ਕੀ ਤੁਸੀਂ ਆਪਣੇ ਅੰਤਹਕਰਣ ਉੱਤੇ ਭਰੋਸਾ ਰੱਖ ਸਕਦੇ ਹੋ?
ਆਮ ਤੌਰ ਤੇ, ਕੰਪਾਸ ਇਕ ਭਰੋਸੇਯੋਗ ਯੰਤਰ ਹੁੰਦਾ ਹੈ। ਇਸ ਦੀ ਸੂਈ, ਧਰਤੀ ਦੇ ਚੁੰਬਕੀ ਖੇਤਰ ਦੇ ਪ੍ਰਭਾਵ ਅਧੀਨ, ਹਮੇਸ਼ਾ ਉੱਤਰ ਵੱਲ ਸੰਕੇਤ ਕਰਦੀ ਹੈ। ਇਸ ਲਈ ਜਦੋਂ ਥਾਂ-ਠਿਕਾਣੇ ਦਾ ਪਤਾ ਲਗਾਉਣ ਲਈ ਕੋਈ ਉੱਘਾ ਨਿਸ਼ਾਨ ਨਹੀਂ ਹੁੰਦਾ ਹੈ, ਉਦੋਂ ਮੁਸਾਫ਼ਰ ਦਿਸ਼ਾ ਲੱਭਣ ਲਈ ਕੰਪਾਸ ਦਾ ਸਹਾਰਾ ਲੈ ਸਕਦੇ ਹਨ। ਪਰ ਉਦੋਂ ਕੀ ਹੁੰਦਾ ਹੈ ਜਦੋਂ ਇਕ ਚੁੰਬਕੀ ਵਸਤੂ ਨੂੰ ਕੰਪਾਸ ਦੇ ਨੇੜੇ ਰੱਖਿਆ ਜਾਂਦਾ ਹੈ? ਸੂਈ ਉੱਤਰ ਵੱਲ ਸੰਕੇਤ ਕਰਨ ਦੀ ਬਜਾਇ, ਚੁੰਬਕ ਦੀ ਤਰਫ਼ ਘੁੰਮ ਜਾਵੇਗੀ। ਉਦੋਂ ਕੰਪਾਸ ਇਕ ਭਰੋਸੇਯੋਗ ਮਾਰਗ-ਦਰਸ਼ਕ ਨਹੀਂ ਰਹਿੰਦਾ ਹੈ।
ਮਨੁੱਖੀ ਅੰਤਹਕਰਣ ਨਾਲ ਵੀ ਕੁਝ ਇਸੇ ਤਰ੍ਹਾਂ ਹੋ ਸਕਦਾ ਹੈ। ਸ੍ਰਿਸ਼ਟੀਕਰਤਾ ਨੇ ਸਾਡੇ ਵਿਚ ਇਹ ਯੋਗਤਾ ਪਾਈ ਹੈ ਤਾਂਕਿ ਇਹ ਇਕ ਭਰੋਸੇਯੋਗ ਮਾਰਗ-ਦਰਸ਼ਕ ਵਜੋਂ ਕੰਮ ਕਰ ਸਕੇ। ਕਿਉਂ ਜੋ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ, ਇਸ ਲਈ ਸਾਡੇ ਅੰਤਹਕਰਣ ਨੂੰ ਸਾਨੂੰ ਹਮੇਸ਼ਾ ਸਹੀ ਦਿਸ਼ਾ ਦਿਖਾਉਣੀ ਚਾਹੀਦੀ ਹੈ ਜਦੋਂ ਸਾਨੂੰ ਫ਼ੈਸਲੇ ਕਰਨੇ ਹੁੰਦੇ ਹਨ। ਇਸ ਨੂੰ ਸਾਨੂੰ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। (ਉਤਪਤ 1:27) ਅਕਸਰ, ਇਹ ਇਸੇ ਤਰ੍ਹਾਂ ਕਰਦਾ ਹੈ। ਮਿਸਾਲ ਲਈ, ਮਸੀਹੀ ਪੌਲੁਸ ਰਸੂਲ ਨੇ ਲਿਖਿਆ ਕਿ ਜਿਨ੍ਹਾਂ ਲੋਕਾਂ ਕੋਲ ਪਰਮੇਸ਼ੁਰ ਦੀ ਸ਼ਰਾ ਨਹੀਂ ਹੈ, ਉਨ੍ਹਾਂ ਵਿੱਚੋਂ ਵੀ ਕੁਝ ਵਿਅਕਤੀ ‘ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੇ ਹਨ।’ ਕਿਉਂ? ਕਿਉਂਕਿ “ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ।”—ਰੋਮੀਆਂ 2:14, 15.
