“ਤੁਸੀਂ ਪੂਰਾ ਪੂਰਾ ਅਨੰਦ ਕਰੋ”
‘ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਪਰਬ ਮਨਾਓ, ਤੁਸੀਂ ਪੂਰਾ ਪੂਰਾ ਅਨੰਦ ਕਰੋ।’—ਬਿਵਸਥਾ ਸਾਰ 16:15.
1. (ੳ) ਸ਼ਤਾਨ ਨੇ ਕਿਹੜੇ ਦੋ ਗੰਭੀਰ ਮਸਲੇ ਖੜ੍ਹੇ ਕੀਤੇ ਸਨ? (ਅ) ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਯਹੋਵਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?
ਜਦੋਂ ਸ਼ਤਾਨ ਦੇ ਉਕਸਾਉਣ ਤੇ ਆਦਮ ਅਤੇ ਹੱਵਾਹ ਨੇ ਆਪਣੇ ਸਿਰਜਣਹਾਰ ਖ਼ਿਲਾਫ਼ ਬਗਾਵਤ ਕੀਤੀ ਸੀ, ਉਦੋਂ ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਸੀ। ਪਹਿਲਾਂ ਤਾਂ ਸ਼ਤਾਨ ਨੇ ਯਹੋਵਾਹ ਦੀ ਈਮਾਨਦਾਰੀ ਅਤੇ ਉਸ ਦੇ ਰਾਜ ਕਰਨ ਦੇ ਤਰੀਕੇ ਨੂੰ ਲਲਕਾਰਿਆ। ਫਿਰ ਉਸ ਨੇ ਦਾਅਵਾ ਕੀਤਾ ਕਿ ਇਨਸਾਨ ਪਿਆਰ ਦੀ ਖ਼ਾਤਰ ਨਹੀਂ, ਸਗੋਂ ਆਪਣੇ ਸੁਆਰਥ ਲਈ ਪਰਮੇਸ਼ੁਰ ਦੀ ਭਗਤੀ ਕਰਦਾ ਹੈ। ਸਦੀਆਂ ਬਾਅਦ ਅੱਯੂਬ ਦੇ ਦਿਨਾਂ ਵਿਚ ਸ਼ਤਾਨ ਨੇ ਇਹੋ ਗੱਲ ਖੁੱਲ੍ਹ ਕੇ ਕਹੀ ਸੀ। (ਉਤਪਤ 3:1-6; ਅੱਯੂਬ 1:9, 10; 2:4, 5) ਜਦੋਂ ਆਦਮ ਤੇ ਹੱਵਾਹ ਅਜੇ ਅਦਨ ਦੇ ਬਾਗ਼ ਵਿਚ ਹੀ ਸਨ, ਉਦੋਂ ਹੀ ਯਹੋਵਾਹ ਨੇ ਇਨ੍ਹਾਂ ਗੰਭੀਰ ਮਸਲਿਆਂ ਨੂੰ ਹੱਲ ਕਰਨ ਦਾ ਉਪਾਅ ਦੱਸ ਦਿੱਤਾ ਸੀ। ਉਸ ਨੇ ਭਵਿੱਖਬਾਣੀ ਕੀਤੀ ਕਿ ਇਕ “ਸੰਤਾਨ” ਪੈਦਾ ਹੋਵੇਗੀ ਜਿਸ ਦੀ ਅੱਡੀ ਤੇ ਸ਼ਤਾਨ ਡੰਗ ਮਾਰੇਗਾ। ਪਰ ਅਖ਼ੀਰ ਵਿਚ ਇਹ ਸੰਤਾਨ ਸ਼ਤਾਨ ਦੇ ਸਿਰ ਨੂੰ ਫੇਹੇਗੀ।—ਉਤਪਤ 3:15.
2. ਉਤਪਤ 3:15 ਦੀ ਭਵਿੱਖਬਾਣੀ ਉੱਤੇ ਯਹੋਵਾਹ ਨੇ ਰੌਸ਼ਨੀ ਕਿਵੇਂ ਪਾਈ?
2 ਜਿਉਂ-ਜਿਉਂ ਸਮਾਂ ਬੀਤਦਾ ਗਿਆ, ਯਹੋਵਾਹ ਨੇ ਉਤਪਤ 3:15 ਦੀ ਭਵਿੱਖਬਾਣੀ ਉੱਤੇ ਹੋਰ ਰੌਸ਼ਨੀ ਪਾਈ। ਇਸ ਨਾਲ ਇਨਸਾਨਾਂ ਦਾ ਭਰੋਸਾ ਪੱਕਾ ਹੁੰਦਾ ਗਿਆ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ। ਮਿਸਾਲ ਲਈ, ਪਰਮੇਸ਼ੁਰ ਨੇ ਅਬਰਾਹਾਮ ਨੂੰ ਦੱਸਿਆ ਕਿ ਸੰਤਾਨ ਜਾਂ “ਅੰਸ” ਉਸ ਦੇ ਖ਼ਾਨਦਾਨ ਵਿਚ ਪੈਦਾ ਹੋਵੇਗੀ। (ਉਤਪਤ 22:15-18) ਬਾਅਦ ਵਿਚ ਅਬਰਾਹਾਮ ਦੇ ਪੋਤੇ ਯਾਕੂਬ ਤੋਂ ਇਸਰਾਏਲ ਦੇ 12 ਗੋਤ ਪੈਦਾ ਹੋਏ। 1513 ਈ. ਪੂ. ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਇਕ ਕੌਮ ਬਣਾ ਕੇ ਉਨ੍ਹਾਂ ਨੂੰ ਬਿਵਸਥਾ ਦਿੱਤੀ ਜਿਸ ਵਿਚ ਕਈ ਸਾਲਾਨਾ ਪਰਬ ਮਨਾਉਣ ਦਾ ਹੁਕਮ ਦਿੱਤਾ ਗਿਆ ਸੀ। ਪੌਲੁਸ ਰਸੂਲ ਨੇ ਕਿਹਾ ਕਿ ਇਹ ਪਰਬ “ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ” ਸਨ। (ਕੁਲੁੱਸੀਆਂ 2:16, 17; ਇਬਰਾਨੀਆਂ 10:1) ਇਨ੍ਹਾਂ ਪਰਬਾਂ ਤੋਂ ਸਾਨੂੰ ਉਤਪਤ 3:15 ਦੀ ਭਵਿੱਖਬਾਣੀ ਦੀ ਪੂਰਤੀ ਬਾਰੇ ਕਾਫ਼ੀ ਜਾਣਕਾਰੀ ਮਿਲਦੀ ਹੈ। ਇਹ ਪਰਬ ਇਸਰਾਏਲੀਆਂ ਲਈ ਬਹੁਤ ਹੀ ਖ਼ੁਸ਼ੀ ਦੇ ਮੌਕੇ ਸਨ। ਆਓ ਆਪਾਂ ਇਨ੍ਹਾਂ ਪਰਬਾਂ ਦੇ ਕੁਝ ਪਹਿਲੂਆਂ ਬਾਰੇ ਸਿੱਖੀਏ ਤਾਂ ਜੋ ਯਹੋਵਾਹ ਦੇ ਵਾਅਦਿਆਂ ਵਿਚ ਸਾਡਾ ਵਿਸ਼ਵਾਸ ਪੱਕਾ ਹੋਵੇ।
“ਸੰਤਾਨ” ਪ੍ਰਗਟ ਹੋਈ
3. ਵਾਅਦਾ ਕੀਤੀ ਹੋਈ ਸੰਤਾਨ ਕੌਣ ਸੀ ਅਤੇ ਉਸ ਦੀ ਅੱਡੀ ਤੇ ਡੰਗ ਕਿਵੇਂ ਮਾਰਿਆ ਗਿਆ ਸੀ?
