ਰੰਗ-ਬਰੰਗੇ ਖੰਭਾਂ ਨੂੰ ਪੱਖੇ ਵਾਂਗ ਖਿਲਾਰਨ ਵਾਲਾ ਸ਼ਾਨਦਾਰ ਪੰਛੀ
ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਲੇਖ ਦੇ ਨਾਂ ਤੋਂ ਤੁਸੀਂ ਅਨੁਮਾਨ ਲਾ ਹੀ ਲਿਆ ਹੋਣਾ ਕਿ ਅਸੀਂ ਮੋਰ ਦੀ ਗੱਲ ਕਰ ਰਹੇ ਹਾਂ। ਮੋਰ ਦੇ ਖੰਭ ਸੰਸਾਰ ਭਰ ਵਿਚ ਪ੍ਰਸਿੱਧ ਹਨ।a ਪਰ ਕੀ ਤੁਸੀਂ ਕਦੇ ਸੋਚਿਆ ਕਿ ਇਨ੍ਹਾਂ ਵੱਡੇ-ਵੱਡੇ ਖੰਭਾਂ ਤੋਂ ਮੋਰ ਨੂੰ ਕੀ ਫ਼ਾਇਦਾ ਹੈ ਅਤੇ ਕੀ ਸੁੰਦਰ ਹੋਣ ਤੋਂ ਇਲਾਵਾ ਵੀ ਇਸ ਵਿਚ ਹੋਰ ਗੁਣ ਹਨ?
ਫੈਜ਼ੇਂਟ ਜਾਤੀ ਦਾ ਮੋਰ ਤਿੰਨ ਉਪਜਾਤੀਆਂ ਵਿਚ ਮਿਲਦਾ ਹੈ। ਅਸੀਂ ਇੱਥੇ ਭਾਰਤੀ ਜਾਂ ਆਮ ਮੋਰ ਦੀ ਗੱਲ ਕਰਾਂਗੇ। ਇਹ ਮੋਰ ਖ਼ਾਸਕਰ ਨੀਲੇ-ਹਰੇ ਰੰਗ ਦਾ ਹੁੰਦਾ ਹੈ ਅਤੇ ਇਹ ਲਗਭਗ ਸਾਢੇ ਛੇ ਫੁੱਟ ਤੋਂ ਲੈ ਕੇ ਸਾਢੇ ਸੱਤ ਫੁੱਟ ਲੰਬਾ ਹੁੰਦਾ ਹੈ ਜਿਸ ਵਿਚ ਇਸ ਦੇ ਪੰਜ ਫੁੱਟ ਲੰਬੇ ਖੰਭ ਵੀ ਸ਼ਾਮਲ ਹਨ। ਇਸ ਦੇ ਲੰਬੇ ਖੰਭ ਹਰੇ-ਸੁਨਹਿਰੇ ਹੁੰਦੇ ਹਨ ਜਿਨ੍ਹਾਂ ਉੱਤੇ ਨੀਲੇ-ਸੁਨਹਿਰੇ ਚਿਟਕਣੇ ਹੁੰਦੇ ਹਨ। ਬਾਕੀ ਸਰੀਰ ਦੇ ਛੋਟੇ-ਛੋਟੇ ਖੰਭ ਚਮਕੀਲੇ ਨੀਲੇ-ਹਰੇ ਰੰਗੇ ਹੁੰਦੇ ਹਨ।
ਭਾਰਤ ਦੇ ਇਸ ਰਾਸ਼ਟਰੀ ਪੰਛੀ ਮੋਰ ਦੀ ਸੁੰਦਰਤਾ ਸੱਚ-ਮੁੱਚ ਸ਼ਾਹਾਨਾ ਹੈ। ਸ਼ਾਇਦ ਇਸੇ ਕਰਕੇ ਕੁਝ ਭਾਸ਼ਾਵਾਂ ਵਿਚ ਘਮੰਡੀ ਲੋਕਾਂ ਦਾ ਵਰਣਨ “ਮੋਰ ਵਾਂਗ ਘਮੰਡੀ” ਕਹਿ ਕੇ ਕੀਤਾ ਜਾਂਦਾ ਹੈ। ਭਾਵੇਂ ਇਹ ਦੇਖਣ ਨੂੰ ਘਮੰਡੀ ਲੱਗਦਾ ਹੈ, ਪਰ ਇਹ ਇਕ ਸਮਾਜਕ ਪੰਛੀ ਹੈ। ਦਰਅਸਲ, ਇਸ ਨੂੰ ਪਾਲਿਆ ਵੀ ਜਾ ਸਕਦਾ ਹੈ। ਕੁਝ ਲੋਕ ਮੋਰ ਨੂੰ ਪਵਿੱਤਰ ਮੰਨਦੇ ਹਨ। ਇਸ ਕਾਰਨ ਭਾਰਤ ਦੇ ਪੇਂਡੂ ਕਿਸਾਨ ਇਸ ਨੂੰ ਕੁਝ ਨਹੀਂ ਕਹਿੰਦੇ ਜਦੋਂ ਇਹ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਹੈ।
