ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਮਜ਼ਬੂਤ ਹੋਏ
“ਜਦੋਂ ਮੈਂ ਅਜੇ 15 ਸਾਲਾਂ ਦਾ ਹੀ ਸੀ ਅਤੇ ਇਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ,” ਤਿਮੋਥੀ ਦੱਸਦਾ ਹੈ, “ਤਾਂ ਮੇਰੇ ਇਕ ਸਹਿਕਰਮੀ ਨੇ ਮੈਨੂੰ ਆਪਣੇ ਘਰ ਸੱਦਿਆ। ਉਸ ਨੇ ਕਿਹਾ ਕਿ ਉਸ ਦੇ ਮਾਂ-ਬਾਪ ਘਰ ਨਹੀਂ ਹੋਣਗੇ, ਉੱਥੇ ਕੁੜੀਆਂ ਵੀ ਹੋਣਗੀਆਂ ਅਤੇ ਉਨ੍ਹਾਂ ਨਾਲ ਰੰਗਰਲੀਆਂ ਮਨਾਉਣ ਦਾ ਮੌਕਾ ਵੀ ਮਿਲੇਗਾ।” ਅੱਜ ਬਹੁਤ ਸਾਰੇ ਨੌਜਵਾਨ ਅਜਿਹੇ ਸੱਦੇ ਨੂੰ ਝੱਟ ਸਵੀਕਾਰ ਕਰਨਗੇ। ਪਰ ਤਿਮੋਥੀ ਦਾ ਕੀ ਜਵਾਬ ਸੀ? “ਮੈਂ ਉਦੋਂ ਹੀ ਉਸ ਨੂੰ ਕਹਿ ਦਿੱਤਾ ਕਿ ਮੈਂ ਨਹੀਂ ਆਵਾਂਗਾ ਅਤੇ ਆਪਣੇ ਮਸੀਹੀ ਅੰਤਹਕਰਣ ਦੇ ਕਾਰਨ ਮੈਂ ਅਜਿਹੇ ਕਿਸੇ ਵਿਅਕਤੀ ਨਾਲ ਕੋਈ ਸਰੀਰਕ ਸੰਬੰਧ ਰੱਖਣ ਦਾ ਚਾਹਵਾਨ ਨਹੀਂ ਹਾਂ ਜਿਸ ਨਾਲ ਮੈਂ ਵਿਆਹਿਆ ਹੋਇਆ ਨਹੀਂ ਹਾਂ।”
ਇਨਕਾਰ ਕਰਦੇ ਸਮੇਂ ਤਿਮੋਥੀ ਨਹੀਂ ਜਾਣਦਾ ਸੀ ਕਿ ਉਸੇ ਦੁਕਾਨ ਵਿਚ ਕੰਮ ਕਰਨ ਵਾਲੀ ਇਕ ਜਵਾਨ ਤੀਵੀਂ ਉਸ ਨੂੰ ਸੁਣ ਰਹੀ ਸੀ। ਉਸ ਦੀ ਮਾਸੂਮੀਅਤ ਨੂੰ ਦੇਖ ਕੇ ਉਸ ਤੀਵੀਂ ਨੇ ਉਸ ਵਿਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਤਿਮੋਥੀ ਨੂੰ ਕਈ ਮੌਕਿਆਂ ਤੇ ਉਸ ਤੀਵੀਂ ਦੇ ਸੱਦਿਆਂ ਨੂੰ ਵੀ ਇਨਕਾਰ ਕਰਨਾ ਪਿਆ, ਜਿਸ ਨੂੰ ਅਸੀਂ ਬਾਅਦ ਵਿਚ ਦੇਖਾਂਗੇ।
ਪਰ ਅੱਜ ਦੇ ਸਮੇਂ ਵਿਚ ਸਾਡੇ ਉੱਤੇ ਅਜਿਹੇ ਬਹਿਕਾਵਿਆਂ ਦੀ ਬੁਛਾੜ ਹੋਣੀ ਕੋਈ ਅਨੋਖੀ ਗੱਲ ਨਹੀਂ ਹੈ। ਕੁਝ 3,000 ਸਾਲ ਪਹਿਲਾਂ ਰਾਜਾ ਸੁਲੇਮਾਨ ਨੇ ਲਿਖਿਆ: “ਹੇ ਮੇਰੇ ਪੁੱਤ੍ਰ, ਜੇ ਕਦੀ ਪਾਪੀ ਤੈਨੂੰ ਫੁਸਲਾਉਣ, ਤਾਂ ਤੂੰ ਉਨ੍ਹਾਂ ਦੀ ਨਾ ਮੰਨੀਂ। . . . ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ।” (ਕਹਾਉਤਾਂ 1:10, 15) ਯਹੋਵਾਹ ਨੇ ਖ਼ੁਦ ਇਸਰਾਏਲੀ ਕੌਮ ਨੂੰ ਹੁਕਮ ਦਿੱਤਾ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” (ਕੂਚ 23:2) ਜੀ ਹਾਂ, ਕਦੀ-ਕਦੀ ਸਾਨੂੰ ਵੀ ਗ਼ਲਤ ਕੰਮ ਕਰਨ ਦੇ ਬਹਿਕਾਵਿਆਂ ਦਾ ਵਿਰੋਧ ਕਰਨਾ ਪਵੇਗਾ, ਭਾਵੇਂ ਦੂਸਰੇ ਲੋਕ ਇਸ ਤਰ੍ਹਾਂ ਕਰਨ ਤੇ ਸਾਡਾ ਮਜ਼ਾਕ ਉਡਾਉਣ।
ਖ਼ਾਸ ਕਰਕੇ ਅੱਜ ਗ਼ਲਤ ਕੰਮ ਤੋਂ ਇਨਕਾਰ ਕਰਨਾ ਜ਼ਰੂਰੀ ਹੈ
