ਆਖ਼ਰੀ ਦਿਨਾਂ ਵਿਚ ਬੁਰੀ ਸੰਗਤ ਤੋਂ ਬਚ ਕੇ ਰਹੋ
“ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰ. 15:33.
1. ਅਸੀਂ ਕਿਹੜੇ ਸਮੇਂ ਵਿਚ ਜੀ ਰਹੇ ਹਾਂ?
ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ ਜੋ ‘ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਏ ਹਨ।’ ਇਹ ਸਮਾਂ 1914 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਤੋਂ ਬਾਅਦ ਦੁਨੀਆਂ ਦੇ ਹਾਲਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਦਤਰ ਹੋ ਗਏ ਹਨ। (2 ਤਿਮੋ. 3:1-5) ਨਾਲੇ ਸਾਨੂੰ ਯਕੀਨ ਹੈ ਕਿ ਦੁਨੀਆਂ ਦੇ ਹਾਲਾਤ ਹੋਰ ਵੀ ਖ਼ਰਾਬ ਹੁੰਦੇ ਜਾਣਗੇ ਕਿਉਂਕਿ ਬਾਈਬਲ ਦੀ ਭਵਿੱਖਬਾਣੀ ਕਹਿੰਦੀ ਹੈ ਕਿ “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ।”—2 ਤਿਮੋ. 3:13.
2. ਅੱਜ ਬਹੁਤ ਸਾਰੇ ਲੋਕ ਕਿਸ ਤਰ੍ਹਾਂ ਦਾ ਮਨੋਰੰਜਨ ਪਸੰਦ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਅੱਜ ਬਹੁਤ ਸਾਰੇ ਲੋਕ ਮਨੋਰੰਜਨ ਲਈ ਉਹ ਚੀਜ਼ਾਂ ਦੇਖਦੇ ਹਨ ਜਾਂ ਉਹ ਕੰਮ ਕਰਦੇ ਹਨ ਜੋ ਹਿੰਸਾ, ਅਨੈਤਿਕਤਾ, ਜਾਦੂਗਰੀ ਅਤੇ ਭੂਤ-ਪ੍ਰੇਤ ਨਾਲ ਭਰੇ ਹੁੰਦੇ ਹਨ। ਮਿਸਾਲ ਲਈ, ਇੰਟਰਨੈੱਟ, ਟੀ. ਵੀ. ਪ੍ਰੋਗ੍ਰਾਮਾਂ, ਫ਼ਿਲਮਾਂ, ਕਿਤਾਬਾਂ ਅਤੇ ਰਸਾਲਿਆਂ ਵਿਚ ਅਕਸਰ ਹਿੰਸਾ ਅਤੇ ਅਨੈਤਿਕਤਾ ਵਾਲੇ ਕੰਮਾਂ ਨੂੰ ਇੱਦਾਂ ਪੇਸ਼ ਕੀਤਾ ਜਾਂਦਾ ਹੈ ਜਿੱਦਾਂ ਇਨ੍ਹਾਂ ਵਿਚ ਕੋਈ ਖ਼ਰਾਬੀ ਨਾ ਹੋਵੇ। ਲੋਕ ਜਿਹੜੇ ਕੰਮਾਂ ਨੂੰ ਪਹਿਲਾਂ ਗ਼ਲਤ ਸਮਝਦੇ ਸਨ, ਅੱਜ ਉਨ੍ਹਾਂ ਕੰਮਾਂ ਨੂੰ ਕਈ ਦੇਸ਼ਾਂ ਵਿਚ ਖੁੱਲ੍ਹੀ ਛੋਟ ਦਿੱਤੀ ਗਈ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਇਨ੍ਹਾਂ ਕੰਮਾਂ ਨੂੰ ਇਜਾਜ਼ਤ ਦਿੰਦਾ ਹੈ।—ਰੋਮੀਆਂ 1:28-32 ਪੜ੍ਹੋ।
3. ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਵਾਲੇ ਲੋਕਾਂ ਬਾਰੇ ਕੀ ਸੋਚਿਆ ਜਾਂਦਾ ਹੈ?
