ਇਕ ਹਾਦਸੇ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ
ਸਟੈਨਲੀ ਓਮਬੇਵਾ ਦੀ ਜ਼ਬਾਨੀ
ਸਾਲ 1982 ਵਿਚ ਇਕ ਤੇਜ਼ ਰਫ਼ਤਾਰ ਨਾਲ ਆਉਂਦੀ ਮੋਟਰ ਗੱਡੀ ਮੇਰੇ ਵਿਚ ਆ ਕੇ ਵੱਜੀ। ਮੇਰਾ ਇਲਾਜ ਕੀਤਾ ਗਿਆ, ਪਰ ਫਿਰ ਵੀ ਮੇਰੀ ਗਰਦਨ ਤੇ ਛਾਤੀ ਵਿਚਕਾਰਲੀ ਡਿਸਕ ਵਿਚ ਨੁਕਸ ਪੈ ਜਾਣ ਕਾਰਨ ਕਦੇ-ਕਦੇ ਦਰਦ ਹੁੰਦਾ ਸੀ। ਇਸ ਦੇ ਬਾਵਜੂਦ ਮੈਂ ਜਲਦੀ ਹੀ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿਚ ਲੱਗ ਗਿਆ। ਪਰ 15 ਸਾਲਾਂ ਬਾਅਦ ਮੈਨੂੰ ਪਹਿਲੀ ਵਾਰੀ ਆਪਣੀ ਨਿਹਚਾ ਦੀ ਸਭ ਤੋਂ ਵੱਡੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨਾ ਪਿਆ।
ਹਾਦਸੇ ਤੋਂ ਪਹਿਲਾਂ ਅਤੇ ਕੁਝ ਹੱਦ ਤਕ ਬਾਅਦ ਵਿਚ ਵੀ ਮੈਂ ਕਾਫ਼ੀ ਰਿਸ਼ਟ-ਪੁਸ਼ਟ ਰਹਿੰਦਾ ਸੀ। ਮੈਂ ਬਾਕਾਇਦਾ ਕਸਰਤ ਕਰਦਾ ਸੀ ਜਿਸ ਵਿਚ ਸ਼ਨੀਵਾਰ-ਐਤਵਾਰ ਨੂੰ 10 ਤੋਂ 13 ਕਿਲੋਮੀਟਰ ਤਕ ਜਾਗਿੰਗ ਕਰਨੀ, ਸੁਕੈਸ਼ ਖੇਡਣਾ ਅਤੇ ਹੋਰ ਦੂਸਰੇ ਕੰਮ ਕਰਨੇ ਸ਼ਾਮਲ ਸਨ। ਮੈਂ ਆਪਣੇ ਸ਼ਹਿਰ ਨੈਰੋਬੀ (ਕੀਨੀਆ) ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਅਤੇ ਇਕ ਵੱਡਾ ਅਸੈਂਬਲੀ ਹਾਲ ਬਣਾਉਣ ਵਿਚ ਮਦਦ ਕੀਤੀ।
ਫਿਰ 1997 ਵਿਚ ਮੇਰੀ ਛਾਤੀ ਵਿਚ ਬਾਕਾਇਦਾ ਪਹਿਲਾਂ ਨਾਲੋਂ ਤੇਜ਼ ਦਰਦ ਹੋਣ ਲੱਗ ਪਿਆ। ਡਾਕਟਰੀ ਜਾਂਚ ਕਰਨ ਤੇ ਪਤਾ ਲੱਗਾ ਕਿ ਮੇਰੀ ਰੀੜ੍ਹ ਦੀ ਹੱਡੀ ਦੀ ਇਕ ਡਿਸਕ ਵਧ ਕੇ ਸਪਾਈਨਲ ਕਾਰਡ ਤੇ ਦਬਾਅ ਪਾ ਰਹੀ ਸੀ। ਇਹ ਸ਼ਾਇਦ ਸ਼ੁਰੂ ਵਿਚ ਜ਼ਿਕਰ ਕੀਤੇ ਹਾਦਸੇ ਦਾ ਨਤੀਜਾ ਸੀ।
ਮੇਰੀ ਸਿਹਤ ਵਿਗੜਨ ਤੋਂ ਪਹਿਲਾਂ, ਮੈਂ ਸੇਲਜ਼ਮੈਨ ਦੀ ਨੌਕਰੀ ਕਰਦਾ ਸੀ। ਕੰਪਨੀ ਨੇ ਮੇਰੇ ਪਰਿਵਾਰ ਦਾ ਮੈਡੀਕਲ-ਇੰਸ਼ੁਰੈਂਸ ਵੀ ਕੀਤਾ ਹੋਇਆ ਸੀ। ਕਾਰੋਬਾਰ ਦੀ ਦੁਨੀਆਂ ਵਿਚ ਮੈਨੂੰ ਆਪਣਾ ਭਵਿੱਖ ਸੁਨਹਿਰਾ ਨਜ਼ਰ ਆ ਰਿਹਾ ਸੀ। ਪਰ 1998 ਦੇ ਅੱਧ ਵਿਚ ਮੇਰਾ ਸਰੀਰ ਛਾਤੀ ਤੋਂ ਲੈ ਕੇ ਪੈਰਾਂ ਤਕ ਬੁਰੀ ਤਰ੍ਹਾਂ ਸੁੰਨ ਹੋਣ ਲੱਗ ਪਿਆ। ਦਿਨ-ਬ-ਦਿਨ ਮੇਰੀ ਸਿਹਤ ਵਿਗੜਦੀ ਚਲੀ ਗਈ।
