ਯਹੋਵਾਹ ਦੇ ਦਿਨ ਲਈ ਤਿਆਰ ਰਹੋ
“ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਮੱਤੀ 24:44.
1. ਸਾਨੂੰ ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?
ਯਹੋਵਾਹ ਦਾ ਦਿਨ ਯੁੱਧ ਤੇ ਕਹਿਰ ਦਾ ਦਿਨ ਹੋਵੇਗਾ। ਇਹ ਦੁੱਖ ਤੇ ਕਸ਼ਟ ਦਾ ਦਿਨ, ਹਨੇਰੇ ਤੇ ਬਰਬਾਦੀ ਦਾ ਦਿਨ ਹੋਵੇਗਾ। ਯਹੋਵਾਹ ਦਾ ਇਹ ‘ਵੱਡਾ ਤੇ ਹੌਲਨਾਕ ਦਿਨ’ ਇਸ ਬੁਰੀ ਦੁਨੀਆਂ ਉੱਤੇ ਜ਼ਰੂਰ ਆਵੇਗਾ, ਜਿਸ ਤਰ੍ਹਾਂ ਨੂਹ ਦੇ ਦਿਨਾਂ ਦੀ ਬੁਰੀ ਦੁਨੀਆਂ ਨੂੰ ਜਲ-ਪਰਲੋ ਨੇ ਡੁਬੋ ਦਿੱਤਾ ਸੀ। ਇਸ ਦਿਨ ਨੂੰ ਕੋਈ ਟਾਲ ਨਹੀਂ ਸਕਦਾ। ਪਰ “ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।” (ਯੋਏਲ 2:30-32; ਆਮੋਸ 5:18-20) ਯਹੋਵਾਹ ਆਪਣੇ ਦੁਸ਼ਮਣਾਂ ਨੂੰ ਨਾਸ਼ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾ ਲਵੇਗਾ। ਸਮੇਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਫ਼ਨਯਾਹ ਨਬੀ ਨੇ ਐਲਾਨ ਕੀਤਾ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼ਨਯਾਹ 1:14) ਪਰ ਸਜ਼ਾ ਦੇਣ ਦਾ ਇਹ ਦਿਨ ਕਦੋਂ ਆਵੇਗਾ?
2, 3. ਯਹੋਵਾਹ ਦੇ ਦਿਨ ਲਈ ਆਪਣੇ ਆਪ ਨੂੰ ਤਿਆਰ ਕਰਨਾ ਕਿਉਂ ਜ਼ਰੂਰੀ ਹੈ?
2 ਯਿਸੂ ਨੇ ਕਿਹਾ ਸੀ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ।” (ਮੱਤੀ 24:36) ਕਿਉਂਕਿ ਅਸੀਂ ਇਹ ਨਹੀਂ ਜਾਣਦੇ ਕਿ ਇਹ ਦਿਨ ਕਦੋਂ ਆਵੇਗਾ, ਇਸ ਕਰਕੇ ਸਾਡੇ ਲਈ ਸਾਲ 2004 ਦੇ ਵਰ੍ਹਾ-ਪਾਠ ਦੇ ਸ਼ਬਦਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ: “ਜਾਗਦੇ ਰਹੋ . . . ਤਿਆਰ ਰਹੋ।”—ਮੱਤੀ 24:42, 44.
3 ਯਿਸੂ ਨੇ ਕਿਹਾ ਕਿ ਤਿਆਰ ਰਹਿਣ ਵਾਲਿਆਂ ਨੂੰ ਅਚਾਨਕ ਹੀ ਬਚਾਅ ਲਈ ਇਕੱਠਾ ਕਰ ਲਿਆ ਜਾਵੇਗਾ, ਜਦ ਕਿ ਹੋਰਨਾਂ ਨੂੰ ਛੱਡ ਦਿੱਤਾ ਜਾਵੇਗਾ। ਉਸ ਨੇ ਕਿਹਾ: “ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। ਦੋ ਤੀਵੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ।” (ਮੱਤੀ 24:40, 41) ਉਸ ਔਖੀ ਘੜੀ ਵਿਚ ਅਸੀਂ ਕਿਸ ਸਥਿਤੀ ਵਿਚ ਹੋਵਾਂਗੇ? ਕੀ ਅਸੀਂ ਉਸ ਦਿਨ ਲਈ ਤਿਆਰ ਹੋਵਾਂਗੇ ਜਾਂ ਨਹੀਂ? ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਹੁਣ ਅਸੀਂ ਕੀ ਕਰ ਰਹੇ ਹਾਂ। ਯਹੋਵਾਹ ਦੇ ਦਿਨ ਵਾਸਤੇ ਤਿਆਰ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਅੱਜ ਦੀ ਦੁਨੀਆਂ ਵਾਂਗ ਉਸ ਦਿਨ ਪ੍ਰਤੀ ਲਾਪਰਵਾਹੀ ਨਾ ਵਰਤੀਏ, ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚੀਏ ਅਤੇ ਜ਼ਿੰਦਗੀ ਦੇ ਕੁਝ ਤੌਰ-ਤਰੀਕੇ ਨਾ ਅਪਣਾਈਏ।
ਯਹੋਵਾਹ ਦੇ ਦਿਨ ਪ੍ਰਤੀ ਲਾਪਰਵਾਹੀ ਨਾ ਵਰਤੋ
4. ਨੂਹ ਦੇ ਦਿਨਾਂ ਦੇ ਲੋਕਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ?