ਪਰੰਤੂ, ਅੰਤਹਕਰਣ ਸਾਨੂੰ ਹਮੇਸ਼ਾ ਨਹੀਂ ਟੋਕਦਾ ਹੈ ਜਦੋਂ ਇਸ ਨੂੰ ਟੋਕਣਾ ਚਾਹੀਦਾ ਹੈ। ਮਨੁੱਖੀ ਅਪੂਰਣਤਾ ਦੇ ਕਾਰਨ, ਅਸੀਂ ਉਹ ਕੰਮ ਕਰਨ ਦਾ ਝੁਕਾਅ ਰੱਖਦੇ ਹਾਂ ਜੋ ਅਸੀਂ ਜਾਣਦੇ ਹਾਂ ਕਿ ਗ਼ਲਤ ਹਨ। “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ,” ਪੌਲੁਸ ਨੇ ਕਬੂਲ ਕੀਤਾ, “ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” (ਰੋਮੀਆਂ 7:22, 23) ਜੇ ਅਸੀਂ ਵਾਰ-ਵਾਰ ਗ਼ਲਤ ਝੁਕਾਵਾਂ ਅੱਗੇ ਝੁੱਕ ਜਾਂਦੇ ਹਾਂ, ਤਾਂ ਸਾਡਾ ਅੰਤਹਕਰਣ ਸ਼ਾਇਦ ਹੌਲੀ-ਹੌਲੀ ਕਮਜ਼ੋਰ ਹੋ ਜਾਵੇ ਅਤੇ ਅਖ਼ੀਰ ਵਿਚ ਸਾਨੂੰ ਦੱਸਣਾ ਹੀ ਛੱਡ ਦੇਵੇ ਕਿ ਅਜਿਹਾ ਆਚਰਣ ਗ਼ਲਤ ਹੈ।
ਪਰੰਤੂ, ਅਪੂਰਣਤਾ ਦੇ ਬਾਵਜੂਦ, ਅਸੀਂ ਆਪਣੇ ਅੰਤਹਕਰਣ ਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਇਕਸਾਰਤਾ ਵਿਚ ਲਿਆ ਸਕਦੇ ਹਾਂ। ਦਰਅਸਲ, ਇਹ ਅਤਿ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਕਰੀਏ। ਇਕ ਸ਼ੁੱਧ, ਸੁਸਿੱਖਿਅਤ ਅੰਤਹਕਰਣ ਹੋਣ ਨਾਲ ਨਾ ਕੇਵਲ ਅਸੀਂ ਪਰਮੇਸ਼ੁਰ ਨਾਲ ਇਕ ਨਿੱਘਾ, ਨਿੱਜੀ ਰਿਸ਼ਤਾ ਕਾਇਮ ਕਰਦੇ ਹਾਂ, ਬਲਕਿ ਇਹ ਸਾਡੀ ਮੁਕਤੀ ਲਈ ਵੀ ਅਤਿ ਜ਼ਰੂਰੀ ਹੈ। (ਇਬਰਾਨੀਆਂ 10:22; 1 ਪਤਰਸ 1:15, 16) ਇਸ ਤੋਂ ਇਲਾਵਾ, ਸੁਸਿੱਖਿਅਤ ਅੰਤਹਕਰਣ ਜੀਵਨ ਵਿਚ ਬੁੱਧੀਮਾਨ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗਾ, ਜਿਸ ਨਾਲ ਸਾਨੂੰ ਸ਼ਾਂਤੀ ਅਤੇ ਖ਼ੁਸ਼ੀ ਮਿਲੇਗੀ। ਅਜਿਹਾ ਅੰਤਹਕਰਣ ਰੱਖਣ ਵਾਲੇ ਵਿਅਕਤੀ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ।”—ਜ਼ਬੂਰ 37:31.
ਅੰਤਹਕਰਣ ਨੂੰ ਸਿਖਲਾਈ ਦੇਣਾ
ਅੰਤਹਕਰਣ ਨੂੰ ਸਿਖਲਾਈ ਦੇਣ ਵਿਚ ਕੇਵਲ ਨਿਯਮਾਂ ਦੀ ਸੂਚੀ ਯਾਦ ਕਰਨੀ ਅਤੇ ਫਿਰ ਸਖ਼ਤੀ ਨਾਲ ਇਸ ਦੀ ਪਾਲਣਾ ਕਰਨੀ ਹੀ ਕਾਫ਼ੀ ਨਹੀਂ ਹੈ। ਯਿਸੂ ਦੇ ਦਿਨਾਂ ਵਿਚ ਫ਼ਰੀਸੀਆਂ ਨੇ ਇਹੋ ਕੀਤਾ ਸੀ। ਇਹ ਧਾਰਮਿਕ ਆਗੂ, ਬਿਵਸਥਾ ਨੂੰ ਜਾਣਦੇ ਸਨ ਅਤੇ ਉਨ੍ਹਾਂ ਨੇ ਵਿਸਤ੍ਰਿਤ ਰੀਤ ਬਣਾਈ ਹੋਈ ਸੀ, ਜਿਸ ਦਾ ਫ਼ਰਜ਼ੀ ਤੌਰ ਤੇ ਮਕਸਦ ਲੋਕਾਂ ਨੂੰ ਬਿਵਸਥਾ ਦੀ ਉਲੰਘਣਾ ਕਰਨ ਤੋਂ ਬਚਾਉਣਾ ਸੀ। ਸੋ, ਜਦੋਂ ਯਿਸੂ ਦੇ ਚੇਲਿਆਂ ਨੇ ਸਬਤ ਦੇ ਦਿਨ ਤੇ ਕਣਕ ਦੇ ਸਿੱਟੇ ਤੋੜ ਕੇ ਖਾਧੇ, ਤਾਂ ਉਨ੍ਹਾਂ ਨੇ ਝੱਟ ਇਤਰਾਜ਼ ਕੀਤਾ। ਅਤੇ ਉਨ੍ਹਾਂ ਨੇ ਯਿਸੂ ਉੱਤੇ ਦੋਸ਼ ਲਾਇਆ ਜਦੋਂ ਉਸ ਨੇ ਸਬਤ ਦੇ ਦਿਨ ਤੇ ਇਕ ਆਦਮੀ ਦੇ ਸੁੱਕੇ ਹੱਥ ਨੂੰ ਚੰਗਾ ਕੀਤਾ। (ਮੱਤੀ 12:1, 2, 9, 10) ਫ਼ਰੀਸੀਆਂ ਦੀ ਰੀਤ ਅਨੁਸਾਰ, ਇਹ ਦੋਵੇਂ ਕੰਮ ਚੌਥੇ ਹੁਕਮ ਦੀ ਉਲੰਘਣਾ ਸਨ।—ਕੂਚ 20:8-11.
