ਯਹੋਵਾਹ “ਭੇਤ ਖੋਲ੍ਹਣ ਵਾਲਾ” ਪਰਮੇਸ਼ੁਰ ਹੈ
“ਤੇਰਾ ਪਰਮੇਸ਼ੁਰ ਦਿਓਤਿਆਂ ਦਾ ਦਿਓਤਾ ਅਤੇ ਰਾਜਿਆਂ ਦਾ ਪ੍ਰਭੁ ਅਤੇ ਭੇਤ ਖੋਲ੍ਹਣ ਵਾਲਾ ਹੈ।”—ਦਾਨੀ. 2:47.
ਤੁਸੀਂ ਕੀ ਜਵਾਬ ਦਿਓਗੇ?
ਯਹੋਵਾਹ ਨੇ ਸਾਨੂੰ ਕਿਹੜੀ ਜਾਣਕਾਰੀ ਦਿੱਤੀ ਹੈ?
ਵਹਿਸ਼ੀ ਦਰਿੰਦੇ ਦੇ ਛੇ ਸਿਰ ਕਿਨ੍ਹਾਂ ਨੂੰ ਦਰਸਾਉਂਦੇ ਹਨ?
ਵਹਿਸ਼ੀ ਦਰਿੰਦੇ ਦਾ ਨਬੂਕਦਨੱਸਰ ਦੁਆਰਾ ਦੇਖੀ ਵੱਡੀ ਮੂਰਤ ਨਾਲ ਕੀ ਸੰਬੰਧ ਹੈ?
1, 2. ਯਹੋਵਾਹ ਨੇ ਸਾਨੂੰ ਕਿਹੜੀ ਜਾਣਕਾਰੀ ਦਿੱਤੀ ਹੈ ਅਤੇ ਕਿਉਂ?
ਜਦੋਂ ਪਰਮੇਸ਼ੁਰ ਦਾ ਰਾਜ ਇਨਸਾਨੀ ਰਾਜ ਨੂੰ ਖ਼ਤਮ ਕਰੇਗਾ, ਉਸ ਵੇਲੇ ਦੁਨੀਆਂ ਉੱਤੇ ਕਿਨ੍ਹਾਂ ਸਰਕਾਰਾਂ ਦਾ ਰਾਜ ਹੋਵੇਗਾ? ਅਸੀਂ ਇਸ ਦਾ ਜਵਾਬ ਜਾਣਦੇ ਹਾਂ ਕਿਉਂਕਿ ‘ਭੇਤ ਖੋਲ੍ਹਣ ਵਾਲੇ’ ਪਰਮੇਸ਼ੁਰ ਯਹੋਵਾਹ ਨੇ ਸਾਨੂੰ ਇਸ ਬਾਰੇ ਦੱਸਿਆ ਹੈ। ਉਸ ਨੇ ਸਾਨੂੰ ਦਾਨੀਏਲ ਨਬੀ ਅਤੇ ਯੂਹੰਨਾ ਰਸੂਲ ਰਾਹੀਂ ਇਨ੍ਹਾਂ ਸਰਕਾਰਾਂ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ ਹੈ।
2 ਯਹੋਵਾਹ ਨੇ ਦਾਨੀਏਲ ਅਤੇ ਯੂਹੰਨਾ ਨੂੰ ਵਹਿਸ਼ੀ ਦਰਿੰਦਿਆਂ ਵਾਲੇ ਕਈ ਦਰਸ਼ਣਾਂ ਦੇ ਜ਼ਰੀਏ ਇਨ੍ਹਾਂ ਸਰਕਾਰਾਂ ਬਾਰੇ ਦੱਸਿਆ। ਉਸ ਨੇ ਦਾਨੀਏਲ ਨੂੰ ਇਕ ਵੱਡੀ ਮੂਰਤ ਵਾਲੇ ਸੁਪਨੇ ਦਾ ਮਤਲਬ ਵੀ ਦੱਸਿਆ। ਯਹੋਵਾਹ ਨੇ ਬਾਈਬਲ ਵਿਚ ਇਹ ਸਾਰੀਆਂ ਗੱਲਾਂ ਸਾਡੇ ਫ਼ਾਇਦੇ ਲਈ ਲਿਖਵਾਈਆਂ ਹਨ। (ਰੋਮੀ. 15:4) ਉਸ ਨੇ ਇਹ ਇਸ ਕਰਕੇ ਕੀਤਾ ਹੈ ਤਾਂਕਿ ਸਾਡੀ ਇਹ ਉਮੀਦ ਹੋਰ ਪੱਕੀ ਹੋਵੇ ਕਿ ਉਸ ਦਾ ਰਾਜ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰੇਗਾ।—ਦਾਨੀ. 2:44.
3. ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਹੀ-ਸਹੀ ਸਮਝਣ ਲਈ ਪਹਿਲਾਂ ਸਾਨੂੰ ਕੀ ਜਾਣਨ ਦੀ ਲੋੜ ਹੈ ਅਤੇ ਕਿਉਂ?
3 ਦਾਨੀਏਲ ਅਤੇ ਯੂਹੰਨਾ ਦੁਆਰਾ ਲਿਖੀਆਂ ਗੱਲਾਂ ਉੱਤੇ ਗੌਰ ਕਰਨ ਨਾਲ ਸਾਨੂੰ ਅੱਠ ਰਾਜਿਆਂ ਜਾਂ ਇਨਸਾਨੀ ਸਰਕਾਰਾਂ ਦੀ ਪਛਾਣ ਪਤਾ ਲੱਗਦੀ ਹੈ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਕਿਹੜੀ ਸਰਕਾਰ ਕਿਹਦੇ ਤੋਂ ਬਾਅਦ ਆਵੇਗੀ। ਪਰ ਅਸੀਂ ਇਨ੍ਹਾਂ ਭਵਿੱਖਬਾਣੀਆਂ ਨੂੰ ਤਾਂ ਹੀ ਸਹੀ-ਸਹੀ ਸਮਝ ਸਕਦੇ ਹਾਂ ਜੇ ਅਸੀਂ ਬਾਈਬਲ ਵਿਚ ਦਰਜ ਸਭ ਤੋਂ ਪਹਿਲੀ ਭਵਿੱਖਬਾਣੀ ਦਾ ਮਤਲਬ ਸਮਝਦੇ ਹਾਂ। ਕਿਉਂ? ਕਿਉਂਕਿ ਇਸ ਭਵਿੱਖਬਾਣੀ ਦੀ ਪੂਰਤੀ ਬਾਰੇ ਪੂਰੀ ਬਾਈਬਲ ਵਿਚ ਗੱਲ ਕੀਤੀ ਗਈ ਹੈ। ਇਹ ਭਵਿੱਖਬਾਣੀ ਇਕ ਤਰ੍ਹਾਂ ਦੀ ਡੋਰੀ ਹੈ ਜਿਸ ਨਾਲ ਬਾਕੀ ਸਾਰੀਆਂ ਭਵਿੱਖਬਾਣੀਆਂ ਬੱਝੀਆਂ ਹੋਈਆਂ ਹਨ।
ਸੱਪ ਦੀ ਸੰਤਾਨ ਅਤੇ ਵਹਿਸ਼ੀ ਦਰਿੰਦਾ
4. ਤੀਵੀਂ ਦੀ ਸੰਤਾਨ ਵਿਚ ਕੌਣ-ਕੌਣ ਹਨ ਅਤੇ ਇਹ ਸੰਤਾਨ ਕੀ ਕਰੇਗੀ?
