ਔਰਤਾਂ ਬਾਰੇ ਪਰਮੇਸ਼ੁਰ ਅਤੇ ਯਿਸੂ ਦਾ ਨਜ਼ਰੀਆ
ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਔਰਤਾਂ ਬਾਰੇ ਯਹੋਵਾਹ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਇਕ ਤਰੀਕਾ ਹੈ ਕਿ ਅਸੀਂ ਯਿਸੂ ਮਸੀਹ ਦੇ ਚਾਲ-ਚਲਣ ਦੀ ਜਾਂਚ ਕਰੀਏ ਕਿਉਂਕਿ ਉਹ “ਅਲੱਖ ਪਰਮੇਸ਼ੁਰ ਦਾ ਰੂਪ” ਹੈ ਤੇ ਉਸ ਦਾ ਨਜ਼ਰੀਆ ਵੀ ਬਿਲਕੁਲ ਪਰਮੇਸ਼ੁਰ ਵਰਗਾ ਹੈ। (ਕੁਲੁੱਸੀਆਂ 1:15) ਧਰਤੀ ਉੱਤੇ ਜਿਸ ਤਰੀਕੇ ਨਾਲ ਯਿਸੂ ਔਰਤਾਂ ਨਾਲ ਪੇਸ਼ ਆਇਆ ਸੀ, ਉਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਔਰਤਾਂ ਦਾ ਆਦਰ ਕਰਦੇ ਹਨ ਤੇ ਉਹ ਅੱਜ ਔਰਤਾਂ ਉੱਤੇ ਕੀਤੇ ਜਾਂਦੇ ਜ਼ੁਲਮਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ।
ਮਿਸਾਲ ਲਈ, ਧਿਆਨ ਦਿਓ ਕਿ ਉਦੋਂ ਕੀ ਹੋਇਆ ਸੀ ਜਦ ਯਿਸੂ ਨੇ ਖੂਹ ਤੇ ਇਕ ਔਰਤ ਨਾਲ ਗੱਲ ਕੀਤੀ ਸੀ। ਯੂਹੰਨਾ ਦੀ ਇੰਜੀਲ ਵਿਚ ਦੱਸਿਆ ਹੈ ਕਿ “ਸਾਮਰਿਯਾ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਪਿਆ।” ਭਾਵੇਂ ਯਹੂਦੀ ਲੋਕਾਂ ਦਾ ਸਾਮਰੀ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਫਿਰ ਵੀ ਯਿਸੂ ਨੇ ਖੁੱਲ੍ਹੇ-ਆਮ ਇਸ ਤੀਵੀਂ ਨਾਲ ਗੱਲ ਕੀਤੀ। ਬਾਈਬਲ ਦੇ ਇਕ ਵਿਸ਼ਵ-ਕੋਸ਼ ਵਿਚ ਦੱਸਿਆ ਗਿਆ ਹੈ ਕਿ ਯਹੂਦੀਆਂ ਲਈ “ਖੁੱਲ੍ਹੇ-ਆਮ ਕਿਸੇ ਔਰਤ ਨਾਲ ਗੱਲ ਕਰਨੀ ਬਦਨਾਮੀ ਦੀ ਗੱਲ ਸਮਝੀ ਜਾਂਦੀ ਸੀ।” ਪਰ ਯਿਸੂ ਨੇ ਔਰਤਾਂ ਦਾ ਲਿਹਾਜ਼ ਕੀਤਾ ਤੇ ਉਹ ਉਨ੍ਹਾਂ ਨਾਲ ਹਮੇਸ਼ਾ ਆਦਰ ਨਾਲ ਪੇਸ਼ ਆਇਆ। ਉਸ ਨੇ ਜਾਤ ਜਾਂ ਲਿੰਗ ਦੇ ਆਧਾਰ ਤੇ ਕੋਈ ਫ਼ਰਕ ਨਹੀਂ ਕੀਤਾ। ਇਸੇ ਸਾਮਰੀ ਔਰਤ ਨੂੰ ਯਿਸੂ ਨੇ ਪਹਿਲੀ ਵਾਰ ਖੋਲ੍ਹ ਕੇ ਦੱਸਿਆ ਸੀ ਕਿ ਉਹ “ਖ੍ਰਿਸਟੁਸ” ਯਾਨੀ ਮਸੀਹਾ ਹੈ।—ਯੂਹੰਨਾ 4:7-9, 25, 26.
