ਅਧਿਐਨ ਲੇਖ 21
ਪ੍ਰਕਾਸ਼ ਦੀ ਕਿਤਾਬ—ਇਹ ਤੁਹਾਡੇ ਭਵਿੱਖ ਬਾਰੇ ਕੀ ਦੱਸਦੀ ਹੈ?
“ਆਮੀਨ! ਪ੍ਰਭੂ ਯਿਸੂ ਆ।”—ਪ੍ਰਕਾ. 22:20.
ਗੀਤ 142 ਆਪਣੀ ਉਮੀਦ ਨੂੰ ਘੁੱਟ ਕੇ ਫੜੀ ਰੱਖੋ
ਖ਼ਾਸ ਗੱਲਾਂa
1. ਅੱਜ ਸਾਰੇ ਲੋਕਾਂ ਨੇ ਕਿਹੜਾ ਇਕ ਜ਼ਰੂਰੀ ਫ਼ੈਸਲਾ ਲੈਣਾ ਹੈ?
ਅੱਜ ਸਾਰੇ ਲੋਕਾਂ ਨੇ ਇਕ ਜ਼ਰੂਰੀ ਫ਼ੈਸਲਾ ਲੈਣਾ ਹੈ। ਇਹ ਫ਼ੈਸਲਾ ਹੈ: ਕੀ ਉਹ ਯਹੋਵਾਹ ਪਰਮੇਸ਼ੁਰ ਦਾ ਸਾਥ ਦੇਣਗੇ ਜੋ ਪੂਰੇ ਬ੍ਰਹਿਮੰਡ ʼਤੇ ਰਾਜ ਕਰਨ ਦਾ ਹੱਕਦਾਰ ਹੈ ਜਾਂ ਉਸ ਦੇ ਦੁਸ਼ਮਣ ਜ਼ਾਲਮ ਸ਼ੈਤਾਨ ਦਾ? ਉਹ ਦੋ ਕਿਸ਼ਤੀਆਂ ਵਿਚ ਪੈਰ ਨਹੀਂ ਰੱਖ ਸਕਦੇ। ਅੱਜ ਉਹ ਜੋ ਫ਼ੈਸਲਾ ਲੈਣਗੇ, ਉਸ ʼਤੇ ਹੀ ਨਿਰਭਰ ਕਰੇਗਾ ਕਿ ਭਵਿੱਖ ਵਿਚ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜਾਂ ਨਹੀਂ। (ਮੱਤੀ 25:31-33, 46) “ਮਹਾਂਕਸ਼ਟ” ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ʼਤੇ ਬਚਾਅ ਲਈ ਨਿਸ਼ਾਨ ਲਾਇਆ ਜਾਵੇਗਾ। (ਪ੍ਰਕਾ. 7:14; ਹਿਜ਼. 9:4, 6) ਪਰ ਜਿਨ੍ਹਾਂ ਉੱਤੇ ਵਹਿਸ਼ੀ ਦਰਿੰਦੇ ਦਾ ਨਿਸ਼ਾਨ ਲੱਗਾ ਹੋਵੇਗਾ, ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾ. 14:9-11.
2. (ੳ) ਇਬਰਾਨੀਆਂ 10:35-39 ਵਿਚ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ? (ਅ) ਪ੍ਰਕਾਸ਼ ਦੀ ਕਿਤਾਬ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
2 ਇਬਰਾਨੀਆਂ 10:35-39 ਪੜ੍ਹੋ। ਜੇ ਤੁਸੀਂ ਯਹੋਵਾਹ ਦੀ ਹਕੂਮਤ ਦਾ ਸਾਥ ਦੇਣ ਦਾ ਫ਼ੈਸਲਾ ਲਿਆ ਹੈ, ਤਾਂ ਤੁਸੀਂ ਬਿਲਕੁਲ ਸਹੀ ਫ਼ੈਸਲਾ ਲਿਆ ਹੈ। ਹੁਣ ਤੁਸੀਂ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਹੋ ਕਿ ਉਹ ਵੀ ਸਹੀ ਫ਼ੈਸਲਾ ਲੈਣ। ਇਸ ਤਰ੍ਹਾਂ ਕਰਨ ਲਈ ਤੁਸੀਂ ਪ੍ਰਕਾਸ਼ ਦੀ ਕਿਤਾਬ ਵਿਚ ਦੱਸੀ ਜਾਣਕਾਰੀ ਵਰਤ ਸਕਦੇ ਹੋ। ਇਸ ਵਿਚ ਨਾ ਸਿਰਫ਼ ਇਹ ਦੱਸਿਆ ਹੈ ਕਿ ਯਹੋਵਾਹ ਦੇ ਦੁਸ਼ਮਣਾਂ ਦਾ ਕੀ ਹਸ਼ਰ ਹੋਵੇਗਾ, ਸਗੋਂ ਇਹ ਵੀ ਦੱਸਿਆ ਹੈ ਕਿ ਯਹੋਵਾਹ ਦੇ ਵਫ਼ਾਦਾਰ ਲੋਕਾਂ ਨੂੰ ਕੀ ਬਰਕਤਾਂ ਮਿਲਣਗੀਆਂ। ਇਸ ਲਈ ਸਾਨੂੰ ਇਨ੍ਹਾਂ ਅਹਿਮ ਸੱਚਾਈਆਂ ਦਾ ਚੰਗੀ ਤਰ੍ਹਾਂ ਅਧਿਐਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੁੰਦਾ ਹੈ। ਨਾਲੇ ਅਸੀਂ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ ਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਅਤੇ ਇਸ ਫ਼ੈਸਲੇ ʼਤੇ ਪੱਕੇ ਰਹਿਣ।
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
3 ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ: ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਪਰਮੇਸ਼ੁਰ ਦੀ ਹਕੂਮਤ ਦਾ ਸਾਥ ਦਿੰਦੇ ਹਨ? ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ ਦਾ ਸਾਥ ਦਿੰਦੇ ਹਨ?
