ਆਪਣੀ ਉਮੀਦ ਕਰਕੇ ਖ਼ੁਸ਼ ਰਹੋ
‘ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।’—ਤੀਤੁਸ 1:2.
ਦੁਬਾਰਾ ਵਿਚਾਰ ਕਰਨ ਲਈ ਸਵਾਲ
ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸਵਰਗ ਵਿਚ ਉਦੋਂ ਬਹੁਤ ਖ਼ੁਸ਼ੀ ਮਨਾਈ ਜਾਂਦੀ ਹੈ ਜਦੋਂ ਕੋਈ ਚੁਣਿਆ ਹੋਇਆ ਮਸੀਹੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ?
ਹੋਰ ਭੇਡਾਂ ਦੀ ਉਮੀਦ ਦੇ ਪੂਰਾ ਹੋਣ ਦਾ ਚੁਣੇ ਹੋਏ ਮਸੀਹੀਆਂ ਦੀ ਉਮੀਦ ਨਾਲ ਕੀ ਸੰਬੰਧ ਹੈ?
ਜੇ ਅਸੀਂ ਆਪਣੀ ਉਮੀਦ ਪੂਰੀ ਹੁੰਦੀ ਦੇਖਣੀ ਚਾਹੁੰਦੇ ਹਾਂ, ਤਾਂ ਅੱਜ ਸਾਨੂੰ ਕਿਹੋ ਜਿਹੀ ਜ਼ਿੰਦਗੀ ਜੀਉਣੀ ਚਾਹੀਦੀ ਹੈ?
1. ਯਹੋਵਾਹ ਨੇ ਜੋ ਉਮੀਦ ਸਾਨੂੰ ਦਿੱਤੀ ਹੈ, ਉਹ ਸਾਡੀ ਮੁਸੀਬਤਾਂ ਝੱਲਣ ਵਿਚ ਕਿਵੇਂ ਮਦਦ ਕਰ ਸਕਦੀ ਹੈ?
ਪੌਲੁਸ ਰਸੂਲ ਨੇ ਕਿਹਾ ਸੀ ਕਿ ਯਹੋਵਾਹ “ਉਮੀਦ ਦੇਣ ਵਾਲਾ ਪਰਮੇਸ਼ੁਰ” ਹੈ ਅਤੇ ‘ਸਾਨੂੰ ਨਿਹਚਾ ਕਰਨ ਕਰਕੇ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ਦਾ ਹੈ, ਤਾਂਕਿ ਅਸੀਂ ਪਵਿੱਤਰ ਸ਼ਕਤੀ ਰਾਹੀਂ ਉਮੀਦ ਨਾਲ ਭਰ ਜਾਈਏ।’ (ਰੋਮੀ. 15:13) ਜੇ ਸਾਡੇ ਦਿਲ ਉਮੀਦ ਨਾਲ ਭਰੇ ਹੋਏ ਹਨ, ਤਾਂ ਅਸੀਂ ਹਰ ਮੁਸੀਬਤ ਝੱਲ ਸਕਦੇ ਹਾਂ ਅਤੇ ਸਾਡੇ ਦਿਲਾਂ ਵਿਚ ਖ਼ੁਸ਼ੀ ਅਤੇ ਸ਼ਾਂਤੀ ਹੋਵੇਗੀ। ਚੁਣੇ ਹੋਏ ਮਸੀਹੀਆਂ ਵਾਂਗ ਹੋਰ ਮਸੀਹੀਆਂ ਲਈ ਇਹ ਉਮੀਦ “ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਤੇ ਮਜ਼ਬੂਤ ਹੈ।” (ਇਬ. 6:18, 19) ਜ਼ਿੰਦਗੀ ਵਿਚ ਆਉਣ ਵਾਲੇ ਤੂਫ਼ਾਨਾਂ ਵਿਚ ਅਸੀਂ ਇਸ ਉਮੀਦ ਦੇ ਸਹਾਰੇ ਖੜ੍ਹੇ ਰਹਿ ਸਕਦੇ ਹਾਂ ਅਤੇ ਇਹ ਉਮੀਦ ਸਾਡੀ ਮਦਦ ਕਰੇਗੀ ਕਿ ਅਸੀਂ ਪਰਮੇਸ਼ੁਰ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰੀਏ ਜਾਂ ਨਿਹਚਾ ਦੇ ਰਾਹ ਤੋਂ ਭਟਕ ਨਾ ਜਾਈਏ।—ਇਬਰਾਨੀਆਂ 2:1; 6:11 ਪੜ੍ਹੋ।
2. ਅੱਜ ਮਸੀਹੀਆਂ ਨੂੰ ਕਿਹੜੀ ਦੋ ਤਰ੍ਹਾਂ ਦੀ ਉਮੀਦ ਹੈ ਅਤੇ “ਹੋਰ ਭੇਡਾਂ” ਨੂੰ ਚੁਣੇ ਹੋਏ ਮਸੀਹੀਆਂ ਦੀ ਉਮੀਦ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
2 ਇਸ ਅੰਤ ਦੇ ਸਮੇਂ ਵਿਚ ਜੀ ਰਹੇ ਮਸੀਹੀ ਦੋ ਤਰ੍ਹਾਂ ਦੀ ਉਮੀਦ ਵਿੱਚੋਂ ਇਕ ਉੱਤੇ ਆਪਣਾ ਧਿਆਨ ਲਾਈ ਰੱਖਦੇ ਹਨ। ਚੁਣੇ ਹੋਏ ਮਸੀਹੀਆਂ ਦੇ “ਛੋਟੇ ਝੁੰਡ” ਦੇ ਬਚੇ ਹੋਏ ਮੈਂਬਰਾਂ ਦੀ ਉਮੀਦ ਹੈ ਕਿ ਉਨ੍ਹਾਂ ਨੂੰ ਸਵਰਗ ਵਿਚ ਅਮਰ ਜ਼ਿੰਦਗੀ ਮਿਲੇਗੀ ਅਤੇ ਉਹ ਮਸੀਹ ਦੇ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਉਸ ਦੇ ਰਾਜ ਵਿਚ ਸੇਵਾ ਕਰਨਗੇ। (ਲੂਕਾ 12:32; ਪ੍ਰਕਾ. 5:9, 10) ਪਰ “ਵੱਡੀ ਭੀੜ” ਦੇ ਮਸੀਹੀਆਂ ਦੀ ਉਮੀਦ ਹੈ ਕਿ ਉਹ ਮਸੀਹ ਦੇ ਰਾਜ ਦੀ ਪਰਜਾ ਬਣ ਕੇ ਧਰਤੀ ਉੱਤੇ ਹਮੇਸ਼ਾ ਲਈ ਜੀਉਣਗੇ। (ਪ੍ਰਕਾ. 7:9, 10; ਯੂਹੰ. 10:16) ਹੋਰ ਭੇਡਾਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜੇ ਉਹ ਧਰਤੀ ਉੱਤੇ ਇਸ ਵੇਲੇ ਰਹਿ ਰਹੇ ਮਸੀਹ ਦੇ “ਭਰਾਵਾਂ” ਦਾ ਸਾਥ ਦੇਣਗੇ, ਤਾਂ ਹੀ ਉਨ੍ਹਾਂ ਨੂੰ ਮੁਕਤੀ ਮਿਲੇਗੀ। (ਮੱਤੀ 25:34-40) ਚੁਣੇ ਹੋਏ ਮਸੀਹੀਆਂ ਨੂੰ ਇਨਾਮ ਜ਼ਰੂਰ ਮਿਲੇਗਾ, ਪਰ ਹੋਰ ਭੇਡਾਂ ਦੀ ਉਮੀਦ ਵੀ ਜ਼ਰੂਰ ਪੂਰੀ ਹੋਵੇਗੀ। (ਇਬਰਾਨੀਆਂ 11:39, 40 ਪੜ੍ਹੋ।) ਆਓ ਆਪਾਂ ਪਹਿਲਾਂ ਚੁਣੇ ਹੋਏ ਮਸੀਹੀਆਂ ਦੀ ਉਮੀਦ ਬਾਰੇ ਗੱਲ ਕਰੀਏ।
ਚੁਣੇ ਹੋਏ ਮਸੀਹੀਆਂ ਦੀ “ਪੱਕੀ ਉਮੀਦ”
3, 4. ਚੁਣੇ ਹੋਏ ਮਸੀਹੀਆਂ ਦਾ “ਨਵੇਂ ਸਿਰਿਓਂ ਜਨਮ” ਕਿਵੇਂ ਹੁੰਦਾ ਹੈ ਅਤੇ ਉਨ੍ਹਾਂ ਨੂੰ ਕਿਹੜੀ “ਪੱਕੀ ਉਮੀਦ” ਮਿਲਦੀ ਹੈ?
3 ਪਤਰਸ ਰਸੂਲ ਨੇ ‘ਚੁਣੇ ਹੋਏ’ ਮਸੀਹੀਆਂ ਨੂੰ ਦੋ ਚਿੱਠੀਆਂ ਲਿਖੀਆਂ ਸਨ। (1 ਪਤ. 1:1) ਉਸ ਨੇ ਇਨ੍ਹਾਂ ਚਿੱਠੀਆਂ ਵਿਚ ਛੋਟੇ ਝੁੰਡ ਦੀ ਉਮੀਦ ਬਾਰੇ ਕਈ ਗੱਲਾਂ ਦੱਸੀਆਂ। ਆਪਣੀ ਪਹਿਲੀ ਚਿੱਠੀ ਵਿਚ ਪਤਰਸ ਨੇ ਲਿਖਿਆ: “ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ, ਜਿਸ ਨੇ ਆਪਣੀ ਬੇਅੰਤ ਦਇਆ ਸਦਕਾ ਸਾਨੂੰ ਨਵੇਂ ਸਿਰਿਓਂ ਜਨਮ ਦਿੱਤਾ ਅਤੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਨੂੰ ਪੱਕੀ ਉਮੀਦ ਦਿੱਤੀ ਹੈ, ਤਾਂਕਿ ਅਸੀਂ ਇਸ ਨਵੇਂ ਜਨਮ ਕਰਕੇ ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ ਪਾਈਏ। ਇਹ ਜੀਵਨ ਤੁਹਾਡੇ ਲਈ ਸਵਰਗ ਵਿਚ ਸਾਂਭ ਕੇ ਰੱਖਿਆ ਹੋਇਆ ਹੈ। ਤੁਹਾਡੀ ਨਿਹਚਾ ਕਰਕੇ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤੁਹਾਨੂੰ ਮੁਕਤੀ ਲਈ ਸੁਰੱਖਿਅਤ ਰੱਖ ਰਿਹਾ ਹੈ ਜੋ ਅੰਤ ਦੇ ਸਮੇਂ ਵਿਚ ਪ੍ਰਗਟ ਕੀਤੀ ਜਾਵੇਗੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ।”—1 ਪਤ. 1:3-6.
4 ਯਹੋਵਾਹ ਨੇ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਸੀਮਿਤ ਗਿਣਤੀ ਵਿਚ ਮਸੀਹੀਆਂ ਨੂੰ ਚੁਣਿਆ ਹੈ। ਇਨ੍ਹਾਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਦੇ ਤੌਰ ਤੇ ਪਵਿੱਤਰ ਸ਼ਕਤੀ ਰਾਹੀਂ “ਨਵੇਂ ਸਿਰਿਓਂ ਜਨਮ” ਦਿੱਤਾ ਜਾਂਦਾ ਹੈ। ਇਨ੍ਹਾਂ ਨੂੰ ਮਸੀਹ ਨਾਲ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਚੁਣਿਆ ਜਾਂਦਾ ਹੈ। (ਪ੍ਰਕਾ. 20:6) ਪਤਰਸ ਨੇ ਕਿਹਾ ਕਿ ਇਸ ‘ਨਵੇਂ ਜਨਮ’ ਕਰਕੇ ਉਨ੍ਹਾਂ ਨੂੰ “ਪੱਕੀ ਉਮੀਦ” ਮਿਲੀ ਹੈ ਅਤੇ ਇਹ ਉਮੀਦ “ਅਵਿਨਾਸ਼ੀ, ਪਵਿੱਤਰ ਅਤੇ ਕਦੀ ਨਾ ਖ਼ਤਮ ਹੋਣ ਵਾਲਾ ਜੀਵਨ” ਹੈ ਜੋ ਉਨ੍ਹਾਂ ਲਈ “ਸਵਰਗ ਵਿਚ ਸਾਂਭ ਕੇ ਰੱਖਿਆ ਹੋਇਆ ਹੈ।” ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਪਣੀ ਇਸ ਪੱਕੀ ਉਮੀਦ ਕਰਕੇ ਉਹ ਇੰਨੇ ‘ਖ਼ੁਸ਼’ ਹਨ! ਪਰ ਉਨ੍ਹਾਂ ਦੀ ਉਮੀਦ ਤਾਂ ਹੀ ਪੂਰੀ ਹੋਵੇਗੀ ਜੇ ਉਹ ਵਫ਼ਾਦਾਰ ਰਹਿਣਗੇ।
5, 6. ਚੁਣੇ ਹੋਏ ਮਸੀਹੀਆਂ ਨੂੰ ਸਵਰਗੀ ਸੱਦੇ ਦੇ ਕਾਬਲ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
5 ਆਪਣੀ ਦੂਸਰੀ ਚਿੱਠੀ ਵਿਚ ਪਤਰਸ ਨੇ ਚੁਣੇ ਹੋਏ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਸਵਰਗੀ ‘ਸੱਦੇ ਦੇ ਕਾਬਲ ਬਣੇ ਰਹਿਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ।’ (2 ਪਤ. 1:10) ਉਨ੍ਹਾਂ ਨੂੰ ਪੂਰੇ ਦਿਲ ਨਾਲ ਭਗਤੀ ਕਰਨ ਅਤੇ ਆਪਣੇ ਅੰਦਰ ਨਿਹਚਾ ਤੇ ਸਾਰਿਆਂ ਲਈ ਪਿਆਰ ਪੈਦਾ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਪਤਰਸ ਨੇ ਕਿਹਾ: “ਜੇ ਤੁਹਾਡੇ ਵਿਚ ਇਹ ਗੁਣ ਹਨ ਅਤੇ ਤੁਸੀਂ ਇਨ੍ਹਾਂ ਨੂੰ ਵਧਾਉਂਦੇ ਰਹੋਗੇ, ਤਾਂ ਤੁਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਹੀ ਗਿਆਨ ਅਨੁਸਾਰ ਚੱਲਣ ਵਿਚ ਕਦੇ ਢਿੱਲੇ ਨਹੀਂ ਪਓਗੇ ਜਾਂ ਅਸਫ਼ਲ ਨਹੀਂ ਹੋਵੋਗੇ।”—2 ਪਤਰਸ 1:5-8 ਪੜ੍ਹੋ।
6 ਪਹਿਲੀ ਸਦੀ ਵਿਚ ਫ਼ਿਲਦਲਫ਼ੀਆ ਦੀ ਮੰਡਲੀ ਵਿਚ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਬਜ਼ੁਰਗਾਂ ਨੂੰ ਯਿਸੂ ਮਸੀਹ ਨੇ ਕਿਹਾ: “ਕਿਉਂਕਿ ਤੂੰ ਮੇਰੇ ਧੀਰਜ ਦੀ ਮਿਸਾਲ ਉੱਤੇ ਚੱਲਿਆ ਹੈਂ, ਇਸ ਲਈ ਮੈਂ ਅਜ਼ਮਾਇਸ਼ ਦੀ ਘੜੀ ਵਿਚ ਤੇਰੀ ਹਿਫਾਜ਼ਤ ਕਰਾਂਗਾ। ਇਹ ਅਜ਼ਮਾਇਸ਼ ਸਾਰੀ ਦੁਨੀਆਂ ਉੱਤੇ ਆਉਣ ਵਾਲੀ ਹੈ ਤਾਂਕਿ ਧਰਤੀ ਉੱਤੇ ਰਹਿਣ ਵਾਲਿਆਂ ਨੂੰ ਪਰਖਿਆ ਜਾਵੇ। ਮੈਂ ਜਲਦੀ ਆ ਰਿਹਾ ਹਾਂ। ਜੋ ਕੁਝ ਤੇਰੇ ਕੋਲ ਹੈ, ਉਸ ਨੂੰ ਘੁੱਟ ਕੇ ਫੜੀ ਰੱਖ ਤਾਂਕਿ ਕੋਈ ਵੀ ਤੇਰਾ ਇਨਾਮ ਨਾ ਲੈ ਲਵੇ।” (ਪ੍ਰਕਾ. 3:10, 11) ਆਪਣੀ ਮੌਤ ਤਕ ਵਫ਼ਾਦਾਰ ਰਹਿਣ ਵਾਲੇ ਚੁਣੇ ਹੋਏ ਮਸੀਹੀਆਂ ਨੂੰ ਹੀ “ਮਹਿਮਾ ਦਾ ਮੁਕਟ ਮਿਲੇਗਾ ਜਿਹੜਾ ਕਦੀ ਨਹੀਂ ਕੁਮਲਾਵੇਗਾ।”—1 ਪਤ. 5:4; ਪ੍ਰਕਾ. 2:10.
ਰਾਜ ਵਿਚ ਜਾਣਾ
7. ਯਹੂਦਾਹ ਨੇ ਆਪਣੀ ਚਿੱਠੀ ਵਿਚ ਕਿਹੜੀ ਸ਼ਾਨਦਾਰ ਉਮੀਦ ਦਾ ਜ਼ਿਕਰ ਕੀਤਾ?
7 ਸੰਨ 65 ਈ. ਵਿਚ ਯਿਸੂ ਦੇ ਭਰਾ ਯਹੂਦਾਹ ਨੇ ਚੁਣੇ ਹੋਏ ਮਸੀਹੀਆਂ ਨੂੰ ਚਿੱਠੀ ਲਿਖੀ ਜਿਨ੍ਹਾਂ ਨੂੰ ਉਸ ਨੇ ‘ਸੱਦੇ ਹੋਏ’ ਕਿਹਾ। (ਯਹੂ. 1; ਹੋਰ ਜਾਣਕਾਰੀ ਲਈ ਇਬਰਾਨੀਆਂ 3:1 ਵੀ ਦੇਖੋ।) ਉਹ ਉਨ੍ਹਾਂ ਨੂੰ ਉਸ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ ਜਿਹੜੀ ਪਰਮੇਸ਼ੁਰ ਦੇ ਸਵਰਗੀ ਰਾਜ ਲਈ ਸੱਦੇ ਗਏ ਸਾਰੇ ਮਸੀਹੀਆਂ ਨੂੰ ਮਿਲਣੀ ਹੈ। (ਯਹੂ. 3) ਭਾਵੇਂ ਉਸ ਨੇ ਹੋਰ ਜ਼ਰੂਰੀ ਮਸਲਿਆਂ ਬਾਰੇ ਲਿਖਿਆ, ਪਰ ਆਪਣੀ ਚਿੱਠੀ ਦੇ ਅਖ਼ੀਰ ਵਿਚ ਉਸ ਨੇ ਚੁਣੇ ਹੋਏ ਮਸੀਹੀਆਂ ਦੀ ਸ਼ਾਨਦਾਰ ਉਮੀਦ ਦਾ ਜ਼ਿਕਰ ਕਰਦਿਆਂ ਕਿਹਾ: “ਪਰਮੇਸ਼ੁਰ ਤੁਹਾਨੂੰ ਪਾਪ ਕਰਨ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾਵਾਨ ਹਜ਼ੂਰੀ ਵਿਚ ਬੇਦਾਗ਼ ਖੜ੍ਹਾ ਕਰ ਕੇ ਬੇਹੱਦ ਖ਼ੁਸ਼ੀ ਦੇ ਸਕਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਉਸ ਇੱਕੋ-ਇਕ ਪਰਮੇਸ਼ੁਰ ਅਤੇ ਮੁਕਤੀਦਾਤੇ ਦੀ ਮਹਿਮਾ ਹੋਵੇ ਅਤੇ ਬੀਤ ਚੁੱਕੇ ਸਮੇਂ, ਅੱਜ ਅਤੇ ਹਮੇਸ਼ਾ-ਹਮੇਸ਼ਾ ਲਈ ਸ਼ਾਨੋ-ਸ਼ੌਕਤ, ਤਾਕਤ ਤੇ ਅਧਿਕਾਰ ਉਸੇ ਦਾ ਹੋਵੇ।”—ਯਹੂ. 24, 25.
8. ਯਹੂਦਾਹ 24 ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਸਵਰਗ ਵਿਚ ਉਦੋਂ ਬਹੁਤ ਖ਼ੁਸ਼ੀ ਮਨਾਈ ਜਾਂਦੀ ਹੈ ਜਦੋਂ ਕੋਈ ਚੁਣਿਆ ਹੋਇਆ ਮਸੀਹੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ?
8 ਹਰ ਚੁਣਿਆ ਹੋਇਆ ਵਫ਼ਾਦਾਰ ਮਸੀਹੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਹ ਕਿਤੇ ਗੁਮਰਾਹ ਹੋ ਕੇ ਵਿਨਾਸ਼ ਦੇ ਰਾਹ ਉੱਤੇ ਨਾ ਚਲਾ ਜਾਵੇ। ਸਾਰੇ ਚੁਣੇ ਹੋਏ ਮਸੀਹੀਆਂ ਦੀ ਉਮੀਦ ਇਹੀ ਹੈ ਕਿ ਯਿਸੂ ਮਸੀਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰੇਗਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹਜ਼ੂਰ ਪੇਸ਼ ਕਰੇਗਾ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ। ਜਦੋਂ ਕੋਈ ਚੁਣਿਆ ਹੋਇਆ ਮਸੀਹੀ ਵਫ਼ਾਦਾਰ ਰਹਿੰਦਿਆਂ ਮਰਦਾ ਹੈ, ਤਾਂ ਉਸ ਨੂੰ ‘ਮਹਿਮਾਵਾਨ ਤੇ ਸਵਰਗੀ ਸਰੀਰ ਵਿਚ, ਜੋ ਕਦੀ ਨਹੀਂ ਗਲ਼ਦਾ, ਜੀਉਂਦਾ ਕੀਤਾ ਜਾਂਦਾ ਹੈ।’ (1 ਕੁਰਿੰ. 15:42-44) ਜੇ ‘ਸਵਰਗ ਵਿਚ ਇਕ ਪਾਪੀ ਦੇ ਤੋਬਾ ਕਰਨ ʼਤੇ ਖ਼ੁਸ਼ੀ ਮਨਾਈ ਜਾਂਦੀ ਹੈ,’ ਤਾਂ ਅੰਦਾਜ਼ਾ ਲਾਓ ਕਿ ਜਦੋਂ ਮਸੀਹ ਦਾ ਚੁਣਿਆ ਹੋਇਆ ਕੋਈ ਭਰਾ ਆਪਣੀ ਮੌਤ ਤਕ ਵਫ਼ਾਦਾਰ ਰਹਿੰਦਾ ਹੈ, ਉਦੋਂ ਸਵਰਗ ਵਿਚ ਕਿੰਨੀ ਜ਼ਿਆਦਾ ਖ਼ੁਸ਼ੀ ਮਨਾਈ ਜਾਂਦੀ ਹੈ! (ਲੂਕਾ 15:7) ਯਹੋਵਾਹ ਅਤੇ ਵਫ਼ਾਦਾਰ ਸਵਰਗੀ ਪ੍ਰਾਣੀ ਚੁਣੇ ਹੋਏ ਮਸੀਹੀ ਦੇ ਨਾਲ ਖ਼ੁਸ਼ੀ ਮਨਾਉਣਗੇ ਜਦੋਂ ਉਹ “ਬੇਹੱਦ ਖ਼ੁਸ਼ੀ” ਨਾਲ ਆਪਣਾ ਇਨਾਮ ਹਾਸਲ ਕਰੇਗਾ।—1 ਯੂਹੰਨਾ 3:2 ਪੜ੍ਹੋ।
9. ਸਵਰਗੀ ਰਾਜ ਵਿਚ ਮਸੀਹੀਆਂ ਨੂੰ ਕੀ-ਕੀ ਮਿਲੇਗਾ ਅਤੇ ਇਹ ਉਮੀਦ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਦੀ ਕਿਵੇਂ ਮਦਦ ਕਰਦੀ ਹੈ?
9 ਇਸੇ ਗੱਲ ਬਾਰੇ ਪਤਰਸ ਨੇ ਚੁਣੇ ਹੋਏ ਮਸੀਹੀਆਂ ਨੂੰ ਲਿਖਿਆ ਕਿ ਜੇ ਉਹ ਸਵਰਗੀ ਸੱਦੇ ਦੇ ਕਾਬਲ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਰਨਗੇ, ਤਾਂ ‘ਉਨ੍ਹਾਂ ਨੂੰ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਹਮੇਸ਼ਾ ਕਾਇਮ ਰਹਿਣ ਵਾਲੇ ਰਾਜ ਵਿਚ ਜਾਣ ਦਾ ਮਾਣ ਬਖ਼ਸ਼ਿਆ ਜਾਵੇਗਾ।’ (2 ਪਤ. 1:10, 11) ਜ਼ਿੰਦਗੀ ਦੀ ਦੌੜ ਵਿਚ ਪੂਰਾ ਜ਼ੋਰ ਲਾ ਕੇ ਦੌੜਨ ਵਾਲੇ ਇਨ੍ਹਾਂ ਮਸੀਹੀਆਂ ਨੂੰ ਸਵਰਗੀ ਰਾਜ ਵਿਚ ਮਹਿਮਾ ਅਤੇ ਬਰਕਤਾਂ ਮਿਲਣਗੀਆਂ। ਉਹ ਇਸ ਗੱਲੋਂ ਖ਼ੁਸ਼ ਤੇ ਧੰਨਵਾਦੀ ਹੋਣਗੇ ਕਿ ਉਹ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੇ ਵਫ਼ਾਦਾਰ ਰਹੇ। ਇਹ ਉਮੀਦ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ “ਸਖ਼ਤ ਮਿਹਨਤ ਕਰਨ” ਲਈ ਤਾਕਤ ਬਖ਼ਸ਼ਦੀ ਹੈ।—1 ਪਤ. 1:13.
“ਹੋਰ ਭੇਡਾਂ” ਦੀ ਉਮੀਦ ਦਾ ਆਧਾਰ
10, 11. (ੳ) ਹੋਰ ਭੇਡਾਂ ਨੂੰ ਕੀ ਉਮੀਦ ਦਿੱਤੀ ਗਈ ਹੈ? (ਅ) ਇਸ ਉਮੀਦ ਦੇ ਪੂਰਾ ਹੋਣ ਦਾ ਮਸੀਹ ਅਤੇ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ” ਹੋਣ ਨਾਲ ਕੀ ਸੰਬੰਧ ਹੈ?
10 ਪੌਲੁਸ ਰਸੂਲ ਨੇ ਪਵਿੱਤਰ ਸ਼ਕਤੀ ਰਾਹੀਂ ਚੁਣੇ ਗਏ “ਪਰਮੇਸ਼ੁਰ ਦੇ ਪੁੱਤਰਾਂ” ਦੀ ਉਮੀਦ ਬਾਰੇ ਲਿਖਿਆ ਕਿ ਉਹ ਮਸੀਹ ਨਾਲ “ਸਾਂਝੇ ਵਾਰਸ” ਹਨ। ਫਿਰ ਉਸ ਨੇ ਹੋਰ ਭੇਡਾਂ ਦੀ ਸ਼ਾਨਦਾਰ ਉਮੀਦ ਬਾਰੇ ਲਿਖਿਆ ਜੋ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ: “ਸ੍ਰਿਸ਼ਟੀ [ਯਾਨੀ ਮਨੁੱਖਜਾਤੀ] ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ੁਰ ਦੇ ਪੁੱਤਰਾਂ [ਯਾਨੀ ਚੁਣੇ ਹੋਏ ਮਸੀਹੀਆਂ] ਦੀ ਮਹਿਮਾ ਪ੍ਰਗਟ ਕੀਤੀ ਜਾਵੇਗੀ। ਸ੍ਰਿਸ਼ਟੀ ਨੂੰ ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ ਸੀ, ਪਰ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨਾਲ, ਪਰ ਉਸ ਵੇਲੇ ਉਮੀਦ ਵੀ ਦਿੱਤੀ ਗਈ ਸੀ ਕਿ ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।”—ਰੋਮੀ. 8:14-21.
11 ਯਹੋਵਾਹ ਨੇ ਮਨੁੱਖਜਾਤੀ ਨੂੰ ਉਦੋਂ ਉਮੀਦ ਦਿੱਤੀ ਜਦੋਂ ਉਸ ਨੇ ਵਾਅਦਾ ਕੀਤੀ ਹੋਈ “ਸੰਤਾਨ” ਦੇ ਜ਼ਰੀਏ “ਪੁਰਾਣੇ ਸੱਪ” ਯਾਨੀ ਸ਼ੈਤਾਨ ਤੋਂ ਛੁਟਕਾਰਾ ਦੇਣ ਦਾ ਵਾਅਦਾ ਕੀਤਾ ਸੀ। (ਪ੍ਰਕਾ. 12:9; ਉਤ. 3:15) ਇਹ “ਸੰਤਾਨ” ਮੁੱਖ ਤੌਰ ਤੇ ਯਿਸੂ ਮਸੀਹ ਹੈ। (ਗਲਾ. 3:16) ਜਦੋਂ ਯਿਸੂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਉਹ ਦੁਬਾਰਾ ਜੀਉਂਦਾ ਹੋਇਆ, ਤਾਂ ਉਸ ਵੇਲੇ ਮਨੁੱਖਜਾਤੀ ਦੀ ਇਹ ਆਸ ਪੱਕੀ ਹੋ ਗਈ ਕਿ ਇਨਸਾਨਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਇਆ ਜਾਵੇਗਾ। ਇਹ ਉਮੀਦ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ” ਹੋਣ ਵੇਲੇ ਪੂਰੀ ਹੋਵੇਗੀ। ਚੁਣੇ ਹੋਏ ਮਸੀਹੀ ਵੀ “ਸੰਤਾਨ” ਦਾ ਹਿੱਸਾ ਹਨ। ਉਨ੍ਹਾਂ ਦੀ ਮਹਿਮਾ ਉਦੋਂ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਨਾਲ ਰਲ਼ ਕੇ ਸ਼ੈਤਾਨ ਦੀ ਦੁਨੀਆਂ ਨੂੰ ਖ਼ਤਮ ਕਰਨਗੇ। (ਪ੍ਰਕਾ. 2:26, 27) ਇਸ ਨਾਲ ਹੋਰ ਭੇਡਾਂ ਨੂੰ ਮੁਕਤੀ ਮਿਲੇਗੀ ਜਿਹੜੀਆਂ ਮਹਾਂਕਸ਼ਟ ਵਿੱਚੋਂ ਨਿਕਲ ਕੇ ਆਉਣਗੀਆਂ।—ਪ੍ਰਕਾ. 7:9, 10, 14.
12. ਚੁਣੇ ਹੋਏ ਮਸੀਹੀਆਂ ਦੀ ਮਹਿਮਾ ਪ੍ਰਗਟ ਹੋਣ ਨਾਲ ਮਨੁੱਖਜਾਤੀ ਨੂੰ ਕਿਹੜੇ ਫ਼ਾਇਦੇ ਹੋਣਗੇ?
12 ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਇਨਸਾਨਾਂ ਨੂੰ ਕਿੰਨੀ ਰਾਹਤ ਮਿਲੇਗੀ! ਉਸ ਵੇਲੇ “ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ” ਹੋਰ ਪ੍ਰਗਟ ਹੋਵੇਗੀ ਜਦੋਂ ਉਹ ਮਸੀਹ ਦੇ ਨਾਲ ਪੁਜਾਰੀਆਂ ਵਜੋਂ ਸੇਵਾ ਕਰਨਗੇ ਅਤੇ ਉਸ ਦੀ ਕੁਰਬਾਨੀ ਦੇ ਫ਼ਾਇਦੇ ਸਾਰੀ ਮਨੁੱਖਜਾਤੀ ਨੂੰ ਦੇਣਗੇ। ਸਵਰਗੀ ਰਾਜ ਦੀ ਪਰਜਾ ਹੋਣ ਕਰਕੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਦੇ ਪੰਜਿਆਂ ਤੋਂ ਛੁਡਾਇਆ ਜਾਵੇਗਾ। ਆਗਿਆਕਾਰ ਇਨਸਾਨਾਂ ਨੂੰ ਹੌਲੀ-ਹੌਲੀ “ਵਿਨਾਸ਼ ਦੀ ਗ਼ੁਲਾਮੀ” ਤੋਂ ਆਜ਼ਾਦ ਕੀਤਾ ਜਾਵੇਗਾ। ਜੇ ਉਹ ਹਜ਼ਾਰ ਸਾਲ ਦੌਰਾਨ ਅਤੇ ਇਸ ਦੇ ਅੰਤ ਵਿਚ ਹੋਣ ਵਾਲੀ ਅਖ਼ੀਰਲੀ ਪਰੀਖਿਆ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣਗੇ, ਤਾਂ ਉਨ੍ਹਾਂ ਦੇ ਨਾਂ “ਜੀਵਨ ਦੀ ਕਿਤਾਬ” ਵਿਚ ਪੱਕੇ ਤੌਰ ਤੇ ਲਿਖੇ ਜਾਣਗੇ। ਉਸ ਵੇਲੇ ਉਹ ‘ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਉਣਗੇ।’ (ਪ੍ਰਕਾ. 20:7, 8, 11, 12) ਇਹ ਉਮੀਦ ਕਿੰਨੀ ਸ਼ਾਨਦਾਰ ਹੈ!
ਆਪਣੀ ਉਮੀਦ ਨੂੰ ਜੀਉਂਦਾ ਰੱਖਣਾ
13. ਸਾਨੂੰ ਉਮੀਦ ਕਿਉਂ ਮਿਲੀ ਹੈ ਅਤੇ ਮਸੀਹ ਕਦੋਂ ਪ੍ਰਗਟ ਹੋਵੇਗਾ?
13 ਪਤਰਸ ਦੀਆਂ ਦੋਵੇਂ ਚਿੱਠੀਆਂ ਤੋਂ ਚੁਣੇ ਹੋਏ ਮਸੀਹੀਆਂ ਨੂੰ ਅਤੇ ਹੋਰ ਭੇਡਾਂ ਨੂੰ ਆਪੋ-ਆਪਣੀ ਉਮੀਦ ਜੀਉਂਦੀ ਰੱਖਣ ਵਿਚ ਕਾਫ਼ੀ ਮਦਦ ਮਿਲਦੀ ਹੈ। ਉਸ ਨੇ ਦੱਸਿਆ ਕਿ ਮਸੀਹੀਆਂ ਨੂੰ ਇਹ ਉਮੀਦ ਉਨ੍ਹਾਂ ਦੇ ਕੰਮਾਂ ਕਰਕੇ ਨਹੀਂ, ਸਗੋਂ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਮਿਲਦੀ ਹੈ। ਉਸ ਨੇ ਲਿਖਿਆ: “ਪੂਰੇ ਹੋਸ਼ ਵਿਚ ਰਹੋ; ਇਹ ਉਮੀਦ ਰੱਖੋ ਕਿ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਤੁਹਾਡੇ ʼਤੇ ਅਪਾਰ ਕਿਰਪਾ ਕੀਤੀ ਜਾਵੇਗੀ।” (1 ਪਤ. 1:13) ਮਸੀਹ ਉਦੋਂ ਪ੍ਰਗਟ ਹੋਵੇਗਾ ਜਦੋਂ ਉਹ ਆਪਣੇ ਵਫ਼ਾਦਾਰ ਚੇਲਿਆਂ ਨੂੰ ਇਨਾਮ ਦੇਣ ਅਤੇ ਯਹੋਵਾਹ ਦੇ ਨਿਆਂ ਅਨੁਸਾਰ ਦੁਸ਼ਟਾਂ ਨੂੰ ਸਜ਼ਾ ਦੇਣ ਆਵੇਗਾ।—2 ਥੱਸਲੁਨੀਕੀਆਂ 1:6-10 ਪੜ੍ਹੋ।
14, 15. (ੳ) ਆਪਣੀ ਉਮੀਦ ਨੂੰ ਜੀਉਂਦਾ ਰੱਖਣ ਲਈ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? (ਅ) ਪਤਰਸ ਨੇ ਕੀ ਸਲਾਹ ਦਿੱਤੀ?
14 ਆਪਣੀ ਉਮੀਦ ਨੂੰ ਜੀਉਂਦਾ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ “ਯਹੋਵਾਹ ਦੇ ਦਿਨ” ਉੱਤੇ ਲਾਈ ਰੱਖੀਏ ਅਤੇ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਦਿਖਾਈਏ ਕਿ ਸਾਨੂੰ ਇਹ ਦਿਨ ਯਾਦ ਹੈ। ਇਸ ਦਿਨ “ਆਕਾਸ਼” ਯਾਨੀ ਇਨਸਾਨੀ ਸਰਕਾਰਾਂ ਅਤੇ “ਧਰਤੀ” ਯਾਨੀ ਦੁਸ਼ਟ ਲੋਕਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਤਰਸ ਨੇ ਲਿਖਿਆ: “ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। . . . ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਦਿਨ ਆਕਾਸ਼ ਅੱਗ ਵਿਚ ਸਾੜ ਦਿੱਤਾ ਜਾਵੇਗਾ ਅਤੇ ਮੂਲ ਤੱਤ ਬਹੁਤ ਹੀ ਗਰਮ ਹੋ ਕੇ ਪਿਘਲ ਜਾਣਗੇ।”—2 ਪਤ. 3:10-12.
15 ‘ਨਵਾਂ ਆਕਾਸ਼ [ਯਾਨੀ ਮਸੀਹ ਦਾ ਸਵਰਗੀ ਰਾਜ] ਤੇ ਨਵੀਂ ਧਰਤੀ [ਯਾਨੀ ਆਗਿਆਕਾਰ ਲੋਕ]’ ਮੌਜੂਦਾ “ਆਕਾਸ਼” ਅਤੇ “ਧਰਤੀ” ਦੀ ਜਗ੍ਹਾ ਲੈ ਲੈਣਗੇ। (2 ਪਤ. 3:13) ਫਿਰ ਇਸ ਨਵੀਂ ਦੁਨੀਆਂ ਦੀ ਉਡੀਕ ਕਰਦੇ ਹੋਏ ਆਪਣੀ ਉਮੀਦ ਨੂੰ ਜੀਉਂਦਾ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਬਾਰੇ ਪਤਰਸ ਨੇ ਸਪੱਸ਼ਟ ਸ਼ਬਦਾਂ ਵਿਚ ਸਲਾਹ ਦਿੱਤੀ: “ਇਸ ਲਈ ਪਿਆਰੇ ਭਰਾਵੋ, ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹੋਏ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਖ਼ੀਰ ਵਿਚ ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਪਾਏ ਜਾਓ।”—2 ਪਤ. 3:14.
ਆਪਣੀ ਉਮੀਦ ਅਨੁਸਾਰ ਜ਼ਿੰਦਗੀ ਜੀਉਣੀ
16, 17. (ੳ) ਸਾਨੂੰ ਅੱਜ ਕੀ ਕਰਨ ਦੀ ਲੋੜ ਹੈ? (ਅ) ਸਾਡੀ ਉਮੀਦ ਕਿਵੇਂ ਪੂਰੀ ਹੋਵੇਗੀ?
16 ਸਾਨੂੰ ਨਾ ਸਿਰਫ਼ ਆਪਣੀ ਉਮੀਦ ਜੀਉਂਦੀ ਰੱਖਣੀ ਚਾਹੀਦੀ ਹੈ, ਸਗੋਂ ਇਸ ਅਨੁਸਾਰ ਜੀਉਣਾ ਵੀ ਚਾਹੀਦਾ ਹੈ। ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ ਅਤੇ ਸਾਡੀ ਨਿਹਚਾ ਕਿੰਨੀ ਕੁ ਪੱਕੀ ਹੈ। ਸਾਨੂੰ ‘ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖਣਾ’ ਚਾਹੀਦਾ ਹੈ। (1 ਪਤ. 2:12; 2 ਪਤ. 3:11) ਸਾਡੇ ਸਾਰਿਆਂ ਵਿਚ “ਪਿਆਰ” ਹੋਣਾ ਚਾਹੀਦਾ ਹੈ ਅਤੇ ਸਾਨੂੰ ਦੁਨੀਆਂ ਭਰ ਵਿਚ ਆਪਣੇ ਭਾਈਚਾਰੇ ਵਿਚ ਅਤੇ ਆਪਣੀ ਮੰਡਲੀ ਵਿਚ ਏਕਤਾ ਕਾਇਮ ਰੱਖਣੀ ਚਾਹੀਦੀ ਹੈ। (ਯੂਹੰ. 13:35) “ਭਗਤੀ ਦੇ ਕੰਮ” ਕਰ ਕੇ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਹਾਂ। ਇਨ੍ਹਾਂ ਕੰਮਾਂ ਵਿਚ ਸ਼ਾਮਲ ਹੈ ਪ੍ਰਾਰਥਨਾ ਕਰਨੀ, ਰੋਜ਼ ਬਾਈਬਲ ਪੜ੍ਹਨੀ, ਬਾਈਬਲ ਦਾ ਡੂੰਘਾ ਅਧਿਐਨ ਕਰਨਾ, ਪਰਿਵਾਰ ਨਾਲ ਸਟੱਡੀ ਕਰਨੀ ਅਤੇ ‘ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ’ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ।—ਮੱਤੀ 24:14.
17 ਅਸੀਂ ਸਾਰੇ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਨੂੰ ਕਬੂਲ ਕਰੇ ਅਤੇ ਇਸ ਬੁਰੀ ਦੁਨੀਆਂ ਨੂੰ ਨਾਸ਼ ਕਰਨ ਵੇਲੇ ਸਾਨੂੰ ਬਚਾਵੇ। ਫਿਰ ਸਾਡੀ “ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ” ਪੂਰੀ ਹੋਵੇਗੀ “ਜਿਸ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।”—ਤੀਤੁ. 1:2.
[ਸਫ਼ਾ 22 ਉੱਤੇ ਤਸਵੀਰ]
ਚੁਣੇ ਹੋਏ ਮਸੀਹੀਆਂ ਨੂੰ “ਨਵੇਂ ਸਿਰਿਓਂ ਜਨਮ” ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ “ਪੱਕੀ” ਉਮੀਦ ਮਿਲਦੀ ਹੈ
[ਸਫ਼ਾ 24 ਉੱਤੇ ਤਸਵੀਰ]
ਆਪਣੇ ਪਰਿਵਾਰ ਦੀ ਉਮੀਦ ਨੂੰ ਜੀਉਂਦਾ ਰੱਖਣ ਲਈ ਮਿਹਨਤ ਕਰੋ