ਇਕ ਹੋਰ ਸਮੇਂ ਤੇ ਯਿਸੂ ਕੋਲ ਇਕ ਤੀਵੀਂ ਆਈ ਜਿਸ ਨੂੰ 12 ਸਾਲਾਂ ਤੋਂ ਲਹੂ ਆਉਂਦਾ ਸੀ। ਇਸ ਬੀਮਾਰੀ ਕਰਕੇ ਇਹ ਤੀਵੀਂ ਬਹੁਤ ਕਮਜ਼ੋਰ ਤੇ ਪਰੇਸ਼ਾਨ ਸੀ। ਜਦ ਉਸ ਨੇ ਯਿਸੂ ਨੂੰ ਛੋਹਿਆ, ਤਾਂ ਉਹ ਫ਼ੌਰਨ ਠੀਕ ਹੋ ਗਈ। ਯਿਸੂ ਨੇ ਉਸ ਨੂੰ ਦੇਖ ਕੇ ਕਿਹਾ: “ਬੇਟੀ, ਹੌਸਲਾ ਰੱਖ! ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ।” (ਮੱਤੀ 9:22) ਮੂਸਾ ਦੀ ਬਿਵਸਥਾ ਅਨੁਸਾਰ ਇਸ ਔਰਤ ਨੂੰ ਇਸ ਹਾਲਤ ਵਿਚ ਨਾ ਤਾਂ ਲੋਕਾਂ ਦੀ ਭੀੜ ਵਿਚ ਹੋਣਾ ਚਾਹੀਦਾ ਸੀ ਤੇ ਨਾ ਹੀ ਕਿਸੇ ਨੂੰ ਹੱਥ ਲਾਉਣਾ ਚਾਹੀਦਾ ਸੀ। ਪਰ ਯਿਸੂ ਨੇ ਉਸ ਨੂੰ ਝਿੜਕਿਆ ਨਹੀਂ। ਇਸ ਦੀ ਬਜਾਇ ਉਸ ਨੇ ਬੜੇ ਪਿਆਰ ਨਾਲ ਉਸ ਨੂੰ “ਬੇਟੀ” ਕਿਹਾ। ਇਹ ਸੁਣ ਕੇ ਉਸ ਔਰਤ ਦੇ ਦਿਲ ਨੂੰ ਜ਼ਰੂਰ ਸਕੂਨ ਮਿਲਿਆ ਹੋਵੇਗਾ। ਜ਼ਰਾ ਸੋਚੋ ਕਿ ਉਸ ਨੂੰ ਠੀਕ ਕਰ ਕੇ ਯਿਸੂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ!
ਜੀ ਉੱਠਣ ਤੋਂ ਬਾਅਦ ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅਤੇ ਇਕ ਹੋਰ ਔਰਤ ਨੂੰ ਮਿਲਿਆ ਸੀ ਜਿਸ ਨੂੰ ਬਾਈਬਲ ਵਿਚ “ਦੂਈ ਮਰਿਯਮ” ਕਿਹਾ ਗਿਆ ਹੈ। ਯਿਸੂ ਪਹਿਲਾਂ ਪਤਰਸ, ਯੂਹੰਨਾ ਜਾਂ ਆਦਮੀਆਂ ਵਿੱਚੋਂ ਆਪਣੇ ਕਿਸੇ ਹੋਰ ਚੇਲੇ ਨੂੰ ਮਿਲ ਸਕਦਾ ਸੀ। ਪਰ ਉਸ ਨੇ ਆਪਣੇ ਜੀ ਉੱਠਣ ਦੇ ਪਹਿਲੇ ਚਸ਼ਮਦੀਦ ਗਵਾਹਾਂ ਬਣਨ ਦਾ ਸਨਮਾਨ ਔਰਤਾਂ ਨੂੰ ਹੀ ਦਿੱਤਾ। ਇਕ ਫ਼ਰਿਸ਼ਤੇ ਨੇ ਉਨ੍ਹਾਂ ਔਰਤਾਂ ਨੂੰ ਕਿਹਾ ਕਿ ਉਹ ਯਿਸੂ ਦੇ ਚੇਲਿਆਂ ਨੂੰ ਇਸ ਮਹੱਤਵਪੂਰਣ ਘਟਨਾ ਬਾਰੇ ਜਾ ਕੇ ਦੱਸਣ। ਯਿਸੂ ਨੇ ਵੀ ਇਨ੍ਹਾਂ ਔਰਤਾਂ ਨੂੰ ਕਿਹਾ: “ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਓਹ ਉੱਥੇ ਮੈਨੂੰ ਵੇਖਣਗੇ।” (ਮੱਤੀ 28:1, 5-10) ਉਸ ਸਮੇਂ ਯਹੂਦੀ ਲੋਕ ਮੰਨਦੇ ਸਨ ਕਿ ਔਰਤਾਂ ਕਾਨੂੰਨੀ ਤੌਰ ਤੇ ਗਵਾਹੀ ਨਹੀਂ ਦੇ ਸਕਦੀਆਂ ਸਨ। ਪਰ ਯਿਸੂ ਨੇ ਔਰਤਾਂ ਨੂੰ ਦਰਸ਼ਣ ਦੇ ਕੇ ਦਿਖਾਇਆ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ।
ਯਿਸੂ ਨੇ ਔਰਤਾਂ ਨਾਲ ਕੋਈ ਪੱਖਪਾਤ ਨਹੀਂ ਕੀਤਾ ਤੇ ਉਨ੍ਹਾਂ ਨੂੰ ਬਰਾਬਰ ਦਾ ਹੀ ਸਮਝਿਆ। ਉਸ ਨੇ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਤੇ ਕਦਰ ਕੀਤੀ। ਔਰਤਾਂ ਉੱਤੇ ਜ਼ੁਲਮ ਕਰਨੇ ਯਿਸੂ ਦੀ ਸਿੱਖਿਆ ਦੇ ਬਿਲਕੁਲ ਉਲਟ ਸੀ ਅਤੇ ਉਸ ਨੂੰ ਇਹ ਸਿੱਖਿਆ ਪਰਮੇਸ਼ੁਰ ਵੱਲੋਂ ਮਿਲੀ ਸੀ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਵੀ ਔਰਤਾਂ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ।
ਪਰਮੇਸ਼ੁਰ ਨੇ ਔਰਤਾਂ ਦੀ ਰਾਖੀ ਕੀਤੀ
ਔਰਤਾਂ ਬਾਰੇ ਬਾਈਬਲ ਦੇ ਇਕ ਕੋਸ਼ ਨੇ ਕਿਹਾ: “ਪੁਰਾਣੇ ਜ਼ਮਾਨੇ ਵਿਚ ਭੂਮੱਧ ਸਾਗਰ ਦੇ ਨੇੜੇ ਜਾਂ ਪੂਰਬ ਵਿਚ ਰਹਿਣ ਵਾਲੀਆਂ ਔਰਤਾਂ ਕੋਲ ਅੱਜ ਦੀਆਂ ਪੱਛਮੀ ਦੇਸ਼ਾਂ ਦੀਆਂ ਔਰਤਾਂ ਵਰਗੀ ਆਜ਼ਾਦੀ ਨਹੀਂ ਹੁੰਦੀ ਸੀ। ਉਸ ਸਮੇਂ ਦੇ ਰਿਵਾਜ ਅਨੁਸਾਰ ਔਰਤਾਂ ਉਵੇਂ ਮਰਦਾਂ ਦੇ ਅਧੀਨ ਸਨ ਜਿਵੇਂ ਉਸ ਜ਼ਮਾਨੇ ਦੇ ਗ਼ੁਲਾਮ ਆਪਣੇ ਮਾਲਕਾਂ ਦੇ ਅਧੀਨ ਤੇ ਬੱਚੇ ਵੱਡਿਆਂ ਦੇ ਅਧੀਨ ਰਹਿੰਦੇ ਸਨ। . . . ਮੁੰਡਿਆਂ ਨੂੰ ਕੁੜੀਆਂ ਨਾਲੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ। ਕਦੇ-ਕਦੇ ਕੁੜੀਆਂ ਨੂੰ ਕੜਾਕੇ ਦੀ ਠੰਢ ਜਾਂ ਤਪਦੀ ਧੁੱਪ ਵਿਚ ਮਰਨ ਲਈ ਕਿਤੇ ਬਾਹਰ ਛੱਡ ਦਿੱਤਾ ਜਾਂਦਾ ਸੀ। ” ਇਸ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਆਮ ਕਰਕੇ ਔਰਤਾਂ ਦਾ ਹਾਲ ਗ਼ੁਲਾਮਾਂ ਵਰਗਾ ਹੀ ਸੀ।