ਵਫ਼ਾਦਾਰ ਲੋਕਾਂ ਨਾਲ ਕੀ ਹੋਵੇਗਾ?
4. ਯੂਹੰਨਾ ਰਸੂਲ ਸਵਰਗ ਵਿਚ ਯਿਸੂ ਨਾਲ ਕਿਨ੍ਹਾਂ ਨੂੰ ਖੜ੍ਹੇ ਦੇਖਦਾ ਹੈ?
4 ਇਕ ਦਰਸ਼ਣ ਵਿਚ ਯੂਹੰਨਾ ਰਸੂਲ ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਾਲਿਆਂ ਦੇ ਦੋ ਸਮੂਹ ਦੇਖਦਾ ਹੈ ਜਿਨ੍ਹਾਂ ਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਪਹਿਲੇ ਸਮੂਹ ਵਿਚ 1,44,000 ਲੋਕ ਹਨ। (ਪ੍ਰਕਾ. 7:4) ਉਨ੍ਹਾਂ ਨੂੰ ਧਰਤੀ ਤੋਂ ਸਵਰਗ ਲਿਜਾਇਆ ਗਿਆ ਹੈ ਤਾਂਕਿ ਉਹ ਯਿਸੂ ਨਾਲ ਧਰਤੀ ʼਤੇ ਰਾਜ ਕਰਨ। (ਪ੍ਰਕਾ. 5:9, 10; 14:3, 4) ਦਰਸ਼ਣ ਵਿਚ ਯੂਹੰਨਾ ਦੇਖਦਾ ਹੈ ਕਿ ਇਹ 1,44,000 ਲੋਕ ਸਵਰਗ ਵਿਚ ਯਿਸੂ ਨਾਲ ਸੀਓਨ ਪਹਾੜ ʼਤੇ ਖੜ੍ਹੇ ਹਨ।—ਪ੍ਰਕਾ. 14:1.
5. ਧਰਤੀ ʼਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨਾਲ ਜਲਦੀ ਹੀ ਭਵਿੱਖ ਵਿਚ ਕੀ ਹੋਵੇਗਾ?
5 ਪਹਿਲੀ ਸਦੀ ਤੋਂ ਇਨ੍ਹਾਂ 1,44,000 ਲੋਕਾਂ ਨੂੰ ਚੁਣਨਾ ਸ਼ੁਰੂ ਹੋ ਗਿਆ ਸੀ। (ਲੂਕਾ 12:32; ਰੋਮੀ. 8:17) ਯੂਹੰਨਾ ਨੂੰ ਦੱਸਿਆ ਜਾਂਦਾ ਹੈ ਕਿ ਆਖ਼ਰੀ ਦਿਨਾਂ ਵਿਚ ਧਰਤੀ ਉੱਤੇ ਚੁਣੇ ਹੋਏ ਮਸੀਹੀਆਂ ਵਿੱਚੋਂ ਸਿਰਫ਼ ਕੁਝ ਜਣੇ ਹੀ ਬਚਣਗੇ। ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਉੱਤੇ ਆਖ਼ਰੀ “ਮੁਹਰ” ਲੱਗ ਚੁੱਕੀ ਹੋਵੇਗੀ ਯਾਨੀ ਉਨ੍ਹਾਂ ਨੂੰ ਯਹੋਵਾਹ ਦੀ ਮਨਜ਼ੂਰੀ ਮਿਲ ਚੁੱਕੀ ਹੋਵੇਗੀ। (ਪ੍ਰਕਾ. 7:2, 3; 12:17) ਫਿਰ ਮਹਾਂਕਸ਼ਟ ਦੌਰਾਨ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਉਠਾ ਲਿਆ ਜਾਵੇਗਾ ਤਾਂਕਿ ਉਹ ਪਹਿਲਾਂ ਹੀ ਸਵਰਗ ਜਾ ਚੁੱਕੇ ਚੁਣੇ ਹੋਏ ਮਸੀਹੀਆਂ ਦੇ ਨਾਲ ਹੋਣ। ਉੱਥੇ ਉਹ ਸਾਰੇ 1,44,000 ਜਣੇ ਯਿਸੂ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਜ ਵਿਚ ਹਕੂਮਤ ਕਰਨਗੇ।—ਮੱਤੀ 24:31; ਪ੍ਰਕਾ. 5:9, 10.