4 ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਜਲਦੀ ਬਾਅਦ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ “ਤੀਵੀਂ” ਇਕ “ਸੰਤਾਨ” ਪੈਦਾ ਕਰੇਗੀ।a (ਉਤਪਤ 3:15 ਪੜ੍ਹੋ।) ਇਹ ਸੰਤਾਨ ਅੰਤ ਵਿਚ ਸੱਪ ਯਾਨੀ ਸ਼ੈਤਾਨ ਦਾ ਸਿਰ ਫੇਹੇਗੀ। ਯਹੋਵਾਹ ਨੇ ਬਾਅਦ ਵਿਚ ਦੱਸਿਆ ਕਿ ਇਹ ਸੰਤਾਨ ਅਬਰਾਹਾਮ ਦੇ ਘਰਾਣੇ ਵਿੱਚੋਂ ਆਵੇਗੀ ਅਤੇ ਇਸ ਦਾ ਸੰਬੰਧ ਇਜ਼ਰਾਈਲ ਕੌਮ ਨਾਲ ਹੋਵੇਗਾ। ਨਾਲੇ ਇਹ ਯਹੂਦਾਹ ਦੇ ਗੋਤ ਵਿੱਚੋਂ ਹੋਵੇਗੀ ਅਤੇ ਰਾਜਾ ਦਾਊਦ ਦੀ ਪੀੜ੍ਹੀ ਵਿਚ ਜਨਮ ਲਵੇਗੀ। (ਉਤ. 22:15-18; 49:10; ਜ਼ਬੂ. 89:3, 4; ਲੂਕਾ 1:30-33) ਇਹ ਸੰਤਾਨ ਮੁੱਖ ਤੌਰ ਤੇ ਯਿਸੂ ਮਸੀਹ ਹੈ। (ਗਲਾ. 3:16) ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀ ਵੀ ਇਸ ਸੰਤਾਨ ਦਾ ਹਿੱਸਾ ਹਨ। (ਗਲਾ. 3:26-29) ਯਿਸੂ ਅਤੇ ਇਹ ਚੁਣੇ ਹੋਏ ਮਸੀਹੀ ਮਿਲ ਕੇ ਪਰਮੇਸ਼ੁਰ ਦੇ ਰਾਜ ਵਿਚ ਹਕੂਮਤ ਕਰਨਗੇ ਅਤੇ ਇਸ ਰਾਜ ਦੇ ਜ਼ਰੀਏ ਸ਼ੈਤਾਨ ਨੂੰ ਖ਼ਤਮ ਕੀਤਾ ਜਾਵੇਗਾ।—ਲੂਕਾ 12:32; ਰੋਮੀ. 16:20.
5, 6. (ੳ) ਦਾਨੀਏਲ ਅਤੇ ਯੂਹੰਨਾ ਨੇ ਕਿੰਨੀਆਂ ਹਕੂਮਤਾਂ ਬਾਰੇ ਦੱਸਿਆ? (ਅ) ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਗਏ ਵਹਿਸ਼ੀ ਦਰਿੰਦੇ ਦੇ ਸੱਤ ਸਿਰ ਕਿਨ੍ਹਾਂ ਨੂੰ ਦਰਸਾਉਂਦੇ ਹਨ?
5 ਅਦਨ ਦੇ ਬਾਗ਼ ਵਿਚ ਕੀਤੀ ਗਈ ਪਹਿਲੀ ਭਵਿੱਖਬਾਣੀ ਵਿਚ ਇਹ ਵੀ ਕਿਹਾ ਗਿਆ ਸੀ ਕਿ ਸ਼ੈਤਾਨ ਵੀ ਇਕ “ਸੰਤਾਨ” ਪੈਦਾ ਕਰੇਗਾ। ਉਸ ਦੀ ਸੰਤਾਨ ਤੀਵੀਂ ਦੀ ਸੰਤਾਨ ਨਾਲ ਵੈਰ ਰੱਖੇਗੀ। ਸ਼ੈਤਾਨ ਦੀ ਸੰਤਾਨ ਵਿਚ ਕੌਣ-ਕੌਣ ਹਨ? ਉਹ ਸਾਰੇ ਜਿਹੜੇ ਸ਼ੈਤਾਨ ਵਾਂਗ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਅਤੇ ਉਸ ਦੇ ਲੋਕਾਂ ਦਾ ਵਿਰੋਧ ਕਰਦੇ ਹਨ। ਬੀਤੇ ਸਮਿਆਂ ਤੋਂ ਸ਼ੈਤਾਨ ਨੇ ਆਪਣੀ ਸੰਤਾਨ ਨੂੰ ਬਾਦਸ਼ਾਹੀਆਂ ਤੇ ਹਕੂਮਤਾਂ ਦਿੱਤੀਆਂ। (ਲੂਕਾ 4:5, 6) ਪਰ ਬਹੁਤ ਥੋੜ੍ਹੀਆਂ ਇਨਸਾਨੀ ਹਕੂਮਤਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਵੱਡਾ ਪ੍ਰਭਾਵ ਪਾਇਆ, ਚਾਹੇ ਇਹ ਲੋਕ ਇਜ਼ਰਾਈਲ ਕੌਮ ਸਨ ਜਾਂ ਫਿਰ ਚੁਣੇ ਹੋਏ ਮਸੀਹੀਆਂ ਦੀ ਮੰਡਲੀ। ਇਸ ਤੋਂ ਪਤਾ ਲੱਗਦਾ ਹੈ ਕਿ ਦਾਨੀਏਲ ਅਤੇ ਯੂਹੰਨਾ ਨੂੰ ਦਿਖਾਏ ਗਏ ਦਰਸ਼ਣਾਂ ਵਿਚ ਕਿਉਂ ਸਿਰਫ਼ ਅੱਠ ਹਕੂਮਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ।
