ਅਸਤਰ
8 ਉਸ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਦੁਸ਼ਮਣ+ ਹਾਮਾਨ+ ਦਾ ਸਭ ਕੁਝ ਰਾਣੀ ਅਸਤਰ ਨੂੰ ਦੇ ਦਿੱਤਾ। ਫਿਰ ਮਾਰਦਕਈ ਰਾਜੇ ਸਾਮ੍ਹਣੇ ਹਾਜ਼ਰ ਹੋਇਆ ਕਿਉਂਕਿ ਅਸਤਰ ਨੇ ਰਾਜੇ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਨਾਲ ਉਸ ਦਾ ਕੀ ਰਿਸ਼ਤਾ ਸੀ।+ 2 ਫਿਰ ਰਾਜੇ ਨੇ ਆਪਣੀ ਮੁਹਰ ਵਾਲੀ ਅੰਗੂਠੀ+ ਲਾਹੀ ਜੋ ਉਸ ਨੇ ਹਾਮਾਨ ਤੋਂ ਲੈ ਲਈ ਸੀ ਅਤੇ ਮਾਰਦਕਈ ਨੂੰ ਦੇ ਦਿੱਤੀ। ਅਸਤਰ ਨੇ ਮਾਰਦਕਈ ਨੂੰ ਹਾਮਾਨ ਦੀਆਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ।+
3 ਫਿਰ ਅਸਤਰ ਨੇ ਰਾਜੇ ਨਾਲ ਦੁਬਾਰਾ ਗੱਲ ਕੀਤੀ। ਉਹ ਉਸ ਦੇ ਪੈਰਾਂ ਵਿਚ ਡਿਗ ਕੇ ਰੋਣ ਲੱਗੀ ਅਤੇ ਉਸ ਅੱਗੇ ਤਰਲੇ-ਮਿੰਨਤਾਂ ਕਰਨ ਲੱਗੀ ਕਿ ਅਗਾਗੀ ਹਾਮਾਨ ਨੇ ਯਹੂਦੀਆਂ ਨੂੰ ਤਬਾਹ ਕਰਨ ਦੀ ਜੋ ਸਾਜ਼ਸ਼ ਘੜੀ ਸੀ, ਰਾਜਾ ਉਸ ਨੂੰ ਨਾਕਾਮ ਕਰ ਦੇਵੇ।+ 4 ਰਾਜੇ ਨੇ ਸੋਨੇ ਦਾ ਰਾਜ-ਡੰਡਾ ਅਸਤਰ ਵੱਲ ਵਧਾਇਆ।+ ਫਿਰ ਅਸਤਰ ਉੱਠ ਕੇ ਰਾਜੇ ਅੱਗੇ ਖੜ੍ਹੀ ਹੋਈ। 5 ਉਸ ਨੇ ਕਿਹਾ: “ਜੇ ਮਹਾਰਾਜ ਨੂੰ ਇਹ ਚੰਗਾ ਲੱਗੇ ਅਤੇ ਜੇ ਮੇਰੇ ʼਤੇ ਉਸ ਦੀ ਮਿਹਰ ਹੈ, ਜੇ ਮਹਾਰਾਜ ਨੂੰ ਇਹ ਸਹੀ ਲੱਗੇ ਅਤੇ ਜੇ ਉਹ ਮੇਰੇ ਤੋਂ ਖ਼ੁਸ਼ ਹੈ, ਤਾਂ ਇਕ ਲਿਖਤੀ ਫ਼ਰਮਾਨ ਜਾਰੀ ਕੀਤਾ ਜਾਵੇ ਕਿ ਉਨ੍ਹਾਂ ਦਸਤਾਵੇਜ਼ਾਂ ਨੂੰ ਰੱਦ ਕਰ ਦਿੱਤਾ ਜਾਵੇ ਜੋ ਅਗਾਗੀ+ ਹਮਦਾਥਾ ਦੇ ਚਾਲਬਾਜ਼ ਪੁੱਤਰ ਹਾਮਾਨ ਨੇ ਲਿਖੇ ਸਨ।+ ਉਨ੍ਹਾਂ ਵਿਚ ਉਸ ਨੇ ਲਿਖਿਆ ਸੀ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਰਹਿੰਦੇ ਯਹੂਦੀਆਂ ਨੂੰ ਨਾਸ਼ ਕੀਤਾ ਜਾਵੇ। 6 ਮੈਂ ਆਪਣੇ ਲੋਕਾਂ ਉੱਤੇ ਇਹ ਬਿਪਤਾ ਆਉਂਦਿਆਂ ਕਿਵੇਂ ਦੇਖ ਸਕਦੀ ਹਾਂ? ਅਤੇ ਮੈਂ ਆਪਣੇ ਰਿਸ਼ਤੇਦਾਰਾਂ ਦਾ ਨਾਸ਼ ਕਿਵੇਂ ਸਹਿ ਸਕਦੀ ਹਾਂ?”
