ਮਨੁੱਖਜਾਤੀ ਨੂੰ ਇਕ ਸਹਾਇਕ ਦੀ ਜ਼ਰੂਰਤ ਕਿਉਂ ਹੈ?
ਇਕ ਘਮੰਡੀ ਅਤੇ ਹਿੰਸਕ ਆਦਮੀ ਨੇ ਆਪਣੇ ਮੂੰਹੋਂ ਕਬੂਲ ਕੀਤਾ ਕਿ ‘ਮੈਂ ਪਹਿਲਾਂ ਇਕ ਸਤਾਉਣ ਵਾਲਾ ਅਤੇ ਧੱਕੇਖੋਰਾ ਹੁੰਦਾ ਸੀ।’ ਉਹ ਗਾਲ਼ਾ ਕੱਢਦਾ ਅਤੇ ਕੁਫ਼ਰ ਬੱਕਦਾ ਹੁੰਦਾ ਸੀ। ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਯਿਸੂ ਮਸੀਹ ਦੇ ਚੇਲਿਆਂ ਨੂੰ ਬਹੁਤ ਤੰਗ ਕਰਦਾ ਹੁੰਦਾ ਸੀ। ਉਸ ਨੇ ਉਨ੍ਹਾਂ ਉੱਤੇ ਕਈ ਹਮਲੇ ਕੀਤੇ ਅਤੇ ਉਸ ਦੇ ਦਿਲ ਵਿਚ ਉਨ੍ਹਾਂ ਲਈ ਕੋਈ ਦਇਆ ਨਹੀਂ ਸੀ। “ਪਰ” ਉਸ ਨੇ ਸ਼ੁਕਰਗੁਜ਼ਾਰੀ ਨਾਲ ਦੱਸਿਆ ਕਿ ‘ਉਸ ਉੱਤੇ ਰਹਮ ਹੋਇਆ।’ ਸ਼ਾਇਦ ਇਹ ਕਾਫ਼ੀ ਹੈਰਾਨੀ ਵਾਲੀ ਗੱਲ ਲੱਗੇ, ਪਰ ਇਹ ਕ੍ਰੋਧਵਾਨ ਬੰਦਾ ਬਾਅਦ ਵਿਚ ਵਫ਼ਾਦਾਰ ਪੌਲੁਸ ਰਸੂਲ ਬਣਿਆ।—1 ਤਿਮੋਥਿਉਸ 1:12-16; ਰਸੂਲਾਂ ਦੇ ਕਰਤੱਬ 9:1-19.
ਸਾਰਿਆਂ ਲੋਕਾਂ ਨੇ ਪੌਲੁਸ ਵਰਗੇ ਖ਼ਰਾਬ ਕੰਮ ਨਹੀਂ ਕੀਤੇ ਹਨ। ਪਰ ਅਸੀਂ ਸਾਰੇ ਜਣੇ ਕਿਸੇ-ਨ-ਕਿਸੇ ਤਰ੍ਹਾਂ ਰੱਬ ਨੂੰ ਪ੍ਰਸੰਨ ਕਰਨ ਤੋਂ ਰਹਿ ਜਾਂਦੇ ਹਾਂ। ਕਿਉਂ? ਕਿਉਂਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਇਸ ਤੋਂ ਇਲਾਵਾ, ਇਸ ਤਰ੍ਹਾਂ ਮਹਿਸੂਸ ਕਰਨਾ ਕਿੰਨਾ ਆਸਾਨ ਹੈ ਕਿ ਅਸੀਂ ਰੱਬ ਦੀ ਕਿਰਪਾ ਕਦੇ ਵੀ ਨਹੀਂ ਪਾ ਸਕਦੇ ਕਿਉਂਕਿ ਅਸੀਂ ਉਸ ਦੀਆਂ ਨਜ਼ਰਾਂ ਵਿਚ ਬਹੁਤ ਬੁਰੇ ਇਨਸਾਨ ਹਾਂ। ਆਪਣੇ ਪਾਪੀ ਝੁਕਾਉ ਬਾਰੇ ਸੋਚਦੇ ਹੋਏ ਪੌਲੁਸ ਨੇ ਕਿਹਾ ਕਿ “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?” ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਉਸ ਨੇ ਲਿਖਿਆ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!”—ਰੋਮੀਆਂ 7:24, 25.