ਸ਼ਾਨਦਾਰ ਪੈਲਾਂ ਦਾ ਨਜ਼ਾਰਾ
ਮੋਰ ਸ਼ਾਨਦਾਰ ਪੈਲਾਂ ਪਾਉਣ ਦੇ ਕਾਰਨ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਦੋਂ ਉਹ ਆਪਣੇ ਖੰਭਾਂ ਨੂੰ ਪੱਖੇ ਵਾਂਗ ਖਿਲਾਰ ਲੈਂਦਾ ਹੈ। ਮੋਰ ਸ਼ਾਨਦਾਰ ਪੈਲਾਂ ਕਿਉਂ ਪਾਉਂਦਾ ਹੈ? ਇਹ ਕਲਾ ਦਿਖਾ ਕੇ ਉਹ ਮੋਰਨੀਆਂ ਨੂੰ ਪਟਾਉਂਦਾ ਹੈ।
ਮੋਰਨੀ ਕੁਝ ਨਖ਼ਰੇਬਾਜ਼ ਹੁੰਦੀ ਹੈ, ਪਰ ਮੋਰ ਪੈਲਾਂ ਪਾ ਕੇ ਉਸ ਦਾ ਦਿਲ ਜਿੱਤ ਲੈਂਦਾ ਹੈ। ਪੱਖੇ ਵਾਂਗ ਖਿੱਲਰੇ ਮੋਰ ਦੇ ਰੰਗ-ਬਰੰਗੇ ਖੰਭ ਦੇਖ ਕੇ ਮੋਰਨੀ ਉਸ ਉੱਤੇ ਮੋਹਿਤ ਹੋ ਜਾਂਦੀ ਹੈ। ਸਭ ਤੋਂ ਸੋਹਣੀਆਂ ਪੈਲਾਂ ਪਾਉਣ ਵਾਲੇ ਮੋਰ ਨੂੰ ਉਹ ਆਪਣਾ ਸਾਥੀ ਚੁਣਦੀ ਹੈ।
ਮੋਰਨੀ ਨੂੰ ਮੋਹਿਤ ਕਰਨ ਲਈ ਮੋਰ ਪੈਲਾਂ ਪਾਉਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦਾ ਹੈ। ਇਹ ਪਹਿਲਾਂ ਆਪਣੇ ਲੰਬੇ ਖੰਭਾਂ ਨੂੰ ਖਿਲਾਰ ਕੇ ਅੱਗੇ ਨੂੰ ਝੁਕਾ ਲੈਂਦਾ ਹੈ ਤੇ ਪਾਸਿਆਂ ਦੇ ਲਾਖੇ-ਭੂਰੇ ਖੰਭਾਂ ਨੂੰ ਥੱਲੇ ਵੱਲ ਫੈਲਾ ਲੈਂਦਾ ਹੈ। ਫਿਰ ਇਹ ਠੁਮਕ-ਠੁਮਕ ਕੇ ਨੱਚਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਇਸ ਦੇ ਉੱਪਰਲੇ ਖੰਭਾਂ ਦੇ ਫੜਫੜਾਉਣ ਨਾਲ ਆਵਾਜ਼ ਹੁੰਦੀ ਹੈ। ਇਹ ਉੱਚੀ-ਉੱਚੀ ਕੂਕਾਂ ਵੀ ਮਾਰਦਾ ਹੈ। ਇਹ ਕੂਕਾਂ ਸੁਰੀਲੀਆਂ ਨਹੀਂ ਹੁੰਦੀਆਂ, ਪਰ ਇਨ੍ਹਾਂ ਨਾਲ ਉਹ ਮੋਰਨੀ ਨੂੰ ਇਹ ਤਾਂ ਦੱਸ ਹੀ ਦਿੰਦਾ ਹੈ ਕਿ ਉਹ ਉਸ ਨੂੰ ਚਾਹੁੰਦਾ ਹੈ।