ਇਹ ਸਪੱਸ਼ਟ ਹੈ ਕਿ ਫ਼ਰੀਸੀਆਂ ਨੇ ਬਿਵਸਥਾ ਦਾ ਅਧਿਐਨ ਕੀਤਾ ਹੋਇਆ ਸੀ। ਪਰੰਤੂ ਕੀ ਉਨ੍ਹਾਂ ਦੇ ਅੰਤਹਕਰਣ ਪਰਮੇਸ਼ੁਰ ਦੇ ਮਿਆਰਾਂ ਦੀ ਇਕਸਾਰਤਾ ਵਿਚ ਸਨ? ਬਿਲਕੁਲ ਨਹੀਂ! ਇਕ ਅਜਿਹੇ ਕੰਮ ਵਿਚ ਨੁਕਸ ਕੱਢਣ ਦੇ ਤੁਰੰਤ ਮਗਰੋਂ, ਜੋ ਉਨ੍ਹਾਂ ਦੇ ਅਨੁਸਾਰ ਸਬਤ ਦੇ ਨਿਯਮ ਦੀ ਘੋਰ ਉਲੰਘਣਾ ਸੀ, ਫ਼ਰੀਸੀਆਂ ਨੇ ਯਿਸੂ ਵਿਰੁੱਧ ਮਤਾ ਪਕਾਇਆ “ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ।” (ਮੱਤੀ 12:14) ਜ਼ਰਾ ਸੋਚੋ—ਇਹ ਸਵੈ-ਸਤਵਾਦੀ ਧਾਰਮਿਕ ਆਗੂ ਸਬਤ ਦੇ ਦਿਨ ਤੇ ਕਣਕ ਦੇ ਸਿੱਟੇ ਤੋੜ ਕੇ ਖਾਣ ਅਤੇ ਚੰਗਾ ਕਰਨ ਦੇ ਵਿਚਾਰ ਤੇ ਗੁੱਸੇ ਹੋਏ ਸਨ; ਪਰ ਉਨ੍ਹਾਂ ਨੇ ਯਿਸੂ ਦੀ ਮੌਤ ਦੀ ਸਾਜ਼ਸ਼ ਘੜਨ ਵਿਚ ਬਿਲਕੁਲ ਸੰਕੋਚ ਨਹੀਂ ਕੀਤਾ!
ਮੁੱਖ ਜਾਜਕਾਂ ਨੇ ਵੀ ਅਜਿਹੀ ਪੁੱਠੀ ਸੋਚ ਪ੍ਰਗਟ ਕੀਤੀ। ਇਨ੍ਹਾਂ ਭ੍ਰਿਸ਼ਟ ਮਨੁੱਖਾਂ ਨੇ ਬਿਲਕੁਲ ਕੋਈ ਦੋਸ਼-ਭਾਵਨਾ ਮਹਿਸੂਸ ਨਹੀਂ ਕੀਤੀ ਜਦੋਂ ਉਨ੍ਹਾਂ ਨੇ ਯਿਸੂ ਨੂੰ ਫੜਵਾਉਣ ਲਈ ਯਹੂਦਾ ਨੂੰ ਹੈਕਲ ਦੇ ਖ਼ਜ਼ਾਨੇ ਵਿੱਚੋਂ ਚਾਂਦੀ ਦੇ 30 ਸਿੱਕੇ ਪੇਸ਼ ਕੀਤੇ। ਪਰ ਜਦੋਂ ਯਹੂਦਾ ਨੇ ਅਚਾਨਕ ਪੈਸੇ ਮੋੜ ਦਿੱਤੇ, ਅਤੇ ਇਨ੍ਹਾਂ ਨੂੰ ਹੈਕਲ ਵਿਚ ਸੁੱਟ ਦਿੱਤਾ, ਤਾਂ ਬਿਵਸਥਾ ਦੇ ਕਾਰਨ ਮੁੱਖ ਜਾਜਕਾਂ ਦੇ ਅੰਤਹਕਰਣ ਦੁਬਿਧਾ ਵਿਚ ਪੈ ਗਏ। ਉਨ੍ਹਾਂ ਨੇ ਕਿਹਾ: “ਇਨ੍ਹਾਂ [ਸਿੱਕਿਆਂ] ਨੂੰ ਖ਼ਜ਼ਾਨੇ ਵਿੱਚ ਪਾਉਣਾ ਜੋਗ ਨਹੀਂ ਕਿਉਂਕਿ ਲਹੂ ਦਾ ਮੁੱਲ ਹੈ।” (ਮੱਤੀ 27:3-6) ਸਪੱਸ਼ਟ ਤੌਰ ਤੇ, ਮੁੱਖ ਜਾਜਕ ਚਿੰਤਿਤ ਸਨ ਕਿ ਯਹੂਦਾ ਦਾ ਪੈਸਾ ਹੁਣ ਨਾਪਾਕ ਹੋ ਚੁੱਕਾ ਸੀ। (ਬਿਵਸਥਾ ਸਾਰ 23:18 ਦੀ ਤੁਲਨਾ ਕਰੋ।) ਪਰੰਤੂ ਇਨ੍ਹਾਂ ਹੀ ਮਨੁੱਖਾਂ ਨੂੰ ਪਰਮੇਸ਼ੁਰ ਦੇ ਪੁੱਤਰ ਨੂੰ ਫੜਵਾਉਣ ਲਈ ਪੈਸੇ ਖ਼ਰਚਣ ਵਿਚ ਕੋਈ ਬੁਰਾਈ ਨਜ਼ਰ ਨਹੀਂ ਆਈ!
ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਹੋਣਾ
ਉਕਤ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਅੰਤਹਕਰਣ ਨੂੰ ਸਿਖਲਾਈ ਦੇਣ ਵਿਚ ਕੇਵਲ ਦਿਮਾਗ਼ ਵਿਚ ਸਹੀ ਅਤੇ ਗ਼ਲਤ ਕੰਮਾਂ ਦੀ ਸੂਚੀ ਬਣਾਉਣੀ ਹੀ ਕਾਫ਼ੀ ਨਹੀਂ ਹੈ। ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਦੇ ਨਿਯਮਾਂ ਦਾ ਗਿਆਨ ਅਤਿ ਜ਼ਰੂਰੀ ਹੈ, ਅਤੇ ਇਨ੍ਹਾਂ ਦੀ ਪਾਲਣਾ ਮੁਕਤੀ ਲਈ ਲਾਜ਼ਮੀ ਹੈ। (ਜ਼ਬੂਰ 19:7-11) ਪਰੰਤੂ, ਪਰਮੇਸ਼ੁਰ ਦੇ ਨਿਯਮਾਂ ਨੂੰ ਸਿੱਖਣ ਤੋਂ ਇਲਾਵਾ, ਸਾਨੂੰ ਅਜਿਹਾ ਦਿਲ ਵੀ ਵਿਕਸਿਤ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਹੋਵੇ। ਤਦ ਅਸੀਂ ਯਹੋਵਾਹ ਵੱਲੋਂ ਯਸਾਯਾਹ ਰਾਹੀਂ ਕੀਤੀ ਗਈ ਭਵਿੱਖਬਾਣੀ ਦੀ ਪੂਰਤੀ ਨੂੰ ਅਨੁਭਵ ਕਰਾਂਗੇ, ਜੋ ਕਹਿੰਦੀ ਹੈ: “ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ। ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।”—ਯਸਾਯਾਹ 30:20, 21; 48:17.
ਪਰੰਤੂ, ਇਸ ਦਾ ਇਹ ਮਤਲਬ ਨਹੀਂ ਕਿ ਜਦੋਂ ਅਸੀਂ ਕੋਈ ਵੱਡਾ ਫ਼ੈਸਲਾ ਕਰਨਾ ਹੁੰਦਾ ਹੈ, ਉਦੋਂ ਸਾਨੂੰ ਅਸਲ ਵਿਚ ਕੋਈ ਆਵਾਜ਼ ਦੱਸੇਗੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਫਿਰ ਵੀ, ਜਦੋਂ ਹਰ ਮਾਮਲੇ ਵਿਚ ਸਾਡੀ ਸੋਚਣੀ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਹੁੰਦੀ ਹੈ, ਤਾਂ ਸਾਡਾ ਅੰਤਹਕਰਣ ਅਜਿਹੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰਨ ਦੇ ਜ਼ਿਆਦਾ ਯੋਗ ਹੋਵੇਗਾ ਜੋ ਯਹੋਵਾਹ ਨੂੰ ਖ਼ੁਸ਼ ਕਰਨ।—ਕਹਾਉਤਾਂ 27:11.