ਕੁਝ ਹੀ ਚਿਰ ਬਾਅਦ, ਮੇਰੀ ਨੌਕਰੀ ਛੁੱਟ ਗਈ ਤੇ ਇਸ ਤੋਂ ਹੋਣ ਵਾਲੇ ਫ਼ਾਇਦੇ ਵੀ ਜਾਂਦੇ ਲੱਗੇ। ਉਸ ਸਮੇਂ ਸਾਡੀਆਂ ਦੋਵੇਂ ਕੁੜੀਆਂ ਸਿਲਵੀਆ ਅਤੇ ਵਿਲਹੈੱਲਮੀਨਾ ਤੇਰਾਂ ਅਤੇ ਦਸਾਂ ਸਾਲਾਂ ਦੀਆਂ ਸਨ। ਮੇਰੀ ਨੌਕਰੀ ਚਲੇ ਜਾਣ ਕਾਰਨ ਹੁਣ ਸਾਨੂੰ ਮੇਰੀ ਪਤਨੀ ਜੋਇਸ ਦੀ ਮਹੀਨੇ ਭਰ ਦੀ ਤਨਖ਼ਾਹ ਤੇ ਗੁਜ਼ਾਰਾ ਕਰਨਾ ਪੈਂਦਾ ਸੀ। ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਹਾਲਾਤਾਂ ਦੇ ਮੁਤਾਬਕ ਢਾਲ਼ ਲਿਆ ਤੇ ਬੇਲੋੜੀਆਂ ਚੀਜ਼ਾਂ ਉੱਤੇ ਖ਼ਰਚਾ ਕਰਨਾ ਛੱਡ ਦਿੱਤਾ। ਇਸ ਤਰ੍ਹਾਂ ਸਾਡਾ ਗੁਜ਼ਾਰਾ ਚੱਲਦਾ ਰਿਹਾ।
ਨਿਰਾਸ਼ਾ
ਮੈਂ ਮੰਨਦਾ ਹਾਂ ਕਿ ਸਿਹਤ ਦੇ ਜ਼ਿਆਦਾ ਵਿਗੜਨ ਕਾਰਨ ਮੈਂ ਨਿਰਾਸ਼ ਰਹਿਣ ਲੱਗ ਪਿਆ ਅਤੇ ਖ਼ੁਦਗਰਜ਼ ਹੋ ਗਿਆ। ਮੈਂ ਹਮੇਸ਼ਾ ਖਿਝਿਆ ਰਹਿੰਦਾ ਸੀ ਅਤੇ ਛੋਟੀ-ਛੋਟੀ ਗੱਲ ਤੇ ਗੁੱਸੇ ਹੋ ਜਾਂਦਾ ਸੀ। ਮੈਂ ਹਰ ਵੇਲੇ ਉਦਾਸ ਰਹਿੰਦਾ ਸੀ। ਮੇਰੀ ਹਾਲਤ ਕਰਕੇ ਘਰ ਦੇ ਸਾਰੇ ਮੈਂਬਰ ਤਣਾਅ ਵਿਚ ਰਹਿੰਦੇ ਸਨ। ਮੇਰੀ ਪਤਨੀ ਅਤੇ ਸਾਡੀਆਂ ਦੋਵੇਂ ਕੁੜੀਆਂ ਔਖੇ ਹਾਲਾਤਾਂ ਵਿੱਚੋਂ ਗੁਜ਼ਰ ਰਹੀਆਂ ਸਨ।
ਉਸ ਵੇਲੇ ਮੈਂ ਸੋਚਦਾ ਸੀ ਕਿ ਮੇਰਾ ਗੁੱਸੇ ਹੋਣਾ ਅਤੇ ਨਿਰਾਸ਼ ਰਹਿਣਾ ਜਾਇਜ਼ ਸੀ। ਮੇਰਾ ਭਾਰ ਇਕਦਮ ਵਧ ਗਿਆ। ਮੇਰੀ ਬੀਮਾਰੀ ਕਰਕੇ ਮੇਰੇ ਕੋਲੋਂ ਟੱਟੀ-ਪੇਸ਼ਾਬ ਤੇ ਕਾਬੂ ਨਹੀਂ ਰਹਿੰਦਾ ਸੀ। ਅਕਸਰ ਮੈਨੂੰ ਬੜਾ ਸ਼ਰਮਿੰਦਾ ਹੋਣਾ ਪੈਂਦਾ ਸੀ। ਜਦੋਂ ਮੈਂ ਇਕੱਲਾ ਹੁੰਦਾ ਸੀ, ਤਾਂ ਮੈਂ ਇਕ ਖੂੰਜੇ ਲੱਗ ਕੇ ਰੋਂਦਾ ਹੁੰਦਾ ਸੀ। ਕਦੇ-ਕਦੇ ਮੈਂ ਗੁੱਸੇ ਵਿਚ ਆ ਕੇ ਹਾਸੋ-ਹੀਣੀਆਂ ਹਰਕਤਾਂ ਕਰਨ ਲੱਗ ਪੈਂਦਾ ਸੀ। ਮੈਂ ਜਾਣਦਾ ਸਾਂ ਕਿ ਮੈਂ ਆਪਣੀ ਹਾਲਤ ਨਾਲ ਸਹੀ ਤਰੀਕੇ ਨਾਲ ਨਹੀਂ ਸਿੱਝ ਰਿਹਾ ਸਾਂ।