ਬਾਈਬਲ ਉਸ ਸਮੇਂ ਲਿਖੀ ਗਈ ਸੀ ਜਦ ਔਰਤਾਂ ਬਾਰੇ ਲੋਕਾਂ ਦਾ ਇਹੋ ਜਿਹਾ ਰਵੱਈਆ ਸੀ। ਪਰ ਬਾਈਬਲ ਵਿਚ ਪਰਮੇਸ਼ੁਰ ਦਾ ਨਜ਼ਰੀਆ ਪਾਇਆ ਜਾਂਦਾ ਹੈ, ਨਾ ਕਿ ਮਨੁੱਖਾਂ ਦਾ। ਇਸ ਲਈ ਬਾਈਬਲ ਵਿਚ ਔਰਤਾਂ ਦੀ ਕਦਰ ਕਰਨ ਸੰਬੰਧੀ ਸਿੱਖਿਆ ਪਾਈ ਜਾਂਦੀ ਹੈ ਜੋ ਕਈ ਪੁਰਾਣੇ ਸਭਿਆਚਾਰਾਂ ਵਿਚ ਨਹੀਂ ਸੀ।
ਯਹੋਵਾਹ ਨੇ ਕਈ ਵਾਰ ਉਨ੍ਹਾਂ ਔਰਤਾਂ ਦੀ ਮਦਦ ਕੀਤੀ ਜੋ ਉਸ ਦੀ ਭਗਤੀ ਕਰਦੀਆਂ ਸਨ। ਮਿਸਾਲ ਲਈ, ਉਸ ਨੇ ਦੋ ਵਾਰ ਅਬਰਾਹਾਮ ਦੀ ਖੂਬਸੂਰਤ ਪਤਨੀ ਸਾਰਾਹ ਨੂੰ ਉਸ ਦਾ ਬਲਾਤਕਾਰ ਹੋਣ ਤੋਂ ਬਚਾਇਆ। (ਉਤਪਤ 12:14-20; 20:1-7) ਯਾਕੂਬ ਦੀ ਪਤਨੀ ਲੇਆਹ ਦੀ ‘ਕੁੱਖ ਖੋਲ੍ਹ’ ਕੇ ਪਰਮੇਸ਼ੁਰ ਨੇ ਉਸ ਤੇ ਵੱਡੀ ਮਿਹਰ ਕੀਤੀ ਕਿਉਂਕਿ ਯਾਕੂਬ ਲੇਆਹ ਨੂੰ ਆਪਣੀ ਦੂਜੀ ਪਤਨੀ ਨਾਲੋਂ ਘੱਟ ਪਿਆਰ ਕਰਦਾ ਸੀ। ਗੋਦ ਹਰੀ ਹੋਣ ਤੇ ਲੇਆਹ ਨੇ ਪੁੱਤਰ ਨੂੰ ਜਨਮ ਦਿੱਤਾ। (ਉਤਪਤ 29:31, 32) ਜਦ ਦੋ ਇਸਰਾਏਲੀ ਦਾਈਆਂ ਨੇ ਆਪਣੀਆਂ ਜਾਨਾਂ ਦਾਅ ਤੇ ਲਾ ਕੇ ਮਿਸਰ ਵਿਚ ਮੁੰਡਿਆਂ ਨੂੰ ਉਨ੍ਹਾਂ ਦੀ ਹੱਤਿਆ ਹੋਣ ਤੋਂ ਬਚਾਇਆ, ਤਾਂ ਯਹੋਵਾਹ ਨੇ ਉਨ੍ਹਾਂ ਦੀ ਕੀਤੀ ਦਾ ਫਲ ਦੇ ਕੇ “ਉਨ੍ਹਾਂ ਦੇ ਘਰ ਵਸਾਏ। ” (ਕੂਚ 1:17, 20, 21) ਉਸ ਨੇ ਹੰਨਾਹ ਦੀ ਦਿਲੋਂ ਕੀਤੀ ਦੁਆ ਵੀ ਸੁਣੀ। (1 ਸਮੂਏਲ 1:10, 20) ਜਦ ਇਕ ਨਬੀ ਦੀ ਵਿਧਵਾ ਤੋਂ ਕਰਜ਼ੇ ਦੇ ਬਦਲੇ ਇਕ ਸ਼ਾਹੂਕਾਰ ਉਸ ਦੇ ਬੱਚਿਆਂ ਨੂੰ ਗ਼ੁਲਾਮਾਂ ਵਜੋਂ ਕੰਮ ਕਰਨ ਲਈ ਲੈ ਜਾਣ ਵਾਲਾ ਸੀ, ਤਾਂ ਯਹੋਵਾਹ ਨੇ ਇਸ ਵਿਧਵਾ ਦੀ ਮਦਦ ਕੀਤੀ। ਉਸ ਨੇ ਅਲੀਸ਼ਾ ਨਬੀ ਰਾਹੀਂ ਚਮਤਕਾਰ ਕਰ ਕੇ ਵਿਧਵਾ ਦੇ ਵੱਡੇ-ਵੱਡੇ ਭਾਂਡਿਆਂ ਨੂੰ ਤੇਲ ਨਾਲ ਭਰ ਦਿੱਤਾ ਤਾਂਕਿ ਉਹ ਇਸ ਤੇਲ ਨੂੰ ਵੇਚ ਕੇ ਆਪਣਾ ਕਰਜ਼ਾ ਚੁਕਾ ਸਕੇ ਤੇ ਆਪਣਾ ਗੁਜ਼ਾਰਾ ਵੀ ਚਲਾ ਸਕੇ। ਇਸ ਤਰ੍ਹਾਂ ਯਹੋਵਾਹ ਨੇ ਉਸ ਦੇ ਪਰਿਵਾਰ ਨੂੰ ਬਿਖਰਨ ਤੋਂ ਬਚਾਈ ਰੱਖਿਆ ਤੇ ਉਸ ਔਰਤ ਦਾ ਮਾਣ ਰੱਖਿਆ।—ਕੂਚ 22:22, 23; 2 ਰਾਜਿਆਂ 4:1-7.
ਯਹੋਵਾਹ ਦੇ ਨਬੀਆਂ ਨੇ ਕਈ ਵਾਰ ਔਰਤਾਂ ਉੱਤੇ ਜ਼ੁਲਮ ਕਰਨ ਦੀ ਨਿੰਦਿਆ ਕੀਤੀ। ਇਸਰਾਏਲੀਆਂ ਨੂੰ ਯਿਰਮਿਯਾਹ ਨਬੀ ਨੇ ਯਹੋਵਾਹ ਦਾ ਫ਼ਰਮਾਨ ਸੁਣਾਇਆ: “ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਰ ਵਿੱਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਏਸ ਅਸਥਾਨ ਵਿੱਚ ਬੇਦੋਸ਼ੇ ਦਾ ਲਹੂ ਵਹਾਓ। ” (ਯਿਰਮਿਯਾਹ 22:2, 3) ਇਸ ਤੋਂ ਪਹਿਲਾਂ ਯਹੋਵਾਹ ਨੇ ਇਸਰਾਏਲ ਦੇ ਅਮੀਰ ਤੇ ਵੱਡੇ-ਵੱਡੇ ਲੋਕਾਂ ਦੀ ਨਿੰਦਿਆ ਕੀਤੀ ਸੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਹੀ ਤੀਵੀਆਂ ਤੇ ਬੱਚਿਆਂ ਨੂੰ ਘਰੋਂ ਕੱਢ ਕੇ ਭੈੜਾ ਸਲੂਕ ਕੀਤਾ। (ਮੀਕਾਹ 2:9) ਯਹੋਵਾਹ ਇਨਸਾਫ਼ ਕਰਨ ਵਾਲਾ ਪਰਮੇਸ਼ੁਰ ਹੈ ਇਸ ਲਈ ਤੀਵੀਆਂ ਤੇ ਬੱਚਿਆਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਉਹ ਸਜ਼ਾ ਜ਼ਰੂਰ ਦੇਵੇਗਾ।
“ਪਤਵੰਤੀ ਇਸਤ੍ਰੀ”
