ਪਰਕਾਸ਼ ਦੀ ਪੋਥੀ ਨੂੰ ਪੜ੍ਹ ਕੇ ਖ਼ੁਸ਼ ਹੋਵੋ
“ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ।”—ਪਰਕਾਸ਼ ਦੀ ਪੋਥੀ 1:3.
1. ਯੂਹੰਨਾ ਰਸੂਲ ਨੇ ਕਿਨ੍ਹਾਂ ਹਾਲਾਤਾਂ ਵਿਚ ਪਰਕਾਸ਼ ਦੀ ਪੋਥੀ ਲਿਖੀ ਸੀ ਅਤੇ ਉਸ ਨੇ ਇਨ੍ਹਾਂ ਦਰਸ਼ਣਾਂ ਨੂੰ ਕਿਉਂ ਲਿਖਿਆ ਸੀ?
“ਮੈਂਯੂਹੰਨਾ . . . ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ ਓਸ ਟਾਪੂ ਵਿੱਚ ਸਾਂ ਜਿਹੜਾ ਪਾਤਮੁਸ ਕਰਕੇ ਸਦਾਉਂਦਾ ਹੈ।” (ਪਰਕਾਸ਼ ਦੀ ਪੋਥੀ 1:9) ਯੂਹੰਨਾ ਰਸੂਲ ਨੇ ਅਜਿਹੇ ਹਾਲਾਤਾਂ ਵਿਚ ਅਪਾਕਲਿਪਸ ਜਾਂ ਪਰਕਾਸ਼ ਦੀ ਪੋਥੀ ਲਿਖੀ ਸੀ। ਇਹ ਕਿਹਾ ਜਾਂਦਾ ਹੈ ਕਿ ਰੋਮੀ ਸਮਰਾਟ ਡੋਮਿਸ਼ਨ, ਜੋ ਸਮਰਾਟ ਦੀ ਉਪਾਸਨਾ ਕਰਨ ਲਈ ਲੋਕਾਂ ਨੂੰ ਮਜਬੂਰ ਕਰਦਾ ਸੀ ਅਤੇ ਮਸੀਹੀਆਂ ਨੂੰ ਸਤਾਉਂਦਾ ਸੀ, ਦੇ ਸ਼ਾਸਨ (81-96 ਸਾ.ਯੁ.) ਦੌਰਾਨ ਯੂਹੰਨਾ ਨੂੰ ਪਾਤਮੁਸ ਟਾਪੂ ਤੇ ਦੇਸ਼ਨਿਕਾਲਾ ਦਿੱਤਾ ਗਿਆ ਸੀ। ਪਾਤਮੁਸ ਟਾਪੂ ਉੱਤੇ ਯੂਹੰਨਾ ਨੇ ਕਈ ਦਰਸ਼ਣ ਦੇਖੇ ਜਿਨ੍ਹਾਂ ਨੂੰ ਉਸ ਨੇ ਲਿਖਿਆ। ਉਸ ਨੇ ਮੁਢਲੇ ਮਸੀਹੀਆਂ ਨੂੰ ਡਰਾਉਣ ਲਈ ਉਹ ਦਰਸ਼ਣ ਨਹੀਂ ਲਿਖੇ ਸਨ, ਬਲਕਿ ਉਸ ਸਮੇਂ ਦੇ ਅਤੇ ਭਵਿੱਖ ਵਿਚ ਆਉਣ ਵਾਲੇ ਪਰਤਾਵਿਆਂ ਲਈ ਉਨ੍ਹਾਂ ਨੂੰ ਮਜ਼ਬੂਤ ਕਰਨ, ਦਿਲਾਸਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਲਿਖੇ ਸਨ।—ਰਸੂਲਾਂ ਦੇ ਕਰਤੱਬ 28:22; ਪਰਕਾਸ਼ ਦੀ ਪੋਥੀ 1:4; 2:3, 9, 10, 13.
2. ਜਿਨ੍ਹਾਂ ਹਾਲਾਤਾਂ ਦਾ ਯੂਹੰਨਾ ਅਤੇ ਉਸ ਦੇ ਸੰਗੀ ਮਸੀਹੀ ਸਾਮ੍ਹਣਾ ਕਰ ਰਹੇ ਸਨ, ਉਹ ਅੱਜ ਦੇ ਮਸੀਹੀਆਂ ਲਈ ਕਿਉਂ ਅਹਿਮੀਅਤ ਰੱਖਦੇ ਹਨ?
2 ਜਿਨ੍ਹਾਂ ਹਾਲਾਤਾਂ ਵਿਚ ਬਾਈਬਲ ਦੀ ਇਹ ਕਿਤਾਬ ਲਿਖੀ ਗਈ ਸੀ, ਉਹ ਅੱਜ ਦੇ ਮਸੀਹੀਆਂ ਲਈ ਬਹੁਤ ਅਹਿਮੀਅਤ ਰੱਖਦੇ ਹਨ। ਯੂਹੰਨਾ ਨੂੰ ਸਤਾਇਆ ਜਾ ਰਿਹਾ ਸੀ ਕਿਉਂਕਿ ਉਹ ਯਹੋਵਾਹ ਅਤੇ ਉਸ ਦੇ ਪੁੱਤਰ, ਮਸੀਹ ਯਿਸੂ ਦਾ ਗਵਾਹ ਸੀ। ਜਦ ਕਿ ਉਹ ਅਤੇ ਉਸ ਦੇ ਸੰਗੀ ਮਸੀਹੀ ਚੰਗੇ ਨਾਗਰਿਕ ਬਣਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਦੁਨੀਆਂ ਉਨ੍ਹਾਂ ਦੀ ਵੈਰੀ ਬਣ ਗਈ ਸੀ, ਕਿਉਂਕਿ ਉਹ ਸਮਰਾਟ ਦੀ ਉਪਾਸਨਾ ਨਹੀਂ ਕਰਦੇ ਸਨ। (ਲੂਕਾ 4:8) ਅੱਜ ਵੀ ਕੁਝ ਦੇਸ਼ਾਂ ਵਿਚ ਮਸੀਹੀਆਂ ਦੇ ਹਾਲਾਤ ਇਸੇ ਤਰ੍ਹਾਂ ਦੇ ਹਨ ਜਿੱਥੇ ਸਰਕਾਰ ਇਹ ਦੱਸਣ ਦਾ ਅਧਿਕਾਰ ਜਤਾਉਂਦੀ ਹੈ ਕਿ ਧਾਰਮਿਕ ਤੌਰ ਤੇ ਕੀ ਸਹੀ ਹੈ ਤੇ ਕੀ ਨਹੀਂ। ਇਸ ਲਈ ਪਰਕਾਸ਼ ਦੀ ਪੋਥੀ ਦੇ ਆਰੰਭਕ ਸ਼ਬਦ ਕਿੰਨਾ ਦਿਲਾਸਾ ਦਿੰਦੇ ਹਨ: “ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ।” (ਪਰਕਾਸ਼ ਦੀ ਪੋਥੀ 1:3) ਜੀ ਹਾਂ, ਪਰਕਾਸ਼ ਦੀ ਪੋਥੀ ਨੂੰ ਧਿਆਨ ਨਾਲ ਪੜ੍ਹਨ ਵਾਲੇ ਅਤੇ ਇਸ ਵਿਚ ਲਿਖੀਆਂ ਗੱਲਾਂ ਉੱਤੇ ਚੱਲਣ ਵਾਲੇ ਲੋਕ ਸੱਚੀ ਖ਼ੁਸ਼ੀ ਅਤੇ ਬਹੁਤ ਸਾਰੀਆਂ ਬਰਕਤਾਂ ਪ੍ਰਾਪਤ ਕਰ ਸਕਦੇ ਹਨ।
3. ਯੂਹੰਨਾ ਨੂੰ ਦਿੱਤੇ ਗਏ ਪ੍ਰਕਾਸ਼ ਦਾ ਸੋਮਾ ਕੌਣ ਹੈ?