4 ਨੂਹ ਦੇ ਦਿਨਾਂ ਤੇ ਗੌਰ ਕਰੋ। ਬਾਈਬਲ ਕਹਿੰਦੀ ਹੈ: “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” (ਇਬਰਾਨੀਆਂ 11:7) ਇਹ ਕੋਈ ਆਮ ਜਿਹੀ ਕਿਸ਼ਤੀ ਨਹੀਂ ਸੀ, ਬਲਕਿ ਬਹੁਤ ਵੱਡੀ ਕਿਸ਼ਤੀ ਸੀ। ਇਸ ਤੋਂ ਇਲਾਵਾ, ਨੂਹ “ਧਰਮ ਦਾ ਪਰਚਾਰਕ” ਸੀ। (2 ਪਤਰਸ 2:5) ਭਾਵੇਂ ਉਸ ਸਮੇਂ ਦੇ ਲੋਕਾਂ ਨੇ ਨੂਹ ਨੂੰ ਕਿਸ਼ਤੀ ਬਣਾਉਂਦੇ ਦੇਖਿਆ ਸੀ ਤੇ ਉਸ ਨੂੰ ਪ੍ਰਚਾਰ ਕਰਦੇ ਸੁਣਿਆ ਸੀ, ਫਿਰ ਵੀ ਉਨ੍ਹਾਂ ਨੇ ਆਪਣੇ ਤੌਰ-ਤਰੀਕੇ ਨਹੀਂ ਬਦਲੇ। ਕਿਉਂ? ਕਿਉਂਕਿ ਉਹ “ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ।” (ਮੱਤੀ 24:38, 39) ਨੂਹ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਸੀ, ਉਹ ਲੋਕ ਆਪਣੇ ਕੰਮਾਂ-ਕਾਰਾਂ ਅਤੇ ਮੌਜ-ਮਸਤੀ ਕਰਨ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੇ ਚੇਤਾਵਨੀ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।”—ਮੱਤੀ 24:38, 39.
5. ਲੂਤ ਦੇ ਦਿਨਾਂ ਵਿਚ ਸਦੂਮ ਦੇ ਵਾਸੀਆਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ?
5 ਲੂਤ ਦੇ ਦਿਨਾਂ ਵਿਚ ਵੀ ਲੋਕਾਂ ਦਾ ਇਹੀ ਹਾਲ ਸੀ। ਬਾਈਬਲ ਸਾਨੂੰ ਦੱਸਦੀ ਹੈ: “ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਕੀਤਾ।” (ਲੂਕਾ 17:28, 29) ਦੂਤਾਂ ਨੇ ਜਦੋਂ ਲੂਤ ਨੂੰ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦਿੱਤੀ ਸੀ, ਤਾਂ ਲੂਤ ਨੇ ਇਸ ਬਾਰੇ ਆਪਣੇ ਜਵਾਈਆਂ ਨੂੰ ਦੱਸਿਆ। ਪਰ ਉਨ੍ਹਾਂ ਦੀ ਨਜ਼ਰ ਵਿਚ ਲੂਤ “ਮਖੌਲੀਆ ਜਿਹਾ ਜਾਪਿਆ।”—ਉਤਪਤ 19:14.
6. ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਣ ਤੋਂ ਬਚਣਾ ਚਾਹੀਦਾ ਹੈ?
6 ਯਿਸੂ ਨੇ ਕਿਹਾ ਕਿ ‘ਮਨੁੱਖ ਦੇ ਪੁੱਤ੍ਰ ਦੇ ਆਉਣ’ ਵੇਲੇ ਉਸੇ ਤਰ੍ਹਾਂ ਦੇ ਹਾਲਾਤ ਹੋਣਗੇ ਜੋ ਨੂਹ ਅਤੇ ਲੂਤ ਦੇ ਦਿਨਾਂ ਵਿਚ ਸਨ। (ਮੱਤੀ 24:39; ਲੂਕਾ 17:30) ਅੱਜ ਜ਼ਿਆਦਾਤਰ ਲੋਕ ਯਹੋਵਾਹ ਦੇ ਦਿਨ ਪ੍ਰਤੀ ਲਾਪਰਵਾਹ ਹਨ। ਸਾਨੂੰ ਅਜਿਹੇ ਰਵੱਈਏ ਦੇ ਅਸਰ ਹੇਠ ਆਉਣ ਤੋਂ ਬਚਣਾ ਚਾਹੀਦਾ ਹੈ। ਸੰਜਮ ਨਾਲ ਵਧੀਆ ਖਾਣ-ਪੀਣ ਦਾ ਆਨੰਦ ਲੈਣ ਵਿਚ ਕੋਈ ਬੁਰਾਈ ਨਹੀਂ ਹੈ। ਇਸੇ ਤਰ੍ਹਾਂ ਵਿਆਹ ਦਾ ਇੰਤਜ਼ਾਮ ਵੀ ਪਰਮੇਸ਼ੁਰ ਨੇ ਹੀ ਕੀਤਾ ਹੈ। ਪਰ ਜੇ ਇਹੀ ਚੀਜ਼ਾਂ ਸਾਡੀ ਜ਼ਿੰਦਗੀ ਵਿਚ ਸਭ ਕੁਝ ਬਣ ਜਾਣ ਅਤੇ ਅਧਿਆਤਮਿਕ ਕੰਮਾਂ ਨੂੰ ਅਸੀਂ ਕੋਈ ਅਹਿਮੀਅਤ ਨਾ ਦੇਈਏ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਹੌਲਨਾਕ ਦਿਨ ਲਈ ਤਿਆਰ ਹਾਂ?
7. ਕੁਝ ਵੀ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਕਿਹੜਾ ਜ਼ਰੂਰੀ ਸਵਾਲ ਪੁੱਛਣਾ ਚਾਹੀਦਾ ਹੈ ਤੇ ਕਿਉਂ?