ਜ਼ਰਾ ਯੂਸੁਫ਼ ਬਾਰੇ ਵਿਚਾਰ ਕਰੋ, ਜੋ 18ਵੀਂ ਸਦੀ ਸਾ.ਯੁ.ਪੂ. ਵਿਚ ਰਹਿੰਦਾ ਸੀ। ਜਦੋਂ ਪੋਟੀਫ਼ਰ ਦੀ ਪਤਨੀ ਨੇ ਜ਼ਨਾਹ ਕਰਨ ਲਈ ਉਸ ਉੱਤੇ ਜ਼ੋਰ ਪਾਇਆ, ਤਾਂ ਯੂਸੁਫ਼ ਨੇ ਇਨਕਾਰ ਕਰਦੇ ਹੋਏ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:9) ਯੂਸੁਫ਼ ਦੇ ਦਿਨਾਂ ਵਿਚ, ਪਰਮੇਸ਼ੁਰ ਨੇ ਜ਼ਨਾਹ ਨਾ ਕਰਨ ਬਾਰੇ ਕੋਈ ਲਿਖਤੀ ਨਿਯਮ ਨਹੀਂ ਦਿੱਤਾ ਸੀ। ਇਸ ਤੋਂ ਇਲਾਵਾ, ਯੂਸੁਫ਼ ਪਰਿਵਾਰਕ ਅਨੁਸ਼ਾਸਨ ਜਾਂ ਪਿਤਰੀ ਅਸੂਲਾਂ ਤੋਂ ਦੂਰ, ਮਿਸਰ ਵਿਚ ਰਹਿ ਰਿਹਾ ਸੀ। ਤਾਂ ਫਿਰ, ਕਿਸ ਗੱਲ ਨੇ ਯੂਸੁਫ਼ ਨੂੰ ਪਰਤਾਵੇ ਦਾ ਵਿਰੋਧ ਕਰਨ ਦੇ ਯੋਗ ਬਣਾਇਆ? ਸਰਲ ਸ਼ਬਦਾਂ ਵਿਚ ਕਿਹਾ ਜਾਏ ਤਾਂ ਇਹ ਉਸ ਦਾ ਸੁਸਿੱਖਿਅਤ ਅੰਤਹਕਰਣ ਸੀ। ਯੂਸੁਫ਼ ਨੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਅਪਣਾਇਆ ਕਿ ਪਤੀ ਅਤੇ ਪਤਨੀ ਨੂੰ “ਇਕ ਸਰੀਰ” ਹੋਣਾ ਸੀ। (ਉਤਪਤ 2:24) ਇਸ ਲਈ ਉਹ ਸਮਝ ਸਕਦਾ ਸੀ ਕਿ ਕਿਸੇ ਹੋਰ ਆਦਮੀ ਦੀ ਪਤਨੀ ਨੂੰ ਲੈਣਾ ਗ਼ਲਤ ਹੋਵੇਗਾ। ਇਸ ਮਾਮਲੇ ਵਿਚ ਯੂਸੁਫ਼ ਦੀ ਸੋਚਣੀ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਸੀ। ਜ਼ਨਾਹ ਉਸ ਦੀ ਨੈਤਿਕ ਸਮਝ ਦੇ ਖ਼ਿਲਾਫ਼ ਸੀ।
ਅੱਜ-ਕੱਲ੍ਹ, ਯੂਸੁਫ਼ ਵਰਗੇ ਘੱਟ ਹੀ ਲੋਕ ਹਨ। ਲਿੰਗੀ ਅਨੈਤਿਕਤਾ ਆਮ ਹੈ, ਅਤੇ ਬਹੁਤ ਸਾਰੇ ਲੋਕ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਆਪਣੇ ਸ੍ਰਿਸ਼ਟੀਕਰਤਾ ਪ੍ਰਤੀ, ਆਪਣੇ ਪ੍ਰਤੀ, ਜਾਂ ਇੱਥੋਂ ਤਕ ਕਿ ਆਪਣੇ ਵਿਆਹੁਤਾ ਸਾਥੀ ਪ੍ਰਤੀ ਵੀ ਜਵਾਬਦੇਹ ਮਹਿਸੂਸ ਨਹੀਂ ਕਰਦੇ ਹਨ। ਇਹ ਸਥਿਤੀ ਯਿਰਮਿਯਾਹ ਦੀ ਪੋਥੀ ਵਿਚ ਵਰਣਿਤ ਸਥਿਤੀ ਨਾਲ ਕਾਫ਼ੀ ਮਿਲਦੀ-ਜੁਲਦੀ ਹੈ: “ਕੋਈ ਮਨੁੱਖ ਆਪਣੀ ਬੁਰਿਆਈ ਤੋਂ ਏਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪਟ ਦੌੜਦਾ ਹੈ।” (ਯਿਰਮਿਯਾਹ 8:6) ਇਸ ਲਈ, ਸਾਨੂੰ ਆਪਣੀ ਸੋਚਣੀ ਨੂੰ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਲਿਆਉਣ ਦੀ ਅੱਗੇ ਨਾਲੋਂ ਕਿਤੇ ਜ਼ਿਆਦਾ ਲੋੜ ਹੈ। ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਨ ਲਈ ਸਾਡੇ ਕੋਲ ਇਕ ਅਦਭੁਤ ਸਾਧਨ ਹੈ।
