13 ਬੁੱਧੀਮਾਨ ਪੁੱਤਰ ਆਪਣੇ ਪਿਤਾ ਦਾ ਅਨੁਸ਼ਾਸਨ ਕਬੂਲ ਕਰਦਾ ਹੈ,+
ਪਰ ਮਖੌਲੀਆ ਝਿੜਕ ਨੂੰ ਸੁਣਦਾ ਨਹੀਂ।+
2 ਆਦਮੀ ਆਪਣੀਆਂ ਗੱਲਾਂ ਦੇ ਫਲ ਕਾਰਨ ਭਲਾਈ ਖਾਵੇਗਾ,+
ਪਰ ਧੋਖੇਬਾਜ਼ ਦੀ ਇੱਛਾ ਜ਼ੁਲਮ ਕਰਨ ਦੀ ਹੁੰਦੀ ਹੈ।
3 ਆਪਣੇ ਮੂੰਹ ਦੀ ਰਾਖੀ ਕਰਨ ਵਾਲਾ ਆਪਣੀ ਜਾਨ ਬਚਾਉਂਦਾ ਹੈ,+
ਪਰ ਜਿਹੜਾ ਆਪਣੇ ਬੁੱਲ੍ਹਾਂ ਨੂੰ ਰੋਕਦਾ ਨਹੀਂ, ਉਹ ਬਰਬਾਦ ਹੋ ਜਾਵੇਗਾ।+
4 ਆਲਸੀ ਬੰਦਾ ਲਾਲਸਾਵਾਂ ਤਾਂ ਰੱਖਦਾ ਹੈ, ਪਰ ਉਸ ਦੇ ਪੱਲੇ ਕੁਝ ਨਹੀਂ ਪੈਂਦਾ,+
ਪਰ ਮਿਹਨਤੀ ਪੂਰੀ ਤਰ੍ਹਾਂ ਸੰਤੁਸ਼ਟ ਹੋਵੇਗਾ।+
5 ਧਰਮੀ ਨੂੰ ਝੂਠ ਤੋਂ ਨਫ਼ਰਤ ਹੈ,+
ਪਰ ਦੁਸ਼ਟ ਆਪਣੇ ਕੰਮਾਂ ਕਰਕੇ ਸ਼ਰਮਿੰਦਾ ਤੇ ਬੇਇੱਜ਼ਤ ਹੁੰਦਾ ਹੈ।
6 ਨੇਕੀ ਸਿੱਧੇ ਰਾਹ ʼਤੇ ਚੱਲਣ ਵਾਲੇ ਦੀ ਹਿਫਾਜ਼ਤ ਕਰਦੀ ਹੈ,+
ਪਰ ਦੁਸ਼ਟਤਾ ਪਾਪੀ ਨੂੰ ਬਰਬਾਦ ਕਰ ਦਿੰਦੀ ਹੈ।
7 ਇਕ ਜਣਾ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ, ਪਰ ਪੱਲੇ ਕੁਝ ਹੁੰਦਾ ਨਹੀਂ;+
ਇਕ ਗ਼ਰੀਬ ਹੋਣ ਦਾ ਦਿਖਾਵਾ ਕਰਦਾ ਹੈ, ਪਰ ਉਸ ਕੋਲ ਢੇਰ ਸਾਰੀ ਧਨ-ਦੌਲਤ ਹੁੰਦੀ ਹੈ।
8 ਆਦਮੀ ਦੀ ਜਾਨ ਦੀ ਰਿਹਾਈ ਉਸ ਦੀ ਧਨ-ਦੌਲਤ ਨਾਲ ਹੁੰਦੀ ਹੈ,+
ਪਰ ਗ਼ਰੀਬਾਂ ਨੂੰ ਕੋਈ ਧਮਕੀ ਵੀ ਨਹੀਂ ਦਿੰਦਾ।+
9 ਧਰਮੀ ਦਾ ਚਾਨਣ ਤੇਜ਼ ਚਮਕਦਾ ਹੈ,+
ਪਰ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
10 ਗੁਸਤਾਖ਼ੀ ਕਰਨ ਨਾਲ ਝਗੜੇ ਹੀ ਛਿੜਦੇ ਹਨ,+
ਪਰ ਸਲਾਹ ਭਾਲਣ ਵਾਲਿਆਂ ਕੋਲ ਬੁੱਧ ਹੁੰਦੀ ਹੈ।+
11 ਰਾਤੋ-ਰਾਤ ਕਮਾਈ ਧਨ-ਦੌਲਤ ਘੱਟਦੀ ਜਾਵੇਗੀ,+
ਪਰ ਥੋੜ੍ਹਾ-ਥੋੜ੍ਹਾ ਕਰ ਕੇ ਧਨ ਜੋੜਨ ਵਾਲੇ ਦਾ ਧਨ ਵਧਦਾ ਜਾਵੇਗਾ।
12 ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ,+
ਪਰ ਪੂਰੀ ਹੋਈ ਇੱਛਾ ਜੀਵਨ ਦਾ ਦਰਖ਼ਤ ਹੈ।+
13 ਜਿਹੜਾ ਹਿਦਾਇਤ ਨੂੰ ਤੁੱਛ ਸਮਝਦਾ ਹੈ, ਉਹ ਹਰਜਾਨਾ ਭਰੇਗਾ,+
ਪਰ ਜਿਹੜਾ ਹੁਕਮ ਦਾ ਆਦਰ ਕਰਦਾ ਹੈ, ਉਸ ਨੂੰ ਇਨਾਮ ਮਿਲੇਗਾ।+
14 ਬੁੱਧੀਮਾਨ ਦੀ ਤਾਲੀਮ ਜ਼ਿੰਦਗੀ ਦਾ ਸੋਮਾ ਹੈ+
ਜੋ ਇਕ ਇਨਸਾਨ ਨੂੰ ਮੌਤ ਦੇ ਫੰਦਿਆਂ ਤੋਂ ਬਚਾਉਂਦੀ ਹੈ।
15 ਡੂੰਘੀ ਸਮਝ ਵਾਲਾ ਮਿਹਰ ਪਾਉਂਦਾ ਹੈ,
ਪਰ ਧੋਖੇਬਾਜ਼ ਦਾ ਰਾਹ ਉਬੜ-ਖਾਬੜ ਹੁੰਦਾ ਹੈ।
16 ਸਮਝਦਾਰ ਇਨਸਾਨ ਗਿਆਨ ਅਨੁਸਾਰ ਕੰਮ ਕਰਦਾ ਹੈ,+
ਪਰ ਮੂਰਖ ਆਪਣੀ ਮੂਰਖਤਾ ਦਿਖਾ ਦਿੰਦਾ ਹੈ।+
17 ਜਿਹੜਾ ਸੰਦੇਸ਼ ਦੇਣ ਵਾਲਾ ਦੁਸ਼ਟ ਹੁੰਦਾ, ਉਹ ਬਿਪਤਾ ਵਿਚ ਪੈ ਜਾਂਦਾ ਹੈ,+
ਪਰ ਵਫ਼ਾਦਾਰ ਰਾਜਦੂਤ ਚੰਗਾ ਕਰ ਦਿੰਦਾ ਹੈ।+
18 ਜਿਹੜਾ ਅਨੁਸ਼ਾਸਨ ਨੂੰ ਨਜ਼ਰਅੰਦਾਜ਼ ਕਰਦਾ ਹੈ, ਉਹ ਕੰਗਾਲ ਤੇ ਬੇਇੱਜ਼ਤ ਹੁੰਦਾ ਹੈ,
ਪਰ ਤਾੜਨਾ ਕਬੂਲ ਕਰਨ ਵਾਲੇ ਦੀ ਵਡਿਆਈ ਹੋਵੇਗੀ।+
19 ਇੱਛਾ ਦਾ ਪੂਰਾ ਹੋਣਾ ਇਨਸਾਨ ਨੂੰ ਮਿੱਠਾ ਲੱਗਦਾ ਹੈ,+
ਪਰ ਮੂਰਖ ਨੂੰ ਬੁਰੇ ਕੰਮ ਛੱਡਣ ਤੋਂ ਨਫ਼ਰਤ ਹੈ।+
20 ਬੁੱਧੀਮਾਨਾਂ ਦਾ ਸਾਥੀ ਬੁੱਧੀਮਾਨ ਬਣ ਜਾਵੇਗਾ,+
ਪਰ ਮੂਰਖਾਂ ਨਾਲ ਮੇਲ-ਜੋਲ ਰੱਖਣ ਵਾਲੇ ਨੂੰ ਦੁੱਖ ਹੋਵੇਗਾ।+
21 ਬਿਪਤਾ ਪਾਪੀਆਂ ਦੇ ਪਿੱਛੇ ਪੈ ਜਾਂਦੀ ਹੈ,+
ਪਰ ਖ਼ੁਸ਼ਹਾਲੀ ਧਰਮੀ ਨੂੰ ਇਨਾਮ ਦਿੰਦੀ ਹੈ।+
22 ਚੰਗਾ ਇਨਸਾਨ ਆਪਣੇ ਪੋਤੇ-ਪੋਤੀਆਂ ਲਈ ਵਿਰਾਸਤ ਛੱਡ ਜਾਂਦਾ ਹੈ,
ਪਰ ਪਾਪੀ ਦੀ ਧਨ-ਦੌਲਤ ਧਰਮੀ ਲਈ ਸਾਂਭ ਕੇ ਰੱਖੀ ਜਾਵੇਗੀ।+
23 ਗ਼ਰੀਬ ਦੇ ਵਾਹੇ ਖੇਤ ਵਿਚ ਢੇਰ ਸਾਰਾ ਅਨਾਜ ਹੁੰਦਾ ਹੈ,
ਪਰ ਉਹ ਬੇਇਨਸਾਫ਼ੀ ਕਾਰਨ ਉੱਜੜ ਸਕਦਾ ਹੈ।
24 ਜਿਹੜਾ ਪੁੱਤਰ ਉੱਤੇ ਛਿਟੀ ਨਹੀਂ ਚਲਾਉਂਦਾ, ਉਹ ਉਸ ਦਾ ਵੈਰੀ ਹੈ,+
ਪਰ ਜਿਹੜਾ ਉਸ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਜ਼ਰੂਰ ਤਾੜਦਾ ਹੈ।+
25 ਧਰਮੀ ਰੱਜ ਕੇ ਖਾਂਦਾ ਹੈ,+
ਪਰ ਦੁਸ਼ਟ ਦਾ ਢਿੱਡ ਖਾਲੀ ਰਹਿੰਦਾ ਹੈ।+