“ਸੱਚਾਈ ਦੀਆਂ ਬੁਨਿਆਦੀ ਗੱਲਾਂ” ਤੋਂ ਸਿੱਖੋ
“ਤੂੰ ਮੂਸਾ ਦੇ ਕਾਨੂੰਨ ਵਿਚ ਪਾਏ ਜਾਂਦੇ ਗਿਆਨ ਅਤੇ ਸੱਚਾਈ ਦੀਆਂ ਬੁਨਿਆਦੀ ਗੱਲਾਂ ਜਾਣਦਾ ਹੈਂ।”—ਰੋਮੀ. 2:20.
1. ਸਾਨੂੰ ਮੂਸਾ ਦੇ ਕਾਨੂੰਨ ਦੀ ਸਮਝ ਕਿਉਂ ਲੈਣੀ ਚਾਹੀਦੀ ਹੈ?
ਜੇ ਯਹੋਵਾਹ ਨੇ ਪੌਲੁਸ ਰਸੂਲ ਤੋਂ ਕਿਤਾਬਾਂ ਨਾ ਲਿਖਵਾਈਆਂ ਹੁੰਦੀਆਂ, ਤਾਂ ਸਾਨੂੰ ਮੂਸਾ ਦੇ ਕਾਨੂੰਨ ਵਿਚ ਦੱਸੀਆਂ ਕਈ ਗੱਲਾਂ ਸਮਝ ਨਹੀਂ ਆਉਣੀਆਂ ਸਨ। ਮਿਸਾਲ ਲਈ, ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਸਾਫ਼-ਸਾਫ਼ ਦੱਸਿਆ ਕਿ “ਵਫ਼ਾਦਾਰ ਮਹਾਂ ਪੁਜਾਰੀ” ਵਜੋਂ ਯਿਸੂ ਨੇ ਇੱਕੋ ਵਾਰ ਹਮੇਸ਼ਾ ਲਈ ‘ਬਲੀਦਾਨ ਚੜ੍ਹਾਇਆ’ ਤਾਂਕਿ ਨਿਹਚਾ ਕਰਨ ਵਾਲਿਆਂ ਨੂੰ “ਹਮੇਸ਼ਾ ਲਈ ਮੁਕਤੀ” ਮਿਲ ਸਕੇ। (ਇਬ. 2:17; 9:11, 12) ਪੌਲੁਸ ਨੇ ਸਮਝਾਇਆ ਕਿ ਤੰਬੂ ‘ਸਵਰਗੀ ਚੀਜ਼ਾਂ ਦਾ ਪਰਛਾਵਾਂ’ ਸੀ ਅਤੇ ਯਿਸੂ ਮੂਸਾ ਰਾਹੀਂ ਕੀਤੇ ਗਏ ਇਕਰਾਰ ਨਾਲੋਂ “ਇਕ ਉੱਤਮ ਇਕਰਾਰ” ਦਾ ਵਿਚੋਲਾ ਬਣਿਆ। (ਇਬ. 7:22; 8:1-5) ਪੌਲੁਸ ਦੇ ਦਿਨਾਂ ਵਿਚ ਮਸੀਹੀਆਂ ਨੂੰ ਮੂਸਾ ਦੇ ਕਾਨੂੰਨ ਦੀਆਂ ਅਜਿਹੀਆਂ ਗੱਲਾਂ ਦੀ ਸਮਝ ਦਾ ਬਹੁਤ ਫ਼ਾਇਦਾ ਹੋਇਆ ਸੀ ਤੇ ਅੱਜ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ਇਹ ਸਮਝ ਹੋਣ ਕਰਕੇ ਅਸੀਂ ਉਨ੍ਹਾਂ ਪ੍ਰਬੰਧਾਂ ਦੀ ਹੋਰ ਜ਼ਿਆਦਾ ਕਦਰ ਕਰਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਲਈ ਕੀਤੇ ਹਨ।
2. ਯਹੂਦੀ ਮਸੀਹੀਆਂ ਕੋਲ ਕੀ ਸੀ ਜੋ ਗ਼ੈਰ-ਯਹੂਦੀ ਮਸੀਹੀਆਂ ਕੋਲ ਨਹੀਂ ਸੀ?
2 ਜਦ ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੇ ਕੁਝ ਗੱਲਾਂ ਉਨ੍ਹਾਂ ਨੂੰ ਕਹੀਆਂ ਜੋ ਪਹਿਲਾਂ ਯਹੂਦੀ ਹੁੰਦੇ ਸਨ ਤੇ ਜਿਨ੍ਹਾਂ ਨੂੰ ਮੂਸਾ ਦੇ ਕਾਨੂੰਨ ਦਾ ਗਿਆਨ ਸੀ। ਉਸ ਨੇ ਮੰਨਿਆ ਕਿ ਇਸ ਕਾਨੂੰਨ ਦਾ ਗਿਆਨ ਹੋਣ ਕਰਕੇ ਉਹ ਯਹੋਵਾਹ ਅਤੇ ਉਸ ਦੇ ਧਰਮੀ ਅਸੂਲਾਂ ਦੀਆਂ “ਬੁਨਿਆਦੀ ਗੱਲਾਂ” ਜਾਣਦੇ ਸਨ। ਉਹ “ਸੱਚਾਈ ਦੀਆਂ ਬੁਨਿਆਦੀ ਗੱਲਾਂ” ਨੂੰ ਸਮਝਦੇ ਸਨ ਤੇ ਉਨ੍ਹਾਂ ਨੂੰ ਪਿਆਰ ਵੀ ਕਰਦੇ ਸਨ। ਇਸ ਲਈ ਪੁਰਾਣੇ ਸਮੇਂ ਦੇ ਵਫ਼ਾਦਾਰ ਯਹੂਦੀਆਂ ਵਾਂਗ ਇਹ ਯਹੂਦੀ ਮਸੀਹੀ ਉਨ੍ਹਾਂ ਲੋਕਾਂ ਨੂੰ ਇਸ ਕਾਨੂੰਨ ਦੀ ਸਿੱਖਿਆ ਤੇ ਸਮਝ ਦੇ ਸਕਦੇ ਸਨ ਜਿਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।—ਰੋਮੀਆਂ 2:17-20 ਪੜ੍ਹੋ।
ਯਿਸੂ ਦੇ ਬਲੀਦਾਨ ਦੇ ਪਰਛਾਵੇਂ
