ਪਿਆਰ ਨਾਲ ਗਿਲੇ-ਸ਼ਿਕਵੇ ਸੁਲਝਾਓ
“ਦੂਸਰਿਆਂ ਨਾਲ ਬਣਾ ਕੇ ਰੱਖੋ।”—ਮਰ. 9:50.
1, 2. ਉਤਪਤ ਦੀ ਕਿਤਾਬ ਵਿਚ ਕਿਹੜੇ ਝਗੜਿਆਂ ਬਾਰੇ ਦੱਸਿਆ ਗਿਆ ਹੈ ਅਤੇ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
ਕੀ ਤੁਸੀਂ ਬਾਈਬਲ ਵਿਚ ਦਰਜ ਲੋਕਾਂ ਦੇ ਆਪਸੀ ਝਗੜਿਆਂ ਬਾਰੇ ਕਦੇ ਸੋਚਿਆ ਹੈ? ਉਤਪਤ ਦੇ ਪਹਿਲੇ ਹੀ ਕੁਝ ਅਧਿਆਵਾਂ ʼਤੇ ਗੌਰ ਕਰੋ। ਕਾਇਨ ਨੇ ਹਾਬਲ ਦਾ ਕਤਲ ਕੀਤਾ। (ਉਤ. 4:3-8) ਲਾਮਕ ਨੇ ਉਸ ਨੌਜਵਾਨ ਨੂੰ ਮਾਰ ਦਿੱਤਾ ਜਿਸ ਨੇ ਲਾਮਕ ਨੂੰ ਜ਼ਖ਼ਮੀ ਕੀਤਾ ਸੀ। (ਉਤ. 4:23) ਅਬਰਾਹਾਮ (ਅਬਰਾਮ) ਅਤੇ ਲੂਤ ਦੇ ਚਰਵਾਹਿਆਂ ਵਿਚ ਝਗੜਾ ਹੋਇਆ। (ਉਤ. 13:5-7) ਹਾਜਰਾ ਨੇ ਸਾਰਾਹ (ਸਾਰਈ) ਨੂੰ ਨੀਵਾਂ ਸਮਝਿਆ ਜਿਸ ਕਰਕੇ ਸਾਰਾਹ ਅਬਰਾਹਾਮ ਨਾਲ ਗੁੱਸੇ ਹੋਈ। (ਉਤ.16:3-6) ਇਸ਼ਮਾਏਲ ਸਾਰਿਆਂ ਦੇ ਖ਼ਿਲਾਫ਼ ਹੋ ਗਿਆ ਅਤੇ ਸਾਰੇ ਉਸ ਦੇ ਖ਼ਿਲਾਫ਼ ਹੋ ਗਏ।—ਉਤ. 16:12.
2 ਬਾਈਬਲ ਵਿਚ ਇਨ੍ਹਾਂ ਝਗੜਿਆਂ ਬਾਰੇ ਕਿਉਂ ਦੱਸਿਆ ਗਿਆ ਹੈ? ਇਕ ਕਾਰਨ ਇਹ ਹੈ ਕਿ ਪਾਪੀ ਇਨਸਾਨ ਬਾਈਬਲ ਤੋਂ ਇਹ ਸਿੱਖ ਸਕਦੇ ਹਨ ਕਿ ਉਨ੍ਹਾਂ ਲਈ ਇਕ-ਦੂਜੇ ਨਾਲ ਸ਼ਾਂਤੀ ਬਣਾਈ ਰੱਖਣੀ ਇੰਨੀ ਜ਼ਰੂਰੀ ਕਿਉਂ ਹੈ। ਬਾਈਬਲ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਅਸੀਂ ਦੂਜਿਆਂ ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ। ਬਾਈਬਲ ਵਿਚ ਉਨ੍ਹਾਂ ਲੋਕਾਂ ਬਾਰੇ ਪੜ੍ਹ ਕੇ ਸਾਨੂੰ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਨੇ ਸਾਡੇ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਗਿਲੇ-ਸ਼ਿਕਵਿਆਂ ਨੂੰ ਸੁਲਝਾਉਣ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਇਨ੍ਹਾਂ ਦੇ ਕੀ ਨਤੀਜੇ ਨਿਕਲੇ। ਫਿਰ ਜਦੋਂ ਸਾਡੀ ਜ਼ਿੰਦਗੀ ਵਿਚ ਉਨ੍ਹਾਂ ਵਰਗੇ ਹਾਲਾਤ ਖੜ੍ਹੇ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਦੀਆਂ ਮਿਸਾਲਾਂ ʼਤੇ ਚੱਲ ਸਕਦੇ ਹਾਂ। ਦਰਅਸਲ ਇਹ ਸਾਰੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।—ਰੋਮੀ. 15:4.
3. ਇਸ ਲੇਖ ਵਿਚ ਕਿਹੜੀਆਂ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ?
3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੇ ਸੇਵਕਾਂ ਨੂੰ ਆਪਸੀ ਗਿਲੇ-ਸ਼ਿਕਵੇ ਕਿਉਂ ਸੁਲਝਾਉਣੇ ਚਾਹੀਦੇ ਹਨ ਅਤੇ ਉਹ ਇਹ ਕਿੱਦਾਂ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਇਸ ਲੇਖ ਵਿਚ ਬਾਈਬਲ ਦੇ ਕੁਝ ਅਸੂਲਾਂ ਉੱਤੇ ਚਰਚਾ ਕੀਤੀ ਜਾਵੇਗੀ ਜੋ ਗਿਲੇ-ਸ਼ਿਕਵੇ ਸੁਲਝਾਉਣ ਵਿਚ ਸਾਡੀ ਮਦਦ ਕਰਨਗੇ। ਨਾਲੇ ਇਹ ਅਸੂਲ ਸਾਡੀ ਮਦਦ ਕਰਨਗੇ ਕਿ ਅਸੀਂ ਆਪਣੇ ਗੁਆਂਢੀਆਂ ਅਤੇ ਯਹੋਵਾਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਿਵੇਂ ਬਣਾਈ ਰੱਖ ਸਕਦੇ ਹਾਂ।
ਪਰਮੇਸ਼ੁਰ ਦੇ ਸੇਵਕਾਂ ਨੂੰ ਗਿਲੇ-ਸ਼ਿਕਵੇ ਕਿਉਂ ਸੁਲਝਾਉਣੇ ਚਾਹੀਦੇ ਹਨ?