6 ਪਹਿਲੀ ਸਦੀ ਈ. ਦੇ ਅਖ਼ੀਰ ਵਿਚ ਦੁਬਾਰਾ ਜੀਉਂਦੇ ਹੋਏ ਯਿਸੂ ਨੇ ਯੂਹੰਨਾ ਰਸੂਲ ਨੂੰ ਕਈ ਅਨੋਖੇ ਦਰਸ਼ਣ ਦਿਖਾਏ ਸਨ। (ਪ੍ਰਕਾ. 1:1) ਇਕ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਅਜਗਰ ਯਾਨੀ ਸ਼ੈਤਾਨ ਇਕ ਵੱਡੇ ਸਮੁੰਦਰ ਦੇ ਕੰਢੇ ਉੱਤੇ ਖੜ੍ਹਾ ਸੀ। (ਪ੍ਰਕਾਸ਼ ਦੀ ਕਿਤਾਬ 13:1, 2 ਪੜ੍ਹੋ।) ਯੂਹੰਨਾ ਨੇ ਉਸ ਸਮੁੰਦਰ ਵਿੱਚੋਂ ਇਕ ਅਜੀਬ ਦਰਿੰਦੇ ਨੂੰ ਵੀ ਨਿਕਲਦਾ ਦੇਖਿਆ ਜਿਸ ਨੂੰ ਸ਼ੈਤਾਨ ਨੇ ਵੱਡਾ ਅਧਿਕਾਰ ਦਿੱਤਾ। ਬਾਅਦ ਵਿਚ ਇਕ ਦੂਤ ਨੇ ਯੂਹੰਨਾ ਨੂੰ ਦੱਸਿਆ ਕਿ ਗੂੜ੍ਹੇ ਲਾਲ ਰੰਗ ਦੇ ਦਰਿੰਦੇ ਦੇ ਸੱਤ ਸਿਰ “ਸੱਤ ਰਾਜੇ” ਜਾਂ ਸਰਕਾਰਾਂ ਹਨ। ਇਹ ਦਰਿੰਦਾ ਪ੍ਰਕਾਸ਼ ਦੀ ਕਿਤਾਬ 13:1 ਵਿਚ ਦੱਸੇ ਗਏ ਦਰਿੰਦੇ ਦੀ ਮੂਰਤੀ ਹੈ। (ਪ੍ਰਕਾ. 13:14, 15; 17:9, 10) ਯੂਹੰਨਾ ਨੇ ਜਦੋਂ ਇਹ ਗੱਲਾਂ ਲਿਖੀਆਂ ਸਨ, ਉਦੋਂ ਪੰਜ ਰਾਜੇ ਖ਼ਤਮ ਹੋ ਚੁੱਕੇ ਸਨ, ਇਕ ਰਾਜਾ ਉਸ ਵੇਲੇ ਰਾਜ ਕਰ ਰਿਹਾ ਸੀ ਅਤੇ ਇਕ “ਅਜੇ ਨਹੀਂ ਆਇਆ” ਸੀ। ਇਹ ਸਰਕਾਰਾਂ ਜਾਂ ਵਿਸ਼ਵ ਸ਼ਕਤੀਆਂ ਕਿਹੜੀਆਂ ਹਨ? ਆਓ ਆਪਾਂ ਪ੍ਰਕਾਸ਼ ਦੀ ਕਿਤਾਬ ਵਿਚ ਜ਼ਿਕਰ ਕੀਤੇ ਗਏ ਇਸ ਦਰਿੰਦੇ ਦੇ ਇਕ-ਇਕ ਸਿਰ ਬਾਰੇ ਗੱਲ ਕਰੀਏ। ਅਸੀਂ ਇਹ ਵੀ ਦੇਖਾਂਗੇ ਕਿ ਦਾਨੀਏਲ ਨੇ ਕਈ ਸਦੀਆਂ ਪਹਿਲਾਂ ਹੀ ਇਨ੍ਹਾਂ ਵਿੱਚੋਂ ਕੁਝ ਵਿਸ਼ਵ ਸ਼ਕਤੀਆਂ ਬਾਰੇ ਕਿਹੜੀਆਂ ਹੋਰ ਗੱਲਾਂ ਦੱਸੀਆਂ ਸਨ।
ਪਹਿਲੇ ਦੋ ਸਿਰ—ਮਿਸਰ ਅਤੇ ਅੱਸ਼ੂਰ
7. ਪਹਿਲਾ ਸਿਰ ਕਿਸ ਨੂੰ ਦਰਸਾਉਂਦਾ ਹੈ ਅਤੇ ਕਿਉਂ?
7 ਦਰਿੰਦੇ ਦਾ ਪਹਿਲਾ ਸਿਰ ਮਿਸਰ ਨੂੰ ਦਰਸਾਉਂਦਾ ਹੈ। ਕਿਉਂ? ਕਿਉਂਕਿ ਮਿਸਰ ਪਹਿਲੀ ਵਿਸ਼ਵ ਸ਼ਕਤੀ ਸੀ ਜਿਸ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਵੈਰ ਰੱਖਿਆ ਸੀ। ਅਬਰਾਹਾਮ, ਜਿਸ ਰਾਹੀਂ ਤੀਵੀਂ ਦੀ ਸੰਤਾਨ ਨੇ ਆਉਣਾ ਸੀ, ਦਾ ਘਰਾਣਾ ਮਿਸਰ ਵਿਚ ਵਧਿਆ-ਫੁੱਲਿਆ। ਇਸ ਕਰਕੇ ਮਿਸਰੀਆਂ ਨੇ ਇਜ਼ਰਾਈਲੀਆਂ ਉੱਤੇ ਜ਼ੁਲਮ ਕੀਤੇ। ਸ਼ੈਤਾਨ ਨੇ ਸੰਤਾਨ ਦੇ ਆਉਣ ਤੋਂ ਪਹਿਲਾਂ ਹੀ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਕਿਵੇਂ? ਉਸ ਨੇ ਸਾਰੇ ਇਜ਼ਰਾਈਲੀ ਮੁੰਡਿਆਂ ਨੂੰ ਮਾਰਨ ਲਈ ਫ਼ਿਰਊਨ ਨੂੰ ਉਕਸਾਇਆ। ਯਹੋਵਾਹ ਨੇ ਇਹ ਸਾਜ਼ਸ਼ ਕਾਮਯਾਬ ਨਹੀਂ ਹੋਣ ਦਿੱਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ। (ਕੂਚ 1:15-20; 14:13) ਬਾਅਦ ਵਿਚ ਉਸ ਨੇ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਾਇਆ।
8. ਦੂਸਰਾ ਸਿਰ ਕਿਸ ਨੂੰ ਦਰਸਾਉਂਦਾ ਹੈ ਅਤੇ ਇਸ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ ਸੀ?
