ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?
“ਉਹ ਰੋਜ਼ ਮੰਦਰ ਵਿਚ ਇਕੱਠੇ ਹੁੰਦੇ ਸਨ।”—ਰਸੂ. 2:46.
1-3. (ੳ) ਮਸੀਹੀਆਂ ਨੇ ਕਿਵੇਂ ਦਿਖਾਇਆ ਹੈ ਕਿ ਉਨ੍ਹਾਂ ਲਈ ਮੀਟਿੰਗਾਂ ʼਤੇ ਹਾਜ਼ਰ ਹੋਣਾ ਅਹਿਮ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
ਜਦੋਂ ਕੌਰਿੰਨਾ 17 ਸਾਲਾਂ ਦੀ ਸੀ, ਉਸ ਦੀ ਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਉਸ ਦੇ ਘਰ ਤੋਂ ਬਹੁਤ ਦੂਰ ਰੂਸ ਦੀ ਇਕ ਜੇਲ੍ਹ ਵਿਚ ਭੇਜ ਦਿੱਤਾ ਗਿਆ ਜਿੱਥੇ ਕੈਦੀਆਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਸੀ। ਉਸ ਤੋਂ ਕੁਝ ਸਮੇਂ ਬਾਅਦ ਕੌਰਿੰਨਾ ਨੂੰ ਵੀ ਉਸ ਦੇ ਘਰ ਤੋਂ ਹਜ਼ਾਰਾਂ ਹੀ ਕਿਲੋਮੀਟਰ ਦੂਰ ਸਾਇਬੇਰੀਆ ਭੇਜ ਦਿੱਤਾ ਗਿਆ। ਉੱਥੇ ਉਸ ਤੋਂ ਪਸ਼ੂਆਂ ਦੀ ਦੇਖ-ਭਾਲ ਕਰਵਾਈ ਜਾਂਦੀ ਸੀ। ਉਸ ਨਾਲ ਗ਼ੁਲਾਮਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਕਈ ਵਾਰ ਉਸ ਨੂੰ ਕੜਾਕੇ ਦੀ ਠੰਢ ਵਿਚ ਕੰਮ ਕਰਨ ਲਈ ਜ਼ਬਰਦਸਤੀ ਭੇਜਿਆ ਜਾਂਦਾ ਸੀ ਅਤੇ ਉਸ ਨੂੰ ਗਰਮ ਕੱਪੜੇ ਵੀ ਨਹੀਂ ਦਿੱਤੇ ਜਾਂਦੇ ਸਨ। ਇੰਨੇ ਬੁਰੇ ਹਾਲਾਤਾਂ ਦੇ ਬਾਵਜੂਦ ਵੀ ਕੌਰਿੰਨਾ ਅਤੇ ਇਕ ਹੋਰ ਭੈਣ ਮੀਟਿੰਗ ʼਤੇ ਜਾਣ ਲਈ ਕੁਝ ਵੀ ਕਰਨ ਲਈ ਤਿਆਰ ਸਨ।
2 ਕੌਰਿੰਨਾ ਨੇ ਕਿਹਾ: “ਅਸੀਂ ਸ਼ਾਮ ਨੂੰ ਆਪਣਾ ਕੰਮ ਛੱਡ ਕੇ ਚੋਰੀ-ਚੋਰੀ 25 ਕਿਲੋਮੀਟਰ (15 ਮੀਲ) ਤੁਰ ਕੇ ਰੇਲਵੇ ਸਟੇਸ਼ਨ ਪਹੁੰਚੀਆਂ। ਗੱਡੀ ਤੜਕੇ 2 ਵਜੇ ਤੁਰੀ ਅਤੇ ਅਸੀਂ 6 ਘੰਟੇ ਗੱਡੀ ਵਿਚ ਸਫ਼ਰ ਕੀਤਾ। ਫਿਰ 10 ਕਿਲੋਮੀਟਰ (6 ਮੀਲ) ਪੈਦਲ ਚੱਲ ਕੇ ਅਸੀਂ ਮੀਟਿੰਗ ʼਤੇ ਪਹੁੰਚੀਆਂ।” ਕੀ ਇਨ੍ਹਾਂ ਨੂੰ ਇੰਨਾ ਲੰਬਾ ਸਫ਼ਰ ਕਰਨ ਦਾ ਕੋਈ ਫ਼ਾਇਦਾ ਹੋਇਆ? ਕੌਰਿੰਨਾ ਨੇ ਕਿਹਾ: “ਅਸੀਂ ਮੀਟਿੰਗ ਵਿਚ ਪਹਿਰਾਬੁਰਜ ਦੀ ਸਟੱਡੀ ਕੀਤੀ ਅਤੇ ਰਾਜ ਦੇ ਗੀਤ ਗਾਏ। ਮੀਟਿੰਗ ਤੋਂ ਸਾਨੂੰ ਬਹੁਤ ਹੌਸਲਾ ਮਿਲਿਆ ਅਤੇ ਸਾਡੀ ਨਿਹਚਾ ਹੋਰ ਵੀ ਪੱਕੀ ਹੋਈ।” ਇਹ ਦੋ ਭੈਣਾਂ ਤਿੰਨ ਦਿਨਾਂ ਬਾਅਦ ਆਪਣੇ ਕੰਮ ʼਤੇ ਵਾਪਸ ਆਈਆਂ, ਪਰ ਮਾਲਕ ਨੂੰ ਪਤਾ ਨਹੀਂ ਲੱਗਾ ਕਿ ਉਹ ਤਿੰਨ ਦਿਨ ਕੰਮ ਤੋਂ ਗਾਇਬ ਸਨ।