3 ਪ੍ਰਕਾਸ਼ ਦੀ ਪੋਥੀ ਦਾ ਅਸਲੀ ਸੋਮਾ ਕੌਣ ਹੈ ਅਤੇ ਇਸ ਪ੍ਰਕਾਸ਼ ਨੂੰ ਦੇਣ ਲਈ ਕਿਹੜੇ ਜ਼ਰੀਏ ਇਸਤੇਮਾਲ ਕੀਤੇ ਗਏ ਸਨ? ਪਹਿਲੀ ਆਇਤ ਸਾਨੂੰ ਦੱਸਦੀ ਹੈ: “ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ।” (ਪਰਕਾਸ਼ ਦੀ ਪੋਥੀ 1:1) ਸੌਖੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਪ੍ਰਕਾਸ਼ ਦਾ ਅਸਲੀ ਸੋਮਾ ਯਹੋਵਾਹ ਪਰਮੇਸ਼ੁਰ ਹੈ ਜਿਸ ਨੇ ਪਹਿਲਾਂ ਇਹ ਯਿਸੂ ਮਸੀਹ ਨੂੰ ਦਿੱਤਾ ਅਤੇ ਫਿਰ ਇਕ ਦੂਤ ਦੇ ਦੁਆਰਾ ਯਿਸੂ ਨੇ ਇਹ ਯੂਹੰਨਾ ਨੂੰ ਦਿੱਤਾ। ਥੋੜ੍ਹੀ ਹੋਰ ਜਾਂਚ ਕਰਨ ਤੇ ਪਤਾ ਚੱਲਦਾ ਹੈ ਕਿ ਯਿਸੂ ਨੇ ਕਲੀਸਿਯਾਵਾਂ ਨੂੰ ਸੰਦੇਸ਼ ਪਹੁੰਚਾਉਣ ਅਤੇ ਯੂਹੰਨਾ ਨੂੰ ਦਰਸ਼ਣ ਦਿਖਾਉਣ ਲਈ ਪਵਿੱਤਰ ਆਤਮਾ ਨੂੰ ਵੀ ਇਸਤੇਮਾਲ ਕੀਤਾ ਸੀ।—ਪਰਕਾਸ਼ ਦੀ ਪੋਥੀ 2:7, 11, 17, 29; 3:6, 13, 22; 4:2; 17:3; 21:10. ਰਸੂਲਾਂ ਦੇ ਕਰਤੱਬ 2:33 ਦੀ ਤੁਲਨਾ ਕਰੋ।
4. ਧਰਤੀ ਉੱਤੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਯਹੋਵਾਹ ਅੱਜ ਵੀ ਕਿਹੜੇ ਜ਼ਰੀਏ ਇਸਤੇਮਾਲ ਕਰਦਾ ਹੈ?
4 ਯਹੋਵਾਹ ਆਪਣੇ ਪੁੱਤਰ, ਜੋ “ਕਲੀਸਿਯਾ ਦਾ ਸਿਰ ਹੈ,” ਨੂੰ ਅਜੇ ਵੀ ਧਰਤੀ ਉੱਤੇ ਆਪਣੇ ਸੇਵਕਾਂ ਨੂੰ ਸਿਖਾਉਣ ਲਈ ਇਸਤੇਮਾਲ ਕਰਦਾ ਹੈ। (ਅਫ਼ਸੀਆਂ 5:23; ਯਸਾਯਾਹ 54:13; ਯੂਹੰਨਾ 6:45) ਯਹੋਵਾਹ ਆਪਣੇ ਲੋਕਾਂ ਨੂੰ ਸਿੱਖਿਆ ਦੇਣ ਲਈ ਆਪਣੀ ਪਵਿੱਤਰ ਆਤਮਾ ਨੂੰ ਵੀ ਇਸਤੇਮਾਲ ਕਰਦਾ ਹੈ। (ਯੂਹੰਨਾ 15:26; 1 ਕੁਰਿੰਥੀਆਂ 2:10) ਅਤੇ ਠੀਕ ਜਿਵੇਂ ਯਿਸੂ ਨੇ ਪਹਿਲੀ ਸਦੀ ਦੀਆਂ ਕਲੀਸਿਯਾਵਾਂ ਨੂੰ ਅਧਿਆਤਮਿਕ ਭੋਜਨ ਦੇਣ ਲਈ “ਆਪਣੇ ਦਾਸ ਯੂਹੰਨਾ” ਨੂੰ ਇਸਤੇਮਾਲ ਕੀਤਾ ਸੀ, ਉਸੇ ਤਰ੍ਹਾਂ ਅੱਜ ਉਹ ਆਪਣੇ ਨੌਕਰਾਂ-ਚਾਕਰਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ “ਵੇਲੇ ਸਿਰ” ਅਧਿਆਤਮਿਕ “ਰਸਤ” ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ,” ਅਰਥਾਤ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ “ਭਰਾਵਾਂ” ਨੂੰ ਇਸਤੇਮਾਲ ਕਰਦਾ ਹੈ। (ਮੱਤੀ 24:45-47; 25:40) ਖ਼ੁਸ਼ ਹਨ ਉਹ ਲੋਕ ਜਿਹੜੇ ਅਧਿਆਤਮਿਕ ਭੋਜਨ ਦੇ ਰੂਪ ਵਿਚ ਮਿਲਣ ਵਾਲੇ ‘ਚੰਗੇ ਦਾਨਾਂ’ ਦੇ ਸੋਮੇ ਨੂੰ ਅਤੇ ਉਸ ਦੁਆਰਾ ਇਸਤੇਮਾਲ ਕੀਤੇ ਗਏ ਜ਼ਰੀਏ ਨੂੰ ਪਛਾਣਦੇ ਹਨ।—ਯਾਕੂਬ 1:17.
ਮਸੀਹ ਦੇ ਨਿਰਦੇਸ਼ਨ ਅਧੀਨ ਕਲੀਸਿਯਾਵਾਂ
5. (ੳ) ਮਸੀਹੀ ਕਲੀਸਿਯਾਵਾਂ ਦੀ ਅਤੇ ਉਨ੍ਹਾਂ ਦੇ ਨਿਗਾਹਬਾਨਾਂ ਦੀ ਲਾਖਣਿਕ ਤੌਰ ਤੇ ਕਿਨ੍ਹਾਂ ਚੀਜ਼ਾਂ ਨਾਲ ਤੁਲਨਾ ਕੀਤੀ ਗਈ ਹੈ? (ਅ) ਮਨੁੱਖੀ ਅਪੂਰਣਤਾ ਦੇ ਬਾਵਜੂਦ ਅਸੀਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ?
