ਯਹੋਵਾਹ ਮੇਰਾ ਹਿੱਸਾ ਹੈ
“ਤੇਰਾ ਹਿੱਸਾ ਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹਾਂ।”—ਗਿਣ. 18:20.
1, 2. (ੳ) ਕੀ ਦੂਜੇ ਗੋਤਾਂ ਵਾਂਗ ਲੇਵੀਆਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਮਿਲੀ ਸੀ? (ਅ) ਯਹੋਵਾਹ ਨੇ ਲੇਵੀਆਂ ਨੂੰ ਕਿਹੜਾ ਭਰੋਸਾ ਦਿਵਾਇਆ?
ਵਾਅਦਾ ਕੀਤੇ ਹੋਏ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ, ਯਹੋਸ਼ੁਆ ਨੇ ਇਸਰਾਏਲੀਆਂ ਨੂੰ ਜ਼ਮੀਨ ਵੰਡਣ ਦਾ ਕੰਮ ਸ਼ੁਰੂ ਕੀਤਾ। ਉਸ ਨੇ ਇਹ ਕੰਮ ਪ੍ਰਧਾਨ ਜਾਜਕ ਅਲਆਜ਼ਾਰ ਅਤੇ ਗੋਤਾਂ ਦੇ ਮੁਖੀਆਂ ਨਾਲ ਮਿਲ ਕੇ ਕੀਤਾ। (ਗਿਣ. 34:13-29) ਪਰ ਦੂਸਰੇ ਗੋਤਾਂ ਵਾਂਗ ਲੇਵੀਆਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲੀ। (ਯਹੋ. 14:1-5) ਪਰ ਕਿਉਂ? ਕੀ ਉਨ੍ਹਾਂ ਨੂੰ ਜਾਣ-ਬੁੱਝ ਕੇ ਜ਼ਮੀਨ ਨਹੀਂ ਦਿੱਤੀ ਗਈ?
2 ਸਾਨੂੰ ਇਸ ਦਾ ਜਵਾਬ ਲੇਵੀਆਂ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਤੋਂ ਮਿਲਦਾ ਹੈ। ਯਹੋਵਾਹ ਨੇ ਜ਼ੋਰ ਦਿੱਤਾ ਕਿ ਉਹ ਉਨ੍ਹਾਂ ਨੂੰ ਛੱਡੇਗਾ ਨਹੀਂ, ਸੋ ਉਸ ਨੇ ਕਿਹਾ: “ਤੇਰਾ ਹਿੱਸਾ ਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹਾਂ।” (ਗਿਣ. 18:20) ਕਿੰਨੇ ਹੀ ਵਧੀਆ ਸ਼ਬਦ: ‘ਮੈਂ ਤੇਰਾ ਹਿੱਸਾ ਹਾਂ’! ਜੇ ਯਹੋਵਾਹ ਤੁਹਾਨੂੰ ਇਸ ਤਰ੍ਹਾਂ ਕਹਿੰਦਾ, ਤਾਂ ਤੁਹਾਨੂੰ ਕਿੱਦਾਂ ਲੱਗਦਾ? ਸ਼ਾਇਦ ਤੁਸੀਂ ਕਹਿੰਦੇ, ‘ਕੀ ਮੈਂ ਇਸ ਲਾਇਕ ਹਾਂ ਕਿ ਇੰਨਾ ਸਰਬਸ਼ਕਤੀਮਾਨ ਪਰਮੇਸ਼ੁਰ ਮੇਰੇ ਬਾਰੇ ਇੱਦਾਂ ਕਹੇ?’ ਤੁਸੀਂ ਸ਼ਾਇਦ ਸੋਚੋ, ‘ਕੀ ਅੱਜ ਯਹੋਵਾਹ ਕਿਸੇ ਵੀ ਮਸੀਹੀ ਦਾ ਹਿੱਸਾ ਬਣ ਸਕਦਾ ਹੈ?’ ਇਹ ਸਵਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ʼਤੇ ਲਾਗੂ ਹੁੰਦੇ ਹਨ। ਸੋ ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਤੁਸੀਂ ਸਮਝ ਸਕੋਗੇ ਕਿ ਅੱਜ ਯਹੋਵਾਹ ਮਸੀਹੀਆਂ ਦਾ ਹਿੱਸਾ ਕਿਵੇਂ ਬਣ ਸਕਦਾ ਹੈ। ਖ਼ਾਸਕਰ ਅੱਜ ਵੀ ਯਹੋਵਾਹ ਤੁਹਾਡਾ ਹਿੱਸਾ ਬਣ ਸਕਦਾ ਹੈ ਭਾਵੇਂ ਤੁਹਾਡੀ ਉਮੀਦ ਧਰਤੀ ਉੱਤੇ ਜੀਣ ਦੀ ਹੈ ਜਾਂ ਸਵਰਗ ਜਾਣ ਦੀ।
ਯਹੋਵਾਹ ਲੇਵੀਆਂ ਦੀ ਹਰ ਲੋੜ ਪੂਰੀ ਕਰਦਾ ਹੈ
3. ਪਰਮੇਸ਼ੁਰ ਨੇ ਲੇਵੀਆਂ ਨੂੰ ਆਪਣੀ ਸੇਵਾ ਕਰਨ ਲਈ ਕਿਉਂ ਚੁਣਿਆ?