7 ਪੌਲੁਸ ਰਸੂਲ ਨੇ ਕਿਹਾ ਕਿ “ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਾਣੀਦਾ ਉਨ੍ਹਾਂ ਦੇ ਪਤਨੀਆਂ ਨਹੀਂ ਹਨ।” (1 ਕੁਰਿੰਥੀਆਂ 7:29-31) ਪਰਮੇਸ਼ੁਰ ਦੁਆਰਾ ਦਿੱਤਾ ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਰਹਿੰਦਾ ਹੈ। (ਮੱਤੀ 24:14) ਪੌਲੁਸ ਨੇ ਪਤੀ-ਪਤਨੀਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਇਕ-ਦੂਜੇ ਵਿਚ ਇੰਨਾ ਨਾ ਰੁੱਝ ਜਾਣ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਦੇ ਕੰਮ ਦੂਜੀ ਥਾਂ ਤੇ ਆ ਜਾਣ। ਇਹ ਸਪੱਸ਼ਟ ਹੈ ਕਿ ਪੌਲੁਸ ਇੱਥੇ ਲਾਪਰਵਾਹ ਨਾ ਹੋਣ ਦੀ ਸਲਾਹ ਦੇ ਰਿਹਾ ਸੀ। ਯਿਸੂ ਨੇ ਕਿਹਾ ਸੀ: ‘ਤੁਸੀਂ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।’ (ਮੱਤੀ 6:33) ਕੋਈ ਵੀ ਫ਼ੈਸਲਾ ਕਰਨ ਲੱਗਿਆਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਜ਼ਰੂਰੀ ਸਵਾਲ ਪੁੱਛੋ: ‘ਇਸ ਦਾ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਦੇ ਮੇਰੇ ਟੀਚੇ ਤੇ ਕੀ ਅਸਰ ਪਵੇਗਾ?’
8. ਜੇ ਸਾਡੀ ਜ਼ਿੰਦਗੀ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਰੁੱਝੀ ਹੋਈ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
8 ਉਦੋਂ ਕੀ ਜੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਣ ਕਰਕੇ ਅਧਿਆਤਮਿਕ ਕੰਮਾਂ ਲਈ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਬਚਦਾ ਹੈ? ਕੀ ਸਾਡੇ ਤੌਰ-ਤਰੀਕੇ ਸਾਡੇ ਗੁਆਂਢੀਆਂ ਦੇ ਤੌਰ-ਤਰੀਕਿਆਂ ਨਾਲ ਮਿਲਦੇ-ਜੁਲਦੇ ਹਨ ਜਿਨ੍ਹਾਂ ਨੂੰ ਬਾਈਬਲ ਦਾ ਗਿਆਨ ਨਹੀਂ ਹੈ ਅਤੇ ਜੋ ਰਾਜ ਦੇ ਪ੍ਰਚਾਰਕ ਨਹੀਂ ਹਨ? ਜੇ ਇਸ ਤਰ੍ਹਾਂ ਹੈ, ਤਾਂ ਸਾਨੂੰ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹ ਸਾਨੂੰ ਸਹੀ ਨਜ਼ਰੀਆ ਅਪਣਾਉਣ ਵਿਚ ਮਦਦ ਦੇ ਸਕਦਾ ਹੈ। (ਰੋਮੀਆਂ 15:5; ਫ਼ਿਲਿੱਪੀਆਂ 3:15) ਉਹ ਸਾਡੀ ਅਧਿਆਤਮਿਕ ਕੰਮਾਂ ਨੂੰ ਪਹਿਲ ਦੇਣ, ਸਹੀ ਕੰਮ ਕਰਨ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਵਿਚ ਮਦਦ ਕਰ ਸਕਦਾ ਹੈ।—ਰੋਮੀਆਂ 12:2; 2 ਕੁਰਿੰਥੀਆਂ 13:7.
ਅਧਿਆਤਮਿਕ ਤੌਰ ਤੇ ਸੁਸਤ ਨਾ ਹੋਵੋ
9. ਪਰਕਾਸ਼ ਦੀ ਪੋਥੀ 16:14-16 ਅਨੁਸਾਰ ਸਾਡੇ ਲਈ ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣਾ ਕਿਉਂ ਜ਼ਰੂਰੀ ਹੈ?
9 “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਆਰਮਾਗੇਡਨ ਬਾਰੇ ਬਾਈਬਲ ਚੇਤਾਵਨੀ ਦਿੰਦੀ ਹੈ ਕਿ ਉਸ ਵੇਲੇ ਸ਼ਾਇਦ ਕੁਝ ਲੋਕ ਜਾਗਦੇ ਨਹੀਂ ਹੋਣਗੇ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ: “ਵੇਖੋ, ਮੈਂ ਚੋਰ ਵਾਂਙੁ ਆਉਂਦਾ ਹਾਂ। ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।” (ਪਰਕਾਸ਼ ਦੀ ਪੋਥੀ 16:14-16) ਇੱਥੇ ਜ਼ਿਕਰ ਕੀਤੇ ਗਏ ਬਸਤਰ ਉਨ੍ਹਾਂ ਚੀਜ਼ਾਂ ਨੂੰ ਸੰਕੇਤ ਕਰਦੇ ਹਨ ਜੋ ਯਹੋਵਾਹ ਦੇ ਮਸੀਹੀ ਗਵਾਹਾਂ ਵਜੋਂ ਸਾਡੀ ਪਛਾਣ ਕਰਾਉਂਦੀਆਂ ਹਨ। ਇਨ੍ਹਾਂ ਚੀਜ਼ਾਂ ਵਿਚ ਰਾਜ ਦੇ ਪ੍ਰਚਾਰਕਾਂ ਵਜੋਂ ਸਾਡਾ ਕੰਮ ਅਤੇ ਸਾਡਾ ਮਸੀਹੀ ਚਾਲ-ਚਲਣ ਸ਼ਾਮਲ ਹੈ। ਜੇ ਅਸੀਂ ਅਧਿਆਤਮਿਕ ਤੌਰ ਤੇ ਸੌਂ ਜਾਈਏ, ਤਾਂ ਸਾਡਾ ਮਸੀਹੀ ਬਸਤਰ ਸਾਡੇ ਤੋਂ ਲਾਹਿਆ ਜਾ ਸਕਦਾ ਹੈ ਯਾਨੀ ਅਸੀਂ ਮਸੀਹੀ ਕਹਾਉਣ ਦੇ ਲਾਇਕ ਨਹੀਂ ਰਹਾਂਗੇ। ਇਹ ਸਾਡੇ ਲਈ ਸ਼ਰਮਨਾਕ ਤੇ ਖ਼ਤਰਨਾਕ ਗੱਲ ਹੋਵੇਗੀ। ਇਸ ਲਈ ਸਾਨੂੰ ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣਾ ਚਾਹੀਦਾ ਹੈ। ਅਸੀਂ ਸੁਸਤ ਹੋਣ ਤੋਂ ਕਿਵੇਂ ਬਚ ਸਕਦੇ ਹਾਂ?