ਗ਼ਲਤ ਕੰਮ ਤੋਂ ਇਨਕਾਰ ਕਰਨਾ ਕਦੀ ਵੀ ਆਸਾਨ ਨਹੀਂ ਹੁੰਦਾ ਅਤੇ ਖ਼ਾਸ ਕਰਕੇ ਇਹ ਅੱਜ ਦੇ ਜ਼ਮਾਨੇ ਵਿਚ ਤਾਂ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਿਸ ਨੂੰ ਬਾਈਬਲ ਇਸ ਰੀਤੀ-ਵਿਵਸਥਾ ਦੇ ‘ਅੰਤ ਦੇ ਦਿਨ’ ਕਹਿੰਦੀ ਹੈ। ਬਾਈਬਲ ਭਵਿੱਖਬਾਣੀ ਦੇ ਅਨੁਸਾਰ ਲੋਕ ਸਮੁੱਚੇ ਤੌਰ ਤੇ ਭੋਗ ਬਿਲਾਸ ਅਤੇ ਹਿੰਸਾ ਦੇ ਪ੍ਰੇਮੀ ਬਣ ਗਏ ਹਨ ਅਤੇ ਉਨ੍ਹਾਂ ਵਿਚ ਅਧਿਆਤਮਿਕਤਾ ਤੇ ਨੈਤਿਕਤਾ ਵਰਗੀ ਕੋਈ ਚੀਜ਼ ਹੈ ਹੀ ਨਹੀਂ। (2 ਤਿਮੋਥਿਉਸ 3:1-5) ਇਕ ਜੈਸੂਇਟ ਯੂਨੀਵਰਸਿਟੀ ਦੇ ਪ੍ਰਧਾਨ ਨੇ ਕਿਹਾ: “ਸਾਡੇ ਕੁਝ ਰਿਵਾਇਤੀ ਮਿਆਰ ਸਨ ਜਿਨ੍ਹਾਂ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਵਿਚ ਗ਼ਲਤ ਜਾਂ ਅਪ੍ਰਚਲਿਤ ਸਮਝਿਆ ਜਾਂਦਾ ਹੈ। ਹੁਣ ਤਾਂ ਇੰਜ ਲੱਗਦਾ ਹੈ ਕਿ ਕੋਈ ਨੈਤਿਕ ਕਦਰਾਂ-ਕੀਮਤਾਂ ਰਹੀਆਂ ਹੀ ਨਹੀਂ ਹਨ।” ਇਸੇ ਤਰ੍ਹਾਂ ਇਕ ਉੱਚ ਅਦਾਲਤ ਦੇ ਜੱਜ ਨੇ ਕਿਹਾ: “ਹੁਣ ਕੋਈ ਵੀ ਗੱਲ ਸਹੀ ਜਾਂ ਗ਼ਲਤ ਨਹੀਂ ਰਹੀ। ਸਭ ਕੁਝ ਚੱਲਦਾ ਹੈ। . . . ਬਹੁਤ ਹੀ ਘੱਟ ਲੋਕਾਂ ਨੂੰ ਸਹੀ ਤੇ ਗ਼ਲਤ ਵਿਚਕਾਰ ਫ਼ਰਕ ਦੀ ਪਛਾਣ ਹੈ। ਹੁਣ ਗ਼ਲਤ ਕੰਮ ਕਰਨਾ ਕੋਈ ਪਾਪ ਨਹੀਂ ਹੈ ਬਲਕਿ ਫੜਿਆ ਜਾਣਾ ਪਾਪ ਹੈ।”
ਪੌਲੁਸ ਰਸੂਲ ਨੇ ਅਜਿਹਾ ਰਵੱਈਆ ਰੱਖਣ ਵਾਲੇ ਲੋਕਾਂ ਬਾਰੇ ਲਿਖਿਆ: “ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।” (ਅਫ਼ਸੀਆਂ 4:18, 19) ਪਰ ਉਨ੍ਹਾਂ ਉੱਤੇ ਮੁਸੀਬਤ ਆਉਣ ਵਾਲੀ ਹੈ। ਯਸਾਯਾਹ ਨੇ ਐਲਾਨ ਕੀਤਾ: “ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰ ਨੂੰ ਚਾਨਣ ਦੇ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ!” (ਯਸਾਯਾਹ 5:20) ਇਹ ਲੋਕ ਜੋ ਕੁਝ ਬੀਜ ਰਹੇ ਹਨ, ਨਾ ਸਿਰਫ਼ ਉਸ ਨੂੰ ਹੁਣ ਵੱਢਣਗੇ, ਬਲਕਿ ਜਲਦੀ ਹੀ ਉਹ ਇਕ ਸਭ ਤੋਂ ਵੱਡੀ “ਹਾਇ” ਦਾ ਅਨੁਭਵ ਵੀ ਕਰਨਗੇ, ਮਤਲਬ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ।—ਗਲਾਤੀਆਂ 6:7.
ਜ਼ਬੂਰ 92:7 ਕਹਿੰਦਾ ਹੈ: “ਜਦੋਂ ਦੁਸ਼ਟ ਘਾਹ ਵਾਂਙੁ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਏਹ ਇਸ ਕਰਕੇ ਹੈ ਭਈ ਓਹ ਸਦਾ ਲਈ ਨਾਸ ਹੋ ਜਾਣ।” ਦੂਜੇ ਸ਼ਬਦਾਂ ਵਿਚ, ਦੁਸ਼ਟਤਾ ਦੀ ਇਹ ਭਰਵੀਂ ਫ਼ਸਲ ਹਮੇਸ਼ਾ ਲਈ ਵਧਦੀ ਨਹੀਂ ਜਾਏਗੀ, ਜੋ ਕਿ ਸਾਰਿਆਂ ਦਾ ਜੀਣਾ ਮੁਸ਼ਕਲ ਕਰ ਰਹੀ ਹੈ। ਬਲਕਿ ਯਿਸੂ ਨੇ ਕਿਹਾ ਸੀ ਕਿ ਇਸ ਦੁਸ਼ਟਤਾ ਨੂੰ ਹੱਲਾਸ਼ੇਰੀ ਦੇਣ ਵਾਲੀ “ਪੀੜ੍ਹੀ” ਉਹੋ ਹੋਵੇਗੀ ਜਿਸ ਨੂੰ ਪਰਮੇਸ਼ੁਰ ‘ਵੱਡੇ ਕਸ਼ਟ’ ਵਿਚ ਨਾਸ਼ ਕਰੇਗਾ। (ਮੱਤੀ 24:3, 21, 34) ਇਸ ਲਈ, ਜੇਕਰ ਅਸੀਂ ਉਸ ਕਸ਼ਟ ਵਿੱਚੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਸਹੀ ਅਤੇ ਗ਼ਲਤ ਨੂੰ ਜਾਣਨ ਦੀ ਜ਼ਰੂਰਤ ਹੈ; ਇਸ ਦੇ ਨਾਲ ਹੀ ਸਾਡੇ ਵਿਚ ਹਰ ਤਰ੍ਹਾਂ ਦੇ ਗ਼ਲਤ ਕੰਮਾਂ ਤੋਂ ਇਨਕਾਰ ਕਰਨ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ। ਭਾਵੇਂ ਕਿ ਇਹ ਆਸਾਨ ਨਹੀਂ ਹੈ, ਪਰ ਯਹੋਵਾਹ ਨੇ ਸਾਨੂੰ ਬਾਈਬਲ ਦੇ ਜ਼ਮਾਨੇ ਦੀਆਂ ਅਤੇ ਅੱਜ ਦੇ ਸਮੇਂ ਵਿਚ ਕੁਝ ਉਤਸ਼ਾਹੀ ਉਦਾਹਰਣਾਂ ਦਿੱਤੀਆਂ ਹਨ।