4. ਦੁਨੀਆਂ ਵਿਚ ਕਿੱਦਾਂ ਦੀ ਸੋਚ ਫੈਲ ਚੁੱਕੀ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ?
4 ਦੁਨੀਆਂ ਵਿਚ ਹੁੰਦੀਆਂ ਜ਼ਿਆਦਾਤਰ ਲੜਾਈਆਂ ਅਤੇ ਵਿਤਕਰੇ ਪਿੱਛੇ ਸ਼ੈਤਾਨ ਦਾ ਹੱਥ ਹੈ। ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਕਿਹਾ ਸੀ ਕਿ ਹਰੇਕ ਇਨਸਾਨ ਨੂੰ ਆਪਣੇ ਭਲੇ-ਬੁਰੇ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਹੱਕ ਹੈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਧ ਦੀ ਕੋਈ ਲੋੜ ਨਹੀਂ। (ਉਤ. 3:1-5) ਅੱਜ ਅਸੀਂ ਇੱਦਾਂ ਦੀ ਗ਼ਲਤ ਸੋਚ ਦੇ ਨਤੀਜੇ ਸਾਫ਼ ਦੇਖ ਸਕਦੇ ਹਾਂ। ਅੱਜ ਜ਼ਿਆਦਾਤਰ ਲੋਕ ਸਿਰਫ਼ ਆਪਣੀ ਮਰਜ਼ੀ ਕਰਦੇ ਹਨ ਜਿਸ ਕਰਕੇ ਉਹ ਘਮੰਡ, ਹੰਕਾਰ ਅਤੇ ਈਰਖਾ ਨਾਲ ਭਰੇ ਹੋਏ ਹਨ। ਜਿਹੜਾ ਵੀ ਵਿਅਕਤੀ ਸ਼ੈਤਾਨ ਦੀ ਸੋਚ ਮੁਤਾਬਕ ਚੱਲਦਾ ਹੈ, ਉਹ ਸ਼ੈਤਾਨ ਦੀ ਕਹੀ ਗੱਲ ਨਾਲ ਸਹਿਮਤ ਹੈ ਯਾਨੀ ਉਹ ਵਿਅਕਤੀ ਕਹਿੰਦਾ ਹੈ ਕਿ ਸਾਨੂੰ ਸਿਰਫ਼ ਆਪਣੇ ਬਾਰੇ ਹੀ ਸੋਚਣਾ ਚਾਹੀਦਾ ਹੈ, ਚਾਹੇ ਬਾਕੀ ਜਣਿਆਂ ਦਾ ਨੁਕਸਾਨ ਹੀ ਕਿਉਂ ਨਾ ਹੋਵੇ। ਲੋਕਾਂ ਵਿਚ ਸ਼ੈਤਾਨੀ ਸੋਚ ਹੋਣ ਕਰਕੇ ਉਹ ਲੜਦੇ-ਝਗੜਦੇ ਹਨ। ਸਾਡੇ ਲਈ ਇਹ ਯਾਦ ਰੱਖਣਾ ਚੰਗਾ ਹੈ ਕਿ “ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।”—ਕਹਾ. 29:22.
5. ਯਿਸੂ ਨੇ ਗਿਲੇ-ਸ਼ਿਕਵੇ ਸੁਲਝਾਉਣ ਬਾਰੇ ਲੋਕਾਂ ਨੂੰ ਕਿਹੜੀ ਸਲਾਹ ਦਿੱਤੀ?
5 ਇਸ ਦੇ ਉਲਟ, ਯਿਸੂ ਨੇ ਲੋਕਾਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ, ਚਾਹੇ ਉਨ੍ਹਾਂ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ। ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਗਿਲੇ-ਸ਼ਿਕਵੇ ਸੁਲਝਾਉਣ ਬਾਰੇ ਬਹੁਤ ਵਧੀਆ ਸਲਾਹ ਦਿੱਤੀ ਸੀ। ਮਿਸਾਲ ਲਈ, ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਨਰਮ ਸੁਭਾਅ ਵਾਲੇ ਬਣਨ, ਮੇਲ-ਮਿਲਾਪ ਰੱਖਣ, ਆਪਣੇ ਦਿਲ ਵਿੱਚੋਂ ਗੁੱਸਾ ਕੱਢ ਦੇਣ, ਜਲਦੀ ਤੋਂ ਜਲਦੀ ਆਪਣੇ ਗਿਲੇ-ਸ਼ਿਕਵਿਆਂ ਨੂੰ ਸੁਲਝਾਉਣ ਅਤੇ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਨ।—ਮੱਤੀ 5:5, 9, 22, 25, 44.