3 ਲੋਕਾਂ ਨੂੰ ਬਿਵਸਥਾ ਦੇਣ ਤੋਂ ਪਹਿਲਾਂ ਇਸਰਾਏਲ ਕੌਮ ਵਿਚ ਪਰਿਵਾਰ ਦੇ ਮੁਖੀਏ ਆਪ ਹੀ ਜਾਜਕਾਂ ਵਜੋਂ ਯਹੋਵਾਹ ਦੀ ਸੇਵਾ ਕਰਦੇ ਹੁੰਦੇ ਸਨ। ਪਰ ਬਿਵਸਥਾ ਦੇਣ ਤੋਂ ਬਾਅਦ ਪਰਮੇਸ਼ੁਰ ਨੇ ਪੂਰੇ ਸਮੇਂ ਦੀ ਸੇਵਾ ਲਈ ਲੇਵੀ ਗੋਤ ਵਿੱਚੋਂ ਜਾਜਕਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਇੰਤਜ਼ਾਮ ਕੀਤਾ। ਇਹ ਕਿਵੇਂ ਕੀਤਾ ਗਿਆ? ਜਦੋਂ ਪਰਮੇਸ਼ੁਰ ਨੇ ਮਿਸਰ ਦੇ ਜੇਠਿਆਂ ਨੂੰ ਮਾਰ ਦਿੱਤਾ, ਤਾਂ ਉਸ ਨੇ ਇਸਰਾਏਲ ਦੇ ਜੇਠਿਆਂ ਨੂੰ ਆਪਣੇ ਲਈ ਠਹਿਰਾ ਛੱਡਿਆ। ਫਿਰ ਪਰਮੇਸ਼ੁਰ ਨੇ ਇਕ ਖ਼ਾਸ ਗੱਲ ਕਹੀ: ‘ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਲੋਠਿਆਂ ਦੇ ਥਾਂ ਲੈ ਲਿਆ ਹੈ।’ ਇਸ ਬਾਰੇ ਇਕ ਮਰਦਮਸ਼ੁਮਾਰੀ ਹੋਈ ਜਿਸ ਤੋਂ ਪਤਾ ਲੱਗਿਆ ਕਿ ਇਸਰਾਏਲੀ ਪਲੋਠਿਆਂ ਦੀ ਗਿਣਤੀ ਲੇਵੀਆਂ ਨਾਲੋਂ ਜ਼ਿਆਦਾ ਸੀ। ਲੇਵੀਆਂ ਨੂੰ ਇਸ ਫ਼ਰਕ ਨੂੰ ਪੂਰਾ ਕਰਨ ਲਈ ਇਕ ਕੀਮਤ ਚੁਕਾਉਣੀ ਪਈ। (ਗਿਣ. 3:11-13, 41, 46, 47) ਇਹ ਕੀਮਤ ਚੁਕਾਉਣ ਤੋਂ ਬਾਅਦ ਹੀ ਉਹ ਪਰਮੇਸ਼ੁਰ ਦੀ ਸੇਵਾ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਸਨ।
4, 5. (ੳ) ਇਸ ਦਾ ਕੀ ਮਤਲਬ ਸੀ ਕਿ ਪਰਮੇਸ਼ੁਰ ਲੇਵੀਆਂ ਦਾ ਹਿੱਸਾ ਸੀ? (ਅ) ਪਰਮੇਸ਼ੁਰ ਨੇ ਲੇਵੀਆਂ ਦੀ ਹਰ ਲੋੜ ਕਿਵੇਂ ਪੂਰੀ ਕੀਤੀ?
4 ਜਦੋਂ ਲੇਵੀਆਂ ਨੂੰ ਪਰਮੇਸ਼ੁਰ ਨੇ ਆਪਣੀ ਸੇਵਾ ਕਰਨ ਲਈ ਚੁਣਿਆ, ਤਾਂ ਉਹ ਉਨ੍ਹਾਂ ਦਾ ਹਿੱਸਾ ਕਿਵੇਂ ਬਣਿਆ? ਯਹੋਵਾਹ ਨੇ ਉਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ, ਸਗੋਂ ਉਸ ਦੀ ਸੇਵਾ ਕਰਨ ਦਾ ਇਕ ਖ਼ਾਸ ਸਨਮਾਨ ਬਖ਼ਸ਼ਿਆ। ਉਨ੍ਹਾਂ ਨੂੰ ਵਿਰਾਸਤ ਵਿਚ “ਯਹੋਵਾਹ ਦੀ ਜਾਜਕਾਈ” ਦਿੱਤੀ ਗਈ। (ਯਹੋ. 18:7) ਗਿਣਤੀ ਦਾ 18ਵਾਂ ਅਧਿਆਇ ਦੱਸਦਾ ਹੈ ਕਿ ਉਨ੍ਹਾਂ ਦੀ ਹਰੇਕ ਲੋੜ ਪੂਰੀ ਕੀਤੀ ਜਾਣੀ ਸੀ ਯਾਨੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਸੀ। (ਗਿਣਤੀ 18:19, 21, 24 ਪੜ੍ਹੋ।) ਯਹੋਵਾਹ ਨੇ ਕਿਹਾ ਕਿ ਉਸ ਨੇ ਲੇਵੀਆਂ ਨੂੰ ‘ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ ਉਸ ਦੀ ਟਹਿਲ ਸੇਵਾ ਦੇ ਬਦਲੇ ਦੇ ਦਿੱਤਾ ਹੈ।’ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਸਰਾਏਲ ਦੀ ਹਰ ਚੀਜ਼ ਦਾ 10ਵਾਂ ਹਿੱਸਾ ਮਿਲਣਾ ਸੀ। ਲੇਵੀਆਂ ਨੂੰ ਜੋ ਕੁਝ ਮਿਲਦਾ ਸੀ, ਉਨ੍ਹਾਂ ਨੂੰ ਉਸ ਦਾ 10ਵਾਂ ਹਿੱਸਾ “ਥਿੰਧਿਆਈ” ਵਜੋਂ ਜਾਜਕਾਂ ਦੀ ਮਦਦ ਲਈ ਦੇਣਾ ਪੈਣਾ ਸੀ।a (ਗਿਣ. 18:25-29) ਨਾਲੇ ਇਸਰਾਏਲੀਆਂ ਵੱਲੋਂ ਪਰਮੇਸ਼ੁਰ ਨੂੰ ਚੜ੍ਹਾਏ ਜਾਂਦੇ ‘ਪਵਿੱਤ੍ਰ ਹਿੱਸੇ’ ਵੀ ਜਾਜਕਾਂ ਨੂੰ ਦਿੱਤੇ ਜਾਂਦੇ ਸਨ। ਇੱਦਾਂ ਜਾਜਕ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਸਨ ਕਿ ਯਹੋਵਾਹ ਉਨ੍ਹਾਂ ਦੀ ਹਰੇਕ ਲੋੜ ਪੂਰੀ ਕਰੇਗਾ।
5 ਮੂਸਾ ਦੀ ਬਿਵਸਥਾ ਤੋਂ ਪਤਾ ਲੱਗਦਾ ਹੈ ਕਿ ਇਕ ਦੂਸਰਾ ਦਸਵੰਧ ਵੀ ਦਿੱਤਾ ਜਾਂਦਾ ਸੀ। ਇਹ ਦਸਵੰਧ ਇਸ ਕਰਕੇ ਦਿੱਤਾ ਜਾਂਦਾ ਸੀ ਤਾਂਕਿ ਪਵਿੱਤਰ ਸਭਾਵਾਂ ਵੇਲੇ ਲੇਵੀਆਂ ਦੇ ਹਰ ਪਰਿਵਾਰ ਦੀ ਹਰ ਲੋੜ ਪੂਰੀ ਕੀਤੀ ਜਾ ਸਕੇ ਅਤੇ ਉਹ ਆਨੰਦ ਮਾਣ ਸਕਣ। (ਬਿਵ. 14:22-27) ਪਰ ਸਬਤ ਦੇ ਸੱਤ ਸਾਲਾਂ ਦੌਰਾਨ ਤੀਜੇ ਅਤੇ ਛੇਵੇਂ ਸਾਲ ਦੇ ਅਖ਼ੀਰ ਵਿਚ ਇਹ ਦਸਵੰਧ ਫਾਟਕ ਉੱਤੇ ਗ਼ਰੀਬਾਂ ਅਤੇ ਲੇਵੀਆਂ ਦੀ ਮਦਦ ਲਈ ਦਿੱਤਾ ਜਾਂਦਾ ਸੀ। ਪਰ ਲੇਵੀਆਂ ਨੂੰ ਇਹ ਦਸਵੰਧ ਕਿਉਂ ਦਿੱਤਾ ਗਿਆ? ਕਿਉਂਕਿ ਉਨ੍ਹਾਂ ਨੂੰ “ਕੋਈ ਭਾਗ ਅਤੇ ਮਿਲਖ ਨਹੀਂ” ਦਿੱਤੀ ਗਈ ਸੀ।—ਬਿਵ. 14:28, 29.
