ਚੰਗੀ ਤਰ੍ਹਾਂ ਸੋਚ ਕੇ ਕਦਮ ਚੁੱਕੋ
ਇਸ ਸੀਨ ਬਾਰੇ ਸੋਚੋ: ਯਿਸੂ ਆਪਣੇ ਚੇਲਿਆਂ ਨੂੰ ਕਹਿ ਰਿਹਾ ਹੈ ਕਿ ਯਰੂਸ਼ਲਮ ਵਿਚ ਧਾਰਮਿਕ ਵੈਰੀਆਂ ਦੇ ਹੱਥੀਂ ਤਸੀਹੇ ਸਹਿ ਕੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ। ਉਸ ਦੇ ਜਿਗਰੀ ਦੋਸਤ, ਪਤਰਸ ਰਸੂਲ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ। ਉਹ ਯਿਸੂ ਨੂੰ ਇਕ ਪਾਸੇ ਲੈ ਜਾ ਕੇ ਉਸ ਨੂੰ ਝਿੜਕ ਕੇ ਕਹਿੰਦਾ ਹੈ ਕਿ ਉਸ ਨੂੰ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਿਨਾਂ ਸ਼ੱਕ ਪਤਰਸ ਤਾਂ ਆਪਣੇ ਮਿੱਤਰ ਯਿਸੂ ਬਾਰੇ ਹੀ ਸੋਚ ਰਿਹਾ ਸੀ ਕਿਉਂਕਿ ਉਸ ਨੂੰ ਉਸ ਦਾ ਫ਼ਿਕਰ ਸੀ। ਪਰ ਪਤਰਸ ਦੀ ਸੋਚਣੀ ਬਾਰੇ ਯਿਸੂ ਦਾ ਕੀ ਖ਼ਿਆਲ ਸੀ? ਉਸ ਨੇ ਪਤਰਸ ਨੂੰ ਕਿਹਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”—ਮੱਤੀ 16:21-23.
ਪਤਰਸ ਨੂੰ ਕਿੰਨੀ ਚੋਟ ਲੱਗੀ ਹੋਣੀ! ਆਪਣੇ ਪਿਆਰੇ ਮਾਲਕ ਨੂੰ ਇਸ ਔਖੀ ਘੜੀ ਵਿਚ ਸਹਾਰਾ ਤੇ ਮਦਦ ਦੇਣ ਦੀ ਬਜਾਇ, ਉਹ ਉਸ ਲਈ “ਠੋਕਰ” ਦਾ ਕਾਰਨ ਬਣਿਆ। ਇਹ ਕਿਸ ਤਰ੍ਹਾਂ ਹੋਇਆ? ਪਤਰਸ ਸ਼ਾਇਦ ਉਸ ਗੱਲ ਦਾ ਸ਼ਿਕਾਰ ਬਣ ਗਿਆ ਸੀ ਜੋ ਇਨਸਾਨਾਂ ਵਿਚ ਆਮ ਹੈ ਯਾਨੀ ਉਸ ਨੇ ਉਹੀ ਸੋਚਿਆ ਜੋ ਉਸ ਨੂੰ ਚੰਗਾ ਲੱਗਾ।
ਆਪਣੀ ਨਿਗਾਹ ਵਿਚ ਸਿਆਣੇ ਨਾ ਬਣੋ
ਜੇ ਅਸੀਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੁੰਦੇ ਹਾਂ, ਤਾਂ ਇਹ ਸੋਚਣਾ ਕਿ ਅਸੀਂ ਸਭ ਕੁਝ ਜਾਣਦੇ ਹਾਂ ਖ਼ਤਰਨਾਕ ਸਾਬਤ ਹੋ ਸਕਦਾ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਇਹ ਚੇਤਾਵਨੀ ਦਿੱਤੀ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” (1 ਕੁਰਿੰਥੀਆਂ 10:12) ਪੌਲੁਸ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ? ਯਕੀਨਨ ਉਹ ਜਾਣਦਾ ਸੀ ਕਿ ਇਨਸਾਨਾਂ ਦੇ ਸੋਚ-ਵਿਚਾਰ ਭ੍ਰਿਸ਼ਟ ਹੋ ਸਕਦੇ ਹਨ ਅਤੇ ਮਸੀਹੀਆਂ ਦੇ ਮਨ ਵੀ “ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ” ਸਕਦੇ ਹਨ।—2 ਕੁਰਿੰਥੀਆਂ 11:3.
