ਅਧਿਐਨ ਲੇਖ 46
ਯਹੋਵਾਹ ਨੇ ਗਾਰੰਟੀ ਦਿੱਤੀ ਹੈ ਕਿ ਨਵੀਂ ਦੁਨੀਆਂ ਜ਼ਰੂਰ ਆਵੇਗੀ
“ਜੋ ਧਰਤੀ ਉੱਤੇ ਆਪਣੇ ਲਈ ਬਰਕਤ ਮੰਗੇਗਾ, ਉਹ ਸੱਚਾਈ ਦੇ ਪਰਮੇਸ਼ੁਰ ਤੋਂ ਅਸੀਸ ਪਾਵੇਗਾ।”—ਯਸਾ. 65:16.
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
ਖ਼ਾਸ ਗੱਲਾਂa
1. ਯਸਾਯਾਹ ਨਬੀ ਨੇ ਇਜ਼ਰਾਈਲੀਆਂ ਨੂੰ ਕੀ ਸੰਦੇਸ਼ ਦਿੱਤਾ ਸੀ?
ਯਸਾਯਾਹ ਨਬੀ ਨੇ ਯਹੋਵਾਹ ਨੂੰ ‘ਸੱਚਾਈ ਦਾ ਪਰਮੇਸ਼ੁਰ’ ਕਿਹਾ। ਇੱਥੇ ਜਿਸ ਸ਼ਬਦ ਦਾ ਅਨੁਵਾਦ “ਸੱਚਾਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਆਮੀਨ।” (ਯਸਾ. 65:16, ਫੁਟਨੋਟ) “ਆਮੀਨ” ਦਾ ਮਤਲਬ ਹੈ, “ਇਸੇ ਤਰ੍ਹਾਂ ਹੋਵੇ” ਜਾਂ “ਸੱਤ ਬਚਨ।” ਬਾਈਬਲ ਵਿਚ ਜਦੋਂ “ਆਮੀਨ” ਸ਼ਬਦ ਦਾ ਇਸਤੇਮਾਲ ਯਹੋਵਾਹ ਤੇ ਯਿਸੂ ਨਾਲ ਕੀਤਾ ਜਾਂਦਾ ਹੈ, ਤਾਂ ਇਹ ਇਸ ਗੱਲ ਦੀ ਗਾਰੰਟੀ ਹੁੰਦਾ ਹੈ ਕਿ ਉਹ ਜੋ ਵੀ ਕਹਿੰਦੇ ਜਾਂ ਕਰਦੇ ਹਨ, ਉਹ ਬਿਲਕੁਲ ਸੱਚ ਹੈ। ਇਸ ਲਈ ਯਸਾਯਾਹ ਨੇ ਇਜ਼ਰਾਈਲੀਆਂ ਨੂੰ ਜੋ ਸੰਦੇਸ਼ ਦਿੱਤਾ, ਉਹ ਸਾਫ਼ ਸੀ: ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ, ਉਹ ਹਮੇਸ਼ਾ ਭਰੋਸੇਯੋਗ ਹੁੰਦੀ ਹੈ। ਯਹੋਵਾਹ ਨੇ ਆਪਣਾ ਹਰੇਕ ਵਾਅਦਾ ਨਿਭਾ ਕੇ ਇਹ ਗੱਲ ਸੱਚ ਸਾਬਤ ਕੀਤੀ ਹੈ।
2. ਅਸੀਂ ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ʼਤੇ ਕਿਉਂ ਭਰੋਸਾ ਕਰ ਸਕਦੇ ਹਾਂ ਅਤੇ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
2 ਕੀ ਅਸੀਂ ਵੀ ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ʼਤੇ ਇੱਦਾਂ ਹੀ ਭਰੋਸਾ ਕਰ ਸਕਦੇ ਹਾਂ? ਯਸਾਯਾਹ ਦੇ ਸਮੇਂ ਤੋਂ ਲਗਭਗ 800 ਸਾਲ ਬਾਅਦ ਪੌਲੁਸ ਰਸੂਲ ਨੇ ਸਮਝਾਇਆ ਕਿ ਪਰਮੇਸ਼ੁਰ ਦੇ ਵਾਅਦੇ ਹਮੇਸ਼ਾ ਭਰੋਸੇਯੋਗ ਕਿਉਂ ਹੁੰਦੇ ਹਨ। ਪੌਲੁਸ ਨੇ ਕਿਹਾ: “ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ।” (ਇਬ. 6:18) ਜਿਸ ਤਰ੍ਹਾਂ ਇਕ ਮਿੱਠੇ ਪਾਣੀ ਦੇ ਚਸ਼ਮੇ ਵਿੱਚੋਂ ਖਾਰਾ ਪਾਣੀ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਸੱਚਾਈ ਦਾ ਸੋਮਾ ਯਹੋਵਾਹ ਕਦੇ ਵੀ ਝੂਠ ਨਹੀਂ ਬੋਲ ਸਕਦਾ। ਇਸ ਲਈ ਅਸੀਂ ਯਹੋਵਾਹ ਦੀ ਕਹੀ ਹਰ ਗੱਲ ʼਤੇ ਪੂਰੀ ਤਰ੍ਹਾਂ ਭਰੋਸਾ ਕਰ ਸਕਦੇ ਹਾਂ। ਇਨ੍ਹਾਂ ਵਿਚ ਭਵਿੱਖ ਲਈ ਕੀਤੇ ਉਸ ਦੇ ਸਾਰੇ ਵਾਅਦੇ ਵੀ ਸ਼ਾਮਲ ਹਨ। ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ: ਯਹੋਵਾਹ ਨੇ ਸਾਡੇ ਨਾਲ ਭਵਿੱਖ ਬਾਰੇ ਕਿਹੜਾ ਵਾਅਦਾ ਕੀਤਾ ਹੈ? ਨਾਲੇ ਯਹੋਵਾਹ ਨੇ ਕਿਹੜੀ ਗਾਰੰਟੀ ਦਿੱਤੀ ਹੈ ਕਿ ਉਸ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ?
ਯਹੋਵਾਹ ਨੇ ਕਿਹੜਾ ਵਾਅਦਾ ਕੀਤਾ ਹੈ?
3. (ੳ) ਪਰਮੇਸ਼ੁਰ ਦੇ ਸੇਵਕਾਂ ਲਈ ਕਿਹੜਾ ਵਾਅਦਾ ਅਨਮੋਲ ਹੈ? (ਪ੍ਰਕਾਸ਼ ਦੀ ਕਿਤਾਬ 21:3, 4) (ਅ) ਇਸ ਵਾਅਦੇ ਬਾਰੇ ਸੁਣ ਕੇ ਕੁਝ ਲੋਕ ਕੀ ਕਹਿੰਦੇ ਹਨ?