6-7. (ੳ) ਸਵਰਗ ਵਿਚ 1,44,000 ਜਣਿਆਂ ਨੂੰ ਦੇਖਣ ਤੋਂ ਬਾਅਦ ਯੂਹੰਨਾ ਨੇ ਕਿਨ੍ਹਾਂ ਨੂੰ ਦੇਖਿਆ ਅਤੇ ਅਸੀਂ ਉਨ੍ਹਾਂ ਬਾਰੇ ਕੀ ਸਿੱਖਿਆ? (ਅ) ਸਾਨੂੰ ਸਾਰਿਆਂ ਨੂੰ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 7 ਵਿਚ ਦੱਸੀਆਂ ਗੱਲਾਂ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
6 ਸਵਰਗ ਵਿਚ 1,44,000 ਜਣਿਆਂ ਨੂੰ ਦੇਖਣ ਤੋਂ ਬਾਅਦ ਯੂਹੰਨਾ “ਇਕ ਵੱਡੀ ਭੀੜ” ਦੇਖਦਾ ਹੈ ਜਿਸ ਨੂੰ ਕੋਈ ਗਿਣ ਨਹੀਂ ਸਕਦਾ। (ਪ੍ਰਕਾ. 7:9, 10) ਅਸੀਂ ਉਨ੍ਹਾਂ ਬਾਰੇ ਕੀ ਸਿੱਖਦੇ ਹਾਂ? ਯੂਹੰਨਾ ਦੱਸਦਾ ਹੈ: “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਖ਼ੂਨ ਨਾਲ ਧੋ ਕੇ ਚਿੱਟੇ ਕੀਤੇ ਹਨ।” (ਪ੍ਰਕਾ. 7:14) ਮਹਾਂਕਸ਼ਟ ਵਿੱਚੋਂ ਬਚ ਨਿਕਲਣ ਤੋਂ ਬਾਅਦ “ਵੱਡੀ ਭੀੜ” ਦੇ ਲੋਕ ਧਰਤੀ ʼਤੇ ਹਮੇਸ਼ਾ-ਹਮੇਸ਼ਾ ਲਈ ਰਹਿਣਗੇ ਅਤੇ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣਨਗੇ।—ਜ਼ਬੂ. 37:9-11, 27-29; ਕਹਾ. 2:21, 22; ਪ੍ਰਕਾ. 7:16, 17.
7 ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ ਹੈ, ਪਰ ਕੀ ਸਾਨੂੰ ਯਕੀਨ ਹੈ ਕਿ ਅਸੀਂ ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 7 ਵਿਚ ਦੱਸੀਆਂ ਗੱਲਾਂ ਪੂਰੀਆਂ ਹੁੰਦੀਆਂ ਦੇਖਾਂਗੇ? ਹਾਂ, ਸਾਨੂੰ ਯਕੀਨ ਹੋਣਾ ਚਾਹੀਦਾ ਹੈ। ਇਹ ਪਰਮੇਸ਼ੁਰ ਦੇ ਸਾਰੇ ਸੇਵਕਾਂ ਲਈ ਬਹੁਤ ਹੀ ਵਧੀਆ ਸਮਾਂ ਹੋਵੇਗਾ। ਉਸ ਵੇਲੇ ਸਾਡੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਹੋਵੇਗਾ ਕਿ ਅਸੀਂ ਯਹੋਵਾਹ ਦੇ ਰਾਜ ਦਾ ਪੱਖ ਲਿਆ। ਆਓ ਹੁਣ ਆਪਾਂ ਦੇਖੀਏ ਕਿ ਪ੍ਰਕਾਸ਼ ਦੀ ਕਿਤਾਬ ਸਾਨੂੰ ਮਹਾਂਕਸ਼ਟ ਬਾਰੇ ਹੋਰ ਕੀ ਦੱਸਦੀ ਹੈ।—ਮੱਤੀ 24:21.
ਪਰਮੇਸ਼ੁਰ ਦੇ ਵਿਰੋਧੀਆਂ ਦਾ ਕੀ ਹਸ਼ਰ ਹੋਵੇਗਾ?
8. ਕਿਹੜੀ ਘਟਨਾ ਨਾਲ ਮਹਾਂਕਸ਼ਟ ਦੀ ਸ਼ੁਰੂਆਤ ਹੋਵੇਗੀ ਅਤੇ ਜ਼ਿਆਦਾਤਰ ਲੋਕ ਕੀ ਕਰਨਗੇ?
8 ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਰਾਜਨੀਤਿਕ ਤਾਕਤਾਂ ਛੇਤੀ ਹੀ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ʼਤੇ ਹਮਲਾ ਕਰਨਗੀਆਂ। (ਪ੍ਰਕਾ. 17:16, 17) ਇਸ ਘਟਨਾ ਨਾਲ ਮਹਾਂਕਸ਼ਟ ਦੀ ਸ਼ੁਰੂਆਤ ਹੋਵੇਗੀ। ਪਰ ਕੀ ਇਸ ਦਾ ਇਹ ਨਤੀਜਾ ਨਿਕਲੇਗਾ ਕਿ ਬਹੁਤ ਸਾਰੇ ਨਵੇਂ ਲੋਕ ਯਹੋਵਾਹ ਦੀ ਸੇਵਾ ਕਰਨ ਲੱਗ ਪੈਣਗੇ? ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਇਸ ਦੀ ਬਜਾਇ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 6 ਵਿਚ ਲਿਖਿਆ ਹੈ ਕਿ ਉਸ ਵੇਲੇ ਯਹੋਵਾਹ ਦੀ ਸੇਵਾ ਨਾ ਕਰਨ ਵਾਲੇ ਲੋਕ ਪਹਾੜਾਂ ਵਿਚ ਜਾ ਲੁਕਣਗੇ ਯਾਨੀ ਉਹ ਆਪਣੇ ਬਚਾਅ ਲਈ ਸਰਕਾਰਾਂ ਅਤੇ ਵਪਾਰ ਜਗਤ ʼਤੇ ਭਰੋਸਾ ਕਰਨਗੇ। ਉਹ ਲੋਕ ਪਰਮੇਸ਼ੁਰ ਦੇ ਰਾਜ ਦਾ ਸਾਥ ਨਹੀਂ ਦੇਣਗੇ, ਇਸ ਕਰਕੇ ਯਹੋਵਾਹ ਉਨ੍ਹਾਂ ਨੂੰ ਆਪਣਾ ਵਿਰੋਧੀ ਸਮਝੇਗਾ।—ਲੂਕਾ 11:23; ਪ੍ਰਕਾ. 6:15-17.