ਪੌਲੁਸ ਦੇ ਪਿਉ-ਦਾਦਿਆਂ ਦੀ ਇਕ ਪੂਰੀ ਦੀ ਪੂਰੀ ਪੀੜ੍ਹੀ ਨਾਲ ਇਸ ਤਰ੍ਹਾਂ ਹੋਇਆ ਸੀ। ਉਸ ਵੇਲੇ ਯਹੋਵਾਹ ਨੇ ਉਸ ਪੀੜ੍ਹੀ ਨੂੰ ਕਿਹਾ: “ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ।” (ਯਸਾਯਾਹ 55:8) ਉਹ “ਆਪਣੀ ਨਿਗਾਹ ਵਿੱਚ ਸਿਆਣੇ” ਬਣ ਗਏ ਸਨ ਅਤੇ ਇਸ ਦੇ ਨਤੀਜੇ ਬਹੁਤ ਬੁਰੇ ਨਿਕਲੇ ਸਨ। (ਯਸਾਯਾਹ 5:21) ਤਾਂ ਫਿਰ, ਬੁਰੇ ਨਤੀਜਿਆਂ ਤੋਂ ਬਚਣ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਜੇ ਅਸੀਂ ਆਪਣੀ ਸੋਚਣੀ ਸਹੀ ਰੱਖਣ ਦੀ ਕੋਸ਼ਿਸ਼ ਕਰੀਏ।
ਦੁਨਿਆਵੀ ਸੋਚ-ਵਿਚਾਰਾਂ ਤੋਂ ਦੂਰ ਰਹੋ
ਕੁਰਿੰਥੁਸ ਸ਼ਹਿਰ ਵਿਚ ਕਈ ਭੈਣ-ਭਰਾ ਦੁਨਿਆਵੀ ਸੋਚ-ਵਿਚਾਰਾਂ ਦੇ ਸ਼ਿਕਾਰ ਬਣ ਗਏ ਸਨ। (1 ਕੁਰਿੰਥੀਆਂ 3:1-3) ਪਰਮੇਸ਼ੁਰ ਦੇ ਬਚਨ ਦੀ ਬਜਾਇ ਉਹ ਮਨੁੱਖੀ ਫ਼ਲਸਫ਼ਿਆਂ ਉੱਤੇ ਜ਼ਿਆਦਾ ਭਰੋਸਾ ਰੱਖਦੇ ਸਨ। ਬਿਨਾਂ ਸ਼ੱਕ ਯੂਨਾਨੀ ਫ਼ਿਲਾਸਫ਼ਰ ਕਾਫ਼ੀ ਪੜ੍ਹੇ-ਲਿਖੇ ਅਤੇ ਚੁਸਤ ਆਦਮੀ ਸਨ। ਲੇਕਿਨ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਮੂਰਖ ਸਨ। ਪੌਲੁਸ ਨੇ ਕਿਹਾ: “ਲਿਖਿਆ ਹੋਇਆ ਹੈ,—ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤੁਰਾਈ ਨੂੰ ਰੱਦ ਕਰਾਂਗਾ। ਕਿੱਥੇ ਬੁੱਧਵਾਨ? ਕਿੱਥੇ ਗ੍ਰੰਥੀ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?” (1 ਕੁਰਿੰਥੀਆਂ 1:19, 20) ਇਹ ਪੜ੍ਹੇ-ਲਿਖੇ ਵਿਅਕਤੀ ਪਰਮੇਸ਼ੁਰ ਦੀ ਆਤਮਾ ਅਨੁਸਾਰ ਨਹੀਂ, ਸਗੋਂ ‘ਜਗਤ ਦੀ ਆਤਮਾ’ ਅਨੁਸਾਰ ਚੱਲਦੇ ਸਨ। (1 ਕੁਰਿੰਥੀਆਂ 2:12) ਉਨ੍ਹਾਂ ਦੇ ਖ਼ਿਆਲ ਤੇ ਫ਼ਲਸਫ਼ੇ ਪਰਮੇਸ਼ੁਰ ਦੇ ਖ਼ਿਆਲਾਂ ਤੋਂ ਬਹੁਤ ਵੱਖਰੇ ਸਨ।