3. ਯਹੂਦੀਆਂ ਦੁਆਰਾ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਦਾ ਅਧਿਐਨ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
3 ਯਹੋਵਾਹ ਦੇ ਮਕਸਦ ਨੂੰ ਸਮਝਣ ਲਈ ਸਾਡੇ ਵਾਸਤੇ ਵੀ ਸੱਚਾਈ ਦੀਆਂ ਬੁਨਿਆਦੀ ਗੱਲਾਂ ਜਾਣਨੀਆਂ ਜ਼ਰੂਰੀ ਹਨ ਜਿਨ੍ਹਾਂ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ। ਮੂਸਾ ਦੇ ਕਾਨੂੰਨ ਦੇ ਅਸੂਲਾਂ ਦੀ ਅਹਿਮੀਅਤ ਅਜੇ ਵੀ ਖ਼ਤਮ ਨਹੀਂ ਹੋਈ ਹੈ। ਇਸ ਨੂੰ ਮਨ ਵਿਚ ਰੱਖਦੇ ਹੋਏ ਆਓ ਆਪਾਂ ਧਿਆਨ ਦੇਈਏ ਕਿ ਵੱਖੋ-ਵੱਖਰੀਆਂ ਬਲ਼ੀਆਂ ਤੇ ਭੇਟਾਂ ਚੜ੍ਹਾਉਣ ਦੇ ਪ੍ਰਬੰਧ ਨੇ ਨਿਮਰ ਇਜ਼ਰਾਈਲੀਆਂ ਦੀ ਮਸੀਹ ਨੂੰ ਸਵੀਕਾਰ ਕਰਨ ਵਿਚ ਕਿਵੇਂ ਮਦਦ ਕੀਤੀ। ਨਾਲੇ ਇਸ ਪ੍ਰਬੰਧ ਨੇ ਇਹ ਜਾਣਨ ਵਿਚ ਉਨ੍ਹਾਂ ਦੀ ਮਦਦ ਕੀਤੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਸੀ। ਯਹੋਵਾਹ “ਨਾ ਬਦਲਣ ਵਾਲਾ ਪ੍ਰਭੂ” ਹੈ, ਇਸ ਕਰਕੇ ਉਹ ਅੱਜ ਵੀ ਆਪਣੇ ਸੇਵਕਾਂ ਤੋਂ ਉਹੀ ਕੁਝ ਚਾਹੁੰਦਾ ਹੈ ਜੋ ਉਹ ਪਹਿਲਾਂ ਚਾਹੁੰਦਾ ਸੀ। ਸੋ ਬਲੀਦਾਨਾਂ ਬਾਰੇ ਇਜ਼ਰਾਈਲੀਆਂ ਨੂੰ ਦਿੱਤੇ ਹੁਕਮ ਅੱਜ ਸਾਡੀ ਇਹ ਜਾਂਚ ਕਰਨ ਵਿਚ ਮਦਦ ਕਰਦੇ ਹਨ ਕਿ ਅਸੀਂ ਯਹੋਵਾਹ ਦੀ ਭਗਤੀ ਦਿਲੋਂ ਕਰਦੇ ਹਾਂ ਕਿ ਨਹੀਂ।—ਮਲਾ. 3:6, CL.
4, 5. (ੳ) ਮੂਸਾ ਦੇ ਕਾਨੂੰਨ ਨੇ ਲੋਕਾਂ ਨੂੰ ਕੀ ਯਾਦ ਕਰਾਇਆ? (ਅ) ਬਲ਼ੀਆਂ ਦੇਣ ਬਾਰੇ ਪਰਮੇਸ਼ੁਰ ਦੇ ਹੁਕਮ ਨੇ ਕਿਹੜੀ ਗੱਲ ਵੱਲ ਇਸ਼ਾਰਾ ਕੀਤਾ?
4 ਮੂਸਾ ਦੇ ਕਾਨੂੰਨ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਉਹ ਪਾਪੀ ਸਨ। ਮਿਸਾਲ ਲਈ, ਜੇ ਕੋਈ ਕਿਸੇ ਲਾਸ਼ ਨੂੰ ਹੱਥ ਲਾਉਂਦਾ ਸੀ, ਤਾਂ ਉਸ ਨੂੰ ਆਪਣੇ ਆਪ ਨੂੰ ਸ਼ੁੱਧ ਕਰਨਾ ਪੈਂਦਾ ਸੀ। ਸ਼ੁੱਧ ਹੋਣ ਲਈ ਇਕ ਲਾਲ ਨਰੋਈ ਜੁਆਨ ਗਾਂ ਦੀ ਬਲ਼ੀ ਦੇ ਕੇ ਉਸ ਨੂੰ ਸਾੜਿਆ ਜਾਂਦਾ ਸੀ। ਫਿਰ ਉਸ ਦੀ ਸੁਆਹ ‘ਅਸ਼ੁੱਧਤਾਈ ਦੂਰ ਕਰਨ ਦੇ ਜਲ’ ਵਿਚ ਰਲ਼ਾਉਣ ਲਈ ਰੱਖੀ ਜਾਂਦੀ ਸੀ। ਇਹ ਜਲ ਤੀਜੇ ਤੇ ਸੱਤਵੇਂ ਦਿਨ ਅਸ਼ੁੱਧ ਵਿਅਕਤੀ ਉੱਤੇ ਛਿੜਕਿਆ ਜਾਂਦਾ ਸੀ। (ਗਿਣ. 19:1-13) ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਵੀ ਕੁਝ ਦਿਨਾਂ ਲਈ ਅਸ਼ੁੱਧ ਹੁੰਦੀ ਸੀ ਤੇ ਦਿਨ ਪੂਰੇ ਹੋਣ ਤੇ ਉਸ ਨੂੰ ਮਾਫ਼ੀ ਲਈ ਬਲ਼ੀ ਚੜ੍ਹਾਉਣੀ ਪੈਂਦੀ ਸੀ। ਇਸ ਤਰ੍ਹਾਂ ਯਹੂਦੀਆਂ ਨੂੰ ਇਹ ਯਾਦ ਕਰਾਇਆ ਜਾਂਦਾ ਸੀ ਕਿ ਸਾਰੇ ਲੋਕ ਨਾਮੁਕੰਮਲ ਤੇ ਪਾਪੀ ਪੈਦਾ ਹੁੰਦੇ ਹਨ।—ਲੇਵੀ. 12:1-8.