3 ਅਸੀਂ ਹੁਣ ਜਿਸ ਵਾਅਦੇ ʼਤੇ ਗੌਰ ਕਰਾਂਗੇ, ਉਹ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਸੇਵਕਾਂ ਲਈ ਬਹੁਤ ਅਨਮੋਲ ਵਾਅਦਾ ਹੈ। (ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।) ਯਹੋਵਾਹ ਅਜਿਹਾ ਸਮਾਂ ਲਿਆਉਣ ਦਾ ਵਾਅਦਾ ਕਰਦਾ ਹੈ ਜਦੋਂ “ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” ਸਾਡੇ ਵਿੱਚੋਂ ਬਹੁਤ ਜਣੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਇਹ ਆਇਤਾਂ ਪੜ੍ਹ ਕੇ ਦੱਸਦੇ ਹਨ ਕਿ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਜਦੋਂ ਅਸੀਂ ਲੋਕਾਂ ਨੂੰ ਇਹ ਵਾਅਦਾ ਪੜ੍ਹ ਕੇ ਸੁਣਾਉਂਦੇ ਹਾਂ, ਤਾਂ ਕੁਝ ਲੋਕ ਕੀ ਕਹਿੰਦੇ ਹਨ? ਕੁਝ ਲੋਕ ਸ਼ਾਇਦ ਕਹਿਣ, “ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ।”
4. (ੳ) ਜਦੋਂ ਯਹੋਵਾਹ ਨੇ ਨਵੀਂ ਦੁਨੀਆਂ ਦਾ ਵਾਅਦਾ ਕੀਤਾ, ਤਾਂ ਉਹ ਸਾਡੇ ਦਿਨਾਂ ਬਾਰੇ ਕੀ ਜਾਣਦਾ ਸੀ? (ਅ) ਵਾਅਦਾ ਕਰਨ ਤੋਂ ਇਲਾਵਾ ਯਹੋਵਾਹ ਨੇ ਹੋਰ ਕੀ ਕੀਤਾ?
4 ਬਿਨਾਂ ਸ਼ੱਕ, ਜਦੋਂ ਯਹੋਵਾਹ ਨੇ ਯੂਹੰਨਾ ਰਸੂਲ ਨੂੰ ਨਵੀਂ ਦੁਨੀਆਂ ਦੇ ਵਾਅਦੇ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ, ਤਾਂ ਯਹੋਵਾਹ ਜਾਣਦਾ ਸੀ ਕਿ ਅੱਜ ਅਸੀਂ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਵੇਲੇ ਲੋਕਾਂ ਨੂੰ ਇਸ ਉਮੀਦ ਬਾਰੇ ਦੱਸਾਂਗੇ। ਯਹੋਵਾਹ ਇਹ ਵੀ ਜਾਣਦਾ ਸੀ ਕਿ “ਨਵੀਆਂ ਗੱਲਾਂ” ਬਾਰੇ ਜੋ ਵਾਅਦਾ ਕੀਤਾ ਗਿਆ ਹੈ, ਉਸ ʼਤੇ ਯਕੀਨ ਕਰਨਾ ਕਈ ਲੋਕਾਂ ਲਈ ਔਖਾ ਹੋਵੇਗਾ। (ਯਸਾ. 42:9; 60:2; 2 ਕੁਰਿੰ. 4:3, 4) ਤਾਂ ਫਿਰ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਪ੍ਰਕਾਸ਼ ਦੀ ਕਿਤਾਬ 21:3, 4 ਵਿਚ ਦੱਸਿਆ ਵਾਅਦਾ ਜ਼ਰੂਰ ਪੂਰਾ ਹੋਵੇਗਾ? ਯਹੋਵਾਹ ਨੇ ਸਿਰਫ਼ ਇਹ ਵਾਅਦਾ ਹੀ ਨਹੀਂ ਕੀਤਾ, ਸਗੋਂ ਇਸ ਦੇ ਜ਼ਬਰਦਸਤ ਕਾਰਨ ਵੀ ਦਿੱਤੇ ਹਨ ਕਿ ਅਸੀਂ ਇਸ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ। ਉਸ ਨੇ ਕਿਹੜੇ ਕਾਰਨ ਦਿੱਤੇ ਹਨ?
ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ
5. ਸਾਨੂੰ ਕਿਹੜੀਆਂ ਆਇਤਾਂ ਤੋਂ ਪਰਮੇਸ਼ੁਰ ਦੇ ਵਾਅਦੇ ʼਤੇ ਭਰੋਸਾ ਕਰਨ ਦੇ ਕਾਰਨ ਮਿਲਦੇ ਹਨ ਅਤੇ ਇਨ੍ਹਾਂ ਵਿਚ ਕੀ ਕਿਹਾ ਗਿਆ ਹੈ?
5 ਨਵੀਂ ਦੁਨੀਆਂ ਬਾਰੇ ਯਹੋਵਾਹ ਦੇ ਵਾਅਦੇ ʼਤੇ ਭਰੋਸਾ ਕਰਨ ਦੇ ਕਿਹੜੇ ਕਾਰਨ ਹਨ, ਇਹ ਜਾਣਨ ਲਈ ਅਗਲੀਆਂ ਆਇਤਾਂ ʼਤੇ ਧਿਆਨ ਦਿਓ। ਇਨ੍ਹਾਂ ਵਿਚ ਅਸੀਂ ਪੜ੍ਹਦੇ ਹਾਂ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’ ਉਸ ਨੇ ਇਹ ਵੀ ਕਿਹਾ: ‘ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।’ ਉਸ ਨੇ ਮੈਨੂੰ ਕਿਹਾ: ‘ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।’”—ਪ੍ਰਕਾ. 21:5, 6ੳ.
6. ਪ੍ਰਕਾਸ਼ ਦੀ ਕਿਤਾਬ 21:5, 6 ਵਿਚ ਦਰਜ ਗੱਲਾਂ ਤੋਂ ਪਰਮੇਸ਼ੁਰ ਦੇ ਵਾਅਦੇ ʼਤੇ ਸਾਡਾ ਭਰੋਸਾ ਹੋਰ ਪੱਕਾ ਕਿਉਂ ਹੁੰਦਾ ਹੈ?
