ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀ ਹੈ, “ਆਓ!”
‘ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।’—ਪਰ. 22:17.
1, 2. ਸਾਨੂੰ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਕਿਹੜੀ ਥਾਂ ਦੇਣੀ ਚਾਹੀਦੀ ਹੈ ਅਤੇ ਕਿਉਂ?
ਅਸੀਂ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਕਿਹੜੀ ਥਾਂ ਦਿੰਦੇ ਹਾਂ? ਯਿਸੂ ਨੇ ਆਪਣੇ ਚੇਲਿਆਂ ਨੂੰ ‘ਰਾਜ ਨੂੰ ਪਹਿਲਾਂ ਭਾਲਦੇ ਰਹਿਣ’ ਲਈ ਕਿਹਾ ਅਤੇ ਇਹ ਯਕੀਨ ਦਿਵਾਇਆ ਕਿ ਜੇ ਉਹ ਇਸ ਤਰ੍ਹਾਂ ਕਰਨਗੇ, ਤਾਂ ਪਰਮੇਸ਼ੁਰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ। (ਮੱਤੀ 6:25-33) ਉਸ ਨੇ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਇਕ ਮੋਤੀ ਨਾਲ ਕੀਤੀ ਜੋ ਇੰਨਾ ਕੀਮਤੀ ਸੀ ਕਿ ਇਕ ਵਪਾਰੀ ਨੇ “ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:45, 46) ਤਾਂ ਫਿਰ ਕੀ ਸਾਨੂੰ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਨੂੰ ਅਹਿਮ ਨਹੀਂ ਸਮਝਣਾ ਚਾਹੀਦਾ?
2 ਅਸੀਂ ਪਿਛਲੇ ਦੋ ਲੇਖਾਂ ਵਿਚ ਦੇਖਿਆ ਸੀ ਕਿ ਸਾਨੂੰ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਨੂੰ ਸੁਣਾਉਣ ਅਤੇ ਇਸ ਨੂੰ ਚੰਗੀ ਤਰ੍ਹਾਂ ਵਰਤਣ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਨਾਲ ਚੱਲ ਰਹੇ ਹੁੰਦੇ ਹਾਂ। ਇਹ ਸ਼ਕਤੀ ਬਾਕਾਇਦਾ ਪ੍ਰਚਾਰ ਕਰਨ ਵਿਚ ਵੀ ਅਹਿਮ ਰੋਲ ਅਦਾ ਕਰਦੀ ਹੈ। ਆਓ ਦੇਖੀਏ ਕਿਵੇਂ।
ਖੁੱਲ੍ਹਾ ਸੱਦਾ!
3. ਲੋਕਾਂ ਨੂੰ ਕਿਹੋ ਜਿਹਾ ਪਾਣੀ ਪੀਣ ਦਾ ਸੱਦਾ ਦਿੱਤਾ ਜਾ ਰਿਹਾ ਹੈ?
3 ਪਵਿੱਤਰ ਸ਼ਕਤੀ ਦੇ ਜ਼ਰੀਏ ਲੋਕਾਂ ਨੂੰ ਇਕ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 22:17 ਪੜ੍ਹੋ।) ਉਨ੍ਹਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ‘ਆ’ ਕੇ ਪਾਣੀ ਨਾਲ ਆਪਣੀ ਪਿਆਸ ਬੁਝਾਉਣ। ਪਰ ਇਹ ਹਾਈਡ੍ਰੋਜਨ ਅਤੇ ਆਕਸੀਜਨ ਤੋਂ ਬਣਿਆ ਆਮ ਪਾਣੀ ਨਹੀਂ ਹੈ। ਹਾਲਾਂਕਿ ਪਾਣੀ ਜੀਉਣ ਲਈ ਜ਼ਰੂਰੀ ਹੈ, ਪਰ ਯਿਸੂ ਇਕ ਵੱਖਰੇ ਪਾਣੀ ਦੀ ਗੱਲ ਕਰ ਰਿਹਾ ਸੀ ਜਦ ਉਸ ਨੇ ਖੂਹ ʼਤੇ ਪਾਣੀ ਲੈਣ ਆਈ ਸਾਮਰੀ ਤੀਵੀਂ ਨੂੰ ਕਿਹਾ: “ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ।” (ਯੂਹੰ. 4:14) ਹਾਂ, ਇਸ ਅੰਮ੍ਰਿਤ ਜਲ ਨੂੰ ਪੀ ਕੇ ਲੋਕ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਨ।
4. ਅੰਮ੍ਰਿਤ ਜਲ ਦੀ ਕਿਉਂ ਲੋੜ ਪਈ ਅਤੇ ਇਹ ਕਿਨ੍ਹਾਂ ਚੀਜ਼ਾਂ ਨੂੰ ਦਰਸਾਉਂਦਾ ਹੈ?