6. ਭਾਵੇਂ ਕਿ ਲੇਵੀਆਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲੀ, ਪਰ ਉਹ ਕਿੱਥੇ ਰਹਿੰਦੇ ਸਨ?
6 ਤੁਸੀਂ ਸ਼ਾਇਦ ਸੋਚੋ: ‘ਜੇ ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਦਿੱਤੀ ਗਈ ਸੀ, ਤਾਂ ਫਿਰ ਉਹ ਕਿੱਥੇ ਰਹਿੰਦੇ ਸਨ?’ ਪਰਮੇਸ਼ੁਰ ਨੇ ਇਸ ਦਾ ਵੀ ਇੰਤਜ਼ਾਮ ਕੀਤਾ। ਉਸ ਨੇ ਉਨ੍ਹਾਂ ਨੂੰ 48 ਸ਼ਹਿਰਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਖੇਤ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਛੇ ਪਨਾਹ ਦੇ ਨਗਰ ਵੀ ਦਿੱਤੇ ਗਏ। (ਗਿਣ. 35:6-8) ਜਦੋਂ ਲੇਵੀ ਪਰਮੇਸ਼ੁਰ ਦੇ ਡੇਰੇ ਵਿਚ ਸੇਵਾ ਨਹੀਂ ਵੀ ਕਰ ਰਹੇ ਹੁੰਦੇ ਸਨ, ਤਾਂ ਵੀ ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਸੀ। ਸੋ ਯਹੋਵਾਹ ਆਪਣੇ ਸੇਵਕਾਂ ਦੀ ਹਰ ਲੋੜ ਪੂਰੀ ਕਰਨੀ ਜਾਣਦਾ ਹੈ। ਲੇਵੀ ਕਿਵੇਂ ਦਿਖਾ ਸਕਦੇ ਸਨ ਕਿ ਉਨ੍ਹਾਂ ਨੇ ਯਹੋਵਾਹ ਨੂੰ ਆਪਣਾ ਹਿੱਸਾ ਮੰਨਿਆ ਸੀ? ਲੇਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਉਨ੍ਹਾਂ ਦੀ ਹਰ ਲੋੜ ਪੂਰੀ ਕਰਨ ਦੀ ਤਾਕਤ ਰੱਖਦਾ ਸੀ।
7. ਯਹੋਵਾਹ ਨੂੰ ਆਪਣਾ ਹਿੱਸਾ ਬਣਾਉਣ ਲਈ ਲੇਵੀਆਂ ਨੂੰ ਕੀ ਕਰਨ ਦੀ ਲੋੜ ਸੀ?
7 ਜੇ ਕੋਈ ਇਸਰਾਏਲੀ ਦਸਵੰਧ ਨਹੀਂ ਦਿੰਦਾ ਸੀ, ਤਾਂ ਬਿਵਸਥਾ ਮੁਤਾਬਕ ਉਸ ਨੂੰ ਕੋਈ ਜੁਰਮਾਨਾ ਨਹੀਂ ਭਰਨਾ ਪੈਂਦਾ ਸੀ। ਪਰ ਜਦੋਂ ਲੋਕ ਦਸਵੰਧ ਦੇਣ ਵਿਚ ਲਾਪਰਵਾਹੀ ਵਰਤਦੇ ਸਨ, ਤਾਂ ਇਸ ਦਾ ਅਸਰ ਜਾਜਕਾਂ ਅਤੇ ਲੇਵੀਆਂ ਉੱਤੇ ਪੈਂਦਾ ਸੀ। ਅਜਿਹਾ ਕੁਝ ਨਹਮਯਾਹ ਦੇ ਦਿਨਾਂ ਵਿਚ ਵਾਪਰਿਆ। ਨਤੀਜੇ ਵਜੋਂ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ, ਲੇਵੀਆਂ ਨੂੰ ਖੇਤਾਂ ਵਿਚ ਜਾ ਕੇ ਕੰਮ ਕਰਨਾ ਪਿਆ। (ਨਹਮਯਾਹ 13:10 ਪੜ੍ਹੋ।) ਸਾਫ਼ ਹੈ ਜੇ ਇਸਰਾਏਲੀ ਕੌਮ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾ ਕੇ ਰੱਖਦੀ, ਤਾਂ ਹੀ ਲੇਵੀਆਂ ਦੀ ਹਰ ਲੋੜ ਪੂਰੀ ਕੀਤੀ ਜਾ ਸਕਦੀ ਸੀ। ਇਸ ਤੋਂ ਇਲਾਵਾ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ ਉੱਤੇ ਪੱਕਾ ਭਰੋਸਾ ਕਰਨ ਦੀ ਲੋੜ ਸੀ ਕਿ ਉਹ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੀ ਹਰੇਕ ਲੋੜ ਪੂਰੀ ਕਰੇਗਾ।
ਉਹ ਲੋਕ ਜਿਨ੍ਹਾਂ ਦਾ ਹਿੱਸਾ ਯਹੋਵਾਹ ਬਣਿਆ
8. ਆਸਾਫ਼ ਕਿਹੜੀ ਗੱਲੋਂ ਪਰੇਸ਼ਾਨ ਸੀ?