3 ਪਹਿਲੀ ਸਦੀ ਵਿਚ ਵੀ ਲੋਕ ਮਨੋਰੰਜਨ ਲਈ ਖ਼ੂਨ-ਖ਼ਰਾਬਾ ਅਤੇ ਗੰਦੀਆਂ ਚੀਜ਼ਾਂ ਦੇਖਦੇ ਸਨ। ਪਰ ਯਿਸੂ ਦੇ ਚੇਲੇ ਇਸ ਤਰ੍ਹਾਂ ਨਹੀਂ ਕਰਦੇ ਸਨ ਕਿਉਂਕਿ ਉਹ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਸਨ। ਇਹ ਦੇਖ ਕੇ ਲੋਕ ‘ਬੌਂਦਲ’ ਗਏ। ਇਸ ਦਾ ਕੀ ਨਤੀਜਾ ਨਿਕਲਿਆ? ਲੋਕਾਂ ਨੇ ਮਸੀਹੀਆਂ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਸਤਾਇਆ। (1 ਪਤ. 4:4) ਅੱਜ ਵੀ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣ ਵਾਲੇ ਲੋਕਾਂ ਨੂੰ ਅਜੀਬ ਸਮਝਿਆ ਜਾਂਦਾ ਹੈ। ਦਰਅਸਲ ਬਾਈਬਲ ਦੱਸਦੀ ਹੈ ਕਿ “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਆਪਣੀ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।”—2 ਤਿਮੋ. 3:12.
“ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ”
4. ਸਾਨੂੰ ਇਸ ਦੁਨੀਆਂ ਨਾਲ ਪਿਆਰ ਕਿਉਂ ਨਹੀਂ ਕਰਨਾ ਚਾਹੀਦਾ?
4 ਜੇ ਅਸੀਂ ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਾਂ, ਤਾਂ ਅਸੀਂ “ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ” ਨਾਲ ਪਿਆਰ ਨਹੀਂ ਕਰ ਸਕਦੇ। (1 ਯੂਹੰਨਾ 2:15, 16 ਪੜ੍ਹੋ।) “ਇਸ ਦੁਨੀਆਂ ਦੇ ਈਸ਼ਵਰ” ਯਾਨੀ ਸ਼ੈਤਾਨ ਨੇ ਪੂਰੀ ਦੁਨੀਆਂ ਨੂੰ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ। ਉਹ ਧਰਮਾਂ, ਸਰਕਾਰਾਂ, ਵਪਾਰਕ ਸੰਸਥਾਵਾਂ ਤੇ ਮੀਡੀਆ ਨੂੰ ਵਰਤ ਕੇ ਲੋਕਾਂ ਨੂੰ ਗੁਮਰਾਹ ਕਰਦਾ ਹੈ। (2 ਕੁਰਿੰ. 4:4; 1 ਯੂਹੰ. 5:19) ਅਸੀਂ ਇਸ ਦੁਨੀਆਂ ਦੇ ਰੰਗ ਵਿਚ ਨਹੀਂ ਰੰਗਣਾ ਚਾਹੁੰਦੇ। ਇਸ ਲਈ ਸਾਨੂੰ ਬੁਰੀਆਂ ਸੰਗਤਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਬਾਈਬਲ ਸਾਨੂੰ ਸਾਫ਼-ਸਾਫ਼ ਚੇਤਾਵਨੀ ਦਿੰਦੀ ਹੈ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰ. 15:33.
5, 6. ਸਾਨੂੰ ਕਿਨ੍ਹਾਂ ਲੋਕਾਂ ਨਾਲ ਮਿਲਣਾ-ਗਿਲ਼ਣਾ ਨਹੀਂ ਚਾਹੀਦਾ ਅਤੇ ਕਿਉਂ?
5 ਜੇ ਅਸੀਂ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਅਸੀਂ ਬੁਰੇ ਕੰਮ ਕਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਾਂਗੇ। ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਯਹੋਵਾਹ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਜਾਣ-ਬੁੱਝ ਕੇ ਉਸ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਜੇ ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲੇ ਭੈਣ-ਭਰਾ ਗੰਭੀਰ ਪਾਪ ਕਰ ਬੈਠਦੇ ਹਨ ਅਤੇ ਤੋਬਾ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਨਾਲ ਮਿਲਣਾ-ਗਿਲ਼ਣਾ ਛੱਡ ਦੇਵਾਂਗੇ।—ਰੋਮੀ. 16:17, 18.