3 ਉਤਪਤ 3:15 ਦੀ ਭਵਿੱਖਬਾਣੀ ਕੀਤੇ ਜਾਣ ਤੋਂ 4,000 ਤੋਂ ਜ਼ਿਆਦਾ ਸਾਲ ਬਾਅਦ “ਸੰਤਾਨ” ਪ੍ਰਗਟ ਹੋਈ। ਇਹ ਸੰਤਾਨ ਜਾਂ ਅੰਸ ਯਿਸੂ ਸੀ। (ਗਲਾਤੀਆਂ 3:16) ਯਿਸੂ ਇਕ ਮੁਕੰਮਲ ਇਨਸਾਨ ਸੀ ਜਿਸ ਨੇ ਮੌਤ ਤਕ ਵਫ਼ਾਦਾਰ ਰਹਿ ਕੇ ਸਾਬਤ ਕਰ ਦਿੱਤਾ ਕਿ ਸ਼ਤਾਨ ਦੇ ਸਾਰੇ ਦੋਸ਼ ਝੂਠੇ ਸਨ। ਇਸ ਤੋਂ ਇਲਾਵਾ, ਯਿਸੂ ਪਾਪੀ ਨਹੀਂ ਸੀ ਜਿਸ ਕਰਕੇ ਉਸ ਨੇ ਕਦੀ ਨਹੀਂ ਮਰਨਾ ਸੀ। ਇਸ ਲਈ ਉਸ ਦੀ ਮੌਤ ਇਕ ਅਜਿਹੀ ਕੁਰਬਾਨੀ ਸੀ ਜੋ ਆਦਮ ਤੇ ਹੱਵਾਹ ਦੀ ਵਫ਼ਾਦਾਰ ਔਲਾਦ ਨੂੰ ਪਾਪ ਤੇ ਮੌਤ ਤੋਂ ਛੁਡਾ ਸਕਦੀ ਹੈ। ਸ਼ਤਾਨ ਨੇ ਯਿਸੂ ਨੂੰ ਸੂਲੀ ਤੇ ਮਰਵਾ ਕੇ ਉਸ ਦੀ ‘ਅੱਡੀ ਨੂੰ ਡੰਗ ਮਾਰਿਆ।’—ਇਬਰਾਨੀਆਂ 9:11-14.
4. ਯਿਸੂ ਦੇ ਬਲੀਦਾਨ ਨੂੰ ਕਿਸ ਚੀਜ਼ ਰਾਹੀਂ ਦਰਸਾਇਆ ਗਿਆ ਸੀ?
4 ਯਿਸੂ 14 ਨੀਸਾਨ 33 ਈ. ਨੂੰ ਮਰਿਆ ਸੀ।a ਇਸਰਾਏਲੀ ਹਰ ਸਾਲ 14 ਨੀਸਾਨ ਨੂੰ ਪਸਾਹ ਦਾ ਖ਼ੁਸ਼ੀਆਂ-ਭਰਿਆ ਤਿਉਹਾਰ ਮਨਾਉਂਦੇ ਸਨ। ਇਸ ਦਿਨ ਤੇ ਪੂਰਾ ਪਰਿਵਾਰ ਇਕੱਠਾ ਭੋਜਨ ਕਰਦਾ ਸੀ ਜਿਸ ਵਿਚ ਇਕ ਤੰਦਰੁਸਤ ਲੇਲੇ ਦਾ ਭੁੰਨਿਆ ਮਾਸ ਤੇ ਹੋਰ ਕਈ ਚੀਜ਼ਾਂ ਹੁੰਦੀਆਂ ਸਨ। ਪਸਾਹ ਦਾ ਭੋਜਨ ਕਰ ਕੇ ਇਸਰਾਏਲੀ ਉਸ ਦਿਨ ਨੂੰ ਚੇਤੇ ਕਰਦੇ ਸਨ ਜਦੋਂ 1513 ਈ. ਪੂ. ਵਿਚ 14 ਨੀਸਾਨ ਨੂੰ ਲੇਲੇ ਦੇ ਲਹੂ ਸਦਕਾ ਉਨ੍ਹਾਂ ਦੇ ਪਲੌਠੇ ਬਚ ਗਏ ਸਨ ਜਦ ਕਿ ਮੌਤ ਦੇ ਦੂਤ ਨੇ ਮਿਸਰੀਆਂ ਦੇ ਪਲੌਠਿਆਂ ਨੂੰ ਮਾਰ ਮੁਕਾਇਆ ਸੀ। (ਕੂਚ 12:1-14) ਪਸਾਹ ਦਾ ਇਹ ਲੇਲਾ ਯਿਸੂ ਨੂੰ ਦਰਸਾਉਂਦਾ ਸੀ ਜਿਸ ਬਾਰੇ ਪੌਲੁਸ ਰਸੂਲ ਨੇ ਕਿਹਾ ਕਿ “ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।” (1 ਕੁਰਿੰਥੀਆਂ 5:7) ਪਸਾਹ ਦੇ ਲੇਲੇ ਦੇ ਲਹੂ ਦੀ ਤਰ੍ਹਾਂ ਯਿਸੂ ਦੇ ਲਹੂ ਸਦਕਾ ਬਹੁਤ ਸਾਰਿਆਂ ਨੂੰ ਮੌਤ ਤੋਂ ਛੁਟਕਾਰਾ ਮਿਲੇਗਾ।—ਯੂਹੰਨਾ 3:16, 36.
‘ਮੁਰਦਿਆਂ ਵਿੱਚੋਂ ਪਹਿਲਾ ਫਲ’
5, 6. (ੳ) ਯਿਸੂ ਨੂੰ ਕਦੋਂ ਜੀ ਉਠਾਇਆ ਗਿਆ ਸੀ ਅਤੇ ਮੂਸਾ ਦੀ ਬਿਵਸਥਾ ਵਿਚ ਇਸ ਨੂੰ ਕਿਵੇਂ ਦਰਸਾਇਆ ਗਿਆ ਸੀ? (ਅ) ਯਿਸੂ ਦੇ ਪੁਨਰ-ਉਥਾਨ ਨੇ ਉਤਪਤ 3:15 ਦੀ ਪੂਰਤੀ ਨੂੰ ਕਿਵੇਂ ਮੁਮਕਿਨ ਬਣਾਇਆ?
5 ਯਿਸੂ ਨੇ 14 ਨੀਸਾਨ ਨੂੰ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਮਨੁੱਖਜਾਤੀ ਦੀ ਮੁਕਤੀ ਦਾ ਮੁੱਲ ਭਰਿਆ। ਤੀਸਰੇ ਦਿਨ ਤੇ ਉਸ ਨੂੰ ਜੀ ਉਠਾਇਆ ਗਿਆ ਤਾਂਕਿ ਉਹ ਸਵਰਗ ਵਿਚ ਸਾਡੇ ਲਈ ਪਰਮੇਸ਼ੁਰ ਅੱਗੇ ਪੇਸ਼ ਹੋ ਸਕੇ। (ਇਬਰਾਨੀਆਂ 9:24) ਉਸ ਦਾ ਜੀ ਉੱਠਣਾ ਇਕ ਹੋਰ ਪਰਬ ਦੁਆਰਾ ਦਰਸਾਇਆ ਗਿਆ ਸੀ। 15 ਨੀਸਾਨ ਤੋਂ ਪਤੀਰੀ ਰੋਟੀ ਦਾ ਪਰਬ ਸ਼ੁਰੂ ਹੋ ਜਾਂਦਾ ਸੀ। ਉਸ ਦੇ ਅਗਲੇ ਦਿਨ 16 ਨੀਸਾਨ ਨੂੰ ਇਸਰਾਏਲੀ ਸਾਲ ਦੀ ਪਹਿਲੀ ਫ਼ਸਲ ਯਾਨੀ ਜੌਂ ਦੀ ਫ਼ਸਲ ਦੇ ਪਹਿਲੇ ਫਲ ਤੋਂ ਇਕ ਪੂਲਾ ਲਿਆ ਕੇ ਜਾਜਕ ਨੂੰ ਦਿੰਦੇ ਸਨ ਅਤੇ ਜਾਜਕ ਇਸ ਨੂੰ ਹਿਲਾ ਕੇ ਯਹੋਵਾਹ ਨੂੰ ਭੇਟ ਕਰਦਾ ਸੀ। (ਲੇਵੀਆਂ 23:6-14) ਇਸੇ ਤਰ੍ਹਾਂ 33 ਈ. ਵਿਚ 16 ਨੀਸਾਨ ਨੂੰ ਯਹੋਵਾਹ ਨੇ ਸ਼ਤਾਨ ਦੀ ਕੀਤੀ-ਕਰਾਈ ਤੇ ਪਾਣੀ ਫੇਰ ਦਿੱਤਾ। ਸ਼ਤਾਨ ਨੇ ਯਹੋਵਾਹ ਦੇ ‘ਵਫ਼ਾਦਾਰ ਅਤੇ ਸੱਚੇ ਗਵਾਹ’ ਯਿਸੂ ਨੂੰ ਸਦਾ ਲਈ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਯਹੋਵਾਹ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀ ਉਠਾ ਕੇ ਅਮਰਤਾ ਬਖ਼ਸ਼ ਦਿੱਤੀ!—ਪਰਕਾਸ਼ ਦੀ ਪੋਥੀ 3:14; 1 ਪਤਰਸ 3:18.