6 ਬਾਈਬਲ ਦੀਆਂ ਇਨ੍ਹਾਂ ਆਇਤਾਂ ਤੋਂ ਪਰਮੇਸ਼ੁਰ ਦੇ ਵਾਅਦੇ ʼਤੇ ਸਾਡਾ ਭਰੋਸਾ ਹੋਰ ਪੱਕਾ ਕਿਉਂ ਹੁੰਦਾ ਹੈ? “ਇਨ੍ਹਾਂ ਆਇਤਾਂ ਵਿਚ ਯਹੋਵਾਹ ਜੋ ਕਹਿ ਰਿਹਾ ਹੈ, ਉਸ ਦੀ ਤੁਲਨਾ ਇਕ ਦਸਤਾਵੇਜ਼ ʼਤੇ ਸਾਈਨ ਕਰਨ ਨਾਲ ਕੀਤਾ ਜਾ ਸਕਦੀ ਹੈ ਜਿਸ ਨਾਲ ਸਾਨੂੰ ਗਾਰੰਟੀ ਮਿਲਦੀ ਹੈ ਕਿ ਉਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ।” ਪਰਮੇਸ਼ੁਰ ਦਾ ਵਾਅਦਾ ਪ੍ਰਕਾਸ਼ ਦੀ ਕਿਤਾਬ 21:3, 4 ਵਿਚ ਦਰਜ ਹੈ। ਪਰ ਆਇਤਾਂ 5 ਅਤੇ 6 ਵਿਚ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ। ਇਹ ਇੱਦਾਂ ਹੈ ਜਿੱਦਾਂ ਯਹੋਵਾਹ ਨੇ ਉਸ ਵਾਅਦੇ ਦੇ ਥੱਲੇ ਆਪਣੇ ਸਾਈਨ ਕੀਤੇ ਹੋਣ। ਯਹੋਵਾਹ ਨੇ ਗਾਰੰਟੀ ਦਿੰਦਿਆਂ ਜੋ ਗੱਲਾਂ ਕਹੀਆਂ, ਆਓ ਆਪਾਂ ਇਕ-ਇਕ ਕਰ ਕੇ ਉਨ੍ਹਾਂ ʼਤੇ ਗੌਰ ਕਰੀਏ।
7. ਆਇਤ 5 ਵਿਚ ਲਿਖੀ ਗੱਲ ਕੌਣ ਕਹਿ ਰਿਹਾ ਹੈ ਅਤੇ ਇਹ ਸ਼ਬਦ ਮਾਅਨੇ ਕਿਉਂ ਰੱਖਦੇ ਹਨ?
7 ਆਇਤ 5 ਵਿਚ ਪਰਮੇਸ਼ੁਰ ਨੇ ਜੋ ਗਾਰੰਟੀ ਦਿੱਤੀ ਹੈ, ਉਹ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ।” (ਪ੍ਰਕਾ. 21:5ੳ) ਇਹ ਸ਼ਬਦ ਮਾਅਨੇ ਰੱਖਦੇ ਹਨ ਕਿਉਂਕਿ ਪ੍ਰਕਾਸ਼ ਦੀ ਕਿਤਾਬ ਵਿਚ ਦਰਜ ਦਰਸ਼ਣਾਂ ਵਿਚ ਯਹੋਵਾਹ ਨੇ ਤਿੰਨ ਮੌਕਿਆਂ ʼਤੇ ਆਪ ਗੱਲ ਕੀਤੀ ਅਤੇ ਇਹ ਉਨ੍ਹਾਂ ਵਿੱਚੋਂ ਇਕ ਹੈ। ਇਹ ਗਾਰੰਟੀ ਨਾ ਤਾਂ ਕਿਸੇ ਤਾਕਤਵਰ ਦੂਤ ਨੇ ਅਤੇ ਨਾ ਹੀ ਸਵਰਗ ਜਾਣ ਤੋਂ ਬਾਅਦ ਯਿਸੂ ਨੇ ਦਿੱਤੀ, ਸਗੋਂ ਖ਼ੁਦ ਯਹੋਵਾਹ ਨੇ ਦਿੱਤੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਸ ਨੇ ਅੱਗੇ ਜੋ ਗੱਲਾਂ ਕਹੀਆਂ, ਅਸੀਂ ਉਸ ʼਤੇ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ। ਕਿਉਂ? ਕਿਉਂਕਿ ਯਹੋਵਾਹ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁ. 1:2) ਇਸ ਲਈ ਪ੍ਰਕਾਸ਼ ਦੀ ਕਿਤਾਬ 21:5, 6 ਵਿਚ ਲਿਖੀ ਗੱਲ ਪੂਰੀ ਤਰ੍ਹਾਂ ਭਰੋਸੇ ਦੇ ਲਾਇਕ ਹੈ।
“ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ”
8. ਯਹੋਵਾਹ ਨੇ ਇਸ ਗੱਲ ʼਤੇ ਕਿਵੇਂ ਯਕੀਨ ਦਿਵਾਇਆ ਕਿ ਉਸ ਦਾ ਵਾਅਦਾ ਹਰ ਹਾਲ ਵਿਚ ਪੂਰਾ ਹੋਵੇਗਾ? (ਯਸਾਯਾਹ 46:10)
8 ਹੁਣ ਆਓ ਆਪਾਂ ਇਕ ਸ਼ਬਦ ʼਤੇ ਗੌਰ ਕਰੀਏ, “ਦੇਖ!” (ਪ੍ਰਕਾ. 21:5) ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਦੇਖ!” ਕੀਤਾ ਗਿਆ ਹੈ, ਉਹ ਪ੍ਰਕਾਸ਼ ਦੀ ਕਿਤਾਬ ਵਿਚ ਵਾਰ-ਵਾਰ ਵਰਤਿਆ ਗਿਆ ਹੈ। ਇਕ ਕਿਤਾਬ ਦੱਸਦੀ ਹੈ ਕਿ ਇਸ ਦੀ ਵਰਤੋਂ ਅਕਸਰ ਅੱਗੇ ਕਹੀ ਗਈ ਗੱਲ ਵੱਲ ਧਿਆਨ ਦਿਵਾਉਣ ਲਈ ਕੀਤੀ ਜਾਂਦੀ ਹੈ। ਸੋ ਅੱਗੇ ਕੀ ਦੱਸਿਆ ਗਿਆ ਹੈ? ਪਰਮੇਸ਼ੁਰ ਨੇ ਕਿਹਾ: “ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਇਹ ਸੱਚ ਹੈ ਕਿ ਯਹੋਵਾਹ ਇੱਥੇ ਭਵਿੱਖ ਬਾਰੇ ਗੱਲ ਕਰ ਰਿਹਾ ਹੈ, ਪਰ ਉਸ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਹ ਇਸ ਬਾਰੇ ਇੱਦਾਂ ਗੱਲ ਕਰਦਾ ਹੈ ਜਿਵੇਂ ਇਹ ਹੁਣ ਤੋਂ ਹੀ ਪੂਰਾ ਹੋਣਾ ਸ਼ੁਰੂ ਹੋ ਗਿਆ ਹੋਵੇ।—ਯਸਾਯਾਹ 46:10 ਪੜ੍ਹੋ।
9. (ੳ) “ਸਭ ਕੁਝ ਨਵਾਂ ਬਣਾਉਂਦਾ ਹਾਂ” ਵਾਕ ਤੋਂ ਸਾਨੂੰ ਯਹੋਵਾਹ ਦੇ ਕਿਹੜੇ ਦੋ ਕੰਮਾਂ ਬਾਰੇ ਪਤਾ ਲੱਗਦਾ ਹੈ? (ਅ) ਪੁਰਾਣੇ “ਆਕਾਸ਼” ਅਤੇ ਪੁਰਾਣੀ “ਧਰਤੀ” ਦਾ ਕੀ ਹੋਵੇਗਾ?