6 ਲੋਕ ਅਕਸਰ ਆਪਣੇ ਦੋਸਤਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਪਸੰਦ ਕਰਨ। ਸੋ ਜੇ ਅਸੀਂ ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਰੱਖਦੇ ਹਾਂ ਜੋ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ, ਤਾਂ ਸ਼ਾਇਦ ਸਾਡੇ ਮਨ ਵਿਚ ਵੀ ਉਨ੍ਹਾਂ ਵਰਗੇ ਕੰਮ ਕਰਨ ਦਾ ਲਾਲਚ ਆਵੇ। ਮਿਸਾਲ ਲਈ, ਜੇ ਅਸੀਂ ਅਨੈਤਿਕ ਕੰਮ ਕਰਨ ਵਾਲੇ ਲੋਕਾਂ ਨਾਲ ਦੋਸਤੀ ਰੱਖਦੇ ਹਾਂ, ਤਾਂ ਸ਼ਾਇਦ ਅਸੀਂ ਉਨ੍ਹਾਂ ਦੇ ਰੰਗ ਵਿਚ ਰੰਗੇ ਜਾਈਏ। ਸਾਡੇ ਕੁਝ ਭੈਣਾਂ-ਭਰਾਵਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ। ਜਿਨ੍ਹਾਂ ਨੇ ਤੋਬਾ ਨਹੀਂ ਕੀਤੀ, ਉਨ੍ਹਾਂ ਨੂੰ ਛੇਕ ਦਿੱਤਾ ਗਿਆ। (1 ਕੁਰਿੰ. 5:11-13) ਜੇ ਉਹ ਤੋਬਾ ਨਹੀਂ ਕਰਦੇ, ਤਾਂ ਉਨ੍ਹਾਂ ਦੀ ਹਾਲਤ ਪਤਰਸ ਦੀਆਂ ਕਹੀਆਂ ਗੱਲਾਂ ਅਨੁਸਾਰ ਹੋ ਸਕਦੀ ਹੈ।—2 ਪਤਰਸ 2:20-22 ਪੜ੍ਹੋ।
7. ਸਾਨੂੰ ਕਿਨ੍ਹਾਂ ਨੂੰ ਆਪਣੇ ਜਿਗਰੀ ਦੋਸਤ ਬਣਾਉਣਾ ਚਾਹੀਦਾ ਹੈ?
7 ਭਾਵੇਂ ਅਸੀਂ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੁੰਦੇ ਹਾਂ, ਪਰ ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਦੇ। ਇਹ ਗ਼ਲਤ ਹੋਵੇਗਾ ਜੇ ਕੋਈ ਯਹੋਵਾਹ ਦਾ ਗਵਾਹ ਕਿਸੇ ਐਸੇ ਵਿਅਕਤੀ ਨਾਲ ਡੇਟਿੰਗ ਕਰਦਾ ਹੈ ਜਿਸ ਨੇ ਬਪਤਿਸਮਾ ਨਹੀਂ ਲਿਆ, ਜੋ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਹੈ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਨਹੀਂ ਚੱਲਦਾ। ਜਿਹੜੇ ਲੋਕ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਉਨ੍ਹਾਂ ਲੋਕਾਂ ਨੂੰ ਖ਼ੁਸ਼ ਕਰਨ ਦੀ ਬਜਾਇ ਸਾਡੇ ਲਈ ਯਹੋਵਾਹ ਨੂੰ ਖ਼ੁਸ਼ ਕਰਨਾ ਜ਼ਿਆਦਾ ਮਾਅਨੇ ਰੱਖਦਾ ਹੈ। ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨੂੰ ਆਪਣੇ ਜਿਗਰੀ ਦੋਸਤ ਬਣਾਉਣਾ ਚਾਹੀਦਾ ਹੈ ਜੋ ਯਹੋਵਾਹ ਦੀ ਮਰਜ਼ੀ ਪੂਰੀ ਕਰਦੇ ਹਨ। ਯਿਸੂ ਨੇ ਕਿਹਾ ਸੀ: “ਜਿਹੜਾ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਤਾ।”—ਮਰ. 3:35.
8. ਇਜ਼ਰਾਈਲੀਆਂ ʼਤੇ ਬੁਰੀ ਸੰਗਤ ਦਾ ਕੀ ਅਸਰ ਪਿਆ?
