“ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ”
“ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?”—ਜ਼ਬੂਰਾਂ ਦੀ ਪੋਥੀ 118:6.
1. ਮਨੁੱਖਜਾਤੀ ਜਲਦੀ ਹੀ ਕਿਹੋ ਜਿਹੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਵਾਲੀ ਹੈ?
ਮਨੁੱਖਜਾਤੀ ਜਲਦੀ ਹੀ ਅਜਿਹੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਵਾਲੀ ਹੈ ਜੋ ਹੁਣ ਤਕ ਹੋਈਆਂ ਘਟਨਾਵਾਂ ਨਾਲੋਂ ਕਿਤੇ ਤਬਾਹਕੁਨ ਹਨ। ਸਾਡੇ ਦਿਨ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ ਅਰ ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ। ”—ਮੱਤੀ 24:21, 22.
2. ਵੱਡੇ ਕਸ਼ਟ ਨੂੰ ਕਿਉਂ ਰੋਕ ਕੇ ਰੱਖਿਆ ਗਿਆ ਹੈ?
2 ਭਾਵੇਂ ਇਨਸਾਨ ਸਵਰਗੀ ਦੂਤਾਂ ਨੂੰ ਦੇਖ ਨਹੀਂ ਸਕਦੇ, ਪਰ ਇਨ੍ਹਾਂ ਦੂਤਾਂ ਨੇ ਉਸ ਵੱਡੇ ਕਸ਼ਟ ਨੂੰ ਰੋਕ ਰੱਖਿਆ ਹੈ। ਯਿਸੂ ਮਸੀਹ ਨੇ ਯੂਹੰਨਾ ਰਸੂਲ ਨੂੰ ਇਕ ਦਰਸ਼ਣ ਵਿਚ ਦਿਖਾਇਆ ਸੀ ਕਿ ਉਹ ਕਸ਼ਟ ਕਿਉਂ ਰੋਕ ਕੇ ਰੱਖਿਆ ਗਿਆ ਹੈ। ਯੂਹੰਨਾ ਨੇ ਉਸ ਬਾਰੇ ਇਸ ਤਰ੍ਹਾਂ ਦੱਸਿਆ: “ਮੈਂ ਧਰਤੀ ਦੀਆਂ ਚੌਹਾਂ ਕੂੰਟਾਂ ਉੱਤੇ ਚਾਰ ਦੂਤ ਖਲੋਤੇ ਹੋਏ ਵੇਖੇ ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾਂ ਨੂੰ ਫੜਿਆ ਸੀ . . . ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹ ਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਓਸ ਨੇ ਓਹਨਾਂ ਚੌਹਾਂ ਦੂਤਾਂ ਨੂੰ . . . ਪੁਕਾਰ ਕੇ ਆਖਿਆ ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ ਤੁਸੀਂ ਧਰਤੀ ਯਾ ਸਮੁੰਦਰ ਯਾ ਰੁੱਖਾਂ ਦਾ ਵਿਗਾੜ ਨਾ ਕਰੋ।”—ਪਰਕਾਸ਼ ਦੀ ਪੋਥੀ 7:1-3.
3. ਵੱਡਾ ਕਸ਼ਟ ਸ਼ੁਰੂ ਹੋਣ ਤੇ ਸਭ ਤੋਂ ਪਹਿਲਾਂ ਕੀ ਹੋਵੇਗਾ?
3 “ਪਰਮੇਸ਼ੁਰ ਦੇ ਦਾਸਾਂ” ਤੇ ਆਖ਼ਰੀ ਮੋਹਰ ਲੱਗਣ ਹੀ ਵਾਲੀ ਹੈ। ਹੁਣ ਉਹ ਚਾਰ ਦੂਤ ਤਬਾਹੀ ਦੀਆਂ ਪੌਣਾਂ ਛੱਡਣ ਹੀ ਵਾਲੇ ਹਨ। ਪੌਣਾਂ ਛੱਡੇ ਜਾਣ ਤੇ ਸਭ ਤੋਂ ਪਹਿਲਾਂ ਕੀ ਹੋਵੇਗਾ? ਇਸ ਸਵਾਲ ਦੇ ਜਵਾਬ ਵਿਚ ਇਕ ਦੂਤ ਨੇ ਕਿਹਾ: “ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!” (ਪਰਕਾਸ਼ ਦੀ ਪੋਥੀ 18:21) ਜਦ ਵੱਡੀ ਬਾਬੁਲ ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ, ਤਾਂ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ।—ਪਰਕਾਸ਼ ਦੀ ਪੋਥੀ 19:1, 2.
4. ਭਵਿੱਖ ਵਿਚ ਅਜੇ ਕੀ ਹੋਣ ਵਾਲਾ ਹੈ?
4 ਉਸ ਸਮੇਂ ਤਕ ਧਰਤੀ ਦੀਆਂ ਸਾਰੀਆਂ ਕੌਮਾਂ ਇਕ ਹੋ ਕੇ ਯਹੋਵਾਹ ਦੇ ਲੋਕਾਂ ਦਾ ਵਿਰੋਧ ਕਰ ਰਹੀਆਂ ਹੋਣਗੀਆਂ। ਕੀ ਇਹ ਕੌਮਾਂ ਯਹੋਵਾਹ ਦੇ ਸਾਰੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਵਿਚ ਸਫ਼ਲ ਹੋਣਗੀਆਂ? ਦੇਖਣ ਨੂੰ ਤਾਂ ਸ਼ਾਇਦ ਇਸ ਤਰ੍ਹਾਂ ਹੀ ਲੱਗੇਗਾ। ਪਰ ਯਿਸੂ ਮਸੀਹ ਆਪਣੀਆਂ ਸਵਰਗੀ ਫ਼ੌਜਾਂ ਨਾਲ ਆਪਣੇ ਇਨ੍ਹਾਂ ਸਾਰੇ ਇਨਸਾਨੀ ਦੁਸ਼ਮਣਾਂ ਦਾ ਨਾਸ਼ ਕਰ ਦੇਵੇਗਾ। (ਪਰਕਾਸ਼ ਦੀ ਪੋਥੀ 19:19-21) ਇਸ ਤੋਂ ਬਾਅਦ ਸ਼ਤਾਨ ਤੇ ਉਸ ਦੇ ਦੂਤਾਂ ਨੂੰ ਅਥਾਹ ਕੁੰਡ ਵਿਚ ਕੈਦ ਕੀਤਾ ਜਾਵੇਗਾ। ਫਿਰ ਉਹ ਇਨਸਾਨਾਂ ਨੂੰ ਧੋਖਾ ਨਹੀਂ ਦੇ ਸਕਣਗੇ ਕਿਉਂਕਿ ਉਹ ਇਕ ਹਜ਼ਾਰ ਸਾਲ ਲਈ ਕੈਦ ਰਹਿਣਗੇ। ਜ਼ਰਾ ਸੋਚੋ, ਵੱਡੇ ਕਸ਼ਟ ਵਿੱਚੋਂ ਬਚ ਨਿਕਲੀ ਵੱਡੀ ਭੀੜ ਨੂੰ ਕਿੰਨੀ ਰਾਹਤ ਮਿਲੇਗੀ!—ਪਰਕਾਸ਼ ਦੀ ਪੋਥੀ 7:9, 10, 14; 20:1-3.
5. ਯਹੋਵਾਹ ਦੇ ਵਫ਼ਾਦਾਰ ਰਹਿਣ ਵਾਲੇ ਖ਼ੁਸ਼ ਕਿਉਂ ਹੋਣਗੇ?
5 ਹੁਣ ਜਲਦੀ ਹੀ ਅਸੀਂ ਇਹ ਸਾਰੀਆਂ ਅਦਭੁਤ ਘਟਨਾਵਾਂ ਹੁੰਦੀਆਂ ਦੇਖਾਂਗੇ। ਇਨ੍ਹਾਂ ਸਾਰੀਆਂ ਤੋਂ ਸਾਬਤ ਹੋਵੇਗਾ ਕਿ ਯਹੋਵਾਹ ਹੀ ਵਿਸ਼ਵ ਉੱਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਜੇ ਅਸੀਂ ਯਹੋਵਾਹ ਦੇ ਪੱਖ ਵਿਚ ਖੜ੍ਹੇ ਰਹਿ ਕੇ ਉਸ ਦੇ ਵਫ਼ਾਦਾਰ ਰਹੇ, ਤਾਂ ਸਾਨੂੰ ਉਸ ਦੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਉਣ ਅਤੇ ਉਸ ਦੇ ਮਕਸਦ ਦੀ ਪੂਰਤੀ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਉਸ ਸਮੇਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ।
6. ਵੱਡੇ ਕਸ਼ਟ ਲਈ ਤਿਆਰ ਹੋਣ ਵਾਸਤੇ ਅਸੀਂ ਕਿਹੜੀਆਂ ਘਟਨਾਵਾਂ ਤੇ ਗੌਰ ਕਰਾਂਗੇ?
6 ਕੀ ਅਸੀਂ ਇਨ੍ਹਾਂ ਮਹੱਤਵਪੂਰਣ ਘਟਨਾਵਾਂ ਲਈ ਤਿਆਰ ਹਾਂ? ਕੀ ਸਾਨੂੰ ਯਹੋਵਾਹ ਤੇ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਬਚਾ ਲਵੇਗਾ? ਕੀ ਸਾਨੂੰ ਵਿਸ਼ਵਾਸ ਹੈ ਕਿ ਯਹੋਵਾਹ ਸਭ ਤੋਂ ਵਧੀਆ ਤਰੀਕੇ ਨਾਲ ਸਮੇਂ ਸਿਰ ਸਾਡੀ ਮਦਦ ਕਰੇਗਾ? ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛਦੇ ਹੋਏ ਸਾਨੂੰ ਪੌਲੁਸ ਰਸੂਲ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਜੋ ਉਸ ਨੇ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਲਿਖੀ ਸੀ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਬਾਈਬਲ ਵਿਚ ਕਿਹੜੀ ਇਕ ਪੁਰਾਣੀ ਘਟਨਾ ਬਾਰੇ ਲਿਖਿਆ ਗਿਆ ਹੈ ਜਿਸ ਤੋਂ ਸਾਨੂੰ ਦਿਲਾਸਾ ਤੇ ਆਸ਼ਾ ਮਿਲਦੀ ਹੈ? ਇਕ ਮੌਕੇ ਤੇ ਯਹੋਵਾਹ ਨੇ ਇਸਰਾਏਲੀਆਂ ਨੂੰ ਫੌਲਾਦੀ ਮਿਸਰੀਆਂ ਦੇ ਹੱਥੋਂ ਆਜ਼ਾਦ ਕੀਤਾ ਸੀ। ਉਹ ਕਿਵੇਂ ਬਚਾਏ ਗਏ ਸਨ? ਯਹੋਵਾਹ ਨੇ ਉਨ੍ਹਾਂ ਲਈ ਕੀ ਕੀਤਾ ਸੀ? ਆਓ ਆਪਾਂ ਇਨ੍ਹਾਂ ਘਟਨਾਵਾਂ ਤੇ ਗੌਰ ਕਰ ਕੇ ਵੱਡੇ ਕਸ਼ਟ ਵਿੱਚੋਂ ਬਚ ਨਿਕਲਣ ਦਾ ਹੌਸਲਾ ਪਾਈਏ।
ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ
7. 1513 ਈ. ਪੂ. ਵਿਚ ਇਸਰਾਏਲੀਆਂ ਦੇ ਮਿਸਰ ਤੋਂ ਆਜ਼ਾਦ ਹੋਣ ਤੋਂ ਪਹਿਲਾਂ ਕੀ ਹੋਇਆ ਸੀ?
7 ਯਹੋਵਾਹ ਨੇ ਇਸਰਾਏਲੀਆਂ ਨੂੰ 1513 ਈ. ਪੂ. ਵਿਚ ਮਿਸਰ ਤੋਂ ਆਜ਼ਾਦ ਕੀਤਾ ਸੀ। ਪਹਿਲਾਂ ਉਹ ਮਿਸਰੀਆਂ ਉੱਤੇ ਨੌਂ ਬਵਾਂ ਲਿਆਇਆ। ਨੌਵੀਂ ਬਵਾ ਤੋਂ ਬਾਅਦ ਫ਼ਿਰਊਨ ਨੇ ਮੂਸਾ ਨੂੰ ਬੇਹੂਦਗੀ ਨਾਲ ਕਿਹਾ: “ਮੇਰੇ ਕੋਲੋਂ ਨਿੱਕਲ ਜਾਹ ਅਰ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂ ਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ।” ਜਵਾਬ ਵਿਚ ਮੂਸਾ ਨੇ ਆਖਿਆ: “ਤੂੰ ਠੀਕ ਬੋਲਿਆ ਹੈਂ, ਮੈਂ ਫੇਰ ਕਦੀ ਤੇਰਾ ਮੂੰਹ ਨਾ ਵੇਖਾਂਗਾ। ”—ਕੂਚ 10:28, 29.
8. ਦਸਵੀਂ ਬਵਾ ਤੋਂ ਬਚਣ ਲਈ ਇਸਰਾਏਲੀਆਂ ਨੂੰ ਕਿਹੜੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ ਤੇ ਇਨ੍ਹਾਂ ਨੂੰ ਮੰਨਣ ਦਾ ਕੀ ਨਤੀਜਾ ਨਿਕਲਿਆ?
8 ਫਿਰ ਯਹੋਵਾਹ ਨੇ ਮੂਸਾ ਨੂੰ ਦੱਸਿਆ ਕਿ ਫ਼ਿਰਊਨ ਅਤੇ ਮਿਸਰੀਆਂ ਤੇ ਇਕ ਆਖ਼ਰੀ ਬਵਾ ਆਵੇਗੀ। ਅਬੀਬ (ਨੀਸਾਨ) ਦੇ ਮਹੀਨੇ ਦੀ 14 ਤਾਰੀਖ਼ ਨੂੰ ਮਿਸਰੀਆਂ ਦੇ ਜੇਠੇ ਪੁੱਤਰਾਂ ਅਤੇ ਜਾਨਵਰਾਂ ਦੀ ਮੌਤ ਹੋ ਜਾਵੇਗੀ। ਪਰ ਜੇ ਇਸਰਾਏਲੀ ਮੂਸਾ ਦੇ ਰਾਹੀਂ ਮਿਲੀਆਂ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲੇ, ਤਾਂ ਉਨ੍ਹਾਂ ਦੇ ਘਰ ਵਿਚ ਮੌਤ ਨਹੀਂ ਹੋਵੇਗੀ। ਉਨ੍ਹਾਂ ਨੂੰ ਕੀ ਕਰਨ ਨੂੰ ਕਿਹਾ ਗਿਆ ਸੀ? ਉਨ੍ਹਾਂ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਹਾਂ ਪਾਸਿਆਂ ਅਤੇ ਉੱਪਰਲੇ ਹਿੱਸੇ ਉੱਤੇ ਲਹੂ ਲਾਉਣਾ ਸੀ। ਫਿਰ ਉਸ ਰਾਤ ਕੀ ਹੋਇਆ? ਮੂਸਾ ਨੇ ਲਿਖਿਆ: “ਅੱਧੀ ਰਾਤ ਨੂੰ ਐਉਂ ਹੋਇਆ ਕਿ ਯਹੋਵਾਹ ਨੇ ਮਿਸਰ ਦੇਸ ਦੇ ਹਰ ਇੱਕ ਪਲੋਠੇ ਨੂੰ . . . ਮਾਰ ਸੁੱਟਿਆ। ” ਫ਼ਿਰਊਨ ਨੇ ਸਮਾਂ ਬਰਬਾਦ ਕੀਤੇ ਬਿਨਾਂ ਮੂਸਾ ਅਤੇ ਹਾਰੂਨ ਨੂੰ ਬੁਲਾ ਕੇ ਆਖਿਆ: “ਉੱਠੋ ਅਰ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ . . . ਅਰ ਜਾਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ। ” ਇਸਰਾਏਲੀ ਫਟਾਫਟ ਉੱਥੋਂ ਨਿਕਲ ਤੁਰੇ। ਉਨ੍ਹਾਂ ਦੀ ਗਿਣਤੀ ਸ਼ਾਇਦ 30 ਲੱਖ ਤੋਂ ਜ਼ਿਆਦਾ ਸੀ ਤੇ ਉਨ੍ਹਾਂ ਦੇ ਨਾਲ ਗ਼ੈਰ-ਇਸਰਾਏਲੀਆਂ ਦੀ ‘ਮਿਲੀ ਜੁਲੀ ਵੱਡੀ ਭੀੜ’ ਵੀ ਨਿਕਲ ਤੁਰੀ ਸੀ।—ਕੂਚ 12:1-7, 29, 31, 37, 38.
9. ਯਹੋਵਾਹ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕਿਹੜੇ ਰਾਹ ਲੈ ਕੇ ਗਿਆ ਸੀ?
9 ਇਸਰਾਏਲੀ ਭੂ-ਮੱਧ ਸਾਗਰ ਦੇ ਨਾਲ ਲੱਗਦੇ ਫਲਿਸਤੀਆਂ ਦੇ ਦੇਸ਼ ਵਿੱਚੋਂ ਲੰਘ ਸਕਦੇ ਸਨ ਜੋ ਸਭ ਤੋਂ ਨੇੜਲਾ ਰਾਹ ਸੀ। ਪਰ ਫਲਿਸਤੀ ਉਨ੍ਹਾਂ ਦੇ ਦੁਸ਼ਮਣ ਸਨ। ਹੋ ਸਕਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥ ਨਹੀਂ ਪੈਣ ਦੇਣਾ ਚਾਹੁੰਦਾ ਸੀ। ਇਸ ਲਈ ਉਹ ਉਨ੍ਹਾਂ ਨੂੰ ਲਾਲ ਸਮੁੰਦਰ ਦੀ ਉਜਾੜ ਦੇ ਰਾਹ ਲੈ ਗਿਆ। ਭਾਵੇਂ ਲੱਖਾਂ ਦੀ ਤਾਦਾਦ ਵਿਚ ਲੋਕ ਉਜਾੜ ਵਿੱਚੋਂ ਦੀ ਲੰਘ ਰਹੇ ਸਨ, ਪਰ ਉਨ੍ਹਾਂ ਵਿਚ ਕੋਈ ਹਫੜਾ-ਦਫੜੀ ਨਹੀਂ ਮਚੀ ਕਿਉਂਕਿ ਉਹ ਫ਼ੌਜ ਦੀ ਤਰ੍ਹਾਂ ਮਾਰਚ ਕਰ ਰਹੇ ਸਨ। ਮਿਸਰ ਵਿੱਚੋਂ ਨਿਕਲਣ ਵੇਲੇ ਇਸਰਾਏਲੀ ਸੈਨਿਕਾਂ ਦੀਆਂ ਵੱਖ-ਵੱਖ ਟੁਕੜੀਆਂ ਦੀ ਤਰ੍ਹਾਂ ਆਪੋ-ਆਪਣੇ ਗੋਤਾਂ ਅਨੁਸਾਰ ਚੱਲ ਰਹੇ ਸਨ। ਬਾਈਬਲ ਵਿਚ ਲਿਖਿਆ ਹੈ: “ਇਸਰਾਏਲੀ ਸ਼ਸਤ੍ਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ।”—ਕੂਚ 13:17, 18.
“ਯਹੋਵਾਹ ਦੇ ਬਚਾਉ ਨੂੰ ਵੇਖੋ”
10. ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਪੀ-ਹਹੀਰੋਥ ਸਾਮ੍ਹਣੇ ਡੇਰਾ ਲਾਉਣ ਨੂੰ ਕਿਉਂ ਕਿਹਾ ਸੀ?
10 ਫਿਰ ਅਚਾਨਕ ਘਟਨਾਵਾਂ ਦਾ ਰੁਖ ਬਦਲ ਗਿਆ ਤੇ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਸਰਾਏਲੀਆਂ ਨੂੰ ਬੋਲ ਕਿ ਓਹ ਮੁੜ ਜਾਣ ਅਰ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਰ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ।” ਇਸ ਹਿਦਾਇਤ ਮੁਤਾਬਕ ਚੱਲ ਕੇ ਉਹ ਵੱਡੀ ਭੀੜ ਅਜਿਹੇ ਥਾਂ ਪਹੁੰਚੀ ਜਿੱਥੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਕੋਲ ਕਿਸੇ ਪਾਸੇ ਭੱਜਣ ਦਾ ਕੋਈ ਰਾਹ ਨਹੀਂ ਸੀ। ਉਨ੍ਹਾਂ ਦੇ ਇਕ ਪਾਸੇ ਪਹਾੜ ਤੇ ਦੂਜੇ ਪਾਸੇ ਲਾਲ ਸਮੁੰਦਰ ਸੀ। ਪਰ ਯਹੋਵਾਹ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ। ਉਸ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ।”—ਕੂਚ 14:1-4.
11. (ੳ) ਇਸਰਾਏਲੀਆਂ ਨੂੰ ਭੇਜਣ ਤੋਂ ਬਾਅਦ ਫ਼ਿਰਊਨ ਨੇ ਕੀ ਕੀਤਾ? (ਅ) ਇਸਰਾਏਲੀਆਂ ਦੀਆਂ ਸ਼ਿਕਾਇਤਾਂ ਸੁਣ ਕੇ ਮੂਸਾ ਨੇ ਕੀ ਕਿਹਾ ਸੀ?
11 ਫ਼ਿਰਊਨ ਨੂੰ ਲੱਗਾ ਕਿ ਇਸਰਾਏਲੀਆਂ ਨੂੰ ਭੇਜ ਕੇ ਉਸ ਨੇ ਗ਼ਲਤੀ ਕੀਤੀ। ਇਸ ਲਈ ਉਹ ਆਪਣੇ 600 ਚੋਣਵੇਂ ਰਥ ਲੈ ਕੇ ਉਨ੍ਹਾਂ ਦਾ ਪਿੱਛਾ ਕਰਨ ਲੱਗਾ। ਮਿਸਰੀਆਂ ਨੂੰ ਆਪਣੇ ਪਿੱਛੇ ਆਉਂਦੇ ਦੇਖ ਕੇ ਇਸਰਾਏਲੀ ਡਰ ਨਾਲ ਥਰ-ਥਰ ਕੰਬਦਿਆਂ ਮੂਸਾ ਨੂੰ ਕਹਿਣ ਲੱਗੇ: “ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ?” ਪਰ ਮੂਸਾ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ। ਉਸ ਨੇ ਕਿਹਾ: “ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ। . . . ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸਾਂ ਚੁੱਪ ਹੀ ਰਹਿਣਾ।”—ਕੂਚ 14:5-14.
12. ਯਹੋਵਾਹ ਨੇ ਇਸਰਾਏਲੀਆਂ ਨੂੰ ਕਿਵੇਂ ਬਚਾਇਆ ਸੀ?
12 ਮੂਸਾ ਨੇ ਝੂਠ ਨਹੀਂ ਬੋਲਿਆ ਸੀ ਜਦ ਉਸ ਨੇ ਕਿਹਾ ਕਿ ਯਹੋਵਾਹ ਇਸਰਾਏਲੀਆਂ ਲਈ ਲੜੇਗਾ। ਪਰਮੇਸ਼ੁਰ ਦੇ ਦੂਤ ਨੇ ਇਸਰਾਏਲ ਦੇ ਪਿੱਛੇ ਬੱਦਲ ਦਾ ਥੰਮ੍ਹ ਖੜ੍ਹਾ ਕਰ ਦਿੱਤਾ। ਉਸ ਬੱਦਲ ਦੇ ਥੰਮ੍ਹ ਕਾਰਨ ਮਿਸਰੀਆਂ ਵਾਲੇ ਪਾਸੇ ਹਨੇਰਾ ਹੋ ਜਾਂਦਾ ਸੀ, ਪਰ ਇਸਰਾਏਲੀਆਂ ਵਾਲੇ ਪਾਸੇ ਚਾਨਣ ਹੁੰਦਾ ਸੀ। (ਕੂਚ 13:21, 22; 14:19, 20) ਫਿਰ ਯਹੋਵਾਹ ਦੇ ਕਹੇ ਮੁਤਾਬਕ ਮੂਸਾ ਨੇ ਆਪਣਾ ਹੱਥ ਅੱਗੇ ਵਧਾਇਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅੱਗੇ ਕੀ ਹੋਇਆ: “ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹੱਟਾ ਦਿੱਤਾ . . . ਇਸਰਾਏਲੀ ਸਮੁੰਦਰ ਦੇ ਵਿੱਚ ਦੀ ਖੁਸ਼ਕੀ ਉੱਤੋਂ ਦੀ ਆਏ ਅਰ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਙੁ ਸਨ। ” ਇਸਰਾਏਲੀਆਂ ਨੂੰ ਜਾਂਦੇ ਦੇਖ ਕੇ ਮਿਸਰੀ ਫਿਰ ਤੋਂ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਏ। ਪਰ ਯਹੋਵਾਹ ਨੇ ਮਿਸਰੀਆਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ। ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।” ਫ਼ਿਰਊਨ ਦੀਆਂ ਫ਼ੌਜਾਂ ਦਾ ਸੱਤਿਆਨਾਸ ਹੋ ਗਿਆ ਤੇ ਉਨ੍ਹਾਂ ਵਿੱਚੋਂ ਇਕ ਵੀ ਫ਼ੌਜੀ ਜ਼ਿੰਦਾ ਨਹੀਂ ਬਚਿਆ!—ਕੂਚ 14:21-28; ਜ਼ਬੂਰਾਂ ਦੀ ਪੋਥੀ 136:15.
ਇਸਰਾਏਲ ਦੇ ਬਚਾਅ ਤੋਂ ਸਿੱਖੋ
13. ਮਿਸਰੀਆਂ ਤੋਂ ਬਚਾਏ ਜਾਣ ਦਾ ਇਸਰਾਏਲੀਆਂ ਤੇ ਕੀ ਪ੍ਰਭਾਵ ਪਿਆ?
13 ਇਸ ਚਮਤਕਾਰੀ ਬਚਾਅ ਦਾ ਇਸਰਾਏਲੀਆਂ ਤੇ ਕੀ ਪ੍ਰਭਾਵ ਪਿਆ? ਮੂਸਾ ਤੇ ਬਾਕੀ ਦੇ ਲੋਕ ਖ਼ੁਦ-ਬਖ਼ੁਦ ਇਕ ਸੁਰ ਵਿਚ ਯਹੋਵਾਹ ਦੀ ਮਹਿਮਾ ਦੇ ਗੀਤ ਗਾਉਣ ਲੱਗ ਪਏ। ਉਨ੍ਹਾਂ ਨੇ ਕਿਹਾ: ‘ਅਸੀਂ ਯਹੋਵਾਹ ਲਈ ਗਾਵਾਂਗੇ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।’ (ਕੂਚ 15:1, 18) ਜੀ ਹਾਂ, ਸਭ ਤੋਂ ਪਹਿਲਾਂ ਉਨ੍ਹਾਂ ਦੇ ਮੂੰਹੋਂ ਯਹੋਵਾਹ ਦੀ ਵਡਿਆਈ ਨਿਕਲੀ। ਉਸ ਸਮੇਂ ਇਹ ਗੱਲ ਸਾਬਤ ਹੋਈ ਸੀ ਕਿ ਵਿਸ਼ਵ ਤੇ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਨੂੰ ਹੀ ਹੈ।
14. (ੳ) ਇਸਰਾਏਲੀਆਂ ਦੇ ਤਜਰਬੇ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? (ਅ) ਸਾਲ 2008 ਲਈ ਬਾਈਬਲ ਦਾ ਕਿਹੜਾ ਹਵਾਲਾ ਚੁਣਿਆ ਗਿਆ ਹੈ?
14 ਇਨ੍ਹਾਂ ਘਟਨਾਵਾਂ ਤੋਂ ਸਾਨੂੰ ਸਿੱਖਿਆ, ਦਿਲਾਸਾ ਤੇ ਆਸ਼ਾ ਕਿਵੇਂ ਮਿਲਦੀ ਹੈ? ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਹਰ ਮੁਸੀਬਤ ਵਿਚ ਮਦਦ ਕਰਨ ਲਈ ਤਿਆਰ ਹੈ। ਉਸ ਕੋਲ ਸਾਡੀ ਹਰ ਮੁਸ਼ਕਲ ਦਾ ਹੱਲ ਹੈ। ਜਦ ਯਹੋਵਾਹ ਨੇ ਪੂਰਬ ਵੱਲੋਂ ਤੇਜ ਹਵਾ ਵਗਾਈ, ਤਾਂ ਲਾਲ ਸਮੁੰਦਰ ਇਸਰਾਏਲੀਆਂ ਲਈ ਕੋਈ ਰੁਕਾਵਟ ਨਹੀਂ ਬਣਿਆ। ਫਿਰ ਉਹੀ ਲਾਲ ਸਮੁੰਦਰ ਫ਼ਿਰਊਨ ਦੀਆਂ ਫ਼ੌਜਾਂ ਲਈ ਕਬਰਸਤਾਨ ਬਣ ਗਿਆ। ਇਨ੍ਹਾਂ ਗੱਲਾਂ ਬਾਰੇ ਸੋਚਦੇ ਹੋਏ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਦੇ ਹਾਂ: “ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?” (ਜ਼ਬੂਰਾਂ ਦੀ ਪੋਥੀ 118:6) ਰੋਮੀਆਂ 8:31 ਵਿਚ ਦਰਜ ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਵੀ ਸਾਨੂੰ ਦਿਲਾਸਾ ਮਿਲ ਸਕਦਾ ਹੈ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?” ਇਸ ਗੱਲ ਤੋਂ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ! ਇਸ ਨਾਲ ਸਾਡੇ ਸਾਰੇ ਡਰ ਤੇ ਸ਼ੱਕ ਦੂਰ ਹੋ ਜਾਂਦੇ ਹਨ ਅਤੇ ਅਸੀਂ ਸੁਨਹਿਰੇ ਭਵਿੱਖ ਦੀ ਉਮੀਦ ਰੱਖਣ ਲੱਗਦੇ ਹਾਂ। ਸੋ 2008 ਲਈ ਚੁਣਿਆ ਗਿਆ ਬਾਈਬਲ ਦਾ ਹਵਾਲਾ ਬਹੁਤ ਢੁਕਵਾਂ ਹੈ: “ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ।”—ਕੂਚ 14:13.
15. ਮਿਸਰ ਵਿੱਚੋਂ ਬਚ ਨਿਕਲਣ ਵਾਸਤੇ ਇਸਰਾਏਲੀਆਂ ਲਈ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਚੱਲਣਾ ਕਿੰਨਾ ਕੁ ਜ਼ਰੂਰੀ ਸੀ? ਵੱਡੇ ਕਸ਼ਟ ਵਿੱਚੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
15 ਮਿਸਰ ਵਿੱਚੋਂ ਇਸਰਾਏਲੀਆਂ ਦੇ ਕੂਚ ਤੋਂ ਅਸੀਂ ਹੋਰ ਕੀ ਸਿੱਖ ਸਕਦੇ ਹਾਂ? ਯਹੋਵਾਹ ਸਾਨੂੰ ਜੋ ਵੀ ਕਰਨ ਨੂੰ ਆਖੇ, ਸਾਨੂੰ ਉਸ ਦੀ ਸੁਣ ਲੈਣੀ ਚਾਹੀਦੀ ਹੈ। ਇਸਰਾਏਲੀਆਂ ਨੇ ਪਸਾਹ ਦੀ ਤਿਆਰੀ ਲਈ ਦਿੱਤੀ ਉਸ ਦੀ ਇਕ-ਇਕ ਹਿਦਾਇਤ ਪੂਰੀ ਕੀਤੀ। ਉਸ ਦੀ ਸੁਣ ਕੇ ਉਹ 14 ਨੀਸਾਨ ਦੀ ਰਾਤ ਘਰੋਂ ਬਾਹਰ ਨਹੀਂ ਗਏ। ਮਿਸਰ ਵਿੱਚੋਂ ਨਿਕਲਣ ਵੇਲੇ ਇਸਰਾਏਲੀ “ਸ਼ਸਤ੍ਰ ਬੰਨ੍ਹ ਕੇ” ਸੈਨਿਕਾਂ ਦੀਆਂ ਵੱਖ-ਵੱਖ ਟੁਕੜੀਆਂ ਦੀ ਤਰ੍ਹਾਂ ਆਪੋ-ਆਪਣੇ ਗੋਤਾਂ ਅਨੁਸਾਰ ਚੱਲੇ ਸਨ। (ਕੂਚ 13:18) ਅੱਜ ਜ਼ਰੂਰੀ ਹੈ ਕਿ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਮਿਲੀ ਸੇਧ ਮੁਤਾਬਕ ਚੱਲੀਏ। (ਮੱਤੀ 24:45) ਸਾਨੂੰ ਧਿਆਨ ਨਾਲ ਪਰਮੇਸ਼ੁਰ ਦੀ ਗੱਲ ਸੁਣਨ ਦੀ ਲੋੜ ਹੈ ਜਦ ਉਹ ਕਹਿੰਦਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਵੱਡਾ ਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਸ਼ਾਇਦ ਵਿਸਤਾਰ ਵਿਚ ਹਿਦਾਇਤਾਂ ਮਿਲਣ ਕਿ ਅਸੀਂ ਕੀ ਕਰਨਾ ਹੈ। ਉਸ ਮੁਸ਼ਕਲ ਘੜੀ ਨੂੰ ਪਾਰ ਕਰਨ ਲਈ ਜ਼ਰੂਰੀ ਹੋਵੇਗਾ ਕਿ ਅਸੀਂ ਯਹੋਵਾਹ ਦੇ ਬਾਕੀ ਵਫ਼ਾਦਾਰ ਲੋਕਾਂ ਦੇ ਨਾਲ-ਨਾਲ ਤੁਰੀਏ।
16. ਯਹੋਵਾਹ ਨੇ ਜਿਸ ਤਰੀਕੇ ਨਾਲ ਇਸਰਾਏਲੀਆਂ ਨੂੰ ਬਚਾਇਆ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
16 ਇਹ ਵੀ ਯਾਦ ਰੱਖੋ ਕਿ ਯਹੋਵਾਹ ਨੇ ਇਸਰਾਏਲੀਆਂ ਨੂੰ ਉਸ ਥਾਂ ਜਾਣ ਨੂੰ ਕਿਹਾ ਸੀ ਜਿੱਥੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਪਹਾੜ ਅਤੇ ਲਾਲ ਸਮੁੰਦਰ ਦੇ ਵਿਚਕਾਰ ਫਸ ਗਏ ਸਨ। ਉਨ੍ਹਾਂ ਨੂੰ ਲੱਗਾ ਕਿ ਮਿਸਰ ਵਿੱਚੋਂ ਨਿਕਲ ਕੇ ਉਸ ਪਾਸੇ ਜਾਣਾ ਗ਼ਲਤ ਸੀ। ਪਰ ਸਭ ਕੁਝ ਯਹੋਵਾਹ ਦੇ ਵੱਸ ਵਿਚ ਸੀ ਤੇ ਉਸ ਨੇ ਆਪਣੇ ਲੋਕਾਂ ਨੂੰ ਬਚਾ ਕੇ ਆਪਣਾ ਨਾਂ ਰੌਸ਼ਨ ਕੀਤਾ। ਹੋ ਸਕਦਾ ਹੈ ਕਿ ਅੱਜ ਸ਼ਾਇਦ ਸਾਨੂੰ ਸਮਝ ਨਾ ਆਵੇ ਕਿ ਸੰਸਥਾ ਵਿਚ ਕੋਈ ਕੰਮ ਕਿਸੇ ਤਰੀਕੇ ਨਾਲ ਕਿਉਂ ਕੀਤਾ ਜਾਂਦਾ ਹੈ। ਪਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਅਸੀਂ ਉਸ ਦੇ ਵਫ਼ਾਦਾਰ ਨੌਕਰ ਦੀ ਅਗਵਾਈ ਕਬੂਲ ਕਰ ਸਕਦੇ ਹਾਂ। ਕਦੇ-ਕਦੇ ਸਾਨੂੰ ਸ਼ਾਇਦ ਲੱਗੇ ਕਿ ਸਾਡੇ ਦੁਸ਼ਮਣ ਜਿੱਤ ਰਹੇ ਹਨ। ਅਸੀਂ ਸਭ ਗੱਲਾਂ ਨਹੀਂ ਜਾਣ ਸਕਦੇ, ਪਰ ਯਹੋਵਾਹ ਤਾਂ ਜਾਣੀ-ਜਾਣ ਹੈ। ਉਹ ਸਥਿਤੀ ਨੂੰ ਸਹੀ ਸਮੇਂ ਤੇ ਉਸੇ ਤਰ੍ਹਾਂ ਬਦਲ ਸਕਦਾ ਹੈ ਜਿਵੇਂ ਉਸ ਨੇ ਇਸਰਾਏਲੀਆਂ ਲਈ ਕੀਤਾ ਸੀ।—ਕਹਾਉਤਾਂ 3:5.
ਯਹੋਵਾਹ ਤੇ ਭਰੋਸਾ ਰੱਖੋ
17. ਸਾਨੂੰ ਪੂਰਾ ਯਕੀਨ ਕਿਉਂ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ?
17 ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਨ੍ਹਾਂ ਇਸਰਾਏਲੀਆਂ ਨੂੰ ਉਸ ਥੰਮ੍ਹ ਬਾਰੇ ਸੋਚ ਕੇ ਕਿੰਨਾ ਹੌਸਲਾ ਮਿਲਿਆ ਹੋਣਾ ਜੋ ਦਿਨੇ ਬੱਦਲ ਸੀ ਤੇ ਰਾਤ ਨੂੰ ਅੱਗ ਦਾ ਥੰਮ੍ਹ। ਉਨ੍ਹਾਂ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ ਕਿ “ਪਰਮੇਸ਼ੁਰ ਦਾ ਦੂਤ” ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। (ਕੂਚ 13:21, 22; 14:19) ਅੱਜ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਤੇ ਰਾਖੀ ਕਰ ਰਿਹਾ ਹੈ। ਸਾਨੂੰ ਕਦੇ ਵੀ ਇਹ ਵਾਅਦਾ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ “ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।” (ਜ਼ਬੂਰਾਂ ਦੀ ਪੋਥੀ 37:28) ਯਹੋਵਾਹ ਦੇ ਉਨ੍ਹਾਂ ਦੂਤਾਂ ਨੂੰ ਵੀ ਚੇਤੇ ਰੱਖੋ ਜੋ ਅੱਜ ਸਾਡੀ ਸਹਾਇਤਾ ਕਰ ਰਹੇ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ‘ਖੜੇ ਰਹਿ ਕੇ ਯਹੋਵਾਹ ਦੇ ਬਚਾਉ ਨੂੰ ਵੇਖ’ ਸਕਦੇ ਹਾਂ।—ਕੂਚ 14:13.
18. ਸਾਨੂੰ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰਨ’ ਦੀ ਕਿਉਂ ਲੋੜ ਹੈ?
18 ਅਸੀਂ ਸੱਚਾਈ ਵਿਚ ਕਿਵੇਂ ‘ਖੜੇ ਰਹਿ’ ਸਕਦੇ ਹਾਂ? ਪੌਲੁਸ ਰਸੂਲ ਨੇ ਅਫ਼ਸੀਆਂ ਨੂੰ ਚਿੱਠੀ ਵਿਚ ਅਜਿਹੇ ਸ਼ਸਤਰ-ਬਸਤਰ ਧਾਰਨ ਬਾਰੇ ਲਿਖਿਆ ਸੀ ਜੋ ਉਨ੍ਹਾਂ ਦੀ ਖੜ੍ਹੇ ਰਹਿਣ ਵਿਚ ਮਦਦ ਕਰ ਸਕਦੇ ਸਨ। ਧਿਆਨ ਦਿਓ ਕਿ ਉਸ ਨੇ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰਨ’ ਨੂੰ ਕਿਹਾ ਸੀ। ਕੀ ਅਸੀਂ ਇਸ ਦੀ ਹਰੇਕ ਚੀਜ਼ ਧਾਰੀ ਹੋਈ ਹੈ? ਚੰਗਾ ਹੋਵੇਗਾ ਜੇ ਅਸੀਂ ਸਾਲ 2008 ਵਿਚ ਇਹ ਦੇਖਣ ਲਈ ਆਪੋ-ਆਪਣੀ ਜਾਂਚ ਕਰੀਏ ਕਿ ਅਸੀਂ ਸਾਰੇ ਸ਼ਸਤਰ-ਬਸਤਰ ਢੰਗ ਨਾਲ ਪਹਿਨੇ ਹੋਏ ਹਨ ਕਿ ਨਹੀਂ। ਸਾਡਾ ਦੁਸ਼ਮਣ ਸ਼ਤਾਨ ਸਾਡੀਆਂ ਕਮਜ਼ੋਰੀਆਂ ਜਾਣਦਾ ਹੈ ਅਤੇ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਫੜ ਕੇ ਅਚਾਨਕ ਸਾਡੇ ਤੇ ਹਮਲਾ ਕਰ ਦਿੰਦਾ ਹੈ। ਅਸੀਂ ਦੁਸ਼ਟ ਆਤਮਿਆਂ ਨਾਲ ਯਾਨੀ ਸ਼ਤਾਨ ਅਤੇ ਉਸ ਦੇ ਦੂਤਾਂ ਨਾਲ “ਲੜਾਈ” ਕਰ ਰਹੇ ਹਾਂ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ।—ਅਫ਼ਸੀਆਂ 6:11-18; ਕਹਾਉਤਾਂ 27:11.
19. ਜੇ ਅਸੀਂ ਮੁਸੀਬਤਾਂ ਦੇ ਬਾਵਜੂਦ ਵਫ਼ਾਦਾਰ ਰਹੀਏ, ਤਾਂ ਸਾਨੂੰ ਕੀ ਦੇਖਣ ਦਾ ਮੌਕਾ ਮਿਲ ਸਕਦਾ ਹੈ?
19 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।” (ਲੂਕਾ 21:19) ਆਓ ਆਪਾਂ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਵਿਚ ਗਿਣੇ ਜਾਈਏ ਜੋ ਕੋਈ ਵੀ ਮੁਸੀਬਤ ਆਉਣ ਤੇ ਵਫ਼ਾਦਾਰ ਰਹਿੰਦੇ ਹਨ। ਫਿਰ ਸਾਨੂੰ ਯਹੋਵਾਹ ਦੀ ਮਿਹਰ ਸਦਕਾ ‘ਖੜੇ ਰਹਿ ਕੇ ਯਹੋਵਾਹ ਦੇ ਬਚਾਉ’ ਨੂੰ ਦੇਖਣ ਦਾ ਮੌਕਾ ਮਿਲੇਗਾ।
ਤੁਸੀਂ ਕਿਵੇਂ ਜਵਾਬ ਦਿਓਗੇ?
• ਅਸੀਂ ਜਲਦੀ ਹੀ ਕਿਹੋ ਜਿਹੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਵਾਲੇ ਹਾਂ?
• ਯਹੋਵਾਹ ਨੇ ਆਪਣੇ ਲੋਕਾਂ ਨੂੰ 1513 ਈ. ਪੂ. ਵਿਚ ਕਿਵੇਂ ਬਚਾਇਆ ਸੀ?
• ਤੁਸੀਂ ਭਵਿੱਖ ਵਿਚ ਕੀ ਕਰਨ ਬਾਰੇ ਆਪਣਾ ਮਨ ਬਣਾਇਆ ਹੈ?
[ਸਫ਼ਾ 20 ਉੱਤੇ ਸੁਰਖੀ]
ਸਾਲ 2008 ਲਈ ਬਾਈਬਲ ਦਾ ਹਵਾਲਾ ਹੈ: “ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ।”—ਕੂਚ 14:13.
[ਸਫ਼ਾ 17 ਉੱਤੇ ਤਸਵੀਰ]
“ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ”
[ਸਫ਼ਾ 18 ਉੱਤੇ ਤਸਵੀਰ]
ਫ਼ਿਰਊਨ ਦੀ ਜ਼ਿੱਦ ਕਾਰਨ ਮਿਸਰ ਬਰਬਾਦ ਹੋ ਗਿਆ
[ਸਫ਼ਾ 19 ਉੱਤੇ ਤਸਵੀਰ]
ਯਹੋਵਾਹ ਦੀਆਂ ਹਿਦਾਇਤਾਂ ਤੇ ਚੱਲ ਕੇ ਇਸਰਾਏਲੀ ਬਚ ਗਏ