3 ਯਹੋਵਾਹ ਦੇ ਲੋਕਾਂ ਨੇ ਇਕੱਠੇ ਹੋਣ ਦੇ ਮੌਕਿਆਂ ਨੂੰ ਹਮੇਸ਼ਾ ਅਹਿਮ ਸਮਝਿਆ ਹੈ। ਮਿਸਾਲ ਲਈ, ਪਹਿਲੀ ਸਦੀ ਦੇ ਮਸੀਹੀ ਇਕੱਠੇ ਹੋ ਕੇ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਬਾਰੇ ਸਿੱਖਣ ਲਈ ਉਤਸੁਕ ਰਹਿੰਦੇ ਸਨ। (ਰਸੂ. 2:46) ਬਿਨਾਂ ਸ਼ੱਕ ਤੁਸੀਂ ਵੀ ਮੀਟਿੰਗਾਂ ʼਤੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋ। ਪਰ ਹਰ ਮਸੀਹੀ ਨੂੰ ਮੀਟਿੰਗਾਂ ʼਤੇ ਜਾਣ ਲਈ ਕੋਈ-ਨਾ-ਕੋਈ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸ਼ਾਇਦ ਕਈ ਘੰਟੇ ਕੰਮ ਕਰਨ ਕਰਕੇ, ਜ਼ਿੰਦਗੀ ਦੀ ਨੱਠ-ਭੱਜ ਕਰਕੇ ਜਾਂ ਥੱਕੇ ਹੋਣ ਕਰਕੇ ਸਾਨੂੰ ਮੀਟਿੰਗਾਂ ʼਤੇ ਜਾਣਾ ਔਖਾ ਲੱਗੇ। ਸੋ ਕਿਹੜੀਆਂ ਗੱਲਾਂ ਸਾਡੀ ਕੋਈ ਵੀ ਰੁਕਾਵਟ ਪਾਰ ਕਰ ਕੇ ਮੀਟਿੰਗ ਵਿਚ ਹਾਜ਼ਰ ਹੋਣ ਵਿਚ ਮਦਦ ਕਰ ਸਕਦੀਆਂ ਹਨ? [1] ਅਸੀਂ ਆਪਣੀਆਂ ਸਟੱਡੀਆਂ ਅਤੇ ਦੂਸਰਿਆਂ ਨੂੰ ਬਾਕਾਇਦਾ ਮੀਟਿੰਗਾਂ ʼਤੇ ਹਾਜ਼ਰ ਹੋਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ? ਇਸ ਲੇਖ ਵਿਚ ਸਮਝਾਇਆ ਜਾਵੇਗਾ ਕਿ ਜਦੋਂ ਅਸੀਂ ਮੀਟਿੰਗਾਂ ʼਤੇ ਹਾਜ਼ਰ ਹੁੰਦੇ ਹਾਂ, ਤਾਂ (1) ਸਾਨੂੰ ਕੀ ਫ਼ਾਇਦਾ ਹੁੰਦਾ ਹੈ, (2) ਦੂਸਰਿਆਂ ਨੂੰ ਕੀ ਫ਼ਾਇਦਾ ਹੁੰਦਾ ਹੈ ਅਤੇ (3) ਯਹੋਵਾਹ ਨੂੰ ਕਿਵੇਂ ਲੱਗਦਾ ਹੈ? [2]
ਸਾਨੂੰ ਮੀਟਿੰਗਾਂ ʼਤੇ ਜਾਣ ਦਾ ਫ਼ਾਇਦਾ ਹੁੰਦਾ ਹੈ
4. ਮੀਟਿੰਗਾਂ ਸਾਡੀ ਯਹੋਵਾਹ ਬਾਰੇ ਸਿੱਖਣ ਵਿਚ ਕਿਵੇਂ ਮਦਦ ਕਰਦੀਆਂ ਹਨ?
4 ਅਸੀਂ ਮੀਟਿੰਗਾਂ ਤੋਂ ਸਿੱਖਦੇ ਹਾਂ। ਅਸੀਂ ਹਰ ਮੀਟਿੰਗ ਵਿਚ ਯਹੋਵਾਹ ਬਾਰੇ ਸਿੱਖਦੇ ਹਾਂ। ਮਿਸਾਲ ਲਈ, ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੀਆਂ ਮੰਡਲੀਆਂ ਵਿਚ ਯਹੋਵਾਹ ਦੇ ਨੇੜੇ ਰਹੋ ਨਾਂ ਦੀ ਕਿਤਾਬ ਤੋਂ ਸਟੱਡੀ ਕੀਤੀ ਗਈ। ਤੁਹਾਨੂੰ ਕਿਵੇਂ ਲੱਗਾ ਸੀ ਜਦੋਂ ਤੁਸੀਂ ਮੰਡਲੀ ਦੀ ਬਾਈਬਲ ਸਟੱਡੀ ਵਿਚ ਯਹੋਵਾਹ ਦੇ ਗੁਣਾਂ ਬਾਰੇ ਸਿੱਖਿਆ ਸੀ ਅਤੇ ਆਪਣੇ ਭੈਣਾਂ-ਭਰਾਵਾਂ ਦੇ ਮੂੰਹੋਂ ਸੁਣਿਆ ਸੀ ਕਿ ਉਹ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦੇ ਹਨ? ਬਿਨਾਂ ਸ਼ੱਕ ਇਨ੍ਹਾਂ ਗੱਲਾਂ ਤੋਂ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੋਇਆ ਹੋਣਾ। ਅਸੀਂ ਮੀਟਿੰਗਾਂ ਵਿਚ ਭਾਸ਼ਣਾਂ, ਪ੍ਰਦਰਸ਼ਨਾਂ ਅਤੇ ਬਾਈਬਲ ਪੜ੍ਹਾਈ ਰਾਹੀਂ ਬਾਈਬਲ ਬਾਰੇ ਵੀ ਬਹੁਤ ਕੁਝ ਸਿੱਖਦੇ ਹਾਂ। (ਨਹ. 8:8) ਨਾਲੇ ਉਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰੋ ਜੋ ਤੁਸੀਂ ਖ਼ੁਦ ਹੀਰੇ-ਮੋਤੀਆਂ ਦੀ ਖੋਜ ਕਰੋ ਭਾਗ ਦੀ ਤਿਆਰੀ ਕਰਦਿਆਂ ਅਤੇ ਭੈਣਾਂ-ਭਰਾਵਾਂ ਦੀਆਂ ਟਿੱਪਣੀਆਂ ਤੋਂ ਸਿੱਖੀਆਂ ਸਨ।
5. ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਨ ਅਤੇ ਵਧੀਆ ਪ੍ਰਚਾਰਕ ਬਣਨ ਵਿਚ ਮੀਟਿੰਗਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?