6 ਯਿਸੂ ‘ਮੁਰਦਿਆਂ ਵਿੱਚੋਂ ਪਹਿਲਾ ਫਲ’ ਸੀ। (1 ਕੁਰਿੰਥੀਆਂ 15:20) ਇਹ ਸੱਚ ਹੈ ਕਿ ਉਸ ਤੋਂ ਪਹਿਲਾਂ ਵੀ ਕੁਝ ਲੋਕ ਮਰੇ ਹੋਇਆਂ ਵਿੱਚੋਂ ਜੀ ਉਠਾਏ ਗਏ ਸਨ, ਪਰ ਉਹ ਫਿਰ ਤੋਂ ਮਰ ਗਏ ਸਨ। ਪਰ ਯਿਸੂ ਦੁਬਾਰਾ ਨਹੀਂ ਮਰਿਆ। ਇਸ ਦੀ ਬਜਾਇ, ਉਹ ਸਵਰਗ ਜਾ ਕੇ ਯਹੋਵਾਹ ਦੇ ਸੱਜੇ ਹੱਥ ਬੈਠ ਗਿਆ ਜਿੱਥੇ ਉਸ ਨੇ ਉਸ ਸਮੇਂ ਦੀ ਉਡੀਕ ਕੀਤੀ ਜਦੋਂ ਯਹੋਵਾਹ ਨੇ ਉਸ ਨੂੰ ਆਪਣੇ ਸਵਰਗੀ ਰਾਜ ਦਾ ਰਾਜਾ ਬਣਾਉਣਾ ਸੀ। (ਜ਼ਬੂਰਾਂ ਦੀ ਪੋਥੀ 110:1; ਰਸੂਲਾਂ ਦੇ ਕਰਤੱਬ 2:32, 33; ਇਬਰਾਨੀਆਂ 10:12, 13) ਅੱਜ ਯਿਸੂ ਰਾਜਾ ਬਣ ਚੁੱਕਾ ਹੈ ਅਤੇ ਉਸ ਨੂੰ ਯਹੋਵਾਹ ਦੇ ਵੈਰੀ ਸ਼ਤਾਨ ਦਾ ਸਿਰ ਫੇਹਣ ਅਤੇ ਉਸ ਦੀ ਸੰਤਾਨ ਨੂੰ ਨਾਸ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।—ਪਰਕਾਸ਼ ਦੀ ਪੋਥੀ 11:15, 18; 20:1-3, 10.
ਅਬਰਾਹਾਮ ਦੀ “ਅੰਸ” ਦੇ ਹੋਰ ਮੈਂਬਰ
7. ਹਫ਼ਤਿਆਂ ਦਾ ਪਰਬ ਕੀ ਸੀ?
7 ਯਿਸੂ ਹੀ ਉਹ ਸੰਤਾਨ ਸੀ ਜਿਸ ਦਾ ਵਾਅਦਾ ਅਦਨ ਦੇ ਬਾਗ਼ ਵਿਚ ਕੀਤਾ ਗਿਆ ਸੀ। ਉਹ ‘ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇਗਾ।’ (1 ਯੂਹੰਨਾ 3:8) ਪਰ ਅਬਰਾਹਾਮ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਦੀ “ਅੰਸ” ਸਿਰਫ਼ ਯਿਸੂ ਹੀ ਨਹੀਂ ਸੀ। ਯਹੋਵਾਹ ਨੇ ਕਿਹਾ ਕਿ ਅਬਰਾਹਾਮ ਦੀ ਅੰਸ “ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋਵੇਗੀ। (ਉਤਪਤ 22:17) ਇਸ ਤੋਂ ਪਤਾ ਲੱਗਦਾ ਹੈ ਕਿ ਇਸ ਅੰਸ ਦੇ ਹੋਰ ਵੀ ਮੈਂਬਰ ਹੋਣਗੇ। ਇਸ ਗੱਲ ਨੂੰ ਇਕ ਹੋਰ ਪਰਬ ਦੁਆਰਾ ਦਰਸਾਇਆ ਗਿਆ ਸੀ। ਇਸਰਾਏਲ ਵਿਚ 16 ਨੀਸਾਨ ਤੋਂ ਪੰਜਾਹ ਦਿਨਾਂ ਬਾਅਦ ਹਫ਼ਤਿਆਂ ਦਾ ਪਰਬ ਮਨਾਇਆ ਜਾਂਦਾ ਸੀ। ਇਸ ਬਾਰੇ ਬਿਵਸਥਾ ਵਿਚ ਲਿਖਿਆ ਸੀ: “ਸੱਤਵੇਂ ਸਬਤ ਦੇ ਅਗਲੇ ਭਲਕ ਤਾਈਂ ਤੁਸਾਂ ਪੰਜਾਹ ਦਿਨ ਗਿਣਨੇ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਮੈਦੇ ਦੀ ਭੇਟ ਨਵੀਂ ਚੜ੍ਹਾਉਣੀ। ਤੁਸਾਂ ਆਪਣੇ ਵਸੇਬਿਆਂ ਵਿੱਚੋਂ ਦੋ ਦਸਵੰਧਾਂ ਦੇ ਦੋ ਹਿਲਾਉਣ ਦੀਆਂ ਰੋਟੀਆਂ ਕੱਢਣੀਆਂ, ਓਹ ਮੈਦੇ ਦੀਆਂ ਹੋਣ, ਓਹ ਖਮੀਰ ਨਾਲ ਗੁੰਨ੍ਹੀਆਂ ਜਾਣ, ਉਹ ਯਹੋਵਾਹ ਦੇ ਅੱਗੇ ਪਹਿਲਾ ਫਲ ਹੈ।”b—ਲੇਵੀਆਂ 23:16, 17, 20.
8. ਸੰਨ 33 ਈ. ਦੇ ਪੰਤੇਕੁਸਤ ਦੇ ਦਿਨ ਤੇ ਕੀ ਹੋਇਆ ਸੀ?
