ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 12-13
“ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ”
(ਮੱਤੀ 13:24-26) ਉਸ ਨੇ ਉਨ੍ਹਾਂ ਨੂੰ ਇਕ ਹੋਰ ਮਿਸਾਲ ਦਿੱਤੀ: “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ। 25 ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ। 26 ਜਦੋਂ ਕਣਕ ਦੇ ਬੂਟੇ ਵੱਡੇ ਹੋਏ ਤੇ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਜੰਗਲੀ ਬੂਟੀ ਵੀ ਦਿਸ ਪਈ।
‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
2 ਇਸ ਮਿਸਾਲ ਰਾਹੀਂ ਯਿਸੂ ਨੇ ਸਮਝਾਇਆ ਕਿ ਉਹ ਕਿਵੇਂ ਅਤੇ ਕਦੋਂ ਮਨੁੱਖਜਾਤੀ ਵਿੱਚੋਂ ਕਣਕ ਵਰਗੇ ਲੋਕ ਯਾਨੀ ਚੁਣੇ ਹੋਏ ਮਸੀਹੀ ਇਕੱਠੇ ਕਰੇਗਾ ਜੋ ਉਸ ਨਾਲ ਰਾਜ ਕਰਨਗੇ। ਪੰਤੇਕੁਸਤ 33 ਈਸਵੀ ਵਿਚ ਬੀ ਬੀਜਣਾ ਸ਼ੁਰੂ ਕੀਤਾ ਗਿਆ। ਚੁਣੇ ਹੋਏ ਮਸੀਹੀਆਂ ਨੂੰ ਇਕੱਠੇ ਕਰਨ ਦਾ ਕੰਮ ਉਦੋਂ ਖ਼ਤਮ ਹੋਵੇਗਾ ਜਦ ਦੁਨੀਆਂ ਦੇ ਅੰਤ ਵੇਲੇ ਧਰਤੀ ʼਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ʼਤੇ ਆਖ਼ਰੀ ਮੁਹਰ ਲੱਗੇਗੀ ਅਤੇ ਫਿਰ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ। (ਮੱਤੀ 24:31; ਪ੍ਰਕਾ. 7:1-4) ਠੀਕ ਜਿਵੇਂ ਪਹਾੜ ʼਤੇ ਖੜ੍ਹਾ ਕੋਈ ਇਨਸਾਨ ਆਲੇ-ਦੁਆਲੇ ਦਾ ਸਾਰਾ ਇਲਾਕਾ ਦੇਖ ਸਕਦਾ ਹੈ, ਤਿਵੇਂ ਇਸ ਮਿਸਾਲ ਨੇ ਸਾਨੂੰ ਲਗਭਗ 2,000 ਸਾਲਾਂ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਦੀ ਝਲਕ ਦਿੱਤੀ। ਅਸੀਂ ਇਸ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਕੀ ਸਿੱਖਦੇ ਹਾਂ? ਇਸ ਮਿਸਾਲ ਵਿਚ ਬੀ ਬੀਜਣ, ਵਧਣ ਤੇ ਵਾਢੀ ਬਾਰੇ ਗੱਲ ਕੀਤੀ ਗਈ ਹੈ। ਇਸ ਲੇਖ ਵਿਚ ਅਸੀਂ ਖ਼ਾਸ ਕਰਕੇ ਵਾਢੀ ਦੇ ਸਮੇਂ ਉੱਤੇ ਗੌਰ ਕਰਾਂਗੇ।
ਯਿਸੂ ਆਪਣੇ ਚੇਲਿਆਂ ਨਾਲ ਰਿਹਾ
3 ਦੂਜੀ ਸਦੀ ਦੇ ਸ਼ੁਰੂ ਹੁੰਦਿਆਂ ‘ਖੇਤ ਵਿਚ ਜੰਗਲੀ ਬੂਟੀ ਦਿਸ ਪਈ’ ਜਦ ਝੂਠੇ ਮਸੀਹੀ ਦੁਨੀਆਂ ਵਿਚ ਸਾਫ਼ ਨਜ਼ਰ ਆਉਣ ਲੱਗੇ। (ਮੱਤੀ 13:26) ਚੌਥੀ ਸਦੀ ਤਕ ਝੂਠੇ ਮਸੀਹੀਆਂ ਦੀ ਗਿਣਤੀ ਚੁਣੇ ਹੋਏ ਮਸੀਹੀਆਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਸੀ। ਯਾਦ ਕਰੋ ਕਿ ਮਿਸਾਲ ਵਿਚ ਨੌਕਰਾਂ ਨੇ ਮਾਲਕ ਨੂੰ ਜੰਗਲੀ ਬੂਟੀ ਨੂੰ ਪੁੱਟ ਸੁੱਟਣ ਬਾਰੇ ਪੁੱਛਿਆ ਸੀ। (ਮੱਤੀ 13:28) ਮਾਲਕ ਨੇ ਕੀ ਜਵਾਬ ਦਿੱਤਾ ਸੀ?
(ਮੱਤੀ 13:27-29) ਇਸ ਲਈ ਮਾਲਕ ਦੇ ਨੌਕਰਾਂ ਨੇ ਉਸ ਨੂੰ ਆ ਕੇ ਪੁੱਛਿਆ: ‘ਸੁਆਮੀ ਜੀ, ਤੂੰ ਤਾਂ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ ਸੀ, ਤਾਂ ਫਿਰ ਇਹ ਜੰਗਲੀ ਬੂਟੀ ਕਿੱਥੋਂ ਆ ਗਈ?’ 28 ਉਸ ਨੇ ਉਨ੍ਹਾਂ ਨੂੰ ਕਿਹਾ: ‘ਇਹ ਮੇਰੇ ਦੁਸ਼ਮਣ ਦਾ ਕੰਮ ਹੈ।’ ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਜੰਗਲੀ ਬੂਟੀ ਨੂੰ ਪੁੱਟ ਸੁੱਟੀਏ?’ 29 ਉਸ ਨੇ ਕਿਹਾ, ‘ਨਹੀਂ; ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਪੁੱਟਦੇ-ਪੁੱਟਦੇ ਕਣਕ ਦੇ ਬੂਟੇ ਵੀ ਪੁੱਟ ਦਿਓ।
‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
4 ਕਣਕ ਅਤੇ ਜੰਗਲੀ ਬੂਟੀ ਬਾਰੇ ਯਿਸੂ ਨੇ ਕਿਹਾ: “ਦੋਵਾਂ ਨੂੰ ਵਾਢੀ ਤਕ ਵਧਣ ਦਿਓ।” ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਤੋਂ ਲੈ ਕੇ ਅੱਜ ਤਕ ਧਰਤੀ ਉੱਤੇ ਹਮੇਸ਼ਾ ਕਣਕ ਵਰਗੇ ਚੁਣੇ ਹੋਏ ਮਸੀਹੀ ਰਹੇ ਹਨ। ਇਹ ਗੱਲ ਸੱਚ ਹੈ ਕਿਉਂਕਿ ਯਿਸੂ ਨੇ ਬਾਅਦ ਵਿਚ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਸੋ ਯਿਸੂ ਆਖ਼ਰੀ ਦਿਨਾਂ ਤਕ ਚੁਣੇ ਹੋਏ ਮਸੀਹੀਆਂ ਦੀ ਰਾਖੀ ਕਰਦਾ ਰਹੇਗਾ। ਪਰ ਜੰਗਲੀ ਬੂਟੀ ਦੇ ਵਧਣ ਕਰਕੇ ਸਾਨੂੰ ਪੱਕਾ ਪਤਾ ਨਹੀਂ ਕਿ ਪਿਛਲੀਆਂ ਸਦੀਆਂ ਦੌਰਾਨ ਸੱਚੇ ਮਸੀਹੀ ਕੌਣ ਸਨ। ਪਰ ਵਾਢੀ ਦਾ ਸਮਾਂ ਸ਼ੁਰੂ ਹੋਣ ਤੋਂ 30 ਕੁ ਸਾਲ ਪਹਿਲਾਂ ਕਣਕ ਵਰਗੇ ਮਸੀਹੀਆਂ ਨੂੰ ਪਛਾਣਨਾ ਸੌਖਾ ਹੋ ਗਿਆ। ਕਿਵੇਂ?
(ਮੱਤੀ 13:30) ਇਸ ਲਈ ਦੋਵਾਂ ਨੂੰ ਵਾਢੀ ਤਕ ਵਧਣ ਦਿਓ, ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ ਤੇ ਇਨ੍ਹਾਂ ਨੂੰ ਸਾੜ ਦਿਓ ਤੇ ਫਿਰ ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।’”
‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
10 ਪਹਿਲੀ ਗੱਲ, ਜੰਗਲੀ ਬੂਟੀ ਪੁੱਟੀ ਗਈ। ਯਿਸੂ ਨੇ ਕਿਹਾ: “ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ।” ਸਾਲ 1914 ਤੋਂ ਬਾਅਦ ਦੂਤਾਂ ਨੇ ਜੰਗਲੀ ਬੂਟੀ ਨੂੰ “ਪੁੱਟ ਕੇ” ਕਣਕ ਤੋਂ ਜੁਦਾ ਕੀਤਾ। ਕਹਿਣ ਦਾ ਮਤਲਬ ਕਿ ਝੂਠੇ ਮਸੀਹੀਆਂ ਨੂੰ ‘ਰਾਜ ਦੇ ਪੁੱਤਰਾਂ’ ਯਾਨੀ ਚੁਣੇ ਹੋਏ ਮਸੀਹੀਆਂ ਤੋਂ ਜੁਦਾ ਕੀਤਾ ਗਿਆ।—ਮੱਤੀ 13:30, 38, 41.
11 ਜਿੱਦਾਂ-ਜਿੱਦਾਂ ਜੰਗਲੀ ਬੂਟੀ ਪੁੱਟੀ ਗਈ, ਉੱਦਾਂ-ਉੱਦਾਂ ਝੂਠੇ ਤੇ ਸੱਚੇ ਮਸੀਹੀਆਂ ਵਿਚ ਫ਼ਰਕ ਸਾਫ਼ ਨਜ਼ਰ ਆਉਣ ਲੱਗ ਪਿਆ। (ਪ੍ਰਕਾ. 18:1, 4) ਸਾਲ 1919 ਤਕ ਇਹ ਗੱਲ ਪਤਾ ਲੱਗ ਗਈ ਕਿ ਮਹਾਂ ਬਾਬਲ ਢਹਿ-ਢੇਰੀ ਹੋ ਚੁੱਕਾ ਸੀ। ਝੂਠੇ ਤੇ ਸੱਚੇ ਮਸੀਹੀਆਂ ਵਿਚ ਖ਼ਾਸ ਕਰਕੇ ਕਿਹੜਾ ਫ਼ਰਕ ਸੀ? ਸੱਚੇ ਮਸੀਹੀ ਪ੍ਰਚਾਰ ਕਰ ਰਹੇ ਸਨ। ਬਾਈਬਲ ਸਟੂਡੈਂਟਸ ਦੀ ਅਗਵਾਈ ਕਰਨ ਵਾਲੇ ਭਰਾਵਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਹਰ ਮਸੀਹੀ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਮਿਸਾਲ ਲਈ, 1919 ਵਿਚ ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ (ਅੰਗ੍ਰੇਜ਼ੀ) ਨਾਂ ਦੀ ਇਕ ਛੋਟੀ ਕਿਤਾਬ ਛਾਪੀ ਗਈ ਜਿਸ ਵਿਚ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਘਰ-ਘਰ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ। ਇਸ ਵਿਚ ਲਿਖਿਆ ਸੀ: “ਭਾਵੇਂ ਕਿ ਇਹ ਕੰਮ ਬਹੁਤ ਵੱਡਾ ਲੱਗਦਾ ਹੈ, ਪਰ ਅਸੀਂ ਪ੍ਰਭੂ ਦੀ ਤਾਕਤ ਨਾਲ ਇਹ ਕੰਮ ਪੂਰਾ ਕਰ ਪਾਵਾਂਗੇ। ਸਾਨੂੰ ਸਾਰਿਆਂ ਨੂੰ ਇਸ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਦਿੱਤਾ ਗਿਆ ਹੈ।” ਇਸ ਦਾ ਨਤੀਜਾ ਕੀ ਨਿਕਲਿਆ? 1922 ਦੇ ਵਾਚ ਟਾਵਰ (ਅੰਗ੍ਰੇਜ਼ੀ) ਮੁਤਾਬਕ ਉਸ ਸਮੇਂ ਤੋਂ ਬਾਈਬਲ ਸਟੂਡੈਂਟਸ ਨੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ। ਥੋੜ੍ਹੇ ਹੀ ਸਮੇਂ ਵਿਚ ਉਹ ਵਫ਼ਾਦਾਰ ਮਸੀਹੀ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਜਾਣ ਲੱਗੇ ਤੇ ਅੱਜ ਵੀ ਜਾਣੇ ਜਾਂਦੇ ਹਨ।
12 ਦੂਜੀ ਗੱਲ, ਕਣਕ ਇਕੱਠੀ ਕਰਨੀ। ਯਿਸੂ ਨੇ ਦੂਤਾਂ ਨੂੰ ਹੁਕਮ ਦਿੱਤਾ: “ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।” (ਮੱਤੀ 13:30) ਸਾਲ 1919 ਤੋਂ ਚੁਣੇ ਹੋਏ ਮਸੀਹੀਆਂ ਨੂੰ ਸ਼ੁੱਧ ਕੀਤੀ ਗਈ ਮਸੀਹੀ ਮੰਡਲੀ ਵਿਚ ਇਕੱਠਾ ਕੀਤਾ ਗਿਆ ਹੈ। ਜਿਹੜੇ ਚੁਣੇ ਹੋਏ ਮਸੀਹੀ ਦੁਨੀਆਂ ਦੇ ਅੰਤ ਵੇਲੇ ਧਰਤੀ ʼਤੇ ਹੋਣਗੇ, ਉਨ੍ਹਾਂ ਨੂੰ ਉਦੋਂ ਇਕੱਠਾ ਕੀਤਾ ਜਾਵੇਗਾ ਜਦ ਉਨ੍ਹਾਂ ਨੂੰ ਸਵਰਗ ਵਿਚ ਇਨਾਮ ਮਿਲੇਗਾ।—ਦਾਨੀ. 7:18, 22, 27.