6, 7. (ੳ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਜਲਦੀ ਹੀ ਆਪਣੇ ਗਿਲੇ-ਸ਼ਿਕਵੇ ਸੁਲਝਾਈਏ? (ਅ) ਯਹੋਵਾਹ ਦੇ ਸਾਰੇ ਗਵਾਹਾਂ ਨੂੰ ਕਿਹੜੇ ਸਵਾਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
6 ਜੇ ਅਸੀਂ ਦੂਜਿਆਂ ਨਾਲ ਸ਼ਾਂਤੀ ਨਹੀਂ ਬਣਾਈ ਰੱਖਦੇ, ਤਾਂ ਸਾਡੀਆਂ ਪ੍ਰਾਰਥਨਾਵਾਂ, ਸਭਾਵਾਂ ਵਿਚ ਹਾਜ਼ਰ ਹੋਣਾ, ਪ੍ਰਚਾਰ ਅਤੇ ਭਗਤੀ ਦੇ ਹੋਰ ਕੰਮ ਕਰਨੇ ਵਿਅਰਥ ਹਨ। (ਮਰ. 11:25) ਅਸੀਂ ਪਰਮੇਸ਼ੁਰ ਦੇ ਦੋਸਤ ਨਹੀਂ ਬਣ ਸਕਦੇ ਜੇ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ।—ਲੂਕਾ 11:4; ਅਫ਼ਸੀਆਂ 4:32 ਪੜ੍ਹੋ।
7 ਹਰ ਇਕ ਮਸੀਹੀ ਨੂੰ ਇਸ ਗੱਲ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰਨ ਅਤੇ ਉਨ੍ਹਾਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕਿੰਨੀ ਕੁ ਕੋਸ਼ਿਸ਼ ਕਰਦਾ ਹੈ। ਕੀ ਤੁਸੀਂ ਭੈਣਾਂ-ਭਰਾਵਾਂ ਨੂੰ ਜਲਦੀ ਹੀ ਮਾਫ਼ ਕਰ ਦਿੰਦੇ ਹੋ? ਕੀ ਤੁਸੀਂ ਉਨ੍ਹਾਂ ਨਾਲ ਮਿਲਣਾ-ਗਿਲ਼ਣਾ ਪਸੰਦ ਕਰਦੇ ਹੋ ਜਿਨ੍ਹਾਂ ਨੇ ਤੁਹਾਨੂੰ ਠੇਸ ਪਹੁੰਚਾਈ ਹੈ? ਯਹੋਵਾਹ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਮਾਫ਼ ਕਰੀਏ। ਜੇ ਤੁਹਾਡੀ ਜ਼ਮੀਰ ਤੁਹਾਨੂੰ ਕਹਿੰਦੀ ਹੈ ਕਿ ਤੁਹਾਨੂੰ ਇਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਬਦਲਾਅ ਕਰਨ ਵਿਚ ਮਦਦ ਕਰੇ। ਸਾਡਾ ਸਵਰਗੀ ਪਿਤਾ ਸਾਡੀਆਂ ਨਿਮਰਤਾ ਨਾਲ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ।—1 ਯੂਹੰ. 5:14, 15.
ਕੀ ਤੁਸੀਂ ਕਿਸੇ ਠੇਸ ਪਹੁੰਚਾਉਣ ਵਾਲੀ ਗੱਲ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ?
8, 9. ਜੇ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
8 ਸਾਰੇ ਇਨਸਾਨ ਪਾਪੀ ਹਨ। ਇਸ ਕਰਕੇ ਕਦੇ-ਨ-ਕਦੇ ਤੁਹਾਨੂੰ ਕਿਸੇ ਦੀ ਗੱਲ ਜਾਂ ਕਿਸੇ ਦੇ ਕੰਮ ਕਰਕੇ ਠੇਸ ਪਹੁੰਚੇਗੀ। (ਉਪ. 7:20; ਮੱਤੀ 18:7) ਜਦੋਂ ਇੱਦਾਂ ਹੋਵੇਗਾ, ਤਾਂ ਤੁਸੀਂ ਕੀ ਕਰੋਗੇ? ਗੌਰ ਕਰੋ ਕਿ ਅਸੀਂ ਅੱਗੇ ਦੱਸੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ: ਇਕ ਪਾਰਟੀ ਵਿਚ ਇਕ ਭੈਣ ਨੇ ਦੋ ਭਰਾਵਾਂ ਨੂੰ ਜਾ ਕੇ ਬੁਲਾਇਆ। ਪਰ ਇਕ ਭਰਾ ਨੂੰ ਉਸ ਦੇ ਬੁਲਾਉਣ ਦਾ ਤਰੀਕਾ ਚੰਗਾ ਨਹੀਂ ਲੱਗਾ। ਜਦੋਂ ਉਹ ਦੋ ਭਰਾ ਇਕੱਲੇ ਸਨ, ਤਾਂ ਜਿਸ ਭਰਾ ਨੂੰ ਉਸ ਭੈਣ ਦਾ ਰਵੱਈਆ ਚੰਗਾ ਨਹੀਂ ਲੱਗਾ, ਉਹ ਉਸ ਭੈਣ ਵਿਚ ਨੁਕਸ ਕੱਢਣ ਲੱਗਾ। ਪਰ ਦੂਜੇ ਭਰਾ ਨੇ ਇਸ ਭਰਾ ਨੂੰ ਸਮਝਾਇਆ ਕਿ ਇਹ ਭੈਣ ਔਖੇ ਹਲਾਤਾਂ ਦੇ ਬਾਵਜੂਦ ਵੀ 40 ਸਾਲਾਂ ਤੋਂ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਹੀ ਹੈ। ਉਸ ਭਰਾ ਨੂੰ ਪੂਰਾ ਯਕੀਨ ਸੀ ਕਿ ਉਸ ਭੈਣ ਦਾ ਇਰਾਦਾ ਠੇਸ ਪਹੁੰਚਾਉਣ ਦਾ ਨਹੀਂ ਸੀ। ਪਹਿਲੇ ਭਰਾ ਨੇ ਕੁਝ ਪਲ ਸੋਚ-ਵਿਚਾਰ ਕਰ ਕੇ ਕਿਹਾ: “ਤੂੰ ਠੀਕ ਕਹਿੰਦਾ ਹੈਂ।” ਨਤੀਜੇ ਵਜੋਂ, ਗੱਲ ਉੱਥੇ ਹੀ ਖ਼ਤਮ ਹੋ ਗਈ।
9 ਇਸ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਵੀ ਤੁਹਾਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਉਸ ਵੇਲੇ ਤੁਸੀਂ ਜੋ ਵੀ ਕਰਦੇ ਹੋ, ਉਹ ਤੁਹਾਡੇ ਹੱਥ ਵਿਚ ਹੈ। ਪਿਆਰ ਕਰਨ ਵਾਲਾ ਵਿਅਕਤੀ ਛੋਟੀਆਂ-ਮੋਟੀਆਂ ਗ਼ਲਤੀਆਂ ਨੂੰ ਅਣਗੌਲਿਆਂ ਕਰ ਦਿੰਦਾ ਹੈ। (ਕਹਾਉਤਾਂ 10:12; 1 ਪਤਰਸ 4:8 ਪੜ੍ਹੋ।) ਜਦੋਂ ਅਸੀਂ ਕਿਸੇ ਠੇਸ ਪਹੁੰਚਾਉਣ ਵਾਲੀ ਗੱਲ ਤੋਂ ‘ਮੂੰਹ ਫੇਰ ਲੈਂਦੇ’ ਹਾਂ, ਤਾਂ ਯਹੋਵਾਹ ਇਸ ਨੂੰ “ਸ਼ਾਨ” ਦੀ ਗੱਲ ਸਮਝਦਾ ਹੈ। (ਕਹਾ. 19:11; ਉਪ. 7:9) ਸੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਤੁਹਾਨੂੰ ਠੇਸ ਪਹੁੰਚਾਈ ਹੈ ਜਾਂ ਤੁਹਾਡੀ ਬੇਇੱਜ਼ਤੀ ਕੀਤੀ ਹੈ, ਤਾਂ ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਸਕਦਾ ਹਾਂ? ਕੀ ਮੈਨੂੰ ਇਸ ਗੱਲ ਨੂੰ ਵਧਾਉਣ ਦੀ ਲੋੜ ਹੈ?’