ਕਦੇ-ਕਦੇ ਮੋਰਨੀ ਵੀ ਮੋਰ ਵਾਂਗ ਅਦਾਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਜ਼ਿਆਦਾਤਰ ਮੌਕਿਆਂ ਤੇ ਉਹ ਮੋਰ ਵਿਚ ਕੋਈ ਰੁਚੀ ਨਹੀਂ ਦਿਖਾਉਂਦੀ। ਪਰ ਸਭ ਤੋਂ ਸੋਹਣੀਆਂ ਪੈਲਾਂ ਪਾਉਣ ਵਾਲਾ ਮੋਰ ਉਸ ਨੂੰ ਪਟਾ ਲੈਂਦਾ ਹੈ। ਇਕ ਮੋਰ ਲਗਭਗ ਪੰਜ ਕੁ ਮੋਰਨੀਆਂ ਨੂੰ ਤਾਂ ਪਟਾ ਹੀ ਲੈਂਦਾ ਹੈ ਅਤੇ ਇਕ ਸਾਲ ਵਿਚ 25 ਕੁ ਬੱਚਿਆਂ ਦਾ ਬਾਪ ਬਣ ਜਾਂਦਾ ਹੈ।
ਮੋਰ ਦੀ ਪਰਿਵਾਰਕ ਜ਼ਿੰਦਗੀ
ਜਦੋਂ ਮੋਰਨੀ ਅੰਡੇ ਦਿੰਦੀ ਹੈ, ਤਾਂ ਮੋਰ ਆਪਣੇ ਖੰਭ ਝਾੜ ਦਿੰਦਾ ਹੈ। ਮੋਰ ਦੇ 200 ਨਾਲੋਂ ਵੱਧ ਲੰਬੇ ਖੰਭ ਹੁੰਦੇ ਹਨ। ਭਾਰਤ ਵਿਚ ਪਿੰਡਾਂ ਦੇ ਲੋਕ ਇਨ੍ਹਾਂ ਖੰਭਾਂ ਨੂੰ ਪੱਛਮੀ ਦੇਸ਼ਾਂ ਨੂੰ ਭੇਜਣ ਲਈ ਇਕੱਠਾ ਕਰਦੇ ਸਨ। ਹੁਣ ਇਨ੍ਹਾਂ ਪੰਛੀਆਂ ਨੂੰ ਬਚਾਉਣ ਲਈ ਖੰਭਾਂ ਨੂੰ ਬਾਹਰ ਭੇਜਣ ਤੇ ਪਾਬੰਦੀ ਲੱਗੀ ਹੋਈ ਹੈ। ਪਰ ਦੇਸ਼ ਵਿਚ ਅਜੇ ਵੀ ਇਨ੍ਹਾਂ ਖੰਭਾਂ ਦੀਆਂ ਪੱਖੀਆਂ ਅਤੇ ਦੂਜੀਆਂ ਖੂਬਸੂਰਤ ਚੀਜ਼ਾਂ ਬਣਾਈਆਂ ਜਾਂਦੀਆਂ ਹਨ।
ਸ਼ਾਮ ਨੂੰ ਆਰਾਮ ਕਰਨ ਲਈ ਢੁਕਵੀਂ ਥਾਂ ਲੱਭਣ ਵਾਸਤੇ ਮੋਰ ਹੌਲੀ-ਹੌਲੀ ਲੰਬੇ ਦਰਖ਼ਤਾਂ ਉੱਤੇ ਚੜ੍ਹ ਜਾਂਦੇ ਹਨ। ਸਵੇਰ ਨੂੰ ਹੌਲੀ-ਹੌਲੀ ਉਹ ਥੱਲੇ ਉੱਤਰ ਆਉਂਦੇ ਹਨ। ਇਨ੍ਹਾਂ ਪੰਛੀਆਂ ਦੀ ਸੁੰਦਰਤਾ ਦੇਖ ਕੇ ਤੁਸੀਂ ਮੋਹਿਤ ਤਾਂ ਹੋ ਸਕਦੇ ਹੋ, ਪਰ ਇਹ ਨਾ ਸੋਚੋ ਕਿ ਇਨ੍ਹਾਂ ਦੀ ਆਵਾਜ਼ ਵੀ ਉੱਨੀ ਹੀ ਸੁਰੀਲੀ ਹੋਵੇਗੀ। ਜਦੋਂ ਤਕ ਪੰਛੀ ਭੋਜਨ ਦੀ ਤਲਾਸ਼ ਵਿਚ ਚਲੇ ਨਹੀਂ ਜਾਂਦੇ, ਇਨ੍ਹਾਂ ਦੀਆਂ ਮਾਤਮੀ ਕੂਕਾਂ ਸ਼ਾਮ ਦੀ ਸ਼ਾਂਤੀ ਭੰਗ ਕਰੀ ਰੱਖਦੀਆਂ ਹਨ।
ਮੋਰ ਕੁਝ ਵੀ ਖਾ ਲੈਂਦੇ ਹਨ। ਇਹ ਕੀੜੇ-ਮਕੌੜੇ, ਕਿਰਲੀਆਂ ਤੇ ਕਦੇ-ਕਦੇ ਛੋਟੇ-ਛੋਟੇ ਸੱਪਾਂ ਤੋਂ ਇਲਾਵਾ ਬੀਜ, ਕਣਕ, ਦਾਲਾਂ ਅਤੇ ਫ਼ਸਲਾਂ ਦੀਆਂ ਨਰਮ ਜੜ੍ਹਾਂ ਖਾਂਦੇ ਹਨ।
ਇਹ ਸੋਹਣੇ ਤੇ ਨਾਜ਼ੁਕ ਦਿੱਸਣ ਵਾਲੇ ਪੰਛੀ ਆਪਣੇ ਪਰਿਵਾਰ ਦੀ ਰੱਖਿਆ ਕਰਦੇ ਹਨ। ਇਨ੍ਹਾਂ ਨੂੰ ਝੱਟ ਖ਼ਤਰੇ ਦਾ ਪਤਾ ਲੱਗ ਜਾਂਦਾ ਹੈ। ਜਦੋਂ ਮੋਰ ਕਿਸੇ ਬਿੱਲੀ ਜਾਂ ਹੋਰ ਖ਼ਤਰੇ ਨੂੰ ਦੇਖਦਾ ਹੈ, ਤਾਂ ਇਹ ਚੇਤਾਵਨੀ ਦੇਣ ਲਈ ਜੰਗਲ ਵਿਚ ਉੱਚੀ-ਉੱਚੀ ਕੂਕਾਂ ਮਾਰਦਾ ਹੋਇਆ ਭੱਜਦਾ ਹੈ। ਦੂਜੇ ਮੋਰ ਵੀ ਉਸ ਨਾਲ ਮਿਲ ਕੇ ਚੇਤਾਵਨੀ ਦਿੰਦੇ ਹਨ। ਉਹ ਇਕ-ਦੂਜੇ ਦੇ ਪਿੱਛੇ ਬੜੀ ਤੇਜ਼ੀ ਨਾਲ ਭੱਜਦੇ ਹਨ। ਪਰ ਮੋਰਨੀਆਂ ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਭੱਜਦੀਆਂ, ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਦਾ ਵੀ ਖ਼ਤਰਾ ਹੋਵੇ।
ਦੇਖਣ ਨੂੰ ਲੱਗਦਾ ਹੈ ਕਿ ਇਸ ਪੰਛੀ ਦੇ ਲੰਬੇ ਖੰਭ ਇਸ ਦੇ ਲਈ ਮੁਸ਼ਕਲ ਖੜ੍ਹੀ ਕਰਦੇ ਹਨ ਜਦੋਂ ਇਹ ਉਡਾਰੀ ਮਾਰਦਾ ਹੈ, ਪਰ ਅਸਲ ਵਿਚ ਇਹ ਪੂਛ ਉਸ ਦੇ ਲਈ ਕੋਈ ਬੋਝ ਨਹੀਂ ਹੈ। ਉਡਾਰੀ ਮਾਰਨ ਤੋਂ ਬਾਅਦ, ਇਹ ਤੇਜ਼ ਰਫ਼ਤਾਰ ਨਾਲ ਉੱਡਦਾ ਹੈ ਤੇ ਤੇਜ਼ੀ ਨਾਲ ਆਪਣੇ ਖੰਭਾਂ ਨੂੰ ਫੜਫੜਾਉਂਦਾ ਹੈ।
