ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?
“ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ।”—ਮੱਤੀ 16:24.
ਤੁਸੀਂ ਕੀ ਜਵਾਬ ਦਿਓਗੇ?
ਸਾਨੂੰ ਬਾਈਬਲ ਦੀ ਮਦਦ ਨਾਲ ਕਿਵੇਂ ਪਤਾ ਲੱਗ ਸਕਦਾ ਹੈ ਕਿ ਅਸੀਂ ਖ਼ੁਦਗਰਜ਼ ਬਣਦੇ ਜਾ ਰਹੇ ਹਾਂ ਜਾਂ ਨਹੀਂ?
ਅਸੀਂ ਰਾਜਾ ਸ਼ਾਊਲ ਦੀ ਮਿਸਾਲ ਤੋਂ ਕਿਹੜੇ ਸਬਕ ਸਿੱਖਦੇ ਹਾਂ?
ਪਤਰਸ ਨੇ ਕਿਵੇਂ ਦਿਖਾਇਆ ਕਿ ਖ਼ੁਦਗਰਜ਼ ਇੱਛਾਵਾਂ ʼਤੇ ਕਾਬੂ ਪਾਇਆ ਜਾ ਸਕਦਾ ਹੈ?
1. ਯਿਸੂ ਨੇ ਆਪਣੇ ਆਪ ਦਾ ਤਿਆਗ ਕਰਨ ਵਿਚ ਸਾਡੇ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ?
ਧਰਤੀ ʼਤੇ ਰਹਿੰਦਿਆਂ ਯਿਸੂ ਆਪਣੇ ਬਾਰੇ ਨਹੀਂ, ਸਗੋਂ ਦੂਜਿਆਂ ਬਾਰੇ ਸੋਚਦਾ ਸੀ। ਉਸ ਨੇ ਆਪਣੀਆਂ ਖ਼ਾਹਸ਼ਾਂ ਅਤੇ ਆਪਣਾ ਸੁੱਖ-ਆਰਾਮ ਭੁੱਲ ਕੇ ਹਰ ਗੱਲ ਵਿਚ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦਿੱਤੀ। (ਯੂਹੰ. 5:30) ਉਸ ਨੇ ਤਸੀਹੇ ਦੀ ਸੂਲ਼ੀ ਉੱਤੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਦਿਖਾਇਆ ਕਿ ਉਹ ਕਿਸ ਹੱਦ ਤਕ ਦੂਸਰਿਆਂ ਲਈ ਆਪਾ ਵਾਰਨ ਲਈ ਤਿਆਰ ਸੀ। ਵਾਕਈ, ਯਿਸੂ ਨੇ ਸਾਡੇ ਲਈ ਇਕ ਬਿਹਤਰੀਨ ਮਿਸਾਲ ਕਾਇਮ ਕੀਤੀ।—ਫ਼ਿਲਿ. 2:8.
2. ਆਪਾ ਵਾਰਨ ਦਾ ਕੀ ਮਤਲਬ ਹੈ ਅਤੇ ਸਾਨੂੰ ਇੱਦਾਂ ਕਿਉਂ ਕਰਨਾ ਚਾਹੀਦਾ ਹੈ?
2 ਯਿਸੂ ਦੇ ਚੇਲਿਆਂ ਵਜੋਂ ਸਾਨੂੰ ਵੀ ਆਪਾ ਵਾਰਨ ਅਤੇ ਦੂਜਿਆਂ ਲਈ ਕੁਰਬਾਨੀਆਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਖ਼ੁਦਗਰਜ਼ ਬਣਨ ਜਾਂ ਆਪਣੇ ਫ਼ਾਇਦੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। (ਮੱਤੀ 16:24 ਪੜ੍ਹੋ।) ਜੇ ਸਾਡਾ ਰਵੱਈਆ ਯਿਸੂ ਵਰਗਾ ਹੋਵੇਗਾ, ਤਾਂ ਅਸੀਂ ਦੂਜਿਆਂ ਦੇ ਜਜ਼ਬਾਤਾਂ ਤੇ ਖ਼ਾਹਸ਼ਾਂ ਬਾਰੇ ਪਹਿਲਾਂ ਸੋਚਾਂਗੇ। (ਫ਼ਿਲਿ. 2:3, 4) ਯਿਸੂ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਦੀ ਭਗਤੀ ਕਰਨ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੀ ਖ਼ਾਤਰ ਕੁਰਬਾਨੀਆਂ ਕਰੀਏ। ਯਿਸੂ ਦੇ ਸੱਚੇ ਚੇਲਿਆਂ ਦੀ ਕੀ ਪਛਾਣ ਹੈ? ਇਹੀ ਕਿ ਉਹ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਇਸੇ ਪਿਆਰ ਸਦਕਾ ਉਹ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਲਈ ਕੁਰਬਾਨੀਆਂ ਕਰਨ ਲਈ ਤਿਆਰ ਰਹਿੰਦੇ ਹਨ। (ਯੂਹੰ. 13:34, 35) ਜ਼ਰਾ ਸੋਚੋ ਕਿ ਪੂਰੀ ਦੁਨੀਆਂ ਵਿਚ ਸਾਰੇ ਭੈਣ-ਭਰਾ ਇਕ-ਦੂਜੇ ਲਈ ਆਪਣੀ ਜਾਨ ਦੇਣ ਲਈ ਤਿਆਰ ਰਹਿੰਦੇ ਹਨ। ਵਾਕਈ, ਇਸ ਭਾਈਚਾਰੇ ਦਾ ਹਿੱਸਾ ਹੋਣਾ ਸਾਡੇ ਲਈ ਕਿੰਨੀ ਵੱਡੀ ਬਰਕਤ ਹੈ!
3. ਕਿਹੜੀ ਗੱਲ ਸਾਨੂੰ ਆਪਣੇ ਆਪ ਦਾ ਤਿਆਗ ਕਰਨ ਤੋਂ ਰੋਕ ਸਕਦੀ ਹੈ?
