ਜਿਉਂ-ਜਿਉਂ ਅੰਤ ਨੇੜੇ ਆਉਂਦਾ ਹੈ “ਸੁਰਤ ਵਾਲੇ ਹੋਵੋ”
“ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ।”—1 ਪਤਰਸ 4:7.
1. ‘ਸੁਰਤ ਵਾਲੇ ਹੋਣ’ ਵਿਚ ਕੀ ਸ਼ਾਮਲ ਹੈ?
ਪਤਰਸ ਰਸੂਲ ਦੇ ਉਪਰੋਕਤ ਸ਼ਬਦਾਂ ਨੂੰ ਮਸੀਹੀਆਂ ਦੀ ਜੀਵਨ ਸ਼ੈਲੀ ਤੇ ਵੱਡਾ ਅਸਰ ਪਾਉਣਾ ਚਾਹੀਦਾ ਹੈ। ਤਾਂ ਵੀ, ਪਤਰਸ ਨੇ ਆਪਣੇ ਪਾਠਕਾਂ ਨੂੰ ਦੁਨਿਆਵੀ ਜ਼ਿੰਮੇਵਾਰੀਆਂ ਅਤੇ ਜੀਵਨ ਦੀਆਂ ਚਿੰਤਾਵਾਂ ਤੋਂ ਪਿੱਛੇ ਹੱਟਣ ਲਈ ਨਹੀਂ ਸੀ ਕਿਹਾ; ਨਾ ਹੀ ਉਸ ਨੇ ਆਉਣ ਵਾਲੇ ਵਿਨਾਸ਼ ਕਾਰਨ ਅਤਿਭਾਵੁਕ ਹੋਣ ਲਈ ਉਤਸ਼ਾਹਿਤ ਕੀਤਾ ਸੀ। ਸਗੋਂ, ਉਸ ਨੇ ਜ਼ੋਰ ਦਿੱਤਾ: “ਤੁਸੀਂ ਸੁਰਤ ਵਾਲੇ ਹੋਵੋ।” ‘ਸੁਰਤ ਵਾਲੇ ਹੋਣ’ ਵਿਚ ਚੰਗੀ ਸੂਝ ਦਿਖਾਉਣੀ, ਅਤੇ ਆਪਣੀ ਬੋਲੀ ਅਤੇ ਕਾਰਵਾਈ ਵਿਚ ਸਿਆਣੇ, ਸਮਝਦਾਰ, ਅਤੇ ਤਰਕਪੂਰਣ ਹੋਣਾ ਸ਼ਾਮਲ ਹੈ। ਜਾਣੀ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਸੋਚਣੀ ਅਤੇ ਕਾਰਵਾਈ ਉੱਤੇ ਪ੍ਰਬਲ ਹੋਣ ਦੇਈਏ। (ਰੋਮੀਆਂ 12:2) ਜਦ ਕਿ ਅਸੀਂ “ਵਿੰਗੀ ਟੇਢੀ ਪੀੜ੍ਹੀ ਵਿੱਚ” ਜੀ ਰਹੇ ਹਾਂ, ਸਮੱਸਿਆਵਾਂ ਅਤੇ ਮੁਸੀਬਤਾਂ ਨੂੰ ਟਾਲਣ ਲਈ ਸੁਰਤ ਦੀ ਜ਼ਰੂਰਤ ਹੈ।—ਫ਼ਿਲਿੱਪੀਆਂ 2:15.
2. ਯਹੋਵਾਹ ਦਾ ਧੀਰਜ ਅੱਜ ਮਸੀਹੀਆਂ ਨੂੰ ਕਿਸ ਤਰ੍ਹਾਂ ਲਾਭ ਪਹੁੰਚਾਉਂਦਾ ਹੈ?
2 “ਸੁਰਤ” ਸਾਨੂੰ ਆਪਣੇ ਆਪ ਬਾਰੇ ਗੰਭੀਰ ਅਤੇ ਯਥਾਰਥਕ ਦ੍ਰਿਸ਼ਟੀਕੋਣ ਰੱਖਣ ਵਿਚ ਸਾਡੀ ਮਦਦ ਕਰਦੀ ਹੈ। (ਤੀਤੁਸ 2:12; ਰੋਮੀਆਂ 12:3) 2 ਪਤਰਸ 3:9 ਵਿਚ ਦਰਜ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਦ੍ਰਿਸ਼ਟੀਕੋਣ ਰੱਖਣਾ ਜ਼ਰੂਰੀ ਹੈ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” ਧਿਆਨ ਦਿਓ ਕਿ ਯਹੋਵਾਹ ਸਿਰਫ਼ ਅਵਿਸ਼ਵਾਸੀਆਂ ਨਾਲ ਹੀ ਨਹੀਂ, ਪਰ “ਤੁਹਾਡੇ ਨਾਲ,” ਅਰਥਾਤ ਮਸੀਹੀ ਕਲੀਸਿਯਾ ਦੇ ਮੈਂਬਰਾਂ ਨਾਲ ਵੀ ਧੀਰਜ ਕਰਦਾ ਹੈ। ਕਿਉਂ? ਕਿਉਂਕਿ “ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ।” ਸਦੀਪਕ ਜੀਵਨ ਦੇ ਤੋਹਫ਼ੇ ਦੇ ਯੋਗ ਹੋਣ ਲਈ ਸ਼ਾਇਦ ਕੁਝ ਵਿਅਕਤੀਆਂ ਨੂੰ ਅਜੇ ਵੀ ਤਬਦੀਲੀਆਂ ਅਤੇ ਸੁਧਾਰ ਕਰਨ ਦੀ ਜ਼ਰੂਰਤ ਹੋਵੇ। ਤਾਂ ਆਓ ਅਸੀਂ ਉਨ੍ਹਾਂ ਖੇਤਰਾਂ ਵੱਲ ਦੇਖੀਏ, ਜਿਨ੍ਹਾਂ ਵਿਚ ਸ਼ਾਇਦ ਤਬਦੀਲੀਆਂ ਦੀ ਜ਼ਰੂਰਤ ਹੋਵੇ।
ਆਪਣੇ ਨਿੱਜੀ ਰਿਸ਼ਤਿਆਂ ਵਿਚ “ਸੁਰਤ”
3. ਮਾਪੇ ਆਪਣੇ ਆਪ ਨੂੰ ਆਪਣੇ ਬੱਚਿਆਂ ਬਾਰੇ ਕੀ ਸਵਾਲ ਪੁੱਛ ਸਕਦੇ ਹਨ?
3 ਘਰ ਨੂੰ ਸ਼ਾਂਤੀ ਦਾ ਪਨਾਹ ਹੋਣਾ ਚਾਹੀਦਾ ਹੈ। ਪਰ ਕਈਆਂ ਦੇ “ਘਰ ਵਿੱਚ . . . ਝਗੜਾ” ਹੁੰਦਾ ਹੈ। (ਕਹਾਉਤਾਂ 17:1) ਤੁਹਾਡੇ ਪਰਿਵਾਰ ਬਾਰੇ ਕੀ? ਕੀ ਤੁਹਾਡਾ ਘਰ “ਕੋਪ, ਰੌਲਾ, ਅਤੇ ਦੁਰਬਚਨ” ਤੋਂ ਮੁਕਤ ਹੈ? (ਅਫ਼ਸੀਆਂ 4:31) ਤੁਹਾਡੇ ਬੱਚਿਆਂ ਬਾਰੇ ਕੀ? ਕੀ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਪਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਂਦੀ ਹੈ? (ਤੁਲਨਾ ਕਰੋ ਲੂਕਾ 3:22.) ਕੀ ਤੁਸੀਂ ਉਨ੍ਹਾਂ ਨੂੰ ਹਿਦਾਇਤ ਅਤੇ ਸਿਖਲਾਈ ਦੇਣ ਲਈ ਵਕਤ ਕੱਢ ਰਹੇ ਹੋ? ਕੀ ਤੁਸੀਂ ਕ੍ਰੋਧ ਅਤੇ ਗੁੱਸੇ ਦੀ ਬਜਾਇ “ਧਾਰਮਿਕਤਾ ਵਿਚ ਅਨੁਸ਼ਾਸਨ” ਦਿੰਦੇ ਹੋ? (2 ਤਿਮੋਥਿਉਸ 3:16, ਨਿ ਵ) ਜਦ ਕਿ “ਬੱਚੇ ਯਹੋਵਾਹ ਵੱਲੋਂ ਮਿਰਾਸ” ਹਨ, ਉਹ ਉਨ੍ਹਾਂ ਨਾਲ ਕੀਤੇ ਗਏ ਵਰਤਾਉ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ।—ਜ਼ਬੂਰ 127:3.