5 ਯਹੂਦੀਆਂ ਨੂੰ ਰੋਜ਼ ਹੋ ਜਾਂਦੇ ਪਾਪਾਂ ਲਈ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣੀਆਂ ਪੈਂਦੀਆਂ ਸਨ। ਚਾਹੇ ਉਨ੍ਹਾਂ ਨੂੰ ਪਤਾ ਸੀ ਜਾਂ ਨਹੀਂ, ਇਹ ਬਲ਼ੀਆਂ ਤੇ ਬਾਅਦ ਵਿਚ ਯਹੋਵਾਹ ਦੇ ਮੰਦਰ ਵਿਚ ਦਿੱਤੀਆਂ ਗਈਆਂ ਬਲ਼ੀਆਂ ਯਿਸੂ ਦੇ ਮੁਕੰਮਲ ਬਲੀਦਾਨ ਦਾ “ਪਰਛਾਵਾਂ” ਸੀ।—ਇਬ. 10:1-10.
ਬਲ਼ੀ ਚੜ੍ਹਾਉਣ ਵੇਲੇ ਸਹੀ ਰਵੱਈਆ
6, 7. (ੳ) ਭੇਟ ਚੜ੍ਹਾਉਣ ਦੇ ਮਾਮਲੇ ਵਿਚ ਇਜ਼ਰਾਈਲੀਆਂ ਨੂੰ ਕੀ ਯਾਦ ਰੱਖਣ ਦੀ ਲੋੜ ਸੀ? (ਅ) ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
6 ਯਹੋਵਾਹ ਸਿਰਫ਼ ਉਨ੍ਹਾਂ ਜਾਨਵਰਾਂ ਦੀਆਂ ਬਲ਼ੀਆਂ ਕਬੂਲ ਕਰਦਾ ਸੀ ਜਿਨ੍ਹਾਂ ਵਿਚ ‘ਕੋਈ ਬੱਜ ਨਹੀਂ ਹੁੰਦਾ’ ਸੀ ਯਾਨੀ ਜਿਹੜੇ ਅੰਨ੍ਹੇ, ਜ਼ਖ਼ਮੀ, ਲੂਲੇ-ਲੰਗੜੇ ਜਾਂ ਬੀਮਾਰ ਨਹੀਂ ਹੁੰਦੇ ਸਨ। (ਲੇਵੀ. 22:20-22) ਯਹੋਵਾਹ ਨੂੰ ਫਲ ਜਾਂ ਅੰਨ ਚੜ੍ਹਾਉਣ ਵੇਲੇ ਇਜ਼ਰਾਈਲੀਆਂ ਨੂੰ ਆਪਣੀ ਫ਼ਸਲ ਦਾ ‘ਪਹਿਲਾ ਫਲ’ ਅਤੇ “ਸਭ ਤੋਂ ਚੰਗਾ” ਹਿੱਸਾ ਦੇਣਾ ਹੁੰਦਾ ਸੀ। (ਗਿਣ. 18:12, 29) ਯਹੋਵਾਹ ਕਿਸੇ ਘਟੀਆ ਭੇਟ ਨੂੰ ਮਨਜ਼ੂਰ ਨਹੀਂ ਕਰਦਾ ਸੀ। ਇਹ ਬਹੁਤ ਜ਼ਰੂਰੀ ਸੀ ਕਿਉਂਕਿ ਜਾਨਵਰਾਂ ਦੀਆਂ ਬਲ਼ੀਆਂ ਯਿਸੂ ਦੇ ਨਿਰਦੋਸ਼ ਅਤੇ ਬੇਦਾਗ਼ ਬਲੀਦਾਨ ਨੂੰ ਦਰਸਾਉਂਦੀਆਂ ਸਨ ਅਤੇ ਦਿਖਾਉਂਦੀਆਂ ਸਨ ਕਿ ਯਹੋਵਾਹ ਨੇ ਇਨਸਾਨਾਂ ਨੂੰ ਬਚਾਉਣ ਲਈ ਆਪਣੀ ਸਭ ਤੋਂ ਉੱਤਮ ਚੀਜ਼ ਦਾ ਬਲੀਦਾਨ ਦੇਣਾ ਸੀ ਜੋ ਉਸ ਨੂੰ ਸਭ ਤੋਂ ਪਿਆਰੀ ਸੀ।—1 ਪਤ. 1:18, 19.