10. (ੳ) ਇਕ ਭੈਣ ਨੂੰ ਉਸ ਵੇਲੇ ਕਿੱਦਾਂ ਲੱਗਾ ਜਦੋਂ ਉਸ ਦੀ ਨੁਕਤਾਚੀਨੀ ਕੀਤੀ ਗਈ? (ਅ) ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਬਾਈਬਲ ਦੀਆਂ ਕਿਹੜੀਆਂ ਆਇਤਾਂ ਨੇ ਇਸ ਭੈਣ ਦੀ ਮਦਦ ਕੀਤੀ?
10 ਜਦੋਂ ਕੋਈ ਸਾਡੀ ਨੁਕਤਾਚੀਨੀ ਕਰਦਾ ਹੈ, ਤਾਂ ਸ਼ਾਇਦ ਸਾਡੇ ਲਈ ਇਸ ਗੱਲ ਨੂੰ ਅਣਗੌਲਿਆਂ ਕਰਨਾ ਸੌਖਾ ਨਾ ਹੋਵੇ। ਇਕ ਪਾਇਨੀਅਰ ਭੈਣ ਦੀ ਮਿਸਾਲ ʼਤੇ ਗੌਰ ਕਰੋ। ਮੰਨ ਲਓ ਉਸ ਦਾ ਨਾਂ ਸਤਵੀਰ ਹੈ। ਮੰਡਲੀ ਵਿਚ ਕੁਝ ਜਣਿਆਂ ਨੇ ਕਿਹਾ ਕਿ ਉਸ ਨੂੰ ਪ੍ਰਚਾਰ ਨਹੀਂ ਕਰਨਾ ਆਉਂਦਾ ਅਤੇ ਉਹ ਆਪਣਾ ਸਮਾਂ ਬਹੁਤ ਖ਼ਰਾਬ ਕਰਦੀ ਹੈ। ਪਰੇਸ਼ਾਨ ਹੋਣ ਕਰਕੇ ਸਤਵੀਰ ਨੇ ਕੁਝ ਸਮਝਦਾਰ ਭਰਾਵਾਂ ਤੋਂ ਸਲਾਹ ਲਈ। ਉਹ ਦੱਸਦੀ ਹੈ: “ਉਨ੍ਹਾਂ ਨੇ ਮੈਨੂੰ ਬਾਈਬਲ ਤੋਂ ਸਲਾਹ ਦਿੱਤੀ ਜਿਸ ਕਰਕੇ ਮੈਂ ਭੈਣਾਂ-ਭਰਾਵਾਂ ਦੀਆਂ ਗੱਲਾਂ ʼਤੇ ਧਿਆਨ ਲਾਉਣ ਦੀ ਬਜਾਇ ਯਹੋਵਾਹ ʼਤੇ ਧਿਆਨ ਲਾਇਆ।” ਸਤਵੀਰ ਨੂੰ ਮੱਤੀ 6:1-4 (ਪੜ੍ਹੋ।) ਤੋਂ ਬਹੁਤ ਹੌਸਲਾ ਮਿਲਿਆ। ਇਨ੍ਹਾਂ ਆਇਤਾਂ ਨੇ ਸਤਵੀਰ ਨੂੰ ਯਾਦ ਕਰਾਇਆ ਕਿ ਉਸ ਲਈ ਯਹੋਵਾਹ ਨੂੰ ਖ਼ੁਸ਼ ਕਰਨਾ ਸਭ ਤੋਂ ਜ਼ਰੂਰੀ ਹੈ। ਉਹ ਅੱਗੇ ਕਹਿੰਦੀ ਹੈ: “ਚਾਹੇ ਲੋਕ ਮੇਰੇ ਬਾਰੇ ਜੋ ਮਰਜ਼ੀ ਕਹਿਣ, ਪਰ ਮੈਨੂੰ ਉਨ੍ਹਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਂ ਖ਼ੁਸ਼ ਹਾਂ ਕਿਉਂਕਿ ਮੈਂ ਲੋਕਾਂ ਨੂੰ ਨਹੀਂ, ਸਗੋਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।” ਇਸ ਤਰ੍ਹਾਂ ਦਾ ਰਵੱਈਆ ਰੱਖਣ ਕਰਕੇ ਸਤਵੀਰ ਨੇ ਉਨ੍ਹਾਂ ਦੀਆਂ ਗੱਲਾਂ ਦਾ ਬੁਰਾ ਮਨਾਉਣਾ ਛੱਡ ਦਿੱਤਾ।
ਜਦੋਂ ਤੁਸੀਂ ਠੇਸ ਪਹੁੰਚਾਉਣ ਵਾਲੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ
11, 12. (ੳ) ਜੇ ਕਿਸੇ ਮਸੀਹੀ ਨੂੰ ਲੱਗਦਾ ਹੈ ਕਿ ਉਸ ਦਾ ਭਰਾ ‘ਕਿਸੇ ਗੱਲੋਂ ਉਸ ਨਾਲ ਨਾਰਾਜ਼ ਹੈ,’ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? (ਅ) ਅਸੀਂ ਅਬਰਾਹਾਮ ਦੇ ਮਸਲੇ ਸੁਲਝਾਉਣ ਦੇ ਤਰੀਕੇ ਤੋਂ ਕੀ ਸਿੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