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 12:20) ਉਹ ਮਿੱਧੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ, ਜਦ ਤਕ ਉਹ ਨਿਆਂ ਨੂੰ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਜਾਂਦਾ।
nwtsty ਵਿੱਚੋਂ ਮੱਤੀ 12:20 ਲਈ ਖ਼ਾਸ ਜਾਣਕਾਰੀ
(ਦੀਵੇ ਦੀ) ਧੁਖ ਰਹੀ ਬੱਤੀ: ਘਰਾਂ ਵਿਚ ਆਮ ਵਰਤਿਆ ਜਾਣ ਵਾਲਾ ਦੀਵਾ ਮਿੱਟੀ ਦਾ ਬਣਿਆ ਹੁੰਦਾ ਸੀ ਜਿਸ ਵਿਚ ਜ਼ੈਤੂਨ ਦਾ ਤੇਲ ਭਰਿਆ ਹੁੰਦਾ ਸੀ। ਸਣ ਦੀ ਬੱਤੀ ਤੇਲ ਨੂੰ ਲਾਟ ਤਕ ਖਿੱਚਦੀ ਸੀ। ਯੂਨਾਨੀ ਸ਼ਬਦ “ਧੁਖ ਰਹੀ ਬੱਤੀ” ਸ਼ਾਇਦ ਉਸ ਤਰ੍ਹਾਂ ਦੀ ਬੱਤੀ ਨੂੰ ਦਰਸਾਉਂਦਾ ਹੈ ਜਿਸ ਵਿਚ ਚੰਗਿਆੜੇ ਹੋਣ ਕਰਕੇ ਧੂੰਆਂ ਨਿਕਲਦਾ ਹੈ, ਪਰ ਲਾਟ ਧੀਮੀ ਹੋ ਜਾਂਦੀ ਹੈ ਜਾਂ ਬੁੱਝ ਜਾਂਦੀ ਹੈ। ਯਸਾ 42:3 ਵਿਚ ਦਰਜ ਭਵਿੱਖਬਾਣੀ ਵਿਚ ਯਿਸੂ ਦੀ ਦਇਆ ਬਾਰੇ ਦੱਸਿਆ ਗਿਆ ਹੈ ਕਿ ਉਹ ਨਿਮਰ ਅਤੇ ਦੱਬੇ-ਕੁਚਲ਼ੇ ਲੋਕਾਂ ਵਿਚ ਉਮੀਦ ਦੀ ਆਖ਼ਰੀ ਚਿੰਗਾੜੀ ਨੂੰ ਨਹੀਂ ਬੁੱਝਣ ਦੇਵੇਗਾ।
(ਮੱਤੀ 13:25) ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ।
ਕੀ ਤੁਸੀਂ ਜਾਣਦੇ ਹੋ?
ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ?
ਮੱਤੀ 13:24-26 ਵਿਚ ਯਿਸੂ ਨੇ ਕਿਹਾ: “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ। ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ। ਜਦੋਂ ਕਣਕ ਦੇ ਬੂਟੇ ਵੱਡੇ ਹੋਏ ਤੇ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਜੰਗਲੀ ਬੂਟੀ ਵੀ ਦਿਸ ਪਈ।” ਕੁਝ ਲਿਖਾਰੀ ਕਹਿੰਦੇ ਹਨ ਕਿ ਇਹ ਸਿਰਫ਼ ਇਕ ਮਿਸਾਲ ਸੀ, ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਰ ਰੋਮੀਆਂ ਦੇ ਕੁਝ ਪੁਰਾਣੇ ਕਾਨੂੰਨੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਅਸਲ ਵਿਚ ਹੁੰਦਾ ਸੀ।
ਬਾਈਬਲ ਦਾ ਇਕ ਕੋਸ਼ ਕਹਿੰਦਾ ਹੈ: “ਬਦਲਾ ਲੈਣ ਲਈ ਕਿਸੇ ਦੇ ਖੇਤ ਵਿਚ ਜੰਗਲੀ ਬੂਟੀ ਬੀਜਣਾ . . . ਰੋਮੀ ਕਾਨੂੰਨ ਮੁਤਾਬਕ ਅਪਰਾਧ ਮੰਨਿਆ ਜਾਂਦਾ ਸੀ। ਇਸ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਅਪਰਾਧ ਆਮ ਹੁੰਦਾ ਸੀ।” ਕਾਨੂੰਨ ਦਾ ਵਿਦਵਾਨ ਐਲੀਸਟਰ ਕੇਰ ਦੱਸਦਾ ਹੈ ਕਿ 533 ਈਸਵੀ ਵਿਚ ਰੋਮੀ ਸਮਰਾਟ ਜਸਟਿਨੀਅਨ ਨੇ ਆਪਣੇ ਜ਼ਮਾਨੇ ਦੇ ਰੋਮੀ ਕਾਨੂੰਨਾਂ ਦਾ ਸਾਰ ਅਤੇ ਪੁਰਾਣੇ ਜ਼ਮਾਨੇ (ਲਗਭਗ 100-250 ਈਸਵੀ) ਦੇ ਵਕੀਲਾਂ ਦੀਆਂ ਕੁਝ ਗੱਲਾਂ ਨੂੰ ਇਕੱਠਾ ਕਰ ਕੇ ਕਿਤਾਬ ਛਪਵਾਈ। ਡਾਇਜੈਸਟ ਨਾਂ ਦੀ ਇਸ ਕਿਤਾਬ ਮੁਤਾਬਕ (Digest, 9.2.27.14) ਉਲਪੀਅਨ ਨਾਂ ਦੇ ਵਕੀਲ ਨੇ ਦੂਜੀ ਸਦੀ ਦੇ ਸਿਆਸਤਦਾਨ ਸੇਲਸਸ ਦੁਆਰਾ ਸੁਣੇ ਮੁਕੱਦਮੇ ਦਾ ਜ਼ਿਕਰ ਕੀਤਾ। ਕਿਸੇ ਆਦਮੀ ਨੇ ਦੂਸਰੇ ਦੇ ਖੇਤ ਵਿਚ ਜੰਗਲੀ ਬੂਟੀ ਬੀਜੀ, ਇਸ ਕਰਕੇ ਫ਼ਸਲ ਖ਼ਰਾਬ ਹੋ ਗਈ। ਡਾਇਜੈਸਟ ਵਿਚ ਦੱਸਿਆ ਗਿਆ ਸੀ ਕਿ ਇਸ ਮਾਮਲੇ ਵਿਚ ਜ਼ਮੀਂਦਾਰ ਜਾਂ ਠੇਕੇਦਾਰ ਕਾਨੂੰਨ ਦਾ ਕਿੱਦਾਂ ਸਹਾਰਾ ਲੈ ਸਕਦੇ ਸਨ ਤਾਂਕਿ ਅਪਰਾਧੀ ਦੁਆਰਾ ਨੁਕਸਾਨ ਦਾ ਘਾਟਾ ਪੂਰਾ ਕੀਤਾ ਜਾਵੇ।
ਬਾਈਬਲ ਪੜ੍ਹਾਈ
(ਮੱਤੀ 12:1-21) ਇਕ ਵਾਰ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਕਣਕ ਦੇ ਸਿੱਟੇ ਤੋੜ ਕੇ ਖਾਣ ਲੱਗ ਪਏ। 2 ਇਹ ਦੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਦੇਖ! ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ।” 3 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ? 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ। ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਰੋਟੀਆਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ। 5 ਜਾਂ ਕੀ ਤੁਸੀਂ ਮੂਸਾ ਦੇ ਕਾਨੂੰਨ ਵਿਚ ਨਹੀਂ ਪੜ੍ਹਿਆ ਕਿ ਪੁਜਾਰੀ ਸਬਤ ਦੇ ਦਿਨ ਵੀ ਮੰਦਰ ਵਿਚ ਕੰਮ ਕਰਦੇ ਸਨ ਅਤੇ ਫਿਰ ਵੀ ਨਿਰਦੋਸ਼ ਰਹਿੰਦੇ ਸਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਮੰਦਰ ਨਾਲੋਂ ਵੀ ਕੋਈ ਮਹਾਨ ਹੈ। 7 ਪਰ, ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ,’ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ। 8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।” 9 ਉੱਥੋਂ ਯਿਸੂ ਉਨ੍ਹਾਂ ਦੇ ਸਭਾ ਘਰ ਵਿਚ ਗਿਆ, 10 ਅਤੇ ਦੇਖੋ! ਉੱਥੇ ਇਕ ਆਦਮੀ ਸੀ ਜਿਸ ਦਾ ਹੱਥ ਸੁੱਕਿਆ ਹੋਇਆ ਸੀ। ਕੁਝ ਲੋਕਾਂ ਨੇ ਯਿਸੂ ਵਿਚ ਦੋਸ਼ ਲੱਭਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਜਾਇਜ਼ ਹੈ ਜਾਂ ਨਹੀਂ?” 11 ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੇ ਵਿੱਚੋਂ ਕਿਸੇ ਕੋਲ ਇਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਟੋਏ ਵਿਚ ਡਿਗ ਪਵੇ, ਤਾਂ ਕੀ ਉਹ ਉਸ ਨੂੰ ਫੜ ਕੇ ਟੋਏ ਵਿੱਚੋਂ ਬਾਹਰ ਨਹੀਂ ਕੱਢੇਗਾ? 12 ਇਨਸਾਨ ਦੀ ਕੀਮਤ ਤਾਂ ਭੇਡ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ! ਇਸ ਲਈ, ਸਬਤ ਦੇ ਦਿਨ ਚੰਗਾ ਕੰਮ ਕਰਨਾ ਠੀਕ ਹੈ।” 13 ਫਿਰ ਉਸ ਨੇ ਆਦਮੀ ਨੂੰ ਕਿਹਾ: “ਆਪਣਾ ਹੱਥ ਅੱਗੇ ਕਰ।” ਅਤੇ ਜਦ ਉਸ ਆਦਮੀ ਨੇ ਆਪਣਾ ਹੱਥ ਅੱਗੇ ਕੀਤਾ, ਤਾਂ ਉਸ ਦਾ ਹੱਥ ਠੀਕ ਹੋ ਕੇ ਬਿਲਕੁਲ ਦੂਜੇ ਹੱਥ ਵਰਗਾ ਹੋ ਗਿਆ। 14 ਪਰ ਫ਼ਰੀਸੀ ਉੱਥੋਂ ਚਲੇ ਗਏ ਅਤੇ ਉਸ ਨੂੰ ਮਾਰਨ ਦੀ ਸਾਜ਼ਸ਼ ਘੜਨ ਲੱਗੇ। 