ਕੂਚ
23 “ਤੂੰ ਝੂਠੀ ਖ਼ਬਰ ਨਾ ਫੈਲਾਈਂ।+ ਤੂੰ ਦੁਸ਼ਟ ਨਾਲ ਮਿਲ ਕੇ ਕਿਸੇ ਦਾ ਬੁਰਾ ਕਰਨ ਲਈ ਗਵਾਹੀ ਨਾ ਦੇਈਂ।+ 2 ਤੂੰ ਭੀੜ ਦੇ ਪਿੱਛੇ ਲੱਗ ਕੇ ਬੁਰਾ ਕੰਮ ਨਾ ਕਰੀਂ ਅਤੇ ਨਾ ਹੀ ਕਿਸੇ ਨਾਲ ਅਨਿਆਂ ਕਰਨ ਲਈ ਭੀੜ ਦੇ ਪਿੱਛੇ ਲੱਗ ਕੇ ਗਵਾਹੀ ਦੇਈਂ। 3 ਤੂੰ ਕਿਸੇ ਗ਼ਰੀਬ ਦੇ ਝਗੜੇ ਵਿਚ ਪੱਖਪਾਤ ਨਾ ਕਰੀਂ।+
4 “ਜੇ ਤੂੰ ਆਪਣੇ ਦੁਸ਼ਮਣ ਦਾ ਬਲਦ ਜਾਂ ਗਧਾ ਖੁੱਲ੍ਹਾ ਫਿਰਦਾ ਦੇਖੇਂ, ਤਾਂ ਤੂੰ ਉਸ ਨੂੰ ਫੜ ਕੇ ਆਪਣੇ ਦੁਸ਼ਮਣ ਨੂੰ ਮੋੜ ਦੇਈਂ।+ 5 ਜੇ ਤੂੰ ਦੇਖਦਾ ਹੈਂ ਕਿ ਤੇਰੇ ਨਾਲ ਨਫ਼ਰਤ ਕਰਨ ਵਾਲੇ ਆਦਮੀ ਦਾ ਗਧਾ ਭਾਰ ਹੇਠ ਦੱਬ ਗਿਆ ਹੈ, ਤਾਂ ਤੂੰ ਇਸ ਨੂੰ ਨਜ਼ਰਅੰਦਾਜ਼ ਕਰ ਕੇ ਉੱਥੋਂ ਚਲਿਆ ਨਾ ਜਾਈਂ। ਤੂੰ ਉਸ ਦੀ ਮਦਦ ਕਰ ਕੇ ਜਾਨਵਰ ਨੂੰ ਭਾਰ ਹੇਠੋਂ ਕੱਢੀਂ।+
6 “ਤੂੰ ਮੁਕੱਦਮੇ ਵਿਚ ਕਿਸੇ ਗ਼ਰੀਬ ਨਾਲ ਅਨਿਆਂ ਨਾ ਕਰੀਂ।+
7 “ਤੂੰ ਝੂਠੇ ਦੋਸ਼ ਵਿਚ ਕਿਸੇ ਦਾ ਸਾਥ ਨਾ ਦੇਈਂ ਅਤੇ ਬੇਕਸੂਰ ਅਤੇ ਧਰਮੀ ਨੂੰ ਜਾਨੋਂ ਨਾ ਮਾਰੀਂ ਕਿਉਂਕਿ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ।+
8 “ਤੂੰ ਰਿਸ਼ਵਤ ਨਾ ਲਈਂ ਕਿਉਂਕਿ ਰਿਸ਼ਵਤ ਬੁੱਧੀਮਾਨ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਮੂੰਹੋਂ ਗ਼ਲਤ ਗੱਲਾਂ ਕਹਾਉਂਦੀ ਹੈ।+
9 “ਤੂੰ ਕਿਸੇ ਪਰਦੇਸੀ ਉੱਤੇ ਜ਼ੁਲਮ ਨਾ ਕਰੀਂ। ਤੂੰ ਪਰਦੇਸੀਆਂ ਦੀ ਦਸ਼ਾ ਜਾਣਦਾ ਹੈਂ ਕਿਉਂਕਿ ਤੂੰ ਵੀ ਮਿਸਰ ਵਿਚ ਪਰਦੇਸੀ ਸੀ।+
10 “ਤੂੰ ਛੇ ਸਾਲ ਆਪਣੀ ਜ਼ਮੀਨ ਵਿਚ ਬੀ ਬੀਜੀਂ ਅਤੇ ਫ਼ਸਲ ਵੱਢੀਂ।+ 11 ਪਰ ਤੂੰ ਸੱਤਵੇਂ ਸਾਲ ਇਸ ਉੱਤੇ ਕੋਈ ਖੇਤੀ ਨਾ ਕਰੀਂ ਅਤੇ ਉੱਥੇ ਜੋ ਵੀ ਉੱਗੇਗਾ, ਉਸ ਨੂੰ ਗ਼ਰੀਬ ਲੋਕ ਖਾਣਗੇ ਅਤੇ ਉਸ ਤੋਂ ਬਾਅਦ ਜੋ ਵੀ ਬਚ ਜਾਵੇਗਾ, ਉਸ ਨੂੰ ਮੈਦਾਨ ਦੇ ਜੰਗਲੀ ਜਾਨਵਰ ਖਾਣਗੇ। ਤੂੰ ਆਪਣੇ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਬਾਗ਼ ਨਾਲ ਵੀ ਇਸ ਤਰ੍ਹਾਂ ਕਰੀਂ।
12 “ਤੂੰ ਛੇ ਦਿਨ ਕੰਮ ਕਰੀਂ; ਪਰ ਸੱਤਵੇਂ ਦਿਨ ਕੋਈ ਕੰਮ ਨਾ ਕਰੀਂ ਤਾਂਕਿ ਤੇਰਾ ਬਲਦ ਅਤੇ ਗਧਾ ਆਰਾਮ ਕਰਨ ਅਤੇ ਤੇਰੀ ਦਾਸੀ ਦਾ ਪੁੱਤਰ ਅਤੇ ਪਰਦੇਸੀ ਤਰੋ-ਤਾਜ਼ਾ ਹੋਣ।+
13 “ਤੁਸੀਂ ਧਿਆਨ ਨਾਲ ਉਹ ਸਭ ਕੁਝ ਕਰਿਓ ਜੋ ਮੈਂ ਤੁਹਾਨੂੰ ਕਿਹਾ ਹੈ+ ਅਤੇ ਤੁਸੀਂ ਹੋਰ ਦੇਵੀ-ਦੇਵਤਿਆਂ ਦੇ ਨਾਂ ਨਹੀਂ ਲੈਣੇ; ਉਨ੍ਹਾਂ ਦਾ ਨਾਂ ਤਕ ਤੁਹਾਡੇ ਬੁੱਲ੍ਹਾਂ ʼਤੇ ਨਾ ਆਵੇ।+
