ਅਜ਼ਮਾਇਸ਼ਾਂ ਦੇ ਬਾਵਜੂਦ, ਆਪਣੀ ਨਿਹਚਾ ਨੂੰ ਫੜੀ ਰੱਖੋ!
“ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ।”—ਯਾਕੂਬ 1:2.
1. ਯਹੋਵਾਹ ਦੇ ਲੋਕ ਕਿਸ ਚੀਜ਼ ਦੇ ਬਾਵਜੂਦ ਉਸ ਦੀ ਸੇਵਾ ਨਿਹਚਾ ਨਾਲ ਅਤੇ “ਮਨ ਦੀ ਖੁਸ਼ੀ” ਨਾਲ ਕਰਦੇ ਹਨ?
ਯਹੋਵਾਹ ਦੇ ਲੋਕ ਉਸ ਵਿਚ ਨਿਹਚਾ ਅਤੇ “ਮਨ ਦੀ ਖੁਸ਼ੀ” ਨਾਲ ਉਸ ਦੇ ਗਵਾਹਾਂ ਵਜੋਂ ਸੇਵਾ ਕਰਦੇ ਹਨ। (ਬਿਵਸਥਾ ਸਾਰ 28:47; ਯਸਾਯਾਹ 43:10) ਉਹ ਅਨੇਕ ਅਜ਼ਮਾਇਸ਼ਾਂ ਨਾਲ ਘੇਰੇ ਹੋਣ ਦੇ ਬਾਵਜੂਦ ਵੀ ਇਹ ਸੇਵਾ ਕਰਦੇ ਹਨ। ਆਪਣੀਆਂ ਕਠਿਨਾਈਆਂ ਦੇ ਬਾਵਜੂਦ, ਉਹ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਪ੍ਰਾਪਤ ਕਰਦੇ ਹਨ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।”—ਯਾਕੂਬ 1:2, 3.
2. ਯਾਕੂਬ ਦੀ ਪੱਤਰੀ ਦੇ ਲਿਖਾਰੀ ਬਾਰੇ ਕਿਹੜੀ ਜਾਣਕਾਰੀ ਪ੍ਰਾਪਤ ਹੈ?
2 ਇਹ ਬਿਆਨ ਲਗਭਗ 62 ਸਾ.ਯੁ. ਵਿਚ ਯਿਸੂ ਮਸੀਹ ਦੇ ਇਕ ਮਤਰੇਏ ਭਰਾ, ਚੇਲੇ ਯਾਕੂਬ ਦੁਆਰਾ ਲਿਖਿਆ ਗਿਆ ਸੀ। (ਮਰਕੁਸ 6:3) ਯਾਕੂਬ ਯਰੂਸ਼ਲਮ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਸੀ। ਦਰਅਸਲ, ਉਹ, ਕੇਫ਼ਾਸ (ਪਤਰਸ), ਅਤੇ ਯੂਹੰਨਾ ਕਲੀਸਿਯਾ ਦੇ “ਥੰਮ੍ਹ” ਜਾਪਦੇ ਸਨ—ਅਰਥਾਤ ਮਜ਼ਬੂਤ ਅਤੇ ਦ੍ਰਿੜ੍ਹ ਸਮਰਥਕ। (ਗਲਾਤੀਆਂ 2:9) ਲਗਭਗ 49 ਸਾ.ਯੁ. ਵਿਚ, ਜਦੋਂ ਸੁੰਨਤ ਦਾ ਵਾਦ-ਵਿਸ਼ਾ ‘ਰਸੂਲਾਂ ਅਤੇ ਬਜ਼ੁਰਗਾਂ’ ਸਾਮ੍ਹਣੇ ਪੇਸ਼ ਹੋਇਆ, ਤਾਂ ਯਾਕੂਬ ਨੇ ਸ਼ਾਸਤਰ ਉੱਤੇ ਆਧਾਰਿਤ ਸੁਝਾਅ ਪੇਸ਼ ਕੀਤਾ ਜਿਸ ਨੂੰ ਉਸ ਪਹਿਲੀ-ਸਦੀ ਪ੍ਰਬੰਧਕ ਸਭਾ ਨੇ ਅਪਣਾ ਲਿਆ।—ਰਸੂਲਾਂ ਦੇ ਕਰਤੱਬ 15:6-29.
3. ਪਹਿਲੀ ਸਦੀ ਦੇ ਮਸੀਹੀਆਂ ਸਾਮ੍ਹਣੇ ਕਿਹੜੀਆਂ ਕੁਝ ਸਮੱਸਿਆਵਾਂ ਸਨ, ਅਤੇ ਅਸੀਂ ਯਾਕੂਬ ਦੀ ਪੱਤਰੀ ਤੋਂ ਸਭ ਤੋਂ ਜ਼ਿਆਦਾ ਲਾਭ ਕਿਵੇਂ ਉਠਾ ਸਕਦੇ ਹਾਂ?
3 ਇਕ ਚਿੰਤਾਤੁਰ ਅਧਿਆਤਮਿਕ ਚਰਵਾਹੇ ਵਜੋਂ, ਯਾਕੂਬ “ਆਪਣੇ ਇੱਜੜਾਂ ਦਾ ਹਾਲ ਬੁੱਝ ਲੈਂਦਾ” ਸੀ। (ਕਹਾਉਤਾਂ 27:23) ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮਸੀਹੀ ਉਸ ਵੇਲੇ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਸਨ। ਕੁਝ ਮਸੀਹੀਆਂ ਦੀ ਸੋਚਣੀ ਵਿਚ ਸੁਧਾਰ ਕਰਨ ਦੀ ਜ਼ਰੂਰਤ ਸੀ, ਕਿਉਂਕਿ ਉਹ ਧਨਵਾਨਾਂ ਦਾ ਪੱਖਪਾਤ ਕਰ ਰਹੇ ਸਨ। ਕਈਆਂ ਲਈ, ਉਪਾਸਨਾ ਕੇਵਲ ਇਕ ਰਸਮ ਹੀ ਸੀ। ਕਈ ਆਪਣੀਆਂ ਬੇਕਾਬੂ ਜ਼ਬਾਨਾਂ ਨਾਲ ਠੇਸ ਪਹੁੰਚਾ ਰਹੇ ਸਨ। ਇਕ ਦੁਨਿਆਵੀ ਪ੍ਰਵਿਰਤੀ ਨੁਕਸਾਨਦੇਹ ਪ੍ਰਭਾਵ ਪਾ ਰਹੀ ਸੀ, ਅਤੇ ਅਨੇਕ ਵਿਅਕਤੀ ਨਾ ਤਾਂ ਧੀਰਜਵਾਨ ਸਨ ਅਤੇ ਨਾ ਹੀ ਪ੍ਰਾਰਥਨਾਪੂਰਣ ਸਨ। ਅਸਲ ਵਿਚ, ਕੁਝ ਮਸੀਹੀ ਅਧਿਆਤਮਿਕ ਤੌਰ ਤੇ ਰੋਗੀ ਸਨ। ਯਾਕੂਬ ਦੀ ਪੱਤਰੀ ਅਜਿਹੇ ਮਾਮਲਿਆਂ ਨੂੰ ਇਕ ਉਤਸ਼ਾਹਜਨਕ ਤਰੀਕੇ ਨਾਲ ਸੰਬੋਧਨ ਕਰਦੀ ਹੈ, ਅਤੇ ਉਸ ਦੀ ਸਲਾਹ ਅੱਜ ਉੱਨੀ ਹੀ ਵਿਵਹਾਰਕ ਹੈ ਜਿੰਨੀ ਪਹਿਲੀ ਸਦੀ ਸਾ.ਯੁ. ਵਿਚ ਸੀ। ਅਸੀਂ ਜ਼ਿਆਦਾ ਲਾਭ ਉਠਾਵਾਂਗੇ ਜੇਕਰ ਅਸੀਂ ਇਸ ਪੱਤਰੀ ਨੂੰ ਸਾਨੂੰ ਨਿੱਜੀ ਤੌਰ ਤੇ ਲਿਖੀ ਗਈ ਇਕ ਪੱਤਰੀ ਵਜੋਂ ਵਿਚਾਰੀਏ।a
ਜਦੋਂ ਅਸੀਂ ਅਜ਼ਮਾਇਸ਼ਾਂ ਅਨੁਭਵ ਕਰਦੇ ਹਾਂ
4. ਅਜ਼ਮਾਇਸ਼ਾਂ ਦੇ ਸੰਬੰਧ ਵਿਚ ਸਾਡਾ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ?
