“ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ”
ਇਸਰਾਏਲ ਵਰਗੇ ਬਾਈਬਲ ਦੇਸ਼ਾਂ ਵਿਚ ਗਰਮੀਆਂ ਦੌਰਾਨ ਭੇਡਾਂ ਨੂੰ ਰੋਜ਼ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਆਪਣੇ ਇੱਜੜ ਨੂੰ ਪਾਣੀ ਦੇਣਾ ਅਯਾਲੀ ਦਾ ਰੋਜ਼ ਦਾ ਕੰਮ ਹੁੰਦਾ ਹੈ। ਕਦੀ-ਕਦੀ ਅਯਾਲੀ ਖੂਹ ਤੋਂ ਪਾਣੀ ਲੈ ਕੇ ਚੁਬੱਚੇ ਵਿਚ ਪਾ ਦਿੰਦੇ ਹਨ ਤਾਂਕਿ ਭੇਡਾਂ ਪਾਣੀ ਪੀ ਸਕਣ। (ਉਤਪਤ 29:1-3) ਪਰ ਬਰਸਾਤ ਦੇ ਮੌਸਮ ਦੌਰਾਨ ਨਦੀਆਂ ਅਤੇ ਦਰਿਆਵਾਂ ਦੇ ਆਲੇ-ਦੁਆਲੇ ਦੇ ਥਾਂ “ਸੁਖਦਾਇਕ ਪਾਣੀਆਂ” ਦੇ ਥਾਂ ਬਣ ਜਾਂਦੇ ਹਨ।—ਜ਼ਬੂਰਾਂ ਦੀ ਪੋਥੀ 23:2.
ਇਕ ਚੰਗੇ ਅਯਾਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਇੱਜੜ ਲਈ ਪਾਣੀ ਅਤੇ ਅੱਛੇ ਘਾਹ ਦੀਆਂ ਜੂਹਾਂ ਕਿੱਥੇ ਹਨ। ਜੇ ਉਹ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਤਾਂ ਹੀ ਉਸ ਦੀਆਂ ਭੇਡਾਂ ਜੀਉਂਦੀਆਂ ਰਹਿਣਗੀਆਂ। ਦਾਊਦ ਨੇ ਯਹੂਦਿਯਾ ਦੇ ਪਹਾੜਾਂ ਵਿਚ ਕਾਫ਼ੀ ਸਮਾਂ ਭੇਡਾਂ ਚਾਰਨ ਵਿਚ ਲਗਾਇਆ ਸੀ। ਇਸ ਲਈ, ਉਸ ਨੇ ਪਰਮੇਸ਼ੁਰ ਦੀ ਅਧਿਆਤਮਿਕ ਅਗਵਾਈ ਦੀ ਤੁਲਨਾ ਇਕ ਅਯਾਲੀ ਨਾਲ ਕੀਤੀ ਸੀ ਜੋ ਆਪਣੀਆਂ ਭੇਡਾਂ ਨੂੰ ਜੀਉਂਦਾ ਰੱਖਣ ਲਈ ਚੰਗੇ ਘਾਹ ਅਤੇ ਪਾਣੀ ਵੱਲ ਲੈ ਜਾਂਦਾ ਹੈ। ਦਾਊਦ ਨੇ ਪਰਮੇਸ਼ੁਰ ਬਾਰੇ ਕਿਹਾ ਕਿ “ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ।”—ਜ਼ਬੂਰਾਂ ਦੀ ਪੋਥੀ 23:1-3.
ਕਾਫ਼ੀ ਸਾਲਾਂ ਬਾਅਦ ਯਹੋਵਾਹ ਨੇ ਹਿਜ਼ਕੀਏਲ ਨਬੀ ਰਾਹੀਂ ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਇਸਤੇਮਾਲ ਕੀਤਾ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੂਸਰੇ ਦੇਸ਼ਾਂ ਵਿੱਚੋਂ ਆਪਣੇ ਖਿੰਡੇ ਹੋਏ ਲੋਕਾਂ ਨੂੰ ਇਸ ਤਰ੍ਹਾਂ ਇਕੱਠਾ ਕਰੇਗਾ ਜਿਵੇਂ ਅਯਾਲੀ ਆਪਣੀਆਂ ਭੇਡਾਂ ਨੂੰ ਇਕੱਠਾ ਕਰਦਾ ਹੈ। ਯਹੋਵਾਹ ਨੇ ਉਨ੍ਹਾਂ ਨੂੰ ਇਹ ਤਸੱਲੀ ਦਿੱਤੀ ਕਿ “ਮੈਂ ਉਨ੍ਹਾਂ ਨੂੰ . . . ਉਨ੍ਹਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਰਬਤਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਅਸਥਾਨਾਂ ਵਿੱਚ ਚਾਰਾਂਗਾ।”—ਹਿਜ਼ਕੀਏਲ 34:13.
ਯਹੋਵਾਹ ਪਰਮੇਸ਼ੁਰ ਵੀ ਇਕ ਅਯਾਲੀ ਵਾਂਗ ਆਪਣੇ ਲੋਕਾਂ ਨੂੰ ਅਧਿਆਤਮਿਕ ਪਾਣੀ ਦਿੰਦਾ ਹੈ। ਪਰਕਾਸ਼ ਦੀ ਪੋਥੀ “ਅੰਮ੍ਰਿਤ ਜਲ ਦੀ ਇੱਕ ਨਦੀ” ਦਾ ਜ਼ਿਕਰ ਕਰਦੀ ਹੈ ਜੋ ਪਰਮੇਸ਼ੁਰ ਦੇ ਸਿੰਘਾਸਣ ਵਿੱਚੋਂ ਨਿਕਲਦੀ ਹੈ। (ਪਰਕਾਸ਼ ਦੀ ਪੋਥੀ 22:1) ਸਾਰਿਆਂ ਨੂੰ ਇਸ ਨਦੀ ਤੋਂ ਪਾਣੀ ਪੀਣ ਦਾ ਸੱਦਾ ਦਿੱਤਾ ਜਾਂਦਾ ਹੈ। ‘ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲੈ ਸਕਦਾ ਹੈ।’—ਪਰਕਾਸ਼ ਦੀ ਪੋਥੀ 22:17.
ਜੀਵਨ ਦਾ ਇਹ ਅਧਿਆਤਮਿਕ ਪਾਣੀ ਪਰਮੇਸ਼ੁਰ ਵੱਲੋਂ ਸਦਾ ਦੇ ਜੀਵਨ ਦੇ ਪ੍ਰਬੰਧ ਨੂੰ ਦਰਸਾਉਂਦਾ ਹੈ। ਹਰ ਇਨਸਾਨ ‘ਸੱਚੇ ਵਾਹਿਦ ਪਰਮੇਸ਼ੁਰ ਅਤੇ ਉਸ ਵੱਲੋਂ ਘੱਲੇ ਯਿਸੂ ਮਸੀਹ’ ਬਾਰੇ ਗਿਆਨ ਲੈ ਕੇ ਅਜਿਹੇ ਪਾਣੀ ਨੂੰ ਪੀ ਸਕਦਾ ਹੈ।—ਯੂਹੰਨਾ 17:3.