3 ਫਿਰ ਵੀ ਸਾਨੂੰ ਇਕ ਅਜਿਹੇ ਦੁਸ਼ਮਣ ਨਾਲ ਲੜਨਾ ਪੈਂਦਾ ਹੈ ਜੋ ਸਾਨੂੰ ਆਪਣੇ ਆਪ ਦਾ ਤਿਆਗ ਕਰਨ ਤੋਂ ਰੋਕਦਾ ਹੈ। ਉਹ ਹੈ ਸਾਡਾ ਖ਼ੁਦਗਰਜ਼ ਸੁਭਾਅ ਜੋ ਸਾਨੂੰ ਦੂਜਿਆਂ ਬਾਰੇ ਨਹੀਂ, ਸਗੋਂ ਆਪਣੇ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ਯਾਦ ਕਰੋ ਕਿ ਆਦਮ ਤੇ ਹੱਵਾਹ ਨੇ ਕਿਵੇਂ ਖ਼ੁਦਗਰਜ਼ੀ ਦਿਖਾਈ। ਹੱਵਾਹ ਪਰਮੇਸ਼ੁਰ ਵਰਗੀ ਬਣਨ ਦੇ ਲਾਲਚ ਵਿਚ ਪਾਪ ਕਰ ਬੈਠੀ। ਆਦਮ ਵੀ ਇੰਨਾ ਖ਼ੁਦਗਰਜ਼ ਬਣ ਗਿਆ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਬਜਾਇ ਆਪਣੀ ਪਤਨੀ ਨੂੰ ਖ਼ੁਸ਼ ਕੀਤਾ। (ਉਤ. 3:5, 6) ਆਦਮ ਤੇ ਹੱਵਾਹ ਨੇ ਸ਼ੈਤਾਨ ਦੀਆਂ ਗੱਲਾਂ ਵਿਚ ਆ ਕੇ ਯਹੋਵਾਹ ਤੋਂ ਮੂੰਹ ਮੋੜ ਲਿਆ। ਉਸ ਸਮੇਂ ਤੋਂ ਹੀ ਸ਼ੈਤਾਨ ਲੋਕਾਂ ਨੂੰ ਲਾਲਚ ਦੇ ਸ਼ਿਕੰਜੇ ਵਿਚ ਫਸਾਉਂਦਾ ਆਇਆ ਹੈ। ਉਸ ਨੇ ਇਹੀ ਚਾਲ ਵਰਤਦੇ ਹੋਏ ਯਿਸੂ ਦੀ ਵੀ ਪਰੀਖਿਆ ਲਈ। (ਮੱਤੀ 4:1-9) ਨਾਲੇ ਅੱਜ ਵੀ ਸ਼ੈਤਾਨ ਇਹੀ ਚਾਲ ਵਰਤ ਰਿਹਾ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਕੰਮ ਦੱਸਦੇ ਹਨ ਕਿ ਉਹ ਕਿੰਨੇ ਖ਼ੁਦਗਰਜ਼ ਤੇ ਮਤਲਬੀ ਹਨ। ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਸਾਨੂੰ ਵੀ ਦੁਨੀਆਂ ਦੀ ਹਵਾ ਲੱਗ ਸਕਦੀ ਹੈ ਅਤੇ ਅਸੀਂ ਵੀ ਉਨ੍ਹਾਂ ਵਾਂਗ ਬਣ ਸਕਦੇ ਹਾਂ।—ਅਫ਼. 2:2.
4. (ੳ) ਕੀ ਅੱਜ ਅਸੀਂ ਆਪਣੇ ਵਿੱਚੋਂ ਕਮੀਆਂ-ਕਮਜ਼ੋਰੀਆਂ ਨੂੰ ਕੱਢ ਸਕਦੇ ਹਾਂ? ਸਮਝਾਓ। (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
4 ਅਸੀਂ ਖ਼ੁਦਗਰਜ਼ ਰਵੱਈਏ ਦੀ ਤੁਲਨਾ ਜੰਗਾਲ ਨਾਲ ਕਰ ਸਕਦੇ ਹਾਂ। ਜੇ ਲੋਹੇ ਨੂੰ ਪਾਣੀ ਤੇ ਹਵਾ ਤੋਂ ਨਾ ਬਚਾਇਆ ਜਾਵੇ, ਤਾਂ ਲੋਹੇ ਨੂੰ ਹੌਲੀ-ਹੌਲੀ ਜੰਗਾਲ ਲੱਗ ਸਕਦਾ ਹੈ। ਜੇ ਧਿਆਨ ਨਾ ਰੱਖਿਆ ਜਾਵੇ, ਤਾਂ ਜੰਗਾਲ ਦੇ ਵਧਣ ਨਾਲ ਸਾਰਾ ਲੋਹਾ ਬੇਕਾਰ ਹੋ ਸਕਦਾ ਹੈ। ਇਸੇ ਤਰ੍ਹਾਂ ਸਾਡਾ ਖ਼ੁਦਗਰਜ਼ ਸੁਭਾਅ ਜੰਗਾਲ ਦੀ ਤਰ੍ਹਾਂ ਹੈ। ਇਹ ਸੱਚ ਹੈ ਕਿ ਅੱਜ ਅਸੀਂ ਆਪਣੇ ਵਿੱਚੋਂ ਕਮੀਆਂ-ਕਮਜ਼ੋਰੀਆਂ ਨੂੰ ਕੱਢ ਨਹੀਂ ਸਕਦੇ, ਪਰ ਇਨ੍ਹਾਂ ʼਤੇ ਕਾਬੂ ਪਾਉਣ ਲਈ ਸਾਨੂੰ ਖ਼ੁਦ ਨਾਲ ਲੜਦੇ ਰਹਿਣ ਦੀ ਲੋੜ ਹੈ। ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਇਹ ਸਾਡੇ ʼਤੇ ਹਾਵੀ ਹੋ ਸਕਦੀਆਂ ਹਨ। (1 ਕੁਰਿੰ. 9:26, 27) ਅਸੀਂ ਕਿਨ੍ਹਾਂ ਗੱਲਾਂ ਤੋਂ ਪਛਾਣ ਸਕਦੇ ਹਾਂ ਕਿ ਅਸੀਂ ਖ਼ੁਦਗਰਜ਼ ਬਣਦੇ ਜਾ ਰਹੇ ਹਾਂ? ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਸਿਰਫ਼ ਆਪਣੇ ਬਾਰੇ ਹੀ ਨਹੀਂ, ਪਰ ਦੂਸਰਿਆਂ ਬਾਰੇ ਵੀ ਸੋਚੀਏ?
