਨ, ਬੀਮਾਰ ਅਤੇ ਨਿਰਾਸ਼ ਭੇਡਾਂ ਨੂੰ ਉਤਸ਼ਾਹ ਦਿੰਦੇ ਹਨ, ਅਤੇ ਜੋ ਨਿਹਚਾ ਤੋਂ ਬੇਮੁਖ ਹੋ ਗਈਆਂ ਹਨ ਉਨ੍ਹਾਂ ਨੂੰ ਮੁੜ-ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। (ਯਸਾਯਾਹ 32:1, 2; 1 ਪਤਰਸ 5:2-4) “ਮਾਤਬਰ ਅਤੇ ਬੁੱਧਵਾਨ ਨੌਕਰ,” ਸੰਗਠਨ ਰਾਹੀਂ ‘ਵੇਲੇ ਸਿਰ ਰਸਤ’ ਮੁਹੱਈਆ ਕਰਦਾ ਹੈ। (ਮੱਤੀ 24:45) ਇਹ “ਨੌਕਰ,” ਜੋ ਮਸਹ ਕੀਤੇ ਹੋਏ ਮਸੀਹੀ ਹਨ, ਉੱਤਮ ਅਧਿਆਤਮਿਕ ਚੀਜ਼ਾਂ ਦਿੰਦਾ ਹੈ, ਅਰਥਾਤ ਸਹੀ ਬਾਈਬਲ-ਆਧਾਰਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ। (ਯੂਹੰਨਾ 17:3) “ਨੌਕਰ” ਦੇ ਨਿਰਦੇਸ਼ਨ ਤੋਂ ਮਸੀਹੀਆਂ ਨੂੰ ਉੱਚ ਨੈਤਿਕ ਮਿਆਰਾਂ ਦੀ ਪੈਰਵੀ ਕਰਨ, ਅਤੇ ਆਪਣੇ ਆਲੇ-ਦੁਆਲੇ ਦੇ ਖ਼ਤਰਨਾਕ ਮਾਹੌਲ ਵਿਚ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਬਣਨ ਵਿਚ ਮਦਦ ਮਿਲਦੀ ਹੈ। (ਮੱਤੀ 10:16) ਅਤੇ ਉਨ੍ਹਾਂ ਦੀ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਵਿਚ ਮਦਦ ਕੀਤੀ ਜਾਂਦੀ ਹੈ, ਜੋ ਕਿ ਆਪਣੇ ਆਪ ਵਿਚ ਇਕ ਮਜ਼ਬੂਤ ਸੁਰੱਖਿਆ ਹੈ।—1 ਕੁਰਿੰਥੀਆਂ 15:58.
ਪਰਮੇਸ਼ੁਰ ਦੇ ਸੰਗਠਨ ਵਿਚ ਕੌਣ-ਕੌਣ ਹੈ?
12. ਪਰਮੇਸ਼ੁਰ ਦੇ ਸਵਰਗੀ ਸੰਗਠਨ ਵਿਚ ਕੌਣ-ਕੌਣ ਹੈ?