8 ਬੁਰੀ ਸੰਗਤ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ। ਇਜ਼ਰਾਈਲੀਆਂ ਦੀ ਮਿਸਾਲ ਲਓ। ਵਾਅਦਾ ਕੀਤੇ ਹੋਏ ਦੇਸ਼ ਪਹੁੰਚਣ ਤੋਂ ਪਹਿਲਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਉੱਥੇ ਦੇ ਰਹਿਣ ਵਾਲੇ ਲੋਕਾਂ ਬਾਰੇ ਖ਼ਬਰਦਾਰ ਕੀਤਾ ਸੀ। ਯਹੋਵਾਹ ਨੇ ਕਿਹਾ: “ਤੁਸੀਂ ਉਨ੍ਹਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ ਨਾ ਉਨ੍ਹਾਂ ਦੀ ਉਪਾਸਨਾ ਕਰੋ ਨਾ ਤੁਸੀਂ ਉਨ੍ਹਾਂ ਦੇ ਕੰਮਾਂ ਵਾਂਙੁ ਕੰਮ ਕਰੋ ਸਗੋਂ ਉਨ੍ਹਾਂ ਨੂੰ ਜਰੂਰ ਢਾਓ ਅਤੇ ਉਨ੍ਹਾਂ ਦੇ ਥੰਮ੍ਹਾਂ ਨੂੰ ਉੱਕਾ ਹੀ ਚਿਕਨਾ ਚੂਰ ਕਰੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।” (ਕੂਚ 23:24, 25) ਪਰ ਜ਼ਿਆਦਾਤਰ ਇਜ਼ਰਾਈਲੀ ਯਹੋਵਾਹ ਦੇ ਆਖੇ ਨਹੀਂ ਲੱਗੇ। (ਜ਼ਬੂ. 106:35-39) ਇਸ ਦਾ ਕੀ ਅੰਜਾਮ ਹੋਇਆ? ਯਹੋਵਾਹ ਨੇ ਇਜ਼ਰਾਈਲੀ ਕੌਮ ਨੂੰ ਠੁਕਰਾ ਦਿੱਤਾ ਤੇ ਮਸੀਹੀ ਮੰਡਲੀ ਨੂੰ ਆਪਣੇ ਲੋਕਾਂ ਵਜੋਂ ਚੁਣਿਆ।—ਮੱਤੀ 23:38; ਰਸੂ. 2:1-4.
ਧਿਆਨ ਦਿਓ ਕਿ ਤੁਸੀਂ ਕੀ ਪੜ੍ਹਦੇ ਤੇ ਦੇਖਦੇ ਹੋ
9. ਇਸ ਦੁਨੀਆਂ ਦਾ ਮੀਡੀਆ ਸਾਡੇ ਲਈ ਖ਼ਤਰਾ ਕਿਉਂ ਬਣ ਸਕਦਾ ਹੈ?
9 ਇਸ ਦੁਨੀਆਂ ਦਾ ਮੀਡੀਆ, ਜਿਵੇਂ ਟੀ. ਵੀ. ਪ੍ਰੋਗ੍ਰਾਮ, ਵੈੱਬਸਾਈਟ ਅਤੇ ਕਿਤਾਬਾਂ, ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਵਿਗੜ ਸਕਦਾ ਹੈ। ਮੀਡੀਆ ਵੱਲੋਂ ਦਿੱਤੀ ਜਾਣਕਾਰੀ ਨਾਲ ਮਸੀਹੀਆਂ ਦਾ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਵਿਸ਼ਵਾਸ ਮਜ਼ਬੂਤ ਨਹੀਂ ਹੁੰਦਾ। ਇਸ ਦੀ ਬਜਾਇ, ਇਹ ਲੋਕਾਂ ਨੂੰ ਸ਼ੈਤਾਨ ਦੀ ਗੰਦੀ ਦੁਨੀਆਂ ਉੱਤੇ ਵਿਸ਼ਵਾਸ ਕਰਨ ਲਈ ਉਕਸਾਉਂਦੀ ਹੈ। ਇਸ ਕਰਕੇ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਨਾ ਤਾਂ ਇੱਦਾਂ ਦਾ ਕੁਝ ਦੇਖੀਏ, ਨਾ ਪੜ੍ਹੀਏ ਤੇ ਨਾ ਹੀ ਸੁਣੀਏ ਜਿਸ ਨਾਲ ਸਾਡੇ ਦਿਲ ਵਿਚ “ਦੁਨਿਆਵੀ ਇੱਛਾਵਾਂ” ਪੈਦਾ ਹੋਣ।—ਤੀਤੁ. 2:12.
10. ਇਸ ਦੁਨੀਆਂ ਦੇ ਮੀਡੀਆ ਨਾਲ ਕੀ ਹੋਵੇਗਾ?
10 ਜਲਦੀ ਹੀ ਸ਼ੈਤਾਨ ਅਤੇ ਉਸ ਦੇ ਹਾਨੀਕਾਰਕ ਮੀਡੀਆ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਬਾਈਬਲ ਕਹਿੰਦੀ ਹੈ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” (1 ਯੂਹੰ. 2:17) ਉਸੇ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। . . . ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਪਰ ਕਿੰਨੇ ਚਿਰ ਲਈ? “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂ. 37:9, 11, 29.
11. ਪਰਮੇਸ਼ੁਰ ਆਪਣੇ ਲੋਕਾਂ ਨੂੰ ਆਪਣੇ ਬਾਰੇ ਕਿਵੇਂ ਸਿਖਾਉਂਦਾ ਹੈ?