4 ਯਾਕੂਬ ਸਾਨੂੰ ਦਿਖਾਉਂਦਾ ਹੈ ਕਿ ਅਜ਼ਮਾਇਸ਼ਾਂ ਦੇ ਸੰਬੰਧ ਵਿਚ ਸਾਡਾ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। (ਯਾਕੂਬ 1:1-4) ਪਰਮੇਸ਼ੁਰ ਦੇ ਪੁੱਤਰ ਨਾਲ ਆਪਣੇ ਪਰਿਵਾਰਕ ਰਿਸ਼ਤੇ ਦਾ ਜ਼ਿਕਰ ਨਾ ਕਰਦਿਆਂ, ਉਹ ਨਿਮਰਤਾ ਨਾਲ ਆਪਣੇ ਆਪ ਨੂੰ “ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦਾ ਦਾਸ” ਸੱਦਦਾ ਹੈ। ਯਾਕੂਬ ਅਧਿਆਤਮਿਕ ਇਸਰਾਏਲ ਦੇ “ਬਾਰਾਂ ਗੋਤਾਂ” ਨੂੰ ਲਿਖਦਾ ਹੈ, ਜੋ ਪਹਿਲਾਂ ਸਤਾਹਟ ਦੇ ਕਾਰਨ ‘ਖਿੰਡ’ ਗਏ ਸਨ। (ਰਸੂਲਾਂ ਦੇ ਕਰਤੱਬ 8:1; 11:19; ਗਲਾਤੀਆਂ 6:16; 1 ਪਤਰਸ 1:1) ਮਸੀਹੀਆਂ ਵਜੋਂ, ਸਾਨੂੰ ਵੀ ਸਤਾਇਆ ਜਾਂਦਾ ਹੈ, ਅਤੇ ਅਸੀਂ ‘ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪੈਂਦੇ’ ਹਾਂ। ਪਰ ਜੇਕਰ ਅਸੀਂ ਯਾਦ ਰੱਖੀਏ ਕਿ ਸਹਿਣ ਕੀਤੀਆਂ ਅਜ਼ਮਾਇਸ਼ਾਂ ਸਾਡੀ ਨਿਹਚਾ ਨੂੰ ਮਜ਼ਬੂਤ ਬਣਾਉਂਦੀਆਂ ਹਨ, ਤਾਂ ਅਸੀਂ ‘ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣਾਂਗੇ’ ਜਦੋਂ ਇਹ ਸਾਡੇ ਉੱਤੇ ਆਉਂਦੀਆਂ ਹਨ। ਜੇਕਰ ਅਸੀਂ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਕਾਇਮ ਰੱਖਾਂਗੇ, ਤਾਂ ਅਜ਼ਮਾਇਸ਼ਾਂ ਦੌਰਾਨ ਇਹ ਸਾਡੇ ਲਈ ਸਥਾਈ ਖ਼ੁਸ਼ੀ ਲਿਆਵੇਗਾ।
5. ਸਾਡੀਆਂ ਅਜ਼ਮਾਇਸ਼ਾਂ ਵਿਚ ਕੀ ਸ਼ਾਮਲ ਹੋ ਸਕਦਾ ਹੈ, ਅਤੇ ਉਦੋਂ ਕੀ ਹੁੰਦਾ ਹੈ ਜਦੋਂ ਅਸੀਂ ਉਨ੍ਹਾਂ ਨੂੰ ਸਫ਼ਲਤਾਪੂਰਵਕ ਸਹਿਣ ਕਰਦੇ ਹਾਂ?
5 ਸਾਡੀਆਂ ਅਜ਼ਮਾਇਸ਼ਾਂ ਵਿਚ ਉਹ ਬਿਪਤਾਵਾਂ ਵੀ ਸ਼ਾਮਲ ਹਨ ਜੋ ਮਨੁੱਖਜਾਤੀ ਲਈ ਆਮ ਹਨ। ਉਦਾਹਰਣ ਲਈ, ਸਾਨੂੰ ਮਾੜੀ ਸਿਹਤ ਸ਼ਾਇਦ ਕਸ਼ਟ ਦੇਵੇ। ਪਰਮੇਸ਼ੁਰ ਹੁਣ ਚਮਤਕਾਰੀ ਇਲਾਜ ਨਹੀਂ ਕਰ ਰਿਹਾ ਹੈ, ਪਰ ਉਹ ਬੀਮਾਰੀ ਨਾਲ ਨਿਪਟਣ ਵਾਸਤੇ ਜ਼ਰੂਰੀ ਬੁੱਧ ਅਤੇ ਹਿੰਮਤ ਲਈ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। (ਜ਼ਬੂਰ 41:1-3) ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਸਤਾਏ ਜਾਣ ਤੇ ਧਾਰਮਿਕਤਾ ਦੀ ਖਾਤਰ ਵੀ ਦੁੱਖ ਸਹਿਣ ਕਰਦੇ ਹਾਂ। (2 ਤਿਮੋਥਿਉਸ 3:12; 1 ਪਤਰਸ 3:14) ਜਦੋਂ ਅਸੀਂ ਅਜਿਹੀਆਂ ਅਜ਼ਮਾਇਸ਼ਾਂ ਨੂੰ ਸਫ਼ਲਤਾਪੂਰਵਕ ਸਹਿਣ ਕਰਦੇ ਹਾਂ, ਤਾਂ ਸਾਡੀ ਨਿਹਚਾ ਸਾਬਤ ਹੁੰਦੀ ਹੈ, ਅਤੇ ‘ਪਰਖੀ ਗਈ’ ਹੁੰਦੀ ਹੈ। ਅਤੇ ਜਦੋਂ ਸਾਡੀ ਨਿਹਚਾ ਵਿਜੈ ਪਾਉਂਦੀ ਹੈ, ਤਾਂ ਇਹ “ਧੀਰਜ ਬਣਾਉਂਦੀ ਹੈ।” ਅਜ਼ਮਾਇਸ਼ਾਂ ਰਾਹੀਂ ਮਜ਼ਬੂਤ ਬਣਾਈ ਗਈ ਨਿਹਚਾ ਆਉਣ ਵਾਲੀਆਂ ਪਰੀਖਿਆਵਾਂ ਨੂੰ ਸਹਿਣ ਕਰਨ ਵਿਚ ਮਦਦ ਕਰੇਗੀ।
6. ‘ਧੀਰਜ ਦਾ ਕੰਮ ਪੂਰਾ’ ਕਿਵੇਂ ਹੁੰਦਾ ਹੈ, ਅਤੇ ਜਦੋਂ ਅਸੀਂ ਅਜ਼ਮਾਇਸ਼ ਅਧੀਨ ਹੁੰਦੇ ਹਾਂ ਤਾਂ ਕਿਹੜੇ ਵਿਵਹਾਰਕ ਕਦਮ ਚੁੱਕੇ ਜਾ ਸਕਦੇ ਹਨ?
6 ਪਰੰਤੂ, ਯਾਕੂਬ ਕਹਿੰਦਾ ਹੈ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ।” ਜੇਕਰ ਅਸੀਂ ਇਕ ਅਜ਼ਮਾਇਸ਼ ਦਾ ਸਾਮ੍ਹਣਾ ਕਰੀਏ ਅਤੇ ਇਸ ਨੂੰ ਸ਼ਾਸਤਰ ਵਿਰੋਧੀ ਸਾਧਨਾਂ ਦੁਆਰਾ ਜਲਦੀ ਤੋਂ ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਨਾ ਕਰੀਏ, ਤਾਂ ਧੀਰਜ ਸਾਨੂੰ ਅਜਿਹੇ ਮਸੀਹੀਆਂ ਵਜੋਂ ਮੁਕੰਮਲ ਬਣਾਉਣ ਦਾ “ਕੰਮ” ਕਰੇਗਾ, ਜਿਨ੍ਹਾਂ ਵਿਚ ਨਿਹਚਾ ਦੀ ਘਾਟ ਨਹੀਂ ਹੈ। ਨਿਰਸੰਦੇਹ, ਜੇਕਰ ਇਕ ਅਜ਼ਮਾਇਸ਼ ਕੋਈ ਕਮਜ਼ੋਰੀ ਪ੍ਰਗਟ ਕਰਦੀ ਹੈ, ਤਾਂ ਸਾਨੂੰ ਉਸ ਉੱਤੇ ਕਾਬੂ ਪਾਉਣ ਲਈ ਯਹੋਵਾਹ ਦੀ ਮਦਦ ਭਾਲਣੀ ਚਾਹੀਦੀ ਹੈ। ਪਰੰਤੂ ਜੇਕਰ ਅਜ਼ਮਾਇਸ਼ ਲਿੰਗੀ ਅਨੈਤਿਕਤਾ ਵਿਚ ਹਿੱਸਾ ਲੈਣ ਦਾ ਪਰਤਾਵਾ ਹੁੰਦੀ ਹੈ, ਫਿਰ ਕੀ? ਆਓ ਅਸੀਂ ਉਸ ਸਮੱਸਿਆ ਲਈ ਪ੍ਰਾਰਥਨਾ ਕਰੀਏ ਅਤੇ ਫਿਰ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਕਾਰਜ ਕਰੀਏ। ਸਾਨੂੰ ਸ਼ਾਇਦ ਆਪਣੀ ਨੌਕਰੀ ਦੀ ਜਗ੍ਹਾ ਬਦਲਣੀ ਪਵੇ ਜਾਂ ਖਰਿਆਈ ਕਾਇਮ ਰੱਖਣ ਲਈ ਹੋਰ ਕੋਈ ਕਦਮ ਚੁੱਕਣੇ ਪੈਣ।—ਉਤਪਤ 39:7-9; 1 ਕੁਰਿੰਥੀਆਂ 10:13.