ਯਹੋਵਾਹ ਦੇ ਗਵਾਹਾਂ ਦੀ ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਹੋਣ ਦੇ ਨਾਤੇ, ਮੈਂ ਭੈਣ-ਭਰਾਵਾਂ ਨੂੰ ਅਕਸਰ ਇਹ ਸਲਾਹ ਦਿੰਦਾ ਸੀ ਕਿ ਆਪਣੇ ਦੁੱਖਾਂ ਲਈ ਕਦੇ ਯਹੋਵਾਹ ਨੂੰ ਦੋਸ਼ ਨਾ ਦਿਓ। ਪਰ ਬੀਮਾਰ ਹੋਣ ਤੋਂ ਬਾਅਦ ਮੈਂ ਆਪਣੇ ਆਪ ਤੋਂ ਵਾਰ-ਵਾਰ ਪੁੱਛਦਾ ਹੁੰਦਾ ਸਾਂ—‘ਯਹੋਵਾਹ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਣ ਦਿੱਤਾ?’ ਹਾਲਾਂਕਿ ਮੈਂ ਦੂਸਰਿਆਂ ਨੂੰ ਮਜ਼ਬੂਤ ਕਰਨ ਤੇ ਹੌਸਲਾ ਦੇਣ ਲਈ 1 ਕੁਰਿੰਥੀਆਂ 10:13 ਵਰਗੇ ਹਵਾਲਿਆਂ ਨੂੰ ਇਸਤੇਮਾਲ ਕਰਦਾ ਸਾਂ, ਪਰ ਮੈਂ ਆਪ ਸੋਚਦਾ ਸੀ ਕਿ ਮੇਰਾ ਦੁੱਖ ਮੇਰੇ ਸਹਿਣ ਤੋਂ ਬਾਹਰ ਸੀ!
ਔਖਾ ਇਲਾਜ
ਚੰਗਾ ਇਲਾਜ ਕਰਾਉਣ ਲਈ ਮੈਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ। ਇੱਕੋ ਦਿਨ ਵਿਚ ਮੈਨੂੰ ਫਿਜ਼ਿਓਥੈਰਾਪਿਸਟ, ਕਾਇਰੋਪ੍ਰੈਕਟਰ ਅਤੇ ਐਕਿਊਪੰਕਚਰਿਸਟ ਨੂੰ ਮਿਲਣਾ ਪੈਂਦਾ ਸੀ। ਪਰ ਦਰਦ ਤੋਂ ਰਾਹਤ ਸਿਰਫ਼ ਥੋੜ੍ਹੇ ਸਮੇਂ ਲਈ ਹੀ ਮਿਲਦੀ ਸੀ। ਮੈਂ ਬਹੁਤ ਸਾਰੇ ਡਾਕਟਰਾਂ ਕੋਲ ਗਿਆ ਜਿਨ੍ਹਾਂ ਵਿਚ ਇਕ ਆਰਥੋਪੀਡਿਕ ਸਰਜਨ ਅਤੇ ਇਕ ਨਿਊਰੋਸਰਜਨ ਵੀ ਸ਼ਾਮਲ ਸਨ। ਸਾਰਿਆਂ ਦੀ ਇੱਕੋ ਰਾਇ ਸੀ: ਦਰਦ ਤੋਂ ਰਾਹਤ ਪਾਉਣ ਅਤੇ ਨੁਕਸਾਨੀ ਹੋਈ ਡਿਸਕ ਨੂੰ ਕੱਢਣ ਲਈ ਓਪਰੇਸ਼ਨ ਕਰਨਾ ਜ਼ਰੂਰੀ ਸੀ। ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ਦੇ ਕਾਰਨ ਮੈਂ ਇਨ੍ਹਾਂ ਡਾਕਟਰਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਨੂੰ ਕਿਸੇ ਵੀ ਹਾਲਤ ਵਿਚ ਖ਼ੂਨ ਨਾ ਚੜ੍ਹਾਇਆ ਜਾਵੇ।—ਰਸੂਲਾਂ ਦੇ ਕਰਤੱਬ 15:28, 29.
