“ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ”
“ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।”—1 ਯੂਹੰਨਾ 4:11.
1. ਮਾਰਚ 23 ਨੂੰ ਸੰਝ ਤੋਂ ਬਾਅਦ, ਲੱਖਾਂ ਹੀ ਲੋਕ ਧਰਤੀ ਭਰ ਵਿਚ ਰਾਜ ਗ੍ਰਹਿਆਂ ਅਤੇ ਦੂਜੇ ਸਭਾ ਸਥਾਨਾਂ ਵਿਚ ਕਿਉਂ ਇਕੱਠੇ ਹੋਣਗੇ?
ਐਤਵਾਰ, ਮਾਰਚ 23, 1997 ਨੂੰ, ਸੰਝ ਤੋਂ ਬਾਅਦ, ਸੰਸਾਰ ਭਰ ਵਿਚ ਬਿਨਾਂ ਸ਼ੱਕ 1,30,00,000 ਤੋਂ ਵੱਧ ਲੋਕ ਹੋਣਗੇ ਜੋ ਰਾਜ ਗ੍ਰਹਿਆਂ ਅਤੇ ਯਹੋਵਾਹ ਦੇ ਗਵਾਹਾਂ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਦੂਜੇ ਸਭਾ ਸਥਾਨਾਂ ਵਿਚ ਇਕੱਠੇ ਹੋਣਗੇ। ਕਿਉਂ? ਕਿਉਂਕਿ ਉਨ੍ਹਾਂ ਦੇ ਦਿਲ ਮਨੁੱਖਜਾਤੀ ਦੇ ਪ੍ਰਤੀ ਪਰਮੇਸ਼ੁਰ ਵੱਲੋਂ ਪ੍ਰੇਮ ਦੇ ਸਭ ਤੋਂ ਮਹਾਨਤਮ ਪ੍ਰਗਟਾਵੇ ਦੁਆਰਾ ਪ੍ਰਭਾਵਿਤ ਹੋਏ ਹਨ। ਯਿਸੂ ਮਸੀਹ ਨੇ ਪਰਮੇਸ਼ੁਰ ਦੇ ਪ੍ਰੇਮ ਦੇ ਉਸ ਸ਼ਾਨਦਾਰ ਸਬੂਤ ਉੱਤੇ ਧਿਆਨ ਕੇਂਦ੍ਰਿਤ ਕੀਤਾ, ਇਹ ਕਹਿੰਦੇ ਹੋਏ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
2. ਅਸੀਂ ਸਾਰੇ ਪਰਮੇਸ਼ੁਰ ਦੇ ਪ੍ਰੇਮ ਦੇ ਪ੍ਰਤੀ ਆਪਣੀ ਪ੍ਰਤਿਕ੍ਰਿਆ ਦੇ ਸੰਬੰਧ ਵਿਚ ਖ਼ੁਦ ਨੂੰ ਕਿਹੜੇ ਸਵਾਲ ਲਾਭਪੂਰਬਕ ਪੁੱਛ ਸਕਦੇ ਹਾਂ?
2 ਜਿਉਂ ਹੀ ਅਸੀਂ ਉਸ ਪ੍ਰੇਮ ਉੱਤੇ ਵਿਚਾਰ ਕਰਦੇ ਹਾਂ ਜੋ ਪਰਮੇਸ਼ੁਰ ਨੇ ਦਿਖਾਇਆ ਹੈ, ਅਸੀਂ ਖ਼ੁਦ ਤੋਂ ਇਹ ਪੁੱਛ ਕੇ ਚੰਗਾ ਕਰਦੇ ਹਾਂ, ‘ਕੀ ਮੈਂ ਸੱਚ-ਮੁੱਚ ਉਸ ਦੀ ਕਦਰ ਕਰਦਾ ਹਾਂ ਜੋ ਪਰਮੇਸ਼ੁਰ ਨੇ ਕੀਤਾ ਹੈ? ਕੀ ਜਿਸ ਤਰੀਕੇ ਦੇ ਨਾਲ ਮੈਂ ਆਪਣਾ ਜੀਵਨ ਇਸਤੇਮਾਲ ਕਰ ਰਿਹਾ ਹਾਂ ਉਸ ਕਦਰ ਦਾ ਸਬੂਤ ਦਿੰਦਾ ਹੈ?’
“ਪਰਮੇਸ਼ੁਰ ਪ੍ਰੇਮ ਹੈ”
3. (ੳ) ਪਰਮੇਸ਼ੁਰ ਲਈ ਪ੍ਰੇਮ ਨੂੰ ਪ੍ਰਦਰਸ਼ਿਤ ਕਰਨਾ ਅਸਾਧਾਰਣ ਕਿਉਂ ਨਹੀਂ ਹੈ? (ਅ) ਉਸ ਦੇ ਸ੍ਰਿਸ਼ਟੀ ਦੇ ਕੰਮਾਂ ਵਿਚ ਸ਼ਕਤੀ ਅਤੇ ਬੁੱਧ ਕਿਵੇਂ ਪ੍ਰਗਟ ਹੁੰਦੇ ਹਨ?
3 ਪਰਮੇਸ਼ੁਰ ਦੇ ਪੱਖੋਂ ਪ੍ਰੇਮ ਨੂੰ ਪ੍ਰਦਰਸ਼ਿਤ ਕਰਨਾ ਆਪਣੇ ਆਪ ਵਿਚ ਕੋਈ ਅਨੋਖੀ ਚੀਜ਼ ਨਹੀਂ ਹੈ ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪ੍ਰੇਮ ਉਸ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਜਦੋਂ ਉਹ ਧਰਤੀ ਨੂੰ ਮਾਨਵ ਵਸੇਬੇ ਦੇ ਲਈ ਤਿਆਰ ਕਰ ਰਿਹਾ ਸੀ, ਤਾਂ ਉਸ ਵੱਲੋਂ ਪਹਾੜਾਂ ਨੂੰ ਉਤਾਂਹ ਖੜ੍ਹੇ ਕਰਨਾ ਅਤੇ ਪਾਣੀ ਨੂੰ ਝੀਲਾਂ ਅਤੇ ਮਹਾਂਸਾਗਰਾਂ ਵਿਚ ਇਕੱਠਾ ਕਰਨਾ ਸ਼ਕਤੀ ਦਾ ਇਕ ਹੈਰਾਨਕੁਨ ਪ੍ਰਦਰਸ਼ਨ ਸੀ। (ਉਤਪਤ 1:9, 10) ਜਦੋਂ ਪਰਮੇਸ਼ੁਰ ਨੇ ਪਾਣੀ ਦੇ ਚੱਕਰ ਅਤੇ ਆਕਸੀਜਨ ਦੇ ਚੱਕਰ ਚਾਲੂ ਕੀਤੇ, ਜਦੋਂ ਉਸ ਨੇ ਧਰਤੀ ਦੇ ਰਸਾਇਣਕ ਤੱਤਾਂ ਨੂੰ ਇਕ ਅਜਿਹੇ ਰੂਪ ਵਿਚ ਪਰਿਵਰਤਿਤ ਕਰਨ ਲਈ ਅਣਗਿਣਤ ਮਾਈਕ੍ਰੋ-ਆਰਗਨਿਜ਼ਮ ਅਤੇ ਬਨਸਪਤੀ ਦੀਆਂ ਪ੍ਰਕਾਰਾਂ ਨੂੰ ਡੀਜ਼ਾਈਨ ਕੀਤਾ ਜੋ ਮਾਨਵ ਆਪਣੇ ਜੀਵਨਾਂ ਨੂੰ ਜਾਰੀ ਰੱਖਣ ਲਈ ਪਚ ਸਕਣ, ਜਦੋਂ ਉਸ ਨੇ ਸਾਡੇ ਜੀਵ-ਵਿਗਿਆਨਕ ਕਲਾਕਾਂ ਨੂੰ ਧਰਤੀ ਗ੍ਰਹਿ ਉੱਤੇ ਦਿਨਾਂ ਅਤੇ ਮਹੀਨਿਆਂ ਦੀ ਲੰਬਾਈ ਦੇ ਅਨੁਸਾਰ ਚੱਲਣ ਲਈ ਸੈੱਟ ਕੀਤਾ, ਤਾਂ ਇਸ ਨੇ ਵੱਡੀ ਬੁੱਧ ਪ੍ਰਗਟ ਕੀਤੀ। (ਜ਼ਬੂਰ 104:24; ਯਿਰਮਿਯਾਹ 10:12) ਫਿਰ ਵੀ, ਭੌਤਿਕ ਸ੍ਰਿਸ਼ਟੀ ਵਿਚ ਇਸ ਤੋਂ ਵੀ ਹੋਰ ਸਿਰਕੱਢਵੀਂ ਚੀਜ਼ ਹੈ ਪਰਮੇਸ਼ੁਰ ਦੇ ਪ੍ਰੇਮ ਦਾ ਸਬੂਤ।
4. ਭੌਤਿਕ ਸ੍ਰਿਸ਼ਟੀ ਵਿਚ, ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਪ੍ਰੇਮ ਦੇ ਕਿਹੜੇ ਸਬੂਤ ਨੂੰ ਦੇਖਣਾ ਅਤੇ ਉਸ ਦੀ ਕਦਰ ਕਰਨੀ ਚਾਹੀਦੀ ਹੈ?
4 ਸਾਡੇ ਸੁਆਦ ਸਾਨੂੰ ਪਰਮੇਸ਼ੁਰ ਦੇ ਪ੍ਰੇਮ ਬਾਰੇ ਦੱਸਦੇ ਹਨ ਜਦੋਂ ਅਸੀਂ ਰਸਦਾਇਕ, ਪੱਕੇ ਫਲ ਨੂੰ ਖਾਂਦੇ ਹਾਂ ਜੋ ਸਪੱਸ਼ਟ ਤੌਰ ਤੇ ਸਾਨੂੰ ਕਾਇਮ ਰੱਖਣ ਲਈ ਹੀ ਨਹੀਂ ਪਰੰਤੂ ਸਾਨੂੰ ਆਨੰਦ ਲਿਆਉਣ ਲਈ ਵੀ ਬਣਾਇਆ ਗਿਆ ਸੀ। ਸਾਡੀਆਂ ਅੱਖਾਂ ਸੰਝ ਵੇਲੇ ਦੇ ਹੈਰਾਨਕੁਨ ਆਸਮਾਨ, ਇਕ ਨਿੰਬਲ ਰਾਤ ਨੂੰ ਤਾਰਿਆਂ ਨਾਲ ਭਰਪੂਰ ਆਕਾਸ਼, ਫੁੱਲਾਂ ਦੇ ਵਿਵਿਧ ਪ੍ਰਕਾਰ ਅਤੇ ਉੱਜਲ ਰੰਗ, ਛੋਟੇ ਪਸ਼ੂਆਂ ਦੀਆਂ ਹਰਕਤਾਂ, ਅਤੇ ਮਿੱਤਰਾਂ ਦੀਆਂ ਨਿੱਘੀਆਂ ਮੁਸਕਰਾਹਟਾਂ ਵਿਚ ਇਸ ਦਾ ਪ੍ਰਤੱਖ ਸਬੂਤ ਦੇਖਦੀਆਂ ਹਨ। ਸਾਡੇ ਨੱਕ ਸਾਨੂੰ ਇਸ ਬਾਰੇ ਸਚੇਤ ਕਰਾਉਂਦੇ ਹਨ ਜਦੋਂ ਅਸੀਂ ਬਸੰਤ ਦੇ ਫੁੱਲਾਂ ਦੀ ਮਿੱਠੀ ਖੁਸ਼ਬੂ ਨੂੰ ਸੁੰਘਦੇ ਹਾਂ। ਸਾਡੇ ਕੰਨ ਇਸ ਨੂੰ ਸਿਆਣਦੇ ਹਨ ਜਿਉਂ ਹੀ ਅਸੀਂ ਆਬਸ਼ਾਰ ਦੇ ਸ਼ੋਰ, ਪੰਛੀਆਂ ਦੇ ਸੰਗੀਤ, ਅਤੇ ਪਿਆਰਿਆਂ ਦੀਆਂ ਆਵਾਜ਼ਾਂ ਨੂੰ ਸੁਣਦੇ ਹਾਂ। ਅਸੀਂ ਇਸ ਨੂੰ ਮਹਿਸੂਸ ਕਰਦੇ ਹਾਂ ਜਦੋਂ ਇਕ ਪ੍ਰਿਯ ਵਿਅਕਤੀ ਸਾਨੂੰ ਨਿੱਘੀ ਗਲਵੱਕੜੀ ਪਾਉਂਦਾ ਹੈ। ਕਈ ਖ਼ਾਸ ਪਸ਼ੂ ਉਨ੍ਹਾਂ ਚੀਜ਼ਾਂ ਨੂੰ ਦੇਖਣ, ਸੁਣਨ, ਜਾਂ ਸੁੰਘਣ ਦੀਆਂ ਯੋਗਤਾਵਾਂ ਨਾਲ ਬਖ਼ਸ਼ੇ ਗਏ ਹਨ, ਜਿਨ੍ਹਾਂ ਨੂੰ ਮਾਨਵ ਨਹੀਂ ਦੇਖ, ਸੁਣ ਜਾਂ ਸੁੰਘ ਸਕਦੇ ਹਨ। ਪਰੰਤੂ, ਪਰਮੇਸ਼ੁਰ ਦੇ ਸਰੂਪ ਵਿਚ ਬਣਾਈ ਗਈ, ਮਨੁੱਖਜਾਤੀ ਕੋਲ ਪਰਮੇਸ਼ੁਰ ਦੇ ਪ੍ਰੇਮ ਨੂੰ ਅਜਿਹੇ ਤਰੀਕੇ ਵਿਚ ਅਨੁਭਵ ਕਰਨ ਦੀ ਸਮਰਥਾ ਹੈ ਜਿਵੇਂ ਕੋਈ ਪਸ਼ੂ ਨਹੀਂ ਕਰ ਸਕਦਾ ਹੈ।—ਉਤਪਤ 1:27.
5. ਯਹੋਵਾਹ ਨੇ ਆਦਮ ਅਤੇ ਹੱਵਾਹ ਦੇ ਪ੍ਰਤੀ ਅਧਿਕ ਪ੍ਰੇਮ ਕਿਵੇਂ ਦਿਖਾਇਆ?
5 ਜਦੋਂ ਪਰਮੇਸ਼ੁਰ ਨੇ ਪਹਿਲੇ ਮਾਨਵ, ਆਦਮ ਅਤੇ ਹੱਵਾਹ ਨੂੰ ਸ੍ਰਿਸ਼ਟ ਕੀਤਾ, ਉਸ ਨੇ ਉਨ੍ਹਾਂ ਦੇ ਆਲੇ-ਦੁਆਲੇ ਆਪਣੇ ਪ੍ਰੇਮ ਦਾ ਸਬੂਤ ਦਿੱਤਾ। ਉਸ ਨੇ ਇਕ ਬਾਗ਼, ਇਕ ਪਰਾਦੀਸ ਬੀਜਿਆ ਸੀ, ਅਤੇ ਇਸ ਵਿਚ ਹਰ ਤਰ੍ਹਾਂ ਦਿਆਂ ਬਿਰਛਾਂ ਨੂੰ ਉਗਾਇਆ। ਉਸ ਨੇ ਇਸ ਨੂੰ ਪਾਣੀ ਦੇਣ ਲਈ ਇਕ ਦਰਿਆ ਮੁਹੱਈਆ ਕੀਤਾ ਅਤੇ ਇਸ ਨੂੰ ਮਨਮੋਹਣੇ ਪੰਛੀਆਂ ਅਤੇ ਪਸ਼ੂਆਂ ਨਾਲ ਭਰਿਆ। ਉਸ ਨੇ ਇਹ ਸਭ ਕੁਝ ਆਦਮ ਅਤੇ ਹੱਵਾਹ ਨੂੰ ਉਨ੍ਹਾਂ ਦੇ ਘਰ ਵਜੋਂ ਦੇ ਦਿੱਤਾ। (ਉਤਪਤ 2:8-10, 19) ਯਹੋਵਾਹ ਨੇ ਉਨ੍ਹਾਂ ਨਾਲ ਆਪਣੇ ਬੱਚਿਆਂ ਦੇ ਤੌਰ ਤੇ ਵਰਤਾਉ ਕੀਤਾ, ਉਸ ਦੇ ਵਿਸ਼ਵ-ਵਿਆਪੀ ਪਰਿਵਾਰ ਦਾ ਇਕ ਭਾਗ। (ਲੂਕਾ 3:38) ਅਦਨ ਨੂੰ ਇਕ ਨਮੂਨੇ ਦੇ ਤੌਰ ਤੇ ਪ੍ਰਦਾਨ ਕਰ ਕੇ, ਪਹਿਲੇ ਮਾਨਵ ਜੋੜੇ ਦੇ ਸਵਰਗੀ ਪਿਤਾ ਨੇ ਧਰਤੀ ਭਰ ਵਿਚ ਪਰਾਦੀਸ ਫੈਲਾਉਣ ਦੀ ਸੰਤੋਖਜਨਕ ਕਾਰਜ-ਨਿਯੁਕਤੀ ਉਨ੍ਹਾਂ ਦੇ ਸਾਮ੍ਹਣੇ ਰੱਖੀ। ਸਮੁੱਚੀ ਧਰਤੀ ਉਨ੍ਹਾਂ ਦੀ ਸੰਤਾਨ ਨਾਲ ਆਬਾਦ ਕੀਤੀ ਜਾਣੀ ਸੀ।—ਉਤਪਤ 1:28.
6. (ੳ) ਤੁਸੀਂ ਆਦਮ ਅਤੇ ਹੱਵਾਹ ਦੁਆਰਾ ਅਪਣਾਏ ਗਏ ਬਾਗ਼ੀ ਮਾਰਗ ਦੇ ਬਾਰੇ ਕਿਵੇਂ ਮਹਿਸੂਸ ਕਰਦੇ ਹੋ? (ਅ) ਕਿਹੜੀ ਗੱਲ ਸ਼ਾਇਦ ਇਹ ਸੰਕੇਤ ਕਰੇ ਕਿ ਅਸੀਂ ਉਸ ਤੋਂ ਸਬਕ ਸਿੱਖਿਆ ਹੈ ਜੋ ਅਦਨ ਵਿਚ ਵਾਪਰਿਆ ਸੀ ਅਤੇ ਕਿ ਅਸੀਂ ਉਸ ਗਿਆਨ ਤੋਂ ਲਾਭ ਹਾਸਲ ਕੀਤਾ ਹੈ?
6 ਪਰੰਤੂ, ਕੁਝ ਦੇਰ ਬਾਅਦ, ਆਦਮ ਅਤੇ ਹੱਵਾਹ ਨੇ ਆਗਿਆਕਾਰਤਾ ਦੀ ਇਕ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ, ਅਰਥਾਤ, ਨਿਸ਼ਠਾ ਦੀ ਇਕ ਅਜ਼ਮਾਇਸ਼। ਵਾਰੋ-ਵਾਰੀ ਉਹ ਉਸ ਪ੍ਰੇਮ ਲਈ ਕਦਰ ਦਿਖਾਉਣ ਵਿਚ ਅਸਫ਼ਲ ਹੋਏ ਜੋ ਉਨ੍ਹਾਂ ਉੱਤੇ ਵਰੋਸਾਇਆ ਗਿਆ ਸੀ। ਜੋ ਉਨ੍ਹਾਂ ਨੇ ਕੀਤਾ ਉਹ ਸਦਮਾ-ਜਨਕ ਸੀ। ਉਹ ਨਾਬਖ਼ਸ਼ਣਯੋਗ ਸੀ! ਨਤੀਜੇ ਵਜੋਂ, ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਖੋਹ ਬੈਠੇ, ਉਸ ਦੇ ਪਰਿਵਾਰ ਵਿੱਚੋਂ ਛੇਕੇ ਗਏ, ਅਤੇ ਅਦਨ ਤੋਂ ਬਾਹਰ ਕੱਢੇ ਗਏ। ਅਸੀਂ ਅੱਜ ਉਨ੍ਹਾਂ ਦੇ ਪਾਪ ਦੇ ਅਸਰ ਅਜੇ ਵੀ ਮਹਿਸੂਸ ਕਰਦੇ ਹਾਂ। (ਉਤਪਤ 2:16, 17; 3:1-6, 16-19, 24; ਰੋਮੀਆਂ 5:12) ਪਰੰਤੂ ਜੋ ਹੋਇਆ ਸੀ ਕੀ ਅਸੀਂ ਉਸ ਤੋਂ ਕੁਝ ਸਿੱਖਿਆ ਹੈ? ਅਸੀਂ ਪਰਮੇਸ਼ੁਰ ਦੇ ਪ੍ਰੇਮ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾ ਰਹੇ ਹਾਂ? ਕੀ ਉਹ ਨਿਰਣੇ ਜੋ ਅਸੀਂ ਹਰ ਰੋਜ਼ ਕਰਦੇ ਹਾਂ ਇਹ ਦਿਖਾਉਂਦੇ ਹਨ ਕਿ ਅਸੀਂ ਉਸ ਦੇ ਪ੍ਰੇਮ ਦੀ ਕਦਰ ਕਰਦੇ ਹਾਂ?—1 ਯੂਹੰਨਾ 5:3.
7. ਉਸ ਦੇ ਬਾਵਜੂਦ ਜੋ ਆਦਮ ਅਤੇ ਹੱਵਾਹ ਨੇ ਕੀਤਾ, ਯਹੋਵਾਹ ਨੇ ਉਨ੍ਹਾਂ ਦੀ ਸੰਤਾਨ ਲਈ ਕਿਵੇਂ ਪ੍ਰੇਮ ਦਿਖਾਇਆ?
7 ਕਦਰ ਦੀ ਉਸ ਸਰਾਸਰ ਕਮੀ ਨੇ ਵੀ, ਜੋ ਸਾਡੇ ਪਹਿਲੇ ਮਾਨਵੀ ਮਾਪਿਆਂ ਨੇ ਉਸ ਸਭ ਕੁਝ ਲਈ ਦਿਖਾਈ ਜੋ ਪਰਮੇਸ਼ੁਰ ਨੇ ਉਨ੍ਹਾਂ ਲਈ ਕੀਤਾ ਸੀ, ਪਰਮੇਸ਼ੁਰ ਦੇ ਆਪਣੇ ਪ੍ਰੇਮ ਨੂੰ ਨਹੀਂ ਦਬਾਇਆ। ਉਸ ਸਮੇਂ ਨਾ ਪੈਦਾ ਹੋਏ ਮਾਨਵ ਦੇ ਲਈ ਦਇਆ ਦੇ ਕਾਰਨ—ਜਿਨ੍ਹਾਂ ਵਿਚ ਅਸੀਂ ਅੱਜ ਜੀਉਂਦੇ ਜੀਅ ਸ਼ਾਮਲ ਹਾਂ—ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਉਨ੍ਹਾਂ ਦੇ ਮਰਨ ਤੋਂ ਪਹਿਲਾਂ ਇਕ ਪਰਿਵਾਰ ਉਤਪੰਨ ਕਰਨ ਦੀ ਇਜਾਜ਼ਤ ਦਿੱਤੀ। (ਉਤਪਤ 5:1-5; ਮੱਤੀ 5:44, 45) ਜੇਕਰ ਉਸ ਨੇ ਇਹ ਨਹੀਂ ਕੀਤਾ ਹੁੰਦਾ, ਸਾਡੇ ਵਿੱਚੋਂ ਕੋਈ ਵੀ ਨਹੀਂ ਪੈਦਾ ਹੁੰਦਾ। ਆਪਣੀ ਇੱਛਾ ਦੀ ਪ੍ਰਗਤੀਸ਼ੀਲ ਪ੍ਰਗਟੀਕਰਨ ਦੁਆਰਾ, ਯਹੋਵਾਹ ਨੇ ਆਦਮ ਦੀ ਸੰਤਾਨ ਵਿੱਚੋਂ ਉਨ੍ਹਾਂ ਸਾਰਿਆਂ ਲਈ ਜੋ ਨਿਹਚਾ ਕਰਦੇ ਇਕ ਉਮੀਦ ਦਾ ਆਧਾਰ ਵੀ ਪੇਸ਼ ਕੀਤਾ। (ਉਤਪਤ 3:15; 22:18; ਯਸਾਯਾਹ 9:6, 7) ਉਸ ਦੇ ਪ੍ਰਬੰਧ ਵਿਚ ਉਹ ਜ਼ਰੀਆ ਸ਼ਾਮਲ ਸੀ ਜਿਸ ਦੁਆਰਾ ਸਾਰੀਆਂ ਕੌਮਾਂ ਦੇ ਲੋਕ ਉਸ ਚੀਜ਼ ਨੂੰ ਮੁੜ ਹਾਸਲ ਕਰ ਸਕਦੇ ਸਨ ਜੋ ਆਦਮ ਨੇ ਖੋਈ ਸੀ, ਅਰਥਾਤ, ਪਰਮੇਸ਼ੁਰ ਦੇ ਵਿਸ਼ਵ-ਵਿਆਪੀ ਪਰਿਵਾਰ ਦੇ ਪ੍ਰਵਾਨਿਤ ਸਦੱਸਾਂ ਵਜੋਂ ਸੰਪੂਰਣ ਜੀਵਨ। ਉਸ ਨੇ ਇਹ ਇਕ ਰਿਹਾਈ-ਕੀਮਤ ਪ੍ਰਦਾਨ ਕਰਨ ਦੁਆਰਾ ਕੀਤਾ।
ਇਕ ਰਿਹਾਈ-ਕੀਮਤ ਕਿਉਂ?
8. ਪਰਮੇਸ਼ੁਰ ਕੇਵਲ ਇਹ ਫ਼ਰਮਾਨ ਹੀ ਕਿਉਂ ਨਹੀਂ ਦੇ ਸਕਦਾ ਸੀ ਕਿ ਭਾਵੇਂ ਆਦਮ ਅਤੇ ਹੱਵਾਹ ਨੂੰ ਮਰਨਾ ਪਵੇਗਾ, ਉਨ੍ਹਾਂ ਦੀ ਕਿਸੇ ਵੀ ਆਗਿਆਕਾਰ ਸੰਤਾਨ ਨੂੰ ਨਹੀਂ ਮਰਨਾ ਪਵੇਗਾ?
8 ਕੀ ਇਕ ਮਾਨਵ ਜੀਵਨ ਦੇ ਰੂਪ ਵਿਚ ਇਕ ਰਿਹਾਈ-ਕੀਮਤ ਦਾ ਮੁੱਲ ਭਰਿਆ ਜਾਣਾ ਸੱਚ-ਮੁੱਚ ਹੀ ਜ਼ਰੂਰੀ ਸੀ? ਕੀ ਪਰਮੇਸ਼ੁਰ ਕੇਵਲ ਇਹ ਫ਼ਰਮਾਨ ਹੀ ਨਹੀਂ ਦੇ ਸਕਦਾ ਸੀ ਕਿ ਭਾਵੇਂ ਆਦਮ ਅਤੇ ਹੱਵਾਹ ਨੂੰ ਆਪਣੀ ਬਗਾਵਤ ਲਈ ਮਰਨਾ ਪਵੇਗਾ, ਉਨ੍ਹਾਂ ਦੀ ਸਾਰੀ ਸੰਤਾਨ ਜੋ ਪਰਮੇਸ਼ੁਰ ਦੀ ਆਗਿਆ ਮੰਨਦੀ ਸਦਾ ਦੇ ਲਈ ਜੀਉਂਦੀ ਰਹਿ ਸਕਦੀ ਸੀ? ਇਕ ਨਿਕਟ-ਦਰਸ਼ੀ ਮਾਨਵੀ ਨਜ਼ਰੀਏ ਤੋਂ, ਇਹ ਸ਼ਾਇਦ ਤਰਕਸੰਗਤ ਲੱਗੇ। ਪਰੰਤੂ, ਯਹੋਵਾਹ ‘ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਣ ਵਾਲਾ’ ਹੈ। (ਜ਼ਬੂਰ 33:5) ਆਦਮ ਅਤੇ ਹੱਵਾਹ ਦੇ ਪਾਪੀ ਬਣਨ ਤੋਂ ਬਾਅਦ ਹੀ ਉਨ੍ਹਾਂ ਨੇ ਬੱਚੇ ਪੈਦਾ ਕੀਤੇ; ਇਸ ਕਰਕੇ ਉਨ੍ਹਾਂ ਬੱਚਿਆਂ ਵਿੱਚੋਂ ਕੋਈ ਵੀ ਨਹੀਂ ਸੰਪੂਰਣ ਪੈਦਾ ਹੋਏ। (ਜ਼ਬੂਰ 51:5) ਉਨ੍ਹਾਂ ਸਾਰਿਆਂ ਕੋਲ ਪਾਪ ਦੀ ਵਿਰਾਸਤ ਸੀ, ਅਤੇ ਪਾਪ ਦੀ ਸਜ਼ਾ ਮੌਤ ਹੈ। ਜੇਕਰ ਯਹੋਵਾਹ ਨੇ ਇਸ ਨੂੰ ਅਣਡਿੱਠ ਕੀਤਾ ਹੁੰਦਾ, ਉਸ ਦੇ ਵਿਸ਼ਵ-ਵਿਆਪੀ ਪਰਿਵਾਰ ਦੇ ਸਦੱਸਾਂ ਲਈ ਇਹ ਕਿਸ ਤਰ੍ਹਾਂ ਦਾ ਉਦਾਹਰਣ ਪੇਸ਼ ਹੋਣਾ ਸੀ? ਉਹ ਆਪਣੇ ਧਾਰਮਿਕ ਮਿਆਰਾਂ ਨੂੰ ਅਣਡਿੱਠ ਨਹੀਂ ਕਰ ਸਕਦਾ ਸੀ। ਉਹ ਨਿਆਉਂ ਦੀਆਂ ਮੰਗਾਂ ਦਾ ਆਦਰ ਕਰਦਾ ਸੀ। ਜਿਸ ਤਰੀਕੇ ਨਾਲ ਯਹੋਵਾਹ ਨੇ ਸ਼ਾਮਲ ਵਾਦ-ਵਿਸ਼ਿਆਂ ਨੂੰ ਨਿਪਟਿਆ ਕੋਈ ਵੀ ਵਿਅਕਤੀ ਉਸ ਤਰੀਕੇ ਦੀ ਕਦੇ ਵੀ ਜਾਇਜ਼ ਤੌਰ ਤੇ ਅਲੋਚਨਾ ਨਹੀਂ ਕਰ ਸਕਦਾ ਸੀ।—ਰੋਮੀਆਂ 3:21-23.
9. ਨਿਆਉਂ ਦੇ ਈਸ਼ਵਰੀ ਮਿਆਰ ਦੇ ਅਨੁਸਾਰ, ਕਿਹੜੇ ਪ੍ਰਕਾਰ ਦੀ ਰਿਹਾਈ-ਕੀਮਤ ਜ਼ਰੂਰੀ ਸੀ?
9 ਤਾਂ ਫਿਰ, ਆਦਮ ਦੀ ਉਸ ਸੰਤਾਨ ਨੂੰ ਮੁਕਤ ਕਰਨ ਲਈ ਜੋ ਯਹੋਵਾਹ ਦੇ ਪ੍ਰਤੀ ਪ੍ਰੇਮਪੂਰਣ ਆਗਿਆਕਾਰਤਾ ਪ੍ਰਦਰਸ਼ਿਤ ਕਰਦੀ, ਇਕ ਉਪਯੁਕਤ ਆਧਾਰ ਕਿਵੇਂ ਮੁਹੱਈਆ ਕੀਤਾ ਜਾ ਸਕਦਾ ਸੀ? ਜੇਕਰ ਇਕ ਸੰਪੂਰਣ ਮਾਨਵ, ਬਲੀਦਾਨੀ ਤੌਰ ਤੇ ਮਰਦਾ, ਤਾਂ ਨਿਆਉਂ ਉਸ ਸੰਪੂਰਣ ਜੀਵਨ ਦੇ ਮੁੱਲ ਨੂੰ ਉਨ੍ਹਾਂ ਦੇ ਪਾਪਾਂ ਨੂੰ ਢੱਕਣ ਲਈ ਮੁਹੱਈਆ ਕਰਨ ਦੀ ਇਜਾਜ਼ਤ ਦੇ ਸਕਦਾ ਸੀ ਜੋ ਨਿਹਚਾ ਵਿਚ ਰਿਹਾਈ-ਕੀਮਤ ਨੂੰ ਸਵੀਕਾਰ ਕਰਦੇ। ਕਿਉਂ ਜੋ ਇਕ ਮਨੁੱਖ, ਆਦਮ, ਦਾ ਪਾਪ ਸਾਰੇ ਮਾਨਵ ਪਰਿਵਾਰ ਨੂੰ ਪਾਪੀ ਬਣਾਉਣ ਲਈ ਜ਼ਿੰਮੇਵਾਰ ਸੀ, ਇਕ ਦੂਜੇ ਸੰਪੂਰਣ ਮਨੁੱਖ ਦਾ ਵਹਾਇਆ ਖ਼ੂਨ, ਜੋ ਕਿ ਅਨੁਕੂਲ ਮੁੱਲ ਦਾ ਹੁੰਦਾ, ਨਿਆਉਂ ਦੀ ਤੱਕੜੀ ਨੂੰ ਸੰਤੁਲਿਤ ਕਰ ਸਕਦਾ ਸੀ। (1 ਤਿਮੋਥਿਉਸ 2:5, 6, ਨਿ ਵ) ਪਰੰਤੂ ਅਜਿਹਾ ਵਿਅਕਤੀ ਕਿੱਥੇ ਪਾਇਆ ਜਾ ਸਕਦਾ ਸੀ?
ਕੀਮਤ ਕਿੰਨੀ ਵੱਡੀ ਸੀ?
10. ਆਦਮ ਦੀ ਸੰਤਾਨ ਲੋੜੀਂਦੀ ਰਿਹਾਈ-ਕੀਮਤ ਪ੍ਰਦਾਨ ਕਰਨ ਦੇ ਅਯੋਗ ਕਿਉਂ ਸੀ?
10 ਪਾਪੀ ਆਦਮ ਦੀ ਸੰਤਾਨ ਦੇ ਵਿੱਚੋਂ, ਅਜਿਹਾ ਕੋਈ ਵਿਅਕਤੀ ਨਹੀਂ ਸੀ ਜੋ ਉਨ੍ਹਾਂ ਜੀਵਨ ਸੰਭਾਵਨਾਵਾਂ ਨੂੰ ਜਿਨ੍ਹਾਂ ਨੂੰ ਆਦਮ ਨੇ ਗੁਆਇਆ ਸੀ, ਮੁੜ ਖ਼ਰੀਦਣ ਲਈ ਉਹ ਲੋੜੀਂਦੀ ਚੀਜ਼ ਮੁਹੱਈਆ ਕਰ ਸਕਦਾ ਸੀ। “ਉਨ੍ਹਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ, ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ, ਭਈ ਉਹ ਅਨੰਤ ਕਾਲ ਤੀਕ ਜੀਉਂਦਾ ਰਹੇ, ਅਤੇ ਗੋਰ ਨੂੰ ਨਾ ਵੇਖੇ।” (ਜ਼ਬੂਰ 49:7-9) ਮਨੁੱਖਜਾਤੀ ਨੂੰ ਉਮੀਦ ਤੋਂ ਬਿਨਾਂ ਛੱਡਣ ਦੀ ਬਜਾਇ, ਯਹੋਵਾਹ ਨੇ ਖ਼ੁਦ ਹੀ ਦਇਆਪੂਰਵਕ ਪ੍ਰਬੰਧ ਕੀਤਾ।
11. ਯਹੋਵਾਹ ਨੇ ਉਸ ਸੰਪੂਰਣ ਮਾਨਵ ਜੀਵਨ ਨੂੰ ਕਿਸ ਜ਼ਰੀਏ ਦੁਆਰਾ ਪ੍ਰਦਾਨ ਕੀਤਾ ਜੋ ਉਪਯੁਕਤ ਰਿਹਾਈ-ਕੀਮਤ ਲਈ ਜ਼ਰੂਰੀ ਸੀ?
11 ਯਹੋਵਾਹ ਨੇ ਇਕ ਦੂਤ ਨੂੰ ਦੇਹਧਾਰੀ ਸਰੀਰ ਦੇ ਕੇ ਧਰਤੀ ਉੱਤੇ ਮਰਨ ਦਾ ਢੌਂਗ ਕਰਨ ਲਈ ਨਹੀਂ ਭੇਜਿਆ ਜਦ ਕਿ ਉਹ ਇਕ ਆਤਮਾ ਦੇ ਤੌਰ ਤੇ ਜੀਉਂਦਾ ਰਹਿੰਦਾ। ਇਸ ਦੀ ਬਜਾਇ, ਇਕ ਚਮਤਕਾਰ ਕਰਨ ਦੁਆਰਾ ਜਿਸ ਦੀ ਸਿਰਫ਼ ਪਰਮੇਸ਼ੁਰ, ਅਰਥਾਤ ਸ੍ਰਿਸ਼ਟੀਕਰਤਾ, ਹੀ ਯੋਜਨਾ ਬਣਾ ਸਕਦਾ ਸੀ, ਉਸ ਨੇ ਇਕ ਸਵਰਗੀ ਪੁੱਤਰ ਦੀ ਜੀਵਨ-ਸ਼ਕਤੀ ਅਤੇ ਵਿਅਕਤਿੱਤਵ ਦੇ ਨਮੂਨੇ ਨੂੰ ਇਕ ਇਸਤਰੀ, ਯਹੂਦਾਹ ਦੇ ਗੋਤ ਤੋਂ ਹੇਲੀ ਦੀ ਧੀ, ਮਰਿਯਮ ਦੀ ਕੁੱਖ ਵਿਚ ਤਬਾਦਲਾ ਕਰ ਦਿੱਤਾ। ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ, ਉਸ ਦੀ ਪਵਿੱਤਰ ਆਤਮਾ, ਨੇ ਉਸ ਦੀ ਮਾਤਾ ਦੀ ਕੁੱਖ ਵਿਚ ਬੱਚੇ ਦੇ ਵਿਕਾਸ ਦੀ ਰਖਵਾਲੀ ਕੀਤੀ, ਅਤੇ ਉਹ ਇਕ ਸੰਪੂਰਣ ਮਾਨਵ ਪੈਦਾ ਹੋਇਆ। (ਲੂਕਾ 1:35; 1 ਪਤਰਸ 2:22) ਤਾਂ ਫਿਰ ਇਸ ਕੋਲ ਆਪਣੇ ਅਧਿਕਾਰ ਵਿਚ ਉਹ ਮੁੱਲ ਸੀ ਜੋ ਉਹ ਰਿਹਾਈ-ਕੀਮਤ ਪ੍ਰਦਾਨ ਕਰਨ ਲਈ ਜ਼ਰੂਰੀ ਸੀ ਜੋ ਈਸ਼ਵਰੀ ਨਿਆਉਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦਾ।—ਇਬਰਾਨੀਆਂ 10:5.
12. (ੳ) ਯਿਸੂ ਕਿਹੜੇ ਅਰਥ ਵਿਚ ਪਰਮੇਸ਼ੁਰ ਦਾ ‘ਇਕਲੌਤਾ ਪੁੱਤ੍ਰ’ ਹੈ? (ਅ) ਪਰਮੇਸ਼ੁਰ ਵੱਲੋਂ ਇਸ ਨੂੰ ਰਿਹਾਈ-ਕੀਮਤ ਮੁਹੱਈਆ ਕਰਨ ਲਈ ਭੇਜਣ ਨੇ ਸਾਡੇ ਲਈ ਉਸ ਦੇ ਪ੍ਰੇਮ ਉੱਤੇ ਕਿਵੇਂ ਜ਼ੋਰ ਦਿੱਤਾ?
12 ਆਪਣੇ ਹਜ਼ਾਰਾਂ ਹੀ ਸਵਰਗੀ ਪੁੱਤਰਾਂ ਦੇ ਵਿੱਚੋਂ ਯਹੋਵਾਹ ਨੇ ਇਹ ਕਾਰਜ-ਨਿਯੁਕਤੀ ਕਿਸ ਨੂੰ ਦਿੱਤੀ ਸੀ? ਉਸ ਨੂੰ ਜੋ ਸ਼ਾਸਤਰ ਵਿਚ ਉਸ ਦੇ “ਇਕਲੌਤੇ ਪੁੱਤ੍ਰ” ਦੇ ਤੌਰ ਤੇ ਵਰਣਿਤ ਕੀਤਾ ਗਿਆ ਹੈ। (1 ਯੂਹੰਨਾ 4:9) ਇਹ ਅਭਿਵਿਅਕਤੀ ਇਸ ਨੂੰ ਵਰਣਨ ਕਰਨ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ ਹੈ ਕਿ ਉਹ ਇਕ ਮਾਨਵ ਵਜੋਂ ਪੈਦਾ ਹੋਣ ਦੇ ਸਮੇਂ ਕੀ ਬਣਿਆ, ਪਰੰਤੂ ਜੋ ਉਹ ਇਸ ਤੋਂ ਪਹਿਲਾ ਸਵਰਗ ਵਿਚ ਸੀ। ਉਹ ਹੀ ਇੱਕੋ-ਇਕ ਵਿਅਕਤੀ ਹੈ ਜਿਸ ਨੂੰ ਯਹੋਵਾਹ ਨੇ ਕਿਸੇ ਹੋਰ ਦੇ ਸਹਿਯੋਗ ਤੋਂ ਬਿਨਾਂ ਸਿੱਧੇ ਤੌਰ ਤੇ ਸ੍ਰਿਸ਼ਟ ਕੀਤਾ। ਉਹ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ। ਉਹ ਹੀ ਇਕ ਵਿਅਕਤੀ ਹੈ ਜੋ ਸਾਰੇ ਦੂਜਿਆਂ ਜੀਵਾਂ ਨੂੰ ਹੋਂਦ ਵਿਚ ਲਿਆਉਣ ਲਈ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤਾ ਗਿਆ ਸੀ। ਦੂਤ ਪਰਮੇਸ਼ੁਰ ਦੇ ਪੁੱਤਰ ਹਨ, ਜਿਵੇਂ ਆਦਮ ਪਰਮੇਸ਼ੁਰ ਦਾ ਇਕ ਪੁੱਤਰ ਸੀ। ਪਰੰਤੂ ਯਿਸੂ ਨੂੰ ਉਹ “ਤੇਜ” ਰੱਖਦਿਆਂ ਜੋ “ਪਿਤਾ ਦੇ ਇਕਲੌਤੇ ਦੇ ਤੇਜ ਵਰਗਾ” ਹੈ, ਵਰਣਨ ਕੀਤਾ ਗਿਆ ਹੈ। ਉਸ ਬਾਰੇ ਕਿਹਾ ਗਿਆ ਹੈ ਕਿ ਉਹ “ਪਿਤਾ ਦੀ ਗੋਦ” ਵਿਚ ਵਸਦਾ ਹੈ। (ਯੂਹੰਨਾ 1:14, 18) ਪਿਤਾ ਦੇ ਨਾਲ ਉਸ ਦਾ ਰਿਸ਼ਤਾ ਇਕ ਨਜ਼ਦੀਕ, ਗੂੜ੍ਹਾ, ਅਤੇ ਕੋਮਲ ਰਿਸ਼ਤਾ ਹੈ। ਉਹ ਮਨੁੱਖਜਾਤੀ ਦੇ ਲਈ ਆਪਣੇ ਪਿਤਾ ਦੇ ਪ੍ਰੇਮ ਵਿਚ ਭਾਗੀ ਹੈ। ਕਹਾਉਤਾਂ 8:30, 31 ਅਭਿਵਿਅਕਤ ਕਰਦਾ ਹੈ ਕੀ ਪਿਤਾ ਇਸ ਪੁੱਤਰ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਪੁੱਤਰ ਮਨੁੱਖਜਾਤੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ: “ਮੈਂ [ਯਿਸੂ, ਯਹੋਵਾਹ ਦਾ ਰਾਜ ਮਿਸਤਰੀ, ਬੁੱਧ ਦਾ ਮਾਨਵੀਕਰਣ] ਨਿੱਤ ਉਹ [ਯਹੋਵਾਹ] ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ, ਮੈਂ . . . ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।” ਇਹੀ ਉਹ ਸਭ ਤੋਂ ਬਹੁਮੁੱਲਾ ਪੁੱਤਰ ਸੀ ਜਿਸ ਨੂੰ ਪਰਮੇਸ਼ੁਰ ਨੇ ਰਿਹਾਈ-ਕੀਮਤ ਪ੍ਰਦਾਨ ਕਰਨ ਲਈ ਧਰਤੀ ਨੂੰ ਭੇਜਿਆ ਸੀ। ਯਿਸੂ ਦਾ ਕਥਨ ਇਸ ਕਰਕੇ ਕਿੰਨਾ ਅਰਥਭਰਪੂਰ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ”!—ਯੂਹੰਨਾ 3:16.
13, 14. ਅਬਰਾਹਾਮ ਵੱਲੋਂ ਇਸਹਾਕ ਨੂੰ ਬਲੀ ਦੇਣ ਦੀ ਕੋਸ਼ਿਸ਼ ਕਰਨ ਦੇ ਬਾਈਬਲ ਰਿਕਾਰਡ ਨੂੰ ਸਾਨੂੰ ਉਸ ਬਾਰੇ ਕੀ ਕਦਰ ਕਰਨ ਦੀ ਮਦਦ ਕਰਨੀ ਚਾਹੀਦੀ ਹੈ ਜੋ ਯਹੋਵਾਹ ਨੇ ਕੀਤਾ? (1 ਯੂਹੰਨਾ 4:10)
13 ਸਾਨੂੰ ਕੁਝ ਹੱਦ ਤਕ ਇਸ ਦੇ ਮਤਲਬ ਨੂੰ ਸਮਝਣ ਦੀ ਮਦਦ ਕਰਨ ਵਿਚ, ਯਿਸੂ ਦੇ ਧਰਤੀ ਉੱਤੇ ਆਉਣ ਤੋਂ ਬਹੁਤ ਸਮੇਂ ਪਹਿਲਾਂ, ਪਰਮੇਸ਼ੁਰ ਨੇ ਅਬਰਾਹਾਮ ਨੂੰ, ਕੁਝ 3,890 ਸਾਲ ਪਹਿਲਾਂ, ਹਿਦਾਇਤ ਦਿੱਤੀ: “ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।” (ਉਤਪਤ 22:1, 2) ਨਿਹਚਾ ਵਿਚ, ਅਬਰਾਹਾਮ ਨੇ ਆਗਿਆ ਮੰਨੀ। ਆਪਣੇ ਆਪ ਨੂੰ ਅਬਰਾਹਾਮ ਦੀ ਸਥਿਤੀ ਵਿਚ ਕਲਪਨਾ ਕਰੋ। ਕੀ ਜੇਕਰ ਉਹ ਤੁਹਾਡਾ ਪੁੱਤਰ ਹੁੰਦਾ, ਤੁਹਾਡਾ ਇਕਲੌਤਾ ਪੁੱਤਰ ਜਿਸ ਨਾਲ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ? ਤੁਹਾਡੀਆਂ ਕੀ ਭਾਵਨਾਵਾਂ ਹੁੰਦੀਆਂ ਜਿਉਂ ਹੀ ਤੁਸੀਂ ਹੋਮ ਬਲੀ ਲਈ ਲੱਕੜੀਆਂ ਨੂੰ ਕੱਟਦੇ, ਮੋਰੀਆਹ ਦੇ ਦੇਸ਼ ਨੂੰ ਕਈ ਦਿਨਾਂ ਦਾ ਸਫ਼ਰ ਕਰਦੇ, ਅਤੇ ਆਪਣੇ ਪੁੱਤਰ ਨੂੰ ਵੇਦੀ ਉੱਤੇ ਧਰਦੇ?
14 ਇਕ ਤਰਸਵਾਨ ਮਾਤਾ ਜਾਂ ਪਿਤਾ ਅਜਿਹੀਆਂ ਭਾਵਨਾਵਾਂ ਕਿਉਂ ਰੱਖਦਾ ਹੈ? ਉਤਪਤ 1:27 ਕਹਿੰਦਾ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਸਰੂਪ ਵਿਚ ਸ੍ਰਿਸ਼ਟ ਕੀਤਾ ਸੀ। ਪ੍ਰੇਮ ਅਤੇ ਤਰਸ ਦੀਆਂ ਸਾਡੀਆਂ ਭਾਵਨਾਵਾਂ ਇਕ ਬਹੁਤ ਹੀ ਸੀਮਿਤ ਤਰੀਕੇ ਵਿਚ ਯਹੋਵਾਹ ਦੇ ਆਪਣੇ ਪ੍ਰੇਮ ਨੂੰ ਪ੍ਰਤਿਬਿੰਬਤ ਕਰਦੀਆਂ ਹਨ। ਅਬਰਾਹਾਮ ਦੇ ਮਾਮਲੇ ਵਿਚ, ਪਰਮੇਸ਼ੁਰ ਨੇ ਦਖ਼ਲ ਦਿੱਤੀ, ਤਾਂਕਿ ਇਸਹਾਕ ਅਸਲ ਵਿਚ ਕੁਰਬਾਨ ਨਹੀਂ ਕੀਤਾ ਗਿਆ ਸੀ। (ਉਤਪਤ 22:12, 13; ਇਬਰਾਨੀਆਂ 11:17-19) ਪਰੰਤੂ, ਖ਼ੁਦ ਦੇ ਮਾਮਲੇ ਵਿਚ, ਯਹੋਵਾਹ ਅੰਤਲੀ ਘੜੀ ਰਿਹਾਈ-ਕੀਮਤ ਪ੍ਰਦਾਨ ਕਰਨ ਤੋਂ ਨਹੀਂ ਰੁਕਿਆ, ਭਾਵੇਂ ਕਿ ਇਹ ਖ਼ੁਦ ਅਤੇ ਉਸ ਦੇ ਪੁੱਤਰ ਦੋਹਾਂ ਲਈ ਵੱਡੇ ਮੁੱਲ ਤੇ ਸੰਪੰਨ ਕੀਤਾ ਗਿਆ ਸੀ। ਜੋ ਕੀਤਾ ਗਿਆ ਸੀ, ਪਰਮੇਸ਼ੁਰ ਦੇ ਵੱਲੋਂ ਕਿਸੇ ਫ਼ਰਜ਼ ਦੇ ਕਾਰਨ ਨਹੀਂ, ਬਲਕਿ ਅਨੋਖੀ ਅਯੋਗ ਦਿਆਲਗੀ ਦੇ ਇਕ ਪ੍ਰਗਟਾਵੇ ਵਜੋਂ। ਕੀ ਅਸੀਂ ਇਸ ਦੀ ਪੂਰੀ ਤਰ੍ਹਾਂ ਕਦਰ ਕਰਦੇ ਹਾਂ?—ਇਬਰਾਨੀਆਂ 2:9.
ਇਹ ਕੀ ਸੰਭਵ ਬਣਾਉਂਦਾ ਹੈ
15. ਰਿਹਾਈ-ਕੀਮਤ ਨੇ ਇਸ ਵਰਤਮਾਨ ਰੀਤੀ-ਵਿਵਸਥਾ ਵਿਚ ਵੀ ਜੀਵਨਾਂ ਉੱਤੇ ਕਿਵੇਂ ਪ੍ਰਭਾਵ ਪਾਇਆ ਹੈ?
15 ਪਰਮੇਸ਼ੁਰ ਦੁਆਰਾ ਬਣਾਇਆ ਗਿਆ ਉਹ ਪ੍ਰਬੰਧ ਉਨ੍ਹਾਂ ਦੇ ਜੀਵਨਾਂ ਉੱਤੇ ਇਕ ਗਹਿਰਾ ਪ੍ਰਭਾਵ ਪਾਉਂਦਾ ਹੈ ਜੋ ਇਸ ਨੂੰ ਨਿਹਚਾ ਵਿਚ ਸਵੀਕਾਰ ਕਰਦੇ ਹਨ। ਪਾਪ ਦੇ ਨਤੀਜੇ ਵਜੋਂ ਉਹ ਪਰਮੇਸ਼ੁਰ ਤੋਂ ਪਹਿਲਾਂ ਹੀ ਅੱਡ ਹੋਏ ਸਨ। ਉਹ, ਜਿਵੇਂ ਉਸ ਦਾ ਬਚਨ ਕਹਿੰਦਾ ਹੈ, “ਆਪਣੇ ਕੁਕਰਮਾਂ ਦੇ ਕਾਰਨ ਮਨੋਂ ਵੈਰੀ” ਸਨ। (ਕੁਲੁੱਸੀਆਂ 1:21-23) ਪਰੰਤੂ ਉਹ “ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ।” (ਰੋਮੀਆਂ 5:8-10) ਆਪਣੇ ਜੀਵਨ ਦੇ ਮਾਰਗ ਨੂੰ ਬਦਲ ਚੁੱਕਣ ਅਤੇ ਉਸ ਮਾਫ਼ੀ ਨੂੰ ਸਵੀਕਾਰ ਕਰ ਚੁੱਕਣ ਦੇ ਕਾਰਨ, ਜੋ ਪਰਮੇਸ਼ੁਰ ਉਨ੍ਹਾਂ ਲਈ ਸੰਭਵ ਬਣਾਉਂਦਾ ਹੈ ਜੋ ਮਸੀਹ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ, ਉਹ ਇਕ ਸਾਫ਼ ਅੰਤਹਕਰਣ ਨਾਲ ਬਖ਼ਸ਼ੇ ਜਾਂਦੇ ਹਨ।—ਇਬਰਾਨੀਆਂ 9:14; 1 ਪਤਰਸ 3:21.
16. ਰਿਹਾਈ-ਕੀਮਤ ਵਿਚ ਉਨ੍ਹਾਂ ਦੀ ਨਿਹਚਾ ਦੇ ਕਾਰਨ ਛੋਟੇ ਝੁੰਡ ਨੂੰ ਕਿਹੜੀਆਂ ਬਰਕਤਾਂ ਬਖ਼ਸ਼ੀਆਂ ਜਾਂਦੀਆਂ ਹਨ?
16 ਯਹੋਵਾਹ ਨੇ ਇਨ੍ਹਾਂ ਵਿੱਚੋਂ ਇਕ ਸੀਮਿਤ ਗਿਣਤੀ, ਇਕ ਛੋਟੇ ਝੁੰਡ ਨੂੰ ਸਵਰਗੀ ਰਾਜ ਵਿਚ ਆਪਣੇ ਪੁੱਤਰ ਦੇ ਨਾਲ ਸੰਗਤ ਕਰਨ ਦੀ ਅਯੋਗ ਕਿਰਪਾ ਇਸ ਮਨੋਰਥ ਨਾਲ ਪੇਸ਼ ਕੀਤੀ ਹੈ ਕਿ ਪਰਮੇਸ਼ੁਰ ਦਾ ਧਰਤੀ ਲਈ ਮੁਢਲਾ ਮਕਸਦ ਨੇਪਰੇ ਚਾੜ੍ਹਿਆ ਜਾਵੇ। (ਲੂਕਾ 12:32) ਇਹ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਲਏ ਗਏ ਹਨ ‘ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਨ ਲਈ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।’ (ਪਰਕਾਸ਼ ਦੀ ਪੋਥੀ 5:9, 10) ਇਨ੍ਹਾਂ ਨੂੰ, ਰਸੂਲ ਪੌਲੁਸ ਨੇ ਲਿਖਿਆ: “ਤੁਹਾਨੂੰ . . . ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ “ਅੱਬਾ”, ਹੇ ਪਿਤਾ, ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ।” (ਰੋਮੀਆਂ 8:15-17) ਪਰਮੇਸ਼ੁਰ ਦੁਆਰਾ ਉਸ ਦੇ ਪੁੱਤਰਾਂ ਦੇ ਤੌਰ ਤੇ ਲੇਪਾਲਕ ਬਣਾਏ ਜਾਣ ਤੇ, ਉਨ੍ਹਾਂ ਨੂੰ ਆਦਮ ਦੁਆਰਾ ਖੋਹਿਆ ਗਿਆ ਉਹ ਪ੍ਰਿਯ ਰਿਸ਼ਤਾ ਬਖ਼ਸ਼ਿਆ ਜਾਂਦਾ ਹੈ; ਪਰੰਤੂ ਇਨ੍ਹਾਂ ਪੁੱਤਰਾਂ ਨੂੰ ਸਵਰਗੀ ਸੇਵਾ ਦੇ ਅਤਿਰਿਕਤ ਵਿਸ਼ੇਸ਼-ਸਨਮਾਨ ਬਖ਼ਸ਼ੇ ਜਾਣਗੇ—ਅਜਿਹੀ ਚੀਜ਼ ਜੋ ਆਦਮ ਕੋਲ ਕਦੇ ਵੀ ਨਹੀਂ ਸੀ। ਕੋਈ ਹੈਰਾਨੀ ਨਹੀਂ ਕਿ ਰਸੂਲ ਯੂਹੰਨਾ ਨੇ ਕਿਹਾ: “ਵੇਖੋ, ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਜੋ ਅਸੀਂ ਪਰਮੇਸ਼ੁਰ ਦੇ ਬਾਲਕ ਸਦਾਈਏ!” (1 ਯੂਹੰਨਾ 3:1) ਅਜਿਹੇ ਵਿਅਕਤੀਆਂ ਨੂੰ ਪਰਮੇਸ਼ੁਰ ਸਿਰਫ਼ ਅਸੂਲੀ ਪ੍ਰੇਮ (ਅਗਾਪੇ) ਹੀ ਨਹੀਂ, ਪਰੰਤੂ ਕੋਮਲ ਸਨੇਹ (ਫ਼ਿਲਿਆ) ਵੀ ਪ੍ਰਗਟ ਕਰਦਾ ਹੈ, ਜੋ ਅਜਿਹੇ ਬੰਧਨ ਦੀ ਵਿਸ਼ੇਸ਼ਤਾ ਹੈ ਜਿਹੜੀ ਸੱਚੇ ਮਿੱਤਰਾਂ ਵਿਚਕਾਰ ਮੌਜੂਦ ਹੁੰਦੀ ਹੈ।—ਯੂਹੰਨਾ 16:27.
17. (ੳ) ਉਨ੍ਹਾਂ ਸਾਰਿਆਂ ਨੂੰ ਜੋ ਰਿਹਾਈ-ਕੀਮਤ ਵਿਚ ਨਿਹਚਾ ਕਰਦੇ ਹਨ, ਕਿਹੜਾ ਮੌਕਾ ਦਿੱਤਾ ਜਾਂਦਾ ਹੈ? (ਅ) “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਉਨ੍ਹਾਂ ਲਈ ਕੀ ਅਰਥ ਰੱਖੇਗੀ?
17 ਦੂਜਿਆਂ ਲਈ ਵੀ—ਉਹ ਸਾਰੇ ਜੋ ਯਿਸੂ ਮਸੀਹ ਦੇ ਰਾਹੀਂ ਜੀਵਨ ਲਈ ਪਰਮੇਸ਼ੁਰ ਦੇ ਉਦਾਰ ਪ੍ਰਬੰਧ ਵਿਚ ਨਿਹਚਾ ਕਰਦੇ ਹਨ—ਯਹੋਵਾਹ ਉਸ ਕੀਮਤੀ ਰਿਸ਼ਤੇ ਨੂੰ ਹਾਸਲ ਕਰਨ ਦਾ ਮੌਕਾ ਖੋਲ੍ਹਦਾ ਹੈ ਜੋ ਆਦਮ ਖੋਹ ਬੈਠਾ ਸੀ। ਰਸੂਲ ਪੌਲੁਸ ਨੇ ਵਿਆਖਿਆ ਕੀਤੀ: “ਸਰਿਸ਼ਟੀ [ਆਦਮ ਤੋਂ ਉਤਪੰਨ ਹੋਈ ਮਾਨਵੀ ਸ੍ਰਿਸ਼ਟੀ] ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ [ਅਰਥਾਤ, ਉਹ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਇਹ ਸਪੱਸ਼ਟ ਤੌਰ ਤੇ ਜ਼ਾਹਰ ਹੋ ਜਾਂਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਜੋ ਮਸੀਹ ਦੇ ਨਾਲ ਸਵਰਗੀ ਰਾਜ ਦੇ ਵਾਰਸ ਹਨ, ਮਨੁੱਖਜਾਤੀ ਦੇ ਨਿਮਿੱਤ ਸਕਾਰਾਤਮਕ ਕਾਰਵਾਈ ਕਰ ਰਹੇ ਹਨ]। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ [ਉਹ ਮੌਤ ਦੀ ਸੰਭਾਵਨਾ ਨਾਲ ਪਾਪ ਵਿਚ ਪੈਦਾ ਹੋਏ ਸਨ, ਅਤੇ ਕੋਈ ਵੀ ਤਰੀਕਾ ਨਹੀਂ ਸੀ ਜਿਸ ਵਿਚ ਉਹ ਖ਼ੁਦ ਨੂੰ ਮੁਕਤ ਕਰ ਸਕਦੇ ਸਨ], ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ [ਪਰਮੇਸ਼ੁਰ ਦੁਆਰਾ ਦਿੱਤੀ ਗਈ] ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।” (ਰੋਮੀਆਂ 8:19-21) ਇਹ ਆਜ਼ਾਦੀ ਕੀ ਅਰਥ ਰੱਖੇਗੀ? ਕਿ ਉਹ ਪਾਪ ਅਤੇ ਮੌਤ ਦੇ ਬੰਧਨ ਤੋਂ ਮੁਕਤ ਕੀਤੇ ਗਏ ਹਨ। ਉਨ੍ਹਾਂ ਨੂੰ ਮਨ ਅਤੇ ਸਰੀਰ ਦੀ ਸੰਪੂਰਣਤਾ, ਆਪਣੇ ਘਰ ਵਜੋਂ ਪਰਾਦੀਸ, ਅਤੇ ਆਪਣੀ ਸੰਪੂਰਣਤਾ ਦਾ ਆਨੰਦ ਮਾਣਨ ਲਈ ਨਾਲੇ ਯਹੋਵਾਹ, ਇੱਕੋ-ਇਕ ਸੱਚੇ ਪਰਮੇਸ਼ੁਰ ਨੂੰ ਆਪਣੀ ਕਦਰਦਾਨੀ ਪ੍ਰਗਟ ਕਰਨ ਲਈ ਸਦੀਪਕ ਜੀਵਨ ਹਾਸਲ ਹੋਵੇਗਾ। ਅਤੇ ਇਹ ਸਭ ਕੁਝ ਕਿਵੇਂ ਸੰਭਵ ਬਣਾਇਆ ਗਿਆ ਸੀ? ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੇ ਰਿਹਾਈ-ਕੀਮਤ ਬਲੀਦਾਨ ਦੁਆਰਾ।
18. ਮਾਰਚ 23 ਨੂੰ ਸੰਝ ਤੋਂ ਬਾਅਦ, ਅਸੀਂ ਕੀ ਕਰ ਰਹੇ ਹੋਵਾਂਗੇ, ਅਤੇ ਕਿਉਂ?
18 ਨੀਸਾਨ 14, 33 ਸਾ.ਯੁ. ਤੇ, ਯਰੂਸ਼ਲਮ ਵਿਚ ਇਕ ਉਪਰਲੇ ਕਮਰੇ ਵਿਚ, ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਥਾਪਿਤ ਕੀਤਾ। ਉਸ ਦੀ ਮੌਤ ਦਾ ਸਾਲਾਨਾ ਯਾਦਗਾਰੀ ਉਤਸਵ ਸਾਰੇ ਸੱਚੇ ਮਸੀਹੀਆਂ ਦੇ ਜੀਵਨਾਂ ਵਿਚ ਇਕ ਮਹੱਤਵਪੂਰਣ ਘਟਨਾ ਬਣ ਗਈ ਹੈ। ਯਿਸੂ ਨੇ ਖ਼ੁਦ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) 1997 ਵਿਚ ਸਮਾਰਕ ਮਾਰਚ 23 ਨੂੰ ਸੰਝ ਤੋਂ ਬਾਅਦ (ਜਦੋਂ ਨੀਸਾਨ 14 ਆਰੰਭ ਹੁੰਦਾ ਹੈ) ਮਨਾਇਆ ਜਾਵੇਗਾ। ਉਸ ਦਿਨ ਤੇ, ਇਸ ਸਮਾਰਕ ਅਵਸਰ ਦੇ ਹਾਜ਼ਰ ਹੋਣ ਨਾਲੋਂ ਕੋਈ ਵੀ ਚੀਜ਼ ਜ਼ਿਆਦਾ ਮਹੱਤਵਪੂਰਣ ਨਹੀਂ ਹੋ ਸਕਦੀ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਕਿਨ੍ਹਾਂ ਤਰੀਕਿਆਂ ਵਿਚ ਅਧਿਕ ਪ੍ਰੇਮ ਦਿਖਾਇਆ ਹੈ?
◻ ਆਦਮ ਦੀ ਸੰਤਾਨ ਨੂੰ ਰਿਹਾ ਕਰਨ ਲਈ ਇਕ ਸੰਪੂਰਣ ਮਾਨਵ ਜੀਵਨ ਕਿਉਂ ਜ਼ਰੂਰੀ ਸੀ?
◻ ਯਹੋਵਾਹ ਨੇ ਕਿਹੜੇ ਵੱਡੇ ਮੁੱਲ ਤੇ ਰਿਹਾਈ-ਕੀਮਤ ਪ੍ਰਦਾਨ ਕੀਤੀ?
◻ ਰਿਹਾਈ-ਕੀਮਤ ਕੀ ਸੰਭਵ ਬਣਾਉਂਦੀ ਹੈ?
[ਸਫ਼ੇ 10 ਉੱਤੇ ਤਸਵੀਰ]
ਪਰਮੇਸ਼ੁਰ ਨੇ ਆਪਣਾ ਇਕਲੌਤਾ ਪੁੱਤਰ ਬਖ਼ਸ਼ ਦਿੱਤਾ