14 “ਤੂੰ ਮੇਰੀ ਮਹਿਮਾ ਕਰਨ ਲਈ ਸਾਲ ਵਿਚ ਤਿੰਨ ਵਾਰ ਤਿਉਹਾਰ ਮਨਾਈਂ।+ 15 ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਉਸ ਸਮੇਂ ਮਿਸਰ ਵਿੱਚੋਂ ਨਿਕਲਿਆ ਸੀ। ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।+ 16 ਤੂੰ ਵਾਢੀ ਦਾ ਤਿਉਹਾਰ* ਵੀ ਮਨਾਈਂ ਜਦ ਤੂੰ ਆਪਣੇ ਖੇਤ ਦਾ ਪਹਿਲਾ ਫਲ ਇਕੱਠਾ ਕਰੇਂਗਾ;+ ਨਾਲੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਮਨਾਈਂ ਜਦੋਂ ਤੂੰ ਆਪਣੀ ਮਿਹਨਤ ਦਾ ਫਲ ਇਕੱਠਾ ਕਰੇਂਗਾ।+ 17 ਸਾਲ ਵਿਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸੱਚੇ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ।+
18 “ਤੂੰ ਮੇਰੀ ਬਲ਼ੀ ਦੇ ਲਹੂ ਨਾਲ ਕੋਈ ਵੀ ਖਮੀਰੀ ਚੀਜ਼ ਨਾ ਚੜ੍ਹਾਈਂ। ਮੇਰੇ ਤਿਉਹਾਰਾਂ ʼਤੇ ਚੜ੍ਹਾਈਆਂ ਚਰਬੀ ਦੀਆਂ ਭੇਟਾਂ ਸਵੇਰ ਤਕ ਨਾ ਪਈਆਂ ਰਹਿਣ।
19 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+
“ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।+
20 “ਮੈਂ ਤੁਹਾਡੇ ਅੱਗੇ-ਅੱਗੇ ਆਪਣਾ ਦੂਤ ਘੱਲ ਰਿਹਾ ਹਾਂ+ ਜੋ ਰਾਹ ਵਿਚ ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਉਸ ਜਗ੍ਹਾ ਲੈ ਜਾਵੇਗਾ ਜੋ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ।+ 21 ਤੁਸੀਂ ਉਸ ਦੀ ਗੱਲ ਵੱਲ ਧਿਆਨ ਦਿਓ ਅਤੇ ਉਸ ਦਾ ਕਹਿਣਾ ਮੰਨਿਓ। ਉਸ ਦੇ ਖ਼ਿਲਾਫ਼ ਬਗਾਵਤ ਨਾ ਕਰਿਓ। ਜੇ ਤੁਸੀਂ ਬਗਾਵਤ ਕੀਤੀ, ਤਾਂ ਉਹ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ+ ਕਿਉਂਕਿ ਉਹ ਮੇਰੇ ਨਾਂ ʼਤੇ ਆਉਂਦਾ ਹੈ। 22 ਪਰ ਜੇ ਤੁਸੀਂ ਧਿਆਨ ਨਾਲ ਉਸ ਦਾ ਕਹਿਣਾ ਮੰਨੋਗੇ ਅਤੇ ਉਹ ਸਭ ਕੁਝ ਕਰੋਗੇ ਜੋ ਮੈਂ ਕਹਿੰਦਾ ਹਾਂ, ਤਾਂ ਮੈਂ ਤੁਹਾਡੇ ਦੁਸ਼ਮਣਾਂ ਦੇ ਖ਼ਿਲਾਫ਼ ਕਦਮ ਚੁੱਕਾਂਗਾ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧ ਕਰਾਂਗਾ। 23 ਮੇਰਾ ਦੂਤ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਹ ਤੁਹਾਨੂੰ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਲੈ ਜਾਵੇਗਾ ਅਤੇ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ।+ 24 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਮੱਥਾ ਨਾ ਟੇਕਿਓ ਜਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਨਾ ਕਰਿਓ। ਤੁਸੀਂ ਉਨ੍ਹਾਂ ਵਰਗੇ ਕੰਮ ਨਾ ਕਰਿਓ,+ ਸਗੋਂ ਉਨ੍ਹਾਂ ਦੇ ਬੁੱਤ ਤੋੜ ਦਿਓ ਅਤੇ ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦਿਓ।+ 25 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਿਓ+ ਅਤੇ ਉਸ ਦੀ ਬਰਕਤ ਨਾਲ ਤੁਹਾਨੂੰ ਰੋਟੀ ਅਤੇ ਪਾਣੀ ਮਿਲਦਾ ਰਹੇਗਾ।+ ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਖ਼ਤਮ ਕਰ ਦਿਆਂਗਾ।+ 26 ਤੁਹਾਡੇ ਦੇਸ਼ ਦੀਆਂ ਔਰਤਾਂ ਦਾ ਗਰਭ ਨਹੀਂ ਡਿਗੇਗਾ ਅਤੇ ਨਾ ਹੀ ਉਹ ਬਾਂਝ ਹੋਣਗੀਆਂ।+ ਮੈਂ ਤੁਹਾਨੂੰ ਲੰਬੀ ਉਮਰ ਬਖ਼ਸ਼ਾਂਗਾ।
27 “ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਵਿਚ ਆਪਣਾ ਡਰ ਫੈਲਾ ਦਿਆਂਗਾ+ ਅਤੇ ਜਿਨ੍ਹਾਂ ਲੋਕਾਂ ਦਾ ਤੁਸੀਂ ਸਾਮ੍ਹਣਾ ਕਰੋਗੇ, ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ ਅਤੇ ਉਹ ਭੱਜ ਜਾਣਗੇ।+ 28 ਤੁਹਾਡੇ ਪਹੁੰਚਣ ਤੋਂ ਪਹਿਲਾਂ ਮੇਰੇ ਕਰਕੇ ਹਿੱਵੀ, ਕਨਾਨੀ ਅਤੇ ਹਿੱਤੀ ਦਿਲ ਹਾਰ ਜਾਣਗੇ*+ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿਆਂਗਾ।+ 29 ਮੈਂ ਇੱਕੋ ਸਾਲ ਵਿਚ ਉਨ੍ਹਾਂ ਨੂੰ ਤੁਹਾਡੇ ਸਾਮ੍ਹਣਿਓਂ ਨਹੀਂ ਕੱਢਾਂਗਾ। ਨਹੀਂ ਤਾਂ ਦੇਸ਼ ਵੀਰਾਨ ਹੋ ਜਾਵੇਗਾ ਅਤੇ ਉੱਥੇ ਜੰਗਲੀ ਜਾਨਵਰਾਂ ਦੀ ਗਿਣਤੀ ਇੰਨੀ ਵਧ ਜਾਵੇਗੀ ਕਿ ਉਹ ਤੁਹਾਡੇ ਲਈ ਖ਼ਤਰਾ ਬਣ ਜਾਣਗੇ।+ 30 ਮੈਂ ਥੋੜ੍ਹੇ-ਥੋੜ੍ਹੇ ਕਰ ਕੇ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢਾਂਗਾ ਜਦ ਤਕ ਤੁਹਾਡੀ ਆਬਾਦੀ ਵਧ ਨਹੀਂ ਜਾਂਦੀ ਤੇ ਤੁਸੀਂ ਇਸ ਦੇਸ਼ ਉੱਤੇ ਕਬਜ਼ਾ ਨਹੀਂ ਕਰ ਲੈਂਦੇ।+
31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+ 32 ਤੁਸੀਂ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨਾਲ ਇਕਰਾਰ ਨਾ ਕਰਿਓ।+ 33 ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵੱਸਣ ਨਾ ਦਿਓ। ਨਹੀਂ ਤਾਂ ਉਹ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡੇ ਤੋਂ ਮੇਰੇ ਖ਼ਿਲਾਫ਼ ਪਾਪ ਕਰਾਉਣਗੇ। ਜੇ ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰੋਗੇ, ਤਾਂ ਇਹ ਜ਼ਰੂਰ ਤੁਹਾਡੇ ਲਈ ਫੰਦਾ ਬਣ ਜਾਵੇਗੀ।”+