ਪਹਿਲੇ ਸਰਜਨ ਨੇ ਮੈਨੂੰ ਦੱਸਿਆ ਕਿ ਉਹ ਮੇਰੀ ਪਿੱਠ ਵਿਚ ਚੀਰਾ ਦੇ ਕੇ ਓਪਰੇਸ਼ਨ ਕਰੇਗਾ। ਉਸ ਨੇ ਇਹ ਵੀ ਦੱਸਿਆ ਕਿ ਇਹ ਓਪਰੇਸ਼ਨ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ। ਪਰ ਇਸ ਸਰਜਨ ਨੇ ਕੋਈ ਗਾਰੰਟੀ ਨਹੀਂ ਦਿੱਤੀ ਕਿ ਖ਼ੂਨ ਨਹੀਂ ਚੜ੍ਹਾਇਆ ਜਾਵੇਗਾ। ਮੈਂ ਉਸ ਕੋਲ ਮੁੜ ਕੇ ਨਹੀਂ ਗਿਆ।
ਦੂਜੇ ਸਰਜਨ ਨੇ ਕਿਹਾ ਕਿ ਉਹ ਮੇਰੀ ਗਰਦਨ ਵਿਚ ਚੀਰਾ ਦੇ ਕੇ ਰੀੜ੍ਹ ਦੀ ਹੱਡੀ ਦਾ ਓਪਰੇਸ਼ਨ ਕਰੇਗਾ। ਇਸ ਤਰੀਕੇ ਨੇ ਵੀ ਮੈਨੂੰ ਡਰਾ ਦਿੱਤਾ। ਹਾਲਾਂਕਿ ਉਹ ਖ਼ੂਨ ਤੋਂ ਬਿਨਾਂ ਇਲਾਜ ਕਰਨ ਲਈ ਤਿਆਰ ਸੀ, ਪਰ ਉਹ ਫ਼ੌਰਨ ਓਪਰੇਸ਼ਨ ਕਰਨਾ ਚਾਹੁੰਦਾ ਸੀ ਤੇ ਉਸ ਨੇ ਮੈਨੂੰ ਓਪਰੇਸ਼ਨ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਦਿੱਤੀ। ਮੈਂ ਉਸ ਕੋਲ ਵੀ ਦੁਬਾਰਾ ਵਾਪਸ ਨਹੀਂ ਗਿਆ।
ਆਖ਼ਰਕਾਰ ਮੈਨੂੰ ਹਸਪਤਾਲ ਸੰਪਰਕ ਸਮਿਤੀ ਵਿਚ ਸੇਵਾ ਕਰ ਰਹੇ ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਇਕ ਚੰਗਾ ਡਾਕਟਰ ਮਿਲ ਗਿਆ। ਤੀਸਰੇ ਡਾਕਟਰ ਦੁਆਰਾ ਦੱਸਿਆ ਗਿਆ ਓਪਰੇਸ਼ਨ ਦਾ ਤਰੀਕਾ ਵੀ ਦੂਸਰੇ ਸਰਜਨ ਨਾਲ ਮਿਲਦਾ-ਜੁਲਦਾ ਸੀ। ਉਸ ਨੇ ਵੀ ਕਿਹਾ ਕਿ ਮੇਰੀ ਗਰਦਨ ਵਿਚ ਚੀਰਾ ਦੇਣਾ ਪਵੇਗਾ। ਉਸ ਨੇ ਦੱਸਿਆ ਕਿ ਇਹ ਓਪਰੇਸ਼ਨ ਜ਼ਿਆਦਾ ਖ਼ਤਰਨਾਕ ਨਹੀਂ ਸੀ।
ਜਦੋਂ ਸਰਜਨ ਨੇ ਮੈਨੂੰ ਖੋਲ੍ਹ ਕੇ ਸਮਝਾਇਆ ਕਿ ਓਪਰੇਸ਼ਨ ਕਿੱਦਾਂ ਕੀਤਾ ਜਾਵੇਗਾ, ਤਾਂ ਇਹ ਸਭ ਸੁਣ ਕੇ ਮੈਂ ਬਹੁਤ ਡਰ ਗਿਆ। ਮੈਨੂੰ ਖ਼ਾਸਕਰ ਇਸ ਗੱਲ ਦੀ ਚਿੰਤਾ ਸੀ ਕਿ ਇਹ ਓਪਰੇਸ਼ਨ ਦਿਲ ਤੇ ਫੇਫੜਿਆਂ ਵਰਗੇ ਨਾਜ਼ੁਕ ਅੰਗਾਂ ਦੇ ਨੇੜਿਓਂ-ਤੇੜਿਓਂ ਕੀਤਾ ਜਾਣਾ ਸੀ। ਕੀ ਮੈਂ ਬਚ ਜਾਵਾਂਗਾ? ਇਨ੍ਹਾਂ ਚਿੰਤਾਵਾਂ ਨੇ ਮੇਰੇ ਡਰ ਨੂੰ ਹੋਰ ਵਧਾ ਦਿੱਤਾ।