ਬਾਈਬਲ ਦੀ ਮਦਦ ਨਾਲ ਖ਼ੁਦ ਦੀ ਜਾਂਚ ਕਰੋ
5. (ੳ) ਬਾਈਬਲ ਇਕ ਸ਼ੀਸ਼ੇ ਦੀ ਤਰ੍ਹਾਂ ਕਿਵੇਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਬਾਈਬਲ ਦੀ ਮਦਦ ਨਾਲ ਆਪਣੀ ਜਾਂਚ ਕਰਦਿਆਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
5 ਜਿੱਦਾਂ ਅਸੀਂ ਸ਼ੀਸ਼ੇ ਵਿਚ ਆਪਣੀ ਸ਼ਕਲ-ਸੂਰਤ ਤੇ ਪਹਿਰਾਵਾ ਦੇਖ ਸਕਦੇ ਹਾਂ, ਉੱਦਾਂ ਹੀ ਅਸੀਂ ਬਾਈਬਲ ਦੀ ਮਦਦ ਨਾਲ ਆਪਣੇ ਦਿਲ ਦੀ ਜਾਂਚ ਕਰ ਸਕਦੇ ਹਾਂ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਸੁਧਾਰ ਸਕਦੇ ਹਾਂ। (ਯਾਕੂਬ 1:22-25 ਪੜ੍ਹੋ।) ਪਰ ਜੇ ਅਸੀਂ ਸ਼ੀਸ਼ੇ ਨੂੰ ਸਹੀ ਤਰੀਕੇ ਨਾਲ ਵਰਤੀਏ, ਤਾਂ ਹੀ ਉਹ ਸਾਡੇ ਕੰਮ ਆ ਸਕਦਾ ਹੈ। ਮਿਸਾਲ ਲਈ, ਜੇ ਅਸੀਂ ਕਾਹਲੀ ਨਾਲ ਸ਼ੀਸ਼ਾ ਦੇਖਦੇ ਹਾਂ, ਤਾਂ ਸ਼ਾਇਦ ਸਾਨੂੰ ਆਪਣੇ ਚਿਹਰੇ ʼਤੇ ਲੱਗਾ ਛੋਟਾ ਜਿਹਾ ਦਾਗ਼ ਨਜ਼ਰ ਨਾ ਆਵੇ। ਪਰ ਇਸ ਛੋਟੇ ਜਿਹੇ ਦਾਗ਼ ਨੂੰ ਨਜ਼ਰਅੰਦਾਜ਼ ਕਰਨ ਨਾਲ ਸਾਡਾ ਵੱਡਾ ਨੁਕਸਾਨ ਹੋ ਸਕਦਾ ਹੈ। ਜਾਂ ਜੇ ਅਸੀਂ ਇਕ ਪਾਸੇ ਖੜ੍ਹ ਕੇ ਸ਼ੀਸ਼ਾ ਦੇਖਦੇ ਹਾਂ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਦੇਖਣ ਦੀ ਬਜਾਇ ਕਿਸੇ ਹੋਰ ਨੂੰ ਦੇਖੀਏ। ਇਸੇ ਤਰ੍ਹਾਂ ਬਾਈਬਲ ਦੀ ਮਦਦ ਨਾਲ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਦਾ ਪਤਾ ਲੱਗੇਗਾ ਅਤੇ ਅਸੀਂ ਜਾਣ ਸਕਾਂਗੇ ਕਿ ਕਿਤੇ ਅਸੀਂ ਖ਼ੁਦਗਰਜ਼ ਤਾਂ ਨਹੀਂ ਬਣ ਰਹੇ। ਪਰ ਸਾਨੂੰ ਕਾਹਲੀ ਵਿਚ ਬਾਈਬਲ ਨਹੀਂ ਪੜ੍ਹਨੀ ਚਾਹੀਦੀ ਜਾਂ ਬਾਈਬਲ ਪੜ੍ਹ ਕੇ ਦੂਜਿਆਂ ਵਿਚ ਨੁਕਸ ਨਹੀਂ ਕੱਢਣੇ ਚਾਹੀਦੇ।
6. ਅਸੀਂ ਮੁਕੰਮਲ ਕਾਨੂੰਨ ਦੀ “ਪਾਲਣਾ” ਕਿਵੇਂ ਕਰ ਸਕਦੇ ਹਾਂ?
6 ਭਾਵੇਂ ਅਸੀਂ ਰੋਜ਼ ਬਾਈਬਲ ਪੜ੍ਹਦੇ ਹੋਈਏ, ਫਿਰ ਵੀ ਸਾਨੂੰ ਸ਼ਾਇਦ ਇਹ ਪਤਾ ਨਾ ਲੱਗੇ ਕਿ ਅਸੀਂ ਹੌਲੀ-ਹੌਲੀ ਖ਼ੁਦਗਰਜ਼ ਬਣਦੇ ਜਾ ਰਹੇ ਹਾਂ। ਕਿਵੇਂ? ਗੌਰ ਕਰੋ ਕਿ ਜਦ ਯਾਕੂਬ ਨੇ ਮਿਸਾਲ ਵਿਚ ਕਿਹਾ ਕਿ ਆਦਮੀ ‘ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦਾ’ ਹੈ, ਤਾਂ ਉਸ ਨੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਉਸ ਦਾ ਮਤਲਬ ਹੈ ਜਾਂਚਣਾ ਜਾਂ ਧਿਆਨ ਨਾਲ ਦੇਖਣਾ। ਸੋ ਉਸ ਆਦਮੀ ਨੇ ਖ਼ੁਦ ਨੂੰ ਸ਼ੀਸ਼ੇ ਵਿਚ ਧਿਆਨ ਨਾਲ ਦੇਖਿਆ, ਪਰ ਉਸ ਦੀ ਗ਼ਲਤੀ ਕੀ ਸੀ? ਯਾਕੂਬ ਅੱਗੇ ਦੱਸਦਾ ਹੈ ਕਿ ਉਹ “ਉਸੇ ਵੇਲੇ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿਸਦਾ ਹੈ।” ਜੀ ਹਾਂ, ਉਹ ਸ਼ੀਸ਼ਾ ਦੇਖ ਕੇ ਚਲਾ ਜਾਂਦਾ ਹੈ ਅਤੇ ਆਪਣੇ ਵਿਚ ਕੋਈ ਤਬਦੀਲੀ ਨਹੀਂ ਕਰਦਾ। ਪਰ ਉਸ ਆਦਮੀ ਦੇ ਉਲਟ ਯਾਕੂਬ ਇਕ ਸਮਝਦਾਰ ਆਦਮੀ ਬਾਰੇ ਦੱਸਦਾ ਹੈ ਜੋ ਸਿਰਫ਼ “ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ” ਹੀ ਨਹੀਂ ਕਰਦਾ, ਸਗੋਂ “ਇਸ ਦੀ ਪਾਲਣਾ ਕਰਦਾ ਰਹਿੰਦਾ ਹੈ।” ਉਹ ਪਰਮੇਸ਼ੁਰ ਦੇ ਮੁਕੰਮਲ ਕਾਨੂੰਨ ਨੂੰ ਭੁੱਲਦਾ ਨਹੀਂ, ਸਗੋਂ ਇਸ ਦੀਆਂ ਸਿੱਖਿਆਵਾਂ ਮੁਤਾਬਕ ਚੱਲਦਾ ਰਹਿੰਦਾ ਹੈ। ਯਿਸੂ ਨੇ ਵੀ ਯਾਕੂਬ ਨਾਲ ਮਿਲਦੀ-ਜੁਲਦੀ ਗੱਲ ਕਹੀ ਸੀ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ।”—ਯੂਹੰ. 8:31.
7. ਸਾਨੂੰ ਬਾਈਬਲ ਦੀ ਮਦਦ ਨਾਲ ਕਿਵੇਂ ਪਤਾ ਲੱਗ ਸਕਦਾ ਹੈ ਕਿ ਅਸੀਂ ਖ਼ੁਦਗਰਜ਼ ਬਣਦੇ ਜਾ ਰਹੇ ਹਾਂ ਜਾਂ ਨਹੀਂ?