8 ਯਿਸੂ ਦੇ ਦਿਨਾਂ ਵਿਚ ਹਫ਼ਤਿਆਂ ਦੇ ਪਰਬ ਨੂੰ ਪੰਤੇਕੁਸਤ ਕਿਹਾ ਜਾਂਦਾ ਸੀ। ਯੂਨਾਨੀ ਭਾਸ਼ਾ ਵਿਚ “ਪੰਤੇਕੁਸਤ” ਦਾ ਮਤਲਬ ਹੈ ਪੰਜਾਹਵਾਂ ਦਿਨ। ਸੰਨ 33 ਈ. ਦੇ ਪੰਤੇਕੁਸਤ ਦੇ ਦਿਨ ਤੇ ਯਿਸੂ ਮਸੀਹ ਨੇ ਮਹਾਨ ਜਾਜਕ ਦੀ ਹੈਸੀਅਤ ਵਿਚ ਯਰੂਸ਼ਲਮ ਵਿਖੇ ਇਕੱਠੇ ਹੋਏ ਆਪਣੇ 120 ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ। ਆਤਮਾ ਨਾਲ ਮਸਹ ਕੀਤੇ ਜਾਣ ਤੇ ਇਹ ਚੇਲੇ ਪਰਮੇਸ਼ੁਰ ਦੇ ਪੁੱਤਰ ਅਤੇ ਯਿਸੂ ਮਸੀਹ ਦੇ ਭਰਾ ਬਣ ਗਏ। (ਰੋਮੀਆਂ 8:15-17) ਉਹ ਇਕ ਨਵੀਂ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਦੇ ਪਹਿਲੇ ਮੈਂਬਰ ਬਣ ਗਏ। (ਗਲਾਤੀਆਂ 6:16) ਮਸਹ ਕੀਤੇ ਮਸੀਹੀਆਂ ਦੀ ਕੁਲ ਗਿਣਤੀ 1,44,000 ਹੋਵੇਗੀ।—ਪਰਕਾਸ਼ ਦੀ ਪੋਥੀ 7:1-4.
9, 10. ਪੰਤੇਕੁਸਤ ਦੇ ਪਰਬ ਦੌਰਾਨ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਸ ਚੀਜ਼ ਦੁਆਰਾ ਦਰਸਾਇਆ ਗਿਆ ਸੀ?
9 ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਪੰਤੇਕੁਸਤ ਦੇ ਦਿਨ ਯਹੋਵਾਹ ਨੂੰ ਚੜ੍ਹਾਈਆਂ ਜਾਂਦੀਆਂ ਦੋ ਖ਼ਮੀਰੀ ਰੋਟੀਆਂ ਦੁਆਰਾ ਦਰਸਾਇਆ ਗਿਆ ਸੀ। ਰੋਟੀਆਂ ਵਿਚ ਖ਼ਮੀਰ ਮਿਲੇ ਹੋਣ ਦਾ ਮਤਲਬ ਸੀ ਕਿ ਇਨ੍ਹਾਂ ਮਸੀਹੀਆਂ ਵਿਚ ਅਜੇ ਵੀ ਆਦਮ ਦਾ ਪਾਪ ਮੌਜੂਦ ਸੀ। ਪਰ ਫਿਰ ਵੀ ਉਹ ਯਿਸੂ ਦੇ ਬਲੀਦਾਨ ਸਦਕਾ ਯਹੋਵਾਹ ਦੀ ਕਿਰਪਾ ਪਾ ਸਕਦੇ ਸਨ। (ਰੋਮੀਆਂ 5:1, 2) ਪਰ ਦੋ ਰੋਟੀਆਂ ਕਿਉਂ? ਇਹ ਸ਼ਾਇਦ ਇਸ ਗੱਲ ਵੱਲ ਸੰਕੇਤ ਕਰਦਾ ਸੀ ਕਿ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਪੁੱਤਰ ਦੋ ਸਮੂਹਾਂ ਵਿੱਚੋਂ ਲਏ ਜਾਣਗੇ: ਪਹਿਲਾਂ ਯਹੂਦੀਆਂ ਵਿੱਚੋਂ ਤੇ ਫਿਰ ਹੋਰਨਾਂ ਕੌਮਾਂ ਵਿੱਚੋਂ।—ਗਲਾਤੀਆਂ 3:26-29; ਅਫ਼ਸੀਆਂ 2:13-18.
10 ਇਹ ਦੋ ਰੋਟੀਆਂ ਕਣਕ ਦੀ ਪਹਿਲੀ ਫ਼ਸਲ ਦੇ ਆਟੇ ਨਾਲ ਬਣਾਈਆਂ ਜਾਂਦੀਆਂ ਸਨ। ਇਸੇ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੀਆਂ “ਰਚਨਾਂ ਵਿੱਚੋਂ ਪਹਿਲੇ ਫਲ” ਕਿਹਾ ਜਾਂਦਾ ਹੈ। (ਯਾਕੂਬ 1:18) ਕਿਉਂ? ਕਿਉਂਕਿ ਪਾਪੀ ਇਨਸਾਨਾਂ ਵਿੱਚੋਂ ਉਹ ਪਹਿਲੇ ਹਨ ਜਿਨ੍ਹਾਂ ਨੂੰ ਯਿਸੂ ਦੇ ਲਹੂ ਦੇ ਆਧਾਰ ਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ। ਉਹ ਸਵਰਗ ਵਿਚ ਅਮਰਤਾ ਹਾਸਲ ਕਰਨਗੇ ਅਤੇ ਪਰਮੇਸ਼ੁਰ ਦੇ ਰਾਜ ਵਿਚ ਯਿਸੂ ਨਾਲ ਰਾਜ ਕਰਨਗੇ। (1 ਕੁਰਿੰਥੀਆਂ 15:53; ਫ਼ਿਲਿੱਪੀਆਂ 3:20, 21; ਪਰਕਾਸ਼ ਦੀ ਪੋਥੀ 20:6) ਰਾਜਿਆਂ ਦੇ ਤੌਰ ਤੇ ਉਹ ਨੇੜਲੇ ਭਵਿੱਖ ਵਿਚ ‘ਲੋਹੇ ਦੇ ਡੰਡੇ ਨਾਲ ਕੌਮਾਂ ਉੱਤੇ ਹਕੂਮਤ ਕਰਨਗੇ’ ਅਤੇ ਪਰਮੇਸ਼ੁਰ ‘ਸ਼ਤਾਨ ਨੂੰ ਉਨ੍ਹਾਂ ਦੇ ਪੈਰਾਂ ਦੇ ਹੇਠ ਮਿੱਧੇਗਾ।’ (ਪਰਕਾਸ਼ ਦੀ ਪੋਥੀ 2:26, 27; ਰੋਮੀਆਂ 16:20) ਉਨ੍ਹਾਂ ਬਾਰੇ ਯੂਹੰਨਾ ਰਸੂਲ ਨੇ ਕਿਹਾ: “ਏਹ ਓਹ ਹਨ ਭਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ। ਏਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।”—ਪਰਕਾਸ਼ ਦੀ ਪੋਥੀ 14:4.
ਮੁਕਤੀ ਨੂੰ ਦਰਸਾਉਂਦਾ ਪਰਬ
11, 12. (ੳ) ਪ੍ਰਾਸਚਿਤ ਦੇ ਦਿਨ ਕੀ-ਕੀ ਕੀਤਾ ਜਾਂਦਾ ਸੀ? (ਅ) ਬਲਦ ਅਤੇ ਦੋ ਬੱਕਰਿਆਂ ਦੇ ਚੜ੍ਹਾਵਿਆਂ ਤੋਂ ਇਸਰਾਏਲੀਆਂ ਨੂੰ ਕੀ ਫ਼ਾਇਦੇ ਹੁੰਦੇ ਸਨ?
11 ਏਥਾਨੀਮ (ਤਿਸ਼ਰੀ) ਮਹੀਨੇc ਦੇ ਦਸਵੇਂ ਦਿਨ ਤੇ ਇਸਰਾਏਲ ਵਿਚ ਇਕ ਹੋਰ ਪਰਬ ਮਨਾਇਆ ਜਾਂਦਾ ਸੀ ਜੋ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਯਿਸੂ ਦੇ ਬਲੀਦਾਨ ਦੁਆਰਾ ਸਾਡੇ ਪਾਪ ਕਿਵੇਂ ਮਾਫ਼ ਕੀਤੇ ਜਾਣਗੇ। ਇਸ ਪਰਬ ਨੂੰ ਪ੍ਰਾਸਚਿਤ ਦਾ ਦਿਨ ਕਿਹਾ ਜਾਂਦਾ ਸੀ। ਉਸ ਦਿਨ ਸਾਰੀ ਕੌਮ ਇਕੱਠੀ ਹੁੰਦੀ ਸੀ ਤਾਂਕਿ ਉਨ੍ਹਾਂ ਦੇ ਪਾਪਾਂ ਦੇ ਪ੍ਰਾਸਚਿਤ ਲਈ ਬਲੀਆਂ ਚੜ੍ਹਾਈਆਂ ਜਾਣ।—ਲੇਵੀਆਂ 16:29, 30.