8 ਦਰਿੰਦੇ ਦਾ ਦੂਸਰਾ ਸਿਰ ਅੱਸ਼ੂਰ ਨੂੰ ਦਰਸਾਉਂਦਾ ਹੈ। ਇਸ ਸ਼ਕਤੀਸ਼ਾਲੀ ਹਕੂਮਤ ਨੇ ਵੀ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਹ ਸੱਚ ਹੈ ਕਿ ਯਹੋਵਾਹ ਨੇ ਇਜ਼ਰਾਈਲ ਦੇ ਦਸ-ਗੋਤੀ ਰਾਜ ਨੂੰ ਮੂਰਤੀ-ਪੂਜਾ ਅਤੇ ਬਗਾਵਤ ਕਰਨ ਕਰਕੇ ਸਜ਼ਾ ਦੇਣ ਲਈ ਅੱਸ਼ੂਰ ਨੂੰ ਵਰਤਿਆ ਸੀ। ਪਰ ਫਿਰ ਅੱਸ਼ੂਰ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ। ਸ਼ੈਤਾਨ ਦਾ ਮਕਸਦ ਸ਼ਾਇਦ ਉਸ ਵੇਲੇ ਯਹੂਦਾਹ ਦੇ ਰਾਜ ਘਰਾਣੇ ਨੂੰ ਖ਼ਤਮ ਕਰਨਾ ਸੀ ਜਿਸ ਵਿੱਚੋਂ ਯਿਸੂ ਨੇ ਆਉਣਾ ਸੀ। ਇਹ ਹਮਲਾ ਯਹੋਵਾਹ ਦੇ ਮਕਸਦ ਅਨੁਸਾਰ ਨਹੀਂ ਸੀ ਅਤੇ ਉਸ ਨੇ ਹਮਲਾਵਰਾਂ ਨੂੰ ਮਾਰ-ਮੁਕਾ ਕੇ ਚਮਤਕਾਰੀ ਢੰਗ ਨਾਲ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਇਆ।—2 ਰਾਜ. 19:32-35; ਯਸਾ. 10:5, 6, 12-15.
ਤੀਸਰਾ ਸਿਰ—ਬਾਬਲ
9, 10. (ੳ) ਯਹੋਵਾਹ ਨੇ ਬਾਬਲੀਆਂ ਦੇ ਹੱਥੋਂ ਕੀ ਕਰਾਇਆ ਸੀ? (ਅ) ਭਵਿੱਖਬਾਣੀ ਦੀ ਪੂਰਤੀ ਲਈ ਕੀ ਹੋਣਾ ਜ਼ਰੂਰੀ ਸੀ?
9 ਦਰਿੰਦੇ ਦਾ ਤੀਸਰਾ ਸਿਰ ਉਸ ਰਾਜ ਨੂੰ ਦਰਸਾਉਂਦਾ ਹੈ ਜਿਸ ਦੀ ਰਾਜਧਾਨੀ ਬਾਬਲ ਸੀ। ਯਹੋਵਾਹ ਨੇ ਬਾਬਲ ਦੇ ਹੱਥੋਂ ਯਰੂਸ਼ਲਮ ਨੂੰ ਤਬਾਹ ਕਰਾਇਆ ਅਤੇ ਆਪਣੇ ਲੋਕਾਂ ਨੂੰ ਗ਼ੁਲਾਮ ਬਣਾਇਆ। ਪਰ ਇਹ ਸਭ ਕੁਝ ਹੋਣ ਤੋਂ ਪਹਿਲਾਂ ਯਹੋਵਾਹ ਨੇ ਬਾਗ਼ੀ ਇਜ਼ਰਾਈਲੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਉੱਤੇ ਇਹ ਮੁਸੀਬਤ ਆਵੇਗੀ। (2 ਰਾਜ. 20:16-18) ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਯਰੂਸ਼ਲਮ ਵਿਚ “ਯਹੋਵਾਹ ਦੇ ਸਿੰਘਾਸਣ” ਉੱਤੇ ਇਨਸਾਨੀ ਰਾਜੇ ਬੈਠਣੇ ਬੰਦ ਹੋ ਜਾਣਗੇ। (1 ਇਤ. 29:23) ਪਰ ਯਹੋਵਾਹ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਰਾਜਾ ਦਾਊਦ ਦੀ ਪੀੜ੍ਹੀ ਵਿੱਚੋਂ ਇਕ ਜਣਾ ਆਵੇਗਾ ਜਿਸ ਦਾ ਇਸ ਸਿੰਘਾਸਣ ਉੱਤੇ ਬੈਠਣ ਦਾ “ਹੱਕ” ਹੋਵੇਗਾ।—ਹਿਜ਼. 21:25-27.
10 ਇਕ ਹੋਰ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਜਦੋਂ ਪਰਮੇਸ਼ੁਰ ਦਾ ਚੁਣਿਆ ਹੋਇਆ ਮਸੀਹ ਆਵੇਗਾ, ਤਾਂ ਉਸ ਵੇਲੇ ਯਹੂਦੀ ਯਰੂਸ਼ਲਮ ਦੇ ਮੰਦਰ ਵਿਚ ਭਗਤੀ ਕਰ ਰਹੇ ਹੋਣਗੇ। (ਦਾਨੀ. 9:24-27) ਇਜ਼ਰਾਈਲੀਆਂ ਦੇ ਗ਼ੁਲਾਮ ਬਣਨ ਤੋਂ ਪਹਿਲਾਂ ਲਿਖੀ ਗਈ ਇਕ ਹੋਰ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਮਸੀਹ ਬੈਤਲਹਮ ਵਿਚ ਪੈਦਾ ਹੋਵੇਗਾ। (ਮੀਕਾ. 5:2) ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਲਈ ਜ਼ਰੂਰੀ ਸੀ ਕਿ ਯਹੂਦੀਆਂ ਨੂੰ ਗ਼ੁਲਾਮੀ ਤੋਂ ਰਿਹਾਈ ਮਿਲੇ, ਉਹ ਆਪਣੇ ਦੇਸ਼ ਵਾਪਸ ਆਉਣ ਅਤੇ ਮੰਦਰ ਨੂੰ ਦੁਬਾਰਾ ਬਣਾਉਣ। ਪਰ ਬਾਬਲੀ ਹਕੂਮਤ ਕਦੇ ਵੀ ਆਪਣੇ ਗ਼ੁਲਾਮਾਂ ਨੂੰ ਆਜ਼ਾਦ ਨਹੀਂ ਕਰਦੀ ਸੀ। ਤਾਂ ਫਿਰ ਇਸ ਸਮੱਸਿਆ ਨੂੰ ਕਿੱਦਾਂ ਹੱਲ ਕੀਤਾ ਜਾਂਦਾ? ਯਹੋਵਾਹ ਨੇ ਆਪਣੇ ਨਬੀਆਂ ਨੂੰ ਇਸ ਦਾ ਜਵਾਬ ਦੱਸਿਆ ਸੀ।—ਆਮੋ. 3:7.