9. ਮਹਾਂਕਸ਼ਟ ਵਿਚ ਯਹੋਵਾਹ ਦੇ ਲੋਕ ਸਾਰਿਆਂ ਨਾਲੋਂ ਵੱਖਰੇ ਕਿਵੇਂ ਨਜ਼ਰ ਆਉਣਗੇ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ?
9 ਮਹਾਂਕਸ਼ਟ ਦੀ ਉਸ ਔਖੀ ਘੜੀ ਵੇਲੇ ਯਹੋਵਾਹ ਦੇ ਲੋਕ ਸਾਰਿਆਂ ਨਾਲੋਂ ਵੱਖਰੇ ਨਜ਼ਰ ਆਉਣਗੇ। ਕਿਉਂ? ਕਿਉਂਕਿ ਉਸ ਵੇਲੇ ਦੁਨੀਆਂ ਵਿਚ ਸਿਰਫ਼ ਉਹੀ ਲੋਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਰਹੇ ਹੋਣਗੇ ਅਤੇ “ਵਹਿਸ਼ੀ ਦਰਿੰਦੇ” ਦਾ ਸਾਥ ਦੇਣ ਤੋਂ ਇਨਕਾਰ ਕਰਨਗੇ। (ਪ੍ਰਕਾ. 13:14-17) ਉਨ੍ਹਾਂ ਦੀ ਵਫ਼ਾਦਾਰੀ ਦੇਖ ਕੇ ਯਹੋਵਾਹ ਦੇ ਵਿਰੋਧੀ ਗੁੱਸੇ ਵਿਚ ਪਾਗਲ ਹੋ ਜਾਣਗੇ ਅਤੇ ਕੌਮਾਂ ਦਾ ਗਠਜੋੜ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ। ਬਾਈਬਲ ਵਿਚ ਇਸ ਹਮਲੇ ਨੂੰ ਮਾਗੋਗ ਦੇ ਗੋਗ ਦਾ ਹਮਲਾ ਕਿਹਾ ਗਿਆ ਹੈ।—ਹਿਜ਼. 38:14-16.
10. ਪ੍ਰਕਾਸ਼ ਦੀ ਕਿਤਾਬ 19:19-21 ਮੁਤਾਬਕ ਆਪਣੇ ਲੋਕਾਂ ਉੱਤੇ ਹਮਲਾ ਹੋਣ ਤੇ ਯਹੋਵਾਹ ਕੀ ਕਰੇਗਾ?
10 ਆਪਣੇ ਲੋਕਾਂ ਉੱਤੇ ਹਮਲਾ ਹੋਣ ਤੇ ਯਹੋਵਾਹ ਕੀ ਕਰੇਗਾ? ਉਹ ਕਹਿੰਦਾ ਹੈ: “ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ।” (ਹਿਜ਼. 38:18, 21-23) ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 19 ਵਿਚ ਦੱਸਿਆ ਗਿਆ ਹੈ ਕਿ ਉਹ ਆਪਣੇ ਲੋਕਾਂ ਨੂੰ ਬਚਾਉਣ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਆਪਣੇ ਪੁੱਤਰ ਯਿਸੂ ਨੂੰ ਭੇਜੇਗਾ। ਉਸ ਨਾਲ “ਸਵਰਗ ਦੀਆਂ ਫ਼ੌਜਾਂ” ਯਾਨੀ ਵਫ਼ਾਦਾਰ ਦੂਤ ਅਤੇ 1,44,000 ਜਣੇ ਵੀ ਹੋਣਗੇ। (ਪ੍ਰਕਾ. 17:14; 19:11-15) ਇਸ ਯੁੱਧ ਦਾ ਕੀ ਨਤੀਜਾ ਨਿਕਲੇਗਾ? ਯਹੋਵਾਹ ਦੇ ਵਿਰੁੱਧ ਖੜ੍ਹਨ ਵਾਲੇ ਸਾਰੇ ਲੋਕਾਂ ਅਤੇ ਸੰਗਠਨਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾਸ਼ ਦੀ ਕਿਤਾਬ 19:19-21 ਪੜ੍ਹੋ।
ਯੁੱਧ ਤੋਂ ਬਾਅਦ ਇਕ ਵਿਆਹ
11. ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਕਿਹੜੀ ਸਭ ਤੋਂ ਅਹਿਮ ਘਟਨਾ ਬਾਰੇ ਦੱਸਿਆ ਗਿਆ ਹੈ?