12 ਕਿਉਂਕਿ ਇਹ ਸੁਰੱਖਿਆ ਉਨ੍ਹਾਂ ਲਈ ਉਪਲਬਧ ਹੈ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਹਨ, ਇਸ ਵਿਚ ਕੌਣ ਸ਼ਾਮਲ ਹਨ? ਸਵਰਗੀ ਸੰਗਠਨ ਦੇ ਸੰਬੰਧ ਵਿਚ, ਇਸ ਸਵਾਲ ਦੇ ਜਵਾਬ ਵਿਚ ਕੋਈ ਸ਼ੱਕ ਨਹੀਂ ਹੈ। ਸ਼ਤਾਨ ਅਤੇ ਉਸ ਦੇ ਦੂਤ ਹੁਣ ਸਵਰਗ ਵਿਚ ਨਹੀਂ ਹਨ। ਦੂਸਰੇ ਪਾਸੇ, “ਜੋੜ ਮੇਲੇ ਵਿੱਚ” ਵਫ਼ਾਦਾਰ ਦੂਤ, ਅਜੇ ਵੀ ਸਵਰਗ ਵਿਚ ਹਨ। ਯੂਹੰਨਾ ਰਸੂਲ ਨੇ ਦੇਖਿਆ ਕਿ ਅੰਤ ਦੇ ਦਿਨਾਂ ਵਿਚ ‘ਲੇਲਾ,’ ਕਰੂਬੀ (‘ਚਾਰ ਜੰਤੂ’), ਅਤੇ ‘ਬਹੁਤ ਦੂਤ’ ਪਰਮੇਸ਼ੁਰ ਦੇ ਸਿੰਘਾਸਣ ਦੇ ਨੇੜੇ ਹੋਣਗੇ। ਉਨ੍ਹਾਂ ਨਾਲ 24 ਬਜ਼ੁਰਗ ਹੋਣਗੇ। ਇਹ ਉਨ੍ਹਾਂ ਮਸਹ ਕੀਤੇ ਹੋਇਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਆਪਣੀ ਮਹਿਮਾਯੁਕਤ ਸਵਰਗੀ ਵਿਰਾਸਤ ਪ੍ਰਾਪਤ ਕਰ ਲਈ ਹੈ। (ਇਬਰਾਨੀਆਂ 12:22, 23; ਪਰਕਾਸ਼ ਦੀ ਪੋਥੀ 5:6, 11; 12:7-12) ਸਪੱਸ਼ਟ ਰੂਪ ਵਿਚ ਇਹ ਸਾਰੇ ਪਰਮੇਸ਼ੁਰ ਦੇ ਸੰਗਠਨ ਵਿਚ ਹਨ। ਪਰੰਤੂ ਮਨੁੱਖਾਂ ਦੇ ਮਾਮਲੇ ਵਿਚ, ਇਹ ਇੰਨਾ ਸੌਖਾ ਨਹੀਂ ਹੈ।
13. ਯਿਸੂ ਉਨ੍ਹਾਂ ਲੋਕਾਂ ਦੀ ਕਿਵੇਂ ਪਛਾਣ ਕਰਾਉਂਦਾ ਹੈ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਹਨ ਅਤੇ ਜੋ ਇਸ ਵਿਚ ਨਹੀਂ ਹਨ?
13 ਯਿਸੂ ਨੇ ਉਨ੍ਹਾਂ ਕੁਝ ਵਿਅਕਤੀਆਂ ਬਾਰੇ ਜੋ ਉਸ ਦੇ ਪਿੱਛੇ ਚੱਲਣ ਦਾ ਦਾਅਵਾ ਕਰਨਗੇ, ਇਹ ਕਿਹਾ ਸੀ: “ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ।” (ਮੱਤੀ 7:22, 23) ਜੇ ਕੋਈ ਬੁਰਾ ਹੈ, ਤਾਂ ਉਹ ਯਕੀਨਨ ਪਰਮੇਸ਼ੁਰ ਦੇ ਸੰਗਠਨ ਵਿਚ ਨਹੀਂ ਹੋ ਸਕਦਾ ਹੈ, ਚਾਹੇ ਉਹ ਜੋ ਮਰਜ਼ੀ ਦਾਅਵਾ ਕਰੇ, ਅਤੇ ਚਾਹੇ ਉਹ ਉਪਾਸਨਾ ਕਰਨ ਲਈ ਜਿੱਥੇ ਮਰਜ਼ੀ ਜਾਵੇ। ਯਿਸੂ ਨੇ ਇਹ ਵੀ ਦਿਖਾਇਆ ਕਿ ਉਸ ਵਿਅਕਤੀ ਦੀ ਪਛਾਣ ਕਿਵੇਂ ਕਰਨੀ ਹੈ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਹੈ। ਉਸ ਨੇ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।”—ਮੱਤੀ 7:21.
14. ਪਰਮੇਸ਼ੁਰ ਦੀ ਇੱਛਾ ਦੇ ਕਿਹੜੇ ਪਹਿਲੂਆਂ ਬਾਰੇ ਦੱਸਿਆ ਗਿਆ ਹੈ ਜੋ ਉਨ੍ਹਾਂ ਲੋਕਾਂ ਲਈ ਜ਼ਰੂਰੀ ਹਨ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਹਨ?