5 ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਨ ਵਿਚ ਮੀਟਿੰਗਾਂ ਸਾਡੀ ਮਦਦ ਕਰਦੀਆਂ ਹਨ। (1 ਥੱਸ. 4:9, 10) ਮਿਸਾਲ ਲਈ, ਪਹਿਰਾਬੁਰਜ ਦੀ ਸਟੱਡੀ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਲਈ ਹੁੰਦੀ ਹੈ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਮੰਡਲੀ ਵਿਚ ਕਿਸੇ ਪਹਿਰਾਬੁਰਜ ਸਟੱਡੀ ਤੋਂ ਬਾਅਦ ਤੁਸੀਂ ਯਹੋਵਾਹ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰਨ, ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਰਨ ਜਾਂ ਕਿਸੇ ਭੈਣ ਜਾਂ ਭਰਾ ਨੂੰ ਮਾਫ਼ ਕਰਨ ਲਈ ਪ੍ਰੇਰਿਤ ਹੋਏ ਹੋਵੋ? ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਤੋਂ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਦੂਸਰਿਆਂ ਨੂੰ ਅਸਰਕਾਰੀ ਤਰੀਕੇ ਨਾਲ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਵਿਚ ਮਦਦ ਹੁੰਦੀ ਹੈ।—ਮੱਤੀ 28:19, 20.
6. ਮੀਟਿੰਗਾਂ ਵਿਚ ਕਿਹੜੀਆਂ ਗੱਲਾਂ ਤੋਂ ਸਾਨੂੰ ਹੱਲਾਸ਼ੇਰੀ ਅਤੇ ਹਿੰਮਤ ਮਿਲਦੀ ਹੈ?
6 ਸਾਨੂੰ ਮੀਟਿੰਗਾਂ ਤੋਂ ਹੱਲਾਸ਼ੇਰੀ ਮਿਲਦੀ ਹੈ। ਸ਼ੈਤਾਨ ਦੀ ਦੁਨੀਆਂ ਸਾਡੀ ਨਿਹਚਾ ਕਮਜ਼ੋਰ ਕਰਨ, ਸਾਨੂੰ ਚਿੰਤਾਵਾਂ ਨਾਲ ਘੇਰਣ ਅਤੇ ਨਿਰਾਸ਼ ਕਰਨ ਦੀ ਹਰ ਕੋਸ਼ਿਸ਼ ਕਰਦੀ ਹੈ। ਪਰ ਸਾਡੀਆਂ ਮੀਟਿੰਗਾਂ ਤੋਂ ਸਾਨੂੰ ਹੱਲਾਸ਼ੇਰੀ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹਿੰਮਤ ਮਿਲਦੀ ਹੈ। (ਰਸੂਲਾਂ ਦੇ ਕੰਮ 15:30-32 ਪੜ੍ਹੋ।) ਅਸੀਂ ਅਕਸਰ ਮੀਟਿੰਗਾਂ ਵਿਚ ਸਿੱਖਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿੱਦਾਂ-ਕਿੱਦਾਂ ਪੂਰੀਆਂ ਹੋਈਆਂ। ਨਤੀਜੇ ਵਜੋਂ, ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ʼਤੇ ਸਾਡਾ ਯਕੀਨ ਹੋਰ ਵੀ ਪੱਕਾ ਹੁੰਦਾ ਹੈ। ਸਾਡੇ ਭੈਣ-ਭਰਾ ਸਿਰਫ਼ ਭਾਸ਼ਣਾਂ ਰਾਹੀਂ ਹੀ ਨਹੀਂ, ਸਗੋਂ ਆਪਣੀਆਂ ਟਿੱਪਣੀਆਂ ਦੇ ਕੇ ਅਤੇ ਦਿਲੋਂ ਰਾਜ ਦੇ ਗੀਤ ਗਾ ਕੇ ਸਾਨੂੰ ਹੌਸਲਾ ਦਿੰਦੇ ਹਨ। (1 ਕੁਰਿੰ. 14:26) ਮੀਟਿੰਗਾਂ ਤੋਂ ਪਹਿਲਾਂ ਅਤੇ ਬਾਅਦ ਭੈਣਾਂ-ਭਰਾਵਾਂ ਨੂੰ ਮਿਲ ਕੇ ਸਾਨੂੰ ਤਾਜ਼ਗੀ ਮਿਲਦੀ ਹੈ ਜੋ ਸੱਚੇ ਦੋਸਤਾਂ ਵਾਂਗ ਸਾਡੀ ਦਿਲੋਂ ਪਰਵਾਹ ਕਰਦੇ ਹਨ।—1 ਕੁਰਿੰ. 16:17, 18.