9 ਆਓ ਆਪਾਂ ਪ੍ਰਕਾਸ਼ ਦੀ ਕਿਤਾਬ 21:5 ਦੇ ਅਗਲੇ ਵਾਕ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੀਏ। ਯਹੋਵਾਹ ਨੇ ਕਿਹਾ: “ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਪ੍ਰਕਾਸ਼ ਦੀ ਕਿਤਾਬ ਦੇ ਇਸ ਅਧਿਆਇ ਵਿਚ ਦਿੱਤੇ ਇਸ ਵਾਕ ਤੋਂ ਸਾਨੂੰ ਅਜਿਹੇ ਦੋ ਕੰਮਾਂ ਬਾਰੇ ਪਤਾ ਲੱਗਦਾ ਹੈ ਜੋ ਯਹੋਵਾਹ ਕਰੇਗਾ। ਪਹਿਲਾ, ਯਹੋਵਾਹ ਪੁਰਾਣੀ ਦੁਨੀਆਂ ਦਾ ਨਾਸ਼ ਕਰੇਗਾ। ਦੂਜਾ, ਯਹੋਵਾਹ ਨਵੀਂ ਦੁਨੀਆਂ ਲਿਆਵੇਗਾ। ਪ੍ਰਕਾਸ਼ ਦੀ ਕਿਤਾਬ 21:1 ਵਿਚ ਅਸੀਂ ਪੜ੍ਹਦੇ ਹਾਂ: “ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ।” “ਪੁਰਾਣਾ ਆਕਾਸ਼” ਧਰਤੀ ਦੀਆਂ ਸਾਰੀਆਂ ਸਰਕਾਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ʼਤੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਪ੍ਰਭਾਵ ਹੈ। (ਮੱਤੀ 4:8, 9; 1 ਯੂਹੰ. 5:19) ਬਾਈਬਲ ਵਿਚ “ਧਰਤੀ” ਸ਼ਬਦ ਅਕਸਰ ਇਨਸਾਨਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। (ਉਤ. 11:1; ਜ਼ਬੂ. 96:1) ਇਸ ਲਈ “ਪੁਰਾਣੀ ਧਰਤੀ” ਅੱਜ ਦੇ ਦੁਸ਼ਟ ਇਨਸਾਨਾਂ ਨੂੰ ਦਰਸਾਉਂਦੀ ਹੈ। ਯਹੋਵਾਹ ਪੁਰਾਣੇ “ਆਕਾਸ਼” ਅਤੇ ਪੁਰਾਣੀ “ਧਰਤੀ” ਯਾਨੀ ਸਰਕਾਰਾਂ ਤੇ ਦੁਸ਼ਟ ਇਨਸਾਨਾਂ ਨੂੰ ਸੁਧਾਰੇਗਾ ਨਹੀਂ, ਸਗੋਂ ਉਹ ਉਨ੍ਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇਗਾ ਅਤੇ ਇਸ ਦੀ ਜਗ੍ਹਾ “ਨਵਾਂ ਆਕਾਸ਼ ਅਤੇ ਨਵੀਂ ਧਰਤੀ” ਲਿਆਵੇਗਾ ਯਾਨੀ ਨਵੀਂ ਸਰਕਾਰ ਅਤੇ ਧਰਮੀ ਲੋਕਾਂ ਦਾ ਨਵਾਂ ਸਮਾਜ।
10. ਯਹੋਵਾਹ ਕੀ ਕੁਝ ਨਵਾਂ ਬਣਾਵੇਗਾ?
10 ਹੁਣ ਗੌਰ ਕਰੋ ਕਿ ਯਹੋਵਾਹ ਜਿਨ੍ਹਾਂ ਚੀਜ਼ਾਂ ਨੂੰ ਨਵਾਂ ਬਣਾਵੇਗਾ, ਉਨ੍ਹਾਂ ਬਾਰੇ ਉਸ ਨੇ ਕੀ ਕਿਹਾ। ਧਿਆਨ ਦਿਓ ਕਿ ਉਸ ਨੇ ਇਹ ਨਹੀਂ ਕਿਹਾ, “ਮੈਂ ਸਭ ਕੁਝ ਨਵੇਂ ਸਿਰਿਓਂ ਬਣਾਉਂਦਾ ਹਾਂ,” ਸਗੋਂ ਉਸ ਨੇ ਕਿਹਾ, “ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” (ਪ੍ਰਕਾ. 21:5) ਇਸ ਦਾ ਮਤਲਬ ਹੈ ਕਿ ਯਹੋਵਾਹ ਇਨਸਾਨਾਂ ਅਤੇ ਧਰਤੀ ਦੀ ਹਾਲਤ ਇੰਨੀ ਵਧੀਆ ਕਰ ਦੇਵੇਗਾ ਕਿ ਉਹ ਇਕਦਮ ਨਵੀਂ ਵਰਗੀ ਹੋ ਜਾਵੇਗੀ। ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਪੂਰੀ ਧਰਤੀ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਈ ਜਾਵੇਗੀ। ਨਾਲੇ ਹਰ ਇਨਸਾਨ ਮੁਕੰਮਲ ਹੋ ਜਾਵੇਗਾ। ਉਹ ਇੱਦਾਂ ਹੋਣਗੇ ਜਿਵੇਂ ਉਨ੍ਹਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ। ਜਿਹੜੇ ਤੁਰ-ਫਿਰ ਨਹੀਂ ਸਕਦੇ, ਦੇਖ ਨਹੀਂ ਦੇਖ ਸਕਦੇ ਤੇ ਸੁਣ ਨਹੀਂ ਸਕਦੇ, ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਵੇਗਾ ਅਤੇ ਇੱਥੋਂ ਤਕ ਕਿ ਮਰ ਚੁੱਕੇ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ।—ਯਸਾ. 25:8; 35:1-7.
“ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ . . . ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!”
11. ਯਹੋਵਾਹ ਨੇ ਯੂਹੰਨਾ ਨੂੰ ਕੀ ਕਰਨ ਦਾ ਹੁਕਮ ਦਿੱਤਾ ਅਤੇ ਕਿਉਂ?