14 ਇਸ ਲਈ, ਪਰਮੇਸ਼ੁਰ ਦੇ ਸੰਗਠਨ—ਜਿਸ ਵਿਚ ‘ਸੁਰਗ ਦਾ ਰਾਜ’ ਮੁੱਖ ਹੈ—ਵਿਚ ਹੋਣ ਲਈ ਇਕ ਵਿਅਕਤੀ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹੋਣਾ ਚਾਹੀਦਾ ਹੈ। ਉਸ ਦੀ ਇੱਛਾ ਕੀ ਹੈ? ਪੌਲੁਸ ਨੇ ਇਸ ਦੇ ਇਕ ਲਾਜ਼ਮੀ ਪਹਿਲੂ ਬਾਰੇ ਦੱਸਿਆ ਜਦੋਂ ਉਸ ਨੇ ਕਿਹਾ: “[ਪਰਮੇਸ਼ੁਰ] ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਜੇਕਰ ਇਕ ਵਿਅਕਤੀ ਬਾਈਬਲ ਵਿੱਚੋਂ ਸਹੀ ਗਿਆਨ ਲੈਣ ਦੀ, ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ, ਅਤੇ ‘ਸਾਰੇ ਮਨੁੱਖਾਂ’ ਵਿਚ ਵੰਡਣ ਦੀ ਸੱਚ-ਮੁੱਚ ਕੋਸ਼ਿਸ਼ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਿਹਾ ਹੈ। (ਮੱਤੀ 28:19, 20; ਰੋਮੀਆਂ 10:13-15) ਇਹ ਵੀ ਪਰਮੇਸ਼ੁਰ ਦੀ ਇੱਛਾ ਹੈ ਕਿ ਯਹੋਵਾਹ ਦੀਆਂ ਭੇਡਾਂ ਨੂੰ ਭੋਜਨ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾਵੇ। (ਯੂਹੰਨਾ 21:15-17) ਮਸੀਹੀ ਸਭਾਵਾਂ ਇਸ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਜੇ ਇਕ ਵਿਅਕਤੀ ਅਜਿਹੀਆਂ ਸਭਾਵਾਂ ਵਿਚ ਹਾਜ਼ਰ ਹੋਣ ਲਈ ਆਜ਼ਾਦ ਹੈ, ਪਰ ਹਾਜ਼ਰ ਨਹੀਂ ਹੁੰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੀ ਥਾਂ ਦੀ ਕਦਰ ਨਹੀਂ ਕਰਦਾ ਹੈ।—ਇਬਰਾਨੀਆਂ 10:23-25.
ਸੰਸਾਰ ਨਾਲ ਮਿੱਤਰਤਾ
15. ਯਾਕੂਬ ਨੇ ਆਪਣੇ ਦਿਨਾਂ ਦੀਆਂ ਕਲੀਸਿਯਾਵਾਂ ਨੂੰ ਕਿਹੜੀ ਚੇਤਾਵਨੀ ਦਿੱਤੀ?
15 ਯਿਸੂ ਦੇ ਮਰਨ ਤੋਂ ਕੁਝ 30 ਸਾਲ ਬਾਅਦ, ਉਸ ਦੇ ਮਤਰੇਏ ਭਰਾ ਯਾਕੂਬ ਨੇ ਕੁਝ ਕਾਰਨਾਂ ਬਾਰੇ ਦੱਸਿਆ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਇਕ ਵਿਅਕਤੀ ਦੀ ਥਾਂ ਨੂੰ ਖ਼ਤਰੇ ਵਿਚ ਪਾ ਸਕਦੇ ਹਨ। ਉਸ ਨੇ ਲਿਖਿਆ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਪਰਮੇਸ਼ੁਰ ਦਾ ਵੈਰੀ ਯਕੀਨਨ ਉਸ ਦੇ ਸੰਗਠਨ ਵਿਚ ਨਹੀਂ ਹੋ ਸਕਦਾ ਹੈ। ਤਾਂ ਫਿਰ, ਸੰਸਾਰ ਨਾਲ ਮਿੱਤਰਤਾ ਕੀ ਹੈ? ਇਹ ਸਮਝਾਇਆ ਗਿਆ ਹੈ ਕਿ ਇਸ ਦੇ ਵੱਖਰੇ-ਵੱਖਰੇ ਰੂਪ ਹਨ, ਜਿਵੇਂ ਕਿ ਬੁਰੀ ਸੰਗਤ ਵਿਚ ਪੈਣਾ। ਇਸ ਦੇ ਨਾਲ ਹੀ ਯਾਕੂਬ ਨੇ ਇਕ ਬਹੁਤ ਹੀ ਖ਼ਾਸ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕੀਤਾ—ਗ਼ਲਤ ਮਾਨਸਿਕ ਰਵੱਈਆ ਜੋ ਅਨੁਚਿਤ ਆਚਰਣ ਪੈਦਾ ਕਰਦਾ ਹੈ।
16. ਯਾਕੂਬ ਨੇ ਕਿਸ ਗੱਲ ਤੋਂ ਬਾਅਦ ਚੇਤਾਵਨੀ ਦਿੱਤੀ ਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ੁਰ ਨਾਲ ਵੈਰ ਹੈ?