ਬੁੱਧ ਲਈ ਖੋਜ
7. ਅਜ਼ਮਾਇਸ਼ਾਂ ਨਾਲ ਨਿਪਟਣ ਲਈ ਸਾਡੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?
7 ਯਾਕੂਬ ਸਾਨੂੰ ਦਿਖਾਉਂਦਾ ਹੈ ਕਿ ਜੇਕਰ ਅਸੀਂ ਅਜ਼ਮਾਇਸ਼ ਨਾਲ ਨਿਪਟਣਾ ਨਹੀਂ ਜਾਣਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। (ਯਾਕੂਬ 1:5-8) ਜੇਕਰ ਸਾਡੇ ਵਿਚ ਬੁੱਧ ਦੀ ਘਾਟ ਹੈ, ਅਤੇ ਅਸੀਂ ਨਿਹਚਾ ਨਾਲ ਇਸ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਇੰਜ ਕਰਨ ਲਈ ਨਹੀਂ ਨਿੰਦੇਗਾ। ਉਹ ਇਕ ਅਜ਼ਮਾਇਸ਼ ਨੂੰ ਸਹੀ ਢੰਗ ਨਾਲ ਵਿਚਾਰਨ ਅਤੇ ਉਸ ਨੂੰ ਸਹਿਣ ਲਈ ਸਾਡੀ ਮਦਦ ਕਰੇਗਾ। ਸੰਗੀ ਵਿਸ਼ਵਾਸੀਆਂ ਰਾਹੀਂ ਜਾਂ ਬਾਈਬਲ ਅਧਿਐਨ ਦੇ ਦੌਰਾਨ ਸ਼ਾਸਤਰਵਚਨ ਸਾਡੇ ਧਿਆਨ ਵਿਚ ਲਿਆਏ ਜਾ ਸਕਦੇ ਹਨ। ਪਰਮੇਸ਼ੁਰ ਦੀ ਨਿਗਰਾਨੀ ਅਧੀਨ ਨਿਰਦੇਸ਼ਿਤ ਕੀਤੀਆਂ ਗਈਆਂ ਘਟਨਾਵਾਂ ਸ਼ਾਇਦ ਸਾਨੂੰ ਇਹ ਦੇਖਣ ਦੇ ਯੋਗ ਬਣਾਉਣ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਪਰਮੇਸ਼ੁਰ ਦੀ ਆਤਮਾ ਦੁਆਰਾ ਨਿਰਦੇਸ਼ਿਤ ਕੀਤੇ ਜਾ ਸਕਦੇ ਹਾਂ। (ਲੂਕਾ 11:13) ਅਜਿਹੇ ਲਾਭ ਉਠਾਉਣ ਲਈ, ਨਿਰਸੰਦੇਹ ਸਾਨੂੰ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨਾਲ ਨਜ਼ਦੀਕੀ ਤੌਰ ਤੇ ਜੁੜੇ ਰਹਿਣਾ ਚਾਹੀਦਾ ਹੈ।—ਕਹਾਉਤਾਂ 18:1.
8. ਸ਼ੱਕ ਕਰਨ ਵਾਲੇ ਨੂੰ ਯਹੋਵਾਹ ਤੋਂ ਕਿਉਂ ਕੁਝ ਨਹੀਂ ਮਿਲੇਗਾ?
8 ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਸਾਨੂੰ ਬੁੱਧ ਬਖ਼ਸ਼ਦਾ ਹੈ ਜੇਕਰ ਅਸੀਂ ‘ਨਿਹਚਾ ਨਾਲ ਮੰਗੀਏ ਅਤੇ ਕੁਝ ਭਰਮ ਨਾ ਕਰੀਏ।’ ਸ਼ੱਕ ਕਰਨ ਵਾਲਾ ਵਿਅਕਤੀ, “ਸਮੁੰਦਰ” ਦੀ ਅਨਿਸ਼ਚਿਤ “ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ।” ਜੇਕਰ ਅਸੀਂ ਅਧਿਆਤਮਿਕ ਤੌਰ ਤੇ ਇੰਨੇ ਡਾਵਾਂ-ਡੋਲ ਹੋਈਏ, ਤਾਂ ‘ਸਾਨੂੰ ਨਹੀਂ ਸਮਝਣਾ ਚਾਹੀਦਾ ਭਈ ਪ੍ਰਭੁ ਕੋਲੋਂ ਸਾਨੂੰ ਕੁਝ ਲੱਭੇਗਾ।’ ਆਓ ਅਸੀਂ ਪ੍ਰਾਰਥਨਾ ਵਿਚ ਜਾਂ ਹੋਰ ਤਰੀਕਿਆਂ ਵਿਚ ‘ਦੁਚਿੱਤੇ’ ਅਤੇ “ਚੰਚਲ” ਨਾ ਹੋਈਏ। ਇਸ ਦੀ ਬਜਾਇ, ਆਓ ਅਸੀਂ ਬੁੱਧ ਦੇ ਸੋਮੇ, ਯਹੋਵਾਹ ਵਿਚ ਨਿਹਚਾ ਰੱਖੀਏ।—ਕਹਾਉਤਾਂ 3:5, 6.
ਧਨੀ ਅਤੇ ਗ਼ਰੀਬ ਖ਼ੁਸ਼ ਹੋ ਸਕਦੇ ਹਨ
9. ਯਹੋਵਾਹ ਦੇ ਉਪਾਸਕਾਂ ਵਜੋਂ ਸਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਕਿਉਂ ਹੈ?
9 ਭਾਵੇਂ ਸਾਡੀਆਂ ਅਜ਼ਮਾਇਸ਼ਾਂ ਵਿੱਚੋਂ ਇਕ ਅਜ਼ਮਾਇਸ਼ ਗ਼ਰੀਬੀ ਹੈ, ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੋਨੋਂ ਧਨੀ ਅਤੇ ਗ਼ਰੀਬ ਮਸੀਹੀ ਖ਼ੁਸ਼ ਹੋ ਸਕਦੇ ਹਨ। (ਯਾਕੂਬ 1:9-11) ਯਿਸੂ ਦੇ ਪੈਰੋਕਾਰ ਬਣਨ ਤੋਂ ਪਹਿਲਾਂ, ਅਧਿਕਤਰ ਮਸਹ ਕੀਤੇ ਹੋਏ ਵਿਅਕਤੀਆਂ ਕੋਲ ਭੌਤਿਕ ਤੌਰ ਤੇ ਬਹੁਤ ਕੁਝ ਨਹੀਂ ਸੀ ਅਤੇ ਸੰਸਾਰ ਦੁਆਰਾ ਉਹ ਤੁੱਛ ਸਮਝੇ ਜਾਂਦੇ ਸਨ। (1 ਕੁਰਿੰਥੀਆਂ 1:26) ਪਰ ਉਹ ਰਾਜ ਵਾਰਸਾਂ ਦੀ ਹੈਸੀਅਤ ਵਿਚ ਆਪਣੀ “ਉੱਚੀ ਪਦਵੀ” ਕਰਕੇ ਖ਼ੁਸ਼ ਹੋ ਸਕੇ। (ਰੋਮੀਆਂ 8:16, 17) ਇਸ ਦੇ ਉਲਟ, ਧਨੀ ਲੋਕ ਜਿਨ੍ਹਾਂ ਦਾ ਪਹਿਲਾਂ ਮਾਣ ਕੀਤਾ ਜਾਂਦਾ ਸੀ, ਮਸੀਹ ਦੇ ਪੈਰੋਕਾਰਾਂ ਵਜੋਂ ਸੰਸਾਰ ਵੱਲੋਂ ਨਫ਼ਰਤ ਕੀਤੇ ਜਾਣ ਦੇ ਕਾਰਨ “ਨੀਵੀਂ ਪਦਵੀ” ਅਨੁਭਵ ਕਰਦੇ ਹਨ। (ਯੂਹੰਨਾ 7:47-52; 12:42, 43) ਮਗਰ, ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਅਸੀਂ ਸਾਰੇ ਹੀ ਖ਼ੁਸ਼ ਹੋ ਸਕਦੇ ਹਾਂ, ਕਿਉਂਕਿ ਜਿਸ ਅਧਿਆਤਮਿਕ ਧਨ ਦਾ ਅਸੀਂ ਆਨੰਦ ਮਾਣਦੇ ਹਾਂ, ਉਸ ਦੀ ਤੁਲਨਾ ਵਿਚ ਦੁਨਿਆਵੀ ਧਨ ਅਤੇ ਉੱਚੀ ਪਦਵੀ ਕੁਝ ਵੀ ਨਹੀਂ ਹਨ। ਅਤੇ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਚਕਾਰ ਸਮਾਜਕ ਪਦਵੀ ਦੇ ਘਮੰਡ ਦੀ ਕੋਈ ਜਗ੍ਹਾ ਨਹੀਂ ਹੈ!—ਕਹਾਉਤਾਂ 10:22; ਰਸੂਲਾਂ ਦੇ ਕਰਤੱਬ 10:34, 35.