4. (ੳ) ਜੇਕਰ ਇਕ ਪਤੀ ਆਪਣੀ ਪਤਨੀ ਨਾਲ ਕਠੋਰ ਤਰੀਕੇ ਵਿਚ ਵਰਤਾਉ ਕਰੇ ਤਾਂ ਨਤੀਜਾ ਕੀ ਹੋ ਸਕਦਾ ਹੈ? (ਅ) ਪਤਨੀਆਂ ਪਰਮੇਸ਼ੁਰ ਨਾਲ ਸ਼ਾਂਤੀ ਅਤੇ ਸਾਰੇ ਪਰਿਵਾਰ ਵਿਚ ਖ਼ੁਸ਼ੀ ਕਿਸ ਤਰ੍ਹਾਂ ਵਧਾ ਸਕਦੀਆਂ ਹਨ?
4 ਸਾਡੇ ਵਿਆਹੁਤਾ ਸਾਥੀ ਬਾਰੇ ਕੀ? “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ, ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।” (ਅਫ਼ਸੀਆਂ 5:28, 29) ਇਕ ਅਪਮਾਨਜਨਕ, ਰੋਅਬ-ਪਾਉ, ਜਾਂ ਤਰਕਹੀਣ ਆਦਮੀ ਨਾ ਕੇਵਲ ਆਪਣੇ ਘਰ ਦੀ ਸ਼ਾਂਤੀ ਨੂੰ ਖ਼ਤਰੇ ਵਿਚ ਪਾਉਂਦਾ ਹੈ ਪਰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। (1 ਪਤਰਸ 3:7) ਪਤਨੀਆਂ ਬਾਰੇ ਕੀ? ਉਨ੍ਹਾਂ ਨੂੰ ਵੀ “ਆਪਣਿਆਂ ਪਤੀਆਂ ਦੇ ਅਧੀਨ” ਹੋਣਾ ਚਾਹੀਦਾ ਹੈ “ਜਿਵੇਂ ਪ੍ਰਭੁ ਦੇ।” (ਅਫ਼ਸੀਆਂ 5:22) ਪਰਮੇਸ਼ੁਰ ਨੂੰ ਖ਼ੁਸ਼ ਕਰਨ ਦਾ ਵਿਚਾਰ, ਇਕ ਪਤਨੀ ਦੀ ਆਪਣੇ ਪਤੀ ਦੇ ਨੁਕਸਾਂ ਨੂੰ ਅਣਡਿੱਠ ਕਰਨ ਵਿਚ ਅਤੇ ਬਿਨਾਂ ਨਾਰਾਜ਼ਗੀ ਦੇ ਉਸ ਦੇ ਅਧੀਨ ਰਹਿਣ ਵਿਚ ਮਦਦ ਕਰ ਸਕਦਾ ਹੈ। ਕਦੇ-ਕਦਾਈਂ, ਇਕ ਪਤਨੀ ਸ਼ਾਇਦ ਆਪਣੇ ਵਿਚਾਰ ਪ੍ਰਗਟ ਕਰਨ ਲਈ ਮਜਬੂਰ ਹੋ ਜਾਵੇ। ਪਤਵੰਤੀ ਇਸਤ੍ਰੀ ਬਾਰੇ ਕਹਾਉਤਾਂ 31:26 ਕਹਿੰਦਾ ਹੈ: “ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ, ਅਤੇ ਉਹ ਦੀ ਰਸਨਾ ਉੱਤੇ ਦਯਾ ਦੀ ਸਿੱਖਿਆ ਹੈ।” ਆਪਣੇ ਪਤੀ ਨਾਲ ਦਇਆਵਾਨ ਅਤੇ ਆਦਰਪੂਰਣ ਵਰਤਾਉ ਕਰਨ ਦੁਆਰਾ, ਉਹ ਪਰਮੇਸ਼ੁਰ ਨਾਲ ਸ਼ਾਂਤੀ ਕਾਇਮ ਰੱਖਦੀ ਹੈ, ਅਤੇ ਉਹ ਸਾਰੇ ਪਰਿਵਾਰ ਦੀ ਖ਼ੁਸ਼ੀ ਵਧਾਉਂਦੀ ਹੈ।—ਕਹਾਉਤਾਂ 14:1.
5. ਨੌਜਵਾਨਾਂ ਨੂੰ ਆਪਣੇ ਮਾਪਿਆਂ ਨਾਲ ਸਲੂਕ ਕਰਨ ਵਿਚ ਬਾਈਬਲ ਦੀ ਸਲਾਹ ਦੀ ਪੈਰਵੀ ਕਿਉਂ ਕਰਨੀ ਚਾਹੀਦੀ ਹੈ?
5 ਨੌਜਵਾਨੋ, ਤੁਸੀਂ ਆਪਣੇ ਮਾਪਿਆਂ ਨਾਲ ਕਿਸ ਤਰ੍ਹਾਂ ਸਲੂਕ ਕਰਦੇ ਹੋ? ਕੀ ਤੁਸੀਂ ਚੁਭਵੀਂ, ਅਨਾਦਰ ਭਰੀ ਬੋਲੀ ਇਸਤੇਮਾਲ ਕਰਦੇ ਹੋ, ਜੋ ਅਕਸਰ ਦੁਨੀਆਂ ਬਰਦਾਸ਼ਤ ਕਰਦੀ ਹੈ? ਜਾਂ ਕੀ ਤੁਸੀਂ ਬਾਈਬਲ ਦਾ ਹੁਕਮ ਮੰਨਦੇ ਹੋ: “ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ”?—ਅਫ਼ਸੀਆਂ 6:1-3.
6. ਅਸੀਂ ਸੰਗੀ ਉਪਾਸਕਾਂ ਨਾਲ ਕਿਸ ਤਰ੍ਹਾਂ ਮਿਲਾਪ ਨੂੰ ਲੱਭ ਸਕਦੇ ਹਾਂ?