ਧਰਮੀ ਗੁਣਾਂ ਵਾਲੇ ਸ੍ਰਿਸ਼ਟੀਕਰਤਾ ਦਾ ਪਾਪੀ ਲੋਕਾਂ ਨਾਲ ਕੀ ਵਾਸਤਾ ਹੋ ਸਕਦਾ ਹੈ? (ਜ਼ਬੂਰ 5:4) ਧਿਆਨ ਦਿਓ ਕਿ ਪੌਲੁਸ ਨੇ ਕਿਹਾ ਸੀ ਕਿ “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” ਪਰਮੇਸ਼ੁਰ ਦੀ ਕਿਰਪਾ ਪਾਉਣ ਵਾਲੇ ਇਕ ਹੋਰ ਬੰਦੇ ਨੇ ਕਿਹਾ ਕਿ “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ਅਤੇ ਉਹ ਸਾਡਿਆਂ ਪਾਪਾਂ ਦਾ ਪਰਾਸਚਿੱਤ ਹੈ ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।”—1 ਯੂਹੰਨਾ 2:1, 2.
ਯਿਸੂ ਮਸੀਹ ਨੂੰ ‘ਪਿਤਾ ਦੇ ਕੋਲ ਸਾਡਾ ਇੱਕ ਸਹਾਇਕ’ ਕਿਉਂ ਸੱਦਿਆ ਜਾਂਦਾ ਹੈ? ਅਤੇ ਯਿਸੂ ਪਾਪਾਂ ਦਾ “ਪਰਾਸਚਿੱਤ” ਕਿਸ ਤਰ੍ਹਾਂ ਹੈ?
ਇਕ ਸਹਾਇਕ ਦੀ ਜ਼ਰੂਰਤ ਕਿਉਂ ਖੜ੍ਹੀ ਹੋਈ
ਯਿਸੂ ਇਸ ਧਰਤੀ ਉੱਤੇ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਰਿਹਾਈ ਜਾਂ ਨਿਸਤਾਰੇ ਦਾ ਮੁੱਲ ਕਿਸੇ ਇਨਸਾਨ ਜਾਂ ਚੀਜ਼ ਨੂੰ ਛੁਡਾਉਣ ਲਈ ਭਰਿਆ ਜਾਂਦਾ ਹੈ। ਤਰਜਮਾ ਕੀਤੇ ਗਏ ਇਬਰਾਨੀ ਸ਼ਬਦ “ਨਿਸਤਾਰੇ” ਦੇ ਕ੍ਰਿਆ ਰੂਪ ਦਾ ਅਰਥ ਹੈ ਬੁਰਿਆਈ ਨੂੰ ਖਿਮਾ ਕਰਨਾ ਜਾਂ ਮਿਟਾਉਣਾ। (ਜ਼ਬੂਰ 78:38) ਮੱਤੀ 20:28 ਤੇ ਪਾਇਆ ਜਾਂਦਾ ਯੂਨਾਨੀ ਸ਼ਬਦ ਖ਼ਾਸ ਕਰਕੇ ਉਨ੍ਹਾਂ ਮੌਕਿਆਂ ਤੇ ਵਰਤਿਆ ਜਾਂਦਾ ਸੀ ਜਦੋਂ ਯੁੱਧ ਦੇ ਕੈਦੀਆਂ ਲਈ ਨਿਸਤਾਰੇ ਦਾ ਮੁੱਲ ਭਰਿਆ ਜਾਂਦਾ ਸੀ ਜਾਂ ਗ਼ੁਲਾਮਾਂ ਨੂੰ ਰਿਹਾ ਕੀਤਾ ਜਾਂਦਾ ਸੀ। ਇਨਸਾਫ਼ ਲਈ ਇਕ ਚੀਜ਼ ਦੇ ਵੱਟੇ ਬਰਾਬਰ ਦੀ ਕੀਮਤ ਦਿੱਤੀ ਜਾਂਦੀ ਸੀ।