11 “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2) ਮੰਨ ਲਓ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਕੁਝ ਕਹਿਣ ਜਾਂ ਕਰਨ ਕਰਕੇ ਕੋਈ ਭਰਾ ਤੁਹਾਡੇ ਨਾਲ ਨਾਰਾਜ਼ ਹੈ। ਉਦੋਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਯਿਸੂ ਨੇ ਕਿਹਾ: “ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।” (ਮੱਤੀ 5:23, 24) ਯਿਸੂ ਦੀ ਇਸ ਸਲਾਹ ਅਨੁਸਾਰ ਆਪਣੇ ਭਰਾ ਨਾਲ ਗੱਲ ਕਰੋ। ਪਰ ਇਹ ਯਾਦ ਰੱਖੋ ਕਿ ਤੁਹਾਨੂੰ ਕਿਸ ਮਕਸਦ ਨਾਲ ਗੱਲ ਕਰਨੀ ਚਾਹੀਦੀ ਹੈ। ਤੁਹਾਡਾ ਮਕਸਦ ਉਸ ਨੂੰ ਦੋਸ਼ੀ ਠਹਿਰਾਉਣ ਦਾ ਨਹੀਂ, ਸਗੋਂ ਆਪਣੀ ਗ਼ਲਤੀ ਮੰਨਣ ਅਤੇ ਉਸ ਨਾਲ ਸੁਲ੍ਹਾ ਕਰਨ ਦਾ ਹੋਣਾ ਚਾਹੀਦਾ ਹੈ। ਸਾਡੇ ਲਈ ਆਪਣੇ ਭੈਣ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣੀ ਸਭ ਤੋਂ ਜ਼ਰੂਰੀ ਗੱਲ ਹੈ।
12 ਪਰਮੇਸ਼ੁਰ ਦੇ ਸੇਵਕ ਆਪਣੇ ਗਿਲੇ-ਸ਼ਿਕਵੇ ਸੁਲਝਾਉਣ ਲਈ ਬਾਈਬਲ ਤੋਂ ਮਦਦ ਲੈ ਸਕਦੇ ਹਨ। ਮਿਸਾਲ ਲਈ, ਅਬਰਾਹਾਮ ਅਤੇ ਉਸ ਦੇ ਭਤੀਜੇ ਲੂਤ ਕੋਲ ਬਹੁਤ ਸਾਰੇ ਪਸ਼ੂ ਸਨ, ਪਰ ਪਸ਼ੂਆਂ ਦੇ ਚਾਰਨ ਲਈ ਜ਼ਮੀਨ ਘੱਟ ਸੀ। ਇਸ ਲਈ ਉਨ੍ਹਾਂ ਦੇ ਚਰਵਾਹਿਆਂ ਵਿਚ ਬਹਿਸ ਹੋ ਗਈ। ਅਬਰਾਹਾਮ ਸ਼ਾਂਤੀ ਬਣਾਈ ਰੱਖਣੀ ਚਾਹੁੰਦਾ ਸੀ, ਇਸ ਲਈ ਉਸ ਨੇ ਪਹਿਲਾਂ ਲੂਤ ਨੂੰ ਆਪਣੇ ਲਈ ਜ਼ਮੀਨ ਚੁਣਨ ਦਿੱਤੀ। (ਉਤ. 13:1, 2, 5-9) ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ! ਅਬਰਾਹਾਮ ਨੇ ਆਪਣੇ ਫ਼ਾਇਦੇ ਬਾਰੇ ਨਹੀਂ, ਸਗੋਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਬਾਰੇ ਸੋਚਿਆ। ਕੀ ਉਸ ਨੂੰ ਆਪਣੀ ਖੁੱਲ੍ਹ-ਦਿਲੀ ਕਰਕੇ ਘਾਟਾ ਸਹਿਣਾ ਪਿਆ? ਜ਼ਰਾ ਵੀ ਨਹੀਂ। ਇਸ ਘਟਨਾ ਤੋਂ ਫ਼ੌਰਨ ਬਾਅਦ ਯਹੋਵਾਹ ਨੇ ਅਬਰਾਹਾਮ ਨੂੰ ਬਹੁਤ ਬਰਕਤਾਂ ਦੇਣ ਦਾ ਵਾਅਦਾ ਕੀਤਾ। (ਉਤ. 13:14-17) ਜੇ ਯਹੋਵਾਹ ਦੇ ਸੇਵਕ ਬਾਈਬਲ ਦੇ ਅਸੂਲਾਂ ʼਤੇ ਚੱਲਣਗੇ ਅਤੇ ਪਿਆਰ ਨਾਲ ਆਪਣੇ ਗਿਲੇ-ਸ਼ਿਕਵੇ ਸੁਲਝਾਉਣਗੇ, ਤਾਂ ਯਹੋਵਾਹ ਕਦੀ ਵੀ ਉਨ੍ਹਾਂ ਨੂੰ ਲੰਬੇ ਸਮੇਂ ਤਕ ਘਾਟਾ ਨਹੀਂ ਸਹਿਣ ਦੇਵੇਗਾ। [1]
13. ਜਦੋਂ ਇਕ ਨਿਗਰਾਨ ਨੂੰ ਚੁੱਭਵੀਆਂ ਗੱਲਾਂ ਕਹੀਆਂ ਗਈਆਂ, ਤਾਂ ਉਸ ਨੇ ਕੀ ਕੀਤਾ? ਅਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