12 ਪ੍ਰਾਸਚਿਤ ਦੇ ਦਿਨ ਤੇ ਪ੍ਰਧਾਨ ਜਾਜਕ ਇਕ ਜਵਾਨ ਬਲਦ ਝਟਕਾਉਂਦਾ ਸੀ। ਫਿਰ ਉਹ ਇਸ ਦਾ ਥੋੜ੍ਹਾ ਜਿਹਾ ਲਹੂ ਲੈ ਕੇ ਯਹੋਵਾਹ ਦੇ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿਚ ਜਾਂਦਾ ਸੀ। ਉੱਥੇ ਨੇਮ ਦੇ ਸੰਦੂਕ ਦੇ ਸਰਪੋਸ਼ ਯਾਨੀ ਢੱਕਣ ਦੇ ਅੱਗੇ ਉਹ ਸੱਤ ਵਾਰ ਲਹੂ ਛਿੜਕ ਕੇ ਯਹੋਵਾਹ ਨੂੰ ਚੜ੍ਹਾਉਂਦਾ ਸੀ। ਇਹ ਬਲੀ ਪ੍ਰਧਾਨ ਜਾਜਕ ਅਤੇ ਉਸ ਦੇ “ਟੱਬਰ” ਯਾਨੀ ਸਾਰੇ ਉਪ-ਜਾਜਕਾਂ ਅਤੇ ਲੇਵੀਆਂ ਦੇ ਪਾਪਾਂ ਦੇ ਪ੍ਰਾਸਚਿਤ ਲਈ ਚੜ੍ਹਾਈ ਜਾਂਦੀ ਸੀ। ਇਸ ਤੋਂ ਬਾਅਦ ਪ੍ਰਧਾਨ ਜਾਜਕ ਦੋ ਬੱਕਰੇ ਲੈਂਦਾ ਸੀ। ਇਕ ਨੂੰ ਉਹ ਲੋਕਾਂ ਦੇ ਪਾਪਾਂ ਦੇ ਪ੍ਰਾਸਚਿਤ ਲਈ ਬਲੀ ਕਰਦਾ ਸੀ। ਇਸ ਬਲੀ ਦੇ ਬੱਕਰੇ ਦਾ ਥੋੜ੍ਹਾ ਜਿਹਾ ਲਹੂ ਵੀ ਅੱਤ ਪਵਿੱਤਰ ਸਥਾਨ ਵਿਚ ਸੰਦੂਕ ਦੇ ਸਰਪੋਸ਼ ਅੱਗੇ ਛਿੜਕਿਆ ਜਾਂਦਾ ਸੀ। ਬਾਅਦ ਵਿਚ ਪ੍ਰਧਾਨ ਜਾਜਕ ਆਪਣੇ ਦੋਵੇਂ ਹੱਥ ਦੂਸਰੇ ਬੱਕਰੇ ਦੇ ਸਿਰ ਉੱਤੇ ਧਰ ਕੇ ਇਸਰਾਏਲੀਆਂ ਦੀਆਂ ਬਦੀਆਂ ਦਾ ਇਕਬਾਲ ਕਰਦਾ ਸੀ। ਫਿਰ ਇਸ ਬੱਕਰੇ ਨੂੰ ਲਿਜਾ ਕੇ ਉਜਾੜ ਵਿਚ ਛੱਡ ਦਿੱਤਾ ਜਾਂਦਾ ਸੀ ਮਾਨੋ ਉਹ ਇਸਰਾਏਲ ਦੇ ਪਾਪਾਂ ਨੂੰ ਦੂਰ ਲੈ ਜਾਂਦਾ ਸੀ।—ਲੇਵੀਆਂ 16:3-16, 21, 22.
13. ਪ੍ਰਾਸਚਿਤ ਦੇ ਦਿਨ ਦੀਆਂ ਰਸਮਾਂ ਕਿਸ ਗੱਲ ਦਾ ਪਰਛਾਵਾਂ ਸਨ?
13 ਪ੍ਰਾਸਚਿਤ ਦੇ ਦਿਨ ਦੀਆਂ ਰਸਮਾਂ ਇਸ ਗੱਲ ਦਾ ਪਰਛਾਵਾਂ ਸਨ ਕਿ ਯਿਸੂ ਮਸੀਹ ਮਹਾਨ ਜਾਜਕ ਦੀ ਹੈਸੀਅਤ ਵਿਚ ਆਪਣੇ ਲਹੂ ਦੇ ਆਧਾਰ ਤੇ ਇਨਸਾਨਾਂ ਦੇ ਪਾਪ ਮਾਫ਼ ਕਰੇਗਾ। ਪਹਿਲਾਂ ਯਿਸੂ ਦੇ ਲਹੂ ਦਾ ਲਾਭ ਉਸ ਦੇ “ਆਤਮਕ ਘਰ” ਯਾਨੀ ਮਸਹ ਕੀਤੇ ਹੋਏ 1,44,000 ਮਸੀਹੀਆਂ ਨੂੰ ਮਿਲਦਾ ਹੈ ਜਿਸ ਕਰਕੇ ਉਹ ਯਹੋਵਾਹ ਦੀ ਨਜ਼ਰ ਵਿਚ ਧਰਮੀ ਤੇ ਸ਼ੁੱਧ ਠਹਿਰਦੇ ਹਨ। (1 ਪਤਰਸ 2:5; 1 ਕੁਰਿੰਥੀਆਂ 6:11) ਇਸ ਹਕੀਕਤ ਨੂੰ ਬਲਦ ਦੀ ਬਲੀ ਦੁਆਰਾ ਦਰਸਾਇਆ ਗਿਆ ਸੀ। ਯਿਸੂ ਦੀ ਬਲੀ ਸਦਕਾ ਮਸਹ ਕੀਤੇ ਹੋਏ ਮਸੀਹੀ ਸਵਰਗ ਜਾ ਕੇ ਯਿਸੂ ਨਾਲ ਰਾਜ ਕਰ ਸਕਦੇ ਹਨ। ਦੂਜਾ, ਯਿਸੂ ਵਿਚ ਨਿਹਚਾ ਕਰਨ ਵਾਲੇ ਲੱਖਾਂ ਲੋਕ ਵੀ ਉਸ ਦੇ ਲਹੂ ਤੋਂ ਲਾਭ ਹਾਸਲ ਕਰਦੇ ਹਨ। ਇਸ ਨੂੰ ਬੱਕਰੇ ਦੀ ਬਲੀ ਦੁਆਰਾ ਦਰਸਾਇਆ ਗਿਆ ਸੀ। ਇਨ੍ਹਾਂ ਲੋਕਾਂ ਨੂੰ ਧਰਤੀ ਉੱਤੇ ਸਦਾ ਦਾ ਜੀਵਨ ਬਖ਼ਸ਼ਿਆ ਜਾਵੇਗਾ, ਜੋ ਜੀਵਨ ਆਦਮ ਤੇ ਹੱਵਾਹ ਨੇ ਗੁਆ ਦਿੱਤਾ ਸੀ। (ਜ਼ਬੂਰਾਂ ਦੀ ਪੋਥੀ 37:10, 11) ਇਸ ਤੋਂ ਇਲਾਵਾ, ਉਜਾੜ ਵਿਚ ਛੱਡਿਆ ਗਿਆ ਜੀਉਂਦਾ ਬੱਕਰਾ ਇਸ ਗੱਲ ਨੂੰ ਸੰਕੇਤ ਕਰਦਾ ਸੀ ਕਿ ਯਿਸੂ ਆਪਣੇ ਲਹੂ ਦੇ ਆਧਾਰ ਤੇ ਮਨੁੱਖਜਾਤੀ ਦੇ ਪਾਪਾਂ ਨੂੰ ਦੂਰ ਕਰ ਦਿੰਦਾ ਹੈ।—ਯਸਾਯਾਹ 53:4, 5.