ਗ਼ਲਤ ਕੰਮ ਤੋਂ ਇਨਕਾਰ ਕਰਨ ਵਾਲੇ ਨੌਜਵਾਨ ਕੋਲੋਂ ਸਿੱਖਣਾ
ਖ਼ਾਸ ਕਰਕੇ ਵਿਭਚਾਰ ਅਤੇ ਜ਼ਨਾਹਕਾਰੀ ਤੋਂ ਇਨਕਾਰ ਕਰਨਾ ਮੁਸ਼ਕਲ ਲੱਗਦਾ ਹੈ, ਇੱਥੋਂ ਤਕ ਕਿ ਮਸੀਹੀ ਕਲੀਸਿਯਾ ਵਿਚ ਕੁਝ ਭੈਣ-ਭਰਾਵਾਂ ਨੂੰ ਵੀ। ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਤਿਮੋਥੀ ਨੇ ਜਵਾਨ ਯੂਸੁਫ਼ ਦੀ ਉਦਾਹਰਣ ਨੂੰ ਗੰਭੀਰਤਾ ਨਾਲ ਲਿਆ, ਜੋ ਬਾਈਬਲ ਵਿਚ ਉਤਪਤ 39:1-12 ਵਿਚ ਦਰਜ ਹੈ। ਯੂਸੁਫ਼ ਨੇ ਉਦੋਂ ਨੈਤਿਕ ਬਲ ਦਿਖਾਇਆ ਸੀ ਜਦੋਂ ਮਿਸਰੀ ਸਰਦਾਰ ਪੋਟੀਫ਼ਰ ਦੀ ਪਤਨੀ ਨੇ ਵਿਭਚਾਰ ਕਰਨ ਲਈ ਉਸ ਨੂੰ ਵਾਰ-ਵਾਰ ਸੱਦਿਆ। ਬਿਰਤਾਂਤ ਕਹਿੰਦਾ ਹੈ ਕਿ ‘ਯੂਸੁਫ਼ ਨਾ ਮੰਨਿਆ ਅਰ ਆਖਿਆ, ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?’
ਯੂਸੁਫ਼ ਨੇ ਦਿਨ ਪ੍ਰਤੀ ਦਿਨ ਪੋਟੀਫ਼ਰ ਦੀ ਪਤਨੀ ਨੂੰ ਇਨਕਾਰ ਕਰਨ ਦਾ ਇਹ ਨੈਤਿਕ ਬਲ ਕਿੱਥੋਂ ਪ੍ਰਾਪਤ ਕੀਤਾ ਸੀ? ਪਹਿਲੀ ਗੱਲ ਤਾਂ ਇਹ ਸੀ ਕਿ ਉਸ ਨੇ ਪਲ ਭਰ ਦੇ ਸੁੱਖ ਬਿਲਾਸ ਨਾਲੋਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਜ਼ਿਆਦਾ ਬਹੁਮੁੱਲਾ ਸਮਝਿਆ। ਇਸ ਤੋਂ ਇਲਾਵਾ, ਹਾਲਾਂਕਿ ਉਹ ਪਰਮੇਸ਼ੁਰੀ ਬਿਵਸਥਾ ਦੇ ਅਧੀਨ ਨਹੀਂ ਸੀ (ਉਦੋਂ ਅਜੇ ਮੂਸਾ ਦੀ ਬਿਵਸਥਾ ਨਹੀਂ ਮਿਲੀ ਸੀ), ਫਿਰ ਵੀ ਯੂਸੁਫ਼ ਨੈਤਿਕ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ; ਉਹ ਜਾਣਦਾ ਸੀ ਕਿ ਪੋਟੀਫ਼ਰ ਦੀ ਪਤਨੀ ਨਾਲ ਵਿਭਚਾਰ ਕਰਨਾ ਨਾ ਸਿਰਫ਼ ਉਸ ਦੇ ਪਤੀ ਵਿਰੁੱਧ ਪਾਪ ਹੋਵੇਗਾ ਸਗੋਂ ਪਰਮੇਸ਼ੁਰ ਵਿਰੁੱਧ ਵੀ ਪਾਪ ਹੋਵੇਗਾ।—ਉਤਪਤ 39:8, 9.
ਸਪੱਸ਼ਟ ਤੌਰ ਤੇ, ਯੂਸੁਫ਼ ਨੇ ਕਾਮਨਾ ਦੀ ਛੋਟੀ ਜਿਹੀ ਚਿੰਗਾੜੀ ਨੂੰ ਨਾ ਸੁਲਗਾਉਣ ਦੀ ਮਹੱਤਤਾ ਨੂੰ ਸਮਝਿਆ ਜੋ ਕਿ ਬਲ਼ ਕੇ ਕਾਮ-ਵਾਸ਼ਨਾ ਦਾ ਬੇਕਾਬੂ ਭਾਂਬੜ ਬਣ ਸਕਦੀ ਹੈ। ਮਸੀਹੀਆਂ ਲਈ ਯੂਸੁਫ਼ ਦੀ ਉਦਾਹਰਣ ਉੱਤੇ ਚੱਲਣਾ ਬੁੱਧੀਮਾਨੀ ਦੀ ਗੱਲ ਹੈ। 1 ਜੁਲਾਈ 1957 ਦਾ ਪਹਿਰਾਬੁਰਜ (ਅੰਗ੍ਰੇਜ਼ੀ) ਕਹਿੰਦਾ ਹੈ: “[ਇਕ ਮਸੀਹੀ ਨੂੰ] ਆਪਣੀਆਂ ਸਰੀਰਕ ਕਮਜ਼ੋਰੀਆਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਬਾਈਬਲ ਵਿਚ ਨਿਰਧਾਰਿਤ ਕੀਤੀਆਂ ਗਈਆਂ ਸੀਮਾਵਾਂ ਅੰਦਰ ਰਹਿ ਕੇ ਕਾਮੁਕ ਇੱਛਾਵਾਂ ਪੂਰੀਆਂ ਕਰ ਸਕਦਾ ਹੈ ਅਤੇ ਉਨ੍ਹਾਂ ਸੀਮਾਵਾਂ ਤੋਂ ਬਾਹਰ ਨਹੀਂ ਜਾਵੇਗਾ। ਭਾਵੇਂ ਉਹ ਥੋੜ੍ਹੇ ਚਿਰ ਲਈ ਇਸ ਤਰ੍ਹਾਂ ਕਰਨ ਵਿਚ ਸਫ਼ਲ ਹੋ ਵੀ ਜਾਵੇ, ਪਰ ਆਖ਼ਰਕਾਰ ਉਹ ਉਸ ਹੱਦ ਨੂੰ ਪਾਰ ਕਰ ਕੇ ਪਾਪ ਵਿਚ ਫਸ ਜਾਵੇਗਾ। ਇਸ ਤਰ੍ਹਾਂ ਹੋਣਾ ਯਕੀਨੀ ਹੈ, ਕਿਉਂਕਿ ਜਦੋਂ ਕਾਮਨਾਵਾਂ ਨੂੰ ਵਧਣ ਦਿੱਤਾ ਜਾਂਦਾ ਹੈ, ਤਾਂ ਉਹ ਇੰਨੀਆਂ ਪਰਬਲ ਹੋ ਜਾਂਦੀਆਂ ਹਨ ਕਿ ਉਹ ਇਕ ਵਿਅਕਤੀ ਨੂੰ ਮਜ਼ਬੂਤੀ ਨਾਲ ਆਪਣੇ ਵੱਸ ਵਿਚ ਕਰ ਲੈਂਦੀਆਂ ਹਨ। ਫਿਰ ਉਸ ਵਿਅਕਤੀ ਨੂੰ ਇਨ੍ਹਾਂ ਕਾਮਨਾਵਾਂ ਤੋਂ ਆਪਣਾ ਮਨ ਹਟਾਉਣ ਵਿਚ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਸ਼ੁਰੂ ਤੋਂ ਹੀ ਕਾਮਨਾਵਾਂ ਦਾ ਵਿਰੋਧ ਕਰਨਾ ਉਸ ਦੀ ਸਭ ਤੋਂ ਵੱਡੀ ਸੁਰੱਖਿਆ ਹੈ।”
ਜਿਉਂ-ਜਿਉਂ ਅਸੀਂ ਸਹੀ ਕੰਮਾਂ ਲਈ ਪਿਆਰ ਅਤੇ ਗ਼ਲਤ ਕੰਮਾਂ ਲਈ ਨਫ਼ਰਤ ਪੈਦਾ ਕਰਦੇ ਜਾਵਾਂਗੇ, ਤਾਂ ਸਾਡੇ ਲਈ ਸ਼ੁਰੂ ਤੋਂ ਹੀ ਗ਼ਲਤ ਕੰਮਾਂ ਦਾ ਵਿਰੋਧ ਕਰਨਾ ਹੋਰ ਵੀ ਆਸਾਨ ਹੁੰਦਾ ਜਾਵੇਗਾ। (ਜ਼ਬੂਰ 37:27) ਪਰ ਸਾਨੂੰ ਦ੍ਰਿੜ੍ਹਤਾ ਨਾਲ ਜਤਨ ਕਰਦੇ ਰਹਿਣ ਦੀ ਜ਼ਰੂਰਤ ਹੈ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਯਹੋਵਾਹ ਦੀ ਮਦਦ ਨਾਲ ਸਹੀ ਕੰਮਾਂ ਲਈ ਸਾਡਾ ਪਿਆਰ ਅਤੇ ਗ਼ਲਤ ਕੰਮਾਂ ਲਈ ਸਾਡੀ ਨਫ਼ਰਤ ਹੋਰ ਤੋਂ ਹੋਰ ਵਧਦੀ ਚਲੀ ਜਾਵੇਗੀ। ਜਿਵੇਂ ਯਿਸੂ ਨੇ ਹਿਦਾਇਤ ਦਿੱਤੀ ਸੀ, ਇਸ ਦੌਰਾਨ ਸਾਨੂੰ ਚੁਕੰਨੇ ਰਹਿਣਾ ਪੈਣਾ ਹੈ ਅਤੇ ਪਰਤਾਵੇ ਤੇ ਬੁਰਾਈ ਤੋਂ ਬਚਣ ਲਈ ਲਗਾਤਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਮੱਤੀ 6:13; 1 ਥੱਸਲੁਨੀਕੀਆਂ 5:17.
ਹਾਣੀਆਂ ਦੇ ਦਬਾਅ ਦਾ ਇਨਕਾਰ ਕਰਨਾ
ਗ਼ਲਤ ਕੰਮਾਂ ਵੱਲ ਝੁਕਾਅ ਦਾ ਇਕ ਹੋਰ ਕਾਰਨ ਹੈ ਹਾਣੀਆਂ ਦਾ ਦਬਾਅ। ਇਕ ਨੌਜਵਾਨ ਕੁੜੀ ਨੇ ਸਵੀਕਾਰ ਕੀਤਾ: “ਮੈਂ ਦੋਹਰਾ ਜੀਵਨ ਜੀ ਰਹੀ ਹਾਂ—ਇਕ ਸਕੂਲ ਵਿਚ ਅਤੇ ਇਕ ਘਰ ਵਿਚ। ਸਕੂਲ ਵਿਚ ਮੈਂ ਅਜਿਹੇ ਮੁੰਡੇ-ਕੁੜੀਆਂ ਨਾਲ ਘੁੰਮਦੀ-ਫਿਰਦੀ ਹਾਂ ਜਿਹੜੇ ਜਦੋਂ ਵੀ ਮੂੰਹ ਖੋਲ੍ਹਦੇ ਹਨ, ਤਾਂ ਗੰਦੀ ਬੋਲੀ ਹੀ ਬੋਲਦੇ ਹਨ। ਮੈਂ ਵੀ ਉਨ੍ਹਾਂ ਵਰਗੀ ਬਣਦੀ ਜਾ ਰਹੀ ਹਾਂ। ਮੈਂ ਕੀ ਕਰਾਂ?” ਸਾਨੂੰ ਦੂਜਿਆਂ ਤੋਂ ਅਲੱਗ ਦਿਸਣ ਲਈ ਹੌਸਲੇ ਦੀ ਲੋੜ ਹੈ ਅਤੇ ਇਹ ਹੌਸਲਾ ਉਨ੍ਹਾਂ ਬਾਈਬਲ ਬਿਰਤਾਂਤਾਂ ਨੂੰ ਪੜ੍ਹਨ ਅਤੇ ਉਸ ਉੱਤੇ ਮਨਨ ਕਰਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਸਾਨੂੰ ਯੂਸੁਫ਼ ਵਰਗੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਬਾਰੇ ਦੱਸਦੇ ਹਨ। ਸਾਡੇ ਅੱਗੇ ਚਾਰ ਨੌਜਵਾਨਾਂ ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਦੀਆਂ ਵਧੀਆਂ ਉਦਾਹਰਣਾਂ ਵੀ ਹਨ, ਜਿਨ੍ਹਾਂ ਕੋਲ ਆਪਣੇ ਹਾਣੀਆਂ ਤੋਂ ਵੱਖਰੇ ਦਿਸਣ ਦਾ ਹੌਸਲਾ ਸੀ।