10. ਭੌਤਿਕ ਧਨ ਬਾਰੇ ਇਕ ਮਸੀਹੀ ਦਾ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ?
10 ਯਾਕੂਬ ਇਹ ਦਿਖਾਉਣ ਵਿਚ ਸਾਡੀ ਮਦਦ ਕਰਦਾ ਹੈ ਕਿ ਸਾਡਾ ਜੀਵਨ ਧਨ ਅਤੇ ਦੁਨਿਆਵੀ ਪ੍ਰਾਪਤੀ ਉੱਤੇ ਨਿਰਭਰ ਨਹੀਂ ਹੁੰਦਾ ਹੈ। ਜਿਵੇਂ ਇਕ ਫੁੱਲ ਦੀ ਸੁੰਦਰਤਾ ਉਸ ਨੂੰ ਸੂਰਜ ਦੀ “ਲੋ” ਵਿਚ ਕੁਮਲਾਉਣ ਤੋਂ ਨਹੀਂ ਰੋਕਦੀ ਹੈ, ਇਸੇ ਤਰ੍ਹਾਂ ਧਨਵਾਨ ਦਾ ਧਨ ਉਸ ਦੇ ਜੀਵਨ ਨੂੰ ਵਧਾ ਨਹੀਂ ਸਕਦਾ। (ਜ਼ਬੂਰ 49:6-9; ਮੱਤੀ 6:27) ਉਹ ਸ਼ਾਇਦ ਆਪਣਿਆਂ “ਚਲਣਾਂ ਵਿਚ,” ਹੋ ਸਕਦਾ ਹੈ ਕਿ ਕਾਰੋਬਾਰ ਕਰਦਾ-ਕਰਦਾ ਹੀ ਮਰ ਜਾਵੇ। ਇਸ ਲਈ, “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋਣਾ ਅਤੇ ਰਾਜ ਹਿਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਹਿੰਮਤ ਅਨੁਸਾਰ ਸਭ ਕੁਝ ਕਰਨਾ ਮਹੱਤਵਪੂਰਣ ਹੈ।—ਲੂਕਾ 12:13-21; ਮੱਤੀ 6:33; 1 ਤਿਮੋਥਿਉਸ 6:17-19.
ਧੰਨ ਹਨ ਉਹ ਜੋ ਅਜ਼ਮਾਇਸ਼ ਨੂੰ ਸਹਿੰਦੇ ਹਨ
11. ਅਜ਼ਮਾਇਸ਼ਾਂ ਦੇ ਬਾਵਜੂਦ ਆਪਣੀ ਨਿਹਚਾ ਨੂੰ ਫੜੀ ਰੱਖਣ ਵਾਲਿਆਂ ਲਈ ਕਿਹੜੀਆਂ ਸੰਭਾਵਨਾਵਾਂ ਹਨ?
11 ਧਨੀ ਜਾਂ ਗ਼ਰੀਬ, ਅਸੀਂ ਸਿਰਫ਼ ਉਦੋਂ ਹੀ ਖ਼ੁਸ਼ ਹੋ ਸਕਦੇ ਹਾਂ ਜੇਕਰ ਅਸੀਂ ਆਪਣੀਆਂ ਅਜ਼ਮਾਇਸ਼ਾਂ ਨੂੰ ਸਹਿਣ ਕਰਦੇ ਹਾਂ। (ਯਾਕੂਬ 1:12-15) ਜੇਕਰ ਅਸੀਂ ਅਜ਼ਮਾਇਸ਼ਾਂ ਸਹਿਣ ਕਰਦਿਆਂ ਆਪਣੀ ਨਿਹਚਾ ਕਾਇਮ ਰੱਖੀਏ, ਤਾਂ ਅਸੀਂ ਧੰਨ ਆਖੇ ਜਾ ਸਕਦੇ ਹਾਂ, ਕਿਉਂਕਿ ਉਹ ਕੰਮ ਕਰਨ ਵਿਚ ਆਨੰਦ ਹੁੰਦਾ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ। ਮੌਤ ਤਕ ਆਪਣੀ ਨਿਹਚਾ ਨੂੰ ਫੜੀ ਰੱਖਣ ਦੁਆਰਾ, ਆਤਮਾ ਤੋਂ ਜੰਮੇ ਮਸੀਹੀ “ਜੀਵਨ ਦਾ ਮੁਕਟ,” ਅਥਵਾ, ਸਵਰਗ ਵਿਚ ਅਮਰਤਾ ਹਾਸਲ ਕਰਦੇ ਹਨ। (ਪਰਕਾਸ਼ ਦੀ ਪੋਥੀ 2:10; 1 ਕੁਰਿੰਥੀਆਂ 15:50) ਜੇਕਰ ਸਾਡੀ ਪਾਰਥਿਵ ਉਮੀਦ ਹੈ ਅਤੇ ਅਸੀਂ ਪਰਮੇਸ਼ੁਰ ਵਿਚ ਆਪਣੀ ਨਿਹਚਾ ਕਾਇਮ ਰੱਖੀਏ, ਤਾਂ ਅਸੀਂ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਆਸ ਰੱਖ ਸਕਦੇ ਹਾਂ। (ਲੂਕਾ 23:43; ਰੋਮੀਆਂ 6:23) ਯਹੋਵਾਹ ਉਸ ਵਿਚ ਨਿਹਚਾ ਕਰਨ ਵਾਲੇ ਸਾਰਿਆਂ ਉੱਤੇ ਕਿੰਨਾ ਮਿਹਰਬਾਨ ਹੈ!
12. ਬਿਪਤਾ ਅਨੁਭਵ ਕਰਦੇ ਸਮੇਂ, ਸਾਨੂੰ ਇਹ ਕਿਉਂ ਨਹੀਂ ਕਹਿਣਾ ਚਾਹੀਦਾ: “ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ”?
12 ਕੀ ਇਹ ਸੰਭਵ ਹੈ ਕਿ ਯਹੋਵਾਹ ਖ਼ੁਦ ਸਾਨੂੰ ਬਿਪਤਾ ਨਾਲ ਪਰਤਾਉਂਦਾ ਹੈ? ਨਹੀਂ, ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਹੈ: “ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ।” ਯਹੋਵਾਹ ਸਾਡੇ ਤੋਂ ਪਾਪ ਕਰਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ, ਬਲਕਿ ਜੇਕਰ ਅਸੀਂ ਨਿਹਚਾ ਵਿਚ ਦ੍ਰਿੜ੍ਹ ਰਹਿੰਦੇ ਹਾਂ ਤਾਂ ਅਜ਼ਮਾਇਸ਼ਾਂ ਸਹਿਣ ਵਾਸਤੇ ਉਹ ਯਕੀਨਨ ਸਾਡੀ ਮਦਦ ਕਰੇਗਾ ਅਤੇ ਲੋੜੀਂਦੀ ਸ਼ਕਤੀ ਦੇਵੇਗਾ। (ਫ਼ਿਲਿੱਪੀਆਂ 4:13) ਪਰਮੇਸ਼ੁਰ ਪਵਿੱਤਰ ਹੈ, ਇਸ ਲਈ ਉਹ ਸਾਨੂੰ ਅਜਿਹੀਆਂ ਹਾਲਤਾਂ ਵਿਚ ਨਹੀਂ ਪਾਉਂਦਾ ਹੈ ਜੋ ਗ਼ਲਤ ਕੰਮ ਪ੍ਰਤੀ ਸਾਡੇ ਵਿਰੋਧ ਨੂੰ ਕਮਜ਼ੋਰ ਕਰ ਦੇਣ। ਜੇਕਰ ਅਸੀਂ ਆਪਣੇ ਆਪ ਨੂੰ ਇਕ ਅਪਵਿੱਤਰ ਸਥਿਤੀ ਵਿਚ ਪਾਉਂਦੇ ਹਾਂ ਅਤੇ ਕੋਈ ਪਾਪ ਕਰ ਬੈਠਦੇ ਹਾਂ, ਤਾਂ ਸਾਨੂੰ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ, “ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਭਾਵੇਂ ਕਿ ਯਹੋਵਾਹ ਸਾਡੇ ਭਲੇ ਲਈ ਸਾਨੂੰ ਅਨੁਸ਼ਾਸਨ ਦੇਣ ਵਾਸਤੇ ਸ਼ਾਇਦ ਕਿਸੇ ਅਜ਼ਮਾਇਸ਼ ਨੂੰ ਇਜਾਜ਼ਤ ਦੇਵੇ, ਪਰ ਉਹ ਸਾਨੂੰ ਬੁਰੇ ਇਰਾਦੇ ਨਾਲ ਨਹੀਂ ਪਰਤਾਉਂਦਾ। (ਇਬਰਾਨੀਆਂ 12:7-11) ਸ਼ਤਾਨ ਸ਼ਾਇਦ ਸਾਨੂੰ ਗ਼ਲਤ ਕੰਮ ਕਰਨ ਲਈ ਭਰਮਾਏ, ਪਰ ਪਰਮੇਸ਼ੁਰ ਸਾਨੂੰ ਉਸ ਦੁਸ਼ਟ ਤੋਂ ਬਚਾ ਸਕਦਾ ਹੈ।—ਮੱਤੀ 6:13.
