ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ
“[ਯਿਸੂ ਨੇ] ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ।”—ਮੱਤੀ 14:19.
1-3. ਦੱਸੋ ਕਿ ਬੈਤਸੈਦਾ ਪਿੰਡ ਦੇ ਨੇੜੇ ਯਿਸੂ ਨੇ ਇਕ ਵੱਡੀ ਭੀੜ ਨੂੰ ਭੋਜਨ ਕਿਵੇਂ ਦਿੱਤਾ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਮੱਤੀ 14:14-21 ਪੜ੍ਹੋ। ਸਾਲ 32 ਈਸਵੀ ਵਿਚ ਪਸਾਹ ਦਾ ਤਿਉਹਾਰ ਨੇੜੇ ਹੈ। ਯਿਸੂ ਅਤੇ ਉਸ ਦੇ ਚੇਲੇ ਇਕ ਵਿਰਾਨ ਜਗ੍ਹਾ ʼਤੇ ਹਨ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਤੇ ਬੱਚਿਆਂ ਤੋਂ ਇਲਾਵਾ ਲਗਭਗ 5,000 ਆਦਮੀਆਂ ਦੀ ਭੀੜ ਹੈ। ਇਹ ਜਗ੍ਹਾ ਬੈਤਸੈਦਾ ਪਿੰਡ ਦੇ ਨੇੜੇ ਹੈ ਜੋ ਗਲੀਲ ਦੀ ਝੀਲ ਦੇ ਉੱਤਰੀ ਕੰਡੇ ʼਤੇ ਹੈ।
2 ਲੋਕਾਂ ਦੀ ਭੀੜ ਨੂੰ ਦੇਖ ਕੇ ਯਿਸੂ ਨੂੰ ਉਨ੍ਹਾਂ ʼਤੇ ਤਰਸ ਆਉਂਦਾ ਹੈ। ਇਸ ਲਈ ਉਹ ਬੀਮਾਰਾਂ ਨੂੰ ਠੀਕ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਸਿਖਾਉਂਦਾ ਹੈ। ਸ਼ਾਮ ਪੈਣ ਤੇ ਚੇਲੇ ਯਿਸੂ ਨੂੰ ਕਹਿੰਦੇ ਹਨ ਕਿ ਉਹ ਭੀੜ ਨੂੰ ਘੱਲ ਦੇਵੇ ਤਾਂਕਿ ਲੋਕ ਨੇੜਲੇ ਪਿੰਡਾਂ ਵਿਚ ਜਾ ਕੇ ਆਪਣੇ ਲਈ ਖਾਣਾ ਖ਼ਰੀਦ ਸਕਣ। ਪਰ ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ: “ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” ਚੇਲਿਆਂ ਨੂੰ ਸ਼ਾਇਦ ਉਸ ਦੀ ਗੱਲ ਅਜੀਬ ਲੱਗਦੀ ਹੈ ਕਿਉਂਕਿ ਉਨ੍ਹਾਂ ਕੋਲ ਸਿਰਫ਼ ਪੰਜ ਰੋਟੀਆਂ ਤੇ ਦੋ ਮੱਛੀਆਂ ਹਨ।
3 ਲੋਕਾਂ ʼਤੇ ਤਰਸ ਖਾ ਕੇ ਯਿਸੂ ਇਕ ਚਮਤਕਾਰ ਕਰਦਾ ਹੈ। ਇਹੀ ਇੱਕੋ-ਇਕ ਚਮਤਕਾਰ ਹੈ ਜਿਸ ਬਾਰੇ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਚਾਰਾਂ ਨੇ ਲਿਖਿਆ। (ਮਰ. 6:35-44; ਲੂਕਾ 9:10-17; ਯੂਹੰ. 6:1-13) ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਉਹ ਲੋਕਾਂ ਨੂੰ 50-50 ਅਤੇ 100-100 ਦੀਆਂ ਟੋਲੀਆਂ ਬਣਾ ਕੇ ਘਾਹ ʼਤੇ ਬੈਠਣ ਲਈ ਕਹਿਣ। ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਰੋਟੀਆਂ ਨੂੰ ਤੋੜਦਾ ਹੈ ਅਤੇ ਮੱਛੀਆਂ ਦੇ ਟੁਕੜੇ ਕਰਦਾ ਹੈ। ਫਿਰ ਉਹ ਆਪ ਲੋਕਾਂ ਨੂੰ ਖਾਣਾ ਦੇਣ ਦੀ ਬਜਾਇ ‘ਆਪਣੇ ਚੇਲਿਆਂ ਨੂੰ ਦਿੰਦਾ ਹੈ ਅਤੇ ਉਹ ਲੋਕਾਂ ਨੂੰ ਵੰਡਦੇ ਹਨ।’ ਸਾਰੇ ਰੱਜ ਕੇ ਖਾਂਦੇ ਹਨ! ਜ਼ਰਾ ਸੋਚੋ: ਯਿਸੂ ਨੇ ਥੋੜ੍ਹਿਆਂ ਯਾਨੀ ਆਪਣੇ ਚੇਲਿਆਂ ਦੇ ਹੱਥੋਂ ਹਜ਼ਾਰਾਂ ਨੂੰ ਭੋਜਨ ਦਿੱਤਾ।a