10. ਰੋਜ਼ ਬਾਈਬਲ ਪੜ੍ਹਨ ਨਾਲ ਸਾਨੂੰ ਅਧਿਆਤਮਿਕ ਤੌਰ ਤੇ ਸੁਚੇਤ ਰਹਿਣ ਵਿਚ ਕਿਵੇਂ ਮਦਦ ਮਿਲਦੀ ਹੈ?
10 ਬਾਈਬਲ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਜਾਗਦੇ ਰਹੀਏ ਤੇ ਸੁਚੇਤ ਰਹੀਏ। ਮਿਸਾਲ ਲਈ, ਇੰਜੀਲਾਂ ਸਾਨੂੰ ਚੇਤੇ ਕਰਾਉਂਦੀਆਂ ਹਨ: “ਜਾਗਦੇ ਰਹੋ” (ਮੱਤੀ 24:42; 25:13; ਮਰਕੁਸ 13:35, 37); “ਤਿਆਰ ਰਹੋ” (ਮੱਤੀ 24:44; ਲੂਕਾ 12:40); “ਖਬਰਦਾਰ, ਜਾਗਦੇ ਰਹੋ” (ਮਰਕੁਸ 13:33)। ਪੌਲੁਸ ਰਸੂਲ ਨੇ ਦੱਸਿਆ ਕਿ ਯਹੋਵਾਹ ਦਾ ਦਿਨ ਅਚਾਨਕ ਹੀ ਇਸ ਦੁਨੀਆਂ ਤੇ ਆ ਜਾਵੇਗਾ। ਇਸ ਤੋਂ ਬਾਅਦ ਉਸ ਨੇ ਸੰਗੀ ਵਿਸ਼ਵਾਸੀਆਂ ਨੂੰ ਕਿਹਾ: “ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।” (1 ਥੱਸਲੁਨੀਕੀਆਂ 5:6) ਬਾਈਬਲ ਦੀ ਆਖ਼ਰੀ ਕਿਤਾਬ ਵਿਚ ਮਹਿਮਾਵਾਨ ਮਸੀਹ ਯਿਸੂ ਆਪਣੇ ਅਚਾਨਕ ਆਉਣ ਬਾਰੇ ਜ਼ੋਰ ਦੇ ਕੇ ਕਹਿੰਦਾ ਹੈ: “ਮੈਂ ਛੇਤੀ ਆਉਂਦਾ ਹਾਂ।” (ਪਰਕਾਸ਼ ਦੀ ਪੋਥੀ 3:11; 22:7, 12, 20) ਬਹੁਤ ਸਾਰੇ ਇਬਰਾਨੀ ਨਬੀਆਂ ਨੇ ਵੀ ਯਹੋਵਾਹ ਦੇ ਨਿਆਂ ਦੇ ਵੱਡੇ ਦਿਨ ਦਾ ਜ਼ਿਕਰ ਕੀਤਾ ਸੀ ਤੇ ਚੇਤਾਵਨੀ ਦਿੱਤੀ ਸੀ। (ਯਸਾਯਾਹ 2:12, 17; ਯਿਰਮਿਯਾਹ 30:7; ਯੋਏਲ 2:11; ਸਫ਼ਨਯਾਹ 3:8) ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਰੋਜ਼ ਪੜ੍ਹਨ ਅਤੇ ਪੜ੍ਹੀਆਂ ਗੱਲਾਂ ਤੇ ਮਨਨ ਕਰਨ ਨਾਲ ਸਾਨੂੰ ਅਧਿਆਤਮਿਕ ਤੌਰ ਤੇ ਸੁਚੇਤ ਰਹਿਣ ਵਿਚ ਕਾਫ਼ੀ ਮਦਦ ਮਿਲਦੀ ਹੈ।
11. ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਲਈ ਨਿੱਜੀ ਬਾਈਬਲ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ?
11 ਜੀ ਹਾਂ, “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਦਿੱਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰ ਕੇ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹਿ ਸਕਦੇ ਹਾਂ। (ਮੱਤੀ 24:45-47) ਪਰ ਨਿੱਜੀ ਅਧਿਐਨ ਤੋਂ ਫ਼ਾਇਦਾ ਹਾਸਲ ਕਰਨ ਲਈ ਸਾਨੂੰ ਬਾਕਾਇਦਾ ਠੋਸ ਅਧਿਆਤਮਿਕ ਭੋਜਨ ਲੈਣਾ ਚਾਹੀਦਾ ਹੈ। (ਇਬਰਾਨੀਆਂ 5:14–6:3) ਸ਼ਾਇਦ ਨਿੱਜੀ ਅਧਿਐਨ ਲਈ ਸਮਾਂ ਕੱਢਣਾ ਅੱਜ ਔਖਾ ਲੱਗੇ। (ਅਫ਼ਸੀਆਂ 5:15, 16) ਪਰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਸਿਰਫ਼ ਉਦੋਂ ਹੀ ਪੜ੍ਹਨਾ ਕਾਫ਼ੀ ਨਹੀਂ ਹੈ ਜਦੋਂ ਕਦੇ ਸਾਨੂੰ ਸਮਾਂ ਮਿਲ ਜਾਂਦਾ ਹੈ। ਜੇ ਅਸੀਂ “ਨਿਹਚਾ ਵਿਚ ਪੱਕੇ” ਹੋਣਾ ਹੈ ਅਤੇ ਜਾਗਦੇ ਰਹਿਣਾ ਹੈ, ਤਾਂ ਸਾਡੇ ਲਈ ਬਾਕਾਇਦਾ ਨਿੱਜੀ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ।—ਤੀਤੁਸ 1:13.