15 ਇਹ ਗੱਲ ਪਤਾ ਲੱਗਣ ਤੇ ਯਿਸੂ ਉੱਥੋਂ ਚਲਾ ਗਿਆ। ਬਹੁਤ ਸਾਰੇ ਲੋਕ ਵੀ ਉਸ ਦੇ ਪਿੱਛੇ-ਪਿੱਛੇ ਚਲੇ ਗਏ ਅਤੇ ਉਸ ਨੇ ਸਾਰੇ ਬੀਮਾਰ ਲੋਕਾਂ ਨੂੰ ਠੀਕ ਕੀਤਾ, 16 ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ, 17 ਤਾਂਕਿ ਯਸਾਯਾਹ ਨਬੀ ਦੀ ਇਹ ਗੱਲ ਪੂਰੀ ਹੋਵੇ: 18 “ਦੇਖੋ! ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ। ਉਹ ਮੇਰਾ ਪਿਆਰਾ ਹੈ ਅਤੇ ਮੈਂ ਉਸ ਤੋਂ ਖ਼ੁਸ਼ ਹਾਂ! ਮੈਂ ਉਸ ਨੂੰ ਆਪਣੀ ਸ਼ਕਤੀ ਦਿਆਂਗਾ ਅਤੇ ਉਹ ਕੌਮਾਂ ਨੂੰ ਦਿਖਾਵੇਗਾ ਕਿ ਸੱਚਾ ਨਿਆਂ ਕੀ ਹੁੰਦਾ ਹੈ। 19 ਉਹ ਕਿਸੇ ਨਾਲ ਲੜਾਈ-ਝਗੜਾ ਨਹੀਂ ਕਰੇਗਾ, ਨਾ ਰੌਲਾ ਪਾਵੇਗਾ ਅਤੇ ਨਾ ਹੀ ਕਿਸੇ ਨੂੰ ਉਸ ਦੀ ਆਵਾਜ਼ ਰਾਹਾਂ ਵਿਚ ਸੁਣਾਈ ਦੇਵੇਗੀ। 20 ਉਹ ਮਿੱਧੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ, ਜਦ ਤਕ ਉਹ ਨਿਆਂ ਨੂੰ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋ ਜਾਂਦਾ। 21 ਵਾਕਈ, ਉਸ ਦੇ ਨਾਂ ʼਤੇ ਸਾਰੀਆਂ ਕੌਮਾਂ ਉਮੀਦ ਰੱਖਣਗੀਆਂ।”
12-18 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 14-15
“ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ”
(ਮੱਤੀ 14:16, 17) ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” 17 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਡੇ ਕੋਲ ਪੰਜ ਰੋਟੀਆਂ ਤੇ ਦੋ ਮੱਛੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਹੈ।”
ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
2 ਲੋਕਾਂ ਦੀ ਭੀੜ ਨੂੰ ਦੇਖ ਕੇ ਯਿਸੂ ਨੂੰ ਉਨ੍ਹਾਂ ʼਤੇ ਤਰਸ ਆਉਂਦਾ ਹੈ। ਇਸ ਲਈ ਉਹ ਬੀਮਾਰਾਂ ਨੂੰ ਠੀਕ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਸਿਖਾਉਂਦਾ ਹੈ। ਸ਼ਾਮ ਪੈਣ ਤੇ ਚੇਲੇ ਯਿਸੂ ਨੂੰ ਕਹਿੰਦੇ ਹਨ ਕਿ ਉਹ ਭੀੜ ਨੂੰ ਘੱਲ ਦੇਵੇ ਤਾਂਕਿ ਲੋਕ ਨੇੜਲੇ ਪਿੰਡਾਂ ਵਿਚ ਜਾ ਕੇ ਆਪਣੇ ਲਈ ਖਾਣਾ ਖ਼ਰੀਦ ਸਕਣ। ਪਰ ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” ਚੇਲਿਆਂ ਨੂੰ ਸ਼ਾਇਦ ਉਸ ਦੀ ਗੱਲ ਅਜੀਬ ਲੱਗਦੀ ਹੈ ਕਿਉਂਕਿ ਉਨ੍ਹਾਂ ਕੋਲ ਸਿਰਫ਼ ਪੰਜ ਰੋਟੀਆਂ ਤੇ ਦੋ ਮੱਛੀਆਂ ਹਨ।
(ਮੱਤੀ 14:18, 19) ਉਸ ਨੇ ਕਿਹਾ: “ਲਿਆਓ ਮੈਨੂੰ ਦਿਓ।” 19 ਫਿਰ ਉਸ ਨੇ ਲੋਕਾਂ ਨੂੰ ਘਾਹ ʼਤੇ ਬੈਠਣ ਲਈ ਕਿਹਾ; ਫਿਰ ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ।
ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
3 ਲੋਕਾਂ ʼਤੇ ਤਰਸ ਖਾ ਕੇ ਯਿਸੂ ਇਕ ਚਮਤਕਾਰ ਕਰਦਾ ਹੈ। ਇਹੀ ਇੱਕੋ-ਇਕ ਚਮਤਕਾਰ ਹੈ ਜਿਸ ਬਾਰੇ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਚਾਰਾਂ ਨੇ ਲਿਖਿਆ। (ਮਰ. 6:35-44; ਲੂਕਾ 9:10-17; ਯੂਹੰ. 6:1-13) ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਉਹ ਲੋਕਾਂ ਨੂੰ 50-50 ਅਤੇ 100-100 ਦੀਆਂ ਟੋਲੀਆਂ ਬਣਾ ਕੇ ਘਾਹ ʼਤੇ ਬੈਠਣ ਲਈ ਕਹਿਣ। ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਰੋਟੀਆਂ ਨੂੰ ਤੋੜਦਾ ਹੈ ਅਤੇ ਮੱਛੀਆਂ ਦੇ ਟੁਕੜੇ ਕਰਦਾ ਹੈ। ਫਿਰ ਉਹ ਆਪ ਲੋਕਾਂ ਨੂੰ ਖਾਣਾ ਦੇਣ ਦੀ ਬਜਾਇ ‘ਆਪਣੇ ਚੇਲਿਆਂ ਨੂੰ ਦਿੰਦਾ ਹੈ ਅਤੇ ਉਹ ਲੋਕਾਂ ਨੂੰ ਵੰਡਦੇ ਹਨ।’ ਸਾਰੇ ਰੱਜ ਕੇ ਖਾਂਦੇ ਹਨ! ਜ਼ਰਾ ਸੋਚੋ: ਯਿਸੂ ਨੇ ਥੋੜ੍ਹਿਆਂ ਯਾਨੀ ਆਪਣੇ ਚੇਲਿਆਂ ਦੇ ਹੱਥੋਂ ਹਜ਼ਾਰਾਂ ਨੂੰ ਭੋਜਨ ਦਿੱਤਾ।
(ਮੱਤੀ 14:20, 21) ਸਾਰਿਆਂ ਨੇ ਰੱਜ ਕੇ ਖਾਧਾ। ਫਿਰ ਉਨ੍ਹਾਂ ਨੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਬਾਰਾਂ ਟੋਕਰੀਆਂ ਭਰ ਗਈਆਂ। 21 ਉਦੋਂ ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ 5,000 ਆਦਮੀਆਂ ਨੇ ਖਾਣਾ ਖਾਧਾ ਸੀ।
nwtsty ਵਿੱਚੋਂ ਮੱਤੀ 14:21 ਲਈ ਖ਼ਾਸ ਜਾਣਕਾਰੀ
ਤੀਵੀਆਂ ਅਤੇ ਬੱਚਿਆਂ ਤੋਂ ਇਲਾਵਾ: ਇਸ ਚਮਤਕਾਰ ਬਾਰੇ ਦੱਸਦਿਆਂ ਸਿਰਫ਼ ਮੱਤੀ ਨੇ ਔਰਤਾਂ ਅਤੇ ਬੱਚਿਆਂ ਦਾ ਜ਼ਿਕਰ ਕੀਤਾ ਹੈ। ਇਹ ਹੋ ਸਕਦਾ ਹੈ ਕਿ 15,000 ਤੋਂ ਜ਼ਿਆਦਾ ਲੋਕਾਂ ਨੂੰ ਚਮਤਕਾਰ ਕਰ ਕੇ ਖਾਣਾ ਖਿਲਾਇਆ ਗਿਆ ਸੀ।
ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
ਮੱਤੀ 14:14-21 ਪੜ੍ਹੋ। ਸਾਲ 32 ਈਸਵੀ ਵਿਚ ਪਸਾਹ ਦਾ ਤਿਉਹਾਰ ਨੇੜੇ ਹੈ। ਯਿਸੂ ਅਤੇ ਉਸ ਦੇ ਚੇਲੇ ਇਕ ਵਿਰਾਨ ਜਗ੍ਹਾ ʼਤੇ ਹਨ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਤੇ ਬੱਚਿਆਂ ਤੋਂ ਇਲਾਵਾ ਲਗਭਗ 5,000 ਆਦਮੀਆਂ ਦੀ ਭੀੜ ਹੈ। ਇਹ ਜਗ੍ਹਾ ਬੈਤਸੈਦਾ ਪਿੰਡ ਦੇ ਨੇੜੇ ਹੈ ਜੋ ਗਲੀਲ ਦੀ ਝੀਲ ਦੇ ਉੱਤਰੀ ਕੰਡੇ ʼਤੇ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 15:7-9) ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਭਵਿੱਖਬਾਣੀ ਕਰਦੇ ਹੋਏ ਠੀਕ ਹੀ ਕਿਹਾ ਸੀ: 8 ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 9 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’”
nwtsty ਵਿੱਚੋਂ ਮੱਤੀ 15:7 ਲਈ ਖ਼ਾਸ ਜਾਣਕਾਰੀ
ਪਖੰਡੀ: ਯੂਨਾਨੀ ਸ਼ਬਦ hy·po·kri·tesʹ ਮੰਚ ʼਤੇ ਕੰਮ ਕਰਨ ਵਾਲੇ ਯੂਨਾਨੀ (ਅਤੇ ਬਾਅਦ ਵਿਚ ਰੋਮੀ) ਅਦਾਕਾਰਾਂ ਲਈ ਵਰਤਿਆ ਜਾਂਦਾ ਸੀ ਜੋ ਆਵਾਜ਼ ਉੱਚੀ ਕਰਨ ਲਈ ਮੂੰਹ ʼਤੇ ਵੱਡੇ ਮਖੌਟੇ ਪਾਉਂਦੇ ਸਨ। ਇਹ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਣ ਲੱਗਾ ਜੋ ਆਪਣੇ ਅਸਲੀ ਇਰਾਦਿਆਂ ਜਾਂ ਸ਼ਖ਼ਸੀਅਤ ਨੂੰ ਲੁਕਾਉਣ ਲਈ ਢੌਂਗ ਜਾਂ ਦਿਖਾਵਾ ਕਰਦਾ ਹੈ। ਯਿਸੂ ਨੇ ਇੱਥੇ ਯਹੂਦੀ ਧਾਰਮਿਕ ਆਗੂਆਂ ਨੂੰ “ਪਖੰਡੀ” ਕਿਹਾ ਸੀ।—ਮੱਤੀ 6:5, 16.