4 ਅੰਮ੍ਰਿਤ ਜਲ ਦੀ ਲੋੜ ਉਦੋਂ ਪਈ ਜਦੋਂ ਪਹਿਲਾ ਇਨਸਾਨ ਆਦਮ ਅਤੇ ਉਸ ਦੀ ਪਤਨੀ ਹੱਵਾਹ ਆਪਣੇ ਸਿਰਜਣਹਾਰ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਹੇ। (ਉਤ. 2:16, 17; 3:1-6) ਇਸ ਲਈ ਇਸ ਜੋੜੇ ਨੂੰ ਉਨ੍ਹਾਂ ਦੇ ਸੋਹਣੇ ਘਰੋਂ ਕੱਢ ਦਿੱਤਾ ਗਿਆ ਤਾਂਕਿ “ਅਜੇਹਾ ਨਾ ਹੋਵੇ ਕਿ [ਆਦਮ] ਆਪਣਾ ਹੱਥ ਵਧਾਕੇ ਜੀਵਣ ਦੇ ਬਿਰਛ ਤੋਂ ਵੀ ਲੈਕੇ ਖਾਵੇ ਅਤੇ ਸਦਾ ਜੀਉਂਦਾ ਰਹੇ।” (ਉਤ. 3:22) ਸਾਰੇ ਮਨੁੱਖਾਂ ਦਾ ਪੂਰਵਜ ਹੋਣ ਕਰਕੇ ਆਦਮ ਨੇ ਸਾਰੀ ਮਨੁੱਖਜਾਤੀ ਵਿਚ ਮੌਤ ਫੈਲਾ ਦਿੱਤੀ। (ਰੋਮੀ. 5:12) ਅੰਮ੍ਰਿਤ ਜਲ ਯਹੋਵਾਹ ਦੇ ਪ੍ਰਬੰਧਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਰਾਹੀਂ ਆਗਿਆਕਾਰ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲੇਗਾ ਅਤੇ ਉਨ੍ਹਾਂ ਨੂੰ ਇਕ ਸੁੰਦਰ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਇਹ ਸਾਰੇ ਪ੍ਰਬੰਧ ਯਿਸੂ ਮਸੀਹ ਦੇ ਬਲੀਦਾਨ ਕਾਰਨ ਹੀ ਮੁਮਕਿਨ ਹੋਏ ਹਨ।—ਮੱਤੀ 20:28; ਯੂਹੰ. 3:16; 1 ਯੂਹੰ. 4:9, 10.
5. ਇਹ ਸੱਦਾ ਕੌਣ ਦਿੰਦਾ ਹੈ ਕਿ ਆਓ ਤੇ “ਅੰਮ੍ਰਿਤ ਜਲ ਮੁਖਤ” ਲਓ? ਸਮਝਾਓ।
5 “ਅੰਮ੍ਰਿਤ ਜਲ ਮੁਖਤ” ਲੈਣ ਦਾ ਸੱਦਾ ਕੌਣ ਦਿੰਦਾ ਹੈ? ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਜੀਵਨ ਪਾਉਣ ਵਾਲੇ ਸਾਰੇ ਪ੍ਰਬੰਧ ਯਿਸੂ ਦੇ ਜ਼ਰੀਏ ਪੂਰੀ ਤਰ੍ਹਾਂ ਉਪਲਬਧ ਹੋਣਗੇ। ਇਨ੍ਹਾਂ ਪ੍ਰਬੰਧਾਂ ਨੂੰ “ਅੰਮ੍ਰਿਤ ਜਲ ਦੀ ਇੱਕ ਨਦੀ” ਕਿਹਾ ਗਿਆ ਹੈ ਜੋ “ਬਲੌਰ ਵਾਂਙੁ ਉੱਜਲ” ਹੈ। ਇਹ ਨਦੀ “ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ” ਹੈ। (ਪਰ. 22:1) ਯਹੋਵਾਹ ਹੀ ਜੀਵਨਦਾਤਾ ਹੈ, ਇਸ ਲਈ ਉਹੀ ਸਾਨੂੰ ਜ਼ਿੰਦਗੀ ਦੇਣ ਵਾਲਾ ਪਾਣੀ ਦਿੰਦਾ ਹੈ। (ਜ਼ਬੂ. 36:9) ਉਹੀ ਸਾਨੂੰ “ਲੇਲੇ” ਯਿਸੂ ਮਸੀਹ ਦੇ ਜ਼ਰੀਏ ਪਾਣੀ ਮੁਹੱਈਆ ਕਰਦਾ ਹੈ। (ਯੂਹੰ. 1:29) ਇਸ ਨਦੀ ਰਾਹੀਂ ਯਹੋਵਾਹ ਆਦਮ ਦੀ ਅਣਆਗਿਆਕਾਰੀ ਕਾਰਨ ਇਨਸਾਨਾਂ ਨੂੰ ਹੋਏ ਸਾਰੇ ਨੁਕਸਾਨ ਨੂੰ ਠੀਕ ਕਰ ਦੇਵੇਗਾ। ਜੀ ਹਾਂ, ਯਹੋਵਾਹ ਹੀ ਇਹ ਸੱਦਾ ਦਿੰਦਾ ਹੈ ਕਿ “ਆਓ!”
6. ‘ਅੰਮ੍ਰਿਤ ਜਲ ਦੀ ਨਦੀ’ ਕਦੋਂ ਵਹਿਣੀ ਸ਼ੁਰੂ ਹੋਈ?
6 ਹਾਲਾਂਕਿ ‘ਅੰਮ੍ਰਿਤ ਜਲ ਦੀ ਨਦੀ’ ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਪੂਰੀ ਤਰ੍ਹਾਂ ਵਹੇਗੀ, ਪਰ ਇਹ “ਪ੍ਰਭੁ ਦੇ ਦਿਨ” ਵਿਚ ਵਗਣੀ ਸ਼ੁਰੂ ਹੋਈ ਸੀ ਜਦੋਂ 1914 ਵਿਚ “ਲੇਲੇ” ਨੂੰ ਰਾਜ-ਗੱਦੀ ਮਿਲੀ। (ਪਰ. 22:1) ਇਸ ਲਈ ਜੀਵਨ ਪਾਉਣ ਦੇ ਕੁਝ ਪ੍ਰਬੰਧ 1914 ਤੋਂ ਬਾਅਦ ਹੀ ਉਪਲਬਧ ਹੋਏ। ਇਨ੍ਹਾਂ ਵਿਚ ਬਾਈਬਲ ਦਾ ਸੰਦੇਸ਼ ਵੀ ਹੈ, ਜਿਸ ਨੂੰ “ਜਲ” ਕਿਹਾ ਜਾਂਦਾ ਹੈ। (ਅਫ਼. 5:26) ਸਾਰੇ ਲੋਕ ਖ਼ੁਸ਼ ਖ਼ਬਰੀ ਨੂੰ ਸੁਣ ਕੇ ਅਤੇ ਇਸ ਨੂੰ ਕਬੂਲ ਕਰ ਕੇ ਜੀਵਨ ਦਾ ਪਾਣੀ ਲੈ ਸਕਦੇ ਹਨ। ਪਰ ਪ੍ਰਭੂ ਦੇ ਦਿਨ ਵਿਚ ਇਹ ਸੱਦਾ ਕੌਣ ਦੇ ਰਿਹਾ ਹੈ?