ਦੁਨਿਆਵੀ ਸੋਚਾਂ ਦੀ ਜੜ੍ਹ ਸ਼ਤਾਨ ਹੈ, ਜਿਸ ਨੇ ਹੱਵਾਹ ਨੂੰ ਭਰਮਾਉਣ ਲਈ ਸੱਪ ਨੂੰ ਇਸਤੇਮਾਲ ਕੀਤਾ ਸੀ। (ਉਤਪਤ 3:1-6; 2 ਕੁਰਿੰਥੀਆਂ 11:3) ਕੀ ਸ਼ਤਾਨ ਵੱਲੋਂ ਸਾਨੂੰ ਵੀ ਖ਼ਤਰਾ ਹੈ? ਜੀ ਹਾਂ! ਪਰਮੇਸ਼ੁਰ ਦੇ ਬਚਨ ਅਨੁਸਾਰ ਉਸ ਨੇ ਲੋਕਾਂ “ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ” ਹਨ ਅਤੇ ਉਹ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (2 ਕੁਰਿੰਥੀਆਂ 4:4; ਪਰਕਾਸ਼ ਦੀ ਪੋਥੀ 12:9) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਉਸ ਦੀਆਂ ਖ਼ਤਰਨਾਕ ਚਾਲਾਂ ਤੋਂ ਸਾਵਧਾਨ ਰਹੀਏ!—2 ਕੁਰਿੰਥੀਆਂ 2:11.
“ਮਨੁੱਖਾਂ ਦੀ ਠੱਗ ਵਿੱਦਿਆ” ਤੋਂ ਸਾਵਧਾਨ ਰਹੋ
ਪੌਲੁਸ ਰਸੂਲ ਨੇ “ਮਨੁੱਖਾਂ ਦੀ ਠੱਗ ਵਿੱਦਿਆ” ਬਾਰੇ ਵੀ ਚੇਤਾਵਨੀ ਦਿੱਤੀ ਸੀ। (ਅਫ਼ਸੀਆਂ 4:14) ਉਸ ਨੂੰ “ਛਲ ਵਲ ਕਰਨ ਵਾਲੇ” ਬੰਦੇ ਮਿਲੇ ਸਨ ਜੋ ਸੱਚਾਈ ਦੱਸਣ ਦਾ ਦਾਅਵਾ ਤਾਂ ਕਰਦੇ ਸਨ, ਪਰ ਅਸਲ ਵਿਚ ਉਹ ਸੱਚਾਈ ਨੂੰ ਤੋੜ-ਮਰੋੜ ਕੇ ਦੱਸਦੇ ਸਨ। (2 ਕੁਰਿੰਥੀਆਂ 11:12-15) ਆਪਣਾ ਮਕਸਦ ਪੂਰਾ ਕਰਨ ਲਈ, ਅਜਿਹੇ ਬੰਦੇ ਚਲਾਕੀ ਨਾਲ ਝੂਠ ਬੋਲਦੇ ਜਾਂ ਪੂਰੀ ਗੱਲ ਦੱਸਣ ਦੀ ਬਜਾਇ ਉੱਨੀ ਹੀ ਗੱਲ ਦੱਸਦੇ ਸਨ ਜਿੰਨੀ ਦੱਸਣ ਵਿਚ ਉਨ੍ਹਾਂ ਨੂੰ ਖ਼ੁਦ ਫ਼ਾਇਦਾ ਹੁੰਦਾ ਸੀ। ਉਹ ਆਪਣੀਆਂ ਗੱਲਾਂ ਰਾਹੀਂ ਲੋਕਾਂ ਦਿਆਂ ਜਜ਼ਬਾਤਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਸਨ।