5 ਪਰਕਾਸ਼ ਦੀ ਪੋਥੀ ਦੇ ਸ਼ੁਰੂ ਦੇ ਅਧਿਆਵਾਂ ਵਿਚ ਮਸੀਹੀ ਕਲੀਸਿਯਾਵਾਂ ਦੀ ਤੁਲਨਾ ਸ਼ਮਾਦਾਨਾਂ ਨਾਲ ਕੀਤੀ ਗਈ ਹੈ। ਕਲੀਸਿਯਾਵਾਂ ਦੇ ਨਿਗਾਹਬਾਨਾਂ ਦੀ ਤੁਲਨਾ ਦੂਤਾਂ (ਸੰਦੇਸ਼ਵਾਹਕਾਂ) ਅਤੇ ਤਾਰਿਆਂ ਨਾਲ ਕੀਤੀ ਗਈ ਹੈ। (ਪਰਕਾਸ਼ ਦੀ ਪੋਥੀ 1:20)a ਆਪਣੇ ਬਾਰੇ ਗੱਲ ਕਰਦੇ ਹੋਏ ਮਸੀਹ ਨੇ ਯੂਹੰਨਾ ਨੂੰ ਇਹ ਲਿਖਣ ਲਈ ਕਿਹਾ: “ਜਿਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ।” (ਪਰਕਾਸ਼ ਦੀ ਪੋਥੀ 2:1) ਏਸ਼ੀਆ ਦੀਆਂ ਸੱਤ ਕਲੀਸਿਯਾਵਾਂ ਨੂੰ ਭੇਜੇ ਗਏ ਸੱਤ ਸੰਦੇਸ਼ ਦਿਖਾਉਂਦੇ ਹਨ ਕਿ ਪਹਿਲੀ ਸਦੀ ਸਾ.ਯੁ. ਵਿਚ ਕਲੀਸਿਯਾਵਾਂ ਵਿਚ ਅਤੇ ਉਨ੍ਹਾਂ ਦੇ ਬਜ਼ੁਰਗਾਂ ਵਿਚ ਗੁਣ-ਔਗੁਣ ਦੋਵੇਂ ਸਨ। ਅੱਜ ਵੀ ਇਸੇ ਤਰ੍ਹਾਂ ਹੈ। ਇਸ ਲਈ ਅਸੀਂ ਜ਼ਿਆਦਾ ਖ਼ੁਸ਼ ਹੋਵਾਂਗੇ ਜੇ ਅਸੀਂ ਇਸ ਹਕੀਕਤ ਨੂੰ ਕਦੀ ਨਾ ਭੁੱਲੀਏ ਕਿ ਸਾਡਾ ਸਿਰ ਮਸੀਹ, ਕਲੀਸਿਯਾਵਾਂ ਦੇ ਵਿਚ ਮੌਜੂਦ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਲੀਸਿਯਾਵਾਂ ਵਿਚ ਕੀ ਹੋ ਰਿਹਾ ਹੈ। ਸਾਰੇ ਨਿਗਾਹਬਾਨ ਲਾਖਣਿਕ ਤੌਰ ਤੇ ਉਸ ਦੇ “ਸੱਜੇ ਹੱਥ ਵਿੱਚ” ਹਨ, ਯਾਨੀ ਕਿ ਉਹ ਉਸ ਦੇ ਕੰਟ੍ਰੋਲ ਵਿਚ ਹਨ ਅਤੇ ਉਸ ਦੇ ਨਿਰਦੇਸ਼ਨ ਹੇਠ ਕੰਮ ਕਰਦੇ ਹਨ। ਉਹ ਕਲੀਸਿਯਾਵਾਂ ਦੀ ਕਿਸ ਤਰ੍ਹਾਂ ਚਰਵਾਹੀ ਕਰਦੇ ਹਨ, ਇਸ ਦੇ ਲਈ ਉਨ੍ਹਾਂ ਨੇ ਉਸ ਨੂੰ ਜਵਾਬ ਦੇਣਾ ਹੈ।—ਰਸੂਲਾਂ ਦੇ ਕਰਤੱਬ 20:28; ਇਬਰਾਨੀਆਂ 13:17.
6. ਕਿਹੜੀ ਚੀਜ਼ ਦਿਖਾਉਂਦੀ ਹੈ ਕਿ ਸਿਰਫ਼ ਨਿਗਾਹਬਾਨਾਂ ਨੇ ਹੀ ਮਸੀਹ ਨੂੰ ਜਵਾਬ ਨਹੀਂ ਦੇਣਾ ਹੈ?
6 ਪਰ ਜੇਕਰ ਅਸੀਂ ਸੋਚਦੇ ਹਾਂ ਕਿ ਸਿਰਫ਼ ਨਿਗਾਹਬਾਨਾਂ ਨੇ ਹੀ ਆਪਣੇ ਕੰਮਾਂ ਲਈ ਮਸੀਹ ਨੂੰ ਜਵਾਬ ਦੇਣਾ ਹੈ, ਤਾਂ ਇਹ ਸਾਡੀ ਭੁੱਲ ਹੈ। ਆਪਣੇ ਇਕ ਸੰਦੇਸ਼ ਵਿਚ ਮਸੀਹ ਨੇ ਕਿਹਾ: “ਸਾਰੀਆਂ ਕਲੀਸਿਯਾਂ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ।” (ਪਰਕਾਸ਼ ਦੀ ਪੋਥੀ 2:23) ਇਹ ਇਕ ਚੇਤਾਵਨੀ ਵੀ ਹੈ ਅਤੇ ਉਤਸ਼ਾਹ ਵੀ—ਚੇਤਾਵਨੀ ਇਸ ਲਈ ਕਿ ਮਸੀਹ ਸਾਡੇ ਦਿਲਾਂ ਅੰਦਰ ਲੁਕੇ ਮਨੋਰਥਾਂ ਨੂੰ ਜਾਣਦਾ ਹੈ, ਉਤਸ਼ਾਹ ਇਸ ਲਈ ਕਿਉਂਕਿ ਇਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਮਸੀਹ ਸਾਡੇ ਜਤਨਾਂ ਨੂੰ ਜਾਣਦਾ ਹੈ ਅਤੇ ਜੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਨੂੰ ਬਰਕਤ ਦੇਵੇਗਾ।—ਮਰਕੁਸ 14:6-9; ਲੂਕਾ 21:3, 4.
7. ਫ਼ਿਲਦਲਫ਼ੀਏ ਦੇ ਮਸੀਹੀਆਂ ਨੇ ‘ਯਿਸੂ ਦੇ ਧੀਰਜ ਦੇ ਬਚਨ ਦੀ ਰੱਛਿਆ’ ਕਿਵੇਂ ਕੀਤੀ ਸੀ?