7 ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਯਹੂਦੀ ਮਾਰਦਕਈ ਨੂੰ ਕਿਹਾ: “ਮੈਂ ਹਾਮਾਨ ਦਾ ਸਭ ਕੁਝ ਅਸਤਰ ਨੂੰ ਦੇ ਦਿੱਤਾ ਹੈ+ ਅਤੇ ਹਾਮਾਨ ਨੂੰ ਸੂਲ਼ੀ ʼਤੇ ਟੰਗਵਾ ਦਿੱਤਾ ਹੈ+ ਕਿਉਂਕਿ ਉਸ ਨੇ ਯਹੂਦੀਆਂ ʼਤੇ ਹਮਲਾ ਕਰਨ ਦੀ ਸਾਜ਼ਸ਼ ਘੜੀ ਸੀ।* 8 ਤੁਸੀਂ ਰਾਜੇ ਦੇ ਨਾਂ ʼਤੇ ਇਕ ਫ਼ਰਮਾਨ ਲਿਖੋ। ਤੁਹਾਨੂੰ ਯਹੂਦੀਆਂ ਲਈ ਜੋ ਵੀ ਸਹੀ ਲੱਗੇ, ਉਸ ਵਿਚ ਲਿਖੋ ਅਤੇ ਉਸ ਉੱਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾ ਦਿਓ ਕਿਉਂਕਿ ਜੋ ਫ਼ਰਮਾਨ ਰਾਜੇ ਦੇ ਨਾਂ ʼਤੇ ਲਿਖਿਆ ਗਿਆ ਹੋਵੇ ਅਤੇ ਉਸ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲੱਗੀ ਹੋਵੇ, ਉਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”+
9 ਫਿਰ ਤੀਸਰੇ ਮਹੀਨੇ, ਯਾਨੀ ਸੀਵਾਨ* ਮਹੀਨੇ ਦੀ 23 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਮਾਰਦਕਈ ਦੇ ਸਾਰੇ ਹੁਕਮ ਲਿਖੇ ਜੋ ਉਸ ਨੇ ਯਹੂਦੀਆਂ, ਸੂਬੇਦਾਰਾਂ,+ ਰਾਜਪਾਲਾਂ ਅਤੇ ਭਾਰਤ ਤੋਂ ਲੈ ਕੇ ਇਥੋਪੀਆ ਤਕ, 127 ਜ਼ਿਲ੍ਹਿਆਂ ਦੇ ਮੰਤਰੀਆਂ+ ਨੂੰ ਦਿੱਤੇ ਸਨ। ਉਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਅਤੇ ਯਹੂਦੀਆਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ ਸਨ।
10 ਉਸ ਨੇ ਇਹ ਹੁਕਮ ਰਾਜਾ ਅਹਸ਼ਵੇਰੋਸ਼ ਦੇ ਨਾਂ ʼਤੇ ਲਿਖੇ ਅਤੇ ਉਨ੍ਹਾਂ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲਾ ਦਿੱਤੀ।+ ਫਿਰ ਡਾਕੀਏ ਇਹ ਦਸਤਾਵੇਜ਼ ਲੈ ਕੇ ਤੇਜ਼ ਦੌੜਨ ਵਾਲੇ ਘੋੜਿਆਂ ʼਤੇ ਰਵਾਨਾ ਹੋ ਗਏ ਜੋ ਰਾਜ ਦੇ ਕੰਮਾਂ ਲਈ ਵਰਤੇ ਜਾਂਦੇ ਸਨ। 