ਪੱਚੀ ਨਵੰਬਰ 1998 ਨੂੰ ਨੈਰੋਬੀ ਦੇ ਹਸਪਤਾਲ ਵਿਚ ਮੇਰਾ ਓਪਰੇਸ਼ਨ ਕਾਮਯਾਬ ਰਿਹਾ ਜੋ ਚਾਰ ਘੰਟਿਆਂ ਤਕ ਚੱਲਿਆ। ਓਪਰੇਸ਼ਨ ਦੌਰਾਨ ਮੇਰੇ ਪੇਡੂ (pelvic bone) ਦਾ ਇਕ ਟੁਕੜਾ ਵੀ ਕੱਢਿਆ ਗਿਆ ਸੀ। ਇਸ ਟੁਕੜੇ ਨੂੰ ਡਿਸਕ ਦਾ ਆਕਾਰ ਦੇ ਕੇ ਧਾਤ ਦੀ ਪਲੇਟ ਤੇ ਪੇਚਾਂ ਨਾਲ ਨੁਕਸਾਨੀ ਗਈ ਡਿਸਕ ਦੀ ਥਾਂ ਤੇ ਫਿੱਟ ਕਰ ਦਿੱਤਾ ਗਿਆ। ਇਸ ਨਾਲ ਮੈਨੂੰ ਕਾਫ਼ੀ ਰਾਹਤ ਮਿਲੀ। ਪਰ ਇਸ ਨਾਲ ਮੇਰੀਆਂ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ। ਮੈਨੂੰ ਤੁਰਨ ਵਿਚ ਕਾਫ਼ੀ ਤਕਲੀਫ਼ ਹੁੰਦੀ ਸੀ। ਹਾਲੇ ਵੀ ਮੇਰਾ ਸਰੀਰ ਸੁੰਨ ਹੋ ਜਾਂਦਾ ਹੈ।
ਸਹੀ ਨਜ਼ਰੀਆ
ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਮੈਂ ਆਪਣਾ ਕਾਫ਼ੀ ਸਮਾਂ ਆਪਣੀ ਵਿਗੜ ਰਹੀ ਹਾਲਤ ਬਾਰੇ ਚਿੰਤਾ ਕਰਨ ਤੇ ਨਿਰਾਸ਼ਾ ਵਿਚ ਹੀ ਗੁਜ਼ਾਰਿਆ। ਹੈਰਾਨੀ ਦੀ ਗੱਲ ਹੈ ਕਿ ਹਸਪਤਾਲ ਦੇ ਸਟਾਫ਼ ਵਿੱਚੋਂ ਕਈਆਂ ਨੇ ਮੇਰੇ ਸ਼ਾਂਤ-ਮਿਜ਼ਾਜ ਅਤੇ ਸਹੀ ਨਜ਼ਰੀਏ ਲਈ ਮੇਰੀ ਤਾਰੀਫ਼ ਕੀਤੀ। ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਉਨ੍ਹਾਂ ਨੇ ਦੇਖਿਆ ਕਿ ਭਾਵੇਂ ਮੈਂ ਕਾਫ਼ੀ ਤਕਲੀਫ਼ ਸਹਿ ਰਿਹਾ ਸੀ, ਫਿਰ ਵੀ ਮੈਂ ਉਨ੍ਹਾਂ ਨਾਲ ਆਪਣੇ ਪਰਮੇਸ਼ੁਰ ਬਾਰੇ ਗੱਲ ਕਰਦਾ ਸੀ।
ਹਾਲਾਂਕਿ ਮੈਂ ਇਸ ਤਕਲੀਫ਼ ਕਾਰਨ ਕਦੇ-ਕਦੇ ਗੁੱਸੇ ਤੇ ਚਿੜਚਿੜਾ ਹੋ ਜਾਂਦਾ ਸੀ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਿਆ। ਇਹ ਤਕਲੀਫ਼ ਸਹਿਣ ਵਿਚ ਉਸ ਨੇ ਮੇਰੀ ਕਾਫ਼ੀ ਮਦਦ ਕੀਤੀ ਹੈ—ਇੰਨੀ ਮਦਦ ਕੀਤੀ ਕਿ ਮੈਂ ਆਪਣੇ ਆਪ ਨੂੰ ਕਦੇ-ਕਦੇ ਸ਼ਰਮਿੰਦਾ ਮਹਿਸੂਸ ਕਰਦਾ ਸੀ। ਮੈਂ ਉਨ੍ਹਾਂ ਹਵਾਲਿਆਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਮਨਨ ਕਰਦਾ ਹੁੰਦਾ ਸੀ ਜਿਹੜੇ ਮੈਂ ਜਾਣਦਾ ਸੀ ਕਿ ਮੇਰੇ ਦੁੱਖ ਵਿਚ ਮੈਨੂੰ ਹੌਸਲਾ ਦੇਣਗੇ। ਉਨ੍ਹਾਂ ਵਿੱਚੋਂ ਕੁਝ ਹਵਾਲੇ ਇਹ ਹਨ:
ਪਰਕਾਸ਼ ਦੀ ਪੋਥੀ 21:4: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” ਬਾਈਬਲ ਦੇ ਨਵੀਂ ਦੁਨੀਆਂ ਦੇ ਵਾਅਦੇ ਤੋਂ ਮੈਨੂੰ ਬੜਾ ਹੌਸਲਾ ਮਿਲਿਆ ਜਿੱਥੇ ਕਿਸੇ ਦੀਆਂ ਅੱਖਾਂ ਵਿਚ ਹੰਝੂ ਨਹੀਂ ਹੋਣਗੇ ਅਤੇ ਦੁੱਖ ਹਮੇਸ਼ਾ ਲਈ ਮਿਟ ਜਾਣਗੇ।
ਇਬਰਾਨੀਆਂ 6:10: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” ਹਾਲਾਂਕਿ ਮੇਰੇ ਵਿਚ ਜ਼ਿਆਦਾ ਕਰਨ ਦੀ ਤਾਕਤ ਨਹੀਂ ਰਹੀ, ਫਿਰ ਵੀ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੀ ਸੇਵਾ ਵਿਚ ਕੀਤੇ ਮੇਰੇ ਜਤਨਾਂ ਨੂੰ ਯਾਦ ਰੱਖੇਗਾ।
ਯਾਕੂਬ 1:13: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” ਇਹ ਗੱਲ ਸੋਲਾਂ ਆਨੇ ਸੱਚ ਹੈ। ਹਾਲਾਂਕਿ ਯਹੋਵਾਹ ਨੇ ਮੇਰੇ ਦੁੱਖ ਨੂੰ ਰਹਿਣ ਦਿੱਤਾ ਹੈ, ਪਰ ਉਹ ਇਸ ਦਾ ਦੋਸ਼ੀ ਨਹੀਂ ਹੈ।
ਫ਼ਿਲਿੱਪੀਆਂ 4:6, 7: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਪ੍ਰਾਰਥਨਾ ਨੇ ਮਨ ਦੀ ਸ਼ਾਂਤੀ ਪਾਉਣ ਵਿਚ ਮੇਰੀ ਮਦਦ ਕੀਤੀ ਜਿਸ ਦੀ ਮੈਨੂੰ ਬੜੀ ਲੋੜ ਸੀ ਅਤੇ ਇਸ ਦੇ ਕਾਰਨ ਮੈਂ ਆਪਣੇ ਦੁੱਖ ਦਾ ਜ਼ਿਆਦਾ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕਿਆ।
ਮੈਂ ਦੁਖੀ ਭੈਣ-ਭਰਾਵਾਂ ਨੂੰ ਹੌਸਲਾ ਦੇਣ ਲਈ ਇਨ੍ਹਾਂ ਹਵਾਲਿਆਂ ਨੂੰ ਵਰਤਦਾ ਹੁੰਦਾ ਸੀ ਅਤੇ ਇਨ੍ਹਾਂ ਨੇ ਸੱਚ-ਮੁੱਚ ਉਨ੍ਹਾਂ ਦੀ ਬੜੀ ਮਦਦ ਕੀਤੀ! ਪਰ ਬਾਅਦ ਵਿਚ ਮੈਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ ਕਿ ਇਨ੍ਹਾਂ ਹਵਾਲਿਆਂ ਵਿਚ ਕਿੰਨੀ ਤਾਕਤ ਸੀ। ਆਪਣੀ ਬੀਮਾਰੀ ਕਰਕੇ ਮੈਂ ਸਿੱਖਿਆ ਕਿ ਮੈਨੂੰ ਨਿਮਰ ਹੋਣ ਅਤੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੀ ਲੋੜ ਸੀ।
ਹੋਰਨਾਂ ਤੋਂ ਵੀ ਤਸੱਲੀ ਮਿਲੀ