7. ਮੀਟਿੰਗਾਂ ਵਿਚ ਇਕੱਠੇ ਹੋਣਾ ਕਿਉਂ ਜ਼ਰੂਰੀ ਹੈ?
7 ਮੀਟਿੰਗਾਂ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ। ਯਿਸੂ ਪਵਿੱਤਰ ਸ਼ਕਤੀ ਰਾਹੀਂ ਮੰਡਲੀ ਦੀ ਅਗਵਾਈ ਕਰਦਾ ਹੈ। ਦਰਅਸਲ ਉਸ ਨੇ ਸਾਨੂੰ ਕਿਹਾ ਕਿ ਅਸੀਂ ਸੁਣੀਏ ਕਿ “ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ।” (ਪ੍ਰਕਾ. 2:7) ਪਵਿੱਤਰ ਸ਼ਕਤੀ ਸਾਡੀ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਅਤੇ ਬੇਧੜਕ ਹੋ ਕੇ ਪ੍ਰਚਾਰ ਕਰਨ ਵਿਚ ਮਦਦ ਕਰਦੀ ਹੈ। ਨਾਲੇ ਇਹ ਸਾਡੀ ਸਹੀ ਫ਼ੈਸਲੇ ਕਰਨ ਵਿਚ ਵੀ ਮਦਦ ਕਰਦੀ ਹੈ। ਇਸ ਲਈ ਸਾਨੂੰ ਹਰ ਮੀਟਿੰਗ ʼਤੇ ਜਾਣ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹਾਸਲ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੀਟਿੰਗਾਂ ਵਿਚ ਅਸੀਂ ਦੂਸਰਿਆਂ ਨੂੰ ਹੱਲਾਸ਼ੇਰੀ ਦਿੰਦੇ ਹਾਂ
8. ਅਸੀਂ ਮੀਟਿੰਗਾਂ ʼਤੇ ਜਾ ਕੇ, ਟਿੱਪਣੀਆਂ ਦੇ ਕੇ ਅਤੇ ਗੀਤ ਗਾ ਕੇ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ? (“ਉਹ ਮੀਟਿੰਗਾਂ ਤੋਂ ਬਾਅਦ ਹਮੇਸ਼ਾ ਤਰੋ-ਤਾਜ਼ਾ ਮਹਿਸੂਸ ਕਰਦਾ ਹੈ” ਨਾਂ ਦੀ ਡੱਬੀ ਵੀ ਦੇਖੋ।)
8 ਮੀਟਿੰਗਾਂ ਵਿਚ ਸਾਡੇ ਕੋਲ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਦੇ ਕਈ ਮੌਕੇ ਹੁੰਦੇ ਹਨ। ਸਾਡੇ ਬਹੁਤ ਸਾਰੇ ਭੈਣ-ਭਰਾ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਪੌਲੁਸ ਰਸੂਲ ਨੇ ਲਿਖਿਆ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ।” (ਇਬ. 10:24, 25) ਮੀਟਿੰਗਾਂ ਵਿਚ ਇਕੱਠੇ ਹੋ ਕੇ ਅਤੇ ਇਕ-ਦੂਜੇ ਨੂੰ ਹੌਸਲਾ ਦੇ ਕੇ ਅਸੀਂ ਦਿਖਾ ਸਕਦੇ ਹਾਂ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਪਰਵਾਹ ਹੈ। ਜਦੋਂ ਅਸੀਂ ਮੀਟਿੰਗਾਂ ʼਤੇ ਜਾਂਦੇ ਹਾਂ, ਤਾਂ ਅਸੀਂ ਭੈਣਾਂ-ਭਰਾਵਾਂ ਨੂੰ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਨਾਲ ਮਿਲਣਾ ਚੰਗਾ ਲੱਗਦਾ ਹੈ ਅਤੇ ਅਸੀਂ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ। ਨਾਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਨਾਲੇ ਅਸੀਂ ਟਿੱਪਣੀਆਂ ਦੇ ਕੇ ਅਤੇ ਦਿਲੋਂ ਗੀਤ ਗਾ ਕੇ ਵੀ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਾਂ।—ਕੁਲੁ. 3:16.
9, 10. (ੳ) ਸਮਝਾਓ ਕਿ ਯੂਹੰਨਾ 10:16 ਵਿਚ ਯਿਸੂ ਦੇ ਸ਼ਬਦ ਸਾਡੀ ਇਹ ਗੱਲ ਸਮਝਣ ਵਿਚ ਕਿਵੇਂ ਮਦਦ ਕਰਦੇ ਹਨ ਕਿ ਮੀਟਿੰਗਾਂ ʼਤੇ ਜਾਣਾ ਕਿਉਂ ਜ਼ਰੂਰੀ ਹੈ। (ਅ) ਲਗਾਤਾਰ ਮੀਟਿੰਗਾਂ ʼਤੇ ਜਾਣ ਨਾਲ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ?