7 ਲੁਦਿਯਾ ਦੇ ਫ਼ਿਲਦਲਫ਼ੀਏ ਸ਼ਹਿਰ ਦੀ ਕਲੀਸਿਯਾ ਨੂੰ ਮਸੀਹ ਨੇ ਆਪਣੇ ਸੰਦੇਸ਼ ਵਿਚ ਝਿੜਕਿਆ ਨਹੀਂ, ਪਰ ਉਸ ਨੇ ਇਕ ਵਾਅਦਾ ਕੀਤਾ ਜਿਸ ਵਿਚ ਸਾਨੂੰ ਬਹੁਤ ਦਿਲਚਸਪੀ ਹੋਣੀ ਚਾਹੀਦੀ ਹੈ। “ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ।” (ਪਰਕਾਸ਼ ਦੀ ਪੋਥੀ 3:10) “ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ” ਦਾ ਯੂਨਾਨੀ ਵਿਚ ਇਹ ਅਰਥ ਵੀ ਹੋ ਸਕਦਾ ਹੈ ਕਿ “ਧੀਰਜ ਬਾਰੇ ਜੋ ਮੈਂ ਕਿਹਾ ਸੀ ਉਸ ਨੂੰ ਪੂਰਾ ਕੀਤਾ ਹੈ।” ਆਇਤ 8 ਇਹ ਇਸ਼ਾਰਾ ਕਰਦੀ ਹੈ ਕਿ ਫ਼ਿਲਦਲਫ਼ੀਏ ਦੇ ਮਸੀਹੀਆਂ ਨੇ ਨਾ ਸਿਰਫ਼ ਮਸੀਹ ਦੇ ਹੁਕਮਾਂ ਨੂੰ ਮੰਨਿਆ, ਸਗੋਂ ਵਫ਼ਾਦਾਰੀ ਨਾਲ ਸਹਿਣ ਕਰਨ ਦੀ ਉਸ ਦੀ ਸਲਾਹ ਨੂੰ ਵੀ ਮੰਨਿਆ ਸੀ।—ਮੱਤੀ 10:22; ਲੂਕਾ 21:19.
8. (ੳ) ਯਿਸੂ ਨੇ ਫ਼ਿਲਦਲਫ਼ੀਏ ਦੇ ਮਸੀਹੀਆਂ ਨਾਲ ਕੀ ਵਾਅਦਾ ਕੀਤਾ ਸੀ? (ਅ) ਅੱਜ ‘ਪਰਤਾਵੇ ਦੇ ਸਮੇਂ’ ਤੋਂ ਕਿਹੜੇ ਲੋਕ ਪ੍ਰਭਾਵਿਤ ਹੁੰਦੇ ਹਨ?
8 ਯਿਸੂ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਦੀ ‘ਪਰਤਾਵੇ ਦੇ ਸਮੇਂ ਤੋਂ’ ਰੱਖਿਆ ਕਰੇਗਾ। ਅਸੀਂ ਨਹੀਂ ਜਾਣਦੇ ਕਿ ਉਸ ਸਮੇਂ ਦੇ ਮਸੀਹੀਆਂ ਲਈ ਇਸ ਦਾ ਕੀ ਮਤਲਬ ਸੀ। ਭਾਵੇਂ ਕਿ 96 ਸਾ.ਯੁ. ਵਿਚ ਡੋਮਿਸ਼ਨ ਦੀ ਮੌਤ ਹੋਣ ਤੋਂ ਬਾਅਦ ਸਤਾਹਟ ਤੋਂ ਥੋੜ੍ਹੀ ਰਾਹਤ ਮਿਲੀ ਸੀ, ਪਰ ਟ੍ਰੇਜਨ (98-117 ਸਾ.ਯੁ.) ਦੇ ਸ਼ਾਸਨ ਦੌਰਾਨ ਸਤਾਹਟ ਦੀ ਇਕ ਨਵੀਂ ਲਹਿਰ ਸ਼ੁਰੂ ਹੋ ਗਈ, ਜਿਸ ਨਾਲ ਮਸੀਹੀਆਂ ਉੱਤੇ ਹੋਰ ਪਰਤਾਵੇ ਆਏ। ਪਰ ਮੁੱਖ ‘ਪਰਤਾਵੇ ਦੇ ਸਮੇਂ’ ਨੇ “ਓੜਕ ਦੇ ਸਮੇਂ” ਦੇ ਦੌਰਾਨ “ਪ੍ਰਭੁ ਦੇ ਦਿਨ” ਵਿਚ ਆਉਣਾ ਸੀ, ਜਿਸ ਵਿਚ ਅਸੀਂ ਅੱਜ ਜੀ ਰਹੇ ਹਾਂ। (ਪਰਕਾਸ਼ ਦੀ ਪੋਥੀ 1:10; ਦਾਨੀਏਲ 12:4) ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਅਤੇ ਉਸ ਤੋਂ ਇਕਦਮ ਬਾਅਦ ਬਹੁਤ ਸਾਰੇ ਪਰਤਾਵਿਆਂ ਦਾ ਸਾਮ੍ਹਣਾ ਕੀਤਾ। ਪਰ ‘ਪਰਤਾਵੇ ਦਾ ਸਮਾਂ’ ਅਜੇ ਵੀ ਚੱਲ ਰਿਹਾ ਹੈ। ਇਹ “ਧਰਤੀ ਦੇ ਵਾਸੀਆਂ” ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਵਿਚ ਵੱਡੀ ਭੀੜ ਦੇ ਲੱਖਾਂ ਮੈਂਬਰ ਵੀ ਸ਼ਾਮਲ ਹਨ, ਜੋ ਵੱਡੀ ਬਿਪਤਾ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖਦੇ ਹਨ। (ਪਰਕਾਸ਼ ਦੀ ਪੋਥੀ 3:10; 7:9, 14) ਅਸੀਂ ਖ਼ੁਸ਼ ਹੋਵਾਂਗੇ ਜੇ ਅਸੀਂ ‘ਧੀਰਜ ਬਾਰੇ ਜੋ ਯਿਸੂ ਨੇ ਕਿਹਾ ਸੀ ਉਸ ਨੂੰ ਪੂਰਾ ਕਰੀਏ,’ ਯਾਨੀ ਕਿ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”—ਮੱਤੀ 24:13.
ਖ਼ੁਸ਼ੀ ਨਾਲ ਪਰਮੇਸ਼ੁਰ ਦੀ ਸਰਬਸੱਤਾ ਦੇ ਅਧੀਨ ਹੋਣਾ
9, 10. (ੳ) ਯਹੋਵਾਹ ਦੇ ਸਿੰਘਾਸਣ ਦੇ ਦਰਸ਼ਣ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (ਅ) ਪਰਕਾਸ਼ ਦੀ ਪੋਥੀ ਪੜ੍ਹਨ ਨਾਲ ਸਾਨੂੰ ਕਿਵੇਂ ਖ਼ੁਸ਼ੀ ਮਿਲ ਸਕਦੀ ਹੈ?
9 ਪਰਕਾਸ਼ ਦੀ ਪੋਥੀ ਦੇ ਅਧਿਆਇ 4 ਅਤੇ 5 ਵਿਚ ਦਿੱਤੇ ਗਏ ਯਹੋਵਾਹ ਦੇ ਸਿੰਘਾਸਣ ਅਤੇ ਉਸ ਦੀ ਸਵਰਗੀ ਅਦਾਲਤ ਦੇ ਦਰਸ਼ਣ ਨਾਲ ਸਾਡੇ ਵਿਚ ਸ਼ਰਧਾਮਈ ਆਦਰ ਪੈਦਾ ਹੋਣਾ ਚਾਹੀਦਾ ਹੈ। ਜਦੋਂ ਤਾਕਤਵਰ ਸਵਰਗੀ ਪ੍ਰਾਣੀ ਆਪਣੇ ਆਪ ਨੂੰ ਖ਼ੁਸ਼ੀ ਨਾਲ ਯਹੋਵਾਹ ਦੀ ਧਾਰਮਿਕ ਸਰਬਸੱਤਾ ਦੇ ਅਧੀਨ ਕਰਦੇ ਹਨ, ਤਾਂ ਉਨ੍ਹਾਂ ਵੱਲੋਂ ਕੀਤੇ ਗਏ ਦਿਲੀ ਪ੍ਰਸ਼ੰਸਾ ਦੇ ਪ੍ਰਗਟਾਵਿਆਂ ਦਾ ਸਾਡੇ ਉੱਤੇ ਡੂੰਘਾ ਅਸਰ ਪੈਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 4:8-11) ਸਾਨੂੰ ਵੀ ਆਪਣੀਆਂ ਆਵਾਜ਼ਾਂ ਉਨ੍ਹਾਂ ਦੀਆਂ ਆਵਾਜ਼ਾਂ ਨਾਲ ਮਿਲਾਉਣੀਆਂ ਚਾਹੀਦੀਆਂ ਹਨ ਜੋ ਕਹਿੰਦੀਆਂ ਹਨ: “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਪ੍ਰਾਕਰਮ ਜੁੱਗੋ ਜੁੱਗ ਹੋਵੇ।”—ਪਰਕਾਸ਼ ਦੀ ਪੋਥੀ 5:13.