(ਮੱਤੀ 15:26) ਯਿਸੂ ਨੇ ਉਸ ਨੂੰ ਕਿਹਾ: “ਨਿਆਣਿਆਂ ਤੋਂ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”
nwtsty ਵਿੱਚੋਂ ਮੱਤੀ 15:26 ਲਈ ਖ਼ਾਸ ਜਾਣਕਾਰੀ
ਨਿਆਣੇ . . . ਕਤੂਰੇ: ਮੂਸਾ ਦੀ ਬਿਵਸਥਾ ਦੇ ਅਨੁਸਾਰ ਕੁੱਤੇ ਅਸ਼ੁੱਧ ਜਾਨਵਰ ਸਨ। ਇਸ ਕਰਕੇ ਬਾਈਬਲ ਵਿਚ ਅਕਸਰ ਇਸ ਸ਼ਬਦ ਨੂੰ ਅਪਮਾਨ ਕਰਨ ਲਈ ਵਰਤਿਆ ਗਿਆ ਹੈ। (ਲੇਵੀ 11:27; ਮੱਤੀ 7:6; ਫ਼ਿਲਿ 3:2; ਪ੍ਰਕਾ 22:15) ਪਰ ਮਰਕੁਸ (7:27) ਅਤੇ ਮੱਤੀ ਵਿਚ ਦਰਜ ਯਿਸੂ ਨੇ ਜਿਹੜਾ ਸ਼ਬਦ ਵਰਤਿਆ ਉਸ ਦਾ ਮਤਲਬ “ਕਤੂਰਾ” ਜਾਂ “ਪਾਲਤੂ ਕੁੱਤਾ” ਹੈ। ਯਿਸੂ ਨੇ ਫ਼ਰਕ ਸਮਝਾਉਣ ਲਈ ਇਹ ਸ਼ਬਦ ਵਰਤਿਆ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਯਿਸੂ ਨੇ ਗ਼ੈਰ-ਯਹੂਦੀਆਂ ਦੇ ਘਰਾਂ ਵਿਚ ਰੱਖੇ ਜਾਂਦੇ ਪਾਲਤੂ ਜਾਨਵਰਾਂ ਨੂੰ ਪਿਆਰ ਨਾਲ ਬੁਲਾਉਣ ਲਈ ਵਰਤੇ ਜਾਂਦੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਜ਼ਰਾਈਲੀਆਂ ਦੀ ਤੁਲਨਾ ‘ਨਿਆਣਿਆਂ’ ਨਾਲ ਅਤੇ ਗ਼ੈਰ-ਯਹੂਦੀਆਂ ਦੀ ਤੁਲਨਾ “ਕਤੂਰਿਆਂ” ਨਾਲ ਕਰ ਕੇ ਯਿਸੂ ਇਹ ਸਮਝਾਉਣਾ ਚਾਹੁੰਦਾ ਸੀ ਕਿ ਪਹਿਲ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਸੀ। ਜਿਸ ਘਰ ਵਿਚ ਨਿਆਣੇ ਅਤੇ ਕੁੱਤੇ ਦੋਵੇਂ ਹੁੰਦੇ ਹਨ ਉੱਥੇ ਨਿਆਣਿਆਂ ਨੂੰ ਪਹਿਲਾਂ ਖਿਲਾਇਆ ਜਾਂਦਾ ਹੈ।
ਬਾਈਬਲ ਪੜ੍ਹਾਈ
(ਮੱਤੀ 15:1-20) ਫਿਰ ਯਰੂਸ਼ਲਮ ਤੋਂ ਫ਼ਰੀਸੀ ਤੇ ਗ੍ਰੰਥੀ ਆ ਕੇ ਯਿਸੂ ਨੂੰ ਕਹਿਣ ਲੱਗੇ: 2 “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਮਿਸਾਲ ਲਈ, ਖਾਣਾ ਖਾਣ ਤੋਂ ਪਹਿਲਾਂ ਉਹ ਹੱਥ ਨਹੀਂ ਧੋਂਦੇ।” 3 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਿਉਂ ਆਪਣੀ ਰੀਤ ਉੱਤੇ ਚੱਲਣ ਲਈ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ? 4 ਮਿਸਾਲ ਲਈ, ਪਰਮੇਸ਼ੁਰ ਨੇ ਕਿਹਾ ਸੀ: ‘ਆਪਣੇ ਮਾਤਾ-ਪਿਤਾ ਦਾ ਆਦਰ ਕਰ,’ ਅਤੇ ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਦੀ ਬੇਇੱਜ਼ਤੀ ਕਰੇ, ਉਹ ਜਾਨੋਂ ਮਾਰਿਆ ਜਾਵੇ।’ 5 ਪਰ ਤੁਸੀਂ ਸਿਖਾਉਂਦੇ ਹੋ ਕਿ ਜਿਹੜਾ ਇਨਸਾਨ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ: ‘ਮੇਰੀਆਂ ਜਿਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਫ਼ਾਇਦਾ ਹੋ ਸਕਦਾ ਸੀ, ਉਹ ਚੀਜ਼ਾਂ ਪਰਮੇਸ਼ੁਰ ਦੇ ਨਾਂ ਲੱਗ ਚੁੱਕੀਆਂ ਹਨ,’ 6 ਉਸ ਇਨਸਾਨ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਕਰਨ ਦੀ ਕੋਈ ਲੋੜ ਨਹੀਂ। ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫਜ਼ੂਲ ਦੀ ਚੀਜ਼ ਬਣਾ ਦਿੱਤਾ ਹੈ। 7 ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਭਵਿੱਖਬਾਣੀ ਕਰਦੇ ਹੋਏ ਠੀਕ ਹੀ ਕਿਹਾ ਸੀ: 8 ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। 9 ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’” 10 ਫਿਰ ਉਸ ਨੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ: “ਮੇਰੀ ਗੱਲ ਸੁਣੋ ਅਤੇ ਇਸ ਦਾ ਮਤਲਬ ਸਮਝੋ: 11 ਇਨਸਾਨ ਜੋ ਕੁਝ ਖਾਂਦਾ ਹੈ ਉਸ ਨਾਲ ਨਹੀਂ, ਸਗੋਂ ਜੋ ਕੁਝ ਉਸ ਦੇ ਮੂੰਹੋਂ ਨਿਕਲਦਾ ਹੈ ਉਸ ਨਾਲ ਭ੍ਰਿਸ਼ਟ ਹੁੰਦਾ ਹੈ।” 12 ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਫ਼ਰੀਸੀਆਂ ਨੂੰ ਤੇਰੀਆਂ ਗੱਲਾਂ ਦਾ ਗੁੱਸਾ ਲੱਗਾ?” 13 ਉਸ ਨੇ ਉਨ੍ਹਾਂ ਨੂੰ ਕਿਹਾ: “ਜਿਹੜਾ ਵੀ ਬੂਟਾ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਹੈ, ਪੁੱਟਿਆ ਜਾਵੇਗਾ। 14 ਫ਼ਰੀਸੀਆਂ ਦੀ ਪਰਵਾਹ ਨਾ ਕਰੋ। ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।” 15 ਫਿਰ ਪਤਰਸ ਨੇ ਉਸ ਨੂੰ ਕਿਹਾ: “ਤੂੰ ਪਹਿਲਾਂ ਜਿਹੜੀ ਮਿਸਾਲ ਦਿੱਤੀ ਸੀ, ਉਸ ਦਾ ਮਤਲਬ ਸਾਨੂੰ ਸਮਝਾ।” 16 ਤੇ ਉਸ ਨੇ ਕਿਹਾ: “ਕੀ ਤੁਸੀਂ ਵੀ ਅਜੇ ਨਹੀਂ ਸਮਝੇ? 17 ਕੀ ਤੁਸੀਂ ਨਹੀਂ ਜਾਣਦੇ ਕਿ ਇਨਸਾਨ ਜੋ ਕੁਝ ਖਾਂਦਾ ਹੈ, ਉਹ ਉਸ ਦੇ ਢਿੱਡ ਵਿਚ ਜਾਂਦਾ ਹੈ ਤੇ ਫਿਰ ਸਰੀਰ ਵਿੱਚੋਂ ਨਿਕਲ ਜਾਂਦਾ ਹੈ? 18 ਪਰ, ਜਿਹੜੀਆਂ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ, ਅਤੇ ਇਹ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ। 19 ਮਿਸਾਲ ਲਈ, ਇਹ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ: ਭੈੜੀ ਸੋਚ, ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਦੂਸਰਿਆਂ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ। 20 ਇਨ੍ਹਾਂ ਗੱਲਾਂ ਨਾਲ ਇਨਸਾਨ ਭ੍ਰਿਸ਼ਟ ਹੁੰਦਾ ਹੈ, ਨਾ ਕਿ ਹੱਥ ਧੋਤੇ ਬਿਨਾਂ ਖਾਣਾ ਖਾਣ ਨਾਲ।”
19-25 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 16-17
“ਤੁਸੀਂ ਕਿਸ ਵਾਂਗ ਸੋਚਦੇ ਹੋ?”
(ਮੱਤੀ 16:21, 22) ਉਸ ਸਮੇਂ ਤੋਂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਉਸ ਨੂੰ ਯਰੂਸ਼ਲਮ ਨੂੰ ਜਾਣਾ ਪਵੇਗਾ ਅਤੇ ਉੱਥੇ ਉਸ ਨੂੰ ਬਜ਼ੁਰਗਾਂ, ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਤੋਂ ਬਹੁਤ ਅਤਿਆਚਾਰ ਸਹਿਣਾ ਪਵੇਗਾ ਅਤੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ ਅਤੇ ਤਿੰਨਾਂ ਦਿਨਾਂ ਬਾਅਦ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। 22 ਇਹ ਸੁਣ ਕੇ ਪਤਰਸ ਉਸ ਨੂੰ ਇਕ ਪਾਸੇ ਲੈ ਗਿਆ ਤੇ ਉਸ ਨੂੰ ਝਿੜਕਦੇ ਹੋਏ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।”
ਪਤੀਓ, ਮਸੀਹ ਦੀ ਰੀਸ ਕਰੋ
17 ਇਕ ਹੋਰ ਸਮੇਂ ਤੇ ਯਿਸੂ ਨੇ ਆਪਣੇ ਰਸੂਲਾਂ ਨੂੰ ਸਮਝਾਇਆ ਕਿ ਉਸ ਲਈ ਯਰੂਸ਼ਲਮ ਜਾ ਕੇ ‘ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਮਾਰੇ ਜਾਣਾ ਅਤੇ ਤੀਏ ਦਿਨ ਜੀ ਉਠਾਏ ਜਾਣਾ’ ਜ਼ਰੂਰੀ ਸੀ। ਇਹ ਸੁਣ ਕੇ ਪਤਰਸ ਨੇ ਯਿਸੂ ਨੂੰ ਇਕ ਪਾਸੇ ਲੈ ਜਾ ਕੇ ਝਿੜਕਿਆ, “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਪਤਰਸ ਦੇ ਪਿਆਰ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ, ਸੋ ਯਿਸੂ ਨੂੰ ਉਸ ਦੀ ਸੋਚ ਨੂੰ ਸੁਧਾਰਨ ਦੀ ਲੋੜ ਸੀ। ਇਸ ਲਈ ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।”—ਮੱਤੀ 16:21-23.
(ਮੱਤੀ 16:23) ਪਰ ਯਿਸੂ ਨੇ ਪਤਰਸ ਤੋਂ ਮੂੰਹ ਮੋੜ ਕੇ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”
ਖ਼ਬਰਦਾਰ ਰਹੋ, ਸ਼ੈਤਾਨ ਤੁਹਾਨੂੰ ਨਿਗਲ਼ ਜਾਣਾ ਚਾਹੁੰਦਾ!
16 ਸ਼ੈਤਾਨ ਯਹੋਵਾਹ ਦੇ ਜੋਸ਼ੀਲੇ ਸੇਵਕਾਂ ਨੂੰ ਵੀ ਮੂਰਖ ਬਣਾ ਸਕਦਾ ਹੈ। ਮਿਸਾਲ ਲਈ, ਸੋਚੋ ਕਿ ਉਦੋਂ ਕੀ ਹੋਇਆ ਸੀ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਸ ਨੂੰ ਜਲਦੀ ਹੀ ਜਾਨੋਂ ਮਾਰ ਦਿੱਤਾ ਜਾਵੇਗਾ। ਪਤਰਸ ਰਸੂਲ, ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਨੇ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਪਰ ਯਿਸੂ ਨੇ ਪਤਰਸ ਨੂੰ ਕਿਹਾ: “ਹੇ ਸ਼ੈਤਾਨ, ਪਰੇ ਹਟ!” (ਮੱਤੀ 16:22, 23) ਯਿਸੂ ਨੇ ਪਤਰਸ ਨੂੰ “ਸ਼ੈਤਾਨ” ਕਿਉਂ ਕਿਹਾ? ਕਿਉਂਕਿ ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਸੀ। ਜਲਦੀ ਹੀ ਯਿਸੂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਵਾਲਾ ਸੀ। ਮਨੁੱਖੀ ਇਤਿਹਾਸ ਵਿਚ ਇਸ ਨਾਜ਼ੁਕ ਮੁਕਾਮ ʼਤੇ ਯਿਸੂ ਲਈ ਆਪਣੇ ਉੱਤੇ ‘ਤਰਸ ਖਾਣ’ ਦਾ ਸਮਾਂ ਨਹੀਂ ਸੀ। ਸ਼ੈਤਾਨ ਨੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਣਾ ਜੇ ਯਿਸੂ ਖ਼ਬਰਦਾਰ ਨਾ ਰਹਿੰਦਾ।
17 ਇਸ ਦੁਨੀਆਂ ਦਾ ਅੰਤ ਨੇੜੇ ਹੈ ਅਤੇ ਅਸੀਂ ਵੀ ਔਖੇ ਸਮੇਂ ਵਿਚ ਜੀ ਰਹੇ ਹਾਂ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਵੀ ਆਪਣੇ ʼਤੇ ‘ਤਰਸ ਖਾਈਏ’ ਯਾਨੀ ਇਸ ਦੁਨੀਆਂ ਵਿਚ ਨਾਂ ਕਮਾਉਣ ਵਿਚ ਰੁੱਝੇ ਰਹਿ ਕੇ ਸੱਚਾਈ ਵਿਚ ਢਿੱਲੇ ਪੈ ਜਾਈਏ। ਉਹ ਚਾਹੁੰਦਾ ਹੈ ਕਿ ਅਸੀਂ ਭੁੱਲ ਜਾਈਏ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਤੇ ਖ਼ਬਰਦਾਰ ਨਾ ਰਹੀਏ। ਆਪਣੇ ਨਾਲ ਕਦੀ ਨਾ ਇੱਦਾਂ ਹੋਣ ਦਿਓ! ਇਸ ਦੀ ਬਜਾਇ, “ਖ਼ਬਰਦਾਰ ਰਹੋ।” (ਮੱਤੀ 24:42) ਸ਼ੈਤਾਨ ਦੇ ਇਸ ਝੂਠ ਨੂੰ ਕਦੀ ਸੱਚ ਨਾ ਮੰਨੋ ਕਿ ਅੰਤ ਤਾਂ ਹਾਲੇ ਬਹੁਤ ਦੂਰ ਹੈ ਜਾਂ ਇਹ ਕਦੀ ਆਵੇਗਾ ਹੀ ਨਹੀਂ।
(ਮੱਤੀ 16:24) ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਤਸੀਹੇ ਦੀ ਸੂਲ਼ੀ ਚੁੱਕ ਕੇ ਹਮੇਸ਼ਾ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।
‘ਤੁਸੀਂ ਜਾ ਕੇ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
9 ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਕੀ-ਕੀ ਸ਼ਾਮਲ ਹੈ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [ਯਾਨੀ ਤਸੀਹੇ ਦੀ ਸੂਲੀ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਇੱਥੇ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਾਨੂੰ ਕਰਨੀਆਂ ਚਾਹੀਦੀਆਂ ਹਨ। ਪਹਿਲੀ, ਸਾਨੂੰ “ਆਪਣੇ ਆਪ ਦਾ ਇਨਕਾਰ” ਕਰਨਾ ਚਾਹੀਦਾ ਹੈ। ਕਹਿਣ ਦਾ ਭਾਵ ਸਾਨੂੰ ਆਪਣੀਆਂ ਖ਼ੁਦਗਰਜ਼ ਤੇ ਪਾਪੀ ਇੱਛਾਵਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸਲਾਹ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਦੂਜੀ, ਅਸੀਂ ਤਸੀਹੇ ਦੀ ਸੂਲੀ ਚੁੱਕਦੇ ਹਾਂ। ਯਿਸੂ ਦੇ ਜ਼ਮਾਨੇ ਵਿਚ ਸੂਲੀ ਉੱਤੇ ਟੰਗੇ ਜਾਣ ਦਾ ਮਤਲਬ ਸੀ ਕਸ਼ਟ ਤੇ ਬਦਨਾਮੀ ਸਹਿਣੀ। ਅੱਜ ਅਸੀਂ ਵੀ ਮਸੀਹੀ ਹੋਣ ਦੇ ਨਾਤੇ ਖ਼ੁਸ਼ ਖ਼ਬਰੀ ਦੀ ਖ਼ਾਤਰ ਦੁੱਖ ਸਹਿਣ ਨੂੰ ਤਿਆਰ ਹਾਂ। (2 ਤਿਮੋਥਿਉਸ 1:8) ਭਾਵੇਂ ਲੋਕ ਸਾਡਾ ਮਜ਼ਾਕ ਉਡਾਉਣ ਤੇ ਸਾਨੂੰ ਬੁਰਾ-ਭਲਾ ਕਹਿਣ, ਫਿਰ ਵੀ ਅਸੀਂ “ਸ਼ਰਮਿੰਦਗੀ ਦੀ ਕੋਈ ਪਰਵਾਹ ਨਾ” ਕਰਦੇ ਹੋਏ ਖ਼ੁਸ਼ੀ-ਖ਼ੁਸ਼ੀ ਹਰ ਦੁੱਖ ਸਹਿੰਦੇ ਹਾਂ। ਸਾਨੂੰ ਮਾਣ ਹੈ ਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਾਂ। (ਇਬਰਾਨੀਆਂ 12:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤੀਜੀ, ਅਸੀਂ ਸਦਾ ‘ਯਿਸੂ ਦੇ ਪਿੱਛੇ ਚੱਲਦੇ ਹਾਂ।’—ਜ਼ਬੂਰਾਂ ਦੀ ਪੋਥੀ 73:26; 119:44; 145:2.