9 ਮੀਟਿੰਗਾਂ ʼਤੇ ਜਾਣ ਨਾਲ ਅਸੀਂ ਇਕ-ਦੂਜੇ ਦੇ ਨੇੜੇ ਰਹਿੰਦੇ ਹਾਂ। (ਯੂਹੰਨਾ 10:16 ਪੜ੍ਹੋ।) ਯਿਸੂ ਨੇ ਆਪਣੀ ਤੁਲਨਾ ਚਰਵਾਹੇ ਨਾਲ ਅਤੇ ਆਪਣੇ ਚੇਲਿਆਂ ਦੀ ਤੁਲਨਾ ਭੇਡਾਂ ਦੇ ਇਕ ਝੁੰਡ ਨਾਲ ਕੀਤੀ। ਜ਼ਰਾ ਇਸ ਬਾਰੇ ਸੋਚੋ: ਜੇ ਦੋ ਭੇਡਾਂ ਇਕ ਪਹਾੜ ʼਤੇ ਹਨ, ਦੋ ਹੋਰ ਭੇਡਾਂ ਵਾਦੀ ਵਿਚ ਹਨ ਅਤੇ ਇਕ ਭੇਡ ਕਿਤੇ ਹੋਰ ਹੀ ਘੁੰਮ ਰਹੀ ਹੈ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਭੇਡਾਂ ਇਕ ਝੁੰਡ ਵਿਚ ਹਨ? ਨਹੀਂ, ਕਿਉਂਕਿ ਭੇਡਾਂ ਝੁੰਡ ਵਿਚ ਇਕੱਠੀਆਂ ਰਹਿੰਦੀਆਂ ਹਨ ਅਤੇ ਆਪਣੇ ਚਰਵਾਹੇ ਦੇ ਮਗਰ-ਮਗਰ ਜਾਂਦੀਆਂ ਹਨ। ਇਸੇ ਤਰ੍ਹਾਂ ਜੇ ਅਸੀਂ ਮੀਟਿੰਗਾਂ ʼਤੇ ਨਹੀਂ ਜਾਂਦੇ, ਤਾਂ ਅਸੀਂ ਆਪਣੇ ਚਰਵਾਹੇ ਦੇ ਮਗਰ ਨਹੀਂ ਜਾ ਸਕਦੇ। ‘ਇੱਕੋ ਚਰਵਾਹੇ’ ਦੇ ਅਧੀਨ “ਇੱਕੋ ਝੁੰਡ” ਵਿਚ ਹੋਣ ਲਈ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਦੀ ਲੋੜ ਹੈ।
10 ਮੀਟਿੰਗਾਂ ਵਿਚ ਹਾਜ਼ਰ ਹੋ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਇਕ ਪਰਿਵਾਰ ਵਜੋਂ ਏਕਤਾ ਦੇ ਬੰਧਨ ਵਿਚ ਬੱਝਦੇ ਹਾਂ। (ਜ਼ਬੂ. 133:1) ਮੰਡਲੀ ਵਿਚ ਕੁਝ ਭੈਣ-ਭਰਾ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਮਾਪਿਆਂ, ਭੈਣਾਂ-ਭਰਾਵਾਂ ਜਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਪਰ ਯਿਸੂ ਨੇ ਵਾਅਦਾ ਕੀਤਾ ਕਿ ਉਹ ਸਾਨੂੰ ਪਿਆਰ ਅਤੇ ਪਰਵਾਹ ਕਰਨ ਵਾਲਾ ਪਰਿਵਾਰ ਦੇਵੇਗਾ। (ਮਰ. 10:29, 30) ਜੇ ਤੁਸੀਂ ਲਗਾਤਾਰ ਮੀਟਿੰਗਾਂ ʼਤੇ ਜਾਂਦੇ ਹੋ, ਤਾਂ ਤੁਸੀਂ ਵੀ ਮੰਡਲੀ ਵਿਚ ਕਿਸੇ ਦੇ ਪਿਤਾ, ਮਾਂ, ਭਰਾ ਜਾਂ ਭੈਣ ਬਣ ਸਕਦੇ ਹੋ। ਜਦੋਂ ਅਸੀਂ ਇਸ ਬਾਰੇ ਸੋਚਾਂਗੇ, ਤਾਂ ਅਸੀਂ ਮੀਟਿੰਗਾਂ ʼਤੇ ਜਾਣ ਲਈ ਆਪਣੀ ਪੂਰੀ ਵਾਹ ਲਾਵਾਂਗੇ।
ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ
11. ਅਸੀਂ ਮੀਟਿੰਗਾਂ ʼਤੇ ਹਾਜ਼ਰ ਹੋ ਕੇ ਯਹੋਵਾਹ ਨੂੰ ਉਸ ਦਾ ਬਣਦਾ ਹੱਕ ਕਿਵੇਂ ਅਦਾ ਕਰਦੇ ਹਾਂ?