4. (ੳ) ਯਿਸੂ ਨੂੰ ਆਪਣੇ ਸਾਰੇ ਚੇਲਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਦੇਣ ਦਾ ਜ਼ਿਆਦਾ ਫ਼ਿਕਰ ਸੀ ਅਤੇ ਕਿਉਂ? (ਅ) ਇਸ ਅਤੇ ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
4 ਯਿਸੂ ਨੂੰ ਆਪਣੇ ਸਾਰੇ ਚੇਲਿਆਂ ਨੂੰ ਇਕ ਹੋਰ ਤਰ੍ਹਾਂ ਦਾ ਭੋਜਨ ਦੇਣ ਦਾ ਜ਼ਿਆਦਾ ਫ਼ਿਕਰ ਸੀ। ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਦੀ ਤੁਲਨਾ ਭੋਜਨ ਨਾਲ ਕੀਤੀ। ਉਹ ਜਾਣਦਾ ਸੀ ਕਿ ਇਸ ਗਿਆਨ ਰਾਹੀਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। (ਯੂਹੰ. 6:26, 27; 17:3) ਲੋਕਾਂ ʼਤੇ ਦਇਆ ਕਰ ਕੇ ਯਿਸੂ ਨੇ ਉਨ੍ਹਾਂ ਨੂੰ ਖਾਣ ਲਈ ਰੋਟੀਆਂ ਅਤੇ ਮੱਛੀਆਂ ਦਿੱਤੀਆਂ ਸਨ। ਇਸੇ ਦਇਆ ਸਦਕਾ ਉਸ ਨੇ ਬਹੁਤ ਸਮਾਂ ਲਾ ਕੇ ਆਪਣੇ ਚੇਲਿਆਂ ਨੂੰ ਸਿੱਖਿਆ ਦਿੱਤੀ। (ਮਰ. 6:34) ਪਰ ਉਹ ਜਾਣਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਉਸ ਨੇ ਧਰਤੀ ਛੱਡ ਕੇ ਸਵਰਗ ਵਾਪਸ ਚਲੇ ਜਾਣਾ ਸੀ। (ਮੱਤੀ 16:21; ਯੂਹੰ. 14:12) ਫਿਰ ਉਸ ਨੇ ਸਵਰਗ ਤੋਂ ਧਰਤੀ ʼਤੇ ਆਪਣੇ ਸਾਰੇ ਚੇਲਿਆਂ ਨੂੰ ਗਿਆਨ ਕਿਵੇਂ ਦੇਣਾ ਸੀ? ਜਿਸ ਤਰ੍ਹਾਂ ਉਸ ਨੇ ਧਰਤੀ ʼਤੇ ਕੀਤਾ ਸੀ, ਉਸੇ ਤਰ੍ਹਾਂ ਉਸ ਨੇ ਸਵਰਗ ਚਲੇ ਜਾਣ ਤੋਂ ਬਾਅਦ ਕਰਨਾ ਸੀ। ਉਸ ਨੇ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ ਸੀ। ਪਰ ਕਿਨ੍ਹਾਂ ਦੇ ਜ਼ਰੀਏ? ਆਓ ਆਪਾਂ ਦੇਖੀਏ ਕਿ ਪਹਿਲੀ ਸਦੀ ਵਿਚ ਯਿਸੂ ਨੇ ਕਿਨ੍ਹਾਂ ਰਾਹੀਂ ਆਪਣੇ ਚੁਣੇ ਹੋਏ ਚੇਲਿਆਂ ਨੂੰ ਗਿਆਨ ਦਿੱਤਾ ਸੀ। ਫਿਰ ਅਗਲੇ ਲੇਖ ਵਿਚ ਅਸੀਂ ਇਸ ਜ਼ਰੂਰੀ ਸਵਾਲ ਦਾ ਜਵਾਬ ਜਾਣਾਂਗੇ: ਅੱਜ ਯਿਸੂ ਕਿਨ੍ਹਾਂ ਦੇ ਜ਼ਰੀਏ ਸਾਨੂੰ ਭੋਜਨ ਦੇ ਰਿਹਾ ਹੈ?
ਯਿਸੂ ਥੋੜ੍ਹਿਆਂ ਨੂੰ ਚੁਣਦਾ ਹੈ
5, 6. (ੳ) ਯਿਸੂ ਨੇ ਕਿਹੜਾ ਵੱਡਾ ਫ਼ੈਸਲਾ ਕੀਤਾ ਤਾਂਕਿ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਚੇਲਿਆਂ ਨੂੰ ਗਿਆਨ ਮਿਲਦਾ ਰਹੇ? (ਅ) ਯਿਸੂ ਨੇ ਆਪਣੇ ਰਸੂਲਾਂ ਨੂੰ ਇਕ ਖ਼ਾਸ ਜ਼ਿੰਮੇਵਾਰੀ ਨਿਭਾਉਣ ਲਈ ਕਿਵੇਂ ਤਿਆਰ ਕੀਤਾ?
5 ਇਕ ਘਰ ਦਾ ਜ਼ਿੰਮੇਵਾਰ ਮੁਖੀ ਇੰਤਜ਼ਾਮ ਕਰੇਗਾ ਕਿ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਯਿਸੂ ਨੇ ਵੀ ਮਸੀਹੀ ਮੰਡਲੀ ਦਾ ਮੁਖੀ ਬਣਨਾ ਸੀ। ਇਸ ਲਈ ਉਸ ਨੇ ਇੰਤਜ਼ਾਮ ਕੀਤਾ ਕਿ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਸਾਰੇ ਚੇਲਿਆਂ ਨੂੰ ਗਿਆਨ ਮਿਲਦਾ ਰਹੇ। (ਅਫ਼. 1:22) ਮਿਸਾਲ ਲਈ, ਆਪਣੀ ਮੌਤ ਤੋਂ ਦੋ ਕੁ ਸਾਲ ਪਹਿਲਾਂ ਯਿਸੂ ਨੇ ਇਕ ਵੱਡਾ ਫ਼ੈਸਲਾ ਕੀਤਾ। ਉਸ ਨੇ ਉਨ੍ਹਾਂ ਥੋੜ੍ਹਿਆਂ ਨੂੰ ਚੁਣਨਾ ਸ਼ੁਰੂ ਕੀਤਾ ਜਿਨ੍ਹਾਂ ਦੇ ਜ਼ਰੀਏ ਉਸ ਨੇ ਬਹੁਤਿਆਂ ਨੂੰ ਗਿਆਨ ਦੇਣਾ ਸੀ। ਆਓ ਦੇਖੀਏ ਕਿ ਉਸ ਨੇ ਕੀ ਫ਼ੈਸਲਾ ਕੀਤਾ।
