ਪਾਠਕਾਂ ਵੱਲੋਂ ਸਵਾਲ
ਪਹਿਲਾ ਪਤਰਸ 2:9 ਵਿਚ, ਬਾਈਬਲ ਦੀ “ਕਿੰਗ ਜੇਮਜ਼ ਵਰਯਨ” ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕ “ਚੁਣੀ ਹੋਈ ਪੀਹੜੀ,” ਆਖਦੀ ਹੈ। ਕੀ ਇਸ ਤੋਂ ਮੱਤੀ 24:34 ਵਿਚ ਦਰਜ ਕੀਤੀ ਗਈ ਯਿਸੂ ਵੱਲੋਂ “ਪੀਹੜੀ” ਦੀ ਵਰਤੋਂ ਬਾਰੇ ਸਾਡੀ ਦ੍ਰਿਸ਼ਟੀ ਉੱਤੇ ਅਸਰ ਪੈਣਾ ਚਾਹੀਦਾ ਹੈ?
ਕੁਝ ਅਨੁਵਾਦਾਂ ਵਿਚ ਸ਼ਬਦ “ਪੀਹੜੀ” ਦੋਵੇਂ ਹੀ ਹਵਾਲਿਆਂ ਵਿਚ ਪਾਇਆ ਜਾਂਦਾ ਹੈ। ਕਿੰਗ ਜੇਮਜ਼ ਵਰਯਨ ਦੇ ਅਨੁਸਾਰ, ਰਸੂਲ ਪਤਰਸ ਨੇ ਲਿਖਿਆ: “ਪਰ ਤੁਸੀਂ ਇਕ ਚੁਣੀ ਹੋਈ ਪੀਹੜੀ, ਇਕ ਸ਼ਾਹੀ ਜਾਜਕ-ਵਰਗ, ਇਕ ਪਵਿੱਤਰ ਕੌਮ, ਇਕ ਖਾਸ ਲੋਕ ਹੋ; ਭਈ ਤੁਸੀਂ ਉਹ ਦੀ ਸਤੂਤੀ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।” ਅਤੇ ਯਿਸੂ ਨੇ ਪੂਰਵ-ਸੂਚਿਤ ਕੀਤਾ: “ਮੈਂ ਤੁਹਾਨੂੰ ਸਤ ਆਖਦਾ ਹਾਂ, ਇਹ ਪੀਹੜੀ ਬੀਤ ਨਾ ਜਾਵੇਗੀ, ਜਦ ਤੀਕਰ ਏਹ ਸਭ ਗੱਲਾਂ ਪੂਰੀਆਂ ਨਾ ਹੋ ਲੈਣ।”—1 ਪਤਰਸ 2:9; ਮੱਤੀ 24:34.
ਪਹਿਲੇ ਹਵਾਲੇ ਵਿਚ, ਰਸੂਲ ਪਤਰਸ ਨੇ ਯੂਨਾਨੀ ਸ਼ਬਦ ਗੈੱਨੌਸ ਦਾ ਇਸਤੇਮਾਲ ਕੀਤਾ, ਜਦ ਕਿ ਯਿਸੂ ਦੇ ਬਿਆਨ ਦੇ ਮੂਲ-ਪਾਠ ਵਿਚ ਅਸੀਂ ਗੈੱਨੇਆ ਪਾਉਂਦੇ ਹਾਂ। ਇਹ ਦੋਵੇਂ ਯੂਨਾਨੀ ਸ਼ਬਦ ਸ਼ਾਇਦ ਇੱਕੋ ਸਮਾਨ ਜਾਪਣ, ਅਤੇ ਉਹ ਇੱਕੋ ਹੀ ਮੂਲ ਨਾਲ ਸੰਬੰਧ ਰੱਖਦੇ ਹਨ; ਫਿਰ ਵੀ, ਉਹ ਵਖਰੇ ਸ਼ਬਦ ਹਨ, ਅਤੇ ਉਨ੍ਹਾਂ ਦੇ ਵਖਰੇ ਅਰਥ ਹਨ। ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਜ਼—ਵਿਦ ਰੈਫ਼ਰੈਂਸਿਸ 1 ਪਤਰਸ 2:9 ਦੇ ਇਕ ਫੁਟਨੋਟ ਵਿਚ ਕਹਿੰਦੀ ਹੈ: “‘ਜਾਤੀ।’ ਯੂ., ਗੈੱਨੌਸ; ਗੈੱਨੇਆ, ‘ਪੀੜ੍ਹੀ,’ ਤੋਂ ਭਿੰਨ ਹੈ, ਜਿਵੇਂ ਮੱਤੀ 24:34 ਵਿਚ ਹੈ।” ਮੱਤੀ 24:34 ਉੱਤੇ ਇਕ ਅਨੁਰੂਪ ਫੁਟਨੋਟ ਪਾਇਆ ਜਾਂਦਾ ਹੈ।
ਜਿਵੇਂ ਕਿ ਇਹ ਫੁਟਨੋਟ ਸੰਕੇਤ ਕਰਦੇ ਹਨ, ਗੈੱਨੌਸ ਉਚਿਤ ਤੌਰ ਤੇ ਅੰਗ੍ਰੇਜ਼ੀ ਸ਼ਬਦ “ਜਾਤੀ” ਅਨੁਵਾਦ ਕੀਤਾ ਗਿਆ ਹੈ, ਜਿਵੇਂ ਕਿ ਅੰਗ੍ਰੇਜ਼ੀ ਅਨੁਵਾਦਾਂ ਵਿਚ ਆਮ ਪਾਇਆ ਜਾਂਦਾ ਹੈ। ਪਹਿਲਾ ਪਤਰਸ 2:9 ਤੇ, ਪਤਰਸ ਨੇ ਯਸਾਯਾਹ 61:6 ਵਿਚ ਪਾਈ ਗਈ ਭਵਿੱਖਬਾਣੀ ਨੂੰ ਸਵਰਗੀ ਉਮੀਦ ਰੱਖਣ ਵਾਲੇ ਮਸਹ ਕੀਤੇ ਹੋਏ ਮਸੀਹੀਆਂ ਲਈ ਲਾਗੂ ਕੀਤਾ। ਇਹ ਬਹੁਤੇਰੀਆਂ ਕੌਮਾਂ ਅਤੇ ਗੋਤਾਂ ਤੋਂ ਬੁਲਾਏ ਗਏ ਹਨ, ਪਰ ਜਿਉਂ ਹੀ ਉਹ ਅਧਿਆਤਮਿਕ ਇਸਰਾਏਲ ਦੀ ਕੌਮ ਦਾ ਭਾਗ ਬਣਦੇ ਹਨ, ਉਨ੍ਹਾਂ ਦੇ ਕੁਦਰਤੀ ਪਿਛੋਕੜ ਪਿੱਛੇ ਛੱਡ ਦਿੱਤੇ ਜਾਂਦੇ ਹਨ। (ਰੋਮੀਆਂ 10:12; ਗਲਾਤੀਆਂ 3:28, 29; 6:16; ਪਰਕਾਸ਼ ਦੀ ਪੋਥੀ 5:9, 10) ਪਤਰਸ ਨੇ ਉਨ੍ਹਾਂ ਦੀ ਸ਼ਨਾਖ਼ਤ ਕੀਤੀ ਕਿ ਉਹ ਅਧਿਆਤਮਿਕ ਅਰਥ ਵਿਚ ਇਕ ਵਿਸ਼ੇਸ਼ ਸਮੂਹ ਬਣਨਗੇ—“ਇਕ ਚੁਣੀ ਹੋਈ ਜਾਤੀ, ਇਕ ਸ਼ਾਹੀ ਜਾਜਕ-ਵਰਗ, ਇਕ ਪਵਿੱਤਰ ਕੌਮ, ਖ਼ਾਸ ਮਲਕੀਅਤ ਲਈ ਇਕ ਲੋਕ।”—ਨਿ ਵ.