10 ਦੇਖਿਆ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਹਰ ਗੱਲ ਵਿਚ ਆਪਣੇ ਆਪ ਨੂੰ ਖ਼ੁਸ਼ੀ ਨਾਲ ਯਹੋਵਾਹ ਦੀ ਇੱਛਾ ਦੇ ਅਧੀਨ ਕਰਨਾ ਚਾਹੀਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕਰਮ ਸੱਭੋ ਹੀ ਪ੍ਰਭੁ ਯਿਸੂ ਦੇ ਨਾਮ ਉੱਤੇ ਕਰੋ ਅਰ ਉਹ ਦੇ ਰਾਹੀਂ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ।” (ਕੁਲੁੱਸੀਆਂ 3:17) ਪਰਕਾਸ਼ ਦੀ ਪੋਥੀ ਨੂੰ ਪੜ੍ਹਨ ਨਾਲ ਅਸੀਂ ਸੱਚ-ਮੁੱਚ ਖ਼ੁਸ਼ ਹੋਵਾਂਗੇ ਜੇ ਅਸੀਂ ਆਪਣੇ ਮਨ ਅਤੇ ਦਿਲ ਦੀਆਂ ਡੂੰਘਾਈਆਂ ਤੋਂ ਯਹੋਵਾਹ ਦੀ ਸਰਬਸੱਤਾ ਨੂੰ ਪਛਾਣਦੇ ਹਾਂ ਅਤੇ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਉਸ ਦੀ ਇੱਛਾ ਨੂੰ ਧਿਆਨ ਵਿਚ ਰੱਖਦੇ ਹਾਂ।
11, 12. (ੳ) ਸ਼ਤਾਨ ਦੀ ਜ਼ਮੀਨੀ ਵਿਵਸਥਾ ਨੂੰ ਕਿਵੇਂ ਹਿਲਾਇਆ ਅਤੇ ਨਾਸ਼ ਕੀਤਾ ਜਾਵੇਗਾ? (ਅ) ਪਰਕਾਸ਼ ਦੀ ਪੋਥੀ ਦੇ ਅਧਿਆਇ 7 ਅਨੁਸਾਰ ਉਸ ਸਮੇਂ ਕੌਣ “ਖਲੋ” ਸਕਣਗੇ?
11 ਖ਼ੁਸ਼ੀ ਨਾਲ ਯਹੋਵਾਹ ਦੀ ਸਰਬਸੱਤਾ ਦੇ ਅਧੀਨ ਹੋਣਾ ਸਾਡੀ ਆਪਣੀ ਖ਼ੁਸ਼ੀ ਲਈ ਅਤੇ ਪੂਰੇ ਵਿਸ਼ਵ ਦੀ ਖ਼ੁਸ਼ੀ ਲਈ ਅਤਿ ਜ਼ਰੂਰੀ ਹੈ। ਜਲਦੀ ਹੀ ਲਾਖਣਿਕ ਤੌਰ ਤੇ ਇਕ ਵੱਡਾ ਭੁਚਾਲ ਸ਼ਤਾਨ ਦੀ ਰੀਤੀ-ਵਿਵਸਥਾ ਦੀਆਂ ਨੀਹਾਂ ਨੂੰ ਹਿਲਾ ਦੇਵੇਗਾ ਅਤੇ ਇਸ ਨੂੰ ਨਸ਼ਟ ਕਰ ਦੇਵੇਗਾ। ਉਨ੍ਹਾਂ ਲੋਕਾਂ ਨੂੰ ਲੁੱਕਣ ਲਈ ਕਿਤੇ ਵੀ ਜਗ੍ਹਾ ਨਹੀਂ ਮਿਲੇਗੀ ਜੋ ਪਰਮੇਸ਼ੁਰ ਦੀ ਜਾਇਜ਼ ਸਰਬਸੱਤਾ ਨੂੰ ਦਰਸਾਉਣ ਵਾਲੀ ਮਸੀਹ ਦੀ ਸਵਰਗੀ ਸਰਕਾਰ ਦੇ ਅਧੀਨ ਹੋਣ ਤੋਂ ਇਨਕਾਰ ਕਰਦੇ ਹਨ। ਭਵਿੱਖਬਾਣੀ ਦੱਸਦੀ ਹੈ: “ਧਰਤੀ ਦੇ ਰਾਜਿਆਂ, ਅਮੀਰਾਂ, ਫੌਜ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਨੇ ਆਪਣੇ ਆਪ ਨੂੰ ਗੁਫਾਂ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ। ਅਤੇ ਓਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਓ! ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਦੇ ਸਾਹਮਣਿਓਂ ਅਤੇ ਲੇਲੇ ਦੇ ਕ੍ਰੋਧ ਤੋਂ ਸਾਨੂੰ ਲੁਕਾ ਲਓ! ਕਿਉਂ ਜੋ ਓਹਨਾਂ ਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ! ਹੁਣ ਕੌਣ ਖਲੋ ਸੱਕਦਾ ਹੈ?”—ਪਰਕਾਸ਼ ਦੀ ਪੋਥੀ 6:12, 15-17.
12 ਇਸ ਸਵਾਲ ਦੇ ਜਵਾਬ ਵਿਚ, ਅਗਲੇ ਅਧਿਆਇ ਵਿਚ ਯੂਹੰਨਾ ਰਸੂਲ ਵੱਡੀ ਭੀੜ ਬਾਰੇ ਦੱਸਦਾ ਹੈ ਜੋ ਵੱਡੀ ਬਿਪਤਾ ਵਿੱਚੋਂ ਨਿਕਲ ਕੇ ਆਉਂਦੀ ਹੈ ਅਤੇ “ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।” (ਪਰਕਾਸ਼ ਦੀ ਪੋਥੀ 7:9, 14, 15) ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਉਨ੍ਹਾਂ ਦਾ ਖੜ੍ਹਾ ਹੋਣਾ ਦਿਖਾਉਂਦਾ ਹੈ ਕਿ ਉਹ ਉਸ ਸਿੰਘਾਸਣ ਨੂੰ ਪਛਾਣਦੇ ਹਨ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਦੀ ਸਰਬਸੱਤਾ ਦੇ ਅਧੀਨ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ।
13. (ੳ) ਧਰਤੀ ਦੇ ਜ਼ਿਆਦਾਤਰ ਵਾਸੀ ਕਿਸ ਦੀ ਉਪਾਸਨਾ ਕਰਦੇ ਹਨ ਅਤੇ ਉਨ੍ਹਾਂ ਦੇ ਮੱਥੇ ਉੱਤੇ ਜਾਂ ਹੱਥ ਉੱਤੇ ਲੱਗੇ ਦਾਗ਼ ਦਾ ਕੀ ਅਰਥ ਹੈ? (ਅ) ਇਸ ਲਈ ਸਬਰ ਕਿਉਂ ਜ਼ਰੂਰੀ ਹੋਵੇਗਾ?