11 ਸ਼ੈਤਾਨ ਦੀ ਦੁਨੀਆਂ ਤੋਂ ਉਲਟ ਯਹੋਵਾਹ ਦਾ ਸੰਗਠਨ ਸਾਨੂੰ ਅਜਿਹੇ ਰਾਹ ʼਤੇ ਚੱਲਣਾ ਸਿਖਾਉਂਦਾ ਹੈ ਜਿਸ ʼਤੇ ਚੱਲ ਕੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰ. 17:3) ਯਹੋਵਾਹ ਆਪਣੇ ਸੰਗਠਨ ਦੁਆਰਾ ਸਾਨੂੰ ਹਰ ਤਰੀਕੇ ਨਾਲ ਆਪਣੇ ਬਾਰੇ ਸਿਖਾਉਂਦਾ ਹੈ। ਮਿਸਾਲ ਲਈ, ਸਾਡੇ ਕੋਲ ਵੈੱਬਸਾਈਟ ਅਤੇ ਬਹੁਤ ਸਾਰੇ ਰਸਾਲੇ, ਬਰੋਸ਼ਰ, ਕਿਤਾਬਾਂ ਅਤੇ ਵੀਡੀਓ ਹਨ ਜੋ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰਦੇ ਹਨ। ਨਾਲੇ ਉਸ ਦਾ ਸੰਗਠਨ ਸਾਡੇ ਲਈ ਦੁਨੀਆਂ ਭਰ ਵਿਚ 1,10,000 ਤੋਂ ਜ਼ਿਆਦਾ ਮੰਡਲੀਆਂ ਵਿਚ ਬਾਕਾਇਦਾ ਸਭਾਵਾਂ ਦਾ ਪ੍ਰਬੰਧ ਕਰਦਾ ਹੈ। ਇਨ੍ਹਾਂ ਬਾਈਬਲ ਆਧਾਰਿਤ ਸਭਾਵਾਂ, ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਵਿਚ ਅਸੀਂ ਜੋ ਵੀ ਸਿੱਖਦੇ ਹਾਂ ਉਸ ਨਾਲ ਸਾਡਾ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਵਿਸ਼ਵਾਸ ਹੋਰ ਵੀ ਪੱਕਾ ਹੁੰਦਾ ਹੈ।—ਇਬ. 10:24, 25.
“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ
12. “ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਾਉਣ ਬਾਰੇ ਬਾਈਬਲ ਦੇ ਹੁਕਮ ਨੂੰ ਸਮਝਾਓ।
12 ਜਿਹੜੇ ਮਸੀਹੀ ਵਿਆਹ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਕਿਨ੍ਹਾਂ ਨਾਲ ਮਿਲਦੇ-ਗਿਲ਼ਦੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਖ਼ਬਰਦਾਰ ਕਰਦਾ ਹੈ: “ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ। ਕਿਉਂਕਿ ਧਾਰਮਿਕਤਾ ਦਾ ਦੁਸ਼ਟਤਾ ਨਾਲ ਕੀ ਸੰਬੰਧ? ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ?” (2 ਕੁਰਿੰ. 6:14) ਬਾਈਬਲ ਪਰਮੇਸ਼ੁਰ ਦੇ ਸੇਵਕਾਂ ਨੂੰ ਸਿਰਫ਼ “ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਵਾਉਣ ਲਈ ਕਹਿੰਦੀ ਹੈ ਜਿਸ ਨੇ ਸਮਰਪਣ ਕਰ ਕੇ ਬਪਤਿਸਮਾ ਲਿਆ ਹੋਵੇ ਅਤੇ ਜੋ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਦਾ ਹੋਵੇ। (1 ਕੁਰਿੰ. 7:39) ਜਦੋਂ ਤੁਸੀਂ ਯਹੋਵਾਹ ਨਾਲ ਪਿਆਰ ਕਰਨ ਵਾਲੇ ਕਿਸੇ ਵਿਅਕਤੀ ਨਾਲ ਵਿਆਹ ਕਰਾਓਗੇ, ਤਾਂ ਉਹ ਤੁਹਾਡੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਰੇਗਾ।
13. ਯਹੋਵਾਹ ਨੇ ਇਜ਼ਰਾਈਲੀਆਂ ਨੂੰ ਵਿਆਹ ਬਾਰੇ ਕੀ ਹੁਕਮ ਦਿੱਤਾ ਸੀ?