7 ਜੇ ਬਲ਼ੀ ਚੜ੍ਹਾਉਣ ਵਾਲਾ ਵਿਅਕਤੀ ਯਹੋਵਾਹ ਦੀਆਂ ਸਾਰੀਆਂ ਬਰਕਤਾਂ ਲਈ ਦਿਲੋਂ ਉਸ ਦਾ ਧੰਨਵਾਦੀ ਸੀ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਸਭ ਤੋਂ ਵਧੀਆ ਚੀਜ਼ ਦੇਣ ਲਈ ਤਿਆਰ ਸੀ। ਹਰ ਵਿਅਕਤੀ ਆਪ ਫ਼ੈਸਲਾ ਕਰ ਸਕਦਾ ਸੀ ਕਿ ਉਹ ਯਹੋਵਾਹ ਨੂੰ ਆਪਣੀ ਸਭ ਤੋਂ ਉੱਤਮ ਚੀਜ਼ ਚੜ੍ਹਾਵੇਗਾ ਜਾਂ ਨਹੀਂ। ਪਰ ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਉਸ ਬਲ਼ੀ ਨੂੰ ਸਵੀਕਾਰ ਨਹੀਂ ਕਰੇਗਾ ਜਿਸ ਵਿਚ ਕੋਈ ਨੁਕਸ ਸੀ। ਜੇ ਉਹ ਨੁਕਸ ਵਾਲੇ ਜਾਨਵਰ ਦੀ ਬਲ਼ੀ ਚੜ੍ਹਾਉਂਦਾ, ਤਾਂ ਇਸ ਤੋਂ ਪਤਾ ਲੱਗਦਾ ਕਿ ਬਲ਼ੀ ਚੜ੍ਹਾਉਣੀ ਉਸ ਲਈ ਬੋਝ ਸੀ ਜਾਂ ਉਹ ਸਿਰਫ਼ ਨਾਂ ਹੀ ਕਰਦਾ ਸੀ। (ਮਲਾਕੀ 1:6-8, 13 ਪੜ੍ਹੋ।) ਇਸ ਕਰਕੇ ਪਰਮੇਸ਼ੁਰ ਦੀ ਸੇਵਾ ਕਰਨ ਸੰਬੰਧੀ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਦੀ ਸੇਵਾ ਦਿਲੋਂ ਕਰ ਰਿਹਾ ਹਾਂ? ਕੀ ਮੈਨੂੰ ਯਹੋਵਾਹ ਦੀ ਭਗਤੀ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਆਪਣੇ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਹੈ? ਜੋ ਮੇਰੇ ਕੋਲ ਹੈ, ਕੀ ਮੈਂ ਉਸ ਵਿੱਚੋਂ ਯਹੋਵਾਹ ਨੂੰ ਸਭ ਤੋਂ ਵਧੀਆ ਦੇ ਰਿਹਾ ਹਾਂ?’
8, 9. ਜਿਸ ਰਵੱਈਏ ਨਾਲ ਇਜ਼ਰਾਈਲੀ ਬਲ਼ੀਆਂ ਦਿੰਦੇ ਸਨ ਉਸ ʼਤੇ ਸਾਨੂੰ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?
8 ਉਸ ਇਜ਼ਰਾਈਲੀ ਨੂੰ ਆਪਣੇ ਸਭ ਤੋਂ ਵਧੀਆ ਜਾਨਵਰ ਦੀ ਬਲ਼ੀ ਦੇਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਜਿਹੜਾ ਯਹੋਵਾਹ ਦਾ ਧੰਨਵਾਦ ਕਰਨ ਲਈ ਆਪਣੀ ਇੱਛਾ ਨਾਲ ਬਲੀਦਾਨ ਦਿੰਦਾ ਸੀ ਜਾਂ ਉਸ ਦੀ ਮਨਜ਼ੂਰੀ ਪਾਉਣ ਲਈ ਹੋਮ ਬਲ਼ੀ ਚੜ੍ਹਾਉਂਦਾ ਸੀ। ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਜਾਨਵਰ ਚੜ੍ਹਾਉਣ ਵਿਚ ਉਸ ਨੂੰ ਖ਼ੁਸ਼ੀ ਹੁੰਦੀ ਸੀ। ਭਾਵੇਂ ਕਿ ਅੱਜ ਮਸੀਹੀ ਮੂਸਾ ਦੇ ਕਾਨੂੰਨ ਅਨੁਸਾਰ ਬਲ਼ੀਆਂ ਨਹੀਂ ਚੜ੍ਹਾਉਂਦੇ, ਫਿਰ ਵੀ ਉਹ ਬਲ਼ੀਆਂ ਦਿੰਦੇ ਹਨ ਕਿਉਂਕਿ ਉਹ ਯਹੋਵਾਹ ਦੀ ਸੇਵਾ ਵਿਚ ਆਪਣਾ ਸਮਾਂ, ਤਾਕਤ, ਪੈਸਾ ਤੇ ਹੋਰ ਚੀਜ਼ਾਂ ਵਰਤਦੇ ਹਨ। ਪੌਲੁਸ ਰਸੂਲ ਨੇ ਕਿਹਾ ਕਿ ਜਦ ਮਸੀਹੀ ਆਪਣੀ ਉਮੀਦ ਦਾ “ਐਲਾਨ” ਕਰਦੇ ਹਨ ਅਤੇ ‘ਭਲਾ ਕਰਦੇ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ’ ਹਨ, ਤਾਂ ਇਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ ਹਨ। (ਇਬ. 13:15, 16) ਯਹੋਵਾਹ ਦੇ ਲੋਕ ਜਿਸ ਰਵੱਈਏ ਨਾਲ ਇਹ ਸਾਰਾ ਕੁਝ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਬਰਕਤਾਂ ਲਈ ਪਰਮੇਸ਼ੁਰ ਦੇ ਕਿੰਨੇ ਕੁ ਧੰਨਵਾਦੀ ਹਨ ਜਾਂ ਇਨ੍ਹਾਂ ਬਰਕਤਾਂ ਦੀ ਕਿੰਨੀ ਕੁ ਕਦਰ ਕਰਦੇ ਹਨ। ਸੋ ਇਜ਼ਰਾਈਲੀਆਂ ਵਾਂਗ ਸਾਨੂੰ ਵੀ ਆਪਣੀ ਜਾਂਚ ਕਰਨ ਦੀ ਲੋੜ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਦਿਲੋਂ ਕਰ ਰਹੇ ਹਾਂ ਜਾਂ ਨਹੀਂ।
9 ਇਜ਼ਰਾਈਲੀਆਂ ਨੂੰ ਪਾਪ ਕਰਨ ਤੋਂ ਬਾਅਦ ਪਾਪ ਦੀ ਭੇਟ ਜਾਂ ਦੋਸ਼ ਦੀ ਭੇਟ ਦੇਣੀ ਪੈਂਦੀ ਸੀ। ਇਹ ਬਲ਼ੀਆਂ ਚੜ੍ਹਾਉਣ ਤੋਂ ਇਲਾਵਾ ਪਾਪ ਕਰਨ ਵਾਲੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਸੀ। ਇਸ ਕਰਕੇ ਉਹ ਸ਼ਾਇਦ ਖ਼ੁਸ਼ੀ-ਖ਼ੁਸ਼ੀ ਬਲ਼ੀ ਨਾ ਚੜ੍ਹਾਉਂਦਾ, ਸਗੋਂ ਮਜਬੂਰ ਹੋ ਕੇ ਚੜ੍ਹਾਉਂਦਾ। (ਲੇਵੀ. 4:27, 28) ਪਰ ਜੇ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾਈ ਰੱਖਣਾ ਚਾਹੁੰਦਾ ਸੀ, ਤਾਂ ਉਸ ਨੂੰ ਇਹ ਭੇਟ ਦੇ ਕੇ ਖ਼ੁਸ਼ੀ ਹੁੰਦੀ ਸੀ।
10. ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਲਈ ਮਸੀਹੀਆਂ ਨੂੰ ਸ਼ਾਇਦ ਕਿਹੜੇ ਬਲੀਦਾਨ ਦੇਣੇ ਪੈਣ?