ਜਦੋਂ ਇਨ੍ਹਾਂ ਚਾਰ ਇਸਰਾਏਲੀ ਨੌਜਵਾਨਾਂ ਨੂੰ ਬਾਬਲ ਦੇ ਸ਼ਾਹੀ ਦਰਬਾਰ ਵਿਚ ਦੂਜੇ ਨੌਜਵਾਨਾਂ ਨਾਲ ਸਿਖਲਾਈ ਦਿੱਤੀ ਜਾ ਰਹੀ ਸੀ, ਤਾਂ ਇਨ੍ਹਾਂ ਕੋਲੋਂ ‘ਰਾਜੇ ਦੇ ਸੁਆਦਲੇ ਭੋਜਨ ਵਿੱਚੋਂ ਨਿੱਤ ਦਿਹਾੜੇ’ ਖਾਣ ਦੀ ਮੰਗ ਕੀਤੀ ਗਈ ਸੀ। ਉਹ ਮੂਸਾ ਦੀ ਬਿਵਸਥਾ ਵਿਚ ਦਿੱਤੇ ਭੋਜਨ ਸੰਬੰਧੀ ਨਿਯਮ ਨੂੰ ਤੋੜਨਾ ਨਹੀਂ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਹ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਕਰਨ ਲਈ ਹੌਸਲੇ ਦੀ ਲੋੜ ਸੀ—ਖ਼ਾਸ ਕਰਕੇ ਇਸ ਲਈ ਕਿਉਂਕਿ ‘ਰਾਜੇ ਦਾ ਸੁਆਦਲਾ ਭੋਜਨ’ ਹੋਣ ਕਰਕੇ ਸਾਰੇ ਪਕਵਾਨ ਸ਼ਾਇਦ ਕਾਫ਼ੀ ਲਲਚਾਉਣ ਵਾਲੇ ਸਨ। ਅੱਜ ਦੇ ਮਸੀਹੀਆਂ ਲਈ ਇਨ੍ਹਾਂ ਚਾਰਾਂ ਨੌਜਵਾਨਾਂ ਨੇ ਕਿੰਨੀ ਹੀ ਵਧੀਆ ਉਦਾਹਰਣ ਕਾਇਮ ਕੀਤੀ, ਜਿਨ੍ਹਾਂ ਦਾ ਸ਼ਾਇਦ ਜ਼ਿਆਦਾ ਸ਼ਰਾਬ ਪੀਣ ਜਾਂ ਨਸ਼ੀਲੀਆਂ ਦਵਾਈਆਂ ਅਤੇ ਤਮਾਖੂ ਦਾ ਸੇਵਨ ਕਰਨ ਲਈ ਦਿਲ ਲਲਚਾਵੇ ਜਾਂ ਹੋ ਸਕਦਾ ਹੈ ਕਿ ਦੂਸਰੇ ਉਨ੍ਹਾਂ ਉੱਤੇ ਇਸ ਤਰ੍ਹਾਂ ਕਰਨ ਦਾ ਦਬਾਅ ਵੀ ਪਾਉਣ!—ਦਾਨੀਏਲ 1:3-17.
ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੇ ਯਿਸੂ ਮਸੀਹ ਦੇ ਬਾਅਦ ਵਿਚ ਕਹੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਵੀ ਪ੍ਰਦਰਸ਼ਿਤ ਕੀਤਾ: “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ।” (ਲੂਕਾ 16:10) ਤੁਲਨਾਤਮਕ ਤੌਰ ਤੇ ਭੋਜਨ ਵਰਗੀ ਛੋਟੀ ਜਿਹੀ ਗੱਲ ਵਿਚ ਮਜ਼ਬੂਤ ਰਹਿਣ ਕਰਕੇ ਅਤੇ ਸਿੱਟੇ ਵਜੋਂ ਯਹੋਵਾਹ ਨੇ ਉਨ੍ਹਾਂ ਨੂੰ ਜੋ ਅਸੀਸਾਂ ਦਿੱਤੀਆਂ, ਇਸ ਨੇ ਯਕੀਨਨ ਉਨ੍ਹਾਂ ਨੂੰ ਬਾਅਦ ਵਿਚ ਹੋਰ ਵੱਡੇ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਮਜ਼ਬੂਤ ਕੀਤਾ ਹੋਵੇਗਾ। (ਦਾਨੀਏਲ 1:18-20) ਇਹ ਪਰਤਾਵਾ ਉਦੋਂ ਆਇਆ ਸੀ ਜਦੋਂ ਉਨ੍ਹਾਂ ਨੂੰ ਮੂਰਤੀ-ਪੂਜਾ ਵਿਚ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਚਿਤਾਇਆ ਗਿਆ ਸੀ ਕਿ ਇਸ ਤਰ੍ਹਾਂ ਨਾ ਕਰਨ ਤੇ ਉਨ੍ਹਾਂ ਨੂੰ ਅੱਗ ਵਿਚ ਸੁੱਟ ਦਿੱਤਾ ਜਾਵੇਗਾ। ਪਰ ਤਿੰਨੇ ਨੌਜਵਾਨ ਨਤੀਜੇ ਦੀ ਪਰਵਾਹ ਨਾ ਕਰਦੇ ਹੋਏ, ਦਲੇਰੀ ਨਾਲ ਸਿਰਫ਼ ਯਹੋਵਾਹ ਦੀ ਹੀ ਉਪਾਸਨਾ ਕਰਨ ਲਈ ਦ੍ਰਿੜ੍ਹ ਰਹੇ ਅਤੇ ਉਸ ਵਿਚ ਪੂਰਾ ਭਰੋਸਾ ਰੱਖਿਆ। ਇਕ ਵਾਰ ਫਿਰ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਨਿਹਚਾ ਅਤੇ ਦਲੇਰੀ ਲਈ ਅਸੀਸ ਦਿੱਤੀ—ਇਸ ਵਾਰੀ ਜਦੋਂ ਉਨ੍ਹਾਂ ਨੂੰ ਭੱਖਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਗਿਆ ਸੀ, ਤਾਂ ਉਨ੍ਹਾਂ ਨੂੰ ਚਮਤਕਾਰੀ ਤਰੀਕੇ ਨਾਲ ਅੱਗ ਦੀਆਂ ਲਪਟਾਂ ਵਿੱਚੋਂ ਬਚਾਇਆ।—ਦਾਨੀਏਲ 3:1-30.