11 ਮੀਟਿੰਗਾਂ ʼਤੇ ਹਾਜ਼ਰ ਹੋ ਕੇ ਅਸੀਂ ਯਹੋਵਾਹ ਨੂੰ ਉਸ ਦਾ ਬਣਦਾ ਹੱਕ ਅਦਾ ਕਰਦੇ ਹਾਂ। ਸਾਡਾ ਸਿਰਜਣਹਾਰ ਹੋਣ ਕਰਕੇ ਯਹੋਵਾਹ ਹੀ ਵਡਿਆਈ, ਮਹਿਮਾ, ਧੰਨਵਾਦ ਅਤੇ ਆਦਰ ਦਾ ਹੱਕਦਾਰ ਹੈ। (ਪ੍ਰਕਾਸ਼ ਦੀ ਕਿਤਾਬ 7:12 ਪੜ੍ਹੋ।) ਜਦੋਂ ਅਸੀਂ ਮੀਟਿੰਗਾਂ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਉਸ ਦੇ ਗੀਤ ਗਾਉਂਦੇ ਹਾਂ ਅਤੇ ਉਸ ਬਾਰੇ ਗੱਲਾਂ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। ਸਾਡੇ ਕੋਲ ਹਰ ਹਫ਼ਤੇ ਯਹੋਵਾਹ ਦੀ ਭਗਤੀ ਕਰਨ ਦਾ ਕਿੰਨਾ ਹੀ ਵੱਡਾ ਸਨਮਾਨ ਹੈ!
12. ਜਦੋਂ ਅਸੀਂ ਮੀਟਿੰਗਾਂ ʼਤੇ ਇਕੱਠੇ ਹੋਣ ਦਾ ਯਹੋਵਾਹ ਦਾ ਹੁਕਮ ਮੰਨਦੇ ਹਾਂ, ਤਾਂ ਉਸ ਨੂੰ ਕਿਵੇਂ ਲੱਗਦਾ ਹੈ?
12 ਸਾਡਾ ਸਿਰਜਣਹਾਰ ਹੋਣ ਕਰਕੇ ਯਹੋਵਾਹ ਸਾਡੀ ਆਗਿਆਕਾਰੀ ਦਾ ਹੱਕਦਾਰ ਹੈ। ਸਾਨੂੰ ਲਗਾਤਾਰ ਮੀਟਿੰਗਾਂ ʼਤੇ ਇਕੱਠੇ ਹੋਣ ਦਾ ਹੁਕਮ ਹੋਰ ਵੀ ਜ਼ਿਆਦਾ ਮੰਨਣਾ ਚਾਹੀਦਾ ਹੈ, ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ। ਸੋ ਯਹੋਵਾਹ ਦਾ ਇਹ ਹੁਕਮ ਮੰਨ ਕੇ ਅਸੀਂ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। (1 ਯੂਹੰ. 3:22) ਉਹ ਦੇਖਦਾ ਹੈ ਕਿ ਅਸੀਂ ਮੀਟਿੰਗਾਂ ʼਤੇ ਹਾਜ਼ਰ ਹੋਣ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਇਸ ਗੱਲ ਦੀ ਕਦਰ ਕਰਦਾ ਹੈ।—ਇਬ. 6:10.
13, 14. ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਯਹੋਵਾਹ ਅਤੇ ਯਿਸੂ ਦੇ ਨੇੜੇ ਕਿਵੇਂ ਜਾਂਦੇ ਹਾਂ?
13 ਮੀਟਿੰਗਾਂ ʼਤੇ ਹਾਜ਼ਰ ਹੋ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਨੇੜੇ ਜਾਣਾ ਚਾਹੁੰਦੇ ਹਾਂ। ਮੀਟਿੰਗਾਂ ਵਿਚ ਯਹੋਵਾਹ ਸਾਨੂੰ ਬਾਈਬਲ ਰਾਹੀਂ ਸੇਧ ਦਿੰਦਾ ਹੈ। (ਯਸਾ. 30:20, 21) ਜਦੋਂ ਨਵੇਂ ਲੋਕ ਮੀਟਿੰਗਾਂ ʼਤੇ ਆਉਂਦੇ ਹਨ, ਤਾਂ ਉਹ ਸ਼ਾਇਦ ਸੋਚਣ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” (1 ਕੁਰਿੰ. 14:23-25) ਸਾਡੀਆਂ ਮੀਟਿੰਗਾਂ ʼਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ ਅਤੇ ਅਸੀਂ ਜੋ ਵੀ ਸਿੱਖਦੇ ਹਾਂ ਉਹ ਯਹੋਵਾਹ ਵੱਲੋਂ ਹੁੰਦਾ ਹੈ। ਮੀਟਿੰਗਾਂ ਰਾਹੀਂ ਯਹੋਵਾਹ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਇਸ ਤਰ੍ਹਾਂ ਅਸੀਂ ਉਸ ਦੇ ਨੇੜੇ ਜਾਂਦੇ ਹਾਂ।
14 ਮੰਡਲੀ ਦੇ ਸਿਰ ਯਿਸੂ ਨੇ ਕਿਹਾ: “ਜਿੱਥੇ ਕਿਤੇ ਦੋ ਜਾਂ ਤਿੰਨ ਜਣੇ ਮੇਰੇ ਨਾਂ ʼਤੇ ਇਕੱਠੇ ਹੁੰਦੇ ਹਨ, ਮੈਂ ਉਨ੍ਹਾਂ ਦੇ ਨਾਲ ਹੁੰਦਾ ਹਾਂ।” (ਮੱਤੀ 18:20) ਬਾਈਬਲ ਇਹ ਵੀ ਕਹਿੰਦੀ ਹੈ ਕਿ ਯਿਸੂ ਮੰਡਲੀਆਂ ਦੇ “ਵਿਚਕਾਰ ਤੁਰਦਾ” ਹੈ। (ਪ੍ਰਕਾ. 1:20–2:1) ਸੋ ਜ਼ਾਹਰ ਹੈ ਕਿ ਯਹੋਵਾਹ ਅਤੇ ਯਿਸੂ ਸਾਡੇ ਨਾਲ ਹਨ ਅਤੇ ਮੀਟਿੰਗਾਂ ਰਾਹੀਂ ਸਾਨੂੰ ਹਿੰਮਤ ਦਿੰਦੇ ਹਨ। ਸੋਚੋ ਕਿ ਯਹੋਵਾਹ ਨੂੰ ਕਿੱਦਾਂ ਲੱਗਦਾ ਹੋਣਾ ਜਦੋਂ ਉਹ ਦੇਖਦਾ ਹੈ ਕਿ ਤੁਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਨੇੜੇ ਆਉਣ ਲਈ ਕੀ-ਕੀ ਕਰਦੇ ਹੋ?