ਅਫ਼ਵਾਹਾਂ ਫੈਲਾਉਣ ਵਾਲੇ ਲੋਕ ਦੂਸਰਿਆਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ “ਸੈਕਟ” ਜਾਂ “ਫਿਰਕਾ” ਸੱਦਦੇ ਹਨ। ਯੂਰਪੀ ਕੌਂਸਲ ਨੂੰ ਸਲਾਹ ਦਿੱਤੀ ਗਈ ਸੀ ਕਿ ਚੰਗਾ ਹੋਵੇਗਾ ਜੇ ਨਵੇਂ ਧਾਰਮਿਕ ਸਮੂਹਾਂ ਦੀ ਛਾਣ-ਬੀਣ ਕਰਦੇ ਸਮੇਂ ਅਧਿਕਾਰੀ ਉਨ੍ਹਾਂ ਨੂੰ “ਕੱਲਟ” ਜਾਂ ਫਿਰਕਾ ਨਾ ਸੱਦਣ। ਇਹ ਸਲਾਹ ਕਿਉਂ ਦਿੱਤੀ ਗਈ ਸੀ? ਕਿਉਂਕਿ ਜਦ ਇਹ ਸ਼ਬਦ ਕਿਸੇ ਸਮੂਹ ਲਈ ਵਰਤਿਆ ਜਾਂਦਾ ਹੈ, ਤਾਂ ਲੋਕ ਇਸ ਸਮੂਹ ਨੂੰ ਬੁਰਾ ਸਮਝਣ ਲੱਗ ਪੈਂਦੇ ਹਨ। ਉਸ ਨੇ ਅੱਗੇ ਕਿਹਾ: “ਅੱਜ-ਕੱਲ੍ਹ ਕਈ ਲੋਕ ਸਮਝਦੇ ਹਨ ਕਿ ‘ਕੱਲਟ’ ਵੱਲੋਂ ਉਨ੍ਹਾਂ ਨੂੰ ਵੱਡਾ ਖ਼ਤਰਾ ਹੁੰਦਾ ਹੈ।” ਇਸੇ ਤਰ੍ਹਾਂ, ਯੂਨਾਨੀ ਫ਼ਿਲਾਸਫ਼ਰਾਂ ਨੇ ਪੌਲੁਸ ਰਸੂਲ ਉੱਤੇ ਗ਼ਲਤ ਦੋਸ਼ ਲਾ ਕੇ ਉਸ ਨੂੰ “ਬਕਵਾਦੀ” ਸੱਦਿਆ ਸੀ। ਇੱਥੇ ਬਾਈਬਲ ਦੀ ਮੁਢਲੀ ਭਾਸ਼ਾ ਵਿਚ ਇਸ ਦਾ ਮਤਲਬ ਸੀ “ਦਾਣੇ ਚੁਗਣ ਵਾਲਾ।” ਉਨ੍ਹਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਪੌਲੁਸ ਸਿਰਫ਼ ਗੱਪਾਂ-ਛੱਪਾਂ ਮਾਰਨ ਵਾਲਾ ਸੀ, ਜੋ ਇੱਧਰੋਂ-ਉੱਧਰੋਂ ਗੱਲਾਂ ਸੁਣ ਕੇ ਅੱਗੇ ਦੱਸਦਾ ਸੀ। ਪਰ ਅਸਲ ਵਿਚ ਪੌਲੁਸ “ਯਿਸੂ ਦੀ ਅਰ ਕਿਆਮਤ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਸੀ।”—ਰਸੂਲਾਂ ਦੇ ਕਰਤੱਬ 17:18.