ਪਰਮੇਸ਼ੁਰ ਦੇ ਬਚਨ ਵਿਚ ਗ਼ਲਤ ਕੰਮ ਤੋਂ ਇਨਕਾਰ ਕਰਨ ਵਾਲੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਮਿਲਦੀਆਂ ਹਨ। ਮੂਸਾ ਨੇ “ਫ਼ਿਰਊਨ ਦੀ ਧੀ ਦਾ ਪੁੱਤ੍ਰ” ਕਹਾਉਣ ਤੋਂ ਇਨਕਾਰ ਕੀਤਾ, ਭਾਵੇਂ ਕਿ ਇਹ ਮਿਸਰ ਵਿਚ ਉਸ ਨੂੰ ‘ਪਾਪ ਦੇ ਭੋਗ ਬਿਲਾਸ ਦਾ ਜੋ ਥੋੜ੍ਹੇ ਚਿਰ ਲਈ ਹੈ’ ਦਾ ਆਨੰਦ ਮਾਣਨ ਲਈ ਕਾਫ਼ੀ ਮੌਕੇ ਦਿੰਦਾ। (ਇਬਰਾਨੀਆਂ 11:24-26) ਸਮੂਏਲ ਨਬੀ ਨੇ ਰਿਸ਼ਵਤ ਨਾ ਲੈ ਕੇ ਆਪਣੇ ਅਧਿਕਾਰ ਦੀ ਕੁਵਰਤੋਂ ਕਰਨ ਤੋਂ ਇਨਕਾਰ ਕੀਤਾ। (1 ਸਮੂਏਲ 12:3, 4) ਜਦੋਂ ਯਿਸੂ ਮਸੀਹ ਦੇ ਰਸੂਲਾਂ ਨੂੰ ਪ੍ਰਚਾਰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਨ੍ਹਾਂ ਨੇ ਨਿਧੜਕ ਹੋ ਕੇ ਇਨਕਾਰ ਕੀਤਾ। (ਰਸੂਲਾਂ ਦੇ ਕਰਤੱਬ 5:27-29) ਯਿਸੂ ਨੇ ਖ਼ੁਦ ਦ੍ਰਿੜ੍ਹਤਾ ਨਾਲ ਹਰ ਤਰ੍ਹਾਂ ਦਾ ਬੁਰਾ ਕੰਮ ਕਰਨ ਤੋਂ ਇਨਕਾਰ ਕੀਤਾ—ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਵੇਲੇ ਵੀ ਜਦੋਂ ਸਿਪਾਹੀਆਂ ਨੇ ਉਸ ਨੂੰ “ਮੈ ਵਿੱਚ ਗੰਧਰਸ ਮਿਲਾ ਕੇ” ਦਿੱਤਾ। ਉਸ ਨਾਜ਼ੁਕ ਮੌਕੇ ਤੇ ਇਸ ਮੈ ਨੂੰ ਸਵੀਕਾਰ ਕਰਨ ਨਾਲ ਉਸ ਦਾ ਇਰਾਦਾ ਕਮਜ਼ੋਰ ਪੈ ਸਕਦਾ ਸੀ।—ਮਰਕੁਸ 15:23; ਮੱਤੀ 4:1-10.
ਗ਼ਲਤ ਕੰਮ ਤੋਂ ਇਨਕਾਰ ਕਰਨਾ —ਜ਼ਿੰਦਗੀ ਤੇ ਮੌਤ ਦਾ ਸਵਾਲ
ਯਿਸੂ ਨੇ ਕਿਹਾ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।”—ਮੱਤੀ 7:13, 14.
ਖੁੱਲ੍ਹਾ ਰਾਹ ਸਭ ਨੂੰ ਚੰਗਾ ਲੱਗਦਾ ਹੈ ਕਿਉਂਕਿ ਇਸ ਉੱਤੇ ਚੱਲਣਾ ਆਸਾਨ ਹੈ। ਇਸ ਰਾਹ ਤੇ ਚੱਲਣ ਵਾਲੇ ਲੋਕ ਆਪਣੀ ਇੱਛਾ ਪੂਰੀ ਕਰਦੇ ਹਨ ਅਤੇ ਉਨ੍ਹਾਂ ਦਾ ਸੋਚ-ਵਿਚਾਰ ਅਤੇ ਤੌਰ-ਤਰੀਕੇ ਦੁਨਿਆਵੀ ਹਨ ਤੇ ਉਹ ਸ਼ਤਾਨ ਦੇ ਸੰਸਾਰ ਤੋਂ ਵੱਖਰੇ ਨਹੀਂ ਹੋਣਾ ਚਾਹੁੰਦੇ, ਸਗੋਂ ਉਸ ਵਾਂਗ ਬਣਨਾ ਚਾਹੁੰਦੇ ਹਨ। ਉਹ ਪਰਮੇਸ਼ੁਰ ਦੇ ਨਿਯਮਾਂ ਅਤੇ ਸਿਧਾਂਤਾਂ ਨੂੰ ਨੈਤਿਕ ਬੰਦਸ਼ ਸਮਝਦੇ ਹਨ। (ਅਫ਼ਸੀਆਂ 4:17-19) ਪਰ ਯਿਸੂ ਨੇ ਸਪੱਸ਼ਟ ਤੌਰ ਤੇ ਕਿਹਾ ਸੀ ਕਿ ਖੁੱਲ੍ਹਾ ਰਾਹ “ਨਾਸ਼” ਨੂੰ ਜਾਂਦਾ ਹੈ।
ਪਰ ਯਿਸੂ ਨੇ ਕਿਉਂ ਕਿਹਾ ਸੀ ਕਿ ਸਿਰਫ਼ ਥੋੜ੍ਹੇ ਹੀ ਲੋਕ ਸੌੜੇ ਰਾਹ ਨੂੰ ਚੁਣਦੇ ਹਨ? ਮੁੱਖ ਤੌਰ ਤੇ ਕਿਉਂਕਿ ਸਿਰਫ਼ ਥੋੜ੍ਹੇ ਹੀ ਲੋਕ ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੇ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਜੀਉਣਾ ਚਾਹੁੰਦੇ ਹਨ ਅਤੇ ਉਹ ਆਪਣੇ ਆਲੇ-ਦੁਆਲੇ ਗ਼ਲਤ ਕੰਮ ਕਰਨ ਦੇ ਬਹੁਤ ਸਾਰੇ ਪ੍ਰਲੋਭਨਾਂ ਅਤੇ ਮੌਕਿਆਂ ਦਾ ਵਿਰੋਧ ਕਰਨ ਲਈ ਇਨ੍ਹਾਂ ਨਿਯਮਾਂ ਤੇ ਸਿਧਾਂਤਾਂ ਦੀ ਮਦਦ ਨਹੀਂ ਲੈਣੀ ਚਾਹੁੰਦੇ ਹਨ। ਇਸ ਤੋਂ ਇਲਾਵਾ, ਤੁਲਨਾਤਮਕ ਤੌਰ ਤੇ ਬਹੁਤ ਹੀ ਘੱਟ ਲੋਕ ਗ਼ਲਤ ਇੱਛਾਵਾਂ ਦਾ, ਹਾਣੀਆਂ ਦੇ ਦਬਾਅ ਦਾ ਅਤੇ ਸਹੀ ਰਾਹ ਤੇ ਚੱਲਣ ਕਰਕੇ ਲੋਕਾਂ ਦੇ ਮਖੌਲ ਦੇ ਡਰ ਦਾ ਵਿਰੋਧ ਕਰਨ ਲਈ ਤਿਆਰ ਹੁੰਦੇ ਹਨ।—1 ਪਤਰਸ 3:16; 4:4.