7 ਆਪਣੀਆਂ ਖ਼ੁਦਗਰਜ਼ ਇੱਛਾਵਾਂ ਖ਼ਿਲਾਫ਼ ਲੜਨ ਲਈ ਸਭ ਤੋਂ ਪਹਿਲਾਂ ਪਰਮੇਸ਼ੁਰ ਦਾ ਬਚਨ ਧਿਆਨ ਨਾਲ ਪੜ੍ਹੋ। ਤਦ ਹੀ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਕਿਨ੍ਹਾਂ-ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਰੀਸਰਚ ਵੀ ਕਰੋ ਕਿਉਂਕਿ ਰੀਸਰਚ ਕਰਨ ਨਾਲ ਸਾਨੂੰ ਬਾਈਬਲ ਦੀ ਕਿਸੇ ਕਹਾਣੀ ਦੀ ਪੂਰੀ ਸਮਝ ਮਿਲੇਗੀ। ਫਿਰ ਖ਼ੁਦ ਨੂੰ ਪੁੱਛੋ: ‘ਜੇ ਮੈਂ ਉਸ ਦੀ ਜਗ੍ਹਾ ਹੁੰਦਾ, ਤਾਂ ਮੈਂ ਕੀ ਕਰਦਾ? ਕੀ ਮੈਂ ਸਹੀ ਫ਼ੈਸਲਾ ਕਰਦਾ?’ ਪੜ੍ਹੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਤੋਂ ਬਾਅਦ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। (ਮੱਤੀ 7:24, 25) ਆਓ ਆਪਾਂ ਰਾਜਾ ਸ਼ਾਊਲ ਅਤੇ ਪਤਰਸ ਰਸੂਲ ਦੀਆਂ ਮਿਸਾਲਾਂ ਤੋਂ ਸਿੱਖੀਏ ਕਿ ਸਾਨੂੰ ਆਪਣੇ ਬਾਰੇ ਸੋਚਣ ਦੀ ਬਜਾਇ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਦੇਣੀ ਚਾਹੀਦੀ ਹੈ।
ਸ਼ਾਊਲ ਦੀ ਮਿਸਾਲ ਸਾਡੇ ਲਈ ਚੇਤਾਵਨੀ ਹੈ
8. ਸ਼ੁਰੂ-ਸ਼ੁਰੂ ਵਿਚ ਰਾਜਾ ਸ਼ਾਊਲ ਦਾ ਰਵੱਈਆ ਕਿਹੋ ਜਿਹਾ ਸੀ ਅਤੇ ਉਸ ਨੇ ਇਹ ਰਵੱਈਆ ਕਿਵੇਂ ਦਿਖਾਇਆ?
8 ਇਜ਼ਰਾਈਲ ਦੇ ਰਾਜੇ ਸ਼ਾਊਲ ਦੀ ਮਿਸਾਲ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ ਕਿ ਸਾਡੀਆਂ ਸੁਆਰਥੀ ਇੱਛਾਵਾਂ ਸਾਨੂੰ ਹੌਲੀ-ਹੌਲੀ ਖ਼ੁਦਗਰਜ਼ ਬਣਾ ਸਕਦੀਆਂ ਹਨ। ਜਦ ਸ਼ਾਊਲ ਨੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਹ ਬਹੁਤ ਨਿਮਰ ਸੀ ਅਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਨਹੀਂ ਸੀ ਸਮਝਦਾ। (1 ਸਮੂ. 9:21) ਇਕ ਵਾਰ ਇਜ਼ਜ਼ਰਾਈਲੀਆਂ ਨੇ ਕਿਹਾ ਕਿ ਉਹ ਚੰਗਾ ਰਾਜਾ ਨਹੀਂ ਸੀ, ਪਰ ਫਿਰ ਵੀ ਉਹ ਚੁੱਪ ਰਿਹਾ। ਭਾਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਰਾਜੇ ਵਜੋਂ ਚੁਣਿਆ ਸੀ ਅਤੇ ਸ਼ਾਊਲ ਕੋਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਸੀ, ਫਿਰ ਵੀ ਉਸ ਨੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ। (1 ਸਮੂ. 10:27) ਇਕ ਹੋਰ ਮੌਕੇ ʼਤੇ ਰਾਜਾ ਸ਼ਾਊਲ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਹੋਏ ਲੜਾਈ ਵਿਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਅਤੇ ਅੰਮੋਨੀਆਂ ਨੂੰ ਹਰਾ ਦਿੱਤਾ। ਬਾਅਦ ਵਿਚ ਉਸ ਨੇ ਬੜੀ ਨਿਮਰਤਾ ਨਾਲ ਇਸ ਜਿੱਤ ਦਾ ਸਿਹਰਾ ਯਹੋਵਾਹ ਨੂੰ ਦਿੱਤਾ।—1 ਸਮੂ. 11:6, 11-13.
9. ਸ਼ਾਊਲ ਹੌਲੀ-ਹੌਲੀ ਖ਼ੁਦਗਰਜ਼ ਕਿਵੇਂ ਬਣਿਆ?
9 ਸਮੇਂ ਦੇ ਬੀਤਣ ਨਾਲ ਕੀ ਹੋਇਆ? ਜਿਸ ਤਰ੍ਹਾਂ ਜੰਗਾਲ ਦੇ ਲੱਗਣ ਨਾਲ ਲੋਹਾ ਹੌਲੀ-ਹੌਲੀ ਖ਼ਰਾਬ ਹੋ ਜਾਂਦਾ ਹੈ, ਉਸੇ ਤਰ੍ਹਾਂ ਸ਼ਾਊਲ ਦਾ ਰਵੱਈਆ ਹੌਲੀ-ਹੌਲੀ ਬਦਲਣ ਲੱਗਾ ਅਤੇ ਉਹ ਘਮੰਡੀ ਤੇ ਖ਼ੁਦਗਰਜ਼ ਬਣ ਗਿਆ। ਜਦ ਉਸ ਨੇ ਅਮਾਲੇਕੀਆਂ ਨੂੰ ਲੜਾਈ ਵਿਚ ਹਰਾ ਦਿੱਤਾ, ਤਾਂ ਉਸ ਨੇ ਯਹੋਵਾਹ ਦਾ ਕਹਿਣਾ ਮੰਨਣ ਨਾਲੋਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਸਮਝੀਆਂ। ਪਰਮੇਸ਼ੁਰ ਨੇ ਉਸ ਨੂੰ ਲੁੱਟ ਦਾ ਮਾਲ ਤਬਾਹ ਕਰਨ ਦਾ ਹੁਕਮ ਦਿੱਤਾ ਸੀ, ਪਰ ਸ਼ਾਊਲ ਨੇ ਲਾਲਚ ਵਿਚ ਆ ਕੇ ਇੱਦਾਂ ਨਹੀਂ ਕੀਤਾ। ਨਾਲੇ ਇਸ ਜਿੱਤ ਦੀ ਖ਼ੁਸ਼ੀ ਵਿਚ ਉਸ ਨੇ ਆਪਣੇ ਲਈ ਇਕ ਯਾਦਗਾਰ ਬਣਾਈ। (1 ਸਮੂ. 15:3, 9, 12) ਜਦ ਸਮੂਏਲ ਨਬੀ ਨੇ ਉਸ ਨੂੰ ਦੱਸਿਆ ਕਿ ਯਹੋਵਾਹ ਉਸ ਨਾਲ ਨਾਰਾਜ਼ ਹੈ, ਤਾਂ ਸ਼ਾਊਲ ਨੇ ਬਹਾਨੇ ਬਣਾਏ। ਨਾਲੇ ਉਸ ਨੇ ਆਪਣੀ ਸਫ਼ਾਈ ਵਿਚ ਪਰਮੇਸ਼ੁਰ ਦੇ ਹੁਕਮਾਂ ਵਿੱਚੋਂ ਸਿਰਫ਼ ਉਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜੋ ਉਸ ਨੇ ਮੰਨੀਆਂ ਸਨ। ਇੰਨਾ ਹੀ ਨਹੀਂ ਉਸ ਨੇ ਆਪਣੀ ਗ਼ਲਤੀ ਦਾ ਇਲਜ਼ਾਮ ਹੋਰਨਾਂ ਦੇ ਮੱਥੇ ਮੜ੍ਹ ਦਿੱਤਾ। (1 ਸਮੂ. 15:16-21) ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਬਜਾਇ ਘਮੰਡੀ ਸ਼ਾਊਲ ਨੂੰ ਇਸ ਗੱਲ ਦਾ ਜ਼ਿਆਦਾ ਫ਼ਿਕਰ ਸੀ ਕਿ ਲੋਕਾਂ ਸਾਮ੍ਹਣੇ ਉਸ ਦੀ ਬੇਇੱਜ਼ਤੀ ਨਾ ਹੋਵੇ। (1 ਸਮੂ. 15:30) ਅਸੀਂ ਬਾਈਬਲ ਵਿਚ ਸ਼ਾਊਲ ਦੀ ਮਿਸਾਲ ਨੂੰ ਸ਼ੀਸ਼ੇ ਵਾਂਗ ਕਿਵੇਂ ਵਰਤ ਸਕਦੇ ਹਾਂ?