ਪਹਿਲੇ ਬੰਦੇ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਕਰ ਕੇ ਮਨੁੱਖਜਾਤੀ ਨੂੰ ਗ਼ੁਲਾਮ ਬਣਾਇਆ ਸੀ। ਜਿਸ ਤਰ੍ਹਾਂ ਉਤਪਤ ਦੇ ਤੀਜੇ ਅਧਿਆਇ ਵਿਚ ਦਿਖਾਇਆ ਗਿਆ ਹੈ, ਉਹ ਸੰਪੂਰਣ ਬੰਦਾ ਆਦਮ, ਯਹੋਵਾਹ ਪਰਮੇਸ਼ੁਰ ਪ੍ਰਤੀ ਅਣਆਗਿਆਕਾਰ ਬਣਿਆ। ਇਸ ਤਰ੍ਹਾਂ ਕਰਨ ਨਾਲ ਉਸ ਨੇ ਆਪਣੇ ਆਪ ਨੂੰ ਅਤੇ ਆਪਣੀ ਅਣਜੰਮੀ ਸੰਤਾਨ ਨੂੰ ਪਾਪ ਅਤੇ ਮੌਤ ਦੇ ਗ਼ੁਲਾਮ ਬਣਾ ਦਿੱਤਾ। ਆਦਮ ਨੇ ਸੰਪੂਰਣ ਮਨੁੱਖੀ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਨਹੀਂ ਕੀਤੀ। ਇਸ ਤਰ੍ਹਾਂ ਉਸ ਨੇ ਆਪਣੇ ਵਾਸਤੇ ਅਤੇ ਆਪਣੀ ਸਾਰੀ ਸੰਤਾਨ ਲਈ ਸਭ ਕੁਝ ਗੁਆ ਦਿੱਤਾ।—ਰੋਮੀਆਂ 5:12, 18, 19; 7:14.
ਪ੍ਰਾਚੀਨ ਇਸਰਾਏਲ ਵਿਚ ਪਰਮੇਸ਼ੁਰ ਨੇ ਲੋਕਾਂ ਦੇ ਪਾਪਾਂ ਦੇ ਪ੍ਰਾਸਚਿਤ ਲਈ, ਜਾਂ ਉਨ੍ਹਾਂ ਨੂੰ ਖਿਮਾ ਕਰਨ ਲਈ, ਪਸ਼ੂਆਂ ਦੀਆਂ ਬਲੀਆਂ ਦਾ ਪ੍ਰਬੰਧ ਕੀਤਾ ਸੀ। (ਲੇਵੀਆਂ 1:4; 4:20, 35) ਦਰਅਸਲ, ਬਲੀ ਦੇ ਪਸ਼ੂ ਦਾ ਜੀਵਨ ਪਾਪੀ ਬੰਦੇ ਦੀ ਥਾਂ ਦਿੱਤਾ ਜਾਂਦਾ ਸੀ। (ਲੇਵੀਆਂ 17:11) ਇਸ ਕਰਕੇ ‘ਪ੍ਰਾਸਚਿਤ ਦੇ ਦਿਨ’ ਨੂੰ “ਰਿਹਾਈਆਂ ਦਾ ਦਿਨ” ਵੀ ਸੱਦਿਆ ਜਾ ਸਕਦਾ ਸੀ।—ਲੇਵੀਆਂ 23:26-28.