15. ਅਸੀਂ ਮੀਟਿੰਗਾਂ ʼਤੇ ਹਾਜ਼ਰ ਹੋ ਕੇ ਯਹੋਵਾਹ ਨੂੰ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਾਂ?
15 ਅਸੀਂ ਮੀਟਿੰਗਾਂ ʼਤੇ ਹਾਜ਼ਰ ਹੋ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਆਗਿਆਕਾਰ ਰਹਿਣਾ ਚਾਹੁੰਦੇ ਹਾਂ। ਯਹੋਵਾਹ ਨੇ ਸਾਨੂੰ ਮੀਟਿੰਗਾਂ ʼਤੇ ਜਾਣ ਦਾ ਹੁਕਮ ਦਿੱਤਾ ਹੈ, ਪਰ ਉਹ ਸਾਨੂੰ ਇਹ ਹੁਕਮ ਮੰਨਣ ਲਈ ਮਜਬੂਰ ਨਹੀਂ ਕਰਦਾ। (ਯਸਾ. 43:23) ਇਸ ਲਈ ਜਦੋਂ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਡੀ ਆਗਿਆਕਾਰੀ ਦਾ ਹੱਕਦਾਰ ਹੈ। (ਰੋਮੀ. 6:17) ਮਿਸਾਲ ਲਈ, ਜੇ ਸਾਡਾ ਮਾਲਕ ਸਾਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਕਹਿੰਦਾ ਹੈ ਜਿਸ ਕਰਕੇ ਸਾਡੇ ਲਈ ਲਗਾਤਾਰ ਮੀਟਿੰਗਾਂ ʼਤੇ ਜਾਣਾ ਔਖਾ ਹੋਵੇ, ਤਾਂ ਅਸੀਂ ਕੀ ਕਰਾਂਗੇ? ਜਾਂ ਸਾਡੇ ਦੇਸ਼ ਦੀ ਸਰਕਾਰ ਸਾਨੂੰ ਕਹੇ ਕਿ ਜੇ ਕੋਈ ਵੀ ਯਹੋਵਾਹ ਦੀ ਭਗਤੀ ਕਰਨ ਲਈ ਇਕੱਠਾ ਹੋਇਆ, ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ, ਉਸ ਨੂੰ ਜੇਲ੍ਹ ਜਾਣਾ ਪਵੇਗਾ ਜਾਂ ਇਸ ਤੋਂ ਵੀ ਬੁਰੀ ਸਜ਼ਾ ਭੁਗਤਣੀ ਪਵੇਗੀ। ਜਾਂ ਸਾਡਾ ਦਿਲ ਮੀਟਿੰਗਾਂ ʼਤੇ ਜਾਣ ਦੀ ਬਜਾਇ ਮੌਜ-ਮਸਤੀ ਕਰਨ ਨੂੰ ਕਰੇ। ਇਨ੍ਹਾਂ ਮਾਮਲਿਆਂ ਵਿਚ ਯਹੋਵਾਹ ਨੇ ਇਹ ਫ਼ੈਸਲਾ ਸਾਡੇ ʼਤੇ ਛੱਡਿਆ ਹੈ ਕਿ ਅਸੀਂ ਕਿਸ ਦਾ ਹੁਕਮ ਮੰਨਾਂਗੇ। (ਰਸੂ. 5:29) ਪਰ ਜਦੋਂ ਵੀ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ।—ਕਹਾ. 27:11.
ਮੀਟਿੰਗਾਂ ʼਤੇ ਜਾਣਾ ਕਦੇ ਨਾ ਛੱਡੋ
16, 17. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਪਹਿਲੀ ਸਦੀ ਦੇ ਮਸੀਹੀਆਂ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਸੀ? (ਅ) ਭਰਾ ਜੋਰਜ ਗੈਂਗੱਸ ਮੀਟਿੰਗਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?