10, 11. (ੳ) ਸਾਨੂੰ ਘਮੰਡ ਬਾਰੇ ਸ਼ਾਊਲ ਦੀ ਮਿਸਾਲ ਤੋਂ ਕੀ ਚੇਤਾਵਨੀ ਮਿਲਦੀ ਹੈ? (ਅ) ਅਸੀਂ ਸ਼ਾਊਲ ਵਰਗੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
10 ਪਹਿਲੀ ਗੱਲ, ਅਸੀਂ ਸ਼ਾਊਲ ਤੋਂ ਸਿੱਖਦੇ ਹਾਂ ਕਿ ਜੇ ਅਸੀਂ ਪਹਿਲਾਂ ਦੂਜਿਆਂ ਦੀ ਖ਼ਾਤਰ ਕੁਰਬਾਨੀਆਂ ਕੀਤੀਆਂ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਮੇਸ਼ਾ ਇੱਦਾਂ ਕਰਦੇ ਰਹਾਂਗੇ। ਸੋ ਆਪਣੇ ਉੱਤੇ ਹੱਦੋਂ ਵਧ ਭਰੋਸਾ ਰੱਖਣ ਦੀ ਬਜਾਇ ਆਪਾ ਵਾਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹੋ। (1 ਤਿਮੋ. 4:10) ਯਾਦ ਰੱਖੋ ਕਿ ਜਦ ਤਕ ਸ਼ਾਊਲ ਵਫ਼ਾਦਾਰ ਰਿਹਾ ਤਦ ਤਕ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਰਹੀ। ਪਰ ਇਕ ਸਮੇਂ ʼਤੇ ਉਹ ਆਪਣੀਆਂ ਗ਼ਲਤ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰਨ ਲੱਗਾ ਜਿਸ ਕਰਕੇ ਆਖ਼ਰ ਵਿਚ ਯਹੋਵਾਹ ਨੇ ਸ਼ਾਊਲ ਦੀ ਅਣਆਗਿਆਕਾਰੀ ਕਰਕੇ ਉਸ ਨੂੰ ਠੁਕਰਾ ਦਿੱਤਾ।
11 ਦੂਜੀ ਗੱਲ, ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਆਪਣੀਆਂ ਖੂਬੀਆਂ ਤੇ ਚੰਗੇ ਕੰਮਾਂ ਵੱਲ ਹੀ ਧਿਆਨ ਨਹੀਂ ਦੇਣਾ ਚਾਹੀਦਾ। ਇਹ ਇੱਦਾਂ ਹੋਵੇਗਾ ਜਿੱਦਾਂ ਅਸੀਂ ਨਵੇਂ ਕੱਪੜੇ ਪਾ ਕੇ ਖ਼ੁਸ਼ੀ-ਖ਼ੁਸ਼ੀ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਦੇ ਹਾਂ, ਪਰ ਆਪਣੇ ਮੂੰਹ ʼਤੇ ਲੱਗੇ ਦਾਗ਼ ਵੱਲ ਕੋਈ ਧਿਆਨ ਨਹੀਂ ਦਿੰਦੇ। ਭਾਵੇਂ ਅਸੀਂ ਸ਼ਾਊਲ ਵਾਂਗ ਘਮੰਡੀ ਨਾ ਹੋਈਏ, ਫਿਰ ਵੀ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਅਸੀਂ ਉਸ ਵਰਗੀ ਗ਼ਲਤੀ ਨਾ ਕਰ ਬੈਠੀਏ। ਜੇ ਸਾਡੇ ਵਿਚ ਲੋਕਾਂ ਤੋਂ ਵਾਹ-ਵਾਹ ਪਾਉਣ ਦੀ ਜ਼ਰਾ ਵੀ ਖ਼ਾਹਸ਼ ਹੈ, ਤਾਂ ਸਾਨੂੰ ਇਸ ਖ਼ਾਹਸ਼ ʼਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਦੇ ਰਹਿਣਾ ਚਾਹੀਦਾ ਹੈ। ਆਓ ਆਪਾਂ ਤਾੜਨਾ ਮਿਲਣ ʼਤੇ ਸ਼ਾਊਲ ਵਰਗੇ ਨਾ ਬਣੀਏ। ਆਓ ਅਸੀਂ ਬਹਾਨੇ ਬਣਾਉਣ ਜਾਂ ਆਪਣੀਆਂ ਗ਼ਲਤੀਆਂ ਦਾ ਇਲਜ਼ਾਮ ਦੂਜਿਆਂ ʼਤੇ ਥੋਪਣ ਦੀ ਬਜਾਇ ਖ਼ੁਸ਼ੀ-ਖ਼ੁਸ਼ੀ ਸਲਾਹ ਕਬੂਲ ਕਰ ਕੇ ਆਪਣੇ ਵਿਚ ਸੁਧਾਰ ਕਰੀਏ।—ਜ਼ਬੂਰਾਂ ਦੀ ਪੋਥੀ 141:5 ਪੜ੍ਹੋ।
12. ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠੀਏ, ਤਾਂ ਨਿਮਰਤਾ ਦਾ ਗੁਣ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
12 ਸ਼ਾਊਲ ਨਹੀਂ ਚਾਹੁੰਦਾ ਸੀ ਕਿ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਡਿਗ ਜਾਵੇ ਜਿਸ ਕਰਕੇ ਉਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਮਜ਼ਬੂਤ ਨਹੀਂ ਕਰ ਸਕਿਆ। ਪਰ ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸ਼ਾਊਲ ਵਰਗਾ ਰਵੱਈਆ ਨਹੀਂ ਦਿਖਾਉਣਾ ਚਾਹੀਦਾ। ਜੇ ਅਸੀਂ ਦਿਲੋਂ ਨਿਮਰ ਹਾਂ, ਤਾਂ ਅਸੀਂ ਸਿਰਫ਼ ਆਪਣੀ ਇੱਜ਼ਤ ਬਾਰੇ ਸੋਚਣ ਦੀ ਬਜਾਇ ਦੂਜਿਆਂ ਤੋਂ ਮਦਦ ਮੰਗਣ ਲਈ ਤਿਆਰ ਰਹਾਂਗੇ। (ਕਹਾ. 