13 ਅੱਜ ਦੇ ਜ਼ਮਾਨੇ ਦੀ ਮਿਸਾਲ ʼਤੇ ਗੌਰ ਕਰੋ। ਇਕ ਭਰਾ ਨੂੰ ਵੱਡੇ ਸੰਮੇਲਨ ਦੇ ਇਕ ਵਿਭਾਗ ਦਾ ਨਵਾਂ ਨਿਗਰਾਨ ਬਣਾਇਆ ਗਿਆ। ਉਸ ਨਿਗਰਾਨ ਨੇ ਇਕ ਹੋਰ ਭਰਾ ਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਸੰਮੇਲਨ ਵਿਚ ਉਸ ਦੀ ਮਦਦ ਕਰ ਸਕਦਾ ਹੈ। ਉਸ ਭਰਾ ਨੇ ਨਿਗਰਾਨ ਨੂੰ ਦੋ ਤਿੰਨ ਗੱਲਾਂ ਸੁਣਾ ਕੇ ਫ਼ੋਨ ਹੀ ਬੰਦ ਕਰ ਦਿੱਤਾ। ਵਿਭਾਗ ਦੇ ਪੁਰਾਣੇ ਨਿਗਰਾਨ ਨੇ ਜਿਸ ਤਰੀਕੇ ਨਾਲ ਇਸ ਭਰਾ ਨਾਲ ਸਲੂਕ ਕੀਤਾ ਸੀ, ਉਸ ਕਰਕੇ ਇਸ ਭਰਾ ਦੇ ਦਿਲ ਵਿਚ ਅਜੇ ਵੀ ਗੁੱਸਾ ਸੀ। ਪਰ ਵਿਭਾਗ ਦੇ ਨਵੇਂ ਨਿਗਰਾਨ ਨੇ ਉਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕੀਤਾ, ਪਰ ਉਸ ਨੇ ਇਨ੍ਹਾਂ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ। ਇਕ ਘੰਟੇ ਬਾਅਦ ਨਿਗਰਾਨ ਨੇ ਦੁਬਾਰਾ ਫ਼ੋਨ ਕੀਤਾ ਅਤੇ ਉਸ ਨੇ ਭਰਾ ਨੂੰ ਮਿਲਣ ਲਈ ਸੱਦਿਆ। ਇਕ ਹਫ਼ਤੇ ਬਾਅਦ ਦੋਨੋਂ ਭਰਾ ਕਿੰਗਡਮ ਹਾਲ ਵਿਚ ਮਿਲੇ। ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਵਿਚ ਇਕ ਘੰਟਾ ਗੱਲ ਹੋਈ ਅਤੇ ਉਸ ਭਰਾ ਨੇ ਆਪਣੀ ਸਾਰੀ ਗੱਲ ਦੱਸੀ। ਉਸ ਨਿਗਰਾਨ ਨੇ ਭਰਾ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਫਿਰ ਉਸ ਨੇ ਕੁਝ ਢੁਕਵੀਆਂ ਆਇਤਾਂ ਦਿਖਾਈਆਂ। ਦੋਵੇਂ ਭਰਾਵਾਂ ਦੇ ਪਿਆਰ ਨਾਲ ਗੱਲ ਕਰਨ ਕਰਕੇ ਅਖ਼ੀਰ ਉਨ੍ਹਾਂ ਨੇ ਇਕੱਠੇ ਮਿਲ ਕੇ ਵੱਡੇ ਸੰਮੇਲਨ ਵਿਚ ਕੰਮ ਕੀਤਾ। ਉਹ ਭਰਾ ਨਿਗਰਾਨ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਹ ਉਸ ਨਾਲ ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਇਆ।
ਕੀ ਤੁਹਾਨੂੰ ਆਪਣੇ ਮਸਲੇ ਵਿਚ ਬਜ਼ੁਰਗਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ?
14, 15. (ੳ) ਸਾਨੂੰ ਮੱਤੀ 18:15-17 ਵਿਚ ਦਿੱਤੀ ਸਲਾਹ ਕਦੋਂ ਲਾਗੂ ਕਰਨੀ ਚਾਹੀਦੀ ਹੈ? (ਅ) ਯਿਸੂ ਨੇ ਕਿਹੜੇ ਤਿੰਨ ਕਦਮ ਦੱਸੇ ਸਨ ਅਤੇ ਇਨ੍ਹਾਂ ਨੂੰ ਚੁੱਕਣ ਦਾ ਸਾਡਾ ਕੀ ਮਕਸਦ ਹੋਣਾ ਚਾਹੀਦਾ ਹੈ?
14 ਇੱਦਾਂ ਦੇ ਬਹੁਤ ਸਾਰੇ ਮਸਲੇ ਹਨ ਜੋ ਮਸੀਹੀ ਖ਼ੁਦ ਸੁਲਝਾ ਸਕਦੇ ਹਨ ਅਤੇ ਉਨ੍ਹਾਂ ਨੂੰ ਸੁਲਝਾਉਣੇ ਵੀ ਚਾਹੀਦੇ ਹਨ। ਪਰ ਯਿਸੂ ਨੇ ਕਿਹਾ ਸੀ ਕਿ ਕੁਝ ਮਸਲਿਆਂ ਵਿਚ ਸ਼ਾਇਦ ਮੰਡਲੀ ਦੇ ਭੈਣਾਂ-ਭਰਾਵਾਂ ਜਾਂ ਬਜ਼ੁਰਗਾਂ ਨੂੰ ਸ਼ਾਮਲ ਕਰਨਾ ਪਵੇ। (ਮੱਤੀ 18:15-17 ਪੜ੍ਹੋ।) ਉਦੋਂ ਕੀ ਕਰਨਾ ਚਾਹੀਦਾ ਹੈ ਜੇ ਦੋਸ਼ੀ ਆਪਣੇ ਭਰਾ, ਗਵਾਹਾਂ ਅਤੇ ਮੰਡਲੀ ਦੀ ਗੱਲ ਸੁਣਨ ਤੋਂ ਇਨਕਾਰ ਕਰੇ? ਉਸ ਨਾਲ “ਦੁਨਿਆਵੀ ਲੋਕਾਂ ਵਰਗਾ ਜਾਂ ਟੈਕਸ ਵਸੂਲਣ ਵਾਲਿਆਂ ਵਰਗਾ” ਸਲੂਕ ਕੀਤਾ ਜਾਣਾ ਚਾਹੀਦਾ ਹੈ ਯਾਨੀ ਦੋਸ਼ੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਯਿਸੂ ਕਿਸੇ ਛੋਟੀ-ਮੋਟੀ ਗੱਲ ਕਰਕੇ ਹੋਈ ਅਣਬਣ ਦੀ ਨਹੀਂ, ਸਗੋਂ “ਪਾਪ” ਦੀ ਗੱਲ ਕਰ ਰਿਹਾ ਸੀ। ਇਹ ਪਾਪ ਅਜਿਹਾ ਮਸਲਾ ਹੋ ਸਕਦਾ ਹੈ ਜਿਸ ਨੂੰ ਦੋ ਜਣੇ ਆਪਸ ਵਿਚ ਗੱਲ ਕਰ ਕੇ ਸੁਲਝਾ ਸਕਦੇ ਹਨ; ਪਰ ਇਸ ਮਸਲੇ ਨੂੰ ਨਾ ਸੁਲਝਾਉਣ ਕਰਕੇ ਦੋਸ਼ੀ ਨੂੰ ਮੰਡਲੀ ਵਿੱਚੋਂ ਛੇਕਿਆ ਵੀ ਜਾ ਸਕਦਾ ਹੈ। ਇਸ ਵਿਚ ਅਜਿਹੇ ਕੁਝ ਮਸਲੇ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿਸੇ ਮਸੀਹੀ ਵੱਲੋਂ ਕਿਸੇ ਨਾਲ ਠੱਗੀ ਮਾਰਨੀ ਜਾਂ ਝੂਠੀਆਂ ਗੱਲਾਂ ਕਰ ਕੇ ਕਿਸੇ ਦੀ ਬਦਨਾਮੀ ਕਰਨੀ। ਜਦੋਂ ਕੋਈ ਇੱਦਾਂ ਦਾ ਪਾਪ ਕਰਦਾ ਹੈ, ਤਾਂ ਉਦੋਂ ਹੀ ਯਿਸੂ ਵੱਲੋਂ ਦੱਸੇ ਤਿੰਨ ਕਦਮ ਚੁੱਕਣੇ ਚਾਹੀਦੇ ਹਨ। ਇੱਥੇ ਯਿਸੂ ਹਰਾਮਕਾਰੀ, ਸਮਲਿੰਗਤਾ, ਧਰਮ-ਤਿਆਗ, ਮੂਰਤੀ-ਪੂਜਾ ਜਾਂ ਕਿਸੇ ਹੋਰ ਘੋਰ ਪਾਪ ਬਾਰੇ ਗੱਲ ਨਹੀਂ ਕਰ ਰਿਹਾ ਸੀ ਜਿਨ੍ਹਾਂ ਬਾਰੇ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ।
15 ਯਿਸੂ ਨੇ ਸਾਨੂੰ ਇਹ ਸਲਾਹ ਇਸ ਲਈ ਦਿੱਤੀ ਸੀ ਤਾਂਕਿ ਅਸੀਂ ਪਿਆਰ ਨਾਲ ਆਪਣੇ ਭਰਾ ਦੀ ਮਦਦ ਕਰ ਸਕੀਏ। (ਮੱਤੀ 18:12-14) ਯਿਸੂ ਵੱਲੋਂ ਦਿੱਤੀ ਸਲਾਹ ਮੁਤਾਬਕ ਅਸੀਂ ਇਹ ਤਿੰਨ ਕਦਮ ਚੁੱਕ ਸਕਦੇ ਹਾਂ। (1) ਕਿਸੇ ਹੋਰ ਨੂੰ ਆਪਣੇ ਮਸਲੇ ਵਿਚ ਲਿਆਉਣ ਦੀ ਬਜਾਇ ਖ਼ੁਦ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਸ਼ਾਇਦ ਤੁਹਾਨੂੰ ਇਕ ਤੋਂ ਜ਼ਿਆਦਾ ਵਾਰ ਉਸ ਭਰਾ ਨਾਲ ਗੱਲ ਕਰਨੀ ਪਵੇ। ਪਰ ਉਦੋਂ ਕੀ, ਜਦੋਂ ਮਸਲਾ ਨਹੀਂ ਸੁਲਝਦਾ? (2) ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਲੈ ਕੇ ਜਾਓ ਜੋ ਚਸ਼ਮਦੀਦ ਗਵਾਹ ਹਨ ਜਾਂ ਉਨ੍ਹਾਂ ਨੂੰ ਜੋ ਪੂਰੀ ਗੱਲ ਸੁਣਨ ਤੋਂ ਬਾਅਦ ਇਹ ਦੱਸ ਸਕਦੇ ਹਨ ਕਿ ਸੱਚੀਂ-ਮੁੱਚੀ ਕੋਈ ਗ਼ਲਤੀ ਹੋਈ ਹੈ ਜਾਂ ਨਹੀਂ। ਜੇ ਤੁਸੀਂ ਉਨ੍ਹਾਂ ਦੀ ਮਦਦ ਨਾਲ ਮਸਲਾ ਸੁਲਝਾ ਲੈਂਦੇ ਹੋ, ਤਾਂ ਤੁਸੀਂ “ਆਪਣੇ ਭਰਾ ਨੂੰ ਸਹੀ ਰਾਹ ʼਤੇ ਮੋੜ ਲਿਆਂਦਾ ਹੈ।” ਪਰ ਜੇ ਵਾਰ-ਵਾਰ ਕੋਸ਼ਿਸ਼ ਕਰਨ ਤੇ ਵੀ ਮਸਲਾ ਨਹੀਂ ਸੁਲਝਦਾ, ਤਾਂ (3) ਮੰਡਲੀ ਦੇ ਬਜ਼ੁਰਗਾਂ ਨੂੰ ਦੱਸੋ।
16. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਸਲਾਹ ਪਿਆਰ ਭਰੀ ਅਤੇ ਫ਼ਾਇਦੇਮੰਦ ਹੈ?