“ਲਾੜੀ ਆਖਦੀ ਹੈ, ਆਓ!”
7. “ਪ੍ਰਭੁ ਦੇ ਦਿਨ” ਵਿਚ ਕਿਨ੍ਹਾਂ ਨੇ ‘ਆਉਣ’ ਦਾ ਸੱਦਾ ਦੇਣ ਵਿਚ ਪਹਿਲ ਕੀਤੀ ਅਤੇ ਉਨ੍ਹਾਂ ਨੇ ਕਿਨ੍ਹਾਂ ਨੂੰ ਸੱਦਾ ਦਿੱਤਾ?
7 ਲਾੜੀ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੇ ‘ਆਉਣ’ ਦਾ ਸੱਦਾ ਦੇਣ ਵਿਚ ਪਹਿਲ ਕੀਤੀ ਹੈ। ਪਰ ਕਿਸ ਨੂੰ? ਲਾੜੀ ਆਪਣੇ ਆਪ ਨੂੰ ਤਾਂ ਇਹ ਸੱਦਾ ਨਹੀਂ ਦਿੰਦੀ। ਉਹ ਉਨ੍ਹਾਂ ਨੂੰ ਸੱਦਾ ਦਿੰਦੀ ਹੈ ਜੋ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦੇ ਜੁੱਧ’ ਤੋਂ ਬਾਅਦ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਹਨ।—ਪਰਕਾਸ਼ ਦੀ ਪੋਥੀ 16:14, 16 ਪੜ੍ਹੋ।
8. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ 1918 ਤੋਂ ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦਾ ਸੱਦਾ ਦਿੰਦੇ ਆ ਰਹੇ ਹਨ?
8 ਸਾਲ 1918 ਤੋਂ ਯਿਸੂ ਮਸੀਹ ਦੇ ਮਸਹ ਕੀਤੇ ਹੋਏ ਚੇਲੇ ਇਹ ਸੱਦਾ ਦੇ ਰਹੇ ਹਨ। ਉਸ ਸਾਲ ਇਕ ਪਬਲਿਕ ਭਾਸ਼ਣ ਦਿੱਤਾ ਜਾ ਰਿਹਾ ਸੀ ਜਿਸ ਦਾ ਵਿਸ਼ਾ ਸੀ, “ਲੱਖਾਂ ਹੀ ਲੋਕ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਇਸ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਕਈ ਲੋਕ ਆਰਮਾਗੇਡਨ ਦੇ ਯੁੱਧ ਤੋਂ ਬਾਅਦ ਸੋਹਣੀ ਧਰਤੀ ʼਤੇ ਰਹਿਣਗੇ। 1922 ਨੂੰ ਅਮਰੀਕਾ ਦੇ ਸੀਡਰ ਪਾਇੰਟ ਓਹੀਓ ਵਿਚ ਹੋਏ ਸੰਮੇਲਨ ਵਿਚ ਦਿੱਤੇ ਭਾਸ਼ਣ ਦੌਰਾਨ ਸਾਰੇ ਸੁਣਨ ਵਾਲਿਆਂ ਨੂੰ ਤਾਕੀਦ ਕੀਤੀ ਗਈ ਸੀ ਕਿ ਉਹ ‘ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰਨ।’ ਇਸ ਭਾਸ਼ਣ ਤੋਂ ਮਸਹ ਕੀਤੇ ਹੋਇਆਂ ਨੂੰ ਹੱਲਾਸ਼ੇਰੀ ਮਿਲੀ ਕਿ ਉਹ ਹੋਰ ਵੀ ਲੋਕਾਂ ਨੂੰ ਇਹ ਸੱਦਾ ਦੇਣ। 15 ਮਾਰਚ 1929 ਦੇ ਪਹਿਰਾਬੁਰਜ ਵਿਚ ਇਕ ਲੇਖ ਆਇਆ ਸੀ ਜਿਸ ਦਾ ਵਿਸ਼ਾ ਸੀ, “ਪਿਆਰ ਨਾਲ ਦਿੱਤਾ ਸੱਦਾ” ਜੋ ਪਰਕਾਸ਼ ਦੀ ਪੋਥੀ 22:17 ਉੱਤੇ ਆਧਾਰਿਤ ਸੀ। ਇਸ ਲੇਖ ਵਿਚ ਲਿਖਿਆ ਸੀ: “ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ [ਅੱਤ ਮਹਾਨ] ਨਾਲ ਮਿਲ ਕੇ ਇਹ ਪਿਆਰ ਭਰਿਆ ਸੱਦਾ ਦੇਣ ਲੱਗ ਪਏ: ‘ਆਓ।’ ਇਹ ਸੰਦੇਸ਼ ਉਨ੍ਹਾਂ ਲਈ ਹੈ ਜੋ ਧਾਰਮਿਕਤਾ ਅਤੇ ਸੱਚਾਈ ਦੇ ਭੁੱਖੇ ਹਨ। ਇਹ ਹੁਣੇ ਦਿੱਤਾ ਜਾਣਾ ਚਾਹੀਦਾ ਹੈ।” ਅੱਜ ਤਕ ਮਸਹ ਕੀਤੇ ਹੋਏ ਮਸੀਹੀ ਇਹ ਸੱਦਾ ਦਿੰਦੇ ਆਏ ਹਨ।
“ਜਿਹੜਾ ਸੁਣਦਾ ਹੋਵੇ ਉਹ ਕਹੇ ਆਓ!”