6 ਅਸੀਂ ਉਦੋਂ ਵੀ ‘ਸੁਰਤ ਵਾਲੇ ਹੁੰਦੇ’ ਹਾਂ ਜਦੋਂ ਅਸੀਂ ਸੰਗੀ ਉਪਾਸਕਾਂ ਨਾਲ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ ਹਾਂ।’ (1 ਪਤਰਸ 3:11) ਸਮੇਂ-ਸਮੇਂ ਤੇ ਮਤਭੇਦ ਅਤੇ ਗ਼ਲਤਫ਼ਹਿਮੀਆਂ ਹੋ ਸਕਦੀਆਂ ਹਨ। (ਯਾਕੂਬ 3:2) ਜੇ ਵੈਰਾਂ ਨੂੰ ਰਿੱਝਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਸਾਰੀ ਕਲੀਸਿਯਾ ਦੀ ਸ਼ਾਂਤੀ ਖ਼ਤਰੇ ਵਿਚ ਪੈ ਸਕਦੀ ਹੈ। (ਗਲਾਤੀਆਂ 5:15) ਇਸ ਕਰਕੇ ਝਗੜੇ ਜਲਦੀ ਨਿਪਟਾਓ; ਸ਼ਾਂਤਮਈ ਹੱਲ ਭਾਲੋ।—ਮੱਤੀ 5:23-25; ਅਫ਼ਸੀਆਂ 4:26; ਕੁਲੁੱਸੀਆਂ 3:13, 14.
“ਸੁਰਤ” ਅਤੇ ਪਰਿਵਾਰਕ ਜ਼ਿੰਮੇਵਾਰੀਆਂ
7. (ੳ) ਪੌਲੁਸ ਨੇ ਦੁਨਿਆਵੀ ਗੱਲਾਂ ਵਿਚ “ਸੁਰਤ ਵਾਲੇ ਹੋਣ” ਲਈ ਕਿਸ ਤਰ੍ਹਾਂ ਉਤਸ਼ਾਹਿਤ ਕੀਤਾ ਸੀ? (ਅ) ਮਸੀਹੀ ਪਤੀ ਅਤੇ ਪਤਨੀਆਂ ਦਾ ਘਰੇਲੂ ਜ਼ਿੰਮੇਵਾਰੀਆਂ ਬਾਰੇ ਕੀ ਰਵੱਈਆ ਹੋਣਾ ਚਾਹੀਦਾ ਹੈ?
7 ਪੌਲੁਸ ਰਸੂਲ ਨੇ ਮਸੀਹੀਆਂ ਨੂੰ “ਸੁਰਤ . . . ਨਾਲ ਉਮਰ ਬਤੀਤ” ਕਰਨ ਦੀ ਸਲਾਹ ਦਿੱਤੀ ਸੀ। (ਤੀਤੁਸ 2:12) ਦਿਲਚਸਪੀ ਦੀ ਗੱਲ ਹੈ ਕਿ, ਪ੍ਰਸੰਗ ਵਿਚ, ਪੌਲੁਸ ਨੇ ਔਰਤਾਂ ਨੂੰ ਮਤ ਦਿੱਤੀ ਕਿ ਉਹ ‘ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ, ਸੁਰਤ ਵਾਲੀਆਂ, ਸਤਵੰਤੀਆਂ, ਅਤੇ ਸੁਘੜ ਬੀਬੀਆਂ ਹੋਣ।’ (ਤੀਤੁਸ 2:4, 5) ਯਹੂਦੀ ਰੀਤੀ-ਵਿਵਸਥਾ ਦੇ ਅੰਤ ਤੋਂ ਕੁਝ ਸਾਲ ਪਹਿਲਾਂ, 61-64 ਸਾ.ਯੁ. ਵਿਚ ਪੌਲੁਸ ਨੇ ਇਹ ਲਿਖਿਆ ਸੀ। ਫਿਰ ਵੀ, ਦੁਨਿਆਵੀ ਗੱਲਾਂ, ਜਿਵੇਂ ਕਿ ਘਰ ਦੇ ਕੰਮ-ਕਾਜ ਵੀ ਮਹੱਤਵਪੂਰਣ ਸਨ। ਇਸ ਵਾਸਤੇ ਪਤੀ ਅਤੇ ਪਤਨੀਆਂ ਦੋਵਾਂ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਬਾਰੇ ਇਕ ਗੁਣਕਾਰੀ, ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣਾ ਚਾਹੀਦਾ ਹੈ ਤਾਂਕਿ “ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।” ਇਕ ਪਰਿਵਾਰ ਦੇ ਮੁਖੀ ਨੇ ਇਕ ਪਰਾਹੁਣੇ ਤੋਂ ਆਪਣੇ ਘਰ ਦੀ ਸ਼ਰਮਨਾਕ ਦਸ਼ਾ ਲਈ ਮਾਫ਼ੀ ਮੰਗੀ। ਉਸ ਨੇ ਸਮਝਾਇਆ ਕਿ “ਉਸ ਦੇ ਪਾਇਨੀਅਰੀ ਕਰਨ ਕਰਕੇ” ਇਹ ਖਸਤਾ ਹਾਲਤ ਵਿਚ ਸੀ। ਰਾਜ ਦੀ ਖਾਤਰ ਜੇ ਅਸੀਂ ਕੁਰਬਾਨੀਆਂ ਕਰਦੇ ਹਾਂ ਤਾਂ ਇਹ ਸ਼ਲਾਘਾਯੋਗ ਹੈ, ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰਾਂ ਦੀ ਭਲਾਈ ਦੀ ਕੁਰਬਾਨੀ ਨਾ ਦੇ ਦੇਈਏ।
8. ਪਰਿਵਾਰ ਦੇ ਮੁਖੀ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦੀ ਦੇਖ-ਭਾਲ ਇਕ ਸੰਤੁਲਿਤ ਤਰੀਕੇ ਨਾਲ ਕਿਸ ਤਰ੍ਹਾਂ ਕਰ ਸਕਦੇ ਹਨ?
8 ਬਾਈਬਲ ਪਿਤਾਵਾਂ ਨੂੰ ਆਪਣੇ ਪਰਿਵਾਰਾਂ ਨੂੰ ਪਹਿਲ ਦੇਣ ਲਈ ਜ਼ੋਰ ਦਿੰਦੀ ਹੈ, ਇਹ ਕਹਿ ਕੇ ਕਿ ਆਪਣੇ ਪਰਿਵਾਰ ਲਈ ਨਾ ਇੰਤਜ਼ਾਮ ਕਰਨ ਵਾਲਾ “ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਦੁਨੀਆਂ ਭਰ ਵਿਚ ਜੀਉਣ ਦੇ ਪੱਧਰ ਵੱਖਰੇ-ਵੱਖਰੇ ਹੁੰਦੇ ਹਨ, ਅਤੇ ਭੌਤਿਕ ਆਸਾਂ ਨੂੰ ਸਾਧਾਰਣ ਰੱਖਣਾ ਚੰਗਾ ਹੈ। “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ,” ਕਹਾਉਤਾਂ 30:8 ਦੇ ਲਿਖਾਰੀ ਨੇ ਪ੍ਰਾਰਥਨਾ ਕੀਤੀ ਸੀ। ਫਿਰ ਵੀ, ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਭੌਤਿਕ ਜ਼ਰੂਰਤਾਂ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ। ਉਦਾਹਰਣ ਲਈ, ਕੀ ਦੈਵ-ਸ਼ਾਸਕੀ ਵਿਸ਼ੇਸ਼-ਸਨਮਾਨਾਂ ਦੀ ਪੈਰਵੀ ਕਰਨ ਲਈ ਆਪਣੇ ਪਰਿਵਾਰ ਨੂੰ ਜਾਣ-ਬੁੱਝ ਕੇ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਿਆਂ ਰੱਖਣਾ ਅਕਲਮੰਦੀ ਹੋਵੇਗੀ? ਕੀ ਇਹ ਸਾਡੇ ਬੱਚਿਆਂ ਵਿਚ ਰੋਸ ਨਹੀਂ ਪੈਦਾ ਕਰੇਗਾ? ਦੂਜੇ ਪਾਸੇ, ਕਹਾਉਤਾਂ 24:27 ਕਹਿੰਦਾ ਹੈ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” ਜੀ ਹਾਂ, ਜਦ ਕਿ ਭੌਤਿਕ ਚੀਜ਼ਾਂ ਦੀ ਚਿੰਤਾ ਕਰਨੀ ਉਚਿਤ ਹੈ, ਅਧਿਆਤਮਿਕ ਅਤੇ ਜਜ਼ਬਾਤੀ ਰੂਪ ਵਿਚ ‘ਆਪਣਾ ਘਰ ਬਣਾਉਣਾ’ ਵੀ ਅਤਿ-ਮਹੱਤਵਪੂਰਣ ਹੈ।
9. ਪਰਿਵਾਰ ਦੇ ਮੁਖੀ ਲਈ ਆਪਣੀ ਮੌਤ ਜਾਂ ਬੀਮਾਰੀ ਦੀ ਸੰਭਾਵਨਾ ਬਾਰੇ ਸੋਚਣਾ ਕਿਉਂ ਅਕਲਮੰਦੀ ਦੀ ਗੱਲ ਹੈ?