11 ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਪੂਰੀ ਤਰ੍ਹਾਂ ਨਾਸ਼ ਹੋਣ ਤੋਂ ਬਾਅਦ ਧਰਤੀ ਉੱਤੇ ਵਫ਼ਾਦਾਰ ਲੋਕਾਂ ਨੂੰ ਕਿੰਨੀ ਰਾਹਤ ਮਿਲੇਗੀ! ਉਸ ਵੇਲੇ ਪੂਰੀ ਧਰਤੀ ਖ਼ੁਸ਼ੀ ਨਾਲ ਝੂਮ ਉੱਠੇਗੀ! ਮਹਾਂ ਬਾਬਲ ਦਾ ਨਾਸ਼ ਹੋਣ ਕਰਕੇ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ, ਫਿਰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਦਾ ਮੌਕਾ ਆਵੇਗਾ। (ਪ੍ਰਕਾ. 19:1-3) ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਦੱਸਿਆ ਗਿਆ ਹੈ ਕਿ “ਲੇਲੇ ਦਾ ਵਿਆਹ” ਹੋਵੇਗਾ।—ਪ੍ਰਕਾ. 19:6-9.
12. ਪ੍ਰਕਾਸ਼ ਦੀ ਕਿਤਾਬ 21:1, 2 ਮੁਤਾਬਕ ਲੇਲੇ ਦਾ ਵਿਆਹ ਕਦੋਂ ਹੋਵੇਗਾ?
12 ਲੇਲੇ ਦਾ ਵਿਆਹ ਕਦੋਂ ਹੋਵੇਗਾ? ਆਰਮਾਗੇਡਨ ਦਾ ਯੁੱਧ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸਾਰੇ 1,44,000 ਜਣੇ ਸਵਰਗ ਵਿਚ ਇਕੱਠੇ ਹੋ ਜਾਣਗੇ। ਪਰ ਵਿਆਹ ਉਦੋਂ ਨਹੀਂ ਹੋਵੇਗਾ। (ਪ੍ਰਕਾਸ਼ ਦੀ ਕਿਤਾਬ 21:1, 2 ਪੜ੍ਹੋ।) ਆਰਮਾਗੇਡਨ ਦੇ ਯੁੱਧ ਵਿਚ ਸਾਰੇ ਦੁਸ਼ਮਣਾਂ ਦੇ ਨਾਸ਼ ਤੋਂ ਬਾਅਦ ਲੇਲੇ ਦਾ ਵਿਆਹ ਹੋਵੇਗਾ।—ਜ਼ਬੂ. 45:3, 4, 13-17.
13. ਲੇਲੇ ਦੇ ਵਿਆਹ ਦਾ ਕੀ ਮਤਲਬ ਹੈ?
13 ਲੇਲੇ ਦੇ ਵਿਆਹ ਦਾ ਕੀ ਮਤਲਬ ਹੈ? ਜਦੋਂ ਇਕ ਆਦਮੀ ਅਤੇ ਔਰਤ ਦਾ ਵਿਆਹ ਹੁੰਦਾ ਹੈ, ਤਾਂ ਉਹ ਇਕ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਲੇਲੇ ਦਾ ਵਿਆਹ ਹੋਵੇਗਾ, ਤਾਂ ਰਾਜਾ ਯਿਸੂ ਮਸੀਹ ਅਤੇ “ਲਾੜੀ” ਯਾਨੀ 1,44,000 ਜਣੇ ਇਕ ਹੋ ਜਾਣਗੇ। ਉਹ ਮਿਲ ਕੇ ਨਵੀਂ ਸਰਕਾਰ ਵਜੋਂ 1,000 ਸਾਲ ਲਈ ਪੂਰੀ ਧਰਤੀ ʼਤੇ ਰਾਜ ਕਰਨਾ ਸ਼ੁਰੂ ਕਰਨਗੇ।—ਪ੍ਰਕਾ. 20:6.
ਸ਼ਾਨਦਾਰ ਸ਼ਹਿਰ ਅਤੇ ਤੁਹਾਡਾ ਭਵਿੱਖ
14-15. ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 21 ਵਿਚ 1,44,000 ਜਣਿਆਂ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
14 ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 21 ਵਿਚ 1,44,000 ਜਣਿਆਂ ਦੀ ਤੁਲਨਾ ਇਕ ਬਹੁਤ ਹੀ ਸੋਹਣੇ ਸ਼ਹਿਰ “ਨਵੇਂ ਯਰੂਸ਼ਲਮ” ਨਾਲ ਕੀਤੀ ਗਈ ਹੈ। (ਪ੍ਰਕਾ. 21:2, 9) ਇਸ ਸ਼ਹਿਰ ਦੀ ਨੀਂਹ 12 ਪੱਥਰਾਂ ʼਤੇ ਰੱਖੀ ਗਈ ਹੈ ਜਿਨ੍ਹਾਂ ਉੱਤੇ “ਲੇਲੇ ਦੇ 12 ਰਸੂਲਾਂ ਦੇ 12 ਨਾਂ ਲਿਖੇ ਹੋਏ” ਹਨ। ਇਸ ਗੱਲ ਨੇ ਯੂਹੰਨਾ ਦਾ ਧਿਆਨ ਖਿੱਚਿਆ। ਕਿਉਂ? ਕਿਉਂਕਿ ਉਸ ਨੇ ਇਕ ਪੱਥਰ ʼਤੇ ਆਪਣਾ ਨਾਂ ਲਿਖਿਆ ਹੋਇਆ ਦੇਖਿਆ। ਕਿੰਨਾ ਹੀ ਵੱਡਾ ਸਨਮਾਨ!—ਪ੍ਰਕਾ. 21:10-14; ਅਫ਼. 2:20.