8 ਇਕ ਗੋਤ ਵਜੋਂ ਲੇਵੀਆਂ ਨੇ ਯਹੋਵਾਹ ਨੂੰ ਆਪਣਾ ਹਿੱਸਾ ਬਣਾਉਣਾ ਸੀ। ਧਿਆਨ ਦਿਓ ਕਿ ਹਰ ਲੇਵੀ ਇਹੀ ਗੱਲ ਕਹਿੰਦਾ ਸੀ: “ਯਹੋਵਾਹ ਮੇਰਾ ਹਿੱਸਾ ਹੈ।” ਇਸ ਤੋਂ ਉਨ੍ਹਾਂ ਦੀ ਯਹੋਵਾਹ ਪ੍ਰਤੀ ਸ਼ਰਧਾ ਜ਼ਾਹਰ ਹੁੰਦੀ ਸੀ। (ਵਿਰ. 3:24) ਬਾਈਬਲ ਇਕ ਅਜਿਹੇ ਹੀ ਲੇਵੀ ਬਾਰੇ ਦੱਸਦੀ ਹੈ ਜੋ ਗਾਇਕ ਹੋਣ ਦੇ ਨਾਲ-ਨਾਲ ਇਕ ਗੀਤਕਾਰ ਵੀ ਸੀ। ਅਸੀਂ ਉਸ ਨੂੰ ਆਸਾਫ਼ ਦੇ ਨਾਂ ਨਾਲ ਬੁਲਾਵਾਂਗੇ ਕਿਉਂਕਿ ਸ਼ਾਇਦ ਉਹ ਆਸਾਫ਼ ਦੇ ਘਰਾਣੇ ਦਾ ਹੀ ਇਕ ਮੈਂਬਰ ਸੀ। ਉਸ ਨੇ ਰਾਜਾ ਦਾਊਦ ਦੇ ਜ਼ਮਾਨੇ ਵਿਚ ਗਾਇਕਾਂ ਦੀ ਅਗਵਾਈ ਕੀਤੀ ਸੀ। (1 ਇਤ. 6:31-43) 73ਵੇਂ ਜ਼ਬੂਰ ਵਿਚ ਅਸੀਂ ਪੜ੍ਹਦੇ ਹਾਂ ਕਿ ਆਸਾਫ਼ ਉਦੋਂ ਪਰੇਸ਼ਾਨ ਹੋਇਆ ਜਦੋਂ ਉਸ ਨੇ ਬੁਰੇ ਲੋਕਾਂ ਨੂੰ ਮੌਜ-ਮਸਤੀਆਂ ਕਰਦੇ ਹੋਏ ਦੇਖਿਆ। ਉਸ ਨੇ ਅੱਕ ਕੇ ਆਖਿਆ: “ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ।” ਲੱਗਦਾ ਹੈ ਕਿ ਉਹ ਇਹ ਗੱਲ ਭੁੱਲ ਗਿਆ ਕਿ ਯਹੋਵਾਹ ਨੇ ਆਪਣੀ ਸੇਵਾ ਕਰਨ ਦਾ ਉਸ ਨੂੰ ਕਿੰਨਾ ਵੱਡਾ ਸਨਮਾਨ ਬਖ਼ਸ਼ਿਆ ਸੀ। ਨਾਲੇ ਉਸ ਨੇ ਇਸ ਗੱਲ ਦੀ ਵੀ ਕਦਰ ਨਹੀਂ ਕੀਤੀ ਕਿ ਯਹੋਵਾਹ ਉਸ ਦਾ ਹਿੱਸਾ ਸੀ। ਬਾਈਬਲ ਕਹਿੰਦੀ ਹੈ ਕਿ ‘ਜਦ ਤੀਕ ਉਹ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਵਿੱਚ ਨਾ ਗਿਆ,’ ਤਦ ਤਕ ਉਸ ਦੀ ਨਿਹਚਾ ਡਾਵਾਂ-ਡੋਲ ਰਹੀ।—ਜ਼ਬੂ. 73:2, 3, 12, 13, 17.
9, 10. ਆਸਾਫ਼ ਇਹ ਕਿਉਂ ਕਹਿ ਸਕਿਆ ਕਿ ਪਰਮੇਸ਼ੁਰ ‘ਸਦਾ ਲਈ ਉਸ ਦਾ ਭਾਗ’ ਰਹੇਗਾ?
9 ਯਹੋਵਾਹ ਦੇ ਡੇਰੇ ਵਿਚ ਆ ਕੇ ਆਸਾਫ਼ ਦਾ ਨਜ਼ਰੀਆ ਬਦਲ ਗਿਆ। ਸ਼ਾਇਦ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ ਹੋਵੇ। ਸ਼ਾਇਦ ਇਕ ਸਮੇਂ ਤੇ ਤੁਸੀਂ ਵੀ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਨੂੰ ਕੁਝ ਹੱਦ ਤਕ ਅੱਖੋਂ ਓਹਲੇ ਕੀਤਾ ਹੋਵੇ ਅਤੇ ਤੁਹਾਡਾ ਧਿਆਨ ਦੁਨਿਆਵੀ ਗੱਲਾਂ ਵੱਲ ਲੱਗ ਗਿਆ ਹੋਵੇ। ਪਰ ਬਾਈਬਲ ਪੜ੍ਹ ਕੇ ਅਤੇ ਮੀਟਿੰਗਾਂ ਵਿਚ ਜਾ ਕੇ ਤੁਸੀਂ ਹੌਲੀ-ਹੌਲੀ ਯਹੋਵਾਹ ਵਾਂਗ ਸੋਚਣ ਲੱਗ ਪਏ। ਇਕ ਸਮੇਂ ਤੇ ਆਸਾਫ਼ ਸਮਝ ਗਿਆ ਕਿ ਬੁਰੇ ਲੋਕਾਂ ਦਾ ਕੀ ਹਸ਼ਰ ਹੋਵੇਗਾ। ਉਸ ਨੇ ਇਸ ਗੱਲ ਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਉਸ ਨੂੰ ਕਿੰਨਾ ਵੱਡਾ ਸਨਮਾਨ ਬਾਰੇ ਅਤੇ ਮਹਿਸੂਸ ਕੀਤਾ ਕਿ ਯਹੋਵਾਹ ਉਸ ਦਾ ਸੱਜਾ ਹੱਥ ਫੜ ਕੇ ਹਮੇਸ਼ਾ ਉਸ ਦਾ ਸਾਥ ਦੇਵੇਗਾ। ਇਸੇ ਲਈ ਆਸਾਫ਼ ਨੇ ਯਹੋਵਾਹ ਨੂੰ ਕਿਹਾ: “ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।” (ਜ਼ਬੂ. 73:23, 25) ਉਸ ਨੇ ਫਿਰ ਪਰਮੇਸ਼ੁਰ ਨੂੰ ਆਪਣਾ ਭਾਗ ਕਿਹਾ। (ਜ਼ਬੂਰਾਂ ਦੀ ਪੋਥੀ 73:26 ਪੜ੍ਹੋ।) ਭਾਵੇਂ ਕਿ ਜ਼ਬੂਰਾਂ ਦੇ ਲਿਖਾਰੀ ਦਾ ‘ਤਨ ਤੇ ਮਨ ਢਲ ਜਾਵੇ,’ ਫਿਰ ਵੀ ਪਰਮੇਸ਼ੁਰ ‘ਸਦਾ ਲਈ ਉਸ ਦਾ ਭਾਗ’ ਰਹੇਗਾ। ਜ਼ਬੂਰਾਂ ਦੇ ਲਿਖਾਰੀ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਉਸ ਨੂੰ ਦੋਸਤ ਵਜੋਂ ਉਸ ਨੂੰ ਯਾਦ ਰੱਖੇਗਾ। ਉਸ ਦੀ ਵਫ਼ਾਦਾਰੀ ਨਾਲ ਕੀਤੀ ਸੇਵਾ ਕਦੇ ਵੀ ਭੁੱਲੀ ਨਾ ਜਾਵੇਗੀ। (ਉਪ. 7:1) ਇਹ ਜਾਣ ਕੇ ਆਸਾਫ਼ ਨੂੰ ਕਿੰਨੀ ਤਸੱਲੀ ਹੋਈ ਹੋਣੀ! ਉਸ ਨੇ ਗਾਇਆ: “ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।”—ਜ਼ਬੂ. 73:28.