ਕੀ ਅਫ਼ਵਾਹਾਂ ਫੈਲਾਉਣ ਵਾਲੇ ਕਾਮਯਾਬ ਹੋਏ ਹਨ? ਜੀ ਹਾਂ, ਜ਼ਰੂਰ ਹੋਏ ਹਨ। ਇਨ੍ਹਾਂ ਨੇ ਦੂਸਰਿਆਂ ਦੇਸ਼ਾਂ ਦੇ ਲੋਕਾਂ ਤੇ ਉਨ੍ਹਾਂ ਦੇ ਧਰਮਾਂ ਬਾਰੇ ਲੋਕਾਂ ਦੇ ਮਨਾਂ ਵਿਚ ਗ਼ਲਤ ਵਿਚਾਰ ਪੈਦਾ ਕੀਤੇ ਹਨ। ਇਨ੍ਹਾਂ ਕਰਕੇ ਲੋਕ ਹੋਰਨਾਂ ਦੀ ਜਾਤ ਅਤੇ ਮਜ਼ਹਬ ਕਰਕੇ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ। ਇਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਨੇ ਘੱਟ ਗਿਣਤੀ ਵਾਲੇ ਸਮੂਹਾਂ ਨੂੰ ਦੂਸਰਿਆਂ ਦੀਆਂ ਨਜ਼ਰਾਂ ਵਿਚ ਘਟੀਆ ਸਾਬਤ ਕੀਤਾ ਹੈ। ਅਡੌਲਫ਼ ਹਿਟਲਰ ਨੇ ਇਨ੍ਹਾਂ ਤਰੀਕਿਆਂ ਨੂੰ ਵਰਤ ਕੇ ਯਹੂਦੀ ਲੋਕਾਂ ਤੇ ਹੋਰਨਾਂ ਸਮੂਹਾਂ ਨੂੰ “ਗਿਰੇ ਹੋਏ,” “ਦੁਸ਼ਟ” ਅਤੇ ਸਰਕਾਰ ਨੂੰ “ਖ਼ਤਰਾ” ਪੇਸ਼ ਕਰਨ ਵਾਲੇ ਕਿਹਾ ਸੀ। ਆਓ ਆਪਾਂ ਕਦੀ ਵੀ ਅਜਿਹੀਆਂ ਚਲਾਕ ਗੱਲਾਂ ਨੂੰ ਸਾਡਿਆਂ ਮਨਾਂ ਵਿਚ ਜ਼ਹਿਰ ਨਾ ਭਰਨ ਦੇਈਏ।—ਰਸੂਲਾਂ ਦੇ ਕਰਤੱਬ 28:19-22.
ਆਪਣੇ ਆਪ ਨੂੰ ਧੋਖਾ ਨਾ ਦਿਓ
ਕਦੀ-ਕਦੀ ਅਸੀਂ ਆਪਣੇ ਆਪ ਨੂੰ ਹੀ ਧੋਖਾ ਦੇ ਸਕਦੇ ਹਾਂ। ਅਸਲ ਵਿਚ, ਜਦ ਸਾਡੇ ਮਨ ਵਿਚ ਅਜਿਹਾ ਵਿਚਾਰ ਹੁੰਦਾ ਹੈ ਜਿਸ ਨੂੰ ਅਸੀਂ ਬਹੁਤ ਚਿਰ ਤੋਂ ਸੱਚ ਮੰਨਦੇ ਆਏ ਹਾਂ, ਤਾਂ ਇਸ ਨੂੰ ਰੱਦ ਕਰਨਾ ਮੁਸ਼ਕਲ ਹੋ ਸਕਦਾ ਹੈ। ਕਿਉਂ? ਕਿਉਂਕਿ ਸਾਨੂੰ ਸਾਡੇ ਵਿਚਾਰ ਸਹੀ ਲੱਗਦੇ ਹਨ। ਫਿਰ ਅਸੀਂ ਉਹੀ ਗ਼ਲਤ ਵਿਚਾਰਾਂ ਨੂੰ ਸਹੀ ਸਾਬਤ ਕਰਨ ਲਈ ਆਪਣੇ ਆਪ ਨੂੰ ਵੀ ਮਨਾ ਲੈਂਦੇ ਹਾਂ। ਜੀ ਹਾਂ, ਅਸੀਂ ਆਪਣੇ ਆਪ ਨੂੰ ਹੀ ਧੋਖਾ ਦੇ ਬੈਠਦੇ ਹਾਂ।