15 ਇਸ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਨਹੀਂ ਹੈ। ਇਸ ਸ਼ਹਿਰ ਦੀ ਵੱਡੀ ਸੜਕ ਖਾਲਸ ਸੋਨੇ ਦੀ ਬਣੀ ਹੋਈ ਹੈ। ਇਸ ਦੇ 12 ਦਰਵਾਜ਼ੇ ਮੋਤੀਆਂ ਦੇ ਬਣੇ ਹੋਏ ਹਨ। ਇਸ ਦੀਆਂ ਕੰਧਾਂ ਅਤੇ ਨੀਂਹਾਂ ਹਰ ਤਰ੍ਹਾਂ ਦੇ ਕੀਮਤੀ ਪੱਥਰਾਂ ਨਾਲ ਬਣੀਆਂ ਹੋਈਆਂ ਹਨ। ਇਸ ਸ਼ਹਿਰ ਦੀ ਲੰਬਾਈ, ਚੁੜਾਈ ਅਤੇ ਉਚਾਈ ਬਰਾਬਰ ਹੈ। (ਪ੍ਰਕਾ. 21:15-21) ਪਰ ਹਾਲੇ ਵੀ ਇਸ ਸ਼ਹਿਰ ਵਿਚ ਇਕ ਚੀਜ਼ ਦੀ ਕਮੀ ਹੈ! ਧਿਆਨ ਦਿਓ ਕਿ ਯੂਹੰਨਾ ਨੇ ਅੱਗੇ ਕੀ ਕਿਹਾ: “ਮੈਂ ਸ਼ਹਿਰ ਵਿਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਅਤੇ ਲੇਲਾ ਉਸ ਦਾ ਮੰਦਰ ਹਨ। ਸ਼ਹਿਰ ਨੂੰ ਨਾ ਸੂਰਜ ਦੀ ਅਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ ਅਤੇ ਲੇਲਾ ਉਸ ਦਾ ਚਿਰਾਗ ਹੈ।” (ਪ੍ਰਕਾ. 21:22, 23) ਜਿਨ੍ਹਾਂ ਨਾਲ ਮਿਲ ਕੇ ਨਵਾਂ ਯਰੂਸ਼ਲਮ ਬਣਿਆ ਹੈ, ਉਹ ਯਹੋਵਾਹ ਦੀ ਹਜ਼ੂਰੀ ਵਿਚ ਹੋਣਗੇ। (ਇਬ. 7:27; ਪ੍ਰਕਾ. 22:3, 4) ਇਸ ਕਰਕੇ ਪ੍ਰਕਾਸ਼ ਦੀ ਕਿਤਾਬ ਵਿਚ ਯਹੋਵਾਹ ਅਤੇ ਯਿਸੂ ਨੂੰ ਨਵੇਂ ਯਰੂਸ਼ਲਮ ਦਾ ਮੰਦਰ ਕਿਹਾ ਗਿਆ ਹੈ।
16. ਪਰਮੇਸ਼ੁਰ ਦੇ ਰਾਜ ਦੇ ਹਜ਼ਾਰ ਸਾਲ ਦੌਰਾਨ ਇਨਸਾਨਾਂ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਮਿਲਣਗੀਆਂ?
16 ਇਸ ਸ਼ਹਿਰ ਬਾਰੇ ਸੋਚ-ਵਿਚਾਰ ਕਰ ਕੇ ਸਿਰਫ਼ ਚੁਣੇ ਹੋਏ ਮਸੀਹੀਆਂ ਨੂੰ ਹੀ ਖ਼ੁਸ਼ੀ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਵੀ ਹੁੰਦੀ ਹੈ ਜਿਨ੍ਹਾਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਹੈ। ਪਰਮੇਸ਼ੁਰ ਦੇ ਰਾਜ ਦੇ ਹਜ਼ਾਰ ਸਾਲ ਦੌਰਾਨ ਨਵੇਂ ਯਰੂਸ਼ਲਮ ਰਾਹੀਂ ਧਰਤੀ ʼਤੇ ਰਹਿਣ ਵਾਲਿਆਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਜਾਣਗੀਆਂ। ਯੂਹੰਨਾ ਇਨ੍ਹਾਂ ਬਰਕਤਾਂ ਦੀ ਤੁਲਨਾ “ਅੰਮ੍ਰਿਤ ਜਲ” ਦੀ ਨਦੀ ਨਾਲ ਕਰਦਾ ਹੈ। ਉਹ ਨਦੀ ਦੇ ਦੋਹਾਂ ਪਾਸਿਆਂ ʼਤੇ “ਜੀਵਨ ਦੇ ਦਰਖ਼ਤ” ਦੇਖਦਾ ਹੈ ਜਿਨ੍ਹਾਂ ਦੇ ਪੱਤਿਆਂ ਨਾਲ “ਕੌਮਾਂ ਦਾ ਇਲਾਜ” ਹੁੰਦਾ ਹੈ। (ਪ੍ਰਕਾ. 22:1, 2) ਪਰਮੇਸ਼ੁਰ ਦੇ ਰਾਜ ਵਿਚ ਧਰਤੀ ʼਤੇ ਰਹਿੰਦੇ ਇਨਸਾਨਾਂ ਨੂੰ ਇਨ੍ਹਾਂ ਸਾਰੇ ਪ੍ਰਬੰਧਾਂ ਤੋਂ ਫ਼ਾਇਦਾ ਲੈਣ ਦਾ ਮੌਕਾ ਮਿਲੇਗਾ। ਯਹੋਵਾਹ ਦਾ ਕਹਿਣਾ ਮੰਨਣ ਵਾਲੇ ਸਾਰੇ ਇਨਸਾਨ ਹੌਲੀ-ਹੌਲੀ ਮੁਕੰਮਲ ਹੋ ਜਾਣਗੇ। ਉਸ ਵੇਲੇ ਨਾ ਤਾਂ ਕੋਈ ਬੀਮਾਰ ਹੋਵੇਗਾ, ਨਾ ਹੀ ਕਿਸੇ ਨੂੰ ਕੋਈ ਦੁੱਖ-ਦਰਦ ਹੋਵੇਗਾ ਅਤੇ ਨਾ ਹੀ ਸੋਗ ਮਨਾਇਆ ਜਾਵੇਗਾ।—ਪ੍ਰਕਾ. 21:3-5.
