“ਸਾਰੀ ਧਰਤੀ ਦਾ ਨਿਆਈ” ਹਮੇਸ਼ਾ ਨਿਆਂ ਕਰਦਾ ਹੈ
“ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।”—ਬਿਵ. 32:4.
1. ਅਬਰਾਹਾਮ ਦੀ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਨਿਆਂ ਕਰਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
“ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” (ਉਤ. 18:26) ਵਫ਼ਾਦਾਰ ਅਬਰਾਹਾਮ ਨੇ ਇਹ ਸਵਾਲ ਇਸ ਲਈ ਨਹੀਂ ਪੁੱਛਿਆ ਕਿਉਂਕਿ ਉਸ ਨੂੰ ਪਰਮੇਸ਼ੁਰ ʼਤੇ ਸ਼ੱਕ ਸੀ। ਉਸ ਦੇ ਸਵਾਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਸਦੂਮ ਅਤੇ ਗਮੋਰਾ ਦਾ ਨਿਆਂ ਕਰੇਗਾ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ “ਧਰਮੀ ਨੂੰ ਕੁਧਰਮੀ ਨਾਲ” ਕਦੀ ਨਹੀਂ ਮਾਰੇਗਾ। ਅਬਰਾਹਾਮ ਜਾਣਦਾ ਸੀ ਕਿ ਪਰਮੇਸ਼ੁਰ ਲਈ ਅਨਿਆਂ ਕਰਨਾ ਬਹੁਤ “ਦੂਰ” ਦੀ ਗੱਲ ਸੀ। ਬਾਅਦ ਵਿਚ ਯਹੋਵਾਹ ਬਾਰੇ ਕਿਹਾ ਗਿਆ ਸੀ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵ. 31:19; 32:4.
2. ਪਰਮੇਸ਼ੁਰ ਲਈ ਅਨਿਆਂ ਕਰਨਾ ਨਾਮੁਮਕਿਨ ਕਿਉਂ ਹੈ?
2 ਅਬਰਾਹਾਮ ਨੂੰ ਪੂਰਾ ਭਰੋਸਾ ਕਿਉਂ ਸੀ ਕਿ ਯਹੋਵਾਹ ਹਮੇਸ਼ਾ ਸਹੀ ਕੰਮ ਕਰਦਾ ਹੈ? ਕਿਉਂਕਿ ਯਹੋਵਾਹ ਨੇ ਹੀ ਨਿਆਂ ਅਤੇ ਧਾਰਮਿਕਤਾ ਲਈ ਅਸੂਲ ਬਣਾਏ ਹਨ। ਦਰਅਸਲ ਇਬਰਾਨੀ ਲਿਖਤਾਂ ਵਿਚ ‘ਧਾਰਮਿਕਤਾ’ ਅਤੇ “ਨਿਆਂ” ਅਕਸਰ ਇਕੱਠੇ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਅਰਥ ਮਿਲਦੇ-ਜੁਲਦੇ ਹਨ। ਯਹੋਵਾਹ ਦੇ ਮਿਆਰ ਹਮੇਸ਼ਾ ਸਹੀ ਹੁੰਦੇ ਹਨ, ਇਸ ਲਈ ਉਹ ਹਮੇਸ਼ਾ ਸਹੀ ਨਿਆਂ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ “ਉਹ ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।”—ਜ਼ਬੂ. 33:5.
3. ਅੱਜ ਦੁਨੀਆਂ ਵਿਚ ਹੋ ਰਹੇ ਅਨਿਆਂ ਬਾਰੇ ਦੱਸੋ।
3 ਇਸ ਗੱਲ ਤੋਂ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮੇਸ਼ਾ ਨਿਆਂ ਕਰਦਾ ਹੈ। ਪਰ ਅੱਜ ਦੁਨੀਆਂ ਵਿਚ ਹਰ ਪਾਸੇ ਅਨਿਆਂ ਹੋ ਰਿਹਾ ਹੈ। ਮਿਸਾਲ ਲਈ, ਕਈ ਬੇਕਸੂਰ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਵਿਗਿਆਨ ਵਿਚ ਨਵੇਂ-ਨਵੇਂ ਤਰੀਕੇ ਆਉਣ ਕਰਕੇ ਹੁਣ ਮੁਜਰਮ ਨੂੰ ਫੜਨਾ ਸੌਖਾ ਹੋ ਗਿਆ ਹੈ। ਚਾਹੇ ਹੁਣ ਬੇਕਸੂਰ ਲੋਕਾਂ ਨੂੰ ਰਿਹਾਈ ਮਿਲ ਜਾਂਦੀ ਹੈ, ਪਰ ਉਹ ਵੀ ਕਈ ਸਾਲ ਜੇਲ੍ਹ ਦੀ ਹਵਾ ਖਾਣ ਤੋਂ ਬਾਅਦ। ਇੱਦਾਂ ਦਾ ਅਨਿਆਂ ਹੋਣ ਕਰਕੇ ਗੁੱਸਾ ਭੜਕ ਉੱਠਦਾ ਹੈ। ਪਰ ਮਸੀਹੀਆਂ ਨਾਲ ਸ਼ਾਇਦ ਇਕ ਹੋਰ ਤਰੀਕੇ ਨਾਲ ਅਨਿਆਂ ਹੋਵੇ ਜੋ ਉਨ੍ਹਾਂ ਦੇ ਬਰਦਾਸ਼ਤ ਤੋਂ ਬਾਹਰ ਹੋਵੇ। ਉਹ ਕੀ ਹੈ?