12. ਮਸੀਹੀ ਸਭਾਵਾਂ ਅਤੇ ਸੰਮੇਲਨ ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?
12 ਮਸੀਹੀ ਸਭਾਵਾਂ ਅਤੇ ਸੰਮੇਲਨ ਵੀ ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣ ਵਿਚ ਸਾਡੀ ਮਦਦ ਕਰਦੇ ਹਨ। ਕਿਵੇਂ? ਸਾਨੂੰ ਸਿੱਖਿਆ ਦੇਣ ਦੁਆਰਾ। ਇਨ੍ਹਾਂ ਵਿਚ ਸਾਨੂੰ ਬਾਕਾਇਦਾ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਦਾ ਦਿਨ ਬਹੁਤ ਨੇੜੇ ਹੈ। ਹਰ ਹਫ਼ਤੇ ਮਸੀਹੀ ਸਭਾਵਾਂ ਵਿਚ ਸਾਨੂੰ ‘ਇਕ ਦੂਏ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ’ ਦੇ ਮੌਕੇ ਵੀ ਮਿਲਦੇ ਹਨ। ਇਕ-ਦੂਜੇ ਨੂੰ ਉਤਸ਼ਾਹ ਦੇਣ ਨਾਲ ਸਾਨੂੰ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਮਦਦ ਮਿਲਦੀ ਹੈ। ਇਸੇ ਕਰਕੇ ਸਾਨੂੰ ਬਾਕਾਇਦਾ ਇਕੱਠੇ ਹੋਣ ਦਾ ਹੁਕਮ ਦਿੱਤਾ ਗਿਆ ਹੈ ਕਿਉਂਕਿ ‘ਉਹ ਦਿਨ ਨੇੜੇ ਆ ਰਿਹਾ ਹੈ।’—ਇਬਰਾਨੀਆਂ 10:24, 25.
13. ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਵਿਚ ਮਸੀਹੀ ਸੇਵਕਾਈ ਸਾਡੀ ਕਿਵੇਂ ਮਦਦ ਕਰਦੀ ਹੈ?
13 ਮਸੀਹੀ ਸੇਵਕਾਈ ਵਿਚ ਪੂਰੇ ਦਿਲੋਂ ਹਿੱਸਾ ਲੈਣ ਨਾਲ ਵੀ ਸਾਨੂੰ ਜਾਗਦੇ ਰਹਿਣ ਵਿਚ ਮਦਦ ਮਿਲਦੀ ਹੈ। ਸਮਿਆਂ ਦੇ ਲੱਛਣਾਂ ਅਤੇ ਉਨ੍ਹਾਂ ਦੇ ਅਰਥ ਨੂੰ ਮਨ ਵਿਚ ਰੱਖਣ ਲਈ ਉਨ੍ਹਾਂ ਬਾਰੇ ਦੂਜਿਆਂ ਨੂੰ ਦੱਸਣ ਨਾਲੋਂ ਹੋਰ ਬਿਹਤਰ ਤਰੀਕਾ ਕਿਹੜਾ ਹੋ ਸਕਦਾ ਹੈ? ਜਦੋਂ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਤਰੱਕੀ ਕਰਦੇ ਅਤੇ ਸਿੱਖੀਆਂ ਹੋਈਆਂ ਗੱਲਾਂ ਤੇ ਚੱਲਦੇ ਦੇਖਦੇ ਹਾਂ, ਤਾਂ ਅਸੀਂ ਅੱਜ ਦੇ ਨਾਜ਼ੁਕ ਸਮਿਆਂ ਨੂੰ ਹੋਰ ਜ਼ਿਆਦਾ ਗੰਭੀਰਤਾ ਨਾਲ ਲੈਂਦੇ ਹਾਂ। ਪਤਰਸ ਰਸੂਲ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਕੰਮ ਲਈ ‘ਅਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੀਏ।’ (1 ਪਤਰਸ 1:13) ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣਾ’ ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣ ਦਾ ਵਧੀਆ ਉਪਾਅ ਹੈ।—1 ਕੁਰਿੰਥੀਆਂ 15:58.
ਅਧਿਆਤਮਿਕਤਾ ਲਈ ਨੁਕਸਾਨਦੇਹ ਤੌਰ-ਤਰੀਕੇ ਨਾ ਅਪਣਾਓ
14. ਲੂਕਾ 21:34-36 ਦੇ ਅਨੁਸਾਰ ਯਿਸੂ ਕਿਹੋ ਜਿਹੇ ਤੌਰ-ਤਰੀਕਿਆਂ ਨੂੰ ਅਪਣਾਉਣ ਤੋਂ ਖ਼ਬਰਦਾਰ ਕਰਦਾ ਹੈ?
14 ਯਿਸੂ ਨੇ ਆਪਣੀ ਮੌਜੂਦਗੀ ਬਾਰੇ ਭਵਿੱਖਬਾਣੀ ਵਿਚ ਇਕ ਹੋਰ ਗੱਲ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:34-36) ਯਿਸੂ ਨੇ ਬਿਲਕੁਲ ਸਹੀ ਬਿਆਨ ਕੀਤਾ ਕਿ ਲੋਕਾਂ ਦੇ ਤੌਰ-ਤਰੀਕੇ ਕਿਹੋ ਜਿਹੇ ਹਨ: ਉਹ ਹੱਦੋਂ ਬਾਹਰ ਖਾਂਦੇ-ਪੀਂਦੇ ਹਨ ਅਤੇ ਅਜਿਹੀ ਜ਼ਿੰਦਗੀ ਗੁਜ਼ਾਰਦੇ ਹਨ ਜੋ ਚਿੰਤਾਵਾਂ ਨੂੰ ਸੱਦਾ ਦਿੰਦੀ ਹੈ।
15. ਸਾਨੂੰ ਹੱਦੋਂ ਵੱਧ ਖਾਣ-ਪੀਣ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ?