11 ਇਨ੍ਹਾਂ ਦਸਤਾਵੇਜ਼ਾਂ ਵਿਚ ਰਾਜੇ ਨੇ ਸਾਰੇ ਸ਼ਹਿਰਾਂ ਦੇ ਯਹੂਦੀਆਂ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ਇਕੱਠੇ ਹੋ ਕੇ ਆਪਣੀਆਂ ਜਾਨਾਂ ਬਚਾਉਣ ਲਈ ਮੁਕਾਬਲਾ ਕਰਨ। ਜ਼ਿਲ੍ਹਿਆਂ ਵਿਚ ਜਿਹੜੇ ਵੀ ਲੋਕ ਉਨ੍ਹਾਂ ʼਤੇ ਹਮਲਾ ਕਰਨ, ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਸਮੇਤ ਮਾਰ ਦੇਣ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣ ਅਤੇ ਉਨ੍ਹਾਂ ਦਾ ਸਭ ਕੁਝ ਲੁੱਟ ਲੈਣ।+ 12 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਇਸ ਕੰਮ ਲਈ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ਦੀ 13 ਤਾਰੀਖ਼ ਰੱਖੀ ਗਈ ਸੀ।+ 13 ਇਸ ਦਸਤਾਵੇਜ਼ ਵਿਚ ਲਿਖੀਆਂ ਗੱਲਾਂ* ਨੂੰ ਸਾਰੇ ਜ਼ਿਲ੍ਹਿਆਂ ਵਿਚ ਕਾਨੂੰਨ ਦੇ ਤੌਰ ਤੇ ਲਾਗੂ ਕੀਤਾ ਜਾਣਾ ਸੀ। ਸਾਰੇ ਲੋਕਾਂ ਵਿਚ ਇਸ ਦਾ ਐਲਾਨ ਕੀਤਾ ਜਾਣਾ ਸੀ ਤਾਂਕਿ ਉਸ ਦਿਨ ਯਹੂਦੀ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਤਿਆਰ ਹੋ ਸਕਣ।+ 14 ਰਾਜੇ ਦੇ ਹੁਕਮ ʼਤੇ ਡਾਕੀਏ ਬਿਨਾਂ ਦੇਰ ਕੀਤਿਆਂ ਫਟਾਫਟ ਘੋੜਿਆਂ ʼਤੇ ਰਵਾਨਾ ਹੋ ਗਏ ਜੋ ਰਾਜ ਦੇ ਕੰਮਾਂ ਲਈ ਵਰਤੇ ਜਾਂਦੇ ਸਨ। ਇਹ ਕਾਨੂੰਨ ਸ਼ੂਸ਼ਨ*+ ਦੇ ਕਿਲੇ* ਵਿਚ ਵੀ ਲਾਗੂ ਕੀਤਾ ਗਿਆ।
15 ਫਿਰ ਮਾਰਦਕਈ ਰਾਜੇ ਦੇ ਸਾਮ੍ਹਣਿਓਂ ਚਲਾ ਗਿਆ। ਉਸ ਨੇ ਨੀਲੇ ਅਤੇ ਚਿੱਟੇ ਰੰਗ ਦਾ ਸ਼ਾਹੀ ਲਿਬਾਸ, ਸੋਨੇ ਦਾ ਸ਼ਾਨਦਾਰ ਤਾਜ ਅਤੇ ਵਧੀਆ ਉੱਨ ਦਾ ਬੈਂਗਣੀ ਚੋਗਾ ਪਾਇਆ ਹੋਇਆ ਸੀ।+ ਸ਼ੂਸ਼ਨ* ਸ਼ਹਿਰ ਦੇ ਲੋਕਾਂ ਨੇ ਬਹੁਤ ਖ਼ੁਸ਼ੀਆਂ ਮਨਾਈਆਂ। 16 ਯਹੂਦੀਆਂ ਨੂੰ ਰਾਹਤ* ਮਿਲੀ, ਉਹ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਇੱਜ਼ਤ ਵਧ ਗਈ। 17 ਸਾਰੇ ਜ਼ਿਲ੍ਹਿਆਂ ਅਤੇ ਸਾਰੇ ਸ਼ਹਿਰਾਂ ਵਿਚ, ਜਿੱਥੇ ਕਿਤੇ ਵੀ ਰਾਜੇ ਦੇ ਫ਼ਰਮਾਨ ਅਤੇ ਕਾਨੂੰਨ ਦਾ ਐਲਾਨ ਕੀਤਾ ਗਿਆ, ਉੱਥੇ ਯਹੂਦੀ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ, ਦਾਅਵਤਾਂ ਕਰ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਬਹੁਤ ਸਾਰੇ ਲੋਕ ਯਹੂਦੀ ਬਣ ਗਏ+ ਕਿਉਂਕਿ ਉਨ੍ਹਾਂ ਉੱਤੇ ਯਹੂਦੀਆਂ ਦਾ ਡਰ ਛਾ ਗਿਆ।