ਪਰੰਤੂ ਮੱਤੀ 24:34 ਵਿਚ ਪਾਏ ਗਏ ਯਿਸੂ ਦੇ ਸ਼ਬਦਾਂ ਦੇ ਯੂਨਾਨੀ ਮੂਲ-ਪਾਠ ਵਿਚ, ਅਸੀਂ ਸ਼ਬਦ ਗੈੱਨੇਆ ਪਾਉਂਦੇ ਹਾਂ। ਇਹ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਯਿਸੂ, ਲੋਕਾਂ ਦੀ ਕਿਸੇ “ਜਾਤੀ” ਨੂੰ ਨਹੀਂ, ਪਰੰਤੂ ਇਕ ਖ਼ਾਸ ਸਮੇਂ ਅਵਧੀ ਵਿਚ ਜੀ ਰਹੇ ਲੋਕਾਂ ਨੂੰ ਸੰਕੇਤ ਕਰ ਰਿਹਾ ਸੀ।
ਲਗਭਗ ਇਕ ਸੌ ਸਾਲ ਪਹਿਲਾਂ, ਚਾਰਲਸ ਟੀ. ਰਸਲ, ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ ਨੇ ਇਹ ਸਪੱਸ਼ਟ ਕਰਦੇ ਹੋਏ, ਲਿਖਿਆ: “ਭਾਵੇਂ ਕਿ ਕਿਹਾ ਜਾ ਸਕਦਾ ਹੈ ਕਿ ਸ਼ਬਦ ‘ਪੀੜ੍ਹੀ’ ਅਤੇ ‘ਜਾਤੀ’ ਇੱਕੋ ਹੀ ਮੂਲ ਜਾਂ ਆਰੰਭਕ-ਬਿੰਦੂ ਤੋਂ ਆਉਂਦੇ ਹਨ, ਫਿਰ ਵੀ ਉਹ ਇਕ-ਸਮਾਨ ਨਹੀਂ ਹਨ; ਅਤੇ ਸ਼ਾਸਤਰ ਸੰਬੰਧੀ ਵਰਤੋਂ ਵਿਚ ਇਹ ਦੋਵੇਂ ਸ਼ਬਦ ਕਾਫ਼ੀ ਭਿੰਨ ਹਨ। . . . ਇਸ ਭਵਿੱਖਬਾਣੀ ਦੇ ਤਿੰਨ ਵਖਰੇ ਰਿਕਾਰਡਾਂ ਵਿਚ ਸਾਡੇ ਪ੍ਰਭੂ ਦੇ ਸਿਰ ਸਿਹਰਾ ਦਿੱਤਾ ਜਾਂਦਾ ਹੈ ਕਿ ਉਸ ਨੇ ਇਕ ਬਿਲਕੁਲ ਹੀ ਵਖਰੇ ਯੂਨਾਨੀ ਸ਼ਬਦ (ਗੈੱਨੇਆ) ਦੀ ਵਰਤੋਂ ਕੀਤੀ, ਜਿਸ ਦਾ ਅਰਥ ਜਾਤੀ ਨਹੀਂ ਹੈ ਪਰੰਤੂ ਪੀੜ੍ਹੀ [ਅਨੁਵਾਦ ਕੀਤਾ ਗਿਆ] ਅੰਗ੍ਰੇਜ਼ੀ ਸ਼ਬਦ ਵਰਗਾ ਸਮਾਨ ਅਰਥ ਰੱਖਦਾ ਹੈ। ਇਸ ਯੂਨਾਨੀ ਸ਼ਬਦ (ਗੈੱਨੇਆ) ਦੀਆਂ ਦੂਸਰੀਆਂ ਵਰਤੋਂ ਇਹ ਸਾਬਤ ਕਰਦੀਆਂ ਹਨ ਕਿ ਇਹ ਜਾਤੀ ਦੇ ਭਾਵ ਵਿਚ ਨਹੀਂ, ਪਰੰਤੂ ਸਮਕਾਲੀਨ ਸਮੇਂ ਵਿਚ ਜੀ ਰਹੇ ਲੋਕਾਂ ਦਾ ਜ਼ਿਕਰ ਕਰਨ ਲਈ ਵਰਤਿਆ ਜਾਂਦਾ ਹੈ।”—ਬਦਲੇ ਦਾ ਦਿਨ (ਅੰਗ੍ਰੇਜ਼ੀ), ਸਫ਼ੇ 602-3.