ਇਸ ਤਰ੍ਹਾਂ ਪਹਿਲੀ ਸਦੀ ਦੇ ਕੁਝ ਮਸੀਹੀਆਂ ਨਾਲ ਵੀ ਹੋਇਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਪਰਮੇਸ਼ੁਰ ਦੇ ਬਚਨ ਵਿਚ ਕੀ-ਕੀ ਲਿਖਿਆ ਹੋਇਆ ਸੀ, ਪਰ ਉਨ੍ਹਾਂ ਨੇ ਆਪਣੀ ਸੋਚਣੀ ਨੂੰ ਇਸ ਦੇ ਮੁਤਾਬਕ ਨਹੀਂ ਢਾਲ਼ਿਆ। ਗ਼ਲਤ ਸੋਚਾਂ ਵਿਚ ਪੈ ਕੇ ਉਨ੍ਹਾਂ ਨੇ “ਆਪਣੇ ਆਪ ਨੂੰ ਧੋਖਾ” ਦਿੱਤਾ। (ਯਾਕੂਬ 1:22, 26) ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ? ਜਦ ਸਾਨੂੰ ਕੋਈ ਸਾਡਿਆਂ ਵਿਸ਼ਵਾਸਾਂ ਉੱਤੇ ਸਵਾਲ ਕਰਦਾ ਹੈ, ਤਾਂ ਕੀ ਅਸੀਂ ਗੁੱਸੇ ਹੋ ਜਾਂਦੇ ਹਾਂ? ਗੁੱਸਾ ਕਰਨ ਦੀ ਬਜਾਇ, ਇਹ ਸਮਝਦਾਰੀ ਦੀ ਗੱਲ ਹੋਵੇਗੀ ਜੇ ਅਸੀਂ ਹੋਰਨਾਂ ਦੇ ਵਿਚਾਰ ਵੀ ਧਿਆਨ ਨਾਲ ਸੁਣੀਏ, ਉਦੋਂ ਵੀ ਜਦੋਂ ਸਾਨੂੰ ਪੂਰਾ ਯਕੀਨ ਹੋਵੇ ਕਿ ਜੋ ਅਸੀਂ ਮੰਨਦੇ ਹਾਂ ਉਹ ਬਿਲਕੁਲ ਸਹੀ ਹੈ।—ਕਹਾਉਤਾਂ 18:17.
“ਪਰਮੇਸ਼ੁਰ ਦੇ ਗਿਆਨ” ਦੀ ਭਾਲ ਕਰੋ
ਆਪਣੀ ਸੋਚਣੀ ਨੂੰ ਸਹੀ ਰੱਖਣ ਲਈ ਅਸੀਂ ਕੀ ਕਰ ਸਕਦੇ ਹਾਂ? ਇਸ ਵਿਚ ਸਾਨੂੰ ਬਹੁਤ ਮਦਦ ਦਿੱਤੀ ਗਈ ਹੈ, ਪਰ ਇਸ ਮਦਦ ਦਾ ਫ਼ਾਇਦਾ ਉਠਾਉਣ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,— ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।” (ਕਹਾਉਤਾਂ 2:1-5) ਜੀ ਹਾਂ, ਜੇ ਅਸੀਂ ਖ਼ੁਦ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਆਪਣੇ ਮਨਾਂ ਤੇ ਦਿਲਾਂ ਵਿਚ ਬਿਠਾਉਣ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਬੁੱਧ, ਸਮਝ ਅਤੇ ਗਿਆਨ ਹਾਸਲ ਕਰਾਂਗੇ। ਅਸਲ ਵਿਚ ਅਸੀਂ ਉਨ੍ਹਾਂ ਚੀਜ਼ਾਂ ਦੀ ਭਾਲ ਕਰਦੇ ਹੋਵਾਂਗੇ ਜੋ ਚਾਂਦੀ ਜਾਂ ਹੋਰ ਕਿਸੇ ਖ਼ਜ਼ਾਨੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹਨ।—ਕਹਾਉਤਾਂ 3:13-15.
ਸਹੀ ਤਰ੍ਹਾਂ ਸੋਚਣ ਲਈ ਬੁੱਧ ਅਤੇ ਗਿਆਨ ਲਾਜ਼ਮੀ ਹਨ। ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ: “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ, ਜਿਹੜੇ ਸਚਿਆਈ ਦਿਆਂ ਰਾਹਾਂ ਨੂੰ ਛੱਡ ਕੇ ਅਨ੍ਹੇਰੇ ਰਾਹਾਂ ਵਿੱਚ ਤੁਰਦੇ ਹਨ।”—ਕਹਾਉਤਾਂ 2:10-13.
ਜਦੋਂ ਸਾਡੇ ਉੱਤੇ ਕੋਈ ਦਬਾਅ ਆਉਂਦਾ ਹੈ ਜਾਂ ਸਾਨੂੰ ਕੋਈ ਖ਼ਤਰਾ ਹੁੰਦਾ ਹੈ, ਤਾਂ ਖ਼ਾਸ ਕਰਕੇ ਉਸ ਵੇਲੇ ਸਾਨੂੰ ਪਰਮੇਸ਼ੁਰ ਦੇ ਵਿਚਾਰਾਂ ਨੂੰ ਮਨ ਵਿਚ ਰੱਖ ਕੇ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਡਰ ਜਾਂ ਗੁੱਸੇ ਵਰਗੀਆਂ ਡੂੰਘੀਆਂ ਭਾਵਨਾਵਾਂ ਸਾਡੀ ਸੋਚਣੀ ਉੱਤੇ ਬੁਰਾ ਅਸਰ ਪਾ ਸਕਦੀਆਂ ਹਨ। ਸੁਲੇਮਾਨ ਨੇ ਆਖਿਆ ਸੀ ਕਿ “ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।” (ਉਪਦੇਸ਼ਕ ਦੀ ਪੋਥੀ 7:7) ਇਹ ਵੀ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਮੁਸ਼ਕਲਾਂ ਲਈ ‘ਯਹੋਵਾਹ ਤੇ ਗੁੱਸੇ ਹੋਈਏ।’ (ਕਹਾਉਤਾਂ 19:3) ਅਸੀਂ ਯਹੋਵਾਹ ਉੱਤੇ ਗੁੱਸਾ ਕਿਵੇਂ ਕੱਢ ਸਕਦੇ ਹਾਂ? ਆਪਣੀਆਂ ਮੁਸ਼ਕਲਾਂ ਦੇ ਬਹਾਨੇ ਬਣਾ ਕੇ ਪਰਮੇਸ਼ੁਰ ਦੇ ਹੁਕਮਾਂ ਤੇ ਅਸੂਲਾਂ ਦੀ ਉਲੰਘਣਾ ਕਰ ਕੇ। ਹਮੇਸ਼ਾ ਇਸ ਤਰ੍ਹਾਂ ਸੋਚਣ ਦੀ ਬਜਾਇ ਕਿ ਅਸੀਂ ਸਹੀ ਹਾਂ, ਕਿਉਂ ਨਾ ਨਿਮਰਤਾ ਨਾਲ ਉਨ੍ਹਾਂ ਦੀ ਸੁਣੋ ਜੋ ਪਰਮੇਸ਼ੁਰ ਦੇ ਬਚਨ ਰਾਹੀਂ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਤੇ ਜ਼ਰੂਰਤ ਪੈਣ ਤੇ ਉਨ੍ਹਾਂ ਗੱਲਾਂ ਨੂੰ ਛੱਡਣ ਲਈ ਤਿਆਰ ਹੋਵੋ ਜੋ ਗ਼ਲਤ ਹਨ ਭਾਵੇਂ ਪਹਿਲਾਂ ਸਾਨੂੰ ਉਨ੍ਹਾਂ ਉੱਤੇ ਪੂਰਾ ਯਕੀਨ ਸੀ।—ਕਹਾਉਤਾਂ 1:1-5; 15:22.