9 ਕੀ ਤੁਸੀਂ ਆਪਣੇ ਪਰਿਵਾਰ ਦੀ ਦੇਖ-ਭਾਲ ਲਈ ਪ੍ਰਬੰਧ ਕੀਤੇ ਹਨ ਜੇਕਰ ਤੁਹਾਡੀ ਬੇਮੌਕੇ ਮੌਤ ਹੋ ਜਾਵੇ? ਕਹਾਉਤਾਂ 13:22 ਕਹਿੰਦਾ ਹੈ: “ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ ਛੱਡ ਜਾਂਦਾ ਹੈ।” ਯਹੋਵਾਹ ਦੇ ਗਿਆਨ ਅਤੇ ਉਸ ਨਾਲ ਰਿਸ਼ਤੇ ਦੀ ਮੀਰਾਸ ਤੋਂ ਇਲਾਵਾ, ਮਾਪਿਆਂ ਨੂੰ ਆਪਣੇ ਬੱਚਿਆਂ ਲਈ ਭੌਤਿਕ ਰੂਪ ਵਿਚ ਵੀ ਇੰਤਜ਼ਾਮ ਕਰਨੇ ਚਾਹੀਦੇ ਹਨ। ਕਈਆਂ ਦੇਸ਼ਾਂ ਵਿਚ ਜ਼ਿੰਮੇਵਾਰ ਪਰਿਵਾਰਕ ਸਿਰ ਕੁਝ ਧਨ ਜੋੜਨ, ਇਕ ਕਾਨੂੰਨੀ ਵਸੀਅਤ ਤਿਆਰ ਕਰਨ, ਅਤੇ ਬੀਮਾ ਕਰਾਉਣ ਦੀ ਕੋਸ਼ਿਸ਼ ਕਰਨਗੇ। ਆਖ਼ਰ, ਪਰਮੇਸ਼ੁਰ ਦੇ ਲੋਕ “ਸਮਾਂ ਅਤੇ ਅਣਚਿਤਵੀ ਘਟਨਾ” ਤੋਂ ਮੁਕਤ ਨਹੀਂ ਹਨ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਧਨ ਸਾਡੇ ਲਈ ਇਕ ‘ਸਾਯਾ’ ਹੈ, ਅਤੇ ਸੁਚੱਜੀ ਯੋਜਨਾ ਤੰਗੀ ਨੂੰ ਅਕਸਰ ਟਾਲ ਸਕਦੀ ਹੈ। (ਉਪਦੇਸ਼ਕ ਦੀ ਪੋਥੀ 7:12) ਉਨ੍ਹਾਂ ਦੇਸ਼ਾਂ ਵਿਚ ਜਿੱਥੇ ਡਾਕਟਰੀ ਦੇਖ-ਭਾਲ ਲਈ ਸਰਕਾਰ ਖ਼ਰਚਾ ਨਹੀਂ ਦਿੰਦੀ ਹੈ, ਕੁਝ ਵਿਅਕਤੀ ਸ਼ਾਇਦ ਸਿਹਤ ਸਮੱਸਿਆਵਾਂ ਲਈ ਰਕਮ ਅਲੱਗ ਰੱਖਣ ਜਾਂ ਕਿਸੇ ਪ੍ਰਕਾਰ ਦੀ ਸਿਹਤ ਬੀਮਾ ਕਰਾਉਣ ਦੀ ਚੋਣ ਕਰਨ।a
10. ਮਸੀਹੀ ਮਾਪੇ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ‘ਜੋੜ’ ਸਕਦੇ ਹਨ?
10 ਸ਼ਾਸਤਰ ਇਹ ਵੀ ਕਹਿੰਦਾ ਹੈ: “ਬਾਲ ਬੱਚਿਆਂ ਨੂੰ ਮਾਪਿਆਂ ਲਈ ਨਹੀਂ ਸਗੋਂ ਮਾਪਿਆਂ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ।” (2 ਕੁਰਿੰਥੀਆਂ 12:14) ਸੰਸਾਰ ਵਿਚ ਮਾਪਿਆਂ ਲਈ ਆਪਣੇ ਬੱਚਿਆਂ ਦੀ ਭਾਵੀ ਪੜ੍ਹਾਈ ਅਤੇ ਸ਼ਾਦੀ ਲਈ ਪੈਸਾ ਜੋੜਨਾ ਆਮ ਹੈ ਤਾਂਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਚੰਗੀ ਸ਼ੁਰੂਆਤ ਮਿਲੇ। ਕੀ ਤੁਸੀਂ ਆਪਣੇ ਬੱਚਿਆਂ ਦੇ ਅਧਿਆਤਮਿਕ ਭਵਿੱਖ ਲਈ ਜੋੜਨ ਬਾਰੇ ਸੋਚਿਆ ਹੈ? ਉਦਾਹਰਣ ਲਈ, ਫ਼ਰਜ਼ ਕਰੋ ਕਿ ਇਕ ਪ੍ਰੌੜ੍ਹ ਬੱਚਾ ਪੂਰਣ-ਕਾਲੀ ਸੇਵਕਾਈ ਕਰ ਰਿਹਾ ਹੈ। ਜਦ ਕਿ ਪੂਰਣ-ਕਾਲੀ ਸੇਵਕਾਂ ਨੂੰ ਕਿਸੇ ਤੋਂ ਮਾਲੀ ਸਹਾਇਤਾ ਦੀ ਮੰਗ ਜਾਂ ਆਸ ਨਹੀਂ ਕਰਨੀ ਚਾਹੀਦੀ ਹੈ, ਫਿਰ ਵੀ ਪੂਰਣ-ਕਾਲੀ ਸੇਵਾ ਵਿਚ ਕਾਇਮ ਰਹਿਣ ਲਈ ਉਸ ਦੀ ਮਦਦ ਕਰਨ ਲਈ ਮੁਹੱਬਤੀ ਮਾਪੇ ਸ਼ਾਇਦ ‘ਉਸ ਦੀਆਂ ਲੋੜਾਂ ਦੇ ਸਾਂਝੀ ਬਣਨ’ ਦੀ ਚੋਣ ਕਰਨ।—ਰੋਮੀਆਂ 12:13; 1 ਸਮੂਏਲ 2:18, 19; ਫ਼ਿਲਿੱਪੀਆਂ 4:14-18.