11. ਦਾਨੀਏਲ ਤੇ ਪ੍ਰਕਾਸ਼ ਦੀ ਕਿਤਾਬ ਵਿਚ ਬਾਬਲੀ ਹਕੂਮਤ ਨੂੰ ਕਿੱਦਾਂ ਦਰਸਾਇਆ ਗਿਆ ਹੈ? (ਫੁਟਨੋਟ ਦੇਖੋ।)
11 ਨਬੀ ਦਾਨੀਏਲ ਵੀ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ। (ਦਾਨੀ. 1:1-6) ਯਹੋਵਾਹ ਨੇ ਉਸ ਰਾਹੀਂ ਦੱਸਿਆ ਸੀ ਕਿ ਬਾਬਲ ਤੋਂ ਬਾਅਦ ਹੋਰ ਕਿਹੜੀਆਂ ਵਿਸ਼ਵ ਸ਼ਕਤੀਆਂ ਆਉਣਗੀਆਂ। ਯਹੋਵਾਹ ਨੇ ਕੁਝ ਚਿੰਨ੍ਹ ਵਰਤ ਕੇ ਇਹ ਭੇਤ ਖੋਲ੍ਹੇ। ਮਿਸਾਲ ਲਈ, ਉਸ ਨੇ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਸੁਪਨੇ ਵਿਚ ਇਕ ਵੱਡੀ ਸਾਰੀ ਮੂਰਤ ਦਿਖਾਈ ਜਿਹੜੀ ਵੱਖੋ-ਵੱਖਰੀਆਂ ਧਾਤਾਂ ਦੀ ਬਣੀ ਹੋਈ ਸੀ। (ਦਾਨੀਏਲ 2:1, 19, 31-38 ਪੜ੍ਹੋ।) ਦਾਨੀਏਲ ਰਾਹੀਂ ਯਹੋਵਾਹ ਨੇ ਦੱਸਿਆ ਕਿ ਉਸ ਮੂਰਤ ਦਾ ਸੋਨੇ ਦਾ ਸਿਰ ਬਾਬਲੀ ਹਕੂਮਤ ਨੂੰ ਦਰਸਾਉਂਦਾ ਹੈ।b ਬਾਬਲ ਤੋਂ ਬਾਅਦ ਆਉਣ ਵਾਲੀ ਵਿਸ਼ਵ ਸ਼ਕਤੀ ਨੂੰ ਚਾਂਦੀ ਦੀ ਹਿੱਕ ਅਤੇ ਬਾਹਾਂ ਨਾਲ ਦਰਸਾਇਆ ਗਿਆ ਹੈ। ਇਹ ਸ਼ਕਤੀ ਕੌਣ ਸੀ ਅਤੇ ਇਸ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਸਲੂਕ ਕੀਤਾ?
ਚੌਥਾ ਸਿਰ—ਮਾਦੀ-ਫਾਰਸੀ ਹਕੂਮਤ
12, 13. (ੳ) ਯਹੋਵਾਹ ਨੇ ਬਾਬਲੀ ਰਾਜ ਦੀ ਹਾਰ ਬਾਰੇ ਕੀ ਦੱਸਿਆ ਸੀ? (ਅ) ਮਾਦੀ-ਫਾਰਸੀ ਹਕੂਮਤ ਨੂੰ ਵਹਿਸ਼ੀ ਦਰਿੰਦੇ ਦੁਆਰਾ ਕਿਉਂ ਦਰਸਾਇਆ ਗਿਆ ਹੈ?
12 ਦਾਨੀਏਲ ਤੋਂ ਤਕਰੀਬਨ ਸੌ ਸਾਲ ਪਹਿਲਾਂ ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਬਾਬਲ ਨੂੰ ਜਿੱਤਣ ਵਾਲੀ ਵਿਸ਼ਵ ਸ਼ਕਤੀ ਬਾਰੇ ਕਈ ਗੱਲਾਂ ਦੱਸੀਆਂ ਸਨ। ਯਹੋਵਾਹ ਨੇ ਨਾ ਸਿਰਫ਼ ਇਹ ਦੱਸਿਆ ਸੀ ਕਿ ਬਾਬਲ ਸ਼ਹਿਰ ਨੂੰ ਕਿਵੇਂ ਹਰਾਇਆ ਜਾਵੇਗਾ, ਸਗੋਂ ਇਸ ਨੂੰ ਹਰਾਉਣ ਵਾਲੇ ਰਾਜੇ ਦਾ ਨਾਂ ਵੀ ਦੱਸਿਆ ਸੀ। ਉਹ ਫਾਰਸੀ ਹਕੂਮਤ ਦਾ ਰਾਜਾ ਖੋਰੁਸ ਸੀ। (ਯਸਾ. 44:28–45:2) ਦਾਨੀਏਲ ਨੂੰ ਮਾਦੀ-ਫਾਰਸੀ ਵਿਸ਼ਵ ਸ਼ਕਤੀ ਸੰਬੰਧੀ ਦੋ ਦਰਸ਼ਣ ਦਿਖਾਏ ਗਏ ਸਨ। ਇਕ ਦਰਸ਼ਣ ਵਿਚ ਇਸ ਰਾਜ ਨੂੰ ਰਿੱਛ ਨਾਲ ਦਰਸਾਇਆ ਗਿਆ ਸੀ ਜਿਸ ਨੂੰ ‘ਢੇਰ ਸਾਰਾ ਮਾਸ ਖਾਣ’ ਲਈ ਕਿਹਾ ਗਿਆ। (ਦਾਨੀ. 7:5) ਇਕ ਹੋਰ ਦਰਸ਼ਣ ਵਿਚ ਦਾਨੀਏਲ ਨੇ ਦੇਖਿਆ ਕਿ ਇਸ ਦੋਹਰੀ ਵਿਸ਼ਵ ਸ਼ਕਤੀ ਨੂੰ ਦੋ ਸਿੰਗਾਂ ਵਾਲੇ ਮੇਢੇ ਦੁਆਰਾ ਦਰਸਾਇਆ ਗਿਆ ਸੀ।—ਦਾਨੀ. 8:3, 20.