ਯਹੋਵਾਹ ਅੱਗੇ ਆਨੰਦ ਕਰੋ
14, 15. ਡੇਰਿਆਂ ਦੇ ਪਰਬ ਦੌਰਾਨ ਇਸਰਾਏਲੀ ਕੀ ਕਰਦੇ ਸਨ ਅਤੇ ਇਸ ਤੋਂ ਉਨ੍ਹਾਂ ਨੂੰ ਕੀ ਚੇਤੇ ਆਉਂਦਾ ਸੀ?
14 ਪ੍ਰਾਸਚਿਤ ਦੇ ਦਿਨ ਤੋਂ ਬਾਅਦ ਇਸਰਾਏਲੀ ਡੇਰਿਆਂ ਦਾ ਪਰਬ ਮਨਾਉਂਦੇ ਸਨ ਜੋ ਕਿ ਯਹੂਦੀਆਂ ਲਈ ਵੱਡੀ ਖ਼ੁਸ਼ੀ ਦਾ ਮੌਕਾ ਹੁੰਦਾ ਸੀ। (ਲੇਵੀਆਂ 23:34-43) ਇਹ ਪਰਬ ਏਥਾਨੀਮ ਮਹੀਨੇ ਦੀ 15 ਤੋਂ 21 ਤਾਰੀਖ਼ ਤਕ ਮਨਾਇਆ ਜਾਂਦਾ ਸੀ ਅਤੇ 22 ਤਾਰੀਖ਼ ਨੂੰ ਇਕ ਖ਼ਾਸ ਮੇਲਾ ਲੱਗਦਾ ਸੀ। ਇਹ ਪਰਬ ਵਾਢੀ ਦੀ ਸਮਾਪਤੀ ਨੂੰ ਦਰਸਾਉਂਦਾ ਸੀ ਅਤੇ ਸਾਰੇ ਲੋਕ ਚੰਗੀ ਫ਼ਸਲ ਲਈ ਪਰਮੇਸ਼ੁਰ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਸਨ। ਇਸੇ ਲਈ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਵਾਧੇ ਵਿੱਚ ਅਤੇ ਤੁਹਾਡੇ ਹੱਥ ਦੇ ਸਾਰੇ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਪੂਰਾ ਪੂਰਾ ਅਨੰਦ ਕਰੋ।” (ਬਿਵਸਥਾ ਸਾਰ 16:15) ਪਰਬ ਦੇ ਇਨ੍ਹਾਂ ਦਿਨਾਂ ਤੇ ਪੂਰੇ ਦੇਸ਼ ਵਿਚ ਖ਼ੁਸ਼ੀਆਂ-ਖੇੜਿਆਂ ਭਰਿਆ ਮਾਹੌਲ ਹੁੰਦਾ ਸੀ।
15 ਉਸ ਪਰਬ ਦੌਰਾਨ ਇਸਰਾਏਲੀ ਸੱਤ ਦਿਨਾਂ ਲਈ ਛੱਪਰੀਆਂ ਵਿਚ ਰਹਿੰਦੇ ਸਨ। ਇਸ ਤਰ੍ਹਾਂ ਕਰ ਕੇ ਉਹ ਉਸ ਸਮੇਂ ਨੂੰ ਚੇਤੇ ਕਰਦੇ ਸਨ ਜਦੋਂ ਉਹ ਉਜਾੜ ਵਿਚ ਡੇਰਿਆਂ ਵਿਚ ਵੱਸਦੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੀ ਰਾਖੀ ਤੇ ਦੇਖ-ਭਾਲ ਕੀਤੀ ਸੀ। (ਬਿਵਸਥਾ ਸਾਰ 8:15, 16) ਪਰਬ ਦੌਰਾਨ ਅਮੀਰ ਤੇ ਗ਼ਰੀਬ ਸਾਰੇ ਮਿਲਦੀਆਂ-ਜੁਲਦੀਆਂ ਛੱਪਰੀਆਂ ਵਿਚ ਵੱਸਦੇ ਸਨ। ਇਸ ਗੱਲ ਨੇ ਉਨ੍ਹਾਂ ਨੂੰ ਚੇਤੇ ਕਰਾਇਆ ਕਿ ਪਰਬ ਮਨਾਉਣ ਦੇ ਸੰਬੰਧ ਵਿਚ ਉਹ ਸਭ ਬਰਾਬਰ ਸਨ।—ਨਹਮਯਾਹ 8:14-16.
16. ਡੇਰਿਆਂ ਦਾ ਪਰਬ ਕਿਸ ਕੰਮ ਨੂੰ ਦਰਸਾਉਂਦਾ ਸੀ?
16 ਡੇਰਿਆਂ ਦਾ ਪਰਬ ਫ਼ਸਲ ਇਕੱਠੀ ਕਰਨ ਦਾ ਖ਼ੁਸ਼ੀਆਂ-ਭਰਿਆ ਤਿਉਹਾਰ ਸੀ। ਇਹ ਯਿਸੂ ਮਸੀਹ ਵਿਚ ਨਿਹਚਾ ਕਰਨ ਵਾਲਿਆਂ ਨੂੰ ਇਕੱਠੇ ਕਰਨ ਦੇ ਕੰਮ ਨੂੰ ਦਰਸਾਉਂਦਾ ਸੀ। ਇਹ ਕੰਮ 33 ਈ. ਦੇ ਪੰਤੇਕੁਸਤ ਦੇ ਦਿਨ ਸ਼ੁਰੂ ਹੋਇਆ ਜਦੋਂ ਯਿਸੂ ਦੇ 120 ਚੇਲਿਆਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ। ਉਦੋਂ ਉਹ “ਜਾਜਕਾਂ ਦੀ ਪਵਿੱਤਰ ਮੰਡਲੀ” ਬਣ ਗਏ। ਜਿਵੇਂ ਇਸਰਾਏਲੀ ਕੁਝ ਦਿਨ ਛੱਪਰੀਆਂ ਵਿਚ ਰਹਿੰਦੇ ਸਨ, ਉਵੇਂ ਹੀ ਮਸਹ ਕੀਤੇ ਹੋਏ ਮਸੀਹੀ ਜਾਣਦੇ ਹਨ ਕਿ ਉਹ ਇਸ ਕੁਧਰਮੀ ਸੰਸਾਰ ਵਿਚ ਬਸ “ਮੁਸਾਫ਼ਰ” ਹੀ ਹਨ ਅਤੇ ਉਨ੍ਹਾਂ ਨੇ ਇਕ ਦਿਨ ਸਵਰਗ ਚਲੇ ਜਾਣਾ ਹੈ। (1 ਪਤਰਸ 2:5, 11) ਅੱਜ “ਅੰਤ ਦਿਆਂ ਦਿਨਾਂ” ਵਿਚ ਇਨ੍ਹਾਂ 1,44,000 ਮਸਹ ਕੀਤੇ ਹੋਏ ਮਸੀਹੀਆਂ ਦੇ ਆਖ਼ਰੀ ਮੈਂਬਰ ਇਕੱਠੇ ਕੀਤੇ ਗਏ ਹਨ।—2 ਤਿਮੋਥਿਉਸ 3:1.