17. ਪ੍ਰਕਾਸ਼ ਦੀ ਕਿਤਾਬ 20:11-13 ਮੁਤਾਬਕ ਹਜ਼ਾਰ ਸਾਲ ਦੇ ਰਾਜ ਦੌਰਾਨ ਕਿਨ੍ਹਾਂ ਨੂੰ ਬਰਕਤਾਂ ਮਿਲਣਗੀਆਂ?
17 ਇਨ੍ਹਾਂ ਸ਼ਾਨਦਾਰ ਪ੍ਰਬੰਧਾਂ ਦਾ ਫ਼ਾਇਦਾ ਕਿਨ੍ਹਾਂ ਲੋਕਾਂ ਨੂੰ ਮਿਲੇਗਾ? ਸਭ ਤੋਂ ਪਹਿਲਾਂ, ਆਰਮਾਗੇਡਨ ਵਿੱਚੋਂ ਬਚ ਨਿਕਲੀ ਵੱਡੀ ਭੀੜ ਨੂੰ ਅਤੇ ਨਵੀਂ ਦੁਨੀਆਂ ਵਿਚ ਪੈਦਾ ਹੋਣ ਵਾਲੇ ਬੱਚਿਆਂ ਨੂੰ। ਇਸ ਤੋਂ ਇਲਾਵਾ, ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 20 ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 20:11-13 ਪੜ੍ਹੋ।) “ਧਰਮੀ” ਅਤੇ “ਕੁਧਰਮੀ” ਦੋਹਾਂ ਨੂੰ ਜੀਉਂਦਾ ਕੀਤਾ ਜਾਵੇਗਾ। “ਧਰਮੀ” ਉਹ ਲੋਕ ਹਨ ਜੋ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ ਅਤੇ “ਕੁਧਰਮੀ” ਲੋਕ ਉਹ ਹਨ ਜਿਨ੍ਹਾਂ ਨੂੰ ਜੀਉਂਦੇ-ਜੀ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ। (ਰਸੂ. 24:15; ਯੂਹੰ. 5:28, 29) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ? ਨਹੀਂ। ਜਿਨ੍ਹਾਂ ਦੁਸ਼ਟ ਲੋਕਾਂ ਨੇ ਜੀਉਂਦੇ-ਜੀ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਠੁਕਰਾ ਦਿੱਤਾ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਮੌਕਾ ਮਿਲਿਆ ਸੀ, ਪਰ ਉਨ੍ਹਾਂ ਨੇ ਸਾਬਤ ਕੀਤਾ ਕਿ ਉਹ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜੀਉਣ ਦੇ ਲਾਇਕ ਨਹੀਂ ਹਨ।—ਮੱਤੀ 25:46; 2 ਥੱਸ. 1:9; ਪ੍ਰਕਾ. 17:8; 20:15.
ਆਖ਼ਰੀ ਪਰੀਖਿਆ
18. ਹਜ਼ਾਰ ਸਾਲ ਪੂਰੇ ਹੋਣ ਤਕ ਕੀ ਹੋਵੇਗਾ?
18 ਹਜ਼ਾਰ ਸਾਲ ਪੂਰੇ ਹੋਣ ਤਕ ਧਰਤੀ ʼਤੇ ਜੀਉਂਦੇ ਸਾਰੇ ਇਨਸਾਨ ਇਕ ਹੋਰ ਅਰਥ ਵਿਚ “ਜੀਉਂਦੇ” ਹੋ ਜਾਣਗੇ। (ਪ੍ਰਕਾ. 20:5) ਉਸ ਵੇਲੇ ਆਦਮ ਦੇ ਪਾਪ ਕਰਕੇ ਮਿਲੇ ਸਰਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ ਜਿਸ ਕਰਕੇ ਉਨ੍ਹਾਂ ʼਤੇ ਆਦਮ ਦੇ ਪਾਪ ਦਾ ਕੋਈ ਅਸਰ ਨਹੀਂ ਹੋਵੇਗਾ। (ਰੋਮੀ. 5:12) ਇਸ ਤਰ੍ਹਾਂ 1,000 ਸਾਲ ਪੂਰੇ ਹੋਣ ਤਕ ਧਰਤੀ ʼਤੇ ਰਹਿੰਦੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ।
19. ਆਖ਼ਰੀ ਪਰੀਖਿਆ ਦੀ ਲੋੜ ਕਿਉਂ ਹੋਵੇਗੀ?