10 ਇਸੇ ਤਰ੍ਹਾਂ ਅੱਜ ਵੀ ਹੋ ਸਕਦਾ ਹੈ ਕਿ ਤੁਸੀਂ ਬਿਨਾਂ ਸੋਚੇ-ਸਮਝੇ, ਅਣਜਾਣੇ ਵਿਚ ਜਾਂ ਲਾਪਰਵਾਹੀ ਨਾਲ ਆਪਣੇ ਕਿਸੇ ਭਰਾ ਨੂੰ ਨਾਰਾਜ਼ ਕਰ ਦਿਓ। ਤੁਹਾਡੀ ਜ਼ਮੀਰ ਸ਼ਾਇਦ ਤੁਹਾਨੂੰ ਦੱਸੇ ਕਿ ਤੁਸੀਂ ਸਹੀ ਨਹੀਂ ਕੀਤਾ। ਜਿਹੜਾ ਵੀ ਯਹੋਵਾਹ ਦੀ ਸੇਵਾ ਦਿਲੋਂ ਕਰਨੀ ਚਾਹੁੰਦਾ ਹੈ, ਉਹ ਆਪਣੀ ਗ਼ਲਤੀ ਸੁਧਾਰਨ ਦੀ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ। ਇਸ ਦਾ ਮਤਲਬ ਹੈ ਕਿ ਸ਼ਾਇਦ ਤੁਹਾਨੂੰ ਆਪਣੇ ਭਰਾ ਤੋਂ ਮਾਫ਼ੀ ਮੰਗਣੀ ਪਵੇ। ਜਾਂ ਜੇ ਤੁਹਾਡੇ ਕੋਲੋਂ ਕੋਈ ਗੰਭੀਰ ਗ਼ਲਤੀ ਹੋ ਗਈ ਹੋਵੇ, ਤਾਂ ਤੁਹਾਨੂੰ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਲੈਣੀ ਪਵੇ। (ਮੱਤੀ 5:23, 24; ਯਾਕੂ. 5:14, 15) ਸੋ ਕਿਸੇ ਇਨਸਾਨ ਜਾਂ ਰੱਬ ਦੇ ਖ਼ਿਲਾਫ਼ ਕੀਤੀ ਗ਼ਲਤੀ ਨੂੰ ਸੁਧਾਰਨ ਲਈ ਤੁਹਾਨੂੰ ਕੁਝ ਕਰਨਾ ਪਵੇਗਾ। ਇਹ ਸਾਰਾ ਕੁਝ ਯਹੋਵਾਹ ਦੀਆਂ ਨਜ਼ਰਾਂ ਵਿਚ ਬਲੀਦਾਨ ਵਾਂਗ ਹੈ। ਅਜਿਹੇ ਬਲੀਦਾਨ ਦੇ ਕੇ ਅਸੀਂ ਯਹੋਵਾਹ ਨਾਲ ਅਤੇ ਆਪਣੇ ਭਰਾ ਨਾਲ ਰਿਸ਼ਤਾ ਦੁਬਾਰਾ ਬਣਾਉਂਦੇ ਹਾਂ ਤੇ ਸਾਡੀ ਜ਼ਮੀਰ ਸਾਫ਼ ਹੁੰਦੀ ਹੈ। ਫਿਰ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਦੇ ਰਾਹਾਂ ʼਤੇ ਚੱਲਣ ਨਾਲ ਸਾਡਾ ਭਲਾ ਹੁੰਦਾ ਹੈ।
11, 12. (ੳ) ਸੁੱਖ-ਸਾਂਦ ਦੀ ਬਲ਼ੀ ਕੀ ਸੀ? (ਅ) ਅੱਜ ਅਸੀਂ ਸੁੱਖ-ਸਾਂਦ ਦੀਆਂ ਬਲ਼ੀਆਂ ਤੋਂ ਕੀ ਸਿੱਖ ਸਕਦੇ ਹਾਂ?
11 ਮੂਸਾ ਦੇ ਕਾਨੂੰਨ ਅਨੁਸਾਰ ਯਹੋਵਾਹ ਨਾਲ ਚੰਗਾ ਰਿਸ਼ਤਾ ਰੱਖਣ ਲਈ ਸੁੱਖ-ਸਾਂਦ ਦੀਆਂ ਬਲ਼ੀਆਂ ਵੀ ਚੜ੍ਹਾਈਆਂ ਜਾਂਦੀਆਂ ਸਨ। ਬਲ਼ੀ ਚੜ੍ਹਾਉਣ ਵਾਲਾ ਆਪਣੇ ਪਰਿਵਾਰ ਨਾਲ ਮੰਦਰ ਦੀ ਕਿਸੇ ਕੋਠੜੀ ਵਿਚ ਬੈਠ ਕੇ ਕੁਰਬਾਨ ਕੀਤੇ ਗਏ ਜਾਨਵਰ ਦਾ ਮਾਸ ਖਾਂਦਾ ਸੀ। ਬਲ਼ੀ ਚੜ੍ਹਾਉਣ ਵਾਲੇ ਪੁਜਾਰੀ ਨੂੰ ਅਤੇ ਮੰਦਰ ਵਿਚ ਸੇਵਾ ਕਰ ਰਹੇ ਦੂਸਰੇ ਪੁਜਾਰੀਆਂ ਨੂੰ ਬਲ਼ੀ ਦਾ ਕੁਝ ਹਿੱਸਾ ਮਿਲਦਾ ਸੀ। (ਲੇਵੀ. 3:1; 7:31-33) ਕੋਈ ਇਜ਼ਰਾਈਲੀ ਇਹ ਬਲ਼ੀ ਇਸੇ ਲਈ ਚੜ੍ਹਾਉਂਦਾ ਸੀ ਕਿਉਂਕਿ ਉਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਈ ਰੱਖਣਾ ਚਾਹੁੰਦਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਵਿਅਕਤੀ, ਉਸ ਦਾ ਪਰਿਵਾਰ, ਪੁਜਾਰੀ ਅਤੇ ਯਹੋਵਾਹ ਰਲ਼ ਕੇ ਖ਼ੁਸ਼ੀ-ਖ਼ੁਸ਼ੀ ਖਾਣਾ ਖਾ ਰਹੇ ਹੋਣ।
12 ਇਕ ਇਜ਼ਰਾਈਲੀ ਲਈ ਇਸ ਤੋਂ ਵੱਡਾ ਸਨਮਾਨ ਹੋਰ ਕਿਹੜਾ ਹੋ ਸਕਦਾ ਸੀ ਕਿ ਉਹ ਯਹੋਵਾਹ ਨੂੰ ਖਾਣੇ ਲਈ ਬੁਲਾਵੇ ਤੇ ਉਹ ਆਵੇ? ਅਜਿਹੇ ਮਹਿਮਾਨ ਦੇ ਸਾਮ੍ਹਣੇ ਉਹ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਹੀ ਰੱਖੇਗਾ। ਸੁੱਖ-ਸਾਂਦ ਦੀਆਂ ਬਲ਼ੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਜਿਹੜੇ ਇਨਸਾਨ ਚਾਹੁੰਦੇ ਹਨ, ਉਹ ਯਿਸੂ ਦੇ ਬਲੀਦਾਨ ਰਾਹੀਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜ ਸਕਦੇ ਹਨ। ਅੱਜ ਅਸੀਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ-ਖ਼ੁਸ਼ੀ ਆਪਣਾ ਪੈਸਾ, ਤਾਕਤ ਤੇ ਹੋਰ ਚੀਜ਼ਾਂ ਵਰਤ ਕੇ ਉਸ ਦੀ ਦੋਸਤੀ ਤੇ ਸਾਥ ਦਾ ਆਨੰਦ ਮਾਣ ਸਕਦੇ ਹਾਂ।
ਬਲੀਦਾਨ ਜੋ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ
13, 14. ਯਹੋਵਾਹ ਨੇ ਉਨ੍ਹਾਂ ਬਲ਼ੀਆਂ ਨੂੰ ਕਬੂਲ ਕਿਉਂ ਨਹੀਂ ਕੀਤਾ ਜੋ ਸ਼ਾਊਲ ਚੜ੍ਹਾਉਣੀਆਂ ਚਾਹੁੰਦਾ ਸੀ?
13 ਯਹੋਵਾਹ ਬਲ਼ੀਆਂ ਤਦ ਹੀ ਕਬੂਲ ਕਰਦਾ ਸੀ ਜੇ ਵਿਅਕਤੀ ਸਹੀ ਰਵੱਈਏ ਨਾਲ ਇਨ੍ਹਾਂ ਨੂੰ ਚੜ੍ਹਾਉਂਦਾ ਸੀ। ਪਰ ਬਾਈਬਲ ਉਨ੍ਹਾਂ ਬਲੀਦਾਨਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਕਬੂਲ ਨਹੀਂ ਕੀਤਾ ਸੀ। ਉਹ ਉਨ੍ਹਾਂ ਬਲ਼ੀਆਂ ਤੋਂ ਖ਼ੁਸ਼ ਕਿਉਂ ਨਹੀਂ ਸੀ? ਆਓ ਆਪਾਂ ਦੋ ਮਿਸਾਲਾਂ ਉੱਤੇ ਗੌਰ ਕਰੀਏ।
14 ਸਮੂਏਲ ਨਬੀ ਨੇ ਰਾਜਾ ਸ਼ਾਊਲ ਨੂੰ ਦੱਸਿਆ ਕਿ ਯਹੋਵਾਹ ਦੁਆਰਾ ਅਮਾਲੇਕੀਆਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ ਸੀ। ਇਸ ਲਈ ਸ਼ਾਊਲ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਅਮਾਲੇਕੀਆਂ ਅਤੇ ਉਨ੍ਹਾਂ ਦੇ ਜਾਨਵਰਾਂ ਨੂੰ ਜਾਨੋਂ ਮਾਰ ਦੇਵੇ। ਪਰ ਲੜਾਈ ਵਿਚ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸ਼ਾਊਲ ਨੇ ਉਨ੍ਹਾਂ ਦੇ ਰਾਜੇ ਅਗਾਗ ਨੂੰ ਜੀਉਂਦਾ ਰੱਖਿਆ। ਇਸ ਤੋਂ ਇਲਾਵਾ ਉਸ ਨੇ ਸਭ ਤੋਂ ਵਧੀਆ ਜਾਨਵਰਾਂ ਨੂੰ ਵੀ ਜੀਉਂਦਾ ਰੱਖਿਆ ਤਾਂਕਿ ਯਹੋਵਾਹ ਸਾਮ੍ਹਣੇ ਇਨ੍ਹਾਂ ਦੀਆਂ ਬਲ਼ੀਆਂ ਚੜ੍ਹਾਵੇ। (1 ਸਮੂ. 15:2, 3, 21) ਇਹ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਾ? ਉਸ ਨੇ ਸ਼ਾਊਲ ਨੂੰ ਰਾਜੇ ਵਜੋਂ ਰੱਦ ਕੀਤਾ ਕਿਉਂਕਿ ਉਸ ਨੇ ਉਸ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। (1 ਸਮੂਏਲ 15:22, 23 ਪੜ੍ਹੋ।) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਇਹੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਉਸ ਨੂੰ ਬਲ਼ੀਆਂ ਚੜ੍ਹਾਉਣ ਦੇ ਨਾਲ-ਨਾਲ ਉਸ ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ।
15. ਯਸਾਯਾਹ ਦੇ ਜ਼ਮਾਨੇ ਵਿਚ ਬਲ਼ੀਆਂ ਚੜ੍ਹਾਉਣ ਵਾਲੇ ਇਜ਼ਰਾਈਲੀਆਂ ਦੇ ਬੁਰੇ ਕੰਮਾਂ ਤੋਂ ਕੀ ਪਤਾ ਲੱਗਦਾ ਹੈ?