28:13; ਯਾਕੂ. 5:14-16) ਇਕ ਭਰਾ ਦੀ ਮਿਸਾਲ ʼਤੇ ਗੌਰ ਕਰੋ ਜੋ 12 ਸਾਲਾਂ ਦੀ ਉਮਰ ਵਿਚ ਪੋਰਨੋਗ੍ਰਾਫੀ ਦੇਖਣ ਲੱਗਾ ਅਤੇ 10 ਤੋਂ ਜ਼ਿਆਦਾ ਸਾਲਾਂ ਤਕ ਇੱਦਾਂ ਕਰਦਾ ਰਿਹਾ। ਉਹ ਕਹਿੰਦਾ ਹੈ: “ਆਪਣੀ ਪਤਨੀ ਤੇ ਬਜ਼ੁਰਗਾਂ ਸਾਮ੍ਹਣੇ ਆਪਣੀ ਗ਼ਲਤੀ ਦਾ ਇਕਰਾਰ ਕਰਨਾ ਬੜਾ ਔਖਾ ਸੀ। ਪਰ ਆਪਣੀ ਗ਼ਲਤੀ ਮੰਨਣ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੇ ਮਨ ਤੋਂ ਬਹੁਤ ਭਾਰਾ ਬੋਝ ਲਹਿ ਗਿਆ ਸੀ। ਇਸ ਤੋਂ ਇਲਾਵਾ ਜਦ ਮੈਨੂੰ ਸਹਾਇਕ ਸੇਵਕ ਵਜੋਂ ਹਟਾਇਆ ਗਿਆ, ਤਾਂ ਮੇਰੇ ਕੁਝ ਦੋਸਤਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਦੀਆਂ ਉਮੀਦਾਂ ʼਤੇ ਪਾਣੀ ਫੇਰ ਦਿੱਤਾ। ਪਰ ਮੈਨੂੰ ਪਤਾ ਹੈ ਕਿ ਹੁਣ ਯਹੋਵਾਹ ਮੇਰੀ ਸੇਵਾ ਤੋਂ ਖ਼ੁਸ਼ ਹੈ ਨਾ ਕਿ ਜਦ ਮੈਂ ਪੋਰਨੋਗ੍ਰਾਫੀ ਦੇਖ ਰਿਹਾ ਸੀ ਅਤੇ ਮੇਰੇ ਲਈ ਸਿਰਫ਼ ਪਰਮੇਸ਼ੁਰ ਦਾ ਨਜ਼ਰੀਆ ਮਾਅਨੇ ਰੱਖਦਾ ਹੈ।”
ਪਤਰਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲਦਾ ਹੈ
13, 14. ਪਤਰਸ ਨੇ ਕਿਵੇਂ ਦਿਖਾਇਆ ਕਿ ਉਸ ਵਿਚ ਖ਼ੁਦਗਰਜ਼ ਇੱਛਾਵਾਂ ਸਨ?
13 ਜਦ ਯਿਸੂ ਨੇ ਪਤਰਸ ਨੂੰ ਆਪਣਾ ਚੇਲਾ ਬਣਨ ਦਾ ਸੱਦਾ ਦਿੱਤਾ, ਤਾਂ ਪਤਰਸ ਉਸ ਲਈ ਸਭ ਕੁਝ ਤਿਆਗਣ ਲਈ ਤਿਆਰ ਸੀ। (ਲੂਕਾ 5:3-11) ਪਰ ਉਸ ਨੂੰ ਆਪਣੀਆਂ ਖ਼ੁਦਗਰਜ਼ ਇੱਛਾਵਾਂ ਨਾਲ ਲੜਨ ਦੀ ਜ਼ਰੂਰਤ ਸੀ। ਮਿਸਾਲ ਲਈ, ਜਦ ਯਾਕੂਬ ਤੇ ਯੂਹੰਨਾ ਨੇ ਯਿਸੂ ਕੋਲੋਂ ਪਰਮੇਸ਼ੁਰ ਦੇ ਰਾਜ ਵਿਚ ਉੱਚੀਆਂ ਪਦਵੀਆਂ ਮੰਗੀਆਂ, ਤਾਂ ਪਤਰਸ ਬਹੁਤ ਗੁੱਸੇ ਹੋਇਆ। ਸ਼ਾਇਦ ਪਤਰਸ ਨੂੰ ਲੱਗਾ ਕਿ ਪਰਮੇਸ਼ੁਰ ਦੇ ਰਾਜ ਵਿਚ ਉਸ ਨੂੰ ਉੱਚਾ ਅਹੁਦਾ ਮਿਲਣਾ ਚਾਹੀਦਾ ਸੀ। ਕਿਉਂ? ਕਿਉਂਕਿ ਯਿਸੂ ਨੇ ਪਹਿਲਾਂ ਹੀ ਕਿਹਾ ਸੀ ਕਿ ਪਤਰਸ ਨੂੰ ਖ਼ਾਸ ਜ਼ਿੰਮੇਵਾਰੀਆਂ ਮਿਲਣਗੀਆਂ। (ਮੱਤੀ 16:18, 19) ਪਰ ਯਿਸੂ ਨੇ ਯਾਕੂਬ, ਯੂਹੰਨਾ, ਪਤਰਸ ਤੇ ਬਾਕੀ ਰਸੂਲਾਂ ਨੂੰ ਖ਼ੁਦਗਰਜ਼ ਬਣਨ ਬਾਰੇ ਖ਼ਬਰਦਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾਵਾਂ ‘ਉੱਤੇ ਹੁਕਮ ਨਹੀਂ ਚਲਾਉਣਾ’ ਚਾਹੀਦਾ।—ਮਰ. 10:35-45.
14 ਭਾਵੇਂ ਕਿ ਯਿਸੂ ਨੇ ਪਤਰਸ ਦੀ ਗ਼ਲਤ ਸੋਚ ਸੁਧਾਰੀ ਸੀ, ਫਿਰ ਵੀ ਪਤਰਸ ਨੇ ਦਿਖਾਇਆ ਕਿ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਸੀ। ਜਦ ਯਿਸੂ ਨੇ ਰਸੂਲਾਂ ਨੂੰ ਦੱਸਿਆ ਕਿ ਉਹ ਥੋੜ੍ਹੀ ਦੇਰ ਲਈ ਉਸ ਦਾ ਸਾਥ ਛੱਡ ਕੇ ਭੱਜ ਜਾਣਗੇ, ਤਾਂ ਪਤਰਸ ਨੇ ਦੂਸਰੇ ਰਸੂਲਾਂ ਨੂੰ ਨੀਵਾਂ ਦਿਖਾਉਂਦੇ ਹੋਏ ਖ਼ੁਦ ਨੂੰ ਉੱਚਾ ਕੀਤਾ। ਉਸ ਨੇ ਦਾਅਵਾ ਕੀਤਾ ਕਿ ਸਿਰਫ਼ ਉਹੀ ਵਫ਼ਾਦਾਰ ਰਹੇਗਾ। (ਮੱਤੀ 26:31-33) ਪਰ ਉਸ ਨੂੰ ਆਪਣੇ ʼਤੇ ਇੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਸੇ ਰਾਤ ਉਸ ਨੇ ਦਿਖਾਇਆ ਕਿ ਉਹ ਆਪਾ ਵਾਰਨ ਲਈ ਤਿਆਰ ਨਹੀਂ ਸੀ। ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਤਿੰਨ ਵਾਰ ਯਿਸੂ ਦਾ ਇਨਕਾਰ ਕੀਤਾ।—ਮੱਤੀ 26:69-75.
15. ਪਤਰਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ?
15 ਭਾਵੇਂ ਕਿ ਪਤਰਸ ਨੇ ਗ਼ਲਤੀਆਂ ਕੀਤੀਆਂ, ਫਿਰ ਵੀ ਉਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲਦਾ ਹੈ। ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਪਾ ਸਕਿਆ। ਉਸ ਨੇ ਸੰਜਮ ਦਾ ਗੁਣ ਦਿਖਾਇਆ ਅਤੇ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਨੂੰ ਪਿਆਰ ਕੀਤਾ। (ਗਲਾ. 5:22, 23) ਇਸ ਕਰਕੇ ਉਸ ਨੇ ਬਾਅਦ ਵਿਚ ਅਜਿਹੀਆਂ ਅਜ਼ਮਾਇਸ਼ਾਂ ਸਹੀਆਂ ਜੋ ਸ਼ਾਇਦ ਉਹ ਪਹਿਲਾਂ ਨਹੀਂ ਸਹਿ ਸਕਦਾ ਸੀ। ਮਿਸਾਲ ਲਈ, ਜਦ ਪੌਲੁਸ ਰਸੂਲ ਨੇ ਦੂਜਿਆਂ ਸਾਮ੍ਹਣੇ ਉਸ ਨੂੰ ਝਿੜਕਿਆ, ਤਾਂ ਪਤਰਸ ਨਿਮਰਤਾ ਨਾਲ ਪੇਸ਼ ਆਇਆ। (ਗਲਾ. 2:11-14) ਉਸ ਦੇ ਮਨ ਵਿਚ ਪੌਲੁਸ ਲਈ ਕੋਈ ਗਿਲਾ-ਸ਼ਿਕਵਾ ਨਹੀਂ ਸੀ ਅਤੇ ਉਸ ਨੇ ਇਹ ਨਹੀਂ ਸੋਚਿਆ ਕਿ ਪੌਲੁਸ ਦੀ ਤਾੜਨਾ ਕਾਰਨ ਉਸ ਦਾ ਨਾਂ ਬਦਨਾਮ ਹੋਇਆ ਸੀ। ਪਤਰਸ ਨੇ ਪੌਲੁਸ ਨੂੰ ਆਪਣਾ ਭਰਾ ਕਿਹਾ ਤੇ ਉਸ ਨੂੰ ਦਿਲੋਂ ਪਿਆਰ ਕਰਦਾ ਰਿਹਾ। (2 ਪਤ. 3:15) ਪਤਰਸ ਦੀ ਮਿਸਾਲ ਤੋਂ ਸਾਨੂੰ ਨਿਮਰ ਬਣਨ ਤੇ ਆਪਾ ਵਾਰਨ ਦੀ ਹੱਲਾਸ਼ੇਰੀ ਮਿਲਦੀ ਹੈ।
16. ਅਸੀਂ ਮੁਸ਼ਕਲ ਹਾਲਾਤਾਂ ਵਿਚ ਯਿਸੂ ਦੀ ਮਿਸਾਲ ʼਤੇ ਕਿਵੇਂ ਚੱਲ ਸਕਦੇ ਹਾਂ?
16 ਜ਼ਰਾ ਸੋਚੋ ਕਿ ਤੁਸੀਂ ਮੁਸ਼ਕਲ ਹਾਲਾਤਾਂ ਵਿਚ ਕਿਹੋ ਜਿਹਾ ਰਵੱਈਆ ਦਿਖਾਉਂਦੇ ਹੋ। ਜਦ ਪਤਰਸ ਤੇ ਦੂਜੇ ਰਸੂਲਾਂ ਨੂੰ ਪ੍ਰਚਾਰ ਕਾਰਨ ਜੇਲ੍ਹ ਵਿਚ ਬੰਦ ਕੀਤਾ ਗਿਆ ਅਤੇ ਫਿਰ ਕੋਰੜੇ ਮਾਰੇ ਗਏ, ਤਾਂ ਉਹ “ਇਸ ਗੱਲੋਂ ਖ਼ੁਸ਼ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਬੇਇੱਜ਼ਤ ਕੀਤੇ ਜਾਣ ਦਾ ਸਨਮਾਨ ਬਖ਼ਸ਼ਿਆ।” (ਰਸੂ. 5:41) ਜੇ ਤੁਹਾਨੂੰ ਸਤਾਹਟ ਸਹਿਣੀ ਪੈਂਦੀ ਹੈ, ਤਾਂ ਤੁਸੀਂ ਉਸ ਹਾਲਤ ਵਿਚ ਆਪਣੇ ਆਪ ਦਾ ਤਿਆਗ ਕਰ ਕੇ ਦਿਖਾ ਸਕਦੇ ਹੋ ਕਿ ਤੁਸੀਂ ਪਤਰਸ ਦੀ ਰੀਸ ਕਰਦੇ ਹੋ ਅਤੇ ਯਿਸੂ ਦੇ ਨਕਸ਼ੇ-ਕਦਮਾਂ ʼਤੇ ਚੱਲਦੇ ਹੋ। (1 ਪਤਰਸ 2:20, 21 ਪੜ੍ਹੋ।) ਅਜਿਹਾ ਰਵੱਈਆ ਰੱਖਣ ਨਾਲ ਅਸੀਂ ਬਜ਼ੁਰਗਾਂ ਤੋਂ ਤਾੜਨਾ ਮਿਲਣ ʼਤੇ ਨਾਰਾਜ਼ ਨਹੀਂ ਹੋਵਾਂਗੇ, ਸਗੋਂ ਪਤਰਸ ਵਾਂਗ ਉਨ੍ਹਾਂ ਦੀ ਸਲਾਹ ਖ਼ੁਸ਼ੀ-ਖ਼ੁਸ਼ੀ ਕਬੂਲ ਕਰਾਂਗੇ।—ਉਪ. 7:9.
17, 18. (ੳ) ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਟੀਚਿਆਂ ਬਾਰੇ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ? (ਅ) ਜੇ ਸਾਨੂੰ ਲੱਗਦਾ ਹੈ ਕਿ ਸਾਡਾ ਦਿਲ ਹੌਲੀ-ਹੌਲੀ ਖ਼ੁਦਗਰਜ਼ ਬਣ ਰਿਹਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
17 ਪਤਰਸ ਦੀ ਮਿਸਾਲ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਵਿਚ ਵੀ ਮਦਦ ਕਰ ਸਕਦੀ ਹੈ। ਅਜਿਹੇ ਟੀਚਿਆਂ ਨੂੰ ਹਾਸਲ ਕਰਨ ਵਿਚ ਮਿਹਨਤ ਕਰਨ ਦੇ ਨਾਲ-ਨਾਲ ਤੁਹਾਡਾ ਨਿਮਰ ਰਹਿਣਾ ਵੀ ਬੇਹੱਦ ਜ਼ਰੂਰੀ ਹੈ। ਧਿਆਨ ਰੱਖੋ ਕਿ ਤੁਹਾਡੇ ਦਿਲ ਵਿਚ ਵੱਡੇ ਬਣਨ ਦੀ ਖ਼ਾਹਸ਼ ਪੈਦਾ ਨਾ ਹੋ ਜਾਵੇ। ਇਸ ਲਈ ਖ਼ੁਦ ਨੂੰ ਪੁੱਛੋ: ‘ਮੈਂ ਯਹੋਵਾਹ ਦੀ ਸੇਵਾ ਵਿਚ ਹੋਰ ਤਰੱਕੀ ਕਿਉਂ ਕਰਨਾ ਚਾਹੁੰਦਾ ਹਾਂ? ਕੀ ਮੈਂ ਚਾਹੁੰਦਾ ਹਾਂ ਕਿ ਦੂਜੇ ਮੇਰੀਆਂ ਸਿਫ਼ਤਾਂ ਕਰਨ ਜਾਂ ਕੀ ਮੈਂ ਯਾਕੂਬ ਤੇ ਯੂਹੰਨਾ ਵਾਂਗ ਹੋਰ ਅਧਿਕਾਰ ਹਾਸਲ ਕਰਨਾ ਚਾਹੁੰਦਾ ਹਾਂ?’