19 ਅਸੀਂ ਜਾਣਦੇ ਹਾਂ ਕਿ ਸ਼ੈਤਾਨ ਨੇ ਯਿਸੂ ਦੀ ਵਫ਼ਾਦਾਰੀ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਹਰ ਪਰੀਖਿਆ ਵਿਚ ਯਹੋਵਾਹ ਦਾ ਵਫ਼ਾਦਾਰ ਰਿਹਾ। ਜਦੋਂ 1,000 ਸਾਲ ਪੂਰੇ ਹੋਣ ਤੇ ਸ਼ੈਤਾਨ ਨੂੰ ਅਥਾਹ ਕੁੰਡ ਵਿੱਚੋਂ ਰਿਹਾ ਕੀਤਾ ਜਾਵੇਗਾ, ਤਾਂ ਸਾਰੇ ਮੁਕੰਮਲ ਇਨਸਾਨਾਂ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਹ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਨ ਜਾਂ ਨਹੀਂ। (ਪ੍ਰਕਾ. 20:7) ਜੋ ਲੋਕ ਆਖ਼ਰੀ ਪਰੀਖਿਆ ਵੇਲੇ ਯਹੋਵਾਹ ਦੇ ਵਫ਼ਾਦਾਰ ਰਹਿਣਗੇ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਅਤੇ ਸ਼ਾਨਦਾਰ ਆਜ਼ਾਦੀ ਮਿਲੇਗੀ (ਰੋਮੀ. 8:21) ਪਰ ਬਾਗ਼ੀ ਲੋਕਾਂ ਦਾ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਸਮੇਤ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾ. 20:8-10.
20. ਪ੍ਰਕਾਸ਼ ਦੀ ਕਿਤਾਬ ਦੀਆਂ ਸ਼ਾਨਦਾਰ ਭਵਿੱਖਬਾਣੀਆਂ ਬਾਰੇ ਜਾਣ ਕੇ ਤੁਹਾਨੂੰ ਕਿਵੇਂ ਲੱਗਾ?
20 ਪ੍ਰਕਾਸ਼ ਦੀ ਕਿਤਾਬ ਦੀਆਂ ਕੁਝ ਖ਼ਾਸ ਗੱਲਾਂ ʼਤੇ ਗੌਰ ਕਰ ਕੇ ਤੁਹਾਨੂੰ ਕਿਵੇਂ ਲੱਗਾ? ਕੀ ਇਹ ਜਾਣ ਕੇ ਤੁਸੀਂ ਖ਼ੁਸ਼ੀ ਨਾਲ ਝੂਮ ਨਹੀਂ ਉੱਠੇ ਕਿ ਤੁਸੀਂ ਇਨ੍ਹਾਂ ਸ਼ਾਨਦਾਰ ਭਵਿੱਖਬਾਣੀਆਂ ਦਾ ਹਿੱਸਾ ਹੋ? ਕੀ ਇਹ ਜਾਣ ਕੇ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਦੂਜਿਆਂ ਨੂੰ ਵੀ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਰਨ ਦਾ ਸੱਦਾ ਦਿਓ? (ਪ੍ਰਕਾ. 22:17) ਜੀ ਹਾਂ, ਭਵਿੱਖ ਵਿਚ ਹੋਣ ਵਾਲੀਆਂ ਇਨ੍ਹਾਂ ਸ਼ਾਨਦਾਰ ਘਟਨਾਵਾਂ ਬਾਰੇ ਪੜ੍ਹ ਕੇ ਸਾਡੇ ਦਿਲ ਜੋਸ਼ ਨਾਲ ਭਰ ਗਏ ਹਨ ਜਿਸ ਕਰਕੇ ਅਸੀਂ ਵੀ ਯੂਹੰਨਾ ਰਸੂਲ ਵਾਂਗ ਇਹ ਗੱਲ ਕਹਿੰਦੇ ਹਾਂ: “ਆਮੀਨ! ਪ੍ਰਭੂ ਯਿਸੂ ਆ।”—ਪ੍ਰਕਾ. 22:20.
ਗੀਤ 27 ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ
a ਪ੍ਰਕਾਸ਼ ਦੀ ਕਿਤਾਬ ਬਾਰੇ ਲੇਖਾਂ ਦੀ ਲੜੀ ਦਾ ਇਹ ਆਖ਼ਰੀ ਲੇਖ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜੋ ਲੋਕ ਯਹੋਵਾਹ ਦੇ ਵਫ਼ਾਦਾਰ ਰਹਿਣਗੇ, ਉਨ੍ਹਾਂ ਦਾ ਭਵਿੱਖ ਸੁਨਹਿਰਾ ਹੋਵੇਗਾ। ਪਰ ਜੋ ਲੋਕ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੇ ਹਨ, ਉਨ੍ਹਾਂ ਦਾ ਅੰਤ ਸ਼ਰਮਨਾਕ ਹੋਵੇਗਾ।