13 ਦੂਸਰੇ ਪਾਸੇ ਅਧਿਆਇ 13 ਵਿਚ ਧਰਤੀ ਦੇ ਬਾਕੀ ਵਾਸੀਆਂ ਨੂੰ ਸ਼ਤਾਨ ਦੀ ਰਾਜਨੀਤਿਕ ਵਿਵਸਥਾ, ਜਿਸ ਨੂੰ ਇਕ ਦਰਿੰਦੇ ਦੁਆਰਾ ਦਰਸਾਇਆ ਗਿਆ ਹੈ, ਦੀ ਉਪਾਸਨਾ ਕਰਦੇ ਹੋਏ ਦਿਖਾਇਆ ਗਿਆ ਹੈ। ਉਹ ਆਪਣੇ “ਮੱਥੇ” ਉੱਤੇ ਜਾਂ ਆਪਣੇ “ਹੱਥ” ਉੱਤੇ ਦਾਗ਼ ਲਗਵਾਉਂਦੇ ਹਨ, ਜੋ ਦਿਖਾਉਂਦਾ ਹੈ ਕਿ ਉਹ ਪੂਰੇ ਤਨ-ਮਨ ਨਾਲ ਇਸ ਵਿਵਸਥਾ ਨੂੰ ਸਮਰਥਨ ਦਿੰਦੇ ਹਨ। (ਪਰਕਾਸ਼ ਦੀ ਪੋਥੀ 13:1-8, 16, 17) ਫਿਰ ਅਧਿਆਇ 14 ਅੱਗੇ ਕਹਿੰਦਾ ਹੈ: “ਜੋ ਕੋਈ ਓਸ ਦਰਿੰਦੇ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਯਾ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ, ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਹੈ . . . ਏਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਓਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੀ ਨਿਹਚਾ ਦੀ ਪਾਲਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 14:9, 10, 12) ਜਿਉਂ-ਜਿਉਂ ਸਮਾਂ ਬੀਤਦਾ ਜਾਵੇਗਾ, ਤਿਉਂ-ਤਿਉਂ ਇਹ ਸਵਾਲ ਹੋਰ ਜ਼ਿਆਦਾ ਪੁੱਛਿਆ ਜਾਵੇਗਾ: ਤੁਸੀਂ ਕਿਸ ਦਾ ਸਮਰਥਨ ਕਰਦੇ ਹੋ? ਯਹੋਵਾਹ ਅਤੇ ਉਸ ਦੀ ਸਰਬਸੱਤਾ ਦਾ ਜਾਂ ਦਰਿੰਦੇ ਦੁਆਰਾ ਦਰਸਾਈ ਗਈ ਦੁਸ਼ਟ ਰਾਜਨੀਤਿਕ ਵਿਵਸਥਾ ਦਾ? ਉਹ ਲੋਕ ਖ਼ੁਸ਼ ਹੋਣਗੇ ਜਿਹੜੇ ਦਰਿੰਦੇ ਦਾ ਦਾਗ਼ ਨਹੀਂ ਲਗਵਾਉਂਦੇ ਹਨ ਅਤੇ ਯਹੋਵਾਹ ਦੀ ਸਰਬਸੱਤਾ ਦੇ ਅਧੀਨ ਹੋ ਕੇ ਵਫ਼ਾਦਾਰੀ ਨਾਲ ਸਬਰ ਰੱਖਦੇ ਹਨ।
14, 15. ਆਰਮਾਗੇਡਨ ਦੇ ਵਰਣਨ ਦੇ ਵਿਚਕਾਰੋਂ ਹੀ ਕਿਹੜਾ ਸੰਦੇਸ਼ ਦਿੱਤਾ ਜਾਂਦਾ ਹੈ ਅਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ?
14 ਸਰਬਸੱਤਾ ਦੇ ਵਿਸ਼ੇ ਉੱਤੇ “ਸਾਰੇ ਜਗਤ” ਦੇ ਸ਼ਾਸਕਾਂ ਦੀ ਯਹੋਵਾਹ ਦੇ ਨਾਲ ਟੱਕਰ ਹੋਣ ਵਾਲੀ ਹੈ। ਇਹ ਟੱਕਰ ਆਰਮਾਗੇਡਨ ਵਿਚ ਹੋਵੇਗੀ, ਜੋ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਹੈ। (ਪਰਕਾਸ਼ ਦੀ ਪੋਥੀ 16:14, 16) ਯਹੋਵਾਹ ਦੇ ਨਾਲ ਯੁੱਧ ਕਰਨ ਲਈ ਧਰਤੀ ਦੇ ਰਾਜਿਆਂ ਦੇ ਇਕੱਠੇ ਹੋਣ ਦੇ ਵਰਣਨ ਦੇ ਵਿਚਕਾਰੋਂ ਹੀ ਯਿਸੂ ਇਕ ਦਿਲਚਸਪ ਗੱਲ ਦੱਸਦਾ ਹੈ: “ਵੇਖੋ, ਮੈਂ ਚੋਰ ਵਾਂਙੁ ਆਉਂਦਾ ਹਾਂ। ਧੰਨ ਓਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਭਈ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।” (ਪਰਕਾਸ਼ ਦੀ ਪੋਥੀ 16:15) ਇਹ ਸ਼ਾਇਦ ਹੈਕਲ ਦੇ ਉਨ੍ਹਾਂ ਲੇਵੀ ਪਹਿਰੇਦਾਰਾਂ ਵੱਲ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਆਪਣੀ ਪਹਿਰੇਦਾਰੀ ਦੀ ਡਿਊਟੀ ਵੇਲੇ ਸੁੱਤੇ ਹੋਏ ਫੜੇ ਜਾਣ ਤੇ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਸਾਮ੍ਹਣੇ ਬੇਇੱਜ਼ਤ ਕੀਤਾ ਜਾਂਦਾ ਸੀ।
15 ਸੰਦੇਸ਼ ਬਿਲਕੁਲ ਸਪੱਸ਼ਟ ਹੈ: ਜੇ ਅਸੀਂ ਆਰਮਾਗੇਡਨ ਵਿੱਚੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਅਧਿਆਤਮਿਕ ਤੌਰ ਤੇ ਸਚੇਤ ਰਹਿਣਾ ਪਵੇਗਾ ਅਤੇ ਆਪਣੀ ਲਾਖਣਿਕ ਪੁਸ਼ਾਕ ਦੀ ਰਾਖੀ ਕਰਨੀ ਪਵੇਗੀ ਜੋ ਯਹੋਵਾਹ ਪਰਮੇਸ਼ੁਰ ਦੇ ਵਫ਼ਾਦਾਰ ਗਵਾਹਾਂ ਵਜੋਂ ਸਾਡੀ ਪਛਾਣ ਕਰਾਉਂਦੀ ਹੈ। ਅਸੀਂ ਖ਼ੁਸ਼ ਹੋਵਾਂਗੇ ਜੇ ਅਸੀਂ ਅਧਿਆਤਮਿਕ ਤੌਰ ਤੇ ਸੁਸਤ ਨਹੀਂ ਹੁੰਦੇ ਹਾਂ ਅਤੇ ਬਿਨਾਂ ਰੁਕੇ ਪਰਮੇਸ਼ੁਰ ਦੇ ਸਥਾਪਿਤ ਰਾਜ ਦੀ “ਸਦੀਪਕਾਲ ਦੀ ਇੰਜੀਲ” ਦਾ ਜੋਸ਼ ਨਾਲ ਪ੍ਰਚਾਰ ਕਰਦੇ ਰਹਿੰਦੇ ਹਾਂ।—ਪਰਕਾਸ਼ ਦੀ ਪੋਥੀ 14:6.