17, 18. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਮਸਹ ਕੀਤੇ ਹੋਏ ਮਸੀਹੀਆਂ ਤੋਂ ਇਲਾਵਾ ਹੋਰ ਲੋਕ ਵੀ ਯਿਸੂ ਦੇ ਬਲੀਦਾਨ ਤੋਂ ਲਾਭ ਹਾਸਲ ਕਰਨਗੇ? (ਅ) ਯੂਹੰਨਾ ਰਸੂਲ ਨੇ ਦਰਸ਼ਣ ਵਿਚ ਕਿਨ੍ਹਾਂ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਦੇਖਿਆ ਸੀ ਅਤੇ ਡੇਰਿਆਂ ਦੇ ਪਰਬ ਦੁਆਰਾ ਦਰਸਾਈਆਂ ਗਈਆਂ ਗੱਲਾਂ ਕਦੋਂ ਪੂਰੀਆਂ ਹੋਣਗੀਆਂ?
17 ਧਿਆਨ ਦਿਓ ਕਿ ਇਸ ਪ੍ਰਾਚੀਨ ਪਰਬ ਦੌਰਾਨ 70 ਵਹਿੜਕਿਆਂ ਦੀ ਬਲੀ ਚੜ੍ਹਾਈ ਜਾਂਦੀ ਸੀ। (ਗਿਣਤੀ 29:12-34) ਅੰਕ 70, 7 ਗੁਣਾ 10 ਨੂੰ ਦਰਸਾਉਂਦਾ ਹੈ। ਬਾਈਬਲ ਵਿਚ ਅੰਕ 7 ਸਵਰਗੀ ਮੁਕੰਮਲਤਾ ਅਤੇ ਅੰਕ 10 ਜ਼ਮੀਨੀ ਮੁਕੰਮਲਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨੂਹ ਤੋਂ ਉਤਪੰਨ ਹੋਏ 70 ਪਰਿਵਾਰਾਂ ਵਿੱਚੋਂ ਸਾਰੇ ਵਫ਼ਾਦਾਰ ਲੋਕ ਯਿਸੂ ਦੇ ਬਲੀਦਾਨ ਤੋਂ ਲਾਭ ਹਾਸਲ ਕਰਨਗੇ। (ਉਤਪਤ 10:1-29) ਇਸ ਗੱਲ ਦੀ ਪੂਰਤੀ ਵਿਚ ਅੱਜ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਲੋਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਯਿਸੂ ਵਿਚ ਨਿਹਚਾ ਕਰਦੇ ਹਨ ਅਤੇ ਮਸੀਹਾਈ ਰਾਜ ਅਧੀਨ ਧਰਤੀ ਉੱਤੇ ਹਮੇਸ਼ਾ ਰਹਿਣ ਦੀ ਉਮੀਦ ਰੱਖਦੇ ਹਨ।
18 ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਇਨ੍ਹਾਂ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਦੇਖਿਆ ਸੀ। ਪਹਿਲਾਂ ਤਾਂ ਉਸ ਨੇ ਦਰਸ਼ਣ ਵਿਚ ਸੁਣਿਆ ਕਿ 1,44,000 ਮਸਹ ਕੀਤੇ ਹੋਏ ਮਸੀਹੀਆਂ ਉੱਤੇ ਮੁਹਰ ਲੱਗ ਚੁੱਕੀ ਹੈ। ਫਿਰ ਉਸ ਨੇ “ਇੱਕ ਵੱਡੀ ਭੀੜ” ਦੇਖੀ ਜਿਸ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਸੀ। ਇਹ ਲੋਕ “ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ” ਯਹੋਵਾਹ ਅਤੇ ਯਿਸੂ ਅੱਗੇ ਖੜ੍ਹੇ ਸਨ। ਉਹ “ਵੱਡੀ ਬਿਪਤਾ ਵਿੱਚੋਂ” ਬਚ ਕੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਰਹਿਣਗੇ। ਉਹ ਵੀ ਇਸ ਕੁਧਰਮੀ ਸੰਸਾਰ ਵਿਚ ਪਰਦੇਸੀ ਹਨ ਕਿਉਂਕਿ ਉਹ ਉਸ ਸਮੇਂ ਵਿਚ ਜੀਣ ਦੀ ਆਸ ਰੱਖਦੇ ਹਨ ਜਦੋਂ “ਲੇਲਾ . . . ਓਹਨਾਂ ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ।” ਉਦੋਂ “ਪਰਮੇਸ਼ੁਰ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 7:1-10, 14-17) ਡੇਰਿਆਂ ਦੇ ਪਰਬ ਦੁਆਰਾ ਦਰਸਾਈਆਂ ਗਈਆਂ ਸਾਰੀਆਂ ਗੱਲਾਂ ਉਦੋਂ ਪੂਰੀਆਂ ਹੋ ਜਾਣਗੀਆਂ ਜਦੋਂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਵਿਚ ਵੱਡੀ ਭੀੜ ਨੂੰ ਅਤੇ ਮੁਰਦਿਆਂ ਵਿੱਚੋਂ ਜੀ ਉਠਾਏ ਗਏ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਪਰਕਾਸ਼ ਦੀ ਪੋਥੀ 20:5.
19. ਇਸਰਾਏਲ ਵਿਚ ਮਨਾਏ ਜਾਂਦੇ ਪਰਬਾਂ ਉੱਤੇ ਗੌਰ ਕਰਨ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
19 ਪ੍ਰਾਚੀਨ ਯਹੂਦੀ ਪਰਬਾਂ ਦੀ ਮਹੱਤਤਾ ਉੱਤੇ ਗੌਰ ਕਰ ਕੇ ਅਸੀਂ ਵੀ ‘ਪੂਰਾ ਪੂਰਾ ਅਨੰਦ ਕਰਦੇ ਹਾਂ।’ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਪ੍ਰਾਚੀਨ ਯਹੂਦੀ ਪਰਬਾਂ ਦੁਆਰਾ ਸਾਨੂੰ ਇਸ ਗੱਲ ਦੀ ਝਲਕ ਦਿਖਾਈ ਕਿ ਉਹ ਅਦਨ ਦੇ ਬਾਗ਼ ਵਿਚ ਕੀਤੀ ਆਪਣੀ ਭਵਿੱਖਬਾਣੀ ਨੂੰ ਕਿਵੇਂ ਪੂਰਾ ਕਰੇਗਾ। ਅੱਜ ਅਸੀਂ ਇਸ ਭਵਿੱਖਬਾਣੀ ਨੂੰ ਹੌਲੀ-ਹੌਲੀ ਪੂਰਾ ਹੁੰਦਾ ਦੇਖ ਕੇ ਕਿੰਨੇ ਖ਼ੁਸ਼ ਹਾਂ! ਅਸੀਂ ਜਾਣਦੇ ਹਾਂ ਕਿ ਵਾਅਦਾ ਕੀਤੀ ਗਈ ਸੰਤਾਨ ਆ ਚੁੱਕੀ ਹੈ ਅਤੇ ਉਸ ਦੀ ਅੱਡੀ ਤੇ ਡੰਗ ਮਾਰਿਆ ਗਿਆ ਹੈ। ਹੁਣ ਉਹ ਸਵਰਗ ਵਿਚ ਰਾਜਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ 1,44,000 ਵਿੱਚੋਂ ਜ਼ਿਆਦਾਤਰ ਮਸੀਹੀ ਮੌਤ ਤਕ ਵਫ਼ਾਦਾਰ ਰਹਿ ਕੇ ਸਵਰਗ ਜਾ ਚੁੱਕੇ ਹਨ। ਹੁਣ ਹੋਰ ਕੀ ਪੂਰਾ ਹੋਣਾ ਬਾਕੀ ਹੈ? ਉਤਪਤ 3:15 ਦੀ ਭਵਿੱਖਬਾਣੀ ਦੀ ਮੁਕੰਮਲ ਪੂਰਤੀ ਕਦੋਂ ਹੋਵੇਗੀ? ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।
[ਫੁਟਨੋਟ]
a ਨੀਸਾਨ ਦਾ ਮਹੀਨਾ ਅੱਜ ਸਾਡੇ ਕਲੰਡਰ ਦੇ ਹਿਸਾਬ ਨਾਲ ਮਾਰਚ/ਅਪ੍ਰੈਲ ਦੇ ਮਹੀਨੇ ਆਉਂਦਾ ਹੈ।
b ਇਨ੍ਹਾਂ ਦੋ ਰੋਟੀਆਂ ਦੀ ਭੇਟ ਚੜ੍ਹਾਉਣ ਵੇਲੇ ਜਾਜਕ ਅਕਸਰ ਰੋਟੀਆਂ ਨੂੰ ਹੱਥਾਂ ਤੇ ਰੱਖ ਕੇ ਅਤੇ ਹੱਥ ਉਤਾਹਾਂ ਚੁੱਕ ਕੇ ਖੱਬੇ-ਸੱਜੇ ਹਿਲਾਉਂਦਾ ਸੀ। ਇੱਦਾਂ ਕਰਨ ਦਾ ਮਤਲਬ ਸੀ ਕਿ ਇਹ ਰੋਟੀਆਂ ਯਹੋਵਾਹ ਨੂੰ ਚੜ੍ਹਾਈਆਂ ਜਾ ਰਹੀਆਂ ਸਨ।
c ਏਥਾਨੀਮ ਜਾਂ ਤਿਸ਼ਰੀ ਦਾ ਮਹੀਨਾ ਸਾਡੇ ਕਲੰਡਰ ਦੇ ਹਿਸਾਬ ਨਾਲ ਸਤੰਬਰ/ਅਕਤੂਬਰ ਦੇ ਮਹੀਨੇ ਆਉਂਦਾ ਹੈ।
ਕੀ ਤੁਸੀਂ ਸਮਝਾ ਸਕਦੇ ਹੋ?