ਅਸੀਂ ਸਾਰੇ ਜਾਣਦੇ ਹਾਂ ਕਿ ਮਸੀਹੀ ਭਾਈਚਾਰਾ ਸਾਨੂੰ ਮੁਸ਼ਕਲ ਸਮਿਆਂ ਵਿਚ ਸੰਭਾਲੀ ਰੱਖਦਾ ਹੈ, ਪਰ ਕਈ ਵਾਰੀ ਅਸੀਂ ਆਪਣੇ ਭੈਣ-ਭਰਾਵਾਂ ਦੀ ਅਹਿਮੀਅਤ ਨੂੰ ਕਿੰਨੀ ਆਸਾਨੀ ਨਾਲ ਭੁੱਲ ਜਾਂਦੇ ਹਾਂ! ਇਹ ਸੱਚ ਹੈ ਕਿ ਉਹ ਸਾਡੇ ਦੁੱਖ ਦੂਰ ਨਹੀਂ ਕਰ ਸਕਦੇ, ਫਿਰ ਵੀ ਉਹ ਹਰ ਵੇਲੇ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਭੈਣ-ਭਰਾਵਾਂ ਨੇ ਮੇਰੀ ਬੜੀ ਮਦਦ ਕੀਤੀ। ਉਹ ਹਸਪਤਾਲ ਵਿਚ ਮੈਨੂੰ ਮਿਲਣ ਆਉਂਦੇ ਸਨ ਅਤੇ ਕਈ ਵਾਰੀ ਤਾਂ ਉਹ ਸਵੇਰੇ ਸਾਝਰੇ ਹੀ ਆ ਜਾਂਦੇ ਸਨ। ਉਨ੍ਹਾਂ ਨੇ ਮੇਰੀਆਂ ਦਵਾਈਆਂ ਦਾ ਖ਼ਰਚਾ ਵੀ ਭਰਿਆ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਦਦ ਕੀਤੀ।
ਮੇਰੀ ਕਲੀਸਿਯਾ ਦੇ ਭੈਣ-ਭਰਾ ਜਾਣਦੇ ਹਨ ਕਿ ਮੈਂ ਹੁਣ ਜ਼ਿਆਦਾ ਸੇਵਾ ਨਹੀਂ ਕਰ ਸਕਦਾ। ਮੈਂ ਇਸ ਵੇਲੇ ਪ੍ਰਧਾਨ ਨਿਗਾਹਬਾਨ ਦੇ ਤੌਰ ਤੇ ਮਸੀਹੀ ਬਜ਼ੁਰਗਾਂ ਨਾਲ ਕੰਮ ਕਰਦਾ ਹਾਂ ਜੋ ਮੇਰਾ ਬੜਾ ਸਾਥ ਦਿੰਦੇ ਹਨ। ਮੈਂ ਬਾਕਾਇਦਾ ਪ੍ਰਚਾਰ ਕਰਨ ਜਾਂਦਾ ਹਾਂ। ਮੈਂ ਆਪਣੇ ਦੁੱਖਾਂ ਦੇ ਕਹਿਰ ਦੌਰਾਨ ਦੋ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕੀਤੀਆਂ। ਉਨ੍ਹਾਂ ਵਿੱਚੋਂ ਇਕ ਜਣਾ ਨੈਰੋਬੀ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰ ਰਿਹਾ ਹੈ।
ਮੈਨੂੰ ਅਜੇ ਵੀ ਪਤਾ ਨਹੀਂ ਲੱਗਦਾ ਕਿ ਮੈਂ ਆਪਣੀ ਪਤਨੀ ਦਾ ਕਿਨ੍ਹਾਂ ਸ਼ਬਦਾਂ ਨਾਲ ਸ਼ੁਕਰੀਆ ਅਦਾ ਕਰਾਂ ਜਿਸ ਨੇ ਮੇਰੇ ਦੁੱਖਾਂ ਵਿਚ ਮੇਰਾ ਸਾਥ ਦਿੱਤਾ। ਉਸ ਨੇ ਮੇਰੇ ਗੁੱਸੇ, ਚਿੜਚਿੜੇਪਣ, ਬਦਲਦੇ ਮੂਡ ਅਤੇ ਮੇਰੀਆਂ ਬੇਵਕੂਫ਼ੀਆਂ ਨੂੰ ਸਹਿਆ ਹੈ। ਜਦੋਂ ਵੀ ਮੈਂ ਦੁਖੀ ਹੁੰਦਾ ਤੇ ਹੰਝੂ ਵਹਾਉਂਦਾ ਸੀ, ਤਾਂ ਉਹ ਮੈਨੂੰ ਹੌਸਲਾ ਦਿੰਦੀ ਸੀ। ਮੇਰੇ ਦੁੱਖਾਂ ਵਿਚ ਉਸ ਦੀ ਸਹਿਣ-ਸ਼ਕਤੀ ਅਤੇ ਹੌਸਲਾ ਮੈਨੂੰ ਹੈਰਾਨੀ ਵਿਚ ਪਾ ਦਿੰਦੇ ਹਨ। ਉਹ ਮੇਰੇ ਲਈ ਹਰ ਵੇਲੇ ਇਕ ਸੱਚਾ “ਮਿੱਤ੍ਰ” ਸਾਬਤ ਹੋਈ ਹੈ।—ਕਹਾਉਤਾਂ 17:17.