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 16:18) ਨਾਲੇ ਮੈਂ ਤੈਨੂੰ ਕਹਿੰਦਾ ਹਾਂ: ਤੂੰ ਪਤਰਸ ਹੈਂ, ਅਤੇ ਇਸ ਚਟਾਨ ʼਤੇ ਮੈਂ ਆਪਣੀ ਮੰਡਲੀ ਬਣਾਵਾਂਗਾ ਅਤੇ ਉਸ ʼਤੇ ਮੌਤ ਦਾ ਵੀ ਕੋਈ ਵੱਸ ਨਾ ਚੱਲੇਗਾ।
nwtsty ਵਿੱਚੋਂ ਮੱਤੀ 16:18 ਲਈ ਖ਼ਾਸ ਜਾਣਕਾਰੀ
ਤੂੰ ਪਤਰਸ ਹੈਂ, ਅਤੇ ਇਸ ਚਟਾਨ ʼਤੇ: ਯੂਨਾਨੀ ਸ਼ਬਦ ਪੈਤਰੋਸ ਦਾ ਮਤਲਬ ਹੈ, “ਚਟਾਨ ਦਾ ਟੁਕੜਾ; ਪੱਥਰ।” ਇੱਥੇ ਪੈਤਰੋਸ ਕਿਸੇ ਵਿਅਕਤੀ ਦੇ ਨਾਮ (ਪਤਰਸ) ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਇਹ ਯਿਸੂ ਵੱਲੋਂ ਸ਼ਮਊਨ ਨੂੰ ਦਿੱਤਾ ਯੂਨਾਨੀ ਨਾਮ ਹੈ। (ਯੂਹੰ 1:42) ਪੈਤਰਾ ਸ਼ਬਦ ਦਾ ਮਤਲਬ ਹੈ, “ਚਟਾਨ” ਅਤੇ ਇਹ ਡੂੰਘਾਈ ਵਿਚ ਪਈ ਚਟਾਨ ਨੂੰ ਟਿੱਲੇ ਨੂੰ ਅਤੇ ਪਥਰੀਲੀ ਚਟਾਨ ਜਾਂ ਚਟਾਨ ਦੇ ਢੇਰ ਨੂੰ ਵੀ ਦਰਸਾ ਸਕਦਾ ਹੈ। ਇਹ ਯੂਨਾਨੀ ਸ਼ਬਦ ਮੱਤੀ 7:24, 25; 27:60; ਲੂਕਾ 6:48; 8:6; ਰੋਮੀ 9:33; 1 ਕੁਰਿੰ 10:4; 1 ਪਤ 2:8 ਵਿਚ ਵੀ ਪਾਇਆ ਜਾਂਦਾ ਹੈ। ਪਤਰਸ ਆਪਣੇ ਆਪ ਨੂੰ ਉਸ ਚਟਾਨ ਵਜੋਂ ਨਹੀਂ ਦੇਖਦਾ ਸੀ ਜਿਸ ਉੱਤੇ ਯਿਸੂ ਨੇ ਮੰਡਲੀ ਬਣਾਉਣੀ ਸੀ ਕਿਉਂਕਿ 1 ਪਤ 2:4-8 ਵਿਚ ਪਤਰਸ ਨੇ ਲਿਖਿਆ ਸੀ ਕਿ ਯਿਸੂ ਪਹਿਲਾਂ ਤੋਂ ਦੱਸਿਆ ਗਿਆ “ਨੀਂਹ ਦੇ ਕੋਨੇ ਦਾ ਪੱਥਰ” ਹੈ ਜਿਸ ਨੂੰ ਪਰਮੇਸ਼ੁਰ ਨੇ ਆਪ ਚੁਣਿਆ ਸੀ। ਇਸੇ ਤਰ੍ਹਾਂ ਪੌਲੁਸ ਰਸੂਲ ਨੇ ਵੀ ਯਿਸੂ ਨੂੰ “ਨੀਂਹ” ਅਤੇ “ਪਰਮੇਸ਼ੁਰ ਵੱਲੋਂ ਦਿੱਤੀ ਗਈ ਚਟਾਨ” ਕਿਹਾ ਸੀ। (1 ਕੁਰਿੰ 3:11; 10:4) ਯਿਸੂ ਅਸਲ ਵਿਚ ਇਹ ਕਹਿਣਾ ਚਾਹੁੰਦਾ ਸੀ ‘ਤੂੰ, ਪਤਰਸ ਯਾਨੀ ਚਟਾਨ ਦਾ ਟੁਕੜਾ, ਮਸੀਹ ਯਾਨੀ “ਇਸ ਚਟਾਨ” ਦੀ ਅਸਲੀ ਪਛਾਣ ਨੂੰ ਸਮਝਿਆ ਹੈ ਜੋ ਮਸੀਹੀ ਮੰਡਲੀ ਦੀ ਨੀਂਹ ਹੋਵੇਗਾ।’
ਮੰਡਲੀ: ਇੱਥੇ ਯੂਨਾਨੀ ਸ਼ਬਦ ਇਕਲੀਸੀਆ ਪਹਿਲੀ ਵਾਰ ਆਉਂਦਾ ਹੈ। ਇਹ ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ, ਇਕ ਦਾ ਮਤਲਬ “ਬਾਹਰ” ਅਤੇ ਕਾਲੀਓ ਦਾ ਮਤਲਬ “ਬੁਲਾਉਣਾ।” ਇਕਲੀਸੀਆ ਲੋਕਾਂ ਦੇ ਸਮੂਹ ਨੂੰ ਦਰਸਾਉਂਦਾ ਹੈ ਜੋ ਕਿਸੇ ਖ਼ਾਸ ਮਕਸਦ ਜਾਂ ਕੰਮ ਲਈ ਇਕੱਠੇ ਹੁੰਦੇ ਹਨ। (ਸ਼ਬਦਾਂ ਦਾ ਅਰਥ ਦੇਖੋ।) ਇੱਥੇ ਯਿਸੂ ਨੇ ਮਸੀਹੀ ਮੰਡਲੀ ਦੇ ਬਣਨ ਬਾਰੇ ਭਵਿੱਖਬਾਣੀ ਕੀਤੀ ਸੀ। ਇਹ ਮੰਡਲੀ ਚੁਣੇ ਹੋਏ ਮਸੀਹੀਆਂ ਦੀ ਬਣੀ ਸੀ ਜੋ ‘ਜੀਉਂਦੇ ਪੱਥਰਾਂ’ ਵਜੋਂ “ਪਵਿੱਤਰ ਸ਼ਕਤੀ ਰਾਹੀਂ ਬਣਾਏ ਜਾ ਰਹੇ ਘਰ ਵਿਚ ਲਾਇਆ ਜਾ ਰਿਹਾ ਹੈ।” (1 ਪਤ 2:4, 5) ਇਹ ਯੂਨਾਨੀ ਸ਼ਬਦ ਸੈਪਟੁਜਿੰਟ ਵਿਚ ਬਹੁਤ ਵਾਰ ਆਉਂਦਾ ਹੈ ਜੋ ਉਸ ਇਬਰਾਨੀ ਸ਼ਬਦ ਦੇ ਬਰਾਬਰ ਹੈ ਜਿਸ ਦਾ ਮਤਲਬ “ਸਭਾ” ਹੈ, ਜੋ ਅਕਸਰ ਪਰਮੇਸ਼ੁਰ ਦੇ ਲੋਕਾਂ ਦੀ ਪੂਰੀ ਕੌਮ ਨੂੰ ਦਰਸਾਉਂਦਾ ਹੈ। (ਬਿਵ 23:3; 31:30) ਜਿਨ੍ਹਾਂ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢਿਆ ਗਿਆ ਸੀ, ਉਨ੍ਹਾਂ ਨੂੰ ਰਸੂ 7:38 ਵਿਚ ‘ਇਜ਼ਰਾਈਲ ਦੇ ਲੋਕ’ ਕਿਹਾ ਗਿਆ ਹੈ। ਇਸੇ ਤਰ੍ਹਾਂ ਜਿਹੜੇ ਮਸੀਹੀਆਂ ਨੂੰ “ਹਨੇਰੇ ਵਿੱਚੋਂ ਕੱਢ ਕੇ” ਲਿਆਂਦਾ ਗਿਆ ਹੈ ਅਤੇ “ਦੁਨੀਆਂ ਵਿੱਚੋਂ ਚੁਣ ਲਿਆ” ਗਿਆ ਹੈ, ਉਹ “ਪਰਮੇਸ਼ੁਰ ਦੀ ਮੰਡਲੀ” ਦਾ ਹਿੱਸਾ ਬਣਦੇ ਹਨ।—1 ਪਤ 2:9; ਯੂਹੰ 15:19; 1 ਕੁਰਿੰ 1:2.