11 ਪਰਮੇਸ਼ੁਰ ਨੇ ਹੋਰ ਕਿਹੜੀ ਗਾਰੰਟੀ ਦਿੱਤੀ? ਯਹੋਵਾਹ ਨੇ ਯੂਹੰਨਾ ਨੂੰ ਕਿਹਾ: “ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” (ਪ੍ਰਕਾ. 21:5) ਯਹੋਵਾਹ ਨੇ ਯੂਹੰਨਾ ਨੂੰ ਸਿਰਫ਼ ਹੁਕਮ ਹੀ ਨਹੀਂ ਦਿੱਤਾ ਕਿ “ਲਿਖ,” ਸਗੋਂ ਉਸ ਨੇ ਇਸ ਦਾ ਕਾਰਨ ਵੀ ਦੱਸਿਆ। ਉਸ ਨੇ ਕਿਹਾ: “ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯੂਹੰਨਾ ਨੇ ਪਰਮੇਸ਼ੁਰ ਦਾ ਹੁਕਮ ਮੰਨਦਿਆਂ ਇਹ ਗੱਲਾਂ ‘ਲਿਖੀਆਂ।’ ਇਸ ਕਰਕੇ ਅੱਜ ਅਸੀਂ ਨਵੀਂ ਦੁਨੀਆਂ ਬਾਰੇ ਕੀਤੇ ਪਰਮੇਸ਼ੁਰ ਦੇ ਵਾਅਦੇ ਨੂੰ ਪੜ੍ਹ ਸਕਦੇ ਹਾਂ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਸ਼ਾਨਦਾਰ ਬਰਕਤਾਂ ʼਤੇ ਸੋਚ-ਵਿਚਾਰ ਕਰ ਸਕਦੇ ਹਾਂ।
12. ਯਹੋਵਾਹ ਨੇ ਇੱਦਾਂ ਕਿਉਂ ਕਿਹਾ, “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ”?
12 ਪਰਮੇਸ਼ੁਰ ਨੇ ਅੱਗੇ ਕੀ ਕਿਹਾ? ਉਸ ਨੇ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” (ਪ੍ਰਕਾ. 21:6) ਯਹੋਵਾਹ ਇੱਥੇ ਇੱਦਾਂ ਗੱਲ ਕਰਦਾ ਹੈ ਜਿੱਦਾਂ ਇਹ ਵਾਅਦਾ ਪਹਿਲਾਂ ਹੀ ਪੂਰਾ ਹੋ ਚੁੱਕਾ ਹੋਵੇ। ਨਾਲੇ ਉਸ ਦਾ ਇਸ ਤਰ੍ਹਾਂ ਕਹਿਣਾ ਸਹੀ ਵੀ ਹੈ। ਕਿਉਂ? ਕਿਉਂਕਿ ਕੋਈ ਵੀ ਉਸ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ। ਯਹੋਵਾਹ ਇਕ ਹੋਰ ਗਾਰੰਟੀ ਦਿੰਦਾ ਹੈ ਜਿਸ ਤੋਂ ਸਾਡਾ ਭਰੋਸਾ ਹੋਰ ਪੱਕਾ ਹੁੰਦਾ ਹੈ ਕਿ ਉਸ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ। ਇਹ ਗਾਰੰਟੀ ਕੀ ਹੈ?
“ਮੈਂ ‘ਐਲਫਾ ਅਤੇ ਓਮੇਗਾ’ ਹਾਂ”
13. ਯਹੋਵਾਹ ਨੇ ਇਹ ਕਿਉਂ ਕਿਹਾ, “ਮੈਂ ‘ਐਲਫਾ ਅਤੇ ਓਮੇਗਾ’ ਹਾਂ”?
13 ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਯੂਹੰਨਾ ਨੂੰ ਦਰਸ਼ਣ ਦਿੰਦੇ ਵੇਲੇ ਤਿੰਨ ਮੌਕਿਆਂ ʼਤੇ ਯਹੋਵਾਹ ਖ਼ੁਦ ਬੋਲਿਆ ਸੀ। (ਪ੍ਰਕਾ. 1:8, ਫੁਟਨੋਟ; 21:5, 6; 22:13) ਹਰ ਮੌਕੇ ʼਤੇ ਯਹੋਵਾਹ ਨੇ ਇਹੀ ਗੱਲ ਕਹੀ: “ਮੈਂ ‘ਐਲਫਾ ਅਤੇ ਓਮੇਗਾ’ ਹਾਂ” ਯਾਨੀ ‘ਸ਼ੁਰੂਆਤ ਅਤੇ ਅੰਤ ਹਾਂ।’ “ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ। ਤਾਂ ਫਿਰ ਜਦੋਂ ਯਹੋਵਾਹ ਨੇ ਇਹ ਕਿਹਾ ਕਿ “ਮੈਂ ਹੀ ‘ਐਲਫਾ ਅਤੇ ਓਮੇਗਾ’ ਹਾਂ,” ਤਾਂ ਇਸ ਦਾ ਕੀ ਮਤਲਬ ਸੀ? ਇਸ ਦਾ ਮਤਲਬ ਸੀ ਕਿ ਉਹ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ।
14. (ੳ) ਉਦਾਹਰਣ ਦਿਓ ਕਿ ਯਹੋਵਾਹ ਨੇ “ਐਲਫਾ” ਕਦੋਂ ਕਿਹਾ ਅਤੇ ਉਹ “ਓਮੇਗਾ” ਕਦੋਂ ਕਹੇਗਾ? (ਅ) ਉਤਪਤ 2:1-3 ਵਿਚ ਕਿਹੜੀ ਗਾਰੰਟੀ ਪਾਈ ਜਾਂਦੀ ਹੈ?