ਮੰਡਲੀ ਵਿਚ ਅਨਿਆਂ
4. ਮਸੀਹੀਆਂ ਦੀ ਨਿਹਚਾ ਦੀ ਪਰਖ ਕਿਵੇਂ ਹੋ ਸਕਦੀ ਹੈ?
4 ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮਸੀਹੀਆਂ ਨੂੰ ਅਨਿਆਂ ਸਹਿਣਾ ਪੈਂਦਾ ਹੈ। ਪਰ ਜਦੋਂ ਸਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਸਾਡੇ ਨਾਲ ਜਾਂ ਕਿਸੇ ਹੋਰ ਨਾਲ ਅਨਿਆਂ ਹੋਇਆ ਹੈ, ਤਾਂ ਸਾਡੀ ਨਿਹਚਾ ਦੀ ਪਰਖ ਹੋ ਸਕਦੀ ਹੈ। ਜੇ ਇੱਦਾਂ ਹੋਵੇ, ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਆਪਣੀ ਨਿਹਚਾ ਕਮਜ਼ੋਰ ਹੋਣ ਦਿਓਗੇ?
5. ਅਸੀਂ ਹੈਰਾਨ ਕਿਉਂ ਨਹੀਂ ਹੁੰਦੇ ਜਦੋਂ ਮੰਡਲੀ ਵਿਚ ਸਾਡੇ ਨਾਲ ਜਾਂ ਕਿਸੇ ਹੋਰ ਨਾਲ ਬੁਰਾ ਸਲੂਕ ਹੁੰਦਾ ਹੈ?
5 ਅਸੀਂ ਸਾਰੇ ਪਾਪੀ ਹਾਂ ਅਤੇ ਗ਼ਲਤੀਆਂ ਕਰਦੇ ਹਾਂ। ਇਸ ਲਈ ਮੰਡਲੀ ਵਿਚ ਕਦੀ-ਕਦੀ ਇੱਦਾਂ ਹੋ ਜਾਂਦਾ ਹੈ ਕਿ ਕੋਈ ਸਾਡੇ ਨਾਲ ਕੁਝ ਬੁਰਾ ਕਰ ਦਿੰਦਾ ਹੈ ਜਾਂ ਅਸੀਂ ਕਿਸੇ ਦਾ ਬੁਰਾ ਕਰ ਦਿੰਦੇ ਹਾਂ। (1 ਯੂਹੰ. 1:8) ਚਾਹੇ ਇੱਦਾਂ ਬਹੁਤ ਘੱਟ ਹੁੰਦਾ, ਪਰ ਜਦੋਂ ਹੁੰਦਾ ਹੈ, ਤਾਂ ਅਸੀਂ ਹੈਰਾਨ ਨਹੀਂ ਹੁੰਦੇ ਤੇ ਨਾ ਹੀ ਅਸੀਂ ਆਪਣੀ ਨਿਹਚਾ ਕਮਜ਼ੋਰ ਹੋਣ ਦਿੰਦੇ ਹਾਂ। ਸੋ ਜੇ ਸਾਡੇ ਭੈਣ-ਭਰਾ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਵਫ਼ਾਦਾਰ ਰਹਿਣ ਲਈ ਯਹੋਵਾਹ ਨੇ ਆਪਣੇ ਬਚਨ ਵਿਚ ਸਾਨੂੰ ਵਧੀਆ ਸਲਾਹ ਦਿੱਤੀ ਹੈ।—ਜ਼ਬੂ. 55:12-14.
6, 7. ਮੰਡਲੀ ਵਿਚ ਇਕ ਭਰਾ ਨਾਲ ਕੀ ਹੋਇਆ? ਕਿਹੜੀਆਂ ਗੱਲਾਂ ਕਰਕੇ ਉਸ ਦੀ ਮਦਦ ਹੋਈ?