ਪਰ ਕਿਉਂਕਿ ਸ੍ਰਿਸ਼ਟੀ ਵਿਚ ਮਨੁੱਖਾਂ ਨਾਲੋਂ ਪਸ਼ੂ ਨੀਵੇਂ ਦਰਜੇ ਤੇ ਹਨ, ਇਹ “ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ [ਪੂਰੀ ਤਰ੍ਹਾਂ] ਲੈ ਜਾਵੇ।” (ਇਬਰਾਨੀਆਂ 10:1-4) ਪਾਪਾਂ ਦੇ ਪ੍ਰਾਸਚਿਤ ਲਈ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾਉਣ ਲਈ ਇਕ ਬਲੀਦਾਨ ਨੂੰ ਆਦਮ ਦੁਆਰਾ ਗੁਆਈ ਚੀਜ਼ ਦੇ ਬਰਾਬਰ ਹੋਣ ਦੀ ਜ਼ਰੂਰਤ ਸੀ। ਨਿਆਂ ਅਨੁਸਾਰ ਇਕ ਸੰਪੂਰਣ ਮਨੁੱਖ (ਯਿਸੂ ਮਸੀਹ) ਹੀ ਇਹ ਜ਼ਰੂਰਤ ਪੂਰੀ ਕਰ ਸਕਦਾ ਸੀ। ਸਿਰਫ਼ ਇਕ ਸੰਪੂਰਣ ਜੀਵਨ ਹੀ ਆਦਮ ਦੀ ਸੰਤਾਨ ਨੂੰ ਉਸ ਗ਼ੁਲਾਮੀ ਤੋਂ ਬਚਾ ਸਕਦਾ ਸੀ ਜਿਸ ਵਿਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵੇਚ ਦਿੱਤਾ ਸੀ। “ਜੀਵਨ ਦੇ ਵੱਟੇ ਜੀਵਨ” ਅਨੁਸਾਰ ਹੀ ਸੱਚਾ ਨਿਆਂ ਪੂਰਾ ਕੀਤਾ ਜਾ ਸਕਦਾ ਸੀ।—ਕੂਚ 21:23-25.
ਜਦੋਂ ਆਦਮ ਨੇ ਪਾਪ ਕੀਤਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਸ ਦੀ ਸੰਤਾਨ ਹਾਲੇ ਪੈਦਾ ਨਹੀਂ ਹੋਈ ਸੀ। ਇਸ ਲਈ ਉਹ ਉਸ ਦੇ ਨਾਲ ਹੀ ਮਰ ਗਈ। ਸੰਪੂਰਣ ਮਨੁੱਖ ਯਿਸੂ, ਮਤਲਬ ਕਿ ‘ਛੇਕੜਲੇ ਆਦਮ’ ਨੇ ਰਜ਼ਾਮੰਦੀ ਨਾਲ ਆਪਣਾ ਪਰਿਵਾਰ ਪੈਦਾ ਨਹੀਂ ਕੀਤਾ। (1 ਕੁਰਿੰਥੀਆਂ 15:45) ਜਦੋਂ ਉਹ ਇਕ ਸੰਪੂਰਣ ਮਨੁੱਖੀ ਬਲੀਦਾਨ ਵਜੋਂ ਮਾਰਿਆ ਗਿਆ ਸੀ ਉਸ ਦੀ ਕੋਈ ਸੰਤਾਨ ਨਹੀਂ ਸੀ। ਇਸ ਲਈ, ਇਹ ਕਿਹਾ ਜਾ ਸਕਦਾ ਹੈ ਕਿ ਸਾਰੀ ਸੰਭਾਵੀ ਮਨੁੱਖਜਾਤੀ ਉਸ ਦੇ ਨਾਲ ਹੀ ਮਰ ਗਈ। ਯਿਸੂ ਨੇ ਆਪਣੇ ਬੱਚੇ ਪੈਦਾ ਕਰਨ ਦੀ ਬਜਾਇ ਆਦਮ ਦਾ ਪਾਪੀ ਅਤੇ ਮਰ ਰਿਹਾ ਪਰਿਵਾਰ ਅਪਣਾ ਲਿਆ। ਆਪਣਾ ਸੰਪੂਰਣ ਮਨੁੱਖੀ ਜੀਵਨ ਬਲੀਦਾਨ ਕਰ ਕੇ, ਯਿਸੂ ਨੇ ਆਦਮ ਤੋਂ ਪੈਦਾ ਹੋਈ ਸਾਰੀ ਮਨੁੱਖਜਾਤੀ ਮੁੜ ਕੇ ਖ਼ਰੀਦ ਲਈ ਤਾਂਕਿ ਉਹ ਹੁਣ ਉਸ ਦਾ ਪਰਿਵਾਰ ਬਣ ਸਕਣ। ਇਸ ਤਰ੍ਹਾਂ ਉਹ ਉਨ੍ਹਾਂ ਦਾ “ਅਨਾਦੀ ਪਿਤਾ” ਬਣਿਆ।—ਯਸਾਯਾਹ 9:6, 7.