10 ਦੁਨੀਆਂ ਦੀ ਕਿਸੇ ਵੀ ਚੀਜ਼ ਨਾਲੋਂ ਆਸਾਫ਼ ਲਈ ਸਭ ਤੋਂ ਜ਼ਿਆਦਾ ਇਹ ਗੱਲ ਮਾਅਨੇ ਰੱਖਦੀ ਸੀ ਕਿ ਪਰਮੇਸ਼ੁਰ ਉਸ ਦਾ ਹਿੱਸਾ ਸੀ। ਇੱਥੇ ਉਹ ਯਹੋਵਾਹ ਦੀ ਸੇਵਾ ਕਰਨ ਦੇ ਮਿਲੇ ਸਨਮਾਨ ਅਤੇ ਉਸ ਨਾਲ ਆਪਣੇ ਰਿਸ਼ਤੇ ਬਾਰੇ ਜ਼ਿਕਰ ਕਰ ਰਿਹਾ ਸੀ। (ਯਾਕੂ. 2:21-23) ਇਹ ਰਿਸ਼ਤਾ ਬਣਾਈ ਰੱਖਣ ਲਈ ਜ਼ਬੂਰਾਂ ਦੇ ਲਿਖਾਰੀ ਨੂੰ ਯਹੋਵਾਹ ਵਿਚ ਨਿਹਚਾ ਅਤੇ ਭਰੋਸਾ ਰੱਖਣ ਦੀ ਲੋੜ ਸੀ। ਆਸਾਫ਼ ਨੂੰ ਯਕੀਨ ਕਰਨ ਦੀ ਲੋੜ ਸੀ ਕਿ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲ ਕੇ ਹੀ ਜ਼ਿੰਦਗੀ ਵਿਚ ਖ਼ੁਸ਼ੀ ਮਿਲ ਸਕਦੀ ਸੀ। ਤੁਹਾਨੂੰ ਵੀ ਅਜਿਹਾ ਭਰੋਸਾ ਰੱਖਣ ਦੀ ਲੋੜ ਹੈ।
11. ਯਿਰਮਿਯਾਹ ਨੇ ਕਿਹੜਾ ਸਵਾਲ ਪੁੱਛਿਆ ਅਤੇ ਉਸ ਨੂੰ ਕੀ ਜਵਾਬ ਮਿਲਿਆ?
11 ਯਿਰਮਿਯਾਹ ਨਾਂ ਦਾ ਇਕ ਹੋਰ ਲੇਵੀ ਸੀ ਜਿਸ ਨੇ ਯਹੋਵਾਹ ਨੂੰ ਆਪਣਾ ਹਿੱਸਾ ਮੰਨਿਆ। ਆਓ ਆਪਾਂ ਦੇਖੀਏ ਕਿ ਉਸ ਨੇ ਪਰਮੇਸ਼ੁਰ ਨੂੰ ਆਪਣਾ ਹਿੱਸਾ ਕਿਵੇਂ ਮੰਨਿਆ। ਯਿਰਮਿਯਾਹ, ਯਰੂਸ਼ਲਮ ਲਾਗੇ ਅਨਾਥੋਥ ਨਾਮਕ ਲੇਵੀਆਂ ਦੇ ਸ਼ਹਿਰ ਵਿਚ ਰਹਿੰਦਾ ਸੀ। (ਯਿਰ. 1:1) ਇਕ ਸਮੇਂ ਤੇ ਯਿਰਮਿਯਾਹ ਨੇ ਦੁਖੀ ਹੋ ਕਿ ਪੁੱਛਿਆ ਕਿ ਬੁਰੇ ਲੋਕ ਕਿਉਂ ਵੱਧ-ਫੁੱਲ ਰਹੇ ਸਨ ਜਦਕਿ ਧਰਮੀ ਲੋਕ ਦੁੱਖ ਸਹਿੰਦੇ ਹਨ? (ਯਿਰ. 12:1) ਯਰੂਸ਼ਲਮ ਤੇ ਯਹੂਦਾਹ ਵਿਚ ਜੋ ਕੁਝ ਹੋ ਰਿਹਾ ਸੀ, ਉਹ ਸਭ ਕੁਝ ਦੇਖਣ ਤੋਂ ਬਾਅਦ ਉਹ ਯਹੋਵਾਹ ਨਾਲ ‘ਬਹਿਸ’ ਜਾਂ ਸ਼ਿਕਾਇਤ ਕਰਨ ਲਈ ਮਜਬੂਰ ਹੋ ਗਿਆ। ਯਿਰਮਿਯਾਹ ਜਾਣਦਾ ਸੀ ਕਿ ਯਹੋਵਾਹ ਧਰਮੀ ਪਰਮੇਸ਼ੁਰ ਹੈ। ਯਹੋਵਾਹ ਨੇ ਯਿਰਮਿਯਾਹ ਨੂੰ ਆਉਣ ਵਾਲੀ ਤਬਾਹੀ ਬਾਰੇ ਪ੍ਰਚਾਰ ਕਰਨ ਲਈ ਕਿਹਾ ਅਤੇ ਫਿਰ ਇਸ ਭਵਿੱਖਬਾਣੀ ਨੂੰ ਪੂਰਾ ਕਰ ਕੇ ਉਸ ਦੇ ਸਵਾਲ ਦਾ ਜਵਾਬ ਦਿੱਤਾ। ਜਿਹੜੇ ਉਸ ਵੇਲੇ ਭਵਿੱਖਬਾਣੀਆਂ ਦੇ ਮੁਤਾਬਕ ਯਹੋਵਾਹ ਦੀ ਸੇਧ ਵਿਚ ਚੱਲੇ, ਉਨ੍ਹਾਂ ਨੇ ਤਾਂ “ਆਪਣੀ ਜਾਨ ਬਚਾ” ਲਈ ਜਦ ਕਿ ਬੁਰੇ ਲੋਕਾਂ ਨੇ ਚੇਤਾਵਨੀ ਨੂੰ ਅਣਸੁਣਿਆ ਕੀਤਾ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠੇ।—ਯਿਰ. 21:9, ERV.
