“ਅਕੀਕ ਪੱਥਰ ਵਰਗਾ”
ਯੂਹੰਨਾ ਰਸੂਲ ਨੇ ਇਕ ਸ਼ਾਨਦਾਰ ਸਵਰਗੀ ਸਿੰਘਾਸਣ ਦਾ ਦਰਸ਼ਣ ਦੇਖਿਆ ਸੀ। ਸਿੰਘਾਸਣ ਉੱਤੇ ਬਿਰਾਜਮਾਨ ਸ਼ਖ਼ਸ ਵੇਖਣ ਨੂੰ “ਪੁਖਰਾਜ ਅਤੇ ਅਕੀਕ ਪੱਥਰ ਵਰਗਾ” ਸੀ। (ਪਰਕਾਸ਼ ਦੀ ਪੋਥੀ 4:2, 3) ਪੁਖਰਾਜ ਤੇ ਅਕੀਕ ਕਿਹੋ ਜਿਹੇ ਪੱਥਰ ਸਨ?
ਇਹ ਅਪਾਰਦਰਸ਼ੀ ਪੱਥਰ ਨਹੀਂ ਸਨ ਜੋ ਸਿਰਫ਼ ਉੱਪਰੋਂ-ਉੱਪਰੋਂ ਚਮਕਦੇ ਸਨ। “ਪੁਖਰਾਜ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਪ੍ਰਾਚੀਨ ਸਮਿਆਂ ਵਿਚ ਉਨ੍ਹਾਂ ਰੰਗ-ਬਰੰਗੇ ਬਹੁਮੁੱਲੇ ਪੱਥਰਾਂ ਨੂੰ ਦਰਸਾਉਂਦਾ ਸੀ ਜੋ ਪਾਰਦਰਸ਼ੀ ਸਨ। ਨਵੇਂ ਨੇਮ ਵਿਚ ਤਸਵੀਰੀ ਭਾਸ਼ਾ ਨਾਮਕ ਆਪਣੀ ਅੰਗ੍ਰੇਜ਼ੀ ਕਿਤਾਬ ਵਿਚ ਏ. ਟੀ. ਰੌਬਰਟਸਨ ਦੱਸਦਾ ਹੈ: ‘ਪਰਕਾਸ਼ ਦੀ ਪੋਥੀ 4:3 ਵਿਚ ਦੱਸਿਆ ਗਿਆ ਪੁਖਰਾਜ ਅੱਜ-ਕੱਲ੍ਹ ਦੇ ਪੁਖਰਾਜ ਵਰਗਾ ਸਸਤਾ ਪੱਥਰ ਨਹੀਂ ਸੀ।’ ਨਾਲੇ ਯੂਹੰਨਾ ਨੇ ਪਰਕਾਸ਼ ਦੀ ਪੋਥੀ ਦੇ ਇਕ ਹੋਰ ਅਧਿਆਇ ਵਿਚ ਸਵਰਗੀ ਨਗਰ ਯਰੂਸ਼ਲਮ ਬਾਰੇ ਕਿਹਾ ਸੀ: “ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਨਿਆਈਂ ਨਿਰਮਲ ਹੋਵੇ।” (ਪਰਕਾਸ਼ ਦੀ ਪੋਥੀ 21:10, 11) ਇੱਥੇ ਯੂਹੰਨਾ ਉਨ੍ਹਾਂ ਪਾਰਦਰਸ਼ੀ ਰਤਨਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਵਿੱਚੋਂ ਰੌਸ਼ਨੀ ਦੀਆਂ ਕਿਰਨਾਂ ਲੰਘ ਸਕਦੀਆਂ ਹਨ।
ਯੂਹੰਨਾ ਨੇ ਦਰਸ਼ਣ ਵਿਚ ਜਿਸ ਸ਼ਖ਼ਸ ਨੂੰ ਸਿੰਘਾਸਣ ਉੱਤੇ ਬਿਰਾਜਮਾਨ ਦੇਖਿਆ, ਉਹ ਵਿਸ਼ਵ ਦੀ ਸਭ ਤੋਂ ਤੇਜੱਸਵੀ ਹਸਤੀ ਯਹੋਵਾਹ ਪਰਮੇਸ਼ੁਰ ਹੈ। ਉਹ ਅਤਿਅੰਤ ਖਰਾ ਤੇ ਪਵਿੱਤਰ ਹੈ। ਇਸੇ ਕਰਕੇ ਯੂਹੰਨਾ ਰਸੂਲ ਨੇ ਲਿਖਿਆ ਕਿ “ਪਰਮੇਸ਼ੁਰ ਚਾਨਣ ਹੈ ਅਤੇ ਅਨ੍ਹੇਰਾ ਉਹ ਦੇ ਵਿੱਚ ਮੂਲੋਂ ਨਹੀਂ।” (1 ਯੂਹੰਨਾ 1:5) ਇਸ ਲਈ ਯੂਹੰਨਾ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਆਪਣੇ ਆਪ ਨੂੰ ਪਵਿੱਤਰ ਕਰਨ ਜਿਵੇਂ ਯਹੋਵਾਹ ਪਵਿੱਤਰ ਹੈ।’—1 ਯੂਹੰਨਾ 3:3.
ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਅਸੀਂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਖਰੇ ਠਹਿਰ ਸਕੀਏ? ਸਾਡੇ ਲਈ ਆਪਣੇ ਪਾਪਾਂ ਦੀ ਮਾਫ਼ੀ ਲਈ ਮਸੀਹ ਦੇ ਵਹਾਏ ਗਏ ਲਹੂ ਉੱਤੇ ਨਿਹਚਾ ਕਰਨੀ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ, ਸਾਨੂੰ ਹਰ ਰੋਜ਼ ਬਾਈਬਲ ਪੜ੍ਹ ਕੇ ਅਤੇ ਇਸ ਦੀਆਂ ਸਿੱਖਿਆਵਾਂ ਮੁਤਾਬਕ ਜੀ ਕੇ ਲਗਾਤਾਰ ‘ਚਾਨਣ ਵਿੱਚ ਚੱਲਦੇ’ ਰਹਿਣ ਦੀ ਲੋੜ ਹੈ।—1 ਯੂਹੰਨਾ 1:7.