15 ਹੱਦੋਂ ਵੱਧ ਖਾਣਾ ਅਤੇ ਬਹੁਤ ਸ਼ਰਾਬ ਪੀਣੀ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ। ਇਸ ਲਈ ਸਾਨੂੰ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ।” (ਕਹਾਉਤਾਂ 23:20) ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਖਾਣ-ਪੀਣ ਨਾਲ ਹੀ ਅਧਿਆਤਮਿਕ ਖ਼ਤਰੇ ਵਿਚ ਪਵਾਂਗੇ। ਭਾਵੇਂ ਅਸੀਂ ਹੱਦੋਂ ਵੱਧ ਨਾ ਖਾਂਦੇ-ਪੀਂਦੇ ਹੋਈਏ, ਪਰ ਜੇ ਅਸੀਂ ਖਾਣ-ਪੀਣ ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਤਾਂ ਅਸੀਂ ਅਧਿਆਤਮਿਕ ਤੌਰ ਤੇ ਸੁਸਤ ਹੋ ਸਕਦੇ ਹਾਂ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਘੌਲੀਏ ਦਾ ਜੀ ਤਾਂ ਲੋਚਦਾ ਪਰ ਉਹ ਨੂੰ ਲੱਭਦਾ ਕੁਝ ਵੀ ਨਹੀਂ।” (ਕਹਾਉਤਾਂ 13:4) ਇਸ ਤਰ੍ਹਾਂ ਦਾ ਵਿਅਕਤੀ ਪਰਮੇਸ਼ੁਰ ਦੀ ਇੱਛਾ ਤਾਂ ਪੂਰੀ ਕਰਨੀ ਚਾਹੁੰਦਾ ਹੈ, ਪਰ ਲਾਪਰਵਾਹੀ ਦੇ ਕਾਰਨ ਉਹ ਇਹ ਇੱਛਾ ਪੂਰੀ ਨਹੀਂ ਕਰ ਪਾਉਂਦਾ।
16. ਆਪਣੇ ਪਰਿਵਾਰ ਬਾਰੇ ਹੱਦੋਂ ਵੱਧ ਚਿੰਤਾ ਕਰਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ?
16 ਯਿਸੂ ਨੇ ਜ਼ਿੰਦਗੀ ਦੀਆਂ ਕਿਹੜੀਆਂ ਚਿੰਤਾਵਾਂ ਖ਼ਿਲਾਫ਼ ਖ਼ਬਰਦਾਰ ਕੀਤਾ ਸੀ? ਇਨ੍ਹਾਂ ਵਿਚ ਆਪਣੀਆਂ ਚਿੰਤਾਵਾਂ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਤੇ ਹੋਰ ਇਹੋ ਜਿਹੀਆਂ ਕਈ ਚਿੰਤਾਵਾਂ ਸ਼ਾਮਲ ਹਨ। ਆਪਣੇ ਆਪ ਨੂੰ ਇਨ੍ਹਾਂ ਚਿੰਤਾਵਾਂ ਦੇ ਬੋਝ ਥੱਲੇ ਦੱਬ ਜਾਣ ਦੇਣਾ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ! ਯਿਸੂ ਨੇ ਪੁੱਛਿਆ: “ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸੱਕਦਾ ਹੈ?” ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਸਲਾਹ ਦਿੱਤੀ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ।” ਆਪਣੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਯਹੋਵਾਹ ਤੇ ਭਰੋਸਾ ਰੱਖਣ ਨਾਲ ਅਸੀਂ ਚਿੰਤਾਵਾਂ ਤੇ ਕਾਬੂ ਪਾ ਸਕਾਂਗੇ ਅਤੇ ਸਾਨੂੰ ਜਾਗਦੇ ਰਹਿਣ ਵਿਚ ਮਦਦ ਮਿਲੇਗੀ।—ਮੱਤੀ 6:25-34.
17. ਧਨ-ਦੌਲਤ ਅਤੇ ਭੌਤਿਕ ਚੀਜ਼ਾਂ ਪਿੱਛੇ ਭੱਜਣ ਨਾਲ ਅਸੀਂ ਕਿਵੇਂ ਚਿੰਤਾ ਵਿਚ ਪੈ ਸਕਦੇ ਹਾਂ?
