ਉੱਨੀਵਾਂ ਅਧਿਆਇ
ਯਹੋਵਾਹ ਨੇ ਸੂਰ ਸ਼ਹਿਰ ਦਾ ਘਮੰਡ ਤੋੜਿਆ
1, 2. (ੳ) ਪੁਰਾਣਾ ਸੂਰ ਕਿਸ ਤਰ੍ਹਾਂ ਦਾ ਸ਼ਹਿਰ ਸੀ? (ਅ) ਯਸਾਯਾਹ ਨੇ ਸੂਰ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
ਭੂਮੱਧ ਸਾਗਰ ਦੇ ਪੂਰਬੀ ਕਿਨਾਰੇ, ਸੱਤਵੀਂ ਸਦੀ ਸਾ.ਯੁ.ਪੂ. ਵਿਚ, ਸੂਰ ਨਾਂ ਦਾ ਇਕ ‘ਸੁੰਦਰ’ ਕਨਾਨੀ ਸ਼ਹਿਰ ਸੀ ਅਤੇ ਉਸ ਵਿਚ ‘ਹਰ ਪਰਕਾਰ ਦਾ ਬਹੁਤ ਮਾਲ’ ਸੀ। (ਹਿਜ਼ਕੀਏਲ 27:4, 12) ਉਸ ਦੇ ਜਹਾਜ਼ ਦੂਰ-ਦੂਰ ਤਕ ਸਮੁੰਦਰੀ ਸਫ਼ਰ ਕਰਦੇ ਸਨ। ਉਹ ‘ਸਾਗਰਾਂ ਦੇ ਵਿੱਚ ਬਹੁਤ ਲੱਦਿਆ ਹੋਇਆ’ ਸੀ ਅਤੇ ਆਪਣੇ “ਬਹੁਤੇ ਧਨ” ਨਾਲ ਉਸ ਨੇ ‘ਧਰਤੀ ਦੇ ਪਾਤਸ਼ਾਹਾਂ ਨੂੰ ਧਨੀ ਬਣਾਇਆ’ ਸੀ।—ਹਿਜ਼ਕੀਏਲ 27:25, 33.
2 ਪਰ ਸੂਰ ਸ਼ਹਿਰ ਦਾ ਨਾਸ਼ ਨੇੜੇ ਸੀ। ਸੂਰ ਬਾਰੇ ਹਿਜ਼ਕੀਏਲ ਦੇ ਗੱਲ ਕਰਨ ਤੋਂ ਕੁਝ 100 ਸਾਲ ਪਹਿਲਾਂ, ਯਸਾਯਾਹ ਨਬੀ ਨੇ ਇਸ ਕਨਾਨੀ ਸ਼ਹਿਰ ਦੇ ਡਿੱਗਣ ਬਾਰੇ ਅਤੇ ਉਸ ਨਾਲ ਵਪਾਰ ਕਰਨ ਵਾਲਿਆਂ ਦੇ ਸੋਗ ਬਾਰੇ ਪਹਿਲਾਂ ਹੀ ਦੱਸਿਆ ਸੀ। ਯਸਾਯਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਕੁਝ ਸਮੇਂ ਬਾਅਦ ਪਰਮੇਸ਼ੁਰ ਆਪਣਾ ਧਿਆਨ ਇਸ ਸ਼ਹਿਰ ਵੱਲ ਕਰੇਗਾ ਅਤੇ ਇਸ ਨੂੰ ਨਵੀਂ ਕਾਮਯਾਬੀ ਦੇਵੇਗਾ। ਨਬੀ ਦੇ ਇਹ ਸ਼ਬਦ ਕਿਵੇਂ ਪੂਰੇ ਹੋਏ? ਅਤੇ ਜੋ ਕੁਝ ਸੂਰ ਸ਼ਹਿਰ ਨਾਲ ਹੋਇਆ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? ਸੂਰ ਨਾਲ ਜੋ ਹੋਇਆ ਅਤੇ ਉਹ ਕਿਉਂ ਹੋਇਆ, ਅਸੀਂ ਇਨ੍ਹਾਂ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਯਹੋਵਾਹ ਅਤੇ ਉਸ ਦੇ ਵਾਅਦਿਆਂ ਵਿਚ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ।
“ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ!”
3, 4. (ੳ) ਤਰਸ਼ੀਸ਼ ਕਿੱਥੇ ਸੀ ਅਤੇ ਸੂਰ ਦਾ ਤਰਸ਼ੀਸ਼ ਨਾਲ ਕੀ ਸੰਬੰਧ ਸੀ? (ਅ) ਤਰਸ਼ੀਸ਼ ਨਾਲ ਵਪਾਰ ਕਰਨ ਵਾਲਿਆਂ ਨੇ ਧਾਹਾਂ ਕਿਉਂ ਮਾਰੀਆਂ?
3 “ਸੂਰ ਲਈ ਅਗੰਮ ਵਾਕ” ਦੇ ਵਿਸ਼ੇ ਬਾਰੇ ਯਸਾਯਾਹ ਨੇ ਕਿਹਾ ਕਿ “ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ।” (ਯਸਾਯਾਹ 23:1ੳ) ਇਹ ਮੰਨਿਆ ਜਾਂਦਾ ਹੈ ਕਿ ਤਰਸ਼ੀਸ਼ ਸਪੇਨ ਦਾ ਇਕ ਹਿੱਸਾ ਹੁੰਦਾ ਸੀ ਜੋ ਪੂਰਬੀ ਭੂਮੱਧ ਸਾਗਰ ਵਿਚ ਸੂਰ ਤੋਂ ਬਹੁਤ ਦੂਰ ਸੀ।a ਸੂਰ ਦੇ ਕਨਾਨੀ ਲੋਕ ਸਮੁੰਦਰੀ ਜਹਾਜ਼ ਚਲਾਉਣ ਵਿਚ ਮਾਹਰ ਸਨ ਅਤੇ ਉਨ੍ਹਾਂ ਦੇ ਜਹਾਜ਼ ਵੱਡੇ ਅਤੇ ਮਜ਼ਬੂਤ ਹੁੰਦੇ ਸਨ। ਕੁਝ ਇਤਿਹਾਸਕਾਰ ਮੰਨਦੇ ਹਨ ਕਿ ਕਨਾਨੀ ਪਹਿਲੇ ਲੋਕ ਸਨ ਜਿਨ੍ਹਾਂ ਨੇ ਸਮੁੰਦਰ ਉੱਤੇ ਚੰਦ ਦਾ ਅਸਰ ਪਛਾਣਿਆ ਅਤੇ ਜਿਨ੍ਹਾਂ ਨੇ ਸਮੁੰਦਰੀ ਸਫ਼ਰ ਕਰਨ ਲਈ ਖਗੋਲ-ਵਿਗਿਆਨ ਇਸਤੇਮਾਲ ਕੀਤਾ ਸੀ। ਤਾਂ ਫਿਰ, ਸੂਰ ਤੋਂ ਤਰਸ਼ੀਸ਼ ਤਕ ਜਾਣਾ ਉਨ੍ਹਾਂ ਲਈ ਕੋਈ ਵੱਡੀ ਗੱਲ ਨਹੀਂ ਸੀ।
4 ਯਸਾਯਾਹ ਦੇ ਜ਼ਮਾਨੇ ਵਿਚ, ਸੂਰ ਦੇ ਵਪਾਰੀ ਤਰਸ਼ੀਸ਼ ਵਿਚ ਆਪਣਾ ਕਾਫ਼ੀ ਮਾਲ ਵੇਚਦੇ ਸਨ ਅਤੇ ਸ਼ਾਇਦ ਇੱਥੋਂ ਹੀ ਸੂਰ ਨੇ ਆਪਣੀ ਜ਼ਿਆਦਾ ਧਨ-ਦੌਲਤ ਕਮਾਈ ਸੀ। ਸਪੇਨ ਵਿਚ ਚਾਂਦੀ, ਲੋਹਾ, ਟੀਨ, ਅਤੇ ਹੋਰ ਧਾਤਾਂ ਵਾਲੀਆਂ ਬਹੁਤ ਸਾਰੀਆਂ ਖਾਣਾਂ ਸਨ। (ਯਿਰਮਿਯਾਹ 10:9; ਹਿਜ਼ਕੀਏਲ 27:12 ਦੀ ਤੁਲਨਾ ਕਰੋ।) ਸੰਭਵ ਹੈ ਕਿ ‘ਤਰਸ਼ੀਸ਼ ਦੇ ਬੇੜੇ’ ਸੂਰ ਦੇ ਜਹਾਜ਼ ਸਨ ਜੋ ਤਰਸ਼ੀਸ਼ ਨਾਲ ਵਪਾਰ ਕਰਦੇ ਸਨ। ਇਸ ਲਈ ਉਦੋਂ ਉਨ੍ਹਾਂ ਕੋਲ ‘ਧਾਹਾਂ ਮਾਰਨ’ ਦਾ ਚੰਗਾ ਕਾਰਨ ਸੀ ਜਦੋਂ ਉਨ੍ਹਾਂ ਦੇ ਇਲਾਕੇ ਦੀ ਬੰਦਰਗਾਹ ਨਾਸ਼ ਕੀਤੀ ਗਈ।
5. ਤਰਸ਼ੀਸ਼ ਤੋਂ ਆ ਰਹੇ ਜਹਾਜ਼ੀਆਂ ਨੂੰ ਕਿੱਥੇ ਖ਼ਬਰ ਮਿਲੀ ਕਿ ਸੂਰ ਦਾ ਨਾਸ਼ ਹੋ ਗਿਆ ਸੀ?
5 ਜਹਾਜ਼ੀਆਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਸੂਰ ਦਾ ਨਾਸ਼ ਹੋ ਗਿਆ ਸੀ? ਯਸਾਯਾਹ ਨੇ ਜਵਾਬ ਦਿੱਤਾ: “ਕਿੱਤੀਮ ਦੇ ਦੇਸ ਤੋਂ ਏਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।” (ਯਸਾਯਾਹ 23:1ਅ) ਹੋ ਸਕਦਾ ਹੈ ਕਿ ‘ਕਿੱਤੀਮ ਦਾ ਦੇਸ’ ਸਾਈਪ੍ਰਸ ਦੇ ਟਾਪੂ ਨੂੰ ਸੰਕੇਤ ਕਰਦਾ ਹੋਵੇ, ਜੋ ਕਨਾਨੀ ਕਿਨਾਰੇ ਤੋਂ ਪੱਛਮ ਵੱਲ 100 ਕਿਲੋਮੀਟਰ ਦੂਰ ਸੀ। ਇਹ ਤਰਸ਼ੀਸ਼ ਤੋਂ ਪੂਰਬ ਵੱਲ ਜਾ ਰਹੇ ਜਹਾਜ਼ਾਂ ਲਈ ਸੂਰ ਪਹੁੰਚਣ ਤੋਂ ਪਹਿਲਾਂ ਰੁਕਣ ਦੀ ਆਖ਼ਰੀ ਜਗ੍ਹਾ ਸੀ। ਇਸ ਲਈ, ਸਾਈਪ੍ਰਸ ਵਿਚ ਰੁਕਣ ਵਾਲੇ ਜਹਾਜ਼ੀਆਂ ਨੂੰ ਇੱਥੇ ਖ਼ਬਰ ਮਿਲੀ ਕਿ ਉਨ੍ਹਾਂ ਦੀ ਬੰਦਰਗਾਹ ਨਾਸ਼ ਕੀਤੀ ਗਈ ਸੀ। ਉਨ੍ਹਾਂ ਨੂੰ ਕਿੰਨਾ ਵੱਡਾ ਸਦਮਾ ਪਹੁੰਚਿਆ ਹੋਣਾ! ਸੋਗ ਕਰਦੇ ਹੋਏ ਉਨ੍ਹਾਂ ਨੇ ‘ਧਾਹਾਂ ਮਾਰੀਆਂ’ ਅਤੇ ਪਰੇਸ਼ਾਨ ਹੋਏ।
6. ਸੂਰ ਅਤੇ ਸੀਦੋਨ ਦੇ ਰਿਸ਼ਤੇ ਬਾਰੇ ਦੱਸੋ।
6 ਕਨਾਨ ਦੇ ਕੰਢੇ ਉੱਤੇ ਵਸਦੇ ਲੋਕ ਵੀ ਪਰੇਸ਼ਾਨ ਹੋਏ ਸਨ। ਨਬੀ ਨੇ ਕਿਹਾ: “ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸੀਦੋਨ ਦੇ ਬੁਪਾਰੀਆਂ ਨੇ ਸਮੁੰਦਰ ਲੰਘਦਿਆਂ ਭਰ ਦਿੱਤਾ। ਬਹੁਤਿਆਂ ਪਾਣੀਆਂ ਦੇ ਉੱਤੇ ਸ਼ਿਹੋਰ ਦਾ ਅੰਨ, ਨੀਲ ਦੀ ਫ਼ਸਲ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।” (ਯਸਾਯਾਹ 23:2, 3) ‘ਕੰਢੇ ਦੇ ਵਾਸੀ,’ ਯਾਨੀ ਸੂਰ ਦੇ ਗੁਆਂਢੀ ਉਸ ਦੇ ਨਾਸ਼ ਕਾਰਨ ਹੱਕੇ-ਬੱਕੇ ਰਹਿ ਗਏ। ‘ਸੀਦੋਨ ਦੇ ਬੁਪਾਰੀ’ ਕੌਣ ਸਨ ਜਿਨ੍ਹਾਂ ਨੇ ਇਨ੍ਹਾਂ ਵਾਸੀਆਂ ਨੂੰ “ਭਰ” ਕੇ ਅਮੀਰ ਬਣਾਇਆ ਸੀ? ਸੂਰ ਪਹਿਲਾਂ ਉੱਤਰ ਵੱਲ ਕੁਝ 35 ਕਿਲੋਮੀਟਰ ਦੂਰ ਸੀਦੋਨ ਦੇ ਸ਼ਹਿਰ ਦੀ ਬੰਦਰਗਾਹ ਦੀ ਬਸਤੀ ਹੁੰਦੀ ਸੀ। ਸੀਦੋਨ ਦੇ ਸਿੱਕਿਆਂ ਉੱਤੇ ਸੀਦੋਨ ਨੇ ਆਪਣੇ ਆਪ ਨੂੰ ਸੂਰ ਸ਼ਹਿਰ ਦੀ ਮਾਂ ਸੱਦਿਆ ਸੀ। ਭਾਵੇਂ ਕਿ ਸੂਰ ਸੀਦੋਨ ਤੋਂ ਵੀ ਜ਼ਿਆਦਾ ਧਨ-ਦੌਲਤ ਕਮਾਉਂਦਾ ਸੀ, ਉਹ ਫਿਰ ਵੀ ‘ਸੀਦੋਨ ਦੀ ਧੀ’ ਸੀ ਅਤੇ ਹਾਲੇ ਵੀ ਉਸ ਦੇ ਵਾਸੀ ਆਪਣੇ ਆਪ ਨੂੰ ਸੀਦੋਨੀ ਕਹਾਉਂਦੇ ਸਨ। (ਯਸਾਯਾਹ 23:12) ਇਸ ਲਈ, ‘ਸੀਦੋਨ ਦੇ ਬੁਪਾਰੀ’ ਸ਼ਾਇਦ ਸੂਰ ਦੇ ਵਪਾਰੀ ਲੋਕ ਹੀ ਸਨ।
7. ਸੀਦੋਨੀ ਵਪਾਰੀਆਂ ਨੇ ਧਨ-ਦੌਲਤ ਕਿਵੇਂ ਖੱਟੀ ਸੀ ਅਤੇ ਦੂਸਰਿਆਂ ਨੂੰ ਵੀ ਇਸ ਦਾ ਕਿਵੇਂ ਲਾਭ ਹੋਇਆ ਸੀ?
7 ਵਪਾਰ ਕਰਨ ਲਈ ਸੀਦੋਨ ਦੇ ਵਪਾਰੀ ਭੂਮੱਧ ਸਾਗਰ ਰਾਹੀਂ ਸਫ਼ਰ ਕਰਦੇ ਸਨ। ਉਹ ਸ਼ਿਹੋਰ ਦਾ ਅੰਨ ਲੈ ਕੇ ਕਈ ਜਗ੍ਹਾ ਜਾਂਦੇ ਸਨ। ਸ਼ਿਹੋਰ ਮਿਸਰ ਵਿਚ ਨੀਲ ਨਦੀ ਦਾ ਸਭ ਤੋਂ ਪੂਰਬੀ ਹਿੱਸਾ ਸੀ ਜਿੱਥੇ ਮਿਸਰ ਦਾ ਡੈਲਟਾ ਹੈ। “ਨੀਲ ਦੀ ਫ਼ਸਲ” ਵਿਚ ਮਿਸਰ ਦੇ ਹੋਰ ਪਦਾਰਥ ਵੀ ਸਨ। ਅਜਿਹਿਆਂ ਪਦਾਰਥਾਂ ਦੇ ਵਪਾਰ ਤੋਂ ਇਨ੍ਹਾਂ ਜਹਾਜ਼ੀਆਂ ਨੂੰ ਅਤੇ ਕੌਮਾਂ ਨੂੰ ਬਹੁਤ ਨਫ਼ਾ ਹੁੰਦਾ ਸੀ। ਸੀਦੋਨੀ ਵਪਾਰੀਆਂ ਨੇ ਸੂਰ ਨੂੰ ਧਨੀ ਬਣਾਇਆ ਸੀ। ਉਨ੍ਹਾਂ ਨੇ ਸੱਚ-ਮੁੱਚ ਉਸ ਦੀ ਤਬਾਹੀ ਉੱਤੇ ਸੋਗ ਕੀਤਾ!
8. ਸੂਰ ਦੇ ਨਾਸ਼ ਦਾ ਸੀਦੋਨ ਉੱਤੇ ਕੀ ਅਸਰ ਪਿਆ?
8 ਹੁਣ ਯਸਾਯਾਹ ਨੇ ਸੀਦੋਨ ਨੂੰ ਕਿਹਾ ਕਿ “ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ।” (ਯਸਾਯਾਹ 23:4) ਸੂਰ ਦੇ ਨਾਸ਼ ਤੋਂ ਬਾਅਦ, ਸਮੁੰਦਰ ਦਾ ਉਹ ਕਿਨਾਰਾ ਜਿੱਥੇ ਇਹ ਸ਼ਹਿਰ ਪਹਿਲਾਂ ਸਥਿਤ ਸੀ ਸੁੰਨਾ-ਸੁੰਨਾ ਲੱਗਾ। ਇਸ ਤਰ੍ਹਾਂ ਲੱਗਾ ਜਿਵੇਂ ਸਮੁੰਦਰ ਨੇ ਇਕ ਮਾਂ ਦੀ ਤਰ੍ਹਾਂ ਦੁਖੀ ਹੋ ਕੇ ਪੁਕਾਰਿਆ ਹੋਵੇ। ਇਕ ਅਜਿਹੀ ਮਾਂ ਜੋ ਆਪਣੇ ਬੱਚੇ ਖੋਹ ਬੈਠਣ ਤੇ ਇੰਨੀ ਦੁਖੀ ਹੁੰਦੀ ਹੈ ਕਿ ਉਹ ਕਹਿਣ ਲੱਗਦੀ ਹੈ ਕਿ ਉਸ ਦੇ ਕੋਈ ਬੱਚਾ ਹੋਇਆ ਹੀ ਨਹੀਂ। ਸੀਦੋਨ ਨੂੰ ਆਪਣੀ ਧੀ ਨਾਲ ਇਸ ਤਰ੍ਹਾਂ ਹੁੰਦਾ ਦੇਖ ਕੇ ਸ਼ਰਮ ਆਈ।
9. ਸੂਰ ਦੇ ਨਾਸ਼ ਉੱਤੇ ਲੋਕਾਂ ਦਾ ਸੋਗ ਹੋਰ ਕਿਨ੍ਹਾਂ ਘਟਨਾਵਾਂ ਦੇ ਸੋਗ ਵਰਗਾ ਸੀ?
9 ਜੀ ਹਾਂ, ਸੂਰ ਦੇ ਨਾਸ਼ ਦੀ ਖ਼ਬਰ ਸੁਣ ਕੇ ਦੂਰ-ਦੂਰ ਸੋਗ ਕੀਤਾ ਗਿਆ ਸੀ। ਯਸਾਯਾਹ ਨੇ ਕਿਹਾ: ‘ਜਿਵੇਂ ਮਿਸਰ ਬਾਰੇ ਖ਼ਬਰ ਸੁਣਨ ਤੇ ਲੋਕ ਤੜਫੇ ਸਨ, ਉਸੇ ਤਰ੍ਹਾਂ ਉਹ ਸੂਰ ਦੀ ਖ਼ਬਰ ਉੱਤੇ ਤੜਫਣਗੇ।’ (ਯਸਾਯਾਹ 23:5, “ਨਿ ਵ”) ਸੋਗ ਕਰਨ ਵਾਲਿਆਂ ਨੂੰ ਉੱਨੀ ਹੀ ਤਕਲੀਫ਼ ਹੋਈ ਜਿੰਨੀ ਮਿਸਰ ਬਾਰੇ ਖ਼ਬਰ ਸੁਣਨ ਤੇ ਹੋਈ ਸੀ। ਇੱਥੇ ਨਬੀ ਕਿਸ ਖ਼ਬਰ ਬਾਰੇ ਗੱਲ ਕਰ ਰਿਹਾ ਸੀ? ਉਹ ਸ਼ਾਇਦ ‘ਮਿਸਰ ਲਈ ਜੋ ਅਗੰਮ ਵਾਕ’ ਉਸ ਨੇ ਕੀਤਾ ਸੀ ਉਸ ਦੀ ਪੂਰਤੀ ਬਾਰੇ ਗੱਲ ਕਰ ਰਿਹਾ ਸੀ।b (ਯਸਾਯਾਹ 19:1-25) ਜਾਂ ਸ਼ਾਇਦ ਯਸਾਯਾਹ ਮੂਸਾ ਦੇ ਜ਼ਮਾਨੇ ਵਿਚ ਫ਼ਿਰਊਨ ਦੀ ਫ਼ੌਜ ਦੇ ਨਾਸ਼ ਬਾਰੇ ਗੱਲ ਕਰ ਰਿਹਾ ਸੀ, ਜਿਸ ਨੇ ਦੂਰ-ਦੂਰ ਦੇ ਲੋਕਾਂ ਵਿਚ ਘਬਰਾਹਟ ਪੈਦਾ ਕੀਤੀ ਸੀ। (ਕੂਚ 15:4, 5, 14-16; ਯਹੋਸ਼ੁਆ 2:9-11) ਖ਼ਬਰ ਭਾਵੇਂ ਜੋ ਵੀ ਸੀ, ਸੂਰ ਦੇ ਨਾਸ਼ ਦੀ ਖ਼ਬਰ ਸੁਣਨ ਵਾਲੇ ਬਹੁਤ ਹੀ ਤੜਫੇ ਸਨ। ਉਨ੍ਹਾਂ ਨੂੰ ਸ਼ਰਨ ਲੈਣ ਲਈ ਦੂਰ ਤਰਸ਼ੀਸ਼ ਨੂੰ ਚੱਲੇ ਜਾਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਉੱਚੀ-ਉੱਚੀ ਰੋਣ ਦਾ ਹੁਕਮ ਦਿੱਤਾ ਗਿਆ: “ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ!”—ਯਸਾਯਾਹ 23:6.
‘ਪ੍ਰਾਚੀਨ ਸਮੇਂ’ ਤੋਂ ਆਨੰਦਮਈ
10-12. (ੳ) ਸੂਰ ਦੀ ਅਮੀਰੀ ਬਾਰੇ ਦੱਸੋ। (ਅ) ਇਹ ਸ਼ਹਿਰ ਕਿੰਨਾ ਪੁਰਾਣਾ ਸੀ ਅਤੇ ਭੂਮੱਧ ਸਾਗਰ ਦੇ ਇਲਾਕੇ ਵਿਚ ਇਸ ਦਾ ਕਿੰਨਾ ਕੁ ਅਸਰ ਪਿਆ ਸੀ?
10 ਯਸਾਯਾਹ ਨੇ ਇਹ ਪੁੱਛ ਕੇ ਸਾਨੂੰ ਯਾਦ ਦਿਲਾਇਆ ਕਿ ਸੂਰ ਇਕ ਪੁਰਾਣਾ ਸ਼ਹਿਰ ਸੀ: “ਭਲਾ, ਏਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪਰਾਚੀਨ ਸਮੇਂ ਵਿੱਚ ਹੋਇਆ?” (ਯਸਾਯਾਹ 23:7ੳ) ਸੂਰ ਨੇ ਸ਼ਾਇਦ ਯਹੋਸ਼ੁਆ ਦੇ ਜ਼ਮਾਨੇ ਤੋਂ ਪਹਿਲਾਂ ਆਪਣੀ ਕਾਮਯਾਬੀ ਹਾਸਲ ਕਰਨੀ ਸ਼ੁਰੂ ਕੀਤੀ ਸੀ। (ਯਹੋਸ਼ੁਆ 19:29) ਸਾਲ ਬੀਤਦੇ ਗਏ ਅਤੇ ਸੂਰ ਧਾਤ ਦੀਆਂ ਚੀਜ਼ਾਂ, ਸ਼ੀਸ਼ੇ ਦਾ ਸਮਾਨ, ਅਤੇ ਬੈਂਗਣੀ ਰੰਗ ਬਣਾਉਣ ਲਈ ਮਸ਼ਹੂਰ ਹੋਇਆ। ਸੂਰ ਦੇ ਬੈਂਗਣੀ ਰੰਗ ਦੇ ਚੋਗੇ ਬਹੁਤ ਮਹਿੰਗੇ ਵਿਕਦੇ ਸਨ ਅਤੇ ਉੱਚੇ-ਉੱਚੇ ਖ਼ਾਨਦਾਨਾਂ ਦੇ ਲੋਕ ਸੂਰ ਦਾ ਕੀਮਤੀ ਕੱਪੜਾ ਖ਼ਰੀਦਣਾ ਪਸੰਦ ਕਰਦੇ ਸਨ। (ਹਿਜ਼ਕੀਏਲ 27:7, 24 ਦੀ ਤੁਲਨਾ ਕਰੋ।) ਸੂਰ ਦੇਸ਼-ਵਿਦੇਸ਼ ਤੋਂ ਆਏ ਉਨ੍ਹਾਂ ਵਪਾਰੀਆਂ ਲਈ ਵੀ ਇਕ ਵਪਾਰਕ ਕੇਂਦਰ ਸੀ ਜੋ ਕਾਰਵਾਂ ਵਿਚ ਸਫ਼ਰ ਕਰ ਕੇ ਆਉਂਦੇ ਸਨ।
11 ਇਸ ਤੋਂ ਇਲਾਵਾ, ਸ਼ਹਿਰ ਦੀ ਵੱਡੀ ਸੈਨਿਕ ਤਾਕਤ ਵੀ ਸੀ। ਇਕ ਲਿਖਾਰੀ ਲਿਖਦਾ ਹੈ: “ਖ਼ਾਸ ਕਰਕੇ ਕਨਾਨੀ ਲੋਕ ਲੜਾਕੇ ਨਹੀਂ ਸਨ ਕਿਉਂਕਿ ਉਹ ਵਪਾਰੀ ਸਨ ਨਾ ਕਿ ਫ਼ੌਜੀ। ਫਿਰ ਵੀ, ਉਨ੍ਹਾਂ ਨੇ ਬੜੀ ਬਹਾਦਰੀ ਅਤੇ ਜੋਸ਼ ਨਾਲ ਆਪਣਿਆਂ ਸ਼ਹਿਰਾਂ ਦੀ ਰੱਖਿਆ ਕੀਤੀ। ਇਨ੍ਹਾਂ ਗੁਣਾਂ ਦੇ ਨਾਲ-ਨਾਲ ਜਹਾਜ਼ੀ ਤਾਕਤ ਕਰਕੇ ਸੂਰ ਦੇ ਵਾਸੀਆਂ ਨੇ ਉਸ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਅੱਸ਼ੂਰੀ ਫ਼ੌਜ ਦੇ ਸਾਮ੍ਹਣੇ ਹਾਰ ਨਹੀਂ ਮੰਨੀ।”
12 ਸੱਚ-ਮੁੱਚ ਹੀ, ਸੂਰ ਦਾ ਭੂਮੱਧ-ਸਾਗਰ ਦੇ ਇਲਾਕੇ ਉੱਤੇ ਵੱਡਾ ਅਸਰ ਪਿਆ ਸੀ। “[ਉਹ] ਦੇ ਪੈਰ ਉਹ ਨੂੰ ਦੂਰ ਦੂਰ ਟਿਕਣ ਲਈ ਲੈ ਗਏ ਸਨ।” (ਯਸਾਯਾਹ 23:7ਅ) ਕਨਾਨੀ ਲੋਕਾਂ ਨੇ ਦੂਰ-ਦੂਰ ਤਕ ਸਫ਼ਰ ਕੀਤਾ ਅਤੇ ਵਪਾਰਕ ਕੇਂਦਰ ਸਥਾਪਿਤ ਕੀਤੇ, ਜਿਨ੍ਹਾਂ ਵਿੱਚੋਂ ਕੁਝ ਉਨ੍ਹਾਂ ਦੀਆਂ ਬਸਤੀਆਂ ਬਣ ਗਈਆਂ। ਉਦਾਹਰਣ ਲਈ, ਅਫ਼ਰੀਕਾ ਦੇ ਉੱਤਰੀ ਕਿਨਾਰੇ ਤੇ ਸੂਰ ਦੇ ਲੋਕਾਂ ਨੇ ਕਾਰਥਿਜ ਨਾਂ ਦੀ ਇਕ ਬਸਤੀ ਬਣਾਈ ਸੀ। ਅੰਤ ਵਿਚ, ਇਹ ਬਸਤੀ ਸੂਰ ਤੋਂ ਵੀ ਵੱਡੀ ਹੋ ਗਈ ਅਤੇ ਇਸ ਨੇ ਭੂਮੱਧ ਸਾਗਰ ਦੇ ਇਲਾਕੇ ਵਿਚ ਰੋਮ ਦੇ ਨਾਲ ਮੁਕਾਬਲਾ ਕੀਤਾ।
ਉਸ ਦਾ ਘਮੰਡ ਤੋੜਿਆ ਗਿਆ
13. ਇਹ ਸਵਾਲ ਕਿਉਂ ਪੁੱਛਿਆ ਗਿਆ ਸੀ ਕਿ ਸੂਰ ਦੇ ਖ਼ਿਲਾਫ਼ ਸਜ਼ਾ ਸੁਣਾਉਣ ਦੀ ਕਿਸ ਦੀ ਹਿੰਮਤ ਸੀ?
13 ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਕਿ ਸੂਰ ਸ਼ਹਿਰ ਕਿੰਨਾ ਪੁਰਾਣਾ ਅਤੇ ਅਮੀਰ ਸੀ, ਅਗਲਾ ਸਵਾਲ ਢੁਕਵਾਂ ਹੈ: “ਕਿਸ ਏਹ ਸੂਰ ਦੇ ਵਿਰੁੱਧ ਠਾਣਿਆ, ਜਿਹੜਾ ਸਿਹਰੇ ਬੰਨ੍ਹਣ ਵਾਲਾ ਹੈ, ਜਿਹ ਦੇ ਬੁਪਾਰੀ ਸਰਦਾਰ ਹਨ, ਜਿਹ ਦੇ ਸੌਦਾਗਰ ਧਰਤੀ ਦੇ ਆਦਰਵਾਨ ਹਨ?” (ਯਸਾਯਾਹ 23:8) ਕਿਸ ਦੀ ਹਿੰਮਤ ਸੀ ਕਿ ਉਹ ਇਸ ਸ਼ਹਿਰ ਦੇ ਖ਼ਿਲਾਫ਼ ਬੋਲੇ, ਜੋ ਆਪਣੀਆਂ ਬਸਤੀਆਂ ਅਤੇ ਹੋਰ ਥਾਂਵਾਂ ਵਿਚ ਵੱਡੇ ਆਦਮੀਆਂ ਨੂੰ ਉੱਚੀਆਂ-ਉੱਚੀਆਂ ਪਦਵੀਆਂ ਦੇ ਕੇ “ਸਿਹਰੇ ਬੰਨ੍ਹਣ ਵਾਲਾ” ਬਣਿਆ? ਕਿਸ ਦੀ ਹਿੰਮਤ ਸੀ ਕਿ ਉਹ ਇਸ ਮੁੱਖ ਵਪਾਰਕ ਕੇਂਦਰ ਦੇ ਖ਼ਿਲਾਫ਼ ਬੋਲੇ ਜਿਸ ਦੇ ਵਪਾਰੀ ਅਤੇ ਸੌਦਾਗਰ ਸਰਦਾਰ ਅਤੇ ਆਦਰਵਾਨ ਸਨ? ਲੇਬਨਾਨ ਵਿਚ, ਬੈਰੂਤ ਦੇ ਨੈਸ਼ਨਲ ਮਿਊਜ਼ੀਅਮ ਦੇ ਸਾਬਕਾ ਨਿਰਦੇਸ਼ਕ ਨੇ ਕਿਹਾ: “ਨੌਵੀਂ ਤੋਂ ਲੈ ਕੇ ਛੇਵੀਂ ਸਦੀ ਸਾ.ਯੁ.ਪੂ. ਤਕ ਸੂਰ ਦੀ ਸ਼ਾਨ ਵੀਹਵੀਂ ਸਦੀ ਦੇ ਸ਼ੁਰੂ ਵਿਚ ਲੰਡਨ ਦੀ ਸ਼ਾਨ ਵਰਗੀ ਸੀ।” ਤਾਂ ਫਿਰ, ਇਸ ਸ਼ਹਿਰ ਦੇ ਖ਼ਿਲਾਫ਼ ਬੋਲਣ ਦੀ ਕਿਸ ਦੀ ਹਿੰਮਤ ਸੀ?
14. ਸੂਰ ਦੇ ਖ਼ਿਲਾਫ਼ ਕਿਸ ਨੇ ਸਜ਼ਾ ਸੁਣਾਈ ਅਤੇ ਕਿਉਂ?
14 ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਯਸਾਯਾਹ ਦੇ ਜਵਾਬ ਨੇ ਸੂਰ ਵਿਚ ਘਬਰਾਹਟ ਪੈਦਾ ਕੀਤੀ: “ਸੈਨਾਂ ਦੇ ਯਹੋਵਾਹ ਨੇ ਏਹ ਠਾਣਿਆ ਹੈ, ਭਈ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਆਦਰਵੰਤਾਂ ਨੂੰ ਬੇਪਤ ਕਰੇ।” (ਯਸਾਯਾਹ 23:9) ਯਹੋਵਾਹ ਨੇ ਇਸ ਅਮੀਰ ਅਤੇ ਪੁਰਾਣੇ ਸ਼ਹਿਰ ਨੂੰ ਸਜ਼ਾ ਕਿਉਂ ਦੇਣੀ ਸੀ? ਕੀ ਇਸ ਲਈ ਕਿ ਉਸ ਦੇ ਵਾਸੀ ਬਆਲ ਨਾਮਕ ਝੂਠੇ ਦੇਵਤੇ ਦੀ ਪੂਜਾ ਕਰਦੇ ਸਨ? ਜਾਂ ਕੀ ਇਹ ਸੀਦੋਨ ਦੇ ਰਾਜਾ ਅਥਬਆਲ ਦੀ ਧੀ ਈਜ਼ਬਲ ਨਾਲ ਸੂਰ ਦੇ ਰਿਸ਼ਤੇ ਕਾਰਨ ਸੀ, ਜਿਸ ਨੇ ਇਸਰਾਏਲ ਦੇ ਰਾਜਾ ਅਹਾਬ ਨਾਲ ਵਿਆਹ ਕੀਤਾ ਅਤੇ ਯਹੋਵਾਹ ਦੇ ਨਬੀਆਂ ਨੂੰ ਵੱਢ ਸੁੱਟਿਆ ਸੀ? (1 ਰਾਜਿਆਂ 16:29, 31; 18:4, 13, 19) ਨਹੀਂ, ਇਸ ਤਰ੍ਹਾਂ ਨਹੀਂ ਸੀ। ਸੂਰ ਨੂੰ ਉਸ ਦੇ ਘਮੰਡ ਕਰਕੇ ਸਜ਼ਾ ਦਿੱਤੀ ਜਾਣੀ ਸੀ। ਉਹ ਇਸਰਾਏਲੀਆਂ ਅਤੇ ਦੂਸਰਿਆਂ ਲੋਕਾਂ ਨੂੰ ਲੁੱਟ ਕੇ ਅਮੀਰ ਬਣਿਆ ਸੀ। ਨੌਵੀਂ ਸਦੀ ਸਾ.ਯੁ.ਪੂ. ਵਿਚ, ਯਹੋਵਾਹ ਨੇ ਆਪਣੇ ਨਬੀ ਯੋਏਲ ਰਾਹੀਂ ਸੂਰ ਅਤੇ ਹੋਰਨਾਂ ਸ਼ਹਿਰਾਂ ਨੂੰ ਇਹ ਕਿਹਾ ਕਿ ਤੁਸੀਂ “ਯਹੂਦਾਹ ਅਰ ਯਰੂਸ਼ਲਮ ਦੇ ਲੋਕ ਯੂਨਾਨੀਆਂ ਕੋਲ ਵੇਚ ਦਿੱਤੇ ਭਈ ਤੁਸੀਂ ਓਹਨਾਂ ਨੂੰ ਓਹਨਾਂ ਦੀ ਹੱਦ ਤੋਂ ਦੂਰ ਕਰੋ।” (ਯੋਏਲ 3:6) ਕੀ ਪਰਮੇਸ਼ੁਰ ਭੁੱਲ ਸਕਦਾ ਸੀ ਕਿ ਸੂਰ ਨੇ ਉਸ ਦੇ ਨੇਮ-ਬੱਧ ਲੋਕਾਂ ਨੂੰ ਕਿਸੇ ਵਪਾਰ ਕਰਨ ਵਾਲੀ ਚੀਜ਼ ਸਮਝ ਕੇ ਵੇਚ ਦਿੱਤਾ ਸੀ?
15. ਸੂਰ ਨੇ ਉਦੋਂ ਕੀ ਕੀਤਾ ਜਦੋਂ ਨਬੂਕਦਨੱਸਰ ਨੇ ਯਰੂਸ਼ਲਮ ਨੂੰ ਤਬਾਹ ਕੀਤਾ?
15 ਸੌ ਸਾਲ ਬੀਤਣ ਤੋਂ ਬਾਅਦ ਵੀ ਸੂਰ ਨਹੀਂ ਬਦਲਿਆ। ਜਦੋਂ 607 ਸਾ.ਯੁ.ਪੂ. ਵਿਚ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਫ਼ੌਜ ਨੇ ਯਰੂਸ਼ਲਮ ਨੂੰ ਤਬਾਹ ਕੀਤਾ, ਤਾਂ ਸੂਰ ਬੜਾ ਖ਼ੁਸ਼ ਹੋਇਆ: “ਅਹਾ . . . ਉਹ ਲੋਕਾਂ ਦਾ ਦਰਵੱਜਾ ਭੰਨ ਦਿੱਤਾ ਗਿਆ ਹੈ! ਹੁਣ ਉਹ ਮੇਰੇ ਵੱਲ ਮੁੜੇਗੀ। ਹੁਣ ਉਹ ਦੇ ਨਾਸ ਹੋਣ ਨਾਲ ਮੈਂ ਭਰਪੂਰ ਹੋਵਾਂਗਾ।” (ਹਿਜ਼ਕੀਏਲ 26:2) ਸੂਰ ਨੂੰ ਉਮੀਦ ਸੀ ਕਿ ਯਰੂਸ਼ਲਮ ਦੀ ਤਬਾਹੀ ਤੋਂ ਉਸ ਨੂੰ ਫ਼ਾਇਦਾ ਹੋਵੇਗਾ ਜਿਸ ਕਰਕੇ ਉਹ ਖ਼ੁਸ਼ ਹੋਇਆ। ਉਸ ਨੇ ਸੋਚਿਆ ਕਿ ਉਹ ਜ਼ਿਆਦਾ ਵਪਾਰ ਕਰ ਸਕੇਗਾ ਕਿਉਂਕਿ ਯਹੂਦਿਯਾ ਦੀ ਰਾਜਧਾਨੀ ਉਸ ਦਾ ਮੁਕਾਬਲਾ ਨਹੀਂ ਕਰ ਸਕੇਗੀ। ਯਹੋਵਾਹ ਉਨ੍ਹਾਂ ਦਾ ਅਪਮਾਨ ਕਰੇਗਾ ਜੋ ਆਪਣੇ ਆਪ ਨੂੰ ‘ਆਦਰਵੰਤ’ ਸਮਝਦੇ ਹਨ, ਜਿਨ੍ਹਾਂ ਨੇ ਘਮੰਡ ਨਾਲ ਉਸ ਦੇ ਲੋਕਾਂ ਦੇ ਦੁਸ਼ਮਣਾਂ ਦਾ ਸਾਥ ਦਿੱਤਾ ਸੀ।
16, 17. ਜਦੋਂ ਸੂਰ ਸ਼ਹਿਰ ਦਾ ਨਾਸ਼ ਹੋਇਆ ਤਾਂ ਉਸ ਦੇ ਵਾਸੀਆਂ ਨਾਲ ਕੀ ਹੋਇਆ ਸੀ? (ਫੁਟਨੋਟ ਦੇਖੋ।)
16 ਸੂਰ ਲਈ ਯਹੋਵਾਹ ਦੀ ਸਜ਼ਾ ਸੁਣਾਉਂਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਨੀਲ ਦਰਿਆ ਵਾਂਙੁ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀਏ ਧੀਏ, ਹੁਣ ਕੋਈ ਰੋਕ ਨਹੀਂ! ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਪਾਤਸ਼ਾਹੀਆਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਭਈ ਉਹ ਦੇ ਗੜ੍ਹ ਨਾਸ ਹੋ ਜਾਣ। ਉਸ ਨੇ ਆਖਿਆ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਹੇ ਸੀਦੋਨ ਦੀਏ ਦੁਖਿਆਰੀਏ ਕੁਆਰੀਏ ਧੀਏ, ਉੱਠ ਕਿੱਤੀਮ ਨੂੰ ਲੰਘ ਜਾਹ! ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।”—ਯਸਾਯਾਹ 23:10-12.
17 ਸੂਰ ਨੂੰ “ਤਰਸ਼ੀਸ਼ ਦੀਏ ਧੀਏ” ਕਿਉਂ ਸੱਦਿਆ ਗਿਆ ਸੀ? ਸ਼ਾਇਦ ਇਸ ਲਈ ਕਿ ਸੂਰ ਦੀ ਹਾਰ ਤੋਂ ਬਾਅਦ, ਤਰਸ਼ੀਸ਼ ਇਨ੍ਹਾਂ ਦੋਹਾਂ ਵਿੱਚੋਂ ਵੱਡਾ ਬਣਿਆ।c ਤਬਾਹ ਕੀਤੇ ਗਏ ਸੂਰ ਦੇ ਵਾਸੀ ਉਸ ਤਰ੍ਹਾਂ ਖਿੰਡ ਗਏ ਜਿਸ ਤਰ੍ਹਾਂ ਕਿਸੇ ਨਦੀ ਦੇ ਹੜ੍ਹਨ ਤੋਂ ਬਾਅਦ ਉਸ ਦੇ ਪਾਣੀ ਆਲੇ-ਦੁਆਲੇ ਦੇ ਮੈਦਾਨਾਂ ਵਿਚ ਫੈਲ ਜਾਂਦੇ ਹਨ। ‘ਤਰਸ਼ੀਸ਼ ਦੀ ਧੀ’ ਲਈ ਯਸਾਯਾਹ ਦੇ ਸੁਨੇਹੇ ਨੇ ਉਸ ਸਜ਼ਾ ਉੱਤੇ ਜ਼ੋਰ ਦਿੱਤਾ ਜੋ ਸੂਰ ਨੂੰ ਮਿਲੇਗੀ। ਯਹੋਵਾਹ ਨੇ ਖ਼ੁਦ ਆਪਣਾ ਹੱਥ ਪਸਾਰ ਕੇ ਇਸ ਗੱਲ ਦਾ ਹੁਕਮ ਦਿੱਤਾ। ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ ਸੀ।
18. ਸੂਰ ਨੂੰ ‘ਸੀਦੋਨ ਦੀ ਕੁਆਰੀ ਧੀ’ ਕਿਉਂ ਕਿਹਾ ਗਿਆ ਸੀ ਅਤੇ ਉਸ ਦੇ ਹਾਲਾਤ ਕਿਵੇਂ ਬਦਲ ਗਏ ਸਨ?
18 ਯਸਾਯਾਹ ਨੇ ਸੂਰ ਨੂੰ ‘ਸੀਦੋਨ ਦੀ ਕੁਆਰੀ ਧੀ’ ਵੀ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਕਦੀ ਵੀ ਕਿਸੇ ਵਿਦੇਸ਼ੀ ਜੇਤੂ ਨੇ ਨਾ ਉਸ ਉੱਤੇ ਕਬਜ਼ਾ ਕਰ ਕੇ ਉਸ ਨੂੰ ਲੁੱਟਿਆ ਸੀ ਅਤੇ ਨਾ ਹੀ ਉਹ ਕਿਸੇ ਦੇ ਅਧੀਨ ਹੋਇਆ ਸੀ। (2 ਰਾਜਿਆਂ 19:21; ਯਸਾਯਾਹ 47:1; ਯਿਰਮਿਯਾਹ 46:11 ਦੀ ਤੁਲਨਾ ਕਰੋ।) ਪਰ ਹੁਣ ਉਹ ਬਰਬਾਦ ਕੀਤਾ ਗਿਆ ਅਤੇ ਸ਼ਰਨ ਲੈਣ ਵਾਸਤੇ ਉਸ ਦੇ ਕੁਝ ਵਾਸੀ ਕਿੱਤੀਮ ਦੀ ਕਨਾਨੀ ਬਸਤੀ ਨੂੰ ਚਲੇ ਗਏ। ਫਿਰ ਵੀ, ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਵੀ ਅਰਾਮ ਨਹੀਂ ਮਿਲਿਆ।
ਬਾਬਲ ਨੇ ਉਸ ਨੂੰ ਬਰਬਾਦ ਕੀਤਾ
19, 20. ਭਵਿੱਖਬਾਣੀ ਅਨੁਸਾਰ ਸੂਰ ਨੂੰ ਕਿਸ ਨੇ ਹਰਾਇਆ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?
19 ਸੂਰ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਕਿਹੜੀ ਕੌਮ ਵਰਤੀ? ਯਸਾਯਾਹ ਨੇ ਦੱਸਿਆ: “ਇਹ ਬਾਬਲ ਸੀ, ਅੱਸੂਰ ਨਹੀਂ, ਜਿਸ ਨੇ ਜੰਗਲੀ ਜਾਨਵਰਾਂ ਨੂੰ ਸੂਰ ਨਗਰ ਨੂੰ ਮਿੱਧਣ ਦਿੱਤਾ। ਇਹ ਬਾਬਲ ਹੀ ਸੀ, ਜਿਸ ਨੇ ਸੂਰ ਦੇ ਬੁਰਜ਼ਾਂ ਉਤੇ ਕਬਜ਼ਾ ਕੀਤਾ ਅਤੇ ਇਸ ਦੀ ਚਾਰ ਦੀਵਾਰੀ ਢਾਹੀ ਅਤੇ ਨਗਰ ਨੂੰ ਵੀਰਾਨ ਕੀਤਾ ਸੀ। ਤਰਸ਼ੀਸ਼ ਦੇ ਬੇੜਿਓ, ਤੁਸੀਂ ਧਾਹਾਂ ਮਾਰ ਕੇ ਰੋਵੋ ਕਿਉਂਕਿ ਜਿਸ ਨਗਰ ਉਤੇ ਤੁਹਾਨੂੰ ਭਰੋਸਾ ਸੀ, ਉਹ ਨਾਸ਼ ਹੋ ਚੁੱਕਾ ਹੈ।” (ਯਸਾਯਾਹ 23:13, 14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਸ਼ੂਰੀਆਂ ਨੇ ਨਹੀਂ, ਬਲਕਿ ਬਾਬਲ ਨੇ ਸੂਰ ਨੂੰ ਹਰਾਇਆ। ਉਨ੍ਹਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਸੂਰ ਦੇ ਘਰ ਢਾਹ ਸੁੱਟੇ, ਅਤੇ ਤਰਸ਼ੀਸ਼ ਦੇ ਬੇੜਿਆਂ ਦੀ ਪੱਕੀ ਜਗ੍ਹਾ ਨੂੰ ਬਰਬਾਦ ਕੀਤਾ।
20 ਇਸ ਭਵਿੱਖਬਾਣੀ ਦੀ ਪੂਰਤੀ ਵਿਚ ਯਰੂਸ਼ਲਮ ਦੇ ਨਾਸ਼ ਤੋਂ ਥੋੜ੍ਹੀ ਦੇਰ ਬਾਅਦ, ਸੂਰ ਨੇ ਬਾਬਲ ਦੇ ਖ਼ਿਲਾਫ਼ ਬਗਾਵਤ ਕੀਤੀ, ਅਤੇ ਨਬੂਕਦਨੱਸਰ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਸੂਰ ਸਮਝਦਾ ਸੀ ਕਿ ਉਸ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜਿਸ ਕਰਕੇ ਉਹ ਸਾਮ੍ਹਣਾ ਕਰਨ ਲਈ ਤਿਆਰ ਸੀ। ਇਸ ਘੇਰਾਬੰਦੀ ਦੌਰਾਨ, ਬਾਬਲ ਦੇ ਫ਼ੌਜੀਆਂ ਦੇ ਸਿਰ ਟੋਪਾਂ ਨਾਲ ਰਗੜ-ਰਗੜ ਕੇ ‘ਗੰਜੇ ਹੋ’ ਗਏ ਅਤੇ ਜੰਗੀ ਸਾਮਾਨ ਚੁੱਕਣ ਕਰਕੇ ਉਨ੍ਹਾਂ ਦੇ ਮੋਢੇ ‘ਛਿੱਲੇ ਗਏ।’ (ਹਿਜ਼ਕੀਏਲ 29:18) ਨਬੂਕਦਨੱਸਰ ਨੂੰ ਇਹ ਘੇਰਾਬੰਦੀ ਬਹੁਤ ਮਹਿੰਗੀ ਪਈ। ਸੂਰ ਦਾ ਮੁੱਖ ਸ਼ਹਿਰ ਨਾਸ਼ ਕਰ ਦਿੱਤਾ ਗਿਆ, ਪਰ ਉਸ ਦਾ ਮਾਲ ਨਬੂਕਦਨੱਸਰ ਦੇ ਹੱਥ ਨਹੀਂ ਆਇਆ। ਸੂਰ ਦੇ ਮਾਲ ਦਾ ਵੱਡਾ ਹਿੱਸਾ ਕਿਨਾਰੇ ਤੋਂ ਅੱਧੇ ਮੀਲ ਦੂਰ ਇਕ ਛੋਟੇ ਜਿਹੇ ਟਾਪੂ ਨੂੰ ਲਿਜਾਇਆ ਗਿਆ। ਕਸਦੀਆਂ ਦੇ ਰਾਜੇ ਕੋਲ ਜਹਾਜ਼ ਨਾ ਹੋਣ ਕਰਕੇ ਉਹ ਇਸ ਟਾਪੂ ਉੱਤੇ ਕਬਜ਼ਾ ਨਹੀਂ ਕਰ ਸਕਿਆ। ਕੁਝ 13 ਸਾਲ ਬਾਅਦ, ਸੂਰ ਨੇ ਹਾਰ ਮੰਨ ਲਈ, ਪਰ ਉਹ ਬਚ ਗਿਆ ਅਤੇ ਅਗਾਹਾਂ ਨੂੰ ਉਸ ਬਾਰੇ ਹੋਰ ਭਵਿੱਖਬਾਣੀਆਂ ਵੀ ਪੂਰੀਆਂ ਹੋਈਆਂ।
“ਉਹ ਆਪਣੀ ਖਰਚੀ ਵੱਲ ਮੁੜੇਗੀ”
21. ਸੂਰ ਕਿਸ ਤਰ੍ਹਾਂ ਅਤੇ ਕਿੰਨੇ ਚਿਰ ਲਈ ਭੁਲਾਇਆ ਗਿਆ ਸੀ?
21 ਯਸਾਯਾਹ ਨੇ ਅੱਗੇ ਭਵਿੱਖਬਾਣੀ ਕੀਤੀ: “ਓਸ ਦਿਨ ਐਉਂ ਹੋਵੇਗਾ ਕਿ ਸੂਰ ਸੱਤਰਾਂ ਵਰਿਹਾਂ ਲਈ ਇੱਕ ਪਾਤਸ਼ਾਹ ਦੇ ਦਿਨਾਂ ਵਾਂਙੁ ਵਿਸਾਰਿਆ ਜਾਵੇਗਾ।” (ਯਸਾਯਾਹ 23:15ੳ) ਬਾਬਲੀਆਂ ਦੁਆਰਾ ਸੂਰ ਦੇ ਮੁੱਖ ਸ਼ਹਿਰ ਦੇ ਨਾਸ਼ ਤੋਂ ਬਾਅਦ ਸੂਰ ਦਾ ਟਾਪੂ-ਸ਼ਹਿਰ “ਵਿਸਾਰਿਆ” ਜਾਂ ਭੁਲਾਇਆ ਜਾਣਾ ਸੀ। ਇਸ ਭਵਿੱਖਬਾਣੀ ਦੀ ਪੂਰਤੀ ਵਿਚ, “ਇੱਕ ਪਾਤਸ਼ਾਹ” ਯਾਨੀ ਬਾਬਲੀ ਸਾਮਰਾਜ ਦੇ ਸਮੇਂ ਦੌਰਾਨ ਸੂਰ ਦੇ ਟਾਪੂ-ਸ਼ਹਿਰ ਕੋਲ ਕੋਈ ਖ਼ਾਸ ਮਾਲੀ ਤਾਕਤ ਨਹੀਂ ਸੀ। ਯਹੋਵਾਹ ਨੇ ਸੂਰ ਨੂੰ ਉਨ੍ਹਾਂ ਕੌਮਾਂ ਵਿਚ ਗਿਣਿਆ ਜਿਨ੍ਹਾਂ ਨੂੰ ਉਸ ਦੇ ਗੁੱਸੇ ਦੀ ਮਧ ਪੀਣ ਲਈ ਚੁਣਿਆ ਗਿਆ ਸੀ। ਯਿਰਮਿਯਾਹ ਨੇ ਕਿਹਾ: “ਏਹ ਕੌਮਾਂ ਸੱਤਰ ਵਰ੍ਹਿਆਂ ਤੀਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ।” (ਯਿਰਮਿਯਾਹ 25:8-17, 22, 27) ਇਹ ਸੱਚ ਹੈ ਕਿ ਸੂਰ ਦਾ ਟਾਪੂ-ਸ਼ਹਿਰ ਪੂਰੇ 70 ਸਾਲਾਂ ਲਈ ਬਾਬਲ ਦੇ ਅਧੀਨ ਨਹੀਂ ਰਿਹਾ, ਕਿਉਂਕਿ ਬਾਬਲੀ ਸਾਮਰਾਜ 539 ਸਾ.ਯੁ.ਪੂ. ਵਿਚ ਖ਼ਤਮ ਹੋ ਗਿਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ 70 ਸਾਲਾਂ ਨੇ ਬਾਬਲੀ ਰਾਜ ਦੀ ਉਸ ਵੱਡੀ ਸ਼ਕਤੀ ਦੇ ਸਮੇਂ ਨੂੰ ਦਰਸਾਇਆ, ਜਦੋਂ ਬਾਬਲ ਦੇ ਸ਼ਾਹੀ ਖ਼ਾਨਦਾਨ ਨੇ ਸ਼ੇਖੀ ਮਾਰੀ ਸੀ ਕਿ ਉਸ ਨੇ “ਪਰਮੇਸ਼ੁਰ ਦੇ ਤਾਰਿਆਂ” ਤੋਂ ਉਤਾਹਾਂ ਆਪਣਾ ਸਿੰਘਾਸਣ ਉੱਚਾ ਕੀਤਾ ਹੈ। (ਯਸਾਯਾਹ 14:13) ਵੱਖੋ-ਵੱਖ ਸਮਿਆਂ ਤੇ ਵੱਖੋ-ਵੱਖਰੀਆਂ ਕੌਮਾਂ ਇਸ ਰਾਜ ਦੇ ਅਧੀਨ ਆਈਆਂ। ਪਰ 70 ਸਾਲਾਂ ਤੋਂ ਬਾਅਦ, ਇਹ ਰਾਜ ਖ਼ਤਮ ਹੋ ਗਿਆ। ਫਿਰ ਸੂਰ ਦਾ ਕੀ ਬਣਿਆ?
22, 23. ਬਾਬਲੀ ਰਾਜ ਖ਼ਤਮ ਹੋਣ ਤੇ ਸੂਰ ਨਾਲ ਕੀ ਹੋਇਆ?
22 ਯਸਾਯਾਹ ਨੇ ਅੱਗੇ ਦੱਸਿਆ: “ਸੱਤਰਾਂ ਵਰਿਹਾਂ ਦੇ ਅੰਤ ਵਿੱਚ ਸੂਰ ਲਈ ਕੰਜਰੀ ਦੇ ਗੀਤ ਵਾਂਙੁ ਹੋਵੇਗਾ,—ਬਰਬਤ ਲੈ, ਸ਼ਹਿਰ ਵਿੱਚ ਫਿਰ, ਹੇ ਵਿਸਰੀਏ ਕੰਜਰੀਏ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਭਈ ਤੂੰ ਚੇਤੇ ਆਵੇਂ। ਸੱਤਰਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਵੇਗਾ ਕਿ ਯਹੋਵਾਹ ਸੂਰ ਦੀ ਖਬਰ ਲਵੇਗਾ ਅਤੇ ਉਹ ਆਪਣੀ ਖਰਚੀ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਨਾਲ ਕੰਜਰਪੁਣਾ ਕਰੇਗੀ।”—ਯਸਾਯਾਹ 23:15ਅ-17.
23 ਸੰਨ 539 ਸਾ.ਯੁ.ਪੂ. ਵਿਚ ਬਾਬਲ ਦੇ ਡਿੱਗਣ ਤੋਂ ਬਾਅਦ, ਕਨਾਨ ਮਾਦੀ-ਫ਼ਾਰਸੀ ਸਾਮਰਾਜ ਦਾ ਸੂਬਾ ਬਣ ਗਿਆ। ਫ਼ਾਰਸੀ ਸ਼ਹਿਨਸ਼ਾਹ ਖੋਰਸ ਮਹਾਨ ਇਕ ਧੀਰਜਵਾਨ ਰਾਜਾ ਸੀ। ਉਸ ਦੇ ਨਵੇਂ ਰਾਜ ਅਧੀਨ ਸੂਰ ਨੇ ਆਪਣੇ ਪਹਿਲੇ ਕੰਮ ਨੂੰ ਦੁਬਾਰਾ ਸ਼ੁਰੂ ਕੀਤਾ ਅਤੇ ਸੰਸਾਰ ਦਾ ਵਪਾਰਕ ਕੇਂਦਰ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਇਸ ਤਰ੍ਹਾਂ ਸੀ ਜਿਵੇਂ ਇਕ ਭੁਲਾਈ ਗਈ ਕੰਜਰੀ ਆਪਣੇ ਪਹਿਲੇ ਗਾਹਕ ਖੋਹ ਬੈਠਣ ਤੇ ਨਵੇਂ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਸ਼ਹਿਰ ਵਿਚ ਜਾ ਕੇ ਬਰਬਤ ਵਜਾਉਂਦੀ ਅਤੇ ਆਪਣੇ ਗਾਣੇ ਗਾਉਂਦੀ ਹੈ। ਕੀ ਸੂਰ ਕਾਮਯਾਬ ਹੋਇਆ? ਜੀ ਹਾਂ, ਯਹੋਵਾਹ ਨੇ ਉਸ ਨੂੰ ਕਾਮਯਾਬੀ ਬਖ਼ਸ਼ੀ। ਅੰਤ ਵਿਚ, ਇਹ ਟਾਪੂ-ਸ਼ਹਿਰ ਇੰਨਾ ਕਾਮਯਾਬ ਹੋਇਆ ਕਿ ਛੇਵੀਂ ਸਦੀ ਸਾ.ਯੁ.ਪੂ. ਦੇ ਅੰਤ ਤੇ, ਨਬੀ ਜ਼ਕਰਯਾਹ ਨੇ ਕਿਹਾ: “ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਙੁ, ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਙੁ ਢੇਰਾਂ ਦੇ ਢੇਰ ਲਾ ਲਏ।”—ਜ਼ਕਰਯਾਹ 9:3.
‘ਉਹ ਦੀ ਖੱਟੀ ਯਹੋਵਾਹ ਲਈ ਪਵਿੱਤਰ ਕੀਤੀ ਜਾਵੇਗੀ’
24, 25. (ੳ) ਸੂਰ ਦੀ ਕਮਾਈ ਯਹੋਵਾਹ ਲਈ ਪਵਿੱਤਰ ਕਿਵੇਂ ਬਣੀ? (ਅ) ਭਾਵੇਂ ਕਿ ਸੂਰ ਨੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ ਸੀ, ਯਹੋਵਾਹ ਨੇ ਫਿਰ ਵੀ ਉਸ ਬਾਰੇ ਕਿਹੜੀ ਭਵਿੱਖਬਾਣੀ ਕੀਤੀ?
24 ਭਵਿੱਖਬਾਣੀ ਦੇ ਅਗਲੇ ਸ਼ਬਦ ਕਿੰਨੇ ਅਨੋਖੇ ਹਨ! “ਉਹ ਦੀ ਖੱਟੀ ਅਰ ਉਹ ਦੀ ਖਰਚੀ ਯਹੋਵਾਹ ਲਈ ਸੰਕਲਪ [ਜਾਂ ਪਵਿੱਤਰ] ਕੀਤੀ ਜਾਵੇਗੀ। ਨਾ ਉਹ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਖੱਟੀ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗੀ ਭਈ ਓਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।” (ਯਸਾਯਾਹ 23:18) ਸੂਰ ਦੀ ਕਮਾਈ ਯਹੋਵਾਹ ਲਈ ਪਵਿੱਤਰ ਕਿਵੇਂ ਬਣੀ? ਯਹੋਵਾਹ ਆਪਣੀ ਇੱਛਾ ਪੂਰੀ ਕਰਨ ਦੇ ਅਨੁਸਾਰ ਕੰਮ ਕਰਦਾ ਹੈ ਤਾਂਕਿ ਉਸ ਦੇ ਲੋਕ ਰੱਜ ਕੇ ਖਾਣ ਅਤੇ ਬਸਤਰ ਪਹਿਨਣ। ਬਾਬਲੀ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ, ਸੂਰ ਦੇ ਲੋਕਾਂ ਨੇ ਹੈਕਲ ਨੂੰ ਦੁਬਾਰਾ ਉਸਾਰਨ ਲਈ ਇਸਰਾਏਲੀਆਂ ਨੂੰ ਦਿਆਰ ਦੀ ਲੱਕੜੀ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਨਾਲੇ ਉਹ ਯਰੂਸ਼ਲਮ ਸ਼ਹਿਰ ਨਾਲ ਦੁਬਾਰਾ ਵਪਾਰ ਕਰਨ ਲੱਗ ਪਿਆ।—ਅਜ਼ਰਾ 3:7; ਨਹਮਯਾਹ 13:16.
25 ਇਸ ਦੇ ਬਾਵਜੂਦ, ਯਹੋਵਾਹ ਨੇ ਸੂਰ ਵਿਰੁੱਧ ਇਕ ਹੋਰ ਅਗੰਮ ਵਾਕ ਕੀਤਾ। ਜ਼ਕਰਯਾਹ ਨੇ ਇਸ ਅਮੀਰ ਟਾਪੂ-ਸ਼ਹਿਰ ਬਾਰੇ ਭਵਿੱਖਬਾਣੀ ਕੀਤੀ ਸੀ: “ਵੇਖੋ, ਪ੍ਰਭੁ ਉਸ ਦੀ ਮਿਲਖ ਨੂੰ ਖੋਹ ਲਵੇਗਾ, ਅਤੇ ਉਸ ਦੀ ਮਾਇਆ ਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ, ਉਹ ਅੱਗ ਨਾਲ ਖਾਧਾ ਜਾਵੇਗਾ।” (ਜ਼ਕਰਯਾਹ 9:4) ਇਹ ਗੱਲ ਜੁਲਾਈ 332 ਸਾ.ਯੁ.ਪੂ. ਵਿਚ ਪੂਰੀ ਹੋਈ ਸੀ ਜਦੋਂ ਸਿਕੰਦਰ ਮਹਾਨ ਨੇ ਉਸ ਸਮੇਂ ਦੀ ਸਭ ਤੋਂ ਵੱਡੀ ਸਮੁੰਦਰੀ ਤਾਕਤ ਨੂੰ ਤਬਾਹ ਕੀਤਾ।
ਧਨ-ਦੌਲਤ ਦੇ ਪਿਆਰ ਅਤੇ ਘਮੰਡ ਤੋਂ ਬਚੋ
26. ਪਰਮੇਸ਼ੁਰ ਨੇ ਸੂਰ ਨੂੰ ਕਿਉਂ ਨਿੰਦਿਆ ਸੀ?
26 ਯਹੋਵਾਹ ਨੇ ਸੂਰ ਨੂੰ ਘਮੰਡੀ ਹੋਣ ਕਰਕੇ ਨਿੰਦਿਆ ਸੀ, ਕਿਉਂਕਿ ਯਹੋਵਾਹ ਘਮੰਡ ਤੋਂ ਨਫ਼ਰਤ ਕਰਦਾ ਹੈ। ਸੱਤ ਚੀਜ਼ਾਂ ਵਿੱਚੋਂ ਜਿਨ੍ਹਾਂ ਨਾਲ ਯਹੋਵਾਹ ਵੈਰ ਰੱਖਦਾ ਹੈ ਪਹਿਲੀ ਹੈ “ਉੱਚੀਆਂ ਅੱਖਾਂ।” (ਕਹਾਉਤਾਂ 6:16-19) ਪੌਲੁਸ ਨੇ ਘਮੰਡ ਦਾ ਸੰਬੰਧ ਸ਼ਤਾਨ ਅਰਥਾਤ ਇਬਲੀਸ ਨਾਲ ਜੋੜਿਆ ਸੀ। ਘਮੰਡੀ ਸੂਰ ਬਾਰੇ ਹਿਜ਼ਕੀਏਲ ਦੇ ਵਰਣਨ ਵਿਚ ਵੀ ਕੁਝ ਅਜਿਹੀਆਂ ਗੱਲਾਂ ਹਨ ਜੋ ਖ਼ੁਦ ਸ਼ਤਾਨ ਉੱਤੇ ਲਾਗੂ ਹੁੰਦੀਆਂ ਹਨ। (ਹਿਜ਼ਕੀਏਲ 28:13-15; 1 ਤਿਮੋਥਿਉਸ 3:6) ਸੂਰ ਇੰਨਾ ਘਮੰਡੀ ਕਿਉਂ ਸੀ? ਸੂਰ ਨਾਲ ਗੱਲ ਕਰਦੇ ਹੋਏ ਹਿਜ਼ਕੀਏਲ ਨੇ ਕਿਹਾ ਕਿ “ਤੇਰਾ ਦਿਲ ਤੇਰੇ ਧਨ ਦੇ ਕਾਰਨ ਹੰਕਾਰ ਗਿਆ ਹੈ।” (ਹਿਜ਼ਕੀਏਲ 28:5) ਇਹ ਸ਼ਹਿਰ ਸਿਰਫ਼ ਵਪਾਰ ਕਰਨ ਅਤੇ ਪੈਸਾ ਕਮਾਉਣ ਬਾਰੇ ਸੋਚਦਾ ਸੀ। ਸੂਰ ਦੀ ਕਾਮਯਾਬੀ ਨੇ ਉਸ ਨੂੰ ਹੱਦੋਂ ਵੱਧ ਹੰਕਾਰੀ ਬਣਾਇਆ। ਹਿਜ਼ਕੀਏਲ ਰਾਹੀਂ ਯਹੋਵਾਹ ਨੇ “ਸੂਰ ਦੇ ਪਰਧਾਨ” ਨੂੰ ਕਿਹਾ: “ਤੇਰਾ ਦਿਲ ਹੰਕਾਰੀ ਹੋਇਆ, ਅਤੇ ਤੂੰ ਆਖਿਆ, ਕਿ ਮੈਂ ਦੇਵ ਹਾਂ, ਅਤੇ ਮੈਂ ਸਾਗਰਾਂ ਦੇ ਵਿਚਕਾਰ ਪਰਮੇਸ਼ੁਰ ਦੀ ਗੱਦੀ ਤੇ ਬੈਠਾ ਹਾਂ।”—ਹਿਜ਼ਕੀਏਲ 28:2.
27, 28. ਇਨਸਾਨ ਕਿਹੜੇ ਫੰਦੇ ਵਿਚ ਫਸ ਸਕਦੇ ਹਨ ਅਤੇ ਯਿਸੂ ਨੇ ਇਹ ਕਿਸ ਤਰ੍ਹਾਂ ਦਰਸਾਇਆ ਸੀ?
27 ਕੌਮਾਂ ਅਤੇ ਇਨਸਾਨ ਘਮੰਡੀ ਬਣ ਸਕਦੇ ਹਨ ਅਤੇ ਧਨ-ਦੌਲਤ ਬਾਰੇ ਉਨ੍ਹਾਂ ਦਾ ਰਵੱਈਆ ਗ਼ਲਤ ਹੋ ਸਕਦਾ ਹੈ। ਯਿਸੂ ਦੇ ਇਕ ਦ੍ਰਿਸ਼ਟਾਂਤ ਨੇ ਦਿਖਾਇਆ ਸੀ ਕਿ ਅਸੀਂ ਸਹਿਜੇ-ਸਹਿਜੇ ਇਸ ਫੰਦੇ ਵਿਚ ਕਿਵੇਂ ਫਸ ਸਕਦੇ ਹਾਂ। ਉਸ ਨੇ ਇਕ ਅਮੀਰ ਬੰਦੇ ਬਾਰੇ ਦੱਸਿਆ ਜਿਸ ਦੇ ਖੇਤਾਂ ਵਿਚ ਚੰਗੀ ਫ਼ਸਲ ਹੋਈ। ਖ਼ੁਸ਼ ਹੋ ਕੇ ਇਸ ਮਨੁੱਖ ਨੇ ਫ਼ੈਸਲਾ ਕੀਤਾ ਕਿ ਉਹ ਅੰਨ ਰੱਖਣ ਲਈ ਵੱਡੇ ਕੋਠੇ ਬਣਾਵੇਗਾ ਅਤੇ ਐਸ਼ੋ-ਅਰਾਮ ਦੀ ਲੰਬੀ ਜ਼ਿੰਦਗੀ ਜੀਵੇਗਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?” ਇਸ ਮਨੁੱਖ ਦੀ ਮੌਤ ਹੋ ਗਈ ਅਤੇ ਉਸ ਦੀ ਦੌਲਤ ਉਹ ਦੇ ਕਿਸੇ ਕੰਮ ਨਹੀਂ ਆਈ।—ਲੂਕਾ 12:16-20.
28 ਯਿਸੂ ਨੇ ਇਸ ਦ੍ਰਿਸ਼ਟਾਂਤ ਦੀ ਸਮਾਪਤੀ ਵਿਚ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” (ਲੂਕਾ 12:21) ਧਨੀ ਹੋਣਾ ਕੋਈ ਗ਼ਲਤ ਗੱਲ ਨਹੀਂ ਸੀ ਅਤੇ ਨਾ ਹੀ ਚੰਗੀ ਫ਼ਸਲ ਇਕੱਠੀ ਕਰਨੀ ਕੋਈ ਪਾਪ ਸੀ। ਇਸ ਮਨੁੱਖ ਦੀ ਗ਼ਲਤੀ ਇਹ ਸੀ ਕਿ ਉਸ ਦੀ ਜ਼ਿੰਦਗੀ ਵਿਚ ਇਹੋ ਚੀਜ਼ਾਂ ਸਭ ਕੁਝ ਸਨ। ਉਸ ਨੇ ਆਪਣਾ ਪੂਰਾ ਭਰੋਸਾ ਧਨ-ਦੌਲਤ ਉੱਤੇ ਰੱਖਿਆ। ਜਦੋਂ ਉਹ ਭਵਿੱਖ ਬਾਰੇ ਸੋਚ ਰਿਹਾ ਸੀ, ਤਾਂ ਉਸ ਦੀ ਜ਼ਿੰਦਗੀ ਵਿਚ ਯਹੋਵਾਹ ਪਰਮੇਸ਼ੁਰ ਲਈ ਕੋਈ ਜਗ੍ਹਾ ਨਹੀਂ ਸੀ।
29, 30. ਯਾਕੂਬ ਨੇ ਆਪਣੇ ਆਪ ਉੱਤੇ ਭਰੋਸਾ ਰੱਖਣ ਬਾਰੇ ਕਿਹੜੀ ਚੇਤਾਵਨੀ ਦਿੱਤੀ ਸੀ?
29 ਯਾਕੂਬ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ। ਉਸ ਨੇ ਕਿਹਾ: “ਓਏ ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ। ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ। ਸਗੋਂ ਤੁਸਾਂ ਇਹ ਆਖਣਾ ਸੀ ਭਈ ਪ੍ਰਭੁ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਯਾ ਉਹ ਕੰਮ ਕਰਾਂਗੇ।” (ਯਾਕੂਬ 4:13-15) ਫਿਰ ਯਾਕੂਬ ਨੇ ਧਨ-ਦੌਲਤ ਅਤੇ ਘਮੰਡ ਦੇ ਆਪਸ ਵਿਚ ਸੰਬੰਧ ਨੂੰ ਦਿਖਾਇਆ, ਜਦੋਂ ਉਸ ਨੇ ਅੱਗੇ ਕਿਹਾ ਕਿ “ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਘੁਮੰਡ ਕਰਦੇ ਹੋ। ਇਹੋ ਜਿਹਾ ਘੁਮੰਡ ਸਾਰਾ ਹੀ ਬੁਰਾ ਹੁੰਦਾ ਹੈ।”—ਯਾਕੂਬ 4:16.
30 ਕਾਰੋਬਾਰ ਚਲਾਉਣਾ ਵੀ ਕੋਈ ਪਾਪ ਨਹੀਂ ਹੈ। ਧਨ-ਦੌਲਤ ਦਾ ਘਮੰਡ, ਹੰਕਾਰ, ਅਤੇ ਸਿਰਫ਼ ਆਪਣੇ ਆਪ ਉੱਤੇ ਭਰੋਸਾ ਰੱਖਣਾ ਪਾਪ ਹੈ। ਸਮਝਦਾਰੀ ਨਾਲ ਇਕ ਪੁਰਾਣੀ ਕਹਾਵਤ ਨੇ ਕਿਹਾ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ।” ਗ਼ਰੀਬੀ ਜ਼ਿੰਦਗੀ ਨੂੰ ਔਖਾ ਬਣਾ ਸਕਦੀ ਹੈ। ਪਰ ਅਮੀਰ ਹੋ ਕੇ ਕੋਈ ਇਨਸਾਨ ਪਰਮੇਸ਼ੁਰ ਤੋਂ ‘ਮੁੱਕਰ ਕੇ ਆਖ ਸਕਦਾ ਹੈ ਕਿ ਯਹੋਵਾਹ ਕੌਣ ਹੈ?’—ਕਹਾਉਤਾਂ 30:8, 9.
31. ਇਕ ਮਸੀਹੀ ਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
31 ਅਸੀਂ ਅਜਿਹੀ ਦੁਨੀਆਂ ਵਿਚ ਜੀ ਰਹੇ ਹਾਂ ਜਿਸ ਵਿਚ ਕਈ ਲੋਕ ਲਾਲਚ ਅਤੇ ਖ਼ੁਦਗਰਜ਼ੀ ਦੇ ਸ਼ਿਕਾਰ ਬਣ ਗਏ ਹਨ। ਅੱਜ ਦੇ ਵਪਾਰਕ ਮਾਹੌਲ ਕਰਕੇ ਧਨ-ਦੌਲਤ ਉੱਤੇ ਕਾਫ਼ੀ ਜ਼ੋਰ ਦਿੱਤਾ ਜਾਂਦਾ ਹੈ। ਇਸ ਲਈ, ਇਕ ਮਸੀਹੀ ਨੂੰ ਆਪਣੇ ਦਿਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਕਿਤੇ ਉਸ ਫੰਦੇ ਵਿਚ ਤਾਂ ਨਹੀਂ ਫਸ ਰਿਹਾ ਜਿਸ ਵਿਚ ਸੂਰ ਦਾ ਵਪਾਰਕ ਸ਼ਹਿਰ ਫਸਿਆ ਸੀ। ਕੀ ਉਹ ਚੀਜ਼ਾਂ ਜੋੜਨ ਮਗਰ ਇੰਨਾ ਨੱਠ-ਭੱਜ ਰਿਹਾ ਹੈ ਕਿ ਉਹ ਅਸਲ ਵਿਚ ਮਾਯਾ ਦੀ ਸੇਵਾ ਕਰ ਰਿਹਾ ਹੈ? (ਮੱਤੀ 6:24) ਕੀ ਉਹ ਉਨ੍ਹਾਂ ਲੋਕਾਂ ਨੂੰ ਦੇਖ ਕੇ ਜਲ਼ਦਾ ਹੈ ਜਿਨ੍ਹਾਂ ਕੋਲ ਜ਼ਿਆਦਾ ਜਾਂ ਸੋਹਣੀਆਂ-ਸੋਹਣੀਆਂ ਚੀਜ਼ਾਂ ਹਨ? (ਗਲਾਤੀਆਂ 5:26) ਜੇਕਰ ਉਹ ਅਮੀਰ ਹੈ, ਤਾਂ ਕੀ ਉਹ ਘਮੰਡੀ ਹੋ ਕੇ ਦੂਸਰਿਆਂ ਨਾਲੋਂ ਜ਼ਿਆਦਾ ਇੱਜ਼ਤ ਅਤੇ ਸਨਮਾਨ ਚਾਹੁੰਦਾ ਹੈ? (ਯਾਕੂਬ 2:1-9 ਦੀ ਤੁਲਨਾ ਕਰੋ।) ਜੇਕਰ ਉਹ ਅਮੀਰ ਨਹੀਂ ਹੈ, ਤਾਂ ਕੀ ਉਹ ਹਰ ਕੀਮਤ ਤੇ ‘ਧਨਵਾਨ ਬਣਨਾ ਚਾਹੁੰਦਾ’ ਹੈ? (1 ਤਿਮੋਥਿਉਸ 6:9) ਕੀ ਉਹ ਆਪਣੇ ਕਾਰੋਬਾਰ ਵਿਚ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ? (2 ਤਿਮੋਥਿਉਸ 2:4) ਜਾਂ ਕੀ ਉਹ ਧਨ-ਦੌਲਤ ਜੋੜਨ ਵਿਚ ਇੰਨਾ ਰੁੱਝਿਆ ਹੋਇਆ ਹੈ ਕਿ ਉਹ ਕਾਰੋਬਾਰੀ ਕੰਮਾਂ ਵਿਚ ਬਾਈਬਲ ਦੇ ਅਸੂਲਾਂ ਤੇ ਨਹੀਂ ਚੱਲਦਾ?—1 ਤਿਮੋਥਿਉਸ 6:10.
32. ਯੂਹੰਨਾ ਨੇ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਅਸੀਂ ਇਸ ਉੱਤੇ ਕਿਵੇਂ ਅਮਲ ਕਰ ਸਕਦੇ ਹਾਂ?
32 ਅਸੀਂ ਭਾਵੇਂ ਅਮੀਰ ਹੋਈਏ ਜਾਂ ਗ਼ਰੀਬ, ਪਰ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲੀ ਥਾਂ ਦੇਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯੂਹੰਨਾ ਰਸੂਲ ਦੇ ਸ਼ਬਦ ਯਾਦ ਰੱਖੀਏ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ।” (1 ਯੂਹੰਨਾ 2:15) ਇਹ ਸੱਚ ਹੈ ਕਿ ਇਸ ਦੁਨੀਆਂ ਵਿਚ ਜੀਉਂਦੇ ਰਹਿਣ ਲਈ ਸਾਨੂੰ ਪੈਸਿਆਂ ਦੀ ਜ਼ਰੂਰਤ ਹੈ। (2 ਥੱਸਲੁਨੀਕੀਆਂ 3:10) ਇਸ ਲਈ ਅਸੀਂ ‘ਸੰਸਾਰ ਨੂੰ ਵਰਤਦੇ’ ਹਾਂ, ਲੇਕਿਨ ਅਸੀਂ ਇਸ ਨੂੰ “ਹੱਦੋਂ ਵਧਕੇ ਨਹੀਂ ਵਰਤਦੇ।” (1 ਕੁਰਿੰਥੀਆਂ 7:31) ਜੇਕਰ ਅਸੀਂ ਪੈਸਿਆਂ ਅਤੇ ਚੀਜ਼ਾਂ ਨਾਲ ਬੇਹੱਦ ਪਿਆਰ ਕਰਦੇ ਹਾਂ, ਯਾਨੀ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿਚ ਹਨ, ਤਾਂ ਅਸੀਂ ਯਹੋਵਾਹ ਨਾਲ ਪ੍ਰੇਮ ਨਹੀਂ ਕਰਦੇ। ‘ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ’ ਮਗਰ ਲੱਗਣ ਨਾਲ ਅਸੀਂ ਪਰਮੇਸ਼ੁਰ ਦੀ ਇੱਛਾ ਉੱਤੇ ਨਹੀਂ ਚੱਲ ਸਕਦੇ।d ਪਰਮੇਸ਼ੁਰ ਦੀ ਇੱਛਾ ਉੱਤੇ ਚੱਲਣ ਨਾਲ ਹੀ ਸਦੀਪਕ ਜੀਵਨ ਮਿਲਦਾ ਹੈ।—1 ਯੂਹੰਨਾ 2:16, 17.
33. ਮਸੀਹੀ ਉਸ ਫੰਦੇ ਤੋਂ ਕਿਵੇਂ ਬਚ ਸਕਦੇ ਹਨ ਜਿਸ ਨੇ ਸੂਰ ਨੂੰ ਫਸਾਇਆ ਸੀ?
33 ਹੋਰ ਸਾਰੀਆਂ ਗੱਲਾਂ ਨੂੰ ਛੱਡ ਕੇ ਧਨ-ਦੌਲਤ ਦੇ ਪਿੱਛੇ ਲੱਗਣ ਦੇ ਫੰਦੇ ਨੇ ਸੂਰ ਦੇ ਲੋਕਾਂ ਨੂੰ ਫਸਾਇਆ ਸੀ। ਉਹ ਸ਼ਹਿਰ ਅਮੀਰ ਸੀ, ਪਰ ਉਹ ਬਹੁਤ ਘਮੰਡੀ ਬਣ ਗਿਆ ਅਤੇ ਉਸ ਦੇ ਘਮੰਡ ਕਰਕੇ ਉਸ ਨੂੰ ਸਜ਼ਾ ਦਿੱਤੀ ਗਈ। ਉਹ ਦੀ ਮਿਸਾਲ ਅੱਜ ਕੌਮਾਂ ਅਤੇ ਇਨਸਾਨਾਂ ਲਈ ਇਕ ਚੇਤਾਵਨੀ ਹੈ। ਕਿੰਨਾ ਬਿਹਤਰ ਹੈ ਕਿ ਅਸੀਂ ਪੌਲੁਸ ਰਸੂਲ ਦੀ ਸਲਾਹ ਉੱਤੇ ਚੱਲੀਏ! ਉਸ ਨੇ ਮਸੀਹੀਆਂ ਨੂੰ ਕਿਹਾ ਕਿ ਉਹ “ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।”—1 ਤਿਮੋਥਿਉਸ 6:17.
[ਫੁਟਨੋਟ]
a ਕੁਝ ਵਿਦਵਾਨਾਂ ਨੇ ਤਰਸ਼ੀਸ਼ ਦਾ ਸੰਬੰਧ ਪੱਛਮੀ ਭੂਮੱਧ ਸਾਗਰ ਵਿਚ ਸਾਰਡੀਨੀਆ ਨਾਂ ਦੇ ਇਕ ਟਾਪੂ ਨਾਲ ਜੋੜਿਆ ਹੈ। ਸਾਰਡੀਨੀਆ ਵੀ ਸੂਰ ਤੋਂ ਕਾਫ਼ੀ ਦੂਰ ਸੀ।
b ਸਫ਼ੇ 200-207 ਉੱਤੇ ਇਸ ਪੁਸਤਕ ਦਾ ਪੰਦ੍ਹਰਵਾਂ ਅਧਿਆਇ ਦੇਖੋ।
c ਜਾਂ ਇਹ ਹੋ ਸਕਦਾ ਹੈ ਕਿ ‘ਤਰਸ਼ੀਸ਼ ਦੀ ਧੀ’ ਸ਼ਬਦ ਉਸ ਦੇ ਵਾਸੀਆਂ ਨੂੰ ਸੰਕੇਤ ਕਰਦੇ ਹੋਣ। ਇਕ ਪੁਸਤਕ ਕਹਿੰਦੀ ਹੈ ਕਿ “ਤਰਸ਼ੀਸ਼ ਦੇ ਵਾਸੀ ਹੁਣ ਸਫ਼ਰ ਅਤੇ ਵਪਾਰ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਉਸ ਨੀਲ ਦਰਿਆ ਦੀ ਤਰ੍ਹਾਂ ਜਦੋਂ ਉਹ ਸਾਰੇ ਪਾਸੀਂ ਵਹਿੰਦਾ ਹੈ।” ਫਿਰ ਵੀ, ਸੂਰ ਦੇ ਨਾਸ਼ ਦੇ ਬੁਰੇ ਨਤੀਜਿਆਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ।
d ਯੂਨਾਨੀ-ਅੰਗ੍ਰੇਜ਼ੀ ਦੇ ਇਕ ਸ਼ਬਦ ਕੋਸ਼ ਅਨੁਸਾਰ “ਅਭਮਾਨ” ਯੂਨਾਨੀ ਸ਼ਬਦ ਆਲਾਜ਼ੋਨਿਆ ਦਾ ਤਰਜਮਾ ਹੈ, ਜਿਸ ਦਾ ਅਰਥ ਹੈ “ਫੋਕਾ ਘਮੰਡ ਜੋ ਦੁਨਿਆਵੀ ਚੀਜ਼ਾਂ ਉੱਤੇ ਭਰੋਸਾ ਰੱਖਦਾ ਹੈ।”
[ਸਫ਼ੇ 256 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਯੂਰਪ
ਸਪੇਨ (ਤਰਸ਼ੀਸ਼ ਸ਼ਾਇਦ ਇਸ ਜਗ੍ਹਾ ਤੇ ਸੀ)
ਭੂਮੱਧ ਸਾਗਰ
ਸਾਰਡੀਨੀਆ
ਸਾਈਪ੍ਰਸ
ਏਸ਼ੀਆ
ਸਾਈਡਨ
ਸੂਰ
ਅਫ਼ਰੀਕਾ
ਮਿਸਰ
[ਸਫ਼ਾ 250 ਉੱਤੇ ਤਸਵੀਰ]
ਸੂਰ ਨੇ ਅੱਸ਼ੂਰ ਦੇ ਅੱਗੇ ਨਹੀਂ, ਪਰ ਬਾਬਲ ਦੇ ਅੱਗੇ ਹਾਰ ਮੰਨੀ
[ਸਫ਼ਾ 256 ਉੱਤੇ ਤਸਵੀਰ]
ਇਕ ਸਿੱਕਾ ਜਿਸ ਉੱਤੇ ਸੂਰ ਦੇ ਮੁੱਖ ਦੇਵਤੇ ਮੈਲਕੋਟ ਦੀ ਤਸਵੀਰ ਹੈ
[ਸਫ਼ਾ 256 ਉੱਤੇ ਤਸਵੀਰ]
ਕਨਾਨੀ ਜਹਾਜ਼ ਦਾ ਛੋਟਾ ਨਮੂਨਾ