ਹੋਰ ਹਾਲ ਹੀ ਵਿਚ, ਬਾਈਬਲ ਅਨੁਵਾਦਕਾਂ ਲਈ ਬਣਾਈ ਗਈ ਏ ਹੈਂਡਬੁਕ ਔਨ ਦ ਗੌਸਪਲ ਆਫ਼ ਮੈਥਿਊ (1988) ਨੇ ਕਿਹਾ: “[ਦ ਨਿਊ ਇੰਟਰਨੈਸ਼ਨਲ ਵਰਯਨ] ਇਸ ਪੀੜ੍ਹੀ ਨੂੰ ਸ਼ਾਬਦਿਕ ਰੂਪ ਵਿਚ ਅਨੁਵਾਦ ਕਰਦੀ ਹੈ ਪਰ ਇਸ ਮਗਰੋਂ ਫੁਟਨੋਟ ਵਿਚ, ‘ਜਾਂ ਜਾਤੀ,’ ਦਿੰਦੀ ਹੈ। ਅਤੇ ਨਵਾਂ ਨੇਮ ਦਾ ਇਕ ਵਿਦਵਾਨ ਵਿਸ਼ਵਾਸ ਕਰਦਾ ਹੈ ਕਿ ‘ਮੱਤੀ ਦਾ ਅਰਥ ਹੈ ਕੇਵਲ ਯਿਸੂ ਮਗਰੋਂ ਪਹਿਲੀ ਹੀ ਪੀੜ੍ਹੀ ਨਹੀਂ, ਬਲਕਿ ਯਹੂਦੀ ਮਤ ਦੀਆਂ ਸਾਰੀਆਂ ਪੀੜ੍ਹੀਆਂ ਜੋ ਉਸ ਨੂੰ ਰੱਦ ਕਰਦੀਆਂ ਹਨ।’ ਪਰੰਤੂ, ਇਨ੍ਹਾਂ ਸਿੱਟਿਆਂ ਦੀ ਪੁਸ਼ਟੀ ਕਰਨ ਲਈ ਕੋਈ ਭਾਸ਼ਾ-ਵਿਗਿਆਨਕ ਸਬੂਤ ਨਹੀਂ ਹੈ, ਅਤੇ ਸਪੱਸ਼ਟ ਅਰਥ ਨੂੰ ਟਾਲਣ ਦਿਆਂ ਜਤਨਾਂ ਵਜੋਂ ਇਨ੍ਹਾਂ ਨੂੰ ਅਣਡਿੱਠ ਕੀਤਾ ਜਾਣਾ ਚਾਹੀਦਾ ਹੈ। ਆਪਣੀ ਮੂਲ ਸਥਿਤੀ ਵਿਚ ਇਹ ਕੇਵਲ ਯਿਸੂ ਦੇ ਆਪਣੇ ਸਮਕਾਲੀਨ ਲੋਕਾਂ ਨੂੰ ਹੀ ਸੰਕੇਤ ਕਰਦਾ ਸੀ।”
ਜਿਵੇਂ ਕਿ ਸਫ਼ੇ 8 ਤੋਂ 13 ਉੱਤੇ ਚਰਚਾ ਕੀਤੀ ਗਈ ਹੈ, ਯਿਸੂ ਨੇ ਆਪਣੇ ਸਮੇਂ ਦੇ ਯਹੂਦੀਆਂ ਦੀ ਪੀੜ੍ਹੀ, ਆਪਣੇ ਸਮਕਾਲੀਨ ਲੋਕਾਂ ਦੀ ਨਿੰਦਿਆ ਕੀਤੀ, ਜਿਨ੍ਹਾਂ ਨੇ ਉਸ ਨੂੰ ਰੱਦਿਆ। (ਲੂਕਾ 9:41; 11:32; 17:25) ਉਸ ਨੇ ਅਕਸਰ ਉਸ ਪੀੜ੍ਹੀ ਦਾ ਵਰਣਨ ਕਰਨ ਲਈ, “ਬੁਰੀ ਅਤੇ ਹਰਾਮਕਾਰ,” “ਬੇਪਰਤੀਤ ਅਤੇ ਅੜਬ,” ਅਤੇ “ਹਰਾਮਕਾਰ ਅਤੇ ਪਾਪੀ” ਵਰਗੇ ਵਿਸ਼ੇਸ਼ਣ ਵਰਤੇ। (ਮੱਤੀ 12:39; 17:17; ਮਰਕੁਸ 8:38) ਜਦੋਂ ਯਿਸੂ ਨੇ ਆਖ਼ਰੀ ਵਾਰ “ਪੀਹੜੀ” ਦਾ ਇਸਤੇਮਾਲ ਕੀਤਾ, ਉਹ ਚਾਰ ਰਸੂਲਾਂ ਦੇ ਨਾਲ ਜ਼ੈਤੂਨ ਦੇ ਪਹਾੜ ਉੱਤੇ ਸੀ। (ਮਰਕੁਸ 13:3) ਉਹ ਮਨੁੱਖ, ਜਿਨ੍ਹਾਂ ਨੂੰ ਅਜੇ ਆਤਮਾ ਨਾਲ ਮਸਹ ਨਹੀਂ ਕੀਤਾ ਗਿਆ ਸੀ ਅਤੇ ਜੋ ਮਸੀਹੀ ਕਲੀਸਿਯਾ ਦਾ ਭਾਗ ਨਹੀਂ ਸਨ, ਨਿਸ਼ਚੇ ਹੀ ਇਕ “ਪੀਹੜੀ” ਨਹੀਂ ਸਨ ਅਤੇ ਨਾ ਹੀ ਲੋਕਾਂ ਦੀ ਇਕ ਜਾਤੀ ਸਨ। ਪਰੰਤੂ, ਉਹ ਯਿਸੂ ਦੁਆਰਾ ਉਸ ਦੇ ਸਮਕਾਲੀਨ ਲੋਕਾਂ ਦਾ ਜ਼ਿਕਰ ਕਰਨ ਵਿਚ ਅਭਿਵਿਅਕਤੀ “ਪੀਹੜੀ” ਦੀ ਵਰਤੋਂ ਤੋਂ ਕਾਫ਼ੀ ਜਾਣੂ ਸਨ। ਇਸ ਲਈ ਉਹ ਤਾਰਕਿਕ ਤੌਰ ਤੇ ਸਮਝ ਜਾਂਦੇ ਕਿ ਉਹ ਕਿਸ ਬਾਰੇ ਸੋਚ ਰਿਹਾ ਸੀ ਜਦੋਂ ਉਸ ਨੇ ਆਖ਼ਰੀ ਵਾਰ “ਇਹ ਪੀਹੜੀ” ਦਾ ਜ਼ਿਕਰ ਕੀਤਾ।a ਰਸੂਲ ਪਤਰਸ, ਜੋ ਉੱਥੇ ਹਾਜ਼ਰ ਸੀ, ਨੇ ਇਸ ਮਗਰੋਂ ਯਹੂਦੀਆਂ ਨੂੰ ਜ਼ੋਰ ਦਿੱਤਾ: “ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।”—ਰਸੂਲਾਂ ਦੇ ਕਰਤੱਬ 2:40.
ਅਸੀਂ ਅਕਸਰ ਸਬੂਤ ਪ੍ਰਕਾਸ਼ਿਤ ਕੀਤੇ ਹਨ ਕਿ ਇਸੇ ਹੀ ਗੋਸ਼ਟੀ ਵਿਚ ਯਿਸੂ ਦੁਆਰਾ ਪੂਰਵ-ਸੂਚਿਤ ਕੀਤੀਆਂ ਗਈਆਂ ਕਈ ਗੱਲਾਂ (ਜਿਵੇਂ ਕਿ ਯੁੱਧ, ਭੁਚਾਲ, ਅਤੇ ਕਾਲ) ਉਸ ਦੇ ਭਵਿੱਖਬਾਣੀ ਕਰਨ ਅਤੇ 70 ਸਾ.ਯੁ. ਵਿਚ ਯਰੂਸ਼ਲਮ ਦੇ ਵਿਨਾਸ਼ ਦੇ ਦਰਮਿਆਨ ਪੂਰੀਆਂ ਹੋਈਆਂ ਸਨ। ਕਈ, ਪਰੰਤੂ ਸਾਰੀਆਂ ਨਹੀਂ ਪੂਰੀਆਂ ਹੋਈਆਂ ਸਨ। ਮਿਸਾਲ ਲਈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੋਮੀਆਂ ਵੱਲੋਂ ਯਰੂਸ਼ਲਮ ਉੱਤੇ ਹਮਲਾ (66-70 ਸਾ.ਯੁ.) ਕਰਨ ਮਗਰੋਂ, “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ” ਪ੍ਰਗਟ ਹੋਇਆ, ਜਿਸ ਦੇ ਸਿੱਟੇ ਵਜੋਂ “ਧਰਤੀ ਦੀਆਂ ਸਾਰੀਆਂ ਕੌਮਾਂ” ਨੇ ਖ਼ੁਦ ਨੂੰ ਪਿੱਟਿਆ। (ਮੱਤੀ 24:30) ਇਸ ਤਰ੍ਹਾਂ, 33 ਸਾ.