17 ਧਨ-ਦੌਲਤ ਅਤੇ ਭੌਤਿਕ ਚੀਜ਼ਾਂ ਪਿੱਛੇ ਭੱਜਣ ਨਾਲ ਵੀ ਚਿੰਤਾ ਵਧਦੀ ਹੈ। ਮਿਸਾਲ ਲਈ, ਕੁਝ ਭੈਣ-ਭਰਾਵਾਂ ਨੇ ਆਪਣੀ ਵਿੱਤ ਤੋਂ ਬਾਹਰ ਚੀਜ਼ਾਂ ਖ਼ਰੀਦ ਕੇ ਆਪਣੀਆਂ ਜ਼ਿੰਦਗੀਆਂ ਦੀਆਂ ਚਿੰਤਾਵਾਂ ਵਧਾਈਆਂ ਹਨ। ਕਈ ਰਾਤੋ-ਰਾਤ ਅਮੀਰ ਬਣਨ ਦੀਆਂ ਸਕੀਮਾਂ ਅਤੇ ਕਿਸੇ ਖ਼ਤਰਨਾਕ ਬਿਜ਼ਨਿਸ ਵਿਚ ਪੈਸਾ ਲਾਉਣ ਦੇ ਧੋਖੇ ਵਿਚ ਆ ਗਏ ਹਨ। ਦੂਸਰਿਆਂ ਲਈ ਦੁਨਿਆਵੀ ਸਿੱਖਿਆ ਇਕ ਫੰਦਾ ਬਣ ਜਾਂਦੀ ਹੈ ਜਿਸ ਨੂੰ ਉਹ ਪੈਸਾ ਕਮਾਉਣ ਦਾ ਜ਼ਰੀਆ ਸਮਝਦੇ ਹਨ। ਇਹ ਸਹੀ ਹੈ ਕਿ ਕੁਝ ਹੱਦ ਤਕ ਅਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਨੌਕਰੀ ਹਾਸਲ ਕੀਤੀ ਜਾ ਸਕੇ। ਪਰ ਹਕੀਕਤ ਤਾਂ ਇਹ ਹੈ ਕਿ ਕੁਝ ਭੈਣ-ਭਰਾਵਾਂ ਨੇ ਉੱਚ ਸਿੱਖਿਆ ਹਾਸਲ ਕਰਨ ਵਿਚ ਸਮਾਂ ਬਰਬਾਦ ਕਰ ਕੇ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਨੁਕਸਾਨ ਪਹੁੰਚਾਇਆ ਹੈ। ਅਜਿਹੀ ਅਧਿਆਤਮਿਕ ਹਾਲਤ ਵਿਚ ਹੋਣਾ ਕਿੰਨਾ ਖ਼ਤਰਨਾਕ ਹੈ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਆ ਰਿਹਾ ਹੈ! ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।”—1 ਤਿਮੋਥਿਉਸ 6:9.
18. ਅਮੀਰੀ ਪਿੱਛੇ ਭੱਜਣ ਦੇ ਫੰਦੇ ਤੋਂ ਬਚਣ ਲਈ ਸਾਨੂੰ ਆਪਣੇ ਵਿਚ ਕਿਹੜੀ ਕਾਬਲੀਅਤ ਪੈਦਾ ਕਰਨੀ ਚਾਹੀਦੀ ਹੈ?
18 ਅਮੀਰੀ ਪਿੱਛੇ ਭੱਜਣ ਦੇ ਫੰਦੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਸਹੀ ਅਤੇ ਗ਼ਲਤ ਵਿਚ ਫ਼ਰਕ ਦੇਖਣ ਦੀ ਕਾਬਲੀਅਤ ਪੈਦਾ ਕਰੀਏ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। ਇਹ ਕਾਬਲੀਅਤ ਪੈਦਾ ਕਰਨ ਲਈ ਸਾਨੂੰ ਬਾਕਾਇਦਾ ‘ਅਧਿਆਤਮਿਕ ਅੰਨ’ ਲੈਣਾ ਚਾਹੀਦਾ ਹੈ ਜੋ “ਸਿਆਣਿਆ ਲਈ ਹੈ” ਅਤੇ ‘ਆਪਣੀਆਂ ਗਿਆਨ ਇੰਦਰੀਆਂ ਨੂੰ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧਣਾ’ ਚਾਹੀਦਾ ਹੈ। (ਇਬਰਾਨੀਆਂ 5:13, 14) “ਚੰਗ ਚੰਗੇਰੀਆਂ ਗੱਲਾਂ” ਯਾਨੀ ਮਹੱਤਵਪੂਰਣ ਗੱਲਾਂ ਨੂੰ ਪਹਿਲ ਦੇਣ ਨਾਲ ਵੀ ਅਸੀਂ ਗ਼ਲਤ ਫ਼ੈਸਲੇ ਕਰਨ ਤੋਂ ਬਚਾਂਗੇ।—ਫ਼ਿਲਿੱਪੀਆਂ 1:10.
19. ਜੇ ਸਾਡੇ ਕੋਲ ਅਧਿਆਤਮਿਕ ਕੰਮਾਂ ਲਈ ਬਹੁਤ ਘੱਟ ਸਮਾਂ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
19 ਅਮੀਰੀ ਪਿੱਛੇ ਭੱਜਣ ਨਾਲ ਸਾਡੇ ਕੋਲ ਅਧਿਆਤਮਿਕ ਕੰਮਾਂ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਸਮਾਂ ਨਹੀਂ ਬਚੇਗਾ। ਅਸੀਂ ਆਪਣੀ ਜਾਂਚ ਕਿਵੇਂ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਪ੍ਰਾਰਥਨਾ ਸਹਿਤ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਤੇ ਕਿਸ ਹੱਦ ਤਕ ਸਾਦਾ ਬਣਾ ਸਕਦੇ ਹਾਂ। ਪੁਰਾਣੇ ਜ਼ਮਾਨੇ ਵਿਚ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ ਸੀ: “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।” (ਉਪਦੇਸ਼ਕ ਦੀ ਪੋਥੀ 5:12) ਕੀ ਬੇਲੋੜੀਆਂ ਚੀਜ਼ਾਂ ਦੀ ਦੇਖ-ਭਾਲ ਕਰਨ ਵਿਚ ਸਾਡਾ ਬਹੁਤ ਸਾਰਾ ਸਮਾਂ ਤੇ ਤਾਕਤ ਬਰਬਾਦ ਹੁੰਦੇ ਹਨ? ਸਾਡੇ ਕੋਲ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣਗੀਆਂ, ਉੱਨੀਆਂ ਹੀ ਜ਼ਿਆਦਾ ਚੀਜ਼ਾਂ ਦੀ ਸਾਨੂੰ ਸਾਂਭ-ਸੰਭਾਲ, ਬੀਮਾ ਅਤੇ ਰਾਖੀ ਕਰਨੀ ਪਵੇਗੀ। ਕੁਝ ਚੀਜ਼ਾਂ ਤੋਂ ਛੁਟਕਾਰਾ ਪਾ ਕੇ ਆਪਣੀ ਜ਼ਿੰਦਗੀ ਸਾਦੀ ਬਣਾਉਣ ਨਾਲ ਸਾਨੂੰ ਫ਼ਾਇਦਾ ਹੋ ਸਕਦਾ ਹੈ।
ਪੂਰੀ ਤਰ੍ਹਾਂ ਤਿਆਰ ਰਹੋ
20, 21. (ੳ) ਯਹੋਵਾਹ ਦੇ ਦਿਨ ਸੰਬੰਧੀ ਪਤਰਸ ਰਸੂਲ ਸਾਨੂੰ ਕੀ ਯਕੀਨ ਦਿਵਾਉਂਦਾ ਹੈ? (ਅ) ਯਹੋਵਾਹ ਦੇ ਦਿਨ ਲਈ ਤਿਆਰ ਰਹਿਣ ਵਾਸਤੇ ਸਾਨੂੰ ਕਿਹੜੇ ਕੰਮ ਕਰਦੇ ਰਹਿਣਾ ਚਾਹੀਦਾ ਹੈ?