ਅੱਠ ਮਹੀਨਿਆਂ ਦੇ ਹੋਣ ਤੇ ਮੋਰ ਦੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੀ ਦੇਖ-ਭਾਲ ਆਪ ਕਰਨ ਲੱਗ ਪੈਂਦੇ ਹਨ। ਇਸ ਉਮਰ ਤੇ ਉਨ੍ਹਾਂ ਦੇ ਵੱਡੇ ਖੰਭ ਉੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਚਾਰ ਸਾਲਾਂ ਦੇ ਹੋਣ ਤੇ ਉਨ੍ਹਾਂ ਦੇ ਖੰਭ ਲੰਬੇ ਹੋ ਜਾਂਦੇ ਹਨ। ਉਸ ਵੇਲੇ ਉਹ ਆਪਣਾ ਘਰ ਵਸਾਉਣ ਲਈ ਤਿਆਰ ਹੁੰਦੇ ਹਨ। ਬੱਚਿਆਂ ਦੇ ਚਲੇ ਜਾਣ ਤੋਂ ਬਾਅਦ, ਮੋਰਨੀ ਦੂਜੀ ਵਾਰ ਬੱਚੇ ਪੈਦਾ ਕਰਨ ਲਈ ਤਿਆਰ ਹੋ ਜਾਂਦੀ ਹੈ।
ਮਹਿਲਾਂ ਦੀ ਸ਼ਾਨ
ਪੁਰਾਣੇ ਜ਼ਮਾਨੇ ਵਿਚ ਮੋਰ ਯੂਨਾਨੀ, ਰੋਮੀ ਅਤੇ ਭਾਰਤੀ ਬਾਗ਼ਾਂ ਦੀ ਸ਼ੋਭਾ ਵਧਾਉਂਦੇ ਸਨ। ਤਸਵੀਰਾਂ ਅਤੇ ਸਜਾਵਟੀ ਚੀਜ਼ਾਂ ਦੇ ਜ਼ਰੀਏ, ਮੋਰ ਹਜ਼ਾਰਾਂ ਸਾਲਾਂ ਤਕ ਭਾਰਤ ਦੇ ਸ਼ਾਹੀ ਮਹਿਲਾਂ ਦੀ ਸ਼ਾਨ ਬਣੇ ਰਹੇ। ਦਰਅਸਲ, ਭਾਰਤ ਦੇ ਕੀਮਤੀ ਖ਼ਜ਼ਾਨਿਆਂ ਵਿਚ ਇਕ ਸਭ ਤੋਂ ਕੀਮਤੀ ਚੀਜ਼ ਮੋਰ ਸਿੰਘਾਸਣ ਸੀ। ਇਹ ਬਹੁਤ ਸਾਰੇ ਹੀਰਿਆਂ, 108 ਕੀਮਤੀ ਪੱਥਰਾਂ ਤੇ 116 ਪੰਨਿਆਂ ਨਾਲ ਜੜਿਆ ਹੋਇਆ ਸੀ। ਇਸ ਦੇ ਛੱਤਰ ਉੱਤੇ ਸੋਨੇ ਦਾ ਮੋਰ ਸੀ ਜਿਸ ਕਰਕੇ ਇਸ ਦਾ ਨਾਂ ਮੋਰ ਸਿੰਘਾਸਣ ਪਿਆ। ਰਾਜਾ ਸਿਰਫ਼ ਖ਼ਾਸ ਮੌਕਿਆਂ ਤੇ ਹੀ ਇਸ ਸਿੰਘਾਸਣ ਤੇ ਬੈਠਦਾ ਸੀ।