9, 10. ਸੱਦਾ ਸੁਣਨ ਵਾਲੇ ਅੱਗੋਂ ‘ਆਉਣ’ ਦਾ ਸੱਦਾ ਕਿਵੇਂ ਦਿੰਦੇ ਹਨ?
9 ਉਨ੍ਹਾਂ ਬਾਰੇ ਕੀ ਜੋ ‘ਆਉਣ’ ਦਾ ਸੱਦਾ ਸੁਣਦੇ ਹਨ? ਉਹ ਵੀ ਹੋਰਨਾਂ ਨੂੰ ‘ਆਉਣ’ ਦਾ ਸੱਦਾ ਦਿੰਦੇ ਹਨ। ਮਿਸਾਲ ਲਈ, 1 ਅਗਸਤ 1932 ਦੇ ਪਹਿਰਾਬੁਰਜ ਦੇ 232 ਸਫ਼ੇ ʼਤੇ ਦੱਸਿਆ ਸੀ: “ਮਸਹ ਕੀਤੇ ਹੋਏ ਮਸੀਹੀਆਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਸਾਰਿਆਂ ਨੂੰ ਹੱਲਾਸ਼ੇਰੀ ਦੇਣ ਜੋ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਹਿੱਸਾ ਲੈਣਗੇ। ਇਹ ਜ਼ਰੂਰੀ ਨਹੀਂ ਕਿ ਪ੍ਰਭੂ ਦਾ ਸੰਦੇਸ਼ ਸੁਣਾਉਣ ਲਈ ਉਹ ਮਸਹ ਕੀਤੇ ਹੋਏ ਹੋਣ। ਯਹੋਵਾਹ ਦੇ ਗਵਾਹਾਂ ਲਈ ਖ਼ੁਸ਼ੀ ਦੀ ਗੱਲ ਹੈ ਕਿ ਉਹ ਹੁਣ ਉਨ੍ਹਾਂ ਲੋਕਾਂ ਨੂੰ ਅੰਮ੍ਰਿਤ ਜਲ ਦੇ ਸਕਦੇ ਹਨ ਜਿਹੜੇ ਆਰਮਾਗੇਡਨ ਤੋਂ ਬਚ ਕੇ ਧਰਤੀ ʼਤੇ ਹਮੇਸ਼ਾ ਲਈ ਜੀਉਣਗੇ।”
10 ਸੱਦਾ ਸੁਣਨ ਵਾਲਿਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਵੀ ਕਹਿਣ, “ਆਓ।” ਇਸ ਗੱਲ ʼਤੇ ਜ਼ੋਰ ਦਿੰਦਿਆਂ 15 ਅਗਸਤ 1934 ਦੇ ਪਹਿਰਾਬੁਰਜ ਦੇ 249 ਸਫ਼ੇ ʼਤੇ ਕਿਹਾ ਗਿਆ ਸੀ: “ਯੋਨਾਦਾਬ ਸਮੂਹ ਨੂੰ ਯੇਹੂ ਸਮੂਹ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨਾਲ ਜਾ ਕੇ ਰਾਜ ਦੇ ਸੰਦੇਸ਼ ਦਾ ਐਲਾਨ ਕਰਨਾ ਚਾਹੀਦਾ ਹੈ, ਭਾਵੇਂ ਕਿ ਉਹ ਯਹੋਵਾਹ ਦੇ ਮਸਹ ਕੀਤੇ ਹੋਏ ਗਵਾਹ ਨਹੀਂ ਹਨ। 1935 ਵਿਚ “ਵੱਡੀ ਭੀੜ” ਦੀ ਪਛਾਣ ਹੋਈ ਜਿਸ ਬਾਰੇ ਪਰਕਾਸ਼ ਦੀ ਪੋਥੀ 7:9-17 ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਕਰਕੇ ਪਰਮੇਸ਼ੁਰ ਦਾ ਸੱਦਾ ਦੇਣ ਦਾ ਕੰਮ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗ ਪਿਆ। ਉਸ ਸਮੇਂ ਤੋਂ ਵਧਦੀ ਜਾ ਰਹੀ ਪਰਮੇਸ਼ੁਰ ਦੇ ਸੇਵਕਾਂ ਦੀ ਵੱਡੀ ਭੀੜ—ਜੋ ਸੱਤਰ ਲੱਖ ਤੋਂ ਜ਼ਿਆਦਾ ਹੈ—ਨੇ ਸੱਦਾ ਸੁਣ ਕੇ ਕੁਝ ਕੀਤਾ ਵੀ ਹੈ। ਸੰਦੇਸ਼ ਸੁਣ ਕੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਣ ਕਰ ਕੇ ਬਪਤਿਸਮਾ ਲਿਆ ਹੈ ਅਤੇ ਲਾੜੀ ਨਾਲ ਮਿਲ ਕੇ ਹੋਰਨਾਂ ਨੂੰ ਵੀ ‘ਆ ਕੇ ਅੰਮ੍ਰਿਤ ਜਲ ਮੁਖਤ ਲੈਣ’ ਦਾ ਸੱਦਾ ਦੇ ਰਹੇ ਹਨ।
ਪਵਿੱਤਰ ਸ਼ਕਤੀ ਆਖਦੀ ਹੈ, “ਆਓ!”
11. ਪਹਿਲੀ ਸਦੀ ਵਿਚ ਪਵਿੱਤਰ ਸ਼ਕਤੀ ਨੇ ਕਿਵੇਂ ਪ੍ਰਚਾਰ ਦੇ ਕੰਮ ਵਿਚ ਅਹਿਮ ਰੋਲ ਅਦਾ ਕੀਤਾ?