ਅੰਤਹਕਰਣ ਨੂੰ ਸਿਖਲਾਈ ਦੇਣ ਦਾ ਇਕ ਸਹਾਇਕ ਸਾਧਨ
ਪ੍ਰੇਰਿਤ ਸ਼ਾਸਤਰ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਬਾਈਬਲ ਦਾ ਅਧਿਐਨ ਸਾਨੂੰ ਉਸ ਚੀਜ਼ ਨੂੰ ਸਿਖਲਾਈ ਦੇਣ ਵਿਚ ਮਦਦ ਦੇਵੇਗਾ ਜਿਸ ਨੂੰ ਬਾਈਬਲ ਸਾਡੀਆਂ “ਗਿਆਨ ਇੰਦਰੀਆਂ” ਕਹਿੰਦੀ ਹੈ, ਤਾਂਕਿ ਅਸੀਂ ਭਲੇ ਬੁਰੇ ਦੀ ਜਾਚ ਕਰ ਸਕੀਏ। (ਇਬਰਾਨੀਆਂ 5:14) ਇਹ ਸਾਡੀ ਮਦਦ ਕਰੇਗਾ ਕਿ ਅਸੀਂ ਉਨ੍ਹਾਂ ਚੀਜ਼ਾਂ ਲਈ ਪ੍ਰੇਮ ਵਿਕਸਿਤ ਕਰੀਏ ਜਿਨ੍ਹਾਂ ਨਾਲ ਪਰਮੇਸ਼ੁਰ ਪ੍ਰੇਮ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਲਈ ਘਿਰਣਾ ਵਿਕਸਿਤ ਕਰੀਏ ਜਿਨ੍ਹਾਂ ਨਾਲ ਉਹ ਘਿਰਣਾ ਕਰਦਾ ਹੈ।—ਜ਼ਬੂਰ 97:10; 139:21.
ਤਾਂ ਫਿਰ, ਬਾਈਬਲ ਅਧਿਐਨ ਦਾ ਟੀਚਾ ਕੇਵਲ ਦਿਮਾਗ਼ੀ ਗਿਆਨ ਪ੍ਰਾਪਤ ਕਰਨਾ ਹੀ ਨਹੀਂ ਹੈ, ਬਲਕਿ ਸੱਚਾਈ ਦੇ ਅਸਲ ਅਰਥ ਨੂੰ ਸਮਝਣਾ ਹੈ। ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਤੰਬਰ 1, 1976, ਦੇ ਅੰਕ ਨੇ ਕਿਹਾ: “ਸ਼ਾਸਤਰ ਦੇ ਅਧਿਐਨ ਵਿਚ ਸਾਨੂੰ ਪਰਮੇਸ਼ੁਰ ਦੇ ਨਿਆਉਂ, ਪ੍ਰੇਮ ਅਤੇ ਧਾਰਮਿਕਤਾ ਦਾ ਅਹਿਸਾਸ ਕਰਨ ਦਾ ਵੱਡਾ ਜਤਨ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਆਪਣੇ ਦਿਲਾਂ ਦੀ ਤਹਿ ਤੇ ਬਿਠਾਉਣਾ ਚਾਹੀਦਾ ਹੈ ਤਾਂਕਿ ਇਹ ਗੁਣ ਸਾਡੇ ਲਈ ਉੱਨੇ ਹੀ ਸੁਭਾਵਕ ਬਣ ਜਾਣ, ਜਿੰਨਾ ਕਿ ਖਾਣਾ ਅਤੇ ਸਾਹ ਲੈਣਾ ਸਾਡੇ ਲਈ ਸੁਭਾਵਕ ਹਨ। ਸਾਨੂੰ ਕੀ ਸਹੀ ਹੈ ਅਤੇ ਕੀ ਗ਼ਲਤ ਹੈ, ਦੀ ਗਹਿਰੀ ਸੂਝ ਵਿਕਸਿਤ ਕਰਨ ਦੁਆਰਾ ਆਪਣੀ ਨੈਤਿਕ ਜ਼ਿੰਮੇਵਾਰੀ ਦੇ ਪ੍ਰਤੀ ਹੋਰ ਜ਼ਿਆਦਾ ਸਚੇਤ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਵੀ ਜ਼ਿਆਦਾ, ਸਾਨੂੰ ਆਪਣੇ ਅੰਤਹਕਰਣ ਨੂੰ ਇਸ ਤਰ੍ਹਾਂ ਸਿਖਲਾਈ ਦੇਣੀ ਚਾਹੀਦੀ ਹੈ ਕਿ ਇਹ ਸਾਡੇ ਸੰਪੂਰਣ ਵਿਧੀਕਾਰ ਅਤੇ ਨਿਆਈ ਪ੍ਰਤੀ ਆਪਣੀ ਜਵਾਬਦੇਹੀ ਨੂੰ ਤੀਬਰਤਾ ਨਾਲ ਮਹਿਸੂਸ ਕਰੇ। (ਯਸਾ. 33:22) ਇਸ ਲਈ, ਜਦੋਂ ਅਸੀਂ ਪਰਮੇਸ਼ੁਰ ਬਾਰੇ ਸਿੱਖਦੇ ਹਾਂ, ਤਾਂ ਸਾਨੂੰ ਜੀਵਨ ਦੇ ਹਰ ਪਹਿਲੂ ਵਿਚ ਉਸ ਦੀ ਰੀਸ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।”
“ਮਸੀਹ ਦੀ ਬੁੱਧੀ” ਪ੍ਰਾਪਤ ਕਰਨਾ