12, 13. (ੳ) ਕਿਹੜੀ ਗੱਲ ਕਰਕੇ ਯਿਰਮਿਯਾਹ ਨੇ ਕਿਹਾ: “ਯਹੋਵਾਹ ਮੇਰਾ ਹਿੱਸਾ ਹੈ” ਅਤੇ ਉਸ ਦਾ ਰਵੱਈਆ ਕਿਹੋ ਜਿਹਾ ਸੀ? (ਅ) ਇਸਰਾਏਲ ਦੇ ਸਾਰੇ ਗੋਤਾਂ ਨੂੰ ਯਿਰਮਿਯਾਹ ਵਰਗਾ ਰਵੱਈਆ ਰੱਖਣ ਦੀ ਲੋੜ ਕਿਉਂ ਸੀ?
12 ਜਦੋਂ ਯਿਰਮਿਯਾਹ ਨੇ ਆਪਣੇ ਤਬਾਹ ਹੋਏ ਦੇਸ਼ ਵੱਲ ਦੇਖਿਆ, ਤਾਂ ਉਸ ਨੂੰ ਲੱਗਾ ਜਿਵੇਂ ਉਹ ਹਨੇਰੇ ਵਿਚ ਚੱਲ ਰਿਹਾ ਹੋਵੇ। ਉਸ ਨੂੰ ਇੱਦਾਂ ਲੱਗਦਾ ਸੀ ਜਿੱਦਾਂ ਯਹੋਵਾਹ ਨੇ ਉਸ ਨੂੰ ਇਕ ਅਜਿਹੇ ਬੰਦੇ ਵਾਂਗ ਬਣਾ ਦਿੱਤਾ ਹੋਵੇ ਜਿਹੜਾ ਬਹੁਤ ਪਹਿਲੋਂ ਮਰ ਚੁੱਕਾ ਸੀ। (ਵਿਰ. 1:1, 16; 3:6) ਯਿਰਮਿਯਾਹ ਨੇ ਜ਼ਿੱਦੀ ਕੌਮ ਨੂੰ ਆਪਣੇ ਸਵਰਗੀ ਪਿਤਾ ਵੱਲ ਵਾਪਸ ਆਉਣ ਲਈ ਕਿਹਾ, ਪਰ ਉਨ੍ਹਾਂ ਦੀ ਬੁਰਾਈ ਇਸ ਹੱਦ ਤਕ ਵੱਧ ਚੁੱਕੀ ਸੀ ਕਿ ਪਰਮੇਸ਼ੁਰ ਨੇ ਯਰੂਸ਼ਲਮ ਤੇ ਯਹੂਦਾਹ ਨੂੰ ਤਬਾਹ ਕਰਨ ਦਾ ਫ਼ੈਸਲਾ ਕੀਤਾ। ਯਿਰਮਿਯਾਹ ਦੀ ਗ਼ਲਤੀ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਇਹ ਸਭ ਕੁਝ ਸਹਿਣਾ ਪਿਆ। ਦੁੱਖਾਂ ਵਿਚ ਵੀ ਇਹ ਨਬੀ ਪਰਮੇਸ਼ੁਰ ਦੀ ਦਇਆ ਨੂੰ ਨਾ ਭੁੱਲਿਆ। ਉਸ ਨੇ ਕਿਹਾ: “ਅਸੀਂ ਮੁੱਕੇ ਨਹੀਂ।” ਵਾਕਈ ਯਹੋਵਾਹ ਰੋਜ਼ ਸਾਡੇ ʼਤੇ ਦਇਆ ਕਰਦਾ ਹੈ! ਇਸ ਮੌਕੇ ʼਤੇ ਯਿਰਮਿਯਾਹ ਕਹਿ ਉੱਠਿਆ: “ਯਹੋਵਾਹ ਮੇਰਾ ਹਿੱਸਾ ਹੈ।” ਉਹ ਯਹੋਵਾਹ ਦੇ ਨਬੀ ਵਜੋਂ ਲਗਾਤਾਰ ਸੇਵਾ ਕਰਦਾ ਰਿਹਾ।—ਵਿਰਲਾਪ 3:22-24 ਪੜ੍ਹੋ।
13 ਸੱਤਰ ਸਾਲਾਂ ਤਕ ਇਸਰਾਏਲੀਆਂ ਕੋਲ ਆਪਣਾ ਦੇਸ਼ ਨਹੀਂ ਸੀ ਰਹਿਣਾ ਅਤੇ ਇਹ ਵਿਰਾਨ ਪਿਆ ਰਹਿਣਾ ਸੀ। (ਯਿਰ. 25:11) “ਯਹੋਵਾਹ ਮੇਰਾ ਹਿੱਸਾ ਹੈ,” ਇਹ ਕਹਿ ਕੇ ਯਿਰਮਿਯਾਹ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਸੀ ਅਤੇ ਇਸੇ ਕਰਕੇ ਉਸ ਨੇ “ਉਡੀਕ” ਕੀਤੀ ਕਿ ਯਹੋਵਾਹ ਇਕ ਦਿਨ ਕਦਮ ਜ਼ਰੂਰ ਚੁੱਕੇਗਾ। ਇਸਰਾਏਲ ਦੇ ਸਾਰੇ ਗੋਤਾਂ ਨੇ ਆਪੋ-ਆਪਣੀ ਜ਼ਮੀਨ ਗੁਆ ਲਈ ਸੀ, ਇਸ ਲਈ ਉਨ੍ਹਾਂ ਨੂੰ ਯਿਰਮਿਯਾਹ ਵਾਂਗ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਸੀ। ਯਹੋਵਾਹ ਹੀ ਉਨ੍ਹਾਂ ਦੀ ਇੱਕੋ-ਇਕ ਉਮੀਦ ਸੀ। 70 ਸਾਲਾਂ ਬਾਅਦ ਇਸਰਾਏਲੀ ਆਪਣੇ ਵਤਨ ਵਾਪਸ ਆਏ ਅਤੇ ਉਨ੍ਹਾਂ ਨੂੰ ਦੁਬਾਰਾ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ।—2 ਇਤ. 36:20-23.
ਹੋਰ ਲੋਕ ਜਿਨ੍ਹਾਂ ਦਾ ਹਿੱਸਾ ਯਹੋਵਾਹ ਬਣਿਆ
14, 15. ਲੇਵੀਆਂ ਤੋਂ ਇਲਾਵਾ ਯਹੋਵਾਹ ਨੇ ਹੋਰ ਕਿਨ੍ਹਾਂ ਨੂੰ ਆਪਣਾ ਹਿੱਸਾ ਬਣਨ ਦਿੱਤਾ ਅਤੇ ਕਿਉਂ?