11. ਕੀ ਪੈਸੇ ਬਾਰੇ ਯਥਾਰਥਕ ਦ੍ਰਿਸ਼ਟੀਕੋਣ ਰੱਖਣਾ ਨਿਹਚਾ ਦੀ ਘਾਟ ਦਿਖਾਉਂਦਾ ਹੈ? ਸਮਝਾਓ।
11 ਪੈਸੇ ਬਾਰੇ ਯਥਾਰਥਕ ਦ੍ਰਿਸ਼ਟੀਕੋਣ ਰੱਖਣਾ ਇਸ ਗੱਲ ਵਿਚ ਨਿਹਚਾ ਦੀ ਘਾਟ ਨਹੀਂ ਦਿਖਾਉਂਦਾ ਹੈ ਕਿ ਸ਼ਤਾਨ ਦੀ ਦੁਸ਼ਟ ਵਿਵਸਥਾ ਦਾ ਅੰਤ ਨਜ਼ਦੀਕ ਹੈ। ਇਹ ਤਾਂ ਸਿਰਫ਼ “ਦਨਾਈ” ਅਤੇ ਸਹੀ ਸੂਝ ਦਿਖਾਉਣ ਦੀ ਗੱਲ ਹੈ। (ਕਹਾਉਤਾਂ 2:7; 3:21) ਯਿਸੂ ਨੇ ਇਕ ਵਾਰ ਕਿਹਾ ਸੀ ਕਿ ਪੈਸੇ ਦੀ ਵਰਤੋਂ ਵਿਚ “ਐਸ ਜੁਗ ਦੇ ਪੁੱਤ੍ਰ . . . ਚਾਨਣ ਦੇ ਪੁੱਤ੍ਰਾਂ ਨਾਲੋਂ ਚਾਤਰ ਹਨ।” (ਲੂਕਾ 16:8) ਇਸ ਕਰਕੇ, ਹੈਰਾਨੀ ਦੀ ਕੋਈ ਗੱਲ ਨਹੀਂ ਕਿ ਕੁਝ ਵਿਅਕਤੀਆਂ ਨੇ ਆਪਣੀ ਸੰਪਤੀ ਦੀ ਵਰਤੋਂ ਵਿਚ ਤਬਦੀਲੀ ਕਰਨ ਦੀ ਜ਼ਰੂਰਤ ਦੇਖੀ ਹੈ, ਤਾਂਕਿ ਉਹ ਆਪਣੇ ਪਰਿਵਾਰਾਂ ਦੀਆਂ ਲੋੜਾਂ ਦੀ ਬਿਹਤਰ ਦੇਖ-ਭਾਲ ਕਰ ਸਕਣ।
ਸਿੱਖਿਆ ਬਾਰੇ ਸਾਡੇ ਦ੍ਰਿਸ਼ਟੀਕੋਣ ਵਿਚ “ਸੁਰਤ”
12. ਯਿਸੂ ਨੇ ਕਿਸ ਤਰ੍ਹਾਂ ਆਪਣੇ ਚੇਲਿਆਂ ਨੂੰ ਨਵੀਆਂ ਹਾਲਤਾਂ ਦੇ ਅਨੁਕੂਲ ਹੋਣਾ ਸਿਖਾਇਆ ਸੀ?
12 “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ,” ਅਤੇ ਵਿਆਪਕ ਆਰਥਿਕ ਤਬਦੀਲੀਆਂ ਅਤੇ ਤਕਨਾਲੋਜੀ ਵਿਚ ਤਰੱਕੀਆਂ ਤੇਜ਼ੀ ਨਾਲ ਹੋ ਰਹੀਆਂ ਹਨ। (1 ਕੁਰਿੰਥੀਆਂ 7:31) ਫਿਰ ਵੀ, ਯਿਸੂ ਨੇ ਆਪਣੇ ਚੇਲਿਆਂ ਨੂੰ ਅਨੁਕੂਲ ਬਣਨਾ ਸਿਖਾਇਆ ਸੀ। ਜਦ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਪ੍ਰਚਾਰ ਮੁਹਿੰਮ ਤੇ ਘੱਲਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ।” (ਮੱਤੀ 10:9, 10) ਪਰ, ਇਕ ਮਗਰਲੇ ਅਵਸਰ ਤੇ ਯਿਸੂ ਨੇ ਕਿਹਾ ਸੀ: “ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ।” (ਲੂਕਾ 22:36) ਕੀ ਬਦਲ ਗਿਆ ਸੀ? ਹਾਲਤਾਂ ਬਦਲ ਗਈਆਂ ਸਨ। ਧਾਰਮਿਕ ਮਾਹੌਲ ਹੋਰ ਵਿਰੋਧੀ ਹੋ ਗਿਆ ਸੀ, ਅਤੇ ਹੁਣ ਉਨ੍ਹਾਂ ਨੂੰ ਆਪਣੇ ਆਪ ਲਈ ਪ੍ਰਬੰਧ ਕਰਨੇ ਪੈਣੇ ਸਨ।
13. ਸਿੱਖਿਆ ਦਾ ਮੁੱਖ ਮਕਸਦ ਕੀ ਹੈ, ਅਤੇ ਇਸ ਲਿਹਾਜ਼ ਵਿਚ ਮਾਪੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਮਰਥਨ ਦੇ ਸਕਦੇ ਹਨ?
13 ਉਸੇ ਤਰ੍ਹਾਂ ਅੱਜ ਵੀ, ਮਾਪਿਆਂ ਨੂੰ ਸ਼ਾਇਦ ਵਰਤਮਾਨ ਆਰਥਿਕ ਹਕੀਕਤਾਂ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੋਵੇ। ਉਦਾਹਰਣ ਲਈ, ਕੀ ਤੁਸੀਂ ਆਪਣੇ ਬੱਚਿਆਂ ਵਾਸਤੇ ਲੋੜੀਂਦੀ ਪੜ੍ਹਾਈ-ਲਿਖਾਈ ਦਾ ਇੰਤਜ਼ਾਮ ਕਰ ਰਹੇ ਹੋ? ਸਿੱਖਿਆ ਦਾ ਮੁੱਖ ਮਕਸਦ ਇਕ ਨੌਜਵਾਨ ਨੂੰ ਯਹੋਵਾਹ ਦਾ ਪ੍ਰਭਾਵੀ ਸੇਵਕ ਬਣਨ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ। ਅਤੇ ਸਭ ਤੋਂ ਮਹੱਤਵਪੂਰਣ ਸਿੱਖਿਆ ਅਧਿਆਤਮਿਕ ਸਿੱਖਿਆ ਹੈ। (ਯਸਾਯਾਹ 54:13) ਮਾਪੇ ਇਸ ਬਾਰੇ ਵੀ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਮਾਲੀ ਤੌਰ ਤੇ ਆਪਣਾ ਗੁਜ਼ਾਰਾ ਤੋਰਨ ਦੇ ਯੋਗ ਬਣਨ। ਇਸ ਕਰਕੇ ਆਪਣੇ ਬੱਚਿਆਂ ਨੂੰ ਅਗਵਾਈ ਦਿਓ, ਸਕੂਲ ਵਿਚ ਢੁਕਵੇਂ ਵਿਸ਼ੇ ਚੁਣਨ ਲਈ ਉਨ੍ਹਾਂ ਦੀ ਮਦਦ ਕਰੋ, ਅਤੇ ਉਨ੍ਹਾਂ ਨਾਲ ਚਰਚਾ ਕਰੋ ਕਿ ਹੋਰ ਜ਼ਿਆਦਾ ਸਿੱਖਿਆ ਦੀ ਪੈਰਵੀ ਕਰਨੀ ਅਕਲਮੰਦੀ ਹੋਵੇਗੀ ਕਿ ਨਹੀਂ। ਅਜਿਹੇ ਫ਼ੈਸਲੇ ਇਕ ਪਰਿਵਾਰ ਦੀ ਜ਼ਿੰਮੇਵਾਰੀ ਹਨ, ਅਤੇ ਹੋਰਨਾਂ ਨੂੰ ਇਨ੍ਹਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। (ਕਹਾਉਤਾਂ 22:6) ਉਨ੍ਹਾਂ ਬਾਰੇ ਕੀ ਕਹੀਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਘਰ ਵਿਚ ਪੜ੍ਹਾਉਣਾ ਪਸੰਦ ਕੀਤਾ ਹੈ?b ਜਦ ਕਿ ਬਥੇਰਿਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਫਿਰ ਵੀ ਕਈਆਂ ਨੇ ਘਰ ਵਿਚ ਪੜ੍ਹਾਉਣ ਦਾ ਕੰਮ ਆਪਣੀ ਕਲਪਨਾ ਤੋਂ ਬਹੁਤ ਜ਼ਿਆਦਾ ਮੁਸ਼ਕਿਲ ਪਾਇਆ ਹੈ, ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਰਕੇ ਜੇ ਤੁਸੀਂ ਘਰ ਵਿਚ ਪੜ੍ਹਾਉਣ ਬਾਰੇ ਸੋਚ ਰਹੇ ਹੋ, ਤਾਂ ਨਿਸ਼ਚੇ ਹੀ ਸੋਚ ਸਮਝ ਕੇ ਇਸ ਦੀ ਕੀਮਤ ਗਿਣੋ, ਅਤੇ ਵਾਸਤਵਿਕ ਤੌਰ ਤੇ ਵਿਚਾਰ ਕਰੋ ਕਿ ਤੁਹਾਡੇ ਕੋਲ ਇਸ ਨੂੰ ਪੂਰਾ ਕਰਨ ਦੀ ਨਿਪੁੰਨਤਾ ਅਤੇ ਆਤਮ-ਸੰਜਮ ਹੈ ਜਾਂ ਨਹੀਂ।—ਲੂਕਾ 14:28.