‘ਧੰਨ ਹੈ ਉਹ ਜਿਹੜਾ ਇਨ੍ਹਾਂ ਗੱਲਾਂ ਦੀ ਪਾਲਨਾ ਕਰਦਾ ਹੈ’
16. ਖ਼ਾਸ ਕਰਕੇ ਪਰਕਾਸ਼ ਦੀ ਪੋਥੀ ਦੇ ਅਖ਼ੀਰਲੇ ਅਧਿਆਵਾਂ ਵਿਚ ਕਿਹੜੀ ਖ਼ੁਸ਼ੀ ਦੀ ਗੱਲ ਦੱਸੀ ਗਈ ਹੈ?
16 ਪਰਕਾਸ਼ ਦੀ ਪੋਥੀ ਨੂੰ ਪੜ੍ਹਨ ਅਤੇ ਇਸ ਵਿਚ ਲਿਖੀਆਂ ਗੱਲਾਂ ਤੇ ਚੱਲਣ ਵਾਲੇ ਵਿਅਕਤੀ ਅਖ਼ੀਰਲੇ ਅਧਿਆਵਾਂ ਨੂੰ ਪੜ੍ਹ ਕੇ ਖ਼ੁਸ਼ੀ ਨਾਲ ਉੱਛਲਣਗੇ, ਕਿਉਂਕਿ ਇਨ੍ਹਾਂ ਅਧਿਆਵਾਂ ਵਿਚ ਸਾਡੀ ਸ਼ਾਨਦਾਰ ਉਮੀਦ ਬਾਰੇ ਦੱਸਿਆ ਗਿਆ ਹੈ—ਇਕ ਨਵਾਂ ਆਕਾਸ਼ ਅਤੇ ਨਵੀਂ ਧਰਤੀ, ਯਾਨੀ ਕਿ ਇਕ ਨਵੇਂ ਅਤੇ ਸਾਫ਼-ਸੁਥਰੇ ਮਨੁੱਖੀ ਸਮਾਜ ਉੱਤੇ ਸ਼ਾਸਨ ਕਰਨ ਵਾਲੀ ਧਾਰਮਿਕ ਸਵਰਗੀ ਸਰਕਾਰ। ਇਹ ਸਭ “ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ” ਦੀ ਮਹਿਮਾ ਕਰਨਗੇ। (ਪਰਕਾਸ਼ ਦੀ ਪੋਥੀ 21:22) ਜਦੋਂ ਇਹ ਹੈਰਾਨ ਕਰ ਦੇਣ ਵਾਲੇ ਦਰਸ਼ਣ ਖ਼ਤਮ ਹੁੰਦੇ ਹਨ, ਤਾਂ ਦੂਤ ਯੂਹੰਨਾ ਨੂੰ ਕਹਿੰਦਾ ਹੈ: “ਏਹ ਬਚਨ ਨਿਹਚਾ ਜੋਗ ਅਤੇ ਸਤ ਹਨ ਅਤੇ ਪ੍ਰਭੁ ਨੇ ਜਿਹੜਾ ਨਬੀਆਂ ਦਿਆਂ ਆਤਮਿਆਂ ਦਾ ਪਰਮੇਸ਼ੁਰ ਹੈ [“ਜੋ ਆਪਣੇ ਨਬੀਆਂ ਨੂੰ ਪਰੇਰਨਾ ਦਿੰਦਾ ਹੈ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਆਪਣਾ ਦੂਤ ਘੱਲਿਆ ਭਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣਿਆਂ ਦਾਸਾਂ ਨੂੰ ਵਿਖਾਵੇ। ਵੇਖ, ਮੈਂ ਛੇਤੀ ਆਉਂਦਾ ਹਾਂ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ।”—ਪਰਕਾਸ਼ ਦੀ ਪੋਥੀ 22:6, 7.
17. (ੳ) ਪਰਕਾਸ਼ ਦੀ ਪੋਥੀ 22:6 ਵਿਚ ਕੀ ਭਰੋਸਾ ਦਿੱਤਾ ਗਿਆ ਹੈ? (ਅ) ਸਾਨੂੰ ਕਿਹੜੇ ਕੰਮਾਂ ਤੋਂ ਸਚੇਤ ਰਹਿਣਾ ਚਾਹੀਦਾ ਹੈ?
17 ਪਰਕਾਸ਼ ਦੀ ਪੋਥੀ ਨੂੰ ਪੜ੍ਹਨ ਅਤੇ ਇਸ ਵਿਚ ਲਿਖੀਆਂ ਗੱਲਾਂ ਤੇ ਚੱਲਣ ਵਾਲੇ ਲੋਕਾਂ ਨੂੰ ਯਾਦ ਹੋਵੇਗਾ ਕਿ “ਪੋਥੀ” ਦੇ ਸ਼ੁਰੂ ਵਿਚ ਵੀ ਇਸੇ ਤਰ੍ਹਾਂ ਦੇ ਸ਼ਬਦ ਕਹੇ ਗਏ ਸਨ। (ਪਰਕਾਸ਼ ਦੀ ਪੋਥੀ 1:1, 3) ਇਹ ਸ਼ਬਦ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਬਾਈਬਲ ਦੀ ਇਸ ਆਖ਼ਰੀ ਕਿਤਾਬ ਵਿਚ ਭਵਿੱਖਬਾਣੀ ਕੀਤੀਆਂ ਗਈਆਂ ‘ਗੱਲਾਂ ਛੇਤੀ ਹੋਣ ਵਾਲੀਆਂ ਹਨ।’ ਅਸੀਂ ਅੰਤ ਦੇ ਇੰਨੇ ਨੇੜੇ ਹਾਂ ਕਿ ਪਰਕਾਸ਼ ਦੀ ਪੋਥੀ ਵਿਚ ਪਹਿਲਾਂ ਹੀ ਦੱਸੀਆਂ ਗਈਆਂ ਸਾਰੀਆਂ ਘਟਨਾਵਾਂ ਇਕ ਤੋਂ ਬਾਅਦ ਇਕ ਜਲਦੀ ਵਾਪਰਨ ਵਾਲੀਆਂ ਹਨ। ਸ਼ਤਾਨ ਦੀ ਰੀਤੀ-ਵਿਵਸਥਾ ਵਿਚ ਨਜ਼ਰ ਆਉਣ ਵਾਲੀ ਕਿਸੇ ਵੀ ਸਥਿਰਤਾ ਕਰਕੇ ਸਾਨੂੰ ਸੁਸਤ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਚੌਕਸੀ ਨਾਲ ਪਰਕਾਸ਼ ਦੀ ਪੋਥੀ ਨੂੰ ਪੜ੍ਹਦੇ ਹਾਂ, ਤਾਂ ਅਸੀਂ ਏਸ਼ੀਆ ਦੀਆਂ ਸੱਤ ਕਲੀਸਿਯਾਵਾਂ ਨੂੰ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਯਾਦ ਰੱਖਾਂਗੇ ਅਤੇ ਭੌਤਿਕਵਾਦ, ਮੂਰਤੀ-ਪੂਜਾ ਤੇ ਅਨੈਤਿਕਤਾ ਦੇ ਫੰਦੇ ਵਿਚ ਫਸਣ ਤੋਂ ਬਚੇ ਰਹਾਂਗੇ। ਅਸੀਂ ਸੀਲ ਗਰਮ ਨਹੀਂ ਹੋਵਾਂਗੇ ਅਤੇ ਧਰਮ-ਤਿਆਗੀਆਂ ਦੀ ਫ਼ਿਰਕਾਪਰਸਤੀ ਤੋਂ ਦੂਰ ਰਹਾਂਗੇ।
18, 19. (ੳ) ਯਿਸੂ ਨੇ ਅਜੇ ਕਿਉਂ ਆਉਣਾ ਹੈ ਅਤੇ ਯੂਹੰਨਾ ਵਾਂਗ ਅਸੀਂ ਵੀ ਕਿਹੜੀ ਉਮੀਦ ਰੱਖਦੇ ਹਾਂ? (ਅ) ਯਹੋਵਾਹ ਨੇ ਕਿਸ ਮਕਸਦ ਨਾਲ ਅਜੇ ‘ਆਉਣਾ’ ਹੈ?
