ਪਹਿਲਾ ਅਧਿਆਇ
“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”
1, 2. (ੳ) ਜੇ ਤੁਹਾਨੂੰ ਮੌਕਾ ਮਿਲੇ, ਤਾਂ ਤੁਸੀਂ ਪਰਮੇਸ਼ੁਰ ਨੂੰ ਕਿਹੋ ਜਿਹੇ ਸਵਾਲ ਪੁੱਛੋਗੇ? (ਅ) ਮੂਸਾ ਨੇ ਕੀ ਪੁੱਛਿਆ ਸੀ?
ਜ਼ਰਾ ਸੋਚੋ ਕਿ ਤੁਹਾਨੂੰ ਪਰਮੇਸ਼ੁਰ ਦੇ ਹਜ਼ੂਰ ਆ ਕੇ ਉਸ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਇਹ ਖ਼ਿਆਲ ਆਉਂਦੇ ਹੀ ਸ਼ਾਇਦ ਤੁਹਾਡਾ ਸਿਰ ਸ਼ਰਧਾ ਨਾਲ ਝੁੱਕ ਜਾਵੇ ਕਿ ਸਾਰੇ ਵਿਸ਼ਵ ਦਾ ਅੱਤ ਮਹਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ! ਉਸ ਦੀ ਆਵਾਜ਼ ਸੁਣ ਕੇ ਪਹਿਲਾਂ ਤਾਂ ਸ਼ਾਇਦ ਤੁਹਾਡਾ ਸਾਹ ਸੁੱਕ ਜਾਵੇ, ਪਰ ਫਿਰ ਤੁਸੀਂ ਹੌਲੀ-ਹੌਲੀ ਹੁੰਗਾਰਾ ਭਰਨ ਲੱਗ ਪੈਂਦੇ ਹੋ। ਉਹ ਤੁਹਾਡੀ ਗੱਲ ਸੁਣਦਾ ਹੈ, ਤੁਹਾਨੂੰ ਜਵਾਬ ਦਿੰਦਾ ਹੈ ਅਤੇ ਇਸ ਨਾਲ ਤੁਹਾਨੂੰ ਹੌਸਲਾ ਹੋ ਜਾਂਦਾ ਹੈ ਕਿ ਤੁਸੀਂ ਉਸ ਤੋਂ ਕੁਝ ਵੀ ਪੁੱਛ ਸਕਦੇ ਹੋ। ਹੁਣ ਸੋਚੋ, ਤੁਸੀਂ ਉਸ ਨੂੰ ਕੀ ਪੁੱਛੋਗੇ?
2 ਕਈ ਸਾਲ ਪਹਿਲਾਂ ਇਕ ਆਦਮੀ ਰਹਿੰਦਾ ਸੀ ਜਿਸ ਨੂੰ ਅਜਿਹਾ ਹੀ ਮੌਕਾ ਮਿਲਿਆ। ਉਸ ਦਾ ਨਾਂ ਸੀ ਮੂਸਾ। ਪਰ ਉਸ ਨੇ ਪਰਮੇਸ਼ੁਰ ਨੂੰ ਜੋ ਸਵਾਲ ਪੁੱਛਿਆ ਸੀ ਤੁਸੀਂ ਉਸ ਨੂੰ ਸੁਣ ਕੇ ਸ਼ਾਇਦ ਹੈਰਾਨ ਹੋਵੋ। ਉਸ ਨੇ ਨਾ ਤਾਂ ਆਪਣੇ ਬਾਰੇ, ਨਾ ਆਪਣੇ ਭਵਿੱਖ ਬਾਰੇ ਅਤੇ ਨਾ ਹੀ ਮਨੁੱਖਜਾਤੀ ਦੀ ਮਾੜੀ ਹਾਲਤ ਬਾਰੇ ਕੁਝ ਪੁੱਛਿਆ ਸੀ। ਇਸ ਦੀ ਬਜਾਇ, ਉਸ ਨੇ ਪਰਮੇਸ਼ੁਰ ਦਾ ਨਾਂ ਪੁੱਛਿਆ। ਤੁਹਾਨੂੰ ਇਹ ਸ਼ਾਇਦ ਅਜੀਬ ਲੱਗੇ ਕਿਉਂਕਿ ਮੂਸਾ ਪਹਿਲਾਂ ਹੀ ਪਰਮੇਸ਼ੁਰ ਦਾ ਨਾਂ ਜਾਣਦਾ ਸੀ। ਉਸ ਦੇ ਸਵਾਲ ਪੁੱਛਣ ਦਾ ਫਿਰ ਜ਼ਰੂਰ ਕੋਈ ਹੋਰ ਕਾਰਨ ਸੀ। ਦਰਅਸਲ ਮੂਸਾ ਇਸ ਤੋਂ ਹੋਰ ਕੋਈ ਜ਼ਰੂਰੀ ਸਵਾਲ ਪੁੱਛ ਹੀ ਨਹੀਂ ਸਕਦਾ ਸੀ। ਇਸ ਸਵਾਲ ਦੇ ਜਵਾਬ ਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪੈਂਦਾ ਹੈ। ਇਸ ਨੂੰ ਜਾਣ ਕੇ ਤੁਸੀਂ ਪਰਮੇਸ਼ੁਰ ਦੇ ਨੇੜੇ ਆਉਣ ਲਈ ਇਕ ਜ਼ਰੂਰੀ ਕਦਮ ਚੁੱਕ ਸਕਦੇ ਹੋ। ਇਸ ਕਦਮ ਬਾਰੇ ਜਾਣਨ ਲਈ ਆਓ ਆਪਾਂ ਉਨ੍ਹਾਂ ਦੋਹਾਂ ਵਿਚ ਹੋਈ ਗੱਲਬਾਤ ਵੱਲ ਧਿਆਨ ਦੇਈਏ।
3, 4. ਮੂਸਾ ਅਤੇ ਪਰਮੇਸ਼ੁਰ ਦਰਮਿਆਨ ਗੱਲਬਾਤ ਹੋਣ ਤੋਂ ਪਹਿਲਾਂ ਕੀ ਵਾਪਰਿਆ ਸੀ ਅਤੇ ਉਨ੍ਹਾਂ ਦੀ ਗੱਲਬਾਤ ਦਾ ਕੀ ਨਿਚੋੜ ਸੀ?
3 ਮੂਸਾ ਉਸ ਵੇਲੇ 80 ਸਾਲਾਂ ਦਾ ਸੀ। ਉਸ ਦੇ ਆਪਣੇ ਲੋਕ ਯਾਨੀ ਇਸਰਾਏਲੀ ਮਿਸਰ ਵਿਚ ਗ਼ੁਲਾਮ ਸਨ ਅਤੇ ਉਹ 40 ਸਾਲਾਂ ਤੋਂ ਉਨ੍ਹਾਂ ਤੋਂ ਦੂਰ ਰਹਿ ਰਿਹਾ ਸੀ। ਇਕ ਦਿਨ, ਜਦ ਉਹ ਆਪਣੇ ਸਹੁਰੇ ਦੀਆਂ ਭੇਡਾਂ ਚਾਰ ਰਿਹਾ ਸੀ, ਤਾਂ ਉਸ ਨੇ ਇਕ ਅਜੀਬ ਜਿਹੀ ਚੀਜ਼ ਦੇਖੀ। ਇਕ ਝਾੜੀ ਨੂੰ ਅੱਗ ਲੱਗੀ ਹੋਈ ਸੀ ਪਰ ਉਹ ਭਸਮ ਨਹੀਂ ਹੋ ਰਹੀ ਸੀ। ਉਹ ਪਹਾੜ ਉੱਤੇ ਮਸ਼ਾਲ ਦੀ ਤਰ੍ਹਾਂ ਚਮਕ ਰਹੀ ਸੀ। ਮੂਸਾ ਉਸ ਨੂੰ ਚੰਗੀ ਤਰ੍ਹਾਂ ਦੇਖਣ ਲਈ ਉਸ ਦੇ ਲਾਗੇ ਗਿਆ। ਉਹ ਕਿੰਨਾ ਹੈਰਾਨ ਹੋਇਆ ਹੋਣਾ ਜਦੋਂ ਅੱਗ ਵਿੱਚੋਂ ਉਸ ਨੇ ਆਵਾਜ਼ ਸੁਣੀ! ਫਿਰ ਇਕ ਦੂਤ ਦੇ ਰਾਹੀਂ ਪਰਮੇਸ਼ੁਰ ਅਤੇ ਮੂਸਾ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਅਤੇ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਉਸ ਸਮੇਂ ਪਰਮੇਸ਼ੁਰ ਨੇ ਮੂਸਾ ਨੂੰ ਇਕ ਵੱਡਾ ਕੰਮ ਸੌਂਪਿਆ ਸੀ ਕਿ ਉਹ ਆਪਣੀ ਸੁੱਖ-ਭਰੀ ਜ਼ਿੰਦਗੀ ਪਿੱਛੇ ਛੱਡ ਕੇ ਮਿਸਰ ਵਾਪਸ ਜਾਵੇ ਅਤੇ ਇਸਰਾਏਲੀਆਂ ਨੂੰ ਗ਼ੁਲਾਮੀ ਤੋਂ ਛੁਡਾਵੇ।—ਕੂਚ 3:1-12.