13 ਯਹੋਵਾਹ ਜਾਣਦਾ ਹੈ ਕਿ ਕਿਹੜੀ ਗੱਲ ਵਿਚ ਸਾਡੀ ਭਲਾਈ ਹੈ ਅਤੇ “ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰਨ ਦਾ ਹੁਕਮ ਕੋਈ ਨਵਾਂ ਹੁਕਮ ਨਹੀਂ ਹੈ। ਮਿਸਾਲ ਲਈ, ਧਿਆਨ ਦਿਓ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਸੀ ਜੋ ਉਸ ਦੀ ਭਗਤੀ ਨਹੀਂ ਕਰਦੇ ਸਨ। ਮੂਸਾ ਦੁਆਰਾ ਉਸ ਨੇ ਹੁਕਮ ਦਿੱਤਾ: “ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ। ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਝੱਟ ਪੱਟ ਨਾਸ ਕਰ ਦੇਵੇ।”—ਬਿਵ. 7:3, 4.
14, 15. ਯਹੋਵਾਹ ਦਾ ਕਾਨੂੰਨ ਤੋੜਨ ਕਰਕੇ ਸੁਲੇਮਾਨ ਨਾਲ ਕੀ ਹੋਇਆ?
14 ਸੁਲੇਮਾਨ ਨੇ ਰਾਜਾ ਬਣਨ ਤੋਂ ਜਲਦੀ ਬਾਅਦ ਯਹੋਵਾਹ ਨੂੰ ਬੁੱਧ ਲਈ ਪ੍ਰਾਰਥਨਾ ਕੀਤੀ ਅਤੇ ਉਸ ਨੇ ਉਸ ਨੂੰ ਬਹੁਤਾਤ ਵਿਚ ਬੁੱਧੀ ਦਿੱਤੀ। ਸੋ ਸੁਲੇਮਾਨ ਇਕ ਅਮੀਰ ਦੇਸ਼ ਦੇ ਬੁੱਧੀਮਾਨ ਰਾਜੇ ਵਜੋਂ ਮਸ਼ਹੂਰ ਹੋ ਗਿਆ। ਦਰਅਸਲ ਸੁਲੇਮਾਨ ਦੀ ਬੁੱਧੀ ਤੋਂ ਸ਼ਬਾ ਦੀ ਰਾਣੀ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਸੁਲੇਮਾਨ ਨੂੰ ਕਿਹਾ: “ਤੈਂ ਆਪਣੀ ਬੁੱਧੀ ਤੇ ਨੇਕੀ ਨੂੰ ਜਿਹੜੀ ਮੈਂ ਸੁਣੀ ਆਪਣੀ ਧੁੰਮ ਨਾਲੋਂ ਵਧਾਇਆ ਹੋਇਆ ਹੈ।” (1 ਰਾਜ. 10:7) ਪਰ ਸੁਲੇਮਾਨ ਦੀ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਉਦੋਂ ਕੀ ਹੋ ਸਕਦਾ ਹੈ ਜਦੋਂ ਕੋਈ ਯਹੋਵਾਹ ਦਾ ਕਾਨੂੰਨ ਨਜ਼ਰਅੰਦਾਜ਼ ਕਰ ਕੇ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਉਂਦਾ ਹੈ।—ਉਪ. 4:13.
15 ਚਾਹੇ ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਿਵਾਜਿਆ, ਪਰ ਉਸ ਨੇ ਯਹੋਵਾਹ ਦੇ ਹੁਕਮ ਨੂੰ ਜਾਣ-ਬੁੱਝ ਕੇ ਤੋੜਿਆ। ਸੁਲੇਮਾਨ ਨੇ “ਬਹੁਤ ਸਾਰੀਆਂ ਓਪਰੀਆਂ ਇਸਤ੍ਰੀਆਂ ਨਾਲ ਪ੍ਰੀਤ” ਲਾਈ ਸੀ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੀਆਂ ਸਨ। ਉਸ ਦੀਆਂ 700 ਪਤਨੀਆਂ ਅਤੇ 300 ਰਖੇਲਾਂ ਸਨ। ਇਸ ਦਾ ਕੀ ਅੰਜਾਮ ਨਿਕਲਿਆ? ਬੁਢਾਪੇ ਵਿਚ ਉਸ ਦੀਆਂ ਪਤਨੀਆਂ ਨੇ “ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ” ਅਤੇ “ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ।” (1 ਰਾਜ. 11:1-6) ਬੁਰੀ ਸੰਗਤ ਦੀ ਰੰਗਤ ਕਰਕੇ ਉਸ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਜੇ ਇਹ ਸੁਲੇਮਾਨ ਨਾਲ ਹੋ ਸਕਦਾ ਹੈ, ਤਾਂ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਕਰਕੇ ਅਸੀਂ ਉਸ ਵਿਅਕਤੀ ਨਾਲ ਕਦੇ ਵੀ ਵਿਆਹ ਕਰਨ ਬਾਰੇ ਨਹੀਂ ਸੋਚਾਂਗੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦਾ।
16. ਬਾਈਬਲ ਉਨ੍ਹਾਂ ਲੋਕਾਂ ਨੂੰ ਕੀ ਸਲਾਹ ਦਿੰਦੀ ਹੈ ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ?