ਬਾਈਬਲ ਦਾ ਅਧਿਐਨ “ਮਸੀਹ ਦੀ ਬੁੱਧੀ” ਪ੍ਰਾਪਤ ਕਰਨ ਵਿਚ ਵੀ ਸਾਡੀ ਮਦਦ ਕਰੇਗਾ। ਮਸੀਹ ਦੀ ਬੁੱਧੀ ਆਗਿਆਕਾਰਤਾ ਅਤੇ ਨਿਮਰਤਾ ਦਾ ਉਹ ਮਾਨਸਿਕ ਝੁਕਾਅ ਹੈ ਜੋ ਯਿਸੂ ਵਿਚ ਸੀ। (1 ਕੁਰਿੰਥੀਆਂ 2:16) ਆਪਣੇ ਪਿਤਾ ਦੀ ਇੱਛਾ ਪੂਰੀ ਕਰਨੀ ਉਸ ਲਈ ਕੇਵਲ ਨਿਤਕਰਮ ਹੀ ਨਹੀਂ ਸੀ ਜਿਸ ਨੂੰ ਉਹ ਬਿਨਾਂ ਸੋਚੇ-ਸਮਝੇ ਅਚੇਤ ਤੌਰ ਤੇ ਕਰਦਾ ਜਾਂਦਾ ਸੀ, ਬਲਕਿ ਇਸ ਨਾਲ ਉਸ ਨੂੰ ਵੱਡਾ ਆਨੰਦ ਮਿਲਦਾ ਸੀ। ਜ਼ਬੂਰਾਂ ਦੇ ਲਿਖਾਰੀ, ਦਾਊਦ ਨੇ ਉਸ ਦੀ ਮਨੋਬਿਰਤੀ ਦਾ ਭਵਿੱਖ-ਸੂਚਕ ਤੌਰ ਤੇ ਵਰਣਨ ਕੀਤਾ, ਜਿਸ ਨੇ ਲਿਖਿਆ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”a—ਜ਼ਬੂਰ 40:8.
ਅੰਤਹਕਰਣ ਨੂੰ ਸਿਖਲਾਈ ਦੇਣ ਲਈ “ਮਸੀਹ ਦੀ ਬੁੱਧੀ” ਪ੍ਰਾਪਤ ਕਰਨੀ ਅਤਿ ਜ਼ਰੂਰੀ ਹੈ। ਜਦੋਂ ਯਿਸੂ ਧਰਤੀ ਉੱਤੇ ਇਕ ਸੰਪੂਰਣ ਮਨੁੱਖ ਵਜੋਂ ਜੀ ਰਿਹਾ ਸੀ, ਤਾਂ ਉਸ ਨੇ ਉਸ ਹੱਦ ਤਕ ਆਪਣੇ ਪਿਤਾ ਦੇ ਗੁਣਾਂ ਅਤੇ ਵਿਅਕਤਿੱਤਵ ਨੂੰ ਪ੍ਰਤਿਬਿੰਬਤ ਕੀਤਾ ਜਿੰਨਾ ਕਿ ਇਕ ਮਨੁੱਖ ਦੇ ਤੌਰ ਤੇ ਸੰਭਵ ਸੀ। ਇਸ ਲਈ, ਉਹ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਯਿਸੂ ਨੇ ਹਰ ਸਥਿਤੀ ਵਿਚ ਉਹੀ ਕੀਤਾ ਜੋ ਉਸ ਦਾ ਪਿਤਾ ਚਾਹੁੰਦਾ ਸੀ। ਇਸ ਲਈ, ਜਦੋਂ ਅਸੀਂ ਯਿਸੂ ਦੇ ਜੀਵਨ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਸਪੱਸ਼ਟ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ।
ਅਸੀਂ ਪੜ੍ਹਦੇ ਹਾਂ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ . . . ਨਾਲ ਭਰਪੂਰ ਹੈ।” (ਕੂਚ 34:6) ਯਿਸੂ ਨੇ ਆਪਣੇ ਰਸੂਲਾਂ ਨਾਲ ਆਪਣੇ ਵਰਤਾਅ ਵਿਚ ਵਾਰ-ਵਾਰ ਇਨ੍ਹਾਂ ਗੁਣਾਂ ਨੂੰ ਪ੍ਰਗਟ ਕੀਤਾ। ਜਦੋਂ ਉਨ੍ਹਾਂ ਨੇ ਵਾਰ-ਵਾਰ ਇਸ ਬਾਰੇ ਬਹਿਸ ਕੀਤੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ, ਤਾਂ ਯਿਸੂ ਨੇ ਧੀਰਜ ਨਾਲ ਉਨ੍ਹਾਂ ਨੂੰ ਸ਼ਬਦਾਂ ਅਤੇ ਮਿਸਾਲ ਦੁਆਰਾ ਸਿਖਾਇਆ ਕਿ “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” (ਮੱਤੀ 20:26, 27) ਇਹ ਕੇਵਲ ਇਕ ਮਿਸਾਲ ਹੈ ਜੋ ਦਿਖਾਉਂਦੀ ਹੈ ਕਿ ਅਸੀਂ ਯਿਸੂ ਦੇ ਜੀਵਨ ਦਾ ਅਧਿਐਨ ਕਰਨ ਦੁਆਰਾ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਲਿਆ ਸਕਦੇ ਹਾਂ।