ਬਾਈਬਲ ਦੀ ਕਹਾਉਤਾਂ ਦੀ ਪੋਥੀ ਵਿਚ ਇਕ ਚੰਗੀ ਪਤਨੀ ਦੇ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਘਰ ਵਿਚ ਔਰਤ ਦੀ ਭੂਮਿਕਾ ਤੇ ਦਰਜੇ ਸੰਬੰਧੀ ਗੱਲਾਂ ਵੀ ਦੱਸੀਆਂ ਗਈਆਂ ਹਨ। ਕਿਉਂਕਿ ਇਹ ਗੱਲਾਂ ਬਾਈਬਲ ਵਿਚ ਹਨ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਹ ਪਰਮੇਸ਼ੁਰ ਦੇ ਨਜ਼ਰੀਏ ਨਾਲ ਮੇਲ ਖਾਂਦੀਆਂ ਹਨ। ਪਤਨੀ ਉੱਤੇ ਜ਼ੁਲਮ ਕਰਨ ਤੇ ਉਸ ਨੂੰ ਮਾੜਾ ਦਿਖਾਉਣ ਦਾ ਤਾਂ ਜ਼ਿਕਰ ਤਕ ਨਹੀਂ ਕੀਤਾ ਗਿਆ। ਇਸ ਦੇ ਉਲਟ ਇਸ ਪੋਥੀ ਵਿਚ ਇਸ ਔਰਤ ਦਾ ਆਦਰ-ਮਾਣ ਕਰਨ, ਉਸ ਤੇ ਭਰੋਸਾ ਕਰਨ ਤੇ ਉਸ ਦੀ ਇੱਜ਼ਤ ਕਰਨ ਸੰਬੰਧੀ ਹਵਾਲੇ ਪੜ੍ਹਨ ਨੂੰ ਮਿਲਦੇ ਹਨ।
ਕਹਾਉਤਾਂ ਦੇ 31ਵੇਂ ਅਧਿਆਇ ਦੀ ਇਹ “ਪਤਵੰਤੀ ਇਸਤ੍ਰੀ” ਸਮਝਦਾਰ ਤੇ ਮਿਹਨਤੀ ਹੈ। ਉਹ “ਚਾਉ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ” ਤੇ ਉਸ ਨੂੰ ਵਪਾਰ ਕਰਨਾ ਤੇ ਜ਼ਮੀਨ ਖ਼ਰੀਦਣ-ਵੇਚਣ ਦਾ ਕੰਮ ਆਉਂਦਾ ਹੈ। ਉਹ ਇਕ ਖੇਤ ਦੇਖ ਕੇ ਉਸ ਨੂੰ ਖ਼ਰੀਦ ਲੈਂਦੀ ਹੈ। ਉਹ ਕੱਪੜੇ ਬਣਾ ਕੇ ਵੇਚਦੀ ਹੈ ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ। ਉਹ ਹਰ ਕੰਮ ਆਪਣੀ ਪੂਰੀ ਵਾਹ ਲਾ ਕੇ ਕਰਦੀ ਹੈ। ਇਸ ਦੇ ਨਾਲ-ਨਾਲ ਉਸ ਦੀ ਬੁੱਧੀ ਤੇ ਦਇਆ ਦੀ ਵੀ ਬਹੁਤ ਕਦਰ ਕੀਤੀ ਜਾਂਦੀ ਹੈ। ਨਤੀਜੇ ਵਜੋਂ ਉਸ ਦਾ ਪਤੀ, ਉਸ ਦੇ ਪੁੱਤਰ ਤੇ ਸਭ ਤੋਂ ਵੱਧ ਯਹੋਵਾਹ ਉਸ ਦੀ ਕਦਰ ਕਰਦਾ ਹੈ।
ਯਹੋਵਾਹ ਨੇ ਔਰਤਾਂ ਨੂੰ ਇਸ ਲਈ ਨਹੀਂ ਸਿਰਜਿਆ ਕਿ ਉਹ ਆਦਮੀਆਂ ਦੇ ਜ਼ੁਲਮ ਜਾਂ ਹਵਸ ਦਾ ਸ਼ਿਕਾਰ ਬਣਨ। ਇਸ ਦੀ ਬਜਾਇ ਉਸ ਨੇ ਸ਼ਾਦੀ-ਸ਼ੁਦਾ ਔਰਤ ਨੂੰ ਆਪਣੇ ਪਤੀ ਦੀ “ਸਹਾਇਕਣ” ਬਣਨ ਦਾ ਦਰਜਾ ਦਿੱਤਾ ਹੈ ਜਿਸ ਨਾਲ ਉਹ ਖ਼ੁਸ਼ੀ-ਖ਼ੁਸ਼ੀ ਤੇ ਬਿਨਾਂ ਡਰ ਦੇ ਰਹਿ ਸਕਦੀ ਹੈ।—ਉਤਪਤ 2:18.