18 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦਿਲ ਹੌਲੀ-ਹੌਲੀ ਖ਼ੁਦਗਰਜ਼ ਬਣ ਰਿਹਾ ਹੈ, ਤਾਂ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਤੁਸੀਂ ਆਪਣੀਆਂ ਖ਼ਾਹਸ਼ਾਂ ਅਤੇ ਆਪਣੀ ਸੋਚ ਬਦਲ ਸਕੋ। ਆਪਣੇ ਨਾਂ ਨੂੰ ਉੱਚਾ ਕਰਨ ਦੀ ਬਜਾਇ ਯਹੋਵਾਹ ਦੇ ਨਾਂ ਨੂੰ ਰੌਸ਼ਨ ਕਰਨ ਲਈ ਮਿਹਨਤ ਕਰੋ। (ਜ਼ਬੂ. 86:11) ਨਾਲੇ ਅਜਿਹੇ ਟੀਚੇ ਰੱਖੋ ਜੋ ਦੂਜਿਆਂ ਦਾ ਧਿਆਨ ਤੁਹਾਡੇ ਵੱਲ ਨਾ ਖਿੱਚਣ। ਮਿਸਾਲ ਲਈ, ਜੇ ਤੁਹਾਡੇ ਵਿਚ ਪਵਿੱਤਰ ਸ਼ਕਤੀ ਦੇ ਕਿਸੇ ਗੁਣ ਦੀ ਕਮੀ ਹੈ, ਤਾਂ ਤੁਸੀਂ ਇਸ ਨੂੰ ਆਪਣੇ ਵਿਚ ਪੈਦਾ ਕਰਨ ਲਈ ਮਿਹਨਤ ਕਰੋ। ਜਾਂ ਹੋ ਸਕਦਾ ਹੈ ਕਿ ਤੁਸੀਂ ਬੜੀ ਮਿਹਨਤ ਨਾਲ ਤਿਆਰੀ ਕਰ ਕੇ ਭਾਸ਼ਣ ਦਿੰਦੇ ਹੋ, ਪਰ ਤੁਹਾਨੂੰ ਕਿੰਗਡਮ ਹਾਲ ਦੀ ਸਫ਼ਾਈ ਕਰਨੀ ਪਸੰਦ ਨਾ ਹੋਵੇ। ਤਾਂ ਫਿਰ ਤੁਸੀਂ ਰੋਮੀਆਂ 12:16 (ਪੜ੍ਹੋ।) ਵਿਚ ਦਿੱਤੀ ਸਲਾਹ ਲਾਗੂ ਕਰਨ ਦਾ ਟੀਚਾ ਰੱਖੋ।
19. ਜੇ ਅਸੀਂ ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖਣ ਨਾਲ ਹੌਸਲਾ ਹਾਰ ਜਾਂਦੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ?
19 ਜਦ ਅਸੀਂ ਖ਼ੁਦ ਨੂੰ ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਧਿਆਨ ਨਾਲ ਦੇਖਦੇ ਹਾਂ, ਤਾਂ ਸ਼ਾਇਦ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਜਾਂ ਖ਼ੁਦਗਰਜ਼ ਇੱਛਾਵਾਂ ਦੇਖ ਕੇ ਹੌਸਲਾ ਹਾਰ ਬੈਠੀਏ। ਜੇ ਇੱਦਾਂ ਹੁੰਦਾ ਹੈ, ਤਾਂ ਉਸ ਸਮਝਦਾਰ ਆਦਮੀ ਨੂੰ ਯਾਦ ਕਰੋ ਜਿਸ ਦਾ ਜ਼ਿਕਰ ਯਾਕੂਬ ਨੇ ਆਪਣੀ ਮਿਸਾਲ ਵਿਚ ਕੀਤਾ ਸੀ। ਯਾਕੂਬ ਨੇ ਇਸ ਗੱਲ ʼਤੇ ਜ਼ੋਰ ਨਹੀਂ ਦਿੱਤਾ ਕਿ ਉਸ ਆਦਮੀ ਨੇ ਆਪਣੀਆਂ ਕਮੀਆਂ-ਕਮਜ਼ੋਰੀਆਂ ਕਿੰਨੀ ਜਲਦੀ ਸੁਧਾਰੀਆਂ ਜਾਂ ਉਸ ਨੇ ਆਪਣੀ ਹਰ ਕਮਜ਼ੋਰੀ ਸੁਧਾਰ ਲਈ, ਸਗੋਂ ਯਾਕੂਬ ਨੇ ਕਿਹਾ ਕਿ ਉਹ ਆਦਮੀ ‘ਮੁਕੰਮਲ ਕਾਨੂੰਨ ਦੀ ਪਾਲਣਾ ਕਰਦਾ ਰਿਹਾ।’ (ਯਾਕੂ. 1:25) ਉਹ ਆਦਮੀ ਇਹ ਨਹੀਂ ਭੁੱਲਿਆ ਕਿ ਉਸ ਨੇ ਸ਼ੀਸ਼ੇ ਵਿਚ ਕੀ ਦੇਖਿਆ ਸੀ ਅਤੇ ਉਹ ਆਪਣੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਤਾਂ ਫਿਰ ਆਪਣੇ ਬਾਰੇ ਸਹੀ ਨਜ਼ਰੀਆ ਰੱਖੋ ਅਤੇ ਯਾਦ ਰੱਖੋ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। (ਉਪਦੇਸ਼ਕ ਦੀ ਪੋਥੀ 7:20 ਪੜ੍ਹੋ।) ਜਿੱਦਾਂ ਯਹੋਵਾਹ ਨੇ ਕਈ ਭੈਣਾਂ-ਭਰਾਵਾਂ ਦੀ ਮਦਦ ਕੀਤੀ ਹੈ ਜੋ ਗ਼ਲਤੀਆਂ ਕਰਦੇ ਹਨ ਉੱਦਾਂ ਉਹ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਜੇ ਤੁਸੀਂ ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਚੱਲਦੇ ਰਹੋਗੇ ਅਤੇ ਆਪਾ ਵਾਰਨ ਲਈ ਤਿਆਰ ਰਹੋਗੇ, ਤਾਂ ਪਰਮੇਸ਼ੁਰ ਦੀ ਮਿਹਰ ਤੁਹਾਡੇ ʼਤੇ ਰਹੇਗੀ।