14 ਆਦਮ ਅਤੇ ਹੱਵਾਹ ਨੂੰ ਬਣਾਉਣ ਤੋਂ ਬਾਅਦ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਧਰਤੀ ਅਤੇ ਇਨਸਾਨਾਂ ਲਈ ਉਸ ਦਾ ਕੀ ਮਕਸਦ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਕਿਹਾ: ‘ਵਧੋ-ਫੁੱਲੋ ਅਤੇ ਧਰਤੀ ਨੂੰ ਭਰ ਦਿਓ ਅਤੇ ਇਸ ʼਤੇ ਅਧਿਕਾਰ ਰੱਖੋ।’” (ਉਤ. 1:28) ਇਸ ਤਰ੍ਹਾਂ ਜਦੋਂ ਯਹੋਵਾਹ ਨੇ ਆਪਣਾ ਮਕਸਦ ਦੱਸਿਆ, ਤਾਂ ਉਹ ਇਕ ਸ਼ੁਰੂਆਤ ਸੀ। ਉਸ ਵੇਲੇ ਯਹੋਵਾਹ ਨੇ ਇਕ ਤਰ੍ਹਾਂ ਨਾਲ ਕਿਹਾ, “ਐਲਫਾ।” ਆਉਣ ਵਾਲੇ ਸਮੇਂ ਵਿਚ ਆਦਮ ਤੇ ਹੱਵਾਹ ਦੇ ਮੁਕੰਮਲ ਤੇ ਆਗਿਆਕਾਰ ਬੱਚੇ ਧਰਤੀ ਨੂੰ ਭਰ ਦੇਣਗੇ ਅਤੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਣਗੇ। ਸੋ ਜਦੋਂ ਭਵਿੱਖ ਵਿਚ ਯਹੋਵਾਹ ਦਾ ਮਕਸਦ ਪੂਰਾ ਹੋਵੇਗਾ, ਤਾਂ ਉਹ ਇਕ ਤਰ੍ਹਾਂ ਨਾਲ ਕਹੇਗਾ, “ਓਮੇਗਾ।” ਯਹੋਵਾਹ ਨੇ “ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ” ਬਣਾਉਣ ਤੋਂ ਬਾਅਦ ਇਕ ਗਾਰੰਟੀ ਦਿੱਤੀ। ਇਹ ਗਾਰੰਟੀ ਉਤਪਤ 2:1-3 (ਪੜ੍ਹੋ।) ਵਿਚ ਪਾਈ ਜਾਂਦੀ ਹੈ। ਯਹੋਵਾਹ ਨੇ ਸੱਤਵੇਂ ਦਿਨ ਨੂੰ ਆਪਣੇ ਲਈ ਪਵਿੱਤਰ ਠਹਿਰਾਇਆ। ਇਸ ਦਾ ਕੀ ਮਤਲਬ ਹੈ? ਯਹੋਵਾਹ ਨੇ ਗਾਰੰਟੀ ਦਿੱਤੀ ਕਿ ਇਨਸਾਨਾਂ ਤੇ ਧਰਤੀ ਲਈ ਰੱਖਿਆ ਉਸ ਦਾ ਮਕਸਦ ਪੂਰਾ ਕਰਨ ਵਿਚ ਕੋਈ ਵੀ ਚੀਜ਼ ਉਸ ਨੂੰ ਰੋਕ ਨਹੀਂ ਸਕਦੀ। ਨਾਲੇ ਸੱਤਵੇਂ ਦਿਨ ਦੇ ਅਖ਼ੀਰ ਵਿਚ ਉਹ ਆਪਣਾ ਮਕਸਦ ਹਰ ਹਾਲ ਵਿਚ ਪੂਰਾ ਕਰੇਗਾ।
15. ਸ਼ਾਇਦ ਸ਼ੈਤਾਨ ਨੇ ਕਿਉਂ ਸੋਚਿਆ ਹੋਵੇ ਕਿ ਉਸ ਨੇ ਪਰਮੇਸ਼ੁਰ ਨੂੰ ਇਨਸਾਨਾਂ ਲਈ ਰੱਖਿਆ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਦਿੱਤਾ ਹੈ?
15 ਆਦਮ ਅਤੇ ਹੱਵਾਹ ਦੇ ਬਗਾਵਤ ਕਰਨ ਤੋਂ ਬਾਅਦ ਉਹ ਪਾਪੀ ਬਣ ਗਏ ਅਤੇ ਉਨ੍ਹਾਂ ਨੇ ਇਹ ਪਾਪ ਤੇ ਮੌਤ ਆਪਣੇ ਬੱਚਿਆਂ ਨੂੰ ਵਿਰਾਸਤ ਵਿਚ ਦਿੱਤੀ। (ਰੋਮੀ. 5:12) ਇਸ ਕਰਕੇ ਸ਼ਾਇਦ ਸ਼ੈਤਾਨ ਨੂੰ ਲੱਗਾ ਹੋਣਾ ਕਿ ਉਸ ਨੇ ਯਹੋਵਾਹ ਦੇ ਮਕਸਦ ਵਿਚ ਰੁਕਾਵਟ ਖੜ੍ਹੀ ਕਰ ਦਿੱਤੀ ਹੈ। ਹੁਣ ਪੂਰੀ ਧਰਤੀ ਕਦੇ ਵੀ ਮੁਕੰਮਲ ਤੇ ਆਗਿਆਕਾਰ ਲੋਕਾਂ ਨਾਲ ਨਹੀਂ ਭਰ ਸਕੇਗੀ। ਸ਼ਾਇਦ ਸ਼ੈਤਾਨ ਨੂੰ ਇੱਦਾਂ ਲੱਗਾ ਹੋਣਾ ਕਿ ਉਸ ਨੇ ਯਹੋਵਾਹ ਲਈ “ਓਮੇਗਾ” ਕਹਿਣਾ ਨਾਮੁਮਕਿਨ ਕਰ ਦਿੱਤਾ ਸੀ। ਸ਼ੈਤਾਨ ਨੇ ਸ਼ਾਇਦ ਸੋਚਿਆ ਹੋਵੇ ਕਿ ਯਹੋਵਾਹ ਕੋਲ ਹੁਣ ਬੱਸ ਇਕ-ਅੱਧਾ ਰਾਹ ਹੀ ਬਚਿਆ ਹੈ ਕਿ ਉਹ ਆਦਮ ਤੇ ਹੱਵਾਹ ਨੂੰ ਮਾਰ ਦੇਵੇ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰਨ ਲਈ ਇਕ ਨਵਾਂ ਮੁਕੰਮਲ ਜੋੜਾ ਬਣਾਵੇ। ਪਰ ਜੇ ਪਰਮੇਸ਼ੁਰ ਇੱਦਾਂ ਕਰਦਾ, ਤਾਂ ਸ਼ੈਤਾਨ ਨੇ ਯਹੋਵਾਹ ʼਤੇ ਦੋਸ਼ ਲਾਉਣਾ ਸੀ ਕਿ ਉਹ ਝੂਠਾ ਹੈ। ਕਿਉਂ? ਕਿਉਂਕਿ ਉਤਪਤ 1:28 ਵਿਚ ਲਿਖਿਆ ਹੈ ਕਿ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਬੱਚੇ ਪੂਰੀ ਧਰਤੀ ਨੂੰ ਭਰ ਦੇਣਗੇ।
16. ਸ਼ੈਤਾਨ ਨੇ ਸ਼ਾਇਦ ਇੱਦਾਂ ਕਿਉਂ ਸੋਚਿਆ ਹੋਣਾ ਕਿ ਉਹ ਯਹੋਵਾਹ ʼਤੇ ਅਸਫ਼ਲ ਹੋਣ ਦਾ ਦੋਸ਼ ਲਾ ਸਕਦਾ ਸੀ?