ਉਨ੍ਹਾਂ ਦਾ ਆਦਰ ਕਰੋ
ਬਾਈਬਲ ਵਿਚ ਪਤੀਆਂ ਨੂੰ ਯਹੋਵਾਹ ਦੀ ਅਤੇ ਯਿਸੂ ਦੀ ਰੀਸ ਕਰਦਿਆਂ ਆਪਣੀਆਂ ਪਤਨੀਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਲਈ ਕਿਹਾ ਗਿਆ ਹੈ। ਇਸ ਵਿਚ ਲਿਖਿਆ ਹੈ: ‘ਹੇ ਪਤੀਓ, ਆਪਣੀਆਂ ਪਤਨੀਆਂ ਦਾ ਆਦਰ ਕਰੋ।’ (1 ਪਤਰਸ 3:7) ਕਿਸੇ ਦਾ ਆਦਰ ਕਰਨ ਦਾ ਮਤਲਬ ਹੈ ਉਸ ਦੀ ਇੱਜ਼ਤ ਤੇ ਕਦਰ ਕਰਨੀ। ਇਸ ਲਈ ਜੋ ਪਤੀ ਆਪਣੀ ਪਤਨੀ ਦਾ ਆਦਰ ਕਰਦਾ ਹੈ ਉਹ ਉਸ ਨੂੰ ਜ਼ਲੀਲ ਨਹੀਂ ਕਰਦਾ, ਨੀਵਾਂ ਨਹੀਂ ਦਿਖਾਉਂਦਾ ਤੇ ਨਾ ਹੀ ਮਾਰਦਾ-ਕੁੱਟਦਾ ਹੈ। ਉਹ ਘਰ ਦੇ ਅੰਦਰ ਅਤੇ ਬਾਹਰ ਆਪਣੀ ਕਹਿਣੀ ਤੇ ਕਰਨੀ ਦੁਆਰਾ ਦਿਖਾਉਂਦਾ ਹੈ ਕਿ ਉਹ ਸੱਚ-ਮੁੱਚ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ।
ਆਪਣੀ ਪਤਨੀ ਦਾ ਆਦਰ ਕਰਨ ਨਾਲ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਆਉਂਦੀਆਂ ਹਨ। ਕਾਰਲੋਸ ਤੇ ਸੇਸੀਲਿਯਾ ਦੀ ਮਿਸਾਲ ਉੱਤੇ ਗੌਰ ਕਰੋ। ਵਿਆਹ ਕਰਨ ਤੋਂ ਕੁਝ ਦੇਰ ਬਾਅਦ ਉਹ ਹਰ ਗੱਲ ਤੇ ਝਗੜਨ ਲੱਗ ਪਏ। ਉਨ੍ਹਾਂ ਵਿਚ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਸੀ। ਕਈ ਵਾਰ ਤਾਂ ਉਹ ਇਕ-ਦੂਜੇ ਨਾਲ ਗੱਲ ਵੀ ਨਹੀਂ ਸੀ ਕਰਦੇ। ਕਾਰਲੋਸ ਲੜਾਕਾ ਸੀ ਤੇ ਸੇਸੀਲਿਯਾ ਆਕੜਖ਼ੋਰ। ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਮਸਲੇ ਨੂੰ ਕਿੱਦਾਂ ਸੁਲਝਾਉਣ। ਫਿਰ ਉਨ੍ਹਾਂ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤੇ ਸਿੱਖੀਆਂ ਗੱਲਾਂ ਉੱਤੇ ਅਮਲ ਕੀਤਾ। ਹੌਲੀ-ਹੌਲੀ ਉਨ੍ਹਾਂ ਦੀ ਹਾਲਤ ਸੁਧਰਨ ਲੱਗ ਪਈ। ਸੇਸੀਲਿਯਾ ਨੇ ਕਿਹਾ: “ਮੈਂ ਜਾਣਦੀ ਹਾਂ ਕਿ ਯਿਸੂ ਦੀ ਸਿੱਖਿਆ ਅਤੇ ਉਸ ਦੀ ਮਿਸਾਲ ਤੇ ਚੱਲਣ ਨਾਲ ਮੇਰੇ ਵਿਚ ਤੇ ਮੇਰੇ ਪਤੀ ਵਿਚ ਤਬਦੀਲੀਆਂ ਆਈਆਂ। ਯਿਸੂ ਦੀ ਮਿਸਾਲ ਤੇ ਚੱਲ ਕੇ ਮੇਰੇ ਵਿਚ ਆਕੜ ਨਹੀਂ ਰਹੀ। ਹੁਣ ਮੈਂ ਆਪਣੇ ਪਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ। ਯਿਸੂ ਤਰ੍ਹਾਂ ਮੈਂ ਵੀ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗਣੀ ਸਿੱਖੀ। ਕਾਰਲੋਸ ਨੇ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਤੇ ਧੀਰਜ ਕਰਨਾ ਸਿੱਖ ਲਿਆ ਹੈ। ਹੁਣ ਉਹ ਮੇਰੀ ਬਹੁਤ ਇੱਜ਼ਤ ਕਰਦਾ ਹੈ। ”
ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਹੁਣ ਕਦੀ ਮੁਸ਼ਕਲਾਂ ਨਹੀਂ ਆਉਂਦੀਆਂ। ਲੇਕਿਨ ਉਨ੍ਹਾਂ ਦਾ ਵਿਆਹ ਟੁੱਟਣ ਤੋਂ ਜ਼ਰੂਰ ਬਚਿਆ ਹੈ। ਹਾਲ ਹੀ ਵਿਚ ਉਨ੍ਹਾਂ ਨੂੰ ਕਈ ਗੰਭੀਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਕਾਰਲੋਸ ਦੀ ਨੌਕਰੀ ਛੁੱਟ ਗਈ ਤੇ ਉਸ ਨੂੰ ਕੈਂਸਰ ਕਰਕੇ ਓਪਰੇਸ਼ਨ ਵੀ ਕਰਾਉਣਾ ਪਿਆ। ਲੇਕਿਨ ਉਨ੍ਹਾਂ ਨੇ ਇਨ੍ਹਾਂ ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਕੇ ਆਪਣੇ ਵਿਆਹ ਦੇ ਬੰਧਨ ਨੂੰ ਹੋਰ ਵੀ ਮਜ਼ਬੂਤ ਕੀਤਾ।
ਇਨਸਾਨ ਦੇ ਪਾਪੀ ਹੋਣ ਕਰਕੇ ਹੀ ਕਈ ਸਭਿਆਚਾਰਾਂ ਵਿਚ ਔਰਤਾਂ ਨੂੰ ਜ਼ੁਲਮ ਸਹਿਣੇ ਪਏ ਹਨ। ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ ਹੈ, ਗਾਲ੍ਹਾਂ ਕੱਢੀਆਂ ਗਈਆਂ ਹਨ ਤੇ ਉਨ੍ਹਾਂ ਨਾਲ ਬਲਾਤਕਾਰ ਕੀਤੇ ਗਏ ਹਨ। ਪਰ ਯਹੋਵਾਹ ਨੇ ਕਦੀ ਵੀ ਨਹੀਂ ਚਾਹਿਆ ਕਿ ਔਰਤਾਂ ਨਾਲ ਇਸ ਤਰ੍ਹਾਂ ਹੋਵੇ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਾਰੀਆਂ ਔਰਤਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਇਹ ਹੱਕ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਖ਼ਸ਼ਿਆ ਹੈ। (g 1/08)
[ਸਫ਼ੇ 4, 5 ਉੱਤੇ ਤਸਵੀਰ]
ਸਾਮਰੀ ਔਰਤ
[ਸਫ਼ੇ 4, 5 ਉੱਤੇ ਤਸਵੀਰ]
ਬੀਮਾਰ ਔਰਤ
[ਸਫ਼ੇ 4, 5 ਉੱਤੇ ਤਸਵੀਰ]
ਮਰਿਯਮ ਮਗਦਲੀਨੀ
[ਸਫ਼ਾ 6 ਉੱਤੇ ਤਸਵੀਰ]
ਯਹੋਵਾਹ ਨੇ ਦੋ ਵਾਰ ਸਾਰਾਹ ਦੀ ਰਾਖੀ ਕੀਤੀ
[ਸਫ਼ਾ 7 ਉੱਤੇ ਤਸਵੀਰ]
ਕਾਰਲੋਸ ਤੇ ਸੇਸੀਲਿਯਾ ਦਾ ਵਿਆਹ ਟੁੱਟਣ ਕਿਨਾਰੇ ਸੀ
[ਸਫ਼ਾ 7 ਉੱਤੇ ਤਸਵੀਰ]
ਅੱਜ ਕਾਰਲੋਸ ਤੇ ਸੇਸੀਲਿਯਾ