6 ਸਾਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਵਿੱਚੋਂ 12 ਰਸੂਲ ਚੁਣੇ। (ਲੂਕਾ 6:12-16) ਅਗਲੇ ਦੋ ਸਾਲਾਂ ਦੌਰਾਨ ਯਿਸੂ ਨੇ ਉਨ੍ਹਾਂ ਨਾਲ ਬਹੁਤ ਸਮਾਂ ਬਿਤਾਇਆ ਤਾਂਕਿ ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਉਨ੍ਹਾਂ ਨੂੰ ਸਿਖਾ ਸਕੇ। ਉਸ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਸੀ। ਰਸੂਲ ਬਣਨ ਤੋਂ ਬਾਅਦ ਵੀ ਉਨ੍ਹਾਂ ਨੂੰ ਬਾਈਬਲ ਵਿਚ ‘ਚੇਲੇ’ ਕਿਹਾ ਜਾਂਦਾ ਹੈ। (ਮੱਤੀ 11:1; 20:17) ਯਿਸੂ ਨੇ ਉਨ੍ਹਾਂ ਨੂੰ ਕਈ ਵਾਰ ਸਲਾਹ ਦਿੱਤੀ ਅਤੇ ਪ੍ਰਚਾਰ ਵਿਚ ਵੀ ਕਾਫ਼ੀ ਟ੍ਰੇਨਿੰਗ ਦਿੱਤੀ। (ਮੱਤੀ 10:1-42; 20:20-23; ਲੂਕਾ 8:1; 9:52-55) ਯਿਸੂ ਉਨ੍ਹਾਂ ਨੂੰ ਇਕ ਖ਼ਾਸ ਜ਼ਿੰਮੇਵਾਰੀ ਲਈ ਤਿਆਰ ਕਰ ਰਿਹਾ ਸੀ ਜੋ ਉਨ੍ਹਾਂ ਨੇ ਉਸ ਦੀ ਮੌਤ ਅਤੇ ਉਸ ਦੇ ਸਵਰਗ ਚਲੇ ਜਾਣ ਤੋਂ ਬਾਅਦ ਨਿਭਾਉਣੀ ਸੀ।
7. ਰਸੂਲਾਂ ਨੇ ਕਿਹੜਾ ਖ਼ਾਸ ਕੰਮ ਕਰਨਾ ਸੀ ਅਤੇ ਯਿਸੂ ਦੇ ਕਿਨ੍ਹਾਂ ਸ਼ਬਦਾਂ ਤੋਂ ਇਸ ਬਾਰੇ ਪਤਾ ਲੱਗਦਾ ਹੈ?
7 ਰਸੂਲਾਂ ਨੇ ਕਿਹੜੀ ਜ਼ਿੰਮੇਵਾਰੀ ਨਿਭਾਉਣੀ ਸੀ? ਜਦੋਂ ਪੰਤੇਕੁਸਤ 33 ਈਸਵੀ ਦਾ ਦਿਨ ਨੇੜੇ ਆਇਆ, ਤਾਂ ਉਦੋਂ ਸਾਫ਼ ਜ਼ਾਹਰ ਹੋ ਗਿਆ ਕਿ ਰਸੂਲਾਂ ਨੇ “ਨਿਗਾਹਬਾਨ ਦੀ ਜ਼ਿੰਮੇਵਾਰੀ” ਨਿਭਾਉਣੀ ਸੀ। (ਰਸੂ. 1:20) ਉਨ੍ਹਾਂ ਨੇ ਖ਼ਾਸ ਕਰਕੇ ਕਿਹੜਾ ਕੰਮ ਕਰਨਾ ਸੀ? ਸਾਨੂੰ ਇਸ ਬਾਰੇ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਜੋ ਉਸ ਨੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਪਤਰਸ ਨੂੰ ਕਹੇ ਸਨ। (ਯੂਹੰਨਾ 21:1, 2, 15-17 ਪੜ੍ਹੋ।) ਕੁਝ ਰਸੂਲਾਂ ਦੇ ਸਾਮ੍ਹਣੇ ਯਿਸੂ ਨੇ ਪਤਰਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ।” ਇਹ ਕਹਿ ਕੇ ਯਿਸੂ ਨੇ ਦਿਖਾਇਆ ਕਿ ਰਸੂਲ ਉਨ੍ਹਾਂ ਥੋੜ੍ਹਿਆਂ ਵਿੱਚੋਂ ਸਨ ਜਿਨ੍ਹਾਂ ਦੇ ਜ਼ਰੀਏ ਉਸ ਨੇ ਬਹੁਤਿਆਂ ਨੂੰ ਭੋਜਨ ਯਾਨੀ ਗਿਆਨ ਦੇਣਾ ਸੀ। ਵਾਕਈ ਯਿਸੂ ਨੂੰ ਆਪਣੇ “ਲੇਲਿਆਂ” ਨਾਲ ਬਹੁਤ ਪਿਆਰ ਹੈ!b
ਪੰਤੇਕੁਸਤ ਤੋਂ ਬਹੁਤਿਆਂ ਨੂੰ ਭੋਜਨ ਦੇਣ ਦਾ ਇੰਤਜ਼ਾਮ
8. ਪੰਤੇਕੁਸਤ ਦੇ ਦਿਨ ਨਵੇਂ ਬਣੇ ਚੇਲਿਆਂ ਨੇ ਕੀ ਮੰਨਿਆ?