6 ਵਿਲੀ ਡੈੱਲ ਦੀ ਮਿਸਾਲ ਲਓ। 1931 ਦੇ ਸ਼ੁਰੂ ਵਿਚ ਭਰਾ ਡੈੱਲ ਨੇ ਬਰਨ, ਸਵਿਟਜ਼ਰਲੈਂਡ ਦੇ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ। 1946 ਵਿਚ ਉਹ ਨਿਊਯਾਰਕ, ਅਮਰੀਕਾ ਵਿਚ ਗਿਲਿਅਡ ਸਕੂਲ ਦੀ ਅੱਠਵੀਂ ਕਲਾਸ ਵਿਚ ਹਾਜ਼ਰ ਹੋਇਆ। ਗ੍ਰੈਜੂਏਸ਼ਨ ਤੋਂ ਕੁਝ ਸਮੇਂ ਬਾਅਦ ਉਸ ਨੇ ਸਵਿਟਜ਼ਰਲੈਂਡ ਵਿਚ ਸਰਕਟ ਦਾ ਕੰਮ ਸ਼ੁਰੂ ਕੀਤਾ। ਭਰਾ ਡੈੱਲ ਨੇ ਆਪਣੀ ਜੀਵਨੀ ਵਿਚ ਦੱਸਿਆ ਕਿ ਉਸ ਨੇ ਮਈ 1949 ਵਿਚ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਕਰਾਉਣ ਕਰਕੇ ਜ਼ਿੰਮੇਵਾਰ ਭਰਾਵਾਂ ਨੇ ਉਸ ਨੂੰ ਕਿਹਾ ਕਿ ‘ਤੇਰੇ ਤੋਂ ਸਾਰੀਆਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਹਨ।’ ਉਹ ਸਿਰਫ਼ ਪਾਇਨੀਅਰਿੰਗ ਕਰ ਸਕਦਾ ਸੀ। ਭਰਾ ਡੈੱਲ ਨੇ ਕਿਹਾ: “ਮੈਂ ਮੰਡਲੀ ਵਿਚ ਭਾਸ਼ਣ ਵੀ ਨਹੀਂ ਦੇ ਸਕਦਾ ਸੀ। ਕਈਆਂ ਨੇ ਤਾਂ ਸਾਨੂੰ ਨਮਸਤੇ ਵੀ ਬੁਲਾਉਣੀ ਛੱਡ ਦਿੱਤੀ ਅਤੇ ਇਸ ਤਰ੍ਹਾਂ ਪੇਸ਼ ਆਉਣ ਲੱਗੇ ਜਿਵੇਂ ਅਸੀਂ ਛੇਕੇ ਗਏ ਹੋਈਏ।”
7 ਭਰਾ ਡੈੱਲ ਨੇ ਕੀ ਕੀਤਾ? ਉਹ ਨੇ ਕਿਹਾ: “ਅਸੀਂ ਜਾਣਦੇ ਸੀ ਕਿ ਪਰਮੇਸ਼ੁਰ ਵਿਆਹ ਕਰਾਉਣ ਤੋਂ ਮਨ੍ਹਾ ਨਹੀਂ ਕਰਦਾ। ਇਸ ਲਈ ਪ੍ਰਾਰਥਨਾ ਰਾਹੀਂ ਅਸੀਂ ਯਹੋਵਾਹ ਕੋਲੋਂ ਹੌਸਲਾ ਭਾਲਿਆ ਅਤੇ ਆਪਣਾ ਭਾਰ ਉਸ ʼਤੇ ਸੁੱਟਿਆ।” ਚਾਹੇ ਕੁਝ ਭਰਾਵਾਂ ਦੀ ਵਿਆਹ ਪ੍ਰਤੀ ਸੋਚ ਯਹੋਵਾਹ ਵਰਗੀ ਨਹੀਂ ਸੀ, ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਨਵੀਂ ਸਮਝ ਮਿਲੀ। ਫਿਰ ਭਰਾ ਡੈੱਲ ਨੂੰ ਜ਼ਿੰਮੇਵਾਰੀਆਂ ਵਾਪਸ ਮਿਲ ਗਈਆਂ। ਯਹੋਵਾਹ ਨੇ ਉਸ ਦੀ ਵਫ਼ਾਦਾਰੀ ਕਰਕੇ ਉਸ ਨੂੰ ਇਨਾਮ ਦਿੱਤਾ।a ਆਪਣੇ ਆਪ ਤੋਂ ਪੁੱਛੋ: ‘ਜੇ ਮੇਰੇ ਨਾਲ ਇਸ ਤਰ੍ਹਾਂ ਹੁੰਦਾ, ਤਾਂ ਕੀ ਮੈਂ ਧੀਰਜ ਰੱਖਦੇ ਹੋਏ ਸਾਰੇ ਮਾਮਲੇ ਨੂੰ ਯਹੋਵਾਹ ਦੇ ਹੱਥ ਵਿਚ ਛੱਡ ਦਿੰਦਾ? ਜਾਂ ਕਿ ਮੈਂ ਆਪਣੇ ʼਤੇ ਭਰੋਸਾ ਰੱਖਦਿਆਂ ਇਸ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈਂਦਾ?’—ਕਹਾ. 11:2; ਮੀਕਾਹ 7:7 ਪੜ੍ਹੋ।
8. ਸਾਨੂੰ ਸ਼ਾਇਦ ਕਿਉਂ ਲੱਗੇ ਕਿ ਸਾਡੇ ਨਾਲ ਜਾਂ ਕਿਸੇ ਹੋਰ ਨਾਲ ਅਨਿਆਂ ਹੋਇਆ ਹੈ?