ਇਹ ਲੋਕ ਪੌਲੁਸ ਰਸੂਲ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ ਜਦੋਂ ਉਸ ਨੇ ਵਰਣਨ ਕੀਤਾ ਕਿ ਪਾਪ ਤੋਂ ਇਨਕਾਰ ਕਰਨ ਲਈ ਉਸ ਨੂੰ ਕਿੰਨਾ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਸੀ। ਅੱਜ ਦੇ ਸੰਸਾਰ ਵਾਂਗ, ਪੌਲੁਸ ਦੇ ਸਮੇਂ ਦੇ ਰੋਮੀ ਅਤੇ ਯੂਨਾਨੀ ਸਮਾਜ ਵਿਚ ਵੀ ਗ਼ਲਤ ਕੰਮ ਕਰਨ ਦੇ ਮੌਕਿਆਂ ਦਾ ਸੌੜਾ ਰਾਹ ਖੁੱਲ੍ਹਾ ਸੀ। ਪੌਲੁਸ ਨੇ ਕਿਹਾ ਕਿ ਉਸ ਦਾ ਮਨ, ਜੋ ਜਾਣਦਾ ਸੀ ਕਿ ਕੀ ਸਹੀ ਸੀ, ਉਸ ਦੇ ਸਰੀਰ ਨਾਲ “ਲੜਦਾ” ਸੀ, ਜਿਸ ਦਾ ਝੁਕਾਅ ਗ਼ਲਤ ਕੰਮ ਕਰਨ ਵੱਲ ਰਹਿੰਦਾ ਸੀ। (ਰੋਮੀਆਂ 7:21-24) ਜੀ ਹਾਂ, ਪੌਲੁਸ ਜਾਣਦਾ ਸੀ ਕਿ ਉਸ ਦਾ ਸਰੀਰ ਇਕ ਚੰਗਾ ਸੇਵਕ ਸੀ ਪਰ ਨਾਲ ਹੀ ਇਕ ਬੁਰਾ ਮਾਲਕ ਵੀ ਸੀ, ਇਸ ਲਈ ਉਸ ਨੇ ਇਸ ਦਾ ਵਿਰੋਧ ਕਰਨਾ ਸਿੱਖਿਆ। ਪੌਲੁਸ ਨੇ ਲਿਖਿਆ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ।” (1 ਕੁਰਿੰਥੀਆਂ 9:27) ਉਹ ਆਪਣੇ ਸਰੀਰ ਤੇ ਕਿਵੇਂ ਕਾਬੂ ਪਾ ਸਕਿਆ? ਆਪਣੀ ਖ਼ੁਦ ਦੀ ਤਾਕਤ ਨਾਲ ਨਹੀਂ, ਜੋ ਕਿ ਬਹੁਤ ਹੀ ਘੱਟ ਸੀ, ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਉਹ ਇਸ ਤਰ੍ਹਾਂ ਕਰ ਸਕਿਆ ਸੀ।—ਰੋਮੀਆਂ 8:9-11.
ਨਤੀਜੇ ਵਜੋਂ, ਭਾਵੇਂ ਪੌਲੁਸ ਅਪੂਰਣ ਸੀ, ਪਰ ਉਸ ਨੇ ਅੰਤ ਤਕ ਯਹੋਵਾਹ ਪ੍ਰਤੀ ਆਪਣੀ ਖਰਿਆਈ ਬਣਾਈ ਰੱਖੀ। ਇਸ ਲਈ ਆਪਣੀ ਮੌਤ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਉਹ ਲਿਖ ਸਕਿਆ: “ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨਿਹਚਾ ਦੀ ਸਾਂਭ ਕੀਤੀ ਹੈ। ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ।”—2 ਤਿਮੋਥਿਉਸ 4:7, 8.
ਜਦੋਂ ਅਸੀਂ ਆਪਣੀਆਂ ਅਪੂਰਣਤਾਵਾਂ ਵਿਰੁੱਧ ਲੜਦੇ ਹਾਂ, ਤਾਂ ਸਾਡੇ ਕੋਲ ਕਿੰਨੀਆਂ ਹੀ ਉਤਸ਼ਾਹੀ ਉਦਾਹਰਣਾਂ ਹਨ। ਸਿਰਫ਼ ਪੌਲੁਸ ਦੀ ਹੀ ਉਦਾਹਰਣ ਨਹੀਂ, ਸਗੋਂ ਉਨ੍ਹਾਂ ਲੋਕਾਂ ਦੀਆਂ ਵੀ ਉਦਾਹਰਣਾਂ ਹਨ ਜਿਨ੍ਹਾਂ ਨੇ ਉਸ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ, ਜਿਵੇਂ ਕਿ ਯੂਸੁਫ਼, ਮੂਸਾ, ਦਾਨੀਏਲ, ਸ਼ਦਰਕ, ਮੇਸ਼ਕ, ਅਬਦ-ਨਗੋ ਅਤੇ ਕਈ ਹੋਰ। ਭਾਵੇਂ ਕਿ ਇਹ ਅਪੂਰਣ ਇਨਸਾਨ ਸਨ, ਪਰ ਇਨ੍ਹਾਂ ਨਿਹਚਾਵਾਨ ਇਨਸਾਨਾਂ ਵਿੱਚੋਂ ਹਰ ਇਕ ਨੇ ਗ਼ਲਤ ਕੰਮ ਕਰਨ ਤੋਂ ਇਨਕਾਰ ਕੀਤਾ; ਸਿਰਫ਼ ਅੜੀਅਲਪੁਣੇ ਜਾਂ ਜ਼ਿੱਦੀਪੁਣੇ ਦੇ ਕਾਰਨ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਮਿਲੇ ਨੈਤਿਕ ਬਲ ਦੇ ਕਾਰਨ। (ਗਲਾਤੀਆਂ 5:22, 23) ਉਹ ਅਧਿਆਤਮਿਕ ਇਨਸਾਨ ਸਨ। ਉਹ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਇਕ ਵਾਕ ਦੇ ਭੁੱਖੇ ਸਨ। (ਬਿਵਸਥਾ ਸਾਰ 8:3) ਉਸ ਦੇ ਬਚਨ ਉਨ੍ਹਾਂ ਲਈ ਜੀਵਨ ਸਨ। (ਬਿਵਸਥਾ ਸਾਰ 32:47) ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਉਸ ਕੋਲੋਂ ਡਰਦੇ ਸਨ ਤੇ ਉਸ ਦੀ ਮਦਦ ਨਾਲ ਉਨ੍ਹਾਂ ਨੇ ਧੀਰਜ ਨਾਲ ਗ਼ਲਤ ਕੰਮਾਂ ਲਈ ਨਫ਼ਰਤ ਪੈਦਾ ਕੀਤੀ।—ਜ਼ਬੂਰ 97:10; ਕਹਾਉਤਾਂ 1:7.