11 ਨਾਸਰਤ ਦੇ ਇਕ ਸਭਾ-ਘਰ ਵਿਚ ਪ੍ਰਚਾਰ ਕਰਦੇ ਸਮੇਂ ਯਿਸੂ ਨੇ ਯਸਾਯਾਹ ਨਬੀ ਦੀ ਪੋਥੀ ਖੋਲ੍ਹ ਕੇ ਪੜ੍ਹੀ: ‘ਪ੍ਰਭੁ ਦੀ ਸ਼ਕਤੀ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।” ਫਿਰ ਯਿਸੂ ਨੇ ਇਹ ਸ਼ਬਦ ਆਪਣੇ ʼਤੇ ਲਾਗੂ ਕਰਦੇ ਹੋਏ ਕਿਹਾ: “ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।” (ਲੂਕਾ 4:17-21) ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਜਾਂ ਪਵਿੱਤ੍ਰ ਸ਼ਕਤੀ ਤੁਹਾਡੇ ਉੱਤੇ ਆਵੇਗੀ ਤਾਂ ਤੁਸੀਂ ਤਾਕਤ ਪਾਓਗੇ ਅਤੇ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’ (ਰਸੂ. 1:8) ਪਹਿਲੀ ਸਦੀ ਵਿਚ ਪਵਿੱਤਰ ਸ਼ਕਤੀ ਨੇ ਪ੍ਰਚਾਰ ਦੇ ਕੰਮ ਵਿਚ ਅਹਿਮ ਰੋਲ ਅਦਾ ਕੀਤਾ।
12. ਅੱਜ ਲੋਕਾਂ ਨੂੰ ਸੱਦਾ ਦੇਣ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਿਵੇਂ ਮਦਦ ਕਰਦੀ ਹੈ?
12 ਅੱਜ ਲੋਕਾਂ ਨੂੰ ਸੱਦਾ ਦੇਣ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕਿਵੇਂ ਮਦਦ ਕਰਦੀ ਹੈ? ਯਹੋਵਾਹ ਹੀ ਪਵਿੱਤਰ ਸ਼ਕਤੀ ਦਾ ਸੋਮਾ ਹੈ। ਉਹ ਇਸ ਸ਼ਕਤੀ ਜ਼ਰੀਏ ਮਸਹ ਕੀਤੇ ਹੋਇਆਂ ਦੇ ਦਿਲਾਂ-ਦਿਮਾਗ਼ਾਂ ਨੂੰ ਖੋਲ੍ਹਦਾ ਹੈ ਤਾਂਕਿ ਉਹ ਉਸ ਦੇ ਬਚਨ ਬਾਈਬਲ ਨੂੰ ਸਮਝ ਸਕਣ। ਇਹ ਸ਼ਕਤੀ ਉਨ੍ਹਾਂ ਨੂੰ ਪ੍ਰੇਰਦੀ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸੱਦਾ ਦੇਣ ਅਤੇ ਬਾਈਬਲ ਦੀਆਂ ਸੱਚਾਈਆਂ ਸਮਝਾਉਣ ਜੋ ਹਮੇਸ਼ਾ ਲਈ ਸੁੰਦਰ ਧਰਤੀ ʼਤੇ ਰਹਿਣਗੇ। ਉਨ੍ਹਾਂ ਬਾਰੇ ਕੀ ਜੋ ਸੱਦਾ ਕਬੂਲ ਕਰ ਕੇ ਯਿਸੂ ਮਸੀਹ ਦੇ ਚੇਲੇ ਬਣਦੇ ਹਨ ਅਤੇ ਹੋਰਨਾਂ ਨੂੰ ਵੀ ਸੱਦਾ ਦਿੰਦੇ ਹਨ? ਪਵਿੱਤਰ ਸ਼ਕਤੀ ਉਨ੍ਹਾਂ ਦੀ ਵੀ ਮਦਦ ਕਰਦੀ ਹੈ। ‘ਪਵਿੱਤ੍ਰ ਸ਼ਕਤੀ ਦੇ ਨਾਮ ਵਿੱਚ’ ਬਪਤਿਸਮਾ ਲੈਣ ਕਰਕੇ ਉਹ ਇਸ ਦੀ ਸੇਧ ਵਿਚ ਚੱਲਦੇ ਹਨ ਅਤੇ ਇਸ ਦੀ ਮਦਦ ਲੈਂਦੇ ਹਨ। (ਮੱਤੀ 28:19) ਮਸਹ ਕੀਤੇ ਹੋਇਆਂ ਅਤੇ ਵੱਡੀ ਭੀੜ ਵੱਲੋਂ ਸੁਣਾਏ ਜਾਂਦੇ ਸੰਦੇਸ਼ ਬਾਰੇ ਵੀ ਸੋਚੋ ਜੋ ਬਾਈਬਲ ਵਿਚ ਪਾਇਆ ਜਾਂਦਾ ਹੈ। ਪਰਮੇਸ਼ੁਰ ਨੇ ਆਪਣੀ ਸ਼ਕਤੀ ਦੇ ਜ਼ਰੀਏ ਬਾਈਬਲ ਲਿਖਵਾਈ ਹੈ। ਸੋ ਇਸ ਤਰ੍ਹਾਂ ਇਹ ਸੱਦਾ ਵੀ ਪਵਿੱਤਰ ਸ਼ਕਤੀ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ। ਦਰਅਸਲ, ਅਸੀਂ ਇਸ ਸ਼ਕਤੀ ਦੀ ਸੇਧ ਵਿਚ ਚੱਲਦੇ ਹਾਂ। ਇਹ ਜਾਣ ਕੇ ਸਾਨੂੰ ਸੱਦਾ ਦੇਣ ਦੇ ਕੰਮ ਵਿਚ ਕਿੰਨਾ ਕੁ ਸਮਾਂ ਲਾਉਣਾ ਚਾਹੀਦਾ ਹੈ?
ਉਹ ਆਖਦੇ ਹਨ, “ਆਓ!”
13. ਇਹ ਕਹਿਣ ਦਾ ਕੀ ਮਤਲਬ ਹੈ ਕਿ “ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀਆਂ ਰਹਿੰਦੀਆਂ ਹਨ: ‘ਆਓ!’”?
13 ਪਵਿੱਤਰ ਸ਼ਕਤੀ ਅਤੇ ਲਾੜੀ ਤੋਂ ਸਿਰਫ਼ ਇੱਕੋ ਵਾਰ ਸੱਦਾ ਮਿਲਦਾ ਹੈ? ਨਹੀਂ। ਮੂਲ ਭਾਸ਼ਾ ਵਿਚ ਵਾਰ-ਵਾਰ ਸੱਦਾ ਦੇਣ ਦਾ ਸੰਕੇਤ ਮਿਲਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨਿਊ ਵਰਲਡ ਟ੍ਰਾਂਸਲੇਸ਼ਨ ਕਹਿੰਦਾ ਹੈ: “ਪਵਿੱਤਰ ਸ਼ਕਤੀ ਅਤੇ ਲਾੜੀ ਆਖਦੀਆਂ ਰਹਿੰਦੀਆਂ ਹਨ: ‘ਆਓ!’” ਇਸ ਦਾ ਮਤਲਬ ਹੈ ਕਿ ਇਹ ਸੱਦਾ ਲਗਾਤਾਰ ਦਿੱਤਾ ਜਾਵੇਗਾ। ਉਨ੍ਹਾਂ ਬਾਰੇ ਕੀ ਜੋ ਸੱਦਾ ਸੁਣ ਕੇ ਸਵੀਕਾਰ ਕਰਦੇ ਹਨ? ਉਹ ਵੀ ਕਹਿੰਦੇ ਹਨ “ਆਓ!” ਵੱਡੀ ਭੀੜ ਦੇ ਸੱਚੇ ਭਗਤਾਂ ਬਾਰੇ ਕਿਹਾ ਗਿਆ ਹੈ ਕਿ ਉਹ ‘ਹੈਕਲ ਵਿੱਚ ਰਾਤ ਦਿਨ ਯਹੋਵਾਹ ਦੀ ਉਪਾਸਨਾ ਕਰਦੇ ਹਨ।’ (ਪਰ. 7:9, 15) ਕਿਸ ਅਰਥ ਵਿਚ ਉਹ ‘ਰਾਤ ਦਿਨ ਉਪਾਸਨਾ’ ਕਰਦੇ ਹਨ? (ਲੂਕਾ 2:36, 37; ਰਸੂਲਾਂ ਦੇ ਕਰਤੱਬ 20:31; 2 ਥੱਸਲੁਨੀਕੀਆਂ 3:8 ਪੜ੍ਹੋ।) ਆੱਨਾ ਨਬੀਆ ਅਤੇ ਪੌਲੁਸ ਰਸੂਲ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ‘ਰਾਤ ਦਿਨ ਉਪਾਸਨਾ’ ਕਰਦੇ ਰਹਿਣ ਦਾ ਮਤਲਬ ਹੈ ਲਗਾਤਾਰ ਵਧ-ਚੜ੍ਹ ਕੇ ਪ੍ਰਚਾਰ ਕਰਨ ਵਿਚ ਲੱਗੇ ਰਹਿਣਾ।
14, 15. ਦਾਨੀਏਲ ਨੇ ਕਿਵੇਂ ਦਿਖਾਇਆ ਕਿ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਕਿੰਨਾ ਜ਼ਰੂਰੀ ਹੈ?
14 ਦਾਨੀਏਲ ਨਬੀ ਨੇ ਦਿਖਾਇਆ ਕਿ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਕਿੰਨਾ ਜ਼ਰੂਰੀ ਹੈ। (ਦਾਨੀਏਲ 6:4-10, 16 ਪੜ੍ਹੋ।) ਦਾਨੀਏਲ ਨੇ ਯਹੋਵਾਹ ਦੀ ਭਗਤੀ ਕਰਨੀ ਨਹੀਂ ਛੱਡੀ। ਉਸ ਦੀ ‘ਦਿਨ ਵਿੱਚ ਤਿੰਨ ਵਾਰੀ ਪਰਮੇਸ਼ੁਰ ਦੇ ਸਾਹਮਣੇ ਬੇਨਤੀ’ ਕਰਨ ਦੀ ਆਦਤ ਸੀ ‘ਜਿਵੇਂ ਉਹ ਅੱਗੇ ਕਰਦਾ’ ਹੁੰਦਾ ਸੀ। ਉਹ ਇਸ ਆਦਤ ਨੂੰ ਇਕ ਮਹੀਨੇ ਵਾਸਤੇ ਵੀ ਨਹੀਂ ਸੀ ਛੱਡਣਾ ਚਾਹੁੰਦਾ, ਭਾਵੇਂ ਕਿ ਇਸ ਦੇ ਕਾਰਨ ਉਸ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਜਾ ਸਕਦਾ ਸੀ। ਦੇਖਣ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਦਾਨੀਏਲ ਵਾਸਤੇ ਬਾਕਾਇਦਾ ਯਹੋਵਾਹ ਦੀ ਭਗਤੀ ਕਰਨੀ ਸਭ ਤੋਂ ਜ਼ਰੂਰੀ ਸੀ!—ਮੱਤੀ 5:16.