13 ਯਹੋਵਾਹ ਨੇ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਮਾਦੀ-ਫ਼ਾਰਸੀ ਹਕੂਮਤ ਦੇ ਹੱਥੋਂ ਬਾਬਲ ਦੇ ਰਾਜ ਨੂੰ ਖ਼ਤਮ ਕੀਤਾ ਅਤੇ ਇਜ਼ਰਾਈਲੀਆਂ ਨੂੰ ਆਜ਼ਾਦ ਕਰਾ ਕੇ ਮੁੜ ਉਨ੍ਹਾਂ ਦੇ ਦੇਸ਼ ਵਸਾਇਆ। (2 ਇਤ. 36:22, 23) ਪਰ ਇਸ ਹਕੂਮਤ ਨੇ ਬਾਅਦ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਅਸਤਰ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਦੂਰ-ਦੂਰ ਤਕ ਫੈਲੇ ਫਾਰਸੀ ਸਾਮਰਾਜ ਵਿਚ ਰਹਿੰਦੇ ਸਾਰੇ ਯਹੂਦੀਆਂ ਦਾ ਬੀ ਨਾਸ਼ ਕਰਨ ਦੀ ਸਾਜ਼ਸ਼ ਘੜੀ ਗਈ ਸੀ। ਇਸ ਹਕੂਮਤ ਦੇ ਪ੍ਰਧਾਨ ਮੰਤਰੀ ਹਾਮਾਨ ਨੇ ਇਹ ਸਾਜ਼ਸ਼ ਘੜੀ ਸੀ ਅਤੇ ਉਸ ਨੇ ਇਸ ਤਬਾਹੀ ਦੀ ਤਾਰੀਖ਼ ਵੀ ਨਿਯਤ ਕੀਤੀ ਸੀ। ਯਹੋਵਾਹ ਨੇ ਇਕ ਵਾਰ ਫਿਰ ਆਪਣੇ ਲੋਕਾਂ ਨੂੰ ਸ਼ੈਤਾਨ ਦੀ ਸੰਤਾਨ ਦੇ ਹੱਥੋਂ ਬਚਾਇਆ। (ਅਸ. 1:1-3; 3:8, 9; 8:3, 9-14) ਇਸ ਲਈ ਇਹ ਕਹਿਣਾ ਸਹੀ ਹੈ ਕਿ ਦਰਿੰਦੇ ਦਾ ਚੌਥਾ ਸਿਰ ਮਾਦੀ-ਫਾਰਸੀ ਹਕੂਮਤ ਨੂੰ ਦਰਸਾਉਂਦਾ ਹੈ।
ਪੰਜਵਾਂ ਸਿਰ—ਯੂਨਾਨ
14, 15. ਯਹੋਵਾਹ ਨੇ ਪ੍ਰਾਚੀਨ ਯੂਨਾਨੀ ਸਾਮਰਾਜ ਬਾਰੇ ਕਿਹੜੀਆਂ ਗੱਲਾਂ ਦੱਸੀਆਂ ਸਨ?
14 ਪ੍ਰਕਾਸ਼ ਦੀ ਕਿਤਾਬ ਵਿਚ ਵਹਿਸ਼ੀ ਦਰਿੰਦੇ ਦਾ ਪੰਜਵਾਂ ਸਿਰ ਯੂਨਾਨ ਨੂੰ ਦਰਸਾਉਂਦਾ ਹੈ। ਦਾਨੀਏਲ ਨੇ ਨਬੂਕਦਨੱਸਰ ਦੇ ਸੁਪਨੇ ਦਾ ਅਰਥ ਸਮਝਾਉਂਦੇ ਹੋਏ ਦੱਸਿਆ ਸੀ ਕਿ ਇਸ ਵਿਸ਼ਵ ਸ਼ਕਤੀ ਨੂੰ ਮੂਰਤ ਦੇ ਪਿੱਤਲ ਦੇ ਢਿੱਡ ਅਤੇ ਪੱਟਾਂ ਨਾਲ ਦਰਸਾਇਆ ਗਿਆ ਹੈ। ਦਾਨੀਏਲ ਨੂੰ ਹੋਰ ਦੋ ਦਰਸ਼ਣ ਦਿਖਾਏ ਗਏ ਜਿਨ੍ਹਾਂ ਰਾਹੀਂ ਇਸ ਵਿਸ਼ਵ ਸ਼ਕਤੀ ਅਤੇ ਇਸ ਦੇ ਸਭ ਤੋਂ ਮਸ਼ਹੂਰ ਹਾਕਮ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ ਹਨ।
15 ਇਕ ਦਰਸ਼ਣ ਵਿਚ ਦਾਨੀਏਲ ਨੇ ਦੇਖਿਆ ਕਿ ਯੂਨਾਨ ਨੂੰ ਚਾਰ ਖੰਭਾਂ ਵਾਲੇ ਇਕ ਚੀਤੇ ਨਾਲ ਦਰਸਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਹ ਵਿਸ਼ਵ ਸ਼ਕਤੀ ਤੇਜ਼ੀ ਨਾਲ ਦੂਸਰੇ ਰਾਜਿਆਂ ਨੂੰ ਹਰਾਵੇਗੀ। (ਦਾਨੀ. 7:6) ਇਕ ਹੋਰ ਦਰਸ਼ਣ ਵਿਚ ਦਾਨੀਏਲ ਨੇ ਦੱਸਿਆ ਕਿ ਕਿਵੇਂ ਇਕ ਵੱਡੇ ਸਾਰੇ ਸਿੰਗ ਵਾਲਾ ਬੱਕਰਾ ਝੱਟ ਦੋ ਸਿੰਗਾਂ ਵਾਲੇ ਮੇਢੇ (ਮਾਦੀ-ਫਾਰਸੀ ਹਕੂਮਤ) ਨੂੰ ਮਾਰ ਦਿੰਦਾ ਹੈ। ਯਹੋਵਾਹ ਨੇ ਦਾਨੀਏਲ ਨੂੰ ਦੱਸਿਆ ਸੀ ਕਿ ਇਹ ਬੱਕਰਾ ਯੂਨਾਨ ਨੂੰ ਅਤੇ ਇਸ ਦਾ ਵੱਡਾ ਸਿੰਗ ਇਸ ਦੇ ਇਕ ਰਾਜੇ ਨੂੰ ਦਰਸਾਉਂਦਾ ਹੈ। ਦਾਨੀਏਲ ਨੇ ਹੋਰ ਦੱਸਿਆ ਕਿ ਇਹ ਵੱਡਾ ਸਿੰਗ ਟੁੱਟ ਜਾਵੇਗਾ ਅਤੇ ਇਸ ਦੀ ਜਗ੍ਹਾ ਚਾਰ ਛੋਟੇ ਸਿੰਗ ਨਿਕਲ ਆਉਣਗੇ। ਭਾਵੇਂ ਇਹ ਭਵਿੱਖਬਾਣੀ ਯੂਨਾਨ ਦੇ ਸ਼ਕਤੀਸ਼ਾਲੀ ਬਣਨ ਤੋਂ ਕਈ ਸੌ ਸਾਲ ਪਹਿਲਾਂ ਲਿਖੀ ਗਈ ਸੀ, ਪਰ ਇਸ ਵਿਚ ਦੱਸੀ ਇਕ-ਇਕ ਗੱਲ ਪੂਰੀ ਹੋਈ। ਪ੍ਰਾਚੀਨ ਯੂਨਾਨ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਸਿਕੰਦਰ ਮਹਾਨ ਨੇ ਮਾਦੀ-ਫਾਰਸੀ ਹਕੂਮਤ ਉੱਤੇ ਹਮਲਾ ਕੀਤਾ ਸੀ। ਪਰ ਇਹ ਸਿੰਗ ਜਲਦੀ ਹੀ ਟੁੱਟ ਗਿਆ ਜਦੋਂ ਸਿਕੰਦਰ ਮਹਾਨ ਸਿਰਫ਼ 32 ਸਾਲ ਦੀ ਉਮਰ ਵਿਚ ਮਰ ਗਿਆ। ਉਸ ਵੇਲੇ ਉਸ ਦਾ ਰਾਜ ਚੜ੍ਹਦੀਆਂ ਕਲਾਂ ਵਿਚ ਸੀ। ਉਸ ਦੇ ਮਰਨ ਤੋਂ ਬਾਅਦ ਉਸ ਦੀ ਬਾਦਸ਼ਾਹਤ ਉਸ ਦੇ ਚਾਰ ਜਰਨੈਲਾਂ ਨੇ ਆਪਸ ਵਿਚ ਵੰਡ ਲਈ।—ਦਾਨੀਏਲ 8:20-22 ਪੜ੍ਹੋ।
16. ਐਂਟੀਓਕਸ ਚੌਥੇ ਨੇ ਕੀ ਕੀਤਾ ਸੀ?