16 ਸ਼ੈਤਾਨ ਨੇ ਸ਼ਾਇਦ ਕੀ ਸੋਚਿਆ ਹੋਣਾ ਕਿ ਪਰਮੇਸ਼ੁਰ ਕੋਲ ਹੋਰ ਕਿਹੜਾ ਰਾਹ ਬਚਿਆ ਹੈ? ਸ਼ਾਇਦ ਸ਼ੈਤਾਨ ਨੇ ਸੋਚਿਆ ਹੋਣਾ ਕਿ ਜੇ ਯਹੋਵਾਹ ਆਦਮ ਤੇ ਹੱਵਾਹ ਨੂੰ ਨਾਮੁਕੰਮਲ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਵੀ ਦੇਵੇ, ਤਾਂ ਵੀ ਉਨ੍ਹਾਂ ਦੇ ਬੱਚਿਆਂ ਨੇ ਕਦੇ ਮੁਕੰਮਲ ਨਹੀਂ ਹੋਣਾ ਸੀ। (ਉਪ. 7:20; ਰੋਮੀ. 3:23) ਜੇ ਇੱਦਾਂ ਹੁੰਦਾ, ਤਾਂ ਸ਼ੈਤਾਨ ਨੇ ਯਹੋਵਾਹ ʼਤੇ ਦੋਸ਼ ਲਾਉਣਾ ਸੀ ਕਿ ਉਹ ਆਪਣਾ ਮਕਸਦ ਪੂਰਾ ਕਰਨ ਵਿਚ ਅਸਫ਼ਲ ਰਿਹਾ ਹੈ। ਕਿਉਂ? ਕਿਉਂਕਿ ਨਾ ਤਾਂ ਧਰਤੀ ਕਦੇ ਬਾਗ਼ ਵਰਗੀ ਸੋਹਣੀ ਬਣਨੀ ਸੀ ਤੇ ਨਾ ਹੀ ਆਦਮ ਤੇ ਹੱਵਾਹ ਦੇ ਮੁਕੰਮਲ ਬੱਚਿਆਂ ਨਾਲ ਭਰਨੀ ਸੀ।
17. ਸ਼ੈਤਾਨ ਅਤੇ ਪਹਿਲੇ ਜੋੜੇ ਦੀ ਬਗਾਵਤ ਕਰਕੇ ਖੜ੍ਹੇ ਹੋਏ ਮਸਲੇ ਨੂੰ ਯਹੋਵਾਹ ਨੇ ਕਿੱਦਾਂ ਸੁਲਝਾਇਆ? (ਅ) ਰਿਹਾਈ ਦੀ ਕੀਮਤ ਦੇ ਪ੍ਰਬੰਧ ਕਰਕੇ ਕੀ ਮੁਮਕਿਨ ਹੋਵੇਗਾ? (ਤਸਵੀਰ ਵੀ ਦੇਖੋ।)
17 ਸ਼ੈਤਾਨ ਅਤੇ ਪਹਿਲੇ ਜੋੜੇ ਦੀ ਬਗਾਵਤ ਕਰਕੇ ਖੜ੍ਹੇ ਹੋਏ ਮਸਲੇ ਨੂੰ ਯਹੋਵਾਹ ਨੇ ਜਿਸ ਤਰੀਕੇ ਨਾਲ ਸੁਲਝਾਇਆ ਉਸ ਨੂੰ ਦੇਖ ਕੇ ਸ਼ੈਤਾਨ ਜ਼ਰੂਰ ਹੈਰਾਨ-ਪਰੇਸ਼ਾਨ ਰਹਿ ਗਿਆ ਹੋਣਾ। (ਜ਼ਬੂ. 92:5) ਆਦਮ ਤੇ ਹੱਵਾਹ ਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਹ ਸੱਚਾ ਹੈ, ਨਾ ਕਿ ਝੂਠਾ। ਨਾਲੇ ਅਸਫ਼ਲ ਹੋਣ ਦੀ ਬਜਾਇ ਯਹੋਵਾਹ ਦੀ ਸ਼ਾਨਦਾਰ ਜਿੱਤ ਹੋਈ। ਉਸ ਨੇ ਇਕ “ਸੰਤਾਨ” ਦਾ ਪ੍ਰਬੰਧ ਕੀਤਾ ਜੋ ਆਦਮ ਤੇ ਹੱਵਾਹ ਦੇ ਆਗਿਆਕਾਰ ਬੱਚਿਆਂ ਨੂੰ ਬਚਾਵੇਗੀ। ਇੱਦਾਂ ਕਰ ਕੇ ਯਹੋਵਾਹ ਨੇ ਪੂਰਾ ਧਿਆਨ ਰੱਖਿਆ ਕਿ ਉਸ ਦਾ ਮਕਸਦ ਪੂਰਾ ਹੋਵੇ। (ਉਤ. 3:15; 22:18) ਯਹੋਵਾਹ ਵੱਲੋਂ ਕੀਤੇ ਰਿਹਾਈ ਦੇ ਕੀਮਤ ਦੇ ਪ੍ਰਬੰਧ ਨੂੰ ਦੇਖ ਕੇ ਸ਼ੈਤਾਨ ਜ਼ਰੂਰ ਦੰਗ ਰਹਿ ਗਿਆ ਹੋਣਾ। ਕਿਉਂ? ਕਿਉਂਕਿ ਸ਼ੈਤਾਨ ਇਕ ਨੰਬਰ ਦਾ ਸੁਆਰਥੀ ਹੈ, ਪਰ ਯਹੋਵਾਹ ਦਾ ਇਹ ਪ੍ਰਬੰਧ ਨਿਰਸੁਆਰਥ ਪਿਆਰ ʼਤੇ ਆਧਾਰਿਤ ਹੈ। (ਮੱਤੀ 20:28; ਯੂਹੰ. 3:16) ਰਿਹਾਈ ਦੇ ਕੀਮਤ ਦੇ ਪ੍ਰਬੰਧ ਕਰਕੇ ਕੀ ਮੁਮਕਿਨ ਹੋਵੇਗਾ? ਹਜ਼ਾਰ ਸਾਲ ਦੇ ਅਖ਼ੀਰ ਵਿਚ ਆਦਮ ਤੇ ਹੱਵਾਹ ਦੇ ਮੁਕੰਮਲ ਅਤੇ ਆਗਿਆਕਾਰ ਬੱਚੇ ਬਾਗ਼ ਵਰਗੀ ਸੋਹਣੀ ਧਰਤੀ ʼਤੇ ਰਹਿਣਗੇ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਯਹੋਵਾਹ ਨੇ ਸ਼ੁਰੂ ਵਿਚ ਆਪਣਾ ਮਕਸਦ ਦੱਸਿਆ ਸੀ। ਉਸ ਵੇਲੇ ਯਹੋਵਾਹ ਇਕ ਤਰ੍ਹਾਂ ਨਾਲ ਕਹੇਗਾ, “ਓਮੇਗਾ।”
ਨਵੀਂ ਦੁਨੀਆਂ ਦੇ ਵਾਅਦੇ ʼਤੇ ਅਸੀਂ ਆਪਣਾ ਭਰੋਸਾ ਕਿਵੇਂ ਪੱਕਾ ਕਰੀਏ?