15 ਦੂਜੀ ਮਿਸਾਲ ਯਸਾਯਾਹ ਦੀ ਕਿਤਾਬ ਵਿਚ ਪਾਈ ਜਾਂਦੀ ਹੈ। ਯਸਾਯਾਹ ਦੇ ਜ਼ਮਾਨੇ ਵਿਚ ਇਜ਼ਰਾਈਲੀ ਬਲ਼ੀਆਂ ਤਾਂ ਚੜ੍ਹਾ ਰਹੇ ਸਨ, ਪਰ ਉਨ੍ਹਾਂ ਦਾ ਰਵੱਈਆ ਗ਼ਲਤ ਸੀ। ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਬਲ਼ੀਆਂ ਨੂੰ ਸਵੀਕਾਰ ਨਹੀਂ ਕੀਤਾ। ਯਹੋਵਾਹ ਨੇ ਪੁੱਛਿਆ, “ਮੈਨੂੰ ਤੁਹਾਡੀਆਂ ਬਲੀਆਂ ਦੀ ਵਾਫਰੀ ਨਾਲ ਕੀ ਕੰਮ?” ਉਸ ਨੇ ਅੱਗੇ ਕਿਹਾ: “ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ ਮੈਂ ਪਰਸੰਨ ਨਹੀਂ ਹਾਂ। . . . ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਧੂਪ, ਉਹ ਮੇਰੇ ਲਈ ਘਿਣਾਉਣੀ ਹੈ।” ਯਹੋਵਾਹ ਉਨ੍ਹਾਂ ਦੀਆਂ ਬਲ਼ੀਆਂ ਤੋਂ ਖ਼ੁਸ਼ ਕਿਉਂ ਨਹੀਂ ਸੀ? ਉਸ ਨੇ ਕਿਹਾ: “ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ। ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡੋ।”—ਯਸਾ. 1:11-16.
16. ਯਹੋਵਾਹ ਕਿਨ੍ਹਾਂ ਦੀਆਂ ਬਲ਼ੀਆਂ ਨੂੰ ਕਬੂਲ ਕਰਦਾ ਹੈ?
16 ਯਹੋਵਾਹ ਨੇ ਉਨ੍ਹਾਂ ਦੀਆਂ ਬਲ਼ੀਆਂ ਨੂੰ ਕਬੂਲ ਨਹੀਂ ਕੀਤਾ ਜਿਨ੍ਹਾਂ ਨੇ ਆਪਣੇ ਬੁਰੇ ਕੰਮਾਂ ਤੋਂ ਪਛਤਾਵਾ ਨਹੀਂ ਕੀਤਾ। ਪਰ ਉਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਤੇ ਬਲ਼ੀਆਂ ਤੋਂ ਖ਼ੁਸ਼ ਸੀ ਜਿਨ੍ਹਾਂ ਨੇ ਉਸ ਦੇ ਹੁਕਮ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ। ਮੂਸਾ ਦੇ ਕਾਨੂੰਨ ਵਿਚ ਪਾਈ ਜਾਂਦੀ ਸੱਚਾਈ ਦੀਆਂ ਬੁਨਿਆਦੀ ਗੱਲਾਂ ਤੋਂ ਅਜਿਹੇ ਲੋਕਾਂ ਨੇ ਜਾਣਿਆ ਕਿ ਉਹ ਪਾਪੀ ਸਨ ਤੇ ਉਨ੍ਹਾਂ ਨੂੰ ਯਹੋਵਾਹ ਦੀ ਮਾਫ਼ੀ ਦੀ ਲੋੜ ਸੀ। (ਗਲਾ. 3:19) ਇਹ ਗੱਲ ਜਾਣ ਕੇ ਉਨ੍ਹਾਂ ਨੇ ਦਿਲੋਂ ਪਛਤਾਵਾ ਕੀਤਾ। ਇਸੇ ਤਰ੍ਹਾਂ ਅੱਜ ਸਾਨੂੰ ਇਹ ਸਵੀਕਾਰ ਕਰਨ ਦੀ ਲੋੜ ਹੈ ਕਿ ਸਾਨੂੰ ਯਿਸੂ ਦੇ ਬਲੀਦਾਨ ਦੀ ਜ਼ਰੂਰਤ ਹੈ ਜਿਸ ਰਾਹੀਂ ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ। ਜੇ ਅਸੀਂ ਇਸ ਗੱਲ ਨੂੰ ਸਮਝਦੇ ਤੇ ਇਸ ਦੀ ਕਦਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਕੁਝ ਕਰਾਂਗੇ ਉਸ ਤੋਂ ਉਹ “ਪਰਸੰਨ” ਹੋਵੇਗਾ।—ਜ਼ਬੂਰਾਂ ਦੀ ਪੋਥੀ 51:17, 19 ਪੜ੍ਹੋ।
ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰੋ!