ਯੁ. ਅਤੇ 70 ਸਾ.ਯੁ. ਦੇ ਵਿਚਕਾਰ ਉਹ ਪੂਰਤੀ ਕੇਵਲ ਇਕ ਆਰੰਭਕ ਪੂਰਤੀ ਹੀ ਹੋਈ ਹੋਣੀ, ਨਾ ਕਿ ਪੂਰਣ ਜਾਂ ਵੱਡੇ-ਪੈਮਾਨੇ ਦੀ ਪੂਰਤੀ ਜਿਸ ਦੇ ਵੱਲ ਵੀ ਯਿਸੂ ਸੰਕੇਤ ਕਰ ਰਿਹਾ ਸੀ।
ਜੋਸੀਫ਼ਸ ਦੀ ਰਚਨਾ ਯਹੂਦੀ ਯੁੱਧ (ਅੰਗ੍ਰੇਜ਼ੀ) ਦੇ ਅਨੁਵਾਦ ਦੇ ਮੁਖਬੰਧ ਵਿਚ, ਜੀ. ਏ. ਵਿਲਿਅਮਸਨ ਲਿਖਦਾ ਹੈ: “ਮੱਤੀ ਸਾਨੂੰ ਦੱਸਦਾ ਹੈ ਕਿ ਚੇਲਿਆਂ ਨੇ [ਯਿਸੂ] ਕੋਲੋਂ ਇਕ ਦੂਹਰਾ ਸਵਾਲ ਪੁੱਛਿਆ ਸੀ—ਹੈਕਲ ਦੇ ਵਿਨਾਸ਼ ਬਾਰੇ ਅਤੇ ਉਸ ਦੇ ਖ਼ੁਦ ਦੇ ਆਖ਼ਰੀ ਆਗਮਨ ਬਾਰੇ—ਅਤੇ ਉਸ ਨੇ ਉਨ੍ਹਾਂ ਨੂੰ ਇਕ ਦੂਹਰਾ ਜਵਾਬ ਦਿੱਤਾ, ਜਿਸ ਦੇ ਪਹਿਲੇ ਭਾਗ ਨੇ ਬਹੁਤ ਹੀ ਸਪੱਸ਼ਟ ਰੂਪ ਵਿਚ ਉਨ੍ਹਾਂ ਘਟਨਾਵਾਂ ਦੀ ਪੂਰਵ-ਸੂਚਨਾ ਦਿੱਤੀ ਜੋ ਬਾਅਦ ਵਿਚ ਜੋਸੀਫ਼ਸ ਦੁਆਰਾ ਇੰਨੇ ਪੂਰਣ ਰੂਪ ਵਿਚ ਵਰਣਿਤ ਕੀਤੀਆਂ ਜਾਣੀਆਂ ਸਨ।”
ਜੀ ਹਾਂ, ਪਹਿਲੀ ਪੂਰਤੀ ਵਿਚ, “ਇਹ ਪੀਹੜੀ” ਸਪੱਸ਼ਟ ਤੌਰ ਤੇ ਉਹੋ ਹੀ ਅਰਥ ਰੱਖਦੀ ਹੈ ਜੋ ਦੂਸਰੇ ਸਮਿਆਂ ਤੇ ਇਸ ਦਾ ਅਰਥ ਸੀ—ਅਵਿਸ਼ਵਾਸੀ ਯਹੂਦੀਆਂ ਦੀ ਸਮਕਾਲੀਨ ਪੀੜ੍ਹੀ। ਉਹ “ਪੀਹੜੀ” ਯਿਸੂ ਦੁਆਰਾ ਪੂਰਵ-ਸੂਚਿਤ ਕੀਤੀਆਂ ਗਈਆਂ ਗੱਲਾਂ ਨੂੰ ਅਨੁਭਵ ਕੀਤੇ ਬਿਨਾਂ ਨਾ ਬੀਤਦੀ। ਜਿਵੇਂ ਕਿ ਵਿਲਿਅਮਸਨ ਨੇ ਟਿੱਪਣੀ ਕੀਤੀ, ਇਹ ਯਰੂਸ਼ਲਮ ਦੇ ਵਿਨਾਸ਼ ਨੂੰ ਲੈ ਜਾਣ ਵਾਲੇ ਦਹਾਕਿਆਂ ਵਿਚ ਸੱਚ ਸਾਬਤ ਹੋਇਆ, ਜਿਵੇਂ ਕਿ ਇਕ ਚਸ਼ਮਦੀਦ ਗਵਾਹ, ਇਤਿਹਾਸਕਾਰ ਜੋਸੀਫ਼ਸ ਨੇ ਵਰਣਨ ਕੀਤਾ।