8 ਸਵਰਗ ਚਲੇ ਜਾਣ ਤੋਂ ਬਾਅਦ ਯਿਸੂ ਨੇ ਪੰਤੇਕੁਸਤ 33 ਈਸਵੀ ਤੋਂ ਰਸੂਲਾਂ ਦੇ ਜ਼ਰੀਏ ਆਪਣੇ ਬਾਕੀ ਚੁਣੇ ਹੋਏ ਚੇਲਿਆਂ ਨੂੰ ਭੋਜਨ ਯਾਨੀ ਗਿਆਨ ਦਿੱਤਾ। (ਰਸੂਲਾਂ ਦੇ ਕੰਮ 2:41, 42 ਪੜ੍ਹੋ।) ਉਸ ਦਿਨ ਕਈ ਯਹੂਦੀ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀ ਬਣੇ। ਉਨ੍ਹਾਂ ਸਾਰਿਆਂ ਨੇ ਮੰਨਿਆ ਕਿ ਯਿਸੂ ਆਪਣੇ ਰਸੂਲਾਂ ਰਾਹੀਂ ਸਿੱਖਿਆ ਦੇ ਰਿਹਾ ਸੀ, ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ‘ਰਸੂਲਾਂ ਤੋਂ ਸਿੱਖਿਆ ਲੈਣ ਵਿਚ ਲੱਗੇ ਰਹੇ।’ ਇਕ ਵਿਦਵਾਨ ਮੁਤਾਬਕ ਯੂਨਾਨੀ ਵਿਚ “ਲੱਗੇ ਰਹੇ” ਦਾ ਮਤਲਬ ਇਹ ਵੀ ਹੋ ਸਕਦਾ ਹੈ: “ਪੂਰਾ ਧਿਆਨ ਲਾ ਕੇ ਵਫ਼ਾਦਾਰੀ ਨਾਲ ਕੋਈ ਕੰਮ ਕਰਨਾ।” ਇਹ ਨਵੇਂ ਚੇਲੇ ਸੱਚਾਈ ਦੇ ਭੁੱਖੇ-ਪਿਆਸੇ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਸੱਚਾਈ ਕਿੱਥੋਂ ਮਿਲ ਸਕਦੀ ਸੀ। ਉਹ ਜਾਣਦੇ ਸਨ ਕਿ ਸਿਰਫ਼ ਰਸੂਲਾਂ ਤੋਂ ਹੀ ਉਨ੍ਹਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਤੇ ਕੰਮਾਂ ਦਾ ਮਤਲਬ ਅਤੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਸਹੀ ਗਿਆਨ ਮਿਲ ਸਕਦਾ ਸੀ। ਇਸ ਲਈ ਉਹ ਵਫ਼ਾਦਾਰੀ ਨਾਲ ਉਨ੍ਹਾਂ ਤੋਂ ਸਿੱਖਿਆ ਲੈਂਦੇ ਰਹੇ।c—ਰਸੂ. 2:22-36.
9. ਰਸੂਲਾਂ ਨੇ ਆਪਣੀ ਕਿਹੜੀ ਜ਼ਿੰਮੇਵਾਰੀ ਨਿਭਾਈ?
9 ਰਸੂਲਾਂ ਨੇ ਯਿਸੂ ਦੇ ਚੇਲਿਆਂ ਨੂੰ ਗਿਆਨ ਦੇਣ ਦੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ। ਮਿਸਾਲ ਲਈ, ਆਓ ਦੇਖੀਏ ਕਿ ਰਸੂਲਾਂ ਨੇ ਕੀ ਕੀਤਾ ਜਦੋਂ ਨਵੀਂ ਬਣੀ ਮੰਡਲੀ ਵਿਚ ਇਕ ਨਾਜ਼ੁਕ ਮਸਲਾ ਖੜ੍ਹਾ ਹੋਇਆ ਜਿਸ ਕਰਕੇ ਭੈਣਾਂ-ਭਰਾਵਾਂ ਵਿਚ ਫੁੱਟ ਪੈ ਸਕਦੀ ਸੀ। ਹੋਇਆ ਇੱਦਾਂ ਕਿ ਰੋਜ਼ ਭੋਜਨ ਵੰਡਣ ਵੇਲੇ ਇਬਰਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਤਾਂ ਉਨ੍ਹਾਂ ਦਾ ਹਿੱਸਾ ਮਿਲ ਰਿਹਾ ਸੀ, ਪਰ ਯੂਨਾਨੀ ਬੋਲਣ ਵਾਲੀਆਂ ਵਿਧਵਾਵਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਮਿਲ ਰਿਹਾ ਸੀ। ਰਸੂਲਾਂ ਨੇ ਇਸ ਮਸਲੇ ਨੂੰ ਕਿਵੇਂ ਸੁਲਝਾਇਆ? “ਬਾਰਾਂ ਰਸੂਲਾਂ” ਨੇ ਸੱਤ ਨੇਕਨਾਮ ਭਰਾਵਾਂ ਨੂੰ ਭੋਜਨ ਵੰਡਣ ਦੇ “ਜ਼ਰੂਰੀ ਕੰਮ” ਦੀ ਜ਼ਿੰਮੇਵਾਰੀ ਸੌਂਪੀ। ਯਾਦ ਕਰੋ ਕਿ ਜਦ ਯਿਸੂ ਨੇ ਚਮਤਕਾਰ ਕਰ ਕੇ ਭੀੜ ਨੂੰ ਖਾਣਾ ਦਿੱਤਾ ਸੀ, ਤਾਂ ਇਸ ਨੂੰ ਵੰਡਣ ਲਈ ਉਸ ਨੇ ਰਸੂਲਾਂ ਨੂੰ ਹੀ ਵਰਤਿਆ ਸੀ। ਪਰ ਹੁਣ ਰੋਟੀ ਵੰਡਣ ਦੀ ਬਜਾਇ ਰਸੂਲਾਂ ਨੂੰ ਮੰਡਲੀ ਨੂੰ ਸਿੱਖਿਆ ਦੇਣ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ। ਇਸ ਲਈ ਉਨ੍ਹਾਂ ਨੇ ਆਪਣਾ ਪੂਰਾ ਧਿਆਨ “ਪਰਮੇਸ਼ੁਰ ਦੇ ਬਚਨ ਦੀ ਸਿੱਖਿਆ” ਦੇਣ ਵਿਚ ਲਾਇਆ।—ਰਸੂ. 6:1-6.
10. ਯਿਸੂ ਨੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਵਰਤਿਆ ਸੀ?