ਆਓ ਅਸੀਂ ਵੀ ਉਨ੍ਹਾਂ ਵਾਂਗ ਬਣੀਏ। ਹਰ ਪ੍ਰਕਾਰ ਦੇ ਗ਼ਲਤ ਕੰਮਾਂ ਤੋਂ ਇਨਕਾਰ ਕਰਦੇ ਰਹਿਣ ਲਈ ਸਾਨੂੰ ਯਹੋਵਾਹ ਦੀ ਆਤਮਾ ਦੀ ਜ਼ਰੂਰਤ ਹੈ, ਜਿਵੇਂ ਕਿ ਉਨ੍ਹਾਂ ਨੂੰ ਵੀ ਸੀ। ਜੇਕਰ ਅਸੀਂ ਸੱਚੇ ਦਿਲੋਂ ਯਹੋਵਾਹ ਕੋਲੋਂ ਪਵਿੱਤਰ ਆਤਮਾ ਮੰਗਦੇ ਹਾਂ, ਉਸ ਦੇ ਬਚਨ ਦਾ ਅਧਿਐਨ ਕਰਦੇ ਹਾਂ ਅਤੇ ਨਿਯਮਿਤ ਤੌਰ ਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਉਹ ਸਾਨੂੰ ਉਦਾਰਤਾ ਨਾਲ ਆਪਣੀ ਪਵਿੱਤਰ ਆਤਮਾ ਦਿੰਦਾ ਹੈ।—ਜ਼ਬੂਰ 119:105; ਲੂਕਾ 11:13; ਇਬਰਾਨੀਆਂ 10:24, 25.
ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਤਿਮੋਥੀ ਖ਼ੁਸ਼ ਸੀ ਕਿ ਉਸ ਨੇ ਆਪਣੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਦੁਕਾਨ ਵਿਚ ਕੰਮ ਕਰਨ ਵਾਲੀ ਉਹ ਜਵਾਨ ਤੀਵੀਂ, ਜਿਸ ਨੇ ਤਿਮੋਥੀ ਨੂੰ ਉਸ ਦੇ ਸਹਿਕਰਮੀ ਨਾਲ ਗੱਲ-ਬਾਤ ਕਰਦੇ ਸੁਣਿਆ ਸੀ ਅਤੇ ਅਨੁਚਿਤ ਢੰਗ ਨਾਲ ਉਸ ਦੀ ਮਾਸੂਮੀਅਤ ਵੱਲ ਖਿੱਚੀ ਗਈ ਸੀ, ਨੇ ਚੁੱਪ-ਚਾਪ ਤਿਮੋਥੀ ਨੂੰ ਉਦੋਂ ਆਪਣੇ ਘਰ ਸੱਦਿਆ ਜਦੋਂ ਉਸ ਦਾ ਪਤੀ ਘਰ ਨਹੀਂ ਸੀ। ਤਿਮੋਥੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਹ ਆਸਾਨੀ ਨਾਲ ਬਾਜ਼ ਨਹੀਂ ਆਈ, ਸਗੋਂ ਪੋਟੀਫ਼ਰ ਦੀ ਪਤਨੀ ਦੀ ਤਰ੍ਹਾਂ ਵਾਰ-ਵਾਰ ਉਸ ਨੂੰ ਸੱਦਦੀ ਰਹੀ। ਤਿਮੋਥੀ ਨੇ ਹਰ ਵਾਰੀ ਦ੍ਰਿੜ੍ਹਤਾ ਨਾਲ ਪਰ ਨਰਮਾਈ ਨਾਲ ਇਨਕਾਰ ਕਰ ਦਿੱਤਾ। ਉਸ ਨੇ ਇਸ ਤੀਵੀਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਚੰਗੀ ਗਵਾਹੀ ਵੀ ਦਿੱਤੀ। ਗ਼ਲਤ ਕੰਮਾਂ ਤੋਂ ਇਨਕਾਰ ਕਰਨ ਲਈ ਨੈਤਿਕ ਬਲ ਦੇਣ ਵਾਸਤੇ ਤਿਮੋਥੀ ਦਿਲੋਂ ਯਹੋਵਾਹ ਦਾ ਧੰਨਵਾਦ ਕਰਦਾ ਹੈ ਅਤੇ ਹੁਣ ਉਹ ਇਕ ਸੋਹਣੀ-ਸੁਣੱਖੀ ਮਸੀਹੀ ਪਤਨੀ ਨਾਲ ਸੁਖੀ ਵਿਆਹੁਤਾ ਜੀਵਨ ਬਿਤਾ ਰਿਹਾ ਹੈ। ਸੱਚ-ਮੁੱਚ, ਯਹੋਵਾਹ ਉਨ੍ਹਾਂ ਸਾਰਿਆਂ ਨੂੰ ਅਸੀਸ ਦੇਵੇਗਾ ਅਤੇ ਮਜ਼ਬੂਤ ਕਰੇਗਾ ਜੋ ਗ਼ਲਤ ਕੰਮਾਂ ਤੋਂ ਇਨਕਾਰ ਕਰਨ ਦੁਆਰਾ ਆਪਣੀ ਮਸੀਹੀ ਖਰਿਆਈ ਨੂੰ ਬਣਾਈ ਰੱਖਣਾ ਚਾਹੁੰਦੇ ਹਨ।—ਜ਼ਬੂਰ 1:1-3.