4 ਉਸ ਸਮੇਂ ਮੂਸਾ ਪਰਮੇਸ਼ੁਰ ਤੋਂ ਜੋ ਮਰਜ਼ੀ ਪੁੱਛਣਾ ਚਾਹੇ ਪੁੱਛ ਸਕਦਾ ਸੀ। ਪਰ ਨੋਟ ਕਰੋ ਕਿ ਉਸ ਨੇ ਕੀ ਪੁੱਛਿਆ: “ਵੇਖ ਜਦ ਮੈਂ ਇਸਰਾਏਲੀਆਂ ਦੇ ਕੋਲ ਜਾਵਾਂ ਅਰ ਉਨ੍ਹਾਂ ਨੂੰ ਆਖਾਂ ਭਈ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ ਤਾਂ ਓਹ ਮੈਨੂੰ ਆਖਣਗੇ ਭਈ ਉਸ ਦਾ ਨਾਮ ਕੀ ਹੈ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ?”—ਕੂਚ 3:13.
5, 6. (ੳ) ਮੂਸਾ ਦੇ ਸਵਾਲ ਤੋਂ ਸਾਨੂੰ ਕਿਹੜੀ ਅਹਿਮ ਅਸਲੀਅਤ ਪਤਾ ਚੱਲਦੀ ਹੈ? (ਅ) ਪਰਮੇਸ਼ੁਰ ਦੇ ਨਾਂ ਨਾਲ ਕਿਹੜੀ ਮਾੜੀ ਗੱਲ ਕੀਤੀ ਗਈ ਹੈ? (ੲ) ਪਰਮੇਸ਼ੁਰ ਨੇ ਆਪਣਾ ਨਾਂ ਕਿਉਂ ਪ੍ਰਗਟ ਕੀਤਾ ਹੈ?
5 ਸਭ ਤੋਂ ਪਹਿਲਾਂ ਇਸ ਸਵਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਸਾਨੂੰ ਇਸ ਅਸਲੀਅਤ ਨੂੰ ਛੋਟੀ ਜਿਹੀ ਗੱਲ ਨਹੀਂ ਸਮਝਣਾ ਚਾਹੀਦਾ ਜਿਵੇਂ ਕਈ ਲੋਕ ਸਮਝਦੇ ਹਨ। ਪਰਮੇਸ਼ੁਰ ਦਾ ਨਾਂ ਬਾਈਬਲ ਦੇ ਕਈਆਂ ਤਰਜਮਿਆਂ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਤੇ “ਪ੍ਰਭੂ” ਅਤੇ “ਪਰਮੇਸ਼ੁਰ” ਵਰਗੇ ਖ਼ਿਤਾਬ ਵਰਤੇ ਗਏ ਹਨ। ਧਰਮ ਦੇ ਨਾਂ ਤੇ ਇਸ ਤੋਂ ਮਾੜੀ ਅਤੇ ਭੈੜੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਜ਼ਰਾ ਸੋਚੋ ਤਾਂ, ਜਦੋਂ ਅਸੀਂ ਕਿਸੇ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ? ਕੀ ਅਸੀਂ ਉਸ ਦਾ ਨਾਂ ਨਹੀਂ ਪੁੱਛਦੇ? ਪਰਮੇਸ਼ੁਰ ਨੂੰ ਜਾਣਨ ਲਈ ਵੀ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਪਰਮੇਸ਼ੁਰ ਬੇਨਾਮ ਨਹੀਂ ਜਾਂ ਇੰਨਾ ਦੂਰ ਨਹੀਂ ਕਿ ਅਸੀਂ ਉਸ ਨੂੰ ਜਾਣ ਨਹੀਂ ਸਕਦੇ। ਭਾਵੇਂ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਉਹ ਇਕ ਸ਼ਖ਼ਸ ਹੈ ਅਤੇ ਉਸ ਦਾ ਇਕ ਨਾਂ ਹੈ—ਯਹੋਵਾਹ।
6 ਇਸ ਤੋਂ ਇਲਾਵਾ, ਆਪਣਾ ਨਾਂ ਪ੍ਰਗਟ ਕਰ ਕੇ ਪਰਮੇਸ਼ੁਰ ਸਾਨੂੰ ਉਸ ਨੂੰ ਜਾਣਨ ਦਾ ਮੌਕਾ ਦੇ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣਾ ਦੋਸਤ ਬਣਾ ਕੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਕਰੀਏ। ਇਹ ਕਿੰਨੀ ਸ਼ਾਨਦਾਰ ਅਤੇ ਖ਼ੁਸ਼ੀ-ਭਰੀ ਗੱਲ ਹੈ! ਪਰ ਯਹੋਵਾਹ ਨੇ ਸਾਨੂੰ ਸਿਰਫ਼ ਆਪਣਾ ਨਾਂ ਹੀ ਨਹੀਂ ਦੱਸਿਆ, ਸਗੋਂ ਉਸ ਨੇ ਸਾਨੂੰ ਇਹ ਵੀ ਦੱਸਿਆ ਕਿ ਉਹ ਕਿਹੋ ਜਿਹਾ ਸ਼ਖ਼ਸ ਹੈ।
ਪਰਮੇਸ਼ੁਰ ਦੇ ਨਾਂ ਦਾ ਮਤਲਬ
7. (ੳ) ਪਰਮੇਸ਼ੁਰ ਦੇ ਨਾਂ ਦਾ ਕੀ ਮਤਲਬ ਸਮਝਿਆ ਜਾਂਦਾ ਹੈ? (ਅ) ਜਦੋਂ ਮੂਸਾ ਨੇ ਪਰਮੇਸ਼ੁਰ ਦਾ ਨਾਂ ਪੁੱਛਿਆ, ਤਾਂ ਉਹ ਅਸਲ ਵਿਚ ਕੀ ਜਾਣਨਾ ਚਾਹੁੰਦਾ ਸੀ?
7 ਯਹੋਵਾਹ ਨੇ ਆਪ ਆਪਣਾ ਨਾਂ ਰੱਖਿਆ ਜੋ ਅਰਥ ਭਰਪੂਰ ਹੈ। “ਯਹੋਵਾਹ” ਦਾ ਮਤਲਬ ਇਹ ਸਮਝਿਆ ਜਾਂਦਾ ਹੈ ਕਿ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਪੂਰੇ ਵਿਸ਼ਵ ਵਿਚ ਉਸ ਵਰਗਾ ਹੋਰ ਕੋਈ ਨਹੀਂ ਹੈ ਕਿਉਂਕਿ ਉਹੀ ਹਰੇਕ ਚੀਜ਼ ਦਾ ਕਰਤਾਰ ਹੈ, ਸਭ ਕੁਝ ਉਸ ਦੀ ਕਰਨੀ ਹੈ ਅਤੇ ਉਹੀ ਆਪਣੇ ਸਾਰੇ ਮਕਸਦ ਪੂਰੇ ਕਰਾ ਸਕਦਾ ਹੈ। ਇਸ ਅਸਲੀਅਤ ਬਾਰੇ ਸੋਚ ਕੇ ਸਾਡੇ ਦਿਲ ਸ਼ਰਧਾ ਤੇ ਹੈਰਾਨੀ ਨਾਲ ਭਰ ਜਾਂਦੇ ਹਨ। ਪਰ ਕੀ ਪਰਮੇਸ਼ੁਰ ਦੇ ਨਾਂ ਦਾ ਕੁਝ ਹੋਰ ਵੀ ਮਤਲਬ ਹੋ ਸਕਦਾ ਹੈ? ਮੂਸਾ ਹੋਰ ਜਾਣਨਾ ਚਾਹੁੰਦਾ ਸੀ। ਹਾਂ, ਉਹ ਜਾਣਦਾ ਸੀ ਕਿ ਯਹੋਵਾਹ ਦੁਨੀਆਂ ਦਾ ਸਿਰਜਣਹਾਰ ਹੈ ਅਤੇ ਉਹ ਨੂੰ ਉਸ ਦਾ ਨਾਂ ਵੀ ਪਤਾ ਸੀ। ਮੂਸਾ ਲਈ ਪਰਮੇਸ਼ੁਰ ਦਾ ਨਾਂ ਕੋਈ ਨਵਾਂ ਨਹੀਂ ਸੀ। ਸਦੀਆਂ ਤੋਂ ਲੋਕ ਇਹ ਨਾਂ ਲੈਂਦੇ ਆ ਰਹੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦਾ ਨਾਂ ਪੁੱਛ ਕੇ ਮੂਸਾ ਉਸ ਸ਼ਖ਼ਸ ਬਾਰੇ ਪੁੱਛ ਰਿਹਾ ਸੀ ਜਿਸ ਨੂੰ ਇਹ ਨਾਂ ਦਰਸਾਉਂਦਾ ਸੀ। ਦਰਅਸਲ ਉਹ ਕਹਿ ਰਿਹਾ ਸੀ: ‘ਮੈਂ ਤੇਰੇ ਲੋਕਾਂ ਯਾਨੀ ਇਸਰਾਏਲੀਆਂ ਨੂੰ ਤੇਰੇ ਬਾਰੇ ਕੀ ਦੱਸਾਂ ਜਿਸ ਨਾਲ ਤੇਰੇ ਵਿਚ ਉਨ੍ਹਾਂ ਦੀ ਨਿਹਚਾ ਵਧ ਜਾਵੇ ਅਤੇ ਉਹ ਮੰਨ ਲੈਣ ਕਿ ਤੂੰ ਸੱਚ-ਮੁੱਚ ਉਨ੍ਹਾਂ ਨੂੰ ਬਚਾਏਗਾ?’
8, 9. (ੳ) ਯਹੋਵਾਹ ਨੇ ਮੂਸਾ ਦੇ ਸਵਾਲ ਦਾ ਕੀ ਜਵਾਬ ਦਿੱਤਾ ਸੀ ਅਤੇ ਉਸ ਦੇ ਜਵਾਬ ਦਾ ਕਈ ਵਾਰ ਗ਼ਲਤ ਅਨੁਵਾਦ ਕਿਸ ਤਰ੍ਹਾਂ ਕੀਤਾ ਗਿਆ ਹੈ? (ਅ) ਇਸ ਬਿਆਨ ਦਾ ਕੀ ਮਤਲਬ ਹੈ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ”?
8 ਉੱਤਰ ਵਿਚ ਯਹੋਵਾਹ ਨੇ ਮੂਸਾ ਨੂੰ ਆਪਣੀ ਸ਼ਖ਼ਸੀਅਤ ਬਾਰੇ ਇਕ ਵਧੀਆ ਗੱਲ ਸਮਝਾਈ, ਅਜਿਹੀ ਗੱਲ ਜੋ ਉਸ ਦੇ ਨਾਂ ਦੇ ਮਤਲਬ ਨਾਲ ਗਹਿਰਾ ਤਅੱਲਕ ਰੱਖਦੀ ਸੀ। ਕਈ ਬਾਈਬਲਾਂ ਮੁਤਾਬਕ ਉਸ ਨੇ ਮੂਸਾ ਨੂੰ ਕਿਹਾ: “ਮੈਂ ਹਾਂ ਜੋ ਮੈਂ ਹਾਂ।” (ਕੂਚ 3:14) ਲੇਕਿਨ, ਪਰਮੇਸ਼ੁਰ ਸਿਰਫ਼ ਆਪਣੀ ਹੋਂਦ ਬਾਰੇ ਗੱਲ ਨਹੀਂ ਕਰ ਰਿਹਾ ਸੀ। ਇਸ ਲਈ ਕਈ ਵਧੀਆ ਤਰਜਮਿਆਂ ਮੁਤਾਬਕ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮੂਸਾ ਨੂੰ—ਅਤੇ ਸਾਨੂੰ ਵੀ—ਸਿਖਾ ਰਿਹਾ ਸੀ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਲਈ ਉਹ ਹਰ ਚੀਜ਼ ‘ਬਣ ਸਕਦਾ’ ਹੈ ਜਿਸ ਦੀ ਜ਼ਰੂਰਤ ਹੋਵੇ। ਇਕ ਹੋਰ ਤਰਜਮੇ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜੋ ਚਾਹਾਂ ਬਣਾਂਗਾ।” ਬਾਈਬਲ ਦੀ ਇਬਰਾਨੀ ਭਾਸ਼ਾ ਦੇ ਇਕ ਮਾਹਰ ਨੇ ਇਸ ਆਇਤ ਬਾਰੇ ਕਿਹਾ: “ਪਰਮੇਸ਼ੁਰ ਹਾਲਤ ਜਾਂ ਲੋੜ ਮੁਤਾਬਕ ਉਹ ‘ਬਣ’ ਜਾਂਦਾ ਹੈ ਜਿਸ ਦੀ ਲੋੜ ਹੈ।”
9 ਇਸਰਾਏਲੀਆਂ ਲਈ ਇਸ ਦਾ ਕੀ ਅਰਥ ਸੀ? ਉਨ੍ਹਾਂ ਸਾਮ੍ਹਣੇ ਭਾਵੇਂ ਪਹਾੜ ਜਿੱਡੀਆਂ ਮੁਸ਼ਕਲਾਂ ਖੜ੍ਹੀਆਂ ਸਨ ਅਤੇ ਭਾਵੇਂ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਸੀ, ਫਿਰ ਵੀ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਬਚਾ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਆਉਣ ਲਈ ਯਹੋਵਾਹ ਨੇ ਉਹੀ ਬਣ ਜਾਣਾ ਸੀ ਜਿਸ ਦੀ ਲੋੜ ਸੀ। ਉਸ ਦੇ ਨਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ। ਪਰ ਇਹ ਸਾਨੂੰ ਕਿਸ ਤਰ੍ਹਾਂ ਭਰੋਸਾ ਦੇ ਸਕਦਾ ਹੈ?—ਜ਼ਬੂਰਾਂ ਦੀ ਪੋਥੀ 9:10.
10, 11. ਯਹੋਵਾਹ ਦਾ ਨਾਂ ਸਾਨੂੰ ਕਿਵੇਂ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਉਸ ਨੂੰ ਸਭ ਤੋਂ ਵਧੀਆ ਪਿਤਾ ਵਿਚਾਰੀਏ? ਇਸ ਦੀ ਉਦਾਹਰਣ ਦਿਓ।
10 ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਮਾਂ-ਬਾਪ ਜਾਣਦੇ ਹਨ ਕਿ ਆਪਣੇ ਬੱਚਿਆਂ ਦੀ ਦੇਖ-ਰੇਖ ਕਰਨ ਲਈ ਉਨ੍ਹਾਂ ਨੂੰ ਕੀ-ਕੀ ਬਣਨਾ ਪੈਂਦਾ ਹੈ। ਇੱਕੋ ਦਿਹਾੜੀ ਵਿਚ ਮਾਂ-ਬਾਪ ਨੂੰ ਸ਼ਾਇਦ ਡਾਕਟਰ, ਰਸੋਈਆ, ਅਧਿਆਪਕ, ਅਨੁਸ਼ਾਸਕ, ਜੱਜ ਅਤੇ ਹੋਰ ਬਹੁਤ ਕੁਝ ਬਣਨਾ ਪਵੇ। ਇਹ ਸਾਰੇ ਕੰਮ ਕਰ-ਕਰ ਕੇ ਕਈਆਂ ਮਾਪਿਆਂ ਦੀ ਪਿੱਠ ਦੋਹਰੀ ਹੋ ਜਾਂਦੀ ਹੈ। ਉਹ ਹੈਰਾਨ ਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਉਨ੍ਹਾਂ ਵਿਚ ਪੱਕਾ ਵਿਸ਼ਵਾਸ ਹੈ ਕਿਉਂਕਿ ਬੱਚਿਆਂ ਨੂੰ ਕੋਈ ਸ਼ੱਕ ਨਹੀਂ ਹੁੰਦਾ ਕਿ ਮੰਮੀ ਜਾਂ ਪਾਪਾ ਸਾਰੀਆਂ ਸੱਟਾਂ ਨੂੰ ਠੀਕ ਕਰ ਦੇਣਗੇ, ਸਾਰੇ ਝਗੜੇ ਸੁਲਝਾ ਦੇਣਗੇ, ਹਰ ਟੁੱਟਿਆ ਖਿਡੌਣਾ ਫਿਰ ਤੋਂ ਜੋੜ ਦੇਣਗੇ ਅਤੇ ਉਨ੍ਹਾਂ ਦੇ ਮਨਾਂ ਵਿਚ ਉੱਠੇ ਹਰ ਸਵਾਲ ਦਾ ਜਵਾਬ ਦੇਣਗੇ। ਕੁਝ ਮਾਪੇ ਆਪਣੀਆਂ ਕਮੀਆਂ ਕਰਕੇ ਆਪਣੇ ਆਪ ਨੂੰ ਆਪਣੇ ਬੱਚਿਆਂ ਦੇ ਵਿਸ਼ਵਾਸ ਦੇ ਲਾਇਕ ਨਹੀਂ ਸਮਝਦੇ। ਇੰਨੇ ਸਾਰੇ ਵੱਖਰੇ-ਵੱਖਰੇ ਕੰਮ ਕਰਨ ਲਈ ਉਹ ਆਪਣੇ ਆਪ ਵਿਚ ਥੁੜ ਮਹਿਸੂਸ ਕਰਦੇ ਹਨ।
11 ਯਹੋਵਾਹ ਵੀ ਪਿਆਰ ਕਰਨ ਵਾਲਾ ਪਿਤਾ ਹੈ। ਆਪਣੇ ਖਰੇ ਮਿਆਰਾਂ ਦੀ ਉਲੰਘਣਾ ਕੀਤੇ ਬਗੈਰ ਉਹ ਆਪਣੇ ਜ਼ਮੀਨੀ ਬੱਚਿਆਂ ਦੀ ਭਲਾਈ ਲਈ ਜੋ ਜੀ ਚਾਹੇ ਬਣ ਸਕਦਾ ਹੈ। ਇਸ ਕਰਕੇ ਉਸ ਦਾ ਨਾਂ, ਯਹੋਵਾਹ, ਸਾਨੂੰ ਮਹਿਸੂਸ ਕਰਾਉਂਦਾ ਹੈ ਕਿ ਉਹ ਸਭ ਤੋਂ ਵਧੀਆ ਪਿਤਾ ਹੈ। (ਯਾਕੂਬ 1:17) ਮੂਸਾ ਅਤੇ ਇਸਰਾਏਲੀਆਂ ਨੂੰ ਬੜੀ ਜਲਦੀ ਸਬੂਤ ਮਿਲਿਆ ਕਿ ਯਹੋਵਾਹ ਆਪਣੇ ਨਾਂ ਤੇ ਪੂਰਾ ਉਤਰਦਾ ਹੈ। ਉਨ੍ਹਾਂ ਦੇ ਦਿਲ ਸ਼ਰਧਾ ਨਾਲ ਭਰ ਗਏ ਜਦ ਯਹੋਵਾਹ ਜੇਤੂ ਮਿਲਟਰੀ ਕਮਾਂਡਰ, ਸਾਰੀਆਂ ਕੁਦਰਤੀ ਤਾਕਤਾਂ ਦਾ ਪ੍ਰਧਾਨ, ਅੰਨਦਾਤਾ, ਮਾਹਰ ਕਾਨੂੰਨਸਾਜ਼, ਜੱਜ, ਆਰਕੀਟੈਕਟ, ਜੁੱਤੀ-ਕੱਪੜੇ ਬਚਾਈ ਰੱਖਣ ਵਾਲਾ ਅਤੇ ਇਸ ਤੋਂ ਕਿਤੇ ਜ਼ਿਆਦਾ ਕੁਝ ਬਣਿਆ।
12. ਯਹੋਵਾਹ ਬਾਰੇ ਫ਼ਿਰਊਨ ਅਤੇ ਮੂਸਾ ਦੇ ਰਵੱਈਏ ਵਿਚ ਕੀ ਫ਼ਰਕ ਸੀ?
12 ਸੋ ਅਸੀਂ ਦੇਖਿਆ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਨਾਂ ਦੱਸਿਆ ਹੈ, ਆਪਣੀ ਸ਼ਖ਼ਸੀਅਤ ਬਾਰੇ ਵਧੀਆ ਗੱਲਾਂ ਦੱਸੀਆਂ ਹਨ ਅਤੇ ਇਹ ਵੀ ਜ਼ਾਹਰ ਕੀਤਾ ਹੈ ਕਿ ਜੋ ਵੀ ਉਹ ਆਪਣੇ ਬਾਰੇ ਦੱਸਦਾ ਹੈ, ਉਹ ਬਿਲਕੁਲ ਸੱਚ ਹੈ। ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। ਕੀ ਸਾਡੀ ਇੱਛਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਜਾਣੀਏ? ਮੂਸਾ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਸੀ। ਇਸ ਦਿਲੀ ਇੱਛਾ ਨੇ ਮੂਸਾ ਦੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਾਇਆ ਜਿਸ ਕਰਕੇ ਉਹ ਆਪਣੇ ਸਵਰਗੀ ਪਿਤਾ ਨਾਲ ਦੋਸਤੀ ਕਰ ਸਕਿਆ। (ਗਿਣਤੀ 12:6-8; ਇਬਰਾਨੀਆਂ 11:27) ਦੁੱਖ ਦੀ ਗੱਲ ਹੈ ਕਿ ਮੂਸਾ ਦੇ ਜ਼ਮਾਨੇ ਦੇ ਲੋਕਾਂ ਵਿੱਚੋਂ ਬਹੁਤਿਆਂ ਦੀ ਇਹ ਇੱਛਾ ਨਹੀਂ ਸੀ। ਜਦੋਂ ਮੂਸਾ ਨੇ ਯਹੋਵਾਹ ਦਾ ਨਾਂ ਲੈ ਕੇ ਫ਼ਿਰਊਨ ਨਾਲ ਗੱਲ ਕੀਤੀ, ਤਾਂ ਮਿਸਰ ਦੇ ਉਸ ਘਮੰਡੀ ਬਾਦਸ਼ਾਹ ਨੇ ਮੂੰਹ-ਤੋੜ ਜਵਾਬ ਦਿੱਤਾ ਕਿ “ਯਹੋਵਾਹ ਕੌਣ ਹੈ?” (ਕੂਚ 5:2) ਫ਼ਿਰਊਨ ਯਹੋਵਾਹ ਬਾਰੇ ਹੋਰ ਨਹੀਂ ਜਾਣਨਾ ਚਾਹੁੰਦਾ ਸੀ। ਇਸ ਦੀ ਬਜਾਇ ਉਸ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਤੁੱਛ ਸਮਝਿਆ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੇ ਹਨ ਅਤੇ ਇਹ ਬਹੁਤ ਹੀ ਜ਼ਰੂਰੀ ਗੱਲ ਨਹੀਂ ਪਛਾਣਦੇ ਕਿ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਹੈ।
ਅੱਤ ਮਹਾਨ ਯਹੋਵਾਹ
13, 14. (ੳ) ਬਾਈਬਲ ਵਿਚ ਯਹੋਵਾਹ ਨੂੰ ਬਹੁਤ ਸਾਰੇ ਖ਼ਿਤਾਬ ਕਿਉਂ ਦਿੱਤੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਕੀ ਹਨ? (14ਵੇਂ ਸਫ਼ੇ ਤੇ ਡੱਬੀ ਦੇਖੋ।) (ਅ) ਸਿਰਫ਼ ਯਹੋਵਾਹ ਨੂੰ ਹੀ “ਅੱਤ ਮਹਾਨ” ਪਰਮੇਸ਼ੁਰ ਕਿਉਂ ਸੱਦਿਆ ਜਾ ਸਕਦਾ ਹੈ?
13 ਬਾਈਬਲ ਵਿਚ ਯਹੋਵਾਹ ਨੂੰ ਬਹੁਤ ਸਾਰੇ ਖ਼ਿਤਾਬ ਦਿੱਤੇ ਗਏ ਹਨ ਕਿਉਂਕਿ ਉਹ ਸਭ ਕੁਝ ਬਣ ਸਕਦਾ ਹੈ। ਇਹ ਖ਼ਿਤਾਬ ਉਸ ਦੇ ਨਾਂ ਨਾਲੋਂ ਉੱਤਮ ਨਹੀਂ ਹਨ, ਪਰ ਇਹ ਸਾਨੂੰ ਉਸ ਬਾਰੇ ਹੋਰ ਸਮਝਾਉਂਦੇ ਹਨ। ਉਦਾਹਰਣ ਵਜੋਂ ਉਸ ਨੂੰ “ਅੱਤ ਮਹਾਨ” ਪਰਮੇਸ਼ੁਰ ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 97:9 ਬਾਈਬਲ ਵਿਚ ਯਹੋਵਾਹ ਨੂੰ ਕਈ ਵਾਰ ਇਸ ਖ਼ਿਤਾਬ ਤੋਂ ਸੱਦਿਆ ਗਿਆ ਹੈ ਅਤੇ ਇਹ ਸਾਨੂੰ ਉਸ ਦੀ ਉੱਚੀ ਪਦਵੀ ਬਾਰੇ ਦੱਸਦਾ ਹੈ। ਸਾਰੀ ਦੁਨੀਆਂ ਉੱਤੇ ਰਾਜ ਕਰਨ ਦਾ ਹੱਕ ਸਿਰਫ਼ ਉਸ ਦਾ ਹੈ। ਆਓ ਆਪਾਂ ਦੇਖੀਏ ਕਿਉਂ।
14 ਯਹੋਵਾਹ ਨੇ ਹੀ ਇਸ ਦੁਨੀਆਂ ਨੂੰ ਸਿਰਜਿਆ ਹੈ। ਪਰਕਾਸ਼ ਦੀ ਪੋਥੀ 4:11 ਵਿਚ ਲਿਖਿਆ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” ਇਹ ਸ਼ਾਨਦਾਰ ਗੱਲ ਹੋਰ ਕਿਸੇ ਬਾਰੇ ਨਹੀਂ ਕਹੀ ਜਾ ਸਕਦੀ। ਹਰ ਚੀਜ਼ ਬਣਾਉਣ ਲਈ ਉਹੀ ਜ਼ਿੰਮੇਵਾਰ ਹੈ! ਤਾਂ ਫਿਰ ਕੋਈ ਸਵਾਲ ਹੀ ਨਹੀਂ ਉੱਠਦਾ ਕਿ ਯਹੋਵਾਹ ਉਹ ਮਹਿਮਾ, ਮਾਣ ਅਤੇ ਸਮਰਥਾ ਲੈਣ ਦੇ ਯੋਗ ਹੈ ਜੋ ਅੱਤ ਮਹਾਨ ਪਰਮੇਸ਼ੁਰ ਅਤੇ ਸਾਰੀਆਂ ਚੀਜ਼ਾਂ ਦੇ ਸਿਰਜਣਹਾਰ ਨੂੰ ਮਿਲਣੀ ਚਾਹੀਦੀ ਹੈ।
15. ਯਹੋਵਾਹ ਨੂੰ ‘ਜੁੱਗਾਂ ਦਾ ਮਹਾਰਾਜ’ ਕਿਉਂ ਕਿਹਾ ਜਾਂਦਾ ਹੈ?
15 ‘ਜੁੱਗਾਂ ਦਾ ਮਹਾਰਾਜ’ ਇਕ ਹੋਰ ਖ਼ਿਤਾਬ ਹੈ ਜੋ ਸਿਰਫ਼ ਯਹੋਵਾਹ ਲਈ ਵਰਤਿਆ ਜਾਂਦਾ ਹੈ। (1 ਤਿਮੋਥਿਉਸ 1:17) ਇਸ ਦਾ ਕੀ ਮਤਲਬ ਹੈ? ਸਾਡੇ ਲਈ ਇਹ ਗੱਲ ਸਮਝਣੀ ਮੁਸ਼ਕਲ ਹੈ, ਪਰ ਯਹੋਵਾਹ ਯੁਗੋ-ਯੁਗ ਜੀਉਂਦਾ ਹੈ, ਉਹ ਹਮੇਸ਼ਾ ਸੀ ਅਤੇ ਹਮੇਸ਼ਾ ਰਹੇਗਾ। ਜ਼ਬੂਰਾਂ ਦੀ ਪੋਥੀ 90:2 ਵਿਚ ਲਿਖਿਆ ਹੈ: “ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।” ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਦੀ ਕੋਈ ਸ਼ੁਰੂਆਤ ਨਹੀਂ ਸੀ। ਹੋਰ ਕਿਸੇ ਵੀ ਚੀਜ਼ ਦੇ ਬਣਨ ਤੋਂ ਪਹਿਲਾਂ ਉਹ ਅਨੰਤ ਕਾਲ ਤੋਂ ਹੈ, ਇਸ ਲਈ ਉਸ ਨੂੰ “ਅੱਤ ਪਰਾਚੀਨ” ਵੀ ਸੱਦਿਆ ਗਿਆ ਹੈ! (ਦਾਨੀਏਲ 7:9, 13, 22) ਕੀ ਕੋਈ ਉਸ ਦੇ ਅੱਤ ਮਹਾਨ ਸੱਦੇ ਜਾਣ ਬਾਰੇ ਬਹਿਸ ਕਰ ਸਕਦਾ ਹੈ?
16, 17. (ੳ) ਅਸੀਂ ਯਹੋਵਾਹ ਨੂੰ ਕਿਉਂ ਨਹੀਂ ਦੇਖ ਸਕਦੇ ਅਤੇ ਇਸ ਤੋਂ ਸਾਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ? (ਅ) ਜਿਹੜੀਆਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ ਜਾਂ ਹੱਥ ਲਾ ਸਕਦੇ ਹਾਂ, ਉਨ੍ਹਾਂ ਨਾਲੋਂ ਯਹੋਵਾਹ ਕਿਤੇ ਹੀ ਅਸਲੀ ਕਿਉਂ ਹੈ?
16 ਪਰ ਕੁਝ ਲੋਕ ਫ਼ਿਰਊਨ ਵਾਂਗ ਪਰਮੇਸ਼ੁਰ ਦੀ ਇਸ ਪਦਵੀ ਨੂੰ ਕਬੂਲ ਨਹੀਂ ਕਰਦੇ। ਇਕ ਕਾਰਨ ਇਹ ਹੈ ਕਿ ਲੋਕ ਉਸ ਚੀਜ਼ ਵਿਚ ਜ਼ਿਆਦਾ ਵਿਸ਼ਵਾਸ ਕਰਦੇ ਹਨ ਜਿਸ ਨੂੰ ਉਹ ਦੇਖ ਸਕਦੇ ਹਨ। ਪਰ ਅਸੀਂ ਅੱਤ ਮਹਾਨ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ ਕਿਉਂਕਿ ਉਹ ਇਕ ਆਤਮਿਕ ਪ੍ਰਾਣੀ ਹੈ। (ਯੂਹੰਨਾ 4:24) ਇਸ ਤੋਂ ਇਲਾਵਾ ਜੇਕਰ ਕੋਈ ਹੱਡ-ਮਾਸ ਦਾ ਇਨਸਾਨ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਖੜ੍ਹਾ ਹੋਵੇ, ਤਾਂ ਉਹ ਇਨਸਾਨ ਜ਼ਿੰਦਾ ਨਹੀਂ ਰਹੇਗਾ। ਯਹੋਵਾਹ ਨੇ ਖ਼ੁਦ ਮੂਸਾ ਨੂੰ ਕਿਹਾ ਸੀ: “ਤੂੰ ਮੇਰਾ ਮੂੰਹ ਨਹੀਂ ਵੇਖ ਸੱਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।”—ਕੂਚ 33:20; ਯੂਹੰਨਾ 1:18.
17 ਇਸ ਗੱਲ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਇਕ ਦੂਤ ਦੇ ਰਾਹੀਂ ਮੂਸਾ ਨੇ ਯਹੋਵਾਹ ਦਾ ਥੋੜ੍ਹਾ ਜਿਹਾ ਤੇਜ ਦੇਖਿਆ ਸੀ। ਇਸ ਦਾ ਉਸ ਉੱਤੇ ਕੀ ਅਸਰ ਪਿਆ ਸੀ? ਇਸ ਦਰਸ਼ਣ ਤੋਂ ਬਾਅਦ ਉਸ ਦਾ ਮੂੰਹ ਕਾਫ਼ੀ ਸਮੇਂ ਤਕ ਚਮਕਦਾ ਰਿਹਾ। ਇਸਰਾਏਲੀ ਲੋਕ ਮੂਸਾ ਵੱਲ ਦੇਖਣ ਤੋਂ ਵੀ ਡਰਦੇ ਸਨ। (ਕੂਚ 33:21-23; 34:5-7, 29, 30) ਤਾਂ ਫਿਰ ਸਪੱਸ਼ਟ ਹੈ ਕਿ ਕੋਈ ਵੀ ਇਨਸਾਨ ਅੱਤ ਮਹਾਨ ਪਰਮੇਸ਼ੁਰ ਦੇ ਪੂਰੇ ਤੇਜ ਵੱਲ ਨਹੀਂ ਦੇਖ ਸਕਦਾ! ਕੀ ਇਸ ਦਾ ਇਹ ਮਤਲਬ ਹੈ ਕਿ ਉਹ ਉਨ੍ਹਾਂ ਚੀਜ਼ਾਂ ਜਿੰਨਾ ਅਸਲੀ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ ਜਾਂ ਹੱਥ ਲਾ ਸਕਦੇ ਹਾਂ? ਨਹੀਂ, ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਨਹੀਂ ਸਕਦੇ ਪਰ ਮੰਨਦੇ ਹਾਂ ਕਿ ਉਹ ਹਨ ਜਿਵੇਂ ਕਿ ਹਵਾ, ਰੇਡੀਓ ਦੀਆਂ ਤਰੰਗਾਂ ਅਤੇ ਇਨਸਾਨੀ ਸੋਚ। ਇਸ ਤੋਂ ਇਲਾਵਾ ਯਹੋਵਾਹ ਹਮੇਸ਼ਾ ਲਈ ਹੈ ਅਤੇ ਸਮੇਂ ਦੇ ਬੀਤਣ ਦਾ ਉਸ ਉੱਤੇ ਕੋਈ ਅਸਰ ਨਹੀਂ ਪੈਂਦਾ ਭਾਵੇਂ ਲੱਖਾਂ-ਕਰੋੜਾਂ ਸਾਲ ਹੀ ਕਿਉਂ ਨਾ ਬੀਤ ਜਾਣ! ਇਸ ਦਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ ਜਾਂ ਹੱਥ ਲਾ ਸਕਦੇ ਹਾਂ, ਉਨ੍ਹਾਂ ਨਾਲੋਂ ਪਰਮੇਸ਼ੁਰ ਕਿਤੇ ਹੀ ਅਸਲੀ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ। (ਮੱਤੀ 6:19) ਪਰ ਕੀ ਸਾਨੂੰ ਉਸ ਨੂੰ ਇਕ ਨਿਰਾਕਾਰ ਸ਼ਕਤੀ ਸਮਝਣਾ ਚਾਹੀਦਾ ਹੈ ਜੋ ਸਾਡੇ ਤੋਂ ਬਹੁਤ ਦੂਰ ਹੈ ਤੇ ਸਭ ਕੁਝ ਸ਼ੁਰੂ ਕਰ ਕੇ ਇਕ ਪਾਸੇ ਬੈਠਾ ਹੋਇਆ ਹੈ? ਆਓ ਆਪਾਂ ਇਸ ਉੱਤੇ ਚਰਚਾ ਕਰੀਏ।
ਪਰਮੇਸ਼ੁਰ ਕਿਹੋ ਜਿਹਾ ਸ਼ਖ਼ਸ ਹੈ?
18. ਹਿਜ਼ਕੀਏਲ ਨੇ ਕਿਸ ਚੀਜ਼ ਦਾ ਦਰਸ਼ਣ ਦੇਖਿਆ ਸੀ ਅਤੇ ਯਹੋਵਾਹ ਦੇ ਆਲੇ-ਦੁਆਲੇ ਦੇ ‘ਜੰਤੂਆਂ’ ਦੇ ਚਾਰ ਮੂੰਹ ਕਿਸ ਨੂੰ ਸੰਕੇਤ ਕਰਦੇ ਹਨ?
18 ਭਾਵੇਂ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਪਰ ਬਾਈਬਲ ਸਾਨੂੰ ਪਰਮੇਸ਼ੁਰ ਦੇ ਨਿਵਾਸ ਸਥਾਨ ਯਾਨੀ ਸਵਰਗ ਦੀ ਥੋੜ੍ਹੀ ਜਿਹੀ ਝਲਕ ਦਿੰਦੀ ਹੈ। ਹਿਜ਼ਕੀਏਲ ਦੀ ਪੋਥੀ ਦਾ ਪਹਿਲਾ ਅਧਿਆਇ ਇਸ ਦੀ ਇਕ ਉਦਾਹਰਣ ਹੈ। ਹਿਜ਼ਕੀਏਲ ਨੇ ਯਹੋਵਾਹ ਦੇ ਸਵਰਗੀ ਸੰਗਠਨ ਦਾ ਦਰਸ਼ਣ ਦੇਖਿਆ ਸੀ ਜਿਸ ਵਿਚ ਉਸ ਨੇ ਇਕ ਸ਼ਾਹੀ ਆਕਾਸ਼ੀ ਰੱਥ ਦੇਖਿਆ ਸੀ। ਯਹੋਵਾਹ ਦੇ ਆਲੇ-ਦੁਆਲੇ ਚਾਰ ਸ਼ਕਤੀਸ਼ਾਲੀ ਆਤਮਿਕ ਦੂਤ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਹੇ ਸਨ। (ਹਿਜ਼ਕੀਏਲ 1:4-10) ਇਨ੍ਹਾਂ ‘ਜੰਤੂਆਂ’ ਦਾ ਯਹੋਵਾਹ ਨਾਲ ਗੂੜ੍ਹਾ ਸੰਬੰਧ ਹੈ ਅਤੇ ਇਨ੍ਹਾਂ ਦੇ ਰੂਪ ਤੋਂ ਅਸੀਂ ਯਹੋਵਾਹ ਬਾਰੇ ਕੁਝ ਜ਼ਰੂਰੀ ਗੱਲਾਂ ਸਿੱਖ ਸਕਦੇ ਹਾਂ। ਹਰੇਕ ਜੰਤੂ ਦੇ ਚਾਰ ਮੂੰਹ ਸਨ—ਬਲਦ, ਸ਼ੇਰ, ਉਕਾਬ ਅਤੇ ਆਦਮੀ। ਇਹ ਚਾਰ ਸ਼ਕਲਾਂ ਯਹੋਵਾਹ ਦੀ ਸ਼ਖ਼ਸੀਅਤ ਦੇ ਚਾਰ ਮੁੱਖ ਗੁਣਾਂ ਵੱਲ ਸੰਕੇਤ ਕਰਦੀਆਂ ਹਨ।—ਪਰਕਾਸ਼ ਦੀ ਪੋਥੀ 4:6-8, 10.
19. (ੳ) ਬਲਦ ਦਾ ਮੂੰਹ, (ਅ) ਸ਼ੇਰ ਦਾ ਮੂੰਹ, (ੲ) ਉਕਾਬ ਦਾ ਮੂੰਹ ਅਤੇ (ਸ) ਆਦਮੀ ਦਾ ਮੂੰਹ ਕਿਹੜੇ ਗੁਣ ਦਰਸਾਉਂਦੇ ਹਨ?
19 ਬਾਈਬਲ ਵਿਚ ਬਲਦ ਅਕਸਰ ਸ਼ਕਤੀ ਜਾਂ ਤਾਕਤ ਨੂੰ ਦਰਸਾਉਂਦਾ ਹੈ ਕਿਉਂਕਿ ਉਹ ਬੜਾ ਹੀ ਤਕੜਾ ਜਾਨਵਰ ਹੈ। ਦੂਜੇ ਪਾਸੇ ਸ਼ੇਰ ਇਨਸਾਫ਼ ਨੂੰ ਦਰਸਾਉਂਦਾ ਹੈ ਕਿਉਂਕਿ ਸੱਚਾ ਇਨਸਾਫ਼ ਕਰਨ ਲਈ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਜਿਸ ਗੁਣ ਲਈ ਸ਼ੇਰ ਮਸ਼ਹੂਰ ਹੈ। ਉਕਾਬ ਆਪਣੀ ਤੇਜ਼ ਨਜ਼ਰ ਲਈ ਮੰਨੇ ਜਾਂਦੇ ਹਨ ਕਿਉਂਕਿ ਉਹ ਮੀਲਾਂ ਦੂਰ ਪਈ ਛੋਟੀ ਜਿਹੀ ਚੀਜ਼ ਨੂੰ ਵੀ ਦੇਖ ਸਕਦੇ ਹਨ। ਇਸ ਕਰਕੇ ਉਕਾਬ ਦੀ ਸ਼ਕਲ ਪਰਮੇਸ਼ੁਰ ਦੀ ਦੂਰ-ਦ੍ਰਿਸ਼ਟੀ ਵਾਲੀ ਬੁੱਧ ਨੂੰ ਦਰਸਾਉਂਦੀ ਹੈ। ਅਤੇ ਆਦਮੀ ਦਾ ਮੂੰਹ ਕੀ ਦਰਸਾਉਂਦਾ ਹੈ? ਪਰਮੇਸ਼ੁਰ ਦਾ ਪ੍ਰਮੁੱਖ ਗੁਣ ਪਿਆਰ। ਪਰਮੇਸ਼ੁਰ ਦੇ ਸਰੂਪ ਵਿਚ ਬਣਾਏ ਜਾਣ ਕਰਕੇ ਸਿਰਫ਼ ਇਨਸਾਨ ਹੀ ਉਸ ਵਾਂਗ ਪਿਆਰ ਕਰ ਸਕਦੇ ਹਨ। (ਉਤਪਤ 1:26) ਬਾਈਬਲ ਵਿਚ ਯਹੋਵਾਹ ਦੀ ਸ਼ਖ਼ਸੀਅਤ ਦੇ ਇਨ੍ਹਾਂ ਪਹਿਲੂਆਂ—ਸ਼ਕਤੀ, ਇਨਸਾਫ਼, ਬੁੱਧ ਅਤੇ ਪਿਆਰ—ਬਾਰੇ ਇੰਨੀ ਵਾਰ ਗੱਲ ਕੀਤੀ ਗਈ ਹੈ ਕਿ ਅਸੀਂ ਇਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰਮੁੱਖ ਗੁਣ ਸੱਦ ਸਕਦੇ ਹਾਂ।
20. ਕੀ ਸਾਨੂੰ ਇਸ ਗੱਲ ਦਾ ਫ਼ਿਕਰ ਕਰਨਾ ਚਾਹੀਦਾ ਹੈ ਕਿ ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਬਦਲ ਗਿਆ ਹੈ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹੋ?
20 ਕੀ ਸਾਨੂੰ ਇਸ ਗੱਲ ਦਾ ਫ਼ਿਕਰ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਬੀਤੇ ਹਜ਼ਾਰਾਂ ਸਾਲਾਂ ਵਿਚ ਯਹੋਵਾਹ ਬਦਲ ਗਿਆ ਹੈ ਅਤੇ ਉਹ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਸ ਤਰ੍ਹਾਂ ਦਾ ਬਾਈਬਲ ਵਿਚ ਦੱਸਿਆ ਗਿਆ ਹੈ? ਨਹੀਂ, ਪਰਮੇਸ਼ੁਰ ਦੀ ਸ਼ਖ਼ਸੀਅਤ ਬਦਲਦੀ ਨਹੀਂ ਹੈ। ਯਹੋਵਾਹ ਸਾਨੂੰ ਦੱਸਦਾ ਹੈ: “ਮੈਂ ਨਾ ਬਦਲਣ ਵਾਲਾ ਪ੍ਰਭੂ ਹਾਂ।” (ਮਲਾਕੀ 3:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਿਨਾਂ ਵਜ੍ਹਾ ਆਪਣਾ ਮਨ ਬਦਲਦੇ ਰਹਿਣ ਦੀ ਬਜਾਇ ਯਹੋਵਾਹ ਜੋ ਵੀ ਕਰਦਾ ਹੈ, ਉਸ ਨਾਲ ਉਹ ਆਪਣੇ ਆਪ ਨੂੰ ਇਕ ਵਧੀਆ ਪਿਤਾ ਸਾਬਤ ਕਰਦਾ ਹੈ। ਉਹ ਲੋੜ ਅਨੁਸਾਰ ਆਪਣੀ ਸ਼ਖ਼ਸੀਅਤ ਦੇ ਖ਼ਾਸ ਪਹਿਲੂ ਮੁਹਰੇ ਲਿਆਉਂਦਾ ਹੈ। ਪਰ ਚਾਰਾਂ ਗੁਣਾਂ ਵਿੱਚੋਂ ਪਿਆਰ ਸਭ ਤੋਂ ਪ੍ਰਮੁੱਖ ਹੈ। ਇਹ ਪਰਮੇਸ਼ੁਰ ਦੇ ਹਰ ਕੰਮ ਵਿਚ ਦੇਖਿਆ ਜਾਂਦਾ ਹੈ। ਉਹ ਆਪਣੀ ਸ਼ਕਤੀ, ਆਪਣਾ ਇਨਸਾਫ਼ ਅਤੇ ਆਪਣੀ ਬੁੱਧ ਪਿਆਰ ਨਾਲ ਵਰਤਦਾ ਹੈ। ਦਰਅਸਲ ਬਾਈਬਲ ਪਰਮੇਸ਼ੁਰ ਅਤੇ ਉਸ ਦੇ ਇਸ ਗੁਣ ਬਾਰੇ ਇਕ ਸ਼ਾਨਦਾਰ ਗੱਲ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਨੋਟ ਕਰੋ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਕੋਲ ਪ੍ਰੇਮ ਹੈ ਜਾਂ ਕਿ ਪਰਮੇਸ਼ੁਰ ਪ੍ਰੇਮ ਕਰਦਾ ਹੈ। ਪਰ ਉਹ ਕਹਿੰਦੀ ਹੈ ਕਿ ਪਰਮੇਸ਼ੁਰ ਹੈ ਪ੍ਰੇਮ। ਪਿਆਰ ਉਸ ਦੀ ਖ਼ਾਸੀਅਤ ਹੈ ਅਤੇ ਉਹ ਜੋ ਕੁਝ ਵੀ ਕਰਦਾ, ਉਸ ਦੇ ਪਿੱਛੇ ਉਸ ਦਾ ਪਿਆਰ ਹੁੰਦਾ ਹੈ।
“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”
21. ਜਦੋਂ ਅਸੀਂ ਯਹੋਵਾਹ ਦੇ ਗੁਣਾਂ ਬਾਰੇ ਚੰਗੀ ਤਰ੍ਹਾਂ ਸਿੱਖਾਂਗੇ, ਤਾਂ ਅਸੀਂ ਕੀ ਮੰਨਾਂਗੇ?
21 ਕੀ ਤੁਸੀਂ ਕਦੇ ਕਿਸੇ ਨਿਆਣੇ ਨੂੰ ਆਪਣੇ ਪਿਤਾ ਵੱਲ ਇਸ਼ਾਰਾ ਕਰ ਕੇ ਫ਼ਖ਼ਰ ਅਤੇ ਖ਼ੁਸ਼ੀ ਨਾਲ ਇਹ ਕਹਿੰਦੇ ਸੁਣਿਆ ਹੈ: “ਇਹ ਮੇਰੇ ਪਾਪਾ ਹਨ”? ਪਰਮੇਸ਼ੁਰ ਦੇ ਭਗਤਾਂ ਕੋਲ ਵੀ ਇਸ ਤਰ੍ਹਾਂ ਕਹਿਣ ਦਾ ਹਰ ਕਾਰਨ ਹੈ। ਬਾਈਬਲ ਉਸ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਵਫ਼ਾਦਾਰ ਲੋਕ ਪੁਕਾਰ ਉੱਠਣਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ।” (ਯਸਾਯਾਹ 25:8, 9) ਯਹੋਵਾਹ ਦੇ ਗੁਣਾਂ ਬਾਰੇ ਤੁਸੀਂ ਜਿੰਨਾ ਜ਼ਿਆਦਾ ਸਿੱਖੋਗੇ, ਉੱਨਾ ਹੀ ਜ਼ਿਆਦਾ ਤੁਸੀਂ ਮੰਨੋਗੇ ਕਿ ਉਹ ਸਭ ਤੋਂ ਵਧੀਆ ਪਿਤਾ ਹੈ।
22, 23. ਬਾਈਬਲ ਵਿਚ ਸਾਡੇ ਸਵਰਗੀ ਪਿਤਾ ਨੂੰ ਕਿਸ ਤਰ੍ਹਾਂ ਦਾ ਪਰਮੇਸ਼ੁਰ ਕਿਹਾ ਗਿਆ ਹੈ ਅਤੇ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਦੋਸਤ ਬਣੀਏ?
22 ਇਹ ਪਿਤਾ ਨਾ ਬੇਦਰਦੀ ਹੈ ਅਤੇ ਨਾ ਹੀ ਪਰੇ ਅਤੇ ਦੂਰ-ਦੂਰ ਰਹਿਣ ਵਾਲਾ ਹੈ, ਭਾਵੇਂ ਤੁਹਾਨੂੰ ਕੱਟੜ ਪਾਦਰੀਆਂ ਜਾਂ ਪੰਡਿਤਾਂ ਅਤੇ ਫ਼ਿਲਾਸਫ਼ਰਾਂ ਨੇ ਅਜਿਹਾ ਕੁਝ ਸਿਖਾਇਆ ਹੋਵੇ। ਅਸੀਂ ਇਕ ਬੇਦਰਦੀ ਪਿਤਾ ਵੱਲ ਕਦੇ ਵੀ ਨਹੀਂ ਖਿੱਚੇ ਜਾਵਾਂਗੇ। ਬਾਈਬਲ ਵਿਚ ਸਾਡੇ ਸਵਰਗੀ ਪਿਤਾ ਨੂੰ ਇਸ ਤਰ੍ਹਾਂ ਨਹੀਂ ਦਰਸਾਇਆ ਗਿਆ। ਇਸ ਤੋਂ ਉਲਟ ਬਾਈਬਲ ਵਿਚ ਉਸ ਨੂੰ “ਪਰਮਧੰਨ ਪਰਮੇਸ਼ੁਰ” ਯਾਨੀ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਸੱਦਿਆ ਗਿਆ ਹੈ। (1 ਤਿਮੋਥਿਉਸ 1:11) ਉਹ ਪੱਥਰ-ਦਿਲ ਤੇ ਕਠੋਰ ਨਹੀਂ ਹੈ। ਜਦੋਂ ਇਨਸਾਨ ਉਸ ਦੀ ਗੱਲ ਨਹੀਂ ਸੁਣਦੇ ਜੋ ਉਨ੍ਹਾਂ ਦੀ ਭਲਾਈ ਲਈ ਹੁੰਦੀ ਹੈ, ਤਾਂ ਉਹ “ਮਨ ਵਿੱਚ ਦੁਖੀ” ਹੁੰਦਾ ਹੈ। (ਉਤਪਤ 6:6) ਜਦੋਂ ਅਸੀਂ ਅਕਲਮੰਦੀ ਨਾਲ ਉਸ ਦੇ ਕਹੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਉਸ ਦੇ “ਜੀ ਨੂੰ ਅਨੰਦ” ਕਰਦੇ ਹਾਂ।—ਕਹਾਉਤਾਂ 27:11.
23 ਸਾਡਾ ਪਿਤਾ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਦੋਸਤੀ ਕਰੀਏ। ਉਸ ਦਾ ਬਚਨ ਸਾਨੂੰ ਕਹਿੰਦਾ ਹੈ ਕਿ ਅਸੀਂ ‘ਉਸ ਨੂੰ ਟੋਹ ਕੇ ਲੱਭ ਲਈਏ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।’ (ਰਸੂਲਾਂ ਦੇ ਕਰਤੱਬ 17:27) ਪਰ ਮਾਮੂਲੀ ਜਿਹੇ ਇਨਸਾਨਾਂ ਲਈ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਉਹ ਵਿਸ਼ਵ ਦੇ ਅੱਤ ਮਹਾਨ ਪਰਮੇਸ਼ੁਰ ਦੇ ਦੋਸਤ ਬਣ ਸਕਣ?