16 ਪਰ ਉਦੋਂ ਕੀ ਜਦੋਂ ਕੋਈ ਵਿਆਹ ਤੋਂ ਬਾਅਦ ਸੱਚਾਈ ਵਿਚ ਆਉਂਦਾ ਹੈ, ਪਰ ਉਸ ਦਾ ਜੀਵਨ ਸਾਥੀ ਨਹੀਂ ਆਉਂਦਾ? ਬਾਈਬਲ ਕਹਿੰਦੀ ਹੈ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ।” (1 ਪਤ. 3:1) ਇਹ ਗੱਲ ਉਸ ਪਤੀ ʼਤੇ ਵੀ ਲਾਗੂ ਹੁੰਦੀ ਹੈ ਜਿਸ ਦੀ ਪਤਨੀ ਯਹੋਵਾਹ ਦੀ ਭਗਤੀ ਨਹੀਂ ਕਰਦੀ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਦੱਸਦਾ ਹੈ: ਚੰਗੇ ਪਤੀ-ਪਤਨੀ ਬਣੋ ਅਤੇ ਵਿਆਹ ਬਾਰੇ ਦਿੱਤੇ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲੋ। ਫਿਰ ਜਦੋਂ ਤੁਹਾਡਾ ਸਾਥੀ ਤੁਹਾਡੇ ਵਿਚ ਸੁਧਾਰ ਦੇਖਦਾ ਹੈ, ਤਾਂ ਸ਼ਾਇਦ ਉਹ ਵੀ ਯਹੋਵਾਹ ਦੀ ਸੇਵਾ ਕਰਨ ਲੱਗ ਪਵੇ। ਬਹੁਤ ਸਾਰੇ ਵਿਆਹੇ ਜੋੜਿਆਂ ਨਾਲ ਇਸੇ ਤਰ੍ਹਾਂ ਹੋਇਆ ਹੈ।
ਪਰਮੇਸ਼ੁਰ ਨੂੰ ਪਿਆਰ ਕਰਨ ਵਾਲਿਆਂ ਨਾਲ ਸੰਗਤ ਕਰੋ
17, 18. ਨੂਹ ਕਿਨ੍ਹਾਂ ਕਾਰਨਾਂ ਕਰਕੇ ਜਲ-ਪਰਲੋ ਤੋਂ ਬਚ ਨਿਕਲਿਆ? ਪਹਿਲੀ ਸਦੀ ਦੇ ਮਸੀਹੀ ਯਰੂਸ਼ਲਮ ਦੀ ਤਬਾਹੀ ਤੋਂ ਕਿਉਂ ਬਚ ਨਿਕਲੇ?
17 ਬੁਰੀਆਂ ਸੰਗਤਾਂ ਸਾਨੂੰ ਯਹੋਵਾਹ ਤੋਂ ਦੂਰ ਲਿਜਾ ਸਕਦੀਆਂ ਹਨ, ਪਰ ਚੰਗੀਆਂ ਸੰਗਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰ ਸਕਦੀਆਂ ਹਨ। ਨੂਹ ਦੀ ਵਧੀਆ ਮਿਸਾਲ ʼਤੇ ਗੌਰ ਕਰੋ ਜੋ ਬਹੁਤ ਹੀ ਭੈੜੀ ਦੁਨੀਆਂ ਵਿਚ ਰਹਿੰਦਾ ਸੀ। ਪਰ ਉਸ ਦਾ ਜ਼ਰਾ ਵੀ ਮਨ ਨਹੀਂ ਸੀ ਕਰਦਾ ਕਿ ਉਹ ਦੁਨੀਆਂ ਦੇ ਲੋਕਾਂ ਨਾਲ ਦੋਸਤੀ ਕਰੇ। ਉਸ ਸਮੇਂ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” (ਉਤ. 6:5) ਲੋਕ ਬਹੁਤ ਬੁਰੇ ਸਨ, ਇਸ ਕਰਕੇ ਯਹੋਵਾਹ ਨੇ ਉਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਪਰ “ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।”—ਉਤ. 6:7-9.