10 ਸਾਲ 49 ਈਸਵੀ ਤਕ ਜਿਹੜੇ ਵੀ ਰਸੂਲ ਜੀਉਂਦੇ ਸਨ, ਉਨ੍ਹਾਂ ਨਾਲ ਮਿਲ ਕੇ ਕੁਝ ਹੋਰ ਕਾਬਲ ਬਜ਼ੁਰਗ ਕੰਮ ਰਹੇ ਸਨ। (ਰਸੂਲਾਂ ਦੇ ਕੰਮ 15:1, 2 ਪੜ੍ਹੋ।) ‘ਯਰੂਸ਼ਲਮ ਵਿਚ ਰਸੂਲ ਅਤੇ ਬਜ਼ੁਰਗ’ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਹੇ ਸਨ। ਮੰਡਲੀ ਦੇ ਮੁਖੀ ਵਜੋਂ ਯਿਸੂ ਉਨ੍ਹਾਂ ਭਰਾਵਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਅਗਵਾਈ ਲੈਣ ਲਈ ਵਰਤ ਰਿਹਾ ਸੀ। ਨਾਲੇ ਕਿਸੇ ਸਿੱਖਿਆ ਬਾਰੇ ਕੋਈ ਸਵਾਲ ਖੜ੍ਹਾ ਹੋਣ ਤੇ ਯਿਸੂ ਉਨ੍ਹਾਂ ਭਰਾਵਾਂ ਰਾਹੀਂ ਉਸ ਮਸਲੇ ਨੂੰ ਸੁਲਝਾਉਂਦਾ ਸੀ।—ਰਸੂ. 15:6-29; 21:17-19; ਕੁਲੁ. 1:18.
11, 12. (ੳ) ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਉਸ ਇੰਤਜ਼ਾਮ ਤੋਂ ਖ਼ੁਸ਼ ਸੀ ਜਿਸ ਰਾਹੀਂ ਉਸ ਦਾ ਬੇਟਾ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਗਿਆਨ ਦੇ ਰਿਹਾ ਸੀ? (ਅ) ਯਿਸੂ ਕਿਨ੍ਹਾਂ ਦੇ ਜ਼ਰੀਏ ਗਿਆਨ ਦੇ ਰਿਹਾ ਸੀ ਤੇ ਇਸ ਦਾ ਕੀ ਸਬੂਤ ਸੀ?
11 ਕੀ ਯਹੋਵਾਹ ਉਸ ਇੰਤਜ਼ਾਮ ਤੋਂ ਖ਼ੁਸ਼ ਸੀ ਜਿਸ ਰਾਹੀਂ ਉਸ ਦਾ ਬੇਟਾ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਗਿਆਨ ਦੇ ਰਿਹਾ ਸੀ? ਜੀ ਹਾਂ! ਇਸ ਦਾ ਕੀ ਸਬੂਤ ਹੈ? ਬਾਈਬਲ ਦੱਸਦੀ ਹੈ ਕਿ ਪੌਲੁਸ ਤੇ ਉਸ ਦੇ ਸਾਥੀ “ਸ਼ਹਿਰ-ਸ਼ਹਿਰ ਜਾ ਕੇ ਭਰਾਵਾਂ ਨੂੰ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ʼਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ। ਇਸ ਕਰਕੇ, ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।” (ਰਸੂ. 16:4, 5) ਧਿਆਨ ਦਿਓ ਕਿ ਮੰਡਲੀਆਂ ਇਸ ਕਰਕੇ ਵਧਦੀਆਂ-ਫੁੱਲਦੀਆਂ ਗਈਆਂ ਕਿਉਂਕਿ ਭੈਣ-ਭਰਾ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਦੀਆਂ ਹਿਦਾਇਤਾਂ ਉੱਤੇ ਵਫ਼ਾਦਾਰੀ ਨਾਲ ਚੱਲ ਰਹੇ ਸਨ। ਕੀ ਇਸ ਤੋਂ ਸਾਨੂੰ ਪੱਕਾ ਸਬੂਤ ਨਹੀਂ ਮਿਲਦਾ ਕਿ ਯਹੋਵਾਹ ਮੰਡਲੀਆਂ ਨੂੰ ਗਿਆਨ ਦੇਣ ਦੇ ਇੰਤਜ਼ਾਮ ਤੋਂ ਖ਼ੁਸ਼ ਸੀ? ਯਾਦ ਰੱਖੋ ਕਿ ਮੰਡਲੀ ਯਹੋਵਾਹ ਦੀ ਬਰਕਤ ਨਾਲ ਹੀ ਵਧ-ਫੁੱਲ ਸਕਦੀ ਹੈ।—ਕਹਾ. 10:22; 1 ਕੁਰਿੰ. 3:6, 7.