13. ਕੀ ਹੋ ਸਕਦਾ ਹੈ ਜੇਕਰ ਅਸੀਂ ਇਕ ਗ਼ਲਤ ਇੱਛਾ ਨੂੰ ਰੱਦ ਨਹੀਂ ਕਰਦੇ ਹਾਂ?
13 ਸਾਨੂੰ ਪ੍ਰਾਰਥਨਾਪੂਰਣ ਹੋਣ ਦੀ ਲੋੜ ਹੈ ਕਿਉਂਕਿ ਇਕ ਖ਼ਾਸ ਸਥਿਤੀ ਸ਼ਾਇਦ ਅਜਿਹੀ ਗ਼ਲਤ ਇੱਛਾ ਨੂੰ ਉਤਪੰਨ ਕਰੇ ਜਿਸ ਕਰਕੇ ਅਸੀਂ ਪਾਪ ਕਰ ਸਕਦੇ ਹਾਂ। ਯਾਕੂਬ ਕਹਿੰਦਾ ਹੈ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।” ਅਸੀਂ ਆਪਣੇ ਪਾਪ ਲਈ ਪਰਮੇਸ਼ੁਰ ਉੱਤੇ ਦੋਸ਼ ਨਹੀਂ ਲਾ ਸਕਦੇ ਜੇਕਰ ਅਸੀਂ ਆਪਣੇ ਦਿਲ ਵਿਚ ਇਕ ਪਾਪੀ ਇੱਛਾ ਨੂੰ ਡੇਰਾ ਲਾਉਣ ਦਿੱਤਾ ਹੈ। ਜੇਕਰ ਅਸੀਂ ਗ਼ਲਤ ਇੱਛਾ ਨੂੰ ਮਨੋਂ ਨਹੀਂ ਕੱਢਦੇ ਹਾਂ, ਤਾਂ ਉਹ ‘ਗਰਭਣੀ ਹੋ’ ਜਾਂਦੀ ਹੈ, ਦਿਲ ਵਿਚ ਵਿਕਸਿਤ ਹੁੰਦੀ ਹੈ, ਅਤੇ “ਪਾਪ ਨੂੰ ਜਣਦੀ ਹੈ।” ਜਦੋਂ ਪਾਪ ਪੂਰਾ ਹੋ ਜਾਂਦਾ ਹੈ, ਤਾਂ ਉਹ “ਮੌਤ ਨੂੰ ਜਨਮ ਦਿੰਦਾ ਹੈ।” ਸਪੱਸ਼ਟ ਤੌਰ ਤੇ, ਸਾਨੂੰ ਆਪਣੇ ਦਿਲ ਦੀ ਰੱਖਿਆ ਕਰਨ ਅਤੇ ਪਾਪੀ ਝੁਕਾਵਾਂ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ। (ਕਹਾਉਤਾਂ 4:23) ਕਇਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਾਪ ਉਸ ਉੱਤੇ ਕਾਬੂ ਪਾਉਣ ਵਾਲਾ ਸੀ, ਪਰ ਉਸ ਨੇ ਪਾਪ ਦਾ ਵਿਰੋਧ ਨਾ ਕੀਤਾ। (ਉਤਪਤ 4:4-8) ਤਾਂ ਫਿਰ, ਉਦੋਂ ਕੀ ਜੇਕਰ ਅਸੀਂ ਇਕ ਸ਼ਾਸਤਰ ਵਿਰੋਧੀ ਰਾਹ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ? ਯਕੀਨਨ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੇਕਰ ਮਸੀਹੀ ਬਜ਼ੁਰਗ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਅਸੀਂ ਪਰਮੇਸ਼ੁਰ ਦੇ ਵਿਰੁੱਧ ਪਾਪ ਨਾ ਕਰੀਏ।—ਗਲਾਤੀਆਂ 6:1.
ਪਰਮੇਸ਼ੁਰ—ਚੰਗੀਆਂ ਚੀਜ਼ਾਂ ਦਾ ਸੋਮਾ
14. ਇਹ ਕਿਸ ਭਾਵ ਨਾਲ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਦਾਨ “ਪੂਰਨ” ਹਨ?
14 ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਅਜ਼ਮਾਇਸ਼ਾਂ ਦਾ ਨਹੀਂ, ਲੇਕਿਨ ਚੰਗੀਆਂ ਚੀਜ਼ਾਂ ਦਾ ਸੋਮਾ ਹੈ। (ਯਾਕੂਬ 1:16-18) ਯਾਕੂਬ ਸੰਗੀ ਵਿਸ਼ਵਾਸੀਆਂ ਨੂੰ “ਪਿਆਰੇ ਭਰਾਵੋ” ਕਹਿ ਕੇ ਸੰਬੋਧਨ ਕਰਦਾ ਹੈ ਅਤੇ ਦਿਖਾਉਂਦਾ ਹੈ ਕਿ ਪਰਮੇਸ਼ੁਰ ‘ਹਰੇਕ ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਦਾ ਦਾਤਾ ਹੈ। ਯਹੋਵਾਹ ਦੇ ਅਧਿਆਤਮਿਕ ਅਤੇ ਭੌਤਿਕ ਦਾਨ “ਪੂਰਨ” ਜਾਂ ਸੰਪੂਰਣ ਹਨ, ਜਿਨ੍ਹਾਂ ਵਿਚ ਕੋਈ ਘਾਟ ਨਹੀਂ ਹੈ। ਉਹ “ਉਤਾਹਾਂ ਤੋਂ,” ਸਵਰਗ ਵਿਚ ਯਹੋਵਾਹ ਦੇ ਨਿਵਾਸ-ਸਥਾਨ ਤੋਂ ਆਉਂਦੇ ਹਨ। (1 ਰਾਜਿਆਂ 8:39) ਯਹੋਵਾਹ ‘ਜੋਤਾ ਦਾ ਪਿਤਾ’ ਹੈ—ਸੂਰਜ, ਚੰਦ, ਅਤੇ ਤਾਰਿਆਂ ਦਾ ਪਿਤਾ। ਉਹ ਸਾਨੂੰ ਅਧਿਆਤਮਿਕ ਚਾਨਣ ਅਤੇ ਸੱਚਾਈ ਵੀ ਦਿੰਦਾ ਹੈ। (ਜ਼ਬੂਰ 43:3; ਯਿਰਮਿਯਾਹ 31:35; 2 ਕੁਰਿੰਥੀਆਂ 4:6) ਸੂਰਜ ਤੋਂ ਭਿੰਨ ਜੋ ਘੁੰਮਦੇ ਹੋਏ ਛਾਵਾਂ ਨੂੰ ਬਦਲਦਾ ਹੈ ਅਤੇ ਸਿਰਫ਼ ਦੁਪਹਿਰ ਨੂੰ ਹੀ ਆਪਣੇ ਸਿਖਰ ਤੇ ਪਹੁੰਚਦਾ ਹੈ, ਪਰਮੇਸ਼ੁਰ ਹਮੇਸ਼ਾ ਚੰਗੀਆਂ ਚੀਜ਼ਾਂ ਮੁਹੱਈਆ ਕਰਨ ਵਿਚ ਆਪਣੇ ਸਿਖਰ ਤੇ ਹੁੰਦਾ ਹੈ। ਉਹ ਜ਼ਰੂਰ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਲੈਸ ਕਰੇਗਾ ਜੇਕਰ ਅਸੀਂ ਉਸ ਦੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਮੁਹੱਈਆ ਕੀਤੀ ਗਈ ਉਸ ਦੀ ਅਧਿਆਤਮਿਕ ਰਸਦ ਦਾ ਪੂਰਾ ਫ਼ਾਇਦਾ ਉਠਾਈਏ।—ਮੱਤੀ 24:45.
15. ਯਹੋਵਾਹ ਵੱਲੋਂ ਸਭ ਤੋਂ ਉੱਤਮ ਦਾਨ ਕੀ ਹੈ?
15 ਪਰਮੇਸ਼ੁਰ ਵੱਲੋਂ ਸਭ ਤੋਂ ਉੱਤਮ ਦਾਨ ਕੀ ਸਾਬਤ ਹੋਇਆ ਹੈ? ਪਵਿੱਤਰ ਆਤਮਾ ਦੁਆਰਾ ਅਧਿਆਤਮਿਕ ਪੁੱਤਰਾਂ ਦਾ ਜਨਮ, ਜੋ ਖ਼ੁਸ਼ ਖ਼ਬਰੀ, ਜਾਂ “ਸਚਿਆਈ ਦੇ ਬਚਨ” ਦੇ ਅਨੁਸਾਰ ਕੰਮ ਕਰ ਰਹੇ ਹਨ। ਅਧਿਆਤਮਿਕ ਜਨਮ ਅਨੁਭਵ ਕਰਨ ਵਾਲੇ ਵਿਅਕਤੀ “ਪਹਿਲੇ ਫਲ ਜੇਹੇ” ਹਨ, ਜੋ ਇਕ ਸਵਰਗੀ “ਪਾਤਸ਼ਾਹੀ ਅਤੇ ਜਾਜਕ” ਹੋਣ ਲਈ ਮਨੁੱਖਜਾਤੀ ਵਿੱਚੋਂ ਚੁਣੇ ਗਏ ਹਨ। (ਪਰਕਾਸ਼ ਦੀ ਪੋਥੀ 5:10; ਅਫ਼ਸੀਆਂ 1:13, 14) ਯਾਕੂਬ ਸ਼ਾਇਦ ਨੀਸਾਨ 16 ਤੇ ਚੜ੍ਹਾਏ ਗਏ ਜੌਂ ਦੇ ਪਹਿਲੇ ਫਲ ਬਾਰੇ ਸੋਚ ਰਿਹਾ ਸੀ, ਜੋ ਯਿਸੂ ਦੇ ਜੀ ਉਠਣ ਦੀ ਤਾਰੀਖ਼ ਸੀ, ਨਾਲੇ ਪੰਤੇਕੁਸਤ ਦੇ ਦਿਨ ਤੇ ਕਣਕ ਦੀਆਂ ਦੋ ਰੋਟੀਆਂ ਦੀ ਭੇਟ ਬਾਰੇ ਵੀ, ਜਦੋਂ ਪਵਿੱਤਰ ਆਤਮਾ ਵਹਾਈ ਗਈ ਸੀ। (ਲੇਵੀਆਂ 23:4-11, 15-17) ਅਜਿਹਾ ਹੋਣ ਤੇ, ਯਿਸੂ ਪਹਿਲਾ ਫਲ ਹੁੰਦਾ ਅਤੇ ਉਸ ਦੇ ਸੰਗੀ ਵਾਰਸ “ਪਹਿਲੇ ਫਲ ਜੇਹੇ” ਹੁੰਦੇ। ਪਰ ਜੇਕਰ ਸਾਡੀ ਪਾਰਥਿਵ ਉਮੀਦ ਹੈ, ਫਿਰ ਕੀ? ਖ਼ੈਰ, ਇਸ ਉਮੀਦ ਨੂੰ ਮਨ ਵਿਚ ਰੱਖਣਾ ਸਾਨੂੰ ‘ਹਰੇਕ ਚੰਗੇ ਦਾਨ’ ਦੇ ਦਾਤੇ ਵਿਚ ਆਪਣੀ ਨਿਹਚਾ ਨੂੰ ਫੜੀ ਰੱਖਣ ਵਿਚ ਸਾਡੀ ਮਦਦ ਕਰੇਗਾ, ਜਿਸ ਉਮੀਦ ਨੇ ਰਾਜ ਸ਼ਾਸਨ ਦੇ ਅਧੀਨ ਸਦੀਪਕ ਜੀਵਨ ਸੰਭਵ ਬਣਾਇਆ ਹੈ।
“ਬਚਨ ਉੱਤੇ ਅਮਲ ਕਰਨ ਵਾਲੇ” ਹੋਵੋ
16. ਸਾਨੂੰ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਅਤੇ ਕ੍ਰੋਧ ਵਿੱਚ ਧੀਰੇ’ ਕਿਉਂ ਹੋਣਾ ਚਾਹੀਦਾ ਹੈ?
16 ਚਾਹੇ ਅਸੀਂ ਇਸ ਵਕਤ ਆਪਣੀ ਨਿਹਚਾ ਦੀਆਂ ਅਜ਼ਮਾਇਸ਼ਾਂ ਅਨੁਭਵ ਕਰ ਰਹੇ ਹਾਂ ਜਾਂ ਨਹੀਂ, ਸਾਨੂੰ “ਬਚਨ ਉੱਤੇ ਅਮਲ ਕਰਨ ਵਾਲੇ” ਹੋਣਾ ਚਾਹੀਦਾ ਹੈ। (ਯਾਕੂਬ 1:19-25) ਪਰਮੇਸ਼ੁਰ ਦੇ ਬਚਨ ਉੱਤੇ ਆਗਿਆਕਾਰਤਾ ਨਾਲ ਅਮਲ ਕਰਨ ਵਾਲੇ ਹੁੰਦੇ ਹੋਏ, ਸਾਨੂੰ ਉਸ ਨੂੰ ‘ਸੁਣਨ ਵਿੱਚ ਕਾਹਲੇ’ ਹੋਣ ਦੀ ਲੋੜ ਹੈ। (ਯੂਹੰਨਾ 8:47) ਦੂਜੇ ਪਾਸੇ, ਆਓ ਅਸੀਂ ‘ਬੋਲਣ ਵਿੱਚ ਧੀਰੇ’ ਹੋਈਏ, ਅਰਥਾਤ ਬਹੁਤ ਸੰਭਲ ਕੇ ਬੋਲੀਏ। (ਕਹਾਉਤਾਂ 15:28; 16:23) ਯਾਕੂਬ ਸ਼ਾਇਦ ਸਾਨੂੰ ਇਹ ਪ੍ਰੇਰਣਾ ਦੇ ਰਿਹਾ ਹੈ ਕਿ ਇਹ ਕਹਿਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ ਕਿ ਸਾਡੀਆਂ ਅਜ਼ਮਾਇਸ਼ਾਂ ਪਰਮੇਸ਼ੁਰ ਤੋਂ ਆਉਂਦੀਆਂ ਹਨ। ਸਾਨੂੰ ‘ਕ੍ਰੋਧ ਵਿੱਚ ਵੀ ਧੀਰੇ’ ਹੋਣ ਦੀ ਸਲਾਹ ਦਿੱਤੀ ਗਈ ਹੈ, “ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” ਜੇਕਰ ਸਾਨੂੰ ਕਿਸੇ ਵਿਅਕਤੀ ਦੇ ਸ਼ਬਦਾਂ ਕਾਰਨ ਗੁੱਸਾ ਆਉਂਦਾ ਹੈ, ਤਾਂ ਆਓ ਅਸੀਂ ‘ਧੀਰੇ’ ਹੋਈਏ, ਤਾਂਕਿ ਬਦਲੇ ਵਿਚ ਇਕ ਦੋਖੀ ਜਵਾਬ ਨਾ ਦੇਈਏ। (ਅਫ਼ਸੀਆਂ 4:26, 27) ਇਕ ਕ੍ਰੋਧ-ਭਰੀ ਮਨੋਬਿਰਤੀ ਜੋ ਸ਼ਾਇਦ ਸਾਡੇ ਲਈ ਸਮੱਸਿਆਵਾਂ ਪੈਦਾ ਕਰੇ ਅਤੇ ਦੂਸਰਿਆਂ ਲਈ ਇਕ ਮੁਸੀਬਤ ਬਣੇ, ਅਜਿਹੇ ਆਚਰਣ ਨੂੰ ਉਤਪੰਨ ਨਹੀਂ ਕਰੇਗੀ ਜੋ ਸਾਡੇ ਧਰਮੀ ਪਰਮੇਸ਼ੁਰ ਵਿਚ ਨਿਹਚਾ ਰੱਖਣ ਵਾਲਿਆਂ ਲਈ ਉਚਿਤ ਹੈ। ਇਸ ਤੋਂ ਇਲਾਵਾ, ਜੇਕਰ ਅਸੀਂ ‘ਵੱਡੀ ਸਮਝ ਵਾਲੇ ਹਾਂ,’ ਤਾਂ ਅਸੀਂ “ਛੇਤੀ ਕ੍ਰੋਧ ਨਹੀਂ” ਕਰਾਂਗੇ, ਅਤੇ ਸਾਡੇ ਭੈਣ-ਭਰਾ ਸਾਡੇ ਵੱਲ ਖਿੱਚੇ ਜਾਣਗੇ।—ਕਹਾਉਤਾਂ 14:29.
17. ਦਿਲ ਅਤੇ ਮਨ ਵਿੱਚੋਂ ਬੁਰਾਈ ਦੂਰ ਕਰਨ ਦੁਆਰਾ ਕੀ ਸੰਪੰਨ ਹੁੰਦਾ ਹੈ?
