“ਕੀ ਤੇਰਾ ਮਨ ਠੀਕ ਹੈ?”
“ਮੇਰੇ ਨਾਲ ਚੱਲ ਤੇ ਯਹੋਵਾਹ ਦੇ ਨਮਿੱਤ ਮੇਰੇ ਜੋਸ਼ ਨੂੰ ਵੇਖ।”—2 ਰਾਜਿਆਂ 10:16.
1, 2. (ੳ) ਇਸਰਾਏਲ ਦੀ ਧਾਰਮਿਕ ਸਥਿਤੀ ਕਿਵੇਂ ਬੁਰੀ ਤੋਂ ਬੁਰੀ ਹੁੰਦੀ ਗਈ? (ਅ) 905 ਸਾ.ਯੁ.ਪੂ. ਵਿਚ, ਇਸਰਾਏਲ ਵਿਚ ਕਿਹੜੀਆਂ ਵੱਡੀਆਂ ਤਬਦੀਲੀਆਂ ਹੋਣ ਵਾਲੀਆਂ ਸਨ?
ਇਸਰਾਏਲ ਵਿਚ ਸਾਲ 905 ਸਾ.ਯੁ.ਪੂ. ਇਕ ਵੱਡੀ ਤਬਦੀਲੀ ਦਾ ਸਮਾਂ ਸੀ। ਲਗਭਗ 100 ਸਾਲ ਪਹਿਲਾਂ, ਸੁਲੇਮਾਨ ਦੇ ਧਰਮ-ਤਿਆਗ ਦੇ ਕਾਰਨ ਯਹੋਵਾਹ ਨੇ ਇਸਰਾਏਲ ਦੇ ਸੰਯੁਕਤ ਰਾਜ ਵਿਚ ਬਟਵਾਰਾ ਹੋਣ ਦਿੱਤਾ ਸੀ। (1 ਰਾਜਿਆਂ 11:9-13) ਉਸ ਸਮੇਂ, ਦੱਖਣੀ ਰਾਜ, ਯਹੂਦਾਹ ਉੱਤੇ ਸੁਲੇਮਾਨ ਦਾ ਪੁੱਤਰ ਰਹਬੁਆਮ ਸ਼ਾਸਨ ਕਰਦਾ ਸੀ ਜਦ ਕਿ ਯਾਰਾਬੁਆਮ, ਜੋ ਇਕ ਇਫ਼ਰਾਈਮੀ ਸੀ, ਉੱਤਰੀ ਰਾਜ, ਇਸਰਾਏਲ ਦਾ ਰਾਜਾ ਸੀ। ਦੁੱਖ ਦੀ ਗੱਲ ਹੈ ਕਿ ਉੱਤਰੀ ਰਾਜ ਦੀ ਸ਼ੁਰੂਆਤ ਹੀ ਭੈੜੀ ਸੀ। ਯਾਰਾਬੁਆਮ ਨਹੀਂ ਚਾਹੁੰਦਾ ਸੀ ਕਿ ਉਸ ਦੀ ਪਰਜਾ ਹੈਕਲ ਵਿਚ ਉਪਾਸਨਾ ਕਰਨ ਲਈ ਦੱਖਣੀ ਰਾਜ ਵਿਚ ਜਾਵੇ। ਉਸ ਨੂੰ ਡਰ ਸੀ ਕਿ ਉਹ ਦਾਊਦ ਦੇ ਘਰਾਣੇ ਵੱਲ ਮੁੜਨ ਦਾ ਵਿਚਾਰ ਕਰਨ ਲੱਗਣਗੇ। ਇਸ ਲਈ ਉਸ ਨੇ ਇਸਰਾਏਲ ਵਿਚ ਬਛੜੇ ਦੀ ਉਪਾਸਨਾ ਸਥਾਪਿਤ ਕੀਤੀ ਅਤੇ ਇਸ ਤਰ੍ਹਾਂ ਮੂਰਤੀ-ਪੂਜਾ ਦਾ ਅਜਿਹਾ ਨਮੂਨਾ ਸਥਾਪਿਤ ਕੀਤਾ ਜੋ ਕੁਝ ਹੱਦ ਤਕ ਇਸ ਉੱਤਰੀ ਰਾਜ ਦੇ ਪੂਰੇ ਇਤਿਹਾਸ ਵਿਚ ਕਾਇਮ ਰਿਹਾ।—1 ਰਾਜਿਆਂ 12:26-33.
2 ਹਾਲਾਤ ਹੋਰ ਖ਼ਰਾਬ ਹੋ ਗਏ ਜਦੋਂ ਆਮਰੀ ਦਾ ਪੁੱਤਰ, ਆਹਾਬ ਰਾਜਾ ਬਣਿਆ। ਉਸ ਦੀ ਵਿਦੇਸ਼ੀ ਪਤਨੀ, ਈਜ਼ਬਲ ਨੇ ਬਆਲ ਉਪਾਸਨਾ ਨੂੰ ਉਤਸ਼ਾਹਿਤ ਕੀਤਾ ਅਤੇ ਯਹੋਵਾਹ ਦੇ ਨਬੀਆਂ ਨੂੰ ਮਰਵਾਇਆ। ਨਬੀ ਏਲੀਯਾਹ ਦੀਆਂ ਸਪੱਸ਼ਟ ਚੇਤਾਵਨੀਆਂ ਦੇ ਬਾਵਜੂਦ, ਆਹਾਬ ਨੇ ਉਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ। ਪਰੰਤੂ 905 ਸਾ.ਯੁ.ਪੂ. ਵਿਚ, ਆਹਾਬ ਮਰ ਚੁੱਕਾ ਸੀ, ਅਤੇ ਉਸ ਦਾ ਪੁੱਤਰ, ਯਹੋਰਾਮ ਸ਼ਾਸਨ ਕਰ ਰਿਹਾ ਸੀ। ਇਹ ਹੁਣ ਦੇਸ਼ ਨੂੰ ਸਾਫ਼ ਕਰਨ ਦਾ ਸਮਾਂ ਸੀ। ਏਲੀਯਾਹ ਦੇ ਉਤਰਾਧਿਕਾਰੀ, ਅਲੀਸ਼ਾ ਨੇ ਫ਼ੌਜ ਦੇ ਸੈਨਾਪਤੀ ਯੇਹੂ ਨੂੰ ਸੂਚਨਾ ਦਿੱਤੀ ਕਿ ਯਹੋਵਾਹ ਉਸ ਨੂੰ ਇਸਰਾਏਲ ਦੇ ਅਗਲੇ ਰਾਜੇ ਵਜੋਂ ਮਸਹ ਕਰ ਰਿਹਾ ਸੀ। ਉਸ ਦਾ ਕੰਮ? ਆਹਾਬ ਦੇ ਪਾਪੀ ਘਰਾਣੇ ਨੂੰ ਖ਼ਤਮ ਕਰਨਾ ਅਤੇ ਨਬੀਆਂ ਦੇ ਲਹੂ ਦਾ ਬਦਲਾ ਲੈਣਾ ਜੋ ਈਜ਼ਬਲ ਨੇ ਵਹਾਇਆ ਸੀ!—2 ਰਾਜਿਆਂ 9:1-10.
3, 4. ਯਹੋਨਾਦਾਬ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਸ ਦਾ ਮਨ ‘ਯੇਹੂ ਦੇ ਮਨ ਨਾਲ ਠੀਕ’ ਸੀ?
3 ਪਰਮੇਸ਼ੁਰ ਦੇ ਹੁਕਮ ਦੀ ਆਗਿਆਕਾਰੀ ਵਿਚ, ਯੇਹੂ ਨੇ ਦੁਸ਼ਟ ਈਜ਼ਬਲ ਨੂੰ ਮਰਵਾ ਦਿੱਤਾ, ਅਤੇ ਉਸ ਤੋਂ ਬਾਅਦ ਆਹਾਬ ਦੇ ਘਰਾਣੇ ਨੂੰ ਖ਼ਤਮ ਕਰਨ ਦੁਆਰਾ ਇਸਰਾਏਲ ਨੂੰ ਸਾਫ਼ ਕਰਨ ਲਈ ਚੱਲ ਪਿਆ। (2 ਰਾਜਿਆਂ 9:15–10:14, 17) ਫਿਰ ਉਹ ਇਕ ਸਮਰਥਕ ਨੂੰ ਮਿਲਿਆ। “[ਉਹ] ਰੇਕਾਬ ਦੇ ਪੁੱਤ੍ਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਰ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤਾਂ ਆਪਣਾ ਹੱਥ ਮੈਨੂੰ ਦੇਹ ਅਰ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰਥ ਉੱਤੇ ਬਿਠਾ ਲਿਆ। ਅਰ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾਹ ਦੇ ਨਮਿੱਤ ਮੇਰੇ ਜੋਸ਼ ਨੂੰ ਵੇਖ। ਸੋ ਉਨ੍ਹਾਂ ਨੇ ਉਸ ਨੂੰ ਉਹ ਦੇ ਰਥ ਵਿੱਚ ਬਿਠਾ ਦਿੱਤਾ।”—2 ਰਾਜਿਆਂ 10:15, 16.
4 ਯਹੋਨਾਦਾਬ (ਜਾਂ ਯੋਨਾਦਾਬ) ਇਸਰਾਏਲੀ ਨਹੀਂ ਸੀ। ਫਿਰ ਵੀ, ਆਪਣੇ ਨਾਂ ਦੀ ਇਕਸਾਰਤਾ ਵਿਚ (ਜਿਸ ਨਾਂ ਦਾ ਅਰਥ ਹੈ, “ਯਹੋਵਾਹ ਚਾਹੁੰਦਾ ਹੈ,” “ਯਹੋਵਾਹ ਭਲਾ ਹੈ,” ਜਾਂ “ਯਹੋਵਾਹ ਖੁੱਲ੍ਹ-ਦਿਲਾ ਹੈ”), ਉਹ ਯਹੋਵਾਹ ਦਾ ਉਪਾਸਕ ਸੀ। (ਯਿਰਮਿਯਾਹ 35:6) ਬਿਨਾਂ ਸ਼ੱਕ, ‘ਯਹੋਵਾਹ ਨਮਿੱਤ ਯੇਹੂ ਦੇ ਜੋਸ਼ ਨੂੰ ਵੇਖਣ’ ਵਿਚ ਉਸ ਦੀ ਅਸਾਧਾਰਣ ਰੁਚੀ ਸੀ। ਅਸੀਂ ਕਿਵੇਂ ਜਾਣਦੇ ਹਾਂ? ਇਸਰਾਏਲ ਦੇ ਮਸਹ ਕੀਤੇ ਹੋਏ ਰਾਜੇ ਨਾਲ ਉਸ ਦਾ ਮਿਲਣਾ ਸੰਜੋਗੀ ਨਹੀਂ ਸੀ। ਯਹੋਨਾਦਾਬ “ਉਹ ਨੂੰ ਮਿਲਣ ਲਈ ਆਉਂਦਾ ਸੀ,” ਅਤੇ ਉਸ ਵੇਲੇ ਜਦੋਂ ਯੇਹੂ ਪਹਿਲਾਂ ਹੀ ਈਜ਼ਬਲ ਨੂੰ ਅਤੇ ਆਹਾਬ ਦੇ ਘਰਾਣੇ ਵਿਚ ਦੂਸਰਿਆਂ ਲੋਕਾਂ ਨੂੰ ਕਤਲ ਕਰ ਚੁੱਕਾ ਸੀ। ਜਦੋਂ ਉਸ ਨੇ ਰਥ ਵਿਚ ਚੜ੍ਹਨ ਲਈ ਯੇਹੂ ਦਾ ਸੱਦਾ ਸਵੀਕਾਰ ਕੀਤਾ ਉਦੋਂ ਯਹੋਨਾਦਾਬ ਜਾਣਦਾ ਸੀ ਕਿ ਕੀ ਹੋ ਰਿਹਾ ਸੀ। ਪ੍ਰਤੱਖ ਰੂਪ ਵਿਚ ਉਹ ਝੂਠੀ ਅਤੇ ਸੱਚੀ ਉਪਾਸਨਾ ਦੀ ਇਸ ਲੜਾਈ ਵਿਚ ਯੇਹੂ—ਅਤੇ ਯਹੋਵਾਹ—ਦੇ ਪੱਖ ਵਿਚ ਸੀ।
ਆਧੁਨਿਕ ਦਿਨ ਦਾ ਯੇਹੂ ਅਤੇ ਆਧੁਨਿਕ ਦਿਨ ਦਾ ਯਹੋਨਾਦਾਬ
5. (ੳ) ਸਾਰੀ ਮਨੁੱਖਜਾਤੀ ਲਈ ਕਿਹੜੀਆਂ ਤਬਦੀਲੀਆਂ ਜਲਦੀ ਹੋਣ ਵਾਲੀਆਂ ਹਨ? (ਅ) ਮਹਾਨ ਯੇਹੂ ਕੌਣ ਹੈ, ਅਤੇ ਧਰਤੀ ਉੱਤੇ ਕੌਣ ਉਸ ਦੀ ਪ੍ਰਤੀਨਿਧਤਾ ਕਰਦੇ ਹਨ?
5 ਅੱਜ, ਪੂਰੀ ਮਨੁੱਖਜਾਤੀ ਲਈ ਹਾਲਾਤ ਜਲਦੀ ਹੀ ਪੂਰੀ ਤਰ੍ਹਾਂ ਬਦਲ ਜਾਣਗੇ ਜਿਵੇਂ 905 ਸਾ.ਯੁ.ਪੂ. ਵਿਚ ਇਸਰਾਏਲ ਲਈ ਬਦਲ ਗਏ ਸਨ। ਉਹ ਸਮਾਂ ਨੇੜੇ ਹੈ ਜਦੋਂ ਯਹੋਵਾਹ ਪੂਰੀ ਧਰਤੀ ਉੱਤੋਂ ਸ਼ਤਾਨ ਦੇ ਪ੍ਰਭਾਵ ਦੇ ਸਾਰੇ ਬੁਰੇ ਨਤੀਜਿਆਂ ਨੂੰ, ਜਿਸ ਵਿਚ ਝੂਠਾ ਧਰਮ ਵੀ ਸ਼ਾਮਲ ਹੈ, ਹਟਾ ਦੇਵੇਗਾ। ਆਧੁਨਿਕ ਦਿਨ ਦਾ ਯੇਹੂ ਕੌਣ ਹੈ? ਇਹ ਯਿਸੂ ਮਸੀਹ ਤੋਂ ਬਿਨਾਂ ਹੋਰ ਕੋਈ ਨਹੀਂ, ਜਿਸ ਨੂੰ ਇਹ ਭਵਿੱਖ-ਸੂਚਕ ਸ਼ਬਦ ਕਹੇ ਗਏ ਹਨ: “ਓਏ ਸੂਰਮਿਆ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, ਉਹ ਤੇਰਾ ਤੇਜ ਅਤੇ ਤੇਰੀ ਉਪਮਾ ਹੈ। ਅਤੇ ਆਪਣੇ ਉਪਮਾਣ ਨਾਲ ਸੱਚਿਆਈ ਅਤੇ ਕੋਮਲਤਾਈ ਅਤੇ ਧਰਮ ਦੇ ਨਮਿੱਤ ਅਸਵਾਰ ਹੋ ਕੇ ਸਫ਼ਲ ਹੋ।” (ਜ਼ਬੂਰ 45:3, 4) ‘ਪਰਮੇਸ਼ੁਰ ਦਾ ਇਸਰਾਏਲ,’ ਅਰਥਾਤ ਮਸਹ ਕੀਤੇ ਹੋਏ ਮਸੀਹੀ ਧਰਤੀ ਉੱਤੇ ਯਿਸੂ ਦੀ ਪ੍ਰਤੀਨਿਧਤਾ ਕਰਦੇ ਹਨ, “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਗਲਾਤੀਆਂ 6:16; ਪਰਕਾਸ਼ ਦੀ ਪੋਥੀ 12:17) ਸਾਲ 1922 ਤੋਂ ਯਿਸੂ ਦੇ ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਨੇ ਯਹੋਵਾਹ ਵੱਲੋਂ ਕੀਤੀਆਂ ਜਾਣ ਵਾਲੀਆਂ ਨਿਆਇਕ ਕਾਰਵਾਈਆਂ ਦੀ ਨਿਡਰਤਾ ਨਾਲ ਚੇਤਾਵਨੀ ਦਿੱਤੀ ਹੈ।—ਯਸਾਯਾਹ 61:1, 2; ਪਰਕਾਸ਼ ਦੀ ਪੋਥੀ 8:7–9:21; 16:2-21.
6. ਮਸਹ ਕੀਤੇ ਹੋਏ ਮਸੀਹੀਆਂ ਦਾ ਸਮਰਥਨ ਕਰਨ ਲਈ ਕੌਮਾਂ ਵਿੱਚੋਂ ਕੌਣ ਨਿਕਲ ਕੇ ਆਏ ਹਨ, ਅਤੇ ਉਹ ਮਾਨੋ ਮਹਾਨ ਯੇਹੂ ਦੇ ਰਥ ਉੱਤੇ ਕਿਵੇਂ ਚੜ੍ਹੇ ਹਨ?
6 ਮਸਹ ਕੀਤੇ ਹੋਏ ਮਸੀਹੀ ਇਕੱਲੇ ਨਹੀਂ ਰਹੇ ਹਨ। ਠੀਕ ਜਿਵੇਂ ਯਹੋਨਾਦਾਬ ਯੇਹੂ ਨੂੰ ਮਿਲਣ ਲਈ ਆਇਆ, ਬਹੁਤ ਸਾਰੇ ਲੋਕ ਸੱਚੀ ਉਪਾਸਨਾ ਦੇ ਪੱਖ ਵਿਚ ਮਹਾਨ ਯੇਹੂ, ਯਿਸੂ ਦਾ ਅਤੇ ਉਸ ਦੇ ਪਾਰਥਿਵ ਪ੍ਰਤਿਨਿਧਾਂ ਦਾ ਸਮਰਥਨ ਕਰਨ ਲਈ ਕੌਮਾਂ ਵਿੱਚੋਂ ਨਿਕਲ ਕੇ ਆਏ ਹਨ। (ਜ਼ਕਰਯਾਹ 8:23) ਯਿਸੂ ਵੱਲੋਂ ਆਪਣੀਆਂ “ਹੋਰ ਭੇਡਾਂ” ਸੱਦੇ ਗਏ ਇਹ ਵਿਅਕਤੀ 1932 ਵਿਚ ਆਧੁਨਿਕ ਦਿਨ ਦੇ ਯਹੋਨਾਦਾਬ ਵਜੋਂ ਪਛਾਣੇ ਗਏ ਅਤੇ ਇਨ੍ਹਾਂ ਨੂੰ ਆਧੁਨਿਕ ਦਿਨ ਦੇ ਯੇਹੂ ਦੇ ‘ਰਥ ਉੱਤੇ ਬੈਠਣ’ ਦਾ ਸੱਦਾ ਦਿੱਤਾ ਗਿਆ ਸੀ। (ਯੂਹੰਨਾ 10:16) ਕਿਵੇਂ? ‘ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਨ’ ਦੁਆਰਾ ਅਤੇ ਮਸਹ ਕੀਤੇ ਹੋਇਆਂ ਨਾਲ ਮਿਲ ਕੇ ‘ਯਿਸੂ ਦੀ ਸਾਖੀ ਭਰਨ’ ਦੁਆਰਾ। ਆਧੁਨਿਕ ਸਮਿਆਂ ਵਿਚ, ਇਸ ਵਿਚ ਰਾਜਾ ਯਿਸੂ ਦੇ ਅਧੀਨ ਪਰਮੇਸ਼ੁਰ ਦੇ ਸਥਾਪਿਤ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਹੈ। (ਮਰਕੁਸ 13:10) ਸਾਲ 1935 ਵਿਚ, ਇਹ “ਯੋਨਾਦਾਬ” ਪਰਕਾਸ਼ ਦੀ ਪੋਥੀ 7:9-17 ਦੀ “ਵੱਡੀ ਭੀੜ” ਵਜੋਂ ਪਛਾਣੇ ਗਏ।
7. ਅੱਜ ਮਸੀਹੀਆਂ ਨੇ ਕਿਵੇਂ ਦਿਖਾਇਆ ਹੈ ਕਿ ਉਨ੍ਹਾਂ ਦੇ “ਮਨ” ਅਜੇ ਵੀ ਯਿਸੂ ਦੇ ਮਨ ਨਾਲ ‘ਠੀਕ ਹਨ’?
7 ਵੱਡੀ ਭੀੜ ਅਤੇ ਉਨ੍ਹਾਂ ਦੇ ਮਸਹ ਕੀਤੇ ਹੋਏ ਭਰਾਵਾਂ ਨੇ 1930 ਦੇ ਦਹਾਕੇ ਤੋਂ ਬਹਾਦਰੀ ਨਾਲ ਸੱਚੀ ਉਪਾਸਨਾ ਪ੍ਰਤੀ ਆਪਣੇ ਸਮਰਥਨ ਦਾ ਸਬੂਤ ਦਿੱਤਾ ਹੈ। ਕੁਝ ਪੂਰਬੀ ਅਤੇ ਪੱਛਮੀ ਯੂਰਪੀ ਦੇਸ਼ਾਂ, ਪੂਰਬੀ ਦੇਸ਼ਾਂ, ਅਤੇ ਅਫ਼ਰੀਕੀ ਦੇਸ਼ਾਂ ਵਿਚ, ਬਹੁਤ ਸਾਰੇ ਭੈਣ-ਭਰਾ ਆਪਣੀ ਨਿਹਚਾ ਲਈ ਮਰੇ। (ਲੂਕਾ 9:23, 24) ਦੂਸਰੇ ਦੇਸ਼ਾਂ ਵਿਚ, ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਗਿਆ, ਭੀੜਾਂ ਵੱਲੋਂ ਉਨ੍ਹਾਂ ਉੱਤੇ ਹਮਲੇ ਕੀਤੇ ਗਏ, ਜਾਂ ਹੋਰ ਤਰੀਕਿਆਂ ਨਾਲ ਸਤਾਇਆ ਗਿਆ। (2 ਤਿਮੋਥਿਉਸ 3:12) ਉਨ੍ਹਾਂ ਨੇ ਨਿਹਚਾ ਦਾ ਕਿੰਨਾ ਵਧੀਆ ਰਿਕਾਰਡ ਕਾਇਮ ਕੀਤਾ ਹੈ! ਅਤੇ 1997 ਦੀ ਸੇਵਾ ਸਾਲ ਰਿਪੋਰਟ ਦਿਖਾਉਂਦੀ ਹੈ ਕਿ ਉਹ ਅਜੇ ਵੀ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਦ੍ਰਿੜ੍ਹ ਹਨ, ਚਾਹੇ ਕੁਝ ਵੀ ਹੋ ਜਾਵੇ। ਉਨ੍ਹਾਂ ਦੇ “ਮਨ” ਅਜੇ ਵੀ ਯਿਸੂ ਦੇ ਮਨ ਨਾਲ ‘ਠੀਕ ਹਨ।’ ਇਹ 1997 ਦੌਰਾਨ ਪ੍ਰਦਰਸ਼ਿਤ ਕੀਤਾ ਗਿਆ, ਜਦੋਂ 55,99,931 ਰਾਜ ਪ੍ਰਚਾਰਕਾਂ, ਜਿਨ੍ਹਾਂ ਵਿੱਚੋਂ ਲਗਭਗ ਸਾਰੇ ਹੀ “ਯੋਨਾਦਾਬ” ਸਨ, ਨੇ ਯਿਸੂ ਦੀ ਸਾਖੀ ਭਰਨ ਦੇ ਕੰਮ ਵਿਚ ਕੁਲ 1,17,97,35,841 ਘੰਟੇ ਬਿਤਾਏ।
ਅਜੇ ਵੀ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ
8. ਯਹੋਵਾਹ ਦੇ ਗਵਾਹ ਸੱਚੀ ਉਪਾਸਨਾ ਲਈ ਕਿਵੇਂ ਆਪਣਾ ਜੋਸ਼ ਦਿਖਾਉਂਦੇ ਹਨ?
8 ਯੇਹੂ ਆਪਣੇ ਰਥ ਨੂੰ ਤੇਜ਼ ਚਲਾਉਣ ਲਈ ਪ੍ਰਸਿੱਧ ਸੀ—ਆਪਣੇ ਕੰਮ ਨੂੰ ਪੂਰਾ ਕਰਨ ਲਈ ਉਸ ਦੇ ਜੋਸ਼ ਦਾ ਇਕ ਸਬੂਤ। (2 ਰਾਜਿਆਂ 9:20) ਮਹਾਨ ਯੇਹੂ, ਅਰਥਾਤ ਯਿਸੂ ਦਾ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ ਕਿ ਉਸ ਨੂੰ ਜੋਸ਼ “ਖਾ” ਗਿਆ ਹੈ। (ਜ਼ਬੂਰ 69:9) ਤਾਂ ਫਿਰ, ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਸੱਚੇ ਮਸੀਹੀ ਆਪਣੇ ਜੋਸ਼ ਲਈ ਜਾਣੇ ਜਾਂਦੇ ਹਨ। ਉਹ ਕਲੀਸਿਯਾ ਵਿਚ ਅਤੇ ਆਮ ਜਨਤਾ ਨੂੰ ਜੋਸ਼ ਨਾਲ ‘ਬਚਨ ਦਾ ਪਰਚਾਰ ਵੇਲੇ ਕੁਵੇਲੇ’ ਕਰਦੇ ਹਨ। (2 ਤਿਮੋਥਿਉਸ 4:2) ਖ਼ਾਸ ਤੌਰ ਤੇ ਉਨ੍ਹਾਂ ਦਾ ਜੋਸ਼ 1997 ਦੇ ਮੁਢਲੇ ਭਾਗ ਵਿਚ ਸਪੱਸ਼ਟ ਸੀ ਜਦੋਂ ਸਾਡੀ ਰਾਜ ਸੇਵਕਾਈ ਦੇ ਇਕ ਲੇਖ ਨੇ ਜ਼ਿਆਦਾ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਸਹਿਯੋਗੀ ਪਾਇਨੀਅਰ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ। ਹਰੇਕ ਦੇਸ਼ ਵਿਚ ਸਹਿਯੋਗੀ ਪਾਇਨੀਅਰਾਂ ਦੀ ਗਿਣਤੀ ਦਾ ਟੀਚਾ ਮਿਥਿਆ ਹੋਇਆ ਸੀ। ਇਸ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ? ਵਿਲੱਖਣ! ਬਹੁਤ ਸਾਰੀਆਂ ਸ਼ਾਖਾਵਾਂ ਮਿਥੇ ਗਏ ਟੀਚੇ ਨੂੰ ਪਾਰ ਕਰ ਗਈਆਂ। ਇਕਵੇਡਾਰ ਨੇ 4,000 ਦਾ ਟੀਚਾ ਮਿਥਿਆ ਸੀ, ਪਰੰਤੂ ਮਾਰਚ ਵਿਚ ਰਿਪੋਰਟ ਅਨੁਸਾਰ 6,936 ਸਹਿਯੋਗੀ ਪਾਇਨੀਅਰ ਸਨ। ਜਪਾਨ ਨੇ ਉਨ੍ਹਾਂ ਤਿੰਨ ਮਹੀਨਿਆਂ ਦੌਰਾਨ ਕੁਲ 1,04,215 ਸਹਿਯੋਗੀ ਪਾਇਨੀਅਰਾਂ ਦੀ ਰਿਪੋਰਟ ਦਿੱਤੀ। ਜ਼ੈਂਬੀਆ ਵਿਚ, ਜਿੱਥੇ 6,000 ਦਾ ਟੀਚਾ ਸੀ, ਮਾਰਚ ਵਿਚ 6,414; ਅਪ੍ਰੈਲ ਵਿਚ 6,532; ਅਤੇ ਮਈ ਵਿਚ 7,695 ਸਹਿਯੋਗੀ ਪਾਇਨੀਅਰਾਂ ਨੇ ਰਿਪੋਰਟ ਦਿੱਤੀ। ਸੰਸਾਰ ਭਰ ਵਿਚ, ਸਹਿਯੋਗੀ ਅਤੇ ਨਿਯਮਿਤ ਪਾਇਨੀਅਰਾਂ ਦੀ ਕੁਲ ਸਿਖਰ ਗਿਣਤੀ 11,10,251 ਸੀ, ਜੋ ਕਿ 1996 ਨਾਲੋਂ 34.2-ਫੀ ਸਦੀ ਜ਼ਿਆਦਾ ਸੀ!
9. ਘਰ-ਘਰ ਦੇ ਪ੍ਰਚਾਰ ਕਾਰਜ ਤੋਂ ਇਲਾਵਾ, ਯਹੋਵਾਹ ਦੇ ਗਵਾਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿਹੜੇ ਦੂਸਰੇ ਤਰੀਕਿਆਂ ਨਾਲ ਉਨ੍ਹਾਂ ਦੀ ਭਾਲ ਕਰਦੇ ਹਨ?
9 ਪੌਲੁਸ ਰਸੂਲ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਦੱਸਿਆ: “ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।” (ਰਸੂਲਾਂ ਦੇ ਕਰਤੱਬ 20:20) ਅੱਜ ਯਹੋਵਾਹ ਦੇ ਗਵਾਹ ਪੌਲੁਸ ਦੀ ਉਦਾਹਰਣ ਉੱਤੇ ਚੱਲਦੇ ਹਨ ਅਤੇ ਜੋਸ਼ ਨਾਲ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਪਰੰਤੂ, ਸ਼ਾਇਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਮਿਲਣਾ ਆਸਾਨ ਨਾ ਹੋਵੇ। ਇਸ ਲਈ, “ਮਾਤਬਰ ਅਤੇ ਬੁੱਧਵਾਨ ਨੌਕਰ” ਰਾਜ ਪ੍ਰਕਾਸ਼ਕਾਂ ਨੂੰ ਲੋਕਾਂ ਨੂੰ ਵਪਾਰਕ ਥਾਵਾਂ ਤੇ, ਸੜਕਾਂ ਤੇ, ਸਮੁੰਦਰ ਦੇ ਕੰਢਿਆਂ ਤੇ, ਜਨਤਕ ਪਾਰਕਾਂ ਵਿਚ—ਜਿੱਥੇ ਕਿਤੇ ਵੀ ਲੋਕ ਹੋਣ—ਗਵਾਹੀ ਦੇਣ ਲਈ ਉਤਸ਼ਾਹਿਤ ਕਰਦਾ ਹੈ। (ਮੱਤੀ 24:45-47) ਇਸ ਦੇ ਸ਼ਾਨਦਾਰ ਨਤੀਜੇ ਨਿਕਲੇ ਹਨ।
10, 11. ਦੋ ਦੇਸ਼ਾਂ ਵਿਚ ਪ੍ਰਕਾਸ਼ਕਾਂ ਨੇ ਉਨ੍ਹਾਂ ਦਿਲਚਸਪੀ ਰੱਖਣ ਵਾਲਿਆਂ ਨੂੰ ਲੱਭਣ ਲਈ ਕਿਹੜੀ ਵਧੀਆ ਪਹਿਲ-ਕਦਮੀ ਕੀਤੀ ਹੈ ਜੋ ਆਮ ਤੌਰ ਤੇ ਘਰ ਵਿਚ ਨਹੀਂ ਮਿਲ ਸਕਦੇ ਹਨ?
10 ਕੋਪਨਹੇਗਨ, ਡੈਨਮਾਰਕ ਵਿਚ ਪ੍ਰਕਾਸ਼ਕਾਂ ਦਾ ਇਕ ਛੋਟਾ ਸਮੂਹ ਰੇਲਵੇ ਸਟੇਸ਼ਨਾਂ ਦੇ ਬਾਹਰ ਸੜਕਾਂ ਤੇ ਗਵਾਹੀ ਦਿੰਦਾ ਰਿਹਾ ਹੈ। ਜਨਵਰੀ ਤੋਂ ਜੂਨ ਤਕ, ਉਨ੍ਹਾਂ ਨੇ 4,733 ਰਸਾਲੇ ਵੰਡੇ, ਲੋਕਾਂ ਨਾਲ ਬਹੁਤ ਵਧੀਆ ਗੱਲਾਂ-ਬਾਤਾਂ ਕੀਤੀਆਂ, ਅਤੇ ਬਹੁਤ ਸਾਰੀਆਂ ਪੁਨਰ-ਮੁਲਾਕਾਤਾਂ ਕੀਤੀਆਂ। ਉਸ ਦੇਸ਼ ਵਿਚ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਦੁਕਾਨਾਂ ਵਿਚ ਰਸਾਲਾ-ਮਾਰਗ ਕਾਇਮ ਕੀਤੇ ਹਨ। ਇਕ ਕਸਬੇ ਵਿਚ ਹਰ ਸ਼ੁੱਕਰਵਾਰ ਬਹੁਤ ਵੱਡਾ ਬਾਜ਼ਾਰ ਲੱਗਦਾ ਹੈ, ਜਿੱਥੇ ਹਜ਼ਾਰਾਂ ਲੋਕ ਆਉਂਦੇ ਹਨ। ਇਸ ਲਈ ਕਲੀਸਿਯਾ ਨੇ ਨਿਯਮਿਤ ਬਾਜ਼ਾਰ ਗਵਾਹੀ ਦਾ ਪ੍ਰਬੰਧ ਕੀਤਾ ਹੈ। ਇਕ ਇਲਾਕੇ ਵਿਚ, ਸਕੂਲਾਂ ਵਿਚ ਜਾ ਕੇ ਜਾਣਕਾਰੀ ਪੈਕਟ ਦਿੱਤੇ ਜਾਂਦੇ ਹਨ ਜਿਨ੍ਹਾਂ ਵਿਚ ਖ਼ਾਸ ਤੌਰ ਤੇ ਸਕੂਲ ਦੇ ਅਧਿਆਪਕਾਂ ਲਈ ਢੁਕਵੇਂ ਪ੍ਰਕਾਸ਼ਨ ਹੁੰਦੇ ਹਨ।
11 ਹਵਾਈ ਟਾਪੂ ਉੱਤੇ ਵੀ ਘਰਾਂ ਵਿਚ ਨਾ ਮਿਲਣ ਵਾਲਿਆਂ ਨੂੰ ਮਿਲਣ ਦੇ ਜਤਨ ਕੀਤੇ ਗਏ ਹਨ। ਖ਼ਾਸ ਖੇਤਰਾਂ ਵਿਚ ਜਨਤਕ ਖੇਤਰ (ਸੜਕਾਂ, ਪਾਰਕਾਂ, ਪਾਰਕਿੰਗ ਥਾਵਾਂ, ਅਤੇ ਬੱਸ ਅੱਡੇ), ਵਪਾਰ ਕੇਂਦਰ, ਸ਼ਾਪਿੰਗ ਸੈਂਟਰ, ਅਤੇ ਹਵਾਈ ਅੱਡੇ, ਟੈਲੀਫ਼ੋਨ ਗਵਾਹੀ, ਜਨਤਕ ਵਾਹਨ (ਬੱਸਾਂ ਵਿਚ ਪ੍ਰਚਾਰ ਕਰਨਾ), ਅਤੇ ਕਾਲਜ ਸ਼ਾਮਲ ਹਨ। ਇਹ ਯਕੀਨੀ ਬਣਾਉਣ ਲਈ ਸਾਵਧਾਨੀ ਵਰਤੀ ਜਾਂਦੀ ਹੈ ਕਿ ਹਰੇਕ ਖੇਤਰ ਵਿਚ ਉਚਿਤ ਗਿਣਤੀ ਵਿਚ ਗਵਾਹਾਂ ਨੂੰ ਭੇਜਿਆ ਜਾਵੇ ਅਤੇ ਕਿ ਨਿਯੁਕਤ ਕੀਤੇ ਗਏ ਗਵਾਹ ਚੰਗੀ ਤਰ੍ਹਾਂ ਸਿੱਖਿਅਤ ਹੋਣ। ਇਸ ਤਰ੍ਹਾਂ ਦੇ ਸੁਵਿਵਸਥਿਤ ਜਤਨਾਂ ਦੀਆਂ ਰਿਪੋਰਟਾਂ ਦੂਸਰੇ ਦੇਸ਼ਾਂ ਤੋਂ ਵੀ ਮਿਲੀਆਂ ਹਨ। ਨਤੀਜੇ ਵਜੋਂ, ਦਿਲਚਸਪੀ ਰੱਖਣ ਵਾਲਿਆਂ ਨੂੰ ਮਿਲਿਆ ਜਾਂਦਾ ਹੈ ਜੋ ਸੰਭਵ ਤੌਰ ਤੇ ਕਦੀ ਵੀ ਘਰ-ਘਰ ਦੀ ਸੇਵਕਾਈ ਵਿਚ ਨਹੀਂ ਮਿਲਦੇ।
ਦ੍ਰਿੜ੍ਹ ਰਹਿਣਾ
12, 13. (ੳ) ਸਾਲ 1997 ਦੌਰਾਨ ਸ਼ਤਾਨ ਨੇ ਯਹੋਵਾਹ ਦੇ ਗਵਾਹਾਂ ਦੇ ਵਿਰੁੱਧ ਕਿਹੜਾ ਦਾਅ-ਪੇਚ ਵਰਤਿਆ ਸੀ? (ਅ) ਇਕ ਦੇਸ਼ ਵਿਚ ਝੂਠੇ ਪ੍ਰਾਪੇਗੰਡੇ ਦਾ ਕਿਸ ਤਰੀਕੇ ਨਾਲ ਉਲਟਾ ਅਸਰ ਹੋਇਆ?
12 ਸਾਲ 1997 ਵਿਚ ਕਈ ਦੇਸ਼ਾਂ ਵਿਚ, ਯਹੋਵਾਹ ਦੇ ਗਵਾਹ ਦਵੈਖ-ਪੂਰਣ ਅਤੇ ਝੂਠੇ ਪ੍ਰਾਪੇਗੰਡੇ ਦੇ ਸ਼ਿਕਾਰ ਹੋਏ ਸਨ ਜੋ ਉਨ੍ਹਾਂ ਵਿਰੁੱਧ ਸੰਭਵ ਕਾਨੂੰਨੀ ਕਾਰਵਾਈ ਕਰਨ ਦੇ ਸਪੱਸ਼ਟ ਮਕਸਦ ਨਾਲ ਭੜਕਾਇਆ ਗਿਆ ਸੀ। ਪਰੰਤੂ ਉਹ ਦ੍ਰਿੜ੍ਹ ਰਹੇ! (ਜ਼ਬੂਰ 112:7, 8) ਉਨ੍ਹਾਂ ਨੇ ਜ਼ਬੂਰਾਂ ਦੇ ਲਿਖਾਰੀ ਦੀ ਪ੍ਰਾਰਥਨਾ ਯਾਦ ਰੱਖੀ: “ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ, ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਂਗਾ।” (ਜ਼ਬੂਰ 119:69) ਅਜਿਹਾ ਝੂਠਾ ਪ੍ਰਚਾਰ ਮਹਿਜ਼ ਸੱਚੇ ਮਸੀਹੀਆਂ ਪ੍ਰਤੀ ਨਫ਼ਰਤ ਦਾ ਇਕ ਸਬੂਤ ਹੈ ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ। (ਮੱਤੀ 24:9) ਅਤੇ ਕਈ ਵਾਰੀ ਇਸ ਦਾ ਉਲਟਾ ਪ੍ਰਭਾਵ ਪਿਆ ਹੈ। ਬੈਲਜੀਅਮ ਵਿਚ ਇਕ ਆਦਮੀ ਨੇ ਇਕ ਮਸ਼ਹੂਰ ਰੋਜ਼ਾਨਾ ਅਖ਼ਬਾਰ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਇਕ ਤਿਰਸਕਾਰ ਭਰਿਆ ਲੇਖ ਪੜ੍ਹਿਆ। ਤੁਹਮਤ ਭਰੀਆਂ ਟਿੱਪਣੀਆਂ ਪੜ੍ਹ ਕੇ ਉਸ ਨੂੰ ਬਹੁਤ ਹੈਰਾਨੀ ਹੋਈ, ਅਤੇ ਉਹ ਅਗਲੇ ਐਤਵਾਰ ਰਾਜ ਗ੍ਰਹਿ ਵਿਖੇ ਸਭਾ ਵਿਚ ਹਾਜ਼ਰ ਹੋਇਆ। ਉਸ ਨੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਦਾ ਪ੍ਰਬੰਧ ਕੀਤਾ ਅਤੇ ਤੇਜ਼ੀ ਨਾਲ ਉੱਨਤੀ ਕੀਤੀ। ਪਹਿਲਾਂ, ਇਹ ਆਦਮੀ ਇਕ ਗਿਰੋਹ ਦਾ ਮੈਂਬਰ ਸੀ। ਆਪਣੇ ਜੀਵਨ ਨੂੰ ਸਾਫ਼ ਕਰਨ ਵਿਚ ਬਾਈਬਲ ਅਧਿਐਨ ਨੇ ਉਸ ਦੀ ਮਦਦ ਕੀਤੀ, ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਤਬਦੀਲੀ ਨੂੰ ਦੇਖਿਆ। ਯਕੀਨਨ, ਤੁਹਮਤ ਭਰੇ ਲੇਖ ਦੇ ਲੇਖਕ ਨੇ ਅਜਿਹੇ ਨਤੀਜੇ ਦੀ ਆਸ ਨਹੀਂ ਸੀ ਕੀਤੀ!
13 ਬੈਲਜੀਅਮ ਵਿਚ ਕੁਝ ਨੇਕਦਿਲ ਇਨਸਾਨਾਂ ਨੇ ਧੋਖੇ ਭਰੇ ਪ੍ਰਾਪੇਗੰਡੇ ਦਾ ਖੰਡਨ ਕੀਤਾ ਹੈ। ਉਨ੍ਹਾਂ ਵਿਚ ਇਕ ਸਾਬਕਾ ਪ੍ਰਧਾਨ ਮੰਤਰੀ ਸੀ ਜਿਸ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਕੰਮਾਂ ਦੀ ਵੱਡੀ ਸ਼ਲਾਘਾ ਕਰਦਾ ਹੈ ਜੋ ਯਹੋਵਾਹ ਦੇ ਗਵਾਹਾਂ ਨੇ ਸਿਰੇ ਚਾੜ੍ਹੇ ਹਨ। ਅਤੇ ਇਕ ਸੰਸਦ-ਸਦੱਸ ਨੇ ਲਿਖਿਆ: “ਕੁਝ ਮੌਕਿਆਂ ਤੇ ਕੀਤੀ ਗਈ ਇਲਜ਼ਾਮਤਰਾਸ਼ੀ ਦੇ ਉਲਟ, ਮੈਨੂੰ ਨਹੀਂ ਲੱਗਦਾ ਕਿ [ਯਹੋਵਾਹ ਦੇ ਗਵਾਹ] ਸਰਕਾਰ ਲਈ ਕੁਝ ਵੀ ਖ਼ਤਰਾ ਹਨ। ਉਹ ਸ਼ਾਂਤੀ-ਪਸੰਦ, ਈਮਾਨਦਾਰ, ਅਤੇ ਅਧਿਕਾਰੀਆਂ ਪ੍ਰਤੀ ਆਦਰ ਦਿਖਾਉਣ ਵਾਲੇ ਨਾਗਰਿਕ ਹਨ।” ਵਾਕਈ, ਪਤਰਸ ਰਸੂਲ ਦੇ ਸ਼ਬਦ ਬੁੱਧੀਮਤਾ ਭਰੇ ਹਨ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।”—1 ਪਤਰਸ 2:12.
ਮਾਅਰਕੇ ਦਾ ਸਮਾਰਕ ਸਮਾਰੋਹ
14. ਸਾਲ 1997 ਵਿਚ ਸਮਾਰਕ ਹਾਜ਼ਰੀ ਦੀਆਂ ਕਿਹੜੀਆਂ ਕੁਝ ਰੁਮਾਂਚਕ ਰਿਪੋਰਟਾਂ ਸਨ?
14 ਇਹ ਢੁਕਵਾਂ ਹੈ ਕਿ ਯਿਸੂ ਦੀ ਸਾਖੀ ਭਰਨ ਵਾਲਿਆਂ ਨੂੰ ਉਸ ਦੀ ਮੌਤ ਦੇ ਸਮਾਰਕ ਨੂੰ ਸਾਲ ਦੇ ਇਕ ਖ਼ਾਸ ਮੌਕੇ ਵਜੋਂ ਵਿਚਾਰਨਾ ਚਾਹੀਦਾ ਹੈ। 1997 ਵਿਚ, ਮਾਰਚ 23 ਨੂੰ ਇਸ ਮਹੱਤਵਪੂਰਣ ਘਟਨਾ ਨੂੰ ਮਨਾਉਣ ਲਈ 1,43,22,226 ਲੋਕ ਹਾਜ਼ਰ ਸਨ। ਇਹ 1996 ਨਾਲੋਂ 14,00,000 ਤੋਂ ਵੀ ਜ਼ਿਆਦਾ ਸੀ। (ਲੂਕਾ 22:14-20) ਬਹੁਤ ਸਾਰੇ ਦੇਸ਼ਾਂ ਵਿਚ ਸਮਾਰਕ ਹਾਜ਼ਰੀ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਸੀ, ਜੋ ਭਾਵੀ ਵਾਧੇ ਦੀ ਵਧੀਆ ਸੰਭਾਵਨਾ ਨੂੰ ਦਿਖਾਉਂਦੀ ਹੈ। ਉਦਾਹਰਣ ਲਈ, ਹੈਟੀ ਵਿਚ, 1997 ਵਿਚ 10,621 ਪ੍ਰਕਾਸ਼ਕਾਂ ਦੀ ਸਿਖਰ ਗਿਣਤੀ ਸੀ, ਜਦ ਕਿ 67,259 ਲੋਕ ਸਮਾਰਕ ਵਿਚ ਹਾਜ਼ਰ ਹੋਏ। ਤੁਸੀਂ ਸਫ਼ੇ 18 ਤੋਂ 21 ਉੱਤੇ ਸਾਲਾਨਾ ਰਿਪੋਰਟ ਦੀ ਜਾਂਚ ਕਰ ਕੇ ਦੇਖ ਸਕਦੇ ਹੋ ਕਿ ਹੋਰ ਕਿੰਨੇ ਦੂਸਰੇ ਦੇਸ਼ਾਂ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਦੀ ਤੁਲਨਾ ਵਿਚ ਇਸੇ ਤਰ੍ਹਾਂ ਦੀਆਂ ਵੱਡੀਆਂ ਹਾਜ਼ਰੀਆਂ ਰਹੀਆਂ ਸਨ।
15. ਕੁਝ ਦੇਸ਼ਾਂ ਵਿਚ, ਸਮਾਰਕ ਮਨਾਉਣ ਲਈ ਸਾਡੇ ਭਰਾਵਾਂ ਨੇ ਕਿਵੇਂ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕੀਤਾ?
15 ਕਈਆਂ ਲਈ, ਸਮਾਰਕ ਵਿਚ ਹਾਜ਼ਰ ਹੋਣਾ ਆਸਾਨ ਨਹੀਂ ਸੀ। ਅਲਬਾਨੀਆ ਵਿਚ ਸਮਾਜਕ ਗੜਬੜੀ ਕਰਕੇ ਸੱਤ ਵਜੇ ਸ਼ਾਮ ਦੀ ਕਰਫਿਊ ਸੀ। ਪੂਰੇ ਦੇਸ਼ ਵਿਚ 115 ਛੋਟੇ ਸਮੂਹਾਂ ਵਿਚ, ਸਮਾਰਕ ਸ਼ਾਮ 5:45 ਤੇ ਸ਼ੁਰੂ ਹੋਇਆ। ਸੂਰਜ ਸ਼ਾਮ 6:08 ਤੇ ਡੁੱਬਿਆ, ਜਿਸ ਨਾਲ ਨੀਸਾਨ 14 ਦੀ ਸ਼ੁਰੂਆਤ ਹੋਈ। ਪ੍ਰਤੀਕ ਲਗਭਗ ਸ਼ਾਮ 6:15 ਤੇ ਵਰਤਾਏ ਗਏ। ਬਹੁਤ ਥਾਵਾਂ ਤੇ ਸਮਾਪਤੀ ਪ੍ਰਾਰਥਨਾ ਸ਼ਾਮ 6:30 ਤੇ ਕੀਤੀ ਗਈ, ਅਤੇ ਹਾਜ਼ਰ ਲੋਕ ਕਰਫਿਊ ਤੋਂ ਪਹਿਲਾਂ ਫਟਾਫਟ ਆਪਣੇ ਘਰਾਂ ਨੂੰ ਚਲੇ ਗਏ। ਫਿਰ ਵੀ, 1,090 ਪ੍ਰਕਾਸ਼ਕਾਂ ਦੀ ਸਿਖਰ ਗਿਣਤੀ ਦੀ ਤੁਲਨਾ ਵਿਚ ਸਮਾਰਕ ਹਾਜ਼ਰੀ 3,154 ਸੀ। ਇਕ ਅਫ਼ਰੀਕੀ ਦੇਸ਼ ਵਿਚ, ਸਮਾਜਕ ਗੜਬੜੀ ਕਰਕੇ ਰਾਜ ਗ੍ਰਹਿ ਜਾਣਾ ਨਾਮੁਮਕਿਨ ਸੀ, ਇਸ ਲਈ ਦੋ ਬਜ਼ੁਰਗਾਂ ਨੇ ਤੀਜੇ ਬਜ਼ੁਰਗ ਦੇ ਘਰ ਵਿਚ ਮਿਲਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਛੋਟੇ-ਛੋਟੇ ਸਮੂਹਾਂ ਵਿਚ ਸਮਾਰੋਹ ਦਾ ਪ੍ਰਬੰਧ ਕਰ ਸਕਣ। ਉਸ ਦੇ ਘਰ ਪਹੁੰਚਣ ਲਈ, ਇਨ੍ਹਾਂ ਦੋ ਬਜ਼ੁਰਗਾਂ ਨੂੰ ਇਕ ਨਾਲਾ ਪਾਰ ਕਰਨਾ ਸੀ। ਪਰੰਤੂ, ਉਸ ਇਲਾਕੇ ਵਿਚ ਲੜਾਈ ਹੋ ਰਹੀ ਸੀ, ਅਤੇ ਲੁਕ ਕੇ ਬੈਠੇ ਹਥਿਆਰਬੰਦ ਆਦਮੀ ਉਸ ਨਾਲੇ ਨੂੰ ਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰ ਦਿੰਦੇ ਸਨ। ਇਕ ਬਜ਼ੁਰਗ ਨੇ ਬਿਨਾਂ ਕਿਸੇ ਦੁਰਘਟਨਾ ਦੇ ਦੌੜ ਕੇ ਨਾਲਾ ਪਾਰ ਕਰ ਲਿਆ। ਦੂਸਰਾ ਪਾਰ ਕਰ ਹੀ ਰਿਹਾ ਸੀ ਜਦੋਂ ਉਸ ਨੇ ਬੰਦੂਕ ਦੀ ਆਵਾਜ਼ ਸੁਣੀ। ਉਹ ਜ਼ਮੀਨ ਉੱਤੇ ਲੇਟ ਗਿਆ ਅਤੇ ਰਿੜ੍ਹਦਾ-ਰਿੜ੍ਹਦਾ ਠੀਕ-ਠਾਕ ਲੰਘ ਗਿਆ ਜਦ ਕਿ ਗੋਲੀਆਂ ਉਸ ਦੇ ਸਿਰ ਉੱਪਰੋਂ ਦੀ ਲੰਘਦੀਆਂ ਰਹੀਆਂ। ਬਜ਼ੁਰਗਾਂ ਦੀ ਸਭਾ ਸਫ਼ਲ ਰਹੀ ਅਤੇ ਕਲੀਸਿਯਾ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਗਿਆ।
“ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, . . . ਅਤੇ ਭਾਖਿਆਂ ਵਿੱਚੋਂ”
16. ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਨੇ ਛੋਟੇ ਭਾਸ਼ਾ ਸਮੂਹਾਂ ਵਿਚਕਾਰ ਖ਼ੁਸ਼ ਖ਼ਬਰੀ ਫੈਲਾਉਣ ਦੇ ਕਿਵੇਂ ਪ੍ਰਬੰਧ ਕੀਤੇ?
16 ਰਸੂਲ ਯੂਹੰਨਾ ਨੇ ਕਿਹਾ ਕਿ ਇਕ ਵੱਡੀ ਭੀੜ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ ਅਤੇ ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਵੇਗੀ। (ਪਰਕਾਸ਼ ਦੀ ਪੋਥੀ 7:9) ਇਸ ਲਈ, ਪ੍ਰਬੰਧਕ ਸਭਾ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਹਿੱਤ ਉਪਲਬਧ ਕਰਾਉਣ ਦਾ ਪ੍ਰਬੰਧ ਕਰਦੀ ਹੈ—ਜਿਨ੍ਹਾਂ ਵਿਚ ਦੂਰ-ਦੁਰੇਡੇ ਕਬੀਲਿਆਂ ਅਤੇ ਲੋਕਾਂ ਦੇ ਛੋਟੇ ਸਮੂਹਾਂ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ ਸ਼ਾਮਲ ਹਨ। ਉਦਾਹਰਣ ਲਈ ਮੋਜ਼ਾਮਬੀਕ ਵਿਚ, ਟ੍ਰੈਕਟ ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ ਪੰਜ ਹੋਰ ਭਾਸ਼ਾਵਾਂ ਵਿਚ ਰਿਲੀਸ ਕੀਤਾ ਗਿਆ ਸੀ। ਨਿਕਾਰਾਗੁਆ ਵਿਚ, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ! ਵੱਡੀ ਪੁਸਤਿਕਾ ਮਿਸਕੀਟੋ ਭਾਸ਼ਾ ਵਿਚ ਉਪਲਬਧ ਕੀਤੀ ਗਈ ਸੀ—ਵਾਚ ਟਾਵਰ ਸੋਸਾਇਟੀ ਦਾ ਉਸ ਭਾਸ਼ਾ ਵਿਚ ਪਹਿਲਾ ਪ੍ਰਕਾਸ਼ਨ। ਬਹੁਤ ਸਾਰੇ ਮਿਸਕੀਟੋ ਇੰਡੀਅਨਾਂ ਨੇ ਆਪਣੀ ਭਾਸ਼ਾ ਵਿਚ ਇਸ ਵੱਡੀ ਪੁਸਤਿਕਾ ਨੂੰ ਦੇਖ ਕੇ ਇਸ ਨੂੰ ਖ਼ੁਸ਼ੀ ਨਾਲ ਸਵੀਕਾਰ ਕੀਤਾ। 1997 ਵਿਚ, ਸੋਸਾਇਟੀ ਨੇ 25 ਹੋਰ ਭਾਸ਼ਾਵਾਂ ਵਿਚ ਸਾਹਿੱਤ ਲਈ ਪ੍ਰਵਾਨਗੀ ਦਿੱਤੀ ਅਤੇ ਇਕ ਅਰਬ ਤੋਂ ਜ਼ਿਆਦਾ ਰਸਾਲੇ ਛਾਪੇ।
17. ਕੋਰੀਆ ਵਿਚ ਕਿਹੜੇ ਭਾਸ਼ਾ ਸਮੂਹ ਦੀ ਮਦਦ ਕੀਤੀ ਗਈ ਸੀ, ਅਤੇ ਜਨ-ਸੰਖਿਆ ਦੇ ਇਸ ਸਮੂਹ ਦੀ ਕਿਵੇਂ ਵਿਡਿਓ-ਟੇਪਾਂ ਰਾਹੀਂ ਵੱਡੀ ਮਦਦ ਕੀਤੀ ਗਈ ਹੈ?
17 ਕੋਰੀਆ ਵਿਚ ਇਕ ਹੋਰ ਭਾਸ਼ਾ ਸਮੂਹ ਦੀ ਮਦਦ ਕੀਤੀ ਗਈ। ਸਾਲ 1997 ਵਿਚ ਕੋਰੀਆਈ ਸੈਨਤ-ਭਾਸ਼ਾ ਵਿਚ ਪਹਿਲਾ ਮਹਾਂ-ਸੰਮੇਲਨ ਹੋਇਆ। ਕੋਰੀਆ ਵਿਚ 543 ਪ੍ਰਕਾਸ਼ਕਾਂ ਵਾਲੀਆਂ 15 ਸੈਨਤ-ਭਾਸ਼ਾ ਕਲੀਸਿਯਾਵਾਂ ਹਨ, ਪਰੰਤੂ 1,174 ਵਿਅਕਤੀ ਮਹਾਂ-ਸੰਮੇਲਨ ਵਿਚ ਹਾਜ਼ਰ ਹੋਏ, ਅਤੇ 21 ਨੇ ਬਪਤਿਸਮਾ ਲਿਆ। ਬੋਲਿਆਂ ਦੀ ਮਦਦ ਕਰਨ ਲਈ ਜੋ ਜ਼ਬਾਨੀ ਜਾਂ ਲਿਖਤੀ ਸ਼ਬਦਾਂ ਨੂੰ ਆਸਾਨੀ ਨਾਲ ਨਹੀਂ ਸਮਝ ਸਕਦੇ ਹਨ, 13 ਵੱਖਰੀਆਂ ਸੈਨਤ-ਭਾਸ਼ਾਵਾਂ ਵਿਚ ਪ੍ਰਕਾਸ਼ਨਾਂ ਦੇ ਵਿਡਿਓ-ਟੇਪ ਬਣਾਏ ਜਾ ਰਹੇ ਹਨ। ਚੰਗੀ ਸਫ਼ਲਤਾ ਨਾਲ ਬੋਲਿਆਂ ਦੀ “ਪੜ੍ਹਨ” ਅਤੇ ਖ਼ੁਸ਼ ਖ਼ਬਰੀ ਦਾ ਅਧਿਐਨ ਕਰਨ ਵਿਚ ਇਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ। ਸੰਯੁਕਤ ਰਾਜ ਅਮਰੀਕਾ ਵਿਚ, ਬਪਤਿਸਮੇ ਤਕ ਉੱਨਤੀ ਕਰਨ ਲਈ ਪਹਿਲਾਂ ਇਕ ਬੋਲੇ ਵਿਅਕਤੀ ਨੂੰ ਪੰਜ ਸਾਲ ਲੱਗ ਸਕਦੇ ਸਨ। ਹੁਣ, ਅਮਰੀਕੀ ਸੈਨਤ-ਭਾਸ਼ਾ ਵਿਚ ਕਈ ਵਿਡਿਓ-ਟੇਪ ਉਪਲਬਧ ਹੋਣ ਕਰਕੇ, ਕਈ ਬੋਲਿਆਂ ਲਈ ਇਹ ਸਮਾਂ ਘੱਟ ਕੇ ਲਗਭਗ ਇਕ ਸਾਲ ਹੋ ਗਿਆ ਹੈ।
‘ਰਥ ਵਿਚ ਬੈਠੇ ਰਹਿਣਾ’
18. ਯਹੋਨਾਦਾਬ ਨੂੰ ਮਿਲਣ ਤੋਂ ਬਾਅਦ, ਯੇਹੂ ਕੀ ਕਰਨ ਲਈ ਚੱਲ ਪਿਆ?
18 ਸਾਲ 905 ਸਾ.ਯੁ.ਪੂ. ਵਿਚ, ਯਹੋਨਾਦਾਬ ਦੇ ਨਾਲ, ਯੇਹੂ ਝੂਠੀ ਉਪਾਸਨਾ ਨੂੰ ਖ਼ਤਮ ਕਰਨ ਲਈ ਚੱਲ ਪਿਆ। ਉਸ ਨੇ ਸਾਰੇ ਬਆਲ ਉਪਾਸਕਾਂ ਨੂੰ ਇਕ ਸੱਦਾ ਦਿੱਤਾ: “ਬਆਲ ਦੇ ਲਈ ਤੁਸੀਂ ਇੱਕ ਮਹਾਂ ਸਭਾ ਤਿਆਰ ਕਰੋ।” ਫਿਰ ਉਸ ਨੇ ਪੂਰੇ ਦੇਸ਼ ਵਿਚ ਆਦਮੀ ਘੱਲੇ ਇਹ ਯਕੀਨੀ ਬਣਾਉਣ ਲਈ ਕਿ ਕੋਈ ਬਆਲ ਉਪਾਸਕ ਰਹਿ ਨਾ ਗਿਆ ਹੋਵੇ। ਜਿਉਂ-ਜਿਉਂ ਝੂਠੇ ਦੇਵਤੇ ਦੇ ਵੱਡੇ ਮੰਦਰ ਵਿਚ ਭੀੜ ਇਕੱਠੀ ਹੋਈ, ਸਾਵਧਾਨੀ ਨਾਲ ਇਹ ਦੇਖਿਆ ਗਿਆ ਕਿ ਕਿਤੇ ਉਨ੍ਹਾਂ ਵਿਚ ਯਹੋਵਾਹ ਦਾ ਕੋਈ ਉਪਾਸਕ ਤਾਂ ਨਹੀਂ ਸੀ। ਅਖ਼ੀਰ ਵਿਚ, ਯੇਹੂ ਅਤੇ ਉਸ ਦੀ ਫ਼ੌਜ ਨੇ ਬਆਲ ਉਪਾਸਕਾਂ ਨੂੰ ਵੱਢ ਸੁੱਟਿਆ। “ਐਉਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।”—2 ਰਾਜਿਆਂ 10:20-28.
19. ਭਵਿੱਖ ਵਿਚ ਮਨੁੱਖਜਾਤੀ ਲਈ ਰੱਖੀਆਂ ਚੀਜ਼ਾਂ ਨੂੰ ਨਜ਼ਰ ਵਿਚ ਰੱਖਦੇ ਹੋਏ, ਸਾਨੂੰ ਕਿਹੜੀ ਆਤਮਾ ਦਿਖਾਉਣੀ ਚਾਹੀਦੀ ਹੈ, ਅਤੇ ਕਿਹੜੇ ਕੰਮ ਵਿਚ ਸਾਨੂੰ ਤਨਦੇਹੀ ਨਾਲ ਰੁੱਝੇ ਹੋਣਾ ਚਾਹੀਦਾ ਹੈ?
19 ਅੱਜ, ਸਾਰੇ ਝੂਠੇ ਧਰਮ ਦਾ ਅੰਤਿਮ ਨਿਆਉਂ ਬਿਲਕੁਲ ਨਿਕਟ ਹੈ। ਦੂਤਮਈ ਅਗਵਾਈ ਅਧੀਨ ਮਸੀਹੀ ਸਾਰੀ ਮਨੁੱਖਜਾਤੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਡਰਨ ਲਈ ਅਤੇ ਝੂਠੇ ਧਰਮ ਤੋਂ ਆਪਣੇ ਆਪ ਨੂੰ ਵੱਖਰੇ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 14:6-8; 18:2, 4) ਹਲੀਮਾਂ ਨੂੰ ਪਰਮੇਸ਼ੁਰ ਦੇ ਰਾਜ ਅਧੀਨ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਵਿਚ ਯਹੋਵਾਹ ਨੇ ਯਿਸੂ ਮਸੀਹ ਨੂੰ ਰਾਜੇ ਵਜੋਂ ਸਿੰਘਾਸਣ ਉੱਤੇ ਬਿਠਾਇਆ ਹੈ। (ਪਰਕਾਸ਼ ਦੀ ਪੋਥੀ 12:10) ਇਸ ਰੁਮਾਂਚਕ ਸਮੇਂ ਤੇ, ਸਾਨੂੰ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦੇਣਾ ਚਾਹੀਦਾ ਜਿਉਂ-ਜਿਉਂ ਅਸੀਂ ਸੱਚੀ ਉਪਾਸਨਾ ਦੇ ਪੱਖ ਵਿਚ ਦ੍ਰਿੜ੍ਹ ਖੜ੍ਹਦੇ ਹਾਂ।
20. ਤੁਸੀਂ 1998 ਸੇਵਾ ਸਾਲ ਦੌਰਾਨ ਕੀ ਕਰਨ ਲਈ ਦ੍ਰਿੜ੍ਹ ਹੋਵੋਗੇ?
20 ਇਕ ਵਾਰ, ਜਦੋਂ ਰਾਜਾ ਦਾਊਦ ਬਹੁਤ ਦਬਾਅ ਅਧੀਨ ਸੀ, ਉਸ ਨੇ ਪ੍ਰਾਰਥਨਾ ਕੀਤੀ: “ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ! ਹੇ ਪ੍ਰਭੁ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ।” (ਜ਼ਬੂਰ 57:7, 9) ਆਓ ਅਸੀਂ ਵੀ ਕਾਇਮ ਰਹੀਏ। 1997 ਸੇਵਾ ਸਾਲ ਦੌਰਾਨ, ਬਹੁਤ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ, ਯਹੋਵਾਹ ਪਰਮੇਸ਼ੁਰ ਦੀ ਮਹਿਮਾ ਵਿਚ ਉਸਤਤ ਦੀ ਇਕ ਉੱਚੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਸੇਵਾ ਸਾਲ ਦੌਰਾਨ ਵੀ ਅਜਿਹੀ ਜਾਂ ਇਸ ਤੋਂ ਵੀ ਉੱਚੀ ਆਵਾਜ਼ ਸੁਣਾਈ ਦੇਵੇ। ਅਤੇ ਅਸੀਂ ਯਹੋਵਾਹ ਦੀ ਉਸਤਤ ਕਰਦੇ ਜਾਈਏ ਭਾਵੇਂ ਸ਼ਤਾਨ ਸਾਨੂੰ ਨਿਰਉਤਸ਼ਾਹਿਤ ਕਰਨ ਜਾਂ ਸਾਡਾ ਵਿਰੋਧ ਕਰਨ ਲਈ ਕੁਝ ਵੀ ਕਰੇ। ਇਸ ਤਰ੍ਹਾਂ, ਅਸੀਂ ਦਿਖਾਵਾਂਗੇ ਕਿ ਸਾਡਾ ਮਨ ਮਹਾਨ ਯੇਹੂ, ਯਿਸੂ ਮਸੀਹ ਦੇ ਮਨ ਨਾਲ ਠੀਕ ਹੈ, ਅਤੇ ਅਸੀਂ ਇਸ ਪ੍ਰੇਰਿਤ ਉਪਦੇਸ਼ ਨੂੰ ਪੂਰੀ ਜਾਨ ਨਾਲ ਸਵੀਕਾਰ ਕਰਾਂਗੇ: “ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲੋ, ਜੈ ਕਾਰਾ ਗਜਾਓ!”—ਜ਼ਬੂਰ 32:11.
ਕੀ ਤੁਸੀਂ ਸਮਝਾ ਸਕਦੇ ਹੋ?
◻ 905 ਸਾ.ਯੁ.ਪੂ. ਵਿਚ ਇਸਰਾਏਲ ਵਿਚ ਕਿਹੜੀਆਂ ਤਬਦੀਲੀਆਂ ਹੋਈਆਂ?
◻ ਆਧੁਨਿਕ ਦਿਨ ਦਾ ਯੇਹੂ ਕੌਣ ਹੈ, ਅਤੇ “ਵੱਡੀ ਭੀੜ” ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਦਾ “ਮਨ” ਉਸ ਦੇ ਮਨ ਨਾਲ ‘ਠੀਕ ਹੈ’?
◻ ਸਾਲਾਨਾ ਰਿਪੋਰਟ ਦੇ ਕਿਹੜੇ ਅੰਕੜੇ 1997 ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਦਾ ਜੋਸ਼ ਦਿਖਾਉਂਦੇ ਹਨ?
◻ ਸ਼ਤਾਨ ਸਾਡੇ ਵਿਰੁੱਧ ਭਾਵੇਂ ਜੋ ਵੀ ਕਰੇ, ਅਸੀਂ 1998 ਸੇਵਾ ਸਾਲ ਦੌਰਾਨ ਕਿਹੜੀ ਆਤਮਾ ਦਿਖਾਵਾਂਗੇ?
[ਸਫ਼ੇ 18-21 ਉੱਤੇ ਚਾਰਟ]
ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 1997 ਸੇਵਾ ਸਾਲ ਰਿਪੋਰਟ
(ਰਸਾਲਾ ਦੇਖੋ)
[ਸਫ਼ੇ 15 ਉੱਤੇ ਤਸਵੀਰ]
ਸਮਾਰਕ ਵਿਚ ਮਾਅਰਕੇ ਦੀ ਹਾਜ਼ਰੀ ਭਾਵੀ ਵਾਧੇ ਦੀ ਵਧੀਆ ਸੰਭਾਵਨਾ ਦਿਖਾਉਂਦੀ ਹੈ
[ਸਫ਼ੇ 16 ਉੱਤੇ ਤਸਵੀਰ]
ਜਿਵੇਂ ਯਹੋਨਾਦਾਬ ਨੇ ਯੇਹੂ ਦਾ ਸਮਰਥਨ ਕੀਤਾ ਸੀ, ਇਸੇ ਤਰ੍ਹਾਂ ਅੱਜ “ਵੱਡੀ ਭੀੜ” ਮਹਾਨ ਯੇਹੂ, ਯਿਸੂ ਮਸੀਹ, ਅਤੇ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਸਮਰਥਨ ਕਰਦੀ ਹੈ