14 ਆਸਾਫ਼ ਅਤੇ ਯਿਰਮਿਯਾਹ ਦੋਵੇਂ ਲੇਵੀ ਦੇ ਗੋਤ ਵਿੱਚੋਂ ਸਨ, ਪਰ ਕੀ ਇਸ ਦਾ ਮਤਲਬ ਇਹ ਸੀ ਕਿ ਸਿਰਫ਼ ਲੇਵੀ ਹੀ ਯਹੋਵਾਹ ਦੀ ਸੇਵਾ ਕਰ ਸਕਦੇ ਸਨ? ਬਿਲਕੁਲ ਨਹੀਂ! ਨੌਜਵਾਨ ਦਾਊਦ, ਜਿਸ ਨੇ ਆਉਣ ਵਾਲੇ ਸਮੇਂ ਵਿਚ ਇਸਰਾਏਲ ਦਾ ਰਾਜਾ ਬਣਨਾ ਸੀ, ਨੇ ਪਰਮੇਸ਼ੁਰ ਨੂੰ ਕਿਹਾ ਕਿ ਉਹ “ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਭਾਗ” ਹੈ। (ਜ਼ਬੂਰਾਂ ਦੀ ਪੋਥੀ 142:1, 5 ਪੜ੍ਹੋ।) ਦਾਊਦ ਨੇ ਇਹ ਜ਼ਬੂਰ ਆਪਣੇ ਮਹਿਲ ਜਾਂ ਘਰ ਵਿਚ ਬੈਠ ਕੇ ਨਹੀਂ ਲਿਖਿਆ, ਸਗੋਂ ਦੁਸ਼ਮਣਾਂ ਤੋਂ ਆਪਣੀ ਜਾਨ ਬਚਾਉਣ ਲਈ ਇਕ ਗੁਫ਼ਾ ਵਿਚ ਲਿਖਿਆ। ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਦੋ ਵਾਰ ਗੁਫ਼ਾ ਵਿਚ ਪਨਾਹ ਲੈਣੀ ਪਈ। ਇਕ ਗੁਫ਼ਾ ਅਦੁੱਲਾਮ ਦੇ ਨੇੜੇ ਸੀ ਤੇ ਦੂਜੀ ਏਨ-ਗਦੀ ਦੀਆਂ ਉਜਾੜ ਥਾਵਾਂ ਵਿਚ ਸੀ। ਸ਼ਾਇਦ ਉਸ ਨੇ 142ਵਾਂ ਜ਼ਬੂਰ ਇਨ੍ਹਾਂ ਵਿੱਚੋਂ ਕਿਸੇ ਇਕ ਗੁਫ਼ਾ ਵਿਚ ਬੈਠ ਕੇ ਲਿਖਿਆ ਹੋਣਾ।
15 ਲੱਗਦਾ ਹੈ ਕਿ ਦਾਊਦ ਨੇ ਇਹ ਜ਼ਬੂਰ ਕਿਸੇ ਗੁਫ਼ਾ ਵਿਚ ਬੈਠ ਕੇ ਲਿਖਿਆ ਹੋਣਾ ਕਿਉਂਕਿ ਉਹ ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾਉਣੀ ਚਾਹੁੰਦਾ ਸੀ। ਇਸ ਲਈ ਦਾਊਦ ਗੁਫ਼ਾ ਵਿਚ ਲੁਕਿਆ ਰਿਹਾ ਤਾਂਕਿ ਦੁਸ਼ਮਣ ਉਸ ਤਕ ਨਾ ਪਹੁੰਚ ਸਕਣ। (1 ਸਮੂ. 22:1, 4) ਇਸ ਸੁੰਨਸਾਨ ਜਗ੍ਹਾ ਵਿਚ, ਦਾਊਦ ਨੂੰ ਲੱਗਿਆ ਹੋਣਾ ਕਿ ਉਸ ਦਾ ਸਾਥ ਦੇਣ ਲਈ ਕੋਈ ਦੋਸਤ-ਮਿੱਤਰ ਨਹੀਂ ਸੀ। (ਜ਼ਬੂ. 142:4) ਇਸੇ ਮੌਕੇ ਤੇ ਦਾਊਦ ਨੇ ਪਰਮੇਸ਼ੁਰ ਅੱਗੇ ਮਦਦ ਲਈ ਤਰਲੇ ਕੀਤੇ।
16, 17. (ੳ) ਕਿਨ੍ਹਾਂ ਕਾਰਨਾਂ ਕਰਕੇ ਦਾਊਦ ਨੇ ਖ਼ੁਦ ਨੂੰ ਬੇਸਹਾਰਾ ਮਹਿਸੂਸ ਕੀਤਾ? (ਅ) ਦਾਊਦ ਨੇ ਕਿਸ ਕੋਲੋਂ ਮਦਦ ਮੰਗੀ?
16 ਇਸ ਲਈ 142ਵਾਂ ਜ਼ਬੂਰ ਲਿਖਣ ਤੋਂ ਪਹਿਲਾਂ, ਦਾਊਦ ਨੇ ਸ਼ਾਇਦ ਸੁਣਿਆ ਹੋਣਾ ਕਿ ਪ੍ਰਧਾਨ ਜਾਜਕ ਅਹੀਮਲਕ ਨਾਲ ਕੀ ਹੋਇਆ। ਅਹੀਮਲਕ ਨੂੰ ਨਹੀਂ ਪਤਾ ਸੀ ਕਿ ਦਾਊਦ, ਰਾਜਾ ਸ਼ਾਊਲ ਤੋਂ ਆਪਣੀ ਜਾਨ ਬਚਾਉਣ ਲਈ ਨੱਠ ਰਿਹਾ ਸੀ, ਤਾਂ ਉਸ ਨੇ ਅਣਜਾਣੇ ਵਿਚ ਉਸ ਦੀ ਮਦਦ ਕੀਤੀ। ਰਾਜਾ ਸ਼ਾਊਲ, ਦਾਊਦ ਨਾਲ ਨਫ਼ਰਤ ਕਰਦਾ ਸੀ ਤੇ ਉਸ ਨੇ ਗੁੱਸੇ ਵਿਚ ਆ ਕੇ ਅਹੀਮਲਕ ਅਤੇ ਉਸ ਦੇ ਸਾਰੇ ਘਰਾਣੇ ਨੂੰ ਮਾਰ-ਮੁਕਾ ਦਿੱਤਾ। (1 ਸਮੂ. 22:11, 18, 19) ਦਾਊਦ ਨੇ ਉਨ੍ਹਾਂ ਸਾਰਿਆਂ ਦੀ ਮੌਤ ਦਾ ਜ਼ਿੰਮੇਵਾਰ ਖ਼ੁਦ ਨੂੰ ਮੰਨਿਆ। ਜੇ ਤੁਸੀਂ ਦਾਊਦ ਦੀ ਜਗ੍ਹਾ ਹੁੰਦੇ, ਤਾਂ ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ? ਸ਼ਾਊਲ ਲਗਾਤਾਰ ਦਾਊਦ ਦਾ ਪਿੱਛਾ ਕਰਦਾ ਰਿਹਾ ਜਿਸ ਕਰਕੇ ਉਸ ਨੂੰ ਕਦੀ ਸੁੱਖ ਦਾ ਸਾਹ ਨਹੀਂ ਮਿਲਿਆ।