18. ਪਰਮੇਸ਼ੁਰ ਨੇ ਆਪਣੇ ਵਾਅਦੇ ʼਤੇ ਭਰੋਸਾ ਦਿਵਾਉਣ ਲਈ ਸਾਨੂੰ ਕਿਹੜੇ ਤਿੰਨ ਕਾਰਨ ਦਿੱਤੇ ਹਨ? (“ਯਹੋਵਾਹ ਦੇ ਵਾਅਦੇ ʼਤੇ ਭਰੋਸਾ ਕਰਨ ਦੇ ਤਿੰਨ ਕਾਰਨ” ਨਾਂ ਦੀ ਡੱਬੀ ਵੀ ਦੇਖੋ।)
18 ਇਸ ਲੇਖ ਵਿਚ ਅਸੀਂ ਕੁਝ ਕਾਰਨਾਂ ʼਤੇ ਗੌਰ ਕੀਤਾ ਜਿਨ੍ਹਾਂ ਕਰਕੇ ਅਸੀਂ ਪੱਕਾ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ। ਪਰ ਜੋ ਲੋਕ ਇਸ ਗੱਲ ʼਤੇ ਸ਼ੱਕ ਕਰਦੇ ਹਨ, ਅਸੀਂ ਉਨ੍ਹਾਂ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ? ਅਸੀਂ ਉਨ੍ਹਾਂ ਨੂੰ ਤਿੰਨ ਗੱਲਾਂ ਕਹਿ ਸਕਦੇ ਹਾਂ। ਪਹਿਲੀ, ਯਹੋਵਾਹ ਨੇ ਆਪ ਇਹ ਵਾਅਦਾ ਕੀਤਾ ਹੈ। ਪ੍ਰਕਾਸ਼ ਦੀ ਕਿਤਾਬ ਕਹਿੰਦੀ ਹੈ: “ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਨੇ ਕਿਹਾ: ‘ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।’” ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਕੋਲ ਬੁੱਧ ਅਤੇ ਤਾਕਤ ਹੈ। ਨਾਲੇ ਉਹ ਆਪਣਾ ਵਾਅਦਾ ਪੂਰਾ ਕਰਨਾ ਵੀ ਚਾਹੁੰਦਾ ਹੈ। ਦੂਜੀ, ਯਹੋਵਾਹ ਲਈ ਇਹ ਵਾਅਦਾ ਇੰਨਾ ਪੱਕਾ ਹੈ ਕਿ ਉਸ ਲਈ ਇਹ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸ ਲਈ ਉਸ ਨੇ ਕਿਹਾ: “ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ। . . . ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” ਤੀਜੀ, ਯਹੋਵਾਹ ਜੋ ਵੀ ਕੰਮ ਸ਼ੁਰੂ ਕਰਦਾ ਹੈ, ਉਹ ਉਸ ਨੂੰ ਹਰ ਹਾਲ ਵਿਚ ਪੂਰਾ ਵੀ ਕਰਦਾ ਹੈ। ਇਸੇ ਕਰਕੇ ਉਸ ਨੇ ਕਿਹਾ: “ਮੈਂ ‘ਐਲਫਾ ਅਤੇ ਓਮੇਗਾ’ ਹਾਂ।” ਯਹੋਵਾਹ ਸਾਬਤ ਕਰੇਗਾ ਕਿ ਸ਼ੈਤਾਨ ਝੂਠਾ ਹੈ ਅਤੇ ਉਸ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ।
19. ਜਦੋਂ ਕੋਈ ਨਵੀਂ ਦੁਨੀਆਂ ਬਾਰੇ ਕੀਤੇ ਪਰਮੇਸ਼ੁਰ ਦੇ ਵਾਅਦੇ ʼਤੇ ਸ਼ੱਕ ਕਰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
19 ਯਾਦ ਰੱਖੋ ਕਿ ਹਰ ਵਾਰ ਪ੍ਰਚਾਰ ਕਰਦਿਆਂ ਜਦੋਂ ਵੀ ਤੁਸੀਂ ਦੂਜਿਆਂ ਨੂੰ ਪਰਮੇਸ਼ੁਰ ਦੀ ਦਿੱਤੀ ਗਾਰੰਟੀ ਬਾਰੇ ਦੱਸਦੇ ਹੋ, ਤਾਂ ਉਸ ਦੇ ਵਾਅਦਿਆਂ ʼਤੇ ਤੁਹਾਡਾ ਭਰੋਸਾ ਹੋਰ ਪੱਕਾ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਅਗਲੀ ਵਾਰ ਕਿਸੇ ਨੂੰ ਪ੍ਰਕਾਸ਼ ਦੀ ਕਿਤਾਬ 21:4 ਪੜ੍ਹ ਕੇ ਸਮਝਾਉਂਦੇ ਹੋ ਕਿ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਕੀ-ਕੀ ਕਰੇਗਾ ਅਤੇ ਉਹ ਤੁਹਾਨੂੰ ਕਹੇ, “ਇਹ ਤਾਂ ਸਿਰਫ਼ ਕਹਿਣ ਦੀਆਂ ਗੱਲਾਂ ਹਨ, ਇੱਦਾਂ ਕਦੇ ਨਹੀਂ ਹੋਣਾ,” ਤਾਂ ਫਿਰ ਤੁਸੀਂ ਕੀ ਕਹਿ ਸਕਦੇ ਹੋ? ਕਿਉਂ ਨਾ ਤੁਸੀਂ ਉਸ ਨੂੰ ਆਇਤਾਂ 5 ਅਤੇ 6 ਪੜ੍ਹ ਕੇ ਸਮਝਾਓ। ਉਸ ਨੂੰ ਦੱਸੋ ਕਿ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ ਅਤੇ ਉਸ ਵਾਅਦੇ ਹੇਠਾਂ ਇਕ ਤਰ੍ਹਾਂ ਨਾਲ ਉਸ ਨੇ ਆਪਣੇ ਸਾਈਨ ਕੀਤੇ ਹਨ।—ਯਸਾ. 65:16.
ਗੀਤ 145 ਨਵੀਂ ਦੁਨੀਆਂ ਦਾ ਵਾਅਦਾ
a ਯਹੋਵਾਹ ਨੇ ਗਾਰੰਟੀ ਦਿੱਤੀ ਹੈ ਕਿ ਉਹ ਨਵੀਂ ਦੁਨੀਆਂ ਬਾਰੇ ਕੀਤਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਇਸ ਲੇਖ ਵਿਚ ਅਸੀਂ ਇਸ ਗਾਰੰਟੀ ʼਤੇ ਚਰਚਾ ਕਰਾਂਗੇ। ਹਰ ਵਾਰ ਜਦੋਂ ਅਸੀਂ ਦੂਜਿਆਂ ਨੂੰ ਇਸ ਗਾਰੰਟੀ ਬਾਰੇ ਦੱਸਦੇ ਹਾਂ, ਤਾਂ ਯਹੋਵਾਹ ਦੇ ਵਾਅਦਿਆਂ ʼਤੇ ਸਾਡਾ ਭਰੋਸਾ ਹੋਰ ਪੱਕਾ ਹੁੰਦਾ ਹੈ।