‘ਵੱਡੀਆਂ ਚੀਜ਼ਾਂ ਨਾ ਲੱਭ’
14, 15. (ੳ) ਬਾਰੂਕ ਨੇ ਆਪਣਾ ਅਧਿਆਤਮਕ ਸੰਤੁਲਨ ਕਿਸ ਤਰ੍ਹਾਂ ਗੁਆਇਆ ਸੀ? (ਅ) ਉਸ ਲਈ “ਵੱਡੀਆਂ ਚੀਜ਼ਾਂ ਲੱਭਣੀਆਂ’ ਕਿਉਂ ਮੂਰਖਤਾ ਸੀ?
14 ਜਦ ਕਿ ਇਸ ਵਿਵਸਥਾ ਦਾ ਅੰਤ ਅਜੇ ਨਹੀਂ ਆਇਆ ਹੈ, ਕੁਝ ਵਿਅਕਤੀ ਸ਼ਾਇਦ ਸੰਸਾਰ ਵੱਲੋਂ ਪੇਸ਼ ਕੀਤੀਆਂ ਗਈਆਂ ਚੀਜ਼ਾਂ ਲੱਭਣ ਵੱਲ ਝੁਕਾਉ ਰੱਖਣ—ਮਾਣ ਵਾਲੇ ਪੇਸ਼ੇ, ਮੁਨਾਫ਼ੇ ਵਾਲੀਆਂ ਨੌਕਰੀਆਂ, ਅਤੇ ਦੌਲਤ। ਯਿਰਮਿਯਾਹ ਦੇ ਸਕੱਤਰ, ਬਾਰੂਕ ਵੱਲ ਧਿਆਨ ਦਿਓ। ਉਸ ਨੇ ਕੀਰਨੇ ਪਾਏ: “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।” (ਯਿਰਮਿਯਾਹ 45:3) ਬਾਰੂਕ ਅੱਕਿਆ ਹੋਇਆ ਸੀ। ਯਿਰਮਿਯਾਹ ਦੇ ਸਕੱਤਰ ਵਜੋਂ ਸੇਵਾ ਕਰਨੀ ਇਕ ਮੁਸ਼ਕਿਲ ਅਤੇ ਤਣਾਉ-ਭਰਪੂਰ ਕੰਮ ਸੀ। (ਯਿਰਮਿਯਾਹ 36:14-26) ਅਤੇ ਤਣਾਉ ਦਾ ਕੋਈ ਅੰਤ ਨਜ਼ਰ ਨਹੀਂ ਸੀ ਆ ਰਿਹਾ। ਯਰੂਸ਼ਲਮ ਦੇ ਨਸ਼ਟ ਹੋਣ ਵਿਚ ਅਜੇ 18 ਸਾਲ ਹੋਰ ਬਾਕੀ ਸਨ।
15 ਯਹੋਵਾਹ ਨੇ ਬਾਰੂਕ ਨੂੰ ਕਿਹਾ: “ਵੇਖ, ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ। ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।” ਬਾਰੂਕ ਆਪਣਾ ਸੰਤੁਲਨ ਗੁਆ ਚੁੱਕਾ ਸੀ। ਉਸ ਨੇ ‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਣੀਆਂ’ ਸ਼ੁਰੂ ਕਰ ਦਿੱਤੀਆਂ ਸਨ, ਸ਼ਾਇਦ ਦੌਲਤ, ਉੱਘਾਪਣ, ਜਾਂ ਭੌਤਿਕ ਸੁਰੱਖਿਆ। ਜਦ ਕਿ ਯਹੋਵਾਹ ‘ਪੁੱਟ ਸੁੱਟ ਰਿਹਾ ਸੀ, ਅਰਥਾਤ ਏਹ ਸਾਰੇ ਦੇਸ ਨੂੰ,’ ਤਾਂ ਅਜਿਹੀਆਂ ਚੀਜ਼ਾਂ ਲੱਭਣ ਦਾ ਕੀ ਫ਼ਾਇਦਾ ਸੀ? ਇਸ ਕਰਕੇ ਯਹੋਵਾਹ ਨੇ ਬਾਰੂਕ ਨੂੰ ਇਸ ਗੰਭੀਰ ਗੱਲ ਦਾ ਚੇਤਾ ਕਰਾਇਆ: “ਕਿਉਂ ਜੋ ਵੇਖ . . . ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।” ਭੌਤਿਕ ਸੰਪਤੀ ਯਰੂਸ਼ਲਮ ਦੇ ਵਿਨਾਸ਼ ਵਿੱਚੋਂ ਨਹੀਂ ਬਚੇਗੀ! ਯਹੋਵਾਹ ਨੇ ‘ਲੁੱਟ ਦੇ ਮਾਲ’ ਵਜੋਂ ਸਿਰਫ਼ ਉਸ ਦੀ “ਜਾਨ” ਦੀ ਸੁਰੱਖਿਆ ਦੀ ਗਾਰੰਟੀ ਦਿੱਤੀ ਸੀ।—ਯਿਰਮਿਯਾਹ 45:4, 5.
16. ਬਾਰੂਕ ਦੇ ਤਜਰਬੇ ਤੋਂ ਅੱਜ ਯਹੋਵਾਹ ਦੇ ਲੋਕ ਕਿਹੜਾ ਸਬਕ ਸਿੱਖ ਸਕਦੇ ਹਨ?