17 ਇਸ ਤੋਂ ਥੋੜ੍ਹੀ ਦੇਰ ਬਾਅਦ ਸਮੂਏਲ ਨਬੀ ਦੀ ਮੌਤ ਹੋ ਗਈ ਜਿਸ ਨੇ ਦਾਊਦ ਨੂੰ ਹੋਣ ਵਾਲੇ ਰਾਜਾ ਵਜੋਂ ਚੁਣਿਆ ਸੀ। (1 ਸਮੂ. 25:1) ਇਹ ਜਾਣ ਕੇ ਸ਼ਾਇਦ ਦਾਊਦ ਨੇ ਹੋਰ ਵੀ ਬੇਸਹਾਰਾ ਮਹਿਸੂਸ ਕੀਤਾ ਹੋਣਾ। ਪਰ ਦਾਊਦ ਨੂੰ ਪਤਾ ਸੀ ਕਿ ਉਹ ਮਦਦ ਲਈ ਯਹੋਵਾਹ ਕੋਲ ਜਾ ਸਕਦਾ ਸੀ। ਭਾਵੇਂ ਕਿ ਦਾਊਦ ਨੂੰ ਲੇਵੀਆਂ ਵਾਂਗ ਸੇਵਾ ਕਰਨ ਦਾ ਖ਼ਾਸ ਸਨਮਾਨ ਨਹੀਂ ਸੀ ਮਿਲਿਆ, ਪਰ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਦਾ ਰਾਜਾ ਬਣਨ ਦਾ ਸਨਮਾਨ ਬਖ਼ਸ਼ਿਆ ਗਿਆ ਸੀ। (1 ਸਮੂ. 16:1, 13) ਇਸ ਲਈ ਦਾਊਦ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਸਕਿਆ ਅਤੇ ਸਹੀ ਸੇਧ ਲਈ ਹਮੇਸ਼ਾ ਉਸ ਵੱਲ ਤੱਕਦਾ ਰਿਹਾ। ਤੁਸੀਂ ਵੀ ਪਰਮੇਸ਼ੁਰ ਨੂੰ ਆਪਣਾ ਹਿੱਸਾ ਬਣਾ ਸਕਦੇ ਹੋ ਅਤੇ ਤਨ-ਮਨ ਨਾਲ ਉਸ ਦੀ ਸੇਵਾ ਕਰਦਿਆਂ ਉਸ ʼਤੇ ਪੂਰਾ ਭਰੋਸਾ ਰੱਖ ਸਕਦੇ ਹੋ।
18. ਯਹੋਵਾਹ ਦੇ ਪੁਰਾਣੇ ਸੇਵਕਾਂ ਨੇ ਯਹੋਵਾਹ ਨੂੰ ਆਪਣਾ ਹਿੱਸਾ ਕਿਵੇਂ ਬਣਾਇਆ?
18 ਯਹੋਵਾਹ ਦੇ ਜਿਨ੍ਹਾਂ ਸੇਵਕਾਂ ਬਾਰੇ ਅਸੀਂ ਪੜ੍ਹਿਆ ਹੈ, ਉਨ੍ਹਾਂ ਸਾਰਿਆਂ ਨੇ ਯਹੋਵਾਹ ਨੂੰ ਆਪਣਾ ਹਿੱਸਾ ਕਿਵੇਂ ਬਣਾਇਆ? ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨਾ ਦਾ ਸਨਮਾਨ ਮਿਲਿਆ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਦੀ ਹਰ ਲੋੜ ਪੂਰੀ ਕਰੇਗਾ। ਲੇਵੀ ਗੋਤ ਅਤੇ ਇਸਰਾਏਲ ਦੇ ਹੋਰ ਗੋਤਾਂ ਵਿੱਚੋਂ ਦਾਊਦ ਵਰਗੇ ਪਰਮੇਸ਼ੁਰ ਨੂੰ ਆਪਣਾ ਹਿੱਸਾ ਬਣਾ ਸਕਦੇ ਸਨ। ਤੁਸੀਂ ਵੀ ਉਨ੍ਹਾਂ ਵਾਂਗ ਯਹੋਵਾਹ ਨੂੰ ਆਪਣਾ ਹਿੱਸਾ ਕਿਵੇਂ ਬਣਾ ਸਕਦੇ ਹੋ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ।
[ਫੁਟਨੋਟ]
a ਜਾਜਕਾਂ ਦੀ ਕਿਵੇਂ ਮਦਦ ਕੀਤੀ ਗਈ ਸੀ, ਇਸ ਬਾਰੇ ਹੋਰ ਜਾਣਨ ਲਈ ਇਨਸਾਈਟ ਔਨ ਦ ਸਕ੍ਰਿਪਚਰਸ, ਭਾਗ 2, ਸਫ਼ਾ 684 ਦੇਖੋ।
ਤੁਸੀਂ ਕਿਵੇਂ ਜਵਾਬ ਦੇਵੋਗੇ?
• ਯਹੋਵਾਹ ਕਿਵੇਂ ਲੇਵੀਆਂ ਦਾ ਹਿੱਸਾ ਬਣਿਆ?
• ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਸਾਫ਼, ਯਿਰਮਿਯਾਹ ਅਤੇ ਦਾਊਦ ਦਾ ਹਿੱਸਾ ਬਣਿਆ?
• ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਡਾ ਹਿੱਸਾ ਬਣੇ, ਤਾਂ ਤੁਹਾਨੂੰ ਕਿਹੜਾ ਗੁਣ ਪੈਦਾ ਕਰਨ ਦੀ ਲੋੜ ਹੈ?
[ਸਫ਼ਾ 8 ਉੱਤੇ ਸੁਰਖੀ]
ਲੇਵੀਆਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲੀ। ਯਹੋਵਾਹ ਉਨ੍ਹਾਂ ਦਾ ਹਿੱਸਾ ਸੀ ਕਿਉਂਕਿ ਉਸ ਨੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਦਾ ਖ਼ਾਸ ਕੰਮ ਸੌਂਪਿਆ ਸੀ
[ਸਫ਼ਾ 7 ਉੱਤੇ ਤਸਵੀਰ]
ਯਹੋਵਾਹ ਲੇਵੀਆਂ ਅਤੇ ਜਾਜਕਾਂ ਦਾ ਹਿੱਸਾ ਕਿਵੇਂ ਬਣਿਆ?
[ਸਫ਼ਾ 9 ਉੱਤੇ ਤਸਵੀਰ]
ਕਿਸ ਗੱਲ ਕਰਕੇ ਆਸਾਫ਼ ਨੇ ਯਹੋਵਾਹ ਨੂੰ ਆਪਣਾ ਹਿੱਸਾ ਬਣਾਈ ਰੱਖਿਆ?