ਸਾਡੀਆਂ ਧੀਆਂ ਵੀ ਮੇਰੇ ਦੁੱਖਾਂ ਵਿਚ ਮੇਰਾ ਸਹਾਰਾ ਬਣੀਆਂ ਹਨ। ਉਹ ਮੇਰੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਉਹ ਮੇਰੀਆਂ ਲੋੜਾਂ ਨੂੰ ਸਮਝਦੀਆਂ ਹਨ ਅਤੇ ਜਦੋਂ ਉਨ੍ਹਾਂ ਦੀ ਮਾਂ ਘਰ ਨਹੀਂ ਹੁੰਦੀ, ਤਾਂ ਉਹ ਮੇਰੀ ਦੇਖ-ਭਾਲ ਕਰਦੀਆਂ ਹਨ। ਸਿਲਵੀਆ ਮੇਰੀ “ਖੂੰਡੀ” ਹੈ ਅਤੇ ਘਰ ਵਿਚ ਤੁਰਨ-ਫਿਰਨ ਵਿਚ ਮੇਰੀ ਮਦਦ ਕਰਦੀ ਹੈ ਜਦੋਂ ਵੀ ਮੈਂ ਕਮਜ਼ੋਰ ਮਹਿਸੂਸ ਕਰਦਾ ਹਾਂ।
ਛੋਟੀ ਧੀ ਮੀਨਾ ਬਾਰੇ ਕੀ? ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਇਕ ਵਾਰ ਘਰ ਦੇ ਅੰਦਰ ਡਿੱਗ ਪਿਆ ਸੀ ਤੇ ਮੇਰੇ ਕੋਲੋਂ ਉੱਠਿਆ ਨਹੀਂ ਗਿਆ। ਸਿਰਫ਼ ਉਹੀ ਘਰ ਵਿਚ ਸੀ। ਆਪਣਾ ਸਾਰਾ ਜ਼ੋਰ ਲਾ ਕੇ ਉਸ ਨੇ ਮੈਨੂੰ ਉਠਾਇਆ ਅਤੇ ਹੌਲੀ-ਹੌਲੀ ਮੇਰੇ ਕਮਰੇ ਵਿਚ ਲੈ ਗਈ। ਉਸ ਨੂੰ ਹਾਲੇ ਵੀ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਕਿ ਉਸ ਨੇ ਮੈਨੂੰ ਕਿੱਦਾਂ ਉਠਾਇਆ। ਮੈਂ ਉਸ ਦੀ ਹਿੰਮਤ ਦੀ ਦਾਦ ਦਿੰਦਾ ਹਾਂ।
ਮੇਰਾ ਇਹ ਦੁੱਖ ਮੇਰੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਲੜਾਈ ਹੈ। ਮੈਂ ਹਾਲੇ ਵੀ ਇਹ ਲੜਾਈ ਲੜ ਰਿਹਾ ਹਾਂ। ਹੋਰ ਕਿਸੇ ਵੀ ਗੱਲ ਨੇ ਮੇਰੀ ਜ਼ਿੰਦਗੀ ਅਤੇ ਮੇਰੀ ਨਿਹਚਾ ਨੂੰ ਇਸ ਹੱਦ ਤਕ ਨਹੀਂ ਵੰਗਾਰਿਆ। ਮੈਂ ਨਿਮਰਤਾ, ਸਮਝਦਾਰੀ ਅਤੇ ਹਮਦਰਦੀ ਬਾਰੇ ਕਾਫ਼ੀ ਕੁਝ ਸਿੱਖਿਆ ਹੈ। ਯਹੋਵਾਹ ਵਿਚ ਮੇਰੇ ਪੂਰੇ ਭਰੋਸੇ ਅਤੇ ਯਕੀਨ ਨੇ ਇਸ ਦੁੱਖ ਨੂੰ ਸਫ਼ਲਤਾ ਨਾਲ ਸਹਿਣ ਵਿਚ ਮੇਰੀ ਮਦਦ ਕੀਤੀ ਹੈ।
ਮੈਂ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਸਮਝਿਆ ਹੈ: “ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ।” (2 ਕੁਰਿੰਥੀਆਂ 4:7) ਮੈਨੂੰ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਬਾਰੇ ਪਰਮੇਸ਼ੁਰ ਦੇ ਵਾਅਦੇ ਤੋਂ ਬਹੁਤ ਦਿਲਾਸਾ ਮਿਲਦਾ ਹੈ। (2 ਪਤਰਸ 3:13) ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਦ ਤਕ ਨਵੀਂ ਦੁਨੀਆਂ ਨਹੀਂ ਆਉਂਦੀ, ਉਦੋਂ ਤਕ ਯਹੋਵਾਹ ਮੈਨੂੰ ਸੰਭਾਲੀ ਰੱਖੇ ਕਿਉਂਕਿ ਮੈਂ ਹਾਲੇ ਵੀ ਬਹੁਤ ਕਮਜ਼ੋਰ ਹਾਂ ਅਤੇ ਮੈਂ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦਾ। (g03 4/22)
[ਸਫ਼ੇ 22 ਉੱਤੇ ਤਸਵੀਰਾਂ]
ਆਪਣੇ ਪਰਿਵਾਰ ਨਾਲ ਅਧਿਆਤਮਿਕ ਕੰਮ ਕਰ ਕੇ ਮੈਨੂੰ ਆਪਣੇ ਦੁੱਖ ਸਹਿਣ ਵਿਚ ਮਦਦ ਮਿਲਦੀ ਹੈ