18 ਨੂਹ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕੀਤੀ ਜੋ ਯਹੋਵਾਹ ਨੂੰ ਪਿਆਰ ਨਹੀਂ ਸੀ ਕਰਦੇ। ਉਹ ਆਪਣੇ ਪਰਿਵਾਰ ਨਾਲ ਕਿਸ਼ਤੀ ਬਣਾਉਣ ਦੇ ਕੰਮ ਵਿਚ ਰੁੱਝਾ ਰਿਹਾ ਅਤੇ ਉਹ ‘ਧਰਮ ਦਾ ਪ੍ਰਚਾਰਕ’ ਵੀ ਸੀ। (2 ਪਤ. 2:5) ਨੂਹ, ਉਸ ਦੀ ਪਤਨੀ, ਉਸ ਦੇ ਤਿੰਨ ਮੁੰਡੇ ਅਤੇ ਨੂੰਹਾਂ ਇਕ-ਦੂਜੇ ਦੀ ਸੰਗਤ ਕਰਦੇ ਸਨ। ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਕੰਮਾਂ ਵਿਚ ਬਿਜ਼ੀ ਰਹਿੰਦੇ ਸਨ ਜਿਸ ਕਰਕੇ ਉਹ ਜਲ-ਪਰਲੋ ਵਿੱਚੋਂ ਬਚ ਨਿਕਲੇ। ਅਸੀਂ ਸਾਰੇ ਨੂਹ ਦੇ ਬੱਚੇ ਹਾਂ, ਇਸ ਕਰਕੇ ਸਾਨੂੰ ਨੂਹ ਅਤੇ ਉਸ ਦੇ ਪਰਿਵਾਰ ਦੇ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੇ ਆਗਿਆਕਾਰ ਰਹੇ ਅਤੇ ਬੁਰੀ ਸੰਗਤ ਵਿਚ ਨਹੀਂ ਪਏ। ਇਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀਆਂ ਨੇ ਵੀ ਉਨ੍ਹਾਂ ਲੋਕਾਂ ਨਾਲ ਸੰਗਤ ਨਹੀਂ ਕੀਤੀ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਸਨ। ਇਨ੍ਹਾਂ ਮਸੀਹੀਆਂ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਉਹ 70 ਈਸਵੀ ਵਿਚ ਹੋਈ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲੇ।—ਲੂਕਾ 21:20-22.
19. ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
19 ਨੂਹ ਤੇ ਉਸ ਦੇ ਪਰਿਵਾਰ ਅਤੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਉਨ੍ਹਾਂ ਲੋਕਾਂ ਨਾਲ ਸੰਗਤ ਨਹੀਂ ਕਰਦੇ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ। ਸਾਡੇ ਲੱਖਾਂ ਹੀ ਵਫ਼ਾਦਾਰ ਭੈਣ-ਭਰਾ ਹਨ ਜਿਨ੍ਹਾਂ ਨੂੰ ਅਸੀਂ ਦੋਸਤ ਬਣਾ ਸਕਦੇ ਹਾਂ। ਇਨ੍ਹਾਂ ਮੁਸੀਬਤਾਂ ਨਾਲ ਭਰੇ ਸਮਿਆਂ ਵਿਚ ਇਹ ਭੈਣ-ਭਰਾ “ਨਿਹਚਾ ਵਿਚ ਪੱਕੇ” ਰਹਿਣ ਵਿਚ ਸਾਡੀ ਮਦਦ ਕਰਨਗੇ। (1 ਕੁਰਿੰ. 16:13; ਕਹਾ. 13:20) ਸੋਚੋ ਕਿ ਭਵਿੱਖ ਵਿਚ ਕਿੰਨੀਆਂ ਹੀ ਵਧੀਆ ਬਰਕਤਾਂ ਮਿਲਣਗੀਆਂ! ਜੇ ਅਸੀਂ ਇਨ੍ਹਾਂ ਅੰਤ ਦੇ ਦਿਨਾਂ ਵਿਚ ਬੁਰੀ ਸੰਗਤ ਤੋਂ ਬਚ ਕੇ ਰਹਾਂਗੇ, ਤਾਂ ਅਸੀਂ ਸ਼ਾਇਦ ਇਸ ਦੁਸ਼ਟ ਦੁਨੀਆਂ ਦੀ ਤਬਾਹੀ ਤੋਂ ਬਚ ਨਿਕਲਾਂਗੇ ਤੇ ਜਲਦੀ ਹੀ ਆਉਣ ਵਾਲੀ ਯਹੋਵਾਹ ਦੀ ਨਵੀਂ ਦੁਨੀਆਂ ਵਿਚ ਰਹਾਂਗੇ!