12 ਹੁਣ ਤਕ ਅਸੀਂ ਪੜ੍ਹਿਆ ਹੈ ਕਿ ਯਿਸੂ ਆਪਣੇ ਚੇਲਿਆਂ ਨੂੰ ਭੋਜਨ ਯਾਨੀ ਗਿਆਨ ਕਿਵੇਂ ਦਿੰਦਾ ਸੀ: ਉਹ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦਿੰਦਾ ਸੀ। ਇਹ ਸਾਫ਼ ਦੇਖਿਆ ਜਾ ਸਕਦਾ ਸੀ ਕਿ ਉਹ ਕਿਨ੍ਹਾਂ ਦੇ ਜ਼ਰੀਏ ਗਿਆਨ ਦੇ ਰਿਹਾ ਸੀ। ਦਰਅਸਲ ਰਸੂਲ, ਜੋ ਪ੍ਰਬੰਧਕ ਸਭਾ ਦੇ ਪਹਿਲੇ ਮੈਂਬਰ ਸਨ, ਇਸ ਗੱਲ ਦਾ ਪੱਕਾ ਸਬੂਤ ਦੇ ਸਕਦੇ ਸਨ ਕਿ ਉਨ੍ਹਾਂ ਉੱਤੇ ਯਹੋਵਾਹ ਦੀ ਬਰਕਤ ਸੀ। ਰਸੂਲਾਂ ਦੇ ਕੰਮ 5:12 ਵਿਚ ਲਿਖਿਆ ਹੈ: “ਰਸੂਲ ਲੋਕਾਂ ਸਾਮ੍ਹਣੇ ਬਹੁਤ ਸਾਰੀਆਂ ਨਿਸ਼ਾਨੀਆਂ ਦਿਖਾਉਂਦੇ ਰਹੇ ਅਤੇ ਚਮਤਕਾਰ ਕਰਦੇ ਰਹੇ।”d ਇਸ ਲਈ ਉਸ ਸਮੇਂ ਕਿਸੇ ਨਵੇਂ ਮਸੀਹੀ ਨੂੰ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਸੀ, ‘ਯਿਸੂ ਕਿਨ੍ਹਾਂ ਰਾਹੀਂ ਆਪਣੇ ਚੇਲਿਆਂ ਨੂੰ ਗਿਆਨ ਦੇ ਰਿਹਾ ਹੈ?’ ਪਰ ਪਹਿਲੀ ਸਦੀ ਦੇ ਅਖ਼ੀਰ ਤਕ ਹਾਲਾਤ ਬਦਲ ਚੁੱਕੇ ਸਨ।
ਜਦ ਜੰਗਲੀ ਬੂਟੀ ਜ਼ਿਆਦਾ ਤੇ ਕਣਕ ਦੇ ਸਿੱਟੇ ਥੋੜ੍ਹੇ ਸਨ
13, 14. (ੳ) ਯਿਸੂ ਨੇ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਉਸ ਦੇ ਸ਼ਬਦ ਕਦੋਂ ਪੂਰੇ ਹੋਣ ਲੱਗੇ? (ਅ) ਮੰਡਲੀ ਵਿਚ ਕਿਨ੍ਹਾਂ ਦੋ ਤਰੀਕਿਆਂ ਨਾਲ ਬਗਾਵਤ ਹੋਈ? (ਨੋਟ ਦੇਖੋ।)
13 ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਮਸੀਹੀ ਮੰਡਲੀ ਵਿਚ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਹੋਣੀ ਸੀ। ਯਾਦ ਕਰੋ ਕਿ ਕਣਕ ਤੇ ਜੰਗਲੀ ਬੂਟੀ ਬਾਰੇ ਆਪਣੀ ਮਿਸਾਲ ਵਿਚ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਜਿਸ ਖੇਤ ਵਿਚ ਕਣਕ (ਚੁਣੇ ਹੋਏ ਮਸੀਹੀ) ਬੀਜੀ ਗਈ ਸੀ, ਉਸੇ ਖੇਤ ਵਿਚ ਇਕ ਦੁਸ਼ਮਣ ਨੇ ਆ ਕੇ ਜੰਗਲੀ ਬੂਟੀ (ਝੂਠੇ ਮਸੀਹੀ) ਬੀਜ ਦਿੱਤੀ। ਯਿਸੂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਵਾਢੀ ਦੇ ਸਮੇਂ ਯਾਨੀ ‘ਯੁਗ ਦੇ ਆਖ਼ਰੀ ਸਮੇਂ’ ਤਕ ਇਕੱਠੇ ਵਧਣ ਦਿੱਤਾ ਜਾਵੇ। (ਮੱਤੀ 13:24-30, 36-43) ਥੋੜ੍ਹੇ ਹੀ ਸਮੇਂ ਬਾਅਦ ਯਿਸੂ ਦੇ ਸ਼ਬਦ ਪੂਰੇ ਹੋਣ ਲੱਗੇ।e
14 ਪਹਿਲੀ ਸਦੀ ਵਿਚ ਹੀ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਸ਼ੁਰੂ ਹੋ ਗਈ, ਪਰ ਯਿਸੂ ਦੇ ਵਫ਼ਾਦਾਰ ਰਸੂਲਾਂ ਨੇ ਕੁਝ ਹੱਦ ਤਕ ਇਸ ਨੂੰ “ਰੋਕ ਕੇ ਰੱਖਿਆ” ਅਤੇ ਝੂਠੀਆਂ ਸਿੱਖਿਆਵਾਂ ਅਤੇ ਇਨ੍ਹਾਂ ਦੇ ਮਾੜੇ ਅਸਰਾਂ ਨੂੰ ਮੰਡਲੀ ਵਿਚ ਫੈਲਣ ਨਹੀਂ ਦਿੱਤਾ। (2 ਥੱਸ. 2:3, 6, 7) ਪਰ ਆਖ਼ਰੀ ਰਸੂਲ ਦੀ ਮੌਤ ਹੋਣ ਤੋਂ ਬਾਅਦ ਇਸ ਬਗਾਵਤ ਨੇ ਜੜ੍ਹ ਫੜ ਲਈ ਅਤੇ ਇਹ ਕਈ ਸਦੀਆਂ ਤਕ ਫੈਲਦੀ ਗਈ। ਇਹੀ ਉਹ ਸਮਾਂ ਸੀ ਜਦੋਂ ਜੰਗਲੀ ਬੂਟੀ ਜ਼ਿਆਦਾ ਸੀ ਤੇ ਕਣਕ ਥੋੜ੍ਹੀ। ਇਨ੍ਹਾਂ ਸਦੀਆਂ ਦੌਰਾਨ ਮਸੀਹੀਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ ਦਾ ਕੋਈ ਪੱਕਾ ਇੰਤਜ਼ਾਮ ਨਹੀਂ ਸੀ। ਪਰ ਇਕ ਦਿਨ ਇਹ ਸਭ ਕੁਝ ਬਦਲ ਜਾਣਾ ਸੀ। ਪਰ ਕਦੋਂ?
ਵਾਢੀ ਦੇ ਸਮੇਂ ਦੌਰਾਨ ਭੋਜਨ ਕਿਸ ਨੇ ਦੇਣਾ ਸੀ?