17-19. (ੳ) ਅਸੀਂ ਯਿਸੂ ਦੇ ਬਲੀਦਾਨ ਲਈ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
17 ਇਜ਼ਰਾਈਲੀਆਂ ਨੇ ਪਰਮੇਸ਼ੁਰ ਦੇ ਮਕਸਦ ਦਾ “ਪਰਛਾਵਾਂ” ਹੀ ਦੇਖਿਆ ਸੀ, ਪਰ ਅਸੀਂ ਇਸ ਦੀ ਅਸਲੀਅਤ ਦੇਖ ਰਹੇ ਹਾਂ। (ਇਬ. 10:1) ਬਲ਼ੀਆਂ ਚੜ੍ਹਾਉਣ ਬਾਰੇ ਦਿੱਤੇ ਹੁਕਮਾਂ ਨੇ ਇਜ਼ਰਾਈਲੀਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਲਈ ਪਰਮੇਸ਼ੁਰ ਦੇ ਧੰਨਵਾਦੀ ਹੋਣਾ ਅਤੇ ਉਸ ਨੂੰ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦੇਣੀਆਂ ਜ਼ਰੂਰੀ ਸਨ। ਇਸ ਦੇ ਨਾਲ-ਨਾਲ ਇਹ ਸਮਝਣਾ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਾਫ਼ੀ ਦੀ ਲੋੜ ਸੀ। ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਸਮਝਾਈਆਂ ਗੱਲਾਂ ਕਰਕੇ ਅਸੀਂ ਜਾਣ ਸਕਦੇ ਹਾਂ ਕਿ ਯਿਸੂ ਦੇ ਬਲੀਦਾਨ ਸਦਕਾ ਯਹੋਵਾਹ ਹਮੇਸ਼ਾ ਲਈ ਪਾਪ ਅਤੇ ਮੌਤ ਨੂੰ ਖ਼ਤਮ ਕਰੇਗਾ ਅਤੇ ਹੁਣ ਵੀ ਅਸੀਂ ਸਾਫ਼ ਮਨ ਨਾਲ ਉਸ ਦੀ ਭਗਤੀ ਕਰ ਸਕਦੇ ਹਾਂ। ਯਿਸੂ ਦਾ ਬਲੀਦਾਨ ਯਹੋਵਾਹ ਵੱਲੋਂ ਕਿੰਨਾ ਵਧੀਆ ਤੋਹਫ਼ਾ ਹੈ!—ਗਲਾ. 3:13; ਇਬ. 9:9, 14.
18 ਯਿਸੂ ਦੇ ਬਲੀਦਾਨ ਤੋਂ ਫ਼ਾਇਦਾ ਲੈਣ ਲਈ ਇਸ ਦੀ ਸਮਝ ਹੋਣ ਦੇ ਨਾਲ-ਨਾਲ ਹੋਰ ਕੀ ਜ਼ਰੂਰੀ ਹੈ? ਪੌਲੁਸ ਰਸੂਲ ਨੇ ਲਿਖਿਆ: “ਮੂਸਾ ਦਾ ਕਾਨੂੰਨ ਸਾਡਾ ਰਖਵਾਲਾ ਬਣ ਕੇ ਸਾਨੂੰ ਮਸੀਹ ਕੋਲ ਲੈ ਕੇ ਆਇਆ ਹੈ, ਤਾਂਕਿ ਪਰਮੇਸ਼ੁਰ ਸਾਨੂੰ ਸਾਡੀ ਨਿਹਚਾ ਕਰਕੇ ਧਰਮੀ ਠਹਿਰਾਏ।” (ਗਲਾ. 3:24) ਅਸੀਂ ਕੰਮਾਂ ਦੁਆਰਾ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। (ਯਾਕੂ. 2:26) ਪਹਿਲੀ ਸਦੀ ਦੇ ਕੁਝ ਮਸੀਹੀਆਂ ਕੋਲ ਮੂਸਾ ਦੇ ਕਾਨੂੰਨ ਵਿਚ ਪਾਏ ਜਾਂਦੇ ਅਸੂਲਾਂ ਦਾ ਗਿਆਨ ਸੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਇਸ ਗਿਆਨ ਮੁਤਾਬਕ ਚੱਲਣ ਦੀ ਹੱਲਾਸ਼ੇਰੀ ਦਿੱਤੀ ਜੋ ਗਿਆਨ ਉਹ ਦੂਸਰਿਆਂ ਨੂੰ ਵੀ ਦਿੰਦੇ ਸਨ।—ਰੋਮੀਆਂ 2:21-23 ਪੜ੍ਹੋ।
19 ਭਾਵੇਂ ਅੱਜ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ, ਫਿਰ ਵੀ ਉਨ੍ਹਾਂ ਨੂੰ ਅਜੇ ਵੀ ਅਜਿਹੀਆਂ ਬਲ਼ੀਆਂ ਦੇਣ ਦੀ ਲੋੜ ਹੈ ਜੋ ਯਹੋਵਾਹ ਨੂੰ ਮਨਜ਼ੂਰ ਹਨ। ਅਸੀਂ ਅਗਲੇ ਲੇਖ ਵਿਚ ਦੇਖਾਂਗਾ ਕਿ ਉਹ ਇਹ ਬਲ਼ੀਆਂ ਕਿਵੇਂ ਦੇ ਸਕਦੇ ਹਨ।
[ਸਫ਼ਾ 17 ਉੱਤੇ ਸੁਰਖੀ]
ਅੱਜ ਵੀ ਯਹੋਵਾਹ ਆਪਣੇ ਸੇਵਕਾਂ ਤੋਂ ਉਹੀ ਚਾਹੁੰਦਾ ਹੈ ਜੋ ਉਹ ਪਹਿਲਾਂ ਚਾਹੁੰਦਾ ਸੀ
[ਸਫ਼ਾ 18 ਉੱਤੇ ਤਸਵੀਰ]
ਤੁਸੀਂ ਯਹੋਵਾਹ ਨੂੰ ਕਿਸ ਜਾਨਵਰ ਦੀ ਬਲ਼ੀ ਚੜ੍ਹਾਉਂਦੇ?
[ਸਫ਼ਾ 19 ਉੱਤੇ ਤਸਵੀਰ]
ਉਨ੍ਹਾਂ ਲੋਕਾਂ ਨੂੰ ਯਹੋਵਾਹ ਦੀ ਬਰਕਤ ਮਿਲਦੀ ਹੈ ਜਿਨ੍ਹਾਂ ਦੀਆਂ ਬਲ਼ੀਆਂ ਤੋਂ ਉਹ ਖ਼ੁਸ਼ ਹੁੰਦਾ ਹੈ