16 ਯਾਕੂਬ 4:1-3 ਵਿਚ ਅਸੀਂ ਪੜ੍ਹਦੇ ਹਾਂ: “ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ? ਕੀ ਐਥੋਂ ਨਹੀਂ ਅਰਥਾਤ ਤੁਹਾਡਿਆਂ ਭੋਗ ਬਿਲਾਸਾਂ [“ਕੁਇਛਾਵਾਂ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਜੁੱਧ ਕਰਦੇ ਹਨ? ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ। ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪਰਾਪਤ ਨਹੀਂ ਕਰ ਸੱਕਦੇ। ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ। ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨਹੀਂ। ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣਿਆਂ ਭੋਗ ਬਿਲਾਸਾਂ (“ਕੁਇਛਾਵਾਂ”) ਵਿੱਚ ਉਡਾ ਦਿਓ।” ਇਨ੍ਹਾਂ ਸ਼ਬਦਾਂ ਨੂੰ ਲਿਖਣ ਤੋਂ ਬਾਅਦ ਯਾਕੂਬ ਨੇ ਸੰਸਾਰ ਨਾਲ ਮਿੱਤਰਤਾ ਦੇ ਵਿਰੁੱਧ ਚੇਤਾਵਨੀ ਦਿੱਤੀ ਸੀ।
17. ਕਿਸ ਤਰੀਕੇ ਨਾਲ ਪਹਿਲੀ ਸਦੀ ਦੀ ਕਲੀਸਿਯਾ ਵਿਚ “ਲੜਾਈਆਂ” ਅਤੇ ‘ਝਗੜੇ’ ਸਨ?
17 ਯਾਕੂਬ ਦੇ ਮਰਨ ਤੋਂ ਸਦੀਆਂ ਬਾਅਦ, ਝੂਠੇ ਮਸੀਹੀਆਂ ਨੇ ਸੱਚ-ਮੁੱਚ ਇਕ ਦੂਸਰੇ ਨਾਲ ਲੜਾਈ ਕੀਤੀ ਅਤੇ ਇਕ ਦੂਸਰੇ ਦਾ ਕਤਲ ਕੀਤਾ। ਪਰੰਤੂ, ਯਾਕੂਬ ‘ਪਰਮੇਸ਼ੁਰ ਦੇ ਇਸਰਾਏਲ’ ਦੇ ਪਹਿਲੀ ਸਦੀ ਦੇ ਮੈਂਬਰਾਂ ਨੂੰ ਲਿਖ ਰਿਹਾ ਸੀ ਜੋ ਸੰਭਾਵੀ ਸਵਰਗੀ ‘ਜਾਜਕ ਅਤੇ ਰਾਜੇ’ ਸਨ। (ਪਰਕਾਸ਼ ਦੀ ਪੋਥੀ 20:6) ਉਨ੍ਹਾਂ ਨੇ ਲੜਾਈ ਕਰ ਕੇ ਇਕ ਦੂਸਰੇ ਦਾ ਕਤਲ ਨਹੀਂ ਕੀਤਾ ਸੀ। ਫਿਰ ਯਾਕੂਬ ਨੇ ਮਸੀਹੀਆਂ ਵਿਚਕਾਰ ਅਜਿਹੀਆਂ ਚੀਜ਼ਾਂ ਦੀ ਕਿਉਂ ਗੱਲ ਕੀਤੀ? ਖ਼ੈਰ, ਯੂਹੰਨਾ ਰਸੂਲ ਨੇ ਆਪਣੇ ਭਰਾ ਨਾਲ ਵੈਰ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਖ਼ੂਨੀ ਕਿਹਾ ਸੀ। ਅਤੇ ਪੌਲੁਸ ਨੇ ਕਲੀਸਿਯਾਵਾਂ ਵਿਚ ਆਪਸੀ ਮਤਭੇਦ ਅਤੇ ਵੈਰ ਨੂੰ ‘ਝਗੜੇ’ ਅਤੇ ‘ਬਖੇੜੇ’ ਕਿਹਾ। (ਤੀਤੁਸ 3:9; 2 ਤਿਮੋਥਿਉਸ 2:14; 1 ਯੂਹੰਨਾ 3:15-17) ਇਸੇ ਤਰ੍ਹਾਂ, ਯਾਕੂਬ ਸਪੱਸ਼ਟ ਤੌਰ ਤੇ ਸੰਗੀ ਮਸੀਹੀਆਂ ਪ੍ਰਤੀ ਪਿਆਰ ਦੀ ਘਾਟ ਬਾਰੇ ਗੱਲ ਕਰ ਰਿਹਾ ਸੀ। ਮਸੀਹੀ ਇਕ ਦੂਜੇ ਨਾਲ ਉਵੇਂ ਵਿਵਹਾਰ ਕਰ ਰਹੇ ਸਨ ਜਿਵੇਂ ਸੰਸਾਰ ਵਿਚ ਅਕਸਰ ਲੋਕ ਇਕ ਦੂਜੇ ਨਾਲ ਕਰਦੇ ਹਨ।
18. ਕਿਹੜੀ ਚੀਜ਼ ਮਸੀਹੀਆਂ ਵਿਚਕਾਰ ਨਿਰਮੋਹੀ ਕੰਮਾਂ ਅਤੇ ਭਾਵਨਾਵਾਂ ਨੂੰ ਪੈਦਾ ਕਰ ਸਕਦੀ ਹੈ?
18 ਮਸੀਹੀ ਕਲੀਸਿਯਾਵਾਂ ਵਿਚ ਅਜਿਹੀਆਂ ਗੱਲਾਂ ਕਿਉਂ ਵਾਪਰੀਆਂ? ਗ਼ਲਤ ਰਵੱਈਏ ਕਰਕੇ, ਜਿਵੇਂ ਕਿ ਲਾਲਚ ਅਤੇ “ਕੁਇਛਾਵਾਂ”। ਘਮੰਡ, ਈਰਖਾ, ਅਤੇ ਉੱਚੀ ਪਦਵੀ ਦੀ ਲੋਚ ਵੀ ਕਲੀਸਿਯਾ ਵਿਚ ਪ੍ਰੇਮਮਈ ਮਸੀਹੀ ਭਾਈਚਾਰੇ ਵਿਚ ਫੁੱਟ ਪਾ ਸਕਦੀ ਹੈ। (ਯਾਕੂਬ 3:6, 14) ਅਜਿਹਾ ਰਵੱਈਆ ਇਕ ਵਿਅਕਤੀ ਨੂੰ ਸੰਸਾਰ ਦਾ ਮਿੱਤਰ ਬਣਾਉਂਦਾ ਹੈ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ। ਕੋਈ ਵੀ ਵਿਅਕਤੀ ਜੋ ਅਜਿਹਾ ਰਵੱਈਆ ਬਣਾਈ ਰੱਖਦਾ ਹੈ, ਪਰਮੇਸ਼ੁਰ ਦੇ ਸੰਗਠਨ ਵਿਚ ਰਹਿਣ ਦੀ ਆਸ ਨਹੀਂ ਰੱਖ ਸਕਦਾ ਹੈ।
19. (ੳ) ਜੇ ਕੋਈ ਮਸੀਹੀ ਆਪਣੇ ਦਿਲ ਵਿਚ ਗ਼ਲਤ ਸੋਚ ਨੂੰ ਜੜ੍ਹ ਫੜਦੇ ਦੇਖਦਾ ਹੈ, ਤਾਂ ਇਸ ਵਿਚ ਕਿਸ ਦਾ ਦੋਸ਼ ਹੈ? (ਅ) ਇਕ ਮਸੀਹੀ ਗ਼ਲਤ ਸੋਚ ਉੱਤੇ ਕਿਵੇਂ ਕਾਬੂ ਪਾ ਸਕਦਾ ਹੈ?
19 ਜੇ ਅਸੀਂ ਆਪਣੇ ਦਿਲ ਵਿਚ ਗ਼ਲਤ ਸੋਚ ਨੂੰ ਜੜ੍ਹ ਫੜਦੇ ਦੇਖਦੇ ਹਾਂ, ਤਾਂ ਅਸੀਂ ਕਿਸ ਨੂੰ ਦੋਸ਼ ਦੇ ਸਕਦੇ ਹਾਂ? ਸ਼ਤਾਨ ਨੂੰ? ਕਿਸੇ ਹੱਦ ਤਕ ਹਾਂ। ਉਹ ਇਸ ਸੰਸਾਰ ਦੇ ‘ਹਵਾਈ ਇਖ਼ਤਿਆਰ ਦਾ ਸਰਦਾਰ ਹੈ,’ ਜਿਸ ਵਿਚ ਅਜਿਹਾ ਰਵੱਈਆ ਆਮ ਪਾਇਆ ਜਾਂਦਾ ਹੈ। (ਅਫ਼ਸੀਆਂ 2:1, 2; ਤੀਤੁਸ 2:12) ਪਰੰਤੂ, ਆਮ ਕਰਕੇ, ਗ਼ਲਤ ਸੋਚ ਦੀਆਂ ਜੜ੍ਹਾਂ ਸਾਡੇ ਆਪਣੇ ਅਪੂਰਣ ਸਰੀਰ ਵਿਚ ਹੁੰਦੀਆਂ ਹਨ। ਸੰਸਾਰ ਨਾਲ ਮਿੱਤਰਤਾ ਦੇ ਵਿਰੁੱਧ ਚੇਤਾਵਨੀ ਦੇਣ ਤੋਂ ਬਾਅਦ, ਯਾਕੂਬ ਨੇ ਲਿਖਿਆ: “ਕੀ ਤੁਹਾਨੂੰ ਜਾਪਦਾ ਹੈ ਕਿ ਸ਼ਾਸਤਰ ਐਵੇਂ ਹੀ ਕਹਿੰਦਾ ਹੈ: ‘ਸਾਡੇ ਵਿਚ ਵਾਸ ਕਰਨ ਵਾਲੀ ਆਤਮਾ ਖੁਣਸ ਕਰਨ ਦੇ ਝੁਕਾਅ ਨਾਲ ਲੋਚਦੀ ਰਹਿੰਦੀ ਹੈ’?” (ਯਾਕੂਬ 4:5, ਨਿ ਵ) ਸਾਡੇ ਸਾਰਿਆਂ ਵਿਚ ਗ਼ਲਤ ਕੰਮ ਕਰਨ ਦਾ ਜਮਾਂਦਰੂ ਝੁਕਾਅ ਹੁੰਦਾ ਹੈ। (ਉਤਪਤ 8:21; ਰੋਮੀਆਂ 7:18-20) ਪਰੰਤੂ ਜੇ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਦੇ ਹਾਂ ਅਤੇ ਉਨ੍ਹਾਂ ਉੱਤੇ ਕਾਬੂ ਪਾਉਣ ਲਈ ਯਹੋਵਾਹ ਦੀ ਮਦਦ ਦਾ ਆਸਰਾ ਲੈਂਦੇ ਹਾਂ, ਤਾਂ ਅਸੀਂ ਇਸ ਝੁਕਾਅ ਵਿਰੁੱਧ ਲੜ ਸਕਦੇ ਹਾਂ। ਯਾਕੂਬ ਕਹਿੰਦਾ ਹੈ: “ਕਿਰਪਾ ਜੋ ਪਰਮੇਸ਼ੁਰ ਦੀ ਦਾਤ ਹੈ, [ਖੁਣਸ ਕਰਨ ਦੇ ਝੁਕਾਅ ਨਾਲੋਂ] ਹੋਰ ਸ਼ਕਤੀਸ਼ਾਲੀ ਹੈ।” (ਯਾਕੂਬ 4:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਅਤੇ ਵਫ਼ਾਦਾਰ ਮਸੀਹੀ ਭਰਾਵਾਂ ਦੇ ਸਹਾਰੇ ਨਾਲ, ਅਤੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਦੁਆਰਾ, ਵਫ਼ਾਦਾਰ ਮਸੀਹੀ ਆਪਣੇ ਸਰੀਰ ਦੀਆਂ ਕਮਜ਼ੋਰੀਆਂ ਦੇ ਅੱਗੇ ਝੁਕਦੇ ਨਹੀਂ ਹਨ। (ਰੋਮੀਆਂ 7:24, 25) ਉਹ ਪਰਮੇਸ਼ੁਰ ਦੇ ਸੰਗਠਨ ਵਿਚ ਸੁਰੱਖਿਅਤ ਹਨ, ਅਤੇ ਉਹ ਪਰਮੇਸ਼ੁਰ ਦੇ ਮਿੱਤਰ ਹਨ, ਨਾ ਕਿ ਸੰਸਾਰ ਦੇ।
20. ਜਿਹੜੇ ਲੋਕ ਪਰਮੇਸ਼ੁਰ ਦੇ ਸੰਗਠਨ ਵਿਚ ਹਨ ਉਹ ਕਿਹੜੀਆਂ ਵੱਡੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ?
20 ਬਾਈਬਲ ਵਾਅਦਾ ਕਰਦੀ ਹੈ: “ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ।” (ਜ਼ਬੂਰ 29:11) ਜੇ ਅਸੀਂ ਸੱਚ-ਮੁੱਚ ਯਹੋਵਾਹ ਦੀ ਆਧੁਨਿਕ ਦਿਨ ਦੀ “ਕੌਮ,” ਅਰਥਾਤ ਉਸ ਦੇ ਦ੍ਰਿਸ਼ਟ ਸੰਗਠਨ ਵਿਚ ਹਾਂ, ਤਾਂ ਸਾਨੂੰ ਵੀ ਉਹ ਤਾਕਤ ਮਿਲੇਗੀ ਜੋ ਉਹ ਦਿੰਦਾ ਹੈ ਅਤੇ ਅਸੀਂ ਉਸ ਸ਼ਾਂਤੀ ਦਾ ਆਨੰਦ ਮਾਣਾਂਗੇ ਜਿਸ ਦੀ ਉਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਇਹ ਸੱਚ ਹੈ ਕਿ ਸ਼ਤਾਨ ਦਾ ਸੰਸਾਰ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਤੋਂ ਬਹੁਤ ਵੱਡਾ ਹੈ, ਅਤੇ ਸ਼ਤਾਨ ਸਾਡੇ ਤੋਂ ਬਹੁਤ ਜ਼ਿਆਦਾ ਤਾਕਤਵਰ ਹੈ। ਪਰ ਯਹੋਵਾਹ ਸਰਬਸ਼ਕਤੀਮਾਨ ਹੈ। ਉਸ ਦੀ ਕ੍ਰਿਆਸ਼ੀਲ ਸ਼ਕਤੀ ਅਜਿੱਤ ਹੈ। ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੇ ਸ਼ਕਤੀਸ਼ਾਲੀ ਦੂਤ ਵੀ ਸਾਡੇ ਨਾਲ ਹਨ। ਇਸ ਲਈ, ਉਸ ਨਫ਼ਰਤ ਦੇ ਬਾਵਜੂਦ ਜਿਸ ਦਾ ਅਸੀਂ ਸਾਮ੍ਹਣਾ ਕਰਦੇ ਹਾਂ, ਅਸੀਂ ਦ੍ਰਿੜ੍ਹ ਖੜ੍ਹੇ ਰਹਿ ਸਕਦੇ ਹਾਂ। ਯਿਸੂ ਵਾਂਗ, ਅਸੀਂ ਵੀ ਜਗਤ ਨੂੰ ਜਿੱਤ ਸਕਦੇ ਹਾਂ।—ਯੂਹੰਨਾ 16:33; 1 ਯੂਹੰਨਾ 4:4.
ਕੀ ਤੁਸੀਂ ਸਮਝਾ ਸਕਦੇ ਹੋ?
◻ ਪਰਮੇਸ਼ੁਰ ਦਾ ਦ੍ਰਿਸ਼ਟ ਸੰਗਠਨ ਕੀ ਹੈ?
◻ ਪਰਮੇਸ਼ੁਰ ਦਾ ਸੰਗਠਨ ਕਿਨ੍ਹਾਂ ਤਰੀਕਿਆਂ ਨਾਲ ਸੁਰੱਖਿਆ ਮੁਹੱਈਆ ਕਰਦਾ ਹੈ?
◻ ਪਰਮੇਸ਼ੁਰ ਦੇ ਸੰਗਠਨ ਵਿਚ ਕੌਣ-ਕੌਣ ਹੈ?
◻ ਅਸੀਂ ਸੰਸਾਰ ਦੇ ਮਿੱਤਰ ਬਣਨ ਤੋਂ ਕਿਵੇਂ ਬਚ ਸਕਦੇ ਹਾਂ?
[ਸਫ਼ੇ 9 ਉੱਤੇ ਡੱਬੀ]
ਪਰਮੇਸ਼ੁਰ ਦਾ ਸੰਗਠਨ ਕੀ ਹੈ?
ਯਹੋਵਾਹ ਦੇ ਗਵਾਹਾਂ ਦੇ ਸਾਹਿੱਤ ਵਿਚ, ਅਭਿਵਿਅਕਤੀ “ਪਰਮੇਸ਼ੁਰ ਦਾ ਸੰਗਠਨ” ਤਿੰਨ ਤਰੀਕਿਆਂ ਨਾਲ ਪ੍ਰਯੋਗ ਕੀਤਾ ਜਾਂਦਾ ਹੈ।
1 ਯਹੋਵਾਹ ਦਾ ਸਵਰਗੀ, ਅਦ੍ਰਿਸ਼ਟ ਸੰਗਠਨ ਵਫ਼ਾਦਾਰ ਆਤਮਿਕ ਪ੍ਰਾਣੀਆਂ ਨਾਲ ਬਣਿਆ ਹੈ। ਇਸ ਨੂੰ ਬਾਈਬਲ ਵਿਚ “ਯਰੂਸ਼ਲਮ ਜੋ ਉਤਾਹਾਂ ਹੈ” ਕਿਹਾ ਜਾਂਦਾ ਹੈ।—ਗਲਾਤੀਆਂ 4:26.
2 ਯਹੋਵਾਹ ਦਾ ਮਨੁੱਖੀ, ਦ੍ਰਿਸ਼ਟ ਸੰਗਠਨ। ਅੱਜ, ਇਸ ਵਿਚ ਮਸਹ ਕੀਤੇ ਹੋਇਆਂ ਦਾ ਬਕੀਆ ਅਤੇ ਵੱਡੀ ਭੀੜ ਹੈ।
3 ਯਹੋਵਾਹ ਦਾ ਵਿਸ਼ਵ ਸੰਗਠਨ। ਅੱਜ, ਇਸ ਵਿਚ ਯਹੋਵਾਹ ਦਾ ਸਵਰਗੀ ਸੰਗਠਨ, ਅਤੇ ਧਰਤੀ ਉੱਤੇ ਉਸ ਦੇ ਮਸਹ ਕੀਤੇ ਹੋਏ, ਲੇਪਾਲਕ ਪੁੱਤਰ ਹਨ, ਜਿਨ੍ਹਾਂ ਦੀ ਸਵਰਗੀ ਆਸ਼ਾ ਹੈ। ਸਮਾਂ ਆਉਣ ਤੇ, ਇਸ ਵਿਚ ਧਰਤੀ ਉੱਤੇ ਜੀ ਰਹੇ ਸੰਪੂਰਣ ਕੀਤੇ ਗਏ ਮਨੁੱਖ ਵੀ ਸ਼ਾਮਲ ਹੋਣਗੇ।
[ਸਫ਼ੇ 10 ਉੱਤੇ ਤਸਵੀਰ]
ਯਹੋਵਾਹ ਦੇ ਸੰਗਠਨ ਦੁਆਰਾ ਉਤਮ ਅਧਿਆਤਮਿਕ ਭੋਜਨ ਮੁਹੱਈਆ ਕੀਤਾ ਜਾਂਦਾ ਹੈ