15, 16. ਬਾਈਬਲ ਸਟੂਡੈਂਟਸ ਨੂੰ ਉਨ੍ਹਾਂ ਦੀ ਮਿਹਨਤ ਦਾ ਕੀ ਫਲ ਮਿਲਿਆ ਅਤੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
15 ਵਾਢੀ ਦਾ ਸਮਾਂ ਨੇੜੇ ਆਉਣ ਵੇਲੇ ਕੁਝ ਲੋਕ ਬਾਈਬਲ ਦੀ ਸੱਚਾਈ ਦੀ ਤਲਾਸ਼ ਕਰ ਰਹੇ ਸਨ। ਯਾਦ ਕਰੋ ਕਿ 1870 ਦੇ ਦਹਾਕੇ ਵਿਚ ਇਕ ਛੋਟੇ ਗਰੁੱਪ ਨੇ ਇਕੱਠੇ ਹੋ ਕੇ ਬਾਈਬਲ ਦੀਆਂ ਕਲਾਸਾਂ ਸ਼ੁਰੂ ਕੀਤੀਆਂ। ਇਹ ਲੋਕ ਉਨ੍ਹਾਂ ਝੂਠੇ ਮਸੀਹੀਆਂ ਤੋਂ ਅਲੱਗ ਸਨ ਜੋ ਈਸਾਈ-ਜਗਤ ਦੇ ਚਰਚਾਂ ਵਿਚ ਸਨ। ਇਹ ਨਿਮਰ ਲੋਕ ਖ਼ੁਦ ਨੂੰ ਬਾਈਬਲ ਸਟੂਡੈਂਟਸ ਕਹਿੰਦੇ ਸਨ। ਉਹ ਦਿਲੋਂ ਪ੍ਰਾਰਥਨਾ ਕਰ ਕੇ ਬੜੇ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਦੇ ਸਨ।—ਮੱਤੀ 11:25.
16 ਵਫ਼ਾਦਾਰ ਬਾਈਬਲ ਸਟੂਡੈਂਟਸ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਉਨ੍ਹਾਂ ਨੇ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ ਅਤੇ ਦੂਰ-ਦੂਰ ਤਕ ਸੱਚਾਈ ਦਾ ਚਾਨਣ ਫੈਲਾਉਣ ਲਈ ਬਾਈਬਲ ਪ੍ਰਕਾਸ਼ਨ ਛਾਪ ਕੇ ਵੰਡੇ। ਉਨ੍ਹਾਂ ਨੇ ਸੱਚਾਈ ਲਈ ਭੁੱਖੇ-ਪਿਆਸੇ ਲੋਕਾਂ ਦੇ ਦਿਲ ਜਿੱਤੇ ਤੇ ਉਨ੍ਹਾਂ ਵਿਚ ਵਿਸ਼ਵਾਸ ਪੈਦਾ ਕੀਤਾ। ਤਾਂ ਫਿਰ ਇਹ ਸਵਾਲ ਖੜ੍ਹਾ ਹੁੰਦਾ ਹੈ: ਕੀ 1914 ਤੋਂ ਪਹਿਲਾਂ ਯਿਸੂ ਬਾਈਬਲ ਸਟੂਡੈਂਟਸ ਦੇ ਜ਼ਰੀਏ ਆਪਣੇ ਚੇਲਿਆਂ ਨੂੰ ਗਿਆਨ ਦੇ ਰਿਹਾ ਸੀ? ਨਹੀਂ। ਅਜੇ ਵਾਢੀ ਦਾ ਸਮਾਂ ਨਹੀਂ ਆਇਆ ਸੀ ਅਤੇ ਭੋਜਨ ਵੰਡਣ ਦੇ ਖ਼ਾਸ ਇੰਤਜ਼ਾਮ ਨੂੰ ਤਿਆਰ ਕੀਤਾ ਜਾ ਰਿਹਾ ਸੀ। ਜੰਗਲੀ ਬੂਟੀ ਵਰਗੇ ਝੂਠੇ ਮਸੀਹੀਆਂ ਨੂੰ ਕਣਕ ਵਰਗੇ ਸੱਚੇ ਮਸੀਹੀਆਂ ਤੋਂ ਜੁਦਾ ਕਰਨ ਦਾ ਸਮਾਂ ਅਜੇ ਨਹੀਂ ਸੀ ਆਇਆ।
17. ਸਾਲ 1914 ਵਿਚ ਕਿਹੜੀਆਂ ਖ਼ਾਸ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ?
17 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਵਾਢੀ ਦਾ ਸਮਾਂ 1914 ਵਿਚ ਸ਼ੁਰੂ ਹੋਇਆ। ਇਸ ਸਾਲ ਕਈ ਖ਼ਾਸ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ। ਯਿਸੂ ਨੂੰ ਰਾਜਾ ਬਣਾਇਆ ਗਿਆ ਅਤੇ ਇਸ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ। (ਪ੍ਰਕਾ. 11:15) ਸਾਲ 1914 ਤੋਂ 1919 ਦੇ ਸ਼ੁਰੂ ਤਕ ਯਿਸੂ ਆਪਣੇ ਪਿਤਾ ਨਾਲ ਮੰਦਰ ਦੀ ਜਾਂਚ ਕਰਨ ਆਇਆ ਯਾਨੀ ਇਹ ਦੇਖਣ ਆਇਆ ਕਿ ਪਰਮੇਸ਼ੁਰ ਦੀ ਭਗਤੀ ਕੌਣ ਸਹੀ ਤਰੀਕੇ ਨਾਲ ਕਰ ਰਹੇ ਸਨ ਅਤੇ ਉਸ ਨੇ ਸੱਚੇ ਮਸੀਹੀਆਂ ਨੂੰ ਸ਼ੁੱਧ ਕੀਤਾ।f (ਮਲਾ. 3:1-4) ਫਿਰ 1919 ਵਿਚ ਕਣਕ ਨੂੰ ਇਕੱਠਾ ਕਰਨ ਦਾ ਸਮਾਂ ਸ਼ੁਰੂ ਹੋ ਗਿਆ। ਕੀ ਉਦੋਂ ਉਹ ਸਮਾਂ ਆ ਗਿਆ ਸੀ ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਗਿਆਨ ਦੇਣ ਦਾ ਖ਼ਾਸ ਇੰਤਜ਼ਾਮ ਕਰਨਾ ਸੀ? ਜੀ ਹਾਂ!
18. ਯਿਸੂ ਨੇ ਕਿਹੜਾ ਇੰਤਜ਼ਾਮ ਕਰਨ ਬਾਰੇ ਪਹਿਲਾਂ ਹੀ ਦੱਸਿਆ ਸੀ ਅਤੇ ਆਖ਼ਰੀ ਦਿਨ ਸ਼ੁਰੂ ਹੋਣ ਨਾਲ ਕਿਹੜਾ ਜ਼ਰੂਰੀ ਸਵਾਲ ਖੜ੍ਹਾ ਹੋਇਆ?