8 ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਅਨਿਆਂ ਹੋ ਰਿਹਾ ਹੈ, ਤਾਂ ਯਾਦ ਰੱਖੋ ਕਿ ਤੁਹਾਨੂੰ ਗ਼ਲਤੀ ਵੀ ਲੱਗ ਸਕਦੀ ਹੈ। ਪਰ ਉਹ ਕਿੱਦਾਂ? ਅਸੀਂ ਨਾਮੁਕੰਮਲ ਹਾਂ ਅਤੇ ਸ਼ਾਇਦ ਅਸੀਂ ਉਸ ਗੱਲ ਦਾ ਗ਼ਲਤ ਮਤਲਬ ਕੱਢੀਏ। ਨਾਲੇ ਹੋ ਸਕਦਾ ਹੈ ਕਿ ਸਾਨੂੰ ਸਾਰੀ ਗੱਲ ਪਤਾ ਨਾ ਹੋਵੇ। ਭਾਵੇਂ ਸਾਨੂੰ ਸਾਰਾ ਕੁਝ ਪਤਾ ਹੈ ਜਾਂ ਨਹੀਂ, ਫਿਰ ਵੀ ਸਾਨੂੰ ਇਸ ਮਾਮਲੇ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਇਹ ਸਭ ਕਰਨ ਨਾਲ ਅਸੀਂ “ਯਹੋਵਾਹ ਤੇ ਗੁੱਸੇ” ਨਹੀਂ ਹੋਵਾਂਗੇ।—ਕਹਾਉਤਾਂ 19:3 ਪੜ੍ਹੋ।
9. ਅਸੀਂ ਇਸ ਤੇ ਅਗਲੇ ਲੇਖ ਵਿਚ ਕਿਨ੍ਹਾਂ ਤਿੰਨ ਮਿਸਾਲਾਂ ʼਤੇ ਗੌਰ ਕਰਾਂਗੇ?
9 ਆਓ ਅਸੀਂ ਬਾਈਬਲ ਦੇ ਜ਼ਮਾਨੇ ਦੇ ਤਿੰਨ ਵਿਅਕਤੀਆਂ ʼਤੇ ਗੌਰ ਕਰੀਏ ਜਿੰਨਾ ਨਾਲ ਅਨਿਆਂ ਹੋਇਆ ਸੀ। ਇਸ ਲੇਖ ਵਿਚ ਅਸੀਂ ਅਬਰਾਹਾਮ ਦੇ ਪੜਪੋਤੇ ਯੂਸੁਫ਼ ਅਤੇ ਉਸ ਦੇ ਭਰਾਵਾਂ ਬਾਰੇ ਗੱਲ ਕਰਾਂਗੇ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਰਾਜੇ ਅਹਾਬ ਨਾਲ ਯਹੋਵਾਹ ਕਿਵੇਂ ਪੇਸ਼ ਆਇਆ ਅਤੇ ਪੌਲੁਸ ਰਸੂਲ ਨੂੰ ਸੀਰੀਆ ਦੇ ਅੰਤਾਕੀਆ ਸ਼ਹਿਰ ਵਿਚ ਕਿਹੜੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲਾਂ ʼਤੇ ਗੌਰ ਕਰਦਿਆਂ ਧਿਆਨ ਦਿਓ ਕਿ ਤੁਸੀਂ ਯਹੋਵਾਹ ਦੀ ਸੇਵਾ ਕਿਵੇਂ ਕਰਦੇ ਰਹਿ ਸਕਦੇ ਹੋ ਤੇ ਉਸ ਨਾਲ ਆਪਣਾ ਰਿਸ਼ਤਾ ਕਿਵੇਂ ਬਰਕਰਾਰ ਰੱਖ ਸਕਦੇ ਹੋ। ਖ਼ਾਸ ਕਰਕੇ ਉਦੋਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਅਨਿਆਂ ਹੋਇਆ ਹੈ।
ਯੂਸੁਫ਼ ਨਾਲ ਅਨਿਆਂ
10, 11. (ੳ) ਯੂਸੁਫ਼ ਨਾਲ ਕਿਹੜੇ ਅਨਿਆਂ ਹੋਏ? (ਅ) ਕੈਦ ਵਿਚ ਯੂਸੁਫ਼ ਕੋਲ ਕਿਹੜਾ ਮੌਕਾ ਸੀ?
10 ਯਹੋਵਾਹ ਦੇ ਵਫ਼ਾਦਾਰ ਭਗਤ ਯੂਸੁਫ਼ ਨੇ ਨਾ ਸਿਰਫ਼ ਬਾਹਰਲਿਆਂ ਤੋਂ, ਸਗੋਂ ਆਪਣੇ ਭਰਾਵਾਂ ਤੋਂ ਵੀ ਅਨਿਆਂ ਸਹਿਆ। ਇਸ ਗੱਲ ਤੋਂ ਉਸ ਨੂੰ ਬਹੁਤ ਦੁੱਖ ਲੱਗਾ। ਜਦੋਂ ਯੂਸੁਫ਼ 17 ਸਾਲਾਂ ਦਾ ਸੀ, ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਅਗਵਾ ਕਰ ਕੇ ਉਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ। ਉੱਥੋਂ ਉਸ ਨੂੰ ਮਿਸਰ ਲਿਜਾਇਆ ਗਿਆ। (ਉਤ. 37:23-28; 42:21) ਮਿਸਰ ਵਿਚ ਉਸ ʼਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਗਿਆ ਜਿਸ ਕਰਕੇ ਉਸ ਨੂੰ ਬਿਨਾਂ ਕਿਸੇ ਸੁਣਵਾਈ ਦੇ ਹੀ ਕੈਦ ਦੀ ਸਜ਼ਾ ਮਿਲੀ। (ਉਤ. 39:17-20) ਯੂਸੁਫ਼ ਨੇ ਤਕਰੀਬਨ 13 ਸਾਲਾਂ ਤਕ ਗ਼ੁਲਾਮ ਅਤੇ ਕੈਦੀ ਵਜੋਂ ਦੁੱਖ ਝੱਲਿਆ। ਜੇ ਸਾਨੂੰ ਵੀ ਆਪਣੇ ਭੈਣਾਂ-ਭਰਾਵਾਂ ਤੋਂ ਅਨਿਆਂ ਸਹਿਣਾ ਪਿਆ, ਤਾਂ ਯੂਸੁਫ਼ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
11 ਯੂਸੁਫ਼ ਦੀ ਕੈਦ ਦੌਰਾਨ ਰਾਜੇ ਦੇ ਮੁੱਖ ਸਾਕੀ ਨੂੰ ਵੀ ਕੈਦ ਹੋਈ। ਇਕ ਦਿਨ ਸਾਕੀ ਨੂੰ ਸੁਪਨਾ ਆਇਆ ਤੇ ਯਹੋਵਾਹ ਦੀ ਮਦਦ ਨਾਲ ਯੂਸੁਫ਼ ਨੇ ਉਸ ਨੂੰ ਸੁਪਨੇ ਦਾ ਮਤਲਬ ਸਮਝਾਇਆ। ਯੂਸੁਫ਼ ਨੇ ਦੱਸਿਆ ਕਿ ਸਾਕੀ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੇ ਉਹ ਦੁਬਾਰਾ ਤੋਂ ਰਾਜੇ ਲਈ ਕੰਮ ਕਰੇਗਾ। ਫਿਰ ਯੂਸੁਫ਼ ਨੇ ਉਸ ਨੂੰ ਆਪਣੇ ਬਾਰੇ ਦੱਸਿਆ। ਯੂਸੁਫ਼ ਨੇ ਜੋ ਦੱਸਿਆ ਅਸੀਂ ਨਾ ਸਿਰਫ਼ ਉਸ ਤੋਂ ਸਿੱਖਦੇ ਹਾਂ, ਬਲਕਿ ਜੋ ਉਸ ਨੇ ਨਹੀਂ ਵੀ ਦੱਸਿਆ ਉਸ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।—ਉਤ. 40:5-13.
12, 13. (ੳ) ਸਾਨੂੰ ਕਿਵੇਂ ਪਤਾ ਹੈ ਕਿ ਯੂਸੁਫ਼ ਚੁੱਪ-ਚਾਪ ਅਨਿਆਂ ਨੂੰ ਬਰਦਾਸ਼ਤ ਨਹੀਂ ਕਰਦਾ ਰਿਹਾ? (ਅ) ਯੂਸੁਫ਼ ਨੇ ਸਾਕੀ ਨੂੰ ਕੀ ਨਹੀਂ ਦੱਸਿਆ?
12 ਉਤਪਤ 40:14, 15 ਪੜ੍ਹੋ। ਗੌਰ ਕਰੋ ਕਿ ਯੂਸੁਫ਼ ਨੇ ਕਿਹਾ ਕਿ ਉਸ ਨੂੰ “ਚੁਰਾਇਆ ਗਿਆ” ਸੀ। ਬਾਈਬਲ ਦੀ ਮੂਲ ਭਾਸ਼ਾ ਵਿਚ ਇਸ ਦਾ ਮਤਲਬ “ਅਗਵਾ” ਵੀ ਹੈ। ਉਸ ਨਾਲ ਕਿੰਨੀ ਬੇਇਨਸਾਫ਼ੀ ਹੋਈ! ਯੂਸੁਫ਼ ਨੇ ਸਾਕੀ ਨੂੰ ਅੱਗੇ ਦੱਸਿਆ ਕਿ ਉਸ ਨੂੰ ਉਸ ਜੁਰਮ ਦੀ ਸਜ਼ਾ ਮਿਲੀ ਜੋ ਉਸ ਨੇ ਕੀਤਾ ਹੀ ਨਹੀਂ। ਉਸ ਨੇ ਸਾਕੀ ਨੂੰ ਕਿਹਾ ਕਿ ਉਹ ਫਿਰਊਨ ਅੱਗੇ ਉਸ ਬਾਰੇ ਗੱਲ ਕਰੇ। ਪਰ ਉਸ ਨੇ ਇਸ ਤਰ੍ਹਾਂ ਕਿਉਂ ਕਿਹਾ? ਉਹ “ਘਰ [ਯਾਨੀ ਕੈਦ] ਵਿੱਚੋਂ ਬਾਹਰ” ਨਿਕਲਣਾ ਚਾਹੁੰਦਾ ਸੀ।—ਉਤ. 40:14.
13 ਕੀ ਯੂਸੁਫ਼ ਹਾਰ ਮੰਨ ਕੇ ਹੱਥ ਤੇ ਹੱਥ ਧਰ ਕੇ ਬਹਿ ਗਿਆ? ਬਿਲਕੁਲ ਨਹੀਂ! ਯੂਸੁਫ਼ ਨੂੰ ਯਾਦ ਸੀ ਕਿ ਉਸ ਨਾਲ ਕਿੰਨੇ ਅਨਿਆਂ ਹੋਏ ਸਨ। ਇਸ ਲਈ ਉਸ ਨੇ ਸਾਕੀ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਜੋ ਸ਼ਾਇਦ ਉਸ ਦੀ ਮਦਦ ਕਰ ਸਕਦਾ ਸੀ। ਪਰ ਧਿਆਨ ਦਿਓ ਕਿ ਬਾਈਬਲ ਨਹੀਂ ਕਹਿੰਦੀ ਕਿ ਯੂਸੁਫ਼ ਨੇ ਕਦੇ ਵੀ ਕਿਸੇ ਨੂੰ ਦੱਸਿਆ ਕਿ ਉਸ ਦੇ ਭਰਾਵਾਂ ਨੇ ਉਸ ਨੂੰ ਅਗਵਾ ਕੀਤਾ ਸੀ, ਇੱਥੋਂ ਤਕ ਕਿ ਫ਼ਿਰਊਨ ਨੂੰ ਵੀ ਨਹੀਂ। ਦਰਅਸਲ, ਜਦੋਂ ਯੂਸੁਫ਼ ਦੇ ਭਰਾ ਮਿਸਰ ਆਏ ਤੇ ਉਨ੍ਹਾਂ ਵਿਚ ਸੁਲ੍ਹਾ ਹੋਈ, ਤਾਂ ਫ਼ਿਰਊਨ ਨੇ ਉਸ ਦੇ ਭਰਾਵਾਂ ਦਾ ਸੁਆਗਤ ਕੀਤਾ। ਨਾਲੇ ਫ਼ਿਰਊਨ ਨੇ ਉਨ੍ਹਾਂ ਨੂੰ ਮਿਸਰ ਵਿਚ ਰਹਿਣ ਲਈ “ਸਭ ਤੋਂ ਚੰਗੀ ਧਰਤੀ” ਦਿੱਤੀ।—ਉਤ. 45:16-20, CL.
14. ਜੇ ਮੰਡਲੀ ਵਿਚ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ, ਤਾਂ ਕਿਸ ਗੱਲ ਕਰਕੇ ਅਸੀਂ ਕਿਸੇ ਬਾਰੇ ਬੁਰਾ-ਭਲਾ ਨਹੀਂ ਕਹਾਂਗੇ?
14 ਜੇ ਸਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ, ਤਾਂ ਸਾਨੂੰ ਦੂਸਰਿਆਂ ਕੋਲ ਜਾ ਕੇ ਕਿਸੇ ਬਾਰੇ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ। ਪਰ ਜਦੋਂ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ, ਤਾਂ ਅਸੀਂ ਬਜ਼ੁਰਗਾਂ ਨੂੰ ਇਸ ਬਾਰੇ ਜ਼ਰੂਰ ਦੱਸਾਂਗੇ ਤਾਂਕਿ ਉਨ੍ਹਾਂ ਦੀ ਮਦਦ ਹੋ ਸਕੇ। (ਲੇਵੀ. 5:1) ਪਰ ਜੇ ਕਿਸੇ ਨੇ ਗੰਭੀਰ ਪਾਪ ਨਾ ਕੀਤਾ ਹੋਵੇ? ਉਸ ਸਮੇਂ ਸ਼ਾਇਦ ਅਸੀਂ ਕਿਸੇ ਨੂੰ ਕੋਈ ਗੱਲ ਦੱਸੇ ਬਿਨਾਂ, ਇੱਥੋਂ ਤਕ ਕਿ ਬਜ਼ੁਰਗਾਂ ਨੂੰ ਵੀ ਦੱਸੇ ਬਿਨਾਂ, ਆਪਣੇ ਭੈਣ-ਭਰਾ ਨਾਲ ਸੁਲ੍ਹਾ ਕਰੀਏ। (ਮੱਤੀ 5:23, 24; 18:15 ਪੜ੍ਹੋ।) ਸਾਨੂੰ ਵਫ਼ਾਦਾਰ ਰਹਿਣਾ ਚਾਹੀਦਾ ਹੈ ਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਸ਼ਾਇਦ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਹੀ ਗ਼ਲਤ ਮਤਲਬ ਕੱਢਿਆ ਸੀ ਅਤੇ ਅਸਲ ਵਿਚ ਸਾਡੇ ਨਾਲ ਬੇਇਨਸਾਫ਼ੀ ਨਹੀਂ ਹੋਈ ਸੀ। ਉਸ ਸਮੇਂ ਅਸੀਂ ਬਹੁਤ ਸ਼ੁਕਰ ਕਰਾਂਗੇ ਕਿ ਅਸੀਂ ਉਸ ਭਰਾ ਜਾਂ ਭੈਣ ਬਾਰੇ ਕੁਝ ਬੁਰਾ-ਭਲਾ ਨਹੀਂ ਕਿਹਾ। ਯਾਦ ਰੱਖੋ ਕਿ ਭਾਵੇਂ ਅਸੀਂ ਸਹੀ ਹਾਂ ਜਾਂ ਗ਼ਲਤ, ਪਰ ਕਿਸੇ ਬਾਰੇ ਬੁਰਾ-ਭਲਾ ਕਹਿ ਕੇ ਹਾਲਾਤ ਕਦੇ ਨਹੀਂ ਸੁਧਰਦੇ। ਯਹੋਵਾਹ ਅਤੇ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਿਣ ਨਾਲ ਅਸੀਂ ਇੱਦਾਂ ਦੀ ਗ਼ਲਤੀ ਕਰਨ ਤੋਂ ਬਚਾਂਗੇ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਜਿਹੜਾ ਸਿੱਧੀ ਚਾਲ ਚੱਲਦਾ” ਹੈ, ਉਹ ਵਿਅਕਤੀ ‘ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ’ ਹੈ।—ਜ਼ਬੂ. 15:2, 3; ਯਾਕੂ. 3:5.