(ਮੱਤੀ 16:19) ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ; ਅਤੇ ਤੂੰ ਧਰਤੀ ʼਤੇ ਜੋ ਬੰਨ੍ਹੇਂਗਾ, ਉਹ ਸਵਰਗ ਵਿਚ ਬੰਨ੍ਹਿਆ ਹੋਇਆ ਹੈ ਅਤੇ ਤੂੰ ਧਰਤੀ ʼਤੇ ਜੋ ਖੋਲ੍ਹੇਂਗਾ, ਉਹ ਸਵਰਗ ਵਿਚ ਖੋਲ੍ਹਿਆ ਹੋਇਆ ਹੈ।”
nwtsty ਵਿੱਚੋਂ ਮੱਤੀ 16:19 ਲਈ ਖ਼ਾਸ ਜਾਣਕਾਰੀ
ਸਵਰਗ ਦੇ ਰਾਜ ਦੀਆਂ ਚਾਬੀਆਂ: ਬਾਈਬਲ ਵਿਚ ਜਿਨ੍ਹਾਂ ਲੋਕਾਂ ਨੂੰ ਚਾਬੀਆਂ ਦਿੱਤੀਆਂ ਗਈਆਂ ਜਾਂ ਦੇਣ ਬਾਰੇ ਕਿਹਾ ਗਿਆ ਹੈ, ਉਨ੍ਹਾਂ ਨੂੰ ਕਿਸੇ-ਨ-ਕਿਸੇ ਤਰੀਕੇ ਨਾਲ ਅਧਿਕਾਰ ਦਿੱਤਾ ਜਾਂਦਾ ਸੀ। (1 ਇਤ 9:26, 27; ਯਸਾ 22:20-22) ਇਸ ਕਰਕੇ “ਚਾਬੀ” ਸ਼ਬਦ ਅਧਿਕਾਰ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ। ਪਤਰਸ ਨੇ ਉਸ ਨੂੰ ਦਿੱਤੀਆਂ ਚਾਬੀਆਂ ਦਾ ਇਸਤੇਮਾਲ ਕਰਕੇ ਯਹੂਦੀਆਂ (ਰਸੂ 2:22-41), ਸਾਮਰੀਆਂ (ਰਸੂ 8:14-17) ਅਤੇ ਪਰਾਈਆਂ ਕੌਮਾਂ (ਰਸੂ 10:34-38) ਦੇ ਲੋਕਾਂ ਨੂੰ ਮੌਕਾ ਦਿੱਤਾ ਤਾਂਕਿ ਉਹ ਪਰਮੇਸ਼ੁਰ ਦੀ ਸ਼ਕਤੀ ਹਾਸਲ ਕਰਕੇ ਸਵਰਗੀ ਰਾਜ ਵਿਚ ਸ਼ਾਮਲ ਹੋ ਸਕਣ।
ਬਾਈਬਲ ਪੜ੍ਹਾਈ
(ਮੱਤੀ 16:1-20) ਫਿਰ ਫ਼ਰੀਸੀ ਤੇ ਸਦੂਕੀ ਉਸ ਕੋਲ ਆਏ ਅਤੇ ਉਸ ਨੂੰ ਪਰਖਣ ਲਈ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ। 2 ਉਸ ਨੇ ਉਨ੍ਹਾਂ ਨੂੰ ਕਿਹਾ: “[ਜਦੋਂ ਸ਼ਾਮ ਪੈ ਜਾਂਦੀ ਹੈ, ਤਾਂ ਤੁਸੀਂ ਆਮ ਤੌਰ ਤੇ ਕਹਿੰਦੇ ਹੋ, ‘ਮੌਸਮ ਸੋਹਣਾ ਹੋਵੇਗਾ ਕਿਉਂਕਿ ਆਸਮਾਨ ਗੂੜ੍ਹਾ ਲਾਲ ਹੈ,’ 3 ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਮੌਸਮ ਠੰਢਾ ਹੋਵੇਗਾ ਤੇ ਮੀਂਹ ਪਵੇਗਾ ਕਿਉਂਕਿ ਭਾਵੇਂ ਆਸਮਾਨ ਗੂੜ੍ਹਾ ਲਾਲ ਹੈ ਪਰ ਬੱਦਲ ਛਾਏ ਹੋਏ ਹਨ।’ ਤੁਸੀਂ ਆਸਮਾਨ ਨੂੰ ਦੇਖ ਕੇ ਮੌਸਮ ਦਾ ਹਾਲ ਤਾਂ ਦੱਸ ਸਕਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਨਹੀਂ ਸਮਝਦੇ, ਇਹ ਵੀ ਤਾਂ ਨਿਸ਼ਾਨੀਆਂ ਹਨ। 4 ਇਹ ਦੁਸ਼ਟ ਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਦੀ ਤਾਕ ਵਿਚ ਰਹਿੰਦੀ ਹੈ, ਪਰ ਇਸ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਤੋਂ ਸਿਵਾਇ ਹੋਰ ਕੋਈ ਨਿਸ਼ਾਨੀ ਨਹੀਂ ਦਿੱਤੀ ਜਾਵੇਗੀ।” ਇਹ ਕਹਿ ਕੇ ਉਹ ਉਨ੍ਹਾਂ ਨੂੰ ਛੱਡ ਕੇ ਉੱਥੋਂ ਚਲਾ ਗਿਆ। 5 ਹੁਣ ਚੇਲੇ ਝੀਲ ਦੇ ਦੂਸਰੇ ਪਾਸੇ ਚਲੇ ਗਏ, ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ। 6 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਖ਼ਬਰਦਾਰ ਰਹੋ ਅਤੇ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹੋ।” 7 ਸੋ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਉਸ ਨੇ ਸ਼ਾਇਦ ਇਸ ਕਰਕੇ ਇਹ ਕਿਹਾ ਕਿਉਂਕਿ ਅਸੀਂ ਆਪਣੇ ਨਾਲ ਰੋਟੀਆਂ ਨਹੀਂ ਲਿਆਂਦੀਆਂ।” 8 ਇਹ ਜਾਣਦੇ ਹੋਏ ਕਿ ਉਹ ਕੀ ਗੱਲ ਕਰ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਆਪਸ ਵਿਚ ਇਹ ਗੱਲ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? 9 ਕੀ ਤੁਸੀਂ ਅਜੇ ਵੀ ਨਹੀਂ ਸਮਝੇ, ਜਾਂ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਪੰਜ ਰੋਟੀਆਂ 5,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ? 10 ਤੇ ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ? 11 ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਰੋਟੀਆਂ ਦੀ ਗੱਲ ਨਹੀਂ ਕਰ ਰਿਹਾਂ? ਮੈਂ ਤਾਂ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹਿਣ ਦੀ ਗੱਲ ਕਰ ਰਿਹਾਂ।” 12 ਫਿਰ ਉਹ ਸਮਝ ਗਏ ਕਿ ਉਸ ਨੇ ਰੋਟੀਆਂ ਦੇ ਖਮੀਰ ਤੋਂ ਨਹੀਂ, ਬਲਕਿ ਫ਼ਰੀਸੀਆਂ ਤੇ ਸਦੂਕੀਆਂ ਦੀਆਂ ਸਿੱਖਿਆਵਾਂ ਤੋਂ ਬਚ ਕੇ ਰਹਿਣ ਲਈ ਕਿਹਾ ਸੀ। 13 ਹੁਣ ਜਦ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿਚ ਆਏ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮਨੁੱਖ ਦਾ ਪੁੱਤਰ ਕੌਣ ਹੈ?” 14 ਉਨ੍ਹਾਂ ਨੇ ਕਿਹਾ: “ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ, ਕੁਝ ਕਹਿੰਦੇ ਹਨ ਏਲੀਯਾਹ ਨਬੀ, ਤੇ ਕਈ ਕਹਿੰਦੇ ਹਨ ਯਿਰਮਿਯਾਹ ਨਬੀ ਜਾਂ ਨਬੀਆਂ ਵਿੱਚੋਂ ਕੋਈ ਨਬੀ।” 15 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਖ਼ਿਆਲ ਵਿਚ ਮੈਂ ਕੌਣ ਹਾਂ?” 16 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਤੂੰ ਮਸੀਹ ਹੈਂ, ਜੀਉਂਦੇ ਪਰਮੇਸ਼ੁਰ ਦਾ ਪੁੱਤਰ।” 17 ਤੇ ਯਿਸੂ ਨੇ ਉਸ ਨੂੰ ਕਿਹਾ: “ਖ਼ੁਸ਼ ਹੈ ਤੂੰ ਯੂਨਾਹ ਦੇ ਪੁੱਤਰ ਸ਼ਮਊਨ, ਕਿਉਂਕਿ ਇਹ ਗੱਲ ਕਿਸੇ ਇਨਸਾਨ ਨੇ ਨਹੀਂ ਬਲਕਿ ਮੇਰੇ ਸਵਰਗੀ ਪਿਤਾ ਨੇ ਤੇਰੇ ʼਤੇ ਪ੍ਰਗਟ ਕੀਤੀ ਹੈ। 18 ਨਾਲੇ ਮੈਂ ਤੈਨੂੰ ਕਹਿੰਦਾ ਹਾਂ: ਤੂੰ ਪਤਰਸ ਹੈਂ, ਅਤੇ ਇਸ ਚਟਾਨ ʼਤੇ ਮੈਂ ਆਪਣੀ ਮੰਡਲੀ ਬਣਾਵਾਂਗਾ ਅਤੇ ਉਸ ʼਤੇ ਮੌਤ ਦਾ ਵੀ ਕੋਈ ਵੱਸ ਨਾ ਚੱਲੇਗਾ। 19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ; ਅਤੇ ਤੂੰ ਧਰਤੀ ʼਤੇ ਜੋ ਬੰਨ੍ਹੇਂਗਾ, ਉਹ ਸਵਰਗ ਵਿਚ ਬੰਨ੍ਹਿਆ ਹੋਇਆ ਹੈ ਅਤੇ ਤੂੰ ਧਰਤੀ ʼਤੇ ਜੋ ਖੋਲ੍ਹੇਂਗਾ, ਉਹ ਸਵਰਗ ਵਿਚ ਖੋਲ੍ਹਿਆ ਹੋਇਆ ਹੈ।” 20 ਫਿਰ ਉਸ ਨੇ ਚੇਲਿਆਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ।
26 ਫਰਵਰੀ–4 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 18-19
“ਖ਼ੁਦ ਨੂੰ ਅਤੇ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਬਚੋ”
(ਮੱਤੀ 18:6, 7) ਪਰ ਜੇ ਕੋਈ ਇਨਸਾਨ ਮੇਰੇ ਉੱਤੇ ਨਿਹਚਾ ਕਰਨ ਵਾਲੇ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਦੀ ਨਿਹਚਾ ਨੂੰ ਖ਼ਤਮ ਕਰ ਦਿੰਦਾ ਹੈ, ਤਾਂ ਉਸ ਇਨਸਾਨ ਲਈ ਚੰਗਾ ਹੋਵੇਗਾ ਕਿ ਉਸ ਦੇ ਗਲ਼ ਵਿਚ ਚੱਕੀ ਦਾ ਪੁੜ ਪਾ ਕੇ ਡੂੰਘੇ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ। 7 “ਇਸ ਦੁਨੀਆਂ ਦਾ ਹਾਲ ਬਹੁਤ ਬੁਰਾ ਹੋਵੇਗਾ ਕਿਉਂਕਿ ਇਹ ਨਿਹਚਾ ਦੇ ਰਾਹ ਵਿਚ ਰੁਕਾਵਟਾਂ ਪਾਉਂਦੀ ਹੈ। ਰੁਕਾਵਟਾਂ ਤਾਂ ਆਉਣੀਆਂ ਹੀ ਹਨ, ਪਰ ਅਫ਼ਸੋਸ ਉਸ ਇਨਸਾਨ ਉੱਤੇ ਜੋ ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦਾ ਹੈ!
nwtsty ਵਿੱਚੋਂ ਮੱਤੀ 18:6, 7 ਲਈ ਖ਼ਾਸ ਜਾਣਕਾਰੀ
ਚੱਕੀ ਦਾ ਪੁੜ ਜਿਹੜਾ ਗਧਾ ਖਿੱਚਦਾ ਹੈ: ਜਾਂ “ਇਕ ਵੱਡਾ ਚੱਕੀ ਦਾ ਪੁੜ” ਜਿਸ ਦਾ ਸ਼ਾਬਦਿਕ ਅਰਥ ਹੈ, “ਗਧੇ ਦੀ ਚੱਕੀ ਦਾ ਪੁੜ।” ਇਸ ਤਰ੍ਹਾਂ ਦੇ ਚੱਕੀ ਦੇ ਪੁੜ ਦਾ ਵਿਆਸ ਸ਼ਾਇਦ 4-5 ਫੁੱਟ (1.2-1.5 ਮੀ) ਹੁੰਦਾ ਸੀ। ਇਹ ਇੰਨਾ ਭਾਰਾ ਹੁੰਦਾ ਸੀ ਕਿ ਇਸ ਨੂੰ ਗਧਾ ਖਿੱਚਦਾ ਸੀ।