16 ਫਾਰਸੀ ਹਕੂਮਤ ਨੂੰ ਹਰਾਉਣ ਤੋਂ ਬਾਅਦ ਯੂਨਾਨ ਨੇ ਪਰਮੇਸ਼ੁਰ ਦੇ ਲੋਕਾਂ ਦੇ ਦੇਸ਼ ਉੱਤੇ ਰਾਜ ਕੀਤਾ। ਉਸ ਸਮੇਂ ਤਕ ਯਹੂਦੀ ਦੁਬਾਰਾ ਆਪਣੇ ਦੇਸ਼ ਵਿਚ ਵਸ ਚੁੱਕੇ ਸਨ ਅਤੇ ਉਨ੍ਹਾਂ ਨੇ ਯਰੂਸ਼ਲਮ ਵਿਚ ਮੰਦਰ ਦੁਬਾਰਾ ਬਣਾ ਲਿਆ ਸੀ। ਉਹ ਅਜੇ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਸਨ ਅਤੇ ਮੰਦਰ ਵਿਚ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਸੀ। ਪਰ ਦੂਸਰੀ ਸਦੀ ਈ. ਪੂ. ਵਿਚ ਦਰਿੰਦੇ ਦੇ ਪੰਜਵੇਂ ਸਿਰ ਯੂਨਾਨ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ। ਸਿਕੰਦਰ ਦੀ ਬਾਦਸ਼ਾਹਤ ਦੇ ਇਕ ਹਿੱਸੇ ਉੱਤੇ ਰਾਜ ਕਰਨ ਵਾਲੇ ਐਂਟੀਓਕਸ ਚੌਥੇ ਨੇ ਯਰੂਸ਼ਲਮ ਦੇ ਮੰਦਰ ਵਿਚ ਇਕ ਝੂਠੇ ਦੇਵਤੇ ਦੀ ਵੇਦੀ ਰਖਵਾ ਦਿੱਤੀ ਸੀ। ਉਸ ਨੇ ਯਹੂਦੀਆਂ ਨੂੰ ਆਪਣੇ ਧਰਮ ਨੂੰ ਮੰਨਣ ਉੱਤੇ ਪਾਬੰਦੀ ਲਾ ਦਿੱਤੀ ਸੀ ਅਤੇ ਹੁਕਮ ਤੋੜਨ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਸ਼ੈਤਾਨ ਦੀ ਸੰਤਾਨ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਕਿੰਨਾ ਵੈਰ ਰੱਖਿਆ! ਪਰ ਜਲਦੀ ਹੀ ਯੂਨਾਨ ਦੀ ਜਗ੍ਹਾ ਕਿਸੇ ਹੋਰ ਵਿਸ਼ਵ ਸ਼ਕਤੀ ਨੇ ਲੈ ਲਈ। ਵਹਿਸ਼ੀ ਦਰਿੰਦੇ ਦਾ ਛੇਵਾਂ ਸਿਰ ਕੌਣ ਸੀ?
ਛੇਵਾਂ ਸਿਰ—ਰੋਮ “ਭਿਆਣਕ ਅਤੇ ਡਰਾਉਣਾ”
17. ਛੇਵੇਂ ਸਿਰ ਨੇ ਉਤਪਤ 3:15 ਦੀ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਕਿਹੜੀ ਅਹਿਮ ਭੂਮਿਕਾ ਨਿਭਾਈ?
17 ਜਦੋਂ ਯੂਹੰਨਾ ਨੇ ਵਹਿਸ਼ੀ ਦਰਿੰਦੇ ਦਾ ਦਰਸ਼ਣ ਦੇਖਿਆ ਸੀ, ਉਸ ਵੇਲੇ ਰੋਮ ਵਿਸ਼ਵ ਸ਼ਕਤੀ ਸੀ। (ਪ੍ਰਕਾ. 17:10) ਇਸ ਛੇਵੇਂ ਸਿਰ ਨੇ ਉਤਪਤ 3:15 ਦੀ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਸ਼ੈਤਾਨ ਨੇ ਰੋਮੀ ਅਧਿਕਾਰੀਆਂ ਨੂੰ ਇਸਤੇਮਾਲ ਕਰ ਕੇ ਸੰਤਾਨ ਦੀ ਅੱਡੀ ʼਤੇ ਡੰਗ ਮਾਰਿਆ। ਕਿਵੇਂ? ਉਨ੍ਹਾਂ ਨੇ ਯਿਸੂ ਉੱਤੇ ਰੋਮੀ ਹਕੂਮਤ ਖ਼ਿਲਾਫ਼ ਬਗਾਵਤ ਕਰਨ ਦਾ ਝੂਠਾ ਦੋਸ਼ ਲਾ ਕੇ ਉਸ ਉੱਤੇ ਮੁਕੱਦਮਾ ਚਲਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ। (ਮੱਤੀ 27:26) ਪਰ ਡੰਗ ਦਾ ਜ਼ਖ਼ਮ ਜਲਦੀ ਠੀਕ ਹੋ ਗਿਆ ਕਿਉਂਕਿ ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ।
18. (ੳ) ਯਹੋਵਾਹ ਨੇ ਕਿਹੜੀ ਨਵੀਂ ਕੌਮ ਨੂੰ ਚੁਣਿਆ ਅਤੇ ਕਿਉਂ? (ਅ) ਸੱਪ ਦੀ ਸੰਤਾਨ ਤੀਵੀਂ ਦੀ ਸੰਤਾਨ ਨਾਲ ਕਿਵੇਂ ਵੈਰ ਰੱਖਦੀ ਰਹੀ?