ਸਭ ਤੋਂ ਕੀਮਤੀ ਰਿਸ਼ਤੇ ਨੂੰ ਦਾਅ ʼਤੇ ਨਾ ਲਾਓ
15. ਯੂਸੁਫ਼ ਦਾ ਯਹੋਵਾਹ ਨਾਲ ਰਿਸ਼ਤਾ ਕਿਵੇਂ ਇਕ ਬਰਕਤ ਸਾਬਤ ਹੋਇਆ?
15 ਅਸੀਂ ਯੂਸੁਫ਼ ਤੋਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। 13 ਸਾਲਾਂ ਤਕ ਉਸ ਨੇ ਅਨਿਆਂ ਸਹਿਆ, ਪਰ ਉਸ ਨੇ ਹਰ ਗੱਲ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਿਆ। (ਉਤ. 45:5-8) ਉਸ ਨੇ ਆਪਣੇ ਹਾਲਾਤਾਂ ਲਈ ਕਦੇ ਵੀ ਯਹੋਵਾਹ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਭਾਵੇਂ ਯੂਸੁਫ਼ ਇਹ ਨਹੀਂ ਭੁੱਲਿਆ ਕਿ ਉਸ ਨੂੰ ਕਿੰਨੇ ਦੁੱਖ ਝੱਲਣੇ ਪਏ, ਪਰ ਉਸ ਨੇ ਆਪਣੇ ਦਿਲ ਵਿਚ ਨਫ਼ਰਤ ਪੈਦਾ ਨਹੀਂ ਹੋਣ ਦਿੱਤੀ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਉਸ ਨੇ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਅਤੇ ਗ਼ਲਤ ਕੰਮਾਂ ਨੂੰ ਯਹੋਵਾਹ ਦੀ ਸੇਵਾ ਵਿਚ ਅੜਿੱਕਾ ਨਹੀਂ ਬਣਨ ਦਿੱਤਾ। ਯੂਸੁਫ਼ ਵਫ਼ਾਦਾਰ ਰਹਿਣ ਕਰਕੇ ਦੇਖ ਪਾਇਆ ਕਿ ਯਹੋਵਾਹ ਨੇ ਉਸ ਨੂੰ ਇਨਸਾਫ਼ ਦੁਆਇਆ ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਅਸੀਸ ਦਿੱਤੀ।
16. ਜੇ ਮੰਡਲੀ ਵਿਚ ਸਾਡੇ ਨਾਲ ਅਨਿਆਂ ਹੁੰਦਾ ਹੈ, ਤਾਂ ਸਾਨੂੰ ਯਹੋਵਾਹ ਦੇ ਹੋਰ ਵੀ ਨੇੜੇ ਕਿਉਂ ਰਹਿਣਾ ਚਾਹੀਦਾ ਹੈ?
16 ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹਮੇਸ਼ਾ ਅਨਮੋਲ ਸਮਝਣਾ ਚਾਹੀਦਾ ਹੈ ਅਤੇ ਕਿਸੇ ਵੀ ਕੀਮਤ ʼਤੇ ਟੁੱਟਣ ਨਹੀਂ ਦੇਣਾ ਚਾਹੀਦਾ। ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਸਾਨੂੰ ਕਦੇ ਵੀ ਯਹੋਵਾਹ ਨੂੰ ਪਿਆਰ ਕਰਨ ਜਾਂ ਉਸ ਦੀ ਭਗਤੀ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। (ਰੋਮੀ. 8:38, 39) ਜੇ ਸਾਨੂੰ ਮੰਡਲੀ ਵਿਚ ਅਨਿਆਂ ਸਹਿਣਾ ਪਵੇ, ਤਾਂ ਆਓ ਅਸੀਂ ਯੂਸੁਫ਼ ਦੀ ਰੀਸ ਕਰੀਏ, ਯਹੋਵਾਹ ਦੇ ਹੋਰ ਵੀ ਨੇੜੇ ਹੋਈਏ ਅਤੇ ਹਰ ਗੱਲ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੀਏ। ਜਦੋਂ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਮੁਸ਼ਕਲਾਂ ਨੂੰ ਸੁਲਝਾਉਣ ਲਈ ਸਭ ਕੁਝ ਕਰ ਲੈਂਦੇ ਹਾਂ, ਤਾਂ ਸਾਨੂੰ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸਮੇਂ ʼਤੇ ਅਤੇ ਆਪਣੇ ਤਰੀਕੇ ਨਾਲ ਮਾਮਲੇ ਨੂੰ ਸੁਲਝਾਵੇਗਾ।
‘ਸਾਰੀ ਧਰਤੀ ਦੇ ਨਿਆਈ’ ਉੱਤੇ ਭਰੋਸਾ ਰੱਖੋ
17. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ‘ਸਾਰੀ ਧਰਤੀ ਦੇ ਨਿਆਈ’ ʼਤੇ ਭਰੋਸਾ ਰੱਖਦੇ ਹਾਂ?