18 ਆਖ਼ਰੀ ਦਿਨਾਂ ਬਾਰੇ ਭਵਿੱਖਬਾਣੀ ਵਿਚ ਯਿਸੂ ਨੇ ਕਿਹਾ ਸੀ ਕਿ ਉਹ ‘ਸਹੀ ਸਮੇਂ ਤੇ ਭੋਜਨ ਦੇਣ’ ਦਾ ਇਕ ਖ਼ਾਸ ਇੰਤਜ਼ਾਮ ਕਰੇਗਾ। (ਮੱਤੀ 24:45-47) ਉਸ ਨੇ ਇਹ ਕਿਨ੍ਹਾਂ ਦੇ ਜ਼ਰੀਏ ਕਰਨਾ ਸੀ? ਜਿਵੇਂ ਯਿਸੂ ਨੇ ਪਹਿਲੀ ਸਦੀ ਵਿਚ ਕੀਤਾ ਸੀ, ਉਸੇ ਤਰ੍ਹਾਂ ਉਸ ਨੇ ਥੋੜ੍ਹਿਆਂ ਦੇ ਹੱਥੋਂ ਬਹੁਤਿਆਂ ਨੂੰ ਭੋਜਨ ਦੇਣਾ ਸੀ। ਪਰ ਜਿਉਂ ਹੀ ਆਖ਼ਰੀ ਦਿਨ ਸ਼ੁਰੂ ਹੋਏ, ਇਹ ਜ਼ਰੂਰੀ ਸਵਾਲ ਖੜ੍ਹਾ ਹੋਇਆ: ਇਹ ਥੋੜ੍ਹੇ ਕੌਣ ਹੋਣਗੇ? ਇਸ ਸਵਾਲ ਦਾ ਅਤੇ ਯਿਸੂ ਦੀ ਭਵਿੱਖਬਾਣੀ ਬਾਰੇ ਹੋਰਨਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
a ਪੈਰਾ 3: ਇਕ ਹੋਰ ਮੌਕੇ ਤੇ ਯਿਸੂ ਨੇ ਚਮਤਕਾਰ ਕਰ ਕੇ ਤੀਵੀਆਂ ਤੇ ਬੱਚਿਆਂ ਤੋਂ ਇਲਾਵਾ 4,000 ਆਦਮੀਆਂ ਦੀ ਭੀੜ ਨੂੰ ਖਾਣਾ ਖਿਲਾਇਆ ਸੀ। ਇਸ ਸਮੇਂ ਤੇ ਵੀ ਯਿਸੂ ਨੇ ਰੋਟੀਆਂ “ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ।”—ਮੱਤੀ 15:32-38.
b ਪੈਰਾ 7: ਪਤਰਸ ਦੀ ਜ਼ਿੰਦਗੀ ਦੌਰਾਨ ਜਿਨ੍ਹਾਂ “ਲੇਲਿਆਂ” ਨੂੰ ਭੋਜਨ ਦਿੱਤਾ ਜਾਣਾ ਸੀ, ਉਹ ਸਾਰੇ ਚੁਣੇ ਹੋਏ ਮਸੀਹੀ ਸਨ।
c ਪੈਰਾ 8: ਨਵੇਂ ਚੇਲੇ ‘ਰਸੂਲਾਂ ਤੋਂ ਸਿੱਖਿਆ ਲੈਣ ਵਿਚ ਲੱਗੇ ਰਹੇ।’ ਇਸ ਤੋਂ ਪਤਾ ਲੱਗਦਾ ਹੈ ਕਿ ਰਸੂਲ ਬਾਕਾਇਦਾ ਸਿਖਾਉਂਦੇ ਸਨ। ਪਰਮੇਸ਼ੁਰ ਨੇ ਰਸੂਲਾਂ ਦੀਆਂ ਕੁਝ ਸਿੱਖਿਆਵਾਂ ਆਪਣੇ ਬਚਨ ਵਿਚ ਲਿਖਵਾਈਆਂ ਜੋ ਅੱਜ ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਪਾਈਆਂ ਜਾਂਦੀਆਂ ਹਨ।
d ਪੈਰਾ 12: ਭਾਵੇਂ ਕਿ ਰਸੂਲਾਂ ਤੋਂ ਇਲਾਵਾ ਹੋਰਨਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਦਾਤਾਂ ਮਿਲੀਆਂ ਸਨ, ਪਰ ਲੱਗਦਾ ਹੈ ਕਿ ਆਮ ਕਰਕੇ ਹੋਰਨਾਂ ਨੂੰ ਇਹ ਦਾਤਾਂ ਰਸੂਲਾਂ ਰਾਹੀਂ ਜਾਂ ਉਨ੍ਹਾਂ ਦੀ ਹਾਜ਼ਰੀ ਵਿਚ ਮਿਲਦੀਆਂ ਸਨ।—ਰਸੂ. 8:14-18; 10:44, 45.
e ਪੈਰਾ 13: ਰਸੂਲਾਂ ਦੇ ਕੰਮ 20:29, 30 ਵਿਚ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਮੰਡਲੀ ਵਿਚ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਦੋ ਤਰੀਕਿਆਂ ਨਾਲ ਹੋਣੀ ਸੀ। ਪਹਿਲਾ, ਝੂਠੇ ਮਸੀਹੀਆਂ (“ਜੰਗਲੀ ਬੂਟੀ”) ਨੇ ਸੱਚੇ ਮਸੀਹੀਆਂ ‘ਵਿਚ ਆ ਜਾਣਾ’ ਸੀ। ਦੂਜਾ, ਸੱਚੇ ਮਸੀਹੀਆਂ “ਵਿੱਚੋਂ ਹੀ” ਕੁਝ ਲੋਕਾਂ ਨੇ ਸੱਚਾਈ ਦਾ ਰਾਹ ਛੱਡ ਕੇ ਸੱਚਾਈ ਨੂੰ “ਤੋੜ-ਮਰੋੜ ਕੇ ਪੇਸ਼” ਕਰਨਾ ਸੀ।