16 ਜ਼ਿਆਦਾਤਰ ਮਸਲਿਆਂ ਵਿਚ ਮਸੀਹੀਆਂ ਨੂੰ ਮੱਤੀ 18:15-17 ਵਿਚ ਦੱਸੇ ਸਾਰੇ ਕਦਮ ਚੁੱਕਣ ਦੀ ਲੋੜ ਨਹੀਂ ਪੈਂਦੀ। ਇਹ ਜਾਣ ਕੇ ਸਾਨੂੰ ਹੌਸਲਾ ਮਿਲਦਾ ਹੈ ਕਿਉਂਕਿ ਜ਼ਿਆਦਾਤਰ ਭਰਾ ਆਪਣੇ ਮਸਲਿਆਂ ਨੂੰ ਇੰਨੇ ਗੰਭੀਰ ਹੋਣ ਹੀ ਨਹੀਂ ਦਿੰਦੇ ਕਿ ਕਿਸੇ ਨੂੰ ਛੇਕਣਾ ਪਵੇ। ਅਕਸਰ ਦੋਸ਼ੀ ਆਪਣੀ ਗ਼ਲਤੀ ਮੰਨ ਲੈਂਦਾ ਹੈ ਅਤੇ ਮਸਲਾ ਸੁਲਝ ਜਾਂਦਾ ਹੈ। ਸ਼ਾਂਤੀ ਬਣਾਈ ਰੱਖਣ ਲਈ ਬੇਕਸੂਰ ਭਰਾ ਸ਼ਾਇਦ ਦੋਸ਼ੀ ਭਰਾ ਨੂੰ ਮਾਫ਼ ਕਰ ਦੇਵੇ। ਸੋ ਯਿਸੂ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭੈਣਾਂ-ਭਰਾਵਾਂ ਨੂੰ ਆਪਣੇ ਮਸਲਿਆਂ ਵਿਚ ਬਜ਼ੁਰਗਾਂ ਨੂੰ ਲਿਆਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਮੰਡਲੀ ਦੇ ਬਜ਼ੁਰਗਾਂ ਨੂੰ ਸਿਰਫ਼ ਉਦੋਂ ਹੀ ਸ਼ਾਮਲ ਕਰਨਾ ਚਾਹੀਦਾ ਹੈ ਜੇ ਪਹਿਲੇ ਦੋ ਕਦਮ ਚੁੱਕੇ ਗਏ ਹੋਣ ਅਤੇ ਜੇ ਠੋਸ ਸਬੂਤ ਹੋਣ।
17. ਅਸੀਂ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਾਂਗੇ ਜਦੋਂ ਅਸੀਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ?
17 ਜਿੰਨਾ ਚਿਰ ਇਹ ਬੁਰੀ ਦੁਨੀਆਂ ਰਹੇਗੀ, ਉੱਨਾ ਚਿਰ ਇਨਸਾਨ ਗ਼ਲਤੀਆਂ ਕਰਦੇ ਰਹਿਣਗੇ ਅਤੇ ਆਪਸ ਵਿਚ ਉਨ੍ਹਾਂ ਦੀ ਅਣਬਣ ਹੁੰਦੀ ਰਹੇਗੀ। ਚੇਲੇ ਯਾਕੂਬ ਨੇ ਸਹੀ ਲਿਖਿਆ: “ਜੇ ਕੋਈ ਬੋਲਣ ਵਿਚ ਗ਼ਲਤੀ ਨਹੀਂ ਕਰਦਾ, ਤਾਂ ਉਹ ਮੁਕੰਮਲ ਇਨਸਾਨ ਹੈ ਅਤੇ ਆਪਣੇ ਪੂਰੇ ਸਰੀਰ ਨੂੰ ਕਾਬੂ ਵਿਚ ਰੱਖ ਸਕਦਾ ਹੈ।” (ਯਾਕੂ. 3:2) ਆਪਣੇ ਗਿਲੇ-ਸ਼ਿਕਵਿਆਂ ਨੂੰ ਸੁਲਝਾਉਣ ਲਈ ਸਾਨੂੰ ‘ਮੇਲ ਨੂੰ ਭਾਲਣਾ ਅਤੇ ਉਹ ਦਾ ਪਿੱਛਾ ਕਰਨਾ’ ਚਾਹੀਦਾ ਹੈ। (ਜ਼ਬੂ. 34:14) ਗਿਲੇ-ਸ਼ਿਕਵੇ ਸੁਲਝਾਉਣ ਕਰਕੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਵਧੀਆ ਹੋਵੇਗਾ ਅਤੇ ਮੰਡਲੀ ਵਿਚ ਏਕਤਾ ਹੋਵੇਗੀ। (ਜ਼ਬੂ. 133:1-3) ਸਭ ਤੋਂ ਵੱਧ, ‘ਸ਼ਾਂਤੀ ਦੇਣ ਵਾਲੇ ਪਰਮੇਸ਼ੁਰ’ ਯਹੋਵਾਹ ਨਾਲ ਸਾਡਾ ਰਿਸ਼ਤਾ ਵਧੀਆ ਹੋਵੇਗਾ। (ਰੋਮੀ. 15:33) ਗਿਲੇ-ਸ਼ਿਕਵਿਆਂ ਨੂੰ ਪਿਆਰ ਨਾਲ ਸੁਲਝਾਉਣ ਵਾਲੇ ਇਨ੍ਹਾਂ ਸਾਰੀਆਂ ਬਰਕਤਾਂ ਦਾ ਆਨੰਦ ਮਾਣਨਗੇ।
^ [1] (ਪੈਰਾ 12) ਬਾਈਬਲ ਵਿਚ ਹੋਰ ਵੀ ਲੋਕਾਂ ਨੇ ਆਪਣੇ ਮਸਲੇ ਸ਼ਾਂਤੀ ਨਾਲ ਸੁਲਝਾਏ, ਜਿਵੇਂ ਕਿ ਯਾਕੂਬ ਨੇ ਏਸਾਓ ਨਾਲ (ਉਤ. 27:41-45; 33:1-11); ਯੂਸੁਫ਼ ਨੇ ਆਪਣੇ ਭਰਾਵਾਂ ਨਾਲ (ਉਤ. 45:1-15); ਗਿਦਾਊਨ ਨੇ ਇਫ਼ਰਾਈਮੀਆਂ ਨਾਲ। (ਨਿਆ. 8:1-3) ਤੁਸੀਂ ਵੀ ਬਾਈਬਲ ਵਿਚ ਦਰਜ ਇੱਦਾਂ ਦੀਆਂ ਹੋਰ ਮਿਸਾਲਾਂ ਬਾਰੇ ਸੋਚ ਸਕਦੇ ਹੋ।