16 ਪੰਤੇਕੁਸਤ 33 ਈਸਵੀ ਵਿਚ ਹੋਈ ਸਭਾ ਤੋਂ ਬਾਅਦ ਮਸੀਹੀ “ਰੋਜ਼ ਮੰਦਰ ਵਿਚ ਇਕੱਠੇ ਹੁੰਦੇ ਸਨ।” (ਰਸੂ. 2:46) ਉਨ੍ਹਾਂ ਨੇ ਰੋਮੀ ਸਰਕਾਰ ਅਤੇ ਯਹੂਦੀ ਧਾਰਮਿਕ ਆਗੂਆਂ ਦੀ ਵਿਰੋਧਤਾ ਦੇ ਬਾਵਜੂਦ ਵੀ ਇਕੱਠੇ ਹੋਣਾ ਨਹੀਂ ਛੱਡਿਆ। ਭਾਵੇਂ ਉਨ੍ਹਾਂ ਲਈ ਇੱਦਾਂ ਕਰਨਾ ਸੌਖਾ ਨਹੀਂ ਸੀ, ਫਿਰ ਵੀ ਉਹ ਇਕ-ਦੂਜੇ ਨਾਲ ਇਕੱਠੇ ਹੋਣ ਦੀ ਹਰ ਕੋਸ਼ਿਸ਼ ਕਰਦੇ ਰਹੇ।
17 ਅੱਜ ਵੀ ਯਹੋਵਾਹ ਦੇ ਬਹੁਤ ਸਾਰੇ ਸੇਵਕ ਸਭਾਵਾਂ ਲਈ ਦਿਲੋਂ ਸ਼ੁਕਰਗੁਜ਼ਾਰ ਹਨ। ਜੋਰਜ ਗੈਂਗੱਸ, ਜੋ 22 ਸਾਲਾਂ ਲਈ ਪ੍ਰਬੰਧਕ ਸਭਾ ਦੇ ਮੈਂਬਰ ਸਨ, ਨੇ ਕਿਹਾ: “ਮੀਟਿੰਗਾਂ ਵਿਚ ਭੈਣਾਂ-ਭਰਾਵਾਂ ਨੂੰ ਮਿਲ ਕੇ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਅਤੇ ਹੌਸਲਾ ਮਿਲਦਾ ਹੈ। ਜੇ ਹੋ ਸਕੇ, ਤਾਂ ਮੈਂ ਸਭ ਤੋਂ ਪਹਿਲਾਂ ਕਿੰਗਡਮ ਹਾਲ ਵਿਚ ਜਾਂਦਾ ਹਾਂ ਅਤੇ ਸਭ ਤੋਂ ਬਾਅਦ ਵਿਚ ਆਉਂਦਾ ਹਾਂ। ਭੈਣਾਂ-ਭਰਾਵਾਂ ਨਾਲ ਮਿਲ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ। ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਆਪਣੇ ਘਰ ਆਪਣੇ ਪਰਿਵਾਰ ਨਾਲ ਹਾਂ।” ਨਾਲੇ ਉਸ ਨੇ ਇਹ ਵੀ ਕਿਹਾ: “ਮੇਰੀ ਦਿਲੀ ਇੱਛਾ ਹੈ ਕਿ ਮੈਂ ਹਰ ਮੀਟਿੰਗ ਵਿਚ ਜਾਵਾਂ।”
18. ਤੁਸੀਂ ਮੀਟਿੰਗਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
18 ਕੀ ਤੁਸੀਂ ਵੀ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਬਾਰੇ ਭਰਾ ਜੋਰਜ ਗੈਂਗੱਸ ਵਾਂਗ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਚਾਹੇ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਉਣ, ਆਪਣੇ ਭੈਣਾਂ-ਭਰਾਵਾਂ ਨਾਲ ਮੀਟਿੰਗਾਂ ʼਤੇ ਇਕੱਠੇ ਹੋਣਾ ਕਦੇ ਨਾ ਛੱਡਿਓ। ਯਹੋਵਾਹ ਨੂੰ ਦਿਖਾਓ ਕਿ ਤੁਸੀਂ ਵੀ ਰਾਜਾ ਦਾਊਦ ਵਾਂਗ ਮਹਿਸੂਸ ਕਰਦੇ ਹੋ ਜਿਸ ਨੇ ਕਿਹਾ: ‘ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ ਪ੍ਰੇਮ ਰੱਖਦਾ ਹਾਂ।’—ਜ਼ਬੂ. 26:8.
^ [1] (ਪੈਰਾ 3) ਕੁਝ ਭੈਣਾਂ-ਭਰਾਵਾਂ ਲਈ ਬਾਕਾਇਦਾ ਮੀਟਿੰਗਾਂ ʼਤੇ ਜਾਣਾ ਔਖਾ ਹੈ ਕਿਉਂਕਿ ਕੁਝ ਹਾਲਾਤ ਉਨ੍ਹਾਂ ਦੇ ਹੱਥ-ਵੱਸ ਨਹੀਂ ਹੁੰਦੇ। ਮਿਸਾਲ ਲਈ, ਸ਼ਾਇਦ ਉਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਲੱਗੀ ਹੋਵੇ। ਉਹ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦਾ ਹੈ ਅਤੇ ਉਹ ਯਹੋਵਾਹ ਲਈ ਜੋ ਵੀ ਕਰਦੇ ਹਨ ਉਹ ਉਸ ਦੀ ਕਦਰ ਕਰਦਾ ਹੈ। ਮੰਡਲੀ ਦੇ ਬਜ਼ੁਰਗ ਉਨ੍ਹਾਂ ਦੀ ਮੀਟਿੰਗਾਂ ਸੁਣਨ ਵਿਚ ਮਦਦ ਕਰ ਸਕਦੇ ਹਨ, ਜਿਵੇਂ ਉਨ੍ਹਾਂ ਨੂੰ ਮੀਟਿੰਗਾਂ ਦੀ ਰਿਕਾਰਡਿੰਗ ਦੇ ਸਕਦੇ ਹਨ ਜਾਂ ਟੈਲੀਫ਼ੋਨ ਰਾਹੀਂ ਮੀਟਿੰਗਾਂ ਸੁਣਨ ਦਾ ਪ੍ਰਬੰਧ ਕਰ ਸਕਦੇ ਹਨ।
^ [2] (ਪੈਰਾ 3) “ਮੀਟਿੰਗਾਂ ਵਿਚ ਹਾਜ਼ਰ ਹੋਣ ਦੇ ਕਾਰਨ” ਨਾਂ ਦੀ ਡੱਬੀ ਦੇਖੋ।