ਦੂਸਰੀ ਜਾਂ ਵੱਡੀ ਪੂਰਤੀ ਵਿਚ, ਤਾਰਕਿਕ ਤੌਰ ਤੇ “ਇਹ ਪੀਹੜੀ” ਵੀ ਸਮਕਾਲੀਨ ਲੋਕ ਹੀ ਹੁੰਦੇ। ਜਿਵੇਂ ਕਿ ਸਫ਼ਾ 14 ਉੱਤੇ ਸ਼ੁਰੂ ਹੋਣ ਵਾਲਾ ਲੇਖ ਸਥਾਪਿਤ ਕਰਦਾ ਹੈ, ਸਾਨੂੰ ਅਨੁਮਾਨ ਲਗਾਉਣ ਦੀ ਲੋੜ ਨਹੀਂ ਹੈ ਕਿ ਯਿਸੂ ਇਕ ਸਾਲਾਂ ਦੀ ਨਿਸ਼ਚਿਤ ਗਿਣਤੀ ਵੱਲ ਸੰਕੇਤ ਕਰ ਰਿਹਾ ਸੀ, ਜਿਸ ਤੋਂ ਇਕ “ਪੀਹੜੀ” ਬਣਦੀ ਹੈ।
ਇਸ ਦੇ ਉਲਟ, “ਪੀਹੜੀ” ਦੁਆਰਾ ਸੰਕੇਤ ਕੀਤੇ ਗਏ ਕਿਸੇ ਵੀ ਸਮੇਂ ਬਾਰੇ ਦੋ ਮੁੱਖ ਗੱਲਾਂ ਕਹੀਆਂ ਜਾ ਸਕਦੀਆਂ ਹਨ। (1) ਲੋਕਾਂ ਦੀ ਇਕ ਪੀੜ੍ਹੀ ਨੂੰ ਨਿਸ਼ਚਿਤ ਗਿਣਤੀ ਦੇ ਸਾਲਾਂ ਦੀ ਇਕ ਅਵਧੀ ਨਹੀਂ ਵਿਚਾਰਿਆ ਜਾ ਸਕਦਾ ਹੈ, ਜਿਵੇਂ ਕਿ ਉਨ੍ਹਾਂ ਸਮਾਂ ਉਪਾਧੀਆਂ ਨੂੰ ਵਿਚਾਰਿਆ ਜਾਂਦਾ ਹੈ ਜੋ ਇਕ ਨਿਸ਼ਚਿਤ ਸਾਲਾਂ ਦੀ ਗਿਣਤੀ ਨੂੰ ਦਰਸਾਉਂਦੇ ਹਨ (ਦਹਾਕਾ ਜਾਂ ਸਦੀ)। (2) ਇਕ ਪੀੜ੍ਹੀ ਦੇ ਲੋਕ ਸਾਪੇਖ ਤੌਰ ਤੇ ਇਕ ਅਲਪਕਾਲੀਨ ਅਵਧੀ ਲਈ ਜੀਉਂਦੇ ਰਹਿੰਦੇ ਹਨ, ਨਾ ਕਿ ਇਕ ਲੰਮੇ ਸਮੇਂ ਲਈ।
ਸਿੱਟੇ ਵਜੋਂ, ਜਦੋਂ ਰਸੂਲਾਂ ਨੇ ਯਿਸੂ ਨੂੰ “ਇਹ ਪੀਹੜੀ” ਦਾ ਜ਼ਿਕਰ ਕਰਦੇ ਸੁਣਿਆਂ, ਤਾਂ ਉਹ ਕੀ ਸੋਚਦੇ? ਜਦੋਂ ਕਿ ਅਸੀਂ, ਪਿੱਛਲ-ਸੋਝੀ ਦਾ ਲਾਭ ਰੱਖਦੇ ਹੋਏ, ਜਾਣਦੇ ਹਾਂ ਕਿ “ਵੱਡੇ ਕਸ਼ਟ” ਵਿਚ ਯਰੂਸ਼ਲਮ ਦਾ ਵਿਨਾਸ਼ 37 ਸਾਲਾਂ ਮਗਰੋਂ ਆਇਆ, ਯਿਸੂ ਨੂੰ ਸੁਣ ਰਹੇ ਰਸੂਲ ਇਹ ਨਹੀਂ ਜਾਣ ਸਕਦੇ ਸਨ। ਇਸ ਦੀ ਬਜਾਇ, ਉਸ ਵੱਲੋਂ “ਪੀਹੜੀ” ਦਾ ਜ਼ਿਕਰ ਉਨ੍ਹਾਂ ਲਈ, ਇਕ ਬਹੁਤ ਹੀ ਲੰਮੇ ਸਮੇਂ ਦੀ ਅਵਧੀ ਨਹੀਂ, ਪਰੰਤੂ ਇਕ ਸਾਪੇਖ ਤੌਰ ਤੇ ਸੀਮਿਤ ਸਮੇਂ ਅਵਧੀ ਦੇ ਦੌਰਾਨ ਜੀ ਰਹੇ ਲੋਕਾਂ ਦਾ ਵਿਚਾਰ ਪ੍ਰਗਟ ਕਰਦਾ। ਇਹੋ ਹੀ ਗੱਲ ਸਾਡੇ ਮਾਮਲੇ ਵਿਚ ਵੀ ਸੱਚ ਹੈ। ਤਾਂ ਫਿਰ, ਯਿਸੂ ਦੇ ਅਨੁਵਰਤੀ ਸ਼ਬਦ ਕਿੰਨੇ ਹੀ ਢੁਕਵੇਂ ਹਨ: “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤ੍ਰ ਪਰ ਕੇਵਲ ਪਿਤਾ। . . . ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਮੱਤੀ 24:36, 44. (w95 11/1)
[ਫੁਟਨੋਟ]
a “ਇਹ ਪੀਹੜੀ” ਅਭਿਵਿਅਕਤੀ ਵਿਚ, ਸੰਕੇਤਵਾਚਕ ਪੜਨਾਂਵ ਹੁਟੌੱਸ ਦਾ ਇਕ ਰੂਪ ਪੰਜਾਬੀ ਸ਼ਬਦ “ਇਹ” ਨਾਲ ਮੇਲ ਖਾਂਦਾ ਹੈ। ਇਹ ਕਿਸੇ ਹਾਜ਼ਰ ਚੀਜ਼ ਨੂੰ ਜਾਂ ਵਕਤਾ ਦੇ ਸਾਮ੍ਹਣੇ ਚੀਜ਼ ਨੂੰ ਸੰਕੇਤ ਕਰ ਸਕਦਾ ਹੈ। ਪਰ ਇਸ ਦੇ ਹੋਰ ਵੀ ਅਰਥ ਹੋ ਸਕਦੇ ਹਨ। ਐੱਕਸੀਜੇਟੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ (1991) ਕਹਿੰਦੀ ਹੈ: “ਇਹ ਸ਼ਬਦ [ਹੁਟੌੱਸ] ਇਕ ਤਤਕਾਲੀ ਹਕੀਕਤ ਨੂੰ ਸੂਚਿਤ ਕਰਦਾ ਹੈ। ਇਸ ਤਰ੍ਹਾਂ [ਏਓਨ ਹੁਟੌੱਸ] ‘ਹੁਣ ਹੋਂਦ ਵਿਚ ਸੰਸਾਰ’ ਹੈ, . . . ਅਤੇ [ਗੈੱਨੇਆ ਹਾਉਟ] ‘ਹੁਣ ਜੀ ਰਹੀ ਪੀੜ੍ਹੀ’ ਹੈ, (ਮਿਸਾਲ ਲਈ, ਮੱਤੀ 12:41f., 45; 24:34)।” ਡਾਕਟਰ ਜੌਰਜ ਬੀ. ਵਾਈਨਰ ਲਿਖਦਾ ਹੈ: “ਪੜਨਾਂਵ [ਹੁਟੌੱਸ] ਕਦੇ-ਕਦੇ, ਸਥਾਨਕ ਤੌਰ ਤੇ ਸਭ ਤੋਂ ਨੇੜਲੇ ਨਾਂਵ ਨੂੰ ਨਹੀਂ, ਬਲਕਿ ਜ਼ਿਆਦਾ ਦੂਰ ਦੇ ਨਾਂਵ ਨੂੰ ਸੰਕੇਤ ਕਰਦਾ ਹੈ, ਜੋ ਕਿ ਮੁੱਖ ਕਰਤਾ ਵਜੋਂ, ਮਾਨਸਿਕ ਤੌਰ ਤੇ ਲੇਖਕ ਦੇ ਵਿਚਾਰਾਂ ਦੇ ਸਭ ਤੋਂ ਨਿਕਟ, ਅਥਵਾ ਸਭ ਤੋਂ ਵਰਤਮਾਨ ਸੀ।”—ਏ ਗ੍ਰੈਮਰ ਆਫ਼ ਦੀ ਇਡੀਅਮ ਆਫ਼ ਦ ਨਿਊ ਟੈਸਟਾਮੈਂਟ, 7ਵਾਂ ਸੰਸਕਰਣ, 1897.