18 ਇਜ਼ਰਾਈਲ ਦੇ ਧਾਰਮਿਕ ਆਗੂਆਂ ਨੇ ਯਿਸੂ ਦੇ ਖ਼ਿਲਾਫ਼ ਬਗਾਵਤ ਵਿਚ ਰੋਮ ਦਾ ਸਾਥ ਦਿੱਤਾ ਸੀ ਅਤੇ ਕੌਮ ਦੇ ਜ਼ਿਆਦਾਤਰ ਲੋਕਾਂ ਨੇ ਉਸ ਨੂੰ ਮਸੀਹ ਵਜੋਂ ਸਵੀਕਾਰ ਨਹੀਂ ਕੀਤਾ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਸੀ ਜਿਸ ਕਰਕੇ ਉਹ ਉਸ ਦੇ ਖ਼ਾਸ ਲੋਕ ਨਹੀਂ ਰਹੇ। (ਮੱਤੀ 23:38; ਰਸੂ. 2:22, 23) ਇਸ ਦੀ ਜਗ੍ਹਾ ਉਸ ਨੇ ਇਕ ਨਵੀਂ ਕੌਮ “ਪਰਮੇਸ਼ੁਰ ਦੇ ਇਜ਼ਰਾਈਲ” ਨੂੰ ਚੁਣਿਆ। (ਗਲਾ. 3:26-29; 6:16) ਇਹ ਕੌਮ ਚੁਣੇ ਹੋਏ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀਆਂ ਦੀ ਬਣੀ ਹੋਈ ਸੀ। (ਅਫ਼. 2:11-18) ਯਿਸੂ ਦੀ ਮੌਤ ਅਤੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਸੱਪ ਦੀ ਸੰਤਾਨ ਤੀਵੀਂ ਦੀ ਸੰਤਾਨ ਨਾਲ ਵੈਰ ਰੱਖਦੀ ਰਹੀ। ਰੋਮ ਨੇ ਕਈ ਵਾਰ ਮਸੀਹੀ ਮੰਡਲੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜੋ ਸੰਤਾਨ ਦਾ ਹਿੱਸਾ ਸੀ।c
19. (ੳ) ਦਾਨੀਏਲ ਨੇ ਛੇਵੀਂ ਵਿਸ਼ਵ ਸ਼ਕਤੀ ਬਾਰੇ ਕੀ ਦੱਸਿਆ ਸੀ? (ਅ) ਅਗਲੇ ਲੇਖ ਵਿਚ ਕਿਸ ਗੱਲ ʼਤੇ ਚਰਚਾ ਕੀਤੀ ਜਾਵੇਗੀ?
19 ਦਾਨੀਏਲ ਨੇ ਨਬੂਕਦਨੱਸਰ ਦੇ ਜਿਸ ਸੁਪਨੇ ਦਾ ਮਤਲਬ ਦੱਸਿਆ ਸੀ ਉਸ ਵਿਚ ਰੋਮ ਨੂੰ ਲੋਹੇ ਦੀਆਂ ਲੱਤਾਂ ਨਾਲ ਦਰਸਾਇਆ ਗਿਆ ਹੈ। (ਦਾਨੀ. 2:33) ਦਾਨੀਏਲ ਨੇ ਵੀ ਇਕ ਦਰਸ਼ਣ ਦੇਖਿਆ ਜਿਸ ਵਿਚ ਨਾ ਸਿਰਫ਼ ਰੋਮੀ ਵਿਸ਼ਵ ਸ਼ਕਤੀ ਨੂੰ ਦਿਖਾਇਆ ਗਿਆ ਸੀ, ਪਰ ਉਸ ਵਿਸ਼ਵ ਸ਼ਕਤੀ ਨੂੰ ਵੀ ਦਿਖਾਇਆ ਗਿਆ ਸੀ ਜਿਹੜੀ ਰੋਮ ਵਿੱਚੋਂ ਨਿਕਲੀ ਸੀ। (ਦਾਨੀਏਲ 7:7, 8 ਪੜ੍ਹੋ।) ਕਈ ਸਦੀਆਂ ਤਕ ਰੋਮ ਆਪਣੇ ਦੁਸ਼ਮਣਾਂ ਦੀਆਂ ਨਜ਼ਰਾਂ ਵਿਚ “ਭਿਆਣਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ” ਰਿਹਾ। ਪਰ ਇਸ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਇਸ ਸਾਮਰਾਜ ਵਿਚ “ਦਸ ਸਿੰਙ” ਨਿਕਲਣਗੇ ਅਤੇ ਇਕ ਹੋਰ ਛੋਟਾ ਸਿੰਗ ਨਿਕਲੇਗਾ ਤੇ ਸ਼ਕਤੀਸ਼ਾਲੀ ਬਣੇਗਾ। ਇਹ ਦਸ ਸਿੰਗ ਕੌਣ ਹਨ ਅਤੇ ਛੋਟਾ ਸਿੰਗ ਕੌਣ ਹੈ? ਇਸ ਛੋਟੇ ਸਿੰਗ ਦਾ ਨਬੂਕਦਨੱਸਰ ਦੁਆਰਾ ਦੇਖੀ ਵੱਡੀ ਮੂਰਤ ਨਾਲ ਕੀ ਸੰਬੰਧ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸਫ਼ਾ 14 ʼਤੇ ਦਿੱਤੇ ਲੇਖ ਵਿਚ ਮਿਲਣਗੇ।
[ਫੁਟਨੋਟ]
a ਤੀਵੀਂ ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ। ਯਹੋਵਾਹ ਲਈ ਇਹ ਸੰਗਠਨ ਇਕ ਪਤਨੀ ਵਾਂਗ ਹੈ।—ਯਸਾ. 54:1; ਗਲਾ. 4:26; ਪ੍ਰਕਾ. 12:1, 2.
b ਬਾਬਲ ਨੂੰ ਦਾਨੀਏਲ ਦੀ ਕਿਤਾਬ ਵਿਚ ਮੂਰਤ ਦੇ ਸਿਰ ਨਾਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਗਏ ਵਹਿਸ਼ੀ ਦਰਿੰਦੇ ਦੇ ਤੀਸਰੇ ਸਿਰ ਨਾਲ ਦਰਸਾਇਆ ਗਿਆ ਹੈ। ਸਫ਼ਾ 12-13 ਉੱਤੇ ਚਾਰਟ ਦੇਖੋ।
c ਭਾਵੇਂ ਰੋਮ ਨੇ 70 ਈ. ਵਿਚ ਯਰੂਸ਼ਲਮ ਨੂੰ ਤਬਾਹ ਕੀਤਾ ਸੀ, ਪਰ ਇਸ ਤਬਾਹੀ ਦਾ ਉਤਪਤ 3:15 ਵਿਚ ਦਰਜ ਭਵਿੱਖਬਾਣੀ ਦੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਸੀ। ਉਸ ਸਮੇਂ ਤਕ ਪੈਦਾਇਸ਼ੀ ਇਜ਼ਰਾਈਲ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਨਹੀਂ ਰਹੀ ਸੀ।