17 ਸਾਨੂੰ ਨਿਸ਼ਚੇ ਹੀ “ਹਰ ਪਰਕਾਰ ਦੇ ਗੰਦ ਮੰਦ” ਤੋਂ ਮੁਕਤ ਹੋਣ ਦੀ ਲੋੜ ਹੈ, ਅਥਵਾ, ਸਭ ਕੁਝ ਜਿਸ ਤੋਂ ਪਰਮੇਸ਼ੁਰ ਨੂੰ ਘਿਰਣਾ ਹੈ ਅਤੇ ਜੋ ਕ੍ਰੋਧ ਭੜਕਾਉਂਦਾ ਹੈ। ਇਸ ਤੋਂ ਇਲਾਵਾ, ਸਾਨੂੰ ‘ਬਦੀ ਦੀ ਵਾਫ਼ਰੀ ਨੂੰ ਪਰੇ ਸੁੱਟਣਾ’ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨਾਂ ਵਿੱਚੋਂ ਸਰੀਰ ਅਤੇ ਆਤਮਾ ਦੀ ਕੋਈ ਵੀ ਅਪਵਿੱਤਰਤਾ ਕੱਢ ਦੇਣੀ ਚਾਹੀਦੀ ਹੈ। (2 ਕੁਰਿੰਥੀਆਂ 7:1; 1 ਪਤਰਸ 1:14-16; 1 ਯੂਹੰਨਾ 1:9) ਦਿਲ ਅਤੇ ਮਨ ਵਿੱਚੋਂ ਬੁਰਾਈ ਨੂੰ ਕੱਢਣ ਨਾਲ ਸਾਨੂੰ ਸੱਚਾਈ ਦੇ ‘ਬੀਜੇ ਹੋਏ ਬਚਨ ਨੂੰ ਨਰਮਾਈ ਨਾਲ ਕਬੂਲ ਕਰ’ ਲੈਣ ਵਿਚ ਮਦਦ ਮਿਲੀ ਸੀ। (ਰਸੂਲਾਂ ਦੇ ਕਰਤੱਬ 17:11, 12) ਭਾਵੇਂ ਕਿ ਅਸੀਂ ਕਿੰਨੇ ਹੀ ਚਿਰ ਤੋਂ ਮਸੀਹੀ ਰਹੇ ਹਾਂ, ਸਾਨੂੰ ਹੋਰ ਜ਼ਿਆਦਾ ਸ਼ਾਸਤਰ-ਸੰਬੰਧੀ ਸੱਚਾਈ ਨੂੰ ਕਬੂਲ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਦੀ ਆਤਮਾ ਰਾਹੀਂ, ਬੀਜਿਆ ਹੋਇਆ ਬਚਨ “ਨਵੇਂ ਵਿਅਕਤਿੱਤਵ” ਨੂੰ ਉਤਪੰਨ ਕਰਦਾ ਹੈ ਜੋ ਮੁਕਤੀ ਵੱਲ ਲੈ ਜਾਂਦਾ ਹੈ।—ਅਫ਼ਸੀਆਂ 4:20-24, ਨਿ ਵ.
18. ਨਿਰਾ ਬਚਨ ਨੂੰ ਸੁਣਨ ਵਾਲਾ, ਉਸ ਉੱਤੇ ਅਮਲ ਵੀ ਕਰਨ ਵਾਲੇ ਨਾਲੋਂ ਕਿਵੇਂ ਭਿੰਨ ਹੁੰਦਾ ਹੈ?
18 ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਬਚਨ ਸਾਡਾ ਮਾਰਗ-ਦਰਸ਼ਕ ਹੈ? ਆਗਿਆਕਾਰਤਾ ਨਾਲ ‘ਬਚਨ ਉੱਤੇ ਅਮਲ ਕਰਨ ਵਾਲੇ ਹੋ ਕੇ ਅਤੇ ਨਿਰੇ ਸੁਣਨ ਵਾਲੇ ਹੀ ਨਹੀਂ।’ (ਲੂਕਾ 11:28) ‘ਅਮਲ ਕਰਨ ਵਾਲਿਆਂ’ ਕੋਲ ਅਜਿਹੀ ਨਿਹਚਾ ਹੁੰਦੀ ਹੈ ਜੋ ਮਸੀਹੀ ਸੇਵਕਾਈ ਵਿਚ ਜੋਸ਼ੀਲੀ ਸਰਗਰਮੀ ਅਤੇ ਪਰਮੇਸ਼ੁਰ ਦੇ ਲੋਕਾਂ ਦੀਆਂ ਸਭਾਵਾਂ ਵਿਚ ਬਾਕਾਇਦਾ ਭਾਗ ਲੈਣ ਵਰਗੇ ਕੰਮ ਉਤਪੰਨ ਕਰਦੀ ਹੈ। (ਰੋਮੀਆਂ 10:14, 15; ਇਬਰਾਨੀਆਂ 10:24, 25) ਬਚਨ ਨੂੰ ਨਿਰਾ ਸੁਣਨ ਵਾਲਾ ਵਿਅਕਤੀ “ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ।” ਉਹ ਦੇਖਦਾ ਹੈ, ਫਿਰ ਚਲਾ ਜਾਂਦਾ ਹੈ ਅਤੇ ਭੁੱਲ ਜਾਂਦਾ ਹੈ ਕਿ ਆਪਣੀ ਸ਼ਕਲ ਠੀਕ ਕਰਨ ਵਾਸਤੇ ਕੀ ਕਰਨ ਦੀ ਜ਼ਰੂਰਤ ਹੈ। ‘ਬਚਨ ਉੱਤੇ ਅਮਲ ਕਰਨ ਵਾਲਿਆਂ’ ਵਜੋਂ, ਅਸੀਂ ਧਿਆਨਪੂਰਵਕ ਪਰਮੇਸ਼ੁਰ ਦੀ “ਪੂਰੀ ਸ਼ਰਾ” ਦਾ ਅਧਿਐਨ ਅਤੇ ਆਗਿਆਪਾਲਣ ਕਰਦੇ ਹਾਂ, ਅਤੇ ਇਸ ਸ਼ਰਾ ਵਿਚ ਉਹ ਸਭ ਕੁਝ ਸ਼ਾਮਲ ਹੈ ਜੋ ਉਹ ਸਾਡੇ ਤੋਂ ਮੰਗ ਕਰਦਾ ਹੈ। ਇਸ ਤਰ੍ਹਾਂ ਉਹ ਆਜ਼ਾਦੀ ਜੋ ਅਸੀਂ ਅਨੁਭਵ ਕਰਦੇ ਹਾਂ, ਪਾਪ ਅਤੇ ਮੌਤ ਦੀ ਗ਼ੁਲਾਮੀ ਦੇ ਬਿਲਕੁਲ ਉਲਟ ਹੈ, ਕਿਉਂਕਿ ਇਹ ਆਜ਼ਾਦੀ ਜੀਵਨ ਵੱਲ ਲੈ ਜਾਂਦੀ ਹੈ। ਇਸ ਲਈ ਆਓ ਅਸੀਂ ‘ਪੂਰੀ ਸ਼ਰਾ ਵਿਚ ਦੇਖਦੇ ਰਹੀਏ,’ ਅਰਥਾਤ ਉਸ ਨੂੰ ਹਮੇਸ਼ਾ ਜਾਂਚਦੇ ਅਤੇ ਉਸ ਦੀ ਆਗਿਆਪਾਲਣਾ ਕਰਦੇ ਰਹੀਏ। ਅਤੇ ਜ਼ਰਾ ਸੋਚੋ! ‘ਇਹੋ ਜਿਹੇ ਸੁਣਨ ਵਾਲੇ ਨਹੀਂ ਜੋ ਭੁੱਲ ਜਾਣ, ਸਗੋਂ ਕਰਮ ਦੇ ਕਰਤੇ’ ਹੋਣ ਕਰਕੇ, ਅਸੀਂ ਉਹ ਆਨੰਦ ਮਾਣਦੇ ਹਾਂ ਜੋ ਪਰਮੇਸ਼ੁਰ ਦੀ ਕਿਰਪਾ ਤੋਂ ਪਰਿਣਿਤ ਹੁੰਦਾ ਹੈ।—ਜ਼ਬੂਰ 19:7-11.
ਰਸਮੀ ਭਗਤੀ ਕਰਨ ਵਾਲਿਆਂ ਤੋਂ ਕਿਤੇ ਵੱਧ
19, 20. (ੳ) ਯਾਕੂਬ 1:26, 27 ਦੇ ਅਨੁਸਾਰ, ਸ਼ੁੱਧ ਉਪਾਸਨਾ ਸਾਡੇ ਤੋਂ ਕੀ ਮੰਗ ਕਰਦੀ ਹੈ? (ਅ) ਸ਼ੁੱਧ ਉਪਾਸਨਾ ਦੀਆਂ ਕਿਹੜੀਆਂ ਕੁਝ ਉਦਾਹਰਣਾਂ ਹਨ?