ਯਿਸੂ ਦੇ ਬਲੀਦਾਨ ਨੇ ਆਗਿਆਕਾਰ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਅਤੇ ਸਦਾ ਦਾ ਜੀਵਨ ਮੁਮਕਿਨ ਬਣਾਉਣ ਲਈ ਰਾਹ ਖੋਲ੍ਹਿਆ। ਇਸ ਵਾਸਤੇ ਪੌਲੁਸ ਰਸੂਲ ਨੇ ਲਿਖਿਆ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਅਸੀਂ ਰਿਹਾਈ ਦੇ ਪ੍ਰਬੰਧ ਲਈ ਦਿੱਲੋਂ ਯਹੋਵਾਹ ਦੀ ਪ੍ਰਸ਼ੰਸਾ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਇਸ ਦੁਆਰਾ ਉਸ ਨੇ ਆਪਣਾ ਪ੍ਰੇਮ ਅਤੇ ਰਹਿਮ ਦਿਖਾਇਆ। ਅਜਿਹਾ ਬਲੀਦਾਨ ਉਸ ਨੂੰ ਅਤੇ ਉਸ ਦੇ ਪਿਆਰੇ ਪੁੱਤਰ ਨੂੰ ਬਹੁਤ ਮਹਿੰਗਾ ਪਿਆ ਸੀ। (ਯੂਹੰਨਾ 3:16) ਸੱਚ-ਮੁੱਚ, ਯਿਸੂ ਉਦੋਂ “ਪਿਤਾ ਦੇ ਕੋਲ ਸਾਡਾ ਇੱਕ ਸਹਾਇਕ” ਸਾਬਤ ਹੋਇਆ ਜਦੋਂ ਉਹ ਸਵਰਗੀ ਜੀਵਨ ਲਈ ਜੀ ਉਠਾਇਆ ਗਿਆ ਸੀ ਅਤੇ ਉਸ ਨੇ ਪਰਮੇਸ਼ੁਰ ਦੇ ਸਨਮੁਖ ਆਪਣੇ ਬਲੀਦਾਨ ਦੀ ਕੀਮਤ ਪੇਸ਼ ਕੀਤੀ ਸੀ।a (ਇਬਰਾਨੀਆਂ 9:11, 12, 24; 1 ਪਤਰਸ 3:18) ਪਰ ਯਿਸੂ ਮਸੀਹ ਸਵਰਗ ਵਿਚ ਹੁਣ ਸਾਡਾ ਸਹਾਇਕ ਕਿਸ ਤਰ੍ਹਾਂ ਸਾਬਤ ਹੋ ਰਿਹਾ ਹੈ?
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦਾ ਚੌਥਾ ਅਤੇ ਸੱਤਵਾਂ ਅਧਿਆਇ ਦੇਖੋ।
[ਸਫ਼ੇ 4 ਉੱਤੇ ਤਸਵੀਰ]
ਯਿਸੂ ਦੇ ਸੰਪੂਰਣ ਮਨੁੱਖੀ ਜੀਵਨ ਨੇ ਆਦਮ ਦੀ ਸੰਤਾਨ ਨੂੰ ਬਚਾਉਣ ਦੀ ਕੀਮਤ ਚੁਕਾਈ