16 ਬਾਰੂਕ ਨੇ ਯਹੋਵਾਹ ਦੀ ਤਾੜਨਾ ਸਵੀਕਾਰ ਕੀਤੀ, ਅਤੇ ਯਹੋਵਾਹ ਦੇ ਵਾਅਦੇ ਅਨੁਸਾਰ, ਬਾਰੂਕ ਦੀ ਜਾਨ ਬਚ ਗਈ। (ਯਿਰਮਿਯਾਹ 43:6, 7) ਯਹੋਵਾਹ ਦੇ ਲੋਕਾਂ ਲਈ ਅੱਜ ਇਹ ਕਿੰਨਾ ਜ਼ਬਰਦਸਤ ਸਬਕ ਹੈ! ਇਹ ‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਣ ਦਾ’ ਕੋਈ ਸਮਾਂ ਨਹੀਂ ਹੈ। ਕਿਉਂ? ਕਿਉਂ ਜੋ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।”—1 ਯੂਹੰਨਾ 2:17.
ਬਾਕੀ ਦੇ ਸਮੇਂ ਦੀ ਉੱਤਮ ਵਰਤੋਂ
17, 18. (ੳ) ਯੂਨਾਹ ਦੀ ਕੀ ਪ੍ਰਤਿਕ੍ਰਿਆ ਸੀ ਜਦੋਂ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ? (ਅ) ਯਹੋਵਾਹ ਨੇ ਯੂਨਾਹ ਨੂੰ ਕੀ ਸਬਕ ਸਿੱਖਾਇਆ ਸੀ?
17 ਤਾਂ ਫਿਰ, ਅਸੀਂ ਬਾਕੀ ਦੇ ਸਮੇਂ ਦੀ ਕਿਸ ਤਰ੍ਹਾਂ ਉੱਤਮ ਵਰਤੋਂ ਕਰ ਸਕਦੇ ਹਾਂ? ਯੂਨਾਹ ਨਬੀ ਦੇ ਤਜਰਬੇ ਤੋਂ ਸਿੱਖੋ। ਉਹ “ਨੀਨਵਾਹ ਨੂੰ ਗਿਆ . . . , ਤਦ ਉਹ ਨੇ ਪੁਕਾਰਿਆ ਅਤੇ ਆਖਿਆ, ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ।” ਯੂਨਾਹ ਹੈਰਾਨ ਹੋਇਆ ਕਿ ਨੀਨਵਾਹ ਦੇ ਲੋਕਾਂ ਨੇ ਉਸ ਦੇ ਸੰਦੇਸ਼ ਵੱਲ ਧਿਆਨ ਦਿੱਤਾ ਅਤੇ ਤੋਬਾ ਕਰ ਲਈ! ਯਹੋਵਾਹ ਨੇ ਸ਼ਹਿਰ ਨੂੰ ਨਸ਼ਟ ਕਰਨ ਤੋਂ ਪਰਹੇਜ਼ ਕੀਤਾ। ਯੂਨਾਹ ਦੀ ਪ੍ਰਤਿਕ੍ਰਿਆ? “ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ।”—ਯੂਨਾਹ 3:3, 4; 4:3.
18 ਯਹੋਵਾਹ ਨੇ ਉਦੋਂ ਯੂਨਾਹ ਨੂੰ ਇਕ ਮਹੱਤਵਪੂਰਣ ਸਬਕ ਸਿੱਖਾਇਆ। ਉਸ “ਨੇ ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ ਭਈ ਉਹ ਦੇ ਸਿਰ ਉੱਤੇ ਛਾਂ ਕਰੇ . . . ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ।” ਪਰ ਯੂਨਾਹ ਦੀ ਖ਼ੁਸ਼ੀ ਥੋੜ੍ਹੇ ਚਿਰ ਦੀ ਸੀ, ਕਿਉਂ ਜੋ ਉਹ ਬੂਟਾ ਝੱਟ ਸੁੱਕ ਗਿਆ। ਯੂਨਾਹ ਨੂੰ ਆਪਣੀ ਤਕਲੀਫ਼ ਕਰਕੇ ਬਹੁਤ “ਗੁੱਸਾ” ਆਇਆ। ਯਹੋਵਾਹ ਨੇ ਇਹ ਕਹਿ ਕੇ ਆਪਣਾ ਮਤਲਬ ਸਪੱਸ਼ਟ ਕੀਤਾ: “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ . . . ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨ?”—ਯੂਨਾਹ 4:6, 7, 9-11.
19. ਕਿਹੜੀ ਮਤਲਬੀ ਸੋਚਣੀ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ?
19 ਯੂਨਾਹ ਦਾ ਤਰਕ ਕਿੰਨਾ ਮਤਲਬੀ ਸੀ! ਉਹ ਇਕ ਬੂਟੇ ਉੱਤੇ ਤਰਸ ਕਰ ਸਕਦਾ ਸੀ, ਪਰ ਨੀਨਵਾਹ ਦੇ ਲੋਕਾਂ ਉੱਤੇ ਉਸ ਨੂੰ ਬਿਲਕੁਲ ਦਇਆ ਨਹੀਂ ਆਈ—ਅਜਿਹੇ ਲੋਕ ਜੋ, ਅਧਿਆਤਮਿਕ ਤੌਰ ਤੇ, ‘ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਸੀ।’ ਇਸੇ ਤਰ੍ਹਾਂ ਸ਼ਾਇਦ ਅਸੀਂ ਵੀ ਇਸ ਦੁਸ਼ਟ ਸੰਸਾਰ ਦੇ ਵਿਨਾਸ਼ ਲਈ ਤਰਸੀਏ ਅਤੇ ਇਹ ਵਾਜਬ ਵੀ ਹੈ! (2 ਥੱਸਲੁਨੀਕੀਆਂ 1:8) ਫਿਰ ਵੀ, ਇੰਤਜ਼ਾਰ ਕਰਦੇ ਸਮੇਂ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੇਕਦਿਲ ਲੋਕਾਂ ਦੀ ਮਦਦ ਕਰੀਏ, ਜੋ ਅਧਿਆਤਮਿਕ ਤੌਰ ਤੇ, ‘ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਹਨ।’ (ਮੱਤੀ 9:36; ਰੋਮੀਆਂ 10:13-15) ਕੀ ਤੁਸੀਂ ਬਾਕੀ ਦੇ ਥੋੜ੍ਹੇ ਜਿਹੇ ਸਮੇਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯਹੋਵਾਹ ਦਾ ਕੀਮਤੀ ਗਿਆਨ ਹਾਸਲ ਕਰਨ ਵਿਚ ਮਦਦ ਦੇਣ ਲਈ ਵਰਤੋਗੇ? ਕਿਹੜੀ ਨੌਕਰੀ ਕਦੇ ਵੀ ਕਿਸੇ ਨੂੰ ਜੀਵਨ ਹਾਸਲ ਕਰਨ ਵਿਚ ਮਦਦ ਦੇਣ ਦੇ ਆਨੰਦ ਦੇ ਸਮਾਨ ਹੋ ਸਕਦੀ ਹੈ?
“ਸੁਰਤ” ਨਾਲ ਜੀਵਨ ਬਤੀਤ ਕਰਦੇ ਰਹੋ
20, 21. (ੳ) ਆਉਣ ਵਾਲੇ ਦਿਨਾਂ ਦੌਰਾਨ ਅਸੀਂ ਕੁਝ ਕਿਹੜੇ ਤਰੀਕਿਆਂ ਨਾਲ “ਸੁਰਤ” ਪ੍ਰਦਰਸ਼ਿਤ ਕਰ ਸਕਦੇ ਹਾਂ? (ਅ) “ਸੁਰਤ” ਨਾਲ ਜੀਵਨ ਬਤੀਤ ਕਰਨ ਨਾਲ ਕੀ ਬਰਕਤਾਂ ਮਿਲਣਗੀਆਂ?
20 ਜਿਉਂ-ਜਿਉਂ ਸ਼ਤਾਨ ਦੀ ਵਿਵਸਥਾ ਵਿਨਾਸ਼ ਵੱਲ ਤੇਜ਼ੀ ਨਾਲ ਵੱਧ ਰਹੀ ਹੈ, ਯਕੀਨਨ ਸਾਨੂੰ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ। ਦੂਸਰਾ ਤਿਮੋਥਿਉਸ 3:13 ਭਵਿੱਖਬਾਣੀ ਕਰਦਾ ਹੈ: “ਦੁਸ਼ਟ ਮਨੁੱਖ ਅਤੇ ਛਲੀਏ . . . ਬੁਰੇ ਤੋਂ ਬੁਰੇ ਹੁੰਦੇ ਜਾਣਗੇ।” ਪਰ “ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ” ਨਾ ਪੈ ਜਾਓ। (ਇਬਰਾਨੀਆਂ 12:3) ਤਾਕਤ ਲਈ ਯਹੋਵਾਹ ਦਾ ਸਹਾਰਾ ਲਵੋ। (ਫ਼ਿਲਿੱਪੀਆਂ 4:13) ਬੀਤੇ ਸਮਿਆਂ ਬਾਰੇ ਸੋਚਦੇ ਰਹਿਣ ਦੀ ਬਜਾਇ, ਪਰਿਵਰਤਣਸ਼ੀਲ ਹੋਣਾ ਅਤੇ ਇਨ੍ਹਾਂ ਵਿਗੜ ਰਹੀਆਂ ਹਾਲਤਾਂ ਦੇ ਅਨੁਕੂਲ ਬਣਨਾ ਸਿੱਖੋ। (ਉਪਦੇਸ਼ਕ ਦੀ ਪੋਥੀ 7:10) “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਦਿੱਤੀ ਗਈ ਅਗਵਾਈ ਦੇ ਨਾਲ-ਨਾਲ ਚੱਲਦੇ ਹੋਏ, ਦਨਾਈ ਦੀ ਵਰਤੋਂ ਕਰੋ।—ਮੱਤੀ 24:45-47.
21 ਕਿੰਨਾ ਸਮਾਂ ਬਾਕੀ ਰਹਿ ਗਿਆ ਹੈ ਅਸੀਂ ਨਹੀਂ ਜਾਣਦੇ। ਤਦ ਵੀ, ਅਸੀਂ ਭਰੋਸੇ ਨਾਲ ਇਹ ਕਹਿ ਸਕਦੇ ਹਾਂ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ।” ਉਸ ਅੰਤ ਦੇ ਆਉਣ ਤਕ, ਆਓ ਅਸੀਂ ਇਕ ਦੂਜੇ ਨਾਲ ਆਪਣੇ ਵਿਹਾਰਾਂ ਵਿਚ, ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਨ ਦੇ ਤਰੀਕੇ ਵਿਚ, ਅਤੇ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਵਿਚ “ਸੁਰਤ” ਨਾਲ ਜੀਵਨ ਬਤੀਤ ਕਰੀਏ। ਇੰਜ ਕਰਨ ਨਾਲ, ਅਸੀਂ ਸਾਰੇ ਯਕੀਨੀ ਹੋ ਸਕਦੇ ਹਾਂ ਕਿ ਅਸੀਂ ਅਖ਼ੀਰ ਵਿਚ “ਸ਼ਾਂਤੀ ਨਾਲ . . . ਨਿਰਮਲ ਅਤੇ ਨਿਹਕਲੰਕ” ਠਹਿਰਾਂਗੇ!—2 ਪਤਰਸ 3:14.
[ਫੁਟਨੋਟ]
a ਉਦਾਹਰਣ ਲਈ, ਸੰਯੁਕਤ ਰਾਜ ਅਮਰੀਕਾ ਵਿਚ ਕਈ ਵਿਅਕਤੀ ਸਿਹਤ ਬੀਮਾ ਕਰਾਉਂਦੇ ਹਨ, ਭਾਵੇਂ ਇਹ ਕਾਫ਼ੀ ਮਹਿੰਗਾ ਹੁੰਦਾ ਹੈ। ਕੁਝ ਗਵਾਹ ਪਰਿਵਾਰਾਂ ਨੇ ਇਹ ਦੇਖਿਆ ਹੈ ਕਿ ਕਈ ਡਾਕਟਰ ਰੱਤਹੀਣ ਵਿਕਲਪਾਂ ਨੂੰ ਵਰਤਣ ਲਈ ਜ਼ਿਆਦਾ ਰਾਜ਼ੀ ਹੁੰਦੇ ਹਨ ਜਦ ਪਰਿਵਾਰਾਂ ਦਾ ਸਿਹਤ ਬੀਮਾ ਹੁੰਦਾ ਹੈ। ਕਈ ਡਾਕਟਰ ਸੀਮਿਤ ਬੀਮਾ ਯੋਜਨਾਵਾਂ ਜਾਂ ਸਰਕਾਰੀ ਸਿਹਤ ਬੀਮਾ ਅਧੀਨ ਮਿੱਥੀ ਗਈ ਰਕਮ ਕਬੂਲ ਕਰਨਗੇ।
b ਇਹ ਇਕ ਨਿੱਜੀ ਫ਼ੈਸਲਾ ਹੈ ਕਿ ਇਕ ਵਿਅਕਤੀ ਘਰ ਵਿਚ ਪੜ੍ਹਾਈ ਦੀ ਪੈਰਵੀ ਕਰਦਾ ਹੈ ਜਾਂ ਨਹੀਂ। ਅਪ੍ਰੈਲ 8, 1993, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਛਪਿਆ ਲੇਖ “ਘਰ ਵਿਚ ਪੜ੍ਹਾਉਣਾ—ਕੀ ਇਹ ਤੁਹਾਡੇ ਲਈ ਹੈ?” ਦੇਖੋ।
ਪੁਨਰ-ਵਿਚਾਰ ਲਈ ਨੁਕਤੇ
◻ ਅਸੀਂ ਆਪਣੇ ਨਿੱਜੀ ਰਿਸ਼ਤਿਆਂ ਵਿਚ ਕਿਸ ਤਰ੍ਹਾਂ “ਸੁਰਤ” ਦਿਖਾ ਸਕਦੇ ਹਾਂ?
◻ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰਨ ਵਿਚ ਕਿਸ ਤਰ੍ਹਾਂ ਸੰਤੁਲਨ ਦਿਖਾ ਸਕਦੇ ਹਾਂ?
◻ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੁਨਿਆਵੀ ਸਿੱਖਿਆ ਵਿਚ ਰੁਚੀ ਕਿਉਂ ਰੱਖਣੀ ਚਾਹੀਦੀ ਹੈ?
◻ ਬਾਰੂਕ ਅਤੇ ਯੂਨਾਹ ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?
[ਸਫ਼ੇ 26 ਉੱਤੇ ਤਸਵੀਰ]
ਜਦ ਇਕ ਪਤੀ ਅਤੇ ਪਤਨੀ ਇਕ ਦੂਜੇ ਨਾਲ ਬੁਰਾ ਵਰਤਾਉ ਕਰਦੇ ਹਨ, ਤਾਂ ਉਹ ਯਹੋਵਾਹ ਨਾਲ ਆਪਣੇ ਰਿਸ਼ਤੇਨੂੰ ਨੁਕਸਾਨ ਪਹੁੰਚਾਉਦੇ ਹਨ
[ਸਫ਼ੇ 28 ਉੱਤੇ ਤਸਵੀਰ]
ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਰੁਚੀ ਰੱਖਣੀ ਚਾਹੀਦੀ ਹੈ