19 ਜੇਕਰ ਅਸੀਂ ਈਸ਼ਵਰੀ ਕਿਰਪਾ ਦਾ ਆਨੰਦ ਮਾਣਨਾ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸੱਚੀ ਉਪਾਸਨਾ ਕੇਵਲ ਰਸਮ ਹੀ ਨਹੀਂ ਹੈ। (ਯਾਕੂਬ 1:26, 27) ਅਸੀਂ ਸ਼ਾਇਦ ਸੋਚੀਏ ਕਿ ਅਸੀਂ ਯਹੋਵਾਹ ਦੇ ਪ੍ਰਵਾਨਣਯੋਗ ‘ਭਗਤੀ ਕਰਨ ਵਾਲੇ’ ਹਾਂ, ਪਰ ਅਸਲ ਵਿਚ ਉਸ ਦੀ ਸਾਡੇ ਸਾਰਿਆਂ ਬਾਰੇ ਰਾਇ ਮਹੱਤਵਪੂਰਣ ਗੱਲ ਹੈ। (1 ਕੁਰਿੰਥੀਆਂ 4:4) ‘ਜੀਭ ਨੂੰ ਲਗਾਮ ਚਾੜ੍ਹਨ’ ਤੋਂ ਅਸਫ਼ਲ ਹੋਣਾ ਇਕ ਗੰਭੀਰ ਨੁਕਸ ਹੋ ਸਕਦਾ ਹੈ। ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ ਜੇਕਰ ਅਸੀਂ ਸੋਚਦੇ ਹਾਂ ਕਿ ਪਰਮੇਸ਼ੁਰ ਸਾਡੀ ਉਪਾਸਨਾ ਨਾਲ ਪ੍ਰਸੰਨ ਹੈ ਜਦ ਕਿ ਅਸੀਂ ਦੂਸਰਿਆਂ ਤੇ ਤੁਹਮਤ ਲਾਉਂਦੇ ਹਾਂ, ਝੂਠ ਬੋਲਦੇ ਹਾਂ, ਜਾਂ ਹੋਰ ਤਰੀਕਿਆਂ ਵਿਚ ਜੀਭ ਦਾ ਗ਼ਲਤ ਇਸਤੇਮਾਲ ਕਰਦੇ ਹਾਂ। (ਲੇਵੀਆਂ 19:16; ਅਫ਼ਸੀਆਂ 4:25) ਯਕੀਨਨ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਾਰਨ ਸਾਡੀ “ਭਗਤੀ” ਪਰਮੇਸ਼ੁਰ ਨੂੰ “ਅਵਿਰਥੀ” ਅਤੇ ਨਾ-ਪ੍ਰਵਾਨਣਯੋਗ ਹੋਵੇ।
20 ਭਾਵੇਂ ਯਾਕੂਬ ਸ਼ੁੱਧ ਉਪਾਸਨਾ ਦੇ ਹਰੇਕ ਪਹਿਲੂ ਦਾ ਜ਼ਿਕਰ ਨਹੀਂ ਕਰਦਾ, ਉਹ ਕਹਿੰਦਾ ਹੈ ਕਿ ਇਸ ਵਿਚ “ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ” ਸ਼ਾਮਲ ਹੈ। (ਗਲਾਤੀਆਂ 2:10; 6:10; 1 ਯੂਹੰਨਾ 3:18) ਮਸੀਹੀ ਕਲੀਸਿਯਾ ਵਿਧਵਾਵਾਂ ਲਈ ਪ੍ਰਬੰਧ ਕਰਨ ਵਿਚ ਖ਼ਾਸ ਰੁਚੀ ਰੱਖਦੀ ਹੈ। (ਰਸੂਲਾਂ ਦੇ ਕਰਤੱਬ 6:1-6; 1 ਤਿਮੋਥਿਉਸ 5:8-10) ਕਿਉਂਕਿ ਪਰਮੇਸ਼ੁਰ ਵਿਧਵਾਵਾਂ ਅਤੇ ਅਨਾਥਾਂ ਦਾ ਰਖਵਾਲਾ ਹੈ, ਆਓ ਅਸੀਂ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਦੀ ਅਧਿਆਤਮਿਕ ਅਤੇ ਭੌਤਿਕ ਮਦਦ ਕਰਨ ਦੁਆਰਾ ਉਸ ਦੇ ਸਹਿਕਾਰੀ ਹੋਈਏ। (ਬਿਵਸਥਾ ਸਾਰ 10:17, 18) ਸ਼ੁੱਧ ਉਪਾਸਨਾ ਦਾ ਅਰਥ “ਆਪਣੇ ਆਪ ਨੂੰ ਜਗਤ,” ਅਰਥਾਤ ਸ਼ਤਾਨ ਦੇ ਵੱਸ ਵਿਚ ਮਾਨਵੀ ਸਮਾਜ, “ਤੋਂ ਨਿਹਕਲੰਕ ਰੱਖਣਾ” ਵੀ ਹੈ। (ਯੂਹੰਨਾ 17:16; 1 ਯੂਹੰਨਾ 5:19) ਇਸ ਲਈ ਆਓ ਅਸੀਂ ਸੰਸਾਰ ਦੇ ਅਧਰਮੀ ਆਚਰਣ ਤੋਂ ਮੁਕਤ ਰਹੀਏ ਤਾਂਕਿ ਅਸੀਂ ਯਹੋਵਾਹ ਦੀ ਵਡਿਆਈ ਕਰ ਸਕੀਏ ਅਤੇ ਉਸ ਦੀ ਸੇਵਾ ਵਿਚ ਉਪਯੋਗੀ ਹੋ ਸਕੀਏ।—2 ਤਿਮੋਥਿਉਸ 2:20-22.
21. ਯਾਕੂਬ ਦੀ ਪੱਤਰੀ ਦੇ ਸੰਬੰਧ ਵਿਚ, ਹੋਰ ਕਿਹੜੇ ਸਵਾਲ ਸਾਡੇ ਧਿਆਨ ਦੇ ਯੋਗ ਹਨ?
21 ਇੱਥੇ ਤਕ ਵਿਚਾਰ ਕੀਤੀ ਗਈ ਯਾਕੂਬ ਦੀ ਸਲਾਹ ਨੂੰ ਸਾਨੂੰ ਅਜ਼ਮਾਇਸ਼ਾਂ ਸਹਿਣ ਅਤੇ ਆਪਣੀ ਨਿਹਚਾ ਨੂੰ ਫੜੀ ਰੱਖਣ ਵਿਚ ਸਾਡੀ ਮਦਦ ਕਰਨੀ ਚਾਹੀਦੀ ਹੈ। ਇਸ ਸਲਾਹ ਨੂੰ ਚੰਗੇ ਦਾਨਾਂ ਦੇ ਪ੍ਰੇਮਮਈ ਦਾਤੇ ਲਈ ਸਾਡੀ ਕਦਰਦਾਨੀ ਵਧਾਉਣੀ ਚਾਹੀਦੀ ਹੈ। ਅਤੇ ਯਾਕੂਬ ਦੇ ਸ਼ਬਦ ਸ਼ੁੱਧ ਉਪਾਸਨਾ ਕਰਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ। ਉਹ ਹੋਰ ਕਿਨ੍ਹਾਂ ਵਿਸ਼ਿਆਂ ਵੱਲ ਸਾਡਾ ਧਿਆਨ ਖਿੱਚਦਾ ਹੈ? ਅਸੀਂ ਇਹ ਸਾਬਤ ਕਰਨ ਲਈ ਕਿ ਅਸੀਂ ਯਹੋਵਾਹ ਵਿਚ ਸੱਚੀ ਨਿਹਚਾ ਰੱਖਦੇ ਹਾਂ, ਹੋਰ ਕਿਹੜੇ ਕਦਮ ਚੁੱਕ ਸਕਦੇ ਹਾਂ?
[ਫੁਟਨੋਟ]
a ਇਸ ਲੇਖ ਅਤੇ ਇਸ ਤੋਂ ਮਗਰਲੇ ਦੋ ਲੇਖਾਂ ਦੇ ਨਿੱਜੀ ਜਾਂ ਪਰਿਵਾਰਕ ਅਧਿਐਨ ਦੌਰਾਨ, ਤੁਸੀਂ ਯਾਕੂਬ ਦੀ ਨਿਹਚਾ-ਵਧਾਉ ਪੱਤਰੀ ਦੇ ਹਰੇਕ ਉਲਿਖਤ ਸ਼ਾਸਤਰਵਚਨ ਨੂੰ ਪੜ੍ਹਨਾ ਖ਼ਾਸ ਕਰਕੇ ਲਾਭਦਾਇਕ ਪਾਓਗੇ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਅਜ਼ਮਾਇਸ਼ਾਂ ਨੂੰ ਸਹਿਣ ਲਈ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
◻ ਅਜ਼ਮਾਇਸ਼ਾਂ ਦੇ ਬਾਵਜੂਦ, ਮਸੀਹੀ ਕਿਉਂ ਖ਼ੁਸ਼ ਹੋ ਸਕਦੇ ਹਨ?
◻ ਅਸੀਂ ਬਚਨ ਉੱਤੇ ਅਮਲ ਕਰਨ ਵਾਲੇ ਕਿਵੇਂ ਹੋ ਸਕਦੇ ਹਾਂ?
◻ ਸ਼ੁੱਧ ਉਪਾਸਨਾ ਵਿਚ ਕੀ ਸ਼ਾਮਲ ਹੈ?
[ਸਫ਼ੇ 16 ਉੱਤੇ ਤਸਵੀਰ]
ਅਜ਼ਮਾਇਸ਼ ਅਧੀਨ, ਪ੍ਰਾਰਥਨਾਵਾਂ ਦਾ ਜਵਾਬ ਦੇਣ ਦੀ ਯਹੋਵਾਹ ਦੀ ਸ਼ਕਤੀ ਵਿਚ ਨਿਹਚਾ ਰੱਖੋ
[ਸਫ਼ੇ 17 ਉੱਤੇ ਤਸਵੀਰਾਂ]
“ਬਚਨ ਉਤੇ ਅਮਲ ਕਰਨ ਵਾਲੇ” ਸੰਸਾਰ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਐਲਾਨ ਕਰ ਰਹੇ ਹਨ