• ਪਸਾਹ ਦਾ ਲੇਲਾ ਕਿਸ ਗੱਲ ਨੂੰ ਦਰਸਾਉਂਦਾ ਸੀ?
• ਪੰਤੇਕੁਸਤ ਦਾ ਤਿਉਹਾਰ ਕਿਨ੍ਹਾਂ ਦੇ ਇਕੱਠੇ ਕੀਤੇ ਜਾਣ ਨੂੰ ਦਰਸਾਉਂਦਾ ਸੀ?
• ਪ੍ਰਾਸਚਿਤ ਦੇ ਦਿਨ ਦੀਆਂ ਕਿਹੜੀਆਂ ਗੱਲਾਂ ਯਿਸੂ ਦੇ ਬਲੀਦਾਨ ਤੋਂ ਪ੍ਰਾਪਤ ਹੋਏ ਲਾਭ ਨੂੰ ਦਰਸਾਉਂਦੀਆਂ ਸਨ?
• ਡੇਰਿਆਂ ਦੇ ਪਰਬ ਨੇ ਕਿਵੇਂ ਦਿਖਾਇਆ ਕਿ ਮਸੀਹੀਆਂ ਨੂੰ ਇਕੱਠਾ ਕੀਤਾ ਜਾਵੇਗਾ?
[ਸਫ਼ੇ 22, 23 ਉੱਤੇ ਚਾਰਟ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਪਰਛਾਵਾਂ: ਅਸਲੀਅਤ:
ਪਸਾਹ 14 ਨੀਸਾਨ ਪਸਾਹ ਦੇ ਲੇਲੇ ਦਾ ਯਿਸੂ ਦੀ
ਝਟਕਾਉਣਾ ਕੁਰਬਾਨੀ
ਪਤੀਰੀ ਰੋਟੀ 15 ਨੀਸਾਨ ਸਬਤ
ਦਾ ਪਰਬ
(15-21 ਨੀਸਾਨ) 16 ਨੀਸਾਨ ਜੌਂ ਦੇ ਪੂਲੇ ਦੀ ਭੇਟ ਯਿਸੂ ਦਾ ਜੀ
ਉੱਠਣਾ
↑
50 ਦਿਨ
↓
ਹਫ਼ਤਿਆਂ ਦਾ 6 ਸੀਵਾਨ ਦੋ ਰੋਟੀਆਂ ਦਾ ਚੜ੍ਹਾਵਾ ਯਿਸੂ ਦੇ ਮਸਹ
ਤਿਉਹਾਰ (ਪੰਤੇਕੁਸਤ) ਕੀਤੇ ਹੋਏ ਭਰਾ
ਪ੍ਰਾਸਚਿਤ ਦਾ ਦਿਨ 10 ਤਿਸ਼ਰੀ ਇਕ ਬਲਦ ਅਤੇ ਦੋ ਯਿਸੂ ਦੇ ਲਹੂ ਦਾ
ਬੱਕਰਿਆਂ ਦਾ ਚੜ੍ਹਾਵਾ ਸਾਰੀ ਮਨੁੱਖਜਾਤੀ
ਨੂੰ ਲਾਭ
ਡੇਰਿਆਂ ਦਾ ਪਰਬ 15-21 ਤਿਸ਼ਰੀ ਇਸਰਾਏਲੀ ਛੱਪਰੀਆਂ ਵਿਚ ਮਸਹ ਕੀਤੇ
(ਫ਼ਸਲ ਇਕੱਠੀ ਕਰਨ ਰਹਿੰਦੇ ਸਨ ਅਤੇ ਫ਼ਸਲ ਮਸੀਹੀਆਂ ਅਤੇ
ਦਾ ਪਰਬ) ਇਕੱਠੀ ਹੋਣ ਤੇ ਖ਼ੁਸ਼ੀਆਂ “ਵੱਡੀ ਭੀੜ”
ਮਨਾਉਂਦੇ ਸਨ, 70 ਵਹਿੜਕੇ ਦਾ ਇਕੱਠਾ
ਚੜ੍ਹਾਏ ਜਾਂਦੇ ਸਨ ਕੀਤਾ ਜਾਣਾ
[ਸਫ਼ਾ 21 ਉੱਤੇ ਤਸਵੀਰਾਂ]
ਪਸਾਹ ਦੇ ਲੇਲੇ ਦੇ ਲਹੂ ਦੀ ਤਰ੍ਹਾਂ ਯਿਸੂ ਦੇ ਲਹੂ ਸਦਕਾ ਬਹੁਤ ਸਾਰਿਆਂ ਨੂੰ ਮੌਤ ਤੋਂ ਛੁਡਾਇਆ ਜਾਵੇਗਾ
[ਸਫ਼ਾ 22 ਉੱਤੇ ਤਸਵੀਰਾਂ]
16 ਨੀਸਾਨ ਨੂੰ ਜੌਂ ਦੀ ਫ਼ਸਲ ਦੇ ਪਹਿਲੇ ਫਲ ਦੀ ਭੇਟ ਯਿਸੂ ਦੇ ਜੀ ਉੱਠਣ ਦਾ ਪਰਛਾਵਾਂ ਸੀ
[ਸਫ਼ਾ 23 ਉੱਤੇ ਤਸਵੀਰਾਂ]
ਪੰਤੇਕੁਸਤ ਦੇ ਦਿਨ ਚੜ੍ਹਾਈਆਂ ਜਾਂਦੀਆਂ ਦੋ ਰੋਟੀਆਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦੀਆਂ ਸਨ
[ਸਫ਼ਾ 24 ਉੱਤੇ ਤਸਵੀਰਾਂ]
ਡੇਰਿਆਂ ਦਾ ਖ਼ੁਸ਼ੀਆਂ ਭਰਿਆ ਪਰਬ ਇਸ ਗੱਲ ਦਾ ਪਰਛਾਵਾਂ ਸੀ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਅਤੇ ਸਾਰੀਆਂ ਕੌਮਾਂ ਵਿੱਚੋਂ ਇਕ “ਵੱਡੀ ਭੀੜ” ਨੂੰ ਇਕੱਠਾ ਕੀਤਾ ਜਾਵੇਗਾ