ਰਾਹ ਵਿਚ ਰੁਕਾਵਟਾਂ: ਯੂਨਾਨੀ ਸ਼ਬਦ ਸਕੈਨਡਾਲੋਨ ਦਾ ਮਤਲਬ ਹੈ, “ਰਾਹ ਵਿਚ ਰੁਕਾਵਟਾਂ। ਇਸ ਨੂੰ ਫੰਦਾ ਵੀ ਕਿਹਾ ਜਾ ਸਕਦਾ ਹੈ। ਕਈ ਕਹਿੰਦੇ ਹਨ ਕਿ ਫੰਦੇ ਦੇ ਵਿਚ ਸੋਟੀ ਉੱਤੇ ਚਾਰਾ ਲਾਇਆ ਜਾਂਦਾ ਸੀ। ਬਾਅਦ ਵਿਚ ਇਹ ਹਰ ਉਸ ਰੁਕਾਵਟ ਨੂੰ ਦਰਸਾਉਣ ਲੱਗਾ ਜਿਸ ਕਰਕੇ ਕੋਈ ਠੋਕਰ ਖਾ ਸਕਦਾ ਹੈ ਜਾਂ ਡਿੱਗ ਸਕਦਾ ਹੈ। ਇਹ ਉਸ ਕੰਮ ਜਾਂ ਹਾਲਾਤ ਨੂੰ ਦਰਸਾਉਂਦਾ ਹੈ ਜਿਸ ਕਰਕੇ ਕੋਈ ਵਿਅਕਤੀ ਗ਼ਲਤ ਰਸਤੇ ਤੇ ਪੈ ਜਾਂਦਾ ਹੈ, ਕੋਈ ਅਨੈਤਿਕ ਕੰਮ ਕਰ ਬੈਠਦਾ ਜਾਂ ਪਾਪ ਕਰ ਬੈਠਦਾ ਹੈ। ਮੱਤੀ 18:8, 9 ਵਿਚ ਇਸ ਨਾਲ ਮਿਲਦੀ ਕਿਰਿਆ ਸਕੈਨਡਾਲੀਜ਼ੋ ਦਾ ਅਨੁਵਾਦ “ਪਾਪ ਕਰਾਉਣਾ” ਕੀਤਾ ਗਿਆ ਹੈ। ਇਸ ਦਾ ਮਤਲਬ “ਫੰਦਾ ਬਣ ਜਾਣਾ ਅਤੇ ਪਾਪ ਦਾ ਕਾਰਨ ਬਣ ਜਾਣਾ” ਵੀ ਹੋ ਸਕਦਾ ਹੈ।
nwtsty ਵਿੱਚੋਂ ਤਸਵੀਰਾਂ
ਚੱਕੀ ਦਾ ਪੁੜ
ਚੱਕੀ ਦੇ ਪੁੜ ਦੀ ਵਰਤੋਂ ਦਾਣੇ ਪੀਹਣ ਅਤੇ ਜ਼ੈਤੂਨ ਦਾ ਤੇਲ ਕੱਢਣ ਲਈ ਕੀਤੀ ਜਾਂਦੀ ਸੀ। ਕੁਝ ਪੁੜ ਇੰਨੇ ਛੋਟੇ ਹੁੰਦੇ ਸਨ ਕਿ ਇਹ ਹੱਥ ਨਾਲ ਘੁਮਾਏ ਜਾ ਸਕਦੇ ਸਨ। ਪਰ ਕੁਝ ਬਹੁਤ ਵੱਡੇ ਹੁੰਦੇ ਸਨ ਜੋ ਕਿਸੇ ਜਾਨਵਰ ਦੁਆਰਾ ਹੀ ਘੁਮਾਏ ਜਾਂਦੇ ਸਨ। ਸ਼ਾਇਦ ਇਸੇ ਤਰ੍ਹਾਂ ਦਾ ਵੱਡਾ ਚੱਕੀ ਦਾ ਪੁੜ ਸਮਸੂਨ ਫਲਿਸਤੀਆਂ ਲਈ ਘੁਮਾਉਂਦਾ ਸੀ। (ਨਿਆ 16:21) ਜਾਨਵਰਾਂ ਦੁਆਰਾ ਚਲਾਈ ਜਾਂਦੀ ਚੱਕੀ ਸਿਰਫ਼ ਇਜ਼ਰਾਈਲ ਵਿਚ ਹੀ ਨਹੀਂ, ਸਗੋਂ ਪੂਰੇ ਰੋਮੀ ਸਾਮਰਾਜ ਵਿਚ ਆਮ ਵਰਤੀ ਜਾਂਦੀ ਸੀ।
ਚੱਕੀ ਦਾ ਉਪਰਲਾ ਅਤੇ ਹੇਠਲਾ ਪੁੜ
ਇੱਥੇ ਦਿਖਾਇਆ ਗਿਆ ਵੱਡਾ ਚੱਕੀ ਦਾ ਪੁੜ ਕਿਸੇ ਘਰੇਲੂ ਜਾਨਵਰ ਦੁਆਰਾ ਘੁਮਾਇਆ ਜਾਂਦਾ ਸੀ, ਜਿਵੇਂ ਗਧਾ। ਇਸ ਨੂੰ ਦਾਣੇ ਪੀਹਣ ਅਤੇ ਜ਼ੈਤੂਨ ਵਿੱਚੋਂ ਤੇਲ ਕੱਢਣ ਲਈ ਵਰਤਿਆ ਜਾਂਦਾ ਸੀ। ਉੱਪਰਲੇ ਪੁੜ ਦਾ ਵਿਆਸ ਲਗਭਗ 5 ਫੁੱਟ (1.5 ਮੀ) ਸੀ ਅਤੇ ਇਹ ਇਸ ਤੋਂ ਵੀ ਵੱਡੇ ਪੱਥਰ ਉੱਤੇ ਘੁਮਾਇਆ ਜਾਂਦਾ ਸੀ।
(ਮੱਤੀ 18:8, 9) ਜੇ ਤੇਰਾ ਹੱਥ ਜਾਂ ਪੈਰ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਵੱਢ ਸੁੱਟ; ਤੇਰੇ ਲਈ ਇਹ ਚੰਗਾ ਹੈ ਕਿ ਤੂੰ ਟੁੰਡਾ ਜਾਂ ਲੰਗੜਾ ਹੋ ਕੇ ਜੀਉਂਦਾ ਰਹੇਂ, ਇਸ ਦੀ ਬਜਾਇ ਕਿ ਦੋਵੇਂ ਹੱਥਾਂ ਜਾਂ ਪੈਰਾਂ ਦੇ ਹੁੰਦੇ ਹੋਏ ਉਸ ਜਗ੍ਹਾ ਜਾਵੇਂ ਜਿੱਥੇ ਅੱਗ ਕਦੇ ਨਹੀਂ ਬੁਝਦੀ। 9 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਕੱਢ ਸੁੱਟ; ਤੇਰੇ ਲਈ ਕਾਣਾ ਹੋ ਕੇ ਜੀਉਂਦਾ ਰਹਿਣਾ ਇਸ ਨਾਲੋਂ ਚੰਗਾ ਹੈ ਕਿ ਦੋਵੇਂ ਅੱਖਾਂ ਹੁੰਦੇ ਹੋਏ ਤੂੰ ‘ਗ਼ਹੈਨਾ’ ਦੀ ਅੱਗ ਵਿਚ ਸੁੱਟਿਆ ਜਾਵੇਂ।
nwtsty ਵਿੱਚੋਂ ਮੱਤੀ 18:9 ਲਈ ਖ਼ਾਸ ਜਾਣਕਾਰੀ
ਗ਼ਹੈਨਾ: ਇਹ ਸ਼ਬਦ ਇਬਰਾਨੀ ਸ਼ਬਦਾਂ ਗ਼ੇਹ ਹਿੰਨੋਮ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ, “ਹਿੰਨੋਮ ਦੀ ਵਾਦੀ” ਜੋ ਪੁਰਾਣੇ ਯਰੂਸ਼ਲਮ ਦੇ ਪੱਛਮ ਅਤੇ ਦੱਖਣ ਵਿਚ ਪੈਂਦੀ ਸੀ। (ਅਪੈਂਡਿਕਸ B12 ਦੇਖੋ, ਨਕਸ਼ਾ “ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ।”) ਯਿਸੂ ਦੇ ਦਿਨਾਂ ਤਕ ਇਹ ਵਾਦੀ ਕੂੜਾ-ਕਰਕਟ ਸਾੜਨ ਦੀ ਥਾਂ ਬਣ ਚੁੱਕੀ ਸੀ। ਇਸ ਕਰਕੇ “ਗ਼ਹੈਨਾ” ਸ਼ਬਦ ਪੂਰੀ ਤਰ੍ਹਾਂ ਨਾਸ਼ ਨੂੰ ਦਰਸਾਉਣ ਲਈ ਬਿਲਕੁਲ ਢੁਕਵਾਂ ਸੀ।
nwtsty ਸ਼ਬਦਾਂ ਦਾ ਅਰਥ
ਗ਼ਹੈਨਾ
ਇਹ ਹਿੰਨੋਮ ਦੀ ਵਾਦੀ ਦਾ ਯੂਨਾਨੀ ਨਾਮ ਹੈ ਜੋ ਪੁਰਾਣੇ ਯਰੂਸ਼ਲਮ ਦੇ ਦੱਖਣ-ਪੱਛਮ ਵਿਚ ਸੀ। (ਯਿਰ 7:31) ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸ ਜਗ੍ਹਾ ਵਿਚ ਲਾਸ਼ਾਂ ਸੁੱਟੀਆਂ ਜਾਣਗੀਆਂ। (ਯਿਰ 7:32; 19:6) ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਗ਼ਹੈਨਾ ਵਿਚ ਜਾਨਵਰਾਂ ਜਾਂ ਇਨਸਾਨਾਂ ਨੂੰ ਜਿੰਦਾ ਜਲਾਇਆ ਜਾਂ ਤੜਫ਼ਾਇਆ ਗਿਆ ਸੀ। ਇਸ ਲਈ ਇਹ ਜਗ੍ਹਾ ਉਸ ਜਗ੍ਹਾ ਨੂੰ ਨਹੀਂ ਦਰਸਾਉਂਦੀ ਜਿੱਥੇ ਇਨਸਾਨਾਂ ਨੂੰ ਮਰਨ ਤੋਂ ਬਾਅਦ ਤੜਫ਼ਾਇਆ ਜਾਂਦਾ ਹੈ ਜਾਂ ਸੱਚ-ਮੁੱਚ ਅੱਗ ਵਿਚ ਜਲਾਇਆ ਜਾਂਦਾ ਹੈ। ਇਸ ਦੀ ਬਜਾਇ, ਯਿਸੂ ਅਤੇ ਉਸ ਦੇ ਚੇਲਿਆਂ ਨੇ ਗ਼ਹੈਨਾ ਸ਼ਬਦ ਦਾ ਇਸਤੇਮਾਲ ਦੂਸਰੀ ਮੌਤ ਯਾਨੀ ਹਮੇਸ਼ਾ-ਹਮੇਸ਼ਾ ਦੇ ਨਾਸ਼ ਨੂੰ ਦਰਸਾਉਣ ਲਈ ਕੀਤਾ।—ਪ੍ਰਕਾ 20:14; ਮੱਤੀ 5:22; 10:28.
(ਮੱਤੀ 18:10) ਧਿਆਨ ਰੱਖੋ ਕਿ ਤੁਸੀਂ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਸਮਝੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਵਰਗ ਵਿਚ ਇਨ੍ਹਾਂ ਦੇ ਦੂਤ ਹਮੇਸ਼ਾ ਮੇਰੇ ਸਵਰਗੀ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ।
nwtsty ਵਿੱਚੋਂ ਮੱਤੀ 18:10 ਲਈ ਖ਼ਾਸ ਜਾਣਕਾਰੀ
ਮੇਰੇ ਪਿਤਾ ਦੀ ਹਜ਼ੂਰੀ ਵਿਚ ਰਹਿੰਦੇ ਹਨ: ਜਾਂ “ਮੇਰੇ ਪਿਤਾ ਦੇ ਕੋਲ ਪਹੁੰਚ ਕਰੋ।” ਸਿਰਫ਼ ਸਵਰਗੀ ਦੂਤ ਹੀ ਪਿਤਾ ਦਾ ਚਿਹਰਾ ਦੇਖ ਸਕਦੇ ਹਨ ਕਿਉਂਕਿ ਉਹ ਪਿਤਾ ਦੀ ਹਜ਼ੂਰੀ ਵਿਚ ਜਾ ਸਕਦੇ ਹਨ।—ਕੂਚ 33:20.
ਕੀ ਫ਼ਰਿਸ਼ਤੇ ਸਾਡੇ ਵਿਚ ਦਿਲਚਸਪੀ ਲੈਂਦੇ ਹਨ?
ਯਿਸੂ ਨੇ ਕਿਹਾ ਕਿ ਪਰਮੇਸ਼ੁਰ ਨੇ ਆਪਣੇ ਦੂਤਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਉਸ ਦੇ ਭਗਤਾਂ ਦੀ ਨਿਹਚਾ ਮਜ਼ਬੂਤ ਕਰਨ। ਤਾਹੀਓਂ ਯਿਸੂ ਨੇ ਇਹ ਕਹਿੰਦਿਆਂ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਦੂਸਰਿਆਂ ਨੂੰ ਕਦੇ ਵੀ ਠੋਕਰ ਨਾ ਖੁਆਉਣ: “ਖ਼ਬਰਦਾਰ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।” (ਮੱਤੀ 18:10) ਕੀ ਯਿਸੂ ਦਾ ਇਹ ਮਤਲਬ ਸੀ ਕਿ ਉਸ ਦੇ ਹਰ ਸੇਵਕ ਦਾ ਆਪੋ-ਆਪਣਾ ਦੂਤ ਹੁੰਦਾ ਹੈ ਜੋ ਉਸ ਦੀ ਰੱਖਿਆ ਕਰਦਾ ਹੈ? ਅਸੀਂ ਪੱਕਾ ਨਹੀਂ ਕਹਿ ਸਕਦੇ। ਪਰ ਯਿਸੂ ਨੇ ਇੰਨਾ ਜ਼ਰੂਰ ਦੱਸਿਆ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਦੂਤ ਸੱਚੇ ਮਸੀਹੀਆਂ ਵਿਚ ਦਿਲਚਸਪੀ ਲੈਂਦੇ ਹਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 18:21, 22) ਫਿਰ ਪਤਰਸ ਨੇ ਉਸ ਨੂੰ ਪੁੱਛਿਆ: “ਪ੍ਰਭੂ, ਮੇਰਾ ਭਰਾ ਕਿੰਨੀ ਵਾਰ ਮੇਰੇ ਖ਼ਿਲਾਫ਼ ਪਾਪ ਕਰੇ ਕਿ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ?” 22 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ।
nwtsty ਵਿੱਚੋਂ ਮੱਤੀ 18:22 ਲਈ ਖ਼ਾਸ ਜਾਣਕਾਰੀ
77 ਵਾਰ: ਸ਼ਾਬਦਿਕ ਅਰਥ ਹੈ, ਸੱਤਰ ਦੇ ਸੱਤ ਵਾਰ। ਇਸ ਯੂਨਾਨੀ ਸ਼ਬਦ ਦਾ ਮਤਲਬ “70 ਅਤੇ 7” (77 ਵਾਰ) ਜਾਂ “70 ਗੁਣਾ 7” (490 ਵਾਰ) ਹੋ ਸਕਦਾ ਹੈ। ਇਹੀ ਸ਼ਬਦ ਸੈਪਟੁਜਿੰਟ ਅਨੁਵਾਦ ਵਿਚ ਉਤ 4:24 ਵਿਚ ਵਰਤੇ ਗਏ ਹਨ। ਇਸ ਵਿਚ ਇਬਰਾਨੀ ਸ਼ਬਦ “77 ਵਾਰ” ਯੂਨਾਨੀ ਸ਼ਬਦ “77 ਵਾਰ” ਨਾਲ ਮੇਲ ਖਾਂਦਾ ਹੈ। ਭਾਵੇਂ ਇਸ ਨੂੰ ਜਿਸ ਤਰ੍ਹਾਂ ਮਰਜ਼ੀ ਸਮਝਿਆ ਜਾਵੇ, ਪਰ ਅੰਕ ਸੱਤ ਦਾ ਦੁਹਰਾਇਆ ਜਾਣਾ “ਅਣਗਿਣਤ ਵਾਰ” ਨੂੰ ਦਰਸਾਉਂਦਾ ਹੈ। ਪਤਰਸ ਦੇ 7 ਵਾਰ ਕਹਿਣ ਤੋਂ ਬਾਅਦ ਯਿਸੂ ਦੇ 77 ਵਾਰ ਕਹਿਣ ਦਾ ਮਤਲਬ ਸੀ ਕਿ ਉਸ ਦੇ ਚੇਲਿਆਂ ਨੂੰ ਮਾਫ਼ ਕਰਨ ਦੀ ਕੋਈ ਹੱਦ ਤੈਅ ਨਹੀਂ ਕਰਨੀ ਚਾਹੀਦੀ। ਇਸ ਦੇ ਉਲਟ, ਬਾਬਲੀ ਤਾਲਮੂਦ (Yoma 86b) ਵਿਚ ਕਿਹਾ ਗਿਆ ਹੈ: “ਜੇ ਕੋਈ ਗ਼ਲਤੀ ਕਰਦਾ ਹੈ, ਤਾਂ ਉਸ ਨੂੰ ਪਹਿਲੀ, ਦੂਸਰੀ ਅਤੇ ਤੀਸਰੀ ਵਾਰ ਮਾਫ਼ ਕੀਤਾ ਜਾਣਾ ਚਾਹੀਦਾ ਹੈ, ਪਰ ਚੌਥੀ ਵਾਰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ।”
(ਮੱਤੀ 19:7) ਉਨ੍ਹਾਂ ਨੇ ਉਸ ਨੂੰ ਕਿਹਾ: “ਤਾਂ ਫਿਰ ਮੂਸਾ ਨੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕਨਾਮਾ ਲਿਖ ਕੇ ਛੱਡਣ ਦੀ ਇਜਾਜ਼ਤ ਕਿਉਂ ਦਿੱਤੀ ਸੀ?”