ਬਾਈਬਲ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਰਾਜਾ ਸੁਲੇਮਾਨ ਦੀਆਂ ਆਯਾਤ ਕੀਤੀਆਂ ਕੀਮਤੀ ਚੀਜ਼ਾਂ ਵਿਚ ਮੋਰ ਵੀ ਹੁੰਦੇ ਸਨ। ਇਹ ਮੋਰ ਸੁਲੇਮਾਨ ਦੇ ਸ਼ਾਹੀ ਬਾਗ਼ਾਂ ਵਿਚ ਕਿੰਨੀ ਸ਼ਾਨ ਨਾਲ ਘੁੰਮਦੇ-ਫਿਰਦੇ ਹੋਣਗੇ! (1 ਰਾਜਿਆਂ 10:22, 23) ਇਨ੍ਹਾਂ ਪੰਛੀਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਕਿਸੇ ਬੁੱਧੀਮਾਨ ਡੀਜ਼ਾਈਨਕਾਰ ਨੇ ਬਣਾਇਆ ਹੈ। ਜਦੋਂ ਮੋਰ ਆਪਣੇ ਚਮਕੀਲੇ ਰੰਗ-ਬਰੰਗੇ ਖੰਭਾਂ ਨੂੰ ਖਿਲਾਰ ਕੇ ਪੈਲਾਂ ਪਾਉਂਦਾ ਹੋਇਆ ਨੱਚਦਾ ਹੈ, ਤਾਂ ‘ਸਾਰੀਆਂ ਵਸਤਾਂ ਰਚਣ’ ਵਾਲੇ ਯਹੋਵਾਹ ਪਰਮੇਸ਼ੁਰ ਦੇ ਕਲਾਤਮਕ ਗੁਣਾਂ ਨੂੰ ਦੇਖ ਕੇ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ।—ਪਰਕਾਸ਼ ਦੀ ਪੋਥੀ 4:11. (g03 6/22)
[ਫੁਟਨੋਟ]
a ਮੋਰ ਦੇ ਵੱਡੇ ਖੰਭ ਇਸ ਦੀ ਪਿੱਠ ਤੋਂ ਉੱਗਦੇ ਹਨ। ਪਰ ਇਹ ਇਸ ਦੀ ਪੂਛ ਨਹੀਂ ਹੈ। ਮੋਰ ਆਪਣੀ ਪੂਛ ਨਾਲ ਇਨ੍ਹਾਂ ਖੰਭਾਂ ਨੂੰ ਉੱਪਰ ਚੁੱਕਦਾ ਹੈ।
[ਸਫ਼ੇ 18 ਉੱਤੇ ਤਸਵੀਰ]
ਮੋਰਨੀ ਹਰ ਵਾਰ ਮੋਰ ਦੇ ਨਾਚ ਤੋਂ ਪ੍ਰਭਾਵਿਤ ਨਹੀਂ ਹੁੰਦੀ
[ਕ੍ਰੈਡਿਟ ਲਾਈਨ]
© D. Cavagnaro/Visuals Unlimited
[ਸਫ਼ੇ 19 ਉੱਤੇ ਤਸਵੀਰਾਂ]
ਮੋਰਨੀਆਂ ਚੰਗੀਆਂ ਮਾਵਾਂ ਹੁੰਦੀਆਂ ਹਨ
[ਕ੍ਰੈਡਿਟ ਲਾਈਨ]
© 2001 Steven Holt/stockpix.com
[ਸਫ਼ੇ 17 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਮੋਰ: Lela Jane Tinstman/Index Stock Photography
[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
John Warden/Index Stock Photography