20 ਨੂਹ ਦੇ ਜ਼ਮਾਨੇ ਦੀ ਦੁਨੀਆਂ ਦਾ ਨਾਸ਼ ਹੋ ਗਿਆ ਸੀ ਤੇ ਅੱਜ ਦੀ ਦੁਨੀਆਂ ਦਾ ਵੀ ਨਾਸ਼ ਜ਼ਰੂਰ ਹੋਵੇਗਾ। ਪਤਰਸ ਰਸੂਲ ਸਾਨੂੰ ਯਕੀਨ ਦਿਵਾਉਂਦਾ ਹੈ: “ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ ਜਿਹ ਦੇ ਵਿੱਚ ਅਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਨ੍ਹਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ।” ਨਾ ਤਾਂ ਲਾਖਣਿਕ ਆਕਾਸ਼ ਯਾਨੀ ਬੁਰੀਆਂ ਸਰਕਾਰਾਂ ਤੇ ਨਾ ਹੀ ਲਾਖਣਿਕ ਧਰਤੀ ਯਾਨੀ ਪਰਮੇਸ਼ੁਰ ਤੋਂ ਵੱਖ ਹੋ ਚੁੱਕੇ ਲੋਕ ਪਰਮੇਸ਼ੁਰ ਦੇ ਭਖਦੇ ਗੁੱਸੇ ਤੋਂ ਬਚਣਗੇ। ਉਸ ਦਿਨ ਲਈ ਅਸੀਂ ਕਿਵੇਂ ਤਿਆਰ ਰਹਿ ਸਕਦੇ ਹਾਂ, ਇਸ ਵੱਲ ਸੰਕੇਤ ਕਰਦੇ ਹੋਏ ਪਤਰਸ ਨੇ ਕਿਹਾ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।”—2 ਪਤਰਸ 3:10-12.
21 ਭਗਤੀ ਵਿਚ ਬਾਕਾਇਦਾ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ਾਮਲ ਹੈ। ਧੀਰਜ ਨਾਲ ਯਹੋਵਾਹ ਦੇ ਮਹਾਨ ਦਿਨ ਦੀ ਉਡੀਕ ਕਰਦੇ ਹੋਏ, ਆਓ ਆਪਾਂ ਇਹ ਕੰਮ ਦਿਲੋਂ ਕਰਨ ਦੁਆਰਾ ਪਰਮੇਸ਼ੁਰ ਦੀ ਭਗਤੀ ਕਰੀਏ। ਆਓ ਆਪਾਂ ‘ਸ਼ਾਂਤੀ ਨਾਲ ਪਰਮੇਸ਼ੁਰ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰਨ’ ਦਾ ਪੂਰਾ ਜਤਨ ਕਰੀਏ।—2 ਪਤਰਸ 3:14.
ਕੀ ਤੁਹਾਨੂੰ ਯਾਦ ਹੈ?
• ਸਾਨੂੰ ਯਹੋਵਾਹ ਦੇ ਦਿਨ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ?
• ਜੇ ਜ਼ਿੰਦਗੀ ਦੇ ਆਮ ਕੰਮ-ਕਾਰ ਸਾਡੇ ਲਈ ਸਭ ਕੁਝ ਬਣ ਗਏ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
• ਅਧਿਆਤਮਿਕ ਤੌਰ ਤੇ ਸੁਸਤ ਹੋਣ ਤੋਂ ਬਚਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?
• ਸਾਨੂੰ ਜ਼ਿੰਦਗੀ ਦੇ ਕਿਹੜੇ ਨੁਕਸਾਨਦੇਹ ਤੌਰ-ਤਰੀਕਿਆਂ ਤੋਂ ਬਚਣਾ ਚਾਹੀਦਾ ਹੈ ਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ?
[ਸਫ਼ੇ 21 ਉੱਤੇ ਤਸਵੀਰ]
ਨੂਹ ਦੇ ਜ਼ਮਾਨੇ ਦੇ ਲੋਕਾਂ ਨੇ ਆ ਰਹੀ ਤਬਾਹੀ ਵੱਲ ਕੋਈ ਧਿਆਨ ਨਹੀਂ ਦਿੱਤਾ—ਕੀ ਤੁਸੀਂ ਧਿਆਨ ਦਿੰਦੇ ਹੋ?
[ਸਫ਼ੇ 23 ਉੱਤੇ ਤਸਵੀਰ]
ਅਧਿਆਤਮਿਕ ਕੰਮਾਂ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਕੀ ਤੁਸੀਂ ਆਪਣੀ ਜ਼ਿੰਦਗੀ ਸਾਦੀ ਬਣਾ ਸਕਦੇ ਹੋ?