nwtsty ਵਿੱਚੋਂ ਮੱਤੀ 19:7 ਲਈ ਖ਼ਾਸ ਜਾਣਕਾਰੀ
ਤਲਾਕਨਾਮਾ: ਜਿਹੜਾ ਆਦਮੀ ਤਲਾਕ ਲੈਣਾ ਚਾਹੁੰਦਾ ਸੀ, ਉਸ ਲਈ ਜ਼ਰੂਰੀ ਸੀ ਕਿ ਉਹ ਕਾਨੂੰਨੀ ਦਸਤਾਵੇਜ਼ ਤਿਆਰ ਕਰੇ ਅਤੇ ਬਜ਼ੁਰਗਾਂ ਨਾਲ ਗੱਲ ਕਰੇ। ਇਸ ਕਾਨੂੰਨ ਕਰਕੇ ਉਸ ਨੂੰ ਇਸ ਗੰਭੀਰ ਫ਼ੈਸਲੇ ਬਾਰੇ ਦੁਬਾਰਾ ਸੋਚਣ ਦਾ ਸਮਾਂ ਮਿਲ ਜਾਂਦਾ ਸੀ। ਇਸ ਕਾਨੂੰਨ ਦਾ ਮਕਸਦ ਕਾਹਲੀ ਵਿਚ ਤਲਾਕ ਲੈਣ ਤੋਂ ਬਚਾਉਣਾ ਅਤੇ ਔਰਤਾਂ ਨੂੰ ਕਾਨੂੰਨੀ ਸੁਰੱਖਿਆ ਦੇਣਾ ਸੀ। (ਬਿਵ 24:1) ਪਰ ਯਿਸੂ ਦੇ ਦਿਨਾਂ ਵਿਚ ਧਾਰਮਿਕ ਆਗੂਆਂ ਨੇ ਤਲਾਕ ਲੈਣਾ ਸੌਖਾ ਕਰ ਦਿੱਤਾ ਸੀ। ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ, ਜੋ ਖ਼ੁਦ ਇਕ ਤਲਾਕਸ਼ੁਦਾ ਫ਼ਰੀਸੀ ਸੀ, ਨੇ ਕਿਹਾ ਕਿ ਤਲਾਕ “ਕਿਸੇ ਵੀ ਕਾਰਨ ਕਰਕੇ ਲਿਆ ਜਾ ਸਕਦਾ ਸੀ (ਅਤੇ ਇਸ ਤਰ੍ਹਾਂ ਕਈ ਆਦਮੀਆਂ ਨੇ ਕੀਤਾ ਸੀ)।”
nwtsty ਵਿੱਚੋਂ ਤਸਵੀਰਾਂ
ਤਲਾਕਨਾਮਾ
ਇਹ ਤਲਾਕਨਾਮਾ ਅਰਾਮੀ ਭਾਸ਼ਾ ਵਿਚ ਲਿਖਿਆ ਗਿਆ ਸੀ ਜਿਸ ਉੱਤੇ 71 ਜਾਂ 72 ਈ. ਦੀ ਤਾਰੀਖ਼ ਲਿਖੀ ਗਈ ਹੈ। ਇਹ ਤਲਾਕਨਾਮਾ ਯਹੂਦੀ ਉਜਾੜ ਵਿਚ ਪੈਂਦੀ ਮੁਰੱਬਤ ਵਾਦੀ ਨਾਂ ਦੀ ਸੁੱਕੀ ਨਦੀ ਦੇ ਉੱਤਰੀ ਹਿੱਸੇ ਵਿਚ ਮਿਲਿਆ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਯਹੂਦੀ ਬਗਾਵਤ ਦੇ ਛੇਵੇਂ ਵਰ੍ਹੇ ਵਿਚ ਨਕਸਾਨ ਦੇ ਪੁੱਤਰ ਯੂਸੁਫ਼ ਨੇ ਯੋਨਾਥਾਨ ਦੀ ਧੀ ਮਿਰਯਮ ਨੂੰ ਤਲਾਕ ਦਿੱਤਾ ਸੀ ਜੋ ਮਸਾਦਾ ਦੇ ਸ਼ਹਿਰ ਵਿਚ ਰਹਿ ਰਹੀ ਸੀ।
ਬਾਈਬਲ ਪੜ੍ਹਾਈ
(ਮੱਤੀ 18:18-35) “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੁਸੀਂ ਧਰਤੀ ਉੱਤੇ ਜੋ ਬੰਨ੍ਹੋਗੇ, ਉਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੈ, ਅਤੇ ਤੁਸੀਂ ਧਰਤੀ ਉੱਤੇ ਜੋ ਖੋਲ੍ਹੋਗੇ, ਉਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੈ। 19 ਮੈਂ ਦੁਬਾਰਾ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿੱਚੋਂ ਦੋ ਜਣੇ ਸਹਿਮਤ ਹੋ ਕੇ ਕਿਸੇ ਖ਼ਾਸ ਗੱਲ ਲਈ ਬੇਨਤੀ ਕਰਨ, ਤਾਂ ਮੇਰਾ ਸਵਰਗੀ ਪਿਤਾ ਉਨ੍ਹਾਂ ਦੀ ਬੇਨਤੀ ਸੁਣੇਗਾ। 20 ਜਿੱਥੇ ਕਿਤੇ ਦੋ ਜਾਂ ਤਿੰਨ ਜਣੇ ਮੇਰੇ ਨਾਂ ʼਤੇ ਇਕੱਠੇ ਹੁੰਦੇ ਹਨ, ਮੈਂ ਉਨ੍ਹਾਂ ਦੇ ਨਾਲ ਹੁੰਦਾ ਹਾਂ।” 21 ਫਿਰ ਪਤਰਸ ਨੇ ਉਸ ਨੂੰ ਪੁੱਛਿਆ: “ਪ੍ਰਭੂ, ਮੇਰਾ ਭਰਾ ਕਿੰਨੀ ਵਾਰ ਮੇਰੇ ਖ਼ਿਲਾਫ਼ ਪਾਪ ਕਰੇ ਕਿ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ?” 22 ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ, ਸੱਤ ਵਾਰ ਨਹੀਂ, ਸਗੋਂ ਸਤੱਤਰ ਵਾਰ। 23 “ਇਸ ਲਈ ਸਵਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸ ਨੇ ਹੁਕਮ ਦਿੱਤਾ ਕਿ ਉਸ ਦੇ ਨੌਕਰ ਆਪੋ-ਆਪਣਾ ਕਰਜ਼ਾ ਮੋੜਨ। 24 ਜਦੋਂ ਉਹ ਹਿਸਾਬ-ਕਿਤਾਬ ਕਰ ਰਿਹਾ ਸੀ, ਤਾਂ ਉਸ ਅੱਗੇ ਇਕ ਨੌਕਰ ਨੂੰ ਪੇਸ਼ ਕੀਤਾ ਗਿਆ ਜਿਸ ਨੇ ਉਸ ਦੇ ਛੇ ਕਰੋੜ ਦੀਨਾਰ ਦੇਣੇ ਸਨ। 25 ਪਰ ਉਸ ਨੌਕਰ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਉਸ ਨੂੰ, ਉਸ ਦੀ ਘਰਵਾਲੀ ਨੂੰ, ਉਸ ਦੇ ਬੱਚਿਆਂ ਨੂੰ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨੂੰ ਵੇਚ ਕੇ ਕਰਜ਼ਾ ਮੋੜਿਆ ਜਾਵੇ। 26 ਇਹ ਸੁਣ ਕੇ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਗਿੜਗਿੜਾ ਕੇ ਕਹਿਣ ਲੱਗਾ, ‘ਮੇਰੇ ਮਾਲਕ, ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 27 ਰਾਜੇ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਤੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। 28 ਪਰ ਉਸ ਨੌਕਰ ਨੇ ਬਾਹਰ ਜਾ ਕੇ ਇਕ ਹੋਰ ਨੌਕਰ ਨੂੰ ਲੱਭਿਆ ਜਿਸ ਨੇ ਉਸ ਦੇ ਸਿਰਫ਼ ਸੌ ਦੀਨਾਰ ਦੇਣੇ ਸਨ, ਉਹ ਉਸ ਨੂੰ ਫੜ ਕੇ ਉਸ ਦਾ ਗਲ਼ਾ ਘੁੱਟਣ ਲੱਗਾ ਤੇ ਕਹਿਣ ਲੱਗਾ, ‘ਜੋ ਕੁਝ ਤੇਰੇ ਵੱਲ ਮੇਰਾ ਬਣਦਾ ਹੈ, ਮੈਨੂੰ ਹੁਣੇ ਦੇ।’ 29 ਉਹ ਨੌਕਰ ਉਸ ਦੇ ਪੈਰੀਂ ਪੈ ਗਿਆ ਤੇ ਮਿੰਨਤਾਂ-ਤਰਲੇ ਕਰਨ ਲੱਗਾ, ‘ਮੈਨੂੰ ਥੋੜ੍ਹਾ ਸਮਾਂ ਦੇ, ਮੈਂ ਤੇਰਾ ਇਕ-ਇਕ ਪੈਸਾ ਮੋੜ ਦਿਆਂਗਾ।’ 30 ਪਰ ਉਸ ਨੇ ਉਸ ਦੀ ਇਕ ਨਾ ਸੁਣੀ, ਸਗੋਂ ਜਾ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹ ਵਿਚ ਬੰਦ ਕਰਵਾ ਦਿੱਤਾ ਜਿੰਨਾ ਚਿਰ ਉਹ ਉਸ ਦੇ ਪੈਸੇ ਨਹੀਂ ਮੋੜ ਦਿੰਦਾ। 31 ਦੂਸਰੇ ਨੌਕਰ ਇਹ ਸਭ ਦੇਖ ਕੇ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਜਾ ਕੇ ਰਾਜੇ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ। 32 ਫਿਰ ਰਾਜੇ ਨੇ ਉਸ ਨੌਕਰ ਨੂੰ ਬੁਲਾਇਆ ਤੇ ਕਿਹਾ: ‘ਓਏ ਦੁਸ਼ਟਾ, ਜਦ ਤੂੰ ਮੇਰੀਆਂ ਮਿੰਨਤਾਂ ਕੀਤੀਆਂ ਸਨ, ਤਾਂ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ। 33 ਤਾਂ ਫਿਰ, ਕੀ ਤੇਰਾ ਫ਼ਰਜ਼ ਨਹੀਂ ਸੀ ਬਣਦਾ ਕਿ ਜਿਵੇਂ ਮੈਂ ਤੇਰੇ ʼਤੇ ਦਇਆ ਕੀਤੀ ਸੀ, ਤੂੰ ਵੀ ਆਪਣੇ ਸਾਥੀ ਉੱਤੇ ਦਇਆ ਕਰਦਾ?’ 34 ਇਸ ਲਈ, ਰਾਜੇ ਨੇ ਕ੍ਰੋਧ ਵਿਚ ਆ ਕੇ ਉਸ ਨੂੰ ਉੱਨੇ ਚਿਰ ਲਈ ਜੇਲ੍ਹਰਾਂ ਦੇ ਹਵਾਲੇ ਕਰ ਦਿੱਤਾ ਜਿੰਨਾ ਚਿਰ ਉਹ ਇਕ-ਇਕ ਪੈਸਾ ਨਹੀਂ ਮੋੜ ਦਿੰਦਾ। 35 ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਆਵੇਗਾ ਜੇ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰਦੇ।”