‘ਪਰਮੇਸ਼ੁਰ ਕੋਲੋਂ ਮਦਦ ਮੰਗਦੇ ਰਹੋ’
ਅਸੀਂ ਔਖਿਆਂ ਅਤੇ ਖ਼ਤਰਨਾਕ ਸਮਿਆਂ ਵਿਚ ਜੀ ਰਹੇ ਹਾਂ। ਜੇ ਅਸੀਂ ਜ਼ਿੰਦਗੀ ਵਿਚ ਸਹੀ ਕਦਮ ਚੁੱਕਣੇ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੀ ਅਗਵਾਈ ਲਈ ਪ੍ਰਾਰਥਨਾ ਕਰਨ ਦੀ ਲੋੜ ਹੈ। ਪੌਲੁਸ ਨੇ ਲਿਖਿਆ ਸੀ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਜੇ ਸਾਨੂੰ ਕਿਸੇ ਖ਼ਾਸ ਸਮੱਸਿਆ ਜਾਂ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਬੁੱਧ ਦੀ ਲੋੜ ਹੈ, ਤਾਂ ਇਹ ਸਾਨੂੰ ‘ਪਰਮੇਸ਼ੁਰ ਕੋਲੋਂ ਮੰਗਣੀ ਚਾਹੀਦੀ ਹੈ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ।’—ਯਾਕੂਬ 1:5-8.
ਪਤਰਸ ਰਸੂਲ ਨੂੰ ਪਤਾ ਸੀ ਕਿ ਮਸੀਹੀਆਂ ਲਈ ਬੱਧ ਨਾਲ ਚੱਲਣਾ ਜ਼ਰੂਰੀ ਸੀ, ਇਸ ਲਈ ਉਸ ਨੇ ਉਨ੍ਹਾਂ ਦੇ ‘ਸਾਫ਼ ਚਿੱਤਾਂ ਨੂੰ ਪ੍ਰੇਰਣਾ’ ਚਾਹਿਆ। ਉਹ ਚਾਹੁੰਦਾ ਸੀ ਕਿ ਮਸੀਹੀ “ਉਨ੍ਹਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ ਨਾਲੇ ਪ੍ਰਭੁ ਅਤੇ ਮੁਕਤੀ ਦਾਤੇ” ਯਿਸੂ ਮਸੀਹ ਦੀ ਆਗਿਆ ਨੂੰ ਚੇਤੇ ਰੱਖਣ। (2 ਪਤਰਸ 3:1, 2) ਜੇ ਅਸੀਂ ਵੀ ਇਸ ਤਰ੍ਹਾਂ ਕਰਾਂਗੇ ਅਤੇ ਯਹੋਵਾਹ ਦੇ ਬਚਨ ਦੇ ਅਨੁਸਾਰ ਚੱਲਾਂਗੇ, ਤਾਂ ਅਸੀਂ ਚੰਗੀ ਤਰ੍ਹਾਂ ਸੋਚ ਕੇ ਸਹੀ ਕਦਮ ਚੁੱਕ ਸਕਾਂਗੇ।
[ਸਫ਼ੇ 21 ਉੱਤੇ ਤਸਵੀਰ]
ਮੁਢਲੇ ਮਸੀਹੀ ਫ਼ਲਸਫ਼ਿਆਂ ਦੀ ਬਜਾਇ ਪਰਮੇਸ਼ੁਰ ਦੀ ਬੁੱਧ ਤੋਂ ਪ੍ਰੇਰਿਤ ਹੋਏ ਸਨ
[ਸਫ਼ੇ 21 ਉੱਤੇ ਤਸਵੀਰਾਂ]
ਖੱਬਿਓਂ ਸੱਜੇ ਫ਼ਿਲਾਸਫ਼ਰ: ਐਪੀਕਿਉਰਸ: Photograph taken by courtesy of the British Museum; ਸਿਸੇਰੋ: Reproduced from The Lives of the Twelve Caesars; ਅਫਲਾਤੂਨ: Roma, Musei Capitolini
[ਸਫ਼ੇ 23 ਉੱਤੇ ਤਸਵੀਰ]
ਪ੍ਰਾਰਥਨਾ ਕਰਨੀ ਅਤੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