18 ਪਰਕਾਸ਼ ਦੀ ਪੋਥੀ ਵਿਚ ਯਿਸੂ ਕਈ ਵਾਰ ਐਲਾਨ ਕਰਦਾ ਹੈ: “ਮੈਂ ਛੇਤੀ ਆਉਂਦਾ ਹਾਂ।” (ਪਰਕਾਸ਼ ਦੀ ਪੋਥੀ 2:16; 3:11; 22:7, 20ੳ) ਉਸ ਨੇ ਵੱਡੀ ਬਾਬੁਲ ਨੂੰ, ਸ਼ਤਾਨ ਦੀ ਰਾਜਨੀਤਿਕ ਵਿਵਸਥਾ ਨੂੰ ਅਤੇ ਹੁਣ ਮਸੀਹ ਦੇ ਰਾਜ ਦੁਆਰਾ ਦਰਸਾਈ ਗਈ ਯਹੋਵਾਹ ਦੀ ਸਰਬਸੱਤਾ ਦੇ ਅਧੀਨ ਹੋਣ ਤੋਂ ਇਨਕਾਰ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਸਜ਼ਾ ਦੇਣ ਲਈ ਅਜੇ ਆਉਣਾ ਹੈ। ਅਸੀਂ ਵੀ ਯੂਹੰਨਾ ਰਸੂਲ ਨਾਲ ਕਹਿੰਦੇ ਹਾਂ: “ਆਮੀਨ। ਹੇ ਪ੍ਰਭੁ ਯਿਸੂ, ਆਓ!”—ਪਰਕਾਸ਼ ਦੀ ਪੋਥੀ 22:20ਅ.
19 ਯਹੋਵਾਹ ਆਪ ਕਹਿੰਦਾ ਹੈ: “ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹ ਨੂੰ ਬਦਲਾ ਦਿਆਂ।” (ਪਰਕਾਸ਼ ਦੀ ਪੋਥੀ 22:12) ਭਾਵੇਂ ਅਸੀਂ ਵਾਅਦਾ ਕੀਤੇ ਹੋਏ “ਨਵੇਂ ਆਕਾਸ਼” ਵਿਚ ਜਾਂ “ਨਵੀਂ ਧਰਤੀ” ਉੱਤੇ ਸਦੀਪਕ ਜੀਵਨ ਦੇ ਸ਼ਾਨਦਾਰ ਇਨਾਮ ਦੀ ਉਡੀਕ ਕਰਦੇ ਹਾਂ, ਆਓ ਅਸੀਂ ਸਾਰੇ ਨੇਕਦਿਲ ਇਨਸਾਨਾਂ ਨੂੰ ਜੋਸ਼ ਨਾਲ ਇਹ ਸੱਦਾ ਦੇਈਏ: “ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰਕਾਸ਼ ਦੀ ਪੋਥੀ 22:17) ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਹ ਸਾਰੇ ਲੋਕ ਵੀ ਪਰਮੇਸ਼ੁਰ ਦੀ ਪ੍ਰੇਰਿਤ ਅਤੇ ਪ੍ਰੇਰਣਾਦਾਇਕ ਪਰਕਾਸ਼ ਦੀ ਪੋਥੀ ਨੂੰ ਪੜ੍ਹਨਗੇ ਅਤੇ ਇਸ ਤੇ ਚੱਲਣਗੇ!
[ਫੁਟਨੋਟ]
a ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦੇ ਸਫ਼ੇ 28-9, 136 (ਫੁਟਨੋਟ) ਦੇਖੋ।
ਪੁਨਰ-ਵਿਚਾਰ ਲਈ ਨੁਕਤੇ
◻ ਯਹੋਵਾਹ ਨੇ ਪ੍ਰਕਾਸ਼ ਦੇਣ ਲਈ ਕਿਹੜੇ ਜ਼ਰੀਏ ਇਸਤੇਮਾਲ ਕੀਤੇ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
◻ ਏਸ਼ੀਆ ਵਿਚ ਸੱਤ ਕਲੀਸਿਯਾਵਾਂ ਨੂੰ ਭੇਜੇ ਗਏ ਸੰਦੇਸ਼ਾਂ ਨੂੰ ਪੜ੍ਹ ਕੇ ਸਾਨੂੰ ਕਿਉਂ ਖ਼ੁਸ਼ ਹੋਣਾ ਚਾਹੀਦਾ ਹੈ?
◻ ‘ਪਰਤਾਵੇ ਦੇ ਸਮੇਂ’ ਦੌਰਾਨ ਸਾਡੀ ਕਿਵੇਂ ਰਾਖੀ ਹੋਵੇਗੀ?
◻ ਜੇ ਅਸੀਂ ਪਰਕਾਸ਼ ਦੀ ਪੋਥੀ ਦੀਆਂ ਗੱਲਾਂ ਉੱਤੇ ਚੱਲਦੇ ਹਾਂ, ਤਾਂ ਸਾਨੂੰ ਕਿਹੜੀ ਖ਼ੁਸ਼ੀ ਮਿਲੇਗੀ?
[ਸਫ਼ੇ 15 ਉੱਤੇ ਤਸਵੀਰ]
ਖ਼ੁਸ਼ ਹਨ ਉਹ ਲੋਕ ਜਿਹੜੇ ਖ਼ੁਸ਼ ਖ਼ਬਰੀ ਦੇ ਸੋਮੇ ਨੂੰ ਪਛਾਣਦੇ ਹਨ
[ਸਫ਼ੇ 18 ਉੱਤੇ ਤਸਵੀਰ]
ਖ਼ੁਸ਼ ਹੈ ਉਹ ਇਨਸਾਨ ਜਿਹੜਾ ਸਚੇਤ ਰਹਿੰਦਾ ਹੈ