17 ਇਸ ਦੁਨੀਆਂ ਵਿਚ ਸਾਡੇ ਸਾਰਿਆਂ ਨਾਲ ਅਨਿਆਂ ਹੁੰਦਾ ਹੈ। ਮੰਨ ਲਓ, ਮੰਡਲੀ ਵਿਚ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਅਨਿਆਂ ਹੁੰਦਾ ਹੈ। ਜਾਂ ਸਿਰਫ਼ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਅਨਿਆਂ ਹੋਇਆ ਹੈ। ਜੇ ਕਦੀ ਇਸ ਤਰ੍ਹਾਂ ਹੋਵੇ, ਤਾਂ ਇਕ ਗੱਲ ਯਾਦ ਰੱਖੋ। ਆਪਣੀ ਨਿਹਚਾ ਕਦੀ ਕਮਜ਼ੋਰ ਨਾ ਹੋਣ ਦਿਓ। (ਜ਼ਬੂ. 119:165) ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹੋ, ਪ੍ਰਾਰਥਨਾ ਵਿਚ ਉਸ ਤੋਂ ਮਦਦ ਮੰਗੋ ਅਤੇ ਉਸ ʼਤੇ ਭਰੋਸਾ ਰੱਖੋ। ਯਾਦ ਰੱਖੋ ਕਿ ਨਾਮੁਕੰਮਲ ਹੋਣ ਕਰਕੇ ਸ਼ਾਇਦ ਸਾਨੂੰ ਲੱਗੇ ਕਿ ਸਾਡੇ ਨਾਲ ਅਨਿਆਂ ਹੋਇਆ ਹੈ ਜਾਂ ਸਾਨੂੰ ਸਾਰਾ ਕੁਝ ਨਾ ਪਤਾ ਹੋਵੇ। ਯੂਸੁਫ਼ ਦੀ ਰੀਸ ਕਰਦਿਆਂ ਕਿਸੇ ਬਾਰੇ ਬੁਲਾ-ਭਲਾ ਨਾ ਕਹੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮਾਮਲਾ ਹੋਰ ਵਿਗੜੇ। ਕਦੀ ਵੀ ਕਿਸੇ ਵੀ ਮਾਮਲੇ ਨੂੰ ਆਪ ਸੁਲਝਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਬਜਾਇ, ਵਫ਼ਾਦਾਰ ਰਹੋ, ਧੀਰਜ ਰੱਖੋ ਅਤੇ ਯਹੋਵਾਹ ਨੂੰ ਮਸਲਾ ਸੁਲਝਾਉਣ ਦਿਓ। ਫਿਰ ਤੁਹਾਡੇ ਉੱਤੇ ਵੀ ਯੂਸੁਫ਼ ਵਾਂਗ ਯਹੋਵਾਹ ਦੀ ਅਸੀਸ ਹੋਵੇਗੀ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ “ਸਾਰੀ ਧਰਤੀ ਦਾ ਨਿਆਈ” ਸਭ ਕੁਝ ਸਹੀ ਕਰੇਗਾ “ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।”—ਉਤ. 18:25; ਬਿਵ. 32:4.
18. ਅਗਲੇ ਲੇਖ ਵਿਚ ਅਸੀਂ ਕੀ ਸਿੱਖਾਂਗੇ?
18 ਅਗਲੇ ਲੇਖ ਵਿਚ ਅਸੀਂ ਬਾਈਬਲ ਦੇ ਜ਼ਮਾਨੇ ਦੀਆਂ ਦੋ ਮਿਸਾਲਾਂ ਦੇਖਾਂਗੇ। ਇਨ੍ਹਾਂ ਵਿਚ ਦੱਸਿਆ ਜਾਵੇਗਾ ਕਿ ਯਹੋਵਾਹ ਦੇ ਲੋਕਾਂ ਨੇ ਅਨਿਆਂ ਕਿਵੇਂ ਸਹਿਆ। ਅਸੀਂ ਸਿੱਖਾਂਗੇ ਕਿ ਨਿਮਰ ਰਹਿ ਕੇ ਅਤੇ ਮਾਫ਼ ਕਰ ਕੇ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ।
a ਪਹਿਰਾਬੁਰਜ 1 ਨਵੰਬਰ 1992 ਵਿਚ ਵਿਲੀ ਡੈੱਲ ਦੀ ਜੀਵਨੀ ‘ਤੂੰ ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ’ (ਅੰਗ੍ਰੇਜ਼ੀ) ਦੇਖੋ।