ਯਿਸੂ ਬਾਰੇ ਅਸੀਂ ਜਿੰਨਾ ਜ਼ਿਆਦਾ ਸਿੱਖਦੇ ਹਾਂ, ਅਸੀਂ ਉੱਨੇ ਹੀ ਬਿਹਤਰ ਤਰੀਕੇ ਨਾਲ ਆਪਣੇ ਸਵਰਗੀ ਪਿਤਾ, ਯਹੋਵਾਹ ਦੀ ਰੀਸ ਕਰਨ ਦੇ ਯੋਗ ਹੋਵਾਂਗੇ। (ਅਫ਼ਸੀਆਂ 5:1, 2) ਜਿਹੜਾ ਅੰਤਹਕਰਣ ਪਰਮੇਸ਼ੁਰ ਦੀ ਸੋਚਣੀ ਦੀ ਇਕਸਾਰਤਾ ਵਿਚ ਹੈ, ਉਹ ਸਾਨੂੰ ਸਹੀ ਰਾਹ ਉੱਤੇ ਲੈ ਜਾਵੇਗਾ। ਯਹੋਵਾਹ ਉਨ੍ਹਾਂ ਨਾਲ ਜੋ ਉਸ ਵਿਚ ਭਰੋਸਾ ਰੱਖਦੇ ਹਨ, ਇਹ ਵਾਅਦਾ ਕਰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”—ਜ਼ਬੂਰ 32:8.
ਸੁਸਿੱਖਿਅਤ ਅੰਤਹਕਰਣ ਤੋਂ ਲਾਭ ਪ੍ਰਾਪਤ ਕਰਨਾ
ਅਪੂਰਣ ਮਨੁੱਖਾਂ ਦੇ ਕੱਬੇਪਣ ਨੂੰ ਜਾਣਦੇ ਹੋਏ, ਮੂਸਾ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ: “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ।” (ਬਿਵਸਥਾ ਸਾਰ 32:46) ਸਾਨੂੰ ਵੀ ਆਪਣੇ ਦਿਲਾਂ ਉੱਤੇ ਪਰਮੇਸ਼ੁਰ ਦੀ ਬਿਵਸਥਾ ਨੂੰ ਲਿਖ ਲੈਣਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਜ਼ਿਆਦਾ ਸੰਭਵ ਹੈ ਕਿ ਸਾਡਾ ਅੰਤਹਕਰਣ ਸਾਡੇ ਕਦਮਾਂ ਨੂੰ ਨਿਰਦੇਸ਼ਿਤ ਕਰੇਗਾ ਅਤੇ ਸਹੀ ਫ਼ੈਸਲੇ ਕਰਨ ਵਿਚ ਮਦਦ ਦੇਵੇਗਾ।
ਨਿਰਸੰਦੇਹ, ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਬਾਈਬਲ ਦੀ ਕਹਾਵਤ ਕਹਿੰਦੀ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 14:12) ਅਕਸਰ ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਜਿਵੇਂ ਬਾਈਬਲ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਇਸ ਲਈ, ਕਹਾਉਤਾਂ 3:5, 6 ਵਿਚ ਦਿੱਤੀ ਸਲਾਹ ਦੀ ਸਾਨੂੰ ਸਾਰਿਆਂ ਨੂੰ ਪੈਰਵੀ ਕਰਨ ਦੀ ਲੋੜ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”
[ਫੁਟਨੋਟ]
a ਇਬਰਾਨੀਆਂ ਦੇ ਨਾਂ ਆਪਣੀ ਪੱਤਰੀ ਵਿਚ, ਪੌਲੁਸ ਰਸੂਲ ਨੇ 40ਵੇਂ ਜ਼ਬੂਰ ਦੇ ਸ਼ਬਦਾਂ ਨੂੰ ਯਿਸੂ ਮਸੀਹ ਉੱਤੇ ਲਾਗੂ ਕੀਤਾ।—ਇਬਰਾਨੀਆਂ 10:5-10.
[ਸਫ਼ੇ 7 ਉੱਤੇ ਤਸਵੀਰ]
ਕੰਪਾਸ ਦੇ ਵਾਂਗ, ਇਕ ਬਾਈਬਲ-ਸਿੱਖਿਅਤ ਅੰਤਹਕਰਣ ਸਾਨੂੰ ਸਹੀ ਦਿਸ਼ਾ ਦਿਖਾ ਸਕਦਾ ਹੈ
[ਕ੍ਰੈਡਿਟ ਲਾਈਨ]
Compass: Courtesy, Peabody Essex Museum, Salem, Mass.