15 ਜਦੋਂ ਦਾਨੀਏਲ ਨੇ ਪੂਰੀ ਰਾਤ ਸ਼ੇਰਾਂ ਦੇ ਘੁਰੇ ਵਿਚ ਗੁਜ਼ਾਰੀ, ਤਾਂ ਰਾਜੇ ਨੇ ਉੱਥੇ ਜਾ ਕੇ ਆਵਾਜ਼ ਮਾਰੀ: “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਥੀਂ ਛੁਡਾਉਣ ਜੋਗ ਹੋਇਆ?” ਫਿਰ ਦਾਨੀਏਲ ਨੇ ਤੁਰੰਤ ਰਾਜੇ ਨੂੰ ਜਵਾਬ ਦਿੱਤਾ: “ਹੇ ਰਾਜਨ, ਜੁੱਗੋ ਜੁੱਗ ਜੀ। ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਐਥੋਂ ਤੀਕ ਕਿ ਉਨ੍ਹਾਂ ਨੇ ਮੈਨੂੰ ਰਤੀ ਭਰ ਵੀ ਦੁਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ।” ਯਹੋਵਾਹ ਨੇ ਦਾਨੀਏਲ ਨੂੰ ਬਰਕਤ ਦਿੱਤੀ ਕਿਉਂਕਿ ਉਹ “ਸਦਾ” ਉਸ ਦੀ ਸੇਵਾ ਕਰਦਾ ਰਿਹਾ।—ਦਾਨੀ. 6:19-22.
16. ਦਾਨੀਏਲ ਦੀ ਮਿਸਾਲ ਦੇਖ ਕੇ ਸਾਨੂੰ ਪ੍ਰਚਾਰ ਵਿਚ ਹਿੱਸਾ ਲੈਣ ਬਾਰੇ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
16 ਦਾਨੀਏਲ ਆਪਣੀ ਆਦਤ ਛੱਡਣ ਦੀ ਬਜਾਇ ਮਰਨ ਲਈ ਤਿਆਰ ਸੀ। ਸਾਡੇ ਬਾਰੇ ਕੀ? ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹਿਣ ਲਈ ਅਸੀਂ ਕਿਹੜੀਆਂ ਕੁਰਬਾਨੀਆਂ ਕਰਨ ਲਈ ਤਿਆਰ ਹਾਂ? ਸਾਨੂੰ ਹੋਰਨਾਂ ਨੂੰ ਯਹੋਵਾਹ ਬਾਰੇ ਦੱਸਣ ਤੋਂ ਇਕ ਮਹੀਨਾ ਵੀ ਨਹੀਂ ਜਾਣ ਦੇਣਾ ਚਾਹੀਦਾ! ਜੇ ਹੋ ਸਕੇ, ਤਾਂ ਸਾਨੂੰ ਹਰ ਹਫ਼ਤੇ ਪ੍ਰਚਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ। ਭਾਵੇਂ ਸਿਹਤ ਖ਼ਰਾਬ ਹੋਣ ਕਰਕੇ ਸਾਡੇ ਤੋਂ ਮਹੀਨੇ ਵਿਚ ਸਿਰਫ਼ 15 ਮਿੰਟ ਹੀ ਹੁੰਦੇ ਹਨ, ਪਰ ਅਸੀਂ ਇਸ ਦੀ ਵੀ ਰਿਪੋਰਟ ਦੇ ਸਕਦੇ ਹਾਂ। ਕਿਉਂ? ਕਿਉਂਕਿ ਅਸੀਂ ਵੀ ਪਵਿੱਤਰ ਸ਼ਕਤੀ ਅਤੇ ਲਾੜੀ ਦੀ ਤਰ੍ਹਾਂ ਆਖਦੇ ਰਹਿਣਾ ਚਾਹੁੰਦੇ ਹਾਂ, “ਆਓ!” ਹਾਂ, ਅਸੀਂ ਜਿੰਨਾ ਕਰ ਸਕਦੇ ਹਾਂ, ਉੱਨਾ ਕਰ ਕੇ ਰੈਗੂਲਰ ਪਬਲੀਸ਼ਰ ਬਣੇ ਰਹਿ ਸਕਦੇ ਹਾਂ।
17. ਕਿਨ੍ਹਾਂ ਮੌਕਿਆਂ ਤੇ ਸਾਨੂੰ ਯਹੋਵਾਹ ਦਾ ਸੱਦਾ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ?
17 ਭਾਵੇਂ ਕਿ ਅਸੀਂ ਪ੍ਰਚਾਰ ਕਰਨ ਲਈ ਸਮਾਂ ਰੱਖਿਆ ਹੋਇਆ ਹੈ, ਪਰ ਸਾਨੂੰ ਹਰ ਮੌਕੇ ਤੇ ਯਹੋਵਾਹ ਦਾ ਸੱਦਾ ਦੇਣਾ ਚਾਹੀਦਾ ਹੈ। ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਹੋਰਨਾਂ ਮੌਕਿਆਂ ਤੇ ਵੀ ਪਿਆਸੇ ਲੋਕਾਂ ਨੂੰ “ਅੰਮ੍ਰਿਤ ਜਲ ਮੁਖਤ” ਲੈਣ ਦਾ ਸੱਦਾ ਦੇ ਸਕਦੇ ਹਾਂ ਜਿਵੇਂ ਕਿ ਖ਼ਰੀਦਾਰੀ ਕਰਦੇ, ਸਫ਼ਰ ਕਰਦੇ, ਛੁੱਟੀਆਂ ਤੇ ਜਾਂਦੇ, ਕੰਮ ਕਰਦੇ ਜਾਂ ਸਕੂਲ ਜਾਂਦੇ ਵਕਤ। ਭਾਵੇਂ ਸਰਕਾਰ ਸਾਡੇ ਕੰਮ ʼਤੇ ਰੋਕ ਵੀ ਲਗਾ ਦੇਵੇ, ਫਿਰ ਵੀ ਅਸੀਂ ਹੁਸ਼ਿਆਰੀ ਨਾਲ ਪ੍ਰਚਾਰ ਕਰਦੇ ਰਹਾਂਗੇ। ਅਸੀਂ ਸ਼ਾਇਦ ਇਕ-ਦੋ ਘਰ ਕਰ ਕੇ ਕਿਸੇ ਹੋਰ ਇਲਾਕੇ ਵਿਚ ਜਾ ਸਕਦੇ ਹਾਂ ਜਾਂ ਕੋਈ ਵੀ ਮੌਕਾ ਮਿਲਣ ਤੇ ਲੋਕਾਂ ਨਾਲ ਗੱਲ ਕਰ ਸਕਦੇ ਹਾਂ।
ਆਖਦੇ ਰਹੋ, “ਆਓ!”
18, 19. ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰਨ ਦੇ ਸਨਮਾਨ ਦੀ ਕਦਰ ਕਰਦੇ ਹਾਂ?
18 ਪਵਿੱਤਰ ਸ਼ਕਤੀ ਅਤੇ ਲਾੜੀ 90 ਤੋਂ ਜ਼ਿਆਦਾ ਸਾਲਾਂ ਤਾਈਂ ਪਿਆਸੇ ਲੋਕਾਂ ਨੂੰ ਜੀਵਨ ਦਾ ਪਾਣੀ ਪੀਣ ਲਈ ‘ਆਉਣ!’ ਵਾਸਤੇ ਆਖਦੀਆਂ ਆਈਆਂ ਹਨ। ਕੀ ਤੁਸੀਂ ਇਹ ਸੱਦਾ ਸੁਣਿਆ ਹੈ? ਜੇ ਹਾਂ, ਤਾਂ ਤੁਹਾਨੂੰ ਇਹ ਸੱਦਾ ਦੂਜਿਆਂ ਨੂੰ ਵੀ ਦੇਣਾ ਚਾਹੀਦਾ ਹੈ।
19 ਸਾਨੂੰ ਪਤਾ ਨਹੀਂ ਕਿ ਯਹੋਵਾਹ ਦਾ ਪਿਆਰ ਭਰਿਆ ਇਹ ਸੱਦਾ ਕਿੰਨੀ ਕੁ ਦੇਰ ਲਈ ਦਿੱਤਾ ਜਾਵੇਗਾ। ਪਰ ਜਦ ਅਸੀਂ ਖ਼ੁਦ ਵੀ ਹੋਰਨਾਂ ਨੂੰ ‘ਆਉਣ’ ਲਈ ਕਹਿੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰ ਰਹੇ ਹੁੰਦੇ ਹਾਂ। (1 ਕੁਰਿੰ. 3:6, 9) ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ! ਆਓ ਆਪਾਂ ਇਸ ਸਨਮਾਨ ਦੀ ਕਦਰ ਕਰਦੇ ਰਹੀਏ ਅਤੇ ਬਾਕਾਇਦਾ ਪ੍ਰਚਾਰ ਕਰਨ ਦੁਆਰਾ ‘ਉਸਤਤ ਦਾ ਬਲੀਦਾਨ ਪਰਮੇਸ਼ੁਰ ਅੱਗੇ ਸਦਾ ਚੜ੍ਹਾਉਂਦੇ ਰਹੀਏ।’ (ਇਬ. 13:15) ਲਾੜੀ ਦੇ ਨਾਲ ਮਿਲ ਕੇ ਆਓ ਆਪਾਂ ਵੀ, ਜੋ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਾਂ, ਕਹਿੰਦੇ ਰਹੀਏ “ਆਓ!” ਸਾਡੀ ਇਹੀ ਦੁਆ ਹੈ ਕਿ ਹੋਰ ਬਹੁਤ ਸਾਰੇ ਲੋਕ ਜ਼ਿੰਦਗੀ ਦੇਣ ਵਾਲਾ ਪਾਣੀ ਮੁਫ਼ਤ ਵਿਚ ਪੀਣ!
ਤੁਸੀਂ ਕੀ ਸਿੱਖਿਆ?
• ‘ਆਉਣ’ ਦਾ ਸੱਦਾ ਕਿਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ?
• ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਆਉਣ’ ਦਾ ਸੱਦਾ ਯਹੋਵਾਹ ਵੱਲੋਂ ਹੈ?
• ‘ਆਉਣ’ ਦਾ ਸੱਦਾ ਦੇਣ ਵਿਚ ਪਵਿੱਤਰ ਸ਼ਕਤੀ ਕੀ ਰੋਲ ਅਦਾ ਕਰਦੀ ਹੈ?
• ਸਾਨੂੰ ਆਪਣੀ ਪੂਰੀ ਵਾਹ ਲਾ ਕੇ ਬਾਕਾਇਦਾ ਪ੍ਰਚਾਰ ਦੇ ਕੰਮ ਵਿਚ ਕਿਉਂ ਹਿੱਸਾ ਲੈਣਾ ਚਾਹੀਦਾ ਹੈ?
[ਸਫ਼ਾ 16 ਉੱਤੇ ਚਾਰਟ/ਤਸਵੀਰਾਂ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਆਖਦੇ ਰਹੋ, “ਆਓ!”
1914
5,100 ਪਬਲੀਸ਼ਰ
1918
ਕਈਆਂ ਨੂੰ ਸੋਹਣੀ ਧਰਤੀ ਉੱਤੇ ਰਹਿਣ ਦਾ ਮੌਕਾ ਮਿਲੇਗਾ
1922
“ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ”
1929
ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ ਆਖਦੇ ਹਨ, “ਆਓ!”
1932
ਸੱਦਾ ਦੇਣ ਦਾ ਸਨਮਾਨ ਮਸਹ ਕੀਤੇ ਹੋਇਆਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਮਿਲਿਆ
1934
ਯੋਨਾਦਾਬ ਸਮੂਹ ਨੂੰ ਪ੍ਰਚਾਰ ਕਰਨ ਦਾ ਸੱਦਾ ਮਿਲਦਾ ਹੈ
1935
“ਵੱਡੀ ਭੀੜ” ਦੀ ਪਛਾਣ ਕੀਤੀ ਗਈ
2009
73,13,173 ਪਬਲੀਸ਼ਰ