ਯਹੂਦਾਹ ਦੀ ਚਿੱਠੀ
1 ਮੈਂ ਯਹੂਦਾਹ, ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ।+ ਮੈਂ ਸੱਦੇ ਹੋਇਆਂ ਨੂੰ+ ਇਹ ਚਿੱਠੀ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਪਿਤਾ ਪਰਮੇਸ਼ੁਰ ਪਿਆਰ ਕਰਦਾ ਹੈ ਅਤੇ ਜਿਨ੍ਹਾਂ ਨੂੰ ਯਿਸੂ ਮਸੀਹ ਲਈ ਸੁਰੱਖਿਅਤ ਰੱਖਿਆ ਗਿਆ ਹੈ।+
2 ਪਰਮੇਸ਼ੁਰ ਤੋਂ ਤੁਹਾਨੂੰ ਹੋਰ ਜ਼ਿਆਦਾ ਦਇਆ, ਸ਼ਾਂਤੀ ਅਤੇ ਪਿਆਰ ਮਿਲੇ।
3 ਪਿਆਰਿਓ, ਅਸਲ ਵਿਚ ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ ਜੋ ਸਾਨੂੰ ਸਾਰਿਆਂ ਨੂੰ ਮਿਲ ਰਹੀ ਹੈ,+ ਪਰ ਮੈਂ ਜ਼ਰੂਰੀ ਸਮਝਿਆ ਕਿ ਮੈਂ ਲਿਖ ਕੇ ਤੁਹਾਨੂੰ ਤਾਕੀਦ ਕਰਾਂ ਕਿ ਤੁਸੀਂ ਨਿਹਚਾ* ਲਈ ਪੂਰਾ ਜ਼ੋਰ ਲਾ ਕੇ ਲੜੋ+ ਜੋ ਪਵਿੱਤਰ ਸੇਵਕਾਂ ਨੂੰ ਇੱਕੋ ਵਾਰ ਹਮੇਸ਼ਾ ਲਈ ਸੌਂਪੀ ਗਈ ਸੀ। 4 ਮੈਂ ਤੁਹਾਨੂੰ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਕੁਝ ਆਦਮੀ ਦੱਬੇ ਪੈਰੀਂ ਤੁਹਾਡੇ ਵਿਚ ਆ ਵੜੇ ਹਨ। ਅਜਿਹੇ ਆਦਮੀਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਧਰਮ-ਗ੍ਰੰਥ ਵਿਚ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਇਹ ਆਦਮੀ ਦੁਸ਼ਟ ਹਨ ਅਤੇ ਇਨ੍ਹਾਂ ਨੇ ਸਾਡੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ ਹੈ।+ ਇਨ੍ਹਾਂ ਨੇ ਆਪਣੇ ਇੱਕੋ-ਇਕ ਮਾਲਕ ਅਤੇ ਪ੍ਰਭੂ ਯਿਸੂ ਮਸੀਹ ਨਾਲ ਵਿਸ਼ਵਾਸਘਾਤ ਕੀਤਾ ਹੈ।+
5 ਭਾਵੇਂ ਤੁਸੀਂ ਪਹਿਲਾਂ ਤੋਂ ਹੀ ਇਹ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਜਾਣਦੇ ਹੋ, ਫਿਰ ਵੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਯਹੋਵਾਹ* ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਆਜ਼ਾਦ ਕਰਾਇਆ ਸੀ,+ ਪਰ ਬਾਅਦ ਵਿਚ ਨਿਹਚਾ ਨਾ ਰੱਖਣ ਵਾਲੇ ਲੋਕਾਂ ਨੂੰ ਖ਼ਤਮ ਕਰ ਦਿੱਤਾ ਸੀ।+ 6 ਉਨ੍ਹਾਂ ਦੂਤਾਂ ਨੂੰ ਵੀ ਯਾਦ ਕਰੋ ਜਿਹੜੇ ਉਸ ਜਗ੍ਹਾ* ਨਹੀਂ ਰਹੇ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਰਹਿਣ ਦੀ ਸਹੀ ਜਗ੍ਹਾ ਛੱਡ ਦਿੱਤੀ।+ ਉਸ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਬੇੜੀਆਂ ਨਾਲ ਬੰਨ੍ਹ ਕੇ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ ਤਾਂਕਿ ਉਨ੍ਹਾਂ ਨੂੰ ਵੱਡੇ ਦਿਨ ʼਤੇ ਸਜ਼ਾ ਦਿੱਤੀ ਜਾਵੇ।+ 7 ਇਸੇ ਤਰ੍ਹਾਂ ਸਦੂਮ, ਗਮੋਰਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਹੋਰ ਸ਼ਹਿਰ ਹਰਾਮਕਾਰੀ* ਵਿਚ ਡੁੱਬੇ ਹੋਏ ਸਨ ਅਤੇ ਉਹ ਆਪਣੀਆਂ ਗ਼ੈਰ-ਕੁਦਰਤੀ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਹੀ ਲੱਗੇ ਰਹਿੰਦੇ ਸਨ।+ ਉਨ੍ਹਾਂ ਨੂੰ ਸਜ਼ਾ ਦੇ ਕੇ ਹਮੇਸ਼ਾ ਬਲ਼ਦੀ ਰਹਿਣ ਵਾਲੀ ਅੱਗ ਨਾਲ ਨਾਸ਼ ਕਰ ਦਿੱਤਾ ਗਿਆ। ਉਨ੍ਹਾਂ ਦੀ ਉਦਾਹਰਣ ਸਾਡੇ ਲਈ ਇਕ ਚੇਤਾਵਨੀ ਹੈ।+
8 ਇਸ ਦੇ ਬਾਵਜੂਦ, ਇਹ ਆਦਮੀ ਬੁਰੇ ਕੰਮਾਂ ਦੇ ਸੁਪਨੇ ਲੈਂਦੇ ਹਨ, ਸਰੀਰਾਂ* ਨੂੰ ਭ੍ਰਿਸ਼ਟ ਕਰਦੇ ਹਨ, ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ ਅਤੇ ਮਹਿਮਾਵਾਨ ਭਰਾਵਾਂ ਬਾਰੇ ਬੁਰਾ-ਭਲਾ ਕਹਿੰਦੇ ਹਨ।+ 9 ਪਰ ਜਦੋਂ ਮਹਾਂ ਦੂਤ+ ਮੀਕਾਏਲ+ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ,+ ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ,+ ਪਰ ਕਿਹਾ: “ਯਹੋਵਾਹ* ਹੀ ਤੈਨੂੰ ਝਿੜਕੇ।”+ 10 ਪਰ ਇਹ ਆਦਮੀ ਉਨ੍ਹਾਂ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਿਹੜੀਆਂ ਗੱਲਾਂ ਉਹ ਸਮਝਦੇ ਵੀ ਨਹੀਂ।+ ਉਹ ਬੇਅਕਲ ਜਾਨਵਰਾਂ+ ਵਾਂਗ ਆਪਣੇ ਸੁਭਾਅ ਮੁਤਾਬਕ ਜਿਹੜੀਆਂ ਗੱਲਾਂ ਸਮਝਦੇ ਹਨ, ਉਨ੍ਹਾਂ ਨਾਲ ਹੀ ਆਪਣੇ ਆਪ ਨੂੰ ਭ੍ਰਿਸ਼ਟ ਕਰਦੇ ਹਨ।
11 ਹਾਇ ਇਨ੍ਹਾਂ ਉੱਤੇ ਕਿਉਂਕਿ ਇਹ ਕਾਇਨ ਦੇ ਰਾਹ ʼਤੇ ਤੁਰੇ ਹਨ+ ਅਤੇ ਇਨਾਮ ਦੇ ਲਾਲਚ ਵਿਚ ਬਿਲਾਮ ਦੇ ਪੁੱਠੇ ਰਾਹ ਉੱਤੇ ਕਾਹਲੀ-ਕਾਹਲੀ ਗਏ ਹਨ+ ਅਤੇ ਕੋਰਹ+ ਵਾਂਗ ਬਗਾਵਤੀ ਗੱਲਾਂ ਕਰ ਕੇ ਨਾਸ਼ ਹੋ ਗਏ ਹਨ!+ 12 ਇਹ ਪਾਣੀ ਵਿਚ ਲੁਕੇ ਹੋਏ ਪੱਥਰ ਹਨ ਜਿਹੜੇ ਭਰਾਵਾਂ ਦੀਆਂ ਦਾਅਵਤਾਂ ਵਿਚ ਤੁਹਾਡੇ ਨਾਲ ਖਾਂਦੇ-ਪੀਂਦੇ ਹਨ+ ਅਤੇ ਇਹ ਅਜਿਹੇ ਚਰਵਾਹੇ ਹਨ ਜਿਹੜੇ ਬੇਸ਼ਰਮੀ ਨਾਲ ਸਿਰਫ਼ ਆਪਣਾ ਢਿੱਡ ਭਰਦੇ ਹਨ;+ ਇਹ ਬਿਨਾਂ ਪਾਣੀ ਦੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਉਡਾ ਲੈ ਜਾਂਦੀ ਹੈ;+ ਇਹ ਅਜਿਹੇ ਦਰਖ਼ਤ ਹਨ ਜਿਨ੍ਹਾਂ ਨੂੰ ਮੌਸਮ ਆਉਣ ਤੇ ਫਲ ਨਹੀਂ ਲੱਗਦਾ, ਸਗੋਂ ਇਹ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ* ਅਤੇ ਇਨ੍ਹਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਹੈ; 13 ਇਹ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਹਨ ਜਿਹੜੀਆਂ ਬੇਸ਼ਰਮੀ ਦੀ ਝੱਗ ਉਛਾਲ਼ਦੀਆਂ ਹਨ;+ ਇਹ ਭਟਕ ਰਹੇ ਤਾਰੇ ਹਨ ਅਤੇ ਇਨ੍ਹਾਂ ਨੂੰ ਹਮੇਸ਼ਾ ਲਈ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ।+
14 ਹਾਂ, ਹਨੋਕ+ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ* ਆਪਣੇ ਲੱਖਾਂ ਪਵਿੱਤਰ ਦੂਤਾਂ ਨਾਲ ਆਇਆ+ 15 ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ+ ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।”+
16 ਇਹ ਆਦਮੀ ਬੁੜ-ਬੁੜ ਕਰਦੇ ਹਨ,+ ਆਪਣੀ ਹਾਲਤ ʼਤੇ ਕੁੜ੍ਹਦੇ ਹਨ, ਆਪਣੀਆਂ ਇੱਛਾਵਾਂ ਅਨੁਸਾਰ ਚੱਲਦੇ ਹਨ,+ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੇ ਹਨ ਅਤੇ ਆਪਣੇ ਫ਼ਾਇਦੇ ਲਈ ਦੂਸਰਿਆਂ ਦੀ ਚਾਪਲੂਸੀ* ਕਰਦੇ ਹਨ।+
17 ਪਰ ਪਿਆਰਿਓ, ਤੁਸੀਂ ਉਹ ਗੱਲਾਂ ਯਾਦ ਕਰੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ ਸਨ। 18 ਉਹ ਤੁਹਾਨੂੰ ਦੱਸਦੇ ਹੁੰਦੇ ਸਨ: “ਆਖ਼ਰੀ ਸਮੇਂ ਵਿਚ ਮਜ਼ਾਕ ਉਡਾਉਣ ਵਾਲੇ ਲੋਕ ਹੋਣਗੇ ਜਿਹੜੇ ਆਪਣੀਆਂ ਦੁਸ਼ਟ ਇੱਛਾਵਾਂ ਅਨੁਸਾਰ ਚੱਲਣਗੇ।”+ 19 ਇਹ ਆਦਮੀ ਮੰਡਲੀ ਵਿਚ ਫੁੱਟ ਪਾਉਂਦੇ ਹਨ,+ ਇਹ ਜਾਨਵਰਾਂ ਵਰਗੇ* ਹਨ ਅਤੇ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਨਹੀਂ ਚੱਲਦੇ। 20 ਪਰ ਪਿਆਰਿਓ, ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਦੀ ਨੀਂਹ ਉੱਤੇ ਖ਼ੁਦ ਨੂੰ ਮਜ਼ਬੂਤ ਕਰੋ ਅਤੇ ਪਵਿੱਤਰ ਸ਼ਕਤੀ* ਅਨੁਸਾਰ ਪ੍ਰਾਰਥਨਾ ਕਰੋ+ 21 ਤਾਂਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ।+ ਨਾਲੇ ਉਸ ਸਮੇਂ ਦੀ ਵੀ ਉਡੀਕ ਕਰੋ ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ʼਤੇ ਦਇਆ ਕਰ ਕੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।+ 22 ਨਾਲੇ ਸ਼ੱਕ ਕਰਨ ਵਾਲੇ ਲੋਕਾਂ+ ʼਤੇ ਵੀ ਦਇਆ ਕਰਦੇ ਰਹੋ+ 23 ਅਤੇ ਉਨ੍ਹਾਂ ਨੂੰ ਅੱਗ ਵਿੱਚੋਂ ਖਿੱਚ ਕੇ ਬਚਾਓ।+ ਦੂਸਰਿਆਂ ਉੱਤੇ ਵੀ ਦਇਆ ਕਰਦੇ ਰਹੋ, ਪਰ ਡਰ-ਡਰ ਕੇ ਕਿਉਂਕਿ ਉਨ੍ਹਾਂ ਦੇ ਕੱਪੜੇ ਸਰੀਰ ਦੇ ਕੰਮਾਂ ਨਾਲ ਗੰਦੇ ਹੋ ਚੁੱਕੇ ਹਨ। ਇਸ ਲਈ ਉਨ੍ਹਾਂ ਉੱਤੇ ਦਇਆ ਕਰਦੇ ਵੇਲੇ ਉਨ੍ਹਾਂ ਦੇ ਗੰਦੇ ਕੱਪੜਿਆਂ ਤੋਂ ਘਿਣ ਕਰੋ।+
24 ਪਰਮੇਸ਼ੁਰ ਤੁਹਾਨੂੰ ਪਾਪ ਕਰਨ* ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾਵਾਨ ਹਜ਼ੂਰੀ ਵਿਚ ਬੇਦਾਗ਼ ਖੜ੍ਹਾ+ ਕਰ ਕੇ ਬੇਹੱਦ ਖ਼ੁਸ਼ੀ ਦੇ ਸਕਦਾ ਹੈ। 25 ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ* ਇੱਕੋ-ਇਕ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਦੀ ਮਹਿਮਾ ਹੋਵੇ ਅਤੇ ਬੀਤ ਚੁੱਕੇ ਸਮੇਂ, ਅੱਜ ਅਤੇ ਹਮੇਸ਼ਾ-ਹਮੇਸ਼ਾ ਲਈ ਸ